ਪ੍ਰੋ. ਦਰਸ਼ਨ ਸਿੰਘ ਜੀ ਖਿਲਾਫ ਪੁਜਾਰੀਆਂ ਦੇ ‘ਕੂੜ-ਫਤਵੇ’ ਤੋਂ ਬਾਅਦ ਸਿੱਖ
ਪੁਨਰਜਾਗਰਨ ਲਹਿਰ ਵਿੱਚ ਇੱਕ ਨਿਰਨਾਇਕ ਉਭਾਰ ਆ ਗਿਆ ਸੀ ਅਤੇ ਇਹ ਬਹੁਤ ਹੀ ਸੁਚੱਜੀ ਅਤੇ ਸਹਿਜ ਚਾਲ
ਨਾਲ ਸਹੀ ਦੀਸ਼ਾ ਵੱਲ ਤੁਰ ਪਈ ਸੀ। ਪਰ ਪਿਛਲੇ ਇੱਕ ਮਹੀਨੇ ਵਿੱਚ ਸ਼ੋਰਤ, ਸਾੜੇ, ਚੌਧਰ ਜਾਂ ਕੁੱਝ
ਹੋਰ ਕਾਰਨਾਂ ਕਰਕੇ, ਜਲਦਬਾਜੀ ਅਤੇ ਕਾਹਲੀ ਵਿੱਚ ਅਨੇਕਾਂ ਬਦਲਾਅ ਆ ਰਹੇ ਹਨ। ਬਿਨਾ ਸੋਚੇ ਵਿਚਾਰੇ,
ਕਾਹਲੀ ਵਿੱਚ ਆ ਰਹੇ ਬਦਲਾਅ ਕਾਰਨ ਬਹੁਤ ਹੀ ਸੁਚੇਤ ਹੋ ਕੇ ਤੁਰਨ ਦੀ ਲੋੜ ਹੈ। ਇਹਨਾਂ ਜਲਦਬਾਜ਼ੀ
ਅਤੇ ਗੈਰ-ਸੰਜੀਦਗੀ ਨਾਲ ਚੁੱਕੇ ਜਾ ਰਹੇ ਕਦਮਾਂ ਕਾਰਨ ਜਿਥੇ ਲਹਿਰ ਭਟਕਦੀ ਲੱਗ ਰਹੀ ਹੈ ਉਥੇ ਨਾਲ
ਹੀ ਇਹ ਵੀ ਸਪਸ਼ਟ ਦਿਖ ਰਿਹਾ ਹੈ ਕਿ ਜਾਗ੍ਰਿਤੀ ਲਹਿਰ ਨੂੰ ਪੁੱਠਾ ਗੇੜ ਪੈ ਜਾਵੇਗਾ। ਇਸ ਸਮੇਂ
ਜਾਗਰੂਕ ਪੰਥਕ ਧਿਰਾਂ ਵਿੱਚ ਭੰਬਲਭੁਸਾ ਹੀ ਪੈਦਾ ਹੋ ਰਿਹਾ ਹੈ ਅਤੇ ਆਪੋ-ਧਾਪੀ ਵਾਲੀ ਸਥਿਤੀ ਪੈਦਾ
ਹੋ ਗਈ ਹੈ।
‘ਤੱਤ ਗੁਰਮਤਿ ਪਰਿਵਾਰ’ ਨੇ ਲਗਭਗ ਮਹੀਨਾ ਕੁ ਪਹਿਲਾਂ, ਇਸ ਪੁਨਰਜਾਗਰਨ
ਲਹਿਰ ਨੂੰ ਸੁਚੱਜੀ ਅਤੇ ਮਜਬੂਤ ਰਾਹ ‘ਤੇ ਪੱਕੇ ਪੈਂਰੀ ਕਰਨ ਦੇ ਮਕਸਦ ਨਾਲ, ਸਾਰੀਆਂ ਜਾਗਰੂਕ
ਧਿਰਾਂ ਨੂੰ ਸੋਬੋਧਨ ਕਦੇ ਹੋਏ, ਇੱਕ ਸੁਝਾਅ ਪੱਤਰ ‘ਸਿੱਖ ਪੁਨਰਜਾਗਰਨ ਲਹਿਰ: ਹੁਣ ਕੀ ਹੋਣਾ
ਚਾਹੀਦਾ ਹੈ? ‘ ਲਿਖਿਆ ਸੀ। ਇਸ ਵਿੱਚ ਜਾਗਰੂਕ ਪੰਥ ਨੂੰ ਤਿੰਨ ਸਹਿਯੋਗੀ ਅਤੇ ਪੂਰਕ ਧਿਰਾਂ
(ਧਾਰਮਿਕ, ਰਾਜਨੀਤਕ ਅਤੇ ਮੀਡੀਆ) ਦੇ ਰੂਪ ਵਿੱਚ ਕੁੱਝ ਸੁਝਾਅ ਦਿਤੇ ਸਨ। ਪਰ ਕਿਸੇ ਵੀ ਧਿਰ ਨੇ ਇਸ
ਸੁਝਾਅ ਪੱਤਰ ਨੂੰ ਗੰਭੀਰਤਾ ਨਾਲ ਨਹੀਂ ਗੌਲਿਆ। ਉਲਟਾ ਰਾਜਨੀਤਿਕ ਧਿਰ (ਸਰਨਾ (?) ਜੀ ਵਾਲੀ ਦਿਲੀ
ਕਮੇਟੀ) ਪੁੱਠਾ ਗੇੜ ਦਿੰਦੇ ਹੋਏ ‘ਪੰਥਕ ਕਨਵੈਨਸ਼ਨ’ ਨੂੰ ਪੁਜਾਰੀਆਂ ਅਤੇ ਡੇਰੇਦਾਰਾਂ ਦੇ
ਰਹਿਮੋ-ਕਰਮ ‘ਤੇ ਛੱਡ ਦਿਤਾ। ਭਾਵ ਜਾਗ੍ਰਿਤੀ ਅਤੇ ਸੁਧਾਰ ਲਿਆਉਣ ਦਾ ਨਾਂ ਲੈ ਕੇ ਰੱਖੀ ਗਈ ‘ਪੰਥਕ
ਕਨਵੈਨਸ਼ਨ’ ਦੇ ਸੂਤਰਧਾਰ ਹੀ ਪੁਜਾਰੀ ਅਤੇ ਡੇਰੇਦਾਰ (ਵੇਦਾਂਤੀ ਜੀ, ਮਹੰਤ ਮਨਜੀਤ ਸਿੰਘ ਜੀ ਜੰਮੂ,
ਸੰਤ ਬਲਜੀਤ ਸਿੰਘ ਜੀ ਦਾਦੂਵਾਲ ਆਦਿ) ਬਣਾ ਦਿਤੇ। ਇਸ ਨਾਲ ਸਾਡੇ ਵਲੋਂ ਕੀਤੀ ਇਹ ਭਵਿੱਖਬਾਣੀ (ਜੇ
ਇਹ ਕਨਵੈਨਸ਼ਨ ਦਿਲੀ ਕਮੇਟੀ ਦੇ ਪ੍ਰਬੰਧ ਹੇਠ ਹੁੰਦੀ ਹੈ ਤਾਂ ਬੇ-ਫਾਇਦਾ ਰਹੇਗੀ) ਅਨੁਸਾਰ ਰਾਜਨੀਤਕ
ਧਿਰ ਫੇਲ ਸਾਬਿਤ ਹੁੰਦੀ ਲਗ ਰਹੀ ਹੈ। ਦੂਜੀ ਤਰਫ ਅਸੀਂ ਮੀਡੀਆ ਧਿਰ ਨੂੰ ਸਲਾਹ ਦਿੰਦੇ ਹੋਏ
ਜੋਗਿੰਦਰ ਸਿੰਘ ਜੀ ਸਪੋਕਸਮੈਨ ਨੂੰ ਨਿਰਪੱਖਤਾ ਅਤੇ ਵਿਸ਼ਾਲਤਾ ਵਿਖਾਉਣ ਦੀ ਬੇਨਤੀ ਕੀਤੀ ਸੀ। ਪਰ
ਉਲਟਾ ਉਹਨਾਂ ਨੇ ਹੰਕਾਰ ਅਤੇ ਈਰਖਾ ਅਧੀਨ ਪ੍ਰੋ. ਦਰਸ਼ਨ ਸਿੰਘ ਜੀ ਵਿਰੁਧ ਬੇਮਾਅਨੀ, ਇਕਪਾਸੜ ਅਤੇ
ਬੇਲੋੜੀ ਜੰਗ ਛੇੜ ਕੇ, ਜਾਗਰੂਕ ਧਿਰਾਂ ਨੂੰ ਵੰਡਣ ਦਾ ਕੰਮ ਹੀ ਕੀਤਾ। ਇਹ ਲੜਾਈ ਹੁਣ ਕਾਟੋ-ਕਲੇਸ਼
ਦਾ ਰੂਪ ਧਾਰਨ ਕਰ ਰਹੀ ਹੈ।
ਪਿਛਲੇ 15 ਦਿਨਾਂ ਵਿੱਚ ਜਾਗਰੂਕ ਪੰਥਿਕ ਹਲਕਿਆਂ ਵਿੱਚ ਬੇਹਦ ਅਨਗਹਿਲੀ ਅਤੇ
ਕਾਹਲੀ ਨਾਲ ਬਦਲਾਅ ਆਏ ਹਨ ਅਤੇ ਲਹਿਰ ਦੇ ਭਟਕਣ ਦੇ ਪੂਰੇ ਆਸਾਰ ਬਣ ਗਏ ਹਨ। ਬੇਸ਼ਕ ਇਸ ਲਈ ਸਭ ਤੋਂ
ਵੱਧ ਜਿੰਮੇਵਾਰ ਸਪੋਕਸਮੈਨ (ਜੋਗਿੰਦਰ ਸਿੰਘ ਜੀ) ਜੀ ਹਨ। ਉਹਨਾਂ ਨੇ ਪ੍ਰੋ. ਦਰਸ਼ਨ ਸਿੰਘ ਜੀ ਵਲੋਂ
‘ਧੰਨਵਾਦ ਨਾ ਕੀਤੇ ਜਾਣ’ ਦਾ ਨਿਗੁਣਾ, ਬੇਲੋੜਾ ਅਤੇ ਗੁਰਮਤਿ ਵਿਰੋਧੀ ਬਹਾਨਾ ਬਣਾ ਕੇ ਉਹਨਾਂ ਤੋਂ
‘ਅਟੰਕ’ (ਅਸਲ ਮਾਇਨੇ ਵਿੱਚ ਉਹਨਾਂ ਦੇ ਵਿਰੁਧ ਤੁਰਨ ਦਾ) ਹੋਣ ਦਾ ਐਲਾਨ ਕਰ ਦਿੱਤਾ। ਚੌਧਰ ਅਤੇ
ਲਾਲਸਾਵਾਂ ਕਾਰਨ ਖੜੀ ਕੀਤੀ ਇਸ ਇਕਪਾਸੜ ਲੜਾਈ ਵਿੱਚ ਉਹਨਾਂ ਨੇ ਕੁੱਝ ਜਾਗਰੂਕ ਵਿਦਵਾਨਾਂ ਅਤੇ
ਪੰਥਦਰਦੀਆਂ ਨੂੰ ‘ਮੋਹਰੇ’ ਵਾਂਗੂ ਵਰਤਨਾ ਸ਼ੁਰੂ ਕਰ ਦਿੱਤਾ। ਜਾਣੇ ਜਾਂ ਅੰਜਾਣੇ ਵਿੱਚ ਉਹਨਾਂ ਦੇ
ਮੋਹਰੇ ਬਣੇ ਜਗਤਾਰ ਸਿੰਘ ਜੀ ਜਾਚਕ, ਜਸਜੀਤ ਸਿੰਘ ਜੀ ਟੋਨੀ, ਪ੍ਰਭਜੀਤ ਸਿੰਘ ਜੀ ‘ਧਵਨ’ (?),
ਪ੍ਰੋ. ਇੰਦਰ ਸਿੰਘ ਜੀ ਘੱਗਾ, ਉਪਕਾਰ ਸਿੰਘ ਜੀ ਫਰੀਦਾਬਾਦ, ਇੰਦਰਜੀਤ ਸਿੰਘ ਜੀ ‘ਰਾਣਾ’ ਆਦਿ।
ਉਹਨਾਂ ਦੀ ਇਸ ਲੜਾਈ ਨਾਲ ਪੰਥਕ ਧਿਰਾਂ ਦੋ ਹਿੱਸਿਆਂ ਵਿੱਚ ਵੰਡੀਆਂ ਗਈਆਂ ਅਤੇ ਆਪਸੀ ਦੂਸ਼ਨਬਾਜ਼ੀ ਦਾ
ਦੌਰ ਸ਼ੁਰੂ ਹੋ ਗਿਆ। ਇਸ ਲੜਾਈ ਨੇ ਇਹ ਵੀ ਦਰਸਾ ਦਿਤਾ ਕਿ ਜ਼ਿਆਦਾਤਰ ਜਾਗਰੂਕ ਧਿਰਾਂ ਵੀ ‘ਸਿਧਾਂਤ’
ਦੀ ਥਾਂ ‘ਬੰਦਾ-ਪੂਜ’ ਜਾਂ ‘ਧੜਾ-ਪੂਜ’ ਹੋਣ ਨੂੰ ਹੀ ਜ਼ਿਆਦਾ ਪਹਿਲ ਦਿੰਦੀਆਂ ਹਨ। ਇਸ ਪੂਰੇ
ਘਟਨਾਕ੍ਰਮ ਵਿੱਚ ਸਾਡੀ ਨਜ਼ਰੇ ਸਿਰਫ ਇੱਕ ਵਿਦਵਾਨ ਸ੍ਰ. ਮੱਖਣ ਸਿੰਘ ਜੀ (ਸੰਪਾਦਕ ਸਿੱਖ ਮਾਰਗ) ਹੀ
ਐਸਾ ਸਾਹਮਣੇ ਆਏ ਹਨ, ਜਿਨ੍ਹਾਂ ਨੇ ਨਿਰਪੱਖਤਾ, ਸਿਧਾਂਤ ਅਤੇ ਇਮਾਨਦਾਰੀ ਨਾਲ ਸੱਚ ਕਹਿਣ ਦੀ ਹਿੰਮਤ
ਕੀਤੀ। ਇਸ ਵਿਸ਼ੇ ਵਿੱਚ ਉਹਨਾਂ ਦਾ ਸੰਪਾਦਕੀ ਲੇਖ ‘ਸੱਚ ਕਿਨਾਰੇ ਰਹਿ ਗਿਆ’ ਕਾਫੀ ਹੱਦ ਤੱਕ ਸਲਾਹੁਣ
ਅਤੇ ਧਿਆਣ ਦੇਣ ਯੋਗ ਹੈ। ਪਰ ਕੁੱਝ ‘ਬੰਦਾ-ਪੂਜ’ ਸੋਚ ਦੇ ਵਿਦਵਾਨਾਂ ਅਤੇ ਸੰਸਥਾਵਾਂ ਨੇ ਉਹਨਾਂ
ਨੂੰ ਵੀ ਨਹੀਂ ਬਖਸ਼ਿਆ ਅਤੇ ਜਾਗ੍ਰਿਤੀ ਲਹਿਰ ਨੂੰ ਪੁੱਠਾ ਗੇੜ ਦਿੰਦੇ ਹੋਏ ‘ਭਗੌਤੀ’ ਅਤੇ ‘ਚੌਪਈ’
ਆਦਿਕ ਕੱਚੀਆਂ ਰਚਨਾਵਾਂ ਨੂੰ ਵੀ ਗੁਰਮਤਿ ਅਨੁਸਾਰੀ ਸਹੀ ਸਿੱਧ ਕਰਨ ਦੀ ਨਾਕਾਮ ਅਤੇ ਨਾਪਾਕ ਕੋਸ਼ਿਸ਼
ਕਰਨ ਵਾਲੀ ਨੀਂਵੇ ਪੱਧਰ ਤੱਕ ਪਹੁੰਚ ਗਏ। ਬੇਸ਼ਕ ਸਾਨੂੰ (ਅਤੇ ਸ਼ਾਇਦ ਸਾਰਿਆਂ ਜਾਗਰੂਕ ਧਿਰਾਂ) ਨੂੰ
ਇਹ ਸਪਸ਼ਟ ਹੈ ਕਿ ਦਰਸ਼ਨ ਸਿੰਘ ਜੀ ਅੰਦਰਖਾਤੇ ਇਹਨਾਂ ਰਚਨਾਵਾਂ ਨੂੰ ਗਲਤ ਮੰਨਦੇ ਹਨ, ਪਰ ਕਿਸੇ (ਠੀਕ
ਜਾਂ ਗਲਤ) ਨੀਤੀ ਅਧੀਨ ਫਿਲਹਾਲ ਜਨਤਕ ਤੌਰ ‘ਤੇ ਇਹਨਾਂ ਦਾ ਖੰਡਨ ਨਹੀਂ ਕਰ ਰਹੇ।
ਇਹ ਵੀ ਵਿਚਾਰਣਯੋਗ ਹੈ ਕਿ ਦਰਸ਼ਨ ਸਿੰਘ ਜੀ ਨੇ ਸੁਹਿਰਦ ਹੁੰਦੇ ਹੋਏ ਵੀ,
ਇਹਨਾਂ ਰਚਨਾਵਾਂ ਸੰਬੰਧੀ ਪਰਿਵਾਰ ਵਲੋਂ ਦਿੱਤੇ ਸੁਝਾਅ ਨੂੰ ਚੰਗੀ ਤਰਾਂ ਵੀਚਾਰਿਆ ਨਹੀਂ। ਉਹਨਾਂ
ਦੀ ਇਹੀ ਕਮਜ਼ੋਰੀ ‘ਚਾਲਾਕ ਵਿਰੋਧੀ’ (ਜੋਗਿੰਦਰ ਸਿੰਘ ਜੀ) ਲਈ ਮੋਹਰੇ ਲੱਭਣ ਵਿੱਚ ਕਾਫੀ ਕੰਮ ਆਈ।
ਪਰ ਸਪੋਕਸਮੈਨ ਤੋਂ ਛੁੱਟ ਹੋਰ ਹੋਰ ਲਗਭਗ ਸਾਰੇ ਜਾਗਰੂਕ ਪੰਥਕ ਮੀਡੀਆ (ਸਿੱਖ ਮਾਰਗ, ਵੈਕਅਪ ਖਾਲਸਾ
ਆਦਿ) ਨੇ ਜੋਗਿੰਦਰ ਸਿੰਘ ਜੀ ਵਲੋਂ ਈਰਖਾ ਵੱਸ ਸ਼ੁਰੂ ਕੀਤੀ ਇਸ ਲੜਾਈ ਨੂੰ ਗਲਤ ਮੰਨਦੇ ਹੋਏ
ਪਰਦਾਫਾਸ਼ ਕਰ ਦਿੱਤਾ। ਸਪੋਕਸਮੈਨ ਦੀ ਇਸ ਗਲਤ ਪਹੁੰਚ ਨਾਲ ਉਹਨਾਂ ਦੇ ਅੰਨ੍ਹੇ ਹਿਮਾਇਤੀ
(ਬੰਦਾ-ਪੂਜ) ਪਰੇਸ਼ਾਨ ਸਨ ਪਰ ਸਭ ਕੁੱਝ ਜਾਣਦੇ-ਬੁਝਦੇ ਵੀ ਸੱਚ ਬੋਲਣ ਅਤੇ ਉਹਨਾਂ ਨੂੰ ਸਮਝਾਉਣ ਦੀ
ਇੱਛਾ-ਸ਼ਕਤੀ ਅਤੇ ਹਿੰਮਤ ਨਹੀਂ ਰੱਖਦੇ ਸਨ। ਇਸ ਕਾਰਨ ਸਾਰੇ ਜਾਗਰੂਕ ਮੀਡੀਆ ਵਲੋਂ ਉਹਨਾਂ ਦੀ ਕੀਤੀ
ਜਾ ਰਹੀ ਆਲੋਚਣਾ ਨੇ ਉਹਨਾਂ ਨੂੰ ਨਮੋਸ਼ ਕਰ ਦਿਤਾ। ਇਹ ਗੱਲ ਬਹੁਤ ਧਿਆਨਯੋਗ ਹੈ ਕਿ ਪਿਛਲੇ 15
ਦਿਨਾਂ ਵਿੱਚ ਪੂਰੇ ਪੰਥਕ ਮੀਡੀਆ ਵਿੱਚ (ਸਿਵਾਏ ਸਪੋਕਸਮੈਨ) ਕੋਈ ਵਿਰਲਾ ਹੀ ਐਸਾ ਬਿਆਨ ਆਇਆ
ਹੋਵੇਗਾ ਜਿਸ ਨੇ ਜੋਗਿੰਦਰ ਸਿੰਘ ਜੀ ਵਲੋਂ ਦਰਸ਼ਨ ਸਿੰਘ ਜੀ ਪ੍ਰਤੀ ਅਪਣਾਈ ਪਹੁੰਚ (ਧੰਨਵਾਦ ਨਾ ਕਰਨ
ਕਾਰਨ ਵਿਰੋਧਤਾ) ਨੂੰ ਸਹੀ ਮੰਨਿਆ ਹੋਵੇ। ਇਸ ਨਾਲ ਤਸਵੀਰ ਸਪਸ਼ਟ ਹੋ ਜਾਂਦੀ ਹੈ।
ਉਸ ਤੋਂ ਬਾਅਦ ਅਪਣੇ 16 ਮਾਰਚ 10 ਦੇ ਸੰਪਾਦਕੀ ਵਿੱਚ ‘ਨਾਨਕਸ਼ਾਹੀ ਕੈਲੰਡਰ’
ਦੇ ਬਹਾਨੇ ਹੇਠ ਜੋਗਿੰਦਰ ਸਿੰਘ ਜੀ ਵਲੋਂ ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਸਰੂਪ ਬਾਰੇ ਬੇਹਦ
ਗੁੰਮਰਾਹਕੁੰਨ ਅਤੇ ਮਾਰੂ ਟਿੱਪਣੀਆਂ ਕੀਤੀਆਂ ਗਈਆਂ। ਉਹਨਾਂ ਦੇ ਇਸ ਗਲਤ ਕਦਮ ਨਾਲ ਜਿਥੇ ਜਾਗਰੂਕ
ਹਲਕਿਆਂ ਵਿੱਚ ਉਹਨਾਂ ਦੀ ਭਰਪੂਰ ਆਲੋਚਣਾ ਸ਼ੁਰੂ ਹੋ ਗਈ, ਉਥੇ ਉਹਨਾਂ ਦੇ ‘ਅੰਨ੍ਹੇ ਹਿਮਾੲਤੀਆਂ’ ਦੀ
ਸਥਿਤੀ ਹੋਰ ਕਮਜ਼ੋਰ ਅਤੇ ਨਮੋਸ਼ੀ-ਪੂਰਣ ਹੋ ਗਈ। ਉਹਨਾਂ ਨੇ ਅੰਦਰਖਾਤੇ ਸ਼ਾਇਦ ਇਸ ਬਾਰੇ ਜੋਗਿੰਦਰ
ਸਿੰਘ ਜੀ ਨੂੰ ਬੇਨਤੀ ਕੀਤੀ। ਜਿਸ ਦੇ ਨਤੀਜੇ ਵਜੋਂ ਅਪਣੇ 18 ਮਾਰਚ ਦੇ ਸੰਪਾਦਕੀ ਵਿੱਚ ਉਹਨਾਂ ਨੇ
ਗੁੰਮਰਾਹਕੁੰਨ ਤਰੀਕੇ, ਤੱਥਾਂ ਤੋਂ ਉਲਟ ਜਾਂਦੇ ਹੋਏ, ਸਪਸ਼ਟੀਕਰਨ ਦੇ ਨਾਂ ਹੇਠ, ਅਪਣੇ ਆਪ ਨੂੰ ਬਰੀ
ਕਰਾਉਣ ਦਾ ਨਾਕਾਮ ਜਤਨ ਕੀਤਾ। ਉਹਨਾਂ ਨੇ ਇਸ ਸੰਪਾਦਕੀ ਵਿੱਚ ਕੁੱਝ ਪੁਰਾਣੇ ਲੋਕਾਂ ਵਲੋਂ ‘ਗੁਰੂ
ਗ੍ਰੰਥ ਸਾਹਿਬ ਜੀ’ ਦੇ ਸਰੂਪ ਬਾਰੇ ਕੀਤੀਆਂ ਟਿੱਪਣੀਆਂ ਦਾ ਹਵਾਲਾ ਦਿੰਦੇ ਹੋਏ ‘ਖਾਲਸ ਝੂਠ’ ਬੋਲਿਆ
ਕਿ ਸਪੋਕਸਮੈਨ ਨੇ ਤਾਂ ਸਿਰਫ ਸੱਚ ਦੀ ਪੜਤਾਲ ਦਾ ਹੀ ਹੋਕਾ ਦਿਤਾ ਹੈ ਕਿਸੇ ਬਾਣੀ ਵਿਸ਼ੇਸ਼ ਦਾ ਨਾਂ
ਲੈ ਕੇ ਨਹੀਂ ਕਿਹਾ ਕਿ ਇਹ ਬਾਣੀ ਪ੍ਰਮਾਨਿਕ ਨਹੀਂ ਜਾਂ ਮਿਲਾਵਟ ਹੈ। ਆਉ ਸੱਚ ਜਾਨਣ ਲਈ ਕੁੱਝ
ਮਿਸਾਲਾਂ ਸਾਂਝੀਆਂ ਕਰਦੇ ਹਾਂ।
. 12 ਮਈ 07 ਦੇ ਰੋਜ਼ਾਨਾ ਸਪੋਕਸਮੈਨ ਵਿੱਚ ‘ਅੱਜ ਦਾ ਦਿਨ ਇਤਿਹਾਸ ਵਿਚ’
ਸਿਰਲੇਖ ਹੇਠ ਹਰਭਜਨ ਸਿੰਘ ਜੀ ‘ਜਨਚੇਤਨਾ’ ਵਲੋਂ ਮਗਰਲੇ ਨੌ ਨਾਨਕ ਸਰੂਪਾਂ ਦੀ ਪ੍ਰਮਾਨਿਕਤਾ ‘ਤੇ
ਕਿੰਤੂ ਕਰਦੇ ਹੋਏ ਲਿਖਿਆ ਹੈ ਮਿਲਦਾ ਹੈ, “ ਸਤਿਗੁਰ ਨਾਨਕ ਤਾਂ ਬਾਣੀ ਨੂੰ ਹੀ ਗੁਰੂ ਮੰਨਦੇ ਹਨ।
ਉਹਨਾਂ ਸ੍ਰੀਰ ਵਾਲੇ ਨੂੰ ਗੁਰੂ ਮੰਨਿਆਂ ਹੀ ਨਹੀਂ ਸਗੋਂ ਕਈ ਥਾਂ ਨਿੰਦਿਆ ਵੀ। ਫਿਰ ਸਤਿਗੁਰ ਨਾਨਕ
ਤੋਂ ਪਿਛੋਂ ਗੁਰੂ ਸਾਹਿਬਾਨ ਨੂੰ ਮਾਨਤਾ ਕਿਵੇਂ ਮਿਲੀ?”
. 30 ਜੂਨ 07 ਦੇ ਸਪੋਕਸਮੈਨ ਵਿੱਚ ਪੰਨਾ 6 ‘ਤੇ ਇਸੇ ਸਿਰਲੇਖ ਹੇਠ ਇਹੀ
ਲੇਖਕ ਭਗਤ ਕਬੀਰ ਜੀ ਦੀ ਬਾਣੀ ਨੂੰ ‘ਗੁਰੂ ਗ੍ਰੰਥ ਸਾਹਿਬ ਜੀ’ ਵਿੱਚ ਸ਼ਾਮਿਲ ਕਰਨ ‘ਤੇ ਕਿੰਤੂ ਕਰਦਾ
ਹੋਇਆ ਲਿਖਦਾ ਹੈ, “ਪਰ ਸਾਡੇ ਲਈ ਇਹ ਜਾਣਨਾ ਵਧੇਰੇ ਮਹੱਤਵਪੂਰਨ ਹੈ ਕਿ ਕਬੀਰ ਜੀ ਦੀ ਬਾਣੀ ਪੋਥੀ
ਸਾਹਿਬ ਵਿੱਚ ਕਿਉਂ ਸ਼ਾਮਿਲ ਕੀਤੀ ਗਈ। ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਮਤਿ ਦਾ ਵਿਚਾਰਧਾਰਕ
ਗ੍ਰੰਥ ਹੋਣ ਉਤੇ ਹੀ ਪ੍ਰਸ਼ਨ ਚਿੰਨ੍ਹ ਦਾ ਸੂਚਕ ਹੈ। “
3. 9 ਅਗਸਤ 07 ਦੇ ਸਪੋਕਸਮੈਨ ਵਿੱਚ ਇੱਕ ਵਾਰ ਫੇਰ ਪੰਨਾ 6 ‘ਤੇ ਇਸੇ
ਸਿਰਲੇਖ ਹੇਠ ਇਹੀ ਲੇਖਕ ਭਗਤਾਂ ਅਤੇ ਭੱਟਾਂ ਦੀ ਬਾਣੀ ‘ਤੇ ਕਿੰਤੂ ਕਰਦਾ ਹੋਇਆ ਦੂਜੇ ਕਾਲਮ ਵਿੱਚ
ਹੇਠਾਂ ਜਾ ਕੇ ਲਿਖਦਾ ਹੈ, “ਇਸ ਗ੍ਰੰਥ ਵਿੱਚ ਭਗਤਾਂ ਦੀ ਬਾਣੀ ਦੀ ਕੀ ਥਾਂ ਹੋ ਸਕਦੀ ਹੈ? ਕੀ ਭਗਤ
ਬਾਣੀ ਨੂੰ ਗੁਰਬਾਣੀ ਮੰਨਿਆ ਜਾ ਸਕਦਾ ਹੈ? ਭੱਟਾਂ ਦੀ ਬਾਣੀ ਦਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ
ਸ਼ਾਮਿਲ ਕੀਤਾ ਜਾਣਾ ਹੋਰ ਵੀ ਬੇਦਲੀਲਾ ਸਾਬਿਤ ਹੁੰਦਾ ਹੈ।”
4. 24 ਫਰਵਰੀ 2007 ਨੂੰ ਸਪੋਕਸਮੈਨ ਵਿੱਚ ਇਹੀ ਲੇਖਕ ਇਸੇ ਸਿਰਲੇਖ ਹੇਠ
ਭੱਟਾਂ ਦੀ ਬਾਣੀ, ਭਗਤਾਂ ਦੀ ਬਾਣੀ ਨੂੰ ਰੱਦ ਕਰਨ ਦੀ ਹੱਦ ਤੋਂ ਵੀ ਅੱਗੇ ਜਾਂਦੇ ਹੋਏ ਸਲਾਹ ਦਿੰਦਾ
ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਿਰਫ ਬਾਬਾ ਨਾਨਕ ਜੀ ਦੀ ਬਾਣੀ ਹੋਣੀ ਚਾਹੀਦੀ ਹੈ? ਆਉ
ਉਹਨਾਂ ਦੇ ਲਫਜ਼ਾਂ ਵਿੱਚ ਹੀ ਵੇਖੀਏ ਕਿ ਕੀ ਲਿਖਿਆ ਹੈ। ਉਹ ਲਿਖਦੇ ਹਨ, “ਜੇ ਗੁਰੂ ਗ੍ਰੰਥ ਸਾਹਿਬ
ਜੀ ਗੁਰਮਤਿ ਦੀ ਵਿਆਖਿਆ ਕਰਨ ਵਾਲਾ ਗ੍ਰੰਥ ਹੈ ਤਾਂ ਇਸ ਵਿੱਚ ਗੁਰੂ ਨਾਨਕ ਸਾਹਿਬ ਜਾਂ (ਵੱਧ ਤੋਂ
ਵੱਧ) ਉਹਨਾਂ ਦਾ ਪ੍ਰੰਪਰਾ ਨੂੰ ਅੱਗੇ ਤੋਰਨ ਵਾਲੇ ਗੁਰੂਆਂ ਦੀ ਬਾਣੀ ਹੀ ਦਰਜ ਹੋਣੀ ਚਾਹੀਦੀ ਹੈ
ਅਤੇ ਗੁਰੂ ਅਰਜਨ ਪਾਤਸ਼ਾਹ ਜੀ ਵਰਗੇ ਵਿਦਵਾਨ ਗੁਰੂ ਨੇ ਆਜਿਹਾ ਹੀ ਕੀਤਾ ਹੋਵੇਗਾ”।
. 12 ਮਈ 2007 ਦੇ ਸਮੋਕਕਸਮੈਨ ਵਿੱਚ ਇਸੇ ਸਿਰਲੇਖ ਹੇਠ ਇਹ ਲੇਖਕ
ਸਿੱਧੇ/ਅਸਿੱਧੇ ਤਰੀਕੇ ਗੁਰੂ ਗ੍ਰੰਥ ਸਾਹਿਬ ਜੀ ਲੋੜ ਤੋਂ ਵੀ ਮੁਨਕਰ ਹੈ।
ਉਹ ਲਿਖਦਾ ਹੈ, “ਇਸ ਕਾਰਨ ਸਭ ਥਾਂ ਮਿਲਾਵਟ ਹੋਈ ਹੈ। ਗੁਰਮਤਿ ਵਾਲੀ
ਮੌਲਿਕਤਾ ਤਾਂ ਕਿਧਰੇ ਵੀ ਦਿਖਾਈ ਹੀ ਨਹੀਂ ਦਿੰਦੀ। ਇਕੋ ਇੱਕ ਰਸਤਾ ਇਹੀ ਹੈ ਕਿ ਵਿਦਵਾਨ ਆਪਣੇ
ਕੌਸ਼ਲ ਨੂੰ ਵਰਤ ਕੇ ਸਿੱਖਾਂ ਨੂੰ ਗ੍ਰੰਥ ਅਤੇ ਪੰਥ ਦੇ ਜਾਲ ਵਿਚੋਂ ਕੱਢ ਕੇ ਸਤਿਗੁਰੂ ਨਾਨਕ ਦੇ
ਖਾਲਸ ਗੁਰਮਤਿ ਸਿਧਾਂਤ ਅਤੇ ਜੀਵਨ ਸ਼ੈਲੀ ਨੂੰ ਸਾਹਮਣੇ ਲਿਆਉਣ”
ਇਹ ਤਾਂ ਕੁੱਝ ਮਿਸਾਲਾਂ ਸਾਂਝੀਆਂ ਕੀਤੀਆਂ ਹਨ ਜਿਸ ਰਾਹੀਂ 18 ਮਾਰਚ ਦੇ
ਜੋਗਿੰਦਰ ਸਿੰਘ ਜੀ ਵਲੋਂ ਲਿਖੇ ਸੰਪਾਦਕੀ ਦਾ ਇਹ ‘ਖਾਲਸ ਝੂਠ’ ਨੰਗਾ ਹੋ ਗਿਆ ਹੈ ਕਿ ਸਪੋਕਸਮੈਨ ਨੇ
ਕਦੇ ਕਿਸੇ ਬਾਣੀ ਵਿਸ਼ੇਸ਼ ਦਾ ਨਾਂ ਲੈ ਕੇ ਕਿੰਤੂ-ਪ੍ਰੰਤੂ ਨਹੀਂ ਕੀਤਾ। 16 ਮਾਰਚ ਦੇ ਸੰਪਾਦਕੀ ਵਿੱਚ
ਵੀ ਜੋਗਿੰਦਰ ਸਿੰਘ ਜੀ ਨੇ ਸਿੱਧੇ/ਅਸਿੱਧੇ ਮਿਸਾਲ ਨੰ. 4 ਵਾਂਗੂ ਇਹ ਸਲਾਹ ਦਿਤੀ ਸੀ ਕਿ ‘ਗੁਰੂ
ਗ੍ਰੰਥ ਸਾਹਿਬ ਜੀ’ ਵਿੱਚ ਬਾਬਾ ਨਾਨਕ ਜੀ ਦੀ ਹੀ ਬਾਣੀ ਹੋਣੀ ਚਾਹੀਦੀ ਹੈ। ‘ਤੇ ਇਹੀ ਸ਼ਾਇਦ ਇਸ ਹੱਦ
ਤੱਕ ਪਹੁੰਚਣ ਦਾ ਸਪੋਕਸਮੈਨ ਦਾ ਸ਼ੁਰੂ ਤੋਂ ਹੀ ਏਜੰਡਾ ਰਿਹਾ ਲਗਦਾ ਹੈ। ਅਪਣੇ 18 ਮਾਰਚ ਦੇ ਇਸ
ਸੰਪਾਦਕੀ ਵਿੱਚ ਉਹਨਾਂ ਨੇ ਪੰਚ ਖਾਲਸਾ ਦੀਵਾਨ ਭਸੌੜ ਨੂੰ ਬਹੁਤ ਹੀ ਪ੍ਰਮਾਨਿਕ ਮੰਨਦੇ ਹੋਏ ਕਿਹਾ
ਹੈ ਕਿ ਉਹਨਾਂ ਨੇ ਤਾਂ ਭਗਤਾਂ ਆਦਿ ਬਾਣੀ ਹਟਾ ਕੇ ‘ਗੁਰੂ ਗ੍ਰੰਥ ਸਾਹਿਬ ਜੀ’ ਦੀ ਨਵੀਂ ਬੀੜ ਛਾਪ
ਦਿੱਤੀ ਸੀ। ਪਰ ਇਹ ਵੀ ਸੱਚ ਹੈ ਕਿ ਭਸੌੜ ਦੀਵਾਨ ਦੀ ਇਹ ਕਾਰਵਾਈ ਬੇਹਦ ਗੈਰ-ਸਿਧਾਂਤਕ, ਬਿਨਾ ਠੋਸ
ਆਧਾਰ ਅਤੇ ਆਪਹੁਦਰਾਪਨ ਹੀ ਸੀ। ਇਸ ਦਾ ਵੱਡਾ ਸਬੂਤ ਹੈ ਕਿ ਉਹਨਾਂ ਨੇ ਇਸ ਨਵੇਂ ਸਰੂਪ ਵਿੱਚ ਦਸਮ
ਗ੍ਰੰਥ ਦੀ ਉਹ ਕੱਚੀ ਰਚਨਾਵਾਂ (ਪਾ: 10 ਸਿਰਲੇਖ ਹੇਠ ਵਾਲੀਆਂ) ਵੀ ਜੋੜ ਦਿਤੀਆਂ ਗਈਆਂ, ਜਿਹਨਾਂ
ਨੂੰ ਅੱਜਕਲ ਲਗਭਗ ਰਰ ਜਾਗਰੂਕ ਸਿੱਖ ਗੁਰਮਤਿ ਵਿਰੋਦੀ ਕੂੜ ਕਬਾੜ ਐਲਾਣ ਰਿਹਾ ਹੈ। ਉਹਨਾਂ ਦਾ ਇਸ
ਗੁਰਮਤਿ ਤੋਂ ਉਲਟ ਕਾਰਵਾਈ ਦਾ ਮੁੱਖ ਆਧਾਰ ਇੱਕ ਗੁਰਵਾਕ ‘ਸਤਿਗੁਰ ਬਿਨਾ ਹੋਰ ਕੱਚੀ ਹੈ ਬਾਣੀ’ ਦੇ
ਗਲਤ ਮੰਨੇ ਅਰਥ ਸਨ। ਇਹ ਵੀ ਸੱਚ ਹੈ ਕਿ ਉਹਨਾਂ ਦੀ ਇਸ ਇਕੋ ਇੱਕ ਗੁਰਮਤਿ ਵਿਰੋਧੀ, ਆਪਹੁਦਰੀ
ਕਾਰਵਾਈ ਨੇ ਉਹਨਾਂ ਦੇ ਕੀਤੇ ਸਾਰੇ ਚੰਗੇ ਕੰਮਾਂ ‘ਤੇ ਵੀ ਪਾਣੀ ਫੇਰ ਦਿਤਾ। ਪਰ ‘ਚਤੁਰ ਸੰਪਾਦਕ
ਜੀ’ ਨੇ ਇਹ ਸੱਚਾਈ ਪਾਠਕਾਂ ਤੋਂ ਛੁਪਾ ਲਈ।
ਖੈਰ ਜੋਗਿੰਦਰ ਸਿੰਘ ਜੀ ਦੇ 18 ਮਾਰਚ ਵਾਲੇ ਸੰਪਾਦਕੀ ਦੇ ਝੂਠ ਆਧਾਰਿਤ
ਲੰਗੜੇ ਸਪਸ਼ਟੀਕਰਨ ਨਾਲ ਉਹਨਾਂ ਦੇ ਹਿਮਾਇਤੀਆਂ ਦੀ ਸਥਿਤੀ ਹੋਰ ਵੀ ਕਮਜ਼ੋਰ ਹੋ ਗਈ। ਉਹਨਾਂ ਦੀ
ਨਮੋਸ਼ੀ ਦਾ ਕੋਈ ਆਲਮ ਨਾ ਰਿਹਾ। ਇਸ ਤੋਂ ਬਾਹਰ ਆਉਣ ਲਈ ਜਗਤਾਰ ਸਿੰਘ ਜਾਚਕ ਦੀ ਅਗਵਾਈ ਅਤੇ ਪਹਿਲ
‘ਤੇ ਕੁੱਝ ਪੰਥਦਰਦੀਆਂ ਦੀ ਇੱਕ ਮੀਟਿੰਗ ਹੜਬੜੀ ਅਤੇ ਕਾਹਲੀ ਵਿੱਚ ‘ਗੁਰਮਤਿ ਗਿਆਨ ਮਿਸ਼ਨਰੀ ਕਾਲਜ
ਲੁਧਿਆਣਾ’ ਵਿਖੇ 18 ਮਾਰਚ 10 ਨੂੰ ਕੀਤੀ ਗਈ। (ਸ਼ਾਇਦ ਜੋਗਿੰਦਰ ਸਿੰਘ ਜੀ ਦੀ ਕੀਤੀ ਸਲਾਹ ਨਾਲ) ਇਸ
ਮੀਟਿੰਗ ਵਿੱਚ ਗੰਭੀਰਤਾ ਅਤੇ ਸੁਹਿਰਦਤਾ ਦੀ ਘਾਟ ਕਾਰਨ, ਜਲਦਬਾਜ਼ੀ ਵਿੱਚ ਦੋ ਮਤੇ ਪਾਸ ਕੀਤੇ ਗਏ,
ਜੋ ਪ੍ਰੈਸ ਨੋਟ ਦੇ ਰੂਪ ਵਿੱਚ ਸਿੱਖ ਮਾਰਗ ਅਤੇ ਕੁੱਝ ਹੋਰ ਵੈਬਸਾਈਟਾਂ ਵਿੱਚ 19 ਮਾਰਚ ਨੂੰ ਛਪੇ।
ਆਉ ਪਹਿਲਾਂ ਮੂਲ ਰੂਪ ਵਿੱਚ ਉਹ ਮਤੇ ਵੇਖ ਲਈਏ।
1. ਅੱਜ ਦੀ ਇਕੱਤਰਤਾ ਐਲਾਣ ਕਰਦੀ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ ਜਿਹੜਾ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਛਾਪਿਆ ਜਾ ਰਿਹਾ ਹੈ, ਉਹ ਸਿੱਖ ਰਹਿਤ ਮਰਿਯਾਦਾ ਮੁਤਾਬਿਕ
ਪ੍ਰਮਾਨਿਕ ਅਤੇ ਅੰਤਿਮ ਹੈ। ਉਸ ਉਪਰ ਕਿਸੇ ਵਿਅਕਤੀ ਜਾਂ ਸੰਸਥਾ ਨੂੰ ਕੋਈ ਹੱਕ ਨਹੀਂ ਕਿ ਉਹ ਇਸ
ਪ੍ਰਮਾਨਿਕ ਸਰੂਪ ‘ਤੇ ਕਿੰਤੂ-ਪ੍ਰੰਤੂ ਕਰੇ।
ਖਾਸ ਤੌਰ ‘ਤੇ ਸਪੋਕਸਮੈਨ ਅਖਬਾਰ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਕੀਤਾ ਜਾ
ਰਿਹਾ ਬੇਲੋੜਾ ਕਿੰਤੂ-ਪ੍ਰੰਤੂ ਬੰਦ ਕਰੇ ਅਤੇ ਸਿੱਖ ਸੰਗਤਾਂ ਦੇ ਮਨ ਨੂੰ ਜੋ ਠੇਸ ਲਗੀ ਹੈ ਉਸ ਲਈ
ਛੇਤੀ ਜਨਤਕ ਮੁਆਫੀ ਮੰਗੇ।
ਜਿਹੜਾ ਵਿਅਕਤੀ ਜਾਂ ਸੰਸਥਾ ਗੁਰੂ ਗ੍ਰੰਥ ਸਾਹਿਬ ਜੀ ਦਾ ਨਹੀਂ, ਉਹ ਖਾਲਸਾ
ਪੰਥ ਦਾ ਵੀ ਨਹੀਂ।
. ਅੱਜ ਦੀ ਇਕੱਤਰਤਾ ਨਿਰਣਾ ਲੈਂਦੀ ਹੈ ਕਿ ਮੀਡੀਏ ਉਪਰ ‘ਗੁਰੂ ਗਿਆਨ’ ਦਾ
ਕੁੰਡਾ ਰੱਖਣ ਲਈ ਸੰਭਾਵਨਾਵਾਂ ਤਰਾਸ਼ਨ ਲਈ ਵਿਦਵਾਨਾਂ, ਵਕੀਲਾਂ ਅਤੇ ਪੱਤਰਕਾਰਾਂ ਨੂੰ ਮਿਲਿਆ ਜਾਵੇ
ਤਾਂ ਜੋ ਅਜਿਹਾ ਬੋਰਡ ਸਥਾਪਿਤ ਕੀਤਾ ਜਾ ਸਕੇ, ਜਿਹੜਾ ਸਿੱਖ ਧਰਮ ਨਾਲ ਸੰਬੰਧਿਤ ਛਪਣ ਵਾਲੀ
ਗੁਰਬਾਣੀ ਅਤੇ ਇਤਿਹਾਸ ਦੀ ਵਿਆਖਿਆ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਰੋਸ਼ਨੀ ਵਿੱਚ ਛਪਣ ਤੋਂ
ਪਹਿਲਾਂ ਵੀਚਾਰ ਸਕੇ।
ਵੀਚਾਰ: ਇਹਨਾਂ ਸਤਿਕਾਰਯੋਗ ਪੰਥਦਰਦੀਆਂ (ਜਾਚਕ ਜੀ ਅਤੇ ਹੋਰ) ਦੀ
ਮੀਟਿੰਗ ਦੀ ਖਬਰ ਸਪੋਕਸਮੈਨ ਵਿੱਚ ਵੀ 19 ਮਾਰਚ ਨੂੰ ਪਹਿਲੇ ਪੰਨੇ ‘ਤੇ ਲਗੀ, ਜੋ ਇੱਕ ਚੰਗੀ ਗੱਲ
ਹੈ। ਪਰ ਵੈਬਸਾਈਟਾਂ ਅਤੇ ਸਪੋਕਸਮੈਨ ਵਿਚਲੀ ਖਬਰ ਵਿੱਚ ਸਪੋਕਸਮੈਨ ਨਾਲ ਸੰਬੰਧਿਤ ਹਿੱਸੇ ਵਿੱਚ
ਸਪਸ਼ਟ ਅੰਤਰ ਵੇਖਿਆ ਜਾ ਸਕਦਾ ਹੈ। ਆਉ ਪੜਚੋਲ ਕਰੀਏ।
ਵੈਬਸਾਈਟਾਂ ‘ਤੇ:
ਖਾਸ ਤੌਰ ‘ਤੇ ਸਪੋਕਸਮੈਨ ਅਖਬਾਰ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਕੀਤਾ ਜਾ
ਰਿਹਾ ਬੇਲੋੜਾ ਕਿੰਤੂ-ਪ੍ਰੰਤੂ ਬੰਦ ਕਰੇ ਅਤੇ ਸਿੱਖ ਸੰਗਤਾਂ ਦੇ ਮਨਾਂ ਨੂੰ ਜੋ ਠੇਸ ਪਹੁੰਚੀ ਹੈ ਉਸ
ਲਈ ਛੇਤੀ ਜਨਤਕ ਮਾਫੀ ਮੰਗੇ।
ਸਪੋਕਸਮੈਨ ਵਿਚ:
ਵਿਦਵਾਨਾਂ ਨੇ ਖਾਸ ਤੌਰ ‘ਤੇ ਰੋਜ਼ਾਨਾ ਸਪੋਕਸਮੈਨ ਦੇ ਮੁੱਖ ਸੰਪਾਦਕ ਨੂੰ
ਕਿਹਾ ਕਿ ਸਪੋਕਸਮੈਨ ਕਿਉਂਕਿ ਪੰਥ ਦਾ ਅਖਬਾਰ ਅਤੇ ਹਰ ਪੰਥਕ ਲੜਾਈ ਅੱਗੇ ਹੋ ਕੇ ਲੜਦਾ ਹੈ, ਇਸ ਲਈ
ਉਸ ਨੂੰ ਵੱਡਾ ਦਿਲ ਕਰਕੇ ਸਪੋਕਸਮੈਨ ਵਿੱਚ ਛਪੀ ਵਿਵਾਦਿਤ ਸੰਪਾਦਕੀ, ਜਿਸ ਬਾਰੇ ਸਿੰਘਾਂ ਦੀਆਂ ਕਈਂ
ਜਥੇਬੰਦੀਆਂ ਨੇ ਇਤਰਾਜ਼ ਕੀਤਾ ਸੀ, ਵਾਪਸ ਲੈ ਲੈਣਾ ਚਾਹੀਦਾ ਹੈ ਅਤੇ ਇਤਰਾਜ਼ ਕਰਨ ਵਾਲੇ ਸਿੰਘਾਂ
ਕੋਲੋਂ ਅਖਬਾਰ ਰਾਹੀਂ ਖਿਮਾਂ ਜਾਚਨਾ ਕਰ ਦੇਣੀ ਚਾਹੀਦੀ ਹੈ ਤਾਂ ਕਿ ਪੰਥ ਵਿੱਚ ਸਿਧਾਂਤਕ ਏਕਤਾ ਬਣੀ
ਰਹੇ।
ਇਥੇ ਸਪਸ਼ਟ ਵੇਖਿਆ ਜਾ ਸਕਦਾ ਹੈ ਕਿ ਵੈਬਸਾਈਟਾਂ ‘ਤੇ ਲਗੀ ਮਾਫੀ ਮੰਗਣ ਦੀ
ਚੇਤਾਵਨੀ ਸਪੋਕਸਮੈਨ ਵਿੱਚ ਜਾ ਕੇ ਮਾਫੀ ਮੰਗ ਲੈਣ ਲਈ ਤਰਲਾ ਬਣ ਗਈ। ਜਦੋਂ ਪ੍ਰੈਸ ਨੋਟ ਇਕੋ
ਮੀਟਿੰਗ ਦਾ ਹੈ ਤਾਂ ਦੋਹਾਂ ਥਾਵਾਂ ‘ਤੇ ਭਾਵਨਾ ਵਿੱਚ ਇਤਨਾ ਫਰਕ ਕਿਉਂ? ਕੀ ਜਾਚਕ ਜੀ ਨੇ ਇਸ ਦਾ
ਨੋਟਿਸ ਲਿਆ? ਅਸੀਂ ਇਸ ਬਾਰੇ ਜ਼ਿਆਦਾ ਟਿੱਪਣੀ ਨਾ ਕਰਦੇ ਹੋਏ ਸਿਰਫ ਇਤਨਾ ਹੀ ਕਹਿਨਾ ਚਾਹਾਂਗੇ
ਕਿ ਸਪੋਕਸਮੈਨ ਵਿੱਚ ਛਪੀ ਖਬਰ ਤੋਂ ਸਪਸ਼ਟ ਹੋ ਰਿਹਾ ਹੈ ਕਿ ਸੰਪਾਦਕ ਜੀ ਨੂੰ ਗੁਰੂ ਗ੍ਰੰਥ ਸਾਹਿਬ
ਜੀ ਬਾਰੇ ਕਿੰਤੂ ਪ੍ਰੰਤੂ ਕਰਦੀਆਂ ਟਿੱਪਣੀਆਂ ਵਾਲੇ ਸੰਪਾਦਕੀ ਵਿੱਚ ਕੁੱਝ ਵੀ ਗਲਤ ਨਹੀਂ ਲਗ ਰਿਹਾ
‘ਤੇ ਨਾ ਹੀ ਉਹਨਾਂ ਨੂੰ ਕੋਈ ਅਫਸੋਸ ਹੈ। ਇਸ ਖਬਰ ਅਨੁਸਾਰ ਸੰਪਾਦਕ ਜੀ ਨੇ ਕਿਹਾ, “ਭਾਂਵੇ
ਸੰਪਾਦਕੀ ਨੂੰ ਠੀਕ ਤਰਾਂ ਨਹੀਂ ਸਮਝਿਆ ਗਿਆ ਅਤੇ ਉਹ ਸਪਸ਼ਟੀਕਰਨ ਵੀ ਦੇ ਚੁੱਕੇ ਹਨ ਪਰ ਵਿਦਵਾਨਾਂ
ਦੀ ਅਪੀਲ ‘ਤੇ ਸੰਬੰਧਿਤ ਸੰਪਾਦਕੀ ਵਾਪਿਸ ਲੈਂਦੇ ਹਨ”। ਕੀ ਇਹ ਸਪਸ਼ਟ ਨਹੀਂ ਕਰਦਾ ਕਿ ਉਹ ਅਪਣੀ
ਗਲਤੀ ਨਹੀੰ ਮੰਨ ਰਹੇ ਬਲਕਿ ਵਿਦਵਾਨਾਂ ਦੇ ਅਪੀਲ ਕੀਤੇ ਜਾਣ ਤੋਂ ਬਾਅਦ ‘ਅਹਿਸਾਨ’ ਵਜੋਂ ਸੰਪਾਦਕੀ
ਵਾਪਿਸ ਲੈਂਦੇ ਹੋਏ ਮਾਫੀ ਮੰਗ ਰਹੇ ਹਨ?
ਇਹ ਪਹਿਲੀ ਵਾਰ ਨਹੀਂ ਹੈ। ਜਾਗਰੂਕ ਪੰਥਦਰਦੀਆਂ ਵਲੋਂ ਸਮੇਂ ਸਮੇਂ ‘ਤੇ
ਜੋਗਿੰਦਰ ਸਿੰਘ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਬੇਲੋੜੀ ਟਿਪਣੀਆਂ ਨਾ ਕਰਨ ਦੀ
ਬੇਨਤੀ ਕੀਤੀ ਜਾਂਦੀ ਰਹੀ ਹੈ। ਜਨਚੇਤਨਾ ਜੀ ਨਾਲ ਸੰਬੰਧਿਤ ਉਪਰੋਕਤ ਮਿਸਾਲਾਂ ਵਿਚਲੀ ਟਿਪਣੀਆਂ ਦੇ
ਦੌਰ ਵਿੱਚ ਵੀ ਮੋਹਾਲੀ/ਚੰਡੀਗੜ ਦੇ ਸਪੋਕਸਮੈਨ ਦੇ ਸਮਰਥਕ ਕਈਂ ਜਾਗਰੂਕ ਪੰਥਦਰਦੀਆਂ ਨੇ ਇੱਕ ਯਾਦ
ਪੱਤਰ ਰਾਹੀਂ ਉਹਨਾਂ ਨੂੰ ਇਸ ਦਾ ਨੋਟਿਸ ਲੈਣ ਦੀ ਅਪੀਲ ਕੀਤੀ ਗਈ ਸੀ। ਨਾਲ ਹੀ ਉਹਨਾਂ ਨੂੰ
ਸਪੋਕਸਮੈਨ ਵਿੱਚ ਛਪਣ ਵਾਲੇ ਧਾਰਮਿਕ ਸਮੱਗਰੀ ਦੀ ਛਪਣ ਤੋਂ ਪਹਿਲਾਂ ਜਾਂਚ ਕਰਨ ਲਈ ਵਿਦਵਾਨਾਂ ਦਾ
ਇੱਕ ਪੈਨਲ ਬਣਾਉਣ ਦਾ ਸੁਝਾਅ ਦਿਤਾ ਗਿਆ ਸੀ। ਪਰ ਸੰਪਾਦਕ ਜੀ ਨੇ ਇਸ ਅਪੀਲ ਅਤੇ ਸੁਝਾਅ ‘ਤੇ ਕੋਈ
ਕੰਨ ਨਹੀਂ ਧਰਿਆ। ਕੁੱਝ ਇਹੀ ਮੰਗ 19 ਮਾਰਚ ਦੀ ਇਕੱਤਰਤਾ ਵਿਚਲੇ ਦੂਜੇ ਮਤੇ ਵਿੱਚ ਵੀ ਕੀਤੀ ਗਈ
ਹੈ।
ਖੈਰ ‘ਦੇਰ ਆਏ ਦਰੁਸਤ ਆਏ’ ਅਨੁਸਾਰ ਸਪੋਕਸਮੈਨ ਦੀ ਇਸ ਪਹੁੰਛ ਦਾ ਸੁਆਗਤ
ਕੀਤਾ ਜਾਣਾ ਚਾਹੀਦਾ ਹੈ। ਤੱਤ ਗੁਰਮਤਿ ਪਰਿਵਾਰ ਇਸ ਦਾ ਸੁਆਗਤ ਕਰਦਾ ਹੈ ਪਰ ਨਾਲ ਹੀ ਮੰਗ ਕਰਦਾ ਹੈ
ਕਿ ਇਹ ਮਾਫੀ ਸਿਰਫ ਇਸ ਸੰਪਾਦਕੀ ਨੂੰ ਵਾਪਿਸ ਲੈਣ ਤੱਕ ਹੀ ਸੀਮਿਤ ਨਾ ਰਹੇ। ਬਲਕਿ ਸਪੋਕਸਮੈਨ ਵਲੋਂ
ਸਪਸ਼ਟ ਵਾਅਦਾ ਕੀਤਾ ਜਾਵੇ ਕਿ ਉਹ ਭਵਿੱਖ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਜੀ (ਰਾਗਮਾਲਾ ਤੋਂ ਬਗੈਰ)
ਵਿਚਲੀਆਂ ਬਾਣੀਆਂ ਪ੍ਰਮਾਣਿਕਤਾ ਬਾਰੇ ਜਨਤਕ ਤੌਰ ‘ਤੇ ਕਿੰਤੂ-ਪ੍ਰੰਤੂ ਨਹੀਂ ਕਰੇਗਾ।
ਨਾਲ ਹੀ ਅਸੀਂ ਇਹ ਵੀ ਸਪਸ਼ਟ ਕਰ ਦੇਈਏ ਕਿ ਅਸੀਂ ਜਾਚਕ ਜੀ ਦੀ ਅਗਾਵਾਈ ਵਿੱਚ
ਕੀਤੀ ਗਈ ਇਸ ਇਕੱਤਰਤਾ ਵਿੱਚ ਪਾਸ ਕੀਤੇ ਮਤਿਆਂ ਨਾਲ ਪੂਰੀ ਤਰਾਂ ਸਹਿਮਤ ਨਹੀਂ। ਕਿਉਂਕਿ ਸਾਡੀ
ਜਾਚੇ ਇਹਨਾਂ ਮਤਿਆਂ ਨੂੰ ਇੰਨ-ਬਿੰਨ ਪ੍ਰਵਾਨ ਕਰ ਲੈਣਾ ਪੁਨਰਜਾਗਰਨ ਲਹਿਰ ਨੂੰ ਪੁੱਠਾ ਗੇੜ ਦੇਣ ਦੇ
ਤੁੱਲ ਹੈ। ਇਹ ਗੱਲ ਅਗਲੀ ਵਿਚਾਰ ਉਪਰੰਤ ਸਪਸ਼ਟ ਹੋ ਜਾਵੇਗੀ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਪੋਕਸਮੈਨ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ
ਅੰਦਰਲੇ ਸਰੂਪ ਬਾਰੇ ਕੀਤੇ ਜਾ ਰਹੇ ਆਧਾਰਵਿਹੂਣ ਅਤੇ ਬੇਲੋੜੇ ਕਿੰਤੂਆਂ ਨੂੰ ਰੋਕ ਲਾਉਣਾ ਬਹੁਤ
ਜ਼ਰੂਰੀ ਸੀ। ਵੈਸੇ ਵੀ ਜੇ ਉਹ ਐਸੀ ਟਿੱਪਣੀਆਂ ਜਾਰੀ ਰੱਖਦਾ ਹੈ ਤਾਂ ਅਪਣੀ ਪੰਥਦਰਦ ਦੀ ਸੋਚ ਦਾ ਗਲਾ
ਆਪ ਹੀ ਘੁੱਟ ਰਿਹਾ ਹੋਵੇਗਾ ਅਤੇ ਅੰਤ ਨੰਗਾ ਵੀ ਹੋ ਜਾਵੇਗਾ। ਇਸ ਵਿੱਚ ਵੀ ਕੋਈ ਦੋ-ਰਾਇ ਨਹੀਂ ਕਿ
ਪਿਛਲੇ 15-20 ਸਾਲਾਂ ਤੋਂ ਮੌਜੂਦਾ ਦੌਰ ਵਿੱਚ ਸਪੋਕਸਮੈਨ ਤੋਂ ਇਲਾਵਾ ਸ਼ਾਇਦ ਕਿਸੇ ਵਿਰਲੇ ਹੀ ਪੰਥਕ
ਵਿਦਵਾਨ ਜਾਂ ਸੰਸਥਾ ਨੇ ਗੁਰੂ ਗ੍ਰੰਥ ਸਾਹਿਬ ਜੀ ਵਿਚਲੀ ਰਾਗਮਾਲਾ ਤੋਂ ਸਿਵਾ ਕਿਸੇ ਬਾਣੀ ਦੀ
ਪ੍ਰਮਾਣਿਕਤਾ ਬਾਰੇ ਕਿੰਤੂ ਕੀਤਾ ਹੋਵੇਗਾ। ਲਗਭਗ ਸਾਰਾ ਜਾਗਰੂਕ ਪੰਥ ਰਾਗਮਾਲਾ ਤੋਂ ਇਲਾਵਾ ਸਾਰੀਆਂ
ਬਾਣੀਆਂ ਨੂੰ ਪ੍ਰਮਾਨਿਕ ਮੰਨਦਾ ਹੈ।
ਪਰ ਇਹ ਨਹੀਂ ਹੋਣਾ ਚਾਹੀਦਾ ਕਿ ਇੱਕ ਬੇਲਗਾਮ ਅਤੇ ਗਲਤ ਤੁਰ ਰਹੀ ਕਾਰ ਨੂੰ
ਰੋਕਣ ਲਈ, ਸਾਰੀਆਂ ਕਾਰਾਂ ਦੇ ਚਲਣ ਤੇ ਹੀ ਰੋਕ ਲਾ ਦਿਤੀ ਜਾਵੇ। ਇਸ ਮੀਟਿੰਗ ਦੇ ਮਤਿਆਂ ਰਾਹੀ
ਜਾਣੇ ਜਾਂ ਅੰਜਾਣੇ ਵਿੱਚ ਕੁੱਝ ਐਸਾ ਹੀ ਕੀਤਾ ਗਿਆ ਹੈ। ਆਉ ਸੁਹਿਰਦਤਾ ਅਤੇ ਗੰਭਰਿਤਾ ਨਾਲ ਪੜਚੋਲ
ਕਰੀਏ।
. ਮਤਾ ਨੰ. 2 ਅਨੁਸਾਰ ਮੀਡੀਏ ‘ਤੇ ‘ਗੁਰੂ ਗਿਆਨ’ ਦਾ ਕੁੰਡਾ ਰੱਖਣ ਦੀ ਗੱਲ
ਕੀਤੀ ਗਈ ਹੈ, ਜੋ ਬਿਲਕੁਲ ਵਾਜਿਬ ਅਤੇ ਦਰੁੱਸਤ ਹੈ। ਪਰ ਮਤਾ ਨੰ. 1 ਵਿੱਚ ਇਹ ਕੁੰਡਾ ‘ਗੁਰੂ
ਗਿਆਨ’ ਤੋਂ ਬਦਲ ਕੇ ਸਿੱਖ ਰਹਿਤ ਮਰਿਯਾਦਾ ਕਿਉਂ ਬਣ ਗਈ? ਕੀ ਮੌਜੂਦਾ ਸਿੱਖ ਰਹਿਤ ਮਰਿਯਾਦਾ ਨੂੰ
ਗੁਰੂ ਗਿਆਨ (ਅਨੁਸਾਰੀ) ਕਿਹਾ ਜਾ ਸਕਦਾ ਹੈ? ਮਤਾ ਨੰ. 1 ਵਿੱਚ ਲਿਖਿਆ ਹੈ
ਭਾਵ ਸਿਧਾਂਤਕ ਤੌਰ ‘ਤੇ ਇਹ ਮੰਨ ਲਿਆ ਗਿਆ ਸੀ ਕਿ
ਬੀੜ ਮੁੰਦਾਵਣੀ ਤੱਕ ਹੀ ਪ੍ਰਮਾਣਿਕ ਹੈ। ਬੇਸ਼ਕ ਪੰਥਕ ਮਤਭੇਦਾਂ ਦੀ ਦੁਹਾਈ ਦੇਂਦੇ ਹੋਏ ਬੀੜ ਨੂੰ
ਰਾਗਮਾਲਾ ਤੋਂ ਬਗੈਰ ਨਾ ਲਿਖੇ ਜਾਂ ਛਾਪੇ ਜਾਣ ਦੀ ਮੱਦ ਰੱਖ ਦਿਤੀ ਗਈ।
ਅਨੇਕਾਂ ਹੀ ਜਾਗਰੂਕ ਵਿਦਵਾਨਾਂ ਅਤੇ ਅੰਤ ਗਿਆਨੀ ਗੁਰਦਿਤ ਸਿੰਘ ਜੀ ਨੇ
‘ਮੁੰਦਾਵਣੀ’ ਪੁਸਤਕ ਰਾਹੀਂ ਇਹ ਸਪਸ਼ਟ ਕਰ ਦਿਤਾ ਹੈ ਕਿ ਇਹ ‘ਰਾਗਮਾਲਾ’ ਅਕਬਰ ਦੇ ਸਮਕਾਲੀਨ ਕਵੀ
‘ਆਲਮ’ ਦੀ ਸ਼ਿੰਗਾਰ ਰਸੀ ਰਚਨਾ ‘ਮਾਧਵਨਲ ਕਾਮੰਦਾਕਲਾ’ ਵਿਚੋਂ ਲੈ ਕੇ ‘ਗੁਰੂ ਗ੍ਰੰਥ ਸਾਹਿਬ ਜੀ’
ਵਿੱਚ ਮਿਲਾਵਟ ਕੀਤੀ ਗਈ ਹੈ। ‘ਮੁੰਦਾਵਣੀ’ ਦਾ ਭਾਵ ਹੀ ਇਹ ਮੋਹਰ ਹੈ ਕਿ ਇਥੇ ਬੀੜ ਦੀ ਸਮਾਪਤੀ ਹੈ।
ਕੀ ਕੋਈ ਐਸਾ ਜਾਗਰੂਕ ਸਿੱਖ ਹੈ ਜੋ ‘ਰਾਗਮਾਲਾ’ ਨੂੰ ਗੁਰਬਾਣੀ ਮੰਨਦਾ ਹੋਵੇ? ਜਦ ਸਾਰਾ ਪੰਥ
(ਸੰਪਰਦਾਈ ਸਿੱਖ ਤਾਂ ਸਾਜ਼ਿਸ਼ ਜਾਂ ਭੁਲੇਖੇ ਅਧੀਨ ਕੌਮ ਨੂੰ ਬ੍ਰਾਹਮਣਵਾਦ ਵਿੱਚ ਡੋਬੀ ਰੱਖਣਾ
ਚਾਹੁੰਦੇ ਹਨ) ਇਸ ਗੱਲ ‘ਤੇ ਸਹਿਮਤ ਹੈ ਕਿ ਰਾਗਮਾਲਾ ਗੁਰਬਾਣੀ ਨਹੀਂ, ਮਿਲਾਵਟ ਹੈ। ਤਾਂ ਕੀ
ਰਾਗਮਾਲਾ ਵਾਲੇ ਮੌਜੂਦਾ ਸਰੂਪ ਨੂੰ ਹੀ ‘ਪ੍ਰਮਾਨਿਕ ਅਤੇ ਅੰਤਿਮ’ ਮੰਨ ਲੈਣਾ ਅਪਣੇ ‘ਗੁਰੂ ਗਿਆਨ’
ਨਾਲ ਧ੍ਰੋਹ ਨਹੀਂ? ਕੀ ਇਹ ਜਾਗ੍ਰਿਤੀ ਲਹਿਰ ਨੂੰ ਪੁੱਠਾ ਗੇੜ ਦੇਣਾ ਨਹੀਂ? ਜਿਸ ਬਾਰੇ 1936 ਵਿੱਚ
ਹੀ ਸੁਹਿਰਦ ਪੰਥ ਸੁਚੇਤ ਸੀ, ਉਸ ਬਾਰੇ 2010 ਵਿੱਚ ਕਿੰਤੂ ਕਰਨ ‘ਤੇ ਪਾਬੰਧੀ ਲਾਉਣਾ ਕੀ ਜਾਗ੍ਰਿਤੀ
ਦੀ ਨਿਸ਼ਾਨੀ ਹੈ? ਕੀ ਸਾਨੂੰ ਰਾਗਮਾਲਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦਾ ਸਰੂਪ ਵਿਚੋਂ ਬਾਹਰ
ਕੱਡਣ ਸੰਬੰਧੀ ਜਾਗ੍ਰਿਤੀ ਲਿਆਉਣ ਦੇ ਜਤਨ ਨਹੀਂ ਕਰਨੇ ਚਾਹੀਦੇ? ਜਾਂ ਫੇਰ ‘ਕਵੀ ਆਲਮ’ ਦੇ ਸ਼ਿੰਗਾਰ
ਰਸੀ ਕਲਾਮ ਨੂੰ ‘ਗੁਰੂ’ ਮੰਨ ਕੇ ਮੱਥੇ ਟੇਕੀ ਜਾਣ ਨੂੰ ‘ਸਿੱਖੀ’ ਮੰਨਣਾ ਅਤੇ ਪ੍ਰਚਾਰਣਾ ਹੈ? ਅਸੀਂ
‘ਗੁਰੂ ਗਿਆਨ’ ਨੂੰ ਸੁਪਰੀਮ ਮੰਨਣਾ ਹੈ ਜਾਂ ‘ਰਹਿਤ ਮਰਿਯਾਦਾ’ ਨੂੰ?
‘ਤੱਤ ਗੁਰਮਤਿ ਪਰਿਵਾਰ’ ਨੇ ਤਾਂ ਅਪਣੀ ਕਾਇਮੀ ਦੀ ਸ਼ੁਰੂਆਤ ਵਿੱਚ ਹੀ ਸਪਸ਼ਟ
ਕਰ ਦਿਤਾ ਸੀ ਕਿ ‘ਗੁਰੂ ਗ੍ਰੰਥ ਸਾਹਿਬ ਜੀ’ (ਰਾਗਮਾਲਾ ਤੋਂ ਬਗੈਰ)। ਬੇਸ਼ਕ ਇਸ ਤੋਂ ਬਿਨਾ ਗੁਰੂ
ਗ੍ਰੰਥ ਸਾਹਿਬ ਜੀ ਦਾ ਸਰੂਪ ਛਾਪਣਾ ਸਾਡੀ ਪਹੁੰਚ ਤੋਂ ਬਾਹਰ ਹੈ, ਪਰ ਇਸ ਬਾਰੇ ਚੁੱਪੀ ਧਾਰ ਕੇ
ਅਸੀਂ ‘ਗੁਰੂ’ (ਗੁਰਬਾਣੀ ਗਿਆਨ) ਨਾਲ ਧ੍ਰੋਹ ਕਿਵੇਂ ਕਮਾ ਸਕਦੇ ਹਾਂ? ਜਿਸ ਬਾਰੇ 1920 ਦੇ ਆਸਪਾਸ
ਹੀ ਸੁਹਿਰਦ ਵਿਦਵਾਨ ਲਿਖ ਰਹੇ ਸਨ, ਉਸ ਬਾਰੇ 2010 ਵਿੱਚ ਵੀ ਕਿੰਤੂ ਨਾ ਕਰਨ ਦੀ ਹਿਦਾਇਤ ਕਿਥੇ ਦੀ
ਗੁਰਮੁਖਤਾਈ ਹੈ?
ਜੇ ਕੁੰਡਾ ਮੌਜੂਦਾ ਰਹਿਤ ਮਰਿਯਾਦਾ ਦਾ ਹੀ ਰੱਖਣਾ ਹੈ ਤਾਂ ਸਾਰੀ ਕੀਤੀ
ਕਤਾਈ ਖੂਹ ਵਿੱਚ ਪਾਉਣ ਵਾਲੀ ਗੱਲ ਹੈ। ਕਿਉਂਕਿ ਇਹ ਲਗਭਗ ਸਾਰੇ ਜਾਗਰੂਕ ਸਿੱਖ ਮੰਨਦੇ ਹਨ ਕਿ
ਮੌਜੂਦਾ ਸਿੱਖ ਰਹਿਤ ਮਰਿਯਾਦਾ ਵਿੱਚ ਅਨੇਕਾਂ ਨੁਕਤੇ ਗੁਰਮਤਿ ਦੇ ਉਲਟ ਹਨ। ਇਸ ਲਈ ਪਿਛਲੇ ਕੁੱਝ
ਸਮੇਂ ਤੋਂ ਜਾਗਰੂਕ ਸਿੱਖਾਂ ਵਲੋਂ ਇਸ ਰਹਿਤ ਮਰਿਯਾਦਾ ਦੇ ਸੁਧਾਰ ਸੰਬੰਧੀ ਗੰਭੀਰ ਵਿਚਾਰ ਅਤੇ ਜਤਨ
ਕੀਤੇ ਜਾਂਦੇ ਰਹੇ ਹਨ। ਜਾਚਕ ਜੀ ਅਤੇ ਮੀਟਿੰਗ ਵਿਚਲੇ ਕਈਂ ਹੋਰ ਵਿਦਵਾਨ ਇਸ ਤੋਂ ਚੰਗੀ ਤਰਾਂ ਜਾਣੂ
ਹਨ।
ਇਸੇ ਰਹਿਤ ਮਰਿਯਾਦਾ ਦੇ ਨਾਂ ‘ਤੇ ਕੌਮ ਨੂੰ ਰੋਜ਼ ਕਈਂ ਵਾਰ ‘ਦੇਵੀ ਭਗੌਤੀ’
ਅਤੇ ‘ਮਹਾਂਕਾਲ’ ਦਾ ਸਿਮਰਨ ਕਰਵਾਇਆ ਜਾ ਰਿਹਾ ਹੈ। ਵਾਮ ਮਾਰਗੀ ਗ੍ਰੰਥ ‘ਬਚਿੱਤਰ ਨਾਟਕ’ ਵਿਚਲੀ
ਕੁੱਝ ਰਚਨਾਵਾਂ ਨੂੰ ‘ਗੁਰਬਾਣੀ’ ਮਨ ਕੇ ਪਾਠ ਕਰਨ ਲਈ ਕਿਹਾ ਜਾ ਰਿਹਾ ਹੈ। ਇਸ ਰਹਿਤ ਮਰਿਯਾਦਾ
ਵਿਚਲੇ ਗੁਰਮਤਿ ਵਿਰੁਧ ਨੁਕਤਿਆਂ ਦੀ ਖੁੱਲੀ ਪੜਚੋਲ ਪਰਿਵਾਰ ਵਲੋਂ ਅਪਣੀ ਪਲੇਠੀ ਪੁਸਤਕ ‘ਮਨਮਤਿ
ਤੋਂ ਗੁਰਮਤਿ ਵੱਲ ਵਾਪਸੀ ਦਾ ਸਫਰ ਭਾਗ-1’ ਵਿਚਲੇ ਇੱਕ ਲੇਖ ‘ਸਿੱਖ ਰਹਿਤ ਮਰਿਯਾਦਾ ਦੀ ਪੁਨਰ
ਪੜਚੋਲ ਜਰੂਰੀ ਕਿਉਂ? ‘ ਵਿੱਚ ਕੀਤੀ ਗਈ ਹੈ। ਕੀ ‘ਗੁਰੂ ਗਿਆਨ’ ਦੇ ਨਾਂ ‘ਤੇ ਐਸੀ ਰਹਿਤ ਮਰਿਯਾਦਾ
ਦਾ ਕੁੰਡਾ ਸਥਾਪਿਤ ਕਰਨ ਦੇ ਸੁਝਾਅ ਪੁਨਰਜਾਗਰਨ ਲਹਿਰ ਨੂੰ ਪਿਛਾਂਹ ਧੱਕਣ ਵਾਲੇ ਨਹੀਂ? ਜੇ ਕਸਵੱਟੀ
(ਕੁੰਡਾ) ਇਹੀ ਰਹਿਨੀ ਹੈ ਤਾਂ ਪਿਛਲੇ ਸਮੇਂ ਵਿੱਚ ਕਾਲਾ ਅਫਗਾਨਾ ਜੀ ਸਮੇਤ ਵੱਖ ਵੱਖ ਜਾਗਰੂਕ
ਵਿਦਵਾਨਾਂ ਅਤੇ ਸੰਸਥਾਵਾਂ ਵਲੋਂ ਕੀਤਾ ਜ਼ਿਆਦਾਤਰ ਕੰਮ ਰੱਦ ਹੋ ਕੇ ਖੂਹ ਖਾਤੇ ਵਿੱਚ ਪੈ ਜਾਂਦਾ ਹੈ।
ਜੇ 2010 ਵਿੱਚ ਵੀ 1936 ਤੋਂ ਅੱਗੇ ਕੋਈ ਕਦਮ ਪੁੱਟਣਾ ਗੁਨਾਹ ਜਾਂ ਅਸਿੱਖੀ ਹੈ ਤਾਂ ਫਿਰ ਕਿਹੜੀ
ਜਾਗ੍ਰਿਤੀ ਅਤੇ ਕਿਹੜਾ ਪੁਨਰਜਾਗਰਨ?
ਇਸ ਵਿਚਾਰ ਉਪਰੰਤ ਸਪਸ਼ਟ ਹੋ ਗਿਆ ਹੈ ਕਿ ਸਿਰਫ ‘ਰਹਿਤ ਮਰਿਯਾਦਾ’ ਦੇ ਆਧਾਰ
‘ਤੇ, ਰਾਗਮਾਲਾ ਦਾ ਜ਼ਿਕਰ ਕੀਤੇ ਬਗੈਰ, ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦਾ ਸਰੂਪ ਨੂੰ ਹੀ
‘ਪ੍ਰਮਾਨਿਕ ਅਤੇ ਅੰਤਿਮ’ ਮੰਨ ਲੈਣਾ ਉਸ ‘ਗੁਰੂ ਗਿਆਨ’ ਤੋਂ ਮੂੰਹ ਮੋੜ ਲੈਣ ਦੇ ਤੁੱਲ ਹੈ ਜਿਸ ਦੇ
ਆਧਾਰ ‘ਤੇ ਲਗਭਗ ਸਾਰੇ ਸੁਹਿਰਦ ਅਤੇ ਜਾਗਰੂਕ ਸਿੱਖ ਮੰਨ ਚੁਕੇ ਹਨ ਕਿ ‘ਰਾਗਮਾਲਾ’ ਗੁਰਬਾਣੀ ਨਹੀਂ,
ਮਿਲਾਵਟ ਹੈ। ਬਲਕਿ ਸਾਨੂੰ ਤਾਂ ਇਸ ਰਾਗਮਾਲਾ ਨੂੰ ਮੌਜੂਦਾ ਬੀੜ ਵਿਚੋਂ ਬਾਹਰ ਕਡਵਾਉਣ ਲਈ ਗੰਭੀਰ
ਅਤੇ ਸੁਹਿਰਦ ਜਤਨ ਕਰਨੇ ਚਾਹੀਦੇ ਹਨ। ਅਸੀਂ ਇਹ ਗੱਲ ਬਿਲਕੁਲ ਸਪਸ਼ਟ ਹੋ ਕੇ ਤੁਰਣਾ ਹੈ ਕਿ ਸਾਡਾ
ਗੁਰੂ ‘ਗਿਆਨ’ ਹੈ, ਰਹਿਤ ਮਰਿਯਾਦਾ ਨਹੀਂ। ਜੋ ਗੁਰੂ ਹੈ ‘ਕੁੰਡਾ’ ਸਿਰਫ ਉਸ ਦਾ ਹੋਣਾ ਚਾਹੀਦਾ ਹੈ।
ਸਾਡੇ ਵਿਚਾਰ ਅਨੁਸਾਰ ਇਸ ਵਿਸ਼ੇ ‘ਤੇ ਇਹ ਫੈਸਲਾ ਲੈਣਾ ਬਣਦਾ ਹੈ ਕਿ ‘ਗੁਰੂ
ਗ੍ਰੰਥ ਸਾਹਿਬ ਜੀ’ ਮੌਜੂਦਾ ਸਰੂਪ ਵਿੱਚ ਰਾਗਮਾਲਾ ਤੋਂ ਬਗੈਰ ਕਿਸੇ ਵੀ ਹੋਰ ਬਾਣੀ ਦੀ ਪ੍ਰਮਾਨਿਕਤਾ
ਬਾਰੇ ਮੀਡੀਆ ਵਿੱਚ ਜਾਂ ਜਨਤਕ ਤੌਰ ‘ਤੇ ਕਿੰਤੂ ਨਹੀਂ ਹੋਣਾ ਚਾਹੀਦਾ, ਕਿਉਂਕਿ ਕੌਮ ਦੀਆਂ ਲਗਭਗ
ਸਾਰੇ ਜਾਗਰੂਕ ਵਿਦਵਾਨ ਅਤੇ ਸੰਸਥਾਵਾਂ ਇਸ ਦੀ ਪ੍ਰਮਾਣਿਕਤਾ ਬਾਰੇ ਸਹਿਮਤ ਹਨ।
. ਪਹਿਲੇ ਮਤੇ ਦੇ ਦੂਜੇ ਹਿੱਸੇ ਵਿੱਚ ਸਪੋਕਸਮੈਨ ਨੂੰ ਮਾਫੀ ਮੰਗਣ ਲਈ ਕਹਿਣ
ਦਾ ਇੱਕ ਕਾਰਨ ਇਹ ਦਸਿਆ ਹੈ ਕਿ ਉਸ ਦੀ ਪਹੁੰਚ ਨਾਲ ਸਿੱਖ ਸੰਗਤਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ।
ਕੀ ਮਾਫੀ ਮੰਗਵਾਉਣ ਲਈ ਇਹ ਕਾਰਨ ਜਾਂ ਆਧਾਰ ਸਹੀ ਮੰਨਿਆ ਜਾ ਸਕਦਾ ਹੈ? ਇਤਿਹਾਸ ਅਤੇ ਵਰਤਮਾਨ ਗਵਾਹ
ਹੈ ਕਿ ਜਿਸ ਕਿਸੇ ਨੇ ਵੀ ਸੁਧਾਰ ਦੀ ਗੱਲ ਕੀਤੀ ਹੈ, ਉਸ ਨਾਲ ਸਨਾਤਨੀ ਅਤੇ ਰੂੜੀਵਾਦੀ ਸੋਚ ਵਾਲੇ
ਲੋਕਾਂ ਦੇ (ਅਗਿਆਨੀ) ਮਨ ਨੂੰ ਠੇਸ ਪਹੁੰਚਦੀ ਹੀ ਹੈ? ਇਸ ਤਰਾਂ ਕਦੀ ਸੁਧਾਰ ਨਹੀਂ ਹੋ ਸਕੇਗਾ। ਇਸੇ
ਆਧਾਰ ‘ਤੇ ਮਨੂਵਾਦੀਆਂ ਨੇ ਪੰਜਾਬ ਸਰਕਾਰ ਕੋਲੋਂ ਤਰਕਸ਼ੀਲ ਸਾਹਿਤ ‘ਤੇ ਪਾਬੰਦੀ ਲਾਉਣ ਦੀ ਮੰਗ ਕੀਤੀ
ਸੀ। ਦਸਮ ਗ੍ਰੰਥ ਦਾ ਵਿਰੋਧ ਕਰਨ ‘ਤੇ ਵੀ ਸਿੱਖ ਪੰਥ ਦੇ ਇੱਕ ਹਿੱਸੇ ਦੇ ਮਨਾਂ ਨੂੰ (ਅਗਿਆਨ) ਕਾਰਨ
ਠੇਸ ਪਹੁੰਚਦੀ ਹੈ। ਕੀ ਉਹ ਵੀ ਬੰਦ ਕਰ ਦਿਤਾ ਜਾਵੇ ‘ਤੇ ਉਸ ਲਈ ਮਾਫੀ ਮੰਗਣੀ ਚਾਹੀਦੀ ਹੈ? ਕਹਿਣ
ਦਾ ਭਾਵ ਸਿਰਫ ਮਨ ਨੂੰ ਠੇਸ ਲਗਣ ਵਾਲੀ ਕੱਚੀ ਦਲੀਲ ਦੇ ਆਧਾਰ ‘ਤੇ ਸੁਧਾਰ ਦੀ ਗੱਲ ਦਾ ਵਿਰੋਧ
ਗੁਰਮੁਖਤਾਈ ਨਹੀਂ ਕਹੀ ਜਾ ਸਕਦੀ।
ਸਪੋਕਸਮੈਨ ਵਲੋਂ ‘ਗੁਰੂ ਗ੍ਰੰਥ ਸਾਹਿਬ ਜੀ’ ਦੀ ਪ੍ਰਮਾਨਿਕ ਬਾਣੀਆਂ ਬਾਰੇ
ਬਿਨਾਂ ਕਿਸੇ ਠੋਸ ਆਧਾਰ, ਦਲੀਲ਼, ਕੱਚੀਆਂ ਧਾਰਨਾਵਾਂ ਦੇ ਆਧਾਰ ‘ਤੇ ਗਲਤ, ਮੰਸ਼ਾ ਨਾਲ ਟਿੱਪਣੀਆਂ
ਕੀਤੀਆਂ ਗਈਆਂ ਹਨ, ਇਸ ਕਰਕੇ ਉਸ ਦਾ ਸੁਹਿਰਦਤਾ ਵਿਖਾਉਣ ਲਈ ਐਸੀ ਪਹੁੰਚ ਤੋਂ ਤੌਬਾ ਕਰਨਾ ਬਣਦਾ
ਹੈ, ਨਾਕਿ ਮਨਾਂ ਨੂੰ ਪਹੁੰਚੀ ਠੇਸ ਕਾਰਨ।
ਇਸ ਇਕਤੱਰਤਾ ਦੇ ਦੂਜੇ ਮਤੇ ਵਿੱਚ ਮੀਡੀਆ ਦੇ ਕੰਟਰੋਲ ਵਾਸਤੇ ‘ਪੰਥਕ ਪੈਨਲ’
ਦਾ ਸੁਝਾਅ ਜਾਇਜ਼ ਹੈ। ਪਰ ਇਸ ਦੀ ਸੀਮਾ, ਰੂਪ ਰੇਖਾ, ਆਧਾਰ ਬਾਰੇ ਗੰਭੀਰ ਵਿਚਾਰ ਜ਼ਰੂਰੀ ਹੈ। ਅੱਜ
ਦਾ ਮੀਡੀਆ ਬਹੁਤ ਤੇਜ਼ ਹੈ। ਹਰ ਰੋਜ਼ ਅਨੇਕਾਂ ਵੈਬਸਾਈਟਾਂ ਆਦਿ ‘ਤੇ ਗੁਰਮਤਿ ਸੰਬੰਧੀ ਕਾਫੀ ਸਮੱਗਰੀ
ਛਪ ਜਾਂਦੀ ਹੈ। ਕੀ ਇਤਨੀ ਸਮੱਗਰੀ ਨੂੰ ਰੋਜ਼ ਛਪਣ ਤੋਂ ਪਹਿਲਾਂ ਜਾਂਚ ਪਰਖ ਸਕਣਾ ਕਿਸੇ ਪੈਨਲ ਲਈ
ਸੰਭਵ ਲਗਦਾ ਹੈ? ਜਿਸ ਪੈਨਲ ਦਾ ਗਠਨ ਕੀਤਾ ਜਾਵੇ ਉਸ ਵਾਸਤੇ ਜਰੂਰੀ ਹੈ ਕਿ ਉਸ ਵਿੱਚ ਸ਼ਾਮਿਲ ਸੱਜਣ
ਜਾਗਰੂਕ ਅਤੇ ਵਿਦਵਾਨ ਦੇ ਨਾਲ ਨਾਲ ਸਾਂਝੇ, ਸੁਹਿਰਦ ਅਤੇ ਨਿਰਪੱਖ ਵੀ ਹੋਣ। ਉਹਨਾਂ ਲਈ ਕਸਵੱਟੀ
‘ਗੁਰੂ ਗ੍ਰੰਥ ਸਾਹਿਬ ਜੀ’ (ਰਾਗਮਾਲਾ ਤੋਂ ਬਗੈਰ) ਹੋਣੀ ਚਾਹੀਦੀ ਹੈ, ਮੌਜੂਦਾ ਰਹਿਤ ਮਰਿਯਾਦਾ ਜਾਂ
ਹੋਰ ਕੁੱਝ ਨਹੀਂ।
‘ਪਰਿਵਾਰ’ ਦੇ ਵਿਚਾਰ ਅਨੁਸਾਰ ਜਾਗਰੂਕ ਧਿਰਾਂ ਦੀ ‘ਸਿਧਾਂਤਕ ਏਕਤਾ’ ਦਾ
ਇਕੋ ਇੱਕ ਸਾਂਝਾ ਆਧਾਰ ਬਣਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ (ਰਾਗਮਾਲਾ ਤੋਂ ਬਗੈਰ) ਦੀ ਕਿਸੇ ਵੀ
ਬਾਣੀ ਦੀ ਪ੍ਰਮਾਣਿਕਤਾ ‘ਤੇ ਕਿੰਤੂ-ਪ੍ਰੰਤੂ ਨਾ ਕੀਤਾ ਜਾਵੇ। ਸਿਧਾਂਤ ਨਾਲ ਸਮਝੌਤਾ ਕਰਕੇ ਮੌਜੂਦਾ
‘ਸਿੱਖ ਰਹਿਤ ਮਰਿਯਾਦਾ’ ਆਦਿ ਨੂੰ ਆਧਾਰ ਬਣਾ ਕੇ ਕੀਤੀ ਏਕਤਾ ਨੇ ਇਤਿਹਾਸ ਵਿੱਚ ਵੀ ਕੋਈ ਪ੍ਰਾਪਤੀ
ਨਹੀਂ ਹੋਣ ਦਿਤੀ ‘ਤੇ ਨਾ ਹੀ ਭਵਿੱਖ ਵਿੱਚ ਇਸ ਨਾਲ ਕੋਈ ਪ੍ਰਾਪਤੀ ਹੋਣ ਦੇ ਆਸਾਰ ਹਨ।
ਉਪਰੋਕਤ ਵਿਚਾਰ ਤੋਂ ਸਪਸ਼ਟ ਹੋ ਗਿਆ ਹੈ ਕਿ ਗੰਭੀਰਤਾ ਰਹਿਤ ਵਿਚਾਰ ਤੋਂ,
ਜਲਦਬਾਜ਼ੀ ਅਤੇ ਕਾਹਲ ਵਿਚ, ਅਪਣੀ ਨਮੋਸ਼ੀ ਦੂਰ ਕਰਨ ਖਾਤਿਰ ਜਾਂ ਸੁਹਿਰਦਤਾ ਨਾਲ ਵੀ ਲਏ ਫੈਸਲਿਆਂ
ਨਾਲ ਪ੍ਰਾਪਤੀ ਤਾਂ ਸ਼ਾਇਦ ਹੀ ਕੋਈ ਹੋਵੇ, ਪਰ ਜਾਗ੍ਰਿਤੀ ਲਹਿਰ ਨੂੰ ਪੁੱਠਾ ਗੇੜ ਜਰੂਰ ਦੇ ਦਿਤਾ
ਜਾਵੇਗਾ। ਜਾਗਰੂਕਤਾ ਲਹਿਰ ਨੂੰ ਪੱਕੇਂ-ਪੈਰੀ ਕਰ ਕੇ ਸਹੀ ਲੀਹ ‘ਤੇ ਤੌਰਣ ਦੇ ਮਕਸਦ ਨਾਲ ਪਰਿਵਾਰ
ਵਲੋਂ ਭੇਜੇ ਸੁਝਾਅ ਪੱਤਰ ‘ਸਿੱਖ ਪੁਨਰਜਾਗਰਨ ਲਹਿਰ: ਹੁਣ ਕੀ ਹੋਣਾ ਚਾਹੀਦਾ ਹੈ? ‘ ਨੂੰ ਜੇ
ਸਾਰੀਆਂ ਧਿਰਾਂ ਸੁਹਿਰਦਤਾ ਅਤੇ ਗੰਭੀਰਤਾ ਨਾਲ ਵਿਚਾਰ ਕਰਕੇ, ਆਧਾਰ ਬਣਾ ਲੈਂਦੀਆਂ ਤਾਂ ਕੋਈ
ਦੋ-ਰਾਇ ਨਹੀਂ ਸੀ ਕਿ ਇਹ ਲਹਿਰ ਪੱਕੇ-ਪੈਂਰੀ ਹੋ ਜਾਂਦੀ। ਪਰ ਤਿੰਨ ਵਿੱਚ ਦੋ ਧਿਰਾਂ (ਸਰਨਾ ਜੀ
ਦਿਲੀ ਕਮੇਟੀ ਵਾਲੀ ਰਾਜਨੀਤਿਕ ਧਿਰ ਅਤੇ ਸਪੋਕਸਮੈਨ ਵਾਲੀ ਮੀਡੀਆ ਧਿਰ) ਨੇ ਤਾਂ ਸੁਝਾਅ ਤੋਂ
ਬਿਲਕੁਲ ਉਲਟ ਪੁੱਠੇ ਰਾਹ ਪੈ ਗਈਆਂ। ਤੀਜੀ ਧਿਰ (ਧਾਰਮਿਕ-ਦਰਸ਼ਨ ਸਿੰਘ ਜੀ) ਦੀ ਸੁਹਿਰਦਤਾ ਬਾਰੇ
ਸਾਨੂੰ ਕੋਈ ਸ਼ੰਕਾ ਨਹੀਂ ਪਰ ਉਹਨਾਂ ਨੇ ਵੀ ਸਾਡੇ ਸੁਝਾਆਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਅਪਣੀ ਲੜਾਈ
ਨੂੰ ਇਤਨੀ ਸੀਮਿਤ ਅਤੇ ਸਿਧਾਂਤ ਤੋਂ ਉਣੀ ਹੱਦ ਤੱਕ ਸਮੇਟ ਕੇ, ‘ਚਾਲਾਕ ਲੋਕਾਂ’ ਨੂੰ ਅਪਣੇ ਵਿਰੁਧ
ਬੋਲ ਕੇ, ਪਾਠਕਾਂ ਨੂੰ ਗੁੰਮਰਾਹ ਕਰਨ ਦਾ ਬਹਾਨਾ ਦੇ ਦਿਤਾ ਹੈ। ਜਾਗਰੂਕ ਧਿਰਾਂ ਨੂੰ ‘ਸਿਧਾਂਤਕ
ਏਕਤਾ’ ਰਾਹੀਂ ਪੁਨਰਜਾਗਰਨ ਲਹਿਰ ਨੂੰ ਸਹੀ ਰਾਹ ‘ਤੇ ਪਾਉਣ ਬਾਰੇ ਸਤਿਕਾਰਯੋਗ ਅਮਰਜੀਤ ਸਿੰਘ ਜੀ
ਚੰਦੀ ਵਲੋਂ ਪਿਛਲੇ ਕੁੱਝ ਸਮੇਂ ਵਿੱਚ ਦਿਤੇ ਗਏ ਸੁਝਾਅ ਵੀ ਕਾਫੀ ਹੱਦ ਤੱਕ ਉਚਿਤ ਜਾਪਦੇ ਹਨ। ਪਰ
ਉਹਨਾਂ ਵੱਲ ਵੀ ਕੋਈ ਜਾਗਰੂਕ ਧਿਰ ਕੰਨ ਧਰਨ ਨੂੰ ਤਿਆਰ ਨਹੀਂ ਲਗਦੀ। ਜਾਗਰੂਕ ਮੰਨੀਆਂ ਜਾਂਦੀਆਂ
ਕਈਂ ਧਿਰਾਂ ਅਤੇ ਸੱਜਣਾਂ ਵਲੋਂ ਵੀ ‘ਬੰਦਾ-ਪੂਜ’, ‘ਧੜਾ-ਪੂਜ’ ਜਾਂ ਸਿਧਾਂਤ ਰਹਿਤ ਸਵਾਰਥੀ ਏਕਤਾ
ਜਤਨਾਂ ਦੇ ਵਿੱਚ ਉਲਝੇ ਰਹਿਣਾ ਬਹੁਤ ਹੀ ਅਫਸੋਸਜਨਕ ਅਤੇ ਨੁਕਸਾਨਦਾਇਕ ਹੈ।
ਸਪੋਕਸਮੈਨ ਵਲੋਂ ਸ਼ੁਰੂ ਕੀਤੀ ਇਸ ਆਪਸੀ ਬੇਲੋੜੀ ਲੜਾਈ ਨੇ ਪੁਨਰਜਾਗਰਨ ਲਹਿਰ
ਦਾ ਉਹ ਨੁਕਸਾਨ ਕਰ ਦੇਣਾ ਹੈ, ਜੋ ਸਾਰਾ ਪੁਜਾਰੀ ਲਾਣਾ ਮਿਲ ਕੇ ਵੀ ਨਹੀਂ ਕਰ ਸਕਦਾ ਸੀ। ਪਰ ਡੁੱਲੇ
ਬੇਰਾਂ ਨੂੰ ਹਾਲਾਂ ਵੀ ਸੰਭਾਲਿਆ ਜਾ ਸਕਦਾ ਹੈ ਜੇ ਅਸੀਂ ਸਾਰੇ ਸੁਹਿਰਦ, ਧੜਾ-ਰਹਿਤ, ਨਿਰਪੱਖ,
ਨਿਸੁਆਰਥ ਅਤੇ ਸਿਧਾਂਤਕ ਸੋਚ ਦੇ ਧਾਰਨੀ ਹੋ ਕੇ ਜਤਨ ਕਰੀਏ। ਗੁਰੂ ਗ੍ਰੰਥ ਸਾਹਿਬ ਜੀ (ਰਾਗਮਾਲਾ
ਤੋਂ ਬਗੈਰ) ਦੀ ਬਾਣੀਆਂ ਦੀ ਪ੍ਰਮਾਨਿਕਤਾ ਬਾਰੇ ਸਪੋਕਸਮੈਨ (ਜੋਗਿੰਦਰ ਸਿੰਘ ਜੀ) ਵਲੋਂ ਕਿੰਤੂ ਨਾ
ਕਰਨ ਦਾ ਸਪਸ਼ਟ ਐਲਾਣ ਕੀਤਾ ਜਾਵੇ। ਨਾਲ ਹੀ ਅਪਣੀ ਹੰਕਾਰ ਅਤੇ ਈਰਖਾ ਨੂੰ ਕਾਬੂ ਵਿੱਚ ਰਖਦੇ ਹੋਏ
ਪ੍ਰੋ. ਦਰਸ਼ਨ ਸਿੰਘ ਜੀ ਵਿਰੁਧ ਸ਼ੁਰੂ ਕੀਤੀ ਕੂੜ, ਇਕਪਾਸੜ ਅਤੇ ਤੱਥਾਂ ਤੋਂ ਉਲਟ ਜੰਗ ਨੂੰ ਰੋਕ ਕੇ
ਅਪਣੀ ਸੁਹਿਰਦਤਾ ਦਾ ਸਬੂਤ ਦਿੱਤਾ ਜਾਵੇ। ਜੇ ਉਹ ਐਸਾ ਨਹੀਂ ਕਰਦੇ ਤਾਂ ਸਾਰੀਆਂ ਜਾਗਰੂਕ ਧਿਰਾਂ
ਨੂੰ (ਸਮੇਤ ਉਹਨਾਂ ਦੇ ਹਿਮਾਇਤੀਆਂ ਦੇ) ਮੀਡੀਆ ਖੇਤਰ ਵਿੱਚ ਉਹਨਾਂ ਦਾ ਬੱਦਲ ਤਿਆਰ ਕਰਨ ਦੇ ਗੰਭੀਰ
ਜਤਨ ਕਰਨੇ ਚਾਹੀਦੇ ਹਨ।
ਪ੍ਰੌ. ਦਰਸ਼ਨ ਸਿੰਘ ਜੀ ਨੂੰ ਵੀ ਸਲਾਹ ਹੈ ਕਿ ਮੌਜੂਦਾ ‘ਸਿੱਖ ਰਹਿਤ
ਮਰਿਯਾਦਾ’ ਜਿਹੇ ਕੱਚੇ ਆਧਾਤ ਅਨੁਸਾਰ ਇਸ ਸੰਘਰਸ਼ ਨੂੰ ਮੁੱਖ ਮੁੱਦਿਆਂ ਤੋਂ ਲਾਂਭੇ ਕਰਕੇ ਸਿਰਫ ਇੱਕ
ਛੋਟੀ ਜਿਹੀ ਹੱਦ ਤਕ ਸੀਮਿਤ ਕਰ ਲੈਣ ਵਾਲੀ ਅਪਣੀ ‘ਨੀਤੀ’ ਉਪਰ ਗੁਰਮਤਿ ਦੀ ਰੋਸ਼ਨੀ ਵਿਚ, ਠਰੰਮੇ
ਅਤੇ ਗੰਭੀਰਤਾ ਨਾਲ ਦੁਬਾਰਾ ਵਿਚਾਰ ਕਰਕੇ ਕੋਈ ਫੈਸਲਾ ਲੈਣ।
ਦਿਲੀ ਕਮੇਟੀ ਵਾਲੀ ਰਾਜਨੀਤਕ ਧਿਰ ਪੁਜਾਰੀਆਂ ਅਤੇ ਡੇਰੇਦਾਰਾਂ ਅੱਗੇ ਗੋਡੇ
ਟੇਕ ਕੇ ਜਿਸ ਸੁਆਰਥੀ ਖੇਡ ਦਾ ਪ੍ਰਦਰਸ਼ਨ ਕਰ ਰਹੀ ਹੈ, ਉਸ ਤੋਂ ਕੋਈ ਆਸ ਕਰਨੀ ਮੂਰਖਤਾ ਹੋਵੇਗੀ। ਇਸ
ਲਈ ਸਾਨੂੰ ਸਾਰਿਆਂ ਨੂੰ ਇੱਕ ਜਾਗਰੂਕ, ਸਿਧਾਂਤਕ, ਨਿਸੁਆਰਥ ਰਾਜਨੀਤਿਕ ਧਿਰ ਨੂੰ ਬੱਦਲ ਵਜੋਂ ਤਿਆਰ
ਕਰਣ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ।
ਅੰਤ ਵਿੱਚ ਆਸ ਹੈ ਕਿ ਸਾਰੀਆਂ ਜਾਗਰੂਕ ਅਤੇ ਸੁਹਿਰਦ ਧਿਰਾਂ ਪਰਿਵਾਰ ਦੇ ਇਸ
ਨਿਸ਼ਕਾਮ, ਨਿਰਪੱਖ ਅਤੇ ਇਮਾਨਦਾਰ ਤਰਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਯੋਗ ਜਤਨ ਕਰਣਗੀਆਂ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ