.

ੴ ਸਤਿਗੁਰ ਪ੍ਰਸਾਦਿ॥
ਕੌਮ ਗੁਰਬਾਣੀ ਨੂੰ ਆਪ ਪੜ੍ਹ ਕੇ ਵੀਚਾਰੇ
-ਇਕਵਾਕ ਸਿੰਘ ਪੱਟੀ

ਸਿੱਖ ਕੌਮ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿ ਕੇ ਆਪਣਾ ਜੀਵਣ ਬਤੀਤ ਕਰਨ ਵਾਲੀ ਕੌਮ ਹੈ, ਕਿਉਂਕਿ ਇਸਦੇ ਆਦਰਸ਼, ਜੀਵਣ ਜਾਂਚ, ਗੁਰੂ ਸਾਹਿਬਾਨਾਂ ਵੱਲੋਂ ਦਿੱਤੀ ਗਈ ਅਮੁੱਲ ਸਿੱਖਿਆਵਾਂ, ਗੁਰਬਾਣੀ ਸਿਧਾਂਤ ਆਦਿ ਇਸਨੂੰ ਵਿਰਸੇ ਵਿੱਚੋਂ ਮਿਲੇ ਹਨ। ਜਿੱਥੇ ਆਪਣੇ ਲਈ ਰੱਬ ਅਗੇ ਚੜ੍ਹਦੀ ਕਲਾ ਦੀ ਅਰਦਾਸ ਕਰਦੀ ਹੈ ਉੱਥੇ ਸਾਰੇ ਸੰਸਾਰ ਲਈ ਭਲਾ ਮੰਗਦੀ ਹੈ। ਇਸੇ ਕਰਕੇ ਲੋਕਾਈ ਲਈ ਜੁਲਮ ਅਤੇ ਜਾਲਮਾਂ ਵਿਰੁੱਧ ਆਪਾ ਵਾਰਨਾਂ ਅਤੇ ਧਰਮ ਲਈ ਮਿੱਟ ਜਾਣਾ ਹੀ ਇਸ ਦੀ ਅਣਖ ਅਤੇ ਗੈਰਤ ਬਣ ਚੁੱਕੀ ਹੈ। ਇੱਥੇ ਸਾਰੇ ਮਨੁੱਖਾਂ ਨੂੰ ਅਕਾਲ ਪੁਰਖ ਦੀ ਔਲਾਦ ਮੰਨਣ ਦਾ ਸਿਧਾਂਤ ਇਸ ਕੌਮ ਵਿੱਚ ਗੁਰੂ ਸਾਹਿਬਾਨਾਂ ਵੱਲੋਂ ਭਰਿਆ ਗਿਆ ਹੈ ਅਤੇ ਕਿਸੇ ਦਾ ਵੀ ਬੁਰਾ ਨਹੀਂ ਚਿਤਵਦੀ।
ਪਰ ਜਦ ਸੰਸਾਰ ਨੂੰ ਮੂਰਖ ਬਣਾ ਕੇ ਲੁੱਟਣ, ਮਾਰਨ ਅਤੇ ਕੁੱਟਣ ਵਾਲੇ ਲੋਕਾਂ ਵੱਲੋਂ ਲਿਤਾੜੀ ਜਾ ਰਹੀ ਮਨੁੱਖਤਾ ਨੂੰ ਵੀ ਸਿੱਖਾਂ ਨੇ ਆਪਣੇ ਨਾਲ ਰਲਾ ਲਿਆ ਅਤੇ ਜੁਲਮ ਦੇ ਵਿਰੁੱਧ ਲੜਨ ਲਈ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਤਾਂ ਨਿੱਜੀ ਮੁਫਾਦਾਂ ਲਈ ਲੋਕਾਈ ਤੇ ਜੁਲਮ ਕਰਕੇ ਉਹਨਾਂ ਦੀ ਕਮਾਈ ਖਾਣ ਵਾਲੇ ਲੋਕਾਂ ਨੇ ਸੱਭ ਤੋਂ ਪਹਿਲਾਂ ਸਿੱਖਾਂ ਨੂੰ ਹੀ ਖਤਮ ਕਰਨ ਦੀ ਸੋਚੀ। ਬੇਸ਼ੱਕ ਸਰੀਰਕ ਤੌਰ ਤੇ ਤਾਂ ਸਾਡੇ ਗੁਰੂ ਸਾਹਿਬਾਨਾਂ ਨੂੰ ਵੀ ਅਨੇਕਾਂ ਤਸੀਹੇ ਦਿੱਤੇ ਗਏ ਅਤੇ ਬੇਅੰਤ ਗੁਰਸਿੱਖਾਂ ਦੀਆਂ ਸ਼ਹਦਤਾਂ ਹੋਈਆਂ, ਪਰ ਕਿਸੇ ਨੂੰ ਸਿੱਖੀ ਸਿਧਾਂਤ ਤੋਂ ਡੁਲਾਇਆ ਨਾ ਜਾ ਸਕਿਆ। ਸਗੋਂ ਸਿੱਖੀ ਦਿਨ-ਬ-ਦਿਨ ਵੱਧਦੀ, ਫੁਲਦੀ ਅਤੇ ਵਿਕਸਤ ਹੁੰਦੀ ਗਈ।
ਅੰਤ ਦੁਸ਼ਮਣ ਵੱਲੋਂ ਤਲਵਾਰ ਦੀ ਵਰਤੋਂ ਨੂੰ ਰੋਕ ਕੇ ਕਲਮ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਗਈ। ਕਿਉਂਕਿ ਕਲਮ ਦੀ ਵਰਤੋਂ ਜਾਂ ਦੁਰਵਰਤੋਂ ਤਲਵਾਰ ਨਾਲੋਂ ਵੱਧ ਘਾਤਕ ਹੋ ਸਕਦੀ ਹੈ, ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ। ਪਰ ਮੈਨੂੰ ਇਉਂ ਲੱਗਦਾ ਕਿ ਦੁਸ਼ਮਣ ਨੇ ਸਾਡੇ ਤੋਂ ਉੱਪਰ ਇਹ ਦੋਵੇਂ ਤਰੀਕੇ ਨਾਲ-ਨਾਲ ਹੀ ਵਰਤੇ। ਇੱਕ ਪਾਸੇ ਤਲਵਾਰ ਨਾਲ ਸਿੱਖਾਂ ਨੂੰ ਲੜਾਈਆਂ ਵਿੱਚ ਉਲਝਾ ਛੱਡਿਆ ਅਤੇ ਦੂਜੇ ਪਾਸੇ ਕਲਮ ਦੀ ਮਾਰ ਤਹਿਤ ਉਹਨਾਂ ਨੇ ਸਿੱਖਾਂ ਨੂੰ ਖਤਮ ਕਰਨ ਲਈ ਇਸਦੇ ਲਿਟਰੇਚਰ, (ਗੁਰੂਬਾਣੀ ਦੀ ਮਾਨਤਾ ਨੂੰ ਘਟਾਉਣ ਲਈ ਕੱਚੀ ਬਾਣੀ ਰਚੀ, ਸਿੱਖ ਸਾਹਿਤ ਵਿੱਚ ਵੱਡੀ ਪੱਧਰ ਤੇ ਮਿਲਾਵਟ, ਕੱਚ ਘਰੜ ਸਾਖੀਆਂ ਦੀ ਰਚਨਾ, ਅੰਧ-ਵਿਸ਼ਵਾਸ਼, ਕਰਮਕਾਢਾਂ ਨਾਲ ਭਰਪੂਰ ਜਨਮ ਸਾਖੀਆਂ, ਕਰਾਮਾਤਾਂ ਨਾਲ ਜੋੜ ਕੇ ਬਾਬੇ ਨਾਨਕ ਦੀ ਬਾਣੀ ਤੋਂ ਸਿੱਖਾਂ ਨੂੰ ਦੂਰ ਕਰਨ ਲਈ ਹਰ ਤਰ੍ਹਾਂ ਦਾ ਲਿਟਰੇਚਰ ਰਚਿਆ ਗਿਆ) ਵਿੱਚ ਵੱਡੇ ਪੱਧਰ ਤੇ ਮਿਲਾਵਟ ਕੀਤੀ ਗਈ।
ਜਦ ਕੌਮ ਥੋੜਾ ਜਿਹਾ ਸੰਭਲੀ ਤਾਂ ਉਹੀ ਲਿਖੀਆਂ ਅਤੇ ਪੜ੍ਹੀਆਂ-ਸੁਣੀਆਂ ਸਾਖੀਆਂ, ਕਰਾਮਾਤਾਂ ਭਰਪੂਰ ਸਾਖੀਆਂ, ਕਹਾਣੀਆਂ ਨਿਰਮਲਿਆਂ, ਉਦਾਸੀਨਾਂ ਵੱਲੋਂ ਵਿੱਦਿਆ ਤੋਂ ਕੋਰੇ ਸਿੱਖਾਂ ਦੇ ਕੰਨਾਂ, ਦਿਮਾਗ ਅਤੇ ਦਿਲ ਵਿੱਚ ਚੰਗੀ ਤਰ੍ਹਾਂ ਘੁਸੇੜ ਦਿੱਤੀਆਂ ਗਈਆਂ, ਇਹੀ ਕਾਰਣ ਹੈ ਕਿ ਅੱਜ ਵੀ ਜੇਕਰ ਕੌਮ ਦੇ ਜਿਤਨੇ ਵੀ ਗੁਰਦੁਆਰੇ ਹਨ ਉਹਨਾਂ ਵਿੱਚ ਅੰਮ੍ਰਿਤ ਵੇਲੇ ਹੀ ਅਕਾਲ ਪੁਰਖ ਦੀ ਅਰਾਧਨਾ ਤੋਂ ਅਰਦਾਸ ਦੇ ਰੂਪ ਵਿੱਚ ਪਹਿਲਾਂ ਭਗੌਤੀ ਨੂੰ ਸਿਮਰ ਕੇ ਹੀ ਧੁਰ ਕੀ ਬਾਣੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ। ਦੱਸੋ ਸਿੱਖੀ ਕਿੱਥੋਂ ਪਨਪੇਗੀ? ਅੱਜ ਜਿੰਨੇ ਅਡੰਬਰ ਗੁਰਦੁਆਰਿਆਂ ਵਿੱਚ ਕੀਤੇ ਜਾ ਰਹੇ ਹਨ (ਕਿਸੇ ਇੱਕ ਨੂੰ ਗੁਰਦੁਆਰਾ ਸਾਹਿਬ ਨੂੰ ਛੱਡ ਕੇ) ਇਉਂ ਲੱਗਦਾ ਕਿ ਸ਼ਾਇਦ ਮੰਦਰਾਂ ਵਿੱਚ ਵੀ ਨਾ ਹੁੰਦੇ ਹੋਣ। ਜ੍ਹਿਨਾਂ ਵੱਲ ਦੇਖ ਕੇ ਗੁਰੂ ਸਾਹਿਬਾਨਾਂ ਨੇ ਮੰਦਿਰਾਂ ਦੇ ਪੁਜਾਰੀਆਂ ਨੂੰ ਵੀ ਸੁਚੇਤ ਕੀਤਾ ਸੀ ਅਤੇ ਸਿੱਖਾਂ ਨੂੰ ਵੀ। ਕਾਰਣ ਇਹੀ ਹੈ ਕਿ ਵਿਰੋਧੀਆਂ ਨੇ ਕਲਮ ਨਾਲ ਲਿਖ ਕੇ, ਗੁਰਦੁਆਰਿਆਂ ਵਿੱਚ ਪ੍ਰਚਾਰ ਕਰਕੇ ਇਹ ਧੁੰਮਾ ਦਿੱਤਾ ਕਿ ਗੁਰਬਾਣੀ ਸਮਝਣ ਲਈ ਨਹੀਂ ਕੇਵਲ ਗਿਣਤੀਆਂ ਮਿਣਤੀਆਂ ਦੇ ਪਾਠ ਕਰਨ ਲਈ ਹੈ। ਇਸਦਾ ਫਲਾਣਾਂ ਸ਼ਬਦ ਫਲਾਣਾ ਦੁੱਖ ਦੂਰ ਕਰਦਾ ਹੈ ਅਤੇ ਫਲਾਣਾ ਸ਼ਬਦ ਫਲਾਣੇ ਕਾਰਜ ਦੀ ਸਿੱਧੀ ਕਰਦਾ ਹੈ। ਸਿੱਟੇ ਵੱਜੋਂ ਠੇਕੇ ਤੇ ਚੱਲਦੇ ਅਖੰਡ ਪਾਠ, ਪੈਸਿਆਂ ਦੀ ਵਾਪਾਰ ਦੀ ਤਰ੍ਹਾਂ ਹੁੰਦੇ ਕੀਰਤਨ ਆਦਿਕ ਹੋਂਦ ਵਿੱਚ ਆਏ ਅਤੇ ਕਈ ਡੇਰੇ, ਟਕਸਾਲਾਂ, ਸੰਪਰਦਾਵਾਂ, ਸਮੁਦਾਇ, ਅਤੇ ਗੁਰਦਆਰਾ ਸਾਹਿਬ ਦੇ ਨਾਮ ਤੇ ਨਿੱਜੀ ਠਾਠ ਹੌਂਦ ਵਿੱਚ ਆਏ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹਨਾਂ ਸਾਰਿਆਂ ਨੇ ਹੀ ਗੁਰੂ ਬਾਣੀ ਨੂੰ ਰੁਮਾਲਿਆਂ, ਪਲਕਾਂ, ਪਾਲਕੀਆਂ ਵਿੱਚ ਕੈਦ ਕਰਕੇ ਫੁੱਲਾਂ ਦੇ ਭਾਰ ਹੇਠ ਦੱਬ ਦਿੱਤਾ ਅਤੇ ਸਮਝਣ ਦੀ ਥਾਂ, ਜਾਂ ਕਹਿ ਲਉ ਮੰਨਣ ਦੀ ਥਾਂ ਤੇ ਪੂਜਣ ਦੀ ਥਾਂ ਬਣਾ ਦਿੱਤਾ ਕਿਉਂਕਿ ਗੁਰੂ ਵੱਲੋਂ ਤਾਂ ਹੁਕਮ ਮੰਨਣ ਦੀ ਹੀ ਹੋਇਆ ਸੀ।
ਇੱਕ ਗੱਲ ਹੋਰ ਸਪੱਸ਼ਟ ਕਰ ਦੇਵਾਂ ਕਿ ਇੱਥੇ ਮੇਰਾ ਭਾਵ ਰੁਮਾਲਿਆਂ, ਪਲਕਾਂ, ਜਾਂ ਪਾਲਕੀਆਂ `ਤੇ ਕਿੰਤੂ ਕਰਨਾ ਨਹੀਂ ਬਾਲਕਿ ਇਹ ਕਹਿਣਾ ਹੈ ਕਿ ਇਹ ਸੱਭ ਵਸਤੂਆਂ ਗੁਰੂ ਦੇ ਸਤਿਕਾਰ ਵੱਜੋਂ ਚਿੰਨ੍ਹ ਮਾਤਰ ਹਨ ਅਤੇ ਸਕਿਤਰ ਦਾ ਸਿਰਫ ਇੱਕ ਹਿੱਸਾ ਹਨ। ਸਤਿਗੁਰੂ ਦੀ ਪੂਰੀ ਸੇਵਾ, ਤਾਂ “ਸਭਸੈ ਊਪਰਿ ਗੁਰ ਸ਼ਬਦ ਵੀਚਾਰ” ਹੈ। ਉਹ ਕਰਨ ਲਈ ਅਸੀਂ ਤਿਆਰ ਨਹੀਂ ਹਾਂ।
ਪਹਿਲੇ ਸਮੇਂ ਵਿੱਚ ਅਨਪੜ੍ਹਤਾ ਵੱਸ ਸਿੱਖਾਂ ਨੇ ਅਖੌਤੀ ਡੇਰੇਦਾਰਾਂ ਦੀਆਂ ਗੱਲਾਂ ਮੰਨੀਆਂ ਅਤੇ ਜਿੰਦਗੀਆਂ ਬਤੀਤੀ ਕੀਤੀਆਂ, ਕਿਤੇ ਕਿਤੇ ਕੋਈ ਜਾਗ੍ਰਿਤੀ ਜੇਕਰ ਪਿਛਲੇ ਸਮੇਂ ਵਿੱਚ ਵੀ ਆਈ ਤਾਂ ਉਸ ਜਾਗ੍ਰਿਤੀ ਨੂੰ ਪੈਦਾ ਕਰਨ ਵਾਲਿਆਂ ਨੂੰ ਵੱਡੇ ਪੁਜਾਰੀਆਂ ਦੇ ਏਜੰਟਾਂ ਵੱਲੋਂ ਜ੍ਹਿਨਾਂ ਦਾ ਨਿਸ਼ਾਨਾਂ ਹੀ ਕੌਮ ਦੇ ਆਲਮਗਿਰੀ ਸਿਧਾਂਤਾਂ ਨੂੰ ਖਤਮ ਕਰਨਾ ਸੀ ਨੇ ਉਸ ਜਾਗ੍ਰਿਤੀ ਦੀ ਉਠੱਣ ਵਾਲੀ ਆਵਾਜ਼ ਨੂੰ ਚਾਹੇ ਉਹ ਭਾਈ ਦਿੱਤ ਸਿੰਘ ਗਿਆਨੀ, ਜਾਂ ਪ੍ਰੋ. ਗੁਰਮੁੱਖ ਸੀ ਨੂੰ ਧਰਮ ਦੇ ਅਖੌਤੀ ਸੋਟੇ ਨਾਲ ਫੇਹ ਦਿੱਤਾ। ਪਰ ਸਿੱਖਾਂ ਵਿੱਚ ਕੁੱਝ ਸਿੱਖਣ ਸਮਝਣ ਦੀ ਚੇਟਕ ਜਿਹੀ ਲੱਗ ਗਈ। ਜਿਸਦੇ ਫਲਸਰੂਪ ਉਹਨਾਂ ਮਹਾਨ ਆਤਮਾਵਾਂ ਦੀ ਹਿੰਮਤ ਘਾਲਣਾ ਸਦਕਾ ਚੀਫ ਖਾਲਸਾ ਦੀਵਾਨ ਜਾਂ ਖਲਾਸਾ ਕਾਲਜ ਆਦਿਕ ਹੌਂਦ ਵਿੱਚ ਆਏ।
ਅੱਜ ਵਿੱਦਿਆ ਦਾ ਯੁੱਗ ਹੈ। ਹਰ ਇਨਸਾਨ ਹਰ ਰੋਜ਼ ਕੁੱਝ ਨਵਾਂ ਸਿੱਖਣਾ ਚਾਹੁੰਦਾ ਹੈ। ਸੰਸਾਰ ਦੀ ਭੱਜ-ਨੱਠ ਅਤੇ ਮਾਇਆ ਦੇ ਪ੍ਰਭਾਵ ਤੋਂ ਬੱਚ ਕੇ ਸੁਖ ਸ਼ਾਂਤੀ ਲਈ ਕਿਸੇ ਧਰਮ ਦਾ ਸਹਾਰਾ ਲੈਣਾ ਲੋਚਦਾ ਹੈ ਜੋ ਉਸਦੇ ਦਿਲ ਦੀ ਹਰ ਗੱਲ ਨੂੰ ਸਮਝ ਸਕਦਾ ਹੋਵੇ ਜਾਂ ਉਸਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੋਵੇ, ਜਿਸ ਵਿੱਚ ਸਹਿਜ, ਸੰਤੋਖ, ਸਬਰ ਦੀ ਸਿੱਖਿਆ ਮਿਲਦੀ ਹੋਵੇ ਐਸੇ ਗ੍ਰੰਥ ਜਾਂ ਧਰਮ ਦੀ ਤਲਾਸ਼ ਕਰਦਾ ਹੈ ਤਾਂ ਆਪਣੇ ਆਪ ਹੀ ਸਿੱਖ ਧਰਮ ਵੱਲ ਖਿਚਿਆ ਆਉਂਦਾ ਹੈ। ਤੇ ੳਸੁਨੂੰ ਇਸ ਮਾਮਲੇ ਵਿੱਚ ਸੰਤੁਸ਼ਟੀ ਕੇਵਲ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਹੀ ਮਿਲਦੀ ਹੈ। ਪਰ ਬਦਕਿਸਮਤੀ ਕੌਮ ਦੀ ਕਿ ਇਹ ਅੱਜ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਖੁਦ ਪੜ੍ਹਨ ਲਈ ਤਿਆਰ ਨਹੀਂ ਹੈ।
ਅੱਜ ਗੁਰੂ ਗ੍ਰੰਥ ਸਾਹਿਬ ਕੇਵਲ ਰੁਜਗਾਰ ਪ੍ਰਾਪਤੀ ਦਾ ਸਾਧਨ ਬਣ ਗਿਆ ਹੈ ਇਸ ਵਿੱਚ ਕੋਈ ਸ਼ੱਕ ਨਹੀਂ। ਇਹ ਸੁਣ ਪੜ੍ਹ ਕੇ ਜਿਥੇ ਹਰ ਸੱਚੇ ਸਿੱਖ ਦਾ ਹਿਰਦਾ ਵਲੂੰਧਰਿਆ ਜਾਂਦਾ ਹੈ ਉੱਥੇ ਕੀਤਾ ਵੀ ਕੁੱਝ ਨਹੀਂ ਜਾ ਸਕਦਾ। ਬੀਤੇ ਦਿਨੀਂ ਵੀਚਾਰ ਦੌਰਾਨ ਇੱਕ ਰਾਗੀ ਸਿੰਘ ਨੇ ਮੰਨਿਆ ਕਿ ਅਸੀਂ ਆਪਣਾ ਨਿੱਤਨੇਮ ਸਵੇਰੇ ਕਰਦੇ ਹਾਂ, ਬੱਸ ਉਹੀ ਸਾਡਾ ਨਿੱਤਨੇਮ ਹੁੰਦਾ ਹੈ, ਉਸਤੋਂ ਬਾਅਦ ਘਰਾਂ ਵਿੱਚ ਕੀਤਾ ਜਾਂਦਾ ਕੀਰਤਨ, ਪੜ੍ਹੀ ਜਾਂਦੀ ਗੁਰਬਾਣੀ, ਪਾਠ, ਸੁਖਮਨੀ ਸਾਹਿਬ ਦੇ ਜਾਂ ਫਿਰ ਅਖੰਡਪਾਠ ਹੋਵੇ ਇਹ ਸਾਡਾ ਧੰਦਾ ਹੈ। ਬੜੀ ਬੇਸ਼ਰਮੀ ਨਾਲ ਉਸਨੇ ਇਹ ਸੱਭ ਕੁੱਝ ਕਿਹਾ ਤੇ ਕਹਿੰਦਾ ਤੁਹਾਨੂੰ ਤਾਂ ਵੈਸੇ ਹੀ ਆਦਤ ਹੈ ਹਰ ਗੱਲ ਤੇ ਰੋਕਾ ਟੋਕੀ ਕਰਨ ਦੀ, ਤੁਹਾਡੇ ਕਹਿਣ ਤੇ ਦੁਨੀਆ ਨਹੀਂ ਸਧਰ ਸਕਦੀ। ਸਾਨੂੰ ਕੀ ਲੋੜ ਪਈ ਹੈ ਲੋਕਾਂ ਨੂੰ ਸਮਝਾਉਣ ਦੀ। ਜਦੋਂ ਰੱਬ ਨੇ ਕ੍ਰਿਪਾ ਕੀਤੀ ਤਾਂ ਆਪੇ ਸਮਝ ਜਾਣਗੇ। ਤਾਂ ਮੈਂ ਉਸਨੂੰ ਕਿਹਾ ਬਾਬੇ ਨਾਨਕ ਨੂੰ ਕੀ ਲੋੜ ਪਈ ਸੀ ਲੋਕਾਂ ਨੂੰ ਸਮਝਾਉਣ ਦੀ ਸਿੱਧੇ ਰਸਤੇ ਪਾਉਣ ਦੀ? ਤਾਂ ਉਸ ਕੋਲ ਕੋਈ ਜੁਆਬ ਨਹੀਂ ਸੀ।
ਅੱਜ ਜਦੋਂ ਕੋਈ ਵੀ ਇਨਾਸਨ ਗੁਰਬਾਣੀ ਨੂੰ ਵੀਚਾਰ ਕੇ ਸਮਝਦਾ ਹੈ, ਪੜ੍ਹਦਾ ਹੈ ਅਤੇ ਉਸ ਅਨੁਸਾਰ ਜੀਵਣ ਜਿਊਣਾ ਚਾਹੁੰਦਾ ਹੈ। ਇਹ ਇੱਕ ਚੰਗੀ ਗੱਲ ਹੈ, ਪਰ ਜੇ ਉਸਦੇ ਮਨ ਵਿੱਚ ਕੋਈ ਸ਼ੰਕਾ ਜਾਂ ਸਵਾਲ ਗੁਰਬਾਣੀ ਜਾਂ ਗੁਰ-ਇਤਿਹਾਸ ਸਬੰਧੀ ਪੈਦਾ ਹੁੰਦਾ ਹੈ ਤਾਂ ਉਸਦਾ ਨਿਵਾਰਣ ਕੌਮ ਦੇ ਸਿਰ ਕੱਢ ਬੁਧੀਜੀਵੀ ਜਾਂ ਵਿਦਵਾਨਾਂ ਨੂੰ ਤਰੁੰਤ ਕਰਨਾ ਚਾਹੀਦਾ ਹੈ। ਤਾਂ ਕਿ ਉਸਦਾ ਵਿਸ਼ਵਾਸ਼ ਗੁਰਬਾਣੀ ਵਿੱਚ ਹੋਰ ਵੀ ਪੱਕਾ ਹੋ ਜਾਵੇ। ਪਰ ਇੱਥੇ ਬਿਲਕੁੱਲ ਇਸਦੇ ਉਲਟ ਹੁੰਦਾ ਹੈ। ਅਤੇ ਕਿਸੇ ਸਵਾਲ ਜਾਂ ਸ਼ੰਕੇ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਜਾਂਦਾ ਹੈ ਕਿ ਇਸਨੇ ਗੁਰਬਾਣੀ ਤੇ ਕਿੰਤੂ ਕੀਤਾ ਹੈ। ਇਹ ਕਿੰਤੂ-ਪ੍ਰੰਤੂ ਦੀ ਗੱਲ ਕਰਬ ਵਾਲੇ ਕਰਨ ਵਾਲੇ ਵੀ ਫਿਰ ਕੌਣ ਲੋਕ ਹੁੰਦੈ ਹਨ? ਉਹੀ ਸੰਪਰਦਾਈਏ, ਡੇਰਿਆਂ ਵਾਲੇ, ਅਖੌਤੀ ਮਹਾਂਪੁਰਸ਼ ਜਿੰਨਾਂ ਨੇ ਸੁੰਹ ਖਾਧੀ ਹੈ ਕਿ ਗੁਰੂ ਬਾਬੇ ਦੀ ਬਾਣੀ ਨੂੰ ਲੋਕਾਂ ਤੱਕ ਨਹੀਂ ਪੁੱਜਣ ਦੇਣਾ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਜੁਆਬ ਨਹੀਂ ਦੇਣਾ ਬਲਕਿ ਇਹੀ ਕਹੀ ਜਾਣਾ ਕਿ ਗੁਰਬਾਣੀ ਪ੍ਰਤੀ ਕਿਸਨੂੰ ਸ਼ੰਕਾ ਨਹੀਂ ਹੋਣੀ ਚਾਹੀਦੀ। ਦੂਜੇ ਪਾਸੇ ਇਹ ਉਹੀ ਲੋਕ ਨੇ ਜ੍ਹਿਨਾਂ ਨੇ ਕਦੇ ਵੀ ਗੁਰਬਾਣੀ ਨੂੰ ਕੋਈ ਮਾਨਤਾ ਨਹੀਂ ਦਿੱਤੀ ਸਗੋਂ ਆਪਣੀ ਹੀ ਕੱਚੀ ਬਾਣੀ ਜਾਂ ਕਵਿਤਾਵਾਂ ਨੂੰ ਢੋਲਕੀਆਂ-ਚਿਮਟਿਆਂ ਨਾਲ ਖੜਕਾ ਕੇ ਪੜ੍ਹਨ ਵਿੱਚ ਮੁਹਰੀ ਹੁੰਦੈ ਹਨ, ਫਿਰ ਇਹਨਾਂ ਇਹ ਨਹੀਂ ਕਹਿਣਾ ਕਦੇ ਕਿ ਇਹ ਫਲਾਣੀ ਗੱਲ ਗੁਰੂ ਗ੍ਰੰਥ ਸਾਹਿਬਹ ਜੀ ਦੇ ਫਲਾਣੇ ਪੰਨੇ `ਤੇ, ਫਲਾਣੇ ਰਾਗ ਵਿੱਚ ਫਲਾਣੇ ਗੁਰੂ, ਭਗਤਾਂ ਜਾਂ ਭੱਟ ਸਾਹਿਬ ਦੀ ਹੈ, ਇਹਨਾਂ ਨੇ ਉਦਹਾਰਣਾਂ ਵੀ ਦੇਣੀਆਂ ਤਾਂ ਕਹਿਣਗੇ ਸਾਡੇ ਵੱਡੇ ਮਹਾਂਪੁਰਸ਼ਾਂ ਦੇ ਬਚਨ ਸਨ, ਬੰਦਾ ਪੁੱਛਣ ਵਾਲੇ ਹੋਵੇ ਕਿ ਇਹ ਗੱਲਾਂ ਤਾਂ ਤੁਸੀਂ ਗੁਰ ਇਤਿਹਾਸ ਵਿੱਚੋਂ ਲਈਆਂ ਨੇ ਤਾਂ ਆਪਣੇ ਅਖੌਤੀ ਦੇਹਧਾਰੀ ਬਾਬੇ ਦੀ ਮਾਨਤਾ ਵਧਾਉਣ ਲਈ ਉਸਦੇ ਮੂੰਹ ਵਿੱਚ ਕਿਉਂ ਪਾ ਰਹੇ ਹੋ? ਪਰ ਇਹ ਹਿੰਮਤ ਕੋਈ ਨਹੀਂ ਕਰੇਗਾ ਨਾ ਤਾਂ ਕੋਈ ਸਾਧ ਸੰਤ, ਨਾ ਕੋਈ ਅਖਬਾਰ ਤੇ ਨਾ ਕੋਈ ਡੇਰੇ ਵਾਲਾ।
ਬੀਤੇ ਦਿਨੀਂ ਸਪੋਕਸਮੈਨ ਦੀ ਇੱਕ ਸੰਪਾਦਕੀ ਨੂੰ ਅਧਾਰ ਬਣਾ ਕੇ ਇੱਕ ਪੰਜਾਬੀ ਦੀ ਅਖਬਾਰ ਵੱਲੋਂ ਜਿਸਨੇ ਸੌਦਾ ਸਾਧ ਦਾ ਇਸ਼ਤਿਹਾਰ ਸੱਭ ਤੋਂ ਪਹਿਲਾਂ ਛਾਪਿਆ ਸੀ, ਜੋ ਅੱਜ ਵੀ ਆਮ ਦੇਹਾਂ ਨੂੰ ਸਤਿਗੁਰੂ ਹੀ ਲਿਖਦੀ ਹੈ ਨੇ ਨਿੱਜੀ ਰੰਜਿਸ਼ਬਾਜ਼ੀ ਕਰਕੇ ਖੂਬ ਰੌਲਾ ਪਾਇਆ। ਸਪੋਕਸਮੈਨ ਨੇ ਕੀ ਗਲਤ ਕੀਤਾ ਅਤੇ ਸਪੋਕਸਮੈਨ ਵਿਰੁੱਧ ਉੱਠਿਆ ਰੋਹ ਪੰਜਾਬ ਵਿਚਲੀ ਹੋਰ ਕਿਸੇ ਵੀ ਅਖਬਾਰ ਨੂੰ ਨਾ ਦਿੱਸਿਆ। ਨਾ ਹੀ ਕਿਸੇ ਬੁੱਧੀਜੀਵੀ ਜਾਂ ਤੱਤ ਗੁਰਮਤਿ ਤੋਂ ਪ੍ਰਣਾਏ ਹੋਏ ਸਿੱਖਾਂ ਨੂੰ ਦਿੱਸਿਆ। ਜੇ ਕਿਸੇ ਬੱਧੀਜੀਵੀ ਦਾ ਬਿਆਨ ਸਪੋਕਸਮੈਨ ਵਿਰੁੱਧ ਛਪਿਆ ਵੀ ਤਾਂ ਉਸਨੇ ਅਗਲੇ ਦਿਨ ਸਪੋਕਸਮੈਨ ਚ ਇੰਕਸ਼ਾਫ ਕੀਤਾ ਕਿ ਇਹ ਬਿਆਨ ਮੇਰਾ ਨਹੀਂ ਹੈ। ਜਿਸ ਤਰ੍ਹਾਂ ਕਿ ਬਲਵੰਤ ਸਿੰਘ ਗੋਪਾਲਾ ਜਿਸਦੀ ਇੱਕ ਘਰੇਲੂ ਤਸਵੀਰ ਨੂੰ ਜਲੰਧਰੀ ਅਖਬਾਰ ਨੇ ਸਪੋਕਸਮੈਨ ਵਿਰੁੱਧ ਪ੍ਰਮੁੱਖਤਾ ਨਾਲ ਛਾਪ ਦਿੱਤਾ ਤਾਂ ਅਗਲੇ ਦਿਨ ਸਬੰਧਿਤ ਵਿਅਕਤੀਆਂ ਨੇ ਆਪਣਾ ਸਪੱਸ਼ਟੀਕਰਨ ਦੇ ਦਿੱਤਾ ਕਿ ਇਹ ਬਿਆਨ ਉਹਨਾਂ ਦੀ ਮਰਜ਼ੀ ਤੋਂ ਬਿਨ੍ਹਾ ਛਪਿਆ ਹੈ।
ਕੋਈ ਅਤਿਕਥਨੀ ਨਹੀਂ ਕਿ ਸਪੋਕਸਮੈਨ ਅੱਜ ਪੰਥਕ, ਪੰਜਾਬੀ ਦੀ ਸਰਵਉੱਤਮ ਅਤੇ ਮਿਆਰੀ ਅਖਬਾਰ ਵੱਜੋਂ ਉਭਰਿਆ ਹੈ। ਸਪੋਕਸਮੈਨ ਨੇ ਜੋ ਜਾਗ੍ਰਿਤੀ ਲਿਆਂਦੀ ਹੈ ਉਸਦਾ ਕੋਈ ਮੁਕਾਬਲਾ ਨਹੀਂ ਹੈ। ਬੇਸ਼ੱਕ ਹੋ ਸਕਦਾ ਕਿ ਮੇਰੇ ਵੀ ਕੁੱਝ ਵੀਚਾਰ ਸਪੋਕਸਮੈਨ ਨਾਲ ਨਾ ਮਿਲਦੇ ਹੋਣ। ਪਰ ਮੈਰਿਟ ਵਿੱਚ ਆਉਣ ਵਾਲੇ ਬੱਚੇ ਦੇ 90% ਅੰਕਾਂ ਨੂੰ ਅੱਖਾਂ ਤੋਂ ਉਹਲੇ ਰੱਖ ਕੇ ਪਿੱਛੇ ਰਹਿ ਗਏ 10% ਅੰਕਾਂ ਲਈ ਹੀ ਉਸਨੂੰ ਮਾੜਾ ਕਹੀ ਜਾਣਾ ਮੈਨੂੰ ਨਹੀਂ ਲੱਗਦਾ ਕਿ ਕੋਈ ਸਿਆਣਪ ਹੈ। ਜੋਗਿੰਦਰ ਸਿੰਘ ਸਪੋਕਸਮੈਨ ਵੀ ਤਾਂ ਇੱਕ ਇਨਸਾਨ ਇੱਕ ਆਮ ਬੰਦਾ ਹੀ ਹੈ। ਗਲਤੀਆਂ ਵੀ ਬੰਦਾ ਹੀ ਕਰਦਾ ਹੈ ਰੱਬ ਨਹੀਂ। ਨਾ ਹੀ ਉਸਨੇ ਕੋਈ ਇਹੋ ਜਿਹਾ ਦਾਅਵਾ ਕੀਤਾ ਹੈ ਜਦਕਿ ੳਸੁਦਾ ਵਿਰੋਧ ਕਰਨ ਵਾਲੇ ਅਖੌਤੀ ਸੰਤ ਤਾਂ ਆਪਣੇ ਆਪ ਨੂੰ ਬ੍ਰਹਮਗਿਆਨੀ ਦੱਸਦੇ ਹੋਏ ਰੱਬ ਨੂੰ ਮਿਲਿਆ ਦੱਸਦੇ ਹਨ।
ਸੰਪਾਦਕੀ ਵਿੱਚ ਜੋ ਵੀ ਲਿਖਿਆ ਉਸ ਬਾਰੇ ਖੋਜ ਹੋਣੀ ਚਾਹੀਦੀ ਹੈ, ਉਹ ਖੋਜ ਕੌਮ ਦੇ ਚੌਟੀ ਦੇ ਵਿਦਵਾਨਾਂ ਵਿੱਚ ਹੋਣੀ ਚਾਹੀਦੀ ਹੈ ਆਮ ਸੰਗਤ ਵਿੱਚ ਨਹੀਂ। ਕਿਸੇ ਵਿਦਵਾਨ ਨੇ ਕਥਨ ਹੈ ਕਿ ਵਿਦਵਾਨਾਂ ਦੀ ਗੱਲ ਵਿਦਵਾਨ ਹੀ ਸਮਝ ਸਕਦਾ ਹੈ। ਪਰ ਜੋਗਿੰਦਰ ਸਿੰਘ ਨੇ ਇਹ ਨੁਕਤਾ ਪੰਥ ਵਿੱਚ ਰੱਖ ਦਿੱਤਾ ਜਿਸਦਾ ਪ੍ਰਤੀਕਰਮ ਕੌਮ ਦੇ ਵਿਦਵਾਨਾਂ ਵੱਲੋਂ ਹੋਇਆ ਅਤੇ ਜੋਗਿੰਦਰ ਸਿੰਘ ਨੂੰ ਟੋਕਿਆ ਗਿਆ। ਜੋ ਕਿ ਅਗਲੇ ਹੀ ਦਿਨ ਸਰਬਸੰਮਤੀ ਨਾਲ ਜੋਗਿੰਦਰ ਸਿੰਘ ਨੇ ਆਪਣੀ ਸੰਪਾਦਕੀ ਵਾਪਸ ਲੈ ਲਈ ਅਤੇ ਮੁਆਫੀ ਵੀ ਮੰਗੀ। ਜੋ ਕਿ ਇੱਕ ਚੰਗਾ ਕਦਮ ਸੀ। ਨਾਲ ਹੀ ਵਿਦਵਾਨਾਂ ਨੇ ਮੀਡੀਏ ਉਪਰ ਗੁਰਮਤਿ ਦਾ ਕੁੰਡਾ ਲਾਉਣ ਦੀ ਗੱਲ ਕੀਤੀ ਜੋ ਕਿ ਸੱਭ ਤੋਂ ਪਹਿਲਾਂ ਸਪੋਕਸਮੈਨ ਨੇ ਹੀ ਪ੍ਰਵਾਨ ਕੀਤੀ ਨਾ ਕਿ ਕਿਸੇ ਹੋਰ ਅਖਬਾਰ ਨੇ। ਹੱਥ ਲਿਖਤ ਬੀੜਾਂ, ਛਾਪੇ ਵਾਲੀਆਂ ਬੀੜਾਂ, ਛਪਾਈ ਵਾਲੀਆਂ ਬੀੜਾਂ ਵਿੱਚ ਫਰਕ ਪਾਏ ਗਏ ਹਨ, ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ, ਹੁਣ ਲੋੜ ਤਾਂ ਸਹੀ ਤਰੀਕੇ ਨਾਲ ਖੋਜ ਦੀ ਹੈ। ਇਸ ਬਾਰੇ ਵਧੇਰੇ ਜਾਣਕਾਰੀ ਲਈ ਕੋਮ ਦੇ ਵਿਦਵਾਨ ਡਾ. ਗੁਰਸ਼ਰਨਜੀਤ ਸਿੰਘ ਜੀ ਦੀ ਲਿਖੀ ਪੁਸਤਕ “ਅਜੋਕੇ ਪ੍ਰਸੰਗ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰੰਪਰਾ ਅਤੇ ਇਤਿਹਾਸ’ ਇੱਕ ਵਾਰ ਪੜ੍ਹ ਲੈਣੀ ਲਾਹੇਵੰਦ ਹੋਵੇਗੀ। ਜਿਸ ਵਿੱਚ ਪੁਰਤਾਨ ਅਤੇ ਨਵੀਨਤਮ ਬੀੜਾਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਗਿਆ ਹੈ।
ਇਹੋ ਜਿਹੇ ਨਾਜ਼ੁਕ ਮੁੱਦਿਆਂ ਤੇ ਗੰਭੀਰ ਵੀਚਾਰ ਹੋਣੀ ਚਾਹੀਦੀ ਹੈ। ਇੱਕ ਦੂਜੇ ਉੱਪਰ ਨਿੱਜੀ ਦੂਸ਼ਣਬਾਜ਼ੀ ਨਾਲ ਨਹੀਂ। ਜਿਹਨਾਂ ਨੇ ਬਿਨ੍ਹਾਂ ਸੰਪਾਦਕੀ ਪੜ੍ਹਿਆਂ ਹੀ ਪੰਜਾਬੀ ਮਾਂ ਬੋਲੀ ਦਾ ਸਿਰ ਉੱਚਾ ਚੁੱਕਣ ਵਾਲੀ ਇੱਕ ਅਖਬਾਰ ਦੀਆਂ ਕਾਪੀਆਂ ਸਾੜੀਆਂ ਇੱਹ ਵਾਕੇਈ ਇੱਕ ਨਿੰਦਣਯੋਗ ਕਾਰਵਾਈ ਸੀ। ਉਮੀਦ ਕਰਦਾ ਹਾਂ ਕੌਮ ਸੁਚੇਤ ਹੋ ਕੇ ਇੱਕ ਜਗਿਆਸੂ ਦੀ ਤਰ੍ਹਾਂ ਗੁਰਬਾਣੀ ਪੜ੍ਹੇ, ਵੀਚਾਰੇ ਅਤੇ ਅਮਲ ਕਰੇ ਅਤੇ ਹਰ ਕੰਮ ਗੁਰਬਾਣੀ ਗੁਰਮਤਿ ਅਨੁਸਾਰ ਹੀ ਕਰਨ ਨੂੰ ਪਹਿਲ ਦੇਵੇ ਨਾ ਕਿ ਵਿਰੋਧੀਆਂ ਵੱਲੋਂ ਲਿਖੀਆਂ ਭੜਕਾਊ ਗੱਲਾਂ ਵਿੱਚ ਆ ਕੇ ਫਾਲਤੂ ਕੰਮਾਂ ਵਿੱਚ ਆਪਣੀ ਤਾਕਤ ਜਾਇਆ ਕਰੇ। ਗੁਰੂ ਭਲੀ ਕਰੇ।
* * * * *
-ਇਕਵਾਕ ਸਿੰਘ ਪੱਟੀ
ਰਤਨ ਇੰਸਟੀਚਿਊਟ ਆਫ ਕੰਪਿਊਟਰ ਸਟੱਡੀ
ਸੁਲਤਾਨਵਿੰਡ ਰੋਡ, ਅੰਮ੍ਰਿਤਸਰ।
ਮੋ. 98150-24920




.