.

ਸਪੋਕਸਮੈਨ ਦੇ ਅੰਨ੍ਹੇ ਸਮਰਥਕਾਂ ਨੂੰ ਕੁੱਝ ਜ਼ਰੂਰੀ ਸਵਾਲ

ਭੱਠ ਪਏ ਉਹ ਸੋਨਾ ਜਿਹੜਾ ਕੰਨਾ ਨੂੰ ਖਾਵੇ।

ਜਾਗਰੂਕ ਸ਼ਖਸੀਅਤਾਂ ਵਲੋਂ ਸਵਾਰਥ ਅਤੇ ਨਾਸਮਝੀ ਅਧੀਨ ਕੀਤਾ ਜਾ ਰਿਹਾ ਸਮਰਥਨ ਘਾਤਕ ਅਤੇ ਅਫਸੋਸਜਨਕ ਹੈ।

ਵੈਸੇ ਤਾਂ ਅਪਣੀ ਹੋਂਦ ਦੀ ਸ਼ੁਰੂਆਤ ਤੋਂ ਹੀ ਸਪੋਕਸਮੈਨ ਹਮੇਸ਼ਾ ਚਰਚਾ ਵਿੱਚ ਰਿਹਾ ਹੈ। ਇਸ ਦਾ ਕਾਰਨ ਇਸ ਵਲੋਂ ਚੁੱਕੇ ਜਾਂਦੇ ਵਿਵਾਦਮਈ ਮੁੱਦੇ ਹਨ ਜਿਸ ਕਾਰਨ ਰੂੜੀਵਾਦੀ (ਸੰਪਰਦਾਈ ਅਤੇ ਪੁਜਾਰੀ ਧਿਰਾਂ) ਵਲੋਂ ਇਸਦਾ ਵਿਰੋਧ ਹੁੰਦਾ ਹੀ ਰਿਹਾ ਹੈ। ਪਰ ਦਸਮ ਗ੍ਰੰਥ ਅਤੇ ਹੋਰ ਗੁਰਮਤਿ ਵਿਰੋਧੀ ਸਾਹਿਤ ਵਿਰੁਧ ਅਵਾਜ਼ ਉਠਾਉਣ ਕਾਰਨ, ਸੱਚ ਨੂੰ ਸਮਝਣ ਅਤੇ ਚਾਹੁਣ ਵਾਲੇ ਲੋਕ ਇਸ ਨਾਲ ਜੁੜਦੇ ਗਏ। ਪਰ ਸਮੇਂ ਨਾਲ ਨੇੜਲੇ ਲੋਕਾਂ ਨੂੰ ਇਹ ਸਪਸ਼ਟ ਹੁੰਦਾ ਗਿਆ ਜੋਗਿੰਦਰ ਸਿੰਘ ਜੀ ਇਹਨਾਂ ਮੁੱਦਿਆਂ (ਦਸਮ ਗ੍ਰੰਥ `ਤੇ ਹੋਰ) ਨੂੰ ਵਰਤ ਕੇ ਜਾਗਰੂਕ ਸਿੱਖਾਂ ਦਾ ਸਮਰਥਨ ਲੈ ਰਹੇ ਹਨ, ਪਰ ਉਹਨਾਂ ਦਾ ਅਸਲ ਮਕਸਦ ਗੁਰਮਤਿ ਦੇ ਆਧਾਰ (ਗੁਰੂ ਗ੍ਰੰਥ ਸਾਹਿਬ ਜੀ, ਰਾਗਮਾਲਾ ਤੋਂ ਬਗੈਰ) `ਤੇ ਹੀ ਚੋਟ ਕਰਨਾ ਹੈ। ਦੂਜਾ ਜੋਗਿੰਦਰ ਸਿੰਘ ਜੀ ਦੀ ਹੰਕਾਰੀ ਅਤੇ ਈਰਖਾਲੂ ਬਿਰਤੀ ਨੇ ਵੀ ਉਹਨਾਂ ਦੇ ਨੇੜਲੇ ਲੋਕਾਂ ਨੂੰ ਬਹੁਤ ਪਰੇਸ਼ਾਨ ਕੀਤਾ। ਇਸ ਕਾਰਨ ਕੁੱਝ ਉਹਨਾਂ ਦਾ ਸਾਥ ਛੱਡਦੇ ਵੀ ਗਏ।

ਪਿਛਲੇ ਇੱਕ ਮਹੀਨੇ ਤੋਂ ਸਪੋਕਸਮੈਨ ਫਿਰ ਚਰਚਾ ਵਿੱਚ ਹੈ `ਤੇ ਇਸ ਵਾਰ ਇਹ ਚਰਚਾ ਹੈ ਵੀ ਬਹੁਤ ਭਖਵੀਂ। ਪਰ ਅਫਸੋਸ! ਇਸ ਵਾਰ ਇਹ ਗਲਤ ਪਹੁੰਚ ਕਾਰਨ ਚਰਚਾ ਵਿੱਚ ਹੈ। ਜਿਥੇ ਪਹਿਲਾਂ ਸੰਪਰਦਾਈਆਂ ਵਲੋਂ ਕੀਤੇ ਜਾਂਦੇ (ਗਲਤ) ਵਿਰੋਧ ਵੇਲੇ ਜਾਗਰੂਕ ਧਿਰਾਂ ਉਸ ਨਾਲ ਖੜੀਆਂ ਹੋ ਜਾਂਦੀਆਂ ਸਨ, ਪਰ ਇਸ ਵਾਰ ਐਸਾ ਨਹੀਂ ਹੈ। ਕਾਰਨ ਉਹਨਾਂ ਦੀ ਪਹੁੰਚ ਅਤੇ ਮੁੱਦੇ ਬੜੇ ਗਲਤ, ਗੈਰਜਿੰਮੇਵਾਰਾਨਾ ਅਤੇ ਗੈਰ-ਸਿਧਾਂਤਕ ਹਨ। ਬੇਸ਼ਕ ਕੁੱਝ ਜਾਗਰੂਕ ਮੰਨੀਆਂ ਜਾਂਦੀਆਂ ਸ਼ਖਸੀਅਤਾਂ ਅਤੇ ਧਿਰਾਂ ਵਲੋਂ, ਨਿੱਜੀ ਅਤੇ ਸੌੜੇ ਸਵਾਰਥਾਂ ਅਧੀਨ, ਸਪੋਕਸਮੈਨ ਦਾ ਗਲਤ ਸਮਰਥਨ ਕੀਤਾ ਜਾ ਰਿਹਾ ਹੈ, ਪਰ ਸਮੁੱਚੇ ਤੌਰ `ਤੇ ਇਹਨਾਂ ਮੁੱਦਿਆਂ ਉਪਰ ਜਾਗਰੂਕ ਧਿਰਾਂ ਉਸ ਦਾ ਸਮਰਥਨ ਨਾ ਕਰਨ ਲਈ ਮਜ਼ਬੂਰ ਹਨ।

ਪਿਛਲੇ ਇੱਕ ਮਹੀਨੇ ਵਿੱਚ ਜੋ ਦੋ ਗਲਤ ਮੁੱਦੇ ਸਪੋਕਸਮੈਨ ਨੇ ਉਠਾਏ ਹਨ ਉਹ ਹਨ: ਪ੍ਰੋ. ਦਰਸ਼ਨ ਸਿੰਘ ਜੀ ਦੀ ਹੰਕਾਰ ਅਤੇ ਈਰਖਾ ਅਧੀਨ ਬੇਲੋੜਾ ਵਿਰੋਧ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਨਿਕਤਾ ਬਾਰੇ ਆਧਾਰ ਵਿਹੂਣੇ, ਮਾਰੂ, ਬੇਲੋੜੇ ਅਤੇ ਬਰਦਾਸ਼ਤ ਤੋਂ ਬਾਹਰ ਹਮਲੇ। ਇਹਨਾਂ ਦੋਹਾਂ ਮੁਦਿਆਂ ਨੇ ਸਪੋਕਸਮੈਨ ਦੀ ਸੁਹਿਰਦਤਾ `ਤੇ ਹੀ ਪ੍ਰਸ਼ਨ-ਚਿੰਨ੍ਹ ਲਾ ਦਿਤਾ ਹੈ।

ਇਹਨੀ ਦਿਨੀ ਭਖਿਆ ਹੋਇਆ ਮੁੱਦਾ ਹੈ ਸਪੋਕਸਮੈਨ (ਜੋਗਿੰਦਰ ਸਿੰਘ ਜੀ) ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਨਿਕਤਾ `ਤੇ, 16 ਮਾਰਚ 10 ਦੇ ਸੰਪਾਦਕੀ ਰਾਹੀਂ ਕੀਤੇ ਹਮਲੇ ਹਨ।

ਤੱਤ ਗੁਰਮਤਿ ਪਰਿਵਾਰ ਨੇ ਹਮੇਸ਼ਾ ਹੀ ਕੋਸ਼ਿਸ਼ ਕੀਤੀ ਹੈ ਕਿ ਹਰ ਪੰਥਕ ਮਸਲੇ `ਤੇ ਨਿਰੋਲ ਨਿਸ਼ਕਾਮਤਾ, ਨਿਰਪੱਖਤਾ, ਦ੍ਰਿੜਤਾ, ਬੇਬਾਕਤਾ ਅਤੇ ਈਮਾਨਦਾਰੀ ਨਾਲ ਅਪਣਾ ਪੱਖ ਪੇਸ਼ ਕੀਤਾ ਜਾਵੇ। ਵੈਸੇ ਤਾਂ ਇਹਨਾਂ ਦੋਹਾਂ ਮੁੱਦਿਆਂ `ਤੇ ਪਰਿਵਾਰ ਨੇ ਅਪਣੇ ਵੀਚਾਰ ਕੁੱਝ ਦਿਨ ਪਹਿਲਾਂ ਅਪਣੇ ਲਿਖੇ ਲੇਖ ‘ਕਿਤੇ ਕਾਹਲੀ ਵਿੱਚ ਅਸੀਂ ਜਾਗ੍ਰਿਤੀ ਲਹਿਰ ਨੂੰ ਪੁੱਠਾ ਗੇੜ ਹੀ ਤਾਂ ਨਹੀਂ ਦੇ ਰਹੇ?’ ਵਿੱਚ ਸਪਸ਼ਟ ਕਰ ਦਿੱਤੇ ਸਨ। ਪਰ 16 ਮਾਰਚ ਦੇ ਸੰਪਾਦਕੀ ਤੋਂ ਬਾਅਦ ਭਖੇ ਵਿਵਾਦ ਮਗਰੋਂ ਕੁੱਝ ਜਾਗਰੂਕ ਮੰਨੀਆਂ ਜਾਂਦੀਆਂ ਸ਼ਖਸੀਅਤਾਂ ਅਤੇ ਧਿਰਾਂ ਵਲੋਂ ਧਾਰੀ ਜਾ ਰਹੀ ਸਵਾਰਥੀ ਅਤੇ ਸਿਧਾਂਤ ਵਿਰੁਧ ਪਹੁੰਚ ਨੇ, ਪਰਿਵਾਰ ਨੂੰ ਇਸ ਸੰਬੰਧੀ ਇਹਨਾਂ ਨੂੰ ਹਲੂਣਾ ਦੇਣ ਲਈ ਪ੍ਰੇਰਿਆ ਹੈ।

ਅਸੀਂ ਬਿਨਾ ਕਿਸੇ ਲਗ-ਲਪੇਟ ਦੇ ਇਹ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਉਪਰੋਕਤ ਦੱਸੀਆਂ ਜਾਗਰੂਕ ਸ਼ਖਸੀਅਤਾਂ ਤੋਂ ਸਾਡਾ ਮਾਇਨਾ ਉਹਨਾਂ ਤੋਂ ਹੈ, ਜੋ ਇਸ ਮਸਲੇ ਉਪਰ, ਅਪਣੇ ਬਹੁਤ ਹੀ ਹਲਕੇ ਤੇ ਛੋਟੇ ਸਵਾਰਥਾਂ ਕਾਰਨ, ਸਪੋਕਸਮੈਨ ਦਾ ਬੇਲੋੜਾ ਅਤੇ ਗੁਰਮਤਿ ਵਿਰੁਧ (ਅੰਨ੍ਹਾ) ਸਮਰਥਨ ਕਰ ਰਹੇ ਹਨ। ਉਹਨਾਂ ਦੇ ਬਿਆਨ ਅਤੇ ਦਲੀਲਾਂ ਵੀ ਕੱਚੀਆਂ ਅਤੇ ਸੱਚ ਤੋਂ ਬਹੁੱਤ ਦੂਰ ਹਨ। ਅਸੀਂ ਕੁੱਝ ਨਾਂ ਵੀ ਸਪਸ਼ਟ ਕਰਨਾ ਚਾਹਾਵਾਂਗੇ ਤਾਂ ਕਿ ਪਾਠਕ ਸਪਸ਼ਟ ਹੋ ਸਕਣ। ਇਹਨਾਂ ਵਿਚੋਂ ਪ੍ਰਮੁੱਖ ਹਨ ਡਾ. ਹਰਜਿੰਦਰ ਸਿੰਘ ਜੀ ਦਿਲਗੀਰ, ਜਗਤਾਰ ਸਿੰਘ ਜੀ ਜਾਚਕ, ਉਪਕਾਰ ਸਿੰਘ ਜੀ ਫਰੀਦਾਬਾਦ, ਪ੍ਰੋ. ਇੰਦਰ ਸਿੰਘ ਜੀ ਘੱਗਾ, ਕਾਬਲ ਸਿੰਘ ਜੀ ਜਰਮਨੀ, ਇਕਵਾਕ ਸਿੰਘ ਜੀ ਪੱਟੀ, ਜਸਜੀਤ ਸਿੰਘ ਜੀ ਟੋਨੀ, ਕੰਵਰ ਮਹਿੰਦਰ ਪ੍ਰਤਾਪ ਸਿੰਘ ਜੀ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਗੁਰਿੰਦਰ ਸਿੰਘ ਜੀ ਕੋਟਕਪੂਰਾ, ਗੁਰਦੇਵ ਸਿੰਘ ਜੀ ਬਟਾਲਵੀ। ਹੋਰ ਵੀ ਕਈਂ ਸੰਸਥਾਵਾਂ ਅਤੇ ਸ਼ਖਸੀਅਤਾਂ ਇਸ ਵੇਲੇ ਸਪੋਕਸਮੈਨ ਦੀ ਅੰਨ੍ਹੀ ਹਿਮਾਇਤ ਵਿੱਚ ਬਿਆਨ ਦੇ ਰਹੀਆਂ ਹਨ। ਜਿਹੜੇ ਨਾਂ ਲਏ ਗਏ ਹਨ, ਉਹ ਇਸ ਕਾਰਨ ਕਿ ਜਾਗ੍ਰਿਤੀ ਲਹਿਰ ਨੂੰ ਇਹਨਾਂ ਤੋਂ ਬਹੁਤ ਉਮੀਦਾਂ ਸਨ, ਪਰ ਇਸ ਮੁੱਦੇ `ਤੇ ਉਹਨਾਂ ਦੀ ਸਵਾਰਥੀ (ਸਾਡੇ ਬਿਆਨ, ਖਬਰਾਂ ਲਗਦੀਆਂ ਰਹਿਨ ਜਾਂ ਕਿਧਰੇ ਜੋਗਿੰਦਰ ਸਿੰਘ ਜੀ ਨਰਾਜ਼ ਨਾ ਹੋ ਜਾਣ) ਅਤੇ ਗੈਰ ਸਿਧਾਂਤਕ ਪਹੁੰਚ ਨੇ, ਜਾਗਰੂਕ ਪੰਥ ਨੂੰ ਨਿਰਾਸ਼ ਹੀ ਕੀਤਾ ਹੈ।

16 ਮਾਰਚ ਦੇ ਸੰਪਾਦਕੀ ਤੋਂ ਬਾਅਦ, ਜਾਚਕ ਜੀ ਦੀ ਅਗਵਾਈ ਵਿੱਚ 18 ਮਾਰਚ ਨੂੰ ਕੀਤੀ ਮੀਟਿੰਗ ਦੇ ਗਲਤ ਫੈਸਲੇ ਨੂੰ ਆਧਾਰ ਬਣਾਉਂਦੇ ਹੋਏ, ਸਪੋਕਸਮੈਨ (ਜੋਗਿੰਦਰ ਸਿੰਘ ਜੀ) ਨੇ ਉਹ ਸੰਪਾਦਕੀ ਵਾਪਿਸ ਲੈ ਲਿਆ ਅਤੇ ‘ਲੋਕਾਂ ਦੇ ਮਨ ਨੂੰ ਪਹੁੰਚੀ ਠੇਸ’ ਦੇ ਨਾਂ `ਤੇ ਮਾਫੀ ਮੰਗ ਲਈ। ਪਰ ਉਸ ਦੀ ਇਹ ਪਹੁੰਚ ਨਾ ਤਾਂ ਸਿਧਾਂਤਕ ਹੈ ਅਤੇ ਨਾ ਹੀ ਸੁਹਿਰਦ। ਅਪਣੇ ਪਿਛਲੇ ਲੇਖ ਵਿੱਚ ਅਸੀਂ ਠੋਸ ਮਿਸਾਲਾਂ ਦੇ ਕੇ ਇਹ ਸਪਸ਼ਟ ਕਰ ਦਿਤਾ ਸੀ ਕਿ ਜੋਗਿੰਦਰ ਸਿੰਘ ਜੀ ਦਾ ਇਹ ਦਾਅਵਾ ਨਿਰੋਲ ਝੂਠ ਆਧਾਰਿਤ ਹੈ ਕਿ ਸਪੋਕਸਮੈਨ ਨੇ ਸਿਰਫ ਸੱਚ ਪਛਾਨਣ ਦੀ ਆਮ ਜਿਹੀ ਗੱਲ ਕਹੀ ਸੀ, ਕਿਸੇ ਬਾਣੀ ਵਿਸ਼ੇਸ਼ ਦੀ ਪ੍ਰਮਾਨਿਕਤਾ ਉਪਰ ਕਿੰਤੂ ਨਹੀਂ ਕੀਤਾ ਸੀ। ਅਸੀਂ ਸਪੋਕਸਮੈਨ ਵਿਚਲੀਆਂ ਮਿਸਾਲਾਂ ਦੇ ਸਪਸ਼ਟ ਕਰ ਦਿਤਾ ਕਿ ਸਪੋਕਸਮੈਨ ਵਲੋਂ ਪਿਛਲੇ ਸਮੇਂ ਵਿੱਚ ਭੱਟਾਂ ਦੀ ਬਾਣੀ ਤੋਂ ਸ਼ੁਰੂ ਕਰਕੇ, ਭਗਤਾਂ ਦੀ ਬਾਣੀ `ਤੇ ਉਸ ਤੋਂ ਅੱਗੇ ਮਗਰਲੇ 9 ਨਾਨਕ ਸਰੂਪਾਂ ਦੀ ਬਾਣੀ `ਤੇ ਵੀ ਸਪਸ਼ਟ ਕਿੰਤੂ ਕੀਤਾ ਹੈ। ਇੱਕ ਥਾਂ ਤਾਂ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਲੋੜ ਤੋਂ ਹੀ ਮੁਨਕਰ ਹੁੰਦੇ ਹੋਏ ਵਿਦਵਾਨਾਂ ਨੂੰ ਕੌਮ ਨੂੰ ‘ਪੰਥ ਅਤੇ ਗ੍ਰੰਥ ਦੇ ਜਾਲ ਵਿਚੋਂ ਬਾਹਰ ਕੱਢਣ’ ਦੀ ਸਲਾਹ ਦੇਣ ਜਿਹੀ ਹਿਮਾਕਤ ਵੀ ਕਰ ਗਿਆ ਹੈ। `ਤੇ ਨਿਰਸੰਦੇਹ 16 ਮਾਰਚ ਦਾ ਸੰਪਾਦਕੀ ਵੀ ਉਸੇ ਲੜੀ ਦਾ ਹਿੱਸਾ ਸੀ।

ਆਉ ਵਿਚਾਰ ਕਰਦੇ ਹਾਂ ਸਪੋਕਸਮੈਨ ਵਲੋਂ ਮੰਗੀ ਅਖੌਤੀ ਮਾਫੀ ਦੀ। ਅਸੀਂ ਸਪਸ਼ਟ ਕਰ ਦੇਈਏ ਕਿ ਅਸੀਂ ਸੰਪਰਦਾਈ ਤਾਕਤਾਂ ਵਲੋਂ ਕੀਤੇ ਜਾ ਰਹੇ ਸਪੋਕਸਮੈਨ ਦੇ ਵਿਰੋਧ ਦਾ ਸਮਰਥਨ ਨਹੀਂ ਕਰਦੇ, ਕਿਉਂਕਿ ਉਹਨਾਂ ਦਾ ਵਿਰੋਧ ਸਵਾਰਥੀ, ਸਿਧਾਂਤਾਂ ਤੋਂ ਉਣਾ ਹੈ, ਉਹ ਆਪ ਤਾਂ ਥਾਂ-ਥਾਂ ਗੁਰਮਤਿ ਦੀ ਸ਼ਰੇਆਮ ਉਲੰਘਣਾ ਕਰ ਰਹੇ ਹਨ। ਸਪੋਕਸਮੈਨ ਨੂੰ ਉਹਨਾਂ ਧਿਰਾਂ ਨੂੰ ਜਵਾਬ ਦੇਣ ਦੀ ਜ਼ਿਆਦਾ ਫਿਕਰ ਨਹੀਂ ਕਰਨੀ ਚਾਹੀਦੀ (ਅੱਜ ਕਲ ਉਹ ਉਹੀ ਕਰ ਰਿਹਾ ਹੈ) ਪਰ ਸਪੋਕਸਮੰੇਨ ਇਸ ਸੰਬੰਧੀ ਜਾਗਰੂਕ ਧਿਰਾਂ ਨੂੰ ਪੂਰੀ ਤਰਾਂ ਨੂੰ ਪੂਰੀ ਤਰਾਂ ਜਵਾਬਦੇਹ ਹੈ। ਕਿਉਂਕਿ ਇਹੀ ਧਿਰਾਂ ਇਸ ਦੀ ਤਾਕਤ ਹਨ।

ਪਰ ਅਫਸੋਸ! ਜੋਗਿੰਦਰ ਸਿੰਘ ਜੀ ਦੀ ਇਸ ਮੁੱਦੇ ਦੇ ਸਪਸ਼ਟੀਕਰਨ ਬਾਰੇ ਪਹੁੰਚ ਵਿੱਚ ਸੁਹਿਰਦਤਾ ਅਤੇ ਇਮਾਨਦਾਰੀ ਦੀ ਸਪਸ਼ਟ ਘਾਟ ਹੈ। ਉਹਨਾਂ ਨੇ ਸਪੋਕਸਮੈਨ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਨਿਕਤਾ ਬਾਰੇ, ਬਿਨਾ ਠੋਸ ਆਧਾਰਾਂ ਦੇ, ਇਤਨੇ ਗੰਭੀਰ ਅਤੇ ਮਾਰੂ ਕਿੰਤੂ ਕਰਨ ਤੋਂ ਬਾਅਦ, ਗਲਤੀ ਨੂੰ ਕਦੀ ਨਹੀਂ ਮੰਨਿਆ। ਬਲਕਿ ਉਹ ਵਾਰ ਵਾਰ ਇਹੀ ਦਾਅਵਾ ਕਰ ਰਹੇ ਹਨ ਕਿ ਮੈਂ ਤਾਂ ਕੁੱਝ ਗਲਤ ਨਹੀਂ ਲਿਖਿਆ, ਪਰ ਮੇਰੇ ਸੰਪਾਦਕੀ ਨੂੰ ਠੀਕ ਤਰਾਂ ਸਮਝਿਆ ਹੀ ਨਹੀਂ ਗਿਆ। ਉਹਨਾਂ ਨੇ ਵਿਦਵਾਨਾਂ ਦੀ ਬੇਨਤੀ `ਤੇ (ਸਿਰਫ ਅਹਿਸਾਨ ਵਜੋਂ) ਸੰਪਾਦਕੀ ਵਾਪਿਸ ਲੈਣ ਅਤੇ ਲੋਕਾਂ ਦੇ ਮਨਾਂ ਨੂੰ ਪਹੁੰਚੀ ਠੇਸ ਕਾਰਨ ਮਾਫੀ ਮੰਗਣ ਦੀ ਗੱਲ ਕੀਤੀ ਹੈ। ਉਹਨਾਂ ਨੇ ਪਿਛਲੇ ਸਮੇਂ ਵਿੱਚ ਸਪੋਕਸਮੈਨ ਵਲੋਂ ਗੁਰੂ ਗ੍ਰੰਥ ਸਾਹਿਬ ਜੀ `ਤੇ ਕੀਤੇ ਜਾਂਦੇ ਰਹੇ ਕਿੰਤੂਆਂ ਦਾ ਕੋਈ ਜ਼ਿਕਰ ਜਾਂ ਸਪਸ਼ਟੀਕਰਨ ਨਹੀਂ ਦਿਤਾ। ਐਸੇ ਕੁੱਝ ਕਿੰਤੂ ਹਨ

(1) 12 ਮਈ 07 ਦੇ ਰੋਜ਼ਾਨਾ ਸਪੋਕਸਮੈਨ ਵਿੱਚ ‘ਅੱਜ ਦਾ ਦਿਨ ਇਤਿਹਾਸ ਵਿਚ’ ਸਿਰਲੇਖ ਹੇਠ ਸ. ਹਰਭਜਨ ਸਿੰਘ ਜੀ ‘ਜਨਚੇਤਨਾ’ ਵਲੋਂ ਮਗਰਲੇ ਨੌ ਨਾਨਕ ਸਰੂਪਾਂ ਦੀ ਪ੍ਰਮਾਣਿਕਤਾ `ਤੇ ਕਿੰਤੂ ਕਰਦੇ ਹੋਏ ਲਿਖਿਆ ਮਿਲਦਾ ਹੈ, “ਸਤਿਗੁਰ ਨਾਨਕ ਤਾਂ ਬਾਣੀ ਨੂੰ ਹੀ ਗੁਰੂ ਮੰਨਦੇ ਹਨ। ਉਨ੍ਹਾਂ ਸ੍ਰੀਰ ਵਾਲੇ ਨੂੰ ਗੁਰੂ ਮੰਨਿਆਂ ਹੀ ਨਹੀਂ, ਸਗੋਂ ਕਈ ਥਾਂ ਨਿੰਦਿਆ ਵੀ। ਫਿਰ ਸਤਿਗੁਰ ਨਾਨਕ ਤੋਂ ਪਿਛੋਂ ਗੁਰੂ ਸਾਹਿਬਾਨ ਨੂੰ ਮਾਨਤਾ ਕਿਵੇਂ ਮਿਲੀ?”

(2) 30 ਜੂਨ 07 ਦੇ ਸਪੋਕਸਮੈਨ ਵਿੱਚ ਪੰਨਾ 6 `ਤੇ ਇਸੇ ਸਿਰਲੇਖ ਹੇਠ ਇਹੀ ਲੇਖਕ ਭਗਤ ਕਬੀਰ ਜੀ ਦੀ ਬਾਣੀ ਨੂੰ ‘ਗੁਰੂ ਗ੍ਰੰਥ ਸਾਹਿਬ ਜੀ’ ਵਿੱਚ ਸ਼ਾਮਲ ਕਰਨ `ਤੇ ਕਿੰਤੂ ਕਰਦਾ ਹੋਇਆ ਲਿਖਦਾ ਹੈ, “ਪਰ ਸਾਡੇ ਲਈ ਇਹ ਜਾਣਨਾ ਵਧੇਰੇ ਮਹੱਤਵਪੂਰਨ ਹੈ ਕਿ ਕਬੀਰ ਜੀ ਦੀ ਬਾਣੀ ਪੋਥੀ ਸਾਹਿਬ ਵਿੱਚ ਕਿਉਂ ਸ਼ਾਮਿਲ ਕੀਤੀ ਗਈ। ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਮਤਿ ਦਾ ਵਿਚਾਰਧਾਰਕ ਗ੍ਰੰਥ ਹੋਣ ਉਤੇ ਹੀ ਪ੍ਰਸ਼ਨ ਚਿੰਨ੍ਹ ਦਾ ਸੂਚਕ ਹੈ”।

(3) 9 ਅਗਸਤ 07 ਦੇ ‘ਸਪੋਕਸਮੈਨ’ ਵਿੱਚ ਇੱਕ ਵਾਰ ਫਿਰ ਪੰਨਾ 6 `ਤੇ ਇਸੇ ਸਿਰਲੇਖ ਹੇਠ ਇਹੀ ਲੇਖਕ ਭਗਤਾਂ ਅਤੇ ਭੱਟਾਂ ਦੀ ਬਾਣੀ `ਤੇ ਕਿੰਤੂ ਕਰਦਾ ਹੋਇਆ ਦੂਜੇ ਕਾਲਮ ਵਿੱਚ ਹੇਠਾਂ ਜਾ ਕੇ ਲਿਖਦਾ ਹੈ, “ਇਸ ਗ੍ਰੰਥ ਵਿੱਚ ਭਗਤਾਂ ਦੀ ਬਾਣੀ ਦੀ ਕੀ ਥਾਂ ਹੋ ਸਕਦੀ ਹੈ? ਕੀ ਭਗਤ ਬਾਣੀ ਨੂੰ ਗੁਰਬਾਣੀ ਮੰਨਿਆ ਜਾ ਸਕਦਾ ਹੈ? ਭੱਟਾਂ ਦੀ ਬਾਣੀ ਦਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਿਲ ਕੀਤਾ ਜਾਣਾ ਹੋਰ ਵੀ ਬੇਦਲੀਲਾ ਸਾਬਿਤ ਹੁੰਦਾ ਹੈ”।

(4) 24 ਫਰਵਰੀ 2007 ਨੂੰ ‘ਸਪੋਕਸਮੈਨ’ ਵਿੱਚ ਇਹੀ ਲੇਖਕ ਇਸੇ ਸਿਰਲੇਖ ਹੇਠ ਭੱਟਾਂ ਦੀ ਬਾਣੀ, ਭਗਤਾਂ ਦੀ ਬਾਣੀ ਨੂੰ ਰੱਦ ਕਰਨ ਦੀ ਹੱਦ ਤੋਂ ਵੀ ਅੱਗੇ ਜਾਂਦੇ ਹੋਏ ਸਲਾਹ ਦਿੰਦਾ ਹੈ ਕਿ ‘ਗੁਰੂ ਗ੍ਰੰਥ ਸਾਹਿਬ ਜੀ’ ਵਿੱਚ ਸਿਰਫ ਬਾਬਾ ਨਾਨਕ ਜੀ ਦੀ ਬਾਣੀ ਹੋਣੀ ਚਾਹੀਦੀ ਹੈ? ਆਉ, ਉਨ੍ਹਾਂ ਦੇ ਲਫਜ਼ਾਂ ਵਿੱਚ ਹੀ ਵੇਖੀਏ ਕਿ ਕੀ ਲਿਖਿਆ ਹੈ। ਉਹ ਲਿਖਦੇ ਹਨ, “ਜੇ ਗੁਰੂ ਗ੍ਰੰਥ ਸਾਹਿਬ ਜੀ ਗੁਰਮਤਿ ਦੀ ਵਿਆਖਿਆ ਕਰਨ ਵਾਲਾ ਗ੍ਰੰਥ ਹੈ ਤਾਂ ਇਸ ਵਿੱਚ ਗੁਰੂ ਨਾਨਕ ਸਾਹਿਬ ਜਾਂ (ਵੱਧ ਤੋਂ ਵੱਧ) ਉਨ੍ਹਾਂ ਦਾ ਪ੍ਰੰਪਰਾ ਨੂੰ ਅੱਗੇ ਤੋਰਨ ਵਾਲੇ ਗੁਰੂਆਂ ਦੀ ਬਾਣੀ ਹੀ ਦਰਜ ਹੋਣੀ ਚਾਹੀਦੀ ਹੈ ਅਤੇ ਗੁਰੂ ਅਰਜਨ ਪਾਤਸ਼ਾਹ ਜੀ ਵਰਗੇ ਵਿਦਵਾਨ ਗੁਰੂ ਨੇ ਆਜਿਹਾ ਹੀ ਕੀਤਾ ਹੋਵੇਗਾ”।

(5) 12 ਮਈ 2007 ਦੇ ‘ਸਪੋਕਸਮੈਨ’ ਵਿੱਚ ਇਸੇ ਸਿਰਲੇਖ ਹੇਠ ਇਹ ਲੇਖਕ ਸਿੱਧੇ/ਅਸਿੱਧੇ ਤਰੀਕੇ ‘ਗੁਰੂ ਗ੍ਰੰਥ ਸਾਹਿਬ ਜੀ’ ਲੋੜ ਤੋਂ ਵੀ ਮੁਨਕਰ ਹੈ। ਉਹ ਲਿਖਦਾ ਹੈ, “ਇਸ ਕਾਰਨ ਸਭ ਥਾਂ ਮਿਲਾਵਟ ਹੋਈ ਹੈ। ਗੁਰਮਤਿ ਵਾਲੀ ਮੌਲਿਕਤਾ ਤਾਂ ਕਿਧਰੇ ਵੀ ਦਿਖਾਈ ਹੀ ਨਹੀਂ ਦਿੰਦੀ। ਇਕੋ ਇੱਕ ਰਸਤਾ ਇਹੀ ਹੈ ਕਿ ਵਿਦਵਾਨ ਆਪਣੇ ਕੌਸ਼ਲ ਨੂੰ ਵਰਤ ਕੇ ਸਿੱਖਾਂ ਨੂੰ ਗ੍ਰੰਥ ਅਤੇ ਪੰਥ ਦੇ ਜਾਲ ਵਿਚੋਂ ਕੱਢ ਕੇ ਸਤਿਗੁਰੂ ਨਾਨਕ ਦੇ ਖਾਲਸ ਗੁਰਮਤਿ ਸਿਧਾਂਤ ਅਤੇ ਜੀਵਨ ਸ਼ੈਲੀ ਨੂੰ ਸਾਹਮਣੇ ਲਿਆਉਣ”

ਉਹਨਾਂ ਨੇ ਇਹ ਵੀ ਕਿਧਰੇ ਵਾਅਦਾ ਨਹੀਂ ਕੀਤਾ ਕਿ ਉਹ ਭਵਿੱਖ ਵਿੱਚ (ਰਾਗਮਾਲਾ ਤੋਂ ਬਗੈਰ) ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਪ੍ਰਮਾਨਿਕਤਾ ਸੰਬੰਧੀ ਜਨਤਕ ਤੌਰ ਟਿੱਪਣੀਆਂ ਨਹੀਂ ਕਰਨਗੇ। ਉਹਨਾਂ ਵਲੋਂ (ਅਹਿਸਾਨ ਜਤਾ ਕੇ) ਸੰਪਾਦਕੀ ਵਾਪਿਸ ਲੈਣ ਅਤੇ ਮਨਾਂ ਨੂੰ ਠੇਸ ਪਹੁੰਚਨ ਦਾ ਗਲਤ ਆਧਾਰ ਮੰਨ ਕੇ ਮਾਫੀ ਮੰਗ ਲੈਣ ਦੀ ਗੱਲ ਹੀ ਕੀਤੀ ਜਾ ਰਹੀ ਹੈ।

ਪਰ ਉਹਨਾਂ ਦੇ ਇਸ ਲੰਗੜੇ ਅਤੇ ਗੈਰ-ਸੁਹਿਰਦ ਸਪਸ਼ਟੀਕਰਨ ਨੂੰ ਉਪਰ ਦੱਸੀਆਂ ਜਾਗਰੂਕ ਮੰਨੀਆਂ ਜਾਂਦੀਆਂ ਧਿਰਾਂ ‘ਬਹੁਤ ਵੱਡੀ ਉਪਲਬਦੀ ਮੰਨ ਕੇ’, ਸਪੋਕਸਮੈਨ ਦਾ ਬੇਲੋੜਾ, ਅੰਨ੍ਹਾ ਅਤੇ ਗੈਰ-ਸਿਧਾਂਤਕ ਸਮਰਥਨ ਬਹੁਤ ਹੀ ਅਫਸੋਸਜਨਕ ਅਤੇ ਮੰਦਭਾਗਾ ਹੈ। ਇਸ ਕਾਰਨ ਉਸ ਸਾਰੀਆਂ ਸ਼ਖਸੀਅਤਾਂ ਕਟਿਹਰੇ ਵਿੱਚ ਖੜੀਆਂ ਹਨ। ਮੌਜੂਦਾ ਸਮੇਂ ਵਿੱਚ ਐਸੀ ਪਹੁੰਚ ਨਾਲ ਬੇਸ਼ਕ ਇਹਨਾਂ ਸ਼ਖਸੀਅਤਾਂ ਦੇ ਕੁੱਝ ਨਿੱਕੇ ਨਿੱਕੇ ਸਵਾਰਥ ਪੂਰੇ ਹੋ ਜਾਣਗੇ ਪਰ ਇਸ ਕਾਰਨ ਜਾਗ੍ਰਿਤੀ ਲਹਿਰ ਦਾ ਜੋ ਨੁਕਸਾਨ ਉਹ ਕਰ ਰਹੇ ਹਨ ਉਸ ਲਈ ਇਤਿਹਾਸ ਉਹਨਾਂ ਨੂੰ ਸ਼ਾਇਦ ਮਾਫ ਨਾ ਕਰੇ।

ਇਹਨਾ ਸ਼ਖਸੀਅਤਾਂ ਵਿੱਚ ਇੱਕ ਹੋਰ ਨਾਂ ਪ੍ਰੋ. ਦਰਸ਼ਨ ਸਿੰਘ ਜੀ ਦਾ ਜੁੜ ਗਿਆ ਹੈ। ਅਪਣੇ ਵਲੋਂ ਜਾਰੀ ਕੀਤੇ ਇੱਕ ਤਾਜ਼ਾ ‘ਪ੍ਰੈਸ ਨੋਟ’ ਵਿੱਚ ਉਹਨਾਂ ਨੇ ਕਿਹਾ ਕਿ “ਸਪੋਕਸਮੈਨ (ਜੋਗੰਦਰ ਸਿੰਘ ਜੀ) ਨੇ ਪਛਤਾਵਾ ਕਰ ਲਿਆ ਹੈ, ਇਸ ਲਈ ਇਸ ਦਾ ਵਿਰੋਧ ਬੰਦ ਹੋਣਾ ਚਾਹੀਦਾ ਹੈ”। ਕੀ ਜੋਗਿੰਦਰ ਸਿੰਘ ਜੀ ਦੇ ਇਸ ਲੰਗੜੇ ਅਤੇ ਅ-ਸੁਹਿਰਦ (ਮਾਫੀ ਨਾਮੇ) ਨੂੰ ਕਿਸੇ ਵੀ ਪੱਖੋਂ ਪਸ਼ਚਾਤਾਪ ਕਿਹਾ ਜਾ ਸਕਦਾ ਹੈ? ਸ਼ਾਇਦ ਪਿਛਲੇ ਸਮੇਂ ਵਿੱਚ ਸਪੋਕਸਮੈਨ ਵਲੋਂ ਦਰਸ਼ਨ ਸਿੰਘ ਜੀ ਵਿਰੁਧ ਹੰਕਾਰ, ਈਰਥਾ ਅਤੇ ਗਲਤ ਲਾਲਸਾਵਾਂ ਅਧੀਨ ਸ਼ੁਰੂ ਕੀਤੀ ਇੱਕ ਪਾਸੜ ਲੜਾਈ ਨੇ ਉਹਨਾਂ ਦੇ ਮਨ ਦੇ ਕਿਸੇ ਕੋਨੇ ਵਿੱਚ ਇਹ ਗਲਤ ਗੱਲ ਬਿਠਾ ਦਿਤੀ ਲਗਦੀ ਹੈ ਕਿ ਸਪੋਕਸਮੈਨ ਦੇ ਨਾਲ ਚਲਣ ਵਿੱਚ ਹੀ ਭਲਾ ਹੈ। ਇਸ ਲਈ ਉਹਨਾਂ ਨੂੰ ਇਹ ਮੌਕਾ ਬਹੁਤ ਦਰੁੱਸਤ ਲਗਿਆ ਅਤੇ ਉਹਨਾਂ ਨੇ, ਤੱਥਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ, ਉਸਦੇ ਗਲਤ ਸਮਰਥਨ ਵਿੱਚ ਬਿਆਨ ਦੇ ਦਿਤਾ।

ਤੱਤ ਗੁਰਮਤਿ ਪਰਿਵਾਰ ਸਾਰੀਆਂ ਨਿਰਪੱਖ ਜਾਗਰੂਕ ਧਿਰਾਂ ਵਲੋਂ ਟੋਨੀ ਜੀ, ਜਾਚਕ ਜੀ, ਦਿਲਗੀਰ ਜੀ, ਦਰਸ਼ਨ ਸਿੰਘ ਜੀ, ਉਪਕਾਰ ਸਿੰਘ ਜੀ, ਘੱਗਾ ਜੀ, ਗੁਰਦਰਸ਼ਨ ਸਿੰਘ ਜੀ ਸਮੇਤ ਸਪੋਕਸਮੈਨ ਦੀ ਅੰਨ੍ਹੀ ਹਿਮਾਇਤ ਕਰ ਰਹੀਆਂ ਸਾਰੀਆਂ ਸ਼ਖਸੀਅਤਾਂ ਨੂੰ ਸਵਾਲ ਕਰਦਾ ਹੈ ਕਿ ਕੀ ਜੋਗਿੰਦਰ ਸਿੰਘ ਜੀ (ਸਪੋਕਸਮੈਨ) ਜੀ ਦਾ ਅਖੌਤੀ ਮਾਫੀਨਾਮਾ ਇਮਾਨਦਾਰਾਨਾ, ਸੁਹਿਰਦ ਅਤੇ ਠੀਕ ਹੈ? ਜੇ ਹਾਂ ਤਾਂ ਕਿਵੇਂ? ਕੀ ਨਿਜੀ ਸਵਾਰਥਾਂ (ਬਿਆਨ ਲਗਵਾਉਣ ਅਤੇ ਨਿਸ਼ਾਨਾ ਨਾ ਬਨਣ) ਕਾਰਨ ਸਪੋਕਸਮੈਨ ਦਾ ਇਹ ਗਲਤ ਸਮਰਥਨ ਤੁਹਾਡੀ ਜਾਗਰੂਕਤਾ ਅਤੇ ਸੁਹਿਰਦਤਾ `ਤੇ ਪ੍ਰਸ਼ਨ-ਚਿੰਨ੍ਹ ਨਹੀਂ ਲਾਉਂਦਾ? ਇਸ ਵਿਸ਼ੇ ਵਿੱਚ ਤੁਹਾਡੇ ਬਿਆਨ ਗਲਤ ਅਤੇ ਕੱਚੀਆਂ ਦਲੀਲਾਂ `ਤੇ ਆਧਾਰਿਤ ਹਨ। ਆਉ ਕੁੱਝ ਕੁ ਦਾ ਵਿਚਾਰ ਕਰ ਲਈਏ ਤਾਂ ਕਿ ਸਪਸ਼ਟ ਹੋ ਸਕੀਏ।

1. ਉਪਕਾਰ ਸਿੰਘ ਜੀ ਸਮੇਤ ਅਨੇਕਾਂ ਵਿਦਵਾਨ ਕਹਿ ਰਹੇ ਹਨ ਕਿ ਸ਼੍ਰੋਮਣੀ ਕਮੇਟੀ ਦੇ ਸੰਪਰਦਾਈ (ਟਕਸਾਲ) ਆਦਿ ਜਦੋਂ ਦਸਮ ਗ੍ਰੰਥ ਦੇ ਪ੍ਰਕਾਸ਼ ਅਤੇ ਹੋਰ ਗੁਰਮਤਿ ਵਿਰੋਧੀ ਗੱਲਾਂ ਦਾ ਵਿਰੋਧ ਨਹੀਂ ਕਰਦੇ ਤਾਂ ਸਪੋਕਸਮੈਨ ਦਾ ਵਿਰੋਧ ਕਿਉਂ ਕਰ ਰਹੇ ਹਨ?

ਵਿਚਾਰ: ਇਹ ਦਲੀਲ ਕੁੱਝ ਇਸ ਤਰਾਂ ਦੀ ਹੈ ਜਿਵੇਂ ਕੋਈ ਕਹਿ ਰਿਹਾ ਹੋਵੇ ਸੰਸਾਰ ਵਿੱਚ ਅਨੇਕਾਂ ਚੋਰ ਹਨ ਜੇ ਤੂਸੀ ਉਹਨਾਂ ਦੀ ਚੋਰੀ ਦਾ ਵਿਰੋਧ ਨਹੀਂ ਕਰਦੇ ਤਾਂ ਸਾਡੀ ਚੋਰੀ `ਤੇ ਇਤਨਾ ਸ਼ੋਰ ਕਿਉਂ? ਕੀ ਕਿਸੇ ਹੋਰ ਦੀਆਂ ਗਲਤੀਆਂ ਨੂੰ ਬਿਆਨ ਕਰਕੇ ਅਪਣੀ ‘ਗਲਤੀ’ ਨੂੰ ਜਾਇਜ਼ ਦਸਣਾ ਗੁਰਮਤਿ ਅਨੁਸਾਰੀ ਹੈ?

2. ਪਿਛਲੇ ਦਿਨੀ ਛਪੇ ਇੱਕ ਬਿਆਨ ਵਿੱਚ ਜਾਚਕ ਜੀ, ਘੱਗਾ ਜੀ, ਉਪਕਾਰ ਸਿੰਘ ਜੀ ਸਮੇਤ ਅਨੇਕਾਂ ਜਾਗਰੂਕ ਮੰਨੀਆਂ ਜਾਂਦੀਆਂ ਸ਼ਖਸੀਅਤਾਂ ਨੇ ‘ਅਕਾਲ ਤਖਤ’ ਦੇ ਜਥੇਦਾਰ ਨੂੰ ‘ਜੋਦੜੀ’ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਨਿਕਤਾ `ਤੇ ਕਿਸੇ ਵਲੋਂ ਵੀ ਕਿੰਤੂ ਨਾ ਕਰਨ ਦੀ ਤਾੜਣਾ ਕਰਦਾ ਹੋਇਆ ਆਦੇਸ਼ (ਹੁਕਮਨਾਮਾ) ਜਾਰੀ ਕੀਤਾ ਜਾਵੇ’।

ਵਿਚਾਰ: ਤੱਤ ਗੁਰਮਤਿ ਦੇ ਇਤਨੇ ਜਾਨਕਾਰ ਗੁਰਸਿੱਖ ਵਿਦਵਾਨਾਂ ਦਾ ਇਹ ਬਿਆਨ ਬਹੁੱਤ ਕੱਚਾ ਅਤੇ ਹਾਸੋਹੀਣਾ ਹੈ। ਪਿਛਲੇ ਸਮੇਂ ਵਿੱਚ ਇਹੀ ਵੀਰ ‘ਜਥੇਦਾਰ’ ਨੂੰ ਪੁਜਾਰੀ ਪ੍ਰਚਾਰਦੇ ਹੋਏ ਉਸ ਨੂੰ ਮੁਰਦਾਬਾਦ ਕਹਿੰਦੇ ਹੋਏ ਉਸ ਦੇ ਪੁਤਲੇ ਸਾੜਨ ਤੱਕ ਵੀ ਚਲੇ ਗਏ? ਇਹਨਾਂ ਵਿਚੋਂ ਕੁੱਝ ਵਿਦਵਾਨਾਂ ਵਲੋਂ ਉਸ ਨੂੰ ਧਾਰਮਿਕ ਵੇਸਵਾ, ਰਾਜਨੀਤਕਾਂ ਦੇ ਜ਼ਰਖਰੀਦ ਗੁਲਾਮ ਤੱਕ ਵੀ ਕਿਹਾ ਗਿਆ। ਪਰ ਹੁਣ ਉਹੀ ਭ੍ਰਿਸ਼ਟ ਪੁਜਾਰੀ ‘ਜਥੇਦਾਰ’ ਹੋ ਗਿਆ ਅਤੇ ਉਸੇ ਨੂੰ ਹੁਕਮਨਾਮਾ ਜ਼ਾਰੀ ਕਰਨ ਦੀਆਂ ਜੋਦੜੀਆਂ ਵੀ ਹੋਣ ਲਗ ਪਈਆਂ। ਇਹ ਤਾਂ ਉਹ ਗੱਲ ਹੋ ਗਈ ਕਿ ‘ਗਏ ਸੀ ਫਿਰੰਗੀ ਦੇ ਮਾਰਨੇ ਨੂੰ, ਆਪ ਹੀ ਚਾਬੀਆਂ ਫੜਾ ਆਏ’। ਕੀ ਇਹ ਤੁਹਾਡੀ ਸੁਹਿਰਦਤਾ ਅਤੇ ਜਾਗਰੂਕਤਾ ਉਪਰ ਪ੍ਰਸ਼ਨ-ਚਿੰਨ੍ਹ ਨਹੀਂ? ਇਹੀ ਸਾਰੇ ਵਿਦਵਾਨ ਪਿਛਲੇ ਸਮੇਂ ਵਿੱਚ ਮੌਜੂਦਾ ਰਹਿਤ ਮਰਿਯਾਦਾ ਵਿਚਲੀਆਂ ਕਮੀਆਂ ਦੀ ਖੁੱਲੀ ਆਲੋਚਣਾ ਕਰਕੇ ਉਸ ਦੇ ਸੁਧਾਰ ਦੀ ਗੱਲ ਕਰਦੇ ਰਹੇ ਹਨ। ਪਰ ਹੁਣ ਇਹੀ ਉਸ ਰਹਿਤ ਮਰਿਯਾਦਾ ਨੂੰ ਅੰਤਿਮ ਮੰਨਣ ਦੀ ਗੱਲਾਂ ਕਰ ਰਹੇ ਹਨ। ਨਾਲ ਹੀ ਗੁਰੂ ਗ੍ਰੰਥ ਸਾਹਿਬ ਜੀ `ਤੇ ਕਿੰਤੂ ਨਾ ਕਰਨ ਦੀ ਗੱਲ ਕਰਦੇ ਹੋਏ, ‘ਰਾਗਮਾਲਾ’ ਦਾ ਜ਼ਿਕਰ ਤੱਕ ਨਾ ਕਰਨਾ, ਜਾਗ੍ਰਿਤੀ ਲਹਿਰ ਨੂੰ ਪੁੱਠਾ ਗੇੜ ਦੇਣ ਵਾਲੀ ਗੱਲ ਹੀ ਹੈ।

3. ਇਸੇ ਸਿਲਸਿਲੇ ਵਿੱਚ 26 ਮਾਰਚ `ਤੇ ਸਤਿਕਾਰਯੋਗ ਡਾ. ਹਰਜਿੰਦਰ ਸਿੰਘ ਜੀ ਦਿਲਗੀਰ ਜੀ ਵਲੋਂ ਲਿਖਿਆ ਮਹਿਮਾਨ ਸੰਪਾਦਕੀ (ਗੈਸਟ ਆਡੀਟੋਰੀਅਲ) ਵੀ ਵਿਚਾਰਣਯੋਗ ਹੈ। ਅਪਣੇ ਇਸ ਸੰਪਾਦਕੀ ਵਿੱਚ ਦਿਲਗੀਰ ਜੀ ਨੇ ਬਹੁਤ ਹੀ ਕਮਜ਼ੋਰ, ਕੱਚੀਆਂ, ਗੁਰਮਤਿ ਵਿਰੋਧੀ ਅਤੇ ਤੱਥਾਂ ਤੋਂ ਉਲਟ ਦਲੀਲ਼ਾਂ ਦੇ ਆਧਾਰ `ਤੇ ਜੋਗਿੰਦਰ ਸਿੰਘ ਜੀ ਦੀ ਗੁਰਮਤਿ ਵਿਰੋਧੀ ਮਾਰੂ ਪਹੁੰਚ ਦਾ ਗਲਤ ਸਮਰਥਨ ਕੀਤਾ ਗਿਆ। ਇਸ ਸੰਪਾਦਕੀ ਵਿੱਚ ਉਹਨਾਂ ਨੇ ਜਿਥੇ ਦਰਸ਼ਨ ਸਿੰਘ ਜੀ ਪ੍ਰਤੀ ਸਪੋਕਸਮੈਨ ਵਲੋਂ ਹੰਕਾਰ ਅਤੇ ਸਾੜੇ ਕਾਰਨ ਸ਼ੁਰੂ ਕੀਤੀ ਇਕਪਾਸੜ ਲੜਾਈ ਦੀ ਤੱਥਾਂ ਤੋਂ ਉਲਟ ਜਾਂਦੇ ਹੋਏ ਹਿਮਾਇਤ ਕੀਤੀ। ਦੂਜੀ ਤਰਫ ਖੁਲੇਆਮ, ਜਨਤਕ ਤੌਰ `ਤੇ, ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਨਿਕਤਾ `ਤੇ ਜੋਗਿੰਦਰ ਸਿੰਘ ਜੋ ਵਲੋਂ ਖਤਰਨਾਕ ਪ੍ਰਸ਼ਨ-ਚਿੰਨ੍ਹ ਲਾਉਣ ਨੂੰ ਮਹਿਜ਼ ਵਿਚਾਰਕ ਮਤਭੇਦ ਕਹਿ ਕੇ ਉਸ ਦਾ ਪੱਖ ਪੂਰਿਆ। ਪੜਕੇ ਬੜੀ ਹੈਰਾਨੀ ਹੋਈ ਕਿ ਕੀ ਇਹ ਉਹੀ ਦਿਲਗੀਰ ਜੀ ਹਨ ਜੋ ਸਪੋਕਸਮੈਨ ਵਲੋਂ ਸਮੇਂ ਸਮੇਂ `ਤੇ ਗੁਰੂ ਗ੍ਰੰਥ ਸਾਹਿਬ ਜੀ ਵਿਚਲੀਆਂ ਬਾਣੀਆਂ `ਤੇ ਕੀਤੇ ਜਾਂਦੇ ਕਿੰਤੂ ਬਾਰੇ, ਬੰਦ ਕਮਰਾ ਮੀਟਿੰਗਾਂ ਵਿਚ, ਪ੍ਰਤੀਕਰਮ ਦਿੰਦੇ ਹੋਏ ਕਹਿੰਦੇ ਸਨ ਕਿ ਕਦੀ ਅਸੀਂ (ਜਾਗਰੂਕ ਧਿਰਾਂ) ਵੀ ਭਵਿੱਖ ਵਿੱਚ ਇਹ ਸੋਚ ਕੇ ਪ੍ਰੇਸ਼ਾਨ ਹੋ ਜਾਵਾਂਗੇ ਕਿ ਅਸੀਂ ਇਹ ਕੀ ਹਉਆ (ਦੈਂਤ) ਖੜਾ ਕਰ ਲਿਆ? ਹੁਣ ਜਦੋਂ ‘ਦੈਂਤ’ ਖੁੱਲ ਕੇ ਸਾਹਮਣੇ ਆ ਗਿਆ ਤਾਂ ਕਿਸ ਕਾਰਨ ਉਹ ਉਸ ਦੀ ਗਲਤ ਹਿਮਾਇਤ ਵਿੱਚ ਆ ਗਏ? ਜਦੋਂ ਅਜੀਤ ਨੇ ਆਪਣੇ ਇੱਕ ਸੰਪਾਦਕੀ ਵਿੱਚ ਇਸ ਗੈਸਟ ਸੰਪਾਦਕੀ ਦੀ ਆਲੋਚਣਾ ਕੀਤੀ ਤਾਂ ਜੋਗਿੰਦਰ ਸਿੰਘ ਜੀ ਇਸ ਨੂੰ ਕਿਸੇ ਲੇਖਕ ਦੇ ਨਿੱਜੀ ਵਿਚਾਰ ਕਹਿ ਕੇ ਇਸ ਤੋਂ ਕਿਨਾਰਾ ਕਰ ਗਏ। ਉਹ ਸ਼ਾਇਦ ਇਹ ਭੁੱਲ ਰਹੇ ਹਨ ਕਿ ਸੰਪਾਦਕੀ (ਅਪਣਾ ਜਾਂ ਗੈਸਟ) ਦਾ ਭਾਵ ਹੀ ਅਖਬਾਰ ਦੀ ਨੀਤੀ (ਵਿਚਾਰ) ਹੁੰਦੀ ਹੈ। ਦਿਲਗੀਰ ਜੀ ਵੀ ਇਹ ਜਾਣਦੇ ਸਨ ਕਿ ਜਾਗਰੂਕ ਅਤੇ ਨਿਰਪੱਖ ਸਿੱਖਾਂ ਨੇ ਉਹਨਾਂ ਦੀ ਇਸ ਸੰਪਾਦਕੀ ਨੂੰ ਚਾਪਲੂਸੀ ਤੋਂ ਵੱਧ ਕੁੱਝ ਨਹੀਂ ਸਮਝਣਾ। ਤਾਂ ਹੀ ਉਹਨਾਂ ਨੇ ਅੰਤਿਮ ਪੰਕਤੀ ਵਿੱਚ ਪਹਿਲਾਂ ਹੀ ਲੰਗੜਾ ਸਪਸ਼ਟੀਕਰਨ ਦੇਣ ਦਾ ਨਾਕਾਮ ਜਤਨ ਕਰਦੇ ਹੋਏ ਲਿਖਿਆ, “ਪਰ ਮੈਂ ਇਹ ਗੱਲਾਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਮੈਂ ਇਹ ਗੱਲਾਂ ਐਡੀਟਰ ਦੀ ਚਾਪਲੂਸੀ ਲਈ ਨਹੀਂ ਲਿਖੀਆਂ”। ਸ਼ਾਇਦ ਦਿਲਗੀਰ ਜੀ ਭੁੱਲ ਗਏ ਕੇ ਲ਼ਿਖਤ ਦੀ ਭਾਵਨਾ ਦਾ ਫੈਸਲਾ ਉਸ ਵਿਚਲੇ ਤੱਥ ਕਰਦੇ ਹਨ ਨਾ ਕਿ ਲੇਖਕ ਦੇ ਦਾਅਵੇ।

4. ਇਸ ਲੜੀ ਵਿੱਚ 3 ਅਪ੍ਰੈਲ 10 ਦੇ ਸਪੋਕਸਮੈਨ ਵਿੱਚ ਮੁੱਖ ਪੰਨੇ `ਤੇ ਡਾ. ਗੁਰਦਰਸ਼ਨ ਸਿੰਘ ਜੀ ‘ਢਿਲੋਂ’ ਦਾ ਬਿਆਨ ਵੀ ਆਉਂਦਾ ਹੈ। ਇਸ ਬਿਆਨ ਵਿੱਚ ਵਿਦਵਾਨ ਗੁਰਦਰਸ਼ਨ ਸਿੰਘ ਜੀ ਨੇ ਪਤਾ ਨਹੀਂ ਕਿਸ ਮਜ਼ਬ੍ਰੂਰੀ ਹੇਠ, ਤੱਥਾਂ ਨੂੰ ਪੂਰੀ ਤਰਾਂ ਜਾਨਬੁਝ ਕੇ ਅਨਗੌਲਿਆਂ ਕਰਦੇ ਹੋਏ, ਜੋਗਿੰਦਰ ਸਿੰਘ ਜੀ ਨੂੰ ਕਲੀਨਚਿਟ ਦੇਣ ਦੀ ਅਸੁਹਿਰਦ ਕਾਰਵਾਈ ਕੀਤੀ। ਅਸੀਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਨਾਨਕ ਪਾਤਸ਼ਾਹ ਜੀ (ਮਹਲਾ 1) ਤੋਂ ਇਲਾਵਾ ਹੋਰ ਸਾਰੀ ਬਾਣੀ ਨੂੰ ਰੱਦ ਕਰਨ ਵਾਲਾ ਅਤੇ ਕੌਮ ਨੂੰ ‘ਪੰਥ ਅਤੇ ਗ੍ਰੰਥ ਦੇ ਜਾਲ’ ਤੋਂ ਬਾਹਰ ਕੱਡਣ ਦੀ ਸਲਾਹ ਦੇਣ ਵਾਲੇ ਸਪੋਕਸਮੈਨ ਨੂੰ ਉਹ ਕਿਸ ਮਜ਼ਬੂਰੀ ਹੇਠ ‘ਪੰਥ ਦਾ ਸਭ ਤੋਂ ਵੱਡਾ ਬੁਲਾਰਾ’ ਕਹਿ ਰਹੇ ਹਨ?

ਇਹ ਤਾਂ ਸਿਰਫ ਕੁੱਝ ਕੁ ਮਿਸਾਲਾਂ ਹੀ ਵਿਚਾਰੀਆਂ ਹਨ। ਸਪੋਕਸਮੈਨ ਦੇ ਹੱਕ ਵਿੱਚ ਆ ਰਹੇ ਲਗਭਗ ਸਾਰੇ ਬਿਆਨ ਐਸੀਆਂ ਹੀ ਕੱਚੀਆਂ, ਸਵਾਰਥੀ ਅਤੇ ਚਾਪਲੂਸੀ ਵਾਲੀ ਦਲੀਲਾਂ `ਤੇ ਆਧਾਰਿਤ ਹਨ।

ਸ਼ੁਰੂ ਤੋਂ ਹੀ ਨਿਰਪੱਖ ਜਾਗਰੂਕ ਧਿਰਾਂ ਵਲੋਂ ਸਪੋਕਸਮੈਨ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ `ਤੇ ਜਨਤਕ ਤੌਰ `ਤੇ ਕਿੰਤੂ ਨਾ ਕਰਨ ਦੀ ਸਲਾਹ ਦਿਤੀ ਜਾਂਦੀ ਰਹੀ ਹੈ। ਪਰ ਉਹਨਾਂ ਨੇ ਸ਼ਾਇਦ ਹੀ ਕਦੀ ਚੰਗੀਆਂ ਸਲਾਹਾਂ `ਤੇ ਕੰਨ ਧਰਿਆ ਹੋਵੇ? ਨਤੀਜਾ ਸਾਡੇ ਸਾਹਮਣੇ ਹੈ।

ਸਪੋਕਸਮੈਨ ਦੇ ਇਸ ਕਦਮ ਨੇ ਜਾਗਰੂਕਤਾ ਲਹਿਰ ਨੂੰ ਉਹ ਭਾਰੀ ਨੁਕਸਾਨ ਪਹੁੰਚਾ ਦਿਤਾ ਹੈ ਜਿਤਨਾ ਸਾਰਾ ਪੁਜਾਰੀ ਲਾਣਾ ਮਿਲ ਕੇ ਵੀ ਨਹੀਂ ਪਹੁੰਚਾ ਸਕਦਾ ਸੀ। ਇਸ ਨੇ ਜਾਗ੍ਰਿਤੀ ਲਹਿਰ ਨੂੰ ਖਿਲਾਰ ਕੇ ਰੱਖ ਦਿਤਾ ਹੈ। ਦੂਜਾ ਇਸ ਨੇ ਜਾਗਰੂਕ ਧਿਰਾਂ ਦੀ ਵਿਸ਼ਵਸਨੀਅਤਾ `ਤੇ ਹੀ ਪ੍ਰਸ਼ਨ ਚਿੰਨ੍ਹ ਲਾ ਦਿੱਤਾ ਹੈ। ਇਸ ਕਦਮ ਨੇ ਸੰਪਰਦਾਈਆਂ ਦੇ ਇਸ ਗਲਤ ਪ੍ਰਚਾਰ ਨੂੰ, ਆਮ ਸਿੱਖਾਂ ਦੀ ਨਜ਼ਰ ਵਿਚ, ਸਹੀ ਬਣਾ ਦਿਤਾ ਹੈ ਕਿ ਇਹ ਪਹਿਲਾਂ ਦਸਮ ਗ੍ਰੰਥ `ਤੇ ਕਿੰਤੂ ਕਰਨਗੇ, ਫਿਰ ਰਾਗਮਾਲਾ `ਤੇ ਕਿੰਤੂ ਕਰਨਗੇ ਅਤੇ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਰੱਦ ਕਰਨ ਦੀ ਕੋਸ਼ਿਸ਼ ਕਰਨਗੇ।

ਅੰਤ ਵਿੱਚ ਤੱਤ ਗੁਰਮਤਿ ਪਰਿਵਾਰ ਸਪਸ਼ਟ ਕਰਨਾ ਚਾਹੁੰਦਾ ਹੈ ਅਸੀ ਸੰਪਰਦਾਈ ਧਿਰਾਂ (ਸਮੇਤ ਅਜੀਤ ਅਖਬਾਰ) ਵਲੋਂ ਇਸ ਮਸਲੇ `ਤੇ ਵਿਰੋਧ ਦਾ ਸਮਰਥਨ ਨਹੀਂ ਕਰਦੇ ਕਿਉਂਕਿ ਉਹਨਾਂ ਦੇ ਇਸ ਪਿਛੇ ਭਾਵਨਾ ਠੀਕ ਨਹੀਂ। ਨਾਲ ਹੀ ਗੁਰੁ ਗ੍ਰੰਥ ਸਾਹਿਬ ਜੀ ਦੀ ਪ੍ਰਮਾਨਿਕਤਾ ਤੋਂ ਬਿਨਾ ਉਹਨਾਂ ਵਲੋਂ ਉਠਾਏ ਜਾ ਰਹੇ ਲਗਭਗ ਹੋਰ ਸਾਰੇ ਮੁੱਦੇ ਗਲਤ ਹਨ। ਸਾਡੀ ਜਾਚੇ ਸਪੋਕਸਮੈਨ ਉਹਨਾਂ ਪ੍ਰਤੀ ਜਵਾਬਦੇਹੀ ਦਾ ਇਤਨਾ ਫਿਕਰ ਨਹੀਂ ਹੋਣਾ ਚਾਹੀਦਾ।

ਪਰ ਜੇ ਜੋਗਿੰਦਰ ਸਿੰਘ ਜੀ (ਸਪੋਕਸਮੈਨ) ਵਿੱਚ ਥੋੜੀ ਵੀ ਸੁਹਿਰਦਤਾ, ਪੰਥਦਰਦ ਅਤੇ ਇਮਾਨਦਾਰੀ ਬਾਕੀ ਹੈ ਤਾਂ ਉਹਨਾਂ ਨੂੰ ਹੁਣ ਤੱਕ ‘ਗੁਰੂ ਗ੍ਰੰਥ ਸਾਹਿਬ ਜੀ’ (ਰਾਗਮਾਲਾ ਤੋਂ ਬਗੈਰ) ਸੰਬੰਧੀ ਕੀਤੀਆਂ ਐਸੀ ਸਾਰੀਆਂ ਟਿਪਣੀਆਂ ਲਈ ਬਿਨਾ ਸ਼ਰਤ (ਅਹਿਸਾਨ ਜਤਾ ਕੇ ਨਹੀਂ) ਮਾਫੀ ਮੰਗਨੀ ਚਾਹੀਦੀ ਹੈ। ਨਾਲ ਹੀ ਭਵਿੱਖ ਵਿੱਚ ‘ਗੁਰੂ ਗ੍ਰੰਥ ਸਾਹਿਬ ਜੀ’ (ਰਾਗਮਾਲ ਤੋਂ ਬਗੈਰ) ਵਿਚਲੀ ਬਾਣੀਆਂ ਦੀ ਪ੍ਰਮਾਨਿਕਤਾ ਸੰਬੰਧੀ ਅਪਣਾ ਪੱਖ ਸਪਸ਼ਟ ਕਰਦੇ ਹੋਏ, ਇਹਨਾਂ ਦੀ ਪ੍ਰਮਾਨਿਕਤਾ ਉਪਰ ਜਨਤਕ ਤੌਰ `ਤੇ, ਕੋਈ ਵੀ ਟਿੱਪਣੀ ਨਾ ਕਰਨ ਦਾ ਵਾਅਦਾ ਕਰਨਾ ਚਾਹੀਦਾ ਹੈ। ਇਸ ਤੋਂ ਘੱਟ ਕੁੱਝ ਵੀ ਸੁਹਿਰਦਤਾ ਨਹੀਂ ਮੰਨੀ ਜਾ ਸਕਦੀ।

ਪਰ ਉਸ ਦੀ ਹੁਣ ਤੱਕ ਇਸ ਸੰਬੰਧੀ ਪਹੁੰਚ ਨਾ ਤਾਂ ਸੁਹਿਰਦ ਹੈ ਅਤੇ ਨਾ ਹੀ ਇਮਾਨਦਾਰਾਨਾ। ਬਲਕਿ ਉਸਨੇ ਅਪਣਾ ਗਲਤ ਪ੍ਰਭਾਵ ਵਰਤ ਕੇ ਉਪਰੋਕਤ ਜਾਗਰੂਕ ਮੰਨੀਆਂ ਜਾਂਦੀਆਂ ਸ਼ਖਸੀਅਤਾਂ ਨੂੰ ਅਪਣਾ ਮੋਹਰਾ ਬਣਾ ਲਿਆ ਹੈ। ਨਾਲ ਹੀ ਉਹਨਾਂ ਵਲੋਂ ਅਪਣੇ ਆਲੋਚਕਾਂ ਪ੍ਰਤੀ ਵਰਤੀ ਜਾ ਰਹੀ ਅਤਿ ਨੀਂਵੀ, ਗੁੰਮਰਾਹਕੁੰਨ, ਬਾਜ਼ਾਰੂ ਸ਼ਬਦਾਵਲੀ ਵੀ ਉਹਨਾਂ ਦੀ ਸੁਹਿਰਦਤਾ `ਤੇ ਪ੍ਰਸ਼ਨ-ਚਿੰਨ੍ਹ ਲਾਇਆ ਹੋਇਆ ਹੈ।

ਇਸ ਸਮੇਂ ਸਪੋਕਸਮੈਨ (ਜੋਗਿੰਦਰ ਸਿੰਘ ਜੀ) ਵਲੋਂ ਸਹੀ ਅਤੇ ਈਮਾਨਦਾਰਾਨਾ ਪਹੁੰਚ ਅਪਨਾਉਣ ਦੀ ਉਮੀਦ ਬਹੁਤ ਘੱਟ ਹੈ। ਜੇ ਉਹ ਜਲਦੀ ਹੀ ਉਪਰੋਕਤ ਠੀਕ ਪਹੁੰਚ ਅਪਣਾ ਲੈਣ ਦਾ ਜਨਤਕ ਐਲਾਣ ਕਰ ਦੇਂਦਾ ਹੈ ਤਾਂ ਸੁਆਗਤ ਕਰਨਾ ਬਣਦਾ ਹੈ। ਵਰਨਾ ਸਾਰੀ ਜਾਗਰੂਕ ਧਿਰਾਂ (ਸਮੇਤ ਉਸ ਦੀ ਗਲਤ ਹਿਮਾਇਤ ਵਿੱਚ ਉਤਰੀਆਂ ਉਪਰੋਕਤ ਸ਼ਖਸੀਅਤਾਂ) ਨੂੰ ‘ਭੱਠ ਪਵੇ ਉਹ ਸੋਨਾ ਜਿਹੜਾ ਕੰਨਾਂ ਨੂੰ ਖਾਏ’ ਅਨੁਸਾਰ ਉਸ ਤੋਂ ਕਿਨਾਰਾ ਕਰਨ ਦਾ ਸਪਸ਼ਟ ਐਲਾਣ ਕਰ ਦੇਣਾ ਚਾਹੀਦਾ ਹੈ ਅਤੇ ਮਜ਼ਬੂਤ ਪੰਥਕ ਮੀਡੀਆ ਲਈ ਕਿਸੇ ਹੋਰ ਬੱਦਲ ਲਈ ਗੰਭੀਰ ਵਿਚਾਰ ਕਰਨਾ ਚਾਹੀਦਾ ਹੈ। ਜੇ ਸੰਭਵ ਹੋਵੇ ਤਾਂ ਪੰਥਦਰਦ ਦਾ ਹੋਕਾ ਦੇ ਕੇ ਖੜੇ ਕੀਤੇ ਇਸ ਮੀਡੀਏ ਨੂੰ ਜੋਗਿੰਦਰ ਸਿੰਘ ਜੀ ਦੇ ਗਲਤ ਪ੍ਰਭਾਵ ਤੋਂ ਆਜ਼ਾਦ ਕਰਵਾਉਣ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਪਰੋਕਤ ਬਿਆਨੀਆਂ ਸ਼ਖਸੀਅਤਾਂ ਸਮੇਤ ਜੋ ਵੀ, ਸਪੋਕਸਮੈਨ ਵਲੋਂ ਬਿਨਾ ਉਪਰੋਕਤ ਐਲਾਣ ਕੀਤੇ, ਸਪੋਕਸਮੈਨ ਦੀ ਹਿਮਾਇਤ ਕਰੇਗਾ ਉਹ ਜਾਗ੍ਰਿਤੀ ਲਹਿਰ ਦਾ ਨੂੰ ਰਾਹ ਤੋਂ ਭਟਕਾਉਣ ਦਾ ਦੋਸ਼ੀ ਮੰਨਿਆ ਹਾਣਾ ਚਾਹੀਦਾ ਹੈ।

ਆਸ ਹੈ ਸੌੜੇ ਨਿੱਜੀ ਸਵਾਰਥਾਂ ਵਿੱਚ ਘਿਰ ਕੇ, ਚਾਪਲੂਸੀ ਅਧੀਨ ਸਪੋਕਸਮੈਨ ਦੀ ਅੰਨ੍ਹੀ (ਗੁਰਮਤਿ ਵਿਰੋਧੀ) ਹਿਮਾਇਤ ਵਿੱਚ ਉਤਰ ਆਏ ਇਹ ‘ਜਾਗਰੂਕ’ ਵੀਰ ਜ਼ਮੀਰ ਦੀ ਅਵਾਜ਼ ਸੁਣਦੇ ਹੋਏ, ਅਪਣੇ ਗਲਤ ਸਟੈਂਡ `ਤੇ ਦੁਬਾਰਾ ਨਜ਼ਰਸਾਨੀ ਕਰਨਗੇ ਅਤੇ ਨਿਰਪੱਖ ਜਾਗਰੂਕ ਧਿਰਾਂ ਨੂੰ ਸਪਸ਼ਟੀਕਰਨ ਦੇਣਗੇ। ਅੰਤ ਵਿੱਚ ਤੱਤ ਗੁਰਮਤਿ ਪਰਿਵਾਰ ਸਪੋਕਸਮੈਨ ਦੀ ਗਲਤ ਹਿਮਾਇਤ ਵਿੱਚ ਉਤਰ ਆਈਆਂ ਸਾਰੀਆਂ ਧਿਰਾਂ (ਸਮੇਤ ਟੋਨੀ ਜੀ, ਜਾਚਕ ਜੀ, ਦਿਲਗੀਰ ਜੀ, ਦਰਸ਼ਨ ਸਿੰਘ ਜੀ, ਉਪਕਾਰ ਸਿੰਘ ਜੀ, ਘੱਗਾ ਜੀ, ਗੁਰਿੰਦਰ ਸਿੰਘ ਜੀ ਕੋਟਕਪੂਰਾ, ਕਾਬਲ ਸਿੰਘ ਜੀ ਜਰਮਨੀ, ਇਕਵਾਕ ਸਿੰਘ ਜੀ ਪੱਟੀ ਆਦਿ) ਨੂੰ ਇੱਕ ਸਿੱਧਾ ਜਿਹਾ ਸਵਾਲ ਪੁੱਛਣ ਦੀ ਗੁਸਤਾਖੀ ਕਰਨਾ ਚਾਹੁੰਦਾ ਹੈ ਕਿ “ਜ਼ਿਆਦਾ ਖਤਰਨਾਕ ਕੀ ਹੈ- ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦਸਮ ਗ੍ਰੰਥ ਦਾ ਪ੍ਰਕਾਸ਼ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਨਿਕਤਾ ਪ੍ਰਤੀ ਮੁੱਢੋ ਹੀ ਮੁਨਕਰ ਹੋਣਾ? ? ? ? ?”

ਨਿਸ਼ਕਾਮ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ




.