ਗੁਰੂ
(ਭਾਗ ਪੰਜਵਾਂ)
ਸੰਸਾਰ ਦੇ ਸਾਰੇ ਧਰਮਾਂ ਦੇ ਸਰਪਰਸਤ, ਸਮਰਥਕ, ਪੁਜਾਰੀ, ਤੇ ਅਨੁਯਾਈ ਇਹ
ਦਾਅਵਾ ਕਰਦੇ ਹਨ ਕਿ ਉਨ੍ਹਾਂ ਦੇ ਧਰਮ ਦਾ ਆਚਾਰੀਯਾ/ਮੋਢੀ/ਸੰਚਾਲਕ ਹੀ ਪਹਿਲਾ ਤੇ ਆਖ਼ਰੀ
ਮਹਾਂਪੁਰਖ/ਪੈਗ਼ੰਬਰ ਹੈ ਜਿਸ ਤੋਂ ਸਿਵਾ ਨਾਂ ਤਾਂ ਕੋਈ ਹੋਰ ਪਹਿਲਾਂ ਹੋਇਆ ਹੈ ਅਤੇ ਨਾਂਹੀ ਭਵਿੱਖ
ਵਿੱਚ ਹੋਵੇਗਾ! ! ! ਤਰਕ ਦੀ ਤੱਕੜੀ `ਤੇ ਤੋਲਿਆਂ ਇਸ ਤਰ੍ਹਾਂ ਦਾ ਯਕੀਨ ਅਗਿਆਨਤਾ ਦਾ ਸੂਚਕ ਹੈ;
ਅਤੇ, ਇਉਂ ਸੋਚਣਾਂ ਕਰਤਾਪੁਰਖ ਦੀ ਸਰਵਸ਼ਕਤੀਮਾਨਤਾ ਦੇ ਸਿਧਾਂਤ ਨੂੰ ਰੱਦ ਕਰਨਾਂ ਹੈ। ਇਸ ਤਰ੍ਹਾਂ
ਦਾ ਦਾਅਵਾ ਕਰਨ ਵਾਲੇ ਆਪਣੇ ਆਪ ਨੂੰ ਸਰਵਵਿਆਪਕ ਕਰਤਾਰ ਤੋਂ ਵੀ ਵਧੇਰੇ ਸ਼ਕਤੀਸ਼ਾਲੀ ਸਮਝਦੇ ਹੋਏ ਇਹ
ਸੋਚਦੇ ਹਨ ਕਿ ਰੱਬ ਜੋ ਕੁੱਝ ਵੀ ਕਰਦਾ ਹੈ, ਉਨ੍ਹਾਂ ਤੋਂ ਪੁੱਛ ਕੇ ਕਰਦਾ ਹੈ! ! ਕਿਤਨੀਂ ਬੇਤੁਕੀ
ਤੇ ਬੇਹੂਦਾ ਗੱਲ ਹੈ
! ! !
! ! ਕੋਈ ਵੀ ਮਿੱਟੀ ਦਾ ਪੁਤਲਾ ਰੱਬ ਦੇ ਰੰਗ
ਨਿਸ਼ਚਿਤ ਨਹੀਂ ਕਰ ਸਕਦਾ; ਅਤੇ ਜੇ ਕੋਈ ਇਸ ਤਰ੍ਹਾਂ ਦੀ ਡੀਂਗ ਮਾਰਦਾ ਹੈ ਤਾਂ ਸਮਝੋ ਉਹ ਚਿੱਟਾ ਝੂਠ
ਬੋਲਦਾ ਹੈ, ਝੱਖ ਮਾਰਦਾ ਹੈ, ਤੇ ਲੋਕਾਂ ਨੂੰ ਕੁਰਾਹੇ ਪਾ ਰਿਹਾ ਹੈ।
ਗੁਰਬਾਣੀ ਇਸ ਨਿਰਮੂਲ ਤੇ ਤਰਕਰਹਿਤ ਵਿਸ਼ਵਾਸ ਨੂੰ ਸਵੀਕਾਰ ਨਹੀਂ ਕਰਦੀ।
ਗੁਰਮੱਤ ਅਨੁਸਾਰ ਇਉਂ ਸੋਚਣਾ ਅਗਿਆਨਤਾ ਅਤੇ ਘੋਰ ਤੰਗਦਿਲੀ ਹੈ।
‘ਸੱਚ’
ਦਾ ਗਿਆਤਾ ਮਹਾਂਪੁਰਖ ਨਾਂ ਤਾਂ ਇਉਂ ਸੋਚੇਗਾ, ਅਤੇ ਨਾਂ
ਹੀ ਆਪਣੇ ਸੇਵਕਾਂ ਨੂੰ ਇਸ ਤਰ੍ਹਾਂ ਦਾ ਵਿਸ਼ਵਾਸ ਰੱਖਣ ਦੀ ਆਗਿਆ ਹੀ ਦੇਵੇਗਾ।
ਇਹ ਸੰਸਾਰ ਅਤੇ ਇਸ ਵਿੱਚ ਵੱਸਦੀ ਮਨੁੱਖਤਾ ਅਣਗਿਣਤ ਸਾਲ ਪੁਰਾਣੇ ਹਨ, ਅਤੇ
ਭਵਿੱਖ ਵਿੱਚ ਅਣਗਿਣਤ ਸਾਲ ਤੱਕ ਰਹਿਣਗੇ। ਸਾਡੇ ਕੋਲ ਧਰਮ ਦਾ ਧੁੰਧਲਾ ਜਿਹਾ ਇਤਿਹਾਸ ਸਿਰਫ਼
4-5
ਹਜ਼ਾਰ ਸਾਲ ਹੀ ਪੁਰਾਣਾ ਹੈ। ਤਾਂ ਫ਼ਿਰ ਕੋਈ ਕਿਵੇਂ ਕਹਿ ਸਕਦਾ ਹੈ ਕਿ ਸੰਸਾਰਕ ਧਰਮਾਂ ਦੇ ਉਪਲਬਧ
ਇਤਿਹਾਸ ਤੋਂ ਪਹਿਲਾਂ ਕੋਈ ਮਹਾਂਪੁਰਖ ਹੋਇਆ ਹੀ ਨਹੀਂ, ਅਤੇ ਅਗਾਂਹ ਨੂੰ ਵੀ ਨਾਂ ਹੋਣ ਦੀ ਪੱਕੀ
ਗਾਰੰਟੀ ਹੈ? ? ? ਬਾਣੀ ਇਸ ਥੋਥੀ ਸੋਚਣੀ ਨੂੰ ਨਕਾਰਦੀ ਹੈ।
ਬਾਣੀ ਵਿੱਚ ‘ਗੁਰੂ’ ਇੱਕ ਆਮ ਨਾਮ ਹੈ ਜੋ ਕਿ ਵਿਸ਼ੇਸ਼ ਗੁਣਾਂ ਵਾਲੇ
ਮਹਾਂਪੁਰਖ ਲਈ ਵਰਤਿਆ ਗਿਆ ਹੈ। ਇਨ੍ਹਾਂ ਵਿਸ਼ੇਸ਼ ਗੁਣਾਂ ਦਾ ਸੁਵਿਸਤਾਰ ਵਰਣਨ
‘ਗੁਰੂ’
(ਭਾਗ
ਦੂਜਾ)
ਵਿੱਚ ਕੀਤਾ ਗਿਆ ਹੈ। ਗੁਰੂ ਨਾਨਕ ਦੇਵ ਜੀ ਪ੍ਰਭੂ ਦੀ
‘ਬਖ਼ਸ਼ਿਸ਼’ ਦੇ ਸਿਧਾਂਤ ਨੂੰ ਮੁੱਖ ਰਖਦਿਆਂ ਬਚਨ ਕਰਦੇ ਹਨ:
“ਜਿਸ ਨੋ ਬਖਸੇ ਸਿਫ਼ਤਿ ਸਾਲਾਹ॥ ਨਾਨਕ, ਪਾਤਿਸਾਹੀ ਪਾਤਿਸਾਹੁ॥” ਜਪੁ
ਗੁਰੁ ਨਾਨਕ ਦੇਵ ਜੀ ਇਹ ਸੱਚ ਵੀ ਦ੍ਰਿੜ੍ਹ ਕਰਵਾਉਂਦੇ ਹਨ ਕਿ ਰੱਬੀ ਗੁਣਾਂ
ਵਾਲੇ ਦੈਵੀ-ਪੁਰਸ਼ ਸਾਰੀ ਸ੍ਰਿਸ਼ਟੀ ਵਿੱਚ ਕਿਸੇ ਵੀ ਧਰਤੀ/ਲੋਕ `ਤੇ ਪ੍ਰਗਟ ਹੋ ਸਕਦੇ ਹਨ:-
“ਤਿਥੈ ਭਗਤ ਵਸੈ ਕੈ ਲੋ॥” ਜਪੁ
ਭਾਵ: (ਆਤਮ-ਅਧਿਆਸੀ ਮਹਾਂਪੁਰਖਾਂ ਦੀ ਆਤਮ-ਜੀਵਨ-ਯਾਤ੍ਰਾ ਦੇ) ਉਸ
ਪੜਾਅ (ਕਰਮ ਖੰਡ) `ਤੇ ਪਹੁੰਚੇ ਹੋਏ ਭਗਤ/ਸਾਧ/ਸੰਤ ਕੇਵਲ ਇਸ ਧਰਤੀ ਦੇ ਹੀ ਨਹੀਂ ਸਗੋਂ ਸਾਰੀ
ਸ੍ਰਿਸ਼ਟੀ ਦੇ ਕਿਤਨੇ ਹੀ ਭਵਨਾਂ/ਲੋਕਾਂ/ਧਰਤੀਆਂ ਤੋਂ ਆਏ ਸਜਨ/ਸੰਤ/ਗੁਰੂ ਹਨ।
ਇਤਨੇ ਵਿਸ਼ਾਲ ਹਿਰਦੇ ਤੇ ਦਿਬਦ੍ਰਿਸ਼ਟੀ ਵਾਲਾ ਗੂੜ੍ਹ ਗਿਆਨੀ, ਮਨ/ਆਤਮਾ ਦਾ
ਸੱਚਾ ਸੁੱਚਾ ਧਰਮੀ ਪੁਰਸ਼ ਧਰਮ ਦੇ ਇਤਿਹਾਸ ਵਿੱਚ ਹੋਰ ਕੋਈ ਨਜ਼ਰ ਨਹੀਂ ਆਉਂਦਾ ਜਿਸ ਨੇਂ, ‘ਮੈ’ ਤੋਂ
ਮੁਕਤਿ ਪਾ ਕੇ, ਆਪਣੇ ਆਪ ਨੂੰ ਇਕਲੌਤਾ ਆਗੂ ਹੋਣ ਦਾ ਦਾਅਵਾ ਕਰਨ ਦੀ ਬਜਾਇ, ਨਿੱਜੀ ਤੌਰ `ਤੇ ਦੇਖੇ
ਅਣਦੇਖੇ, ਅਧਿਆਤਮਿਕ ਮਹਾਂਪੁਰਖਾਂ, ਸੱਚੇ ਸੰਤਾਂ/ਸਾਧਾਂ/ਗੁਰੂਆਂ ਆਦਿ ਨੂੰ ਸਵੀਕਾਰ ਕਰਦਿਆਂ ਅੱਖਾਂ
`ਤੇ ਬਿਠਾਇਆ ਹੋਵੇ! ! ! ! ! ਗੁਰੂ ਜੀ ਜੋਗੀਆਂ ਦੇ ਇੱਕ ਪ੍ਰਸ਼ਨ ਦੇ ਉੱਤ੍ਰ ਵਿੱਚ ਫ਼ੁਰਮਾਉਂਦੇ
ਹਨ:-
“ਗੁਰਮੁਖਿ ਖੋਜਤ ਭਏ ਉਦਾਸੀ॥” ਸਿਧਿ ਗੋਸਟਿ
ਜਿਹੜੇ ‘ਗੁਰਮੁਖਿ’ (ਜਾਂ ਉਨ੍ਹਾਂ ਦੀ ਪਵਿੱਤ੍ਰ ਬਾਣੀ) ਗੁਰੂ ਨਾਨਕ ਦੇਵ ਜੀ
ਨੇ ਖੋਜੇ, ਕਾਲਕ੍ਰਮ ਅਨੁਸਾਰ, ਉਹ ਹਨ: ਬਾਬਾ ਫ਼ਰੀਦ ਜੀ, ਜੈਦੇਵ ਜੀ, ਤ੍ਰਿਲੋਚਨ ਜੀ, ਨਾਮਦੇਵ ਜੀ,
ਸਧਨਾ ਜੀ, ਸ੍ਵਾਮੀ ਰਾਮਾਨੰਦ ਜੀ, ਰਵਿਦਾਸ ਜੀ, ਸੈਣ ਜੀ, ਕਬੀਰ ਜੀ, ਧੰਨਾ ਜੀ, ਬੇਣੀ ਜੀ, ਪੀਪਾ
ਜੀ, ਸੂਰਦਾਸ ਜੀ, ਭੀਖਨ ਜੀ, ਪਰਮਾਨੰਦ ਜੀ-----। ਇੱਥੇ ਹੀ ਬੱਸ ਨਹੀਂ, ਆਪ ਜੀ ਨੇਂ ਇਨ੍ਹਾਂ
ਮਹਾਂਪੁਰਖਾਂ ਦੀ ਬਾਣੀ ਨੂੰ ਸਤਿਕਾਰ ਸਹਿਤ, ਆਪਣੀ ਬਾਣੀ ਸਮੇਤ ਸੰਕਲਿਤ ਕਰਕੇ ਇੱਕ ਪੋਥੀ ਦਾ ਰੂਪ
ਦੇ ਦਿੱਤਾ। ‘ਮੈਂ’ ਨੂੰ ਪੂਰੀ ਤਰ੍ਹਾਂ ਭਸਮ ਕਰਕੇ, ਈਰਖਾ ਨੂੰ ਸਾੜ ਕੇ
‘ਸੱਚ’
ਦੇ ਹੋਰ ਗਿਅਤਿਆਂ ਨੂੰ ਸਤਿਕਾਰਨ ਦੀ ਇਹ ਇੱਕ ਲਾਸਾਨੀ
ਮਿਸਾਲ ਹੈ, ਜੋ ਗੁਰੂ ਨਾਨਕ ਦੇਵ ਜੀ ਨੂੰ ਰੱਬੀ ਗੁਣਾਂ ਦਾ ਧਾਰਨੀ, ਰੱਬ ਦਾ ਰੂਪ, ਸੱਚਾ ਗੁਰੂ
ਸਿੱਧ ਕਰਦੀ ਹੈ। ਇਸੇ ਲਈ ਧਰਮ ਦੇ ਗਗਨ ਵਿੱਚ ਗੁਰੂ ਨਾਨਕ ਦੇਵ ਜੀ ਦਾ ਸਥਾਨ ਧ੍ਰੂ ਤਾਰੇ ਵਾਂਗ
ਵਿਲੱਖਣ, ਸਰਵਉੱਚ ਤੇ ਸਰਵਸ੍ਰੇਸ਼ਟ ਹੈ।
ਗੁਰੂ ਨਾਨਕ ਦੇਵ ਜੀ ਦੇ ਪਗ-ਚਿੰਨ੍ਹਾਂ `ਤੇ ਤੁਰਨ ਵਾਲੇ ਧਰਮੀ ਪੁਰਖਾਂ ਨੇਂ
ਇਸ ਅਦੁੱਤੀ ਵਿਸ਼ਾਲਦਿਲੀ ਦਾ ਪੱਲਾ ਨਹੀਂ ਛੱਡਿਆ ਅਤੇ ਭਗਤੀ ਲਹਿਰ ਦੇ ਹੋਰ ਮੋਢੀਆਂ
(pioneers)
ਨੂੰ ਯੋਗ ਸਤਿਕਾਰ, ਸਵਿਕ੍ਰਿਤੀ ਤੇ ਮਾਨਤਾ ਦਿੱਤੀ। ਇਸ
ਸੱਚ ਦੀ ਪ੍ਰੋਢਤਾ ਵਾਸਤੇ ਬਾਣੀ ਵਿੱਚੋਂ ਕੁੱਝ ਤੁਕਾਂ:-
“ਨਾਮਾ ਛੀਬਾ ਕਬੀਰੁ ਜ+ਲਾਹਾ ਪੂਰੇ ਗੁਰ ਤੇ ਮਤਿ ਪਾਈ॥
ਬ੍ਰਹਮ ਕੇ ਬੇਤੇ ਸਬਦੁ ਪਛਾਣਹਿ ਹਉਮੈ ਜਾਤਿ ਗਵਾਈ॥
ਸੁਰਿ ਨਰ ਤਿਨ ਕੀ ਬਾਣੀ ਗਾਵਹਿ ਕੋਇ ਨ ਮੇਟੇ ਭਾਈ॥” ਸਿਰੀ ਰਾਗੁ ਅ: ਮ: ੩
ਭਾਵ: ਕਿੱਤੇ ਪਖੋਂ ਛੀਂਬੇ ਨਾਮ ਦੇਵ ਜੀ, ਅਤੇ ਜਾਤ ਦੇ ਜੁਲਾਹੇ
ਕਬੀਰ ਜੀ ਨੇਂ ਪੂਰੇ ਗੁਰੂ ਤੋਂ ਸਿੱਖਿਆ ਲੈ ਕੇ ਗੁਰਮੁੱਖਾਂ ਵਾਲੀ ਉੱਚਤਮ ਆਤਮਿਕ ਅਵਸਥਾ ਪ੍ਰਾਪਤ
ਕਰ ਲਈ। ਗੁਰੁ-ਸ਼ਬਦ ਨੂੰ ਸਮਝ-ਵਿਚਾਰ ਤੇ ਸਿਮਰ ਕੇ ਆਪਣੇ ਅੰਦਰੋਂ ਹਉਮੈ ਹੰਕਾਰ ਦਾ ਪੂਰਣ ਵਿਨਾਸ਼
ਕਰਕੇ ਬ੍ਰਹਮਗਿਆਨੀ ਹੋ ਨਿਬੜੇ! ! ਫਲਸ੍ਵਰੂਪ, ਦੇਵੀ ਦੇਵਤੇ ਅਥਵਾ ਦੈਵੀ ਪੁਰਸ਼ ਤੇ ਸਾਧਾਰਨ ਸੰਸਾਰੀ
ਮਨੁੱਖ ਵੀ ਉਨ੍ਹਾਂ ਦੀ ਰਚੀ ਪਵਿੱਤ੍ਰ ਬਾਣੀ ਦਾ ਕੀਰਤਨ ਕਰਦੇ ਹਨ। ਰੱਬੀ ਦਰਗਹ ਤੋਂ ਉਨ੍ਹਾਂ ਨੂੰ
ਮਿਲੇ ਇਸ ਸੱਚੇ ਸਨਮਾਨ ਨੂੰ ਕੋਈ ਨਕਾਰ ਨਹੀਂ ਸਕਦਾ; ਉਨ੍ਹਾਂ ਦੀ ਕਮਾਈ ਹੋਈ ਇਸ ਪਰਮ-ਪਦਵੀ ਤੋਂ
ਕੋਈ ਵੀ ਮੁਨਕਰ ਨਹੀਂ ਹੋ ਸਕਦਾ! ! ! ! !
“ਤ੍ਰਿਲੋਚਨ ਗੁਰ ਮਿਲਿ ਭਈ ਸਿਧਿ॥
--ਬੇਣੀ ਕਉ ਗੁਰਿ ਕੀਓ ਪ੍ਰਗਾਸੁ॥” ਬਸੰਤ ਮ: ੫
ਗੁਰੂ ਦੇ ਬਖ਼ਸ਼ੇ ਨਾਮ-ਸਿਮਰਨ ਦੀ ਬਰਕਤ ਨਾਲ ਪਰਮ-ਪਦ ਪ੍ਰਾਪਤ ਕਰਨ ਵਾਲੇ
ਮਿਥਿਹਾਸਕ ਪਾਤਰਾਂ ਉੱਤੇ ਵੀ ‘ਗੁਰੂ’ ਦੀ ਹੀ ਬਖ਼ਸ਼ਿਸ਼ ਦੱਸੀ ਗਈ ਹੈ।
ਮਿਥਿਹਾਸਕ ਹਸਤੀਆਂ ਜਿਨ੍ਹਾਂ ਨੇਂ ਸਤਿਗੁਰੂ ਅਤੇ ਉਸ ਦੇ ਆਤਮ-ਗਿਆਨ ਨੂੰ
ਪਥ-ਪ੍ਰਦਰਸ਼ਕ ਬਣਾਇਆ, ਉਨ੍ਹਾਂ ਦਾ ਵਰਣਨ ਕਈ ਤੁਕਾਂ/ਸ਼ਬਦਾਂ ਵਿੱਚ ਮਿਲਦਾ ਹੈ। ਉਦ੍ਹਾਰਣ ਵਜੋਂ:-
“ਸਤਿਗੁਰਿ ਨਾਮੁ ਨਿਧਾਨੁ ਦ੍ਰਿੜਾਇਆ॥ ਰਾਜੁ ਮਾਲੁ ਝੂਠੀ ਸਭ ਮਾਇਆ॥” ਭੈਰਉ
ਅ: ਮ: ੩
ਭਾਵ: ਪ੍ਰਹਲਾਦ ਦੇ ਸੱਚੇ ਗੁਰੁ ਨੇਂ ਉਸ ਨੂੰ ਨਾਮ-ਖ਼ਜ਼ਾਨੇ ਦੀ
ਮਹੱਤਤਾ ਦ੍ਰਿੜ ਕਰਵਾ ਕੇ ਇਹ ਵਿਸ਼ਵਾਸ ਕਰਵਾ ਦਿੱਤਾ ਕਿ ਦੁਨਿਆਵੀ ਦੌਲਤ ਤੇ ਰਾਜ-ਭਾਗ ਆਦਿ ਝੂਠੀ
ਮਾਇਆ ਦੇ ਰੂਪ ਹਨ।
“ਗੁਰਮੁਖਿ ਪ੍ਰਹਲਾਦਿ ਜਪਿ ਹਰਿ ਗਤਿ ਪਾਈ॥
ਗੁਰਮੁਖਿ ਜਨਕਿ ਹਰਿ ਨਾਮਿ ਲਿਵ ਲਾਈ॥
ਗੁਰਮੁਖਿ ਬਸਿਸਟਿ ਹਰਿ ਉਪਦੇਸੁ ਸੁਣਾਈ॥” ਵਡਹੰਸ ਕੀ ਵਾਰ ਮ: ੪
ਭਾਵ: ਗੁਰੂ ਦੀ ਸਰਨ ਵਿੱਚ ਜਾ ਕੇ ਹੀ ਪ੍ਰਹਲਾਦ ਨੇਂ
ਹਰਿ-ਨਾਮ-ਸਿਮਰਨ ਸਦਕਾ ਪਰਮਪਦ ਪ੍ਰਾਪਤ ਕੀਤਾ; ਗੁਰੂ ਦੀ ਸਿੱਖਿਆ `ਤੇ ਚੱਲ ਕੇ ਹੀ ਜਨਕ ਨੂੰ ਨਾਮ
ਦੀ ਲਿਵ ਲੱਗੀ; ਗੁਰੂ ਦੇ ਦਰ `ਤੇ ਜਾ ਕੇ ਹੀ ਬਸਿਸਟ ਨੇਂ ਗੁਰੁ-ਪਦਪ੍ਰਾਪਤ ਕੀਤਾ, ਤੇ ਸੇਵਕਾਂ ਨੂੰ
ਉਪਦੇਸ਼ ਸੁਣਾਉਣ ਦੇ ਯੋਗ ਹੋਇਆ।
‘ਗੁਰੁਮੱਤ’ ਇੱਕ ਸਮਰਥ ਪੰਥ ਹੈ। ਇਸ ਮੱਤ ਦੇ ਸੰਚਾਲਕ, ਸਮਰਥਕ, ਅਤੇ,
‘ਗੁਰੂ’ ਦੇ ਸੱਚੇ ਸਿਧਾਂਤ ਨੂੰ ਮੋਢਾ ਦੇਣ ਵਾਲੇ, ਮੋਢੀ ਆਗੂਆਂ ਵਿੱਚ ਉਹ ਸਾਰੇ ਬ੍ਰਹਮਗਿਆਨੀ
ਆਉਂਦੇ ਹਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਜੀ ਵਿੱਚ ਸੰਕਲਿਤ ਕੀਤੀ ਗਈ ਹੈ। ਇਨ੍ਹਾਂ ਈਸ਼ਵਰੀ
ਪੁਰਸ਼ਾਂ ਦੀਆਂ ਤੁਕਾਂ ਦਾ ਹਵਾਲਾ ਦੇਣਾ ਜ਼ਰੂਰੀ ਹੈ:-
“ਕਰਿ ਕਿਰਪਾ ਪ੍ਰਭਿ ਸਾਧ ਸੰਗਿ ਮੇਲੀ॥
ਜਾ ਫਿਰਿ ਦੇਖਾ ਤਾ ਮੇਰਾ ਅਲਹੁ ਬੇਲੀ॥” ਫਰੀਦ ਜੀ
“ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ॥
ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ॥” ਫਰੀਦ ਜੀ
“ਛੀਪੇ ਕੇ ਘਰਿ ਜਨਮੁ ਦੈਲਾ, ਗੁਰ ਉਪਦੇਸੁ ਭੈਲਾ॥
ਸੰਤਾ ਕੈ ਪਰਸਾਦਿ, ਨਾਮਾ ਹਰਿ ਭੇਟੁਲਾ॥” ਆਸਾ ਨਾਮ ਦੇਵ ਜੀ
ਭਾਵ: ਮੈਂ ਨਾਮੇ ਨੇਂ ਪ੍ਰਭੂ ਦੇ ਭਾਣੇ ਅਨੁਸਾਰ ਜਾਤ ਦੇ ਛੀਂਬੇ
ਪਿਤਾ ਦੇ ਘਰਿ ਜਨਮ ਲਿਆ।
‘ਉਸੇ’ ਦੀ ਕ੍ਰਿਪਾ ਨਾਲ ਸੱਚੇ ਗੁਰੂ ਤੋਂ
ਅਧਿਆਤਮਕ ਸਿੱਖਿਆ ਮਿਲੀ, (ਭੈਲਾ=ਮਿਲੀ); ਅਤੇ, ਸੰਤਾਂ ਦੀ ਸੰਗਤ ਕਰਨ ਕਰਕੇ ਹੀ ਨਾਮੇ ਦੀ ਰੱਬ ਨਾਲ
ਭੇਂਟ ਹੋ ਗਈ ਹੈ, ਅਰਥਾਤ ਰੱਬ ਮਿਲ ਗਿਆ ਹੈ।
“ਗੁਰ ਚੇਲੇ ਹੈ ਮਨੁ ਮਾਨਿਆ॥ ਜਨ ਨਾਮੈ ਤਤੁ ਪਛਾਨਿਆ॥” ਸੋਰਠਿ ਨਾਮਦੇਵ ਜੀ
“ਸਤਿਗੁਰ ਮੈ ਬਲਿਹਾਰੀ ਤੋਰ॥ ਜਿਨਿ ਸਕਲ ਬਿਕਲ ਭ੍ਰਮ ਕਾਟੋ ਮੋਰ॥” ਬਸੰਤ
ਰਾਮਾ ਨੰਦ ਜੀ
“ਸਤਿਗੁਰੁ ਪੂਜਉ, ਸਦਾ ਸਦਾ ਮਨਾਵਉ॥
ਐਸੀ ਸੇਵ ਦਰਗਹ ਸੁਖੁ ਪਾਵਉ॥” ਭੈਰਉ ਕਬੀਰ ਜੀ
“-----ਗੁਰਮੁਖਿ ਜਾਗੇ, ਸੋਈ ਸਾਰੁ॥” ਬਸੰਤ ਕਬੀਰ ਜੀ
“ਗੁਰ ਪਰਸਾਦੀ ਜੈਦੇਉ ਨਾਮਾਂ॥ ਭਗਤਿ ਕੇ ਪ੍ਰੇਮਿ ਇਨ ਹੀ ਹੈ ਜਾਨਾਂ॥” ਗਉੜੀ
ਅ: ਕਬੀਰ ਜੀ
ਭਾਵ: ਗੁਰੂ ਦੀ ਕ੍ਰਿਪਾ ਕਾਰਣ ਹੀ ਜੈਦੇਵ ਜੀ ਤੇ ਨਾਮਦੇਵ ਜੀ ਨੇਂ
ਪ੍ਰੇਮਾ-ਭਗਤੀ ਦੁਆਰਾ ਇਹ ਭੇਦ (ਕਿ ਸਰੀਰ ਤਿਆਗਨ ਉਪਰੰਤ ਆਤਮਾ ਕਿੱਥੇ ਜਾ ਸਮਾਉਂਦੀ ਹੈ) ਪਾ ਲਿਆ।
“ਕਹੁ ਬੇਣੀ ਗੁਰਮੁਖਿ ਧਿਆਵੈ॥ ਬਿਨੁ ਸਤਿਗੁਰ ਬਾਟ ਨ ਪਾਵੈ॥” ਪ੍ਰਭਾਤੀ
ਬੇਣੀ ਜੀ
“-----ਗੁਰ ਗਮਿ ਚੀਨੈ ਬਿਰਲਾ ਕੋਇ॥
------ਸਾਖੀ ਜਾਗੀ ਗੁਰਮੁਖਿ ਜਾਣੀ॥ ----
------ਦਲਿ ਮਲਿ ਦੈਤਹੁ ਗੁਰਮੁਖਿ ਗਿਆਨੁ॥ ਬੇਣੀ ਜਾਚੈ ਤੇਰਾ ਨਾਮ॥”
ਰਾਮਕਲੀ ਬੇਣੀ ਜੀ
“—ਗੁਰ ਪਰਸਾਦਿ ਕਹੈ ਜਨੁ ਭੀਖਨੁ ਪਾਵਉ ਮੋਖ ਦੁਆਰਾ॥” ਸੋਰਠਿ ਭੀਖਨ ਜੀ
‘ਗੁਰੂ’ ਦੇ ਸਿਧਾਂਤ ਦੇ ਸੰਚਾਲਕਾਂ, ਸਮਰਥਕਾਂ, `ਤੇ ਪ੍ਰਚਾਰਣ ਵਾਲੇ ਭਗਤੀ
ਲਹਿਰ ਦੇ ਸਾਰੇ ਦੈਵੀ ਪੁਰਸ਼ਾਂ ਨੇਂ ਆਪਣੀ ਬਾਣੀ ਵਿੱਚ ‘ਗੁਰੂ’ ਦੇ ਗੁਣ ਗਾਏ ਹਨ, ਪਰ, ਕਿਸੇ ਨੇਂ
ਵੀ ਆਪਣੇ ਗੁਰੂ-ਵਿਸ਼ੇਸ਼ ਦਾ ਜ਼ਿਕਰ ਨਹੀਂ ਕੀਤਾ, ਕਿਉਂਕਿ ਉਹ ਹੋਰ ਧਰਮਾਂ ਦੇ ਸਮਰਥਕਾਂ ਵਾਲੀ ਭੁੱਲ
ਦੁਹਰਾ ਕੇ ਰੱਬ ਦੀ ਮਨੁੱਖਤਾ ਨੂੰ ਰੱਬ ਦੇ ਹੀ ਨਾਂ `ਤੇ ਵੰਡਣਾਂ ਨਹੀਂ ਸਨ ਚਾਹੁੰਦੇ। ਉਨ੍ਹਾਂ ਦਾ
ਪਰਮਪਵਿੱਤ੍ਰ ਉਦੇਸ਼ ਇੱਕ ਅਕਾਲਪੁਰਖ ਦੀ ਜਨਤਾ ਨੂੰ
‘ਇੱਕ’
ਦੇ ਲੜ ਲਾ ਕੇ ਇੱਕ ਕਰਨਾਂ ਸੀ।
ਜਿਸ ਸੁਭਾਗੇ `ਤੇ ਪਰਮ-ਗੁਰੂ ਪਰਮਾਤਮਾ ਦੀ ਬਖ਼ਸ਼ਿਸ਼ ਹੁੰਦੀ ਹੈ ਉਹ ਮਾਇਆ ਤੋਂ
ਨਿਰਲੇਪ ਰਹਿੰਦਾ ਹੋਇਆ ਨਾਮ-ਸਿਮਰਨ ਦੀ ਕਮਾਈ ਨਾਲ ਗੁਰੂ-ਪਦ ਨੂੰ ਪ੍ਰਾਪਤ ਕਰਦਾ ਹੈ, ਭਾਵੇਂ ਉਹ
ਕਿਸੇ ਵੀ ਦੁਨਿਆਵੀ ਜਾਤਿ, ਵਰਨ, ਸਮਾਜਕ ਸਤਰ, ਜਾਂ ਦੇਸ/ਇਲਾਕੇ ਦਾ ਹੋਵੇ! ! ਪਰਮਾਤਮਾ ਦੀ ਤਰ੍ਹਾਂ
ਗਿਆਨ ਦੀ ਜਾਤਿ ਨਹੀਂ ਹੁੰਦੀ, ਅਤੇ ਨਾਂ ਹੀ ਗਿਆਨੀ ਜਾਂ ਗੁਰੂ ਦੀ! ! ਗੁਰੂ ਸ੍ਰਿਸ਼ਟੀ ਵਿੱਚ, ਇਸ
ਧਰਤੀ `ਤੇ ਕਿਤੇ ਵੀ ਪ੍ਰਗਟ ਹੋ ਸਕਦਾ ਹੈ। ਗੁਰੂ, ਸੂਰਜ ਦੀ ਤਰ੍ਹਾਂ, ਸਾਰੀ ਮਨੁੱਖਤਾ ਦਾ ਸਾਂਝਾ
ਹੁੰਦਾ ਹੈ। ਕਿਸੇ ਵੀ ਇੱਕ ਜਾਤਿ ਜਾਂ ਵਰਗ ਦੇ ਲੋਕ ਇਸ `ਤੇ ਕਬਜ਼ਾ ਨਹੀਂ ਜਤਾ ਸਕਦੇ। ਪਰ, ਜੇ ਕੋਈ
ਇਉਂ ਕਰਦਾ ਹੈ ਤਾਂ ਨਿਸੰਦੇਹ ਉਹ ਅਗਿਆਨੀ, ਸਾਕਤ, ਪਾਸ਼ੰਡੀ, ਤੇ ਮਨਮੁੱਖ ਹੈ।
ਸਾਰੇ ਬਾਣੀਕਾਰ ਅਕਾਲਪੁਰਖ ਦੀ ਸਿਫ਼ਤ-ਸਲਾਹ ਦੇ ਸਾਂਝੇ ਬੇੜੇ ਦੇ ਸ਼ਾਹਸਵਾਰ
ਹਨ। ਉਨ੍ਹਾਂ ਵਿੱਚ ਵਿਤਕਰਾ ਕਰਨਾਂ ਗੁਰਸਿੱਖੀ ਨਹੀਂ; ਉਲਟਾ, ਗੁਰਮੱਤ ਵੱਲੋਂ ਬੇਮੁੱਖਤਾ ਅਤੇ
‘ਉਸ’
ਦਾ ਅਪਮਾਨ ਹੈ। ਇਹੋ ਜਿਹੀ ਸੋਚ ਕਿਸੇ ਸਿੱਖ/ਸੇਵਕ
ਦੀ ਨਹੀਂ ਹੋ ਸਕਦੀ; ਕਿਸੇ ਮਨਮੁੱਖ ਸਾਕਤ ਦੀ ਹੀ ਹੋਵੇਗੀ! ! !
(ਇਤਿ)
ਭੁਲ ਚੁਕ ਲਈ ਖਿਮਾ ਦਾ ਜਾਚਕ
ਦਾਸ,
ਗੁਰਇੰਦਰ ਸਿੰਘ ਪਾਲ
ਮਾਰਚ
28, 2010.