.

ਭੁਜਾ ਬਾਂਧਿ ਭਿਲਾ ਕਰਿ ਡਾਰਿਓ


ਰਾਗੁ ਗੋਂਡ ਬਾਣੀ ਕਬੀਰ ਜੀਉ ਕੀ ਘਰੁ 2 ੴਸਤਿਗੁਰ ਪ੍ਰਸਾਦਿ॥
ਭੁਜਾ ਬਾਂਧਿ ਭਿਲਾ ਕਰਿ ਡਾਰਿਓ॥ ਹਸਤੀ ਕ੍ਰੋਪਿ ਮੂੰਡ ਮਹਿ ਮਾਰਿਓ॥

ਗੁਰੂ ਗ੍ਰੰਥ ਸਾਹਿਬ, ਪੰਨਾ 870
ਇਸ ਸ਼ਬਦ ਅੰਦਰ ਕਾਜ਼ੀ ਕਬੀਰ ਜੀ ਨੂੰ ਮੁਸਲਮਾਨ ਬਨਣ ਲਈ ਪ੍ਰੇਰਨਾ ਕਰਦਾ ਹੈ, ਅਤੇ ਕਬੀਰ ਜੀ ਕਾਜ਼ੀ ਵਲੋਂ ਦਿੱਤੇ ਜਾ ਰਹੇ ਲਾਲਚ ਦੀ ਗੱਲ ਕਰਦੇ ਹਨ। ਕਾਜ਼ੀ ਇਹ ਲਾਲਚ ਦੇ ਰਿਹਾ ਹੈ ਕਿ ਸਵਰਗ ਮਿਲੇਗਾ ਅਤੇ ਨਾਲ ਹੂਰਾਂ ਮਿਲਣਗੀਆਂ। ਭਗਤ ਜੀ ਇਸ ਲਾਲਚ ਨੂੰ ਹਾਥੀ ਦੀ ਕਾਮੀ ਬਿਰਤੀ ਨਾਲ ਤੁਲਣਾ ਦੇ ਕੇ ਰੱਦ ਕਰ ਰਹੇ ਹਨ। ਜਿਹੜੇ ਲੋਕ ਹਾਥੀ ਨੂੰ ਫੜਦੇ ਹਨ, ਉਹ ਟਹਿਣੀਆਂ ਜਾਂ ਕਾਗ਼ਜ਼ਾਂ ਦੀ ਹਥਣੀ ਦਾ ਪੁਤਲਾ ਬਣਾ ਕੇ, ਟੋਆ ਪੁੱਟ ਕੇ, ਉਸ ਉੱਪਰ ਕੱਖ ਕਾਨ੍ਹਾਂ ਪਾ ਕੇ ਢੱਕ ਦਿੰਦੇ ਹਨ। ਹਾਥੀ, ਹਥਣੀ ਦੀ ਸ਼ਕਲ ਵਾਲੇ ਪੁਤਲੇ ਨੂੰ ਅਸਲੀ ਹਥਣੀ ਸਮਝ ਕੇ ਅਤੇ ਭੁਲੇਖੇ ਵਿੱਚ ਫਸ ਕੇ ਕਾਮ ਵਸ ਉਸ ਵਲ ਜਾਂਦਾ ਹੈ, ਅਤੇ ਖੱਡ ਵਿੱਚ ਡਿਗ ਪੈਂਦਾ ਹੈ। ਫਿਰ ਸਾਰੀ ਜ਼ਿੰਦਗੀ ਮਹਾਵਤ ਦੇ ਡੰਡੇ ਖਾਂਦਾ ਹੈ। ਇਹ ਹੀ ਹਾਲਤ ਕਾਜ਼ੀ ਦੀ ਹੈ ਜੋ ਕਿ ਕਬੀਰ ਜੀ ਨੇ ਦਰਸਾਈ ਹੈ। ਇਸ ਸ਼ਬਦ ਨਾਲ ਜਿਹੜੀ ਕਰਮਕਾਂਡੀ ਸਾਖੀ ਜੋੜੀ ਗਈ ਹੈ, ਉਸ ਦਾ ਇਸ ਸ਼ਬਦ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੈ।
ਭੁਜਾ ਬਾਂਧਿ ਭਿਲਾ ਕਰਿ ਡਾਰਿਓ॥ ਹਸਤੀ ਕ੍ਰੋਪਿ ਮੂੰਡ ਮਹਿ ਮਾਰਿਓ॥
ਹਸਤਿ ਭਾਗਿ ਕੈ ਚੀਸਾ ਮਾਰੈ॥ ਇਆ ਮੂਰਤਿ ਕੈ ਹਉ ਬਲਿਹਾਰੈ॥ 1॥
ਆਹਿ ਮੇਰੇ ਠਾਕੁਰ ਤੁਮਰਾ ਜੋਰੁ॥ ਕਾਜੀ ਬਕਿਬੋ ਹਸਤੀ ਤੋਰੁ॥ 1॥ ਰਹਾਉ॥
ਰੇ ਮਹਾਵਤ ਤੁਝੁ ਡਾਰਉ ਕਾਟਿ॥ ਇਸਹਿ ਤੁਰਾਵਹੁ ਘਾਲਹੁ ਸਾਟਿ॥
ਹਸਤਿ ਨ ਤੋਰੈ ਧਰੈ ਧਿਆਨੁ॥ ਵਾ ਕੈ ਰਿਦੈ ਬਸੈ ਭਗਵਾਨੁ॥ 2॥
ਕਿਆ ਅਪਰਾਧੁ ਸੰਤ ਹੈ ਕੀਨਾੑ॥ ਬਾਂਧਿ ਪੋਟ ਕੁੰਚਰ ਕਉ ਦੀਨਾੑ॥
ਕੁੰਚਰੁ ਪੋਟ ਲੈ ਲੈ ਨਮਸਕਾਰੈ॥ ਬੂਝੀ ਨਹੀ ਕਾਜੀ ਅੰਧਿਆਰੈ॥ 3॥
ਤੀਨਿ ਬਾਰ ਪਤੀਆ ਭਰਿ ਲੀਨਾ॥ ਮਨ ਕਠੋਰੁ ਅਜਹੂ ਨ ਪਤੀਨਾ॥
ਕਹਿ ਕਬੀਰ ਹਮਰਾ ਗੋਬਿੰਦੁ॥ ਚਉਥੇ ਪਦ ਮਹਿ ਜਨ ਕੀ ਜਿੰਦੁ॥ 4॥ 1॥ 4॥
ਗੁਰੂ ਗ੍ਰੰਥ ਸਾਹਿਬ, ਪੰਨਾ 870

ਪਦ ਅਰਥ
ਭੁਜਾ – ਟਹਿਣੀਆਂ
ਬਾਂਧਿ – ਬੰਨ ਕੇ, ਬਣਾ ਕੇ
ਭਿਲਾ – ਪੁਤਲਾ
ਕਰਿ ਡਾਰਿਓ – ਰੱਖ ਦਿੱਤਾ, ਰੱਖ ਦੇਣਾ
ਹਸਤੀ – ਹਾਥੀ
ਕ੍ਰੋਪਿ – ਕਾਮੀ
ਮੂੰਡ – ਬਿਰਤੀ
ਕ੍ਰੋਪਿ ਮੂੰਡ – ਕਾਮੀ ਬਿਰਤੀ
ਭਾਗਿ ਕੈ – ਭਜ ਕੇ
ਚੀਸਾ – ਚੀਕਾਂ
ਮੂਰਤਿ – ਕਠੋਰਤਾ (ਮਹਾਨ ਕੋਸ਼)
ਮਨੁ ਮਾਇਆ ਮੈ ਰਮਿ ਰਹਿਓ ਨਿਕਸਤ ਨਾਹਿਨ ਮੀਤ॥
ਨਾਨਕ ਮੂਰਤਿ ਚਿਤ੍ਰ ਜਿਉ ਛਾਡਿਤ ਨਾਹਿਨ ਭੀਤਿ॥ 37॥
ਗੁਰੂ ਗ੍ਰੰਥ ਸਾਹਿਬ, ਪੰਨਾ 1428
ਬਲਿਹਾਰ – ਵਾਰੇ ਵਾਰੇ ਜਾਣਾ
ਤੁਮਰਾ ਜੋਰੁ – ਤੇਰੀ ਬਖ਼ਸ਼ਿਸ਼ ਹੈ
ਕਾਜੀ ਬਕਿਬੋ – ਕਾਜ਼ੀ ਆਖਦਾ ਹੈ
ਹਸਤੀ ਤੋਰੁ – ਆਪਣਾ ਧਰਮ ਛੱਡ, ਭਾਵ ਮੁਸਲਮਾਨ ਬਣ, ਹਾਥੀ ਵਾਲੀ ਚਾਲ ਚੱਲ
ਰੇ ਮਹਾਵਤ – ਹੇ ਠਾਕੁਰ, ਮੇਰੇ ਮਨ ਰੂਪੀ ਹਾਥੀ ਦੇ ਮਹਾਵਤ (ਕਬੀਰ ਜੀ ਪ੍ਰਮੇਸ਼ਰ ਨੂੰ ਸੰਬੋਧਿਤ ਹਨ ਕਿਉਂਕਿ ਪਹਿਲੀ ਪੰਗਤੀ ਅੰਦਰ ਸਾਫ਼ ਤੌਰ ਤੇ ਕਹਿ ਰਹੇ ਹਨ “ਆਹਿ ਮੇਰੇ ਠਾਕੁਰ ਤੁਮਰਾ ਜੋਰੁ” ਕਿ ਜਿਸ ਤਰ੍ਹਾਂ ਮੇਰੇ ਉੱਪਰ ਤੇਰੀ ਬਖ਼ਸ਼ਿਸ਼ ਹੈ, ਉਸ ਤਰ੍ਹਾਂ ਹੀ ਕਾਜ਼ੀ ਉੱਪਰ ਵੀ ਕਰ, ਤਾਂ ਕਿ ਉਸਨੂੰ ਵੀ ਸੱਚ ਦੀ ਸਮਝ ਪੈ ਜਾਵੇ।)
ਡਾਰਉ ਕਾਟਿ – ਕਟਿ ਦਿਉ, ਭਾਵ ਕਾਜ਼ੀ ਦਾ ਭਰਮ ਕਟ ਦਿਉ (ਕਿਹੜਾ ਭਰਮ?)
ਹਸਤਿ ਨ ਤੋਰੈ ਧਰੈ ਧਿਆਨੁ – ਹਾਥੀ ਵਾਲੀ ਭਰਮ ਰੂਪੀ ਚਾਲੇ ਨਾਂ ਚੱਲੇ, ਅਤੇ ਤੇਰੇ ਚਰਨਾਂ ਵਿੱਚ ਸੁਰਤ ਜੋੜੇ। ‘ਵਾ ਕੈ ਰਿਦੈ ਵਸੈ ਭਗਵਾਨੁ’, ਅਤੇ ਇਸ ਨੂੰ ਪਤਾ ਚੱਲ ਜਾਵੇ ਕਿ ਭਗਵਾਨ ਤਾਂ ਹਿਰਦੈ ਅੰਦਰ ਵਸਦਾ ਹੈ।
ਨੋਟ – ਕਬੀਰ ਜੀ ਕਾਜ਼ੀ ਉੱਪਰ ਤਰਸ ਕਰ ਰਹੇ ਹਨ।
ਇਸਹਿ ਤੁਰਾਵਹੁ ਘਾਲਹੁ ਸਾਟਿ – ਇਸ ਕਾਜ਼ੀ ਨੂੰ ਵੀ ਬਖਸ਼ਿਸ਼ ਰੂਪੀ ਚੋਟ ਕਰੋ ਤਾਂ ਜੋ ਸਿੱਧਾ ਹੋ ਕੇ ਸੱਚ ਦੇ ਮਾਰਗ ਉੱਪਰ ਚੱਲਣਾ ਕਰੇ
ਸਾਟਿ – ਚੋਟ, ਗਿਆਨ ਰੂਪੀ ਅੰਕਸ ਦੀ ਚੋਟ
ਅਪਰਾਧੁ – ਕੁਦਰਤ ਦੀ ਫ਼ਿਤਰਤ ਦੇ ਵਿਰੁੱਧ
ਸੰਤ – ਗਿਆਨ
ਕਿਆ – ਕੀ ਇਹ?
ਕੀਨਾੑ – ਦ੍ਰਿੜ੍ਹ ਕਰ ਲੈਣਾ
ਕਿਆ ਅਪਰਾਧੁ ਸੰਤ ਹੈ ਕੀਨਾੑ – ਕੀ ਇਹ ਕੁਦਰਤ ਦੀ ਫ਼ਿਤਰਤ ਦੇ ਵਿਰੁੱਧ ਦਾ ਗਿਆਨ ਨਹੀਂ ਦ੍ਰਿੜ੍ਹ ਕੀਤਾ? , ਗ਼ੈਰ ਇਖ਼ਲਾਕੀ ਵੀਚਾਰਧਾਰਾ।
ਬਾਂਧ – ਬੰਨ੍ਹ ਲੈਣਾ, ਗੰਢ ਦੇ ਲੈਣੀ, ਹਿਰਦੇ ਅੰਦਰ ਗੰਢ ਦੇ ਲੈਣੀ, ਵੀਚਾਰਧਾਰਾ ਬੰਨ੍ਹ ਲੈਣੀ
ਪੋਟ – ਹਿਰਦਾ (ਇਹ ਸ਼ਬਦ ਆਮ ਹੀ ਬਜ਼ੁਰਗ ਪਿੰਡਾਂ ਵਿੱਚ ਵਰਤਦੇ ਹਨ ਕਿ ਪੋਟ ਵਿੱਚ ਤਾਂ ਖੋਟ ਹੈ ਪਰ ਉੱਪਰੋਂ ਚੰਗਾ ਬਣਦਾ ਹੈ, ਭਾਵ ਹਿਰਦੇ ਵਿੱਚ ਖੋਟ ਹੈ)
ਕੁੰਚਰ – ਹਾਥੀ ਵਾਲੀ ਬਿਰਤੀ
ਕਉ ਦੀਨਾੑ – ਹਵਾਲੇ ਕਰ ਦੇਣਾ, ਕਿਸੇ ਵੀਚਾਰਧਾਰਾ ਨੂੰ ਸਮਰਪਿਤ ਹੋ ਜਾਣਾ
ਕੁੰਚਰੁ ਪੋਟ – ਹਾਥੀ ਵਾਲੀ ਬਿਰਤੀ ਹਿਰਦੇ ਅੰਦਰ ਵਸਾ ਲੈਣੀ
ਲੈ ਲੈ ਨਮਸਕਾਰੈ – ਵਾਰ ਵਾਰ ਸਿੱਜਦਾ ਕਰਨਾ
ਬੂਝੀ ਨਹੀਂ ਕਾਜੀ ਅੰਧਿਆਰੈ – ਕਾਜ਼ੀ ਨੇ ਵੀ ਅਗਿਆਨਤਾ ਵਸ ਨਹੀਂ ਸਮਝਿਆ
ਤੀਨਿ – ਮਾਇਆ ਦੇ ਤਿੰਨਾਂ ਗੁਣਾਂ ਵਲ ਇਸ਼ਾਰਾ ਹੈ
ਬਾਰ – ਉੱਪਰ, ਵਾਰੇ ਜਾਣਾ
ਤੀਨਿ ਬਾਰ– ਤਿਨਾਂ ਗੁਣਾਂ ਉੱਪਰ
ਪਤੀਆ – ਭਰੋਸਾ
ਤੀਨਿ ਬਾਰ ਪਤੀਆ – ਤਿਨਾਂ ਗੁਣਾਂ ਉੱਪਰ ਭਰੋਸਾ
ਭਰਿ ਲੀਨਾ – ਕਰ ਲੈਣ ਕਰਕੇ
ਤੀਨਿ ਬਾਰ ਪਤੀਆ ਭਰਿ ਲੀਨਾ – ਮਾਇਆ ਦੇ ਤਿੰਨਾਂ ਗੁਣਾਂ ਉੱਪਰ ਭਰੋਸਾ ਕਰਿ ਲੈਣਾ
ਮਨ ਕਠੋਰੁ – ਮਨ ਦਾ ਕਠੋਰ ਹੋ ਜਾਣਾ, ਚੰਗੇ ਪਰਭਾਵ ਵਾਲਾ ਗਿਆਨ ਕਬੂਲਣਾ ਹੀ ਨਹੀਂ
ਅਜਹੂ – ਹੁਣ, ਅਜੇ
ਨ ਪਤੀਨਾ – ਪਤੀਜਦਾ ਹੀ ਨਹੀਂ, ਕਰਦਾ ਹੀ ਨਹੀਂ, ਮੰਨਦਾ ਹੀ ਨਹੀਂ
ਚਉਥੇ ਪਦ – ਮਾਇਆ ਦੇ ਤਿੰਨਾ ਗੁਣਾਂ ਤੋਂ ਉੱਪਰ ਉੱਠ ਜਾਣਾ

ਤ੍ਰੈ ਗੁਣ ਵਰਤਹਿ ਸਗਲ ਸੰਸਾਰਾ ਹਉਮੈ ਵਿਚਿ ਪਤਿ ਖੋਈ॥
ਗੁਰਮੁਖਿ ਹੋਵੈ ਚਉਥਾ ਪਦੁ ਚੀਨੈ ਰਾਮ ਨਾਮਿ ਸੁਖੁ ਹੋਈ॥ 3॥
ਗੁਰੂ ਗ੍ਰੰਥ ਸਾਹਿਬ, ਪੰਨਾ 604
ਜਨ – ਤਿੰਨਾਂ ਗੁਣਾਂ ਤੋਂ ਉੱਪਰ ਉੱਠ ਜਾਣ ਵਾਲਾ ਜਗਿਆਸੂ
ਜਿੰਦੁ – ਸੁਰਤੁ
ਅਰਥ
ਕਬੀਰ ਜੀ ਕਹਿੰਦੇ ਹਨ ਕਿ ਜਿਵੇਂ ਹਾਥੀ ਨੂੰ ਪਕੜਨ ਵਾਲੇ ਹਥਣੀ ਦਾ ਟਹਿਣੀਆਂ ਦਾ ਪੁਤਲਾ ਬਣਾ ਕੇ ਰੱਖ ਦਿੰਦੇ ਹਨ, ਅਤੇ ਹਾਥੀ ਦੀ ਬਹੁਤ ਕਾਮੀ ਬਿਰਤੀ ਹੋਣ ਕਰ ਕੇ ਉਹ ਹਥਣੀ ਦੇ ਪੁਤਲੇ ਨੂੰ ਸੱਚੀ ਹਥਣੀ ਸਮਝਕੇ ਉਧਰ ਨੂੰ ਚੀਕਾਂ ਮਾਰਦਾ ਭੱਜਦਾ ਹੈ ਅਤੇ ਸੁੰਡ ਕਦੀ ਉੱਪਰ ਕਰਦਾ ਹੈ ਅਤੇ ਕਦੇ ਥੱਲੇ ਕਰਦਾ ਹੈ। ਇੰਜ ਜਾਪਦਾ ਹੈ ਜਿਵੇਂ ਨਮਸਕਾਰ ਭਾਵ ਸਿੱਜਦਾ ਹੀ ਕਰਦਾ ਹੋਵੇ। ਕਬੀਰ ਜੀ ਕਹਿੰਦੇ ਹਨ ਕਿ ਇਸ ਦੀ ਕਠੋਰਤਾ ਦੇ ਵਾਰੇ ਵਾਰੇ ਜਾਈਏ। ਕਾਮੀ ਬਿਰਤੀ ਹੋਣ ਕਰਕੇ ਹਥਣੀ ਦੇ ਪੁਤਲੇ ਨੂੰ ਸੱਚੀ ਹਥਣੀ ਸਮਝ ਕੇ ਮਾਰਿਆ ਗਿਆ, ਭਾਵ ਫਸ ਕੇ ਪਕੜਿਆ ਗਿਆ। ਫਿਰ ਸਾਰੀ ਜ਼ਿੰਦਗੀ ਮਹਾਵਤ ਦੇ ਡੰਡੇ ਖਾਂਦਾ ਹੈ। ਇਹੀ ਹਾਲਤ ਕਾਜ਼ੀ ਦੀ ਹੈ (ਸਵਰਗ ਵਿੱਚ ਬੇਸ਼ੁਮਾਰ ਹੂਰਾਂ ਦਾ ਲਾਲਚ)।
ਐ ਮੇਰੇ ਠਾਕੁਰ! ਮੇਰੇ ਉੱਪਰ ਤੇਰੀ ਰਹਿਮਤ ਹੈ ਪਰ ਕਾਜ਼ੀ ਮੈਨੂੰ ਅਗਿਆਨਤਾ ਵਸ ਇਹ ਕਹਿੰਦਾ ਹੈ ਕਿ ਹਾਥੀ ਵਾਲੀ ਚਾਲੇ ਚੱਲ ਭਾਵ ਮੁਸਲਮਾਨ ਬਣ।
ਨੋਟ – ਗੁਰਮੁਖਿ ਜਨ ਮਨ ਰੂਪੀ ਹਾਥੀ ਉੱਪਰ ਗੁਰੂ ਦੇ ਗਿਆਨ ਰੂਪੀ ਅੰਕਸ ਦਾ ਭੈ ਮੰਨ ਕੇ ਚਲਦੇ ਹਨ।
ਗੁਰਮੁਖਿ ਕਰਣੀ ਕਾਰ ਕਮਾਵੈ॥ ਤਾ ਇਸੁ ਮਨ ਕੀ ਸੋਝੀ ਪਾਵੈ॥
ਮਨੁ ਮੈ ਮਤੁ ਮੈਗਲ ਮਿਕਦਾਰਾ॥ ਗੁਰੁ ਅੰਕਸੁ ਮਾਰਿ ਜੀਵਾਲਣਹਾਰਾ॥ 2॥
ਗੁਰੂ ਗ੍ਰੰਥ ਸਾਹਿਬ, ਪੰਨਾ 665
ਹੇ ਮੇਰੇ ਠਾਕੁਰ! ਮੇਰੇ ਮਨ ਰੂਪੀ ਹਾਥੀ ਦਾ ਤੂੰ ਮਹਾਵਤ ਹੈਂ। “ਇਸਹਿ ਤੁਰਾਵਹੁ ਘਾਲਹੁ ਸਾਟਿ” ਇਸ ਨੂੰ (ਕਾਜ਼ੀ ਨੂੰ) ਵੀ ਗਿਆਨ ਰੂਪੀ ਅੰਕਸ ਦੀ ਬਖ਼ਸ਼ਿਸ਼ ਰੂਪੀ ਚੋਟ ਕਰੋ, ਤਾਂ ਜੋ ਇਹ ਵੀ ਹਾਥੀ ਵਾਲੀ ਮੱਤ ਅਨੁਸਾਰ ਨਾਂਹ ਚੱਲੇ ਅਤੇ ਤੇਰੇ ਚਰਨਾ ਵਿੱਚ ਸੁਰਤ ਜੋੜੇ, ਤਾਂ ਕਿ ਇਸ ਨੂੰ ਵੀ ਇਹ ਪਤਾ ਚੱਲ ਜਾਵੇ ਕਿ ਭਗਵਾਨ, ਖ਼ੁਦਾ ਤਾਂ ਹਿਰਦੇ ਅੰਦਰ ਵਸਦਾ ਹੈ। ਇਸ ਦੇ ਉਲਟ ਕਾਜ਼ੀ ਨੇ ਕੁਦਰਤ ਦੀ ਫ਼ਿਤਰਤ ਦੇ ਵਿਰੁੱਧ ਦਾ ਗਿਆਨ ਭਾਵ ਗ਼ੈਰ ਇਖ਼ਲਾਕੀ ਗਿਆਨ ਦ੍ਰਿੜ੍ਹ ਕਰ ਰੱਖਿਆ ਹੈ। ਆਪਣੇ ਹਿਰਦੇ ਅੰਦਰ ਹਾਥੀ ਵਾਲੀ ਮੱਤ ਦੀ ਵੀਚਾਰਧਾਰਾ ਦੀ ਗੰਢ ਦੇ ਰੱਖੀ ਹੈ। ਇਸ ਨੂੰ ਬਾਰ ਬਾਰ ਨਮਸਕਾਰ ਭਾਵ ਸਿੱਜਦਾ ਕਰਦਾ ਹੈ। ਕਾਜ਼ੀ ਨੇ ਵੀ ਅਗਿਆਨਤਾ ਵਸ ਇਹ ਨਹੀਂ ਬੁੱਝਿਆ ਕਿ ਜੋ ਹੂਰਾਂ ਸਵਰਗ ਵਿੱਚ ਮਿਲਣੀਆਂ ਹਨ, ਇਹ ਸਿਰਫ ਇੱਕ ਹਾਥੀ ਦੀ ਨਕਲੀ ਹਥਣੀ ਨੂੰ ਨਾਂਹ ਪਛਾਨਣ ਕਾਰਨ ਮਹਾਵਤ ਦੇ ਡੰਡੇ ਖਾਣ ਦੇ ਬਰਾਬਰ ਹੈ।
ਨੋਟ – ਹਾਥੀ ਮਹਾਵਤ ਦੇ ਡੰਡੇ ਖਾਂਦਾ ਹੈ ਕਾਮ ਗ੍ਰਸਤ ਹੋ ਕੇ, ਅਤੇ ਹਾਥੀ ਵਾਲੀ ਕਾਮੀ ਬਿਰਤੀ ਅਪਨਾਉਣ ਵਾਲਾ ਮਨੁੱਖ ਵਿਕਾਰਾਂ ਦੇ ਡੰਡੇ ਖਾਂਦਾ ਹੈ।
ਤੀਨਿ ਬਾਰ ਪਤੀਆ ਭਰਿ ਲੀਨਾ॥ ਮਨ ਕਠੋਰੁ ਅਜਹੂ ਨ ਪਤੀਨਾ॥
ਕਹਿ ਕਬੀਰ ਹਮਰਾ ਗੋਬਿੰਦੁ॥ ਚਉਥੇ ਪਦ ਮਹਿ ਜਨ ਕੀ ਜਿੰਦੁ॥ 4॥ 1॥ 4॥
ਗੁਰੂ ਗ੍ਰੰਥ ਸਾਹਿਬ, ਪੰਨਾ 870
ਕਾਜ਼ੀ ਦਾ ਮਨ ਮਾਇਆ ਦੇ ਤਿੰਨਾਂ ਗੁਣਾਂ ਉੱਪਰ ਭਰੋਸਾ ਕਰ ਲੈਣ ਕਾਰਨ ਇੰਨਾ ਕਠੋਰ ਹੋ ਚੁੱਕਾ ਹੈ ਕਿ ਦੱਸਣ ਦੇ ਬਾਵਜੂਦ ਵੀ ਨਹੀਂ ਪਤੀਜਦਾ, ਭਾਵ ਸੱਚ ਨਹੀਂ ਸੁਨਣਾ ਚਾਹੁੰਦਾ।
ਕਬੀਰ ਆਖਦਾ ਹੈ ਕਿ ਮੇਰੇ ਪਾਲਕ ਅਤੇ ਸੁਆਮੀ ਦੀ ਬਖ਼ਸ਼ਿਸ਼ ਲੈਣ ਨਾਲ ਹੀ ਮਾਇਆ ਦੇ ਤਿੰਨਾ ਗੁਣਾਂ ਅਤੇ ਵਿਕਾਰਾਂ ਤੋਂ ਉੱਪਰ ਉੱਠ ਕੇ ਚੌਥੇ ਪਦ ਅੰਦਰ ਜਗਿਆਸੂ ਦੀ ਸੁਰਤ ਜੁੜਦੀ ਹੈ। ਫਿਰ ਇਹ ਸੱਚ ਜਾਣਿਆਂ ਜਾ ਸਕਦਾ ਹੈ।
ਬਲਦੇਵ ਸਿੰਘ ਟੋਰਾਂਟੋ




.