“ਜੋਤਿ ਓਹਾ ਜੁਗਤਿ ਸਾਇ” -ਪੰਥਕ ਪੱਧਰ ਦੇ ਪੰਜ ਪਿਆਰਿਆਂ ਦਾ ਕੰਮ
ਕੇਵਲ ਗੁਰਬਾਣੀ ਦਾਇਰੇ `ਚ ਰਹਿ ਕੇ ਗੁਰਬਾਣੀ ਤੋਂ ਪ੍ਰਗਟ ‘ਜੀਵਨ ਜੁਗਤ’ ਨੂੰ ਵਰਤਾਉਣਾ ਹੈ,
ਗੁਰਬਾਣੀ ਦਾਇਰੇ `ਚੋਂ ਬਾਹਿਰ ਜਾ ਕੇ ਨਹੀਂ। ਇਸ ਤੋਂ ਇਲਾਵਾ ਪੰਥਕ ‘ਜੁਗਤ’ ਨੂੰ ਬਨਾਉਣਾ ਜਾਂ
‘ਪੰਥਕ ਜੁਗਤ ਨੂੰ ਕੋਈ ਨਵਾਂ ਰੂਪ ਦੇਣਾ, ਪੰਜ ਪਿਆਰਿਆਂ ਦੀ ਸੀਮਾ `ਚ ਨਹੀਂ।
ਸਿੱਖ ਇਤਿਹਾਸ ਦੇ ਤਿੰਨ ਦਿਹਾੜੇ-
ਸਿੱਖ ਇਤਿਹਾਸ `ਚ ਤਿੰਨ ਦਿਹਾੜੇ ਵੱਡੇ ਮਹੱਤਵ ਵਾਲੇ ਹਨ ਅਤੇ ਇਹ ਦਿਹਾੜੇ ਹਨ: ਪਹਿਲਾ-੧੫
ਅਪ੍ਰੈਲ ਸੰਨ ੧੪੬੯ ਜਦੋਂ ਗੁਰੂ ਨਾਨਕ ਪਾਤਸ਼ਾਹ ਦਾ ਆਗਮਨ ਹੋਇਆ। “ਮਾਰਿਆ ਸਿਕਾ ਜਗਤ ਵਿਚ, ਨਾਨਕ
ਨਿਰਮਲ ਪੰਥ ਚਲਾਇਆ” (ਭਾ: ਗੁ: ) ਅਤੇ “ਸਬਦਿ ਜਿਤੀ ਸਿਧਿ ਮੰਡਲੀ ਕੀਤੋਸੁ ਅਪਣਾ ਪੰਥੁ
ਨਿਰਾਲਾ” (ਭਾ: ਗੁ: ) ਸਪਸ਼ਟ ਹੈ ਕਿ ਮੂਲ ਰੂਪ `ਚ ਗੁਰੂ ਨਾਨਕ ਪਾਤਸ਼ਾਹ ਦਾ ਆਗਮਨ ਹੀ ਉਹ
ਮੁਬਾਰਕ ਦਿਹਾੜਾ ਹੈ ਜਦੋਂ “ਸਿੱਖ ਭਾਵ ਖਾਲਸਾ ਪੰਥ” ਦੀ ਸਿਰਜਨਾ ਹੋਈ। ਸਪਸ਼ਟ ਹੋਇਆ ਕਿ “ਗੁਰੂ ਕੇ
ਪੰਥ” ਅਥਵਾ “ਸਿੱਖ ਜਾਂ ਖਾਲਸਾ ਪੰਥ” ਵਾਲੀ ਸਿਰਜਨਾ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਪਹਿਲੇ
ਜਾਮੇ `ਚ ਹੀ ਕਰ ਦਿੱਤੀ ਸੀ।
ਸਿੱਖ ਇਤਿਹਾਸ ਦਾ ਦੂਜਾ ਮਹਤਵ ਪੂਰਣ ਦਿਹਾੜਾ ਹੈ ਵਿਸਾਖੀ ੧੬੯੯- ਇਹ ਉਹ
ਮੁਬਾਰਕ ਤੇ ਇਤਿਹਾਸਿਕ ਦਿਹਾੜਾ ਹੈ ਜਦੋਂ ਦਸਮੇਸ਼ ਪਿਤਾ ਦੇ ਰੂਪ `ਚ ਖੁਦ ਗੁਰੂ ਨਾਨਕ ਪਾਤਸ਼ਾਹ ਨੇ
ਹੀ ਆਪਣੇ ਪਹਿਲੇ ਜਾਮੇ ਸਮੇਂ ਸਿਰਜੇ ਸਿੱਖ ਧਰਮ `ਚ ਪ੍ਰਵੇਸ਼ ਦੇ `ਚਰਨ ਪਾਹੁਲ’
ਵਾਲੇ ਢੰਗ ਨੂੰ ‘ਖੰਡੇ ਦੀ ਪਾਹੁਲ’ `ਚ ਬਦਲਿਆ। ਉਸ ਦਿਨ ਕਲਗੀਧਰ ਜੀ ਦੇ ਰੂਪ
`ਚ ਆਪ ਨੇ ਨੰਗੀ ਤਲਵਾਰ ਦੀ ਧਾਰ `ਤੇ ਕੌਮ ਦਾ ਇਮਤਿਹਾਨ ਲੈਣ ਬਾਅਦ, ਸਿੱਖ ਧਰਮ `ਚ ਪ੍ਰਵੇਸ਼ ਵਾਲੇ
ਢੰਗ ਨੂੰ ਪਾਹੁਲਧਾਰੀ ਪੰਜਾਂ ਦੇ ਰੂਪ `ਚ ਪੰਥ ਦੇ ਸਪੁਰਦ ਕਰ ਦਿੱਤਾ; ਬੱਸ ਇਹੀ ਸੀ ‘ਪੰਥ ਨੂੰ
ਸਾਜਣਾ ਤੇ ‘ਪੰਥ ਸਾਜਿਆ’। ਇਹ ਨਹੀਂ ਕਿ ਗੁਰਦੇਵ ਨੇ ਵਿਸਾਖੀ ੧੬੯੯ ਦੇ ਦਿਨ ‘ਪੰਥ
ਚਲਾਇਆ’ ਜਾਂ ਪੰਥ ਦਾ ‘ਅਰੰਭ ਕੀਤਾ’। ਵਿਸਾਖੀ ੧੬੯੯ ਨੂੰ ਪੰਥ ਦੀ ਸਿਰਜਣਾ ਨਹੀਂ ਕੀਤੀ ਬਲਕਿ ‘ਪੰਥ
ਨੂੰ ਸਾਜਿਆ’ ਅਥਵਾ ਪੰਥ ਨੂੰ ਇਸ ਦੇ ਸੰਪੂਰਣ ਰੂਪ `ਚ ਉਜਾਗਰ ਕੀਤਾ। ਪੰਥ ਦੀ ਸਿਰਜਣਾ ਨੂੰ ਤਾਂ
ਉਦੋਂ ੨੩੦ ਸਾਲ ਹੋ ਚੁੱਕੇ ਸਨ।
ਦੂਜਾ- ਵਿਸਾਖੀ ੧੬੯੯ ਵਾਲੇ ਦਿਨ ਨੂੰ ਹੀ ਪੰਥ ਨੂੰ ਸਿੰਘ-ਕੌਰ
ਵਾਲੀ ਪ੍ਰਵਾਰਕ ਸਾਂਝ ਬਖ਼ਸ਼ ਕੇ, ਕੌਮ ਵਿਚੋਂ ਜਾਤ-ਪਾਤ ਤੇ ਊਚ-ਨੀਚ ਵਾਲੇ ਕੋੜ੍ਹ ਨੂੰ ਕੱਢਿਆ।
ਤੀਜਾ- ਵਿਸਾਖੀ ੧੬੯੯ ਵਾਲੇ ਦਿਨ ਨੂੰ ਹੀ ਸਿੱਖ ਨੂੰ ਖਾਲਸੇ ਦਾ ਖ਼ਿਤਾਬ
ਅਤੇ “ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ” ਵਾਲਾ ਆਪਸੀ ਮਿਲਾਪ ਦਾ ਬੋਲਾ
ਬਖ਼ਸ਼ਿਆ।
ਚੌਥਾ- ਵਿਸਾਖੀ ੧੬੯੯ ਵਾਲੇ ਦਿਨ ਨੂੰ ਹੀ ਪਹਿਲਾਂ ਤੋਂ ਚਲਦੇ ਆ ਰਹੇ
ਚਾਰ ਕਕਾਰਾਂ `ਚ ਪੰਜਵਾਂ ਕਕਾਰ ਕੜਾ ਜੋੜ ਕੇ, ਸਿੱਖ ਲਈ ਪੰਜ ਕਕਾਰਾਂ ਨੂੰ ਨਿਯਮਿਤ ਕੀਤਾ
ਇਤਿਆਦਿ।
ਇਸ ਤੋਂ ਬਾਅਦ ਸਿੱਖ ਇਤਿਹਾਸ ਦਾ ਤੀਸਰਾ ਮਹਤਵ ਪੂਰਨ ਦਿਹਾੜਾ ਆਉਂਦਾ ਹੈ
‘6 ਅਕਤੂਬਰ ਸੰਨ 1708’।
6ਅਕਤੂਬਰ ਸੰਨ 1708- ਜਦੋਂ ਦੱਖਨ ਸ੍ਰੀ ਨਾਦੇੜ ਦੇ ਸਥਾਨ `ਤੇ
ਦਸਮੇਸ਼ ਜੀ ਨੇ ਵਿਸ਼ੇਸ਼ ਸਮਾਗਮ ਕੀਤਾ। ਆਪ ਨੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਤਾਬਿਆ
ਪੰਜ ਪਿਆਰਿਆਂ ਨੂੰ ਖੜਾ ਕਰ ਕੇ, ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦੇ ਸਨਮੁਖ ਮੱਥਾ ਟੇਕ
ਦਿੱਤਾ।
ਇਸ ਦੇ ਨਾਲ ਹੀ ਨੂੰ ਤਬਿਆ ਖੜੇ ਕੀਤੇ ਗਏ ਉਨ੍ਹਾਂ ਪੰਜ ਪਿਆਰਿਆਂ ਹੁਕਮ
ਕੀਤਾ ਕਿ ਪੰਜਾਂ ਨੇ “ਪੂਜਾ ਅਕਾਲ ਪੁਰਖ ਕੀ-ਪਰਚਾ ਸ਼ਬਦ ਕਾ- ਦੀਦਾਰ ਖਾਲਸੇ ਕਾ”
ਗੁਰਬਾਣੀ ਦੀ ਤਾਬਿਆ ਭਾਵ ਗੁਰਬਾਣੀ ਆਦੇਸ਼ਾਂ ਦੇ ਦਾਇਰੇ `ਚ ਰਹਿ ਕੇ ਹੀ ਪੰਥਕ ਜੁਗਤ ਨੂੰ ਵਰਤਾਉਣਾ
ਹੈ, ਅਪਹੁੱਦਰੇ ਹੋ ਕੇ ਅਜਿਹਾ ਨਹੀਂ ਕਰਣਾ।
ਗੁਰੂ, ਕੇਵਲ ਗੁਰਬਾਣੀ ਹੀ ਹੈ-ਦਰਅਸਲ
ਗੁਰਬਾਣੀ ਦੇ ਗੁਰੂ ਹੋਣ ਵਾਲੀ ਗੱਲ ਤਾਂ ਪਹਿਲੇ ਜਾਮੇ ਤੋ ਹੀ ਦ੍ਰਿੜ ਹਰਵਾਈ ਜਾ ਰਹੀ ਸੀ।
ਤਾਂ ਫ਼ਿਰ ਸਮਝਣਾ ਹੈ ਕਿ ਅੱਜ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਅੱਗੇ ਮੱਥਾ ਟੇਕ ਕੇ,
ਗੁਰਦੇਵ ਨੇ ਕਿਹੜੀ ਨਵੀਂ ਗੱਲ ਕੀਤੀ? ਉਹ ਨਵੀਂ ਗੱਲ ਸੀ, ਇੱਕ ਤਾਂ ਇਹ ਸਾਫ਼ ਕਰ ਦਿੱਤਾ ਕਿ
ਗੁਰਬਾਣੀ ਦਾ ਸੰਪੂਰਣ ਸਰੂਪ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਹੀ ਹਨ ਭਾਵ ਉਸ ਦਿਨ
ਗੁਰਦੇਵ ਨੇ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਸੰਪੂਰਣਤਾ `ਤੇ ਮੋਹਰ ਲਗਾਈ। ਭਾਵ
ਅੱਜ ਤੋਂ ਬਾਅਦ, ੴ ਤੋਂ ਲੈ ਕੇ “ਤਨੁ ਮਨੁ ਥੀਵੈ ਹਰਿਆ” ਤੀਕ ‘ਸਾਹਿਬ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ `ਚ ਕਿਧਰੇ ਵੀ ਵਾਧਾ ਘਾਟਾ ਨਹੀਂ ਹੋ ਸਕਦਾ।
ਦੂਜਾ ਇਹ ਵੀ ਸਾਫ਼ ਕੀਤਾ ਕਿ ਅੱਜ ਤੋਂ ਇਸ ਗ੍ਰੰਥ ਵਿਚਲੀ ‘ਜੋਤ’
ਤੇ ‘ਜੁਗਤ’ ਦੇ ਵਾਰਿਸ ਕੇਵਲ ਤੇ ਕੇਵਲ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’
ਹੀ ਹਨ, ਠੀਕ ਉਸੇ ਤਰ੍ਹਾਂ ਜਿਵੇਂ ਅੱਜ ਤੀਕ ਇੱਕ ਤੋਂ ਬਾਅਦ ਦੂਜਾ, ਤੀਜਾ, ਚੌਥਾ, ਪੰਜਵਾਂ
ਭਾਵ ਦਸ ਸਰੀਰਾਂ ਨੇ ਇਹ ਜ਼ਿਮੇਵਾਰੀ ਨਿਭਾਈ। ਉਸੇ ਤਰ੍ਹਾਂ “ਗੁਰੂ ਨਾਨਕ ਦੀ ਗੱਦੀ” ਦੇ
ਵਾਰਿਸ ਅੱਜ ਤੋਂ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਹੀ ਹਨ, ਨਾ ਕੋਈ ਦੂਜਾ ਸਰੀਰ ਹੈ
ਤੇ ਨਾ ਹੀ ਕੋਈ ਹੋਰ ‘ਗ੍ਰੰਥ’।
ਇਥੇ ਇਹ ਵੀ ਧਿਆਣ ਦੇਣ ਦੀ ਲੋੜ ਹੈ ਕਿ ਕਲਗੀਧਰ ਜੀ ਨੇ ਜਦੋਂ “ਸਾਹਿਬ
ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਦੇ ਸਨਮੁਖ ਮਥਾ ਟੇਕਿਆ ਤੇ ਪੰਥ ਨੂੰ ਇਕੱਲੇ “ਸਾਹਿਬ ਸ੍ਰੀ
ਗੁਰੂ ਗ੍ਰੰਥ ਸਾਹਿਬ” ਦੇ ਹੀ ਲੜ ਲਗਾਇਆ ਸੀ। ਗੁਰਦੇਵ ਨੇ ਉਸ ਵੇਲੇ ਨਾ ਤਾਂ ਕਿਸੇ ਹੋਰ ਗ੍ਰੰਥ
ਲਈ ਅਜਿਹਾ ਹੁਕਮ ਕੀਤਾ ਅਤੇ ਨਾ ਹੀ ਕੋਈ ਹੋਰ ਗ੍ਰੰਥ ਉਥੇ ਮੌਜੂਦ ਹੀ ਸੀ; ਜਿਵੇਂ ਕਿ ਅੱਜ ਪੰਥ
ਵਿਰੋਧੀ ਸ਼ਕਤੀਆਂ ਵਲੋਂ ਨਵੇਂ, ਨਵੇਂ ਗ੍ਰੰਥ ਪੈਦਾ ਕਰਕੇ ਸੰਗਤਾਂ ਨੂੰ ਉਲਝਾਇਆ ਜਾ ਰਿਹਾ ਹੈ।
ਦਰਅਸਲ ਅਜੋਕਾ ‘ਦਸਮਗ੍ਰੰਥ’ ਇਸੇ ਹੀ ਗਿਣਤੀ `ਚ ਆਉਂਦਾ ਹੈ। ਇਹ ਦਸਮਗ੍ਰੰਥ ਉਹ ਹੈ ਜਿਸ ਦਾ ਅਸਲ
ਨਾਮ ਬਚਿਤ੍ਰ ਨਾਟਕ ਸੀ। ਇਸ ਬਚਿਤ੍ਰ ਨਾਟਕ ਦੀ ਰਚਨਾ ਹੀ ਦਸਮੇਸ਼ ਜੀ ਦੇ ਜੋਤੀ ਜੋਤ ਸਮਾਉਣ ਤੋਂ
ਲਗਭਗ ੨੮, ੩੦ ਸਾਲ ਬਾਅਦ ਕੀਤੀ ਗਈ ਅਤੇ ਸਮੇਂ ਸਮੇਂ ਨਾਲ ਇਸ ਦੇ ਕਈ ਰੂਪ ਤੇ ਨਾਮ ਵੀ ਬਦਲੇ ਗਏ।
ਉਪ੍ਰੰਤ ਉਸੇ ‘ਬਚਿਤ੍ਰ ਨਾਟਕ’ ਨੂੰ ਦਸਮੇਸ਼ ਜੀ ਦੀ ਲਿਖਤ ਹੋਣ ਦਾ ਭੁਲੇਖਾ ਦੇਣ ਲਈ, ਸੰਨ ੧੮੬੦ `ਚ
ਇਸ ਨੂੰ ਨਾਮ ਦੇ ਦਿੱਤਾ ਗਿਆ ‘ਦਸਮਗ੍ਰੰਥ’। ਇਥੋਂ ਤੀਕ ਕਿ ਇਸ ਗ੍ਰੰਥ ਦੇ ਪੰਨੇ ਵੀ ਕਾਇਮ ਕੀਤੇ ਗਏ
ਤਾਂ ੧੪੨੮ ਭਾਵ “ਗੁਰੂ ਗ੍ਰੰਥ ਸਾਹਿਬ ਜੀ” ਦੇ ੧੪੩੦ ਪੰਨਿਆਂ ਦੇ ਬਰਾਬਰ, ਤਾਕਿ ਸੰਗਤਾਂ ਇਸ ਤੋਂ
ਸਹਿਜੇ ਹੀ ਭੁਲੇਖਾ ਖਾ ਜਾਣ। ਇਸ ਪੱਖੋਂ ਸੰਗਤਾਂ ਨੂੰ ਵਧੇਰੇ ਸੁਚੇਤ ਰਹਿਣ ਦੀ ਲੋੜ ਹੈ। ਸਿੱਖ
ਸੰਗਤਾਂ ਲਈ ਸਿਵਾਇ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ਨਾ ਕੋਈ ਦੂਜਾ ਗ੍ਰੰਥ ‘ਗੁਰੂ’ ਹੈ ਤੇ ਨਾ
ਹੋਵੇਗਾ ਹੀ।
‘ਪਰਚਾ ਸ਼ਬਦ ਕਾ’ -ਦਸਮੇਸ਼ ਜੀ ਨੇ ਉਸ ਸਮੇਂ ਜੋ ‘ਸਾਹਿਬ ਸ੍ਰੀ
ਗੁਰੂ ਗ੍ਰੰਥ ਸਾਹਿਬ ਜੀ’ ਦੀ ਤਬਿਆ ਪੰਜ ਪਿਆਰਿਆ ਨੂੰ ਖੜਾ ਕੀਤਾ ਤਾਂ ਉਨ੍ਹਾਂ ਲਈ ਹੁਕਮ ਕੀਤਾ
ਸੀ, “ਪੂਜਾ ਅਕਾਲਪੁਰਖੁ ਕੀ - ਪਰਚਾ ਸ਼ਬਦ ਕਾ - ਦੀਦਾਰ ਖ਼ਾਲਸੇ ਕਾ’। ਉਪ੍ਰੰਤ ਗੁਰਦੇਵ ਦੇ
ਇਨ੍ਹਾਂ ਤਿੰਨਾਂ ਬਚਨਾਂ `ਚੋਂ ‘ਪਰਚਾ ਸ਼ਬਦ ਕਾ’ ਨੂੰ ਸਭ ਤੋਂ ਪਹਿਲਾਂ ਦੇਖਣਾ ਜ਼ਰੂਰੀ ਹੈ।
‘ਪਰਚਾ ਸ਼ਬਦ ਕਾ’ ਦੇ ਅਰਥ ਹਨ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਅੰਦਰ ਦਰਜ
ਗੁਰਬਾਣੀ ਦਾ ਸੰਗ੍ਰਿਹ ਹੀ ਸਿੱਖ ਲਈ ‘ਗੁਰੂ’ ਕੀ ਜੋਤ ਅਥਵਾ ‘ਗੁਰੂ ਮਾਨਯੋ ਗ੍ਰੰਥ’
ਹੈ। ਇਸ ਤਰ੍ਹਾਂ ਗੁਰਬਾਣੀ ਹੀ ਸਿੱਖ ਦੇ ਜੀਵਨ ਲਈ ‘ਜੀਵਨ ਵਿਗਿਆਨ’ ਹੈ; ‘ਸਿੱਖ ਦੇ
‘ਜੀਵਨ ਦੀ ਥੰਮੀ’ ਤੇ ‘ਸਿੱਖ ਦੇ ‘ਜੀਵਨ ਲਈ ਸੇਧ ਹੈ’। ਗੁਰੂ ਹਸਤੀਆਂ ਰਾਹੀਂ
‘ਗੁਰਬਾਣੀ ਦਾ ਸੰਗ੍ਰਿਹ, ਇਹ ਗ੍ਰੰਥ’ ਹੀ ਸਿੱਖ ਦੇ ਜੀਵਨ ਲਈ ਗੁਰੂ ਪਾਤਸ਼ਾਹ ਦੇ ਆਦੇਸ਼ ਅਤੇ ਹੁਕਮ
ਹਨ। ਇਸ ਲਈ ਸਿੱਖ ਕੌਮ ਨੇ ਗੁਰਬਾਣੀ ਜੀਵਨ ਦੇ ਦਾਇਰੇ `ਚ ਰਹਿ ਕੇ ਹੀ ਆਪਣੇ ਜੀਵਨ ਨੂੰ ਜੀਊਣਾ
ਹੈ।
ਇਸੇ ਤਰ੍ਹਾਂ ਗੁਰਬਾਣੀ ਵਿਚਲੇ ਫ਼ੁਰਮਾਨ “ਜੋਤਿ ਓਹਾ ਜੁਗਤਿ ਸਾਇ” (ਪੰ:
966) ਦੇ ਅਰਥ ਵੀ ਇਹੀ ਹਨ ਕਿ ‘ਗੁਰਬਾਣੀ ਗੁਰੂ’ ਤੋਂ ਪ੍ਰਗਟ ਹੋਣ ਵਾਲਾ ‘ਇਲਾਹੀ
ਗਿਆਨ’ (ਵਿਵੇਕ ਬੁਧ) ਵੀ ਸਦੀਵੀ ਹੈ ਅਤੇ ਉਥੋਂ ਪ੍ਰਗਟ ਹੋਣ ਵਾਲੀ ‘ਜੀਵਨ ਜੁਗਤ’ (ਜੀਵਨ-ਜਾਚ)
ਹੀ ਸਿੱਖ ਲਈ ‘ਜੀਵਨ ਜਿਊਣ’ ਦਾ ਢੰਗ ਸਦੀਵ ਕਾਲ ਲਈ ਹੈ।
ਭਾਵ ਜਿਵੇਂ ‘ਗੁਰਬਾਣੀ ਜੋਤ’ ਭਾਵ ‘ਗੁਰਬਾਣੀ ਤੋਂ ਪ੍ਰਗਟ ਹੋਣ
ਵਾਲਾ ‘ਇਲਾਹੀ ਗਿਆਨ’ ਸਦੀਵੀ ਹੈ। ਉਸੇ ਤਰ੍ਹਾਂ ‘ਗੁਰਬਾਣੀ ਤੋਂ ਪ੍ਰਗਟ ਹੋਣ ਵਾਲੀ ‘ਜੁਗਤ’
(ਜੀਵਨ ਜਾਚ) ਵੀ ਸਦੀਵੀ ਹੈ ਅਤੇ ਇਸ `ਚ ਵਾਧਾ-ਘਾਟਾ ਨਹੀਂ ਹੋ ਸਕਦਾ; ਇਹ ਬਦਲਵੀਂ ਨਹੀਂ ਅਤੇ
ਸਦਾ ਲਈ ਅਬਦਲਵੀਂ ਹੈ। ਇਸ ਤਰ੍ਹਾਂ ਸਿੱਖ ਦਾ ਮਤਲਬ ਹੀ ਇਕੋ ਹੈ ਕਿ ਸਿੱਖ ਨੇ ‘ਸਾਹਿਬ ਸ੍ਰੀ
ਗੁਰੂ ਗ੍ਰੰਥ ਸਾਹਿਬ ਜੀ’ ਜੀ ਅੰਦਰ ਦਰਜ ‘ਗੁਰਬਾਣੀ’ ਦੀ ਆਗਿਆ, ਸਿਖਿਆ ਤੇ ਤਾਬਿਆ
ਰਹਿ ਕੇ ਹੀ ਜੀਵਨ ਜੀਊਣਾ ਹੈ, ਇਸ ਤੋਂ ਅੱਗੇ ਪਿਛੇ ਹੋ ਕੇ ਨਹੀਂ। ਸਪਸ਼ਟ ਹੈ ਕਿ ਸਿੱਖ ਨੇ
‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਤੋਂ ਇਲਾਵਾ ਨਾ ਕਿਸੇ ਹੋਰ ਨੂੰ ‘ਗੁਰੂ’ ਕਰ ਕੇ
ਜਾਣਨਾ ਹੈ ਤੇ ਨਾ ਹੀ ਗੁਰੂ ਤੁੱਲ ਮੰਨਣਾ ਹੀ ਹੈ। ਜਿਵੇਂ ਕਿ ਅੱਜ ਦਸਮ ਪਾਤਸ਼ਾਹ ਵਾਲਾ ਭੁਲੇਖਾ ਦੇ
ਕੇ ‘ਅਜੋਕੇ ਦਸਮ ਗ੍ਰੰਥ’ ਦੇ ਨਾਮ `ਤੇ ਵਿਰੋਧੀ ਤਾਕਤਾਂ ਕਰ ਰਹੀਆਂ ਹਨ।
‘ਜੋਤ ਗ੍ਰੰਥ ਵਿਚ, ਜੁਗਤ ਪੰਥ ਵਿਚ’ - ਉਪ੍ਰੰਤ ਅਜੋਕੇ ਸਮੇਂ ਇਹ
ਪੰਕਤੀ ਵਿਸ਼ੇਸ਼ ਅਤੇ ਵਧੇਰੇ ਧਿਆਨ ਮੰਗਦੀ ਹੈ। ਪੰਥਕ ਪੱਧਰ `ਤੇ ਅੱਜ ਦੇ ਵਿਗੜੇ ਤੇ ਲਗਾਤਾਰ ਵਿਗਾੜੇ
ਜਾ ਰਹੇ ਹਾਲਾਤ ਦਾ ਇੱਕ ਕਾਰਨ, ਇਸ ਪੰਕਤੀ ਦੇ ਵਿਗਾੜੇ ਗਏ ਗੁਮਰਾਹਕੁਣ ਅਰਥ ਵੀ ਹਨ। ‘ਜੋਤ
ਗ੍ਰੰਥ ਵਿਚ, ਜੁਗਤ ਪੰਥ ਵਿਚ’ - ਪੰਥ `ਚ ਸਥਾਪਿਤ ਹੋ ਚੁੱਕੀ ਇਸ ਪੰਕਤੀ ਨੂੰ ਦਸਮੇਸ਼ ਜੀ
ਰਾਹੀਂ ਉਚਾਰਣ ਕੀਤਾ ਹੋਇਆ ਹੀ ਦੱਸਿਆ ਜਾਂਦਾ ਹੈ। ਉਂਝ ਵੀ ਇਸ ਪੰਕਤੀ ਦਾ ਆਧਾਰ ਗੁਰਬਾਣੀ ਫ਼ੁਰਮਾਨ
“ਜੋਤਿ ਓਹਾ ਜੁਗਤਿ ਸਾਇ, ਸਹਿ ਕਾਇਆ ਫੇਰਿ ਪਲਟੀਐ” (ਪੰ: 966) ਹੀ ਹੈ ਪਰ ਇਸ ਪੰਕਤੀ ਦੇ
ਮੂਲ ਅਰਥਾਂ ਨੂੰ ਸਮਝੇ ਬਿਨਾ, ਇਸ ਦੀ ਅਤੀ ਗੁਮਰਾਹਕੁਣ ਅਰਥਾਂ `ਚ ਵਰਤੋਂ ਹੋ ਰਹੀ ਹੈ।
ਗੁਰਬਾਣੀ ਫ਼ੁਰਮਾਣ ਹੈ “ਜੋਤਿ ਓਹਾ ਜੁਗਤਿ ਸਾਇ, ਸਹਿ ਕਾਇਆ ਫੇਰਿ
ਪਲਟੀਐ” (ਪੰ: 966) ਅਤੇ ਇਸ ਦੇ ਅਰਥ ਹਨ, ਗੁਰਬਾਣੀ ਅੰਦਰਲੀ ‘ਜੋਤ’ ਭਾਵ ‘ਸੱਚ
ਧਰਮ ਦਾ ਗਿਆਨ’ ਤੇ ਉਸ ‘ਸੱਚ ਧਰਮ’ `ਚੋਂ ਪ੍ਰਗਟ ਹੋਣ ਵਾਲੀ ‘ਜੀਵਨ ਜੁਗਤ’,
‘ਜੀਵਨ-ਜਾਚ’, ਜੀਵਨ ਸ਼ੈਲੀ, ‘ਜੀਵਨ-ਦੀ ਕਮਾਈ’, ‘ਜੀਵਨ ਜੀਊਣ ਦਾ ‘ਢੰਗ’ ਅਥਵਾ ‘ਸਿੱਖ ਦੇ
ਜੀਵਨ ਦੀ ਰਹਿਣੀ’ (ਜੋਤ ਤੇ ਜੁਗਤ) ਦੋਵੇਂ ਵਿਸ਼ੇ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’
ਅੰਦਰ ਮੌਜੂਦ ਹਨ। ਦੂਜੀ ਗੱਲ, ‘ਜੋਤ ਤੇ ਜੁਗਤ’ ਇਨ੍ਹਾਂ ਦੋਨਾਂ `ਚ “ਜੋਤਿ
ਓਹਾ ਜੁਗਤਿ ਸਾਇ” ਅਨੁਸਾਰ ਇਨ੍ਹਾਂ ਦੋਨਾਂ `ਚ ਕਦੇ ਤਬਦੀਲੀ ਵੀ ਨਹੀਂ ਹੋ ਸਕਦੀ। ਪੰਥ ਲਈ
ਗੁਰਬਾਣੀ ਅੰਦਰੋਂ ‘ਜੋਤ’ ਤੇ ‘ਜੁਗਤ’ ਵਾਲੇ ਇਹ ਦੋਵੇਂ ਪ੍ਰਗਟਾਵੇ ਸਦੀਵੀ ‘ਅ-ਬਦਲਵੇਂ
ਅਤੇ ਖਾਸ ਧਿਆਣ ਮੰਗਦੇ ਹਨ।
“ਸਹਿ ਕਾਇਆ ਫੇਰਿ ਪਲਟੀਐ” - ‘ਜੋਤ’ ਤੇ ‘ਜੁਗਤ’ ਤੋਂ ਬਾਅਦ ਇਸ ਲੜੀ `ਚ
ਤੀਜੀ ਚੀਜ਼ ਆਉਂਦੀ ਹੈ ‘ਕਾਇਆਂ’ ਜਿਸ ਦੇ ਅਰਥ ਹਨ ‘ਸਰੀਰ’। ਦਰਅਸਲ ਇਹ ਕਾਇਆ ਵਾਲਾ
ਵਿਸ਼ਾ ਹੀ ਖਾਸ ਤੇ ਵਧੇਰੇ ਧਿਆਣ ਮੰਗਦਾ ਹੈ। ਧਿਆਣ ਨਾਲ ਦੇਖਿਆ ਜਾਵੇ ਤਾਂ ਗੁਰਬਾਣੀ `ਚ
ਵੀ ‘ਜੋਤ’ ਤੇ ‘ਜੁਗਤ’ ਵਾਲੀ ਦੇਣ ਨਾਲ ਹੀ ਲਫ਼ਜ਼ ‘ਕਾਇਆ’ ਦਾ ਸਬੰਧ ਵੀ ਕੀਤਾ ਹੋਇਆ ਹੈ।
ਇਥੇ “ਜੋਤਿ ਓਹਾ ਜੁਗਤਿ ਸਾਇ” ਵਾਲੇ ਫ਼ੁਰਮਾਨ ਦਾ ਹੀ ਬਾਕੀ ਹਿੱਸਾ ਹੈ “ਸਹਿ ਕਾਇਆ
ਫੇਰਿ ਪਲਟੀਐ” (ਪੰ: 966) ਉਸ ਤੋਂ ਵੱਖਰਾ ਨਹੀਂ। ਤਾਂ ਫ਼ਿਰ ਦੇਖਣਾ ਇਹ ਹੈ ਕਿ ਇਥੇ
ਕਾਇਆ ਦੇ ਕੀ ਅਰਥ ਹਨ? ਕਾਇਆ ਚੂੰਕਿ ‘ਜੋਤ’ ਤੇ ‘ਜੁਗਤ’ ਦਾ ਸਬੰਧਕ ਹੈ, ਇਸ
ਲਈ ਇਥੇ ਕਾਇਆ ਦੇ ਅਰਥ ਹਨ, ਗੁਰਬਾਣੀ ਵਿਚਲੀ ‘ਜੋਤ’ ਤੇ ‘ਜੁਗਤ’ ਨੂੰ ਵਰਤਾਉਣ
ਵਾਲਾ ‘ਸਰੀਰ’। ਉਹ ਸਰੀਰ, ਜਿਸ ਲਈ ਫ਼ੁਰਮਾਇਆ ਵੀ ਹੈ ‘ਸਹਿ ਕਾਇਆ ਫੇਰਿ ਪਲਟੀਐ”।
ਦੇਖਣਾ ਹੈ ਕਿ ਜਿਵੇਂ ‘ਜੋਤ’ ਤੇ ‘ਜੁਗਤ’ ਸਦੀਵੀ ਹਨ, ਬਦਲਵੇਂ ਨਹੀਂ ਪਰ ਉਸ ਦੇ ਉਲਟ ‘ਕਾਇਆ
ਭਾਵ ਸਰੀਰ ਕਦੇ ਵੀ ਸਦੀਵੀ ਨਹੀਂ; ਇਸ ਨੇ ਤਾਂ ਸਦਾ ਬਦਲਦੇ ਰਹਿਣਾ ਹੈ ਅਤੇ ਇਥੇ ਵੀ ਸਰੀਰ ਲਈ
ਹੀ ਉਚੇਚਾ ਕਿਹਾ ਹੈ “ਸਹਿ ਕਾਇਆ ਫੇਰਿ ਪਲਟੀਐ”। ਦੇਖਣਾ ਹੈ ਕਿ ਇਥੇ ਕਿਸ ਸਰੀਰ
ਦੀ ਗੱਲ ਹੈ ਅਤੇ ਕਿਸ ਅਰਥ `ਚ ਹੈ?
ਇਹ ਸਮਝਣਾ ਹੋਰ ਵੀ ਜ਼ਰੂਰੀ ਹੈ ਕਿ ਜਦੋਂ ਦਸਮੇਸ਼ ਜੀ ਨੇ ਦਸ ਪਾਤਸ਼ਾਹੀਆਂ ਤੀਕ
ਚਲਦੀ ਆ ਰਹੀ ਸਰੀਰਕ ਪ੍ਰਥਾ ਹੀ ਖ਼ਤਮ ਕਰ ਦਿੱਤੀ। ਉਪ੍ਰੰਤ ਇਸ ਦੇ ਨਾਲ ਆਪ ਹੀ ‘ਪੰਜ ਪਿਆਰਿਆਂ’ ਨੂੰ
ਤਾਬਿਆ ਵੀ ਖੜਾ ਕਰ ਦਿੱਤਾ ਤਾਂ ਕਿਉਂ? ਉਸ ਦਾ ਮਤਲਬ ਕੀ ਹੈ ਅਤੇ ਫ਼ਰਕ ਕਿੱਥੇ ਹੈ? ਭਾਵ ਦੋਨਾਂ
ਗੱਲਾਂ `ਚ ਆਪਸੀ ਮੇਲ ਕਿੱਥੇ ਹੈ।
ਇਕ ਪਾਸੇ ‘ਗੁਰੂ ਸਰੀਰ’ ਵਾਲੀ ਪ੍ਰਥਾ ਨੂੰ ਵੀ ਖਤਮ ਕਰ ਦੇਣਾ ਤੇ ਨਾਲ ਹੀ
ਪੰਜ ਪਿਆਰਿਆਂ ਭਾਵ ਪੰਜ ਸਰੀਰਾਂ ਨੂੰ ਤਬਿਆ ਖੜਾ ਵੀ ਕਰ ਦੇਣਾ। ਗਹਿਰਾਈ ਨਾਲ ਸਮਝਣ ਦਾ ਯਤਨ ਕਰੀਏ
ਤਾਂ ਇਸ ਦੇ ਸਿਧੇ ਅਰਥ ਹਨ ਕਿ ‘ਗੁਰਬਾਣੀ ਵਿਚਲੀ ‘ਜੋਤ’ ਨੂੰ ਵਰਤਾਉਣ ਵਾਲੀ ਜੋ
‘ਜੁਗਤ’ ਹੈ, ਉਸ ਨੂੰ ਪੰਜਾਂ ਨੇ “ਗੁਰੂ ਗ੍ਰੰਥ ਸਾਹਿਬ ਜੀ” ਦੀ ਤਾਬਿਆ ਰਹਿ ਕੇ
ਹੀ ਵਰਤਾਉਣਾ ਹੈ। ਕਿਉਂਕਿ “ਜੋਤਿ ਓਹਾ ਜੁਗਤਿ ਸਾਇ” ਅਨੁਸਾਰ ਜੁਗਤ ਬਨਾਉਣ ਵਾਲੀ ਗੱਲ
ਤਾਂ ਹੁਣ, “ਸਾਹਿਬ ਸ੍ਰੀ ਗੁਰੂ ਗ੍ਰੰਥ ਜੀ’ ਉਪਰ ਸੰਪੂਰਣਤਾ ਦੀ ਮੋਹਰ ਲਗਣ ਬਾਅਦ, ਆਪਣੇ ਆਪ ਹੀ
ਖਤਮ ਹੋ ਜਾਂਦੀ ਹੈ। ਇਸ ਲਈ ਉਸ ‘ਜੁਗਤ’ `ਚ ਜਿਹੜੀ ਕਿ “ਸ੍ਰੀ ਗੁਰੂ ਗ੍ਰੰਥ ਜੀ” `ਚ ਹੈ ਤੇ ਉਸ `ਚ
ਕਿਸੇ ਤਰ੍ਹਾਂ ਦਾ ਵਾਧਾ-ਘਾਟਾ ਕਰਣ ਦਾ ਹੱਕ ਪੰਜਾਂ ਕੋਲ ਵੀ ਨਹੀਂ। ਦੂਜਾ ਇਸ ਦੇ ਨਾਲ ਇਹ ਵੀ
ਜ਼ਰੂਰੀ ਹੀ ਕਿ ਉਸ ‘ਗੁਰਬਾਣੀ ਵਿਚਲੀ ਜੁਗਤ’ ਨੂੰ ਪੰਜਾਂ ਨੇ ਇਕਲਿਆਂ-ਇਕਲਿਆਂ ਜਾਂ ਵੱਖ ਵੱਖ ਬੋਲੀ
ਬੋਲ ਕੇ ਨਹੀਂ ਬਲਕਿ ਸਮੂਹਿਕ ਨਿਰਣੇ ਨਾਲ ਵਰਤਾਉਣਾ ਹੈ; ਕਿਉਂਕਿ ਤਾਬਿਆ ਵੀ ਤਾਂ ਵੱਖ ਵੱਖ ਨਹੀਂ
ਬਲਕਿ ਇਕੱਠੇ ਹੀ ਖੜੇ ਕੀਤੇ ਹਨ। ਉਪ੍ਰੰਤ ਤਾਬਿਆ ਖੜਾ ਕਰਣ ਦਾ ਵੀ ਇਕੋ ਹੀ ਮਤਲਬ ਹੈ ਕਿ ਅਜਿਹੀ
ਜ਼ਿਮੇਵਾਰੀ ਨੂੰ ਪ੍ਰਾਪਤ ਪੰਜ ਪਿਆਰਿਆਂ ਲਈ ਵੀ ਪਾਬੰਦੀ ਹੈ ਕਿ ਉਨ੍ਹਾਂ ਕੋਲ ਵੀ ‘ਗੁਰਬਾਣੀ ਜੋਤ
ਤੇ ਜੁਗਤ’ ਵਾਲੀ ਸੀਮਾਂ ਤੋਂ ਬਾਹਿਰ ਜਾ ਕੇ ਕੋਈ ਫ਼ੈਸਲਾ ਜਾਂ ਆਦੇਸ਼ ਕਰਣ ਜਾਂ ਪੰਥ ਉਪਰ ਥੋਪਣ
ਦਾ ਹੱਕ ਨਹੀਂ।
ਆਖਿਰ ਤਾਬਿਆ ਰਹਿ ਕੇ ਵਰਤਾਉਣਾ ਕੀ ਹੈ? - ਇਸ ਲਈ ਇਹ ਸਮਝਣਾ ਹੋਰ
ਵੀ ਜ਼ਰੂਰੀ ਹੋ ਜਾਂਦਾ ਹੈ ਕਿ ਉਨ੍ਹਾਂ ਪੰਜਾਂ ਰਾਹੀਂ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੀ
ਤਾਬਿਆ ਰਹਿ ਕੇ ਵਰਤਾਉਣ ਦਾ ਅਰਥ ਕੀ ਹੈ? ਜਦੋਂ ਤੀਕ ਇਸ ਸੱਚਾਈ ਨੂੰ ਨਹੀਂ ਸਮਝਾਂਗੇ ਉਦੋਂ
ਤੀਕ ਇਸ ਪ੍ਰਚਲਤ ਪੰਕਤੀ ‘ਜੋਤ ਗ੍ਰੰਥ ਵਿਚ, ਜੁਗਤ ਪੰਥ ਵਿਚ’ ਵਿਚੋਂ ਸੁਆਰਥੀ ਲੋਕ
ਨਿਜੀ ਲਾਭ ਲੈਂਦੇ ਹੀ ਰਹਿਣਗੇ ਤੇ ਪੰਥ ਰਸਾਤਲ ਨੂੰ ਹੀ ਜਾਵੇਗਾ। ਦਰ ਅਸਲ ਗਹੁ ਨਾਲ ਵਿਚਾਰਿਆ ਜਾਵੇ
ਤਾ ਅਜੋਕੇ ਸਮੇਂ ਪੰਥ ਨਾਲ ਇਹੀ ਹੋ ਵੀ ਰਿਹਾ ਹੈ। ਕਿਉਂਕਿ ਦਸਮੇਸ਼ ਜੀ ਨੇ ਜਦੋਂ ‘ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ’ ਦੀ ਤਾਬਿਆ ਪੰਜ ਪਿਆਰਿਆਂ ਨੂੰ ਖੜਾ ਕਰ ਕੇ, ‘ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ’ ਦੇ ਸਨਮੁਖ ਮੱਥਾ ਟੇਕ ਦਿੱਤਾ ਤਾਂ ਉਸ ਸਮੇਂ ਤਾਬਿਆ ਖੜੇ ਕੀਤੇ, ਪੰਜਾ ਲਈ ਕੁੱਝ
ਹੁਕਮ ਵੀ ਕੀਤਾ। ਇਸ ਹੁਕਮ ਭਾਵ “ਪੂਜਾ ਅਕਾਲ ਪੁਰਖ ਕੀ-ਪਰਚਾ ਸ਼ਬਦ ਕਾ- ਦੀਦਾਰ ਖਾਲਸੇ ਕਾ”
`ਚੋਂ ਸਰੀਰ ਵਾਲਾ ਵਿਸ਼ਾ, ਵਿਸ਼ੇਸ਼ ਧਿਆਣ ਮੰਗਦਾ ਹੈ।
ਸਰੀਰ ਅਥਵਾ ਪੰਜਾਂ ਸਰੀਰਾਂ ਸਬੰਧੀ ਇੱਕ ਤਾਂ ਇਹ ਕਿ ਪੰਜਾਂ ਨੇ ਗੁਰਬਾਣੀ
ਅਥਵਾ ਪੰਥਕ ਜੁਗਤ ਨੂੰ ਇਕੱਠਿਆਂ ਸਮੂਹਕ ਤੌਰ `ਤੇ ਇੱਕ ਮੱਤ ਹੋ ਕੇ ਵਰਤਾਉਣਾ ਹੈ।
ਦੂਜਾ- ਇਹ ਪੰਜੇ ਆਜ਼ਾਦ ਨਹੀਂ ਹਨ ਕਿ ਜੋ ਚਾਹੇ ਮਰਜ਼ੀ ਕਰਣ ਬਲਕਿ ਇਨ੍ਹਾਂ ਪੰਜਾਂ `ਤੇ ਕੁੰਡਾ
ਹੈ ਅਤੇ ਇਹ ਕੁੰਡਾ ਹੈ “ਪੂਜਾ ਅਕਾਲ ਪੁਰਖ ਕੀ-ਪਰਚਾ ਸ਼ਬਦ ਕਾ- ਦੀਦਾਰ ਖਾਲਸੇ ਕਾ”
ਵਾਲਾ। ਇਹ ਕਹਿਣਾ ਕਿ ਉਸ ਦਿਨ ਗੁਰਦੇਵ ਨੇ ਸਰੀਰ ਵਾਲੀ ਗੱਲ ਹੀ ਖ਼ਤਮ ਕਰ ਦਿੱਤੀ, ਗੁਰਬਾਣੀ
ਸਿਧਾਂਤ ਨਾਲ ਮੇਲ ਨਹੀਂ ਖਾਂਦੀ। ਦੂਜਾ ਇਹ ਵੀ ਗੁਰਦੇਵ ਦੀ ਉਸ ਕਰਣੀ ਵਿਚੋਂ ਹੀ ਸਰੀਰਕ ਵਰਤੋਂ
ਸਬੰਧੀ ਦੋ ਪੱਖ ਉਘੜ ਕੇ ਸਾਹਮਣੇ ਆ ਜਾਂਦੇ ਹਨ। ਇੱਕ ਪੱਖ ਹੈ ਕਿ ਜੋ ਦਸ ਗੁਰੂ ਪਾਤਸ਼ਾਹੀਆਂ ਵਾਲੀ
ਸਰੀਰਕ ਜ਼ਿਮੇਵਾਰੀ ਸੀ ਉਸ ਤੀਕ ਜੁਗਤ ਘੜੀ ਵੀ ਜਾਂਦੀ ਸੀ ਤੇ ਵਰਤਾਈ ਵੀ ਜਾਂਦੀ ਹੈ।
ਉਪ੍ਰੰਤ ਸਰੀਰ ਦਾ ਹੀ ਦੂਜਾ ਪੱਖ ਹਨ ਪੰਜ ਪਿਆਰੇ। ਇਨ੍ਹਾਂ ਪੰਜਾਂ ਨੇ “ਜੋਤਿ
ਓਹਾ ਜੁਗਤਿ ਸਾਇ” (ਪੰ: 966) ਅਨੁਸਾਰ “ਗੁਰਬਾਣੀ ਜੋਤ” ਤੇ “ਗੁਰਬਾਣੀ ਜੁਗਤ
ਜਿਹੜੀ ਕਿ ਖੁਦ ਗੁਰਦੇਵ ਰਾਹੀਂ ਕਾਇਮ ਕੀਤੀ ਜਾ ਚੁੱਕੀ ਹੈ ਉਸ ਜੁਗਤ” ਦੀ ਤਬਿਆ ਰਹਿ ਕੇ ਹੀ
ਵਿਚਰਣਾ ਹੈ। ‘ਪੰਥਕ ਜੁਗਤ’ ਨੂੰ “ਕਾਇਆ ਫੇਰਿ ਪਲਟੀਐ” ਅਨੁਸਾਰ, ਜੇਕਰ
ਪੰਜ ਪਿਆਰਿਆਂ ਨੇ ਕੇਵਲ ਤਾਬਿਆ ਰਹਿ ਕੇ ਹੀ ਵਰਤਾਉਣਾ ਹੈ ਅਤੇ ਉਸ ਤੋਂ ਬਾਹਿਰ ਜਾ ਕੇ ਕੁੱਝ ਵੀ
ਕਰਣ ਦਾ ਉਨ੍ਹਾਂ ਕੋਲ ਹੱਕ ਨਹੀਂ।
ਹੁਣ ਸੁਆਲ ਕੇਵਲ ਇੰਨਾ ਹੀ ਬਾਕੀ ਰਹਿ ਜਾਂਦਾ ਹੈ ਕਿ ਪੰਥ ਨੇ ਇਸ ਦੇ ਲਈ
ਕਿਹੜਾ ਢੰਗ ਵਰਤਣਾ ਜਾਂ ਉਲੀਕਣਾ ਹੈ ਤਾ ਕਿ ਸਮੇਂ ਸਮੇਂ ਨਾਲ ਨਿਯਤ ‘ਕਾਇਆ’ (ਪੰਜ ਪਿਆਰੇ)
“ਪੂਜਾ ਅਕਾਲ ਪੁਰਖ ਕੀ-ਪਰਚਾ ਸ਼ਬਦ ਕਾ-ਦੀਦਾਰ ਖਾਲਸੇ ਕਾ” ਵਾਲੀ ਸੀਮਾਂ `ਚ ਰਹਿ
ਕੇ ਕੰਮ ਕਰਣ, ਇਸ ਸੀਮਾ ਦਾ ਉਲੰਘਣ ਨਾ ਕਰ ਸਕਣ ਜਿਵੇਂ ਕਿ ਅੱਜ ਹੋ ਰਿਹਾ ਹੈ।
ਪੰਜ ਪਿਆਰਿਆਂ ਦੀ ਨਿਯੁਕਤੀ-ਇਸ ਦੇ ਨਾਲ,
ਗੁਰ ਇਤਿਹਾਸ ਇਸ ਗੱਲ ਦਾ ਵੀ ਗਵਾਹ ਹੈ ਕਿ ਪੰਥਕ ਪੱਧਰ ਦੇ ਅਜਿਹੇ ‘ਪੰਜ ਪਿਆਰੇ’ ਨਿਯੁਕਤ
ਕਿਵੇਂ ਤੇ ਕਦੋਂ ਕਰਣੇ ਹਨ? ਉਥੇ ਵੀ ਸਾਡੇ ਕੋਲ ਸਬੂਤ ਹਨ ਕਿ ‘ਪੰਜ ਪਿਆਰੇ’ ਸਦੀਵ ਕਾਲ ਲਈ
ਜਾਂ ਉਨ੍ਹਾਂ ਦੇ ਕਿਸੇ ਪਦ ਨੂੰ ਮੁੱਖ ਰਖ ਕੇ ਪੰਥ `ਤੇ ਨਹੀਂ ਥੋਪੇ ਜਾ ਸਕਦੇ। ਇਹ ਵਿਸ਼ਾ ਵੀ
ਗੁਰਦੇਵ ਨੇ ਆਪਣੇ ਜੀਵਨ ਕਾਲ `ਚ ਹੀ ਸਾਫ਼ ਕਰ ਦਿੱਤਾ। ਸਪਸ਼ਟ ਇਤਿਹਾਸਿਕ ਸਬੂਤ ਹਨ ਕਿ ਵਿਸਾਖੀ
1699 ਨੂੰ ਪੰਜ ਪਿਆਰੇ ਹੋਰ ਸਨ। ਉਪ੍ਰੰਤ ਦਾਦੂ ਦੀ ਕਬਰ ਵਾਲੀ ਘਟਨਾ ਸਮੇਂ ਪੰਜ ਪਿਆਰੇ ਹੋਰ
ਸਨ। ਚਮਕੌਰ ਦੀ ਗੜ੍ਹੀ ਦੇ ਸਾਕੇ ਸਮੇਂ, ਪੰਜ ਪਿਆਰੇ ਹੋਰ ਸਨ। ਬਾਬਾ ਬੰਦਾ ਸਿੰਘ ਜੀ ਬਹਾਦੁਰ ਨੂੰ
ਪੰਜਾਬ ਭੇਜਣ ਸਮੇਂ ਪੰਜ ਪਿਆਰੇ ਹੋਰ ਸਨ ਅਤੇ ਦਖਣ ਸ੍ਰੀ ਨਾਦੇੜ ਸਾਹਿਬ ਵਾਲੀ ਇਤਿਹਾਸਕ ਘਟਣਾ,
ਜਦੋਂ ਗੁਰਦੇਵ ਨੇ ਪੰਜ ਪਿਆਰਿਆਂ ਨੂੰ ਤਾਬਿਆ ਖੜਾ ਕਰਕੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’
ਦੇ ਸਨਮੁੱਖ ਮੱਥਾ ਟੇਕਿਆ ਤੇ ਸੰਪੂਰਣਤਾ ਦਾ ਐਲਾਨ ਕੀਤਾ ਤਾਂ ਉਸ ਸਮੇਂ ਪੰਜ ਪਿਆਰੇ ਹੋਰ ਸਨ।
ਸਪਸ਼ਟ ਹੈ ਕਿ ਹਰ ਘਟਣਾ ਸਮੇਂ ‘ਪੰਜ ਪਿਆਰੇ’ ਬਦਲਵੇਂ ਤੇ ਵੱਖ-ਵੱਖ ਸਨ।
ਦੂਜਾ, ਇਨ੍ਹਾਂ ਪੰਜ ਪਿਆਰਿਆਂ ਦੀ ਨਿਯੁਕਤੀ ਉਨ੍ਹਾਂ ਦੇ ਕਿਸੇ ਉਹਦਿਆਂ ਤੇ ਪਦਵੀਆਂ ਨੂੰ ਸਾਹਮਣੇ
ਰਖ ਕੇ ਨਹੀਂ ਸੀ ਕੀਤੀ ਜਾਂਦੀ। ਇਹ ਨਿਯੁਕਤੀਆਂ ਕੇਵਲ ਪੰਜ ਪਿਆਰਿਆਂ ਦੀ ਯੋਗਤਾ ਜਾਂ ਸਮੇਂ ਦੀ ਲੋੜ
ਨੂੰ ਸਾਹਮਣੇ ਰਖ ਕੇ ਨਿਯਤ ਕੀਤੇ ਜਾਂਦੇ ਸਨ ਨਾ ਕਿ ਸਦੀਵ ਕਾਲ ਲਈ। “ਸਹਿ ਕਾਇਆ ਫੇਰਿ ਪਲਟੀਐ”
(ਪੰ: 966) ਵਾਲੇ ਵਿਸ਼ੇ ਨੂੰ ਸਮਝਣ ਲਈ, ਇਹ ਵੀ ਬਹੁਤ ਮਜ਼ਬੂਤ ਸਬੂਤ ਤੇ ਨੁੱਕਤਾ ਹੈ।
ਪੰਜਾਂ ਦੀ ਕਾਰਜ ਸੀਮਾਂ-ਇਸ ਤਰ੍ਹਾਂ ਸਮੇਂ-ਸਮੇਂ ਤੇ ਲੋੜ ਅਨੁਸਾਰ ਪੰਥ
ਪ੍ਰਵਾਣਤ ਪੰਜਾਂ ਦੀ ਕਾਰਜ ਸੀਮਾਂ ਜਿਹੜੀ ਦਸਮੇਸ਼ ਜੀ ਨੇ ਪੱਕੀ ਕੀਤੀ, ਉਹ ਸੀਮਾ ਹੈ, “ਪੂਜਾ
ਅਕਾਲਪੁਰਖੁ ਕੀ-ਪਰਚਾ ਸ਼ਬਦ ਕਾ-ਦੀਦਾਰ ਖਾਲਸੇ ਕਾ”। ਇਸ ਤਰ੍ਹਾਂ ‘ਪੰਜ ਪਿਆਰੇ’ ਜਿਨ੍ਹਾਂ,
ਗੁਰਬਾਣੀ ਜੁਗਤ (ਜੀਵਨ ਜਾਚ) ਨੂੰ ਵਰਤਾਉਣਾ ਹੈ ਉਨ੍ਹਾਂ ਦੀ ਕਾਰਜ ਸੀਮਾਂ ਦੇ ਨੰਬਰਵਾਰ ਅਰਥ ਹਨ:-
(ੳ) ਪੂਜਾ ਅਕਾਲਪੁਰਖੁ ਕੀ-ਗੁਰਬਾਣੀ ਸਿੱਖ ਨੂੰ ੴ (ਕੇਵਲ ਤੇ ਕੇਵਲ
ਅਕਾਲਪੁਰਖ) ਨਾਲ ਜੋੜਦੀ ਹੈ। ਤਾਂ ਤੇ ਪੰਜਾਂ ਨੇ ਗੁਰਬਾਣੀ ਜੁਗਤ ਨੂੰ, ਕੇਵਲ ਅਕਾਲਪੁਰਖੁ ਦੇ
ਨਿਰਮਲ ਭਉ `ਚ ਰਹਿ ਕੇ ਹੀ ਵਰਤਾਉਣਾ ਹੈ। ਕਿਸੇ ਹੋਰ ਦੇ ਭਯ, ਚਾਪਲੂਸੀ, ਪਖਪਾਤ, ਖੁੰਦਕ ਜਾਂ
ਸੁਆਰਥ ਵੱਸ ਹੋ ਕੇ ਨਹੀਂ।
(ਅ) ਪਰਚਾ ਸ਼ਬਦ ਕਾ-ਪਾਹੁਲਧਾਰੀ ਹੋਣ ਕਾਰਨ, ਪੰਜਾਂ ਨੇ ‘ਖੰਡੇ ਦੀ
ਪਾਹੁਲ’ ਦਾ ਧਾਰਨੀ ਤਾਂ ਹੋਣਾ ਹੀ ਹੈ। ਇਸ ਤੋਂ ਵੀ ਵੱਧ, ਇਹ ਪੰਜੇ, ਗੁਰਬਾਣੀ ਦੇ ਧੁਰੰਧਰ ਵਿਦਵਾਨ
ਹੋਣੇ ਵੀ ਜ਼ਰੂਰੀ ਹਨ, ਤਾ ਕਿ ਇਨ੍ਹਾਂ ਦਾ ਪੰਥ ਲਈ ਦਿੱਤਾ-ਕੀਤਾ ਫੈਸਲਾ, ਆਦੇਸ਼, ਸੇਧ, ਗੁਰਬਾਣੀ
ਵਿਚਾਰਧਾਰਾ ਤੋਂ ਬਾਹਰ ਨਾ ਜਾਂਦੀ ਹੋਵੇ।
(ੲ) ਦੀਦਾਰ ਖਾਲਸੇ ਕਾ-ਇਹ ਪੰਜੇ, ਨਿਜੀ ਜੀਵਨ ਤੇ ਸਰੂਪ ਦੋਹਾਂ
ਪੱਖਾਂ ਤੋਂ ਦਿਦਾਰੀ ਹੋਣੇ ਹਨ। ਭਾਵ ਪਾਹੁਲਧਾਰੀ ਹੋਣ ਕਾਰਨ, ਇਨ੍ਹਾਂ ਨੇ ਪੰਜ ਕਕਾਰੀ ਤਾਂ ਹੋਣਾ
ਹੀ ਹੈ, ਉਸ ਤੋਂ ਇਲਾਵਾ ਇਨ੍ਹਾਂ ਨੇ ਆਪਣੇ ਨਿੱਤ ਦੇ ਜੀਵਨ `ਚ ਵੀ ‘ਗੁਰਬਾਣੀ ਜੀਵਨ’ ਦਾ ਅਨੁਸਾਰੀ
ਹੋਣਾ ਹੈ। ਇਹ ਪੰਜੇ ਕਿਸੇ ਅਖੌਤੀ ਸੰਤ, ਸਾਧ, ਮਹਾਰਾਜ, ਭਾਈ ਸਾਹਿਬ, ਮਿਸ਼ਨਰੀ ਸੰਸਥਾ ਜਾਂ ਕਿਸੇ
ਵੀ ਸੰਸਥਾ ਰਾਹੀਂ ਨਿਯਤ ਦਾਇਰੇ-ਮਰਿਆਦਾ ਦੇ ਬੱਝੇ ਨਾ ਹੋਣ ਬਲਕਿ ਪੱਕੇ ਤੌਰ ਤੇ ਗੁਰਬਾਣੀ
ਜੀਵਨ-ਸੇਧ-ਮਰਿਆਦਾ `ਚ ਜੀਵਨ ਹੀ ਜੀਊਣ ਵਾਲੇ ਹੀ ਹੋਣ।
ਜੁਗਤ ਬਨਾਉਣੀ, ਜੁਗਤ ਵਰਤਾਉਣੀ- ਹੁਣ ਤੀਕ ਦੀ ਵਿਚਾਰ ਤੋਂ ਸਪਸ਼ਟ ਹੋ
ਚੁੱਕਾ ਹੈ ਕਿ “ਜੁਗਤ ਬਨਾਉਣੀ ਤੇ ਜੁਗਤ ਵਰਤਾਉਣੀ” ਦੋਵੇਂ ਵਿਸ਼ੇ ਵੱਖ-ਵੱਖ ਹਨ। ਫ਼ਿਰ ਵੀ
ਦਸਮੇਸ਼ ਜੀ ਦੀ ਜੀਵਨੀ ਤੋਂ ਤਾਂ ਇਹ ਵਿਸ਼ਾ ਹੋਰ ਵੀ ਪੂਰੀ ਤਰ੍ਹਾਂ ਉਘੜ ਕੇ ਸਾਹਮਣੇ ਆ ਜਾਂਦਾ ਹੈ ਕਿ
‘ਜੁੱਗਤ ਬਨਾਉਣੀ’ ਇੱਕ ਗੱਲ ਹੈ ਤੇ ‘ਜੁਗਤ ਵਰਤਾਉਣੀ’ ਦੂਜੀ ਗੱਲ।
“ਜੋਤਿ ਓਹਾ ਜੁਗਤਿ ਸਾਇ” (ਪੰ: 966) ਵਾਲੇ ਗੁਰਬਾਣੀ ਫ਼ੁਰਮਾਨ ਅਤੇ
6 ਅਕਤੂਬਰ ਸੰਨ 1708 ਵਾਲੀ ਇਤਿਹਾਸਕ ਘਟਣਾ, ਜਦੋਂ ਪਾਤਸ਼ਾਹ ਨੇ ਗੁਰਬਾਣੀ ਦੇ
ਸਰੂਪ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ `ਤੇ ਸੰਪੂਰਣਤਾ ਦੀ ਮੋਹਰ ਲਗਾ ਦਿੱਤੀ ਤਾਂ: ਉਸ ਦਿਨ
ਪਾਤਸ਼ਾਹ ਨੇ ਸਾਫ਼ ਕਰ ਦਿੱਤਾ ਕਿ “ੴ ਤੋਂ ਲੈ ਕੇ “ਤਨੁ ਮਨੁ ਥੀਵੈ ਹਰਿਆ” ਤੀਕ ‘ਗੁਰੂ
ਗ੍ਰੰਥ ਸਾਹਿਬ’ ਜੀ ਅੰਦਰਲੀ ਗੁਰਬਾਣੀ ਜੋਤ ਤੇ ਜੁਗਤ, ਦੋਨਾਂ `ਚ ਵਾਧਾ-ਘਾਟਾ ਨਹੀਂ
ਹੋ ਸਕੇ ਗਾ ਕਿਉਂਕਿ ਗੁਰਬਾਣੀ ਦੇ ਇਹ ਦੋਵੇਂ ਪੱਖ ਸੰਪੂਰਣ ਹੋ ਚੁੱਕੇ ਹਨ। ਇਸ ਤੋਂ ਅੱਗੇ ਹੁਣ ਇਹ
ਵੀ ਦੇਖਣਾ ਇਹ ਹੈ ਕਿ:
(1) ਦਸਾਂ ਪਾਤਸ਼ਾਹੀਆਂ ਤੀਕ ਹਰੇਕ ਗੁਰੂ ਵਿਅਕਤੀ ਪਾਸ ਇਹ ਹੱਕ ਸੀ
ਕਿ ਹਰੇਕ ਗੁਰੂ ਹਸਤੀ ਗੁਰਬਾਣੀ ਘੜ ਵੀ ਸਕਦੀ ਸੀ ਤੇ ਦੂਜਿਆਂ ਦੀਆਂ ਰਚਨਾਵਾਂ ਪ੍ਰਵਾਣ ਕਰ ਕੇ
ਉਨ੍ਹਾਂ ਨੂੰ ਆਪਣੀ ਬਰਾਬਰੀ ਵੀ ਦੇ ਸਕਦੀ ਸੀ। ਜਿਵੇਂ 15 ਭਗਤਾਂ, 11 ਭੱਟਾਂ,
ਤਿੰਨ ਸਿੱਖਾਂ ਦੀਆਂ ਰੱਚਨਾਵਾਂ, ਗੁਰੂ ਸਾਹਿਬਾਨ ਨੇ ਆਪ ਪ੍ਰਵਾਣ ਤੇ ਦਰਜ ਵੀ ਕੀਤੀਆਂ। ਪਰ ਹੁਣ
ਪੰਥ ਕੋਲ ਅਜਿਹਾ ਹੱਕ ਨਹੀਂ।
(2) ਵਿਸਾਖੀ 1699 ਤੀਕ ਸਿੱਖ ਧਰਮ `ਚ ਪ੍ਰਵੇਸ਼ ਕਰਵਾਉਣ ਦਾ
ਢੰਗ `ਚਰਣ ਪਾਹੁਲ’ ਸੀ। ਇਥੋਂ ਤੀਕ ਕਿ ਖੁਦ ਦਸਮੇਸ਼ ਜੀ ਨੇ ਆਪ ਵੀ ਸੰਨ ੧੬੭੫ ਤੋਂ ੧੬੯੯ ਤੀਕ
ਲਗਾਤਾਰ ਚੌਵੀ ਸਾਲ `ਚਰਨ ਪਾਹੁਲ’ ਵਾਲਾ ਢੰਗ ਹੀ ਵਰਤਿਆ।
ਵਿਸਾਖੀ 1699 ਤੋਂ ਸਿੱਖ ਧਰਮ `ਚ ਪ੍ਰਵੇਸ਼ ਦਾ ਢੰਗ ਪੰਜ ਪਿਆਰਿਆਂ
ਦੇ ਰੂਪ `ਚ ਪੰਥ ਨੂੰ ਸੌਂਪਣ ਸਮੇਂ ਭਾਵ ‘ਪੰਥ ਦੀ ਸਾਜਨਾ’ ਸਮੇਂ ਦਸਮੇਸ਼ ਜੀ ਨੇ `ਚਰਣ ਪਾਹੁਲ’
ਵਾਲੇ ਢੰਗ ਨੂੰ ‘ਖੰਡੇ ਦੀ ਪਾਹੁਲ’ `ਚ ਬਦਲ ਦਿੱਤਾ। ਬੇਸ਼ਕ ਮਕਸਦ ਉਹੀ ਸੀ, ਜੋ ਪਹਿਲੇ
ਜਾਮੇ ਤੋਂ `ਚਰਣ ਪਾਹੁਲ’ ਦਾ ਸੀ, ਭਾਵ ਜਗਿਆਸੂ ਨੂੰ ਗੁਰਬਾਣੀ ਦੇ ਚਰਨਾਂ ਨਾਲ ਜੋੜਣਾ ਤੇ ਉਸ ਨੂੰ
ਸਿੱਖ ਧਰਮ `ਚ ਪ੍ਰਵੇਸ਼ ਕਰਵਾਉਣਾ।
ਉਪ੍ਰੰਤ ਵਿਸਾਖੀ 1699 ਨੂੰ ਜਦੋਂ ਦਸਮੇਸ਼ ਜੀ ਨੇ ਉਸ ਚਲਦੇ ਆ
ਰਹੇ ਢੰਗ ਨੂੰ ‘ਖੰਡੇ ਦੀ ਪਾਹੁਲ’ `ਚ ਬਦਲ ਦਿੱਤਾ ਤਾਂ ‘ਖੰਡੇ ਦੀ ਪਾਹੁਲ’ ਵਾਲਾ ਢੰਗ
ਹੀ ਪੰਥ ਲਈ ਸਦੀਵੀ, ਅ-ਬਦਲਵਾਂ ਤੇ ਆਖਿਰੀ ਹੈ। ਹੁਣ ਇਸ ‘ਖੰਡੇ ਦੀ ਪਾਹੁਲ’ ਵਾਲੇ ਢੰਗ `ਚ ਪੰਥ
ਕਦੇ ਵੀ ਤਬਦੀਲੀ ਨਹੀਂ ਕਰ ਸਕਦਾ।
(3) ਵਿਸਾਖੀ ਸੰਨ 1699 ਤੀਕ ਸਿੱਖ ਧਰਮ `ਚ ਪ੍ਰਵੇਸ਼ ਉਪ੍ਰੰਤ
ਨਾਵਾਂ `ਚ ਤਬਦੀਲੀ ਨਹੀਂ ਸੀ ਹੁੰਦੀ। ਭਾਈ ਮਰਦਾਨਾ, ਅਲਾਯਾਰ ਖਾਂ, ਭਾਈ ਕਲਿਆਣਾ, ਭਾਈ ਮਨਸੁਖ,
ਭਾਈ ਅਬਦੁਲਾ, ਭਾਈ ਮੰਝ ਆਦਿ ਸਮੇਂ ਸਮੇਂ ਨਾਲ ਸਿੱਖ ਤਾਂ ਸਜੇ ਪਰ ਉਨ੍ਹਾਂ ਦੇ ਨਾਵਾਂ `ਚ ਤਬਦੀਲੀ
ਨਹੀਂ ਹੋਈ; ਨਾਮ ਉਹੀ ਚਲਦੇ ਰਹੇ ਜੋ ਉਨ੍ਹਾਂ ਦੇ ਅਰੰਭ ਤੋਂ ਹੀ ਸਨ।
ਵਿਸਾਖੀ 1699 ਤੋਂ ਦਸਮੇਸ਼ ਜੀ ਨੇ ਹਰੇਕ ਸਿੱਖ ਵੀਰ ਤੇ ਬੀਬੀ ਦੇ
ਨਾਮ ਨਾਲੋਂ ਪੁਰਾਨੀ ਜਾਤ-ਗੋਤ ਵਾਲੀ ਗੱਲ ਮੁੱਕਾ ਦਿੱਤੀ। ਪੰਥ ਨੂੰ ‘ਸਿੰਘ ਤੇ ਕੌਰ’
ਵਾਲਾ ਪ੍ਰਵਾਰਕ ਰੂਪ ਬਖ਼ਸ਼ਿਆ। ਹੁਣ ਇਹ ਤਬਦੀਲੀ ਸਦਾ ਲਈ ਹੈ ਤੇ ਇਸ ਨੂੰ ਪੰਥ ਕਦੇ ਵੀ ਨਹੀਂ
ਬਦਲ ਸਕਦਾ।
(4) ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਪਹਿਲੇ ਜਾਮੇ `ਚ ਹੀ ਸਿੱਖ ਨੂੰ
ਕੇਸਾਧਾਰੀ, ਕੰਘਾਧਾਰੀ, ਕਛਿਹਰਾ ਧਾਰੀ ਬਣਾਇਆ। ਛੇਵੇਂ ਜਾਮੇ `ਚ ਗੁਰਦੇਵ ਸਿੱਖ ਨੂੰ ਸ਼ਸਤ੍ਰਧਾਰੀ
ਵੀ ਬਣਾ ਦਿੱਤਾ। ਦਸਮੇਸ਼ ਜੀ ਨੇ ਵਿਸਾਖੀ 1699 ਨੂੰ ਇਨ੍ਹਾਂ ਕਕਾਰਾਂ `ਚ ਕੜਾ ਜੋੜ ਕੇ
ਕਕਾਰਾਂ ਨੂੰ ਪੰਜ ਕਕਾਰਾ ਵਾਲਾ ਨਿਯਮਿਤ ਰੂਪ ਬਖਸ਼ਿਆ।
ਸਿੱਖ ਨੂੰ ਕਿਸੇ ਸਰੂਪ `ਚ ਵੀ ਸਥਾਪਿਤ ਕਰਣ ਵਾਲਾ ਹੱਕ ਵੀ ਕੇਵਲ ਗੁਰੂ
ਹਸਤੀਆਂ ਪਾਸ ਹੀ ਸੀ। ਹੁਣ ਸਿੱਖ ਦੇ ਇਸ ਮੂਲ ਸਰੂਪ `ਚ ਪੰਥ ਜਾਂ ‘ਪੰਜ ਪਿਆਰੇ’ ਤਬਦੀਲੀ ਨਹੀਂ
ਕਰ ਸਕਦੇ।
(5) ਵਿਸਾਖੀ 1699 ਨੂੰ ਦਸਮੇਸ਼ ਜੀ ਨੇ ਸਿੱਖ ਨੂੰ ਖ਼ਾਲਸੇ
ਦੇ ਖ਼ਿਤਾਬ ਨਾਲ ਨਿਵਾਜਿਆ ਅਤੇ “ਵਾਹਿਗੁਰੂ ਜੀ ਕਾ ਖ਼ਾਲ਼ਸਾ॥ ਵਾਹਿਗੁਰੂ ਜੀ ਕੀ ਫ਼ਤਿਹ॥” ਵਾਲਾ ਆਪਸੀ
ਮਿਲਾਪ ਦਾ ਬੋਲਾ ਬਖ਼ਸ਼ਿਆ। ਇਹ ਹੱਕ ਵੀ ਕੇਵਲ ਗੁਰੂ ਵਿਅਕਤੀਆਂ ਨੂੰ ਹੀ ਸੀ। ਪੰਥ ਅਥਵਾ ਪੰਜ
ਪਿਆਰਿਆ ਨੂੰ ਇਸ `ਚ ਵਾਧਾ-ਘਾਟਾ ਕਰਣ ਦਾ ਹੱਕ ਨਹੀਂ।
ਦੇਖਣਾ ਹੈ ਕਿ ਇਹ ਅਤੇ ਅਜਿਹੀਆਂ ਹੋਰ ਕਈ ਤਬਦੀਲੀਆਂ ਦਾ ਸਬੰਧ “ਪੰਥਕ
ਜੁੱਗਤ” ਨੂੰ ਘੜ੍ਹਣ ਨਾਲ ਹੈ ਅਤੇ ਅਜਿਹਾ ਹੱਕ ਕੇਵਲ ਦਸ ਪਾਤਸ਼ਾਹੀਆਂ ਤੀਕ ਹੀ ਸੀਮਿਤ ਸੀ। ਪੰਜ
ਪਿਆਰੇ ਭਾਵ ਪੰਥ ਕੋਲ ਅਜਿਹਾ ਕੋਈ ਵੀ ਹੱਕ ਨਾ ਹੈ ਤੇ ਨਾ ਕਦੇ ਹੋਵੇਗਾ ਹੀ।
ਦਰਅਸਲ “ਜੁਗਤ ਨੂੰ ਘੜ੍ਹਣਾ ਅਤੇ ਵਰਤਾਉਣਾ ਵੀ” ਅਤੇ ਅਜਿਹੇ ਸਾਰੇ ਹੱਕ
ਕੇਵਲ ਗੁਰੂ ਹਸਤੀਆਂ ਕੋਲ ਹੀ ਸਨ ਜਦਕਿ “ਪੰਜ ਪਿਆਰਿਆਂ’ ਭਾਵ ਪੰਥ ਨੂੰ, ਦਸਾਂ ਪਾਤਸ਼ਾਹੀਆਂ ਤੀਕ ਬਣ
ਚੁੱਕੀ ਜੁਗਤ ਨੂੰ ਕੇਵਲ ਵਰਤਾਉਣ ਦਾ ਹੀ ਹੱਕ ਹੈ। “ਪੰਜ ਪਿਆਰਿਆਂ’ ਕੋਲ ਨਾ ਉਸ ਬਣ ਚੁੱਕੀ ਜੁਗਤ
`ਚ ੳਦਲ-ਬਦਲ ਕਰਣ ਦਾ ਹੱਕ ਹੈ ਤੇ ਨਾ ਹੀ ਨਵੀਂ “ਜੁਗਤ ਬਨਾਉਣ” ਦਾ।
ਪੰਜ ਪਿਆਰਿਆਂ ਦਾ ਰੁੱਤਬਾ- ਇਸ ਤਰ੍ਹਾਂ ਇਸ ਦੇ ਉਲਟ ਜਦੋਂ ਅਸੀਂ
ਇਹੀ ਮੰਨ ਬੈਠਦੇ ਹਾਂ ਕਿ ‘ਪੰਜ ਪਿਆਰੇ ਵੀ ਗੁਰੂ ਹਨ’ ਤਾਂ ਉਥੋਂ ਪੰਥਕ ਨਿਘਾਰ ਵੀ ਸ਼ੁਰੂ ਹੋ ਜਾਂਦਾ
ਹੈ। ਵਿਚਾਰਣ ਦਾ ਵਿਸ਼ਾ ਹੈ ਕਿ ਵਿਸਾਖੀ ਸਮਾਗਮ ਤਾਂ ਇਕੋ ਸਮੇਂ ਸੰਸਾਰ ਭਰ `ਚ ਹਜ਼ਾਰਾਂ ਦੀ ਗਿਣਤੀ
`ਚ ਅਤੇ ਪੰਥਕ ਪੱਧਰ `ਤੇ ਹੁੰਦੇ ਹਨ। ਉਪ੍ਰੰਤ ਇਨ੍ਹਾਂ ਸਮਾਗਮਾ ਸਮੇਂ ਸੰਸਾਰ ਭਰ `ਚ ਬਹੁਤਾ ਕਰਕੇ
‘ਪਾਹੁਲ ਸਮਾਗਮ’ (ਅੰਮ੍ਰਿਤ ਸੰਚਾਰ) ਵੀ ਇਕੋ ਸਮੇਂ ਹੋ ਰਹੇ ਹੁੰਦੇ ਹਨ।
ਇਸ ਤੋਂ ਬਾਅਦ, ਇਹ ਵੀ ਦੇਖਣਾ ਹੈ ਕਿ ਹਰੇਕ ਜਗ੍ਹਾ `ਤੇ ਇਸ ਸੇਵਾ ਨੂੰ
‘ਪੰਜ ਪਿਆਰੇ’ ਹੀ ਨਿਭਾਅ ਰਹੇ ਹੁੰਦੇ ਹਨ। ਇਸ ਤਰ੍ਹਾਂ ਜੇ ਬਹੁਤਾ ਨਹੀਂ ਤਾਂ ਮੰਨ ਲਵੋ, ਜੇਕਰ ਇੱਕ
ਸਮੇਂ ਪੰਜ ਸੌ ਸਥਾਨਾਂ `ਤੇ ‘ਪਾਹੁਲ ਸਮਾਗਮ’ (ਅੰਮ੍ਰਿਤ ਸੰਚਾਰ) ਹੋ ਰਿਹਾ ਹੋਵੇ ਤਾਂ ਪ੍ਰਚਲਤ
ਵਿਸ਼ਵਾਸ ਅਨੁਸਾਰ, ਇਹ ਵੀ ਮੰਨਣਾ ਪਵੇਗਾ ਕਿ ਉਸ ਸਮੇਂ ਪੰਥ ਦੇ ‘ਪੰਜ ਸੌ ਗੁਰੂ’ ਹਨ ਜੋ ਇਸ ਉੱਤਮ
ਸੇਵਾ ਨੂੰ ਨਿਭਾਅ ਰਹੇ ਹਨ। ਜਦਕਿ ਅਜਿਹਾ ਮੰਨ ਲੈਣਾ ਹੀ ਤਿੰਨ ਕਾਲ ਸੰਭਵ ਨਹੀਂ।
ਪੰਥ ਦੇ ਗੁਰੂ ਇਕੋ ਇੱਕ ਹੀ ਹਨ ਅਤੇ ਉਹ ਹਨ “ਸਾਹਿਬ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ”। ਸਪਸ਼ਟ ਹੈ ਕਿ ਪੰਜ ਪਿਆਰੇ ਗੁਰੂ ਨਹੀਂ ਹੁੰਦੇ। ਉਪ੍ਰੰਤ ਇਹ ਵੀ ਵਿਚਾਰਣ ਦੀ ਲੋੜ ਹੈ
ਕਿ ਆਖ਼ਿਰ ਅਜਿਹੇ ਸਮੇਂ ਪੰਜ ਪਿਆਰੇ ਕੀ ਹਨ ਤੇ ਉਨ੍ਹਾਂ ਦਾ ਰੁੱਤਬਾ ਕੀ ਹੈ?
ਦਰਅਸਲ ਉਸ ਸਮੇਂ ਪੰਜ ਪਿਆਰੇ, ਸਿੱਖ ਧਰਮ `ਚ ਪ੍ਰਵੇਸ਼ ਕਰਵਾਉਣ ਵਾਲੀ ਉਸ
‘ਪੰਥਕ ਜੁਗਤ’ ਨੂੰ ਨਿਭਾਅ ਰਹੇ ਹੁੰਦੇ ਹਨ, ਜਿਸ ਜੁਗਤ ਨੂੰ ਦਸਮੇਸ਼ ਜੀ ਨੇ ਵਿਸਾਖੀ ਸੰਨ 1699
ਵਾਲੇ ਇਤਿਹਾਸਕ ਦਿਹਾੜੇ ਕਾਇਮ ਕੀਤਾ (ਪੰਥ ਸਾਜਿਆ)। ਇਹ ਨਹੀਂ ਕਿ ‘ਪੰਜ ਪਿਆਰੇ’ ਆਪ ਹੀ ਗੁਰੂ
ਹਨ ਜਾਂ ਉਹ ਖੁਦ ਹੀ ਗੁਰੂ ਬਣ ਬੈਠਣ। ਦਿੱਤੇ ਜਾ ਚੁੱਕੇ ਵੇਰਵੇ ਤੋਂ ਇਹ ਵੀ ਸਪਸ਼ਟ ਹੋ ਜਾਂਦਾ ਹੈ
ਕਿ ਅਜਿਹੀ ਸੇਵਾ ਸਮੇਂ ਪੰਜ ਪਿਆਰੇ ਸਿੱਖ ਨੂੰ “ਗੁਰਬਾਣੀ-ਗੁਰੂ”, “ਸਾਹਿਬ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਦੇ ਚਰਨਾਂ ਨਾਲ ਜੋੜਣ ਵਾਲੀ ਇੱਕ ਅਤੀ ਉੱਤਮ ਤੇ ਵੱਡੀ ਸੇਵਾ ਨਿਭਾਅ ਰਹੇ ਹੁੰਦੇ ਹਨ।
ਇਸ ਲਈ ਉਸ ਵੱਕਤ ਉਨ੍ਹਾਂ ਪੰਜਾਂ ਰਾਹੀਂ ਜਗਿਆਸੂ ਨੂੰ ਦਿੱਤਾ ਇੱਕ ਇੱਕ
ਆਦੇਸ਼ ਅਥਵਾ ਫ਼ੁਰਮਾਨ “ਪਰਚਾ ਸ਼ਬਦ ਕਾ” ਹੀ ਹੋਣਾ ਹੈ, ਉਸ ਤੋਂ ਅਗੇ-ਪਿਛੇ ਨਹੀਂ। ਪਹਿਲੀ ਗੱਲ ਕਿ ਉਹ
ਤਾਂ, ਤਾਂ ਹੀ ਹੋ ਸਕੇਗਾ ਜੇਕਰ ਉਹ ਪੰਜ ਪਿਆਰੇ ਆਪ ਵੀ ਗੁਰਬਾਣੀ ਦੇ ਧੁਰੰਧਰ ਵਿਦਵਾਨ ਹੋਣ।
ਉਨ੍ਹਾਂ ਦੇ ਮੁਖੋਂ ਨਿਕਲਿਆ ਇੱਕ ਵੀ ਲਫ਼ਜ਼ ਗੁਰਬਾਣੀ ਆਦੇਸ਼ਾਂ ਤੋਂ ਬਾਹਿਰ ਨਾ ਜਾਂਦਾ ਹੋਵੇ।
ਦੂਜਾ ਇਸ ਤਰ੍ਹਾਂ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਅਜਿਹੇ ਸਮੇਂ ਉਨ੍ਹਾਂ
ਰਾਹੀਂ ਗੁਰਬਾਣੀ ਸੀਮਾਂ ਤੋਂ ਬਾਹਿਰ ਦਿੱਤਾ ਜਾ ਰਿਹਾ ਜਾਂ ਦਿੱਤਾ ਗਿਆ ਕੋਈ ਵੀ ਆਦੇਸ਼ ਜਾਂ
ਫ਼ੁਰਮਾਨ, ਨਾ ਜਗਿਆਸੂ `ਤੇ ਲਾਗੂ ਹੀ ਹੁੰਦਾ ਹੈ ਅਤੇ ਨਾ ਹੀ ਜਗਿਆਸੂ ਉਸ ਆਦੇਸ਼ ਨੂੰ ਮੰਨਣ ਦਾ
ਪਾਬੰਦ ਹੀ ਹੁੰਦਾ ਹੈ।
ਬਲਕਿ ਅਜਿਹੇ ਸਮੇ ਪੰਜ ਪਿਆਰਿਆਂ ਦੀ ਗੁਰਬਾਣੀ ਸੋਝੀ ਪੱਖੋਂ ਅਜਿਹੀ
ਲਾਪਰਵਾਹੀ ਜਾਂ ਗੁਰਮੱਤ-ਗੁਰਬਾਣੀ ਜੁਗਤ ਬਾਰੇ ਅਗਿਆਣਤਾ; ਗੁਰਬਾਣੀ ਦੀ ਬੇਅਦਬੀ ਦੇ ਨਾਲ ਨਾਲ
ਉਨ੍ਹਾਂ ਲਈ ਵੀ ਅਮਾਨਤ `ਚ ਖ਼ਿਆਣਤ ਤੁੱਲ ਹੀ ਹੁੰਦੀ ਹੈ। ਉਪ੍ਰੰਤ ਇਹੀ ਅਸੂਲ ਪੰਥਕ ਪੱਧਰ ਦੇ
ਪੰਜ ਪਿਆਰਿਆਂ `ਤੇ ਵੀ ਲਾਗੂ ਹੁੰਦਾ ਹੈ।
‘ਪੰਥ ਗੁਰੂ’ ਨਹੀਂ ਬਲਕਿ ‘ਗੁਰੂ ਕਾ ਪੰਥ’ -ਇਸੇ ਤਰ੍ਹਾਂ
ਉਨ੍ਹਾਂ ਹੀ ਲੀਹਾਂ `ਤੇ ਜਦੋਂ ਅਸੀਂ ਇਹ ਮੰਨ ਬੈਠਦੇ ਹਾਂ ਕਿ ‘ਪੰਥ ਹੀ ਗੁਰੂ ਹੈ’, ਪੰਥ ਨੂੰ
‘ਗੁਰੂ ਪੰਥ’ ਜਾਂ ‘ਗੁਰੂ ਖਾਲਸਾ ਪੰਥ ਜੀ’ ਕਰਕੇ ਸੰਬੋਧਨ ਕਰਦੇ ਹਾਂ ਤਾਂ ਇਹ ਗੱਲਾਂ ਤੇ ਸੰਬੋਧਨ
ਵੀ ਸਿੱਖ ਸਿਧਾਂਤਾਂ ਨਾਲ ਮੇਲ ਨਹੀਂ ਖਾਂਦੇ। ਇਥੇ ਵੀ ‘ਪੰਥ ਗੁਰੂ’ ਨਹੀਂ ਬਲਕਿ ਅਸਲ ਲਫ਼ਜ਼ ਹੋਣਾ ਹੈ
‘ਗੁਰੂ ਕਾ ਪੰਥ’।
ਸ਼ਾਇਦ ਸਮੇਂ ਦੀ ਦੌੜ `ਚ ਅਸੀਂ ਇਸ ਸਪਸ਼ਟ ਲਫ਼ਜ਼ `ਚੋਂ ‘ਕਾ’ ਵਿਸਾਰ ਬੈਠੇ ਤੇ
ਕਹਿਣਾ, ਪ੍ਰਚਾਰਣਾ ਸ਼ੁਰੂ ਕਰ ਦਿੱਤਾ ‘ਗੁਰੂ ਪੰਥ’। ਇਸ ਤਰ੍ਹਾਂ ਮੰਨ ਲਵੋ! ਜੇ ਕਰ ਸਾਡੇ ਬਣ ਚੁੱਕੇ
ਤੇ ਵਿਗੜੇ ਹੋਏ ਇਸ ਬੋਲੇ ਅਨੁਸਾਰ, ‘ਪੰਥ’ ਹੀ ਗੁਰੂ ਹੈ ਤਾਂ ਪੰਥ ਨੂੰ ‘ਗੁਰੂ’ ਦੀ ਲੋੜ ਹੀ ਕੀ
ਰਹਿ ਜਾਂਦੀ ਹੈ ਜਦਕਿ ਅਜਿਹਾ ਸੋਚਣਾ ਹੀ ਸੰਭਵ ਨਹੀਂ ਨਾ ਮੁਮਕਿਣ ਵੀ ਹੈ। ਗੁਰੂ ਅਥਵਾ “ਸਾਹਿਬ
ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਬਿਨਾ ਤਾਂ ਪੰਥ ਦੀ ਕੋਈ ਹੋਂਦ ਰਹਿ ਹੀ ਨਹੀਂ ਜਾਂਦੀ।
‘ਗੁਰੂ ਰੂਪ ਸਾਧ ਸੰਗਤ ਜੀ’ ਵੀ ਨਹੀਂ “ਗੁਰੂ ਕੀ ਸਾਧ ਸੰਗਤ” -
ਠੀਕ ਇਨ੍ਹਾਂ ਹੀ ਲੀਹਾਂ `ਤੇ ਅਤੇ ਇਸੇ ਤਰ੍ਹਾਂ ਪ੍ਰਚਲਤ ਸ਼ਬਦ ‘ਗੁਰੂ ਰੂਪ ਸਾਧ ਸੰਗਤ ਜੀ’, ‘ਗੁਰੂ
ਰੂਪ ਖ਼ਾਲਸਾ ਜੀ’ ਨਹੀਂ ਬਲਕਿ ਉਥੇ ਵੀ ਸਾਡੇ ਲਫ਼ਜ਼ ਹੋਣੇ ਹਨ “ਗੁਰੂ ਕੀ ਸਾਧ ਸੰਗਤ” ਜਾਂ ‘ਗੁਰੂ
ਸੁਆਰੀ ਸਾਧਸੰਗਤ’ ਆਦਿ। ਗੱਲ ਇਥੇ ਵੀ ਸਮਝਣ ਦੀ ਹੈ, ਜੇ ਕਰ ‘ਗੁਰੂ ਕੀ ਸੰਗਤ’ ਜੋ ਵਿਦਿਆਰਥੀ ਬਣ
ਕੇ ਗੁਰੂ ਕੋਲੋਂ ਕੁੱਝ ਲੈਣ ਆਈ ਹੈ, ਜੇ ਉਹ ਆਪ ਹੀ ‘ਗੁਰੂ ਰੂਪ ਜਾਂ ਗੁਰੂ’ ਹੋ ਗਈ ਤਾਂ ਉਥੇ ਵੀ
ਗੁਰੂ ਦੀ ਲੋੜ ਹੀ ਕਿਹੜੀ ਰਹਿ ਗਈ? ਜਦ ਕਿ ‘ਗੁਰੂ ਤੋਂ ਬਿਨਾ’ ਤਾਂ ਸਾਧਸੰਗਤ ਦਾ ਵਜੂਦ ਹੀ
ਮੁੱਕ ਜਾਂਦਾ ਹੈ।
ਫ਼ਿਰ ਇਥੇ ਹੀ ਬੱਸ ਨਹੀਂ ਗੁਰੂ ਦਰ `ਤੇ ਤਾਂ ਸੰਗਤ ਰੂਪ `ਚ ਆਉਣ ਲਈ ਕਿਸੇ
ਲਈ ਕੋਈ ਬੰਦਸ਼ ਜਾਂ ਪਾਬੰਦੀ ਹੀ ਨਹੀਂ। ਗੁਰੂ ਦਰ `ਤੇ ਆਉਣ ਦਾ ਹੱਕ ਤਾਂ ਹਰ ਕੋਈ ਰਖਦਾ ਹੈ। ਫ਼ਿਰ
ਉਥੇ ਆਉਣ ਵਾਲਿਆਂ `ਚ ਸਾਰੇ ਸਿੱਖ ਵੀ ਨਹੀਂ ਹੁੰਦੇ। ਉਥੇ ਤਾਂ ਗ਼ੈਰ ਸਿੱਖ, ਅਣਧਰਮੀ ਵੀ ਆਉਂਦੇ ਹਨ।
ਉਥੇ ਪਤਿੱਤ ਤੇ ਕੇਸਾਂ ਰੋਮਾ ਦੀ ਬੇਅਦਬੀ ਕਰਣ ਵਾਲੇ ਵੀ ਆਉਂਦੇ ਹਨ ਅਤੇ ਹੋਰ ਵੀ ਅਨੇਕਾਂ। ਇਸ
ਤਰ੍ਹਾਂ ਇਥੇ ਜਦੋਂ ਸਾਰਿਆਂ ਨੂੰ ਹੀ ‘ਗੁਰੂ ਰੂਪ ਸਾਧ ਸੰਗਤ ਜੀ’, ‘ਗੁਰੂ ਰੂਪ ਖ਼ਾਲਸਾ ਜੀ’ ਕਰਕੇ
ਸੰਬੋਧਣ ਕੀਤਾ ਜਾ ਰਿਹਾ ਹੁੰਦਾ ਹੈ ਤਾਂ ਆਪਣੇ ਇਸ ਸੰਬੋਧਨ ਬਾਰੇ, ਆਪਣੇ ਆਪ ਹੀ ਬਾਕੀ ਹਿਸਾਬ
ਲਗਾਉਂਦੇ ਦੇਰ ਨਹੀਂ ਲਗਣੀ ਚਾਹੀਦੀ। ਇਸ ਤਰ੍ਹਾਂ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੀ
ਹਜ਼ੂਰੀ `ਚ ਸੱਜੇ ਹੋਏ ਕਿਸੇ ਵੀ ਅਜਿਹੇ ਇਕੱਠ ਲਈ ਲਫ਼ਜ਼ “ਗੁਰੂ ਕੀ ਸਾਧ ਸੰਗਤ” ਜਾਂ “ਗੁਰੂ ਸੁਆਰੀ
ਸਾਧਸੰਗਤ” ਆਦਿ ਹੀ ਹੋ ਸਕਦੇ ਹਨ ਪਰ ‘ਗੁਰੂ ਰੂਪ ਸਾਧਸੰਗਤ’ ‘ਗੁਰੂ ਰੂਪ ਖਾਲਸਾ ਜੀ’ ਨਹੀਂ ਹੋ
ਸਕਦੇ।
ਦਰਅਸਲ ‘ਗੁਰੂ ਪੰਥ’ ‘ਗੁਰੂ ਪੰਥ ਖਾਲਸਾ’ ‘ਗੁਰੂ ਰੂਪ ਸਾਧ ਸੰਗਤ ਜੀ’,
‘ਗੁਰੂ ਰੂਪ ਖ਼ਾਲਸਾ ਜੀ’ ਆਦਿ ਇਹ ਸਾਰੀਆਂ ਸ਼ਬਦਾਵਲੀਆਂ ਸਾਡੀ ਅਗਿਆਣਤਾ ਤੇ ਲਾਪਰਵਾਹੀ ਦੀ ਹੀ ਉਪਜ
ਹਨ, ਜਿਨ੍ਹਾਂ ਕਾਰਨ ਅੱਜ ਪੰਥਕ ਪੱਧਰ `ਤੇ ਸਾਨੂੰ ਬਹੁਤ ਵੱਡਾ ਨੁਕਸਾਨ ਵੀ ਪੁੱਜ ਰਿਹਾ ਹੈ ਜਿਸ
ਵੱਲ ਸਾਨੂੰ ਇੱਕ ਦੰਮ ਧਿਆਣ ਦੇਣ ਦੀ ਲੋੜ ਹੈ।