.

☬ ਵੈਸਾਖੀ, ਅੰਮ੍ਰਿਤ ਅਤੇ ਖ਼ਾਲਸਾ ਸਾਜਨ ਦਿਵਸ ਦੀ ਮਹਾਂਨਤਾ ☬
(ਅਵਤਾਰ ਸਿੰਘ ਮਿਸ਼ਨਰੀ-510-432-5827)

ਵੈਸਾਖੀ-ਸੰਸਕ੍ਰਿਤ ਦਾ ਲਫ਼ਜ਼ ਹੈ ਜਿਸ ਦਾ ਅਰਥ ਹੈ ਵਿਸ਼ਾਖਾ ਨਸ਼ੱਤ੍ਰ ਵਾਲੀ ਪੂਰਨਮਾਸ਼ੀ, ਸੂਰਜ ਦੇ ਹਿਸਾਬ ਵੈਸਾਖ ਮਹੀਨੇ ਦਾ ਪਹਿਲਾ ਦਿਨ। ਬ੍ਰਾਹਮਣੀ ਮੱਤ ਅਨੁਸਾਰ 27 ਨਸ਼ੱਤ੍ਰ ਹਨ ਇਨ੍ਹਾਂ ਚੋਂ ਵੈਸਾਖ ਨਸ਼ੱਤ੍ਰ ਪਵਿਤਰ ਮੰਨਿਆਂ ਜਾਂਦਾ ਹੈ। ਬ੍ਰਾਹਮਣ ਨੇ ਚਾਰ ਪ੍ਰਮੁੱਖ ਤਿਉਹਾਰ ਮੰਨੇ ਹਨ-ਵੈਸਾਖੀ, ਦੁਹਸ਼ਹਿਰਾ,. ਦੀਵਾਲੀ ਅਤੇ. ਹੋਲੀ। ਕ੍ਰਮਵਾਰ ਵੈਸਾਖੀ ਬ੍ਰਾਹਮਣਾਂ ਦਾ, ਦੁਹਸ਼ਹਿਰਾ ਖੱਤਰੀਆਂ ਦਾ, ਦਿਵਾਲੀ ਵੈਸ਼ਾਂ ਦਾ, ਅਤੇ ਹੋਲੀ ਸ਼ੂਦਰਾਂ ਦਾ ਤਿਉਹਾਰ ਹੈ। ਬ੍ਰਾਹਮਣੀ ਗ੍ਰੰਥਾਂ ਜਿਵੇਂ ਮੰਨੂੰ ਸਿਮਰਤੀ ਆਦਿਕ ਅਨੁਸਾਰ ਮਨੁੱਖਤਾ ਨੂੰ ਊਚ-ਨੀਚ, ਜਾਤਿ-ਪਾਤਿ, ਛੂਆ-ਛਾਤਿ, ਵਹਿਮ-ਭਰਮ, ਕਰਮ-ਕਾਂਡ ਵਿੱਚ ਵੰਡਿਆ ਹੋਇਆ ਸੀ ਅਤੇ ਉਨ੍ਹਾਂ ਦੇ ਰੀਤੀ ਰਿਵਾਜ ਤੇ ਤਿਉਹਾਰਾਂ ਦੀਆਂ ਵੀ ਬ੍ਰਾਹਮਣ ਨੇ ਹੀ ਵੰਡੀਆਂ ਪਾਈਆਂ ਸਨ। ਇਸ ਸਾਰੀ ਵਰਣਵੰਡ ਨੂੰ ਕ੍ਰਾਂਤੀਕਾਰੀ ਭਗਤਾਂ ਅਤੇ ਸਿੱਖ ਗੁਰੂਆਂ ਖਤਮ ਕੀਤਾ ਭਾਵ ਇਨ੍ਹਾਂ ਵਹਿਮਾਂ ਤੋਂ ਮਨੁੱਖਤਾ ਦਾ ਖਹਿੜਾ ਛੁਡਾਇਆ-ਨਾਨਕ ਵੈਸਾਖੀ ਪ੍ਰਭ ਪਾਵੈ ਸੁਰਤਿ ਸਬਦਿ ਮਨੁ ਮਾਨਾ॥ (1108) ਵੈਸਾਖ ਦੇ ਮਹੀਨੇ ਦੁਆਰਾ ਵੀ ਸ਼ਬਦ ਸੁਰਤ ਰਾਹੀਂ ਪ੍ਰਭੂ ਨੂੰ ਪਾਉਂਣ ਦੀ ਗੱਲ ਕੀਤੀ ਹੈ ਨਾ ਕਿ ਕਿਸੇ ਬ੍ਰਾਹਮਣ ਜਾਂ ਸਾਧੂ-ਸੰਤ ਨੂੰ ਪੁੰਨ ਦਾਨ ਕਰਨ ਦੀ। ਗੁਰਸਿੱਖ ਕਿਸੇ ਮਹੀਨੇ ਜਾਂ ਥਿੱਤਵਾਰ ਦਾ ਪੁਜਾਰੀ ਨਹੀਂ ਹੈ, ਜੇ ਹੈ ਤਾਂ, ਉਹ ਗੁਰਸਿੱਖ ਨਹੀਂ ਹੋ ਸਕਦਾ ਸਗੋਂ ਜੇ ਥਿੱਤਾਂ ਵਾਰਾਂ ਨੂੰ ਚੰਗਾ-ਮੰਦਾ ਮੰਨਦਾ ਹੈ ਤਾਂ ਗੁਰਬਾਣੀ ਅਨੁਸਾਰ ਉਹ ਮਹਾਂ ਮੂਰਖ ਹੈ-ਸਤਿਗੁਰੁ ਬਾਝਹੁ ਅੰਧ ਅੰਧਾਰ॥ ਥਿਤੀ ਵਾਰ ਸੇਵਹਿ ਮੁਗਧ ਗਵਾਰ॥ (842) ਰੱਬ ਦੇ ਬਣਾਏ ਦਿਨ-ਰਾਤ, ਥਿੱਤ-ਵਾਰ, ਮਹੀਨੇ-ਸਾਲ ਸਾਰੇ ਹੀ ਭਲੇ ਹਨ-ਮਹਾ ਦਿਵਸ ਮੂਰ੍ਹਤ ਭਲੇ ਜਿਸ ਕਉ ਨਦਰਿ ਕਰੇ॥ (136) ਵੈਸਾਖੀ ਇੱਕ ਮੌਸਮੀ ਤਿਉਹਾਰ ਹੈ ਇਸ ਦੇ ਮੇਲੇ ਤਾਂ ਪਹਿਲਾਂ ਵੀ ਲਗਦੇ ਸਨ ਅਤੇ ਫਸਲ ਪੱਕਣ ਦੀ ਖੁਸ਼ੀ ਵਿੱਚ ਜੱਟ-ਜਿਮੀਦਾਰ ਪਹਿਲਾਂ ਹੀ ਭੰਗੜੇ ਪਉਂਦੇ ਅਤੇ ਬ੍ਰਾਹਮਣ ਨੂੰ ਦਾਨ ਪੁੰਨ ਕਰਦੇ ਸਨ। ਸਮਾਂ ਬਦਲਿਆ ਸਾਧਾਂ ਦੇ ਡੇਰਿਆਂ ਤੇ ਵੀ ਦਾਨ ਕਰਨ ਲੱਗ ਪਏ ਅਤੇ ਵੈਸਾਖੀ ਮੇਲੇ ਤੇ ਗੌਣ ਵਾਲੀਆਂ ਅਤੇ ਤੂੰਬੀਆਂ ਵਾਲੇ ਵੀ ਬੁਲਾਏ ਜਾਣ ਲੱਗ ਪਏ। ਅੱਜ ਤਾਂ ਵੈਸਾਖੀ ਨਾਈਟਾਂ ਵੀ ਮਨਾਈਆਂ ਜਾਂਦੀਆਂ ਹਨ, ਵੱਡੇ-ਵੱਡੇ ਕਲਾਕਾਰ ਆਪਣੀ ਕਲਾ ਦੇ ਜੌਹਰ ਦਿਖਾਉਂਦੇ ਹਨ। ਅੱਜ ਵੈਸਾਖੀ ਪੰਜਾਬੀ ਮੇਲੇ ਦੇ ਰੂਪ ਵਿੱਚ ਹੀ ਵੱਧ ਮਨਾਈ ਜਾ ਰਹੀ ਹੈ। ਆਓ ਜਰਾ ਵਿਚਾਰ ਕਰੀਏ ਕਿ ਫਿਰ ਵੈਸਾਖੀ ਨਾਲ ਸਿੱਖ ਕੌਮ ਦਾ ਕੀ ਸਬੰਧ ਹੈ?
ਵੈਸਾਖੀ ਨਾਲ ਸਿੱਖ ਕੌਮ ਦਾ ਸਬੰਧ-ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਮਹੀਨਾ ਅਤੇ ਖਾਲਸਾ ਸਾਜਨ ਦਿਵਸ ਕਰਕੇ ਸਬੰਧ ਹੈ। ਮਨੁੱਖਤਾ ਦੇ ਸੱਚੇ-ਸੁੱਚੇ ਰਹਿਬਰ, ਸਿੱਖ ਕੌਮ ਦੇ ਬਾਨੀ ਬਾਬਾ ਨਾਨਕ ਜੀ ਦਾ ਇੰਨਸਾਨੀ ਜਨਮ ਅਤੇ ਰੂਹਾਨੀ ਪ੍ਰਕਾਸ਼ ਵੈਸਾਖ ਮਹੀਨੇ ਵਿੱਚ ਹੋਇਆ ਅਤੇ ਦਸਵੇਂ ਜਾਮੇ ਵਿੱਚ ਖੰਡੇ ਦੀ ਪਾਹੁਲ ਦੇ ਕੇ ਸਿੱਖ ਨੂੰ ਸਿੰਘ ਅਤੇ ਕੌਰ ਦੀ ਸੰਗਿਆ ਬਖਸ਼ਿਸ਼ ਦਰਦੇ ਹੋਏ ਨਿਰਮਲ ਪੰਥ ਦੀ ਰੱਖੀ ਹੋਈ ਨੀਂਹ ਨੂੰ ਖਾਲਸਾ ਪੰਥ ਦੇ ਰੂਪ ਵਿੱਚ ਮਨੁੱਖੀ ਬਰਾਬਰਤਾ ਦਿੰਦੇ ਹੋਏ ਸੰਨ 1699 ਦੀ ਵੈਸਾਖੀ ਨੂੰ ਮੁਕੰਮਲ ਕੀਤਾ। ਇਸ ਕਰਕੇ ਖ਼ਾਲਸੇ ਦੀ ਵੈਸਾਖੀ ਥਿਤੀ ਵਾਰ ਵਾਲੀ ਬ੍ਰਾਹਮਣੀ ਵੈਸਾਖੀ ਨਾਲੋਂ ਵਿਲੱਖਣ ਤੇ ਮਹਾਂਨ ਹੈ ਅਤੇ ਇਸ ਵਿਲੱਖਣ ਤੇ ਮਹਾਨਤਾ ਵਾਲੀ ਵੈਸਾਖੀ ਨਾਲ ਸਿੱਖ ਕੌਮ ਦਾ ਸਿੱਧਾ ਸਬੰਧ ਹੈ। ਗੁਰੂ ਸਾਹਿਬਾਨ ਵੈਸਾਖੀ ਤੇ ਵਿਸ਼ੇਸ਼ ਜੋੜ ਮੇਲਾ ਕਰਿਆ ਕਰਦੇ ਸਨ। ਇਤਿਹਾਸ ਮੁਤਾਬਿਕ ਗੁਰੂ ਅਮਰਦਾਸ ਜੀ ਦੀ ਆਗਿਆ ਨਾਲ ਡੱਲਾ ਨਿਵਾਸੀ ਭਾਈ ਪਾਰੋ ਪਰਮਹੰਸ ਨੇ ਵੱਡੀ ਪੱਧਰ ਤੇ ਵੈਸਾਖੀ ਜੋੜ ਮੇਲਾ ਸ਼ੁਰੂ ਕੀਤਾ। ਦਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਰੂਪ ਵਿੱਚ ਇਸ ਦਿਨ ਖੰਡੇ ਦੀ ਪਾਹੁਲ ਦੇ ਕੇ ਭਗਤੀ ਤੇ ਸ਼ਕਤੀ ਦਾ ਸੁਮੇਲ ਕੀਤਾ ਅਤੇ ਗੁਰਸਿੱਖਾਂ ਨੂੰ ਖ਼ਾਲਸੇ ਦੀ ਸੰਗਿਆ ਦਿੱਤੀ ਕਿਉਂਕਿ ਸਿੱਖ ਹੁਣ ਜਾਤਾਂ-ਪਾਤਾਂ, ਛੂਆ-ਛਾਤਾਂ, ਵਹਿਮਾਂ-ਭਰਮਾਂ ਅਤੇ ਕਰਮਕਾਂਡਾਂ ਦੀ ਮਿਲਾਵਟ ਤੋਂ ਖ਼ਾਲਸ ਹੋ ਚੁੱਕਾ ਸੀ। ਵੈਸਾਖੀ ਵਾਲੇ ਦਿਨ ਹੀ ਖ਼ਾਲਸਾ ਪੰਥ ਸਰਬੱਤ ਖ਼ਾਲਸੇ ਦੇ ਰੂਪ ਵਿੱਚ ਇਕੱਤਰ ਹੋ ਕੇ ਸ੍ਰੀ ਅਕਾਲ ਤਖ਼ਤ ਅੰਮ੍ਰਿਤਸਰ ਵਿਖੇ ਆਪਸੀ ਵਿਚਾਰ ਵਿਟਾਂਦਰੇ ਉਪ੍ਰੰਤ ਗੁਰਬਾਣੀ ਦੀ ਰੌਸ਼ਨੀ ਵਿੱਚ ਮਤੇ ਅਤੇ ਗੁਰਮਤੇ ਪਾਸ ਕਰਦਾ ਸੀ ਅਤੇ ਅਭਿਲਾਖੀਆਂ ਨੂੰ ਖੰਡੇ ਦੀ ਪਾਹੁਲ ਦਿੰਦਾ ਸੀ। ਇਸ ਕਰਕੇ ਸਾਰੇ ਖਾਲਸਾ ਪੰਥ ਦੀ ਮਰਯਾਦਾ ਇੱਕ ਸੀ ਤੇ ਖ਼ਾਲਸਾ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿੰਦਾ ਸੀ। ਇਹ ਮਰਯਾਦਾ ਪਹਿਲਾਂ ਮਹੰਤਾ ਨੇ ਅੰਗ੍ਰੇਜ਼ੀ ਸਰਕਾਰ ਰਾਹੀਂ ਗੁਰਦੁਆਰਿਆਂ ਤੇ ਕਾਬਜ਼ ਹੋ ਕੇ ਖਤਮ ਕੀਤੀ ਅਤੇ ਫਿਰ ਸਿੰਘਾਂ ਨੇ ਸਿੰਘ ਸਭਾ ਦੇ ਰੂਪ ਵਿੱਚ ਇਨ੍ਹਾਂ ਹਂਕਾਰੀ, ਵਿਕਾਰੀ ਅਤੇ ਦੁਰਾਚਾਰੀ ਮਹੰਤਾਂ ਨੂੰ ਗੁਰੂ ਘਰਾਂ ਵਿੱਚੋਂ ਕੱਢ ਕੇ ਬਹਾਲ ਕੀਤੀ। ਜਿਸ ਮਰਯਾਦਾ ਨੂੰ ਅੱਜ ਦੇ ਮਾਇਆਧਾਰੀ, ਗਿਆਨ ਵਿਹੂਣੇ ਹੰਕਾਰੀ ਪ੍ਰਬੰਧਕਾਂ ਅਤੇ ਭੇਖੀ ਸਾਧਾਂ ਸੰਤਾਂ ਨੇ ਧੱਕੇ ਨਾਲ ਖਤਮ ਕਰ ਦਿੱਤਾ ਹੈ।
ਹੁਣ ਵੈਸਾਖੀ ਵਾਲੇ ਦਿਨ ਗੁਰਮਤੇ ਕਰਨ ਦੀ ਥਾਂ ਪਾਠਾਂ ਦੀਆਂ ਲੜੀਆਂ ਚਲਾਈਆਂ ਜਾਂਦੀਆਂ ਹਨ। ਇੱਕ ਥਾਂ ਤੇ ਕਈ-2 ਇਕੱਠੇ ਪਾਠ ਰੱਖੇ ਜਾਂਦੇ ਹਨ ਅਤੇ ਸੰਗਤਾਂ ਨੂੰ ਵੱਧ ਤੋਂ ਵੱਧ ਅਖੰਡ ਪਾਠ ਕਰਾਉਂਣ ਦੀਆਂ ਅਪੀਲਾਂ ਕੀਤੀਆਂ ਜਾਂਦੀਆਂ ਹਨ ਪਰ ਗੁਰਬਾਣੀ ਸਿੱਖਣ ਸਿਖਾਉਣ ਦੀ ਅਪੀਲ ਕੋਈ ਨਹੀਂ ਕੀਤੀ ਜਾਂਦੀ ਕਿਉਂ? ਕੀ ਇਨ੍ਹਾਂ ਗੁਰਪੁਰਬਾਂ ਦਾ ਮਕਸਦ ਪਾਠਾਂ ਦੀਆਂ ਲੜੀਆਂ ਚਲਾ ਕੇ ਪੈਸਾ ਇੱਕਠਾ ਕਰਨਾਂ ਅਤੇ ਸੰਗਤਾਂ ਨੂੰ ਸਦਾ ਲਈ ਪੇਅਡ ਪਾਠੀਆਂ ਤੇ ਹੀ ਡੀਪੈਂਡ ਕਰਨਾ ਹੈ? ਅੱਜ ਸੈਂਕੜਿਆਂ ਚੋਂ ਕਿਸੇ ਇੱਕ ਗੁਰੂ ਘਰ ਵਿੱਚ ਹੀ ਅਕਾਲ ਤਖ਼ਤ ਤੋਂ ਪ੍ਰਵਾਣਿਤ ਮਰਯਾਦਾ ਲਾਗੂ ਹੈ ਬਾਕੀ ਸਭ ਗੁਰਦੁਆਰਿਆਂ ਵਿੱਚ ਮਹੰਤੀ ਅਤੇ ਸੰਪਰਦਾਈ ਮਰਯਾਦਾ ਹੀ ਚਲਾਈ ਜਾਂਦੀ ਹੈ। ਸਿੱਖ ਅਗਿਆਨਤਾ ਤੇ ਕਮਜੋਰੀ ਦੀ ਨੀਂਦ ਵਿੱਚ ਸੁੱਤੇ ਪਏ ਹਨ। ਗੁਰਬਾਣੀ ਦੇ ਅਸਲੀ ਮਨੋਰਥ ਨੂੰ ਛੱਡ ਕੇ ਸਾਧਾਂ ਦੀਆਂ ਬਣਾਈਆਂ ਮਨੋ ਕਲਪਿਤ ਕਹਾਣੀਆਂ ਹੀ ਗੁਰੂ ਘਰਾਂ ਵਿੱਚ ਪ੍ਰਚਾਰੀਆਂ ਜਾ ਰਹੀਆਂ ਹਨ। ਵੈਸਾਖੀ ਦੇ ਸੰਦੇਸ਼ ਨੂੰ ਕਰਮ ਕਾਂਡਾਂ ਦੇ ਚਿੱਕੜ ਵਿੱਚ ਰੋਲਿਆ ਜਾ ਰਿਹਾ ਹੈ। ਪਿਆਰੇ ਖ਼ਾਲਸਾ ਜੀ! ਵੈਸਾਖੀ ਦੀ ਵਿਲੱਖਣ ਮਹਾਨਤਾ ਨੂੰ ਸਮਝ ਕੇ ਗੁਰੂ ਘਰਾਂ ਵਿੱਚ ਆ ਵੜੇ ਬ੍ਰਾਹਮਣੀ ਅਤੇ ਸੰਪਰਦਾਈ ਕਰਮਕਾਂਡਾਂ ਤੋਂ ਖਹਿੜਾ ਛੁਡਾਈਏ ਅਤੇ ਗੁਰਬਾਣੀ ਦੇ ਸੱਚੇ ਸੁੱਚੇ ਵਿਚਾਰਾਂ ਅਤੇ ਮਰਯਾਦਾ ਨੂੰ ਧਾਰਨ ਕਰੀਏ।
ਖ਼ਾਲਸਾ ਸ਼ਬਦ ਦੀ ਮਹਾਂਨਤਾ-ਖ਼ਾਲਸਾ ਅਰਬੀ ਭਾਸ਼ਾ ਦਾ ਲਫ਼ਜ਼ ਹੈ ਜਿਸ ਦਾ ਅਰਥ ਹੈ ਨਿਰੋਲ, ਸ਼ੁੱਧ ਅਤੇ ਖਰਾ, ਬਿਨਾ ਕਿਸੇ ਮਿਲਾਵਟ ਅਤੇ ਪੰਥ ਦਾ ਅਰਥ ਹੈ ਰਾਹ (ਇੱਕਸਾਰਤਾ-ਰਸਤਾ) ਖ਼ਾਲਸਾ ਦਾ ਮਤਲਬ ਇਹ ਵੀ ਹੈ ਕਿ ਉਹ ਜ਼ਮੀਨ ਜਾਂ ਮੁਲਕ ਜਿਸ ਦਾ ਬਾਦਸ਼ਾਹ ਨਾਲ ਸਿੱਧਾ ਸਬੰਧ ਹੈ ਜੋ ਕਿਸੇ ਜਗੀਰਦਾਰ ਜਾਂ ਜਿਮੀਦਾਰ ਦੇ ਅੰਡਰ ਨਹੀਂ (ਮਹਾਂਨ ਕੋਸ਼ ਭਾ. ਕਾਨ੍ਹ ਸਿੰਘ ਨਾਭਾ) ਸੋ ਗੁਰੂਆਂ ਤੋਂ ਪਹਿਲਾਂ ਭਗਤਾਂ ਨੇ ਵੀ ਖ਼ਾਲਸਾ ਲਫ਼ਜ਼ ਦੀ ਵਰਤੋਂ ਕੀਤੀ ਹੈ ਜਿਵੇਂ ਭਗਤ ਕਬੀਰ ਜੀ ਫੁਰਮਾਂਦੇ ਹਨ-ਕਹੁ ਕਬੀਰ ਜਨ ਭਏ ਖ਼ਾਲਸੇ ਪ੍ਰੇਮ ਭਗਤਿ ਜਿਹ ਜਾਨੀ॥ (655) ਜਿਨ੍ਹਾਂ ਨੇ ਪ੍ਰੇਮਾਂ ਭਗਤੀ ਭਾਵ ਖਲਕਤ ਵਿੱਚ ਵਸਦੇ ਰੱਬੀ ਪਿਆਰ ਨੂੰ ਜਾਣ ਲਿਆ ਹੈ ਉਹ ਖ਼ਾਲਸੇ ਹਨ ਪਰ ਅੱਜ ਸਾਡੇ ਬਹੁਤੇ ਭਾਈ ਕੇਵਲ ਤੇ ਕੇਵਲ ਪੰਜ ਕਕਾਰੀ ਬਾਣਾਧਾਰੀ ਮਨੁੱਖ ਨੂੰ ਹੀ ਖ਼ਾਲਸਾ ਕਹਿੰਦੇ ਹਨ ਤੇ ਬਾਕੀ ਹੋਰਾਂ ਨੂੰ ਨਹੀਂ ਭਾਂਵੇਂ ਉਹ ਗੁਰਬਾਣੀ ਦੇ ਅਤਿਅੰਤ ਰਸੀਏ ਵੀ ਕਿਉਂ ਨਾਂ ਹੋਣ। ਗੁਰਬਾਣੀ ਅਨੁਸਾਰ ਤਾਂ-ਸਰਬ ਧਰਮ ਮਹਿ ਸ੍ਰੇਸਟਿ ਧਰਮ॥ ਹਰਿ ਕੋ ਨਾਮਿ ਜਪਿ ਨਿਰਮਲ ਕਰਮ॥ (ਸੁਖਮਨੀ) ਰੱਬ ਦਾ ਨਾਮ ਜਪਣਾ ਤੇ ਨਿਰਮਲ ਕਰਮ ਕਰਨੇ ਹੀ ਸਭ ਦਾ ਸਰਬ ਸਾਂਝਾ ਤੇ ਸਰਬ ਸ੍ਰੇਸ਼ਟ ਧਰਮ ਹੈ। ਐਸੇ ਸਰਬ ਸਾਂਝੇ ਧਰਮ ਦਾ ਧਾਰਨੀ ਖ਼ਾਲਸਾ ਕਿਉਂ ਨਹੀਂ ਹੋ ਸਕਦਾ? ਕੀ ਸਾਨੂੰ ਗੁਰਬਾਣੀ ਤੇ ਵਿਸ਼ਵਾਸ਼ ਨਹੀਂ? ਗੁਰਬਾਣੀ ਤਾਂ ਪ੍ਰੇਮਾ ਭਗਤੀ ਕਰਨ ਵਾਲਿਆਂ ਨੂੰ ਖ਼ਾਲਸਾ ਕਹਿ ਰਹੀ ਹੈ। ਜੇ ਹਿਰਦੇ ਵਿੱਚ ਪ੍ਰੇਮ ਨਹੀਂ ਦਵੈਸ਼ ਹੈ ਤਾਂ ਖ਼ਾਲਸਾ ਨਹੀਂ ਹੋ ਸਕਦਾ। ਖ਼ਾਲਸੇ ਦਾ ਮਤਲਬ ਹੈ ਖ਼ਾਲਸ, ਮਿਲਾਵਟ ਰਹਿਤ ਜਿਸ ਦਾ ਅਕਾਲ ਪੁਰਖ ਨਾਲ ਸਿੱਧਾ ਸਬੰਧ ਹੈ ਪਰ ਅੱਜ ਆਪਣੇ ਆਪ ਨੂੰ ਖ਼ਾਲਸਾ ਕਹਿਣ ਵਾਲਿਆਂ ਵਿੱਚ ਬ੍ਰਾਹਮਣੀ ਕਰਮ ਕਾਂਢਾਂ ਦੀ ਮਿਲਾਵਟ ਵੀ ਹੈ ਤੇ ਅਕਾਲ ਪੁਰਖ ਨਾਲ ਸਿੱਧਾ ਸਬੰਧ ਦੀ ਥਾਂ ਸਾਧਾਂ ਤੇ ਸੰਪਰਦਾਈਆਂ ਨਾਲ ਗੂੜਾ ਸਬੰਧ ਵੀ ਹੈ ਅਤੇ ਜੋ ਹੰਕਾਰ ਤੇ ਗੁੱਸੇ ਨਾਲ ਵੀ ਭਰੇ ਪੀਤੇ ਰਹਿੰਦੇ ਹਨ। ਅੰਮ੍ਰਿਤ ਛੱਕ ਕੇ ਵੀ ਉਨ੍ਹਾਂ ਅੰਦਰੋਂ ਜਾਤਿ-ਪਾਤਿ ਦਾ ਅਭਿਮਾਨ ਨਹੀਂ ਗਿਆ ਕਿ ਅਸੀਂ ਜੱਟ ਸਿੱਖ ਹਾਂ, ਰਾਮਗੜੀਏ ਸਿੱਖ ਹਾਂ ਫਲਾਨੇ ਤਾਂ ਮਜ਼ਬੀ ਤੇ ਰਵਿਦਾਸੀਏ ਸਿੱਖ ਹਨ। ਕੀ ਅਜਿਹੇ ਲੋਕ ਗੁਰੂ ਦੇ ਖ਼ਾਲਸੇ-ਸਿੱਖ ਹੋ ਸਕਦੇ ਹਨ? ਗੁਰੂ ਨੇ ਤਾਂ ਇਕੋ ਸੰਗਤ ਪੰਗਤ ਵਿੱਚ ਬੈਠਾਇਆ, ਖਵਾਇਆ ਅਤੇ ਇਕੋ ਬਾਟੇ ਵਿੱਚ ਰੱਬੀ ਬਾਣੀ ਦਾ ਅੰਮ੍ਰਿਤ ਪਿਲਾ ਕੇ ਜਾਤਿ-ਪਾਤਿ ਅਤੇ ਸੁੱਚ-ਭਿੱਟ ਖਤਮ ਕੀਤੀ। ਕੀ ਖ਼ਾਲਸਾ ਕਹਾਉਣ ਵਾਲਿਆਂ ਨੇ ਜਾਤਿ-ਪਾਤਿ ਦੀ ਵੀਚਾਰ ਛੱਡ ਦਿੱਤੀ ਹੈ? ਕੀ ਜਾਤਿ ਪਾਤਿ ਤੋਂ ਉੱਪਰ ਉੱਠ ਕੇ ਰਿਸ਼ਤੇਦਾਰੀਆਂ ਕਾਇਮ ਕੀਤੀਆਂ ਹਨ? ਕੀ ਜੱਟ ਖਾਲਸੇ ਨੇ ਆਪਣੀ ਧੀ ਦਾ ਰਿਸ਼ਤਾ ਚਮਾਰ ਖਾਲਸੇ ਦੇ ਪੁੱਤਰ ਨੂੰ ਕੀਤਾ ਹੈ? ਜਦ ਕਿ ਜੱਟ ਚਮਾਰ ਵਾਲਾ ਜਾਤ-ਪਾਤੀ ਵਿਤਕਰਾ ਬ੍ਰਾਹਮਣ ਦੀ ਉਪਜ ਹੈ ਅਤੇ ਰੱਬ ਦੇ ਬਣਾਏ ਬੰਦਿਆਂ ਦੀ ਤਾਂ ਇੱਕ ਹੀ ਮਨੁੱਖਾ ਜਾਤਿ ਹੈ।
ਅੱਜ ਦਾ ਖ਼ਾਲਸਾ ਅੱਗ, ਤੇਲ ਜਾਂ ਘਿਓ ਦੀ ਜੋਤਿ ਦੀ ਪੂਜਾ ਕਰ ਰਿਹਾ ਹੈ ਜੋ ਹੱਥੀਂ ਬਾਲੀ ਤੇ ਬੁਝ ਵੀ ਜਾਂਦੀ ਹੈ ਪਰ ਗੁਰੂ ਤਾਂ ਉਸ ਜੋਤ ਦੀ ਗੱਲ ਕਰਦੇ ਹਨ ਜੋ ਸਭ ਵਿੱਚ ਸਭ ਥਾਂ ਤੇ ਸਦੀਵ ਜਗਦੀ ਅਤੇ ਚਾਨਣ ਕਰਦੀ ਹੈ-ਸਭਿ ਮਹਿ ਜੋਤਿ ਜੋਤਿ ਹੈ ਸੋਇ॥ ਤਿਸੁ ਦੈ ਚਾਨਣ ਸਭਿ ਮਹਿ ਚਾਨਣ ਹੋਇ॥ (663) ਅੱਜ ਦਾ ਖ਼ਾਲਸਾ ਸ਼ਹੀਦਾਂ ਦੀਆਂ ਮੜ੍ਹੀਆਂ ਤੇ ਜੋਤਾਂ-ਦੀਵੇ ਜਗਾ ਰਿਹਾ ਹੈ। ਤੀਰਥਾਂ ਤੇ ਯਾਤਰਾ ਕਰਦਿਆਂ ਵੇਹਲੜਾਂ ਨੂੰ ਕੁਥਾਂਏਂ ਦਾਨ ਕਰ ਰਿਹਾ ਹੈ। ਕੀੜੀਆਂ, ਜੂੰਆਂ, ਸੱਪਾਂ ਆਦਿਕ ਤੇ ਤਾਂ, ਥਾਂ-ਥਾਂ ਦਇਆ ਕਰ ਰਿਹਾ ਹੈ ਪਰ ਆਪਣੇ ਹੀ ਧਰਮ ਭਾਈਆਂ ਦਾ ਹੱਕ ਮਾਰ ਕੇ ਖੂਨ ਪੀ ਰਿਹਾ ਹੈ ਭਾਵ ਕਾਮਿਆਂ ਦਾ ਹੱਕ ਮਾਰ ਰਿਹਾ ਹੈ। ਨੰਗੇ ਪੈਰੀਂ ਚੱਲਣ, ਚਾਲੀਸੇ ਕੱਟਣ ਤੇ ਗਿਣਤੀ ਮਿਣਤੀ ਦੇ ਪਾਠ ਤੇ ਸੰਪਟ ਪਾਠਾਂ ਦੇ ਜਪ ਤਪ ਕਰ ਰਿਹਾ ਹੈ। ਕੀ ਐਸਾ ਵਿਸ਼ਵਾਸ਼ੀ ਤੇ ਕਰਮਕਾਂਡੀ ਸਿੱਖ ਖ਼ਾਲਸਾ ਹੋ ਸਕਦਾ ਹੈ? ਅੱਜ ਦਾ ਖਾਲਸਾ ਭਰਮੀ ਹੁੰਦਾ ਜਾ ਰਿਹਾ ਹੈ ਜਿਵੇਂ ਸੰਗ੍ਰਾਂਦ ਦਾ ਦਿਨ ਹੀ ਪਵਿਤਰ ਹੈ, ਬਿੱਲੀ ਰਸਤਾ ਕੱਟ ਗਈ ਦਾ ਭਰਮ, ਦਿਸ਼ਾ ਦਾ ਭਰਮ ਕਿ ਇਧਰ ਨੂੰ ਮੂੰਹ ਕਰਕੇ ਹੀ ਪਾਠ ਰੱਖਣਾ ਹੈ ਓਧਰ ਨੂੰ ਨਹੀਂ। ਰੋਟੀ ਕੇਵਲ ਤੱਪੜ ਤੇ ਬੈਠ ਕੇ ਖਾਣਾ ਹੀ ਧਰਮ ਹੈ ਕੁਰਸੀ ਮੇਜ ਤੇ ਖਾਣ ਨਾਲ ਧਰਮ ਟੁੱਟ ਜਾਵੇਗਾ। ਗੁਰੂ ਮਹਾਂਰਾਜ ਦੀ ਸਵਾਰੀ ਅੱਗੇ ਬੂੰਦ ਬੂੰਦ ਪਾਣੀ ਛਿਟਕਣਾ ਕਿ ਧਰਤੀ ਪਵਿਤਰ ਹੋ ਜਾਂਦੀ ਹੈ ਜਦ ਕਿ ਜਦੋਂ ਰਸਤੇ ਕੱਚੇ ਹੁੰਦੇ ਸਨ ਓਦੋਂ ਧੂੜ ਬੈਠਾਉਣ ਲਈ ਅਜਿਹਾ ਕੀਤਾ ਜਾਂਦਾ ਸੀ। ਅੱਜ ਪੱਕੇ ਘਰਾਂ, ਪੱਕੀਆਂ ਸੜਕਾਂ ਅਤੇ ਕਾਰਾਂ ਤੇ ਪਾਣੀ ਛਿੜਕਣਾ ਭਰਮ ਨਹੀਂ ਤਾਂ ਹੋਰ ਕੀ ਹੈ? ਭਰਮ ਭੇਖ ਤੇ ਰਹੇ ਨਿਆਰਾ ਭਾਵ ਭੇਖ ਨੂੰ ਹੀ ਧਰਮ ਨਾਂ ਸਮਝ ਲਵੇ, ਕ੍ਰਿਪਾਨ ਲਹਿ ਗਈ, ਕੰਘਾ ਡਿੱਗ ਪਿਆ, ਕਛਹਿਰਾ ਦੋਹਾਂ ਪੈਰਾਂ ਚੋਂ ਲਹਿ ਗਿਆ ਤਾਂ ਅੰਮ੍ਰਿਤ ਟੁੱਟ ਗਿਆ ਦਾ ਭਰਮ, ਮਾਸ ਖਾਣ ਜਾਂ ਨਾ ਖਾਣ ਦਾ ਭਰਮ, ਕ੍ਰਿਪਾਨ ਨਾ ਲਹੁਣਾ ਦਾ ਭਰਮ ਫਿਰ ਭਾਰਤ ਤੋਂ ਬਾਹਰ ਜਾਂ ਭਾਰਤ ਵਿੱਚ ਵੀ ਹਵਾਈ ਸਫਰ ਤਾਂ ਕਰ ਹੀ ਨਹੀਂ ਸਕਦਾ। ਪੰਜ ਕਕਾਰ ਫੌਜੀ ਖ਼ਾਲਸੇ ਦੀ ਵਰਦੀ ਹੈ ਪਰ ਫੌਜੀ ਵੀ ਡਿਊਟੀ ਦੇ ਟਾਈਮ ਹੀ ਵਰਦੀ ਪਹਿੰਨਦਾ ਹੈ ਹਰ ਵੇਲੇ ਨਹੀਂ, ਵਿਦਿਆਰਥੀ ਸਕੂਲ ਟਾਈਮ ਵਰਦੀ ਪਾਉਂਦਾ ਹੈ ਹਰ ਵੇਲੇ ਨਹੀਂ ਇਵੇਂ ਹੀ ਖ਼ਾਲਸੇ ਦੀ ਵਰਦੀ ਹੈ ਜੇ ਕਿਤੇ ਲੋੜ ਪੈਣ ਤੇ ਲਾਹੁਣੀ ਵੀ ਪਵੇ ਤਾਂ ਭਰਮ ਨਹੀਂ ਕਰਨਾ। ਕ੍ਰਿਪਾਨ ਪਹਿਨ ਕੇ ਅਸੀਂ ਘੋਲ ਕਬੱਡੀ ਆਦਿਕ ਖੇਡਾਂ ਖੇਡ ਹੀ ਨਹੀਂ ਸਕਦੇ ਕਿਉਂਕਿ ਇਸ ਦਾ ਆਪਣੇ ਆਪ ਨੂੰ ਲੱਗਣ ਦਾ ਵੀ ਡਰ ਰਹਿੰਦਾ ਹੈ ਦੂਜੇ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ। ਨਹਾਉਣ ਵੇਲੇ ਕਦੇ ਕ੍ਰਿਪਾਨ ਸਿਰ ਤੇ ਕਦੇ ਲੱਕ ਨਾਲ ਬੰਨਣਾ ਭਰਮ ਨਹੀਂ ਤਾਂ ਹੋਰ ਕੀ ਹੈ? ਕੀ ਕੋਈ ਫੌਜੀ ਜਾਂ ਸਕੂਲ ਦਾ ਵਿਦਿਆਰਥੀ ਵਰਦੀ ਸਮੇਤ ਨਹਾਉਂਦਾ ਹੈ?
ਖ਼ਾਲਸਾ ਸ਼ਬਦ ਔਰਤ ਤੇ ਮਰਦ ਦੋਹਾਂ ਲਈ ਸਾਂਝਾ ਹੈ ਔਰਤ ਲਈ ਕਿਤੇ ਖ਼ਾਲਸੀ ਸ਼ਬਦ ਨਹੀਂ ਵਰਤਿਆ ਗਿਆ ਫਿਰ ਪੰਜਾਂ ਪਿਆਰਿਆਂ ਦਾ ਪ੍ਰਸ਼ਾਦ ਖ਼ਾਲਸਾ ਔਰਤ ਕਿਉਂ ਨਹੀਂ ਲੈ ਸਕਦੀ ਅਤੇ ਪੰਜਾਂ ਪਿਆਰਿਆਂ ਦੀ ਸੇਵਾ ਖ਼ਾਲਸਾ ਔਰਤ ਕਿਉਂ ਨਹੀਂ ਕਰ ਸਕਦੀ? ਔਰਤ ਮਾਂ ਹੈ ਜਿਸ ਨੇ ਬੱਚੇ ਨੂੰ ਜਨਮ ਦਿੱਤਾ ਹੈ ਉਹ ਨੀਵੀਂ ਕਿਵੇਂ ਹੋ ਗਈ? ਸੰਪਰਦਾਈ ਤੇ ਡੇਰੇਦਾਰ ਔਰਤ ਨੂੰ ਗਲੀਚ ਕਹਿੰਦੇ ਹਨ ਕਿ ਉਸ ਨੂੰ ਮਾਂਹਵਾਰੀ ਅਉਂਦੀ ਹੈ ਪਰ ਜਰਾ ਸੋਚੋ ਆਦਮੀ ਦੇ ਮਨ ਵਿੱਚ ਵੀ ਤਾਂ ਬੁਰੇ ਵਿਚਾਰ ਆਉਂਦੇ ਹੀ ਰਹਿੰਦੇ ਹਨ ਫਿਰ ਆਦਮੀ ਕਿਵੇਂ ਪਵਿਤਰ ਰਹਿ ਗਿਆ ਤੇ ਔਰਤ ਮਲੀਨ ਹੋ ਗਈ? ਜਦ ਕਿ ਮਹਾਂਵਾਰੀ ਕੁਦਰਤੀ ਕਿਰਿਆ ਹੈ। ਸੋ ਜੋ ਪ੍ਰਾਣੀ ਅਜਿਹੇ ਭਰਮਾਂ ਤੋਂ ਉਪਰ ਉੱਠਦਾ ਹੈ, ਪ੍ਰੇਮਾ ਭਗਤੀ ਕਰਦਾ ਹੈ ਉਹ ਖਾਲਸਾ ਹੈ ਅਤੇ ਜੋ ਪੰਜ ਕਕਾਰ ਧਾਰਣ ਕਰਕੇ ਖੰਡੇ ਦੀ ਪਾਹੁਲ ਪੰਜਾਂ ਸਿੰਘਾਂ ਤੋਂ ਗੁਰਬਾਣੀ ਦੇ ਨਾਮ ਅੰਮ੍ਰਿਤ ਰਾਹੀਂ ਲੈਂਦਾ ਹੈ ਉਹ ਫੌਜੀ ਖ਼ਾਲਸਾ ਹੈ ਪਰ ਅੱਜ ਦਾ ਫੌਜੀ ਖ਼ਾਲਸਾ ਸ਼ਸਤਰ ਵਿਦਿਆ ਤੋਂ ਵਿਹੂਣਾ ਹੈ ਕਿਉਂਕਿ ਉਹ ਸ਼ਸ਼ਤਰਾਂ ਦੀ ਸਜੋਗ ਵਰਤੋਂ ਕਰਨ ਦੀ ਥਾਂ ਪੂਜਾ ਕਰਨ ਲੱਗ ਪਿਆ ਹੈ। ਖ਼ਾਲਸੇ ਨੂੰ ਸਮੇਂ ਅਨੁਸਾਰ ਨਵੀਨ ਸ਼ਸ਼ਤਰਾਂ ਨੂੰ ਵੀ ਸਿੱਖਣਾ ਚਾਹੀਦਾ ਹੈ ਨਾਂ ਕਿ ਇਕੱਲੇ ਕ੍ਰਿਪਾਨ ਪਹਿਨਣ ਕੇ ਹੀ ਸ਼ਸ਼ਤ੍ਰਧਾਰੀ ਹੋਣ ਦਾ ਭਰਮ ਪਾਲਣਾ ਚਾਹੀਦਾ ਹੈ।
ਅੰਮ੍ਰਿਤ ਦੀ ਵਿਆਖਿਆ- ਅੰਮ੍ਰਿਤ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦੇ ਪ੍ਰਕਰਣ ਅਨੁਸਾਰ ਵੱਖ-ਵੱਖ ਅਰਥ ਹਨ ਪਰ ਮੇਨ ਅਰਥ ਪ੍ਰਮੇਸ਼ਰ ਦਾ ਨਾਮ ਹੀ ਹੈ ਜਿਵੇਂ-ਅੰਮ੍ਰਿਤ ਨਾਮੁ ਪ੍ਰਮੇਸਰੁ ਤੇਰਾ ਜੋ ਸਿਮਰੈ ਸੋ ਜੀਵੈ॥ (616) ਅੰਮ੍ਰਿਤ ਬਾਣੀ ਅਮਿਉ ਰਸੁ, ਅੰਮ੍ਰਿਤੁ ਹਰਿ ਕਾ ਨਾਉ॥ ਮਨਿ ਤਨਿ ਹਿਰਦੈ ਸਿਮਰਿ ਹਰਿ, ਆਠ ਪਹਰ ਗੁਣ ਗਾਉ॥ (963) ਅੰਮ੍ਰਿਤ ਹਰਿ ਕਾ ਨਾਮੁ ਹੈ ਮੇਰੀ ਜਿੰਦੜੀਏ, ਅੰਮ੍ਰਿਤ ਗੁਰਮਤਿ ਪਾਇ ਰਾਮ॥ (538) ਅੰਮ੍ਰਿਤੁ ਨਾਮੁ ਨਿਧਾਨ ਹੈ ਮਿਲਿ ਪੀਵਹੁ ਭਾਈ॥ (318) ਅੰਮ੍ਰਿਤ ਸਬਦੁ ਅੰਮ੍ਰਿਤ ਹਰਿ ਬਾਣੀ॥ ਸਤਿਗੁਰਿ ਸੇਵਿਐ ਰਿਦੈ ਸਮਾਣੀ॥ ਨਾਨਕ ਅੰਮ੍ਰਿਤ ਨਾਮ ਸਦਾ ਸੁਖ ਦਾਤਾ, ਪੀ ਅੰਮ੍ਰਿਤੁ ਸਭ ਭੁਖ ਲਹਿ ਜਾਵਣਿਆ॥ (118). . ਸਚਾ ਅੰਮ੍ਰਿਤੁ ਨਾਮੁ ਭੋਜਨੁ ਆਇਆ. .॥ (150) ਹੋਰ ਪਦਾਰਥਾਂ ਨੂੰ ਵੀ ਅੰਮ੍ਰਿਤ ਕਿਹਾ ਗਿਆ ਹੈ ਜਿਵੇਂ-ਮੱਖਣ-ਰਸਨਾ ਨਾਮਿ ਜਪਹੁ ਤਬ ਮਥੀਐ ਇਨਿ ਬਿਧਿ ਅੰਮ੍ਰਿਤ ਪਾਵਹੁ॥ (728) ਦੁੱਧ-ਸੋਇਨ ਕਟੋਰੀ ਅੰਮ੍ਰਿਤ ਭਰੀ॥ (1163) ਮਿਠਾਸ-ਗੁਰਮੁਿਖ ਅੰਮ੍ਰਿਤ ਬਾਣੀ ਬੋਲਹਿ॥ (69) ਸੁਵਾਦਿਸ਼ਟ ਭੋਜਨ-ਜਿਹ ਪ੍ਰਸਾਦਿ ਛਤਹੀ ਅੰਮ੍ਰਿਤ ਖਾਹਿ॥ (269) ਅਮਰ-ਹਰਿ ਅੰਮ੍ਰਿਤ ਸਜਣ ਮੇਰਾ॥ (ਸੂਹੀ ਮਹਲਾ 5) ਪ੍ਰਮੇਸ਼ਰ ਤੇ ਪ੍ਰਮੇਸ਼ਰ ਦਾ ਨਾਮ ਅਮਰ ਹੈ ਜੋ ਇਸ ਨੂੰ ਜਪਦੇ ਤੇ ਧਾਰਦੇ ਹਨ ਉਹ ਵੀ ਅਮਰ ਹੋ ਜਾਂਦੇ ਹਨ ਪਰ ਇਹ ਪਦਵੀ ਗੱਲੀਂ ਬਾਤੀਂ ਨਹੀਂ ਪਾਈ ਜਾ ਸਕਦੀ ਜਿਵੇਂ-ਖਾਂਡ ਖਾਂਡ ਕਹੈ ਜਿਹਬਾ ਨਾ ਸਵਾਦ ਮੀਠੋ ਆਵੈ, ਅਗਨਿ ਅਗਨਿ ਕਹੈ ਸੀਤ ਨਾ ਬਿਨਾਸ ਹੈ। … ਅੰਮ੍ਰਿਤ ਅੰਮ੍ਰਿਤ ਕਹੈ ਪਾਈਐ ਨਾ ਅਮਰ ਪਦ, ਜਉ ਲਉ ਜਿਹਵਾ ਕੈ ਸੁਰਸ ਅੰਮ੍ਰਿਤ ਨਾ ਚਾਖੀਐ (ਭਾ. ਗੁ.) ਅੰਮ੍ਰਿਤ ਕਿੱਥੇ ਹੈ ਅਤੇ ਕਿੱਥੋਂ ਮਿਲਦਾ ਹੈ? ਅੰਮ੍ਰਿਤ ਸਾਡੇ ਅੰਦਰ ਹੈ ਜਿਸ ਨੂੰ ਸ਼ਬਦ ਗੁਰੂ ਦੁਆਰਾ ਪਾਇਆ ਜਾ ਸਕਦਾ ਹੈ-ਸਬਦੁ ਗੁਰ ਪੀਰਾ ਗਹਿਰ ਗੰਭੀਰਾ॥ ਬਿਨਿ ਸਬਦੈ ਜਗੁ ਬਉਰਾਨੰ॥ (635) ਭੇਖ ਤੋਂ ਉੱਪਰ ਉੱਠ ਕੇ ਸ਼ੁਭ ਗੁਣ ਧਾਰਨ ਕਰਕੇ ਹੀ ਅੰਮ੍ਰਿਤ ਪੀਤਾ ਜਾ ਸਕਦਾ ਹੈ।

ਅੰਮ੍ਰਿਤ ਬਾਰੇ ਗੁਰਬਾਣੀ ਉਪਦੇਸ਼-
1-ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ ਸੋ ਅੰਮ੍ਰਿਤ ਗੁਰ ਪਾਹੀਂ ਜੀਉ॥ ਛੋਡਹੁ ਵੇਸੁ ਭੇਖੁ ਚਤੁਰਾਈ, ਦੁਬਿਧਾ ਇਹੁ ਫਲੁ ਨਾਹੀਂ ਜੀਉ॥ 1॥ ਮਨ ਰੇ! ਥਿਰ ਰਹੁ, ਮਤੁ ਕਤ ਜਾਹੀ ਜੀਉ॥ ਬਾਹਰਿ ਢੂਢਤ ਬਹੁਤ ਦੁਖ ਪਾਵਹਿ, ਘਰਿ ਅੰਮ੍ਰਿਤੁ ਘਟ ਮਾਹੀ ਜੀਉ॥ (598) 2-ਅੰਤਰਿ ਖੂਹਟਾ ਅੰਮ੍ਰਿਤਿ ਭਰਿਆ, ਸ਼ਬਦੇ ਕਾਢਿ ਪੀਐ ਪਨਿਹਾਰੀ॥ (570) 3-ਜੇਤੇ ਘਟਿ ਅੰਮ੍ਰਿਤੁ ਸਭ ਹੀ ਮਹਿ, ਭਾਵਹਿ ਤਿਸਹਿ ਪੀਆਈ॥ (1123) 4-ਨਾਨਕ ਅੰਮ੍ਰਿਤੁ ਮਨੈ ਮਾਹਿ, ਪਾਈਐ ਗੁਰ ਪਰਸਾਦਿ॥ (1238) 5-ਅੰਦਰੁ ਅੰਮ੍ਰਿਤਿ ਭਰਪੂਰ ਹੈ ਚਾਖਿਆਂ ਸਾਦ ਜਾਪੈ॥ (1092)
ਸੋ ਗੁਰਬਾਣੀ ਅਨੁਸਾਰ ਪ੍ਰਮੇਸ਼ਰ ਦਾ ਨਾਮ, ਚੰਗੇ ਗੁਣ, ਚੰਗਾ ਭੋਜਨ, ਸਫਲ ਸੇਵਾ ਅਤੇ ਰੱਬ ਦੀ ਸਿਫਤੋ ਸਲਾਹ ਹੀ ਅੰਮ੍ਰਿਤ ਹੈ, ਜੋ ਸਾਡੇ ਹਿਰਦੇ ਵਿੱਚ ਹੀ ਹੈ, ਜਿਸ ਦੀ ਪ੍ਰਾਪਤੀ ਗੁਰੂ ਗਿਆਨ ਦੁਆਰਾ ਹੁੰਦੀ ਹੈ ਪਰ ਅੱਜ ਅਸੀਂ ਮਨ ਮਰਜੀ ਦੇ ਅੰਮ੍ਰਿਤ ਪੀ ਰਹੇ ਹਾਂ ਜਿਵੇਂ ਚਰਨ ਅੰਮ੍ਰਿਤ-ਧਰਮ ਅਸਥਾਨਾਂ ਦੇ ਬਾਹਰ ਪੈਰ ਦੋਣ ਵਾਲੇ ਚੁਬੱਚੇ ਚੋਂ ਪੈਰਾਂ ਦੇ ਧੋਣ (ਗੰਦੇ ਪਾਣੀ) ਨੂੰ, ਕਿਸੇ ਘੜੇ ਜਾਂ ਸ਼ੀਸੀ ਬੋਤਲ ਵਿੱਚ ਪਾ ਰੱਖੇ ਪਾਣੀ ਨੂੰ ਅਤੇ ਸਰੋਵਰਾਂ ਦੇ ਪਾਣੀ ਨੂੰ ਅੰਮ੍ਰਿਤ ਸਮਝ ਪੀ ਰਹੇ ਹਾਂ। ਜੇ ਅਸੀਂ ਖੰਡੇ ਬਾਟੇ ਦਾ ਅੰਮ੍ਰਿਤ ਛਕਦੇ ਹਾਂ ਤਾਂ ਉਸ ਵਿੱਚ ਵੀ ਵੰਡੀਆਂ ਪਾਈ ਜਾ ਰਹੇ ਹਾਂ, ਜਿਵੇਂ ਕਿੱਥੋਂ ਅੰਮ੍ਰਿਤ ਛੱਕਿਆ ਹੈ? ਨਿਹੰਗਾਂ ਤੋਂ, ਭਿੰਡਰਾਂਵਾਲਿਆਂ ਤੋਂ, ਰਾੜੇਵਾਲਿਆਂ ਤੋਂ, ਪਹੇਵੇ ਵਾਲਿਆਂ ਤੋਂ, ਫਲਾਨੇ ਸੰਤਾਂ ਤੋਂ ਅਤੇ ਮਿਸ਼ਨਰੀ ਕਾਲਜ, ਸ਼੍ਰੋਮਣੀ ਕਮੇਟੀ ਤੋਂ ਆਦਿ। ਗੁਰੂ ਤੋਂ ਛੱਕਿਆ ਕੋਈ ਨਹੀਂ ਕਹਿੰਦਾ ਕਿਉਂ? ਫਿਰ ਸਭ ਮਰਯਾਦਾ ਵੀ ਵੱਖਰੀ-ਵੱਖਰੀ ਦ੍ਰਿੜ ਕਰਵਾਉਂਦੇ ਹਨ ਐਸਾ ਕਿਉਂ? ਕੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਵੱਖਰੀ-ਵੱਖਰੀ ਮਰਯਾਦਾ ਦ੍ਰਿੜ ਕਰਵਾਈ ਸੀ? ਜਰਾ ਸੋਚੋ! ਜਦੋਂ ਖ਼ਾਲਸਾ ਪੰਥ ਇੱਕ ਹੈ ਫਿਰ ਖ਼ਾਲਸੇ ਪੰਥ ਦੀ ਮਰਯਾਦਾ ਵੀ ਇੱਕ ਹੀ ਹੋਣੀ ਚਾਹੀਦੀ ਹੈ। ਨੋਟ-ਕੇਵਲ ਸ੍ਰੋਮਣੀ ਕਮੇਟੀ ਅਤੇ ਸਿੱਖ ਮਿਸ਼ਨਰੀ ਕਾਲਜ ਹੀ ਸਿੱਖ ਰਹਿਤ ਮਰਯਾਦਾ ਦ੍ਰਿੜ ਕਰਵਾਉਂਦੇ ਹਨ।
ਅੰਮ੍ਰਿਤ ਇੱਕ ਪ੍ਰਣ ਹੈ-ਸਿੱਖ ਗੁਰੂ ਅੱਗੇ ਪ੍ਰਣ ਕਰਦਾ ਹੈ ਕਿ ਉਹ ਕਿਰਤਮ ਦੀ ਥਾਂ ਅਕਾਲ ਦੀ ਪੂਜਾ ਕਰੇਗਾ, ਨਾਮ ਜਪੇਗਾ ਅਤੇ ਧਰਮ ਦੀ ਕਿਰਤ ਕਰਦਾ ਹੋਇਆ ਵੰਡ ਛਕੇਗਾ। ਮਨੁੱਖਤਾ ਦੀ ਸੇਵਾ ਕਰਦਾ ਹੋਇਆ ਪਰਉਪਕਾਰੀ ਜੀਵਨ ਜੀਵੇਗਾ। ਜਾਤਿ-ਪਾਤਿ ਨੂੰ ਨਹੀਂ ਮੰਨੇਗਾ। ਕਿਸੇ ਦੇਹਧਾਰੀ ਸਾਧ ਸੰਤ ਦੀ ਥਾਂ ਗੁਰੂ ਗ੍ਰੰਥ ਨੂੰ ਹੀ ਸੀਸ ਨਿਵਾਏਗਾ। ਬੁਰੇ ਕਰਮਾਂ ਦਾ ਤਿਆਗ ਕਰੇਗਾ। ਕੇਸਾਂ ਦੀ ਬੇਅਦਬੀ ਨਹੀਂ ਕਰੇਗਾ, ਪਰਾਈ ਇਸਤ੍ਰੀ ਜਾਂ ਮਰਦ ਦਾ ਸੰਗ ਨਹੀਂ ਕਰੇਗਾ। ਜਗਤ ਜੂਠ ਤਮਾਕੂ ਨਹੀਂ ਪੀਵੇਗਾ, ਗੁਲਾਮੀ ਦੀ ਨਿਸ਼ਾਨੀ ਹਲਾਲ ਕੀਤਾ ਕੁੱਠਾ ਮਾਸ ਨਹੀਂ ਖਾਏਗਾ। ਸਰੀਰਕ ਸਫਾਈ ਨੂੰ ਮੁੱਖ ਰੱਖ ਨਿੱਤ ਇਸ਼ਨਾਨ ਕਰੇਗਾ ਪਰ ਬ੍ਰਾਹਮਣ ਵਾਲੀ ਸੁੱਚ ਭਿੱਟ ਨਹੀਂ ਰੱਖੇਗਾ। ਪੰਜ ਕਕਾਰੀ ਵਰਦੀ ਧਾਰਨ ਕਰਕੇ ਗੁਰਬਾਣੀ ਦਾ ਪਾਠ ਨਿਤਾ ਪ੍ਰਤੀ ਕਰੇ ਤੇ ਵਿਚਾਰੇਗਾ। ਸ਼ਸ਼ਤ੍ਰ ਵਿਦਿਆ ਦਾ ਅਭਿਆਸ ਜਾਰੀ ਰੱਖੇਗਾ ਅਤੇ ਮਜ਼ਲੂਮਾਂ ਦੀ ਰੱਖਿਆ ਕਰੇਗਾ। “ਏਕ ਪਿਤਾ ਏਕਸ ਕੇ ਹਮ ਬਾਰਿਕ” ਦੇ ਮਹਾਂ ਵਾਕ ਅਨੁਸਾਰ ਸਾਰੇ ਸੰਸਾਰ ਨੂੰ ਆਪਣਾ ਪ੍ਰਵਾਰ ਸਮਝੇਗਾ। ਗੁਰਬਾਣੀ ਨੂੰ ਮੂਰਤੀਆਂ ਦੀ ਤਰ੍ਹਾਂ ਧੂਫਾਂ ਧੁਖਾ ਅਤੇ ਜੋਤਾਂ ਬਾਲ ਕੇ ਨਹੀਂ ਪੂਜੇਗਾ ਸਗੋਂ ਗੁਰੂਆਂ ਭਗਤਾਂ ਦੇ ਰੱਬੀ ਗਿਆਨ ਨੂੰ ਵਿਚਾਰ ਨਾਲ ਸਮਝ ਕੇ ਸਮੁੱਚੇ ਸੰਸਾਰ ਵਿੱਚ ਵੰਡਦਾ ਹੋਇਆ ਆਪਣਾ ਅੰਮ੍ਰਿਤਧਾਰੀ ਜੀਵਨ ਸਫਲ ਕਰੇਗਾ।
ਸੋ ਖ਼ਾਲਸਾ ਜੀ! ਗੁਰੂ ਜੀ ਨੇ ਐਸਾ ਪਰਉਪਕਾਰੀ ਖ਼ਾਲਸਾ ਪੰਥ ਸਾਜਿਆ ਸੀ ਨਾਂ ਕਿ ਵੱਖ-ਵੱਖ ਸੰਪਰਦਾਵਾਂ ਜਾਂ ਡੇਰੇ ਪੈਦਾ ਕੀਤੇ ਸਨ। ਜਰਾ ਆਪਣੇ ਮਨਾਂ ਅੰਦਰ ਡੂੰਗੀ ਝਾਤ ਮਾਰ ਕੇ ਸੋਚੋ! ਫਿਰ ਇਹ ਡੇਰੇ ਤੇ ਸੰਪਰਦਾਵਾਂ ਦੀਆਂ ਵੰਡੀਆਂ ਸਾਡੇ ਵਿੱਚ ਕਿਵੇਂ ਪੈ ਗਈਆਂ? ਸਿੱਖ ਧਰਮ (ਖ਼ਾਲਸਾ ਧਰਮ) ਵਿਗਿਆਨਕ, ਅਧੁਨਿਕ ਤੇ ਸਾਰੇ ਸੰਸਾਰ ਦਾ ਧਰਮ ਹੈ ਜਿਸ ਨੂੰ ਸੰਸਾਰ ਦਾ ਕੋਈ ਵੀ ਮਾਨੁੱਖ ਧਾਰਨ ਕਰ ਸਕਦਾ ਹੈ। ਵੈਸਾਖੀ ਦੇ ਪੁਰਬ ਤੇ ਐਸੇ ਉਪਰਾਲੇ ਕਿਉਂ ਨਹੀਂ ਕੀਤੇ ਜਾ ਰਹੇ? ਦੇਖੋ ਈਸਾਈਆਂ ਨੇ ਦੁਨੀਆਂ ਦੀ ਹਰੇਕ ਭਾਸ਼ਾ ਵਿੱਚ ਪਵਿਤਰ ਬਾਈਬਲ ਦਾ ਗਿਆਨ ਵੰਡ ਦਿੱਤਾ ਹੈ। ਕੈਸੀ ਭਾਵਨਾ ਹੈ ਉਨ੍ਹਾਂ ਵਿੱਚ ਪਰ ਅਸੀਂ ਪੰਜਾਬੀ ਅਤੇ ਵਰਲਡ ਭਾਸ਼ਾ ਅੰਗ੍ਰੇਜੀ ਵਿੱਚ ਵੀ ਐਸਾ ਨਹੀਂ ਕਰ ਸੱਕੇ। ਜਰਾਂ ਧਿਆਨ ਦਿਉ! ਗੁਰੂ ਗ੍ਰੰਥ ਸਹਿਬ ਵਿੱਚ ਐਸੀ ਭਾਵਨਾ ਪਹਿਲਾਂ ਹੀ ਦਰਸਾਈ ਗਈ ਹੈ ਕਿ ਅਨੇਕਾਂ ਬੋਲੀਆਂ ਗੁਰਬਾਣੀ ਵਿੱਚ ਵਰਤੀਆਂ ਗਈਆਂ ਹਨ ਜੋ ਸਰਬਸਾਂਝੀਵਾਲਤਾ ਦਾ ਪ੍ਰਤੀਕ ਹਨ। ਸਾਨੂੰ ਗੁਰਬਾਣੀ ਤੋਂ ਸੇਧ ਲੈ ਕੇ ਚੱਲਣਾ ਚਾਹੀਦਾ ਹੈ ਨਾਂ ਕਿ ਕਿਸੇ ਸਾਧ-ਸੰਤ, ਸੰਪਰਦਾ ਜਾਂ ਸੰਸਥਾ ਆਦਿਕ ਤੋਂ। ਗੁਰੂ ਜੀ ਸਦਾ ਲਈ ਸਾਨੂੰ ਗੁਰੂ ਗ੍ਰੰਥ ਦੇ ਲੜ ਲਾ ਗਏ ਤੇ ਅੱਜ ਵੀ ਸਾਨੂੰ ਲੱਗੇ ਰਹਿੰਣਾ ਚਾਹੀਦਾ ਹੈ। ਇਹ ਹੀ ਵੈਸਾਖੀ, ਅੰਮ੍ਰਿਤ, ਖਾਲਸਾ ਸਾਜਨ ਦਿਵਸ ਦਾ ਅਸਲੀ ਸੰਦੇਸ਼ ਵਿਲੱਖਣਤਾ ਅਤੇ ਮਹਾਂਨਤਾ ਹੈ।




.