. |
|
ਜਪੀਐ ਨਾਮੁ, ਅੰਨ ਕੈ ਸਾਦਿ
ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ
ਮਿਸ਼ਨਰੀ ਲਹਿਰ 1956
ਜਪੀਐ ਨਾਮੁ, ਜਪੀਐ ਅੰਨੁ-
ਦਰਅਸਲ ਹੱਥਲਾ ਗੁਰਮਤਿ ਪਾਠ ਕਬੀਰ ਸਾਹਿਬ ਦੇ ਸ਼ਬਦ
“ਧੰਨੁ ਗੁਪਾਲ, ਧੰਨੁ ਗੁਰਦੇਵ” ਨਾਲ
ਸਬੰਧਤ ਹੈ। ਸ਼ੱਕ ਨਹੀਂ ਗੁਰਬਾਣੀ ਅਨੁਸਾਰ,
ਮਨੁੱਖਾ ਸਰੀਰ ਨੂੰ ਚਲਾਉਣ ਲਈ ਅੰਨ ਆਦਿ (ਅਨਾਦਿ) ਹੀ ਜ਼ਰੂਰੀ ਵਸਤਾਂ ਹਨ ਅਤੇ ਮਨੁੱਖ ਨੂੰ ਪ੍ਰਭੂ
ਦੀ ਵੱਡੀ ਦਾਤ ਹਨ। ਇਸ ਦੇ ਬਾਵਜੂਦ ਗੁਰਮਤਿ ਅਨੁਸਾਰ ਪੂਜਾ ਅਕਾਲਪੁਰਖ ਦੀ ਹੀ ਹੋਣੀ ਹੈ। ਉਸ
ਅਕਾਲਪੁਰਖ ਦੀ ਜਿਸ ਨੇ ਕੇਵਲ ਅੰਨ ਹੀ ਬਲਕਿ ਅੰਨ ਦਾ ਮੂਲ ਹਵਾ, ਪਾਣੀ, ਅੱਗ, ਮਿੱਟੀ, ਆਕਾਸ਼ ਆਦਿ
ਸਮਸਤ ਦਾਤਾਂ ਬਖ਼ਸੀਆਂ ਹਨ ਅਤੇ ਜੋ ਆਪ ਵੀ ਆਪਣੀ ਰਚਨਾ ਦੇ ਜ਼ਰੇ ਜ਼ਰੇ `ਚ ਵਿਆਪਕ ਹੈ। ਮਨੁੱਖ ਕੋਲ
ਜਨਮ ਤੋਂ ਹੀ ਹਵਾ, ਅੱਗ, ਪਾਣੀ, ਮਿੱਟੀ, ਆਕਾਸ਼ ਆਦਿ ਉਸ ਦੀਆਂ ਅਜਿਹੀਆਂ ਦਾਤਾਂ ਹਨ ਜਿਨ੍ਹਾਂ ਤੋਂ
ਬਿਨਾ ਅੰਨ ਤਾਂ ਕੀ ਮਨੁੱਖਾ ਸਰੀਰ ਦਾ ਵਜੂਦ ਵੀ ਨਹੀਂ ਰਹਿੰਦਾ। ਇਸ ਲਈ ਸਿੱਖ ਨੇ ਅਕਾਲਪੁਰਖ ਦਾ ਦਰ
ਛੱਡ ਕੇ, ਅੰਨ ਹੋਵੇ ਜਾਂ ਪਾਣੀ ਜਾਂ ਕੁੱਝ ਹੋਰ, ਕਿਸੇ ਵੀ ਦਾਤ ਭਾਵ ਕਿਰਤਮ ਦੀ ਪੂਜਾ ਨਹੀਂ ਕਰਣੀ।
ਮਨੁੱਖਾ ਜਨਮ ਦਾ ਮਕਸਦ ਹੀ, ਆਪਣੇ ਅਸਲੇ, ਕਰਤਾ ਪ੍ਰਭੂ `ਚ ਜੀਉਂਦੇ ਜੀਅ ਅਭੇਦ ਹੋਣਾ ਹੈ।
ਹੱਥਲੇ ਗੁਰਮਤਿ ਪਾਠ ਰਾਹੀਂ ਅੰਨ ਦੇ ਵਿਸ਼ੇ `ਤੇ ਉਚੇਚੇ ਵਿਚਾਰ ਕਰਣ ਦੀ ਲੋੜ
ਪਈ, ਕਾਰਨ “ਸਾਹਿਬ ਸ੍ਰੀ
ਗੁਰੂ ਗ੍ਰੰਥ ਸਾਹਿਬ ਜੀ” ਦੇ ਪੰਨਾ ਨੰ: ੮੭੩ `ਤੇ
ਭਗਤ ਕਬੀਰ ਜੀ ਦਾ ਸ਼ਬਦ “ਧੰਨੁ
ਗੁਪਾਲ, ਧੰਨੁ ਗੁਰਦੇਵ॥ ਧੰਨੁ ਅਨਾਦਿ, ਭੂਖੇ ਕਵਲੁ ਟਹਕੇਵ”
ਹੈ ਜਿਸ ਚੋਂ ਪੂਰੀਆਂ-ਪੂਰੀਆਂ ਵੀ ਨਹੀਂ ਬਲਕਿ ਅੱਧੀਆਂ
ਅੱਧੀਆਂ ਪੰਕਤੀਆਂ ਚੁੱਕ ਕੇ, ਆਮ ਰਾਗੀ ਪ੍ਰਚਾਰਕ ਤਾਂ ਕੀ, ਕੁੱਝ ਨਾਮਵਰ ਵਿਦਵਾਨਾ ਵਲੋਂ ਵੀ ਅਨਰਥ
ਹੋਇਆ ਤੇ ਹੋ ਵੀ ਰਿਹਾ ਹੈ। ਇਹ ਟੂਕਾਂ ਹਨ “ਜਪੀਐ
ਨਾਮੁ, ਜਪੀਐ ਅੰਨੁ” ਤੇ “ਧੰਨੁ
ਅਨਾਦਿ, ਭੂਖੇ ਕਵਲੁ ਟਹਕੇਵ”। ਅਜੋਕੀ ਮੀਡੀਏ ਦੀ
ਸਹੂਲਿਅਤ ਕਾਰਨ ਸੰਸਾਰ ਪੱਧਰ `ਤੇ ਸੰਗਤਾਂ `ਚ ਇਹਨਾ ਟੂਕਾਂ ਦੇ ਜੋ ਅਰਥ ਪੁੱਜ ਰਹੇ ਹਨ; ਅਸਲ `ਚ
ਉਹ ਅਰਥ, ਇੱਕ ਤਾਂ ਸ਼ਬਦ ਵਿਚਲੀ ਉਚਤੱਮ ਭਾਵਨਾ ਤੇ ਸ਼ਬਦ ਦੇ ਮੂਲ ਅਰਥਾਂ ਵਿਰੁਧ ਹਨ। ਦੂਜਾ,
ਪ੍ਰਚਾਰੇ ਜਾ ਰਹੇ ਅਰਥ ਗੁਰਬਾਣੀ ਸਿਧਾਂਤ ਦੇ ਵੀ ਵਿਰੁਧ ਹਨ।
ਇਸ ਲਈ ਗੁਰਬਾਣੀ ਆਧਾਰ `ਤੇ ਜੀਵਾਂ ਦੇ ਰਿਜ਼ਕ ਬਾਰੇ ਕੁੱਝ ਵੀ ਗੱਲ ਕਰਣ ਤੋਂ
ਪਹਿਲਾਂ ਸਾਨੂੰ ਕੁੱਝ ਨੁੱਕਤੇ ਧਿਆਣ `ਚ ਰਖਣੇ ਬਹੁਤ ਜ਼ਰੂਰੀ ਹਨ ਤਾਕਿ ਵਿਸ਼ਾ ਪੂਰੀ ਤਰ੍ਹਾਂ ਸਮਝ `ਚ
ਆ ਸਕੇ।
੧.”ਆਪੇ ਰਿਜਕੁ ਪਹੁਚਾਇਦਾ” (ਪੰ: ੧੦੬੧) -
ਗੁਰਬਾਣੀ ਅਨੁਸਾਰ ਹਰੇਕ ਜੀਵ ਦਾ ਜੋ ਵੀ ਰਿਜ਼ਕ ਪ੍ਰਭੂ ਨੇ
ਨਿਯਤ ਕੀਤਾ ਹੁੰਦਾ ਹੈ, ਕਰਤੇ ਨੇ ਉਸ ਦੇ ਰਿਜ਼ਕ ਦਾ ਪ੍ਰਬੰਧ ਵੀ ਉਸ ਦੇ ਜਨਮ ਤੋਂ ਪਹਿਲਾਂ ਕੀਤਾ
ਹੁੰਦਾ ਹੈ। ਫ਼ੁਰਮਾਨ ਹਨ:
“ਪਹਿਲੋ ਦੇ ਤੈਂ ਰਿਜਕੁ ਸਮਾਹਾ॥ ਪਿਛੋ ਦੇ ਤੈਂ ਜੰਤੁ ਉਪਾਹਾ”
(ਪੰ: ੧੩੦) ਜਾਂ
“ਜੀਅ ਜੰਤ ਸਭਿ ਪਾਛੈ ਕਰਿਆ, ਪ੍ਰਥਮੇ ਰਿਜਕੁ ਸਮਾਹਾ”
(ਪੰ: ੧੨੩੫)
੨ .
ਗੁਰਬਾਣੀ ਅੰਦਰ ਰਿਜ਼ਕ ਦਾ ਅਰਥ ਕੇਵਲ ਅੰਨ ਅਦਿ
ਪਦਾਰਥ ਹੀ ਨਹੀਂ ਹਨ ਬਲਕਿ ਗੁਰਬਾਣੀ `ਚ ਰਿਜ਼ਕ ਦੇ ਅਰਥ ਵਿਰਾਟ ਹਨ।
੩. ਹਰੇਕ ਜੀਵ ਦੇ ਜੀਵਨ ਨੂੰ ਚਲਾਉਣ ਲਈ ਪ੍ਰਭੂ ਨੇ ਜੋ ਵੀ ਉਸ ਜੀਵ ਦੀ
ਖ਼ੁਰਾਕ ਨਿਯਤ ਕੀਤੀ ਹੈ, ਗੁਰਬਾਣੀ `ਚ ਉਸੇ ਨੂੰ ਹੀ ਉਸ ਜੀਵ ਦਾ ਰਿਜ਼ਕ ਕਿਹਾ ਹੈ। ਜਿਵੇਂ “ ਸੈਲ
ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ”
(ਪੰ: ੧੦)।
ਸਪਸ਼ਟ ਹੈ ਕਿ
ਇਥੇ ਪੱਥਰਾਂ ਤੇ ਚਟਾਨਾਂ `ਚ ਪੈਦਾ ਹੋਣ ਵਾਲੇ ਜੀਵਾਂ ਦਾ
ਰਿਜ਼ਕ ਅੰਨ ਨਹੀਂ। ਇਸੇ ਤਰ੍ਹਾਂ ਬੇਅੰਤ ਕਿਸਮ ਦੇ ਜੀਵ ਹਨ ਜਿਨ੍ਹਾਂ ਦੀ ਖ਼ੁਰਾਕ ਅੰਨ ਤਾਂ ਨਹੀਂ ਪਰ
ਗੁਰਬਾਣੀ ਸ਼ਬਦਾਵਲੀ `ਚ ਉਹਨਾਂ ਦੀ ਖ਼ੁਰਾਕ ਲਈ ਵੀ ਲਫ਼ਜ਼ ਰਿਜ਼ਕ ਹੀ ਆਇਆ ਹੈ।
੪. ਦੇਖ ਚੁੱਕੇ ਹਾਂ ਕਿ
ਕਿਸੇ ਵੀ ਜੀਵ ਦੀ ਖ਼ੁਰਾਕ, ਅੰਨ ਹੋਵੇ ਜਾਂ ਕੁੱਝ ਹੋਰ ਪਰ ਹਰੇਕ ਜੀਵ ਦਾ ਰਿਜ਼ਕ ਅਥਵਾ ਉਸ ਦੀ ਖ਼ੁਰਾਕ
ਦਾ ਪ੍ਰਬੰਧ ਪ੍ਰਭੂ ਨੇ ਜੀਵ ਦੇ ਜਨਮ ਤੋਂ ਪਹਿਲਾਂ ਹੀ ਕੀਤਾ ਹੁੰਦਾ ਹੈ। ਪ੍ਰਭੂ ਕਿਸੇ ਵੀ ਜੀਵ ਨੂੰ
ਭੁੱਖਾ ਨਹੀਂ ਮਾਰਦਾ; ਫ਼ੁਰਮਾਨ ਹੈ
“ਆਪੇ ਭਾਂਤਿ ਬਣਾਏ ਬਹੁ ਰੰਗੀ, ਸਿਸਟਿ
ਉਪਾਇ ਪ੍ਰਭਿ ਖੇਲੁ ਕੀਆ॥ ਕਰਿ ਕਰਿ ਵੇਖੈ ਕਰੇ ਕਰਾਏ, ਸਰਬ ਜੀਆ ਨੋ ਰਿਜਕੁ ਦੀਆ”
(ਪੰ: ੧੩੩੪)
੫. ਮਨੁੱਖਾ ਜੀਵਨ ਲਈ
ਰਿਜ਼ਕ ਦਾ ਮਤਲਬ ਹੀ ਅੰਨ ਅਤੇ ਅੰਨ ਦੇ ਨਾਲ ਦਾਲ-ਸਬਜ਼ੀ ਆਦਿ ਲੋੜੀਂਦੇ ਪਦਾਰਥ ਵੀ ਹਨ। ਇਸੇ ਲਈ
ਹੱਥਲੇ ਗੁਰਮਤਿ ਪਾਠ ਨਾਲ ਸਬੰਧਤ ਸ਼ਬਦ `ਚ ਕਬੀਰ ਸਾਹਿਬ ਨੇ ਅੰਨ ਦੇ ਨਾਲ ਨਾਲ ਲਫ਼ਜ਼ ‘ਅਨਾਦਿ’ ਭਾਵ
‘ਅੰਨ ਆਦਿ’ ਵੀ ਵਰਤਿਆ ਹੈ, ਇਕੱਲਾ ਲਫ਼ਜ਼ ‘ਅੰਨ’ ਨਹੀਂ ਵਰਤਿਆ।
੬. ਮਨੁੱਖ ਹੋ ਕੇ ਵੀ ਅੰਨ
ਛਕਣ ਤੋਂ ਇਨਕਾਰੀ ਹੋਣਾ ਅਤੇ ਬਦਲੇ `ਚ ਆਪਣੇ ਆਪ ਨੂੰ ਫ਼ਲਾਹਾਰੀ, ਦੂਧਾਹਾਰੀ, ਪਉਣਹਾਰੀ ਆਦਿ ਦੱਸਣਾ
ਜਾਂ ਕਹਿਲਵਾਉਣਾ, ਗੁਰਮਤਿ ਅਨੁਸਾਰ ਕੋਰਾ ਪਾਖੰਡ ਹੈ ਜਿਵੇਂ ਕਿ ਹੱਥਲੇ ਸ਼ਬਦ `ਚ ਹੀ ਕਬੀਰ ਸਾਹਿਬ
ਵੀ ਫ਼ੁਰਮਾਅ ਰਹੇ ਹਨ “ਛੋਡਹਿ
ਅੰਨੁ ਕਰਹਿ ਪਾਖੰਡ॥ ਨਾ ਸੋਹਾਗਨਿ ਨਾ ਓਹਿ ਰੰਡ॥ ਜਗ ਮਹਿ ਬਕਤੇ ਦੂਧਾਧਾਰੀ॥ ਗੁਪਤੀ ਖਾਵਹਿ ਵਟਿਕਾ
ਸਾਰੀ” (ਪੰ: ੮੭੩)
੭. ਸੁਆਦਾਂ ਤੋਂ ਪ੍ਰੇਰਿਤ
ਹੋ ਕੇ ਲੋੜ ਤੋਂ ਵੱਧ ਭੋਜਣ ਅਤੇ ਪਦਾਰਥ ਛਕਣੇ ਗੁਰਮਤਿ ਦਾ ਨਿਯਮ ਨਹੀਂ। ਫ਼ੁਰਮਾਨ ਹੈ “ਓਨੀੑ
ਦੁਨੀਆ ਤੋੜੇ ਬੰਧਨਾ, ਅੰਨੁ ਪਾਣੀ ਥੋੜਾ ਖਾਇਆ”
(ਪੰ: ੪੬੭)
੮. ਅਜਿਹੇ ਪਦਾਰਥਾਂ ਦਾ ਸੇਵਨ ਜੋ ਮਨੁੱਖੀ ਮਿਅਦੇ ( Stomach)
ਦੇ ਅਨੂਕੂਲ ਨਾ ਹੋਣ ਤੇ ਨੁਕਸਾਨ ਪਹੁੰਚਾਉਣ ਵਾਲੇ
ਹੋਣ, ਗੁਰਮਤਿ `ਚ ਮਨ੍ਹਾਂ ਕੀਤੇ ਗਏ ਹਨ। ਜਿਵੇਂ
“ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ
ਪਵੈ ਵਿਚਿ ਆਇ॥ ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ॥ ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ
ਸਜਾਇ॥ ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ” (ਪੰ: ੫੫੪) ਅਤੇ “ਬਾਬਾ ਹੋਰੁ ਖਾਣਾ ਖੁਸੀ
ਖੁਆਰੁ॥ ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ”
(ਪੰ:
੧੬).
੯. ਚੰਗੀ ਸੇਹਤ ਤੇ ਸਰੀਰਕ ਚੁਸਤੀ-ਸੰਭਾਲ ਲਈ ਜ਼ਰੂਰੀ ਹੈ ਕਿ ਭੋਜਣ ਨੂੰ
ਸਰੀਰ ਦੀ ਲੋੜ ਤੋਂ ਕੁੱਝ ਘੱਟ ਛਕਣਾ ਹੈ ਅਤੇ ਬਿਨਾ ਲੋੜ ਨਹੀਂ ਛਕਣਾ। ਫ਼ੁਰਮਾਨ ਹਨ “ਖੰਡਿਤ ਨਿਦ੍ਰਾ
ਅਲਪ ਅਹਾਰੰ ਨਾਨਕ ਤਤੁ ਬੀਚਾਰੋ” ( ਪੰ:
੯੩੯)। ਇਸ ਤਰਾਂ ਜ਼ਰੂਰਤ ਤੋਂ ਵੱਧ ਭੋਜਨ ਛਕਣਾ ਵੀ
ਅਨੇਕਾਂ ਸਰੀਰਕ ਰੋਗਾਂ ਨੂੰ ਸੱਦਾ ਹੁੰਦਾ ਹੈ।
੧੦. ਕੁੱਝ ਲੋਕ ਅੰਨ ਦੀ
ਪੂਜਾ ਕਰਦੇ ਹਨ; ਸ਼ੱਕ ਨਹੀਂ ਕਿ ਮਨੁੱਖ ਲਈ ਅੰਨ ਆਦਿ, ਪ੍ਰਭੂ ਦੀ ਅਜਿਹੀ ਦਾਤ ਹੈ ਜਿਸ ਤੋਂ ਬਿਨਾ
ਮਨੁਖ ਦਾ ਸਰੀਰ ਚਲ ਹੀ ਨਹੀਂ ਸਕਦਾ। ਉਪ੍ਰੰਤ, ਅੰਨ ਦੀ ਉਤਪਤੀ ਦਾ ਆਧਾਰ ਵੀ ਪਾਣੀ ਹੈ ਅਤੇ ਪਾਣੀ
ਬਿਨਾ ਅਨਾਜ ਦਾ ਆਪਣਾ ਵੀ ਕੋਈ ਵਜੂਦ ਨਹੀਂ। ਤਾਂ ਤੇ ਅਕਾਲਪੁਰਖ ਦਾ ਦਰ ਛੱਡ ਕੇ ਜੋ ਲੋਕ ਅਨਾਜ ਦੀ
ਪੂਜਾ ਕਰਦੇ ਹਣ, ਉਹਨਾਂ ਨੂੰ ਤਾਂ ਅਨਾਜ ਤੋਂ ਪਹਿਲਾਂ, ਪਾਣੀ ਦੀ ਪੂਜਾ ਕਰਣੀ ਚਾਹੀਦੀ ਹੈ। ਜਦਕਿ
ਗੁਰਬਾਣੀ ਅਨੁਸਾਰ ਅਕਾਲਪੁਰਖ ਦਾ ਲੜ ਛੱਡ ਕੇ, ਉਸ ਦੀ ਬਖ਼ਸੀ ਕਿਸੇ ਵੀ ਦਾਤ ਭਾਵ ਕਿਰਤਮ ਦੀ ਪੂਜਾ
ਹੀ ਨਿਰੋਲ ਅਗਿਆਣਤਾ ਹੈ।
੧੧. ਇਨਸਾਨ ਜੀਵਨ ਕਰਕੇ ਚੰਗਾ ਹੋਵੇ ਜਾਂ ਮਾੜਾ, ਸਦਾਚਾਰੀ ਹੋਵੇ ਜਾਂ
ਵਿਭਚਾਰੀ ਪ੍ਰਭੂ ਰਿਜ਼ਕ ਸਾਰਿਆਂ ਨੂੰ ਦਿੰਦਾ ਹੈ, ਕਿਸੇ ਦਾ ਵੀ ਰਿਜ਼ਕ ਨਹੀਂ ਖੋਹੰਦਾ। ਫ਼ੁਰਮਾਨ ਹਨ “ ਓਹੁ
ਨਿਰਗੁਣੀਆਰੇ ਪਾਲਦਾ ਭਾਈ, ਦੇਇ ਨਿਥਾਵੇ ਥਾਉ॥ ਰਿਜਕੁ ਸੰਬਾਹੇ ਸਾਸਿ ਸਾਸਿ ਭਾਈ, ਗੂੜਾ ਜਾ ਕਾ
ਨਾਉ” (ਪੰ: 640)
ਅਥਵਾ “ਜੀਉ ਦੀਆ, ਸੁ ਰਿਜਕੁ ਅੰਬਰਾਵੈ॥ ਸਭ ਘਟ ਭੀਤਰਿ, ਹਾਟੁ ਚਲਾਵੈ” (ਪੰ:
794)।
“ਇਕੋ ਸਬਦੁ ਵੀਚਾਰਿ” -
ਗੁਰਬਾਣੀ ਅਨੁਸਾਰ ਪ੍ਰਭੂ ਦੀ ਕਿਸੇ ਵੀ ਦਾਤ ਦੀ ਪੂਜਾ ਪ੍ਰਵਾਣ ਨਹੀਂ, ਪੂਜਾ ਕੇਵਲ ਤੇ ਕੇਵਲ
ਅਕਾਲਪੁਰਖ ਦੀ ਹੋਣੀ ਹੈ। ਇਸ ਨਾਲ ਜਗਿਆਸੂ ਦੇ ਜੀਵਨ `ਚੋਂ ਭਟਕਣਾ-ਤ੍ਰਿਸ਼ਨਾ ਮੁੱਕ ਜਾਂਦੀ ਹੈ, ਉਸ
ਦੇ ਮਨ ਤੇ ਜੀਵਨ `ਚ ਸੰਤੋਖ ਆ ਜਾਂਦਾ ਹੈ। ਜਗਿਆਸੂ ਨੂੰ ਜੀਵਨ ਦੇ ਸਾਰੇ ਖਜ਼ਾਨੇ ਗੁਰਬਾਣੀ ਵਿਚੋਂ
ਆਪਣੇ ਆਪ ਹੀ ਪ੍ਰਾਪਤ ਹੋ ਜਾਂਦੇ ਹਨ, ਇਧਰ ਉਧਰ ਦੀ ਝਾਕ ਰਹਿੰਦੀ ਹੀ ਨਹੀਂ। ਸਭ ਤੋਂ ਉੱਤਮ ਗੱਲ ਕਿ
ਉਸ ਦਾ ਸਿਧਾ ਸਬੰਧ ਆਪਣੇ ਕਰਤੇ ਤੇ ਪਾਲਣਹਾਰੇ ਪ੍ਰਭੂ ਨਾਲ ਬਣ ਆਉਂਦਾ ਹੈ ਜਿਸ ਬਾਰੇ ਫ਼ੁਰਮਾਨ ਹੈ “ਹਰਿ
ਬਿਨੁ ਕੋਈ ਮਾਰਿ ਜੀਵਾਲਿ ਨ ਸਕੈ, ਮਨ ਹੋਇ ਨਿਚਿੰਦ ਨਿਸਲੁ ਹੋਇ ਰਹੀਐ”
(ਪੰ: ੫੯੪)
ਇਸ ਤੋਂ ਇਲਾਵਾ, ਗੁਰਬਾਣੀ ਵਿਚਲੇ ਕਿਸੇ ਵੀ ਅੰਗ ਦੇ ਅਰਥ ਕਰਣ ਸਮੇਂ ਇਹ
ਨਹੀਂ ਭੁਲਣਾ ਚਾਹੀਦਾ ਕਿ ਗੁਰਬਾਣੀ `ਚ ਪੈਂਤੀ ਲਿਖਾਰੀ ਹਨ। ਇਸ ਦੇ ਬਾਵਜੂਦ ਸਮੂਚੀ ਗੁਰਬਾਣੀ ਦਾ
ਮੂਲ ਧੁਰਾ ਇਕੋ ਹੀ ਹੈ, ਕਿਧਰੇ ਸਵੈ ਵਿਰੋਧ ਨਹੀਂ। ਗੁਰਬਾਣੀ ਫ਼ੁਰਮਾਨ ਹੈ “ ਇਕਾ
ਬਾਣੀ, ਇਕੁ ਗੁਰੁ, ਇਕੋ ਸਬਦੁ ਵੀਚਾਰਿ॥ ਸਚਾ ਸਉਦਾ, ਹਟੁ ਸਚੁ, ਰਤਨੀ ਭਰੇ ਭੰਡਾਰ”
(ਪੰ: ੬੪੬) ਭਾਵ ਸੰਪੂਰਣ ਗੁਰਬਾਣੀ ਇਕੋ ‘ਗੁਰੂ’ ਤੇ ਇੱਕੋ
ਕਰਤੇ ਅਕਾਲਪੁਰਖ ਨਾਲ ਜੋੜਣ ਵਾਲੀ ਹੈ। ਸਾਰੀ ਗੁਰਬਾਣੀ ਦਾ ਵਿਚਾਰ ਧੁਰਾ ਇਕੋ ਹੀ ਹੈ। ਜਗਿਆਸੂ
ਚਾਹੇ ਕੋਈ ਵੀ ਹੋਵੇ, ਸੰਸਾਰ ਪਧਰ `ਤੇ ਹਰੇਕ ਮਨੁੱਖ ਨੂੰ ‘ਗੁਰੂ ਗ੍ਰੰਥ ਸਾਹਿਬ ਜੀ’ ਪਾਸੋਂ, ਇਕੋ
ਹੀ ਜੀਵਨ ਸੇਧ ਮਿਲੇਗੀ, ਭਿੰਨ ਭਿੰਨ ਨਹੀਂ। ਫ਼ੁਰਮਾਨ ਹੈ “ਖਤ੍ਰੀ
ਬ੍ਰਾਹਮਣ ਸੂਦ ਵੈਸ, ਸਭ ਏਕੈ ਨਾਮਿ ਤਰਾਨਥ॥ ਗੁਰੁ ਨਾਨਕੁ ਉਪਦੇਸੁ ਕਹਤੁ ਹੈ, ਜੋ ਸੁਨੈ ਸੋ ਪਾਰਿ
ਪਰਾਨਥ” (ਪੰ: ੧੦੦੧)
“ਧੰਨੁ ਗੁਪਾਲ, ਧੰਨੁ ਗੁਰਦੇਵ” - ਇਸ
ਤਰ੍ਹਾਂ ਪਹਿਲਾਂ ਅਸੀਂ ਕਬੀਰ ਸਾਹਿਬ ਦੇ ਸਬੰਧਤ ਸ਼ਬਦ ਦੇ ਦਰਸ਼ਨ ਕਰਦੇ ਹਾਂ, ਜੋ ਇਸ ਗੁਰਮਤਿ ਪਾਠ ਦਾ
ਮੂਲ ਵਿਸ਼ਾ ਹੈ। ਇਹ ਸ਼ਬਦ ਹੈ
“ਗੋਂਡ॥ ਧੰਨੁ ਗੁਪਾਲ, ਧੰਨੁ ਗੁਰਦੇਵ॥ ਧੰਨੁ ਅਨਾਦਿ, ਭੂਖੇ ਕਵਲੁ ਟਹਕੇਵ॥ ਧਨੁ ਓਇ ਸੰਤ ਜਿਨ ਐਸੀ
ਜਾਨੀ॥ ਤਿਨ ਕਉ ਮਿਲਿਬੋ ਸਾਰਿੰਗਪਾਣੀ॥ ੧॥ ਆਦਿ ਪੁਰਖ ਤੇ ਹੋਇ ਅਨਾਦਿ॥ ਜਪੀਐ ਨਾਮੁ ਅੰਨ ਕੈ ਸਾਦਿ॥
੧॥ ਰਹਾਉ॥ ਜਪੀਐ ਨਾਮੁ ਜਪੀਐ ਅੰਨੁ॥ ਅੰਭੈ ਕੈ ਸੰਗਿ ਨੀਕਾ ਵੰਨੁ॥ ਅੰਨੈ ਬਾਹਰਿ ਜੋ ਨਰ ਹੋਵਹਿ॥
ਤੀਨਿ ਭਵਨ ਮਹਿ ਅਪਨੀ ਖੋਵਹਿ॥ ੨॥ ਛੋਡਹਿ ਅੰਨੁ ਕਰਹਿ ਪਾਖੰਡ॥ ਨਾ ਸੋਹਾਗਨਿ ਨਾ ਓਹਿ ਰੰਡ॥ ਜਗ ਮਹਿ
ਬਕਤੇ ਦੂਧਾਧਾਰੀ॥ ਗੁਪਤੀ ਖਾਵਹਿ ਵਟਿਕਾ ਸਾਰੀ॥ ੩॥ ਅੰਨੈ ਬਿਨਾ ਨ ਹੋਇ ਸੁਕਾਲੁ॥ ਤਜਿਐ ਅੰਨਿ, ਨ
ਮਿਲੈ ਗੁਪਾਲੁ॥ ਕਹੁ ਕਬੀਰ, ਹਮ ਐਸੇ ਜਾਨਿਆ॥ ਧੰਨੁ ਅਨਾਦਿ, ਠਾਕੁਰ ਮਨੁ ਮਾਨਿਆ॥ ੪॥ ੮॥ ੧੧॥
(ਪੰ: ੮੭੩) “ਉਪ੍ਰੰਤ
ਅਸਾਂ ਇਸ ਸ਼ਬਦ ਦੇ ਮੂਲ ਅਰਥਾਂ ਨੂੰ ਸਮਝਣਾ ਹੈ; ਤਾ ਕਿ ਪਤਾ ਲੱਗ ਸਕੇ ਕਿ ਅਜਿਹਾ ਫ਼ਰਕ ਕਿਉਂ ਤੇ
ਕਿੱਥੇ ਆ ਰਿਹਾ ਹੈ।
“ਆਦਿ ਪੁਰਖ ਤੇ ਹੋਇ ਅਨਾਦਿ” -
“ਅਨਾਦਿ”
ਦੇ ਅਰਥ ਹਨ ਅੰਨ ਆਦਿ, ਇਹ ਟੂਕ ਸਬੰਧਤ ਸ਼ਬਦ ਦੇ ਰਹਾਉ
ਵਾਲੇ ਬੰਦ `ਚੋਂ ਲਈ ਗਈ ਹੈ ਜਿੱਥੇ ਕਿ ਭਗਤ ਜੀ ਸਪਸ਼ਟ ਲਫ਼ਜ਼ਾਂ `ਚ ਕਹਿ ਰਹੇ ਹਨ ਕਿ ਅੰਨ ਅਤੇ ਅੰਨ
ਨਾਲ ਸਬੰਧਤ ਸਾਰੇ ਪਦਾਰਥ ਦੇਣ ਵਾਲਾ ਅਦਿਪੁਰਖ ਭਾਵ ਅਕਾਲਪੁਰਖ ਹੀ ਹੈ, ਉਸ ਤੋਂ ਬਿਨਾ ਹੋਰ ਕੋਈ
ਨਹੀਂ। ਉਂਝ ਵੀ ਗੁਰਬਾਣੀ ਦਾ ਸਿਧਾਂਤ ਹੈ ਕਿ ਕਿਸੇ ਵੀ ਸ਼ਬਦ `ਚ ‘ਰਹਾਉ’ ਵਾਲਾ ਬੰਦ, ਸ਼ਬਦ ਦਾ
ਕੇਂਦਰੀ ਭਾਵ ਹੋਇਆ ਕਰਦਾ ਹੈ। ਇਸੇ ਤਰ੍ਹਾਂ ਕਬੀਰ ਸਾਹਿਬ ਦੇ ਇਸ ਸ਼ਬਦ `ਚ ਵੀ ‘ਰਹਾਉ’ ਵਾਲਾ ਬੰਦ
ਹੈ “ਆਦਿ ਪੁਰਖ ਤੇ ਹੋਇ
ਅਨਾਦਿ॥ ਜਪੀਐ ਨਾਮੁ ਅੰਨ ਕੈ ਸਾਦਿ॥ ੧॥ ਰਹਾਉ॥”
ਗਹੁ ਨਾਲ ਦੇਖਿਆ ਜਾਵੇ, ਕਬੀਰ ਸਾਹਿਬ ਦੇ ਇਸ ਸ਼ਬਦ `ਚ
ਵਿਆਖਿਆ ਤਾਂ ਵਿਆਖਿਆ, ਸ਼ਬਦ ਦਾ ‘ਰਹਾਉ’ ਵਾਲਾ ਬੰਦ ਹੀ ਸ਼ਬਦ ਦੇ ਮੂਲ ਅਰਥਾਂ ਅਤੇ ਇਸ ਪੱਖੋਂ
ਗੁਰਮਤਿ ਸਿਧਾਂਤ ਨੂੰ ਸਪਸ਼ਟ ਕਰ ਰਿਹਾ ਹੈ। ਫ਼ਿਰ ਵੀ ਨਾ-ਜਾਣੇ ਕਿਉਂ ਸਾਡੇ ਇਹ ਪ੍ਰਚਾਰਕ ਸੱਜਨ, ਇਸ
ਸ਼ਬਦ ਦੇ ਮੂਲ ਅਰਥਾਂ ਤੋਂ ਖੁੰਜ ਕੇ ਅਤੇ ਰਹਾਉ ਵਾਲੀ ਪੰਕਤੀ ਤੋਂ ਹੱਟ ਕੇ, ਸ਼ਬਦ ਤੋਂ ‘ਅੰਨ (ਅਨਾਜ)
ਪੂਜਾ’ ਵਾਲੇ ਬ੍ਰਾਹਮਣੀ ਅਰਥਾਂ ਵਾਲਾ ਪ੍ਰਭਾਵ ਦੇ ਰਹੇ ਹਨ।
ਬਲਕਿ ਇਥੋਂ ਤੀਕ ਹੋ ਰਿਹਾ ਹੈ ਕਿ ਸ਼ਬਦ ਦਾ ਰਹਾਉ ਵਾਲਾ ਬੰਦ ਤਾਂ ਦੂਰ, ਸ਼ਬਦ
`ਚੋਂ ਦੋ ਪੰਕਤੀਆਂ ਤੇ ਉਹ ਵੀ ਅੱਧੀਆਂ-ਅੱਧੀਆਂ “ ਜਪੀਐ
ਨਾਮੁ, ਜਪੀਐ ਅੰਨੁ” ਅਤੇ “ਧੰਨੁ
ਅਨਾਦਿ, ਭੂਖੇ ਕਵਲੁ ਟਹਕੇਵ” ਚੁੱਕ ਕੇ ਹੀ ਸ਼ਬਦ
ਦੇ ਗੁਰਮਤਿ ਸਿਧਾਂਤ ਵਿਰੁਧ ਅਰਥ ਕੀਤੇ ਜਾ ਰਹੇ ਹਨ। ਸ਼ਬਦ ਦੇ ਅਰਥ ਦਿੱਤੇ ਜਾ ਰਹੇ ਹਨ ਜਿਵੇਂ ਕਿ
ਭਗਤ ਜੀ ਜਗਿਆਸੂ ਨੂੰ, ਅੰਨ ਦੀ ਪੂਜਾ ਦਾ ਉਪਦੇਸ਼ ਕਰ ਰਹੇ ਹੋਣ। ਕਹਿ ਰਹੇ ਹੋਣ, ਕਿ ਸਿੱਖ ਨੇ ਅੰਨ
ਦੀ ਪੂਜਾ ਵੀ ਉਸੇ ਤਰ੍ਹਾਂ ਕਰਣੀ ਹੈ ਜਿਵੇਂ
‘ਗੁਰੂ’
ਤੇ
‘ਅਕਾਲਪੁਰਖ’
ਦੀ। ਜਦਕਿ ਸ਼ਬਦ ਦੇ ਅਜਿਹੇ ਅਰਥ ਗੁਰਬਾਣੀ ਸਿਧਾਂਤ ਅਨੁਸਾਰ
ਤਿੰਨ ਕਾਲ ਵੀ ਸੰਭਵ ਨਹੀਂ। ਇਸ ਤੋਂ ਵੱਡਾ ਅਨਰਥ ਉਸ ਵੇਲੇ ਹੁੰਦਾ ਹੈ ਜਦੋਂ “ਜਪੀਐ
ਨਾਮੁ, ਜਪੀਐ ਅੰਨੁ” ਅਤੇ “ਧੰਨੁ
ਅਨਾਦਿ, ਭੂਖੇ ਕਵਲੁ ਟਹਕੇਵ” ਇਹਨਾ ਅੱਧੀਆਂ
ਅੱਧੀਆਂ ਪੰਕਤੀਆਂ ਨੂੰ ਆਧਾਰ ਬਣਾ ਕੇ ਆਪਣੀ ਗ਼ਲਤ ਬਿਆਨੀ ਤੇ ਅਗਿਆਣਤਾ ਦੇ ਪ੍ਰਗਟਾਵੇ ਨੂੰ ਠੀਕ
ਸਾਬਤ ਕਰਣ ਲਈ ਕਹਿ ਦਿੱਤਾ ਜਾਂਦਾ ਹੈ “ਦੇਖੋ ਜੀ! ਇਹ ਮੈ ਨਹੀਂ ਕਹਿ ਰਿਹਾ, ਇਹ ਤਾਂ ਗੁਰਬਾਣੀ `ਚ
ਲਿਖਿਆ ਹੈ ਤੇ ਕਬੀਰ ਜੀ ਕਹਿ ਰਹੇ ਹਨ” ਆਦਿ। ਉਥੇ ਇਹਨਾ ਦੋ ਅਧੂਰੀਆਂ ਪੰਕਤੀਆਂ `ਚੋਂ ਵੀ ਖਾਸ ਤੌਰ
`ਤੇ ਜੋ ਗੁਰਬਾਣੀ ਟੂਕ ਉਭਾਰੀ ਜਾਂਦੀ ਹੈ ਉਹ ਹੈ “ਜਪੀਐ
ਨਾਮੁ, ਜਪੀਐ ਅੰਨੁ”। ਜਦਕਿ ਗੁਰਬਾਣੀ ਦੀ ਮਾੜੀ
ਜਿਨੀਂ ਸੋਝੀ ਰਖਣ ਵਾਲਾ ਵੀ ਜਾਣਦਾ ਹੈ ਕਿ ਸੰਪੂਰਣ ਗੁਰਬਾਣੀ `ਚੋਂ ਕੋਈ ਵੀ ਤੇ ਕਿਧਰੋਂ ਵੀ ਕੇਵਲ
ਇਕ, ਅੱਧੀ ਪੰਕਤੀ ਚੁੱਕ ਕੇ, ਉਸ ਦੇ ਮਨ ਮਰਜ਼ੀ ਦੇ ਅਰਥ ਕਰਣ ਦਾ ਕਿਸੇ ਨੂੰ ਕੋਈ ਹੱਕ ਨਹੀਂ। ਕਿਸੇ
ਕੋਲ ਇਹ ਹੱਕ ਉਦੋਂ ਤੀਕ ਨਹੀਂ, ਜਦ ਤੀਕ ਕਿ ਅਮੁੱਕੀ ਪੰਕਤੀ ਜਾਂ ਪ੍ਰਮਾਣ ਦੇ ਅਰਥ ਸਬੰਧਤ ਸ਼ਬਦ,
ਛੰਦ ਜਾਂ ਰਚਨਾ ਦੇ ਮੂਲ ਪ੍ਰਕਰਣ ਨਾਲ ਨਾ ਰਲਦੇ ਹੋਣ।
ਦੇਖ ਚੁੱਕੇ ਹਾਂ ਕਿ ਇਥੇ ‘ਰਹਾਉ’ ਵਾਲੇ ਬੰਦ `ਚ ਹੀ ਭਗਤ ਜੀ ਨਿਰਣਾ ਦੇ
ਰਹੇ ਹਨ ਕਿ ਅੰਨ ( ਅਨਾਦਿ)
ਨੂੰ ਦੇਣ ਵਾਲਾ ਕੇਵਲ ਆਦਿਪੁਰਖ ਹੈ ਅਤੇ ਉਸ ਤੋਂ
ਛੁੱਟ ਹੋਰ ਕੋਈ ਨਹੀਂ। ਇਥੇ ਕਬੀਰ ਜੀ ਤਾਂ ਇਹ ਵੀ ਦ੍ਰਿੜ ਕਰਵਾ ਰਹੇ ਹਨ ਕਿ “ਜਪੀਐ
ਨਾਮੁ, ਅੰਨ ਕੈ ਸਾਦਿ” ਭਾਵ ਅਨਾਜ ਦੀ ਵਰਤੋਂ
ਕਰ ਕੇ, ਮਨੁੱਖ ਨੇ ਆਪਣੇ ਸਰੀਰ ਦੀ ਪਾਲਣਾ ਇਸ ਲਈ ਕਰਣੀ ਹੈ ਤਾ ਕਿ ਆਪਣੇ ਜਿਸ ਅਸਲੇ ਪ੍ਰਭੂ `ਚ
ਸਮਾਉਣ ਲਈ, ਪ੍ਰਭੂ ਨੇ ਸਾਨੂੰ ਮਨੁੱਖਾ ਸਰੀਰ ਬਖ਼ਸ਼ਿਆ ਹੈ, ਅੰਨ ਛੱਕ ਕੇ ਇਸ ਨੂੰ ਕਰਤੇ ਦੀਆਂ
ਸਿਫ਼ਤਾਂ ਦੇ ਯੋਗ ਬਣਾ ਸਕੀਏ। ਅੰਨ ਇਸ ਲਈ ਛਕਣਾ ਹੈ ਤਾਕਿ ਪ੍ਰਭੂ ਦੀ ਸਿਫ਼ਤ ਸਲਾਹ ਲਈ ਸਾਡੇ ਸਰੀਰ
`ਚ ਹਿੰਮਤ ਆ ਸਕੇ।
ਸਪਸ਼ਟ ਹੈ ਜਦੋਂ ਮਨੁੱਖਾ ਸਰੀਰ ਦੇ ਵਾਧੇ ਲਈ, ਪ੍ਰਭੂ ਨੇ ਇਸ ਦਾ ਰਿਜ਼ਕ ਹੀ
ਅੰਨ ਆਦਿ ( ਅਨਾਦਿ)
ਬਖਸ਼ਿਆ ਹੈ ਅਤੇ ਅੰਨ ਤੋਂ ਬਿਨਾ ਸਾਡਾ ਸਰੀਰ ਚਲ ਹੀ ਨਹੀਂ
ਸਕਦਾ। ਤਾਂ ਫ਼ਿਰ, ਜੇ ਕੋਈ ਮਨੁੱਖ ਜਾਣ ਬੁਝ ਕੇ ਅੰਨ ਦੀ ਹੀ ਲਾਪਰਵਾਹੀ ਕਰੇ ਤਾਂ ਅਜਿਹਾ ਕਰਣਾ, ਕੀ
ਪ੍ਰਭੂ ਹੁਕਮ ਦੀ ਅਵਗਿਆ ਨਹੀਂ? ਖਾਸ ਤੌਰ `ਤੇ "ਅੰਨੁ
ਨ ਖਾਇਆ ਸਾਦੁ ਗਵਾਇਆ” (ਪੰ: ੪੬੮) ਅਨੁਸਾਰ
ਬਦੋਬਦੀ ਵਰਤ ਰਖਣੇ, ਜਾਂ ਕਿਸੇ ਪੱਜ ਅੰਨ ਨਾ ਛਕਣ ਵਾਲਾ ਪਾਖੰਡ ਕਰਣਾ। ਇਸ ਤਰ੍ਹਾਂ ਇਹ ਸਭ ਮਨੁੱਖਾ
ਸਰੀਰ ਦੀ ਪ੍ਰਵਰਿਸ਼ ਲਈ ਪ੍ਰਭੂ ਦੇ ਨਿਯਮ ਦੀ ਉਲੰਘਣਾ ਹਨ ਅਤੇ ਆਪਣੇ ਨਾਲ ਜ਼ਿਆਦਤੀ ਵੀ। ਅਜਿਹਾ ਕਰਣਾ
ਹੋਰ ਵੀ ਗ਼ਲਤ ਹੋ ਜਾਂਦਾ ਹੈ ਜਦੋਂ ਪ੍ਰਭੂ ਦੀ ਅਮੁਲੀ ਦਾਤ ‘ਅੰਨ’ ਨੂੰ ਤਾਂ ਵਰਤੇ ਪਰ ਜਿਸ ਮਕਸਦ ਲਈ
ਮਨੁੱਖਾ ਜਨਮ ਮਿਲਿਆ ਹੈ ਉਸ ਨੂੰ ਵਿਸਾਰ ਕੇ “ਆਹਰ
ਸਭਿ ਕਰਦਾ ਫਿਰੈ, ਆਹਰੁ ਇਕੁ ਨ ਹੋਇ॥ ਨਾਨਕ ਜਿਤੁ ਆਹਰਿ ਜਗੁ ਉਧਰੈ, ਵਿਰਲਾ ਬੂਝੈ ਕੋਇ”
(ਪੰ: ੯੬੫) ਅਨੁਸਾਰ ਅਮੁਲੇ ਸਰੀਰ ਨੂੰ ਹੋਰ-ਹੋਰ ਆਹਿਰਾਂ
`ਚ ਹੀ ਲਗਾਈ ਰਖੇ।
ਹੋਰ ਤਾਂ ਹੋਰ, “ ਜਪੀਐ
ਨਾਮੁ, ਜਪੀਐ ਅੰਨੁ” ਅਤੇ “ਧੰਨੁ
ਅਨਾਦਿ, ਭੂਖੇ ਕਵਲੁ ਟਹਕੇਵ” ਸ਼ਬਦ ਵਿਚੋਂ ਇਹ ਦੋ
ਟੂਕਾਂ ਹਨ ਜਿਨ੍ਹਾਂ ਦੇ ਜਾਣੇ-ਅਣਜਾਣੇ ਗ਼ਲਤ ਤੇ ਗੁਮਰਾਹਕੁਣ ਅਰਥ ਪ੍ਰਚਾਰੇ ਜਾ ਰਹੇ ਹਨ। ਇਹ ਵੀ
ਦੇਖ ਚੁੱਕੇ ਹਾਂ ਕਿ ਉਹ ਪ੍ਰਚਾਰ ਵੀ ਇਸ ਤਰ੍ਹਾਂ ਦਾ ਹੋ ਰਿਹਾ ਹੈ ਜਿਵੇਂ ਕਬੀਰ ਸਾਹਿਬ, ਅੰਨ ਦੀ
ਪੂਜਾ ਲਈ ਪ੍ਰੇਰ ਰਹੇ ਹੋਣ, ਅੰਨ ਨੂੰ ਪ੍ਰਭੂ ਦੀੰ ਬਰਾਬਰੀ ਦੇ ਰਹੇ ਹੋਣ। ਇਸ ਤੋਂ ਵੱਡੀ ਗੱਲ,
ਕਬੀਰ ਸਾਹਿਬ ਦੇ ਜਿਸ ਸ਼ਬਦ `ਚੋਂ ਇਹ ਟੂਕਾਂ ਲਈਆਂ ਜਾ ਰਹੀਆਂ ਹਨ, ਜੇ ਘਟ ਤੋਂ ਘਟ ਇਹ ਪੰਕਤੀਆਂ “ਧੰਨੁ
ਗੁਪਾਲ, ਧੰਨੁ ਗੁਰਦੇਵ॥ ਧੰਨੁ ਅਨਾਦਿ, ਭੂਖੇ ਕਵਲੁ ਟਹਕੇਵ”
ਅਤੇ “ਜਪੀਐ
ਨਾਮੁ ਜਪੀਐ ਅੰਨੁ॥ ਅੰਭੈ ਕੈ ਸੰਗਿ ਨੀਕਾ ਵੰਨੁ”
ਹੀ ਪੂਰੀਆਂ-ਪੂਰੀਆਂ ਲੈ ਲਈਆਂ ਹੁੰਦੀਆਂ ਤਾਂ ਵੀ ਗੁਰਬਾਣੀ ਅਰਥਾਂ ਨਾਲ ਇਨਾਂ ਵੱਡਾ ਅਨਰਥ ਨਾ
ਹੁੰਦਾ। ਇਸ ਲਈ ਕਬੀਰ ਸਾਹਿਬ ਦੇ ਹੱਥਲੇ ਸ਼ਬਦ ਦੇ ਅਰਥਾਂ ਨੂੰ ਸਮਝਣ ਸਮੇਂ, ਅਸਾਂ ਉਸ ਸ਼ਬਦ ਦੀਆਂ
ਇਹਨਾ ਦੋ ਪੰਕਤੀਆਂ ਵੱਲ ਵੀ ਖਾਸ ਧਿਆਣ ਦੇਣਾ ਹੈ। ਇਸ ਤੋਂ ਇਹ ਵੀ ਸਮਝ ਆਉਂਦੇ ਦੇਰ ਨਹੀਂ ਲਗੇਗੀ
ਕਿ ਆਖਿਰ ਉਹ ਕੀ ਕਾਰਨ ਹਨ ਜਿਸ ਤੋਂ ਪੰਥ ਦੇ ਨਾਮਵਰ ਵਿਦਵਾਨ ਵੀ ਗੁਰਬਾਣੀ ਅਰਥਾਂ `ਚ ਕੋਤਾਹੀ ਕਰ
ਜਾਂਦੇ ਹਨ ਅਤੇ ਗੁਰਬਾਣੀ ਸੇਧ ਤੋਂ ਬਾਹਿਰ ਜਾਣ ਦਾ ਕਾਰਨ ਬਣ ਜਾਂਦੇ ਹਨ। ਉਪ੍ਰੰਤ ਸ਼ਬਦ ਦੇ ਪੰਕਤੀ
ਵਾਰ ਅਰਥ ਹਨ:-
“ਧੰਨੁ ਗੁਪਾਲ, ਧੰਨੁ ਗੁਰਦੇਵ॥ ਧੰਨੁ ਅਨਾਦਿ, ਭੂਖੇ ਕਵਲੁ ਟਹਕੇਵ॥ ਧਨੁ ਓਇ
ਸੰਤ ਜਿਨ ਐਸੀ ਜਾਨੀ॥ ਤਿਨ ਕਉ ਮਿਲਿਬੋ ਸਾਰਿੰਗਪਾਣੀ॥ ੧॥”
ਧੰਨ ਹੈ ਰਚਨਾ ਦਾ ਪਾਲਣਹਾਰ (ਗੋਪਾਲ) ਪ੍ਰਭੂ, ਉਪ੍ਰੰਤ
ਸਤਿਗੁਰੂ ਭਾਵ ਪ੍ਰਭੂ ਦਾ ਹੀ ਬਖ਼ਸ਼ਿਆ ਸੱਚਾ ਆਤਮਕ ਗਿਆਨ ਵੀ ਧੰਨ ਹੈ, ਜੋ ਪਾਲਣਹਾਰ ਪ੍ਰਭੂ ਦੀ ਹੀ
ਸੂਝ ਬਖ਼ਸ਼ਦਾ ਹੈ। ਇਸ ਤੋਂ ਬਾਅਦ ਪ੍ਰਭੂ ਦਾ ਬਖ਼ਸ਼ਿਆ ਅੰਨ ਵੀ ਧੰਨਤਾ ਯੋਗ ਹੈ ਕਿਉਂਕਿ ਇਸ ਅੰਨ ਨੂੰ
ਛੱਕ ਕੇ, ਭੁੱਖ ਦੇ ਸਤਾਏ ਹੋਏ ਮਨੁੱਖ ਦਾ ਹਿਰਦਾ ਫੁੱਲ ਵਾਂਗ ਖਿੜ ਉਠਦਾ ਹੈ। ਇਹੀ ਨਹੀਂ, ਉਹ ਸੰਤ
ਜਨ (ਪ੍ਰਭੂ ਪਿਆਰੇ) ਵੀ ਧੰਨਤਾ ਯੋਗ ਹਨ ਜਿਨ੍ਹਾਂ ਦੇ ਜੀਵਨ ਦੀ ਸਾਂਝ, ਪ੍ਰਭੂ ਨਾਲ ਬਣ ਆਈ ਹੈ ਤੇ
ਉਸ ਤੋਂ ਹੀ ਉਹਨਾਂ ਨੂੰ ਅੰਨ ਆਦਿ ਵਾਲੀਆਂ ਪ੍ਰਭੂ ਦੀਆਂ ਦਾਤਾਂ ਦੀ ਅਸਲੀਅਤ ਵੀ ਸਮਝ `ਚ ਆ ਜਾਂਦੀ
ਹੈ’।
ਸਪਸ਼ਟ ਹੈ ਜਦੋਂ ਮਨੁੱਖ ਨੂੰ ਸਮਝ ਆ ਜਾਂਦੀ ਹੈ ਕਿ ਸਾਡੀ ਜ਼ਿੰਦਗੀ ਦਾ ਪਾਲਕ
ਅਕਾਲਪੁਰਖ ਹੀ ਹੈ। ਇਥੋਂ ਤੀਕ ਕਿ ਇਹ ਵੀ ਸਮਝ ਆ ਜਾਂਦੀ ਹੈ ਕਿ ਪ੍ਰਭੂ ਆਪ ਹੀ ਆਪਣੇ ਪਿਆਰਿਆਂ ਦੀ
ਸੰਗਤ ਬਖ਼ਸ਼ ਕੇ, ਮਨੁੱਖ ਦੇ ਜੀਵਨ ਅੰਦਰ, ਗੁਰੂ ਰੂਪ, ਸੱਚਾ ਆਤਮਕ ਗਿਆਨ ਉਜਾਗਰ ਕਰ ਦਿੰਦਾ ਹੈ
ਜਿਵੇਂ “ਸਤਿਗੁਰੁ ਮੇਰਾ ਸਦਾ
ਸਦਾ ਨਾ ਆਵੈ ਨ ਜਾਇ॥ ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ”
(ਪ: ੭੫੯)।
ਤਾਂ ਮਨੁੱਖ ਨੂੰ ਇਹ ਵੀ ਸਮਝ ਆ ਜਾਂਦੀ ਹੈ ਕਿ ਅੰਨ ਆਦਿ ਜਿਸ ਤੋਂ ਸਾਡਾ
ਸਰੀਰ ਚਲਦਾ ਹੈ ਉਹ ਵੀ ਕੇਵਲ ਇਸ ਲਈ ਧੰਨਤਾ ਦੇ ਯੋਗ ਹੈ ਕਿਉਂਕਿ ਇਹ ਅੰਨ ਆਦਿ ਵੀ, ਉਸ ਪ੍ਰਭੂ
ਦੀਆਂ ਬਖ਼ਸ਼ੀਆਂ ਬੇਅੰਤ ਦਾਤਾਂ `ਚੋਂ ਹੀ ਇੱਕ ਦਾਤ ਹੈ। ਇਸ ਲਈ ਮਨੁੱਖ ਕਰਤੇ ਪ੍ਰਭੂ ਦੇ ਬਖ਼ਸ਼ੀਆਂ ਅੰਨ
ਆਦਿ ਕਿਰਤਮ ਵਸਤੂਆਂ ਦਾ ਪੁਜਾਰੀ ਨਹੀਂ ਬਣਦਾ; ਬਲਕਿ ਹਰੇਕ ਦਾਤ ਲਈ ਅਕਾਲਪੁਰਖ ਦਾ ਹੀ ਧੰਨਵਾਦੀ
ਹੁੰਦਾ ਹੈ। ੧।
“ਆਦਿ ਪੁਰਖ ਤੇ ਹੋਇ ਅਨਾਦਿ॥ ਜਪੀਐ ਨਾਮੁ ਅੰਨ ਕੈ ਸਾਦਿ॥ ੧॥ ਰਹਾਉ॥”
ਧਿਆਣ ਰਹੇ, ਸ਼ਬਦ ਦੀ ਹਰੇਕ ਪੰਕਤੀ ਦੇ ਅਰਥਾਂ ਦਾ
ਧੁਰਾ, ਰਹਾਉ ਦਾ ਬੰਦ ਹੀ ਹੁੰਦਾ ਹੈ ਇਹੀ ਕਾਰਨ ਹੈ ਕਿ ਸ਼ਬਦ ਦੇ ਰਹਾਉ ਵਾਲੇ ਬੰਦ ਦਾ ਵੇਰਵਾ ਅਸੀਂ
ਪਹਿਲਾਂ ਹੀ ਦੇ ਚੁੱਕੇ ਹਾਂ। ਫ਼ਿਰ ਵੀ ਅਰਥਾਂ ਦੀ ਲੜੀ ਨੂੰ ਜੋੜਣ ਲਈ- ਅੰਨ ਆਦਿ (ਅਨਾਦਿ)
ਹਰੇਕ ਦੇਣ ‘ਆਦਿ ਪੁਰਖ’ ਨੇ ਹੀ ਬਖ਼ਸ਼ੀ ਹੈ ਇਸ ਲਈ,
ਮਨੁੱਖ ਨੂੰ ਉਸ ਦੇ ਬਖ਼ਸ਼ੇ ਅੰਨ ਆਦਿ ਪਦਾਰਥ ਵੀ ਇਸ ਲਈ ਛਕਣੇ ਹਨ, ਤਾ ਕਿ ਇਸ ਸਰੀਰ ਨਾਲ, ਪ੍ਰਭੂ ਦੇ
ਗੁਣਾਂ ਦਾ ਗਾਇਣ ਕੀਤਾ ਜਾ ਸਕੇ।
“ਜਪੀਐ ਨਾਮੁ, ਜਪੀਐ ਅੰਨੁ॥ ਅੰਭੈ ਕੈ ਸੰਗਿ, ਨੀਕਾ ਵੰਨੁ॥ ਅੰਨੈ ਬਾਹਰਿ ਜੋ
ਨਰ ਹੋਵਹਿ॥ ਤੀਨਿ ਭਵਨ ਮਹਿ ਅਪਨੀ ਖੋਵਹਿ॥ ੨॥”
ਅੰਭੈ ਦੇ ਅਰਥ ਹਨ ਪਾਣੀ। ਇਸ ਤਰ੍ਹਾਂ ਇਸ ਬੰਦ `ਚ ਕਬੀਰ
ਜੀ ਇਥੋਂ ਤੀਕ ਸਪਸ਼ਟ ਕਰ ਰਹੇ ਹਣ ਕਿ ਜੋ ਲੋਕ ਰਚਨਾ ਦੇ ਪਾਲਣਹਾਰ ਪ੍ਰਭੂ (ਗੋਪਾਲ) ਦਾ ਲੜ ਛੱਡ ਕੇ
ਅੰਨ ਆਦਿ, ਉਸ ਦੀਆਂ ਦਾਤਾਂ ਦੀ ਪੂਜਾ ਕਰਦੇ ਹਨ ਜਾਂ ਅੰਨ ਦੇ ਵਰਤਣ ਤੋਂ ਨਫ਼ਰਤ ਕਰਦੇ ਹਨ। ਸਮਝਣਾ
ਚਾਹੀਦਾ ਹੈ ਕਿ ਇਸ ਅੰਨ ਦਾ ਵਜੂਦ ਵੀ ਉਸੇ ਪਾਣੀ ਤੋਂ ਹੈ, ਜਿਹੜਾ ਪਾਣੀ ਵੀ ਉਸੇ ਪ੍ਰਭੂ ਦੀ ਹੀ
ਦੇਣ ਹੈ।
ਇਸ ਤਰ੍ਹਾਂ ਜੋ ਲੋਕ ਮਨੁੱਖਾ ਸਰੀਰ ਦੀ ਬੁਨਿਆਦੀ ਲੋੜ ਅੰਨ ਦੇ ਤਿਆਗੀ ਹੋਣ
ਦਾ ਢਿੰਡੋਰਾ ਪਿਟਦੇ ਹਨ। ਕਬੀਰ ਸਾਹਿਬ ਉਹਨਾਂ ਲੋਕਾਂ ਬਾਰੇ ਫ਼ੁਰਮਾਉਦੇ ਹਨ ਕਿ ਅਜਿਹੇ ਲੋਕ, ਦਰਅਸਲ
ਸੁਲਝੇ ਲੋਕਾਂ ਦੀਆਂ ਨਜ਼ਰਾਂ `ਚ ਪਾਖੰਡੀ ਹੀ ਹੁੰਦੇ ਹਨ ਅਤੇ ਆਪਣੀ ਇਜ਼ਤ ਦਾ ਵੀ ਆਪ ਹੀ ਖਿਲਵਾੜ
ਕਰਵਾ ਰਹੇ ਹੁੰਦੇ ਹਨ। ਖੂਬੀ ਇਹ,
“ਪਹਿਲਾ ਪਾਣੀ ਜੀਉ ਹੈ ਜਿਤੁ
ਹਰਿਆ ਸਭੁ ਕੋਇ” (ਪ: ੪੭੨) ਅਨੁਸਾਰ ਜਿਸ ਪਾਣੀ
ਤੋਂ ਅੰਨ ਸਮੇਤ ਸਾਰੀ ਰਚਨਾ `ਚ ਹਰਿਆਵਲ ਹੈ। ਜੇ ਉਸ ਪਾਣੀ ਨੂੰ ਵਰਤਣ `ਚ ਕੋਈ ਪਾਪ ਜਾਂ ਬੁਰਾਈ
ਨਹੀਂ ਤਾਂ ਉਸੇ ਪਾਣੀ ਤੋਂ ਉਪਜੇ ਅੰਨ ਤੋਂ ਨਫ਼ਰਤ ਤੇ ਦੂਰੀ ਕਾਹਦੀ? ਇਸ ਤੋਂ ਵੱਧ, ਅਜਿਹੇ ਢੋਂਗੀ
ਲੋਕ, ਪਾਣੀ ਤੋਂ ਬਣੇ ਹੋਏ ਫਲ ਤੇ ਦੁਧ ਆਦਿ ਪਦਾਰਥ ਤਾਂ ਵਰਤ ਲੈਣ ਪਰ ਉਸੇ ਪਾਣੀ ਦੀ ਉਪਜ ਅੰਨ ਨੂੰ
ਤਿਆਗਣ ਦਾ ਪਾਖੰਡ ਜਾਂ ਅੰਨ ਨਾਲ ਨਫ਼ਰਤ ਕਰਣ, ਇਸ `ਚ ਕਿਹੜੀ ਵਡਿਆਈ ਹੈ? । ੨।
ਛੋਡਹਿ ਅੰਨੁ ਕਰਹਿ ਪਾਖੰਡ॥ ਨਾ ਸੋਹਾਗਨਿ ਨਾ ਓਹਿ ਰੰਡ॥ ਜਗ ਮਹਿ ਬਕਤੇ
ਦੂਧਾਧਾਰੀ॥ ਗੁਪਤੀ ਖਾਵਹਿ ਵਟਿਕਾ ਸਾਰੀ॥ ੩॥ ਇਸ ਤਰ੍ਹਾਂ
ਜੋ ਲੋਕ ਅੰਨ ਦੇ ਤਿਆਗ ਵਾਲਾ ਪਾਖੰਡ ਕਰਦੇ ਹਨ, ਉਹ ਸੰਸਾਰ
ਤੱਲ ਤੇ ਉਹਨਾਂ ਕੁਚੱਜੀਆਂ ਤੇ ਬਾਂਝ ਇਸਤ੍ਰੀਆਂ ਵਾਂਗ ਹਨ ਜੋ ਇਸਤ੍ਰੀਆਂ ਹੋ ਕੇ ਵੀ ਨਾ ਸੁਹਾਗਣਾਂ
ਦੀ ਗਿਣਤੀ `ਚ ਹੁੰਦੀਆਂ ਹਨ ਤੇ ਨਾ ਰੰਡੀਆਂ ਦੀ ਗਿਣਤੀ `ਚ।
ਇਸੇ ਤਰ੍ਹਾਂ ਕਰਤੇ ਨੇ, ਅੰਨ ਤਾਂ ਮਨੁੱਖ ਲਈ ਰਿਜ਼ਕ ਬਨਾਇਆ ਹੈ, ਪਰ ਅਜਿਹੇ
ਅੰਨ ਦੇ ਤਿਆਗੀ ਅਖਵਾਉਣ ਵਾਲੇ, ਇੱਕ ਪਾਸੇ ਪ੍ਰਭੂ ਹੁਕਮਾਂ ਦੀ ਉਲੰਘਣਾ ਕਰਕੇ ਪ੍ਰਭੂ ਦਰ ਤੋਂ
ਦੁਰਕਾਰੇ ਜਾਂਦੇ ਹਨ। ਦੂਜੇ ਪਾਸੇ, ਸੰਸਾਰ ਤੱਲ `ਤੇ ਵੀ ਸੋਝੀਵਾਣਾਂ ਦੀ ਨਜ਼ਰ `ਚ ਪਾਖੰਡੀ ਕਿਸਮ ਦੇ
ਲੋਕ ਹੀ ਹੁੰਦੇ ਹਨ।
ਅਜਿਹੇ ਪਾਖੰਡੀ, ਉਂਝ ਤਾਂ ਕਹਿੰਦੇ ਹਨ, ਅਸੀਂ ਨਿਰਾ ਦੁੱਧ ਪੀ ਕੇ ਹੀ
ਗੁਜ਼ਾਰਾ ਕਰਦੇ ਹਾਂ। ਦੂਜੇ ਲਫ਼ਜ਼ਾਂ `ਚ ਮਾਨੋ ਉਹ ਲੋਕ ਕਹਿੰਦੇ ਹਨ ਅਸੀਂ ਅੰਨ ਨਹੀਂ ਛਕਦੇ ਕਿਉਂਕਿ
‘ਅਸੀਂ ਦੁਧਾਧਾਰੀ ਹਾਂ’, ‘ਅਸੀਂ ਫਲਾਹਾਰੀ ਹਾਂ’, ‘ਅਸੀਂ ਪਉਣਆਹਾਰੀ ਹਾਂ’ ਆਦਿ; ਪਰ ਨਾਲ ਹੀ,
ਚੋਰੀ ਚੋਰੀ ਜਿਸ ਅੰਨ ਦੇ ਤਿਆਗ ਦਾ ਪਾਖੰਡ ਕਰਦੇ ਹਨ ਉਸੇ ਅੰਨ ਤੋਂ ਬਣੀਆਂ ਤੇ ਵੱਟੀਆਂ ਹੋਈਆਂ
ਸਾਰੀਆਂ ਵਸਤਾਂ ਭਾਵ ਸਭਕੁਝ ਛਕ ਜਾਂਦੇ ਹਨ। ੩।
ਅੰਨੈ ਬਿਨਾ ਨ ਹੋਇ ਸੁਕਾਲੁ॥ ਤਜਿਐ ਅੰਨਿ, ਨ ਮਿਲੈ ਗੁਪਾਲੁ॥ ਕਹੁ ਕਬੀਰ,
ਹਮ ਐਸੇ ਜਾਨਿਆ॥ ਧੰਨੁ ਅਨਾਦਿ, ਠਾਕੁਰ ਮਨੁ ਮਾਨਿਆ॥ ੪॥
ਅੰਤਮ ਬੰਦ `ਚ ਕਬੀਰ ਸਾਹਿਬ ਫ਼ੈਸਲਾ ਦਿੰਦੇ ਹਨ ਕਿ ਮਨੁੱਖਾ
ਸਰੀਰ ਲਈ ਅੰਨ ਤਾਂ ਪ੍ਰਭੂ ਦੀ ਅਜਿਹੀ ਦਾਤ ਹੈ, ਜਿਸ ਤੋਂ ਬਿਨਾ ਸੁਕਾਲ ਭਾਵ ਮਨੁੱਖ ਦਾ ਜੀਵਨ
ਸੁਆਦਲਾ ਤੇ ਜ਼ਿੰਦਗੀ ਵੀ ਰੁੱਕ ਜਾਂਦੀ ਹੈ ਅਤੇ ਅੰਨ ਦੇ ਤਿਆਗੀ ਨੂੰ ਨਾ ਹੀ ਗੋਪਾਲ ਭਾਵ ਸੰਸਾਰ ਦਾ
ਪਾਲਣਹਾਰ ਪ੍ਰਭੂ ਹੀ ਮਿਲਦਾ ਹੈ। ਕਿਉਂਕਿ ਅੰਨ ਦਾ ਤਿਆਗੀ ਜਦੋਂ ਪ੍ਰਭੂ ਤੋਂ ਵੀ ਵੱਧ ਸਿਆਣਾ ਬਣ
ਕੇ, ਉਸ ਦੇ ਹੁਕਮਾਂ-ਨਿਯਮਾ ਦੀ ਉਲੰਘਣਾ ਕਰ ਰਿਹਾ ਹੁੰਦਾ ਹੈ ਤਾਂ ਪ੍ਰਭੂ ਉਸ ਨੂੰ ਪਸੰਦ ਕਰੇਗਾ ਵੀ
ਕਿਵੇਂ? ਕਬੀਰ ਸਾਹਿਬ ਦ੍ਰਿੜਤਾ ਨਾਲ ਕਹਿੰਦੇ ਹਨ ਕਿ ਅੰਨ ਆਦਿ ਵੀ ਉਦੋਂ ਹੀ ਧੰਨਤਾ ਯੋਗ ਹੈ ਜਦੋਂ
ਇਸ ਅੰਨ ਆਦਿ ਕਰਕੇ, ਅੰਨ ਨੂੰ ਦੇਣ ਵਾਲਾ ਕਰਤਾਰ ਵੀ ਮਨ `ਚ ਵੱਸ ਜਾਵੇ, ਉਸ ਤੋਂ ਬਿਨਾ ਨਹੀਂ। ਅੰਨ
ਸਚਮੁਚ ਹੀ ਪ੍ਰਭੂ ਦੀ ਬੜੀ ਸੁੰਦਰ ਦੇਣ ਅਤੇ ਇਸੇ ਲਈ ਧੰਨਤਾ ਯੋਗ ਵੀ ਹੈ ਕਿਉਂਕਿ ਅੰਨ ਦੇ ਛਕਣ ਨਾਲ
ਹੀ ਮਨ ਪ੍ਰਮਾਤਮਾ ਦੀ ਸਿਫ਼ਤ ਸਲਾਹ `ਚ ਸੌਖਾ ਜੁੜਦਾ ਹੈ। ੪।
“ਧੰਨੁ ਅਨਾਦਿ, ਠਾਕੁਰ ਮਨੁ ਮਾਨਿਆ” - ਸ਼ਬਦ
ਦੀ ਵਿਚਾਰ ਕਰਦੇ, ਭਲੀ ਭਾਂਤ ਦੇਖ ਚੁੱਕੇ ਹਾਂ ਕਿ ਗ਼ਲਤ ਤਰੀਕੇ ਨਾਲ ਸ਼ਬਦ `ਚੋਂ ਦੋ ਅੱਧੀਆਂ ਅੱਧੀਆਂ
ਪੰਕਤੀਆਂ ਚੁੱਕ ਕੇ ਜੋ ਪ੍ਰਭਾਵ ਦਿੱਤਾ ਗਿਆ ਹੈ ਕਿ ਕਬੀਰ ਜੀ ਅੰਨ ਨੂੰ ਵੀ ਅਕਾਲਪੁਰਖ ਦੀ ਬਰਾਬਰੀ
`ਤੇ ਰਖ ਕੇ, ਇਸ ਅੰਨ ਦੀ ਪੂਜਾ ਲਈ ਪ੍ਰੇਰ ਰਹੇ ਹਨ, ਇਹ ਉੱਕਾ ਹੀ ਗ਼ਲਤ ਹੈ। ਸ਼ਬਦ ਦੇ ਗਹੁ ਨਾਲ ਅਰਥ
ਕਰਦੇ ਅਜਿਹਾ ਕਿਧਰੇ ਵੀ ਸਾਬਤ ਨਹੀਂ ਹੋਇਆ। ਬਲਕਿ ਸ਼ਬਦ `ਚ ਅੰਨ ਬਾਰੇ ਕਬੀਰ ਸਾਹਿਬ ਜੋ ਕਹਿ ਰਹੇ
ਹਨ ਅਜਿਹੀ ਪ੍ਰੇਰਣਾ ਤਾਂ ਬਾਕੀ ਗੁਰਬਾਣੀ `ਚ ਵੀ ਅਨੇਕਾਂ ਥਾਵੇਂ ਦਿੱਤੀ ਗਈ ਹੈ ਅਤੇ ਇਹ ਪ੍ਰੇਰਣਾ
ਹੈ ਕਿ ਅੰਨ ਇਸ ਲਈ ਛਕਣਾ ਹੈ ਤਾਕਿ ਪ੍ਰਭੂ ਨਾਲ ਸਾਂਝ ਬਣ ਆਵੇ। ਪ੍ਰਭੂ ਦੀ ਸਿਫ਼ਤ ਸਲਾਹ ਲਈ, ਸਾਡੇ
ਸਰੀਰ ਅੰਦਰ ਹਿੰਮਤ ਆ ਜਾਵੇ।
ਅਸਲ `ਚ ਕਬੀਰ ਜੀ ਦੇ ਇਸ ਸ਼ਬਦ ਦਾ ਪ੍ਰਧਾਨ ਵਿਸ਼ਾ ਹੀ ‘ਅੰਨ’ ਹੈ। ਸਚਾਈ ਵੀ
ਇਹੀ ਹੈ ਕਿ ਮਨੁੱਖਾ ਜੀਵਨ ਨੂੰ ਚਲਾਉਣ ਲਈ ਅੰਨ ਆਦਿ (ਅਨਾਦਿ) ਪ੍ਰਭੂ ਦੀਆਂ, ਅਜਿਹੀਆਂ
ਵੱਡਮੁੱਲੀਆਂ ਵਸਤਾਂ ਤੇ ਦਾਤਾਂ ਹਨ ਜਿਨ੍ਹਾਂ ਤੋਂ ਬਿਨਾ ਮਨੁੱਖਾ ਸਰੀਰ ਜ਼ਿੰਦਾ ਹੀ ਨਹੀਂ ਰਹਿ
ਸਕਦਾ। ਫ਼ਰਕ ਹੈ ਤਾਂ ਸ਼ਬਦ `ਚ ਅੰਨ ਆਦਿ ਵਸਤਾਂ ਲਈ ਵਰਤੀ ਸ਼ਬਦਾਵਲੀ ਤੇ ਪ੍ਰਕਰਣ ਅਨੁਸਾਰ ਉਸ ਦੇ ਅਰਥ
ਲੈਣ `ਚ। ਕਬੀਰ ਜੀ ਦੇ ਸ਼ਬਦ ਹਨ
“ਜਪੀਐ ਨਾਮੁ, ਜਪੀਐ ਅੰਨੁ”
ਅਤੇ
ਪ੍ਰਕਰਣ ਅਨੁਸਾਰ ਨਾਮ ਦੇ ਨਾਲ ਲਫ਼ਜ਼ ‘ਜਪੀਐ’ ਅੰਨ
ਦੀ ਮਨੁੱਖਾ ਸਰੀਰ ਲਈ ਪ੍ਰਭੂ ਵਲੋਂ ਵੱਡਮੁਲੀ ਦਾਤ ਵਜੋਂ ਤਾਰੀਫ਼ ਹੈ। ਇਸ ਦੇ ਅਰਥ ਇਹ ਨਹੀਂ ਹਨ ਕਿ
ਅੰਨ ਨੂੰ ਇਸ ਤਰ੍ਹਾਂ ਜਪੋ ਜਿਵੇਂ ਕਿ ਪ੍ਰਭੂ ਦਾ ਨਾਮ ਜਪਣਾ ਤੇ ਉਸ ਦੀ ਸਿਫ਼ਤ ਸਲਾਹ ਕਰਣੀ ਹੈ। ਸ਼ਕ
ਨਹੀਂ ਕਿ ਮਨੁੱਖਾ ਸਰੀਰ ਲਈ ਅੰਨ ਪ੍ਰਭੂ ਦੀ ਅਜਿਹੀ ਦਾਤ ਹੈ ਜੋ ਸਾਡੇ ਸਰੀਰ ਨੂੰ ਤਾਕਤ ਦਿੰਦਾ ਹੈ।
ਮਨੁੱਖਾ ਜੀਵਨ ਦੀ ਪਰਵਰਿਸ਼ ਅਤੇ ਜੀਵਨ ਦੀ ਸਫ਼ਲਤਾ ਲਈ, ਸਾਡੇ ਸਰੀਰ ਨੂੰ ਪ੍ਰਭੂ ਦੀ ਸਿਫ਼ਤ ਸਲਾਹ ਦੇ
ਯੋਗ ਬਣਾਉਂਦਾ ਹੈ।
ਇਸ ਦੇ ਨਾਲ ਹੀ ਕਬੀਰ ਸਾਹਿਬ ਨੇ ਉਸੇ ਪੰਕਤੀ `ਚ ਇਹ ਵੀ ਸਾਫ਼ ਕਰ ਦਿੱਤਾ ਕਿ
ਉਂਝ ਅੰਨ ਦਾ ਵੀ ਆਪਣਾ ਕੋਈ ਵਜੂਦ ਨਹੀਂ। ਅੰਨ ਦਾ ਵਜੂਦ ਵੀ “ ਅੰਭੈ
ਕੈ ਸੰਗਿ ਨੀਕਾ ਵੰਨੁ” ਅਨੁਸਾਰ ਪਾਣੀ ਕਰਕੇ ਹੀ
ਹੈ, ਜੋ ਅੰਨ ਦੀ ਹਰਿਆਵਲ ਦਾ ਆਧਾਰ ਹੈ। ਉਪ੍ਰੰਤ ਸ਼ਬਦ ਦਾ ਅਰੰਭ, ਸ਼ਬਦ `ਚ ਚਲ ਰਿਹਾ ਮਜ਼ਮੂਨ, ਸ਼ਬਦ
`ਚ ਰਹਾਉ ਦਾ ਬੰਦ ਤੇ ਅੰਤਮ ਫ਼ੈਸਲਾ
“ਧੰਨੁ ਅਨਾਦਿ, ਠਾਕੁਰ ਮਨੁ ਮਾਨਿਆ”
ਇਹੀ ਹੈ ਕਿ ਅੰਨ ਆਦਿ ਪਦਾਰਥ ਤਾਂ, ਤਾਂ ਹੀ
ਸਲਾਹੁਣ ਯੋਗ ਹਨ ਜੇ ਇਹਨਾ ਕਰਕੇ ਪ੍ਰਭੂ ਨਾਲ ਸਾਂਝ ਬਣ ਆਵੇ, ਨਹੀਂ ਤਾਂ ਕੁੱਝ ਵੀ ਨਹੀਂ।
ਦੇਖਣ ਦੀ ਗੱਲ ਹੈ ਕਿ ਸੰਪੂਰਣ ਗੁਰਬਾਣੀ `ਚ ਅਜਿਹਾ ਪ੍ਰਮਾਣ ਇੱਕ ਵੀ ਨਹੀਂ
ਮਿਲੇ ਗਾ ਜਿੱਥੇ ਇਹ ਕਿਹਾ ਹੋਵੇ ਕਿ ਸਿੱਖ ਨੇ ਅੰਨ ਦੀ ਪੂਜਾ ਵੀ ਉਸੇ ਤਰ੍ਹਾਂ ਕਰਣੀ ਹੈ ਜਿਵੇਂ
ਅਕਾਲਪੁਰਖ ਦੀ, ਜਿਹਾ ਕਿ ਕਬੀਰ ਸਾਹਿਬ ਦੇ ਹੱਥਲੇ ਸ਼ਬਦ ਦੇ ਗ਼ਲਤ ਅਰਥ ਪ੍ਰਚਾਰੇ ਗਏ ਹਨ। ਇਸ ਦੇ ਉਲਟ
ਇਹ ਕਹਿਣਾ ਕਿ ਅੰਨ ਤੇ ਉਸ ਨਾਲ ਸਬੰਧਤ ਪਦਾਰਥ (ਅਨਾਦਿ), ਮਨੁੱਖਾ ਜੀਵਨ ਦੀ ਵੱਡੀ ਲੋੜ ਹਨ। ਜਾਂ
ਇਉਂ ਕਿ ਮਨੁੱਖਾ ਸਰੀਰ ਲਈ ਅੰਨ ਆਦਿ ਨੂੰ ਵੀ ਪ੍ਰਭੂ ਨੇ ਆਪ ਹੀ ਰਿਜ਼ਕ ਵਜੋਂ ਸਥਾਪਿਤ ਕੀਤਾ ਹੈ, ਇਸ
ਲਈ ਧੰਨਤਾ ਦੇ ਯੋਗ ਹੈ, ਤਾਂ ਤੇ ਇਹ ਵਖਰੀ ਗੱਲ ਹੈ। ਚੰਗੀ ਤਰ੍ਹਾਂ ਦੇਖ ਚੁੱਕੇ ਹਾਂ ਕਿ ਕਬੀਰ
ਸਾਹਿਬ ਨੇ ਤਾਂ ਅੰਨ ਸਬੰਧੀ ਇਸੇ ਇਲਾਹੀ ਪੱਖ ਨੂੰ ਉਘਾੜਿਆ ਹੈ। ਇਸੇ ਲਈ ਕਬੀਰ ਜੀ ਨੇ ਅੰਨ ਨੂੰ
ਆਧਾਰ ਬਣਾ ਕੇ ਰਖੇ ਜਾ ਰਹੇ ਵਰਤਾਂ ਤੇ ਅੰਨ ਦੇ ਤਿਆਗ ਵਾਲਾ ਪਾਖੰਡ ਕਰਣ ਵਾਲਿਆਂ ਨੂੰ ਨਿੰਦਿਆ ਹੈ,
ਉਹਨਾਂ ਦੀ ਇਸ ਸੋਚਣੀ ਦਾ ਖੰਡਣ ਕੀਤਾ ਹੈ।
ਇਹ ਵੱਖਰੀ ਗੱਲ ਹੈ ਕਿ ਕਬੀਰ ਸਾਹਿਬ ਨੇ ਸ਼ਬਦ `ਚ ਅੰਨ ਨੂੰ ਮਨੁੱਖ ਲਈ
ਪ੍ਰਭੂ ਦੀ ਵੱਡਮੁਲੀ ਦਾਤ ਕਹਿਣ ਲਈ, ਪ੍ਰਕਰਣ ਅਨੁਸਾਰ ਬਦਲਵੇਂ ਅਰਥਾਂ `ਚ ਸ਼ਬਦ ਵਿਚੋਂ ਹੀ ਕਿਸੇ
ਚਲਦੇ ਲਫ਼ਜ਼ ਨੂੰ ਵਰਤ ਲਿਆ ਹੈ। ਠੀਕ ਇਸੇ ਤਰ੍ਹਾਂ ਹੈ ਜਿਵੇਂ ਆਮ ਬੋਲ-ਚਾਲ `ਚ ਵੀ ਅਸੀਂ ਕਹਿ ਦਿੰਦੇ
ਹਾਂ “ਹੇ ਕਰਤਾਰ ਤੂੰ ਧੰਨ ਹੈ ਅਤੇ ਤੇਰੀ ਦਿੱਤੀ ਹੋਈ …. (ਇਹ ਦਾਤ) ਵੀ ਧੰਨ ਹੈ ਕਿਉਂਕਿ ਇਹ ਦਾਤ
ਵੀ ਤੂੰ ਹੀ ਬਖ਼ਸ਼ੀ ਹੈ”। ਇਸੇ ਤਰ੍ਹਾਂ “ਹੇ ਅਕਾਲਪੁਰਖ ਤੈਨੂੰ ਵੀ ਸਿਰ ਝੁਕਾਂਦੇ ਹਾਂ ਤੇ ਤੇਰੀ ਇਸ
ਦਾਤ ਨੂੰ ਵੀ ਸਿਰ ਝੁਕਾਂਦੇ ਹਾਂ ਕਿਉਂਕਿ ਇਹ ਦਾਤ ਵੀ ਤਾਂ ਤੂੰ ਹੀ ਬਖ਼ਸ਼ੀ ਹੈ” ਬਸ ਆਪਣੀ ਗੱਲ ਨੂੰ
ਕਹਿਣ ਦਾ ਇਹੀ ਢੰਗ ਕਬੀਰ ਸਾਹਿਬ ਦੇ ਇਸ ਹੱਥਲੇ ਸ਼ਬਦ `ਚ ਚਲ ਰਿਹਾ ਹੈ ਜਦੋਂ ਉਹ ਕਹਿ ਰਹੇ ਹਨ “ ਜਪੀਐ
ਨਾਮੁ, ਜਪੀਐ ਅੰਨੁ”। ਗੁਰਬਾਣੀ ਸ਼ਬਦ ਦੀ ਕਿਸੇ ਵੀ ਪੰਕਤੀ ਜਾਂ ਟੂਕ ਦੇ ਇਕੱਲੇ ਅਰਥ ਕਦੇ ਨਹੀਂ
ਹੁੰਦੇ, ਅਰਥ ਪ੍ਰਕਰਣ ਅਨੁਸਾਰ ਹੀ ਕਰਣੇ ਹੁੰਦੇ ਹਨ।
ਇਸ `ਚ ਵੀ ਸ਼ੱਕ ਨਹੀਂ ਕਿ ਅੰਨ ਮਨੁੱਖਾ ਸਰੀਰ ਦੀ ਮੂਲ ਤੇ ਮੁੱਖ ਲੋੜ ਹੈ
ਅਤੇ ਇਸ ਮਨੁੱਖਾ ਸਰੀਰ ਲਈ, ਪ੍ਰਭੂ ਵਲੋਂ ਮਨੁੱਖਾ ਜੂਨ ਲਈ ਨਿਯਤ ਕੀਤਾ ਵਿਸ਼ੇਸ਼ ਰਿਜ਼ਕ ਹੈ। ਇਹੀ
ਕਾਰਨ ਹੈ ਕਿ ਗੁਰਬਾਣੀ `ਚ ਮਨੁੱਖ ਲਈ, ਰਿਜ਼ਕ ਦੀ ਵਰਤੋਂ ਦੇ ਹੋਰ ਵੀ ਕਈ ਪੱਖ ਤੇ ਇਸ ਦੇ ਲਈ ਕਈ
ਚੇਤਾਵਣੀਆਂ ਵੀ ਮਿਲਦੀਆਂ ਹਨ ਜਿਨ੍ਹਾਂ ਦਾ ਕੁੱਝ ਜ਼ਿਕਰ ਅੱਗੇ ਚੱਲ ਕੇ ਗੁਰਮਤਿ ਪਾਠ ੧੯੧ `ਚ
ਆਵੇਗਾ। #189s10.02.10#
ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ
‘ਗੁਰਮਤਿ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ `ਚ
ਅਰਥਾਂ ਸਹਿਤ
‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰੀਵਾਰਿਕ
ਜੀਵਨ ਨੂੰ ਗੁਰਬਾਣੀ ਸੋਝੀ ਤੇ ਜੀਵਨ-ਜਾਚ ਵਾਲਾ ਬਨਾਈਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’
ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।
Including this Self Learning Gurmat Lesson No 189
ਜਪੀਐ ਨਾਮੁ, ਅੰਨ ਕੈ ਸਾਦਿ
For all the Gurmat Lessons written upon Self Learning base by
‘Principal Giani Surjit Singh’ Sikh Missionary, Delhi, all the rights are
reserved with the writer, but easily available for Distribution within ‘Guru Ki
Sangat’ with an intention of Gurmat Parsar, at quite a nominal printing cost
i.e. mostly Rs 200/- to 300/- (in rare cases these are 400/- or 500/-)
per hundred copies . (+P&P.Extra) From ‘Gurmat Education Centre, Delhi’,
Postal Address- A/16 Basement, Dayanand Colony, Lajpat Nagar IV, N. Delhi-24
Ph 91-11-26236119 & ® J-IV/46 Old D/S Lajpat Nagar-4 New Delhi-110024 Ph.
91-11-26236119 Cell 9811292808
web site- www.gurbaniguru.org
|
. |