ਗੁਰਬਾਣੀ ਦਾ ਸੱਚ
(ਕਿਸ਼ਤ ਨੰ: 24)
ਗੁਰਬਾਣੀ ਦਾ ਸੱਚ (ਮਲੇਛ ਭਾਖਿਆ ਗਹੀ)
ਬਾਣੀਕਾਰਾਂ ਵਲੋਂ ਗੁਰੂ ਗ੍ਰੰਥ
ਸਾਹਿਬ ਵਿੱਚ ਅਜਿਹੀ ਸ਼ਬਦਾਵਲੀ ਦੀ ਵਰਤੋਂ ਵੀ ਮਿਲਦੀ ਹੈ ਜੋ ਇੱਕ ਧਰਮ ਦੇ ਪੈਰੋਕਾਰਾਂ ਵਲੋਂ ਦੂਜੇ
ਧਰਮ ਦੇ ਅਨੁਯਾਈਆਂ ਲਈ ਵਰਤੀ ਜਾਂਦੀ ਸੀ। ਆਮ ਤੌਰ `ਤੇ ਅਜਿਹੀ ਸ਼ਬਦਾਵਲੀ ਵਿੱਚ ਤ੍ਰਿਸਕਾਰ ਦੀ
ਭਾਵਨਾ ਦੀ ਪ੍ਰਬਲਤਾ ਹੈ। ਬਾਣੀਕਾਰਾਂ ਦਾ ਕਿਸੇ ਵੀ ਵਿਸ਼ੇਸ਼ ਧਰਮ ਜਾਂ ਇਲਾਕੇ ਦੇ ਵਸਨੀਕਾਂ ਨਾਲ ਮੋਹ
ਜਾਂ ਘਿਰਣਾ ਨਹੀਂ ਸੀ। ਇਨ੍ਹਾਂ ਨੇ ਤਾਂ ਸਮੁੱਚੀ ਮਨੁੱਖਤਾ ਨੂੰ ਮਨੁੱਖ ਦੇ ਰੂਪ ਵਿੱਚ ਹੀ ਦੇਖਿਆ
ਹੈ। ਇਸ ਲਈ ਬਾਣੀਕਾਰਾਂ ਦਾ ਭਿੰਨ ਭਿੰਨ ਪਿਛੋਕੜ ਹੋਣ ਦੇ ਬਾਵਜੂਦ ਵੀ ਇਨਸਾਨੀਅਤ ਪ੍ਰਤੀ ਧਾਰਨਾ
ਇਕੋ ਹੀ ਹੈ।
ਆਮ ਮਨੁੱਖ ਦਾ ਦੇਸ਼, ਕੌਮ ਆਦਿ ਪ੍ਰਤੀ ਜੋ, ਰਵਈਆ ਹੈ ਬਾਣੀਕਾਰਾਂ ਦਾ ਉਸ ਤੋਂ ਬਿਲਕੁਲ ਹੀ ਭਿੰਨ
ਹੈ। ਬਾਣੀਕਾਰਾਂ ਨੇ ਮਨੁੱਖ ਨੂੰ ਨਾ ਤਾਂ ਜ਼ਾਤ-ਪਾਤ, ਇਲਾਕੇ ਆਦਿ ਦੇ ਆਧਾਰਤ ਅਤੇ ਨਾ ਹੀ ਧਰਮ ਦੇ
ਅਧਾਰ ਤੇ ਵੰਡਿਆ ਹੈ। ਇਹੀ ਕਾਰਨ ਹੈ ਕਿ ਬਾਣੀਕਾਰਾਂ ਨੇ ਕਿਸੇ ਵਿਸ਼ੇਸ਼ ਜ਼ਾਤ, ਇਲਾਕੇ ਜਾਂ ਧਰਮ ਦੇ
ਨਾਲ ਸਬੰਧਤ ਪ੍ਰਾਣੀ ਨੂੰ ਇਨ੍ਹਾਂ ਨਾਲ ਸਬੰਧਤ ਹੋਣ ਕਰਕੇ ਹੀ ਨਾ ਤਾਂ ਵਡਿਆਇਆ ਹੈ ਅਤੇ ਨਾ ਹੀ
ਛੁਟਿਆਇਆ ਹੈ। ਇਸ ਕਾਰਨ ਹੀ ਬਾਣੀਕਾਰਾਂ ਦੇ ਭਿੰਨ ਭਿੰਨ ਜ਼ਾਤ, ਇਲਾਕੇ ਅਤੇ ਧਰਮ ਨਾਲ ਸਬੰਧਤ ਹੋਣ
ਦੇ ਬਾਵਜ਼ੂਦ ਵੀ ਇਨ੍ਹਾਂ ਨੂੰ ਕਿਸੇ ਇੱਕ ਜ਼ਾਤ ਜਾਂ ਇਲਾਕੇ ਆਦਿ ਨਾਲ ਸਬੰਧਤ ਨਹੀਂ ਕੀਤਾ ਜਾ ਸਕਦਾ।
ਬਾਣੀਕਾਰਾਂ ਵਲੋਂ ਜਨ ਸਾਧਾਰਨ ਤਕ ਆਪਣਾ ਸ਼ੰਦੇਸ ਅਪੜਾਉਣ ਲਈ ਕਿਸੇ ਵੀ ਸਾਧਨ ਨੂੰ ਵਰਤਣ ਤੋਂ ਸੰਕੋਚ
ਨਹੀਂ ਕੀਤਾ ਹੈ। ਅਜਿਹਾ ਕਰਦਿਆਂ ਹੋਇਆਂ ਇਸ ਗੱਲ ਨੂੰ ਨਹੀਂ ਵਿਚਾਰਿਆ ਗਿਆ ਕਿ ਇਹ ਸਾਧਨ ਕਿਸ
ਇਲਾਕੇ ਜਾਂ ਧਰਮ ਆਦਿ ਨਾਲ ਸਬੰਧਤ ਹੈ। ਕੇਵਲ ਇਸ ਗੱਲ ਨੂੰ ਹੀ ਮੁੱਖ ਰੱਖਿਆ ਗਿਆ ਹੈ ਕਿ
ਜਨ-ਸਾਧਾਰਨ ਨੂੰ ਕਿਵੇਂ ਵੱਧ ਤੋਂ ਵੱਧ ਲਾਭ ਪਹੁੰਚ ਸਕਦਾ ਹੈ। ਭਾਸ਼ਾ ਦੇ ਸਬੰਧ ਵਿੱਚ ਵੀ ਅਜਿਹਾ ਹੀ
ਰਵਈਆ ਅਪਣਾਇਆ ਹੈ। ਬਾਣੀਕਾਰ ਜਿੱਥੇ ਵੀ ਵਿਚਰੇ, ਇਨ੍ਹਾਂ ਨੇ ਜਨ-ਸਾਧਾਰਨ ਤਕ ਆਪਣੀ ਗੱਲ ਪਹੁੰਚਾਉਣ
ਲਈ, ਉਸ ਬੋਲੀ ਅਤੇ ਸ਼ਬਦਾਵਲੀ ਨੂੰ ਹੀ ਮਾਧਿਅਮ ਬਣਾਇਆ, ਜੇਹੜੀ ਆਮ ਲੋਕਾਂ ਵਿੱਚ ਪ੍ਰਚਲਤ ਸੀ।
ਬਾਣੀਕਾਰਾਂ ਦਾ ਮੁੱਖ ਮਨੋਰਥ ਸਮੁੱਚੀ ਲੋਕਾਈ ਤਕ ਆਪਣੀ ਗੱਲ ਨੂੰ ਪਹੁੰਚਾਉਣਾ ਸੀ। ਇਸ ਆਸ਼ੇ ਦੀ
ਪੂਰਤੀ ਲਈ ਅਜਿਹਾ ਕਰਨਾ ਜ਼ਰੂਰੀ ਵੀ ਸੀ ਕਿ ਉਸ ਭਾਸ਼ਾ ਦੀ ਹੀ ਵਰਤੋਂ ਕੀਤੀ ਜਾਂਦੀ, ਜਿਸ ਨੂੰ ਆਮ
ਲੋਕਾਈ ਸਮਝਦੀ ਸੀ।
ਗੁਰੂ ਸਾਹਿਬਾਨ ਨੇ ਭਾਂਵੇਂ ਲੋਕ-ਭਾਸ਼ਾ ਨੂੰ ਹੀ ਆਮ ਤੌਰ `ਤੇ ਮਾਧਿਅਮ ਬਣਾਇਆ ਹੈ ਪਰ ਇਸ ਦੇ
ਬਾਵਜੂਦ ਦੂਜੀਆਂ ਭਾਸ਼ਾਵਾਂ ਦੇ ਸ਼ਬਦਾਂ ਦੀ ਵਰਤੋਂ ਤੋਂ ਕਿਸੇ ਤਰ੍ਹਾਂ ਵੀ ਸੰਕੋਚ ਨਹੀਂ ਕੀਤਾ ਹੈ।
ਗੁਰਬਾਣੀ ਵਿੱਚ ਇੱਕ ਤੋਂ ਵਧੀਕ ਭਾਸ਼ਾਵਾਂ ਦੀ ਵਰਤੋਂ ਇਸ ਗੱਲ ਦਾ ਪ੍ਰਮਾਣ ਹੈ। ਇਸ ਲਈ ਬਾਣੀਕਾਰਾਂ
ਦੀਆਂ ਨਜ਼ਰਾਂ ਵਿੱਚ ਕੋਈ ਭਾਸ਼ਾ ਨਾ ਤਾਂ ਦੇਵ ਭਾਸ਼ਾ ਹੈ ਅਤੇ ਨਾ ਹੀ ਕੋਈ ਮਲੇਛ ਭਾਸ਼ਾ ਹੈ। ਇਸੇ ਕਾਰਨ
ਹੀ ਬਾਣੀਕਾਰਾਂ ਨੇ ਇਹ ਨਹੀਂ ਆਖਿਆ ਕਿ ਪ੍ਰਭੂ ਨਾਲ ਅਮਕੀ ਭਾਸ਼ਾ ਵਿੱਚ ਹੀ ਗੱਲ-ਬਾਤ ਕੀਤੀ ਜਾ ਸਕਦੀ
ਹੈ ਜਾਂ ਉਹ ਕੇਵਲ ਇਹ ਭਾਸ਼ਾ ਹੀ ਸਮਝਦਾ ਹੈ। ਭਾਸ਼ਾਵਾਂ ਤਾਂ ਮਨੁੱਖੀ ਸਭਿਅਤਾ ਦੀ ਦੇਣ ਹੈ। ਗੁਰੂ
ਗ੍ਰੰਥ ਸਾਹਿਬ ਵਿੱਚ ਇਸ ਸਬੰਧ ਵਿੱਚ ਮਨੁੱਖ ਦਾ ਸਹੀ ਮਾਰਗ ਦਰਸ਼ਨ ਕਰਦਿਆਂ ਹੋਇਆਂ ਕਿਹਾ ਹੈ ਕਿ
ਜੇਕਰ ਪਰਮਾਤਮਾ ਨਾਲ ਗੱਲ-ਬਾਤ ਕਰਨੀ ਹੈ ਤਾਂ ਉਹ ਇਕੋ ਇੱਕ ਬੋਲੀ ਹੈ; ਉਹ ਬੋਲੀ ਹੈ ਪਿਆਰ: ਸਾਚਾ
ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ ॥ (ਪੰਨਾ 2) ਅਰਥ: ਅਕਾਲ ਪੁਰਖ ਸਦਾ-ਥਿਰ ਰਹਿਣ ਵਾਲਾ ਹੀ
ਹੈ, ਉਸ ਦਾ ਨਿਯਮ ਭੀ ਸਦਾ ਅਟੱਲ ਹੈ। ਉਸ ਦੀ ਬੋਲੀ ਪ੍ਰੇਮ ਹੈ ਅਤੇ ਉਹ ਆਪ ਅਕਾਲ ਪੁਰਖ ਬੇਅੰਤ ਹੈ।
ਨੋਟ:- ਉਸ ਦੀ ਬੋਲੀ ਪ੍ਰੇਮ ਹੈ। ਪ੍ਰੇਮ ਹੀ ਵਸੀਲਾ ਹੈ, ਜਿਸ ਰਾਹੀਂ ਉਹ ਸਾਡੇ ਨਾਲ ਗੱਲਾਂ ਕਰਦਾ
ਹੈ, ਅਸੀ ਉਸ ਨਾਲ ਕਰ ਸਕਦੇ ਹਾਂ। ਕਿਸੇ ਬੋਲੀ ਵਿੱਚ ਵੀ ਗੱਲ ਕਰਨ ਦੀ ਮਨਾਹੀ ਨਹੀਂ ਹੈ।
‘ਮਲੇਛ’ ਸ਼ਬਦ ਦੇ ਸ਼ਾਬਦਿਕ ਅਰਥ ਤੋਂ ਇਹ ਗੱਲ ਸਪਸ਼ਟ ਹੈ ਕਿ ਭਾਰਤ ਵਿੱਚ ਪ੍ਰਚੀਨ ਸਮੇਂ ਵਿੱਚ ਇਹ ਸ਼ਬਦ
ਅਸੱਭਿਅ ਜਾਂ ਆਰੀਆ ਧਰਮ ਦੇ ਵਿਰੁੱਧੀ ਲੋਕਾਂ ਲਈ ਵਰਤਿਆ ਜਾਂਦਾ ਸੀ। ਇਸਲਾਮ ਦੇ ਪੈਰੋਕਾਰਾਂ ਦੇ
ਭਾਰਤ ਆਉਣ `ਤੇ ਇਹ ਸ਼ਬਦ ਉਨ੍ਹਾਂ ਲਈ ਵਰਤਿਆ ਜਾਣ ਲੱਗ ਪਿਆ।
ਕਈ ਸੱਜਣਾਂ ਦਾ ਗੁਰੂ ਨਾਨਕ ਸਾਹਿਬ ਜੀ ਦੇ ‘ਮਲੇਛ ਭਾਖਿਆ ਗਹੀ ‘ਬਚਨਾਂ ਬਾਰੇ ਇਹ ਮੰਨਣਾ ਹੈ ਕਿ
ਗੁਰਦੇਵ ਨੇ ਇਨ੍ਹਾਂ ਸ਼ਬਦਾਂ ਦੁਆਰਾ ਉਨ੍ਹਾਂ ਦੇਸ ਵਾਸੀਆਂ ਨੂੰ ਲਾਹਨਤ ਪਾਈ ਹੈ ਜੇਹੜੇ ਮਲੇਛ ਅਥਵਾ
ਵਿਦੇਸੀ ਭਾਸ਼ਾ ਬੋਲਣ ਲੱਗ ਪਏ ਸਨ। ਪਰੰਤੂ ਗੁਰੂ ਸਾਹਿਬਾਨ ਦਾ ਭਾਸ਼ਾ ਸਬੰਧੀ ਅਜਿਹਾ ਦ੍ਰਿਸ਼ਟੀਕੋਣ
ਨਹੀਂ ਹੈ।
ਇਹ ਠੀਕ ਹੈ ਕਿ ਸਾਡੇ ਇਤਿਹਾਸ ਵਿੱਚ ਜਿੱਥੇ ਗੁਰਬਾਣੀ ਦੇ ਆਸ਼ੇ ਦੇ ਉਲਟ ਬਹੁਤ ਕੁੱਝ ਲਿਖਿਆ ਹੋਇਆ
ਮਿਲਦਾ ਹੈ, ਉੱਥੇ ਭਾਸ਼ਾ ਦੇ ਸਬੰਧ ਵਿੱਚ ਵੀ ਮਿਲਦਾ ਹੈ। ਲੇਖਕਾਂ ਨੇ ਆਪਣੀ ਗੱਲ ਨੂੰ ਪ੍ਰਮਾਣਤ ਕਰਨ
ਲਈ ਗੁਰੂ ਸਾਹਿਬਾਨ ਦਾ ਨਾਮ ਵਰਤਿਆ ਹੈ। ਜਿਵੇਂ ਰਹਿਤਨਾਮਿਆਂ ਵਿੱਚ ਆਇਆ ਹੈ ਕਿ, “. . ਪੜ੍ਹਹਿ
ਪਾਰਸੀ ਜੀਵ। ਨਾ ਮੈਂ ਤਾਂਕਾ ਨਾਹਿ ਮਮ, ਸਿਖ ਨ ਜਲ ਤਿਸ ਪੀਵ। ਪਾਰਸੀ ਜਾਂਕੇ ਘਰਿ ਪੜ੍ਹਹਿ ਤਾਂਕਾ
ਨਹੀ ਵਿਸਾਹੁ ਤਾਂਕਾ ਛੁਹਾ ਨਾ ਖਾਈਏ ਤਜਯੋ ਧਰਮ ਕਾ ਰਾਹੁ।” (ਰਹਿਤਨਾਮਾ ਭਾਈ ਸਾਹਿਬ ਸਿੰਘ)
ਭਾਈ ਦਯਾ ਸਿੰਘ ਦੇ ਨਾਮ ਨਾਲ ਸਬੰਧਤ ਰਹਿਤਨਾਮੇ ਵਿਖੇ ਉਪਰੋਕਤ ਰਹਿਤਨਾਮੇ ਦੇ ਸ਼ਬਦਾਂ ਨੂੰ ਹੀ
ਹੂ-ਬਹੂ ਦੁਹਰਾਇਆ ਗਿਆ ਹੈ, “ਜੋ ਪਰ ਨਾਰੀ ਭੋਗੇ, ਫਾਰਸੀ ਪੜ੍ਹੇ, ਨਾ ਮੈਂ ਉਹਦਾ ਨ ਵਹ ਮੇਰਾ, ਉਸ
ਸਿਖ ਕੇ ਹਾਥ ਕਾ ਜਲ ਨ ਪੀਵੈ। ਪਾਰਸੀ ਪੜ੍ਹੇ ਕਾ ਵਿਸਾਹ ਨਾ ਕਰੈ, ਅੰਨ ਉਸ ਕਾ ਨ ਖਾਵੈ”। ਇਨ੍ਹਾਂ
ਰਹਿਤਨਾਮਿਆਂ ਵਿੱਚ ਜਿਸ ਤਰ੍ਹਾਂ ਹੋਰ ਕਈ ਸਵੈ-ਵਿਰੋਧੀ ਗੱਲਾਂ ਦਾ ਜ਼ਿਕਰ ਹੈ, ਉਸੇ ਤਰ੍ਹਾਂ ਭਾਸ਼ਾ
ਸਬੰਧੀ ਵੀ ਦੇਖਣ ਨੂੰ ਮਿਲਦਾ ਹੈ। ਭਾਈ ਦੇਸਾ ਸਿੰਘ ਦੇ ਰਹਿਤਨਾਮੇ ਵਿੱਚ ਇਉਂ ਲਿਖਿਆ ਹੈ,
“ਗੁਰਮੁਖੀ ਅੱਖਰ ਜੇ ਹੈਂ ਭਾਈ! ਸਿੰਘ ਸਿੰਘ ਤੇ ਸੀਖਹਿ ਜਾਈ। ਔਰ ਜੁ ਵਿਦਯਾ ਜਹਿਂ ਤਹਿਂ ਹੋਈ।
ਅਵਰਨ ਤੇ ਭੀ ਲੇਵਹੁ ਸੋਈ।” (ਰਹਤਨਾਮਾ ਭਾਈ ਦੇਸਾ ਸਿੰਘ)
ਭਾਈ ਸੰਤੋਖ ਸਿੰਘ ਗੁਰ ਪ੍ਰਤਾਪ ਸੂਰਜ ਵਿੱਚ ਲਿਖਦੇ ਹਨ, “ਪੜਹਿ ਪਾਰਸੀ ਬੇਮੁਖ ਵਾਹੂ। (ਰਿਤੂ 3;
ਅੰਸੂ 44) “ਭਾਈ ਵੀਰ ਸਿੰਘ ਗੁਰ ਪ੍ਰਤਾਪ ਸੂਰਜ ਦੀ ਇਸ ਟੂਕ ਦੇ ਸਬੰਧ ਵਿੱਚ ਲਿਖਦੇ ਹਨ, “ਸੌ ਸਾਖੀ
ਦਾ ਪਾਠ ਹੈ: ਤੁਰਕ ਪਾਰਸੀ ਜੋ ਪੜੇ ਜੀਵਨ ਲੇਵੈ ਸਿਖ-ਜੋ ਤੁਰਕਾਂ ਦੀ ਫਾਰਸੀ ਪੜ੍ਹਕੇ ਜੀਵਨ ਨੂੰ ਉਸ
ਰਾਹ ਤੋਰੇ। ਇਸ ਤੋਂ ਮੁਰਾਦ ਹੈ ਮੁਸਲਮਾਨਾਂ ਦਾ ਇਲਮ ਅਦਬ `ਤੇ ਸ਼ਰ੍ਹਾ ਪੜ੍ਹਕੇ ਉਹਨਾਂ ਵਰਗੇ ਖਯਾਲ
ਤੇ ਰਹੁਰੀਤ (culture)
ਨਾ ਸਿੱਖੇ ਕਿਉਂਕਿ ਉਸ ਵਿੱਚ ਤਅੱਸਬ ਹੈ। ਫਾਰਸੀ ਬੋਲੀ ਤੋਂ ਇਥੇ ਮਨ੍ਹਾਂ ਨਹੀਂ ਕੀਤਾ।”
ਭਾਈ ਕਾਨ੍ਹ ਸਿੰਘ ਨਾਭਾ ਇਹੋ ਜੇਹੀਆਂ ਲਿਖਤਾਂ `ਤੇ ਟਿਪਣੀ ਕਰਦਿਆਂ ਲਿਖਦੇ ਹਨ ਕਿ, “ਕਿਸੇ ਚਾਲਾਕ
ਅੰਨਮਤੀਏ ਨੇ ਸਿਖਾਂ ਨੂੰ ਮੂਰਖ ਰਖਣ ਵਾਸਤੇ ਇਹ ਉਪਦੇਸ਼ ਲਿਖ ਮਾਰਿਆ ਹੈ ਕਿ ਸਿਖ ਨੂੰ ਫ਼ਾਰਸੀ ਨਹੀਂ
ਪੜ੍ਹਨੀ ਚਾਹੀਏ। ਉਸ ਨੂੰ ਇਹ ਖ਼ਬਰ ਨਹੀਂ {ਗੁਰੂ ਗੋਬਿੰਦ ਸਿੰਘ ਜੀ}. . ਭਾਈ ਨੰਦ ਲਾਲ ਜੇਹੇ ਅਨਨਯ
ਸਿਖਾਂ ਦੀ ਫ਼ਾਰਸੀ ਰਚਨਾ ਨੂੰ ਸਨਮਾਨਦੇ ਰਹੇ ਹਨ।”
ਗੁਰੂ ਗ੍ਰੰਥ ਸਾਹਿਬ ਦੀ ਇਸ ਪੰਗਤੀ ‘ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ’ ਦੇ ਭਾਵਾਰਥ ਨੂੰ
ਸਮਝਣ ਤੋਂ ਪਹਿਲਾਂ ਸੰਖੇਪ ਵਿਚ’ ‘ਮਲੇਛ’ ਸ਼ਬਦ ਦੀ ਚਰਚਾ ਕਰਨੀ ਢੁੱਕਵੀਂ ਹੋਵੇਗੀ।
ਹਿੰਦੀ ਸ਼ਬਦ ਕੋਸ਼ ਅਨੁਸਾਰ ‘ਮਲੇਛ {ਮੑਲੇਛ} ਸੰਸਕ੍ਰਿਤ (ਪੁਲਿੰਗ) ਅਨਾਰਯ 2 ਆਰਯ ਸਦਾਚਾਰ
{ਵਰਨਾਸ਼ਰਮ} ਦਾ ਪਾਲਣ ਨ ਕਰਨ ਵਾਲਾ। 2 (ਵਿਸ਼ੇਸ਼ਣ) 1 ਨੀਚ 2 ਪਾਪੀ।’
ਮਹਾਨ ਕੋਸ਼ ਵਿੱਚ ਭਾਈ ਕਾਨ੍ਹ ਸਿੰਘ ਨਾਭਾ ਨੇ ਇਸ ਦਾ ਅਰਥ ਕੀਤਾ ਹੈ: ਅਸਪਸ਼ਟ ਅਤੇ ਅਸ਼ੁੱਧ ਬੋਲਣਾ,
ਜੰਗਲੀ ਬੋਲੀ ਬੋਲਣਾ। 2, ਸੰਗਯਾ-ਵਿਗੜਿਆ ਹੋਇਆ ਸ਼ਬਦ, ਜਿਸ ਦਾ ਅਰਥ ਨਾ ਸਮਝਿਆ ਜਾਵੇ। 3, ਉਹ
ਆਦਮੀ, ਜਿਸ ਦੀ ਬੋਲੀ ਸਮਝ ਵਿੱਚ ਨਾ ਆਵੇ। 4, ਸੰਸਕ੍ਰਿਤ ਦੇ ਵਿਦਵਾਨਾਂ ਨੇ ਇਹ ਸ਼ਬਦ ਵਿਦੇਸ਼ੀਆਂ
ਅਤੇ ਆਰਯ ਧਰਮ ਵਿਰੁੱਧ ਲੋਕਾਂ ਲਈ ਭੀ ਵਰਤਿਆ ਹੈ। 5, ਪਾਪ ਕਰਨ ਵਾਲਾ ਪੁਰਸ਼; ਕੁਕਰਮ ਅਤੇ ਅਨਯਾਯ
ਕਰਨ ਵਾਲਾ। 6, ਵੌਧਾਯਨ ਰਿਖਿ ਲਿਖਦਾ ਹੈ-ਜੋ ਗਊ ਦਾ ਮਾਸ ਖਾਂਦਾ ਹੈ, ਵੇਦ ਵਿਰੁੱਧ ਬੋਲਦਾ ਹੈ ਅਤੇ
ਜਿਸ ਦਾ ਉੱਤਮ ਆਚਾਰ ਨਹੀਂ ਹੈ, ਉਹ ਮਲੇਛ ਹੈ।
ਗੁਰੂ ਗ੍ਰੰਥ ਸਾਹਿਬ ਵਿੱਚ ਨਿਮਨ ਲਿਖਤ ਸ਼ਬਦਾਂ/ਪੰਗਤੀਆਂ ਵਿੱਚ ‘ਮਲੇਛ’ ਸ਼ਬਦ ਭਿੰਨ ਭਿੰਨ ਅਰਥਾਂ
ਵਿੱਚ ਆਇਆ ਹੈ:-
(ੳ) ਅਸੰਖ ਮਲੇਛ ਮਲੁ ਭਖਿ ਖਾਹਿ॥ (4) ਅਰਥ: ਅਨੇਕਾਂ ਹੀ ਖੋਟੀ
ਬੁੱਧੀ ਵਾਲੇ ਮਨੁੱਖ ਮਲ (ਭਾਵ, ਅਖਾਜ) ਹੀ ਖਾਈ ਜਾ ਰਹੇ ਹਨ।
(ਅ) ਗਊ ਬਿਰਾਹਮਣ ਕਉ ਕਰੁ ਲਾਵਹੁ ਗੋਬਰਿ ਤਰਣੁ ਨ ਜਾਈ॥ ਧੋਤੀ ਟਿਕਾ ਤੈ
ਜਪਮਾਲੀ ਧਾਨੁ ਮਲੇਛਾਂ ਖਾਈ॥ ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤੁਰਕਾ ਭਾਈ॥ ਛੋਡੀਲੇ ਪਾਖੰਡਾ॥
ਨਾਮਿ ਲਇਐ ਜਾਹਿ ਤਰੰਦਾ॥ 1॥ (ਪੰਨਾ 471) ਅਰਥ: ਹੇ ਭਾਈ! (ਦਰਿਆ ਦੇ ਪੱਤਣ ਤੇ ਬੈਠ ਕੇ)
ਗਊ ਅਤੇ ਬ੍ਰਾਹਮਣ ਨੂੰ ਤਾਂ ਤੂੰ ਮਸੂਲ ਲਾਂਦਾ ਹੈਂ (ਭਾਵ, ਗਊ ਅਤੇ ਬ੍ਰਾਹਮਣ ਨੂੰ ਪਾਰ ਲੰਘਾਣ ਦਾ
ਮਸੂਲ ਲਾ ਲੈਂਦਾ ਹੈਂ), (ਫੇਰ ਤੂੰ ਕਦੇ ਇਹ ਨਹੀਂ ਸੋਚਦਾ ਕਿ ਉਸ ਗਊ ਦੇ) ਗੋਹੇ ਨਾਲ (ਪੋਚਾ
ਫੇਰਿਆਂ, ਸੰਸਾਰ-ਸਮੁੰਦਰ ਤੋਂ) ਤਰਿਆ ਨਹੀਂ ਜਾ ਸਕਦਾ। ਧੋਤੀ (ਪਹਿਨਦਾ ਹੈਂ), ਟਿੱਕਾ (ਮੱਥੇ ਉਤੇ
ਲਾਂਦਾ ਹੈਂ) ਅਤੇ ਮਾਲਾ (ਫੇਰਦਾ ਹੈਂ), ਪਰ ਪਦਾਰਥ ਮਲੇਛਾਂ ਦਾ ਖਾਂਦਾ ਹੈਂ, (ਭਾਵ ਪਦਾਰਥ ਉਹਨਾਂ
ਤੋਂ ਲੈ ਕੇ ਛਕਦਾ ਹੈਂ, ਜਿਨ੍ਹਾਂ ਨੂੰ ਤੂੰ ਮਲੇਛ ਆਖਦਾ ਹੈਂ)। ਅੰਦਰ ਬੈਠ ਕੇ (ਭਾਵ, ਤੁਰਕ
ਹਾਕਮਾਂ ਤੋਂ ਚੋਰੀ ਚੋਰੀ) ਪੂਜਾ ਕਰਦਾ ਹੈਂ, (ਬਾਹਰ ਮੁਸਲਮਾਨਾਂ ਨੂੰ ਵਿਖਾਲਣ ਵਾਸਤੇ) ਕੁਰਾਨ ਆਦਿ
ਪੜ੍ਹਦਾ ਹੈਂ, ਤੇ ਮੁਸਲਮਾਨਾਂ ਵਾਲੀ ਹੀ ਰਹਿਤ ਤੂੰ ਰੱਖੀ ਹੋਈ ਹੈ। (ਇਹ) ਪਾਖੰਡ ਤੂੰ ਛੱਡ ਦੇਹ।
ਜੇ ਪ੍ਰਭੂ ਦਾ ਨਾਮ ਸਿਮਰੇਂਗਾ, ਤਾਂ ਹੀ (ਸੰਸਾਰ-ਸਮੁੰਦਰ ਤੋਂ) ਤਰੇਂਗਾ। (ਨੋਟ: ਗੁਰੂ ਸਾਹਿਬ
ਅਨੁਸਾਰ ਕੋਈ ਇਸਲਾਮ ਦਾ ਪੈਰੋਕਾਰ ਹੋਣ ਕਾਰਨ ਹੀ ਮਲੇਛ ਨਹੀਂ ਹੈ, ਮਲੇਛ ਉਹ ਹੈ, ਜਿਸ ਦੇ ਕਰਮ ਨੀਚ
ਹਨ। ਇਸ ਸ਼ਲੋਕ ਵਿੱਚ ਹਜ਼ੂਰ ਧਾਰਮਿਕ ਆਗੂ ਦੀ ਪਾਖੰਡ ਰਹਿਣੀ `ਤੇ ਵਿਅੰਗ ਕਰਦੇ ਹੋਏ ਆਖ ਰਹੇ ਹਨ ਕਿ
ਇੱਕ ਪਾਸੇ ਤਾਂ ਇਹ ਮੁਸਲਮਾਨਾਂ ਨੂੰ ‘ਮਲੇਛ’ ਆਖ ਰਿਹਾ ਹੈ, ਦੂਜੇ ਪਾਸੇ ਉਨ੍ਹਾਂ ਨੂੰ ਪ੍ਰਸੰਨ ਕਰਨ
ਲਈ ਉਨ੍ਹਾਂ ਦੀ ਰਹਿਣੀ ਅਨੁਸਾਰ ਆਪਣੇ ਜੀਵਨ ਨੂੰ ਢਾਲੀ ਬੈਠਾ ਹੈ।)
(ੲ) ਸੂਕਰ ਸੁਆਨ ਗਰਧਭ ਮੰਜਾਰਾ॥ ਪਸੂ ਮਲੇਛ ਨੀਚ ਚੰਡਾਲਾ॥ ਗੁਰ ਤੇ
ਮੁਹੁ ਫੇਰੇ ਤਿਨੑ ਜੋਨਿ ਭਵਾਈਐ॥ ਬੰਧਨਿ ਬਾਧਿਆ ਆਈਐ ਜਾਈਐ॥ (ਪੰਨਾ 832) ਅਰਥ: ਜਿਨ੍ਹਾਂ
ਬੰਦਿਆਂ ਨੇ ਆਪਣਾ ਮੂੰਹ ਗੁਰੂ ਵਲੋਂ ਮੋੜਿਆ ਹੋਇਆ ਹੈ ਉਹਨਾਂ ਨੂੰ ਸੂਰ ਕੁੱਤੇ ਖੋਤੇ ਬਿੱਲੇ ਪਸ਼ੂ
ਮਲੇਛ ਨੀਚ ਚੰਡਾਲ ਆਦਿਕਾਂ ਦੀਆਂ ਜੂਨਾਂ ਵਿਚ ਭਵਾਇਆ ਜਾਂਦਾ ਹੈ। ਮਾਇਆ ਦੇ ਮੋਹ ਦੇ ਬੰਧਨ ਵਿਚ
ਬੱਝਾ ਹੋਇਆ ਮਨੁੱਖ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।
(ਸ) ਬ੍ਰਹਮਨ ਬੈਸ ਸੂਦ ਅਰੁ ਖ੍ਯ੍ਯਤ੍ਰੀ ਡੋਮ ਚੰਡਾਰ ਮਲੇਛ ਮਨ ਸੋਇ॥
ਹੋਇ ਪੁਨੀਤ ਭਗਵੰਤ ਭਜਨ ਤੇ ਆਪੁ ਤਾਰਿ ਤਾਰੇ ਕੁਲ ਦੋਇ॥ (ਪੰਨਾ 858) ਅਰਥ: ਕੋਈ ਬ੍ਰਾਹਮਣ
ਹੋਵੇ, ਖੱਤ੍ਰੀ ਹੋਵੇ, ਡੂਮ ਚੰਡਾਲ ਜਾਂ ਮਲੀਨ ਮਨ ਵਾਲਾ ਹੋਵੇ, ਪਰਮਾਤਮਾ ਦੇ ਭਜਨ ਨਾਲ ਮਨੁੱਖ
ਪਵਿਤ੍ਰ ਹੋ ਜਾਂਦਾ ਹੈ; ਉਹ ਆਪਣੇ ਆਪ ਨੂੰ (ਸੰਸਾਰ-ਸਮੁੰਦਰ ਤੋਂ) ਤਾਰ ਕੇ ਆਪਣੀਆਂ ਦੋਵੇਂ ਕੁਲਾਂ
ਭੀ ਤਾਰ ਲੈਂਦਾ ਹੈ।
(ਹ) ਲੇਪੁ ਨ ਲਾਗੋ ਤਿਲ ਕਾ ਮੂਲਿ॥ ਦੁਸਟੁ ਬ੍ਰਾਹਮਣੁ ਮੂਆ ਹੋਇ ਕੈ
ਸੂਲ॥ 1॥ ਹਰਿ ਜਨ ਰਾਖੇ ਪਾਰਬ੍ਰਹਮਿ ਆਪਿ॥ ਪਾਪੀ ਮੂਆ ਗੁਰ ਪਰਤਾਪਿ॥ 1॥ ਰਹਾਉ॥ ਅਪਣਾ ਖਸਮੁ ਜਨਿ
ਆਪਿ ਧਿਆਇਆ॥ ਇਆਣਾ ਪਾਪੀ ਓਹੁ ਆਪਿ ਪਚਾਇਆ॥ 2॥ ਪ੍ਰਭ ਮਾਤ ਪਿਤਾ ਅਪਣੇ ਦਾਸ ਕਾ ਰਖਵਾਲਾ॥ ਨਿੰਦਕ
ਕਾ ਮਾਥਾ ਈਹਾਂ ਊਹਾ ਕਾਲਾ॥ 3॥ ਜਨ ਨਾਨਕ ਕੀ ਪਰਮੇਸਰਿ ਸੁਣੀ ਅਰਦਾਸਿ॥ ਮਲੇਛੁ ਪਾਪੀ ਪਚਿਆ ਭਇਆ
ਨਿਰਾਸੁ॥ 4॥ (ਪੰਨਾ 1137)
ਅਰਥ: ਹੇ ਭਾਈ! ਪਰਮਾਤਮਾ ਨੇ ਆਪਣੇ
ਸੇਵਕਾਂ ਦੀ ਰੱਖਿਆ (ਸਦਾ ਹੀ) ਆਪ ਕੀਤੀ ਹੈ। (ਵੇਖੋ, ਵਿਸਾਹ-ਘਾਤੀ ਬ੍ਰਾਹਮਣ) ਦੁਸ਼ਟ ਗੁਰੂ ਦੇ
ਪਰਤਾਪ ਨਾਲ (ਆਪ ਹੀ) ਮਰ ਗਿਆ ਹੈ। 1. ਰਹਾਉ।
ਹੇ ਭਾਈ! (ਪਰਮਾਤਮਾ ਦੀ ਮਿਹਰ ਆਪਣੇ ਸੇਵਕ ਉੱਤੇ ਹੋਈ ਹੈ, ਬਾਲਕ (ਗੁਰੂ) ਹਰਿਗੋਬਿੰਦ ਉੱਤੇ ਉਸ
ਦੁਸ਼ਟ ਦੀ ਮੰਦੀ ਕਰਤੂਤ ਦਾ) ਬਿਲਕੁਲ ਰਤਾ ਭਰ ਭੀ ਮਾੜਾ ਅਸਰ ਨਹੀਂ ਹੋ ਸਕਿਆ (ਪਰ ਗੁਰੂ ਦੇ ਪਰਤਾਪ
ਨਾਲ ਉਹ) ਚੰਦਰਾ ਬ੍ਰਾਹਮਣ (ਪੇਟ ਵਿਚ) ਸੂਲ ਉੱਠਣ ਨਾਲ ਮਰ ਗਿਆ ਹੈ। 1.
ਹੇ ਭਾਈ! (ਪਰਮਾਤਮਾ ਨੇ ਆਪਣੇ ਸੇਵਕ ਦੀ ਆਪ ਰੱਖਿਆ ਕੀਤੀ ਹੈ, ਕਿਉਂਕਿ) ਸੇਵਕ ਨੇ ਆਪਣੇ
ਮਾਲਕ-ਪ੍ਰਭੂ ਨੂੰ ਸਦਾ ਆਪਣੇ ਹਿਰਦੇ ਵਿੱਚ ਵਸਾਇਆ ਹੈ। ਉਹ ਬੇਸਮਝ ਦੁਸ਼ਟ (ਇਸ ਰੱਬੀ ਭੇਤ ਨੂੰ ਸਮਝ
ਨਾਹ ਸਕਿਆ, ਤੇ ਪਰਮਾਤਮਾ ਨੇ) ਆਪ ਹੀ ਉਸ ਨੂੰ ਮਾਰ ਮੁਕਾਇਆ। 2.
ਹੇ ਭਾਈ! ਮਾਂ ਪਿਉ (ਵਾਂਗ) ਪ੍ਰਭੂ ਆਪਣੇ ਸੇਵਕ ਦਾ ਸਦਾ ਆਪ ਰਾਖਾ ਬਣਦਾ ਹੈ (ਤਾਹੀਏਂ ਪ੍ਰਭੂ ਦੇ
ਸੇਵਕ ਦੇ) ਦੋਖੀ ਦਾ ਮੂੰਹ ਲੋਕ ਪਰਲੋਕ ਦੁਹੀਂ ਸਰਾਈਂ ਕਾਲਾ ਹੁੰਦਾ ਹੈ। 3.
ਹੇ ਨਾਨਕ! (ਆਖ—ਹੇ ਭਾਈ!) ਆਪਣੇ ਸੇਵਕ ਦੀ ਪਰਮੇਸਰ ਨੇ (ਸਦਾ ਹੀ) ਅਰਦਾਸ ਸੁਣੀ ਹੈ (ਵੇਖੋ,
ਪਰਮੇਸਰ ਦੇ ਸੇਵਕ ਉੱਤੇ ਵਾਰ ਕਰਨ ਵਾਲਾ) ਦੁਸ਼ਟ ਪਾਪੀ (ਆਪ ਹੀ) ਮਰ ਮਿਟਿਆ, ਤੇ, ਬੇ-ਮੁਰਾਦਾ ਹੀ
ਰਿਹਾ। 4.
ਗੁਰੂ ਗ੍ਰੰਥ ਸਾਹਿਬ ਵਿੱਚ ‘ਮਲੇਛ’ ਸ਼ਬਦ ਦੀ ਭਿੰਨ ਭਿੰਨ ਅਰਥਾਂ ਵਿੱਚ ਹੋਈ ਵਰਤੋਂ ਨੂੰ ਦੇਖਣ/ਸਮਝਣ
ਪਿੱਛੋਂ ‘ਮਲੇਛ ਭਾਸ਼ਾ’ ਸ਼ਬੰਧੀ ਗੁਰਦੇਵ ਦੇ ਦ੍ਰਿਸ਼ਟੀਕੋਣ ਨੂੰ ਸਮਝਣ ਦਾ ਜਤਨ ਕਰਦੇ ਹਾਂ।
ਹਿੰਦੀ ਸ਼ਬਦ ਕੋਸ਼ ਵਿੱਚ ਮਲੇਛ ਭਾਸ਼ਾ ਦਾ ਅਰਥ ਕੀਤਾ ਹੈ: ਅਨਾਯ੍ਰ। 2, ਵਿਦੇਸ਼ੀ ਭਾਸ਼ਾ।
ਅਤੇ ਮਹਾਨ ਕੋਸ਼ ਵਿੱਚ ‘ਮਲੇਛ ਭਾਖਿਆ’ ਦਾ ਅਰਥ ਕੀਤਾ ਹੈ: ਸੰਗਯਾ-ਮੑਲੇਛ ਭਾਸ਼ਾ। ਗੰਵਾਰੂ ਬੋਲੀ।
ਅਸ਼ੁੱਧ ਭਾਸ਼ਾ। 2 ਉਹ ਬੋਲੀ, ਜੋ ਸਮਝ ਵਿੱਚ ਨਾ ਆਵੇ। 3 ਹਿੰਦੂ-ਧਰਮਸ਼ਾਸਤ੍ਰ ਅਨੁਸਾਰ ਯੂਨਾਨੀ ਅਤੇ
ਅਰਬੀ ਆਦਿ ਬੋਲੀ।
ਗੁਰੂ ਗ੍ਰੰਥ ਸਾਹਿਬ ਵਿੱਚ ‘ਮਲੇਛ ਭਾਖਿਆ’ ਸ਼ਬਦ ਕੇਵਲ ਇੱਕ ਵਾਰੀ ਹੀ ਲਿਖਤ ਪੰਗਤੀ ਵਿੱਚ ਆਇਆ ਹੈ:-
ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ॥ ਸ੍ਰਿਸਟਿ ਸਭ ਇੱਕ ਵਰਨ ਹੋਈ
ਧਰਮ ਕੀ ਗਤਿ ਰਹੀ॥ 3॥ (ਪੰਨਾ 463) ਅਰਥ: (ਆਪਣੇ ਆਪ ਨੂੰ ਹਿੰਦੂ ਧਰਮ ਦੇ ਰਾਖੇ ਸਮਝਣ
ਵਾਲੇ) ਖਤ੍ਰੀਆਂ ਨੇ (ਆਪਣਾ ਇਹ) ਧਰਮ ਛੱਡ ਦਿੱਤਾ ਹੈ, ਜਿਨ੍ਹਾਂ ਨੂੰ ਇਹ ਮੂੰਹੋਂ ਮਲੇਛ ਕਹਿ ਰਹੇ
ਹਨ (ਰੋਜ਼ੀ ਦੀ ਖ਼ਾਤਰ) ਉਹਨਾਂ ਦੀ ਬੋਲੀ ਗ੍ਰਹਣ ਕਰ ਚੁਕੇ ਹਨ, (ਇਹਨਾਂ ਦੇ) ਧਰਮ ਦੀ ਮਰਯਾਦਾ
ਮੁੱਕ ਚੁੱਕੀ ਹੈ, ਸਾਰੀ ਸ੍ਰਿਸ਼ਟੀ ਇਕੋ ਵਰਨ ਦੀ ਹੋ ਗਈ ਹੈ (ਇਕੋ ਅਧਰਮ ਹੀ ਅਧਰਮ ਪ੍ਰਧਾਨ ਹੋ ਗਿਆ
ਹੈ) । (ਨੋਟ: ਮਲੇਛ ਭਾਖਿਆ-ਉਹਨਾਂ ਦੀ ਬੋਲੀ ਜਿਨ੍ਹਾਂ ਨੂੰ ਇਹ ਆਪ ਮਲੇਛ ਆਖਦੇ ਹਨ।)
ਭਾਈ ਕਾਨ੍ਹ ਸਿੰਘ ਨਾਭਾ ਇਸ ਸਬੰਧੀ ਲਿਖਦੇ ਹਨ, “ਇੱਥੇ ਇਹ ਭਾਵ ਹੈ ਕਿ ਹਿੰਦੂਆਂ ਨੇ ਸਵਾਰਥ ਦੇ ਵਸ਼
ਹੋ ਕੇ ਗਾਯਤ੍ਰੀ ਆਦਿ ਛੱਡ ਕੇ ਕਲਮਾ ਅੰਗੀਕਾਰ ਕਰ ਲਿਆ ਹੈ। (ਮਹਾਨ ਕੋਸ਼) ਅਤੇ ਸ਼ਬਦਾਰਥ ਅਨੁਸਾਰ,
“ਇੱਥੇ ਗੁਰੂ ਜੀ ਕਿਸੇ ਬੋਲੀ ਦੇ ਵਿਰੁੱਧ ਨਹੀਂ, ਸਗੋਂ ਦੇਸ਼ ਦੀ ਰਖਿਆ ਕਰਨ ਵਾਲੇ ਛੱਤ੍ਰੀਆਂ ਦੀ ਉਸ
ਗ਼ੁਲਾਮੀ ਵਲ ਇਸ਼ਾਰਾ ਕਰ ਰਹੇ ਹਨ ਕਿ ਇੱਕ ਪਾਸੇ ਮੁਸਲਮਾਨਾਂ ਨੂੰ ‘ਮਲੇਛ’ ਆਖਣਾ ਤੇ ਦੂਜੇ ਪਾਸੇ
ਆਪਣੀ ਬੋਲੀ ਛੱਡ ਕੇ ਉਹਨਾਂ ਦੀ ਬੋਲੀ ਆਪਣੀ ਬਣਾ ਲੈਣੀ।”
ਗੁਰੂ ਸਾਹਿਬ ਨਾ ਤਾਂ ਮੁਸਲਮਾਨਾਂ ਨੂੰ ਮਲੇਛ ਆਖਦੇ ਹਨ ਅਤੇ ਨਾ ਹੀ ਉਨ੍ਹਾਂ ਦੀ ਬੋਲੀ ਨੂੰ ਮਲੇਛ
ਭਾਸ਼ਾ ਕਹਿੰਦੇ ਹਨ।
ਉਪਰੋਕਤ ਸੰਖੇਪ ਜੇਹੀ ਚਰਚਾ ਮਗਰੋਂ ਅਸੀਂ ਇਹ ਆਖ ਸਕਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ
ਵੀ ਬੋਲੀ ਦੀ ਵਰਤੋਂ ਨੂੰ ਮਾੜਾ ਨਹੀਂ ਆਖਿਆ ਗਿਆ ਹੈ। ਹਾਂ, ਦੂਹਰੇ ਮਾਪਦੰਡ ਅਪਣਾਉਣ ਵਾਲਿਆਂ ਦੀ
ਜ਼ਰੂਰ ਨਿਖੇਧੀ ਕੀਤੀ ਗਈ ਹੈ। ਜੇਹੜੇ ਇੱਕ ਪਾਸੇ ਤਾਂ ਦੂਜਿਆਂ ਦੀ ਸਭਿਅੱਤਾ ਨੂੰ ਪਾਣੀ ਪੀ ਪੀ ਕੇ
ਕੋਸ ਰਹੇ ਹਨ, ਪਰ ਦੂਜੇ ਪਾਸੇ ਆਪਣੇ ਸਵਾਰਥ ਦੀ ਪੂਰਤੀ ਲਈ ਜਾਂ ਹੀਣ ਭਾਵਨਾ ਦਾ ਸ਼ਿਕਾਰ ਹੋ ਕੇ,
ਜ਼ਾਹਰਾ ਰੂਪ ਵਿੱਚ ਉਨ੍ਹਾਂ ਦੀ ਸਭਿਅੱਤਾ ਨੂੰ ਅਪਣਾਈ ਬੈਠੇ ਹਨ। (ਨੋਟ: ਅਸੀਂ ਇੱਥੇ ਮਾਤ ਭਾਸ਼ਾ ਦੀ
ਗੱਲ ਨਹੀਂ ਕਰ ਰਹੇ ਹਾਂ। ਮਾਤ ਭਾਸ਼ਾ ਦੀ ਹਰੇਕ ਮਨੁੱਖ ਦੇ ਜੀਵਨ ਵਿੱਚ ਖ਼ਾਸ ਮਹੱਤਾ ਹੈ। ਅਸੀਂ ਤਾਂ
ਕੇਵਲ ਇਹ ਦੱਸਣ ਦਾ ਹੀ ਜਤਨ ਕੀਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਭਾਸ਼ਾ ਦੀ ਵਰਤੋਂ ਕਰਨ
ਵਾਲਿਆਂ ਨੂੰ ਤਿਰਸਕਾਰ ਦੀ ਭਾਵਨਾ ਨਾਲ ਨਹੀਂ ਦੇਖਿਆ ਗਿਆ ਹੈ।)
ਜਸਬੀਰ ਸਿੰਘ ਵੈਨਕੂਵਰ