ਕੀ ਭੁੱਲਾਂ ਨੂੰ ਸੁਧਾਰਨਾ ਅਵੱਗਿਆ ਹੈ?
ਸਰਵਜੀਤ ਸਿੰਘ
ਲੰਮੇ ਅਵੇਸਲੇਪਣ ਕਾਰਨ ਸਾਡੀਆਂ ਕਈ
ਸਮੱਸਿਆਵਾਂ ਏਨੀਆਂ ਗੁੰਝਲਦਾਰ ਹੋ ਗਈਆਂ ਹਨ ਕਿ ਇਨ੍ਹਾਂ ਦਾ ਹਲ ਕਰਨਾ ਤਾਂ ਇੱਕ ਪਾਸੇ, ਅੱਜ
ਇਨ੍ਹਾਂ ਬਾਰੇ ਸੋਚਣਾ ਵੀ ਗੁਨਾਹ ਬਣ ਗਿਆ ਹੈ। ਆਪਣੇ ਆਪ ਨੂੰ ਸ਼੍ਰੋਮਣੀ ਅਖਵਾਉਣ ਵਾਲੀ ਸੰਸਥਾ,
ਆਪਣੇ ਅਸਲੀ ਮਕਸਦ ਤੋਂ ਅੱਜ ਏਨੀ ਭਟਕ ਚੁੱਕੀ ਹੈ ਕਿ ਉਸ ਤੋਂ ਕੋਈ ਆਸ ਰੱਖਣੀ ਹੀ ਬੇਅਰਥ ਹੈ।
ਇਕ-ਅੱਧਾ ਲੇਖ ਲਿਖਣ ਜਾਂ ਨਿਜੀ ਪੱਧਰ ਦੀ ਕਾਰਵਾਈ ਵੀ ਕੋਈ ਅਰਥ ਨਹੀਂ ਰੱਖਦੀ। ਇਹ ਤਾਂ ਇੱਕ ਸਮਾ
ਬੱਧ ਯੋਜਨਾ ਬਣਾ ਕੇ, ਲਹਿਰ ਚਲਾਉਣ ਨਾਲ ਹੀ ਕਿਸੇ ਸਿੱਟੇ ਤੇ ਪੁੱਜਿਆ ਜਾ ਸਕਦਾ ਹੈ। ਇਸ ਲਈ ਸਿੱਖ
ਸੰਗਤ ਵਿੱਚ ਜਾਗ੍ਰਤੀ ਲਿਆਉਣੀ ਬਹੁਤ ਹੀ ਜਰੂਰੀ ਹੈ।
ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨ ਵਾਲੇ ਸਾਰੇ ਸੱਜਣ ਭਲੀ ਭਾਂਤ ਜਾਣਦੇ ਹਨ ਕਿ ਗੁਰੂ ਗ੍ਰੰਥ
ਸਾਹਿਬ ਜੀ ਦੇ ਅਰੰਭ ਵਿੱਚ ਅਤੇ ਜਦੋਂ ਵੀ ਨਵਾਂ ਰਾਗ ਅਰੰਭ ਹੁੰਦਾ ਹੈ ਉਥੇ ਅਤੇ ਉਸੇ ਰਾਗ ਵਿੱਚ
ਜਦੋਂ ਮਹਲਾ ਬਦਲਦਾ ਹੈ ਉਥੇ ਸੰਪੂਰਨ ਜਾਂ ਸੰਖੇਪ ਮੰਗਲ (ਮੰਗਲਾਚਰਨ, ਮੰਗਲਾਚਾਰ) ਲਿਖੇ ਹੋਏ ਮਿਲਦੇ
ਹਨ। ਜੋ ਗੁਰਮਤਿ ਮਾਰਤੰਡ(ਪੰਨਾ 594) ਵਿੱਚ ਹੇਠ ਲਿਖੇ ਅਨੁਸਾਰ ਦਰਜ ਹਨ।
(1) ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ
ਅਜੂਨੀ ਸੈਭੰ ਗੁਰ ਪ੍ਰਸਾਦਿ॥
(2) ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ॥
(3) ੴ ਸਤਿ ਨਾਮੁ ਗੁਰ ਪ੍ਰਸਾਦਿ॥
(4) ੴ ਸਤਿਗੁਰ ਪ੍ਰਸਾਦਿ॥
(5) ੴ ॥
ਇਸ ਤੋਂ ਪਹਿਲਾਂ ਕਿ ਵਿਚਾਰ ਨੂੰ ਅੱਗੇ ਤੋਰਿਆ ਜਾਵੇ ਇੱਥੇ ਇਹ ਹਕੀਕਤ ਨੂੰ ਦੱਸਣਾ ਵੀ
ਜਰੂਰੀ ਹੈ ਕਿ (5) 'ੴ' ਜਿਸ ਦਾ ਜਿਕਰ ਗੁਰਮਤਿ ਮਾਰਤੰਡ ਵਿੱਚ ਆਇਆ ਹੈ ਇਹ ਛਾਪੇ ਦੀ ਬੀੜ ਵਿੱਚ
ਨਹੀਂ ਹੈ। (ਕਰਤਾਰਪੁਰੀ ਬੀੜ ਦੇ ਦਰਸ਼ਨ ਪੰਨਾ 83) ਛਾਪੇ ਦੀ ਬੀੜ ਵਿਚ, 'ੴ ਸਤਿਗੁਰ ਪ੍ਰਸਾਦਿ' ਹੈ।
ੴ ਸਤਿਗੁਰ ਪ੍ਰਸਾਦਿ॥ ਜਬ ਦੇਖਾ ਤਬ ਗਾਵਾ॥ (ਪੰਨਾ 656) (4) ੴ ਸਤਿਗੁਰ ਪ੍ਰਸਾਦਿ॥ ਜੋ ਸਭ ਤੋਂ
ਵੱਧ ਵੇਰ (522)ਆਇਆ ਹੈ ਇਸ ਦੇ ਸ਼ਬਦ ਜੋੜ ਵੱਲ ਵੀ ਧਿਆਨ ਦੇਣ ਦੀ ਲੋੜ ਹੈ। 'ਗੁਰ' ਦਾ ਸਬੰਧ
ਪ੍ਰਸਾਦਿ ਨਾਲ ਹੈ ਨਾਂ ਕਿ ਸਤਿ ਨਾਲ। ੴ ਸਤਿ ਗੁਰ ਪ੍ਰਸਾਦਿ॥ ਇਹ ਉਪਰ ਨੰ: 1, 2 ਅਤੇ 3 ਤੋਂ ਵੀ
ਸਪੱਸ਼ਟ ਹੈ। ਮੈਨੂੰ ਇੱਕ ਹੱਥ ਲਿਖਤ ਪੋਥੀ ਵੇਖਣ ਦਾ ਸੁਭਾਗ ਪ੍ਰਾਪਤ ਹੋਇਆ। ਇਸ ਦੇ ਅਖੀਰ ਵਿੱਚ
ਸੰਮਤ 1825 ਮਿਤੀ ਭਾਦੋਂ ਵਦੀ ਦਸਮੀ10॥ ਲਿਖਿਆ ਹੋਇਆ ਹੈ। ਜਿਸ ਵਿੱਚ 250 ਪੱਤਰਿਆਂ ਉਪਰ ਬਾਣੀ
ਦਰਜ ਹੈ ਅਤੇ ਦੋ ਲਿਖਾਰੀਆਂ ਦੀ ਲਿਖਤ ਸੀ। ਜੁਪ, ਸੋ ਦਰੁ, ਸੋ ਪੁਰਖ ਅਤੇ ਸੋਹਿਲਾ ਤਾਈਂ ਤਾਂ ਬਾਣੀ
ਦੀ ਤਰਤੀਬ ਠੀਕ ਹੈ ਪਰ ਅੱਗੇ ਨਹੀਂ।
ਇਸ ਹੱਥ ਲਿਖਤ ਪੋਥੀ ਦਾ ਹਵਾਲਾ ਦੇਣ ਦਾ ਮੇਰਾ ਮੰਤਵ, ਸਿਰਫ ਮੰਗਲਾਂ ਦੇ ਅਸਥਾਨ ਬਾਰੇ ਵਿਚਾਰ ਕਰਨ
ਤਾਈਂ ਹੀ ਸੀਮਤ ਹੈ। ਪ੍ਰਾਚੀਨ ਹੱਥ ਲਿਖਤਾਂ 'ਚ ਮੰਗਲ ਨੂੰ ਪੱਤਰੇ ਦੇ ਅੱਧ ਤੋਂ ਸੱਜੇ ਪਾਸੇ ਲਿਖਿਆ
ਹੋਇਆ ਹੈ ਅਤੇ ਰਾਗਾਂ ਦੇ ਸਿਰਲੇਖ ਖੱਬੇ ਪਾਸੇ। ਭਾਵ ਸੱਜੇ ਪਾਸੇ ਨੂੰ ਸ੍ਰੇਸ਼ਟ ਸਮਝੇ ਹੋਏ ਮੰਗਲ
ਪਹਿਲਾਂ ਲਿਖਿਆ ਗਿਆ ਹੈ। ਹੁਣ ਜੇ (#1) ਸ਼ਬਦ ਨੂੰ ਲਿਖਣ ਸ਼ੈਲੀ ਅਨੁਸਾਰ ਪੜ੍ਹਿਆ ਜਾਵੇ ਤਾਂ ਇਹ ਹੇਠ
ਲਿਖੇ ਅਨੁਸਾਰ ਹੋਵੇਗਾ।
(ਨੋਟ:-ਪੁਰਾਤਨ ਬੀੜਾਂ ਦੇ ਹੱਥ ਲਿਖਤ ਹਵਾਲੇ ਇਸ ਲੇਖ ਦੇ ਹੇਠਾਂ ਦੇਖੋ)
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ ਰਾਗੁ
ਸੋਰਠਿ ਮਹਲਾ ੧ ਘਰੁ ੧ ਚਉਪਦੇ॥ ਸਭਨਾ ਮਰਣਾ ਆਇਆ ਵੇਛੋੜਾ ਸਭਨਾਹ॥ ਪੁਛਹੁ ਜਾਇ ਸਿਆਣਿਆ ਆਗੈ ਮਿਲਣੁ
ਕਿਨਾਹ॥
ਇੱਕ ਹੋਰ ਉਦਾਹਰਣ; ਕੀ ਅਸੀਂ (#2) ਲਿਖਤ ਨੂੰ ਜਿਵੇਂ ਇਹ ਦਿਖਾਈ ਦੇ ਰਹੀ ਹੈ ਉਵੇਂ ਹੀ ਪੜ੍ਹ ਸਕਦੇ
ਹਾਂ?
ਰਾਗੁ ਰਾਮਕਲੀ ਮਹਲਾ ੧ ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਚਉਪਦੇ॥ ਘਰ ੧ ਅਕਾਲ ਮੂਰਤਿ
ਅਜੂਨੀ ਸੈਭੰ ਗੁਰ ਪ੍ਰਸਾਦਿ॥
ਇਥੇ ਇਹ ਵੀ ਸਪੱਸ਼ਟ ਹੈ ਕੇ ਜਦੋਂ ਮੰਗਲ ਪੂਰਾ ਲਿਖਿਆ ਗਿਆ ਹੈ ਉਥੇ ਪਹਿਲੀ ਪੰਗਤੀ ਦਾ ਬਚਿਆ ਹਿੱਸਾ
ਦੂਜੀ ਪੰਗਤੀ ਵਿੱਚ ਲਿਖਿਆ ਗਿਆ ਹੈ। ਪਰ ਛਾਪੇ ਦੀ ਬੀੜ ਵਿੱਚ ਇਹ ਇਸ ਤਰ੍ਹਾਂ ਨਹੀ ਸਗੋਂ ਵੱਖਰੀ
ਤਰ੍ਹਾਂ ਲਿਖਿਆ ਗਿਆ।
ਰਾਮਕਲੀ ਮਹਲਾ ੧ ਘਰੁ ੧ ਚਉਪਦੇ ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ
ਅਜੂਨੀਸੈਭੰ ਗੁਰ ਪ੍ਰਸਾਦਿ॥ ਕੋਈ ਪੜਤਾ ਸਹਸਾਕਿਰਤਾ ਕੋਈ ਪੜੈ ਪੁਰਾਨਾ॥ (ਪੰਨਾ 876)
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ
ਗੁਰ ਪ੍ਰਸਾਦਿ॥॥ ਜਪੁ॥ ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥ ੧॥
ਹੱਥ ਲਿਖਤ (#3) ਦੇ ਅਰੰਭ ਵਿੱਚ ਦਰਜ ਮੰਗਲ ਤੋਂ ਵੀ ਉਪ੍ਰੋਕਤ ਦਲੀਲ ਦੀ ਪੁਸ਼ਟੀ ਹੁੰਦੀ ਹੈ
ਕਿ ਮੰਗਲ ਨੂੰ ਉਤਮ ਜਾਣ ਕੇ ਪਹਿਲ ਦਿੱਤੀ ਗਈ ਹੈ। ਫਿਰ ਬਾਣੀ ਦਾ ਨਾਮ 'ਜਪੁ' ਲਿਖਿਆ ਗਿਆ ਹੈ।
ਗੁਰੂ ਗ੍ਰੰਥ ਸਾਹਿਬ ਜੀ ਦੇ ਅਰੰਭ ਵਿੱਚ ਵੀ ਇਵੇਂ ਹੀ ਦਰਜ ਕੀਤਾ ਗਿਆ ਹੈ। "ਜਦ ਪਾਵਨ ਬੀੜਾਂ ਦਾ
ਕਾਰਜ ਸੂਝਵਾਨ ਪ੍ਰੇਮੀਆਂ ਦੀ ਥਾਂ,ਕਿੱਤਾ ਕਾਰਾਂ
(Professional) ਲਿਖਾਰੀਆਂ ਦੇ ਹੱਥ ਆ ਗਿਆ ਤਾਂ
ਉਨ੍ਹਾਂ ਨੇ ਸਿਰਲੇਖਾਂ ਤੇ ਰਾਗਾਂ ਦੀ, ਸੱਜੇ ਖੱਬੇ ਦੀ ਸਹੀ ਤਰਤੀਬ ਤੇ ਸ਼ੈਲੀ ਨੂੰ, ਬਿਨਾਂ ਸਮਝੇ,
ਉਘੱੜ-ਦੁੱਘੜ ਕਰ ਦਿੱਤਾ ਅਤੇ ਬੁਹਤੇ ਥਾਈਂ ਸਿਰਲੇਖ ਨੂੰ, ਮੰਗਲ ਨਾਲੋਂ, ਸਪਸ਼ਟ ਉੱਪਰ ਪਹਿਲ ਦੇ
ਦਿੱਤੀ"। (ਬਿਬੇਕ ਬੁਧ, ਪੰਨਾ 28)
ਇਸ ਨੂੰ ਸਮਝਣ ਲਈ ਹੇਠ ਲਿਖੀਆਂ ਹੋਰ ਉਦਾਹਰਣਾਂ ਬਹੁਤ ਹੀ ਢੁੱਕਵੀਂਆਂ ਹਨ। ਹੁਣ ਇਸ ਪਾਵਨ ਸ਼ਬਦ(#4)
ਨੂੰ ਜੇ ਪੁਰਾਤਨ ਲਿਖਤ ਦੇ ਲਿਖਣ ਦੀ ਵਿਉਂਤ ਬੰਦੀ ਅਨੁਸਾਰ ਪੜ੍ਹਿਆ ਜਾਵੇ ਤਾਂ ਇਸ ਤਰ੍ਹਾਂ
ਪੜਾਂਗੇ।
ੴ ਸਤਿਗੁਰ ਪ੍ਰਸਾਦਿ॥ ਰਾਗੁ ਗਉੜੀ ਮਾਝ ਮਹਲਾ ੫॥ ਤੂੰ ਮੇਰਾ ਬਹੁ ਮਾਣੁ ਕਰਤੇ ਤੂੰ ਮੇਰਾਬਹੁ ਮਾਣੁ॥
ਪਰ ਅੱਜ ਅਸੀਂ ਇਸ ਤਰ੍ਹਾ ਪੜ੍ਹਦੇ ਹਾਂ, ਰਾਗੁ ਗਉੜੀ ਮਾਝ ਮਹਲਾ ੫ ੴ ਸਤਿਗੁਰ ਪ੍ਰਸਾਦਿ॥ ਤੂੰਮੇਰਾ
ਬਹੁ ਮਾਣੁ ਕਰਤੇ ਤੂੰ ਮੇਰਾ ਬਹੁ ਮਾਣੁ॥ (ਪੰਨਾ 217) ਇਸ ਮੁਤਾਬਕ ਇਸ ਰਚਨਾ ਦਾ ਰਾਗ ਤਾਂ ਹੈ ਗਉੜੀ
ਮਾਝ, ਰਚਨਾ ਕਾਰ ਹਨ ਮਹਲਾ ੫॥ ਹੁਣ ਮੰਗਲ, ੴ ਸਤਿਗੁਰ ਪ੍ਰਸਾਦਿ॥ , ਦਾ ਸਬੰਧ ਅਗਲੇ ਸ਼ਬਦ ਨਾਲ
ਜੁੜਦਾ ਹੈ ਜਿਸ ਦੇ ਉਚਾਰਨ ਵਾਲੇ ਹਨ ਪੰਜਵੇਂ ਨਾਨਕ। ਜਦੋਂ ਕਿ ਇਸ ਦੇ ਉਚਾਰਨ ਵਾਲੇ ਤਾਂ ਗੁਰੂ
ਨਾਨਕ ਜੀ ਹਨ। ਜਿਉਂ-ਜਿਉਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਦੇ ਜਾਵਾਂਗੇ,
ਤਿਉਂ-ਤਿਉਂ ਅਜੇਹੇ ਸਿਰਲੇਖ ਸਾਨੂੰ ਆਮ ਹੀ ਮਿਲਣਗੇ। ਕਿਸੇ ਇਕਸਾਰ ਨਿਯਮ ਦੀ ਪਾਲਣਾ ਨਜ਼ਰ ਨਹੀਂ
ਆਉਂਦੀ। ਸਿਰੀਰਾਗੁ ਮਹਲਾ ੫ ਘਰੁ ੭॥ ਤੇਰੈ ਭਰੋਸੈ ਪਿਆਰੇ ਮੈ ਲਾਡ ਲਡਾਇਆ॥ ਭੂਲਹਿ ਚੂਕਹਿ ਬਾਰਿਕ
ਤੂੰ ਹਰਿਪਿਤਾ ਮਾਇਆ॥ ੧॥ (ਪੰਨਾ 51) ਇਥੇ ਹੱਥ ਲਿਖਤ (#5) ਵਿੱਚ ਤਾਂ ‘ੴ ਸਤਿਗੁਰ ਪ੍ਰਸਾਦਿ’ ਹੈ
ਪਰ ਛਾਪੇ ਦੀ ਬੀੜ ਵਿੱਚ ਨਹੀਂ ਹੈ। ਹੱਥ ਲਿਖਤ ਵਿੱਚ ਰਾਗ ਸਿਰੀਰਾਗ ਹੈ ਜਦੋਂ ਕਿ ਛਾਪੇ ਦੀ ਬੀੜ
ਵਿੱਚ ਇਕੱਲਾ ਸਿਰੀਰਾਗ। ਮਾਝ ਮਹਲਾ ੫ ਚਉਪਦੇ ਘਰੁ ੧॥ ਮੇਰਾ ਮਨੁ ਲੋਚੈ ਗੁਰ ਦਰਸਨ ਤਾਈ॥ ਬਿਲਪ ਕਰੇ
ਚਾਤ੍ਰਿਕ ਕੀ ਨਿਆਈ॥ (ਪੰਨਾ 96) ਹੱਥ ਲਿਖਤ (#6) ਮੁਤਾਬਕ ਤਾਂ ਰਾਗ ਦਾ ਨਾਮ ਰਾਗ ਮਾਝ ਮਹਲਾ ੫
ਹੈ। ਇਥੇ ਵੀ ਛਾਪੇ ਦੀ ਬੀੜ ਵਿੱਚ ੴ ਸਤਿਗੁਰ ਪ੍ਰਸਾਦਿ ਨਹੀਂ ਹੈ।
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ ਰਾਗੁ
ਬਿਲਾਵਲੁਮਹਲਾ ੧ ਚਉਪਦੇ ਘਰੁ ੧॥ ਤੂ ਸੁਲਤਾਨੁ ਕਹਾ ਹਉ ਮੀਆ ਤੇਰੀ ਕਵਨ ਵਡਾਈ॥ ਜੋ ਤੂ ਦੇਹਿ ਸੁ
ਕਹਾ ਸੁਆਮੀਮੈ ਮੂਰਖ ਕਹਣੁ ਨ ਜਾਈ॥ ੧॥ (795) ਇਹ ਸ਼ਬਦ ਹੱਥ ਲਿਖਤ (#7) ਮੁਤਾਬਕ ਠੀਕ ਹੈ, ਮੰਗਲ
ਪਹਿਲਾਂ ਹੈ, ਰਾਗੁ
ਬਿਲਾਵਲੁ ਮਹਲਾ ੧ ਚਉਪਦੇ ਘਰੁ ੧॥ ਫਰਕ ਸਿਰਫ ਏਨਾ ਹੀ ਹੈ ਕਿ ਹੱਥ ਲਿਖਤ ਵਿੱਚ '॥' ਚਉਪਦੇ ਤੋਂ
ਪਿਛੋਂ ਹਨ ਪਰ ਛਾਪੇ ਦੀ ਬੀੜ ਵਿੱਚ ਘਰੁ ੧ ਤੋਂ ਪਿਛੋਂ। ਸੋ ਦਰੁ ਰਾਗੁ ਆਸਾ ਮਹਲਾ ੧ ੴ ਸਤਿਗੁਰ
ਪ੍ਰਸਾਦਿ॥ ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ॥ (ਪੰਨਾ 8) ਇਥੇ ਹੱਥ ਲਿਖਤ
(#8) ਵਿੱਚ ਤਾਂ 'ਰਾਗੁ ਆਸਾ ਮਹਲਾ ੧' ਹੈ ਅਤੇ ਬਾਣੀ ਦਾ ਨਾਮ 'ਸੋ ਦੁਰ' ਪਿਛੋਂ ਪਰ ਛਾਪੇ ਦੀ
ਬੀੜਬਾਣੀ ਦਾ ਨਾਮ ਪਹਿਲਾਂ ਅਤੇ ਰਾਗ ਪਿਛੋਂ। ਰਾਗੁ ਆਸਾ ਮਹਲਾ ੪ ਸੋ ਪੁਰਖੁ ੴ ਸਤਿਗੁਰ ਪ੍ਰਸਾਦਿ॥
ਸੋ ਪੁਰਖੁ ਨਿਰੰਜਨੁ ਹਰਿ ਪੁਰਖੁ ਨਿਰੰਜਨੁ ਹਰਿ ਅਗਮਾ ਅਗਮ ਅਪਾਰਾ॥ (ਪੰਨਾ 10) ਇੱਥੇ ਹੱਥ ਲਿਖਤ
(#9) ਵਾਂਗੂ ਰਾਗ ਪਹਿਲਾਂ ਅਤੇ ਬਾਣੀ ਦਾ ਨਾਮ ਪਿਛੋਂ ਹੈ ਪਰ ਸੋਹਿਲਾ 'ਚ ਫਿਰ ਉਲਟ।
ਸੋਹਿਲਾ ਰਾਗੁ ਗਉੜੀ ਦੀਪਕੀ ਮਹਲਾ ੧ ੴ ਸਤਿਗੁਰ ਪ੍ਰਸਾਦਿ॥ ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ
ਬੀਚਾਰੋ॥ ਤਿਤੁ ਘਰਿ ਗਾਵਹੁ ਸੋਹਿਲਾ ਸਿਵਰਿਹੁ ਸਿਰਜਣਹਾਰੋ॥ ੧॥ (ਪੰਨਾ 12) ਇਥੇ ਫੇਰ ਬਦਲ ਦਿੱਤਾ
ਗਿਆ ਹੈ।
ਹੱਥ ਲਿਖਤ(#10) ਵਿੱਚ ਤਾਂ 'ਰਾਗੁ ਗਉੜੀ ਦੀਪਕੀ ਮਹਲਾ ੧' ਪਹਿਲਾਂ ਹੀ ਹੈ ਅਤੇ ਬਾਣੀ ਦਾ ਨਾਮ
'ਸੋਹਿਲਾ' ਪਿਛੋਂ।
ਮਾਝ ਮਹਲਾ ੫ ਚਉਪਦੇ ਘਰੁ ੧॥ ਮੇਰਾ ਮਨੁ ਲੋਚੈ ਗੁਰ ਦਰਸਨ ਤਾਈ॥ ਬਿਲਪ ਕਰੇ ਚਾਤ੍ਰਿਕ ਕੀ ਨਿਆਈ॥
(ਪੰਨਾ 96) ਇੱਥੇ ਹੱਥ ਲਿਖਤ(#11) ਵਿੱਚ ਤਾਂ ਰਾਗ ਦੇ ਨਾਮ ਤੋਂ ਪਹਿਲਾਂ ਰਾਗ ਅਤੇ ੴ ਸਤਿਗੁਰ
ਪ੍ਰਸਾਦਿ ਵੀ ਹੈ ਪਰ ਛਾਪੇ ਦੀ ਬੀੜ ਵਿੱਚ ਨਹੀਂ ਹੈ।
ੴ ਸਤਿਗੁਰ ਪ੍ਰਸਾਦਿ॥ ਰਾਗੁ ਆਸਾ ਘਰੁ ੭ ਮਹਲਾ ੫॥ ਲਾਲੁ ਚੋਲਨਾ ਤੈ ਤਨਿ ਸੋਹਿਆ॥ ਸੁਰਿਜਨ ਭਾਨੀ
ਤਾਂਮਨੁ ਮੋਹਿਆ॥ ੧॥ (ਪੰਨਾ 384) ਇੱਥੇ ਮੰਗਲ ਤਾਂ ਹੱਥ ਲਿਖਤ (#12) ਦੀ ਤਰ੍ਹਾਂ ਪਹਿਲਾਂ ਦਰਜ
ਕੀਤਾ ਗਿਆ ਹੈ ਪਰ ਮਹਲਾ ੫ ਅਤੇ ਘਰੁ ੭ ਨਹੀਂ।
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ ਰਾਗੁ
ਟੋਡੀਮਹਲਾ ੪ ਘਰੁ ੧॥ ਹਰਿ ਬਿਨੁ ਰਹਿ ਨ ਸਕੈ ਮਨੁ ਮੇਰਾ॥ ਮੇਰੇ ਪ੍ਰੀਤਮ ਪ੍ਰਾਨ ਹਰਿ ਪ੍ਰਭੁ ਗੁਰੁ
ਮੇਲੇ ਬਹੁਰਿ ਨਭਵਜਲਿ ਫੇਰਾ॥ ੧॥ ਰਹਾਉ॥ (711) ਇੱਥੇ ਹੋਰ ਤਾਂ ਸਭ ਠੀਕ ਹੈ ਪਰ ਛਾਪੇ ਦੀ ਲਿਖਤ
(#13) ਵਿੱਚ 'ਘਰੁ ੧' ਤੋਂਪਿਛੋ 'ਚਉਪਦੇ' ਨਹੀਂ ਹੈ।
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ ਰਾਗੁ
ਬਿਲਾਵਲੁਮਹਲਾ ੧ ਚਉਪਦੇ ਘਰੁ ੧॥ ਤੂ ਸੁਲਤਾਨੁ ਕਹਾ ਹਉ ਮੀਆ ਤੇਰੀ ਕਵਨ ਵਡਾਈ॥ ਜੋ ਤੂ ਦੇਹਿ ਸੁ
ਕਹਾ ਸੁਆਮੀ ਮੈ ਮੂਰਖ ਕਹਣੁ ਨ ਜਾਈ॥ ੧॥ (ਪੰਨਾ 795) ਇਹ ਸ਼ਬਦ ਛਾਪੇ ਦੀ ਬੀੜ ਵਿੱਚ ਵੀ ਹੱਥ ਲਿਖਤ
(#14) ਮੁਤਾਬਕ ਹੀ ਹੈ। ਇੱਥੇ ਤਾਈਂ ਤਾਂ ਸਾਰੇ ਇੱਕ ਮੱਤ ਹਨ ਕਿ, 'ੴ ਸਤਿ ਨਾਮੁ ਕਰਤਾ ਪੁਰਖੁ
ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥' ਇਹ ਗੁਰੂ ਨਾਨਕ ਜੀ ਦਾ ਉਚਾਰਨ ਕੀਤਾ
ਹੋਇਆ ਹੈ ਨਾਂ ਕਿ ਸਤਿਕਾਰ ਯੋਗ ਭਗਤਾਂ ਜਾਂ ਭੱਟਾਂ ਦਾ। ਗੁਰੂ ਜੀ ਨੇ ਭਗਤਾਂ ਦੀ ਬਾਣੀ ਨੂੰ ਇਕੱਤਰ
ਕੀਤਾ ਸੀ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਣੀ ਨੂੰ ਦਰਜ ਕਰਨ ਵੇਲੇ ਹਰੇਕ ਭਗਤ ਜੀ ਦੀ ਬਾਣੀ ਤੋਂ
ਪਹਿਲਾਂ ਮੰਗਲ ਦਰਜ ਕੀਤਾ ਸੀ। ਪਰ ਜਦੋਂ ਅਸੀਂ ਭਗਤਾਂ ਦੀ ਬਾਣੀ ਦੇ ਦਰਸ਼ਨ
ਕਰਦੇ ਹਾਂ ਤਾਂ ਇਹ ਗਿਆਨ ਹੁੰਦਾ ਹੈ ਕੇ ਉਤਾਰੇ ਕਰਨ ਵਾਲਿਆਂ ਨੇ ਬਾਣੀ ਦੀ ਲਿਖਣ ਸ਼ੈਲੀ ਨੂੰ ਸਮਝਣ
ਤੋਂ ਬਗੈਰ ਹੀ ਮੰਗਲ ਨੂੰ ਅਸਲ ਥਾਂ ਤੋਂ ਬਦਲ ਦਿੱਤਾ ਹੈ। ਜਿਸ ਤੋਂ ਇਹ ਭੁਲੇਖਾ ਪੈ ਰਿਹਾ ਹੈ ਕਿ
ਮੰਗਲ ਭਗਤ ਜੀ ਦਾ ਉਚਾਰਨ ਕੀਤਾ ਹੋਇਆ ਹੈ। ਰਾਗੁ ਗਉੜੀ ਰਵਿਦਾਸ ਜੀ ਕੇ ਪਦੇ ਗਉੜੀ ਗੁਆਰੇਰੀ ੴ
ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ॥ ਮੇਰੀਸੰਗਤਿ ਪੋਚ ਸੋਚ ਦਿਨੁ ਰਾਤੀ॥ (345) ਪਰ ਇਸੇ ਹੀ ਪੰਨੇ
ਤੇ ਭਗਤ ਰਵਿਦਾਸ ਜੀ ਦਾ ਹੀ ਅਗਲਾ ਸ਼ਬਦ ਵੇਖੋ,ਇਥੇ ਮੰਗਲ ਸ਼ਬਦ ਤੋਂ ਪਹਿਲਾਂ, ਠੀਕ ਅਸਥਾਨ 'ਤੇ ਹੈ।ੴ
ਸਤਿਗੁਰ ਪ੍ਰਸਾਦਿ॥ ਗਉੜੀ ਬੈਰਾਗਣਿ ਰਵਿਦਾਸ ਜੀਉ॥ ਘਟ ਅਵਘਟ ਡੂਗਰ ਘਣਾ ਇਕੁ ਨਿਰਗੁਣੁ ਬੈਲੁਹਮਾਰ॥
(345)
ਗੁਰੂ ਜੀ ਵੱਲੋਂ ਪ੍ਰਵਾਨੀ ਗਈ ਬਾਣੀ ਲਿਖਣ ਦੀ ਤਰਤੀਵ ਨੂੰ ਜੇ ਕਿਸੇ ਨੇ ਜਾਣੇ-ਅਣਜਾਣੇ ਬਦਲ ਦਿੱਤਾ
ਹੈ ਤਾਂ ਕਿਓ ਅੱਜ ਆਪਣੇ ਆਪ ਨੂੰ ਬ੍ਰਹਮ ਗਿਆਨੀ ਅਖਵਾਉਣ ਵਾਲੇ ਆਪਣੀ ਜਿਦ ਕਾਰਨ ਇਸ ਨੂੰ ਸਹੀ ਮੰਨ
ਰਹੇ ਹਨ? ਦੂਜੇ ਪਾਸੇ ਆਪ ਹੀ ਆਪਣੀਆਂ ਲਿਖਤਾਂ ਵਿੱਚ (#16) ਇਹ ਵੀ ਲਿਖ ਰਹੇ ਹਨ ਕਿ "ਇਤਿਆਦਿਕ
ਕ੍ਰੀਬਨ 1500 ਪਾਠ ਹਨ ਜੋ ਦਮਦਮੀ ਦੇ ਪਾਠਾਂ ਨਾਲ ਨਹੀਂ ਮਿਲਦੇ"। ਅੱਜ ਸਿਆਸੀ ਹਿੱਤਾਂ ਦੀ ਖਾਤਰ
ਵਿਰੋਧ ਕਰਨ ਵਾਲਿਆਂ ਨੂੰ ਜੇ ਹੋਰ ਵਿਦਵਾਨਾਂ ਦੀਆਂ ਲਿਖਤਾਂ ਨਹੀਂ ਤਾਂ ਘੱਟੋ-ਘੱਟ ਆਪਣੀਆਂ ਲਿਖਤਾਂ
ਤਾਂ ਪੜ੍ਹ ਹੀ ਲੈਣੀਆਂ ਚਾਹੀਦੀਆਂ ਹਨ। ਇਥੇ ਇਹ ਵੀ ਸਵਾਲ ਪੈਦਾ ਹੁੰਦਾ ਹੈ ਕਿ ਜਿਹੜੇ ਬ੍ਰਹਮ
ਗਿਆਨੀਆਂ ਨੂੰ 1500 ਪਾਠ ਭੇਦ ਤਾਂ ਦਿਖਾਈ ਦਿੰਦੇ ਹਨ ਪਰ ਮੰਗਲਾਂ ਦੀ ਬੇ-ਤਰਤੀਬੀ ਦਿਖਾਈ ਨਹੀ
ਦਿੰਦੀ ਉਨ੍ਹਾਂ ਨੂੰ ਇਮਾਨਦਾਰ ਕਿਵੇਂ ਮੰਨਿਆਂ ਜਾ ਸਕਦਾ ਹੈ?
ਹਉ ਦੋਹਾਗਣਿ ਖਰੀ ਰੰਞਾਣੀ॥ ਗਇਆ ਸੁ ਜੋਬਨੁ ਧਨ ਪਛੁਤਾਣੀ॥ ੨॥ (ਪੰਨਾ 990) ਛਾਪੇ ਦੀ ਲਿਖਤ
ਵਿੱਚਰੰਞਾਣੀ ਵਿੱਚ ਟਿੱਪੀ ਹੈ ਜਦੋਂ ਕਿ ਹੱਥ ਲਿਖਤ (#15) ਵਿੱਚ ਨਹੀਂ ਹੈ। ਇਥੇ ਸਵਾਲ ਪੈਦਾ
ਹੁੰਦਾ ਹੈ ਕਿ ਭੁੱਲ ਹੱਥ ਲਿਖਤ ਦੇ ਉਤਾਰੇ ਵੇਲੇ ਹੋਈ ਹੈ ਜਾਂ ਛਾਪੇ ਵੇਲੇ? ਗੁਰੂ ਗ੍ਰੰਥ ਸਾਹਿਬ
ਜੀ ਵਿਚ, ਗੁਰੂ ਨਾਨਕ ਜੀ ਦੀ ਬਾਣੀ ਵਾਸਤੇ ਮਹਲਾ 1 ਲਿਖਿਆ ਗਿਆ ਹੈ ਭਾਵ ਸ਼ਬਦ ਮਹਲਾ ਹੈ ਪਰ ਪੰਨਾ
16 ਉੱਪਰ, ਸਿਰੀਰਾਗੁ ਮਹਲੁ ੧ ॥ ਜਾਲਿ ਮੋਹੁ ਘਸਿਮਸੁ ਕਰਿ ਮਤਿ ਕਾਗਦੁ ਕਰਿ ਸਾਰੁ ॥ ਅਤੇ ਪੰਨਾ 19
ਉਪਰ ਸਿਰੀਰਾਗੁ ਮਹਲ ੧ ॥ ਤਨੁ ਜਲਿ ਬਲਿ ਮਾਟੀਭਇਆ ਮਨੁ ਮਾਇਆ ਮੋਹਿ ਮਨੂਰੁ ॥ ਛੱਪਿਆ ਹੋਇਆ ਹੈ।
ਇਸੇ ਤਰ੍ਹਾਂ ਹੀ ਸਾਰੰਗ ਦੀ ਥਾਂ ਸਾਰਗ ਮਹਲਾ ੧ ॥ ਹਰਿ ਬਿਨੁ ਕਿਉ ਰਹੀਐ ਦੁਖੁ ਬਿਆਪੈ ॥ (ਪੰਨਾ
1197)
ੴ ਸਤਿਗੁਰ ਪ੍ਰਸਾਦਿ॥ ਰਾਗੁ ਗਉੜੀ ਥਿਤੀ ਕਬੀਰ ਜੀ ਕੀ॥ ਸਲੋਕੁ॥ ਪੰਦ੍ਰਹ ਥਿਤੀ ਸਾਤ ਵਾਰ॥ (ਪੰਨਾ
343) ਭਗਤ ਕਬੀਰ ਜੀ ਉਪ੍ਰੋਕਤ ਸ਼ਬਦ ਵਿੱਚ ਥਿਤੀ ਅਤੇ ਕੀ ਉਪੁਰ ਟਿੱਪੀ ਹੈ। ਪਰ ਭਗਤ ਜੀ ਦੇ ਹੀ
ਅਗਲੇ ਸ਼ਬਦਵਿੱ ਚ 'ਕੀ' ਉਪਰ ਟਿੱਪੀ ਨਹੀਂ ਹੈ। ਗਉੜੀ ਕਬੀਰ ਜੀ ਕੀ ਨਾਲਿ ਰਲਾਇ ਲਿਖਿਆ ਮਹਲਾ 5॥
(ਪੰਨਾ 326)
ਇੱਥੇ ਇਹ ਵੀ ਯਾਦ ਰਹੇ ਕੇ ਟਿੱਪੀ ਸਮੇਤ 'ਕੀ' ਸਿਰਫ ਇੱਕ ਵਾਰ, ਉਪ੍ਰੋਕਤ ਸ਼ਬਦ ਵਿੱਚ ਆਉਂਦਾ ਹੈ
ਜਦੋ ਕੇ, ਕੀ, 2551 ਵਾਰ ਆਉਂਦਾ ਹੈ। ਇਸੇ ਤਰ੍ਹਾਂ ਹੀ ਟਿੱਪੀ ਸਮੇਤ 'ਥਿੰਤੀ' ਵੀ ਸਿਰਫ 3 ਵਾਰ
ਉਪ੍ਰੋਕਤ ਸ਼ਬਦ ਵਿੱਚ ਹੀ ਆਉਂਦਾ ਹੈ। ਜਦੋਂ ਕਿ 'ਥਿਤੀ' 13 ਵਾਰ। ਥਿਤੀ ਗਉੜੀ ਮਹਲਾ ੫॥ ਸਲੋਕੁ॥ ੴ
ਸਤਿਗੁਰ ਪ੍ਰਸਾਦਿ॥ ਜਲਿ ਥਲਿਮਹੀਅਲਿ ਪੂਰਿਆ ਸੁਆਮੀ ਸਿਰਜਨਹਾਰੁ॥ (ਪੰਨਾ 296) ਸੋਰਠਿ ਬਾਣੀ ਭਗਤ
ਨਾਮਦੇ ਜੀ ਕੀ ਘਰੁ 2 ੴ ਸਤਿਗੁਰ ਪ੍ਰਸਾਦਿ॥ ਜਬ ਦੇਖਾ ਤਬ ਗਾਵਾ॥ (ਪੰਨਾ 656) ਪਰ ਕਰਤਾਰਪੁਰੀ ਬੀੜ
ਵਿੱਚ ਮੰਗਲ ਸਿਰਫ 'ੴ' ਹੈ। ਇਸ ਦੇ ਸਿਰਲੇਖ ਵੱਲ ਵੀ ਧਿਆਨ ਦੇਣ ਦੀ ਲੋੜ ਹੈ। ਛਾਪੇ ਦੀ ਬੀੜ ਵਿੱਚ
ਸਿਰਲੇਖ ਹੈ, ਸੋਰਠਿ ਬਾਣੀ ਭਗਤ ਨਾਮਦੇ ਜੀ ਕੀ ਘਰੁ 2, ਇਥੇ ਭਗਤ ਜੀ ਦਾ ਨਾਮ ‘ਨਾਮਦੇ' ਲਿਖਿਆ
ਹੋਇਆ ਹੈ ਜਦੋਂ ਕਿ ਭਗਤ ਜੀ ਦਾ ਨਾਮ ਹੈ 'ਨਾਮਦੇਵ' ਜਾਂ 'ਨਾਮਦੇਉ'। ਕਰਤਾਰਪੁਰੀ ਬੀੜ ਵਿੱਚ ਇਹ
ਨਾਮ 'ਨਾਮਦੇਵ' ਹੀ ਹੈ। (ਕਰਤਾਰਪੁਰੀ ਬੀੜ ਦੇ ਦਰਸ਼ਨ ਪੰਨਾ 83) ੴ ਸਤਿਗੁਰ ਪ੍ਰਸਾਦਿ॥ ਸਿਰੀਰਾਗ
(ਪੰਨਾ 14), ਜੈਤਸਰੀ (ਪੰਨਾ 696), ਬੈਰਾੜੀ (ਪੰਨਾ 719), ਤੁਖਾਰੀ(ਪੰਨਾ 1107) ਅਤੇ ਕੇਦਾਰਾ
(ਪੰਨਾ 1118) ਇਥੇ ਰਾਗ ਦੀ ਅਰੰਭਤਾ ਵੇਲੇ ਮੰਗਲ ਸੰਖੇਪ ਹੀ ਹੈ। ਜਦੋਂ ਕਿ ਬਾਕੀ ਸਾਰੇ ਰਾਗਾਂ ਦੇ
ਅਰੰਭ ਵੇਲੇ ਮੰਗਲ ਪੂਰਾ ਹੈ; ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ
ਸੈਭੰ ਗੁਰ ਪ੍ਰਸਾਦਿ॥ ਸਿਰੀਰਾਗੁ॥ ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ॥ ਕਨਕ ਕਟਿਕ ਜਲ ਤਰੰਗ
ਜੈਸਾ॥ ੧॥ (ਪੰਨਾ 93) ਉਪ੍ਰੋਕਤ ਸ਼ਬਦ, ਸ੍ਰੀਰਾਗ ਬਾਣੀ ਭਗਤ ਬੇਣੀ ਜੀਉ ਕੀ॥ ਪਹਰਿਆ ਕੈ ਘਰਿ
ਗਾਵਣਾ॥ ਦੇ ਸਿਰਲੇਖ ਹੇਠ ਦਰਜਹੈ। ਜਿਸ ਮੁਤਾਬਕ ਇਹ ਸ਼ਬਦ ਭਗਤ ਬੇਣੀ ਜੀ ਦਾ ਹੈ ਪਰ ਅਸਲ ਵਿੱਚ
ਅਜੇਹਾ ਨਹੀ ਹੈ ਇਹ ਸ਼ਬਦ ਤਾਂ ਭਗਤ ਰਵਿਦਾਸ ਜੀ ਦਾ ਹੈ। (ਰਵਿਦਾਸ ਸਮ ਦਲ ਸਮਝਾਵੈ ਕੋਊ॥ 3॥)
ਜੈਤਸਰੀ ਬਾਣੀ ਭਗਤਾ ਕੀ॥ ੴ ਸਤਿਗੁਰ ਪ੍ਰਸਾਦਿ॥ ਨਾਥ ਕਛੂਅ ਨ ਜਾਨਉ॥ ਮਨੁ ਮਾਇਆ ਕੈ ਹਾਥਿਬਿਕਾਨਉ॥
੧॥ ਰਹਾਉ॥ (ਪੰਨਾ 710) ਇਹ ਪਾਵਨ ਸ਼ਬਦ ਕਿਸ ਭਗਤ ਜੀ ਦਾ ਹੈ? (ਇਹ ਸ਼ਬਦ ਭਗਤ ਰਵਿਦਾਸ ਜੀ ਦਾ ਪਰ
ਉਨ੍ਹਾਂ ਦਾ ਨਾਮ ਇੱਥੇ ਨਹੀਂ ਹੈ)
ਇਹ ਤਾਂ ਸੀ ਮੰਗਲਾਂ ਦੇ ਅਸਥਾਨ, ਰਾਗ, ਮਹਲਾ ਅਤੇ ਵਿਆਕਰਣ ਸਬੰਧੀ ਭੁਲਾਂ ਦਾ ਵੇਰਵਾ, ਹੁਣ ਵਿਚਾਰ
ਕਰਦੇ ਹਾਂ ਅੰਕਾਂ ਦੀ ਭੁਲ ਬਾਰੇ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਲਿਖਵਾਉਣ ਵੇਲੇ ਗੁਰੂ ਅਰਜਨ ਸਾਹਿਬ ਜੀ ਨੇ ਇੱਕ ਅਜੇਹਾ
ਅਨੋਖਾ ਢੰਗ ਵਰਤਿਆ ਕਿ ਕੋਈ ਵੀ ਇਸ ਵਿੱਚ ਮਿਲਾਵਟ ਨਾਂ ਕਰ ਸਕੇ। (ਯਾਦ ਰਹੇ ਰਾਗਮਾਲਾ ਦੀ ਮਿਲਾਵਟ
ਗੁਰਬਾਣੀ ਦੇ ਅੰਦਰ ਨਹੀਂ ਹੈ ਸਗੋਂ ਬਾਹਰ ਹੈ) ਮਿਸਾਲ ਵਜੋਂ, ਜਦੋਂ ਗੁਰੂ ਨਾਨਕ ਜੀ ਦਾ ਪਹਿਲਾ ਸ਼ਬਦ
'ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ॥ … ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ॥
4॥1॥' ਦਰਜ ਕੀਤਾ ਗਿਆ ਤਾਂ ਇਸ ਦੇ ਅਖੀਰ ਵਿੱਚ॥ 4॥1॥ ਲਿਖਿਆ ਗਿਆ। ਅੰਕ 4 ਦਾ ਭਾਵ ਹੈ ਕੇ ਇਸ
ਸ਼ਬਦ ਦੇ 4 ਪਦੇ ਹਨ ਅਤੇ ਉਸ ਤੋਂ ਪਿਛੋਂ 1 ਦਾ ਭਾਵ ਹੈ ਕਿ ਇਹ ਗੁਰੂ ਨਾਨਕ ਜੀ ਦਾ ਪਹਿਲਾ ਸ਼ਬਦ ਹੈ।
ਇਸ ਸ਼ਬਦ ਸਮੂਹ ਦੇ ਆਖਰੀ ਸ਼ਬਦ 'ਕਹੁ ਨਾਨਕ ਬਾਹ ਲੁਡਾਈਐ॥ 4॥ 33॥' ਦੇ ਅਖੀਰ ਵਿੱਚ 4 ਦਾ ਭਾਵ ਹੈ
ਇਸ ਸ਼ਬਦ ਦੇ 4 ਪਦੇ ਹਨ ਅਤੇ 33 ਦਾ ਭਾਵ ਹੈ ਕਿ ਹੁਣ ਤਾਈਂ ਮਹਲੇ ਪਹਿਲੇ ਦੇ ਕੁਲ 33 ਸ਼ਬਦ ਹਨ। ਹੁਣ
ਇਸ ਤੋਂ ਅਗਲੇ ਸ਼ਬਦ ਨੂੰ ਧਿਆਨ ਨਾਲ ਵੇਖੋ ਸਿਰੀਰਾਗੁ ਮਹਲਾ 3 ਘਰੁ ੧ ੴ ਸਤਿਗੁਰ ਪ੍ਰਸਾਦਿ॥ ਹਉ
ਸਤਿਗੁਰੁ ਸੇਵੀ ਆਪਣਾ ਇੱਕ ਮਨਿ ਇੱਕ ਚਿਤਿਭਾਇ॥ … ਨਾਨਕ ਨਦਰੀ ਪਾਈਐ ਸਚੁ ਨਾਮੁ ਗੁਣਤਾਸੁ॥ 4॥ ੧॥
34॥ਇਹ ਸ਼ਬਦ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ। ਇਸ ਦੇ ਅਖੀਰ ਵਿੱਚ ਆਏ ਅੰਕ 4 ਦਾ ਭਾਵ
ਹੈ ਕਿ ਇਸ ਸ਼ਬਦ ਦੇ 4 ਪਦੇ ਹਨ ਅਤੇ ੧ ਦਾ ਭਾਵ ਹੈ ਕਿ ਇਹ ਮਹਲੇ ਤੀਜੇ ਦਾ ਪਹਿਲਾ ਸ਼ਬਦ ਹੈ। ਅਖੀਰ
ਵਿੱਚ ਹੈ 34 ਇਸਦਾ ਭਾਵ ਹੈ ਕਿ ਹੁਣ ਤਾਈਂ ਸਿਰੀਰਾਗ ਵਿੱਚ ਕੁਲ 34 ਸ਼ਬਦ ਦਰਜ ਹੋਏ ਹਨ। 33 ਮਹਲੇ
ਪਹਿਲੇ ਦੇ ਅਤੇ ਇੱਕ ਮਹਲੇ ਦੂਜੇ ਦਾ। ਸਾਰੀ ਬਾਣੀ ਇਸੇ ਹੀ ਤਰਤੀਬ ਨਾਲ ਦਰਜ ਕੀਤੀ ਗਈ ਹੈ।
ਹੁਣ ਇਸ ਸ਼ਬਦ ਨੂੰ ਧਿਆਨ ਨਾਲ ਵੇਖੋ;
ਮਹਲਾ੫ ਰਾਗੁ ਗਉੜੀ ਗੁਆਰੇਰੀ ਚਉਪਦੇ ੴ ਸਤਿਗੁਰ ਪ੍ਰਸਾਦਿ॥ ਕਿਨ ਬਿਧਿ ਕੁਸਲੁ ਹੋਤ ਮੇਰੇ ਭਾਈ॥ …
ਇਉ ਪਾਈਐ ਹਰਿ ਰਾਮ ਸਹਾਈ॥ 1॥ ਰਹਾਉ ਦੂਜਾ॥ (ਪੰਨਾ 176) ਇਸ ਸ਼ਬਦ ਦੇ ਅਖੀਰ ਵਿੱਚ ਕੋਈ ਵੀ ਅੰਕ
ਨਹੀਂ ਹੈ। ਜਦੋਂ ਅਸੀਂ ਇਸ ਤੋਂ ਪਹਿਲਾਂ ਸ਼ਬਦ ਦੇਖਦੇ ਹਾਂ ਤਾਂ ਉਸ ਦਾ ਅੰਕ ਹੈ 'ਜਨ ਨਾਨਕ ਹਰਿ ਰਸੁ
ਪਾਈ ਜੀਉ॥ 4॥ 6॥ 20॥ 18॥ 32॥ 70॥' (ਪੰਨਾ 175) ਅਤੇ ਇਸ ਤੋਂ ਅਗਲੇ ਸ਼ਬਦ ਨੂੰ ਵੀ ਵਿਚਾਰੋ,
ਗਉੜੀ ਗੁਆਰੇਰੀ ਮਹਲਾ ੫॥ ਕਿਉ ਭ੍ਰਮੀਐ ਭ੍ਰਮੁ ਕਿਸ ਕਾ ਹੋਈ॥ … ਜਨ ਨਾਨਕ ਕੀ ਹਰਿ ਪੂਰਨ ਆਸਾ॥ 4॥
2॥ 71॥ (ਪੰਨਾ 176) ਵਿਚਾਰ:- 'ਜਨ ਨਾਨਕ ਹਰਿ ਰਸੁ ਪਾਈ ਜੀਉ॥ 4॥ 6॥ 20॥ 18॥ 32॥ 70॥' (ਪੰਨਾ
175) ਇਸ ਸ਼ਬਦ ਦੇ ਅਖੀਰ ਵਿੱਚ ਦਰਜ ਅੰਕ 4 ਦਾ ਭਾਵ ਹੈ ਕੇ ਇਸ ਸ਼ਬਦ ਦੇ ਚਾਰ ਪਦੇ, 6 ਦਾ ਭਾਵ ਹੈ
ਚੌਥੇ ਮਹਲੇ ਦਾ ਗਉੜੀ ਮਾਝ ਵਿੱਚ ਛੇਵਾਂ ਸ਼ਬਦ, 20 ਦਾ ਭਾਵ ਹੈ ਮਹਲੇ ਪਹਿਲੇ ਦੇ ਰਾਗ ਗਉੜੀ ਦੇ 20
ਸ਼ਬਦ, 18 ਦਾ ਭਾਵ ਹੈ ਮਹਲੇ ਤੀਜੇ ਦੇ 18 ਸ਼ਬਦ, 32 ਦਾ ਭਾਵ ਹੈ ਮਹਲੇ ਚੌਥੇ ਦੇ ਰਾਗ ਗਉੜੀ ਦੇ ਲ
32 ਸ਼ਬਦ ਅਤੇ 70 ਭਾਵ ਹੈ ਹੁਣ ਤਾਈਂ ਰਾਗ ਗਉੜੀ ਵਿੱਚ ਕੁਲ 70 (20+18+32) ਸ਼ਬਦ ਦਰਜ ਹੋਏ ਹਨ।
ਹੁਣ ਇਸ ਤੋਂ ਅਗਲੇ ਬਦ ਦੇ ਦਰਸ਼ਨ ਕਰੋ ਮਹਲਾ ੫ ਰਾਗੁ ਗਉੜੀ ਗੁਆਰੇਰੀ ਚਉਪਦੇ ੴ ਸਤਿਗੁਰ ਪ੍ਰਸਾਦਿ॥
ਕਿਨ ਬਿਧਿ ਕੁਸਲੁ ਹੋਤ ਮੇਰੇ ਭਾਈ॥
… ਇਉ ਪਾਈਐ ਹਰਿ ਰਾਮ ਸਹਾਈ॥ 1॥ ਰਹਾਉ ਦੂਜਾ॥ (ਪੰਨਾ 176) ਹੁਣ ਇਸ ਤਰਤੀਬ ਨਾਲ ਉਪ੍ਰੋਕਤ ਵਿਚਾਰ
ਯੋਗ ਸ਼ਬਦ ਦੇ ਅਖੀਰ ਵਿੱਚ ਤਾਂ 4॥ 1॥71॥ ਹੋਣਾ ਚਾਹੀਦਾ ਸੀ ਜੋ ਨਹੀ ਹੈ। ਜਦੋਂ ਕਿ ਇਸ ਤੋਂ ਅਗਲੇ
ਸ਼ਬਦ ਦੇ ਅਖੀਰ ਵਿੱਚ ਅੰਕ ਹੈ 'ਜਨ ਨਾਨਕ ਕੀ ਹਰਿ ਪੂਰਨ ਆਸਾ॥ 4॥2॥ 71॥' (ਪੰਨਾ 176) ਇਸ ਦਾ ਭਾਵ
ਹੈ ਇਸ ਸ਼ਬਦ ਦੇ 4 ਪਦੇ ਹਨ, ਮਹਲੇ ਪੰਜਵੇਂ ਦਾ ਦੂਜਾ ਸ਼ਬਦ ਹੈ ਅਤੇ ਗਉੜੀ ਰਾਗ ਦੇ ਕੁਲ ਸ਼ਬਦ 71 ਹਨ
ਪਰ ਇਥੇ ਤਾਂ 72 ਹੋਣਾ ਚਾਹੀਦਾ ਸੀ ਕਿਉਂਕਿ ਹੁਣ ਤਾਂਈ ਤਾਂ ਗਉੜੀ ਰਾਗ ਦੇ ਕੁਲ 72 ਸ਼ਬਦ ਦਰਜ ਹੋ
ਚੁਕੇ ਹਨ। ਸੋ ਸਪੱਸ਼ਟ ਹੈ ਕਿ 'ਜਨ ਨਾਨਕ ਕੀ ਹਰਿ ਪੂਰਨ ਆਸਾ॥ 4॥ 2॥ 71॥'ਇਹ ਸ਼ਬਦ ਜੋ ਗਉੜੀ ਰਾਗ
ਵਿੱਚ ਮਹਲੇ ਪੰਜਵੇਂ ਦਾ ਦੂਜਾ ਸ਼ਬਦ ਤਾਂ ਠੀਕ ਹੈ ਪਰ ਕੁਲ ਜੋੜ 71 ਠੀਕ ਨਹੀ ਹੈ ਅਸਲ ਵਿੱਚ ਇਥੇ
ਕੁਲ ਜੋੜ 72 ਹੋਣਾ ਚਾਹੀਦਾ ਹੈ। ਇਹ ਲੜੀ ਇਸੇ ਤਰਾਂ ਹੀ, 'ਨਿਤ ਨਿਤ ਨਾਨਕ ਰਾਮ ਨਾ ਮੁਸਮਾਲਿ ॥ 4॥
105॥ 174॥' (ਪੰਨਾ 200) ਤੱਕ ਚਲਦੀ ਹੈ। ਜਦੋਂ ਕਿ ਇੱਥੇ ਕੁਲ ਜੋੜ 105+70=175 ਹੋਣਾ ਚਾਹੀਦਾ
ਸੀ।
ਇਸ ਪੰਗਤੀ ਦਾ ਲੇਖਕ ਕੌਣ ਹੈ?
ਛਾਡਿ ਮਨ ਹਰਿ ਬਿਮੁਖਨ ਕੋ ਸੰਗੁ॥ (ਪੰਨਾ 1253) ਇਸ ਪੰਗਤੀ ਨਾਲ ਸਬੰਧਿਤ ਬਾਕੀ ਸ਼ਬਦ ਕਿਉਂ ਨਹੀਂ
ਲਿਖਿਆ ਗਿਆ? ਇਸ ਤੋਂ ਪਹਿਲੇ ਸ਼ਬਦ ਦੇ ਅਖੀਰ ਵਿੱਚ ਅਖੀਰ ਵਿੱਚ ਅੰਕ 6 ਹੈ ਅਤੇ ਇਸ ਤੋਂ ਅਗਲੇ ਸ਼ਬਦ
ਦਾ ਅੰਕ 8 ਕੀ
ਇਸ ਸ਼ਬਦ ਦਾ ਅੰਕ 7 ਤਾਂ ਨਹੀਂ ਹੈ?
ਰਾਗਮਾਲਾ- ਸਿਖ ਰਹਿਤ ਮਰਯਾਦਾ ਵਿੱਚ ਪੰਨਾ 18 ਉਪਰ ਦਰਜ ਹੈ ਭੋਗ (ੳ) "ਸ੍ਰੀ ਗੁਰੂ ਗਰੰਥ ਸਾਹਿਬ
ਦੇ ਪਾਠ (ਸਹਿਜ ਜਾਂ ਅਖੰਡ) ਦਾ ਭੋਗ ਮੁੰਦਾਵਣੀ ਉਤੇ ਜਾਂ ਰਾਗਮਾਲਾ ਪੜ੍ਹ ਕੇ ਚਲਦੀ ਸਥਾਨਕ ਰੀਤੀ
ਅਨੁਸਾਰ ਪਾਇਆ ਜਾਵੇ। ਇਸ ਗੱਲ ਬਾਬਤ ਪੰਥ 'ਚ ਅਜੇ ਮਤ ਭੇਦ ਹੈ, ਇਸ ਲਈ ਰਾਗਮਾਲਾ ਤੋਂ ਬਿਨਾਂ ਸ੍ਰੀ
ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਣ ਜਾਂ ਛਾਪਣ ਦਾ ਹੀਆ ਕੋਈ ਨਾ ਕਰੇ"। ਹੁਣ ਸਵਾਲ ਪੈਦਾ ਹੁੰਦਾ
ਹੈ ਕਿ ਅਜੇਹਾ ਫੈਸਲਾ ਸਾਨੂੰ ਕੀ ਸੇਧ ਦਿੰਦਾ ਹੈ? ਇਸ ਵਿਵਾਦ ਪੂਰਨ ਫੈਸਲੇ ਦੀ ਥਾਂ ਸਪੱਸ਼ਟ ਫੈਸਲਾ
ਲੈਣ ਲਈ ਸਾਨੂੰ ਅਜੇ ਹੋਰ ਕਿੰਨੇ ਦਹਾਕੇ ਲੱਗਣਗੇ? ਹੁਣ ਜਦੋਂ ਇਹ ਸਪੱਸ਼ਟ ਹੋ ਚੁਕਾ ਹੈ ਕਿ ਰਾਗਮਾਲਾ
ਕਵੀ ਆਲਿਮ ਦੀ ਕ੍ਰਿਤ 'ਮਾਧਵ ਨਲ ਕਾਮ ਕੰਦਲਾ', ਜਿਸ ਦੇ ਕੁਲ 179 ਛੰਦ ਹਨ, 'ਚ 5 ਛੰਦ (ਛੰਦ 34
ਤੋਂ 35 ਤਾਂਈ) ਹਨ। ਕੀ ਰਾਗਮਾਲਾ ਤੋਂ ਬਿਨਾਂ ਬੀੜਾਂ ਛਾਪਣ ਦਾ ਸਪੱਸ਼ਟ ਫੈਸਲਾ ਨਹੀਂ ਕਰ ਲੈਣਾ
ਚਾਹੀਦਾ? ਉਪ੍ਰੋਕਤ ਵਿਚਾਰੇ ਗਏ ਨੁਕਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਦਰੂਨੀ ਲਿਖਤ 'ਤੇ
ਅਧਾਰਿਤ ਹਨ। ਇਸ ਲੇਖ ਦਾ ਮੰਤਵ ਇਹ ਜਰੂਰੀ ਨੁਕਤੇ ਵਿਦਵਾਨਾਂ ਦੇ ਧਿਆਨ ਵਿੱਚ ਲਿਆਉਣਾ ਹੀ ਹੈ ਨਾਕਿ
ਕੋਈ ਨਿਜੀ ਫੈਸਲਾ। ਕੀ ਇਹ ਅਤੇ ਅਜੇਹੀਆਂ ਹੋਰ ਭੁਲਾਂ, ਜੋ ਉਤਾਰੇ ਕਰਨ ਵੇਲੇ ਅਣਜਾਣੇ ਵਿੱਚ ਹੀ
ਜਾਂ ਆਪੋ ਆਪਣੀ ਸੂਝ ਵਰਤਣ ਕਾਰਨ ਹੋ ਗਈਆਂ ਹਨ, ਨੂੰ ਸੁਧਾਰ ਨਹੀਂ ਲੈਣਾ ਚਾਹੀਦਾ? ਅੱਜ ਸਾਡੇ ਪਾਸ
ਬੇਅੰਤ ਸਾਧਨ ਹਨ ਕੀ ਇਹਨਾਂ ਦੀ ਵਰਤੋਂ ਕਰਕੇ ਸਾਨੂੰ ਇਹ ਮਸਲਾ ਸਦਾ ਲਈ ਨਜਿੱਠ ਨਹੀਂ ਲੈਣਾ
ਚਾਹੀਦਾ? ਕੀ ਉਹ ਬਾਬੇ, ਜਿਨ੍ਹਾਂ ਨੇ ਆਪਣੀ ਪਿਛਾਂਹ ਖਿੱਚੂ ਸੋਚ ਕਾਰਨ, ਡਾਂਗ ਦੇ ਜੋਰ ਸ਼੍ਰੋਮਣੀ
ਕਮੇਟੀ ਨੂੰ, ਮੰਗਲਾਂ ਦੇ ਸਤਿਕਾਰ ਨੂੰ ਮੁਖ ਰੱਖ ਕੇ ਪਹਿਲਾਂ ਛਾਪਣ ਦਾ ਕਾਰਜ ਬੰਦ ਕਰਨ ਲਈ ਮਜਬੂਰ
ਕਰ ਦਿੱਤਾ ਸੀ, ਕਲਮ ਦੇ ਜੋਰ ਇਸ ਵਿਸ਼ੇ ਤੇ ਦਲੀਲ ਨਾਲ ਆਪਣਾ ਪੱਖ ਪੇਸ਼ ਕਰਨ ਦੀ ਕ੍ਰਿਪਾਲਤਾ ਕਰਨਗੇ?
ਕੀ ਹੁਣ ਸਿੱਖਾਂ ਨੂੰ ਜਲਸੇ-ਜਲੂਸਾਂ ਵੱਲੋਂ ਧਿਆਨ ਹਟਾ ਕੇ ਅਜੇਹੇ ਗੰਭੀਰ ਪ੍ਰਸ਼ਨਾਂ ਨੂੰ ਇਕਾਗਰਤਾ
ਨਾਲ ਹੱਲ ਨਹੀਂ ਕਰਨਾ ਚਾਹੀਦਾ? ਕੀ ਇਕੋਤਰੀਆਂ ਕਰਨ-ਕਰਵਾਉਣ ਜਾਂ ਤੁਕ-ਤੁਕ ਦੇ ਸੰਪਟ ਪਾਠ ਕਰਨ ਨਾਲ
ਇਹ ਸਮੱਸਿਆਵਾਂ ਹੱਲ ਹੋ ਜਾਣਗੀਆਂ? ਜੇ ਨਹੀਂ ਤਾਂ ਕਿਉਂ ਨਹੀਂ ਵਿਦਵਾਨ ਸਿਰ ਜੋੜ ਕੇ ਬੈਠਦੇ?
ਅਖੀਰ ਵਿੱਚ ਡਾ: ਗੁਰਸ਼ਰਨਜੀਤ ਸਿੰਘ ਦੇ ਸ਼ਬਦਾਂ 'ਚ ਬੇਨਤੀ, "ਇਸ ਤੋਂ ਪਹਿਲਾਂ ਕਿ ਬਿਗਾਨੇ ਸਾਡੇ
ਧਰਮ-ਗ੍ਰੰਥ ਉੱਪਰ ਉਂਗਲ ਉਠਾਉਣ, ਸਾਨੂੰ ਪੰਥਕ ਤੌਰ 'ਤੇ ਯਤਨ ਕਰਕੇ ਐਸੇ ਪਾਠ ਭੇਦਾਂ ਨੂੰ ਠੀਕ ਕਰ
ਲੈਣਾ ਚਾਹੀਦਾ ਹੈ। ਇਸ ਵਿੱਚ ਨਾਂ ਤਾਂ ਮਿਹਣੇ ਵਾਲੀ ਅਤੇ ਨਾਂ ਹੀ ਸ਼ਰਮ ਵਾਲੀ ਗੱਲ ਹੈ। ਸਭ ਧਰਮ
ਗ੍ਰੰਥ ਸਮੇਂ ਦੇ ਦੂਸ਼ਿਤ ਹੁੰਦੇ ਆਏ ਹਨ। ਸੂਝਵਾਨ ਕੌਮਾਂ ਚਾਰ ਸਦੀਆਂ ਤੀਕ ਅਜਿਹੇ ਗੰਭੀਰ ਕੰਮ ਕਰਨ
ਲਈ ਇੰਤਜ਼ਾਰ ਨਹੀਂ ਕਰਦੀਆਂ। ਹੱਠ ਛੱਡ ਕੇ ਆਪਣੀ ਸੋਚ ਨੂੰ ਖੁੱਲ੍ਹਾ ਕਰਨ ਨਾਲ ਮਸਲੇ ਹੱਲ ਹੋ ਸਕਦੇ
ਹਨ। ਵਿਦਵਾਨਾਂ ਨੂੰ ਨਿੰਦਣ ਨਾਲ ਕੋਈ ਫਾਇਦਾ ਨਹੀਂ" (ਗੁਰੂ ਗ੍ਰੰਥ ਸਾਹਿਬ: ਪਰੰਪਰਾ ਅਤੇ ਇਤਿਹਾਸ,
ਪੰਨਾ 200)