.

ਗੁਰੂ

(ਭਾਗ ਤੀਜਾ)

3. ਗੁਰਸ਼ਬਦ, ਗੁਰਬਾਣੀ, ਗੁਰੂ ਗ੍ਰੰਥ

ਗੁਰੂ ਦੇ ਕਹੇ/ਉਚਾਰੇ ਅਧਿਆਤਮਿਕ ਬੋਲ/ਬਚਨ ਸ਼ਬਦ ਹਨ; ਇਨ੍ਹਾਂ ਸ਼ਬਦਾਂ ਦੀ ਕਲਮ-ਬੱਧ ਕਾਵਿਮਈ ਰਚਨਾਂ ਬਾਣੀ ਹੈ; ਅਤੇ, ਨਿਰੋਲ ਨਿਰੰਕਾਰ ਦੇ ਵਿਸ਼ੇ `ਤੇ ਰਚੀਆਂ ਬਾਣੀਆਂ ਦਾ ਸੰਗ੍ਰਹਿ ਗ੍ਰੰਥ ਹੈ। ਗੁਰੂ, ਗੁਰਸ਼ਬਦ, ਗੁਰਬਾਣੀ, ਅਤੇ ਗ੍ਰੰਥ ਸੱਭ ਦਾ ਉਦੇਸ਼, ਲਕਸ਼, ਨਿਸ਼ਾਨਾਂ, ਮੰਤਵ, ਤੇ ਮੰਜ਼ਿਲ ਇੱਕ ਅਕਾਲਪੁਰਖ ਹੈ। ਇਸ ਵਿਸ਼ੇ ਨੂੰ ਵਿਸਤਾਰ ਪੂਰਵਕ ਨਿਜਿੱਠਨ ਲਈ ਸ਼ਬਦ, ਬਾਣੀ, ਅਤੇ ਗ੍ਰੰਥ ਦੇ ਅਰਥ/ਭਾਵਾਂ ਦੀ ਸੰਖੇਪ ਵਿਚਾਰ-ਵਿਆਖਿਆ ਲਾਭਦਾਇਕ ਹੋਵੇਗੀ।

ਸ਼ਬਦ: ਅੱਖਰ, ਹਰਫ਼, ਲਫ਼ਜ਼, ਪਦ, ਬੋਲ, ਬਚਨ, ਨਿਯਮ, ਸਿਧਾਂਤ, ਸਿੱਖਿਆ, ਸੰਦੇਸ਼, ਗਿਆਨ, ਆਦੇਸ਼ ਅਤੇ ਉਪਦੇਸ਼ ਆਦਿ।

ਬਾਣੀ/ਵਾਣੀ: ਬਣੀ/ਰਚੀ ਅਧਿਆਤਮਿਕ ਕਾਵਿ-ਰਚਨਾਂ, ਕਾਵਿਕ ਗੱਲਬਾਤ/ਗੁਫ਼ਤਗੂ, ਕਹੀ ਲਿਖੀ ਧਾਰਮਿਕ ਵਿਚਾਰ ਆਦਿ।

ਗ੍ਰੰਥ: ਧਰਮ-ਪੁਸਤਕ, ਇੱਕ ਅਕਾਲਪੁਰਖ ਦੇ ਹੀ ਵਿਸ਼ੇ `ਤੇ ਰਚੀਆਂ ਬਾਣੀਆਂ ਦਾ ਆਕਾਸ਼ੀ ਗੁਲਦਸਤਾ।

ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਅਨੁਸਾਰ ‘ਸੱਚ’ ਦਾ ਗਿਆਨ ਹੀ ਸੱਚਾ ਗੁਰੂ ਹੈ। ਗੁਰੂ, ਗੁਰਸ਼ਬਦ, ਗੁਰਬਾਣੀ, ਅਤੇ ਗੁਰੂ ਗ੍ਰੰਥ, ਇਹ ਸਾਰੇ ਬ੍ਰਹਮ ਅਤੇ ਉਸ ਦੇ ਗਿਆਨ ਦੇ ਪ੍ਰਤੱਖ ਰੂਪ ਹਨ। ਇਨ੍ਹਾਂ ਸਾਰਿਆਂ ਵਿੱਚ ਕੋਈ ਅੰਤਰ ਨਹੀਂ। ਇਹ ਅਭਿੰਨ ਹਨ। ਸਰੀਰਧਾਰੀ ਗੁਰੂ ਦੀ ਅਣਉਪਸਥਿਤਿ ਵਿੱਚ ਗੁਰਸ਼ਬਦ, ਗੁਰਬਾਣੀ, ਅਤੇ ਗੁਰੂ ਗ੍ਰੰਥ ਹੀ ਗੁਰੂ ਹੈ। ਅਭਿਲਾਸ਼ੀ ਨੇਂ ਇਨ੍ਹਾਂ ਤੋਂ ਹੀ ਸੇਧ ਲੈਣੀ ਹੈ। ਆਓ! ਇਸ ਵਿਚਾਰ ਦੀ ਪੁਸ਼ਟੀ ਗੁਰਸ਼ਬਦ ਨਾਲ ਹੀ ਕਰੀਏ। ਗੁਰ-ਹੁਕਮ ਹੈ:

“ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵਿਚਾਰਿ॥

ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ॥

ਗੁਰ ਕਿਰਪਾ ਤੇ ਪਾਇਆ ਜੇ ਦੇਵੈ ਦੇਵਣਹਾਰੁ॥” ਮ: ੩

ਭਾਵ: ਮਹਾਂਪੁਰਖਾਂ ਦੀ ਉਚਾਰੀ/ਲਿਖੀ, ਪ੍ਰਭੂ ਦੀ ਸਿਫ਼ਤਸਲਾਹ ਦੀ ਰਚਨਾ ਹੀ ਇੱਕੋ ਇੱਕ ਮੰਨਣਯੋਗ ਸੱਚਾ ਗੁਰੂ ਹੈ। (ਇਸ ਲਈ) ਗੁਰੂ ਦੇ ਸ਼ਬਦਾਂ (ਸਿਧਾਂਤਾਂ/ਨਿਯਮਾ/ਅਸੂਲਾਂ) `ਤੇ ਵਿਚਾਰ ਕਰਨੀ ਚਾਹੀਦੀ ਹੈ। ਬਾਣੀ ਨੂੰ ‘ਸੱਚ’ ਦੀ ਹੱਟੀ ਸਮਝੋ, ਜਿੱਥੋਂ ਆਤਮ-ਗਿਆਨ ਰੂਪੀ ਕੀਮਤੀ ਰਤਨਾ ਦੇ ਭੰਡਾਰ ਦਾ ਸੱਚਾ ਸੌਦਾ ਮਿਲਦਾ ਹੈ। ਦਾਤਾਰ ਪ੍ਰਭੂ ਦੀ ਬਖ਼ਸ਼ਿਸ਼ ਹੋਵੇ ਤਾਂ ਹੀ, ਗੁਰੂ ਦੁਆਰਾ, ਇਹ ਦੁਰਲੱਭ ਖ਼ਜ਼ਾਨਾ ਨਸੀਬ ਹੁੰਦਾ ਹੈ।

ਜੋ ਅਧਿਆਤਮਿਕ ਲਾਭ ਗੁਰੂ ਦੀ ਸੰਗਤ ਕੀਤਿਆਂ ਪ੍ਰਾਪਤ ਹੁੰਦੇ ਹਨ, ਉਹੀ ਫ਼ਲ ਗੁਰੂ ਦੀ ਬਾਣੀ ਨੂੰ ਵਿਚਾਰ ਕੇ ਅਮਲ ਵਿੱਚ ਲਿਆਉਣ ਨਾਲ ਲੱਭ ਜਾਂਦੇ ਹਨ:

“ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥

ਗੁਰਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥” ਨਟ ਅ: ਮ: ੪

ਭਾਵ: ਗੁਰੂ ਦੇ ਕਹੇ/ਲਿਖੇ ਕਥਨ ਹੀ ਸੇਵਕ ਲਈ ਗੁਰੂ ਹਨ; ਬਾਣੀਕਾਰ ਦੀ ਪਾਕ-ਪਵਿੱਤ੍ਰ ਸ਼ਖ਼ਸੀਅਤ ਉਸ ਦੀ ਬਾਣੀ ਵਿੱਚ ਦੇਖੀ ਜਾ ਸਕਦੀ ਹੈ। ਗੁਰਬਾਣੀ ਵਿੱਚ ਅਮਰਤਾ ਪ੍ਰਦਾਨ ਕਰਨ ਵਾਲੇ ਸਾਰੇ ਤੱਤ੍ਵ ਮੌਜੂਦ ਹਨ। ਜਿਹੜਾ ਸੇਵਕ ਬਾਣੀ ਵਿੱਚ ਕਹੇ/ਲਿਖੇ ਨਿਯਮਾ ਨੂੰ ਮੰਨਦਾ ਤੇ ਉਨ੍ਹਾਂ ਦੀ ਪਾਲਣਾ ਕਰਦਾ ਹੈ, ਨਿਸ਼ਚੇ ਹੀ, ਜੀਵਨ-ਮੁਕਤ ਹੋਣ ਲਈ ਗੁਰੂ ਉਸ ਦੀ ਸਹਾਇਤਾ ਕਰਦਾ ਹੈ।

“ਪ੍ਰਭ ਬੇਅੰਤ ਗੁਰਮਤਿ ਕੋ ਪਾਵਹਿ॥ ਗੁਰ ਕੈ ਸਬਦਿ ਮਨ ਕਉ ਸਮਝਾਵੈ॥

ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਮਾਨਹੁ ਇਉ ਆਤਮ ਰਾਮੈ ਲੀਨਾ ਹੇ॥” ਮਾਰੂ ਸੋਲਹੇ ਮ: ੧

ਭਾਵ: ਕੋਈ ਵਿਰਲਾ ਸੇਵਕ ਹੀ ਗੁਰੂ ਤੋਂ ਮੱਤ ਲੈ ਕੇ ਬੇਅੰਤ ਪ੍ਰਭੂ ਨੂੰ ਪ੍ਰਾਪਤ ਕਰ ਲੈਂਦਾ ਹੈ। ਗੁਰੂ ਦੇ ਸ਼ਬਦ (ਆਦੇਸ਼/ਉਪਦੇਸ਼) ਨੂੰ ਵਿਚਾਰ ਕੇ, ਮਨ ਨੂੰ ਬੁਰੇ ਪਾਸਿਓਂ ਹੋੜ ਕੇ ਮੁਕਤਿ-ਮਾਰਗ ਦਾ ਰਾਹੀ ਬਣਨ ਵਿੱਚ ਸਫ਼ਲ ਹੁੰਦਾ ਹੈ। (ਇਸ ਲਈ) ਹੇ ਭਾਈ! ਸੱਚੇ ਗੁਰੂ ਦੀ ਬਾਣੀ ਵਿੱਚ ਪੂਰਾ ਭਰੋਸਾ ਰੱਖਣਾ ਚਾਹੀਦਾ ਹੈ। ਇਸ ਤਰ੍ਹਾਂ ਦਾ ਉੱਦਮ ਕਰਨ ਨਾਲ ਸ੍ਰਿਸ਼ਟੀ ਵਿੱਚ ਰਮੇ ਹੋਏ ਰਾਮ ਨਾਲ ਅਭੇਦਤਾ ਦਾ ਪਦ ਪ੍ਰਾਪਤ ਕਰ ਲਈਦਾ ਹੈ।

ਨਾਮ, ਜੀਵਨ-ਮੁਕਤ ਹੋਣ ਦਾ ਇੱਕੋ ਇੱਕ ਸਾਧਨ ਹੈ; ਅਤੇ ਇਹ ਨਾਮ ਗੁਰੂ ਦੇ ਸ਼ਬਦ ਵਿੱਚੋਂ ਹੀ ਲੱਭਦਾ ਹੈ:

“ਵਾਹੁ ਵਾਹੁ ਤਿਸ ਕਉ ਜਿਸ ਕਾ ਇਹੁ ਜੀਉ॥

ਗੁਰ ਸਬਦੀ ਮਥਿ ਅੰਮ੍ਰਿਤੁ ਪੀਉ॥

ਨਾਮ ਵਡਾਈ ਤੁਧੁ ਭਾਣੈ ਦੀਉ॥” ਗਉੜੀ ਅ: ਮ: ੧

ਭਾਵ: ਪੂਜਨਯੋਗ ਹੈ ਉਹ ਅਕਾਲਪੁਰਖ ਜਿਸ ਨੇ ਇਹ ਦੁਰਲੱਭ ਮਨੁੱਖਾ ਜੀਵਨ ਬਖ਼ਸ਼ਿਆ ਹੈ। ਐ ਪ੍ਰਾਣੀ! ਇਸ ਮਾਨਵ-ਜੀਵਨ ਵਿੱਚ ਗੁਰੂ ਦੇ ਸ਼ਬਦ ਨੂੰ ਰਿੜਕ, ਅਤੇ ਇਸ ਵਿੱਚੋਂ ਨਾਮ-ਅੰਮ੍ਰਿਤ ਕੱਢ ਕੇ ਪੀਉ ਤੇ ਆਤਮ-ਜੀਵਨ ਜੀਉ।

“…ਗੁਰ ਕਾ ਸਬਦੁ ਕਾਟੈ ਕੋਟਿ ਕਰਮੁ॥” ਬਸੰਤ ਰਾਮਾ ਨੰਦ ਜੀ

ਭਾਵ: ਗੁਰੂ ਦਾ ਸ਼ਬਦ ਵਿਚਾਰਿਆਂ/ਕਮਾਇਆਂ ਪੂਰਬਲੇ ਜਨਮਾਂ ਦੇ ਕਰੋੜਾਂ ਕੁਕਰਮਾਂ ਦੇ ਧੱਬੇ ਧੋਤੇ ਜਾਂਦੇ ਹਨ।

“ਸਦਾ ਬਸੰਤ ਗੁਰ ਸਬਦੁ ਵੀਚਾਰੇ॥” ਬਸੰਤ ਮ: ੩

ਭਾਵ: ਜਿਹੜਾ ਪ੍ਰਾਣੀ ਗੁਰੂ ਦੇ ਉਚਾਰੇ ਬਚਨਾਂ ਨੂੰ ਵਿਚਾਰਦਾ ਹੈ, ਹਰਿਨਾਮ ਨੂੰ ਹਿਰਦੇ ਵਿੱਚ ਧਾਰਦਾ/ਸਿਮਰਦਾ ਹੈ, ਉਸ ਦਾ ਮਨ ਬਸੰਤੀ ਫੁੱਲਾਂ ਦੀ ਤਰ੍ਹਾਂ ਆਤਮਾਨੰਦ ਨਾਲ ਖਿੜਿਆ ਰਹਿੰਦਾ ਹੈ।

“ਗੁਰ ਕੀ ਬਾਣੀ ਵਿਟਹੁ ਵਾਰਿਆ ਭਾਈ ਗੁਰ ਸਬਦ ਵਿਟਹੁ ਬਲਿ ਜਾਈ॥” ਬਸੰਤ ਮ: ੩

ਭਾਵ: (ਗੁਰਬਾਣੀ, ਸੇਵਕ ਨੂੰ ਮਾਇਆ ਵੱਲੋਂ ਮੋੜ ਕੇ ਪ੍ਰਭੂ ਨਾਲ ਸਾਂਝ ਪੁਆਉਂਦੀ ਹੈ, ਇਸ ਲਈ) ਹੇ ਭਾਈ! ਮੈਂ ਗੁਰੂ ਦੀ ਰਚੀ ਬਾਣੀ ‘ਤੋਂ ਸਦਕੇ ਜਾਂਦਾ ਹਾਂ; ਗੁਰੂ ਦੇ ਉਚਾਰੇ ਬਚਨਾਂ ‘ਤੋਂ ਬਲਿਹਾਰ ਹੁੰਦਾ ਹਾਂ।

“ਪੂਰੇ ਗੁਰ ਕੀ ਪੂਰੀ ਬਾਣੀ॥ ਪੂਰੈ ਲਾਗਾ ਪੂਰੇ ਮਾਹਿ ਸਮਾਣੀ॥” ਮਾਰੂ ਸੋਲਹੇ ਮ: ੫

ਭਾਵ: ਸਰਵਗੁਣ-ਸੰਪੰਨ ਗੁਰੂ ਦੀ ਸਰਬਪਖੋਂ ਪੂਰੀ ਬਾਣੀ ਅਨੁਸਾਰ ਜੀਵਨ ਢਾਲਣ ਵਾਲਾ ਸੇਵਕ ਪਰਿਪੂਰਨ ਪ੍ਰਭੂ ਦੀ ਯਾਦ ਵਿੱਚ ਜੁੜਿਆ ਰਹਿਣ ਕਰਕੇ, ਉਸੇ ਵਿੱਚ ਹੀ ਸਮਾ ਜਾਂਦਾ ਹੈ।

“ਅੰਮ੍ਰਿਤ ਬਚਨ ਸਾਧ ਕੀ ਬਾਣੀ॥

ਜੋ ਜੋ ਜਪੈ ਤਿਸ ਕੀ ਗਤਿ ਹੋਵੈ ਹਰਿ ਹਰਿ ਨਾਮੁ ਨਿਤ ਰਸਨ ਬਖਾਨੀ॥” ਸੂਹੀ ਮ: ੫

ਭਾਵ: ਗੁਰੂ/ਸਾਧ ਦੇ ਉਚਾਰੇ/ਲਿਖੇ ਬਚਨ (ਨਿਯਮ/ਸਿਧਾਂਤ) ਆਤਮ-ਜੀਵਨ ਦੇਣ ਵਾਲੇ ਹਨ। ਜਿਹੜਾ ਵੀ ਪ੍ਰਾਣੀ ਬਾਣੀ ਨੂੰ ਜੀਭ ਨਾਲ ਜਪਦਾ ਤੇ ਮਨ ਨਾਲ ਵਿਚਾਰਦਾ ਹੈ, ਉਹ ਉੱਚਤਮ ਆਤਮਿਕ ਅਵਸਥਾ ਦਾ ਭਾਗੀ ਬਣਦਾ ਹੈ।

“ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ॥” ਸਿਰੀ ਰਾਗੁ ਮ: ੩

ਭਾਵ: ਸੱਚੇ ਗੁਰੂ ਦੀ ਬਾਣੀ, (ਅਧਿਆਤਮਿਕ ਜੀਵਨ ਦੇ ਨਿੱਜੀ ਤਜੁਰਬਿਆਂ ਦੇ ਆਧਾਰ `ਤੇ ਨਿਰਧਾਰਤ ਸਿਧਾਂਤ/ਨਿਯਮ) ਮਨੁੱਖ ਦੀ ਆਤਮ-ਜੀਵਨ-ਯਾਤ੍ਰਾ ਦੇ ਰਾਹ ਨੂੰ ਰੌਸ਼ਨ ਕਰਦੀ ਹੈ। ਪਰ, ਕੋਈ ਸੁਭਾਗਾ ਹੀ ਇਸ ਨੂੰ ਸਮਝ/ਵਿਚਾਰ ਕੇ ਇਸ ਤੋਂ ਲਾਭ ਉਠਾਉਂਦਾ ਹੈ।

“ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ॥” ਗਉੜੀ ਕੀ ਵਾਰ ਮ: ੪

ਭਾਵ: ਸੱਚੇ ਗੁਰੂ ਦੀ ਕਥੀ/ਲਿਖੀ ਬਾਣੀ ਸਦ-ਸਥਿਰ ਪ੍ਰਭੂ ਦਾ ਹੀ ਸੁੰਦਰ ਰੂਪ ਹੈ; ਕਿਉਂਕਿ ਇਸ ਬਾਣੀ ਵਿੱਚ ਕੇਵਲ ‘ਉਸੇ’ ਦੇ ਗੁਣਾਂ ਦਾ ਗਾਇਣ ਕੀਤਾ ਗਿਆ ਹੈ। ਅਜਿਹੀ ਬਾਣੀ ਦੇ ਸਹਾਰੇ ਸੇਵਕ ਦੀ ਆਤਮਿਕ ਅਵਸਥਾ ਉੱਚਤਮ ਹੋ ਜਾਂਦੀ ਹੈ।

“ਸਤਿਗੁਰ ਬਾਣੀ ਪੁਰਖੁ ਪੁਰਖੋਤਮ ਬਾਣੀ ਸਿਉ ਚਿਤੁ ਲਾਵੈਗੋ॥

ਗੁਰਬਾਣੀ ਸੁਨਤ ਮੇਰਾ ਮਨੁ ਦ੍ਰਵਿਆ ਮਨੁ ਭੀਨਾ ਨਿਜ ਘਰਿ ਆਵੈਗੋ॥” ਕਾਨੜਾ ਅ: ਮ: ੪

ਭਾਵ: ਪੂਰੇ ਗੁਰੂ ਦੀ ਕਥੀ ਬਾਣੀ ਵਿੱਚ ਸਰਵਉੱਚ ਅਕਾਲਪੁਰਖ ਦੀ ਸਿਫ਼ਤ ਸਲਾਹ ਹੀ ਹੈ। ਇਸ ਲਈ ਇਸੇ ਬਾਣੀ ਦਾ ਵਿਚਾਰ ਚਿੰਤਨ ਕਰਨਾਂ ਲੋੜੀਏ। ਬਾਣੀ ਸੁਣ/ਵਿਚਾਰ ਕੇ ਮੇਰਾ ਮਨ ਪਤੀਜ ਗਿਆ ਹੈ; ਪਤੀਜਨ ਨਾਲ ਮਨ ਨੂੰ ਸਹਿਜ/ਸ਼ਾਂਤ ਅਵਸਥਾ ਨਸੀਬ ਹੁੰਦੀ ਹੈ।

ਸ਼ਬਦ/ਬਾਣੀ ਦੇ ਕਲਿਆਨਕਾਰੀ ਤੇ ਕੀਮੀਆਈ ਪ੍ਰਭਾਵ ਨੂੰ ਪਛਾਣਦਿਆਂ ਗੁਰੂ ਨਾਨਕ ਦੇਵ ਜੀ ਗੁਰਬਾਣੀ ਦੀ ਸਿਰਜਨਾਂ ਦੇ ਸਾਧਨਾਂ ਨੂੰ ਧੰਨ ਧੰਨ ਕਹਿ ਕੇ ਸਰਾਹੁੰਦੇ ਹੋਏੋੇ ਲਿਖਦੇ ਹਨ:

“ਧੰਨੁ ਸੁ ਕਾਗਦੁ, ਕਲਮ ਧੰਨੁ, ਧਨੁ ਭਾਂਡਾ ਧਨੁ ਮਸੁ॥

ਧੰਨੁ ਲੇਖਾਰੀ ਨਾਨਕਾ ਜਿਨਿ ਨਾਮੁ ਲਿਖਾਇਆ ਸਚੁ॥” ਸਲੋਕ ਮ: ੧

ਭਾਵ: ਪਵਿੱਤ੍ਰ ਹੈ ਉਹ ਕਾਗ਼ਜ਼ ਤੇ ਕਲਮ, ਸ਼ੁੱਭ ਹੈ ਉਹ ਦਵਾਤ ਤੇ ਉਸ ਦੀ ਸਿਆਹੀ, ਅਤੇ ਸ਼ਲਾਘਾਯੋਗ ਹੈ ਉਹ ਲਿਖਾਰੀ ਜਿਸ ਨੇਂ ਪਰਮਸੱਚ ਦੇ ਸੱਚ-ਨਾਮ ਨੂੰ ਸ਼ਬਦਾਂ ਦਾ ਪੁਨੀਤ ਜਾਮਾਂ ਪੁਆਇਆ ਹੈ।

ਮਨੁੱਖ ਦਾ ਜੀਵਨ-ਮਨੋਰਥ ਆਪਣੇ ਮੂਲ ਪ੍ਰਭੂ ਨਾਲ ਪੁਨਰ-ਮਿਲਨ ਹੈ। ਇਹ ਦੁਰਲੱਭ ਮਿਲਨ ‘ਉਸ’ ਦੇ ਗਿਆਨ ਦੁਆਰਾ ਹੀ ਸੰਭਵ ਹੈ; ਅਤੇ ਬ੍ਰਹਮ-ਗਿਆਨ ਦਾ ਸੋਮਾ ਗੁਰੂ ਗ੍ਰੰਥ ਹੈ। ਸੋ, ਮਨੁੱਖ ਨੂੰ ਰੱਬ ਦੀ ਤਾਲਾਸ਼ ਪੋਥੀ (ਗ੍ਰੰਥ) ਵਿੱਚੋਂ ਹੀ ਕਰਨੀ ਚਾਹੀਦੀ ਹੈ। ਪੋਥੀ (ਗ੍ਰੰਥ) ਦੀ ਸੰਪਾਦਨਾਂ ਕਰਨ/ਕਰਾਉਣ ਵਾਲੇ ਗੁਰੂ ਅਰਜਨ ਦੇਵ ਜੀ ਦਾ ਫ਼ੁਰਮਾਨ ਹੈ:

“ਪੋਥੀ ਪਰਮੇਸੁਰ ਕਾ ਥਾਨੁ, ਸਾਧ ਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ॥” ਸਾਰਗ ਮ: ੫

ਭਾਵ: ਪੋਥੀ (ਗ੍ਰੰਥ) ਪ੍ਰਭੂ ਦੀ ਸਿਫ਼ਤਸਲਾਹ ਦੇ ਗੀਤਾਂ ਵਾਲੀ ਧਰਮ-ਪੁਸਤਕ ਹੈ; ਇਸ ਵਿੱਚੋਂ ਹੀ ਪਰਮੀਸ਼ਵਰ ਦਾ ਗਿਆਨ ਪਾਇਆ ਜਾ ਸਕਦਾ ਹੈ। ਜਿਹੜੇ ਜਾਚਿਕ ਗੁਰੂ ਦੀ ਸੰਗਤ ਵਿੱਚ ਜਾ ਕੇ ਹਰਿ-ਗੁਣ-ਗੀਤ ਗਾਉਂਦੇ ਰਹਿੰਦੇ ਹਨ, ਉਨ੍ਹਾਂ ਨੂੰ ਪੂਰਾ ਬ੍ਰਹਮਗਿਆਨ ਪ੍ਰਾਪਤ ਹੋ ਜਾਂਦਾ ਹੈ।

ਗੁਰਸ਼ਬਦ, ਗੁਰਬਾਣੀ, ਅਤੇ ਗੁਰੂ ਗ੍ਰੰਥ ਤੋਂ ਮੂੰਹ ਮੋੜਨ ਵਾਲੇ ਸਾਕਤਾਂ ਲਈ ਗੁਰ-ਹੁਕਮ ਹੈ:

“ਸੇ ਮਨਮੁਖ ਜੋ ਸਬਦੁ ਨ ਪਛਾਣਹਿ॥

ਗੁਰ ਕੇ ਭੈ ਕੀ ਸਾਰ ਨ ਜਾਣਹਿ॥” ਮਾਰੂ ਸੋਲਹੇ ਮ: ੩

ਭਾਵ: ਜਿਹੜੇ ਮਨਮਤੀਏ ਗੁਰੂ ਦੇ ਸ਼ਬਦ/ਸਿੱਖਿਆ ਨੂੰ ਸਮਝਦੇ/ਵਿਚਾਰਦੇ ਨਹੀਂ, ਉਨ੍ਹਾਂ ਅੰਦਰ ਗੁਰੂ ਪ੍ਰਤਿ ਸਤਿਕਾਰ/ਸ਼੍ਰੱਧਾਂ ਨਹੀਂ, ਅਤੇ ਉਹ ਆਪਣੇ ਮਨ ਦੇ ਪਿੱਛੇ ਲੱਗ ਕੇ ਪੁੱਠੇ ਰਾਹ ਹੀ ਪੈਂਦੇ ਹਨ।

ਮਾਇਆ ਦੀ ਖ਼ਾਤਿਰ, ਗੁਰਸ਼ਬਦ ਤੇ ਗੁਰਬਾਣੀ ਨੂੰ, ਸਮਝੇ/ਵਿਚਾਰੇ ਬਿਨਾਂ, ਗਾਉਣ ਤੱਕ ਹੀ ਸੀਮਤ ਰੱਖਣ ਵਾਲੇ ਲੋਭੀਆਂ ਵਾਸਤੇ ਫ਼ੁਰਮਾਨ ਹੈ:

“ਲੋਗੁ ਜਾਨੈ ਇਹੁ ਗੀਤ ਹੈ, ਇਹੁ ਤਉ ਬ੍ਰਹਮ ਬੀਚਾਰ॥” ਗਉੜੀ ਕਬੀਰ ਜੀ

ਭਾਵ: ਮਾਇਆਧਾਰੀ ਸੰਸਾਰੀ ਲੋਕਾਂ ਵਾਸਤੇ ਮਹਾਂਪੁਰਖਾਂ ਦੇ ਉਚਾਰੇ ਕਾਵਿਮਈ ਸ਼ਬਦ ਸਿਰਫ਼ ਗਾਉਣ ਲਈ ਗੀਤ ਹੀ ਹਨ। (ਉਹ ਮਾਇਆ ਵਿੱਚ ਅੰਨ੍ਹੇ ਹੋਏ ਇਹ ਨਹੀਂ ਜਾਣਦੇ ਕਿ) ਇਹ ਸ਼ਬਦ/ਬਾਣੀ ਤਾਂ ਪਾਰਬ੍ਰਹਮ ਪਰਮਾਤਮਾਂ ਦੇ ਅਨੂਠੇ ਤੇ ਪਵਿੱਤ੍ਰ ਗੁਣਾਂ ਦੀ ਵਿਚਾਰ-ਚਰਚਾ ਹੈ!

ਉਪਰੋਕਤ ਵਿਚਾਰ-ਚਰਚਾ ਦਾ ਸਾਰੰਸ਼: ਗੁਰਸ਼ਬਦ, ਗੁਰਬਾਣੀ, ਅਤੇ ਗੁਰੂ ਗ੍ਰੰਥ ਬ੍ਰਹਮ-ਗਿਆਨ ਦਾ ਅੱਖਰੀ ਰੂਪ ਹੈ; ਇਸ ਲਈ ਗੁਰੂ ਪਦ ਇਨ੍ਹਾਂ ਦੀ ਸੱਚੀ ਸ਼ੋਭਾ ਹੈ।

(ਚਲਦਾ-----)

ਭੱਲ ਚੁਕ ਲਈ ਖਿਮਾ ਦਾ ਜਾਚਕ

ਦਾਸ,

ਗੁਰਇੰਦਰ ਸਿੰਘ ਪਾਲ

ਮਾਰਚ 14, 2010.




.