ਵਿਣੁ
ਸਤਿਗੁਰ ਕੇ ਹੁਕਮੈ ਜਿ ਗੁਰਸਿਖਾਂ ਪਾਸਹੁ ਕੰਮੁ ਕਰਾਇਆ ਲੋੜੇ ਤਿਸੁ ਗੁਰਸਿਖੁ ਫਿਰਿ ਨੇੜਿ ਨ ਆਵੈ
ਗੁਰਦੁਆਰਾ ਉਹ ਪਵਿਤੱਰ ਸਥਾਨ ਹੈ
ਜਿੱਥੋਂ ਸਿੱਖ ਨੂੰ ਗੁਰਮਤ ਦਾ ਗਿਆਨ ਅਤੇ ਸਿੱਖੀ ਜੀਵਨ ਜਾਚ ਪ੍ਰਾਪਤ ਹੋਂਦੀ ਹੈ। ਇਸ ਲਈ ਗੁਰਦੁਆਰੇ
ਜਾਣਾ ਅਤੇ ਗੁਰਦੁਆਰੇ ਦੀ ਸਾਂਭ-ਸੰਭਾਲ ਕਰਨ ਲਈ ਹਰ ਤਰੀਕੇ ਨਾਲ ਸੇਵਾ ਵਿੱਚ ਹਿੱਸਾ ਪਾਉਣਾ ਹਰ
ਗੁਰਸਿੱਖ ਦਾ ਫਰਜ਼ ਹੈ। ਗੁਰੂ ਦੇ ਸਿੱਖ ਗੁਰਦੁਆਰੇ ਵਿੱਚ ਧਨ ਦੇ ਨਾਲ ਕਿਸ ਤਰ੍ਹਾਂ ਸੇਵਾ ਕਰਦੇ ਨੇ
ਇਸ ਗੱਲ ਦਾ ਪਤਾ ਲੋੜ ਤੋਂ ਵੱਧ ਬਣੇ ਹੋਏ ਬੇਅੰਤ ਆਲੀਸ਼ਾਨ ਵੱਡੇ-ਵੱਡੇ ਗੁਰਦੁਆਰੇ ਅਤੇ ਫਾਈਵ ਸਟਾਰ
ਹੋਟਲਾਂ ਨੂੰ ਮਾਤ ਦੇਂਦੇ ਬਾਬਿਆਂ ਦੇ ਡੇਰਿਆਂ ਅਤੇ ਨਾਨਕਸਰ ਦੇ ਠਾਠਾਂ ਨੂੰ ਦੇਖ ਕੇ ਚੱਲ ਜਾਂਦਾ
ਹੈ।
ਜੋ ਮਾਇਆ ਅਸੀ ਗੁਰਦੁਆਰਿਆਂ, ਬਾਬਿਆਂ ਦੇ ਡੇਰਿਆਂ, ਠਾਠਾਂ, ਲੰਗਰਾਂ, ਕੀਰਤਨ ਦਰਬਾਰਾਂ, ਨਗਰ
ਕੀਰਤਨਾਂ, ਹੈਲੀਕਾਪਟਰਾਂ ਰਾਹੀਂ ਫੁੱਲਾਂ ਦੀ ਵਰਖਾ ਅਤੇ ਗੁਰਦੁਆਰਿਆਂ ਵਿੱਚ ਆਤਿਸ਼ਬਾਜੀਆਂ `ਤੇ ਖਰਚ
ਕਰ ਰਹੇ ਹਾਂ ਕੀ ਸਾਡੀ ਮਾਇਆ ਇਸ ਤਰ੍ਹਾਂ ਸਫਲ ਹੋ ਰਹੀ ਹੈ? ਗੁਰੁ ਘਰਾਂ ਵਿੱਚ ਸੋਨੇ ਦੀਆਂ
ਪਾਲਕੀਆਂ ਦਾ ਰੁਝਾਨ ਬਹੁਤ ਵੱਧ ਰਿਹਾ ਹੈ। ਸੋਨੇ ਦੀਆਂ ਕਹੀਆਂ ਅਤੇ ਤਸਲੇ ਗੁਰੂ ਸਾਹਿਬ ਜੀ ਨੂੰ
ਭੇਟਾ ਕੀਤੇ ਜਾਂਦੇ ਹਨ। ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਾਂ ਲੱਖਾਂ
ਰਪਇਆਂ ਦੇ ਰੁਮਾਲੇ ਅਰਪਣ ਕੀਤੇ ਜਾਂਦੇ ਹਨ (ਭਾਂਵੇ ਬਾਦ ਵਿੱਚ ਇਨ੍ਹਾਂ ਰੁਮਾਲਿਆਂ ਨੂੰ ਵੇਚ ਕੇ
ਸਾਡੇ ਲੀਡਰ ਹੀ ਖਾ ਜਾਂਦੇ ਹਨ) ਪਰ ਬਹੁਤ ਸਾਰੇ ਐਸੇ ਗੁਰਦੁਆਰੇ ਵੀ ਹਨ ਜਿੱਥੇ ਗੁਰੂ ਗ੍ਰੰਥ ਸਾਹਿਬ
ਜੀ ਦੀ ਸੰਾਭ-ਸੰਭਾਲ ਲਈ ਰੁਮਾਲੇ ਵੀ ਉਪਲਬਧ ਨਹੀਂ ਹੋਂਦੇ। ਗੁਰਦੁਆਰੇ `ਤੇ ਕਾਬਜ ਪ੍ਰਬੰਧਕ ਕਮੇਟੀ
ਗੁਰੂ ਦੀ ਗੋਲਕ ਨੂੰ ਕਿਸ ਤਰ੍ਹਾਂ ਬੇਸ਼ਰਮੀ ਨਾਲ ਆਪਣੀ ਕੁਰਸੀ ਨੂੰ ਮਜ਼ਬੂਤ ਰੱਖਣ ਲਈ ਕੋਰਟਾਂ ਵਿੱਚ
ਤਬਾਹ ਕਰ ਰਹੀ ਹੈ? ਗੁਰੂ ਦੇ ਸ਼ਰਧਾਲੂ ਸਿੱਖ ਜੋ ੧੮-੧੮ ਘੰਟੇ ਰਾਤ-ਦਿਨ ਕੰਮ ਕਰਕੇ ਆਪਣੀ
ਖੂਨ-ਪਸੀਨੇ ਦੀ ਕਮਾਈ ਨੂੰ ਬਿਨਾ ਸੋਚੇ ਸਮਝੇ ਇਨ੍ਹਾਂ ਬੇਈਮਾਨ ਲਾਪਰਵਾਹ ਅਤੇ ਗੈਰਜਿੰਮੇਦਾਰ ਆਗੁਆਂ
ਦੇ ਕਹਿਣ (ਗੁਰੂ ਘਰ ਵਿੱਚ ਸੇਵਾ ਕਰਕੇ ਆਪਣੀ ਮਾਇਆ ਸਫਲੀ ਕਰੋ) `ਤੇ ਇਨ੍ਹਾਂ ਨੂੰ ਸੌਂਪ ਦੇਂਦੇ
ਹਨ। ਫਿਰ ਇਹ ਆਪਣੀ ਮਰਜੀ ਨਾਲ ਉਸ ਮਾਇਆ (ਗੁਰੂ ਦੀ ਗੋਲਕ) ਨੂੰ ਜਿਵੇਂ ਆਪਣੇ ਨਿਜੀ ਹਿਤਾਂ ਲਈ
ਇਸਤੇਮਾਲ ਅਤੇ ਬਰਬਾਦ ਕਰਦੇ ਨੇ, ਕੀ ਇਸ ਤਰ੍ਹਾਂ ਇਹ ਮਾਇਆ ਸਫਲੀ ਹੋਂਦੀ ਹੈ? ਕਾਰ ਸੇਵਾ ਦੇ ਨਾਂ
ਨਾਲ ਜਿਸ ਤਰ੍ਹਾਂ ਸਾਡੇ ਇਤਿਹਾਸ ਦਾ ਨਾਮੋਨਿਸ਼ਾਨ (ਪੰਥ ਦੇ ਧਨ ਨਾਲ, ਕੌਮ ਦੇ ਸੇਵਾਦਾਰ ਬਾਬਿਆਂ
ਵੱਲੋਂ) ਮਿਟਾਇਆ ਜਾ ਰਿਹਾ ਹੈ ਕੀ ਇਸ ਤਰ੍ਹਾਂ ਕੌਮ ਨੂੰ ਇਤਿਹਾਸਕ ਪੱਖ ਤੋਂ ਕਮਜੋਰ ਨਹੀ ਕੀਤਾ ਜਾ
ਰਿਹਾ? ਇਸ ਤਰ੍ਹਾਂ ਇਨ੍ਹਾਂ ਨੂੰ ਇਹ ਧਨ ਕੇ ਅਸੀਂ ਵੀ ਪੰਥ ਦੀ ਬਰਬਾਦੀ ਵਿੱਚ ਹਿੱਸਾ ਤਾਂ ਨਹੀਂ ਪਾ
ਰਹੇ ਹਾਂ?
ਇਕ ਗੁਰਦੁਆਰੇ ਵਿੱਚ ਪ੍ਰਬੰਧਕਾਂ ਨੇ ਗੁਰੁ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮਨਾਉਣ ਲਈ ਪਟਾਖੇ
ਤਾਂ ਖਰੀਦ ਲਏ ਪਰ ਉਨ੍ਹਾਂ ਮਾਇਆ ਦਾ ਇੰਤਜਾਮ ਨਾ ਕੀਤਾ, ਨਾ ਹੀ ਸੰਗਤ ਤੋਂ ਪ੍ਰਵਾਨਗੀ ਲਈ ਸੀ
ਪਟਾਖੇ ਖਰੀਦਣ ਲਈ। ਸ਼ਾਇਦ ਉਨ੍ਹਾਂ ਨੂੰ ਪਤਾ ਸੀ ਕਿ ਸੰਗਤ ਤਾਂ ਉਹ ਕਾਮਧੇਨ ਗਾਂ ਹੈ ਜੋ ਪ੍ਰਬੰਧਕਾਂ
ਦੀ ਹਰ ਇੱਛਾ ਪਰਨ ਕਰਦੀ ਹੈ। ਬਾਦ ਵਿੱਚ ਗੁਰਦੁਆਰੇ ਦੇ ਆਗੂ ਨੇ ਇਮੋਸ਼ਨਲ ਲੈਕਚਰ ਦੇ ਕੇ ਸੰਗਤਾਂ
ਦੀਆਂ ਜੇਬਾਂ ਖਾਲੀ ਕਰਵਾ ਕੇ ਆਤਿਸ਼ਬਾਜੀ ਨਾਲ ਜੋਰ ਸ਼ੋਰ ਨਾਲ, ਗੁਰੂ ਦੀ ਗੋਲਕ ਨੂੰ ਅੱਗ ਲਾ ਕੇ,
ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।
ਕਈ ਗੁਰਦੁਆਰਿਆਂ ਦੇ ਪ੍ਰਬੰਧਕਾਂ ਬਾਰੇ ਸੁਣਿਆ ਹੈ ਕਿ ਜਦੋਂ ਗੋਲਕ ਗਿਣੀ ਜਾਂਦੀ ਸੀ ਤਾਂ ਪ੍ਰਧਾਨ
ਅਤੇ ਸੈਕਟਰੀ ਦੋਵੇਂ ਹੀ ਸਾਰੀ ਮਾਇਆ ਆਪਣੇ ਘਰਾਂ ਨੂੰ ਲੈ ਜਾਂਦੇ ਸਨ। ਕਿਸੇ ਨੂੰ ਕੋਈ ਹਿਸਾਬ ਦੇਣ
ਦੀ ਲੋੜ ਨਹੀਂ ਸੀ ਇਨ੍ਹਾਂ ਗੋਲਕ ਦੇ ਜੱਫੇਮਾਰਾਂ ਨੂੰ। ਮੁੰਬਈ ਦੇ ਇੱਕ ਗੁਰਦੁਆਰੇ ਦਾ ਇੱਕ ਆਗੂ
ਗੋਲਕ ਗਿਣਦਿਆਂ ਚੋਰੀ ਕਰਦਾ ਫੜਿਆ ਗਿਆ। ਲੁਧਿਆਣੇ ਦੇ ਇੱਕ ਵੱਡੇ ਗੁਰਦੁਆਰੇ ਦਾ ਪ੍ਰਧਾਨ ਗੁਰੂ ਦੀ
ਗੋਲਕ ਵਿੱਚੋਂ ਲੱਖਾਂ ਰੁਪਏ ਸਿਆਸੀ ਪਾਰਟੀ ਨੂੰ ਇਲੈਕਸ਼ਨ ਲਈ ਦੇ ਦੇਂਦਾ ਹੈ। ਕੋਈ ਪੁੱਛਣ ਵਾਲਾ
ਨਹੀਂ। ਦੋ ਕੁ ਸਾਲ ਪਹਿਲਾਂ ਜਲੰਧਰ ਦੇ ਇੱਕ ਗੁਰਦੁਆਰੇ ਦਾ ਪ੍ਰਧਾਨ ਗੋਲਕ ਦੀ ਚੋਰੀ ਕਰਦਾ ਹੋਇਆ
ਸਾਰੀ ਦੁਨਿਆ ਨੇ ਟੀ. ਵੀ. `ਤੇ ਦੇਖਿਆ। ਜਦੋਂ ਦਾਸ ਨੇ ਇਹ ਗੱਲ ਇੱਕ ਹੋਰ ਆਗੂ ਨਾਲ ਸਾਂਝੀ ਕੀਤੀ
ਤਾਂ ਉਸਨੇ ਕਿਹਾ “ਗਿਆਨੀ ਜੀ ਉਸ (ਜਲੰਧਰ ਵਾਲੇ) ਨੂੰ ਤਾਂ ਪਤਾ ਨਹੀ ਸੀ ਜੋ ਉਹ ਇਸ ਤਰ੍ਹਾਂ ਕਰ
ਰਿਹਾ ਸੀ, ਨਹੀਂ ਤਾਂ ਹੋਰ ਵੀ ਬਹੁਤ ਤਰੀਕੇ ਹਨ।”
ਅੱਜ ਜਦੋਂ ਮੈਂ ਸਿੱਖ ਕੌਮ ਦੀ ਇਸ ਹੋ ਰਹੀ ਬਰਬਾਦੀ ਨੂੰ ਦੇਖਦਾ ਹਾਂ ਤਾਂ ਮੈਨੂੰ ਇਹ ਵਿਸ਼ਵਾਸ ਜਿਹਾ
ਨਹੀਂ ਰਹਿੰਦਾ ਕਿ ਇਸ ਕੌਮ ਦਾ ਜੋ ਸੁਨਹਿਰੀ ਇਤਿਹਾਸ ਹੈ ਕਿ ਉਹ ਬਿਲਕੁਲ ਸੱਚਾ ਹੈ। ਇਹ ਕੌਮ “ਰਖ
ਗਰੀਬੀ ਵੇਸ” ਦੀ ਫਿਲਾਸਫੀ ਨੂੰ ਮੰਨਣ ਵਾਲੀ ਹੈ। ਇੱਕ ਗਰੀਬ ਘਾਹੀ ਜੋ ਗੁਰੂ ਹਰਗੋਬਿੰਦ ਸਾਹਿਬ ਜੀ
ਦਾ ਸਿੱਖ ਸੀ, ਨੇ ਭੁਲੇਖੇ ਨਾਲ ਜਹਾਂਗੀਰ ਦੇ ਅੱਗੇ ਆਪਣੀ ਮੇਹਨਤ ਦੀ ਕਮਾਈ ਦਾ ਇੱਕ ਟਕਾ ਰੱਖ
ਦਿੱਤਾ ਸੀ। ਪਰ ਜਦੋਂ ਉਸ ਨੂੰ ਅਸਲੀਅਤ ਦਾ ਪਤਾ ਲੱਗਾ ਤਾਂ ਉਸਨੇ ਉਹ ਇੱਕ ਟਕਾ ਜਹਾਂਗੀਰ (ਜੋ ਕਿ
ਸਮੇਂ ਦਾ ਬਾਦਸ਼ਾਹ ਸੀ) ਦੇ ਅੱਗੋਂ ਦ੍ਰਿੜ੍ਹਤਾ ਅਤੇ ਨਿਡਰਤਾ ਨਾਲ ਇਸ ਲਈ ਚੁਕ ਲਿਆ ਸੀ ਕਿਉਂਕਿ ਇਹ
ਮਾਇਆ ਗੁਰੂ ਦੀ ਬਖ਼ਸ਼ਿਸ਼ ਕੀਤੀ ਹੋਈ ਹੈ। ਇਹ ਕੇਵਲ ਤੇ ਕੇਵਲ ਗੁਰੂ ਲਈ ਹੈ, ਇਹ ਕੌਮ ਦੇ ਕਾਰਜਾਂ ਲਈ
ਵਰਤੀ ਜਾਣੀ ਚਾਹੀਦੀ ਹੈ। ਇੰਨੀ ਉੱਚੀ ਸੂਝ ਦੇ ਮਾਲਕ ਸਨ ਉਸ ਸਮੇਂ ਦੇ ਆਮ ਗੁਰਸਿੱਖ।
ਭਾਈ ਮਨੀ ਸਿੰਘ ਜੀ ਨੇ ਬੰਦ-ਬੰਦ ਕਟਵਾ ਕੇ ਸ਼ਹੀਦ ਹੋਣਾ ਤਾਂ ਪ੍ਰਵਾਨ ਕਰ ਲਿਆ ਸੀ ਪਰ ਕੌਮ ਦੀ ਮਾਇਆ
ਨੂੰ ਅਜਾਂਈ ਨਹੀ ਜਾਣ ਦਿੱਤਾ। ਉਹ ਜਾਣਦੇ ਸਨ ਕਿ ਇਸ ਮਾਇਆ ਨਾਲ ਕੌਮ ਦਾ ਭਵਿੱਖ ਸੁਧਰੇਗਾ। ਭਾਈ
ਸੁਬੇਗ ਸਿੰਘ ਜੀ ਨੇ ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਨਵਾਬੀ ਪੰਥ ਨੂੰ ਲੈ ਕੇ ਦਿੱਤੀ। ਜਿਸ ਨਾਲ ਉਸ
ਬਿਖੜੇ ਸਮੇਂ ਵਿੱਚ ਕੌਮ ਨੂੰ ਕੁੱਝ ਤਾਂ ਸੁਦ੍ਰਿੜ੍ਹਤਾ ਅਤੇ ਆਰਥਿਕ ਮਦਦ ਮਿਲੀ। ਹੋਰ ਕਿੰਨੇ
ਉਦਾਹਰਣ ਮਿਲਦੇ ਨੇ ਗੁਰੂ ਦੀ ਗੋਲਕ ਦੇ ਸੁਯੋਗ ਵਰਤੋਂ ਦੇ। ਪਰ ਕੀ ਅਸੀਂ ਗੁਰਬਾਣੀ ਅਤੇ ਆਪਣੇ
ਇਤਹਿਾਸ ਤੋਂ ਸੇਧ ਲਵਾਂਗੇ?
ਗੁਰਬਾਣੀ ਸਾਨੂੰ ਹਰ ਤਰ੍ਹਾਂ ਦਾ ਗਿਆਨ ਬਖ਼ਸ਼ਦੀ ਹੈ। ਸਤਗੁਰੂ ਜੀ ਜਦੋਂ ਕਹਿੰਦੇ ਨੇ ਕਿਰਤ ਕਰੋ, ਨਾਮ
ਜਪੋ ਤੇ ਵੰਡ ਛਕੋ। ਤਾਂ ਇਸਦਾ ਮਤਲਬ ਹੈ ਨਾਮ ਤੇ ਆਧਾਰਿਤ ਕਮਾਈ ਨੂੰ ਵੰਡ ਕੇ ਛਕਣਾ। ਆਪਣੀ ਕਮਾਈ
ਵਿੱਚੋਂ ਗੁਰੂ ਘਰ (ਕੌਮ) ਦੇ ਉਸਾਰੂ ਕਾਰਜਾਂ ਲਈ ਧਨ ਨੂੰ ਸਿਆਣਪ ਨਾਲ ਵਰਤਣਾ। ਇਹ ਸੋਚਣਾ ਚਾਹੀਦਾ
ਹੈ ਕਿ ਇਹ ਧਨ ਜੋ ਗੁਰੂ ਸਾਹਿਬ ਜੀ ਦੀ ਬਖ਼ਸ਼ਿਸ਼ ਨਾਲ ਮੈਨੂੰ ਪ੍ਰਾਪਤ ਹੋਇਆ ਹੈ ਕੀ ਇਹ ਗੁਰੂ ਦੀ ਮਤ
ਨਾਲ ਕੌਮ ਦੇ ਭਲੇ ਲਈ ਵਰਤਿਆ ਜਾ ਰਿਹਾ ਹੈ। ਕਿੰਨੇ ਸਾਰੇ ਕਾਰਜ ਹਨ ਜਿਨ੍ਹਾਂ ਵਿੱਚ ਅਸੀਂ ਬਹੁਤ
ਪਿੱਛੇ ਹਾਂ। ਗੁਰੂ ਦੀ ਗੋਲਕ ਉਨ੍ਹਾਂ ਕਾਰਜਾਂ ਲਈ ਵਰਤਣੀ ਚਾਹੀਦੀ ਹੈ:-
ਗੁਰੂ ਗ੍ਰੰਥ ਸਾਹਿਬ ਜੀ ਨੂੰ ਹੋਰ ਭਾਸ਼ਾਵਾਂ ਵਿੱਚ ਛਾਪਿਆ ਜਾਏ।
ਸਿਖ ਸਾਹਿਤ ਦੀ ਘੋਖ ਪੜਤਾਲ ਕੀਤੀ ਜਾਏ ਇਸ ਕਾਰਜ ਲਈ ਚੰਗੇ ਵਿਦਵਾਨ ਤਿਆਰ ਕੀਤੇ ਜਾਣ ਜੋ ਗੁਰਮਤਿ
ਅਤੇ ਦੁਰਮਤ ਦਾ ਨਿਬੇੜਾ ਕਰਨ ਦੇ ਸਮਰੱਥ ਹੋਣ ਤਾਂ ਜੋ ਕੌਮ ਦੇ ਅੰਦਰ ਕਿਸੇ ਤਰ੍ਹਾਂ ਦੀ ਦੁਬਿਧਾ ਦੀ
ਸੰਭਾਵਨਾ ਨਾ ਰਹੇ ਜਿਵੇਂ ਅੱਜ ਬਚਿਤਰ ਨਾਟਕ ਨਾਮੀ ਬਚਿਤਰ ਅਜਗਰ ਸਾਡਾ ਖਹਿੜਾ ਨਹੀਂ ਛੱਡ ਰਿਹਾ।
ਸਿੱਖਿਆ ਦੇ ਖੇਤਰ ਵਿੱਚ ਸਾਡੀ ਕੌਮ ਦੀ ਬਹੁਤ ਤਰਸਯੋਗ ਹਾਲਤ ਹੈ, ਇਸ ਪਾਸੇ ਵੀ ਅਸੀਂ ਕੁੱਝ ਧਿਆਨ
ਦੇਈਏ।
ਪੰਜਾਬ ਨਸ਼ਿਆਂ ਦੇ ਸਮੂੰਦਰ ਵਿੱਚ ਡੁਬ ਰਿਹਾ ਹੈ ਇਸ ਤੋਂ ਬਚਣ ਲਈ ਨਸ਼ੇ ਛੜਾਉ ਕੇਂਦਰ ਖੋਲੇ ਜਾਣ।
੮੪ ਦੇ ਦੰਗਿਆਂ ਦੇ ਪੀੜਤਾਂ ਦੀ ਮਦਦ ਲਈ ਯੋਜਨਾਬੱਧ ਤਰੀਕੇ ਨਾਲ ਪ੍ਰੋਗਰਾਮ ਉਲੀਕੇ ਜਾਣ।
ਸਾਡੇ ਘਰਾਂ ਵਿੱਚ ਰਿਸ਼ਤਿਆਂ ਵਿੱਚ ਪਈਆਂ ਤਰੇੜਾਂ ਨੂੰ ਦੂਰ ਕਰਨ ਲਈ ਕਾਉਂਸਲਿੰਗ ਦਾ ਪ੍ਰਬੰਧ ਕੀਤਾ
ਜਾਏ ਤਾਂ ਜੋ ਤਲਾਕ ਤਕ ਦੀ ਬੁਰੀ ਬਿਮਾਰੀ ਤੋਂ ਅਸੀਂ ਆਪਣੇ ਸਮਾਜ ਨੂੰ ਬਚਾ ਸਕੀਏ।
ਨਾਗਪੁਰ, ਆਂਧਰ ਪ੍ਰਦੇਸ਼, ਛੱਤੀਸਗੜ੍ਹ ਅਤੇ ਇੰਡੀਆ ਦੇ ਹੋਰ ਹਿੱਸਿਆਂ ਵਿੱਚ ਗੁਰੂ ਨਾਨਕ ਨਾਮ ਲੇਵਾ
ਬੈਠੇ ਹਨ ਜੋ ਸਾਡੀ ਅਣਗਹਿਲੀ ਕਰਕੇ ਸਿੱਖੀ ਤੋਂ ਦੂਰ ਜਾ ਰਹੇ ਹਨ। ਉਨ੍ਹਾਂ ਦੀ ਪੰਥ ਵਾਪਸੀ ਲਈ
ਪ੍ਰਭਾਵਸ਼ਾਲੀ ਉੱਦਮ ਕੀਤਾ ਜਾਏ।
ਇਕ ਦਿਨ ਇੱਕ ਸੱਜਣ ਮਿਲੇ ਤਾਂ ਉਨ੍ਹਾਂ ਨਾਲ ਗੁਰਦੁਆਰਿਆਂ ਦੇ ਪ੍ਰਬੰਧ ਬਾਰੇ ਗੱਲ ਚਲ ਪਈ। ਉਹ ਕਹਿਣ
ਲਗੇ ਜੀ ਗੁਰਦੁਆਰੇ ਤਾਂ ਹੁਣ ਜੰਗ ਦਾ ਅਖਾੜੇ ਬਣ ਕੇ ਰਹਿ ਗਏ। ਮੈਂ ਕਿਹਾ ਗੁਰਦੁਆਰੇ ਵਿੱਚ ਜੰਗ
ਕਾਹਦੀ? “ਗੋਲਕ ਦੀ” ਉਨ੍ਹਾਂ ਆਖਿਆ। ਉਹ ਕਹਿਣ ਲੱਗੇ ਜੀ ਹੁਣ ਤਾਂ ਸਿੱਖ ਸਿਆਣੇ ਹੋ ਗਏ ਨੇ ਹੁਣ
ਪੈSਨੀ ਨਾਲ ਮੱਥਾ ਟਕਦੇ ਹਨ। ਮੈਂ ਕਿਹਾ ਜੀ ਸਾਡੇ ਲੀਡਰਾਂ, ਜੱਥੇਦਾਰਾਂ, ਪ੍ਰਧਾਨਾਂ, ਡੇਰੇਦਾਰ
ਬਾਬਿਆਂ ਆਦਿ ਤੋਂ ਸਿਆਣਾ ਤਾਂ ਉਹ ਰੇੜ੍ਹੀ ਤੇ ਮੂੰਗਫਲੀ ਵੇਚਣ ਵਾਲਾ ਹੈ ਜੋ ਰਾਤ ਨੂੰ ਆਪਣਾ
ਲੇਖਾ-ਜੋਖਾ ਕਰਦਾ ਹੈ ਕਿ ਅੱਜ ਮੈਂ ਸਵੇਰੇ ਤੋਂ ਸ਼ਾਮ ਤਕ ਮੇਹਨਤ ਕੀਤੀ ਹੈ। ਇੰਨੇ ਪੈਸੇ ਵੀ ਲਾਏ
ਹਨ। ਮੈਂ ਖਟਿਆ ਕੀ ਹੈ? ਜੇ ਉਸਨੂੰ ਲਾਭ ਹੁੰਦਾ ਹੈ ਤਾਂ ਖੁਸ਼ ਹੁੰਦਾ ਹੈ ਅਤੇ ਉਸੇ ਤਰ੍ਹਾਂ ਹੀ
ਮੇਹਨਤ ਕਰੀ ਜਾਂਦਾ ਹੈ। ਜੇ ਉਸ ਨੂੰ ਨੁਕਸਾਨ ਹੁਂਦਾ ਹੈ ਤਾਂ ਉਹ ਉਸ ਦੇ ਕਾਰਣਾਂ ਬਾਰੇ ਸੋਚਦਾ ਹੈ।
ਅਤੇ ਲਾਭ ਪ੍ਰਾਪਤੀ ਲਈ ਨਵੇਂ ਸਿਰੇ ਤੋਂ ਜਤਨ ਅਰੰਭਦਾ ਹੈ ਤਾਂ ਜੋ ਮੁੜਕੇ ਨੁਕਸਾਨ ਨਾ ਹੋਵੇ। ਪਰ
ਕੀ ਕਦੇ ਸਾਡੇ ਇਹ ਆਗੂ ਕਦੇ ਸੋਚਣਗੇ ਕਿ ਹਰ ਸਾਲ ਨਗਰ ਕੀਰਤਨਾਂ, ਲੰਗਰਾਂ, ਬਿਲਡਿੰਗਾਂ ਆਦਿ `ਤੇ
ਕੌਮ ਦਾ ਬੇਅੰਤ ਧਨ ਬਰਬਾਦ ਕਰਕੇ ਵੀ ਸਾਡੇ ਬੱਚੇ ਨਸ਼ਿਆਂ ਵਿੱਚ ਕਿਉਂ ਗਲਤਾਨ ਹਨ? ਪਤਿਤ ਪੁਣਾ ਕਿਉਂ
ਵਧ ਰਿਹਾ ਹੈ? ਸਿੱਖੀ ਨੂੰ ਖਤਮ ਕਰਨ ਲਈ ਜੋ ਲੋਗ ਤਰਲੋਮਛੱੀ ਹੋ ਰਹੇ ਹਨ ਉਹ ਕਿਉਂ ਸਫਲ ਹੋ ਰਹੇ
ਹਨ? ਗੁਰਦੁਆਰੇ ਕੇਵਲ ਨਾਂ ਦੇ ਹੀ ਰਹਿ ਗਏ ਉਨ੍ਹਾਂ ਵਿੱਚ ਬ੍ਰਾਹਮਣੀ ਕਰਮ ਕਾਂਡ ਕਿਉਂ ਹੋ ਰਹੇ ਹਨ?
ਗੁਰਬਾਣੀ ਤੋਂ ਸੇਧ ਲਈਏ:-
ਤਿਨ ਕਾ ਖਾਧਾ ਪੈਧਾ ਮਾਇਆ ਸਭੁ ਪਵਿਤੁ ਹੈਜੋ ਨਾਮਿ ਹਰਿ ਰਾਤੇ॥
ਤਿਨ ਕੇ ਘਰ ਮੰਦਰ ਮਹਲ ਸਰਾਈ ਸਭਿ ਪਵਿਤੁ ਹਹਿ
ਜਿਨੀ ਗੁਰਮੁਖਿ ਸੇਵਕ ਸਿਖਅਭਿਆਗਤ ਜਾਇ ਵਰਸਾਤੇ॥
ਤਿਨ ਕੇ ਤੁਰੇ ਜੀਨ ਖੁਰਗੀਰ ਸਭਿ ਪਵਿਤੁ ਹਹਿ
ਜਿਨੀ ਗੁਰਮੁਖਿ ਸਿਖ ਸਾਧ ਸੰਤ ਚੜਿ ਜਾਤੇ॥
ਤਿਨ ਕੇ ਕਰਮ ਧਰਮ ਕਾਰਜ ਸਭਿ ਪਵਿਤੁ ਹਹਿ
ਜੋ ਬੋਲਹਿ ਹਰਿ ਹਰਿ ਰਾਮ ਨਾਮੁ ਹਰਿ ਸਾਤੇ॥
ਜਿਨ ਕੈ ਪੋਤੈ ਪੁੰਨੁ ਹੈ ਸੇ ਗੁਰਮੁਖਿ ਸਿਖ ਗੁਰੂ ਪਹਿ ਜਾਤੇ॥ ੧੬॥ (ਮ: ੪, ੬੪੮)
ਹੇ ਭਾਈ! ਜੋ ਮਨੁੱਖ ਆਪਣੇ ਧਨ ਨੂੰ ਗੁਰੂ ਦੀ ਮਤ ਅਨੁਸਾਰ, ਧਰਮ ਅਰਥ ਖਰਚਦੇ ਹਨ ਉਨ੍ਹਾਂ ਦੀ ਕੀਤੀ
ਸੇਵਾ ਹੀ ਗੁਰੂ ਨੂੰ ਪਰਵਾਣ ਹੈ। ਗੁਰੂ ਪਰਮੇਸ਼ਰ ਦੀ ਬਖ਼ਸ਼ਿਸ਼ ਵੀ ਉਨ੍ਹਾਂ `ਤੇ ਹੀ ਹੁੰਦੀ ਹੈ।
ਗੁਰਮੁਖਿ ਸਭ ਪਵਿਤੁ ਹੈ ਧਨੁ ਸੰਪੈ ਮਾਇਆ॥
ਹਰਿ ਅਰਥਿ ਜੋ ਖਰਚਦੇ ਦੇਂਦੇ ਸੁਖੁ ਪਾਇਆ॥
ਜੋ ਹਰਿ ਨਾਮੁ ਧਿਆਇਦੇ ਤਿਨ ਤੋਟਿ ਨ ਆਇਆ॥
ਗੁਰਮੁਖਾਂ ਨਦਰੀ ਆਵਦਾ ਮਾਇਆ ਸੁਟਿ ਪਾਇਆ॥
ਨਾਨਕ ਭਗਤਾਂ ਹੋਰੁ ਚਿਤਿ ਨ ਆਵਈ ਹਰਿ ਨਾਮਿ ਸਮਾਇਆ॥ (ਮ: ੪, ੧੨੪੬)
ਹੇ ਭਾਈ! ਜੋ ਮਨੁੱਖ ਗੁਰੂ ਤੋਂ ਸੁਮੱਤ ਲੈ ਕੇ ਆਪਣੇ ਧਨ ਨੂੰ ਸੋਚ-ਸਮਝ ਕੇ ਅਕਲ ਨਾਲ ਹਰੀ ਅਰਥ
(ਧਰਮ ਪ੍ਰਚਾਰ ਲਈ) ਖਰਚਦੇ ਹਨ, ਲੋੜਵੰਦਾਂ ਦੀ ਮਦਦ ਲਈ ਖਰਚਦੇ ਹਨ, ਉਨ੍ਹਾਂ ਦੀ ਧਨ-ਦੌਲਤ ਮਾਇਆ
ਆਦਿਕ ਸਫਲ ਹੈ। ਇਹ ਸੇਵਾ ਕਰਕੇ ਉਨ੍ਹਾਂ ਨੂੰ ਸੁਖ ਮਿਲਦਾ ਹੈ।
ਸਤਗੁਰੂ ਜੀ ਆਪਣੇ ਸਿੱਖਾਂ ਨੂੰ ਸੁਚੇਤ ਕਰਦੇ ਹਨ ਭਾਈ ਜਿਹੜਾ ਮਨੁੱਖ ਤੈਨੂੰ ਵਰਗਲਾ ਕੇ ਤੇਰੇ ਧਨ
(ਕਿਸੇ ਵੀ ਤਰ੍ਹਾਂ ਦੀ ਤਾਕਤ) ਨੂੰ ਗਲਤ ਥਾਂ ਤੇ ਇਸਤੇਮਾਲ ਕਰਣਾ ਚਾਹੁੰਦਾ ਹੈ ਤੂੰ ਉਸਦੇ ਨੇੜੇ ਵੀ
ਨਹੀਂ ਜਾਣਾ। ਜੋ ਸਿੱਖੀ (ਧਰਮ, ਗੁਰਮਤ ਅਨੁਸਾਰ) ਸੇਵਾ ਕਰਦਾ ਹੈ ਉਸਦਾ ਸਾਥ ਤਨ-ਦੇਹੀ ਨਾਲ ਦੇਣਾ
ਹੈ।
ਸਤਿਗੁਰ ਕੇ ਜੀਅ ਕੀ ਸਾਰ ਨ ਜਾਪੈ ਕਿ ਪੂਰੈ ਸਤਿਗੁਰ ਭਾਵੈ॥
ਗੁਰਸਿਖਾਂ ਅੰਦਰਿ ਸਤਿਗੁਰੂ ਵਰਤੈ ਜੋ ਸਿਖਾਂ ਨੋ ਲੋਚੈ ਸੋ ਗੁਰ ਖੁਸੀ ਆਵੈ॥
ਸਤਿਗੁਰ ਆਖੈ ਸੁ ਕਾਰ ਕਮਾਵਨਿ ਸੁ ਜਪੁ ਕਮਾਵਹਿ
ਗੁਰਸਿਖਾਂ ਕੀ ਘਾਲ ਸਚਾ ਥਾਇ ਪਾਵੈ॥
ਵਿਣੁ ਸਤਿਗੁਰ ਕੇ ਹੁਕਮੈ ਜਿ ਗੁਰਸਿਖਾਂ ਪਾਸਹੁ ਕੰਮੁ ਕਰਾਇਆ ਲੋੜੇ
ਤਿਸੁ, ਗੁਰਸਿਖੁ ਫਿਰਿ ਨੇੜਿ ਨ ਆਵੈ॥
ਗੁਰ ਸਤਿਗੁਰ ਅਗੈ ਕੋ ਜੀਉ ਲਾਇ ਘਾਲੈ ਤਿਸੁ ਅਗੈ ਗੁਰਸਿਖੁ ਕਾਰ ਕਮਾਵੈ॥
ਜਿ ਠਗੀ ਆਵੈ ਠਗੀ ਉਠਿ ਜਾਇ ਤਿਸੁ ਨੇੜੈ ਗੁਰਸਿਖੁ ਮੂਲਿ ਨ ਆਵੈ॥
ਬ੍ਰਹਮੁ ਬੀਚਾਰੁ ਨਾਨਕੁ ਆਖਿ ਸੁਣਾਵੈ॥
ਜਿ ਵਿਣੁ ਸਤਿਗੁਰ ਕੇ ਮਨੁ ਮੰਨੇ ਕੰਮੁ ਕਰਾਏ ਸੋ ਜੰਤੁ ਮਹਾ ਦੁਖੁ ਪਾਵੈ॥ (ਮ: ੪, ੩੧੭)
ਭਾਈ ਸ਼ਰਨਜੀਤ ਸਿੰਘ ਦੇਹਰਾਦੂਨ