.

ਗੁਰੂ

(ਭਾਗ ਚੌਥਾ)

“ਹੈਨਿ ਵਿਰਲੇ, ਨਾਹੀ ਘਣੇ, ਫੈਲ ਫਕੜੁ ਸੰਸਾਰੁ।” ਸਲੋਕ ਮ: ੧

ਭਾਵ: ਸੰਸਾਰ ਵਿੱਚ, ਸੱਚੀ ਸੁੱਚੀ ਕਰਨੀਂ ਵਾਲੇ ਗੁਰੂ/ਫ਼ਕੀਰ, ਬਹੁਤੇ ਨਹੀਂ, ਕੋਈ ਟਾਵਾਂ ਟੱਲਾ ਹੀ ਹੁੰਦਾ ਹੈ।

“ਕਹਨ ਕਹਾਵਨ ਕਉ ਕਈ ਕੇਤੇ॥

ਐਸੋ ਜਨੁ ਬਿਰਲੋ ਹੈ ਸੇਵਕੁ ਜੋ ਤਤੁ ਜੋਗ ਕਉ ਬੇਤੈ॥” ਕਾਨੜਾ ਮ: ੫

ਭਾਵ: ਆਪਣੇ ਆਪ ਨੂੰ ਸੰਤ/ਸਾਧ/ਗੁਰੂ ਕਹਿਣ/ਕਹਾਉਣ ਵਾਲੇ ਤਾਂ ਅਣਗਿਣਤ ਹਨ, ਪਰ, ਅਜਿਹਾ ਹਰਿ-ਦਾਸ ਕੋਈ ਵਿਰਲਾ ਹੀ ਹੈ ਜੋ ਪਰਮਤੱਤ੍ਵ ਪਰਮਾਤਮਾ ਦੇ ਮਿਲਾਪ ਦਾ ਅਨੰਦ ਮਾਨਦਾ ਹੈ।

ਪਰਮਾਤਮਾ ਤੇ ਧਰਮ ਦਾ ਸੰਕਲਪ ਉਤਨਾਂ ਹੀ ਪੁਰਾਤਨ ਹੈ ਜਿਤਨਾਂ ਮਾਨਵ। ਮਾਨਵਤਾ ਦੀ ਸਿਰਜਨਾ ਦੇ ਸਮੇਂ ਤੋਂ ਹੀ, ਸਮੇਂ ਸਮੇਂ, ਮਹਾਂਪੁਰਖਾਂ ਨੇਂ ਇਸ ਸੰਸਾਰ ਵਿੱਚ ਪ੍ਰਵੇਸ਼ ਕੀਤਾ, ਅਤੇ ਕਰਤਾਰ ਦੇ ਬਖ਼ਸ਼ੇ ਗਿਆਨ ਨਾਲ ਰੱਬ ਦੀ ਰਿਅਇਆ ਨੂੰ ਗਿਆਨ-ਮਾਰਗ ਦਿਖਾਇਆ ਤਾਂ ਜੋ ਇਹ ਦੁਰਲੱਭ ਮਾਨਵ ਜੀਵਨ ਸੁਖੀ ਸੁਹੇਲਾ ਬੀਤੇ ਤੇ ਸਫ਼ਲ ਹੋਵੇ। ਪਰ, ਮਨੁਖਤਾ ਦੀ ਇਹ ਬਦਕਿਸਮਤੀ ਰਹੀ ਹੈ ਕਿ ਉਨ੍ਹਾਂ ਬ੍ਰਹਮਗਿਆਨੀ ਸਤਿਗੁਰਾਂ ਦੇ ਪੰਜਭੂ ਸ਼ਰੀਰ ਤਿਆਗਦਿਆਂ ਹੀ ਅਣਗਿਣਤ ਨਾਮਧਰੀਕ ਕਪਟੀ ਗੁਰੂ/ਸੰਤ/ਸਾਧ/ਬਾਬੇ/ਮਹੰਤ ਆਦਿ ਰੂੜੀ ਦੀਆਂ ਖੁੰਬਾਂ ਵਾਂਗ ਸਿਰ ਕੱਢ ਲੈਂਦੇ ਹਨ। (ਧਰਮ-ਸਥਾਨਾਂ ਦੇ ਪੁਜਾਰੀ ਵੀ ਇਸੇ ਸ਼੍ਰੇਣੀ ਵਿੱਚ ਅਉਂਦੇ ਹਨ)। ਉਹ ਰੱਬ, ਧਰਮ, ਅਤੇ ਧਰਮ ਦੇ ਅਚਾਰੀਯ ਅਥਵਾ ਸਤਿਗੁਰੂ ਦੇ ਨਾਂ `ਤੇ ਰੱਬ ਦੇ ਬੰਦਿਆਂ ਨੂੰ ਨਿਰਦਯਤਾ ਨਾਲ ਲੁੱਟ ਲੁੱਟ ਕੇ ਖਾਂਦੇ ਹਨ। ਬਾਣੀਕਾਰ ਇਸ ਸੱਚ ਤੋਂ ਸੁਚੇਤ ਸਨ; ਇਸੇ ਲਈ ਉਨ੍ਹਾਂ ਨੇਂ ਬਾਣੀ ਵਿੱਚ ਪੂਰੇ ਗੁਰੂ ਦਾ ਮਹੱਤਵ ਦ੍ਰਿੜਾਉਣ ਦੇ ਨਾਲ ਨਾਲ ਭੇਖੀ ਪਾਖੰਡੀ ਗੁਰੂਆਂ/ਸੰਤਾਂ/ਸਾਧਾਂ/ਮਹੰਤਾਂ ਤੇ ਪੁਜਾਰੀਆਂ ਆਦਿ ਤੋਂ ਸਾਵਧਾਨ ਕਰਦਿਆਂ ਸਖ਼ਤ ਚਿਤਾਵਨੀ ਵੀ ਦਿੱਤੀ ਹੈ ਕਿ ਇਨ੍ਹਾਂ ਕੁਰਾਹੀਆਂ ਮਗਰ ਲੱਗਣ ਵਾਲੇ ਕੁਰਾਹੇ ਹੀ ਪਏ ਰਹਿਣਗੇ; ਫ਼ਲਸ੍ਵਰੂਪ, ਅਨਮੋਲ ਮਾਨਵ-ਜੀਵਨ ਅਜਾਂਇ ਹੀ ਗਵਾ ਬੈਠਣਗੇ। ਹੱਥਲੇ ਲੇਖ ਵਿੱਚ ਇਨ੍ਹਾਂ ਅਸੰਤ ਗੁਰੂਆਂ ਬਾਰੇ ਹੀ ਵਿਚਾਰ ਕੀਤੀ ਗਈ ਹੈ। ਕਬੀਰ ਜੀ ਦਾ ਕਥਨ ਹੈ:

“ਸੰਤੁ ਮਿਲੈ, ਕਿਛੁ ਸੁਨੀਐ ਕਹੀਐ॥

ਮਿਲੈ ਅਸੰਤੁ, ਮਸਟਿ ਕਰਿ ਰਹੀਐ॥” ਗੌਂਡ ਕਬੀਰ ਜੀ

ਭਾਵ: ਜੀਵਨ-ਰਾਹ `ਤੇ ਚਲਦਿਆਂ ਜੇ ਕੋਈ ਸੱਚਾ ਸੰਤ ਮਿਲ ਜਾਵੇ ਤਾਂ ਉਸ ਦੀ ਸੰਗਤ ਕਰਕੇ ਪਰਮਾਰਥ ਦੀ ਸਿੱਖਿਆ ਸੁਣਨੀਂ ਚਾਹੀਏ; ਅਤੇ, ਆਪਣੇ ਮਨ ਦੇ ਸੰਸੇ ਨਿਝੱਕ ਹੋ ਕੇ ਦੱਸਣੇ ਚਾਹੀਦੇ ਹਨ। ਜਦ ਭ੍ਰਿਸ਼ਟਬੁੱਧਿ ਪਾਜੀ ਮਿਲੇ ਤਾਂ, ਚੁੱਪ ਰਹਿੰਦਿਆਂ, ਉਸ ਤੋਂ ਪਾਸਾ ਵੱਟਣ ਵਿੱਚ ਹੀ ਭਲਾਈ ਹੈ।

ਪਿਛਿਲੇਰੇ ਪੰਨਿਆਂ `ਤੇ ਬਾਣੀ ਦੇ ਆਧਾਰ `ਤੇ ਵਿਚਾਰੀ ਸੱਚੇ ਗੁਰੂ/ਸਾਧ/ਸੰਤ ਆਦਿ ਦੀ ਤਅਰੀਫ਼ ਨੂੰ ਧਿਆਨ ਵਿੱਚ ਰੱਖਦਿਆਂ ਜੇ ਸਰਸਰੀ ਜਿਹੀ ਪੰਛੀ-ਝਾਤ ਨਾਲ ਵੇਖੀਏ ਤਾਂ ਇਹ ਕੌੜਾ ਸੱਚ ਸੂਰਜ ਵਾਂਗ ਸਪਸ਼ਟ ਹੋ ਜਾਂਦਾ ਹੈ ਕਿ ਸਾਰੇ ਸੰਸਾਰ ਵਿੱਚ ਛੂਤ ਦੀ ਬਿਮਾਰੀ ਵਾਂਗ ਫ਼ੈਲੇ ਹੋਏ ਇਹ ਅਖਾਉਤੀ ਬਾਬੇ, ਸੰਤ, ਮਹੰਤ, ਸਾਧ, ਗੁਰੂ ਅਤੇ ਪੁਜਾਰੀ ਆਦਿ, ਖੋਟ ਦੇ ਖ਼ਜ਼ਾਨੇ ਹਨ, ਜੋ ‘ਰਾਮ ਕਸਉਟੀ’ `ਤੇ ਪਰਖਿਆਂ ਖੋਟੇ ਹੀ ਸਿੱਧ ਹੁੰਦੇ ਹਨ।।

“ਕਬੀਰ ਕਸਉਟੀ ਰਾਮ ਕੀ ਝੂਠਾ ਟਿਕੈ ਨ ਕੋਇ॥

ਰਾਮ ਕਸਉਟੀ ਸੋ ਸਹੈ ਜੋ ਮਰਜੀਵਾ ਹੋਇ॥” ਕਬੀਰ ਜੀ

ਭਾਵ: ਕਬੀਰ ਜੀ ਦਾ ਫ਼ੁਰਮਾਨ ਹੈ ਕਿ ‘ਸੱਚ’ ਦੀ ਕਸਵੱਟੀ ਉੱਤੇ ਪਰਖਿਆਂ ਦੰਭੀ, ਪਾਜੀ ਖਰਾ ਨਹੀਂ ਉਤਰਦਾ। ਰੱਬੀ ਗੁਣਾਂ ਦੇ ਮਾਪ-ਦੰਡ `ਤੇ ਉਹੀ ਪੂਰਾ ਉਤਰਦਾ ਹੈ ਜਿਸ ਨੇ ਆਪਣੇ ਮਨ ਨੂੰ ਮਾਇਆ ਵੱਲੋਂ ਮਾਰ ਕੇ, ਰੱਬ ਪੱਖੋਂ ਜੀਵਿਤ ਕੀਤਾ ਹੋਇਆ ਹੈ।

ਸਤਿਗੁਰੂ ਦਾ ਪਰਮੁੱਖ ਲੱਛਣ ਆਤਮ-ਗਿਆਨ ਹੈ। ਇਹ ਆਤਮ-ਗਿਆਨ ਨਾਮ-ਸਿਮਰਨ ਨਾਲ ਨਸੀਬ ਹੁੰਦਾ ਹੈ। ਨਾਮ-ਸਿਮਰਨ ਵੀ ਉਹ ਜਿਹੜਾ ਮਾਇਆ ਤੋਂ ਅਭਿੱਜ, ਹਉਮੈ-ਰਹਿਤ ਮਨ ਨਾਲ ਕੀਤਾ ਜਾਵੇ। ਪਰ, ਇਹ ਇੱਕ ਕੌੜਾ ਤੇ ਪ੍ਰਮਾਣਿਤ ਸੱਚ ਹੈ ਕਿ ਉਪਰੋਕਤ ਵਰਣਿਤ ਸਾਰੇ ਦੇ ਸਾਰੇ ਅਖਾਉਤੀ ਧਰਮੀ ਪੁਰਖ ਗਿਆਨ-ਹੀਣੇ ਹਨ। ਇਨ੍ਹਾਂ ਨੂੰ ਰੱਬ ਦਾ ਡਰ ਭਉ ਉੱਕਾ ਹੀ ਨਹੀਂ। ਮਾਇਆ ਤੇ ਹਉਮੈ-ਹੰਕਾਰ ਦੀ ਮੈਲ ਨਾਲ ਮਨ ਮਲੀਨ ਹੋਣ ਕਾਰਣ, ਇਨ੍ਹਾਂ ਦਾ ਨਾਮ-ਸਿਮਰਨ ਸੁਧਾ ਢੌਂਗ ਢਕੌਸਲਾ ਹੀ ਹੁੰਦਾ ਹੈ। ਮਾਇਆ ਦੇ ਮੁਥਾਜ ਹੋਣ ਕਾਰਕੇ ਇਹ ਜੋ ਕੁੱਝ ਵੀ ਕਰਦੇ ਹਨ ਉਹ ਮਾਇਆ ਖ਼ਾਤਿਰ ਹੀ ਕਰਦੇ ਹਨ। ਪੱਕੇ ਢੀਠ ਸੁਆਰਥੀ ਹੋਣ ਕਰਕੇ, ਪਰਉਪਕਾਰ ਤੇ ਪਰਮਾਰਥ ਦਾ ਇਹ ਅਰਥ ਵੀ ਨਹੀਂ ਜਾਣਦੇ! ! ! ਧਰਮ ਦੇ ਨਾਂ `ਤੇ ਬਟੋਰੀ ਮਾਇਆ ਦੇ ਹੰਕਾਰ ਨਾਲ ਆਫ਼ਰੇ ਹੋਏ ਇਹ ਲੋਕ ਖਿਮਾ ਤੇ ਸਹਿਨਸ਼ੀਲਤਾ ਜਿਹੇ ਦੈਵੀ ਗੁਣਾਂ ਦੇ ਨੇੜੇ ਤੱਕ ਨਹੀਂ ਜਾਂਦੇ। ਇਨ੍ਹਾਂ ਸਿੰਮਲ-ਰੁੱਖਾਂ ਨੇਂ ਮਿੱਠਤ ਦੀ ਮਿਠਾਸ ਨੂੰ ਕਦੇ ਚੱਖ ਕੇ ਵੀ ਨਹੀਂ ਦੇਖਿਆ! ! ! ਸੱਚ ਦੇ ਵੈਰੀ, ਕਾਮਾਦਿਕ ਵਿਕਾਰ, ਇਨ੍ਹਾਂ ਦੇ ਸਦਾ ਦੇ ਸੰਗੀ ਹਨ! ! ਇਨ੍ਹਾਂ, ਝੂਠ ਦੇ ਉਪਾਸ਼ਕਾਂ, ਨੂੰ ਸੱਚ ਕੌੜਾ ਲੱਗਦਾ ਹੈ; ਉਲਟਾ ਸੱਚ ਦੀ ਆਵਾਜ਼ ਕੱਢਣ ਵਾਲਿਆਂ ਨੂੰ ਮਾਰਨ ਤੱਕ ਜਾਂਦੇ ਹਨ। ਸਤਿਗੁਰੂ ਅਭੇਖੀ ਹੁੰਦਾ ਹੈ, ਉੱਸ ਦੀ ਕੋਈ ਉਮਤ ਨਹੀਂ ਹੁੰਦੀ, ਸਾਰੀ ਮਨੁੱਖਤਾ ਹੀ ਉਸ ਦੀ ਸੰਪਰਦਾਯ ਹੁੰਦੀ ਹੈ; ਪਰ, ਝੂਠੇ ਗੁਰੂ ਭੇਖ ਦੇ ਪਾਜ ਨਾਲ ‘ਪਾਰਸ’ ਬਣ ਬੈਠਦੇ ਹਨ ਤੇ ਆਪਣਾ ਹੀ ਫ਼ਿਰਕਾ ਬਣਾ ਲੈਂਦੇ ਹਨ। ਇਨ੍ਹਾਂ ‘ਮਲੂਕੀ ਵੇਸ’ ਧਾਨਕਾਂ ਨੇਂ ਧਰਮ-ਸਥਾਨਾਂ ਨੂੰ ਅਧਰਮ, ਠੱਗੀ ਤੇ ਭ੍ਰਿਸ਼ਟਤਾ ਦੇ ਅੱਡੇ ਬਣਾ ਰੱਖਿਆ ਹੈ। ---------ਆਦਿ। ਇਨ੍ਹਾਂ ਝੂਠੇ ਗੁਰੂਆਂ ਦੀਆਂ ਸਾਰੀਆਂ ਕਾਲੀਆਂ ਕਰਤੂਤਾਂ ਦਾ ਵਿਸਤਾਰ-ਪੂਰਵਕ ਵਰਣਨ ਕਰਦਿਆਂ ਕਲਮ ਵੀ ਝੇਂਪਦੀ ਹੈ, ਅਤੇ ਸ਼ਰਮ ਵੀ ਲਾਜ ਨਾਲ ਛੂਈ ਮੂਈ ਹੋ ਰਹੀ ਹੈ। ਆਓ! ਗੁਰਮੱਤ ਦੇ ਦ੍ਰਿਸ਼ਟੀਕੋਣ ਤੋਂ ਇਨ੍ਹਾਂ ਫ਼ਰੇਬੀਆਂ ਬਾਰੇ ਵਿਚਾਰ ਕਰੀਏ:-

ਸਤਿਗੁਰੂਆਂ ਦੇ ਵਿਚਾਰ ਅਨੁਸਾਰ, ਜਿਨ੍ਹਾਂ ਦੀਆਂ ਆਪਣੀਆਂ ਅੱਖਾਂ ਵਿੱਚ ਮੋਹ ਮਾਇਆ ਦਾ ਕਾਲਾ ਮੋਤੀਆ ਉੱਤਰਿਆ ਹੋਵੇ ਉਹ ਦੂਸਰਿਆਂ ਨੂੰ ਸਿੱਧੇ ਰਾਹ ਕਿਵੇਂ ਪਾ ਸਕਦੇ ਹਨ? ਇਸ ਅਟੱਲ ਸੱਚਾਈ ਨੂੰ ਮੁੱਖ ਰੱਖਦਿਆਂ ਸਤਿਗੁਰੂ ਜਨਤਾ ਨੂੰ ਇਨ੍ਹਾਂ ਅੰਨ੍ਹੇ ਆਗੂਆਂ ਵੱਲੋਂ ਸਾਵਧਾਨ ਕਰਦੇ ਹੋਏ ਲਿਖਦੇ ਹਨ:-

“ਗੁਰੂ ਜਿਨਾ ਕਾ ਅੰਧੁਲਾ ਚੇਲੇ ਨਾਹੀ ਠਾਉ॥

ਬਿਨੁ ਸਤਿਗੁਰ ਨਾਉ ਨ ਪਾਈਐ, ਬਿਨ ਨਾਵੈ ਕਿਆ ਸੁਆਉ॥

ਅਇ ਗਇਆ ਪਛੁਤਾਵਣਾ ਜਿਉ ਸੁੰਞੈ ਘਰਿ ਕਾਉ॥” ਸਿਰੀਰਾਗੁ ਅ: ਮ: ੧

ਭਾਵ: ਜਿਨ੍ਹਾਂ ਦਾ ਗੁਰੂ ਆਪ ਮਾਇਆ ਦੇ ਲੋਭ ਮੋਹ ਵਿੱਚ ਅੰਨ੍ਹਾ ਹੈ, ਉਸਦੇ ਚੇਲਿਆਂ ਨੂੰ ਮੰਜ਼ਿਲ ਕਿਵੇਂ ਲੱਭੇ! ! ਸੱਚੇ ਗੁਰੂ ਦੀ ਸੰਗਤ ਕੀਤੇ ਬਗ਼ੈਰ ਮੁਕਤੀ ਦਾ ਸਾਧਨ ‘ਨਾਮ’ ਪ੍ਰਾਪਤ ਨਹੀਂ ਹੁੰਦਾ; ਨਾਮ ਬਿਨਾਂ ਮਾਨਵ-ਜੀਵਨ ਦਾ ਕੋਈ ਅਰਥ ਨਹੀਂ। ਅੰਨ੍ਹੇ ਗੁਰੂ ਦੀ ਸੰਗਤ ਸੁੰਞੇ/ਸੱਖਣੇ ਘਰ ਦੇ ਸਮਾਨ ਹੈ ਜਿੱਥੇ ਕਾਂ (ਮੂੜ੍ਹ ਮੱਤ ਵਾਲੇ) ਆਉਂਦੇ ਤਾਂ ਕਿਸੇ ਪ੍ਰਾਪਤੀ ਲਈ ਹਨ ਪਰ ਕੁੱਝ ਨਾਂ ਲੱਭਣ ਕਾਰਨ ਜਿਹੋ ਜਿਹੇ ਆਏ, ਉਹੋ ਜਿਹੇ ਖ਼ਾਲੀ ਹੀ ਪਰਤ ਜਾਂਦੇ ਹਨ। ਅਰਥਾਤ, ਮਾਇਆ-ਮੂਠੇ ਝੂਠੇ ਗੁਰੂ ਦੇ ਮਗਰ ਲੱਗਣ ਵਾਲੇ ਅਗਿਆਨ ਮਨੁੱਖ ਜਿਸ ਤਰ੍ਹਾਂ ਗੁਣ-ਹੀਣ, ਰੋਗ-ਗ੍ਰਸਤ ਸੰਸਾਰ `ਚ ਆਉਂਦੇ ਹਨ, ਉਸੇ ਤਰ੍ਹਾਂ, ਮਾਨਵ-ਜੀਵਨ ਦਾ ਕੋਈ ਲਾਭ ਲਏ ਬਿਨਾਂ, ਚਲੇ ਜਾਂਦੇ ਹਨ। ਬਿਰਥਾ ਜਨਮ ਗਵਾਇ।

ਮਨੁੱਖ ਭਰਮ/ਭਟਕਨਾਂ ਦਾ ਸਤਾਇਆ ਹੋਇਆ ਇਨ੍ਹਾਂ ਨਕਲੀ ਸਾਧਾਂ/ਸੰਤਾਂ/ਪੁਜਾਰੀਆਂ ਦੇ ਚੁੰਗਲ ਵਿੱਚ ਫ਼ਸ ਜਾਂਦਾ ਹੈ। ਜਿਹੜੇ ਆਪ ਮਾਇਆ-ਜਾਲ ਦੇ ਮਾਰੂ ਪ੍ਰਭਾਵ ਹੇਠ ਬੁਰੀ ਤਰ੍ਹਾਂ ਭਟਕੇ ਹੋਏ ਹਨ ਉਹ ਦੂਜਿਆਂ ਦੇ ਭਰਮ ਕਿਵੇਂ ਦੂਰ ਕਰ ਸਕਦੇ ਹਨ! ! ਗੁਰੁ-ਹੁਕਮ ਹੈ:-

“ਅੰਧੇ ਗੁਰੂ ਤੇ ਭਰਮ ਨ ਜਾਈ॥ ਮੂਲੁ ਛੋਡਿ ਲਾਗੈ ਦੂਜੈ ਭਾਈ॥

ਬਿਖੁ ਕਾ ਮਾਤਾ ਬਿਖੁ ਮਾਹਿ ਸਮਾਈ॥” ਗਉੜੀ ਅ: ਮ: ੩

ਭਾਵ: ਮਾਇਆ-ਧੂੜ ਨਾਲ ਅੰਨ੍ਹੇ ਹੋਏ ਹੋਏ ਨਾਮ-ਧਰੀਕ ਗੁਰੂ ਦੂਸਰਿਆਂ ਦੇ ਮਨ ਦੇ ਭਰਮ/ਭਟਕਨਾਂ ਦੂਰ ਨਹੀਂ ਕਰ ਸਕਦੇ। ਅਜਿਹਾ ਗੁਰੂ ਅਤੇ ਉਸ ਦੇ ਅਗਿਆਨੀ ਸੇਵਕ ਮਨ/ਆਤਮਾ ਦੇ ਮੂਲ ਅਕਾਲਪੁਰਖ ਤੋਂ ਬੇਮੁੱਖ ਹੋ ਕੇ ਮਾਇਆ ਦੇ ਮੋਹ ਵਿੱਚ ਮਸਤ ਰਹਿੰਦੇ ਹਨ। ਮਨ ਆਤਮਾ ਨੂੰ ਮਾਰਨ ਵਾਲੀ ਜ਼ਹਿਰੀਲੀ ਮਾਇਆ ਦੇ ਨਸ਼ੇ ਵਿੱਚ ਮਾਇਆ-ਧਾਰੀ ਗੁਰੂ ਮਾਇਆ ਰੂਪੀ ਮਿੱਠੀ ਜ਼ਹਿਰ ਫੱਕਨ ਵਿੱਚ ਮਸਤ ਤੇ ਸੰਤੁਸ਼ਟ ਰਹਿੰਦਾ ਹੈ।

ਪ੍ਰਭੂ ਦੇ ਭਾਣੇ ਕਾਰਣ, ਜਿਸ ਅਭਾਗੇ ਦੇ ਮੁੱਖੜੇ `ਤੇ ਜੋਤ-ਹੀਣ ਅੱਖਾਂ ਹਨ, ਉਸ ਨੂੰ ਅੰਨ੍ਹਾਂ ਕਹਿਣਾ ਅਸਭਿਯ ਹੈ। ਅਸਲੀ ਅੰਨ੍ਹਾਂ ਉਹ ਹੈ ਜਿਸ ਦੀ ਅਕਲ ਦਾ ਦੀਵਾ ਗੁੱਲ ਹੈ, ਜੋ ਦੇਖ ਸਕਣ ਦੇ ਬਾਵਜੂਦ ਵੀ ਦੇਖਣ ਦੀ ਖੇਚਲ ਨਹੀਂ ਕਰਦਾ। ਅਜਿਹੇ ਅਕਲ ਦੇ ਅੰਨ੍ਹੇਂ ਕਪਟੀਆਂ ਤੋਂ ਸੁਚੇਤ ਕਰਦੇ ਹੋਏ ਸੱਤਗੁਰਾਂ ਦੇ ਨਿਮਨ ਲਿਖਿਤ ਫ਼ੁਰਮਾਨ ਵਿਚਾਰਣਯੋਗ ਹਨ:-

“ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ॥

ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ॥

ਕਿਉ ਰਾਹਿ ਜਾਵੈ ਮਹਲੁ ਪਾਵੈ ਅੰਧ ਕੀ ਮਤ ਅੰਧਲੀ॥

ਵਿਣੁ ਨਾਮ ਹਰਿ ਕੇ ਕਛੁ ਨ ਸੂਝੈ ਅੰਧੁ ਬੂਡੌ ਧੰਧਲੀ॥” ਸੂਹੀ ਛੰਤ ਮ: ੧

ਭਾਵ: ਮਾਇਆ-ਧੂੜ ਨਾਲ ਅੰਨ੍ਹਾ ਜੇ ਗੁਰੂ ਬਣ ਬੈਠੇ ਤਾਂ ਉਹ ਜੀਵਨ-ਯਾਤ੍ਰਾ ਦਾ ਸਹੀ ਰਸਤਾ ਨਹੀਂ ਦੇਖ ਸਕਦਾ। ਅਜਿਹਾ ਆਗੂ ਆਪਣੀ ਅੰਨ੍ਹੀਂ ਅਕਲ ਦੇ ਮਗਰ ਲੱਗ ਕੇ ਜੀਵਨ-ਪੂੰਜੀ ਲੁਟਾ ਰਿਹਾ ਹੈ। ਅਜਿਹੇ ਭਟਕੇ ਹੋਏ ਆਗੂਆਂ ਦੇ ਮਗਰ ਲੱਗਣ ਵਾਲੇ ਚੇਲਿਆਂ ਨੂੰ ਸਿੱਧਾ ਰਾਹ ਕਿਵੇਂ ਲੱਭ ਸਕਦਾ ਹੈ! ! ਮਾਇਆ ਦੇ ਲੋਭ ਵਿੱਚ ਅੰਨ੍ਹੇ ਗੁਰੂ ਦੀ ਅਕਲ ਵੀ ਮੋਟੀ ਹੁੰਦੀ ਹੈ। ਨਾਮ-ਹੀਣਾ ਇਹ ਗੁਰੂ ਮਾਇਆ ਇਕੱਠੀ ਕਰਨ ਦੇ ਮਨਮੁੱਖੀ ਆਹਰ ਵਿੱਚ ਗ਼ਰਕਿਆ ਰਹਿੰਦਾ ਹੈ।

“ਅੰਧੇ ਕੈ ਰਾਹਿ ਦਸਿਐ ਅੰਧਾਂ ਹੋਇ ਸੁ ਜਾਇ॥

ਹੋਇ ਸੁਜਾਖਾ ਨਾਨਕਾ ਸੋ ਕਿਉ ਉਝੜਿ ਪਾਇ॥

ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ॥

ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ॥” ਸਲੋਕ ਮ: ੨

ਭਾਵ: (ਅਕਲੋਂ-) ਅੰਨ੍ਹੇ ਗੁਰੂ ਦੇ ਦੱਸੇ ਰਾਹ `ਤੇ ਤੁਰਨ ਵਾਲਾ ਵੀ ਅੰਨ੍ਹਾਂ (ਅਗਿਆਨ) ਹੀ ਹੋਵੇਗਾ। ਪਰ, ਜਿਹੜਾ ਮਨੁੱਖ ਸੁਚੇਤ ਹੈ ਉਹ ਸੱਚ ਦਾ ਮਾਰਗ ਛੱਡ ਕੇ ਔਝੜੇ (ਗ਼ਲਤ ਰਾਹ) ਨਹੀਂ ਪਵੇਗਾ। ਉਹ ਮਨੁੱਖ ਅੰਨ੍ਹੇ ਨਹੀਂ ਜਿਨ੍ਹਾਂ ਦੇ ਚਿਹਰੇ ਦੀਆਂ ਅੱਖਾਂ ਕੁਦਰਤਨ ਜੋਤ-ਹੀਣ ਹਨ; ਅਸਲੀ ਅੰਨ੍ਹੇ ਉਨ੍ਹਾਂ ਨੂੰ ਕਹਿਣਾ ਚਾਹੀਦਾ ਹੈ ਜਿਨ੍ਹਾਂ ਦਾ ਆਤਮ-ਗਿਆਨ ਦਾ ਦੀਵਾ ਗੁੱਲ ਹੈ ਅਤੇ ਉਹ ਸ੍ਰਿਸ਼ਟੀ ਦੇ ਸ੍ਵਾਮੀ ਪ੍ਰਭੂ ਵੱਲੋਂ ਗਏ ਗੁਜ਼ਰੇ ਹਨ।

“ਸੋ ਕਿਉ ਅੰਧਾ ਆਖੀਐ ਜਿ ਹੁਕਮਹੁ ਅੰਧਾ ਹੋਇ॥

ਨਾਨਕ ਹੁਕਮੁ ਨ ਬੁਝਈ ਅੰਧਾ ਕਹੀਐ ਸੋਇ॥” ਮ: ੨

ਭਾਵ: ਜਿਹੜਾ ਬੰਦਾ ਰੱਬ ਦੇ ਹੁਕਮ ਕਾਰਣ ਅੱਖਾਂ ਤੋਂ ਹੀਣਾ ਹੈ, ਉਸ ਨੂੰ ਅੰਨ੍ਹਾ ਕਹਿਣਾ ਅਸ਼ਿਸ਼ਟਤਾ ਹੈ। ਅਸਲੀ ਅੰਨ੍ਹਾ ਉਹ ਹੈ ਜੋ ਰੱਬ ਦੇ ਹੁਕਮ ਨੂੰ ਸਿਆਣਦਾ ਨਹੀਂ।

“ਅੰਦਰਹੁ ਅੰਨਾ ਬਾਹਰਹੁ ਅੰਨਾ ਕੂੜੀ ਕੂੜੀ ਗਾਵੈ॥

ਦੇਹੀ ਧੋਵੈ ਚਕ੍ਰ ਬਣਾਏ ਮਾਇਆ ਨੋ ਬਹੁ ਧਾਵੈ॥

ਅੰਦਰਿ ਮੈਲੁ ਨ ਉਤਰੈ ਹਉਮੈ, ਫਿਰਿ ਫਿਰਿ ਆਵੈ ਜਾਵੈ॥” ਸਲੋਕ ਮ: ੫

ਭਾਵ: ਜਿਹੜਾ ਵਿਅਕਤੀ (ਮਾਇਆ-ਧੂੜ ਨਾਲ ਮਨੋਂ) ਅੰਨ੍ਹਾਂ ਹੈ, ਉਸ ਦੀਆਂ ਕਰਤੂਤਾਂ ਵੀ ਕਾਲੀਆਂ ਹੀ ਹੋਣਗੀਆਂ। ਉਹ, ਮਾਇਆ ਬਟੋਰਨ ਲਈ, ਝੂਠ ਮੂਠ ਦਿਖਾਵੇ ਲਈ ਭਜਨ ਗਾਉਂਦਾ ਹੈ। ਉਹ (ਵਿਸ਼ੇਸ਼ ਭੇਖ ਧਾਰਨ ਕਰਨ ਲਈ) ਸ਼ਰੀਰ ਧੋ ਕੇ ਭੇਖ ਦੇ ਚਿੰਨ੍ਹ ਧਾਰਨ ਕਰਦਾ ਹੈ। ਇਹ ਸਾਰਾ ਖੇਖਣ ਧਰਮ-ਪਾਲਣ ਵਾਸਤੇ ਨਹੀਂ ਸਗੋਂ ਦੰਭ ਨਾਲ ਮਾਇਆ ਬਟੋਰਨ ਦਾ ਸ਼ੜਯੰਤ੍ਰ ਹੈ। ਇਸ ਤਰ੍ਹਾਂ ਦੇ ਪਾਖੰਡ ਕਰਨ ਨਾਲ ਉਸ ਦੇ ਮਨ ਤੋਂ ਵਿਕਾਰਾਂ ਤੇ ਹਉਮੈ ਦੀ ਮਾਰੂ ਮੈਲ ਨਹੀਂ ਉਤਰਦੀ, ਜਿਸ ਕਾਰਣ ਉਹ ਜਨਮ ਮਰਨ ਦੇ ਦੁੱਖਦਾਈ ਤੇ ਘਿਣਾਉਣੇ ਚੱਕਰ ਵਿੱਚ ਪਿਆ ਰਹਿੰਦਾ ਹੈ।

ਉਹ ਮਹਾਂਪੁਰਖ ਹੀ ਸੱਚਾ ਗੁਰੂ ਹੈ ਜਿਹੜਾ ਮਨ/ਆਤਮਾ ਦੀ ਸਾਧਨਾਂ ਨਾਲ ਕਮਾਏ ਹੋਏ ਆਪਣੇ ਪਵਿੱਤ੍ਰ ਆਤਮਿਕ ਜੀਵਨ ਨਾਲ ਦੂਸਰਿਆਂ ਲਈ ਉਦ੍ਹਾਰਣ ਬਣ ਕੇ ਉਨ੍ਹਾਂ ਨੂੰ ਆਪਣੇ ਮਗਰ ਤੁਰਨ ਲਈ ਪ੍ਰੇਰਦਾ ਹੈ; ਪਰ, ਜਿਹੜੇ ਕਲੰਕੀ ਧਾਰਮਿਕ ਆਗੂ ਆਪ ਤਾਂ ਦੋਖਾਂ ਦੀ ਦਲਦਲ ਵਿੱਚ ਪੂਰੇ ਦੇ ਪੂਰੇ ਧਸੇ ਹੋਏ ਹਨ, ਤੇ ਅਬੋਧ ਸੇਵਕਾਂ ਨੂੰ, ਆਪਣੇ ਚੁੰਚ-ਗਿਆਨ ਨਾਲ ਸੱਚ ਦਾ ਰਾਹ ਦਿਖਾਉਣ ਦਾ ਢੌਂਗ ਕਰਦੇ ਹਨ, ਉਨ੍ਹਾਂ ਲਈ ਕਬੀਰ ਜੀ ਦਾ ਹੁਕਮ ਹੈ:-

“ਕਬੀਰ ਅਵਰਹ ਕਉ ਉਪਦੇਸਤੇ, ਮੁਖ ਮੈ ਪਰਿ ਹੈ ਰੇਤੁ।

ਰਾਸਿ ਬਿਰਾਨੀ ਰਾਖਤੇ, ਖਾਯਾ ਘਰ ਕਾ ਖੇਤੁ॥” ਸਲੋਕ ਕਬੀਰ ਜੀ

ਭਾਵ: ਜਿਹੜੇ ਅਖਾਉਤੀ ਗੁਰੂ ਸਿੱਧੜ ਚੇਲਿਆਂ ਨੂੰ ਧਾਰਮਿਕ ਸਿੱਖਿਆ ਦੇ ਲੈਕਚਰ ਝਾੜਦੇ ਹਨ ਪਰ, ਆਪ ਧਰਮ-ਹੀਣੇ ਹਨ, ਉਨ੍ਹਾਂ ਤੇ ਉਨ੍ਹਾਂ ਦੇ ਚੇਲਿਆਂ ਨੂੰ ਅਜਿਹੀ ਓਪਰੀ ਸਿੱਖਿਆ ਦਾ ਕੋਈ ਫ਼ਾਇਦਾ ਨਹੀਂ ਹੁੰਦਾ। ਅਜਿਹੇ ਕਪਟੀ ਗੁਰੂ ਕਪਟ ਦੀ ਰੇਤ ਹੀ ਫੱਕਦੇ ਰਹਿੰਦੇ ਹਨ। ਸੇਵਕਾਂ ਦੀ ਸ੍ਵਾਸਾਂ ਦੀ ਪੂੰਜੀ ਸਫਲ ਕਰਨ ਦਾ ਦਾਅਵਾ ਕਰਦੇ ਹਨ, ਪਰ, ਅਸਲੀਅਤ ਤਾਂ ਇਹ ਹੈ ਕਿ ਉਹ ਆਪਣੇ ਆਪ ਨੂੰ ਮਾਇਆ-ਨਰਕ ਤੋਂ ਨਹੀਂ ਬਚਾ ਸਕੇ।

ਗੁਰੂ ਦਾ ਪਹਿਲਾ ਕਰਤੱਵ ਇਹ ਹੈ ਕਿ ਉਹ ਸਿੱਖਾਂ/ਸੇਵਕਾਂ ਦੇ ਮਨਾਂ ਨੂੰ ਮਾਇਕ ਭਟਕਨਾਂ ਤੋਂ ਮੁਕਤ ਕਰੇ। ਇਹ ਫ਼ਰਜ਼ ਪੂਰਾ ਕਰਨ ਤੋਂ ਅਸਮਰੱਥ, ਗ੍ਰੰਥ-ਵਿੱਦਿਆ ਦੀ ਆੜ ਵਿੱਚ ਬਣੇ ਝੂਠੇ ਗੁਰੂਆਂ ਦਾ ਬੜੇ ਕਰੂਰ ਸ਼ਬਦਾਂ ਵਿੱਚ ਖੰਡਨ ਕਰਦੇ ਹੋਏ ਕਬੀਰ ਜੀ ਲਿੱਖਦੇ ਹਨ:-

“ਕਬੀਰ ਮਾਇ ਮੂੰਡਉ ਤਿਹ ਗੁਰੂ ਕੀ, ਜਾ ਤੇ ਭਰਮੁ ਨ ਜਾਇ॥

ਆਪ ਡੁਬੇ ਚਹੁ ਬੇਦ ਮਹਿ, ਚੇਲੇ ਦੀਏ ਬਹਾਇ॥” ਸਲੋਕ ਕਬੀਰ ਜੀ

ਭਾਵ: ਅਜਿਹੇ ਗੁਰੂ ਦੀ ਮਾਂ ਦਾ ਸਿਰ ਮੁੰਨ ਦਿਉ, (ਅਰਥਾਤ ਉਹ ਵਿਧਵਾ ਹੋ ਜਾਵੇ ਤਾਕਿ ਉਹ ਕਿਤੇ ਹੋਰ ਦੰਭੀਆਂ ਨੂੰ ਜਨਮ ਨਾਂ ਦੇ ਦੇਵੇ!) ਜਿਹੜਾ ਸੇਵਕਾਂ ਦੀ ਦੇਹ-ਅਧਿਆਸ ਦੀ ਭਾਵਨਾਂ/ਲਾਲਸਾ ਨੂੰ ਖ਼ਤਮ ਕਰਨ ਤੋਂ ਅਸਮਰਥ ਹੈ। ਐਸੇ ਗੁਰੂ, ਗ੍ਰੰਥਾਂ ਦੇ ਓਪਰੇ ਗਿਆਨ ਦੇ ਗੰਧਲੇ ਪਾਣੀਆਂ ਵਿੱਚ ਡੁੱਬੇ ਹੋਏ ਹਨ, ਅਤੇ ਆਪਣੇ ਚੇਲਿਆਂ ਨੂੰ ਵੀ ਏਸੇ ਗੰਦੇ ਪਾਣੀ ਵਿੱਚ ਗੋਤੇ ਦੇ ਰਹੇ ਹਨ।

“ਕੇਤੇ ਗੁਰ ਚੇਲੇ ਫੁਨਿ ਹੂਆ॥

ਕਾਚੇ ਗੁਰ ਤੇ ਮੁਕਤਿ ਨ ਹੂਆ॥” ਓਅੰਕਾਰ

ਭਾਵ: ਸੰਸਾਰ ਵਿੱਚ ਕਿਤਨੇ ਹੀ ਮਨਮੁੱਖ ਗੁਰੂ ਅਖਵਾਉਂਦੇ ਹਨ; ਉਨ੍ਹਾਂ ਦੇ ਚੇਲੇ ਵੀ ਬਹੁਤੇਰੇ ਬਣ ਜਾਂਦੇ ਹਨ। ਪਰ, ਇਨ੍ਹਾਂ ਕੱਚੇ (ਜਿਨ੍ਹਾਂ ਦਾ ਮਨ ਮਾਇਆ ਦੇ ਸੇਕ ਨਾਲ ਝੱਟ ਪਿਘਲ ਜਾਵੇ) ਗੁਰੂਆਂ ਦੀ ਸੰਗਤ ਕਰਕੇ ਕੋਈ ਵੀ ਅੰਧਵਿਸ਼ਵਾਸੀ ਚੇਲਾ ਮੁਕਤਿ-ਪਦਾਰਥ ਪ੍ਰਾਪਤ ਨਹੀਂ ਕਰ ਸਕਦਾ।

“ਕਬੀਰ ਸਿਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨ ਮੀਤੁ॥

ਚਾਲੇ ਥੇ ਹਰਿ ਮਿਲਨ ਕਉ, ਬੀਚੈ ਅਟਕਿਓ ਚੀਤੁ॥” ਸਲੋਕ ਕਬੀਰ ਜੀ

ਭਾਵ: ਦੇਹ-ਅਧਿਆਸੀ ਅਖਾਉਤੀ ਗੁਰੂ ਪ੍ਰਭੂ ਨੂੰ ਮਿਤ੍ਰ ਬਣਾਉਣ ਦੀ ਬਜਾਏ ਮਾਇਆ ਬਟੋਰਨ ਦੇ ਸ਼ੜਯੰਤ੍ਰ ਰਚਦਾ ਹੈ। ਉਹ ਹਰਿ-ਮਿਲਨ ਦਾ ਖੇਖਣ ਕਰਕੇ ਚੇਲੇ ਚਾਟੜਿਆਂ ਦੀ ਨਵੀਂ ਝੂਠ-ਮੰਡਲੀ (ਨਿੱਜੀ ਉਮਤ/ਸੰਪ੍ਰਦਾ) ਬਣਾ ਕੇ ਆਪਣੀ ਹੀ ਪੂਜਾ ਕਰਵਾਉਣ ਲੱਗ ਜਾਂਦਾ ਹੈ। ਇਸ ਝੂਠ ਕਾਰਣ ਛਲੀਆ ਗੁਰੂ ਤੇ ਚੇਲੇ ਦੋਨੋਂ ਹੀ ਰਾਹਿ-ਰਾਸਤ ਤੋਂ ਭਟਕ ਜਾਂਦੇ ਹਨ ਤੇ ਪੁਰਸ਼ਾਰਥ ਦੀ ਮੰਜ਼ਿਲ ਤੱਕ ਨਹੀਂ ਅੱਪੜਦੇ।

ਮਾਇਕ ਤ੍ਰਿਸ਼ਨਾਂ ਦੀ ਅੱਗ ਨਾਲ ਝੁਲਸਿਆ ਹੋਇਆ ਪਾਖੰਡੀ ਗੁਰੂ ਸੱਚ ਤੋਂ ਇਉਂ ਤ੍ਰਾਹੁੰਦਾ ਹੈ ਜਿਵੇਂ ਹਲਕਿਆ ਹੋਇਆ ਪਾਣੀ ਤੋਂ। ਜੋ ਜੋ ਅਭਾਗਾ ਮਾਇਆ ਦੇ ਜ਼ਹਿਰ ਨਾਲ ਹਲਕੇ ਹੋਏ ਇਨ੍ਹਾਂ ਪਾਜੀਆਂ ਦੇ ਸੰਪਰਕ ਵਿੱਚ ਅਉਂਦਾ ਹੈ, ਉਹ ਵੀ ਇਸ ਹਲਕ ਦੇ ਮਾਰੂ ਰੋਗ ਤੋਂ ਬਚ ਨਹੀਂ ਸਕਦਾ।

“ਲੋਭ ਲਹਰਿ ਸਭੁ ਸੁਆਨੁ ਹਲਕੁ ਹੈ ਹਲਕਿਓ ਸਭਹਿ ਬਿਗਰੇ॥” ਨਟ ਅ: ਮ: ੫

ਭਾਵ: ਮਾਇਆ ਦੇ ਲੋਭ/ਲਾਲਚ ਦੀ ਮੌਜ/ਲਹਿਰ ਹਲਕੇ ਹੋਏ ਕੁੱਤੇ ਵਾਂਗ ਹੈ; ਜਿਵੇਂ ਹਲਕਿਆ ਕੁੱਤਾ ਜਿਸ ਜਿਸ ਨੂੰ ਵੀ ਵੱਢਦਾ ਜਾਂਦਾ ਹੈ, ਉਹ ਉਹ ਪ੍ਰਾਣੀ ਵੀ ਹਲਕ ਕੇ ਮੰਦਹਾਲ ਹੋ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਮਨੁੱਖ ਮੋਹ-ਮਾਇਆ ਦੀ ਜ਼ਹਿਰ ਨਾਲ ਹਲਕੇ ਹੋਏ ਗੁਰੁ/ਸਾਧ/ਸੰਤ/ਮਹੰਤ/ਪੁਜਾਰੀ ਆਦਿ ਦੀ ਸੰਗਤ ਕਰਦਾ ਹੈ, ਉਹ ਵੀ ਲੋਭ ਦੇ ਕੋੜ੍ਹ ਦਾ ਰੋਗੀ ਬਣ ਜਾਂਦਾ ਹੈ।

ਸਾਰੰਸ਼: ਸਾਨੂੰ, ਆਪਣੇ ਆਪ ਨੂੰ ਗੁਰਸਿੱਖ ਕਹਿਣ ਵਾਲਿਆਂ ਨੂੰ ਚਾਹੀਦਾ ਹੈ ਕਿ ਅਸੀਂ ਪਰਿਪੂਰਨ ਬਾਣੀ-ਗੁਰੂ ਦੀ ਚੇਤਾਵਨੀਂ ਦਾ ਸਤਿਕਾਰ ਕਰਦਿਆਂ ‘ਫਾਹੀ ਸੁਰਤਿ ਮਲੂਕੀ ਵੇਸੁ’ ਕਪਟੀ ਗੁਰੂਆਂ ਤੌਂ ਦੂਰੀ ਰੱਖਦੇ ਹੋਏ ਗਿਆਨ ਦੇ ਸਾਗਰ ਗੁਰੂ (ਗ੍ਰੰਥ) ਦੇ ਇਲਾਹੀ ਹੁਕਮਾਂ ਅਨੁਸਾਰ ਆਪਣਾ ਜੀਵਨ ਗੁਜ਼ਾਰੀਏ, ਸਫ਼ਲਾ ਕਰੀਏ। ਨਹੀਂ ਤਾਂ, ਅਸੀਂ ਆਪਣੀ ਸਾਰੀ ਉਮਰ ਦੀ ਖ਼ੂਨ ਪਸੀਨੇ ਦੀ ਕਮਾਈ, ਤੇ ਪਰਮਾਤਮਾਂ ਦੀ ਬਖ਼ਸ਼ੀ ਹੋਈ ਸ੍ਵਾਸਾਂ ਦੀ ਅਨਮੋਲ ਪੂੰਜੀ ਇਨ੍ਹਾਂ ਠੱਗਾਂ ਕੋਲ ਠਗਵਾ ਕੇ ਇਸ ਸੰਸਾਰ ਤੋਂ ਖ਼ਾਲੀ ਹੱਥ ਜਾਂਦੇ ਹੋਏ ਪਛਤਾਵਾਂਗੇ! ! !

“ਮੈ ਜਾਨਿਆ ਵਡਹੰਸੁ ਹੈ ਤਾ ਮੈ ਕੀਆ ਸੰਗ॥

ਜੇ ਜਾਣਾ ਬਗੁ ਬਪੁੜਾ ਤ ਜਨਮ ਨ ਦੇਦੀ ਅੰਗੁ॥” ਮ: ੩

ਭਾਵ: (ਬਾਹਰੀ ਭੇਖੀ ਦਿੱਖ ਤੋਂ) ਮੈਨੂੰ ਇਉਂ ਲੱਗਿਆ ਕਿ ਇਹ ਕੋਈ ਪਹੁੰਚਿਆ ਹੋਇਆ ਸੰਤ ਹੈ! ਇਸ ਲਈ ਮੈਂ ਉਸ ਦੀ ਸੰਗਤ ਕਰਨ ਲੱਗ ਪਈ। ਜੇ ਪਹਿਲਾਂ ਹੀ ਪਤਾ ਹੁੰਦਾ ਕਿ ਇਹ ਤਾਂ ਭੇਖ ਵਿੱਚ ਲਿਪਟਿਆ ਹੋਇਆ ਮਹਾਂ ਪਾਖੰਡੀ ਹੈ ਤਾਂ ਮੈਂ ਇਸ ਦੀ ਕੁਸੰਗਤ ਵਿੱਚ ਪੈ ਕੇ ਆਪਣਾ ਅਨਮੋਲ ਮਾਨਵ-ਜੀਵਨ ਵਿਅਰਥ ਨਾਂ ਗਵਾਉਂਦੀ! ! !

(ਚਲਦਾ-------)

ਭੁਲ ਚੁਕ ਲਈ ਖਿਮਾ ਦਾ ਜਾਚਕ

ਦਾਸ,

ਗੁਰਇੰਦਰ ਸਿੰਘ ਪਾਲ

ਮਾਰਚ 21, 2010.




.