ਤਿਤੁ ਚਾਖੁ ਨ ਲਾਗੈ
(ਬੁਰੀ ਨਜ਼ਰ ਦਾ ਲੱਗਣਾ)
ਧਰਮ ਮਨੁੱਖ ਨੂੰ ਸਾਂਵੀ ਪੱਧਰੀ
ਸੰਤੁਲਣ ਜ਼ਿੰਦਗੀ ਜਿਊਂਣ ਲਈ ਰਹਿਨੁਮਾਈ ਪ੍ਰਦਾਨ ਕਰਦਾ ਹੈ। ਪਰ ਪ੍ਰੋਹਤ ਜਮਾਤ ਨੇ ਸੱਚ ਦੇ ਇਸ ਮਹਾਨ
ਸੋਮੇ ਨੂੰ ਕਰਮ ਕਾਂਡਾਂ, ਵਹਿਮਾਂ-ਭਰਮਾਂ ਦੇ ਕਚਰੇ ਦੀ ਗੰਦਗੀ ਨਾਲ ਭਰਪੂਰ ਕਰਕੇ ਇਸ ਨੂੰ ਬੁਰੀ
ਤਰ੍ਹਾਂ ਗੰਦਲਾ ਕਰ ਦਿੱਤਾ ਹੈ। ਇਸ ਸ਼੍ਰੇਣੀ ਦੀ ਹੀ ਬਦੌਲਤ ਆਮ ਮਨੁੱਖ ਵਹਿਮਾਂ-ਭਰਮਾਂ ਤੋਂ ਉਪਰ
ਉੱਠ ਕੇ ਗਿਆਨ ਦੇ ਪ੍ਰਕਾਸ਼ ਵਿੱਚ ਵਿਚਰਨ ਦੀ ਬਜਾਏ ਕਈ ਤਰ੍ਹਾਂ ਦੇ ਵਹਿਮਾਂ-ਭਰਮਾ ਦਾ ਸ਼ਿਕਾਰ ਹੋ ਕੇ
ਕਰਮਕਾਂਡਾਂ ਦੀ ਦਲਦਲ ਵਿੱਚ ਫਸਿਆ ਹੋਇਆ ਦਿਖਾਈ ਦੇਂਦਾ ਹੈ। ਧਰਮ ਨੂੰ ਇੱਕ ਸੁੱਚਜੀ ਜੀਵਨ-ਜਾਚ
ਸਮਝਣ ਦੀ ਥਾਂ ਇਸ ਨੂੰ ਰੀਤਾਂ ਰਸਮਾਂ ਨੂੰ ਬਾਖ਼ੂਬੀ ਨਾਲ ਨਿਭਾਉਣ ਅਤੇ ਵਹਿਮਾਂ-ਭਰਮਾਂ ਦਾ ਪ੍ਰੇਰਨਾ
ਸ੍ਰੋਤ ਮੰਨਿਆ ਜਾਣ ਲਗ ਪਿਆ ਹੈ।
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਨੁੱਖ ਨੂੰ ਸ੍ਰੇਸ਼ਟ ਧਰਮ ਦੀ ਸੋਝੀ ਕਰਾਉਂਦਿਆਂ ਹੋਇਆਂ ਸਪਸ਼ਟ ਕੀਤਾ
ਹੈ ਕਿ, “ਸੁਣਿ ਮੁੰਧੇ ਹਰਣਾਖੀਏ ਗੂੜਾ ਵੈਣੁ ਅਪਾਰੁ॥ ਪਹਿਲਾ ਵਸਤੁ
ਸਿਞਾਣਿ ਕੈ ਤਾਂ ਕੀਚੈ ਵਾਪਾਰੁ॥” (ਪੰਨਾ 1410) ਅਰਥ: ਹੇ ਸੁੰਦਰ ਨੇਤ੍ਰਾਂ ਵਾਲੀਏ ਭੋਲੀਏ
ਜੁਆਨ ਕੁੜੀਏ! (ਹੇ ਜਗਤ-ਰਚਨਾ ਵਿਚੋਂ ਸੋਹਣੀ ਜੀਵ-ਇਸਤ੍ਰੀਏ!) ਮੇਰੀ ਇੱਕ ਬਹੁਤ ਡੂੰਘੀ ਭੇਤ ਦੀ
ਗੱਲ ਸੁਣ। (ਜਦੋਂ ਕੋਈ ਚੀਜ਼ ਖ਼ਰੀਦਣ ਲੱਗੀਏ, ਤਾਂ) ਪਹਿਲਾਂ (ਉਸ) ਚੀਜ਼ ਨੂੰ ਪਰਖ ਕੇ ਫਿਰ ਉਸ ਦਾ
ਵਪਾਰ ਕਰਨਾ ਚਾਹੀਦਾ ਹੈ (ਤਦੋਂ ਉਹ ਵਸਤ ਖ਼ਰੀਦਣੀ ਚਾਹੀਦੀ ਹੈ)। ਪਰੰਤੂ ਫਿਰ ਵੀ ਸਿੱਖ ਜਗਤ ਵਿੱਚ
ਕਰਮਕਾਂਡਾਂ, ਫੋਕੀਆਂ ਰਸਮਾਂ ਅਤੇ ਵਹਿਮਾਂ-ਭਰਮਾਂ ਦੀ ਭਰਮਾਰ ਹੈ।
ਸਿੱਖ ਜਗਤ ਵਿੱਚ ਵੀ ਜਾਣੇ-ਅਣਜਾਣੇ ਜਿਨ੍ਹਾਂ ਵਹਿਮਾਂ-ਭਰਮਾਂ ਨੂੰ ਅਸੀਂ ਸਿੱਖੀ ਜੀਵਨ-ਜਾਚ ਦਾ ਅੰਗ
ਮੰਨ ਲਿਆ ਹੋਇਆ ਹੈ, ਉਨ੍ਹਾਂ ਵਿੱਚ ਇੱਕ ‘ਬੁਰੀ ਨਜ਼ਰ ਲਗਣ’ ਸਬੰਧੀ ਵੀ ਹੈ। ‘ਨਜ਼ਰ ਲਗਣ’ ਦੀ ਧਾਰਨਾ
ਵਿੱਚ ਲਗਭਗ ਹਰੇਕ ਧਰਮ, ਸਭਿੱਆਚਾਰ/ਕਲਚਰ ਵਿਸ਼ਵਾਸ ਕਰਦਾ ਹੈ। ਇਸ ਅੰਧ ਵਿਸ਼ਵਾਸ ਅਨੁਸਾਰ ‘ਬੁਰੀ
ਨਜ਼ਰ’ ਦੇ ਸ਼ਿਕਾਰ ਹੋਏ ਵਿਅਕਤੀ ਦਾ ਨੁਕਸਾਨ ਜਾਂ ਮੌਤ ਹੋ ਸਕਦੀ ਹੈ। ਬੁਰੀ ਨਜ਼ਰ ਲਗਣ’ ਸਬੰਧੀ ਭਿੰਨ
ਭਿੰਨ ਧਰਮਾਂ, ਸਭਿੱਆਚਾਰਾਂ ਵਿੱਚ ਕੁੱਝ ਪੱਖਾਂ ਤੋਂ ਭਿੰਨਤਾਵਾਂ ਹੁੰਦਿਆਂ ਹੋਇਆਂ ਵੀ ਕੁੱਝ
ਸਮਾਨਤਾਵਾਂ ਮੌਜੂਦ ਹਨ। ਜਿਵੇਂ, ਬੁਰੀ ਨਜ਼ਰ ਦਾ ਜ਼ਿਆਦਾਤਰ ਬੱਚੇ ਅਤੇ ਜਾਨਵਰਾਂ ਦੇ ਸ਼ਿਕਾਰ ਹੋਣ ਦਾ
ਵਹਿਮ। ‘ਬੁਰੀ ਨਜ਼ਰ’ ਕੇਵਲ ਵੈਰ ਭਾਵਨਾ ਰੱਖਣ ਵਾਲਿਆਂ ਦੀ ਹੀ ਨਹੀਂ ਸਗੋਂ ਆਪਣੇ ਸ਼ੁਭ-ਚਿੰਤਕਾਂ ਦੀ
ਲੱਗ ਜਾਣ ਦੀ ਧਾਰਨਾ ਵੀ ਪ੍ਰਚਲਤ ਹੈ। ਅਜਿਹੇ ਵਿਸ਼ਵਾਸ ਕਰਨ ਵਾਲਿਆਂ ਦਾ ਇਹ ਮੰਨਣਾ ਹੈ ਕਿ ਇਹ
ਜਾਣ-ਬੁੱਝ ਕੇ ਨਹੀਂ ਸਗੋਂ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਸੁਭਾਵਿਕ ਹੀ ਲੱਗ ਜਾਂਦੀ ਹੈ।
ਅਰਥਾਤ ਜਿਸ ਦੀ ਨਜ਼ਰ ਲਗਦੀ ਹੈ, ਉਸ ਨੂੰ ਵੀ ਪਤਾ ਨਹੀਂ ਚਲਦਾ ਕਿ ਉਸ ਦੀ ਬੱਚੇ ਆਦਿ ਨੂੰ ਨਜ਼ਰ ਲੱਗ
ਗਈ ਹੈ।
‘ਬੁਰੀ ਨਜ਼ਰ’ ਤੋਂ ਬਚਾਓ ਲਈ ਛੋਟੇ ਬਚਿੱਆਂ ਦੇ ਮੱਥੇ ਉੱਤੇ ਕਾਲਾ ਟਿੱਕਾ ਲਗਾ ਦਿੱਤਾ ਜਾਂਦਾ ਹੈ।
ਮੱਥੇ `ਤੇ ਟਿੱਕਾ ਕੇਵਲ ਲੜਕਿਆਂ ਦੇ ਹੀ ਲਾਇਆ ਜਾਂਦਾ ਹੈ। ਆਮ ਤੌਰ `ਤੇ ਕੁੜੀਆਂ ਦੇ ਕੰਨ ਦੇ
ਪਿੱਛੇ ਲਾਇਆ ਜਾਂਦਾ ਹੈ। ਬਚਿੱਆ ਦੇ ਗੱਲ ਵਿੱਚ ਕਾਲਾ ਮੋਤੀ, ਸੂਰ ਦਾ ਦੰਦ ਜਾਂ ਤਵੀਤ/ਰੱਖ ਆਦਿ ਗਲ
`ਚ ਪਾਉਣਾ ਜਾਂ ਬਾਂਹ ਨਾਲ ਬੰਨ੍ਹ ਦਿੱਤਾ ਜਾਂਦਾ ਹੈ। ਨਵਾਂ ਮਕਾਨ ਬਣਾ ਕੇ ਉਪਰ ਕਾਲੀ ਤੌੜੀ ਆਦਿ
ਟੰਗ ਦਿੱਤੀ ਜਾਂਦੀ ਹੈ। ਨਵੀਂ ਕਾਰ ਆਦਿ ਲੈ ਕੇ ਉਸ ਦੇ ਪਿੱਛੇ ਛਿੱਤਰ ਜਾਂ ਕਾਲੀ ਪਰਾਂਦੀ ਬੰਨ੍ਹ
ਦਿੱਤੀ ਜਾਂਦੀ ਹੈ। ਗਾਂ ਜਾਂ ਮੱਝ ਦਾ ਦੁੱਧ ਚੌ ਕੇ ਤੁਰੰਤ ਹੀ ਢੱਕ ਦਿੱਤਾ ਜਾਂਦਾ ਹੈ ਤਾਂ ਕਿ
ਕਿਸੇ ਦੀ ਬੁਰੀ ਨਜ਼ਰ ਨਾ ਲੱਗੇ। ਆਦਿ।
ਇਸ ਵਹਿਮ ਅਧੀਨ ‘ਬੁਰੀ ਨਜ਼ਰ’ ਦਾ ਪ੍ਰਭਾਵ ਉਤਾਰਨ ਲਈ ਬੱਚੇ ਦੇ ਸਿਰ ਉਪਰੋਂ ਸੱਤ ਮਿਰਚਾਂ ਜਾਂ
ਫਟਕੜੀ ਵਾਰ ਕੇ ਅੱਗ ਵਿੱਚ ਸੁੱਟੀ ਜਾਂਦੀ ਹੈ। ਕਈ ਲੋਕ ਜਿਸ ਵਿਅਕਤੀ ਦੀ ‘ਬੁਰੀ ਨਜ਼ਰ’ ਲਗਣ ਦੀ
ਸੰਭਾਵਨਾ ਹੋਵੇ ਉਸ ਵਿਅਕਤੀ ਦੇ ਪੈਰਾਂ ਦੀ ਮਿੱਟੀ ਚੁੱਕੀ ਕੇ ਪਿੱਛੇ ਸੁੱਟੀ ਜਾਂਦੀ ਹੈ ਜਾਂ ਬੱਚੇ
ਦੇ ਮੱਥੇ ਲਾਈ ਜਾਂਦੀ ਹੈ।
ਲਗਭਗ ਹਰੇਕ ਭਾਸ਼ਾ ਵਿੱਚ ਬੁਰੀ ਨਜ਼ਰ ਦਾ ਭਾਵ ਦਰਸਾਉਣ ਲਈ ਸ਼ਬਦ ਮੌਜੂਦ ਹੈ। ਇਸ ਸ਼ਬਦ ਦੀ ਹੋਂਦ ਇਸ
ਗੱਲ ਦਾ ਲਖਾਇਕ ਹੈ ਕਿ ਇਹ ਵਹਿਮ ਸਦੀਆਂ ਤੋਂ ਹਰੇਕ ਦੇਸ਼ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਚਲਤ
ਰਿਹਾ ਹੈ ਅਤੇ ਅੱਜ ਵੀ ਮੌਜੂਦ ਹੈ। ਪੰਜਾਬ ਬੋਲੀ ਵਿੱਚ ਵੀ ‘ਬੁਰੀ ਨਜ਼ਰ’ ਸਬੰਧੀ ਅਖਾਣ ਅਤੇ
ਮੁਹਾਵਰੇ ਪ੍ਰਚਲਤ ਹਨ। ਜਿਸ ਤਰ੍ਹਾਂ ਇਸ ਅਖਾਣ ਦੀ ਆਮ ਹੀ ਵਰਤੋਂ ਕੀਤੀ ਜਾਂਦੀ ਹੈ ਕਿ, “ਨਜ਼ਰ
ਕਹਿੰਦੇ ਨੇ, ਪੱਥਰ ਪਾੜ ਦੇਂਦੀ ਹੈ। (ਭਾਵ, ਨਜ਼ਰ ਲਗ ਜਾਣੀ ਬੜੀ ਮਾੜੀ ਹੁੰਦੀ ਹੈ। ਮੰਦੀ ਨਜ਼ਰ ਤਬਾਹ
ਕਰ ਦਿੰਦੀ ਹੈ।) ਅਖਾਣ ਵਾਂਗ ਇਸ ਮੁਹਾਵਰੇ ਨੂੰ ਵੀ ਆਮ ਵਰਤਿਆ ਜਾਂਦਾ ਹੈ, “ਨਜ਼ਰ ਲਾ ਦੇਣੀ” -ਕਿਸੇ
ਵਲ ਇਸ ਤਰ੍ਹਾਂ ਚੰਦਰੀ ਨੀਅਤ ਨਾਲ ਤੱਕਣਾ ਕਿ ਉਸ ਨੂੰ ਕੋਈ ਰੋਗ ਆਦਿਕ ਆ ਚੰਬੜੇ। ਇਸ ਵਹਿਮ ਦੇ
ਅਸੀਂ ਕਿੰਨੇ ਜ਼ਿਆਦਾ ਸ਼ਿਕਾਰ ਹੋਏ ਪਏ ਹਾਂ, ਇਹ ਇਸ ਗੱਲ ਤੋਂ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਇੰਡੀਆ
ਵਿੱਚ ਸਿੱਖ ਪਰਵਾਰਾਂ ਦੇ ਟਰੱਕਾਂ ਆਦਿ `ਤੇ ਵੀ ਇਹ ਆਮ ਲਿਖਿਆ ਹੁੰਦਾ ਹੈ, “ਬੁਰੀ ਨਜ਼ਰ ਵਾਲੇ ਤੇਰਾ
ਮੂੰਹ ਕਾਲਾ”
ਗੁਰੂ ਗ੍ਰੰਥ ਸਾਹਿਬ ਜੀ ਦਾ ‘ਬੁਰੀ ਨਜ਼ਰ’ ਸਬੰਧੀ ਦ੍ਰਿਸ਼ਟੀਕੋਣ ਦੇ ਚਰਚਾ ਕਰਨ ਤੋਂ ਪਹਿਲਾਂ ‘ਨਜ਼ਰ’
ਸ਼ਬਦ ਦੇ ਅਰਥਾਂ ਨੂੰ ਸਮਝ ਲੈਣਾ ਢੁੱਕਵਾਂ ਹੋਵੇਗਾ।
ਨਜ਼ਰ ਦਾ ਅਰਥ ਹੈ: (ਅਰਬੀ) ਦ੍ਰਿਸਟੀ, ਨਿਗਾਹ, ਦੇਖਣ ਦਾ ਭਾਵ; ਧਿਆਨ ਗ਼ੌਰ; ਵਿਚਾਰ, ਅੰਦਾਜ਼ਾ।
(ਉਰਦੂ) ਦਇਆ, ਕਿਰਪਾ, ਵੇਖਣ ਤੋਂ ਪਿਆ ਬੁਰਾ ਪ੍ਰਭਾਵ।
ਬਦ-ਨਜ਼ਰ: ਬੁਰੀ ਨਜ਼ਰ ਨਾਲ ਵੇਖਣ ਵਾਲਾ, ਜਿਸਦੇ ਵੇਖਣ ਨਾਲ ਨਜ਼ਰ ਲਗ ਜਾਏ ਜਾਂ ਕੋਈ ਤਕਲੀਫ਼ ਹੋ ਜਾਏ;
ਵੈਰ-ਭਾਵ ਨਾਲ ਦੇਖਣ ਵਾਲਾ।
ਨਜ਼ਰੇ ਬਦ: ਉਹ ਤੱਕਣੀ ਜਿਸ ਦਾ ਅਸਰ ਦੂਜੇ ਉਤੇ ਬੁਰਾ ਹੋਵੇ। (ਉਰਦੂ-ਪੰਜਾਬੀ-ਹਿੰਦੀ ਕੋਸ਼)
‘ਨਜ਼ਰ’, ‘ਬਦ-ਨਜ਼ਰ’ ਦੇ ਅੱਖਰੀਂ ਅਰਥ ਦੀ ਚਰਚਾ ਕਰਨ ਉਪਰੰਤ ਗੁਰੂ ਗ੍ਰੰਥ ਸਾਹਿਬ ਵਿੱਚ ‘ਬੁਰੀ ਨਜ਼ਰ’
ਦੇ ਦ੍ਰਿਸ਼ਟੀਕੋਣ ਦਾ ਵਰਣਨ ਕਰ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਵਿੱਚ ਨਿਮਨ ਲਿਖਤ ਸ਼ਬਦਾਂ ਵਿੱਚ ਇਸ
ਦਾ ਵਰਣਨ ਹੈ:-
(ੳ) ਮਨਿ ਤਨਿ ਪ੍ਰਭੁ ਆਰਾਧੀਐ ਮਿਲਿ ਸਾਧ ਸਮਾਗੈ॥ ਉਚਰਤ ਗੁਨ ਗੋਪਾਲ
ਜਸੁ ਦੂਰ ਤੇ ਜਮੁ ਭਾਗੈ॥ 1॥ ਰਾਮ ਨਾਮੁ ਜੋ ਜਨੁ ਜਪੈ ਅਨਦਿਨੁ ਸਦ ਜਾਗੈ॥ ਤੰਤੁ ਮੰਤੁ ਨਹ ਜੋਹਈ
ਤਿਤੁ ਚਾਖੁ ਨ ਲਾਗੈ॥ 1॥ ਰਹਾਉ॥ ਕਾਮ ਕ੍ਰੋਧ ਮਦ ਮਾਨ ਮੋਹ ਬਿਨਸੇ ਅਨਰਾਗੈ॥ ਆਨੰਦ ਮਗਨ ਰਸਿ ਰਾਮ
ਰੰਗਿ ਨਾਨਕ ਸਰਨਾਗੈ॥ 2॥ (ਪੰਨਾ 817-18) ਅਰਥ: ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦਾ
ਨਾਮ ਜਪਦਾ ਰਹਿੰਦਾ ਹੈ, ਉਹ ਹਰ ਵੇਲੇ ਸਦਾ (ਵਿਕਾਰਾਂ ਵਲੋਂ) ਸੁਚੇਤ ਰਹਿੰਦਾ ਹੈ। ਕੋਈ ਜਾਦੂ ਟੂਣਾ
ਉਸ ਉਤੇ ਅਸਰ ਨਹੀਂ ਕਰ ਸਕਦਾ, ਕੋਈ ਭੈੜੀ ਨਜ਼ਰ ਉਸ ਨੂੰ ਨਹੀਂ ਲੱਗ ਸਕਦੀ। 1. ਰਹਾਉ। ਹੇ ਭਾਈ! ਸਾਧ
ਸੰਗਤਿ ਵਿੱਚ ਮਿਲ ਕੇ ਮਨ ਨਾਲ ਹਿਰਦੇ ਨਾਲ ਪਰਮਾਤਮਾ ਦਾ ਆਰਾਧਨ ਕਰਦੇ ਰਹਿਣਾ ਚਾਹੀਦਾ ਹੈ। ਜਗਤ ਦੇ
ਰੱਖਿਅਕ ਪ੍ਰਭੂ ਦੇ ਗੁਣ ਅਤੇ ਜਸ ਉਚਾਰਦਿਆਂ ਜਮ (ਭੀ) ਦੂਰ ਤੋਂ ਹੀ ਭੱਜ ਜਾਂਦਾ ਹੈ। 1. ਹੇ ਨਾਨਕ!
ਜੇਹੜਾ ਮਨੁੱਖ ਪਰਮਾਤਮਾ ਦੇ ਨਾਮ ਦੇ ਰਸ ਵਿੱਚ ਟਿਕਿਆ ਰਹਿੰਦਾ ਹੈ, ਪ੍ਰਭੂ ਦੇ ਪ੍ਰੇਮ ਵਿੱਚ ਮਸਤ
ਰਹਿੰਦਾ ਹੈ, ਪ੍ਰਭੂ ਦੀ ਸਰਨ ਪਿਆ ਰਹਿੰਦਾ ਹੈ, ਉਹ ਸਦਾ ਆਤਮਕ ਆਨੰਦ ਵਿੱਚ ਮਸਤ ਰਹਿੰਦਾ ਹੈ। (ਉਸ
ਦੇ ਅੰਦਰੋਂ) ਕਾਮ, ਕ੍ਰੋਧ, ਅਹੰਕਾਰ ਦੀ ਮਸਤੀ, ਮੋਹ, ਹੋਰ ਹੋਰ ਪਦਾਰਥਾਂ ਦੇ ਚਸਕੇ ਸਭ ਨਾਸ ਹੋ
ਜਾਂਦੇ ਹਨ। 2.
(ਅ) ਨਾਮੁ ਲੈਤ ਕਿਛੁ ਬਿਘਨੁ ਨ ਲਾਗੈ॥ ਨਾਮੁ ਸੁਣਤ ਜਮੁ ਦੂਰਹੁ ਭਾਗੈ॥
ਨਾਮੁ ਲੈਤ ਸਭ ਦੂਖਹ ਨਾਸੁ॥ ਨਾਮੁ ਜਪਤ ਹਰਿ ਚਰਣ ਨਿਵਾਸੁ॥ 1॥ ਨਿਰਬਿਘਨ ਭਗਤਿ ਭਜੁ ਹਰਿ ਹਰਿ ਨਾਉ॥
ਰਸਕਿ ਰਸਕਿ ਹਰਿ ਕੇ ਗੁਣ ਗਾਉ॥ 1॥ ਰਹਾਉ॥ ਹਰਿ ਸਿਮਰਤ ਕਿਛੁ ਚਾਖੁ ਨ ਜੋਹੈ॥ ਹਰਿ ਸਿਮਰਤ ਦੈਤ ਦੇਉ
ਨ ਪੋਹੈ॥ ਹਰਿ ਸਿਮਰਤ ਮੋਹੁ ਮਾਨੁ ਨ ਬਧੈ॥ ਹਰਿ ਸਿਮਰਤ ਗਰਭ ਜੋਨਿ ਨ ਰੁਧੈ॥ 2॥ ਹਰਿ ਸਿਮਰਨ ਕੀ
ਸਗਲੀ ਬੇਲਾ॥ ਹਰਿ ਸਿਮਰਨੁ ਬਹੁ ਮਾਹਿ ਇਕੇਲਾ॥ ਜਾਤਿ ਅਜਾਤਿ ਜਪੈ ਜਨੁ ਕੋਇ॥ ਜੋ ਜਾਪੈ ਤਿਸ ਕੀ ਗਤਿ
ਹੋਇ॥ 3॥ ਹਰਿ ਕਾ ਨਾਮੁ ਜਪੀਐ ਸਾਧਸੰਗਿ॥ ਹਰਿ ਕੇ ਨਾਮ ਕਾ ਪੂਰਨ ਰੰਗੁ॥ ਨਾਨਕ ਕਉ ਪ੍ਰਭ ਕਿਰਪਾ
ਧਾਰਿ॥ ਸਾਸਿ ਸਾਸਿ ਹਰਿ ਦੇਹੁ ਚਿਤਾਰਿ॥ 4॥॥ (ਪੰਨਾ 1150) ਅਰਥ: ਹੇ ਮੇਰੇ ਮਨ! ਪਰਮਾਤਮਾ
ਦਾ ਆਸਰਾ ਲਈ ਰੱਖ। ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਸੋਹਣੇ ਚਰਨਾਂ ਦਾ ਆਰਾਧਨ ਕਰਿਆ ਕਰ,
(ਜਿਹੜਾ ਮਨੁੱਖ ਇਹ ਉੱਦਮ ਕਰਦਾ ਹੈ, ਕੋਈ) ਵੈਰੀ (ਉਸ ਦੇ) ਨੇੜੇ ਨਹੀਂ ਆਉਂਦੇ, ਕੋਈ ਦੁੱਖ (ਉਸ
ਦੇ) ਨੇੜੇ ਨਹੀਂ ਆਉਂਦਾ। 1. ਰਹਾਉ। ਹੇ ਮੇਰੇ ਮਨ! ਉਹ (ਪਰਮਾਤਮਾ) ਆਪ ਹੀ (ਤੇਰੇ ਵਾਸਤੇ) ਸ਼ਾਸਤ੍ਰ
ਹੈ, ਉਹ (ਪਰਮਾਤਮਾ) ਆਪ ਹੀ (ਤੇਰੇ ਵਾਸਤੇ) ਵੇਦ ਹੈ (ਭਾਵ, ਪਰਮਾਤਮਾ ਦਾ ਨਾਮ ਹੀ ਤੇਰੇ ਵਾਸਤੇ
ਵੇਦ ਸ਼ਾਸਤ੍ਰ ਹੈ)। ਹੇ ਮਨ! ਉਹ ਪਰਮਾਤਮਾ ਆਪ ਹੀ ਹਰੇਕ ਸਰੀਰ ਵਿੱਚ (ਵੱਸ ਰਿਹਾ ਹੈ), ਉਹ ਆਪ ਹੀ
(ਹਰੇਕ ਜੀਵ ਦੇ ਦਿਲ ਦਾ) ਭੇਦ ਜਾਣਦਾ ਹੈ। ਹੇ ਮੇਰੇ ਮਨ! ਇਹ ਸਾਰੀ ਸ੍ਰਿਸ਼ਟੀ ਜਿਸ (ਪਰਮਾਤਮਾ) ਦੀ
(ਰਚੀ ਹੋਈ ਹੈ) ਉਹ ਨਿਰਾ ਨੂਰ ਹੀ ਨੂਰ ਹੈ। ਉਹ ਹੀ ਸਾਰੇ ਜਗਤ ਦਾ ਮੂਲ ਹੈ, ਉਹ ਸਭ ਥਾਈਂ ਮੌਜੂਦ
ਹੈ, ਉਹ ਸਭ ਤਾਕਤਾਂ ਦਾ ਮਾਲਕ ਹੈ। 1. ਹੇ ਮੇਰੇ ਮਨ! ਉਹ (ਪ੍ਰਭੂ) ਆਪ ਹੀ (ਹਰੇਕ) ਜੰਗਲ (ਨੂੰ
ਪੈਦਾ ਕਰਨ ਵਾਲਾ) ਹੈ, (ਸਾਰੀ) ਵਨਸਪਤੀ (ਨੂੰ ਪੈਦਾ ਕਰਨ ਵਾਲਾ) ਹੈ, ਉਹ ਆਪ ਹੀ ਤਿੰਨਾਂ ਭਵਨਾਂ
ਦਾ ਮੂਲ ਹੈ। (ਉਹ ਐਸਾ ਹੈ) ਜਿਸ ਦੇ ਹੁਕਮ ਵਿੱਚ ਸਾਰਾ ਜਗਤ ਪ੍ਰੋਤਾ ਹੋਇਆ ਹੈ। ਹੇ ਮਨ! ਉਹ ਆਪ ਹੀ
ਜੀਵਾਤਮਾ ਤੇ ਪ੍ਰਕ੍ਰਿਤੀ ਨੂੰ ਜੋੜਨ ਵਾਲਾ ਹੈ, ਉਹ ਆਪ ਹੀ (ਸਭ ਤੋਂ ਵੱਖਰਾ) ਵਾਸਨਾ-ਰਹਿਤ ਹੈ, ਉਹ
ਆਪ ਹੀ (ਸਭ ਵਿੱਚ ਵਿਆਪਕ ਹੋ ਕੇ ਸਾਰੇ ਭੋਗ) ਭੋਗਣ ਵਾਲਾ ਹੈ। 2. ਹੇ ਭਾਈ! ਮੈਂ ਜਿਧਰ ਕਿਧਰ
ਵੇਖਦਾ ਹਾਂ, ਹਰ ਥਾਂ ਉਹ ਪ੍ਰਭੂ ਆਪ ਹੀ ਮੌਜੂਦ ਹੈ, ਉਸ ਤੋਂ ਬਿਨਾ (ਕਿਤੇ ਭੀ) ਕੋਈ ਹੋਰ ਦੂਜਾ
ਨਹੀਂ ਹੈ। ਹੇ ਭਾਈ! (ਉਸ ਪਰਮਾਤਮ ਦੇ) ਨਾਮ ਵਿੱਚ ਪਿਆਰ ਪਾਇਆਂ ਹੀ ਇਸ ਸੰਸਾਰ-ਸਮੁੰਦਰ ਤੋਂ ਪਾਰ
ਲੰਘ ਸਕੀਦਾ ਹੈ। ਨਾਨਕ (ਭੀ) ਸਾਧ ਸੰਗਤਿ ਵਿੱਚ (ਰਹਿ ਕੇ ਉਸੇ ਪਰਮਾਤਮਾ ਦੇ) ਗੁਣ ਗਾਂਦਾ ਹੈ। 3.
ਹੇ ਭਾਈ! (ਜੀਵਾਂ ਨੂੰ) ਮੁਕਤੀ (ਦੇਣੀ, ਜੀਵਾਂ ਨੂੰ ਖਾਣ-ਪੀਣ ਨੂੰ) ਭੋਜਨ (ਦੇਣਾ, ਜੀਵਾਂ ਨੂੰ)
ਜੀਵਨ-ਤੋਰੇ ਤੋਰਨਾ—ਇਹ ਸਭ ਕੁੱਝ ਜਿਸ ਪਰਮਾਤਮਾ ਦੇ ਵੱਸ ਵਿੱਚ ਹੈ, ਉਸ ਦੇ ਘਰ ਵਿੱਚ (ਕਿਸੇ ਚੀਜ਼
ਦੀ) ਕੋਈ ਕਮੀ ਨਹੀਂ ਹੈ। ਹੇ ਦਾਸ ਨਾਨਕ! ਮਿਹਰ ਕਰ ਕੇ ਜਿਸ ਜਿਸ ਮਨੁੱਖ ਉੱਤੇ ਪਰਮਾਤਮਾ ਦਇਆਵਾਨ
ਹੁੰਦਾ ਹੈ, ਉਹੀ ਸਾਰੇ ਬੰਦੇ (ਅਸਲ) ਭਾਗਾਂ ਵਾਲੇ ਹਨ। 4.
ਇਨ੍ਹਾਂ ਦੋਹਾਂ ਹੀ ਸ਼ਬਦਾਂ ਦਾ ਮੁੱਖ ਵਿਸ਼ਾ ਨਾਮ ਸਿਮਰਨ ਦੀ ਮਹਿਮਾਂ ਹੈ ਨਾ ਕਿ ‘ਨਜ਼ਰ’ ਲਗਣ ਦਾ।
(ਨੋਟ: ਨਾਮ ਸਿਮਰਨ ਤੋਂ ਭਾਵ ਗੁਰਬਾਣੀ ਦੇ ਆਸ਼ੇ ਅਨੁਸਾਰ ਆਪਣੇ ਜੀਵਨ ਨੂੰ ਢਾਲਣਾ ਹੈ।) ਗੁਰੂ
ਗ੍ਰੰਥ ਸਾਹਿਬ ਵਿੱਚ ਕਿਸੇ ਪ੍ਰਚਲਤ ਗ਼ਲਤ ਖ਼ਿਆਲ/ਧਾਰਨਾ ਆਦਿ ਤੋਂ ਮਨੁੱਖ ਨੂੰ ਉਪਰ ਉਠਾਉਣ ਲਈ ਇਹ
ਢੰਗ ਆਮ ਹੀ ਵਰਤਿਆ ਗਿਆ ਹੈ। ਉਦਾਹਰਣ ਵਜੋਂ ਬਾਰਹ ਮਾਹਾ ਦੇ ਅੰਤ ਵਿੱਚ ਆਇਆ ਹੈ ‘ਮਾਹ ਦਿਵਸ ਮੂਰਤ
ਭਲੇ ਜਿਸ ਕਉ ਨਦਰਿ ਕਰੇ॥’ (ਪੰਨਾ 136) ਅਰਥ: ਜਿਨ੍ਹਾਂ ਉੱਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ
(ਆਪਣੇ ਨਾਮ ਦੀ ਦਾਤਿ ਦੇਂਦਾ ਹੈ) ਉਹਨਾਂ ਵਾਸਤੇ ਸਾਰੇ ਮਹੀਨੇ ਸਾਰੇ ਦਿਹਾੜੇ ਸਾਰੇ ਹੀ ਮੁਹੂਰਤ
ਸੁਲੱਖਣੇ ਹਨ।
ਇਸ ਫ਼ਰਮਾਨ ਵਿੱਚ ਦਿਨਾਂ, ਮਹੀਨਿਆਂ ਆਦਿ ਬਾਰੇ ਪ੍ਰਚਲਤ ਧਾਰਨਾ ਨੂੰ ਸਵੀਕਾਰ ਨਹੀਂ ਕੀਤਾ ਗਿਆ ਹੈ।
ਇਸ ਵਿੱਚ ਤਾਂ ਇਹ ਸਪਸ਼ਟ ਕੀਤਾ ਗਿਆ ਹੈ ਕਿ ਜਿਨ੍ਹਾਂ ਨੂੰ ਗੁਰਮਤਿ ਦੀ ਸੋਝੀ ਆ ਜਾਂਦੀ ਹੈ, ਉਹ
ਦਿਨਾਂ, ਮਹੀਨਿਆਂ ਬਾਰੇ ਕਿਸੇ ਤਰ੍ਹਾਂ ਦੇ ਵਹਿਮ-ਭਰਮ ਦਾ ਸ਼ਿਕਾਰ ਨਹੀਂ ਹੁੰਦੇ। ਦਿਨਾਂ, ਥਿੱਤਾਂ
ਬਾਰੇ ਵਹਿਮ-ਭਰਮ ਦਾ ਸ਼ਿਕਾਰ ਹੋਣ ਵਾਲਿਆਂ ਬਾਰੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਫ਼ਰਮਾਨ ਹੈ:
‘ਸਤਿਗੁਰ ਬਾਝਹੁ ਅੰਧੁ ਗੁਬਾਰੁ॥ ਥਿਤੀ ਵਾਰ ਸੇਵਹਿ ਮੁਗਧ ਗਵਾਰ॥’ (ਪੰਨਾ 843) ਅਰਥ: ਗੁਰੂ ਸਰਨ
ਆਉਣ ਤੋਂ ਬਿਨਾਂ ਮਨੁੱਖ (ਆਤਮਕ ਜੀਵਨ ਵਲੋਂ) ਪੂਰੇ ਤੌਰ ਤੇ ਅੰਨ੍ਹਾ ਹੋਇਆ ਰਹਿੰਦਾ ਹੈ, (ਗੁਰੂ ਦਾ
ਆਸਰਾ-ਪਰਨਾ ਛੱਡ ਕੇ) ਮੂਰਖ ਮਨੁੱਖ ਹੀ ਥਿੱਤਾ ਤੇ ਵਾਰ ਮਨਾਂਦੇ ਫਿਰਦੇ ਹਨ।
ਸਾਨੂੰ ਗੁਰਬਾਣੀ ਦੇ ਕਿਸੇ ਵੀ ਸ਼ਬਦ ਵਿੱਚ ਜੋ ਮੂਲ ਉਪਦੇਸ਼ ਹੈ, ਉਸ ਨੂੰ ਹੀ ਪੱਲੇ ਬੰਨ੍ਹਣ ਦੀ ਲੋੜ
ਹੈ। ਸੋ, ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀਕਾਰਾਂ ਨੇ ਮਨੁੱਖ ਨੂੰ ਵਹਿਮਾਂ-ਭਰਮਾਂ ਤੋਂ ਮੁਕਤ ਕਰਕੇ
ਸਚਿਆਰ ਜੀਵਨ ਜਿਊਂਣ ਦੀ ਜੁਗਤੀ ਦ੍ਰਿੜ ਕਰਵਾਈ ਹੈ। ਇਹੀ ਕਾਰਨ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ
ਵਹਿਮ-ਭਰਮ ਦੇ ਕਿਸੇ ਵੀ ਰੂਪ ਨੂੰ ਸਵੀਕਾਰ ਨਹੀਂ ਕੀਤਾ ਗਿਆ ਹੈ। ਹਾਂ, ਇਹ ਜ਼ਰੂਰ ਹੈ ਕਿ
ਬਾਣੀਕਾਰਾਂ ਨੇ ਵਹਿਮਾਂ-ਭਰਮਾਂ ਵਿੱਚ ਦ੍ਰਿੜ ਵਿਸ਼ਵਾਸ ਕਾਰਨ ਮਾਨਸਕ ਤੌਰ `ਤੇ ਅਪਾਹਜ ਹੋਏ ਵਿਅਕਤੀ
ਦੇ ਪ੍ਰਭਾਵਿਤ ਹੋਣ ਦੀ ਗੱਲ ਤਾਂ ਸਵੀਕਾਰ ਕੀਤੀ ਹੈ ਪਰੰਤੂ ਵਹਿਮਾਂ-ਭਰਮਾਂ ਦੀ ਹੋਂਦ ਨੂੰ ਮੰਨਣ
ਤੋਂ ਇਨਕਾਰ ਕੀਤਾ ਹੈ। ਇਸ ਕਾਰਨ ਹੀ ਵਹਿਮਾਂ-ਭਰਮਾਂ ਦੀ ਦਲਦਲ ਵਿੱਚ ਫਸੇ ਹੋਏ ਮਨੁੱਖ ਨੂੰ
ਸਮਝਾਉਂਦਿਆ ਹੋਇਆ ਆਖਿਆ ਹੈ ਕਿ ਉਹ ਅਜਿਹੀ ਸੋਚ ਕਾਰਨ ਹੀ ਇਸ ਦਾ ਖ਼ਮਿਆਜ਼ਾ ਭੁਗਤ ਰਿਹਾ ਹੈ। (ਨੋਟ:
ਗੁਰੂ ਗ੍ਰੰਥ ਸਾਹਿਬ ਜੀ ਵਿੱਚ ‘ਬਦ ਨਦਰਿ’ ਸ਼ਬਦ ਆਇਆ ਹੈ ਪਰ ਇਹ ਸ਼ਬਦ ਖੋਟੇ ਮਨੁੱਖ ਦੀ ਮੰਦ
ਦ੍ਰਿਸ਼ਟੀ ਦਾ ਦੂਜੇ `ਤੇ ਅਸਰ ਹੋਣ ਦੇ ਅਰਥ ਵਿੱਚ ਨਹੀਂ ਬਲਕਿ ਵਿਕਾਰ ਭਰੀ ਨਜ਼ਰ ਤੋਂ ਹੈ: ਕਾਨ ਫਰਾਇ
ਹਿਰਾਏ ਟੂਕਾ॥ ਘਰਿ ਘਰਿ ਮਾਂਗੈ ਤ੍ਰਿਪਤਾਵਨ ਤੇ ਚੂਕਾ॥ ਬਨਿਤਾ ਛੋਡਿ ਬਦ ਨਦਰਿ ਪਰ ਨਾਰੀ॥ ਵੇਸਿ ਨ
ਪਾਈਐ ਮਹਾ ਦੁਖਿਆਰੀ॥ (ਪੰਨਾ 1348) ਅਰਥ: ਹੇ ਭਾਈ! (ਜਿਹੜਾ ਮਨੁੱਖ ਆਪਣੇ ਵਲੋਂ ਸ਼ਾਂਤੀ ਦੀ ਖ਼ਾਤਰ)
ਕੰਨ ਪੜਵਾ ਕੇ (ਜੋਗੀ ਬਣ ਜਾਂਦਾ ਹੈ, ਪਰ ਪੇਟ ਦੀ ਭੁੱਖ ਮਿਟਾਣ ਲਈ ਹੋਰਨਾਂ ਦੇ) ਟੁੱਕਰ ਤੱਕਦਾ
ਫਿਰਦਾ ਹੈ, ਹਰੇਕ ਘਰ (ਦੇ ਬੂਹੇ) ਤੇ (ਰੋਟੀ) ਮੰਗਦਾ ਫਿਰਦਾ ਹੈ, ਉਹ (ਸਗੋਂ) ਤ੍ਰਿਪਤੀ ਤੋਂ
ਵਾਂਜਿਆ ਰਹਿੰਦਾ ਹੈ। (ਉਹ ਮਨੁੱਖ ਆਪਣੀ) ਇਸਤ੍ਰੀ ਛੱਡ ਕੇ ਪਰਾਈ ਇਸਤ੍ਰੀ ਵੱਲ ਭੈੜੀ ਨਿਗਾਹ ਰੱਖਦਾ
ਹੈ। ਹੇ ਭਾਈ! (ਨਿਰੇ) ਧਾਰਮਿਕ ਪਹਿਰਾਵੇ ਨਾਲ (ਪਰਮਾਤਮਾ) ਨਹੀਂ ਮਿਲਦਾ। (ਇਸ ਤਰ੍ਹਾਂ ਸਗੋਂ
ਜਿੰਦ) ਬਹੁਤ ਦੁਖੀ ਹੁੰਦੀ ਹੈ।
‘ਬੁਰੀ ਨਜ਼ਰ’ ਦੇ ਸੰਕਲਪ ਨੂੰ ਸਿੱਖ ਸੰਗਤਾਂ ਵਲੋਂ ਪਰਵਾਨ ਕਰਨ ਦਾ ਕਾਰਨ, ਜਿੱਥੇ ਗੁਰਬਾਣੀ ਨੂੰ
ਧਿਆਨ ਨਾਲ ਪੜ੍ਹਨਾ ਵਿਚਾਰਨਾ ਨਹੀਂ ਹੈ, ਉੱਥੇ ਨਾਲ ਹੀ ਸਾਡੇ ਕੁੱਝ ਲੇਖਕਾਂ ਦੀਆਂ ਲਿਖਤਾਂ ਹਨ।
ਇਨ੍ਹਾਂ ਲੇਖਕਾਂ ਨੇ ਆਮ ਸਿੱਖ ਸੰਗਤਾਂ ਨੂੰ ਹੀ ਨਹੀਂ ਸਗੋਂ ਗੁਰੂ ਪਰਵਾਰ ਨੂੰ ਵੀ ਇਨ੍ਹਾਂ
ਵਹਿਮਾਂ-ਭਰਮਾਂ ਦਾ ਸ਼ਿਕਾਰ ਦਿਖਾਇਆ ਹੈ। ਅਜਿਹੀਆਂ ਲਿਖਤਾਂ ਵਿਚੋਂ ਗੁਰ ਪ੍ਰਤਾਪ ਸੂਰਜ ਪ੍ਰਮੁੱਖ
ਹੈ। ਇਸ ਦੀ ਕਥਾ ਸਾਲਾਂ-ਬੱਧੀ ਗੁਰਦੁਆਰਿਆਂ ਵਿੱਚ ਹੁੰਦੀ ਰਹੀ ਹੈ ਅਤੇ ਅੱਜ ਵੀ ਕਈ ਥਾਂਈ ਹੋ ਰਹੀ
ਹੈ। ਸੂਰਜ ਪ੍ਰਕਾਸ਼ ਵਿੱਚ ‘ਬੁਰੀ ਨਜ਼ਰ’ ਦੇ ਭਰਮ ਦਾ ਕਈ ਥਾਈਂ ਵਰਣਨ ਕੀਤਾ ਹੋਇਆ ਹੈ। ਅਜਿਹੇ
ਪ੍ਰਸੰਗਾਂ ਨੂੰ ਸੁਣਾਉਣ ਸਮੇਂ ਜ਼ਿਆਦਾਤਰ ਕਥਾਵਾਚਕ ਗੁਰਮਤਿ ਦਾ ਪੱਖ ਸਪਸ਼ਟ ਕਰਨ ਦੀ ਬਜਾਏ
ਆਲੇ-ਦੁਆਲੇ `ਚੋਂ ਦ੍ਰਿਸ਼ਟਾਂਤ ਦੇ ਕੇ ਇਸ ਵਹਿਮ ਨੂੰ ਹੋਰ ਪ੍ਰਪੱਕ ਕਰਨ ਦੀ ਭੂਮਿਕਾ ਹੀ ਨਿਭਾਉਂਦੇ
ਹਨ। ਇਸ ਕਾਰਨ ਹੀ ਆਮ ਸਿੱਖ ਸੰਗਤਾਂ ਅਜਿਹੇ ਪ੍ਰਸੰਗਾਂ ਨੂੰ ਪੜ੍ਹ ਸੁਣਕੇ ਇਹ ਧਾਰਨਾਂ ਬਣਾ
ਲੈਂਦੀਆਂ ਹਨ ਕਿ ਗੁਰਮਤਿ ਵਿੱਚ ਵੀ ‘ਬੁਰੀ ਨਜ਼ਰ’ ਲਗਣ ਦੀ ਧਾਰਨਾ ਨੂੰ ਸਵੀਕਾਰ ਕੀਤਾ ਗਿਆ ਹੈ।
ਸੂਰਜ ਪ੍ਰਕਾਸ ਵਿਚੋਂ ਦੋ ਕੁ ਉਦਾਹਰਣਾਂ ਪਾਠਕਾਂ ਨਾਲ ਸਾਂਝੀਆਂ ਕਰ ਰਹੇ ਹਾਂ। ਪਾਠਕ ਜਨ ਇਨ੍ਹਾਂ
ਉਦਾਹਰਣਾਂ ਤੋਂ ਖ਼ੁਦ ਹੀ ਅੰਦਾਜ਼ਾ ਲਗਾ ਲੈਣ ਕਿ ਲੇਖਕ ਨੇ ਆਮ ਸਿੱਖਾਂ ਨੂੰ ਹੀ ਨਹੀਂ, ਗੁਰੂ ਪਰਵਾਰ
ਨੂੰ ਵੀ ਇਸ ਵਹਿਮ ਦਾ ਸ਼ਿਕਾਰ ਹੋਇਆ ਦਿਖਾਇਆ ਹੈ। ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਮਾਤਾ ਨਾਨਕੀ
ਜੀ (ਗੁਰੂ ਤੇਗ ਬਹਾਦਰ ਜੀ ਦੇ ਮਾਤਾ ਜੀ) ਨੂੰ ਜਦ ਇਹ ਪੁੱਛਿਆ ਗਿਆ ਕਿ ਭੀਖਨ ਸ਼ਾਹ ਬਾਲ ਗੋਬਿੰਦ
ਰਾਏ ਦੇ ਦਰਸ਼ਨ ਕਰਨਾ ਚਾਹੁੰਦਾ ਹੈ, ਤਾਂ ਮਾਤਾ ਨਾਨਕੀ ਜੀ ਬਾਲਕ ਗੋਬਿੰਦ ਰਾਇ ਨੂੰ ਭੀਖਨ ਸ਼ਾਹ ਨੂੰ
ਨਾ ਦਿਖਾਉਣ ਦੇ ਹੋਰ ਕਾਰਨਾਂ ਤੋਂ ਇਲਾਵਾ ਇੱਕ ਕਾਰਨ ਇਹ ਵੀ ਦਸਦੇ ਹਨ: “ਨਰ ਪਰਦੇਸੀ ਕੋ
ਦਿਖਰਾਵਨਿ। ਡੀਠ ਆਦਿ ਅਵਗੁਨ ਪਰਛਾਵਨਿ। ਇੱਤਯਾਦਿਕ ਉਰ ਸਮਝਹੁ ਸਾਰੇ। ਤਿਨਂਿਹ ਉਠਾਵਹੁ ਬਿਨੈ
ਉਚਾਰੇ।” ਭਾਵ, ਮਾਤਾ ਨਾਨਕੀ ਜੀ ਨੇ ਆਖਿਆ ਕਿ ਤੁਸੀਂ ਇਸ ਗੱਲ ਦੀ ਵੀਚਾਰ ਕਰੋ ਕਿ ਬਾਲਕ ਨੂੰ ਕਿਸੇ
ਅਣਜਾਣ ਪਰਦੇਸੀ ਵਿਅਕਤੀ ਨੂੰ ਦਿਖਾਉਣਾ ਠੀਕ ਨਹੀਂ ਹੈ, ਫੇਰ ‘ਬੁਰੀ ਨਜ਼ਰ’ ਆਦਿ ਲਗਣ ਦਾ ਡਰ ਵੀ ਹੈ।
ਇਸ ਲਈ ਭੀਖਣ ਸ਼ਾਹ ਨੂੰ ਪਿਆਰ ਨਾਲ ਸਮਝਾ ਬੁਝਾ ਕੇ ਚਲੇ ਜਾਣ ਲਈ ਆਖ ਦੇਵੋ। (ਸ਼੍ਰੀ ਗੁਰ ਪ੍ਰਤਾਪ
ਸੂਰਜ-ਰਾਸਿ 12; ਅੰਸੂ 15)
ਪਰ ਜਦ ਭੀਖਨ ਸ਼ਾਹ ਦਾ ਦ੍ਰਿੜ ਵਿਸ਼ਵਾਸ/ਪ੍ਰੇਮ ਦੇਖ ਕੇ ਇਹ ਫੈਸਲਾ ਕੀਤਾ ਗਿਆ ਕਿ ਬਾਲਕ ਦੇ ਭੀਖਣ
ਸ਼ਾਹ ਨੂੰ ਦਰਸ਼ਨ ਕਰਵਾਏ ਜਾਣ, ਤਾਂ ਮਾਤਾ ਗੁਜਰੀ ਜੀ ਨੇ ਬਾਲਕ ਦੇ ਮੱਥੇ `ਤੇ ਕਾਲਾ ਟਿੱਕਾ ਲਗਾ
ਦਿੱਤਾ ਤਾਂ ਕਿ ਇਨ੍ਹਾਂ ਨੂੰ ਨਜ਼ਰ ਨਾ ਲੱਗੇ। “ਸ਼ਯਾਮ ਬਿੰਦੁ ਜਨਨੀ ਸ਼ੁਭ ਲਾਇਵ। ਡੀਠ ਨ ਲਗੈ ਰਿਦਾ
ਅਕੁਲਾਇਵ। ਮਨਹੁਂ ਅਲਪ ਸੁ ਲੱਛਨ ਚੰਦ ਸੁਹਾਵਾ। ਦਾਸ ਚਕੋਰਨ ਗਨ ਹਰਖਾਵਾ।” (ਸ਼੍ਰੀ ਗੁਰ ਪਰਤਾਪ
ਸੂਰਜ-ਰਾਸਿ 12; ਅੰਸੂ 16)
ਮਾਤਾ ਗੰਗਾ ਜੀ (ਗੁਰੂ ਅਰਜਨ ਦੇਵ ਜੀ ਦੇ ਮਹਿਲ/ਪਤਨੀ) ਬਾਲਕ (ਗੁਰੂ) ਹਰਿਗੋਬਿੰਦ ਜੀ ਨੂੰ ‘ਬੁਰੀ
ਨਜ਼ਰ’ ਤੋਂ ਬਚਾਉਣ ਲਈ ਮੱਥੇ `ਤੇ ਕਾਲਾ ਟਿੱਕਾ ਲਾਉਣ ਉਪਰੰਤ ਵੀ ਤਸੱਲੀ ਨਹੀਂ ਹੁੰਦੀ। ਇਸ ਲਈ ਮਾਤਾ
ਜੀ ਬਾਲਕ ਤੋਂ “ਡੀਠ ਨ ਲਗਹਿਂ ਡਰਤਿ ਉਰ ਜਨਨੀ ਵਾਰਤਿ ਲੋਨ ਮੰਗਾਇ। ਤਿਨਕਾ ਤੋਰਿ ਤੋਰਿ ਕਰਿ ਗੇਰਤਿ
ਰੱਛਕ ਸ੍ਰੀ ਨਾਨਕ ਲੇ ਨਾਇ।” (ਅਰਥ: ਮਾਤਾ ਗੰਗਾ ਜੀ ਇਸ ਗੱਲੋਂ ਡਰਦੇ ਹਨ ਕਿ ਕਿਤੇ ਬਾਲਕ ਨੂੰ
ਕਿਸੇ ਦੀ ਨਜ਼ਰ ਨਾ ਲਗ ਜਾਵੇ, ਇਸ ਲਈ ਆਪ ਬਾਲਕ ਦੇ ਸਿਰ ਤੋਂ ਲੂਣ ਫੇਰਦੇ ਹਨ। ਮਾਤਾ ਜੀ ਗੁਰੂ ਨਾਨਕ
ਸਾਹਿਬ ਦਾ ਨਾਮ ਲੈ ਕੇ ਤਿਨਕਾ ਬਾਲਕ ਦੇ ਸਿਰ ਤੋਂ ਵਾਰ ਕੇ ਤੋੜ ਕੇ ਸੁੱਟ ਰਹੇ ਹਨ। (ਸ਼੍ਰੀ ਗੁਰ
ਪ੍ਰਤਾਪ ਸੂਰਜ-ਰਾਸਿ 3; ਅੰਸੂ7) (ਨੋਟ: ਮਰੇ ਹੋਏ ਪ੍ਰਾਣੀ ਦੀ ਚਿਤਾ ਵਿਚ, ਸਸਕਾਰ ਸਮੇਂ ਤਿਨਕਾ
ਤੋੜ ਕੇ ਸਿੱਟਿਆ ਜਾਂਦਾ ਹੈ, ਜਿਸ ਦਾ ਅਰਥ ਇਹ ਲਿਆ ਜਾਂਦਾ ਹੈ ਕਿ ਹੁਣ ਸਾਡੇ ਨਾਲੋਂ ਸੰਬੰਧ
ਟੁੱਟਾ। ਪਰੰਤੂ ਬਾਲਕ ਨੂੰ ਬੁਰੀ ਨਜ਼ਰ ਨਾ ਲੱਗੇ, ਇਸ ਲਈ ਇਸਤ੍ਰੀਆਂ ਬਾਲਕ ਦੇ ਸਿਰ ਤੋਂ ਤਿਨਕਾ ਵਾਰ
ਕੇ ਤੋੜਦੀਆਂ ਹਨ।)
ਕਈ ਵਿਦਵਾਨ ਭਾਈ ਗੁਰਦਾਸ ਜੀ ਦੀ 35ਵੀਂ ਵਾਰ ਦੀ 9ਵੀਂ ਪਉੜੀ ਦੀ ਉਦਾਹਰਣ ਦੇ ਕੇ ਆਖਦੇ ਹਨ ਕਿ
ਗੁਰਮਤਿ ਸਾਹਿਤ ਵਿੱਚ ‘ਬੁਰੀ ਨਜ਼ਰ’ ਦੇ ਸੰਕਲਪ ਨੂੰ ਪ੍ਰਵਾਣ ਕੀਤਾ ਹੋਇਆ ਹੈ। ਭਾਈ ਗੁਰਦਾਸ ਜੀ ਦੀ
ਇਹ ਵਾਰ ਇਸ ਤਰ੍ਹਾਂ ਹੈ:- “ਮਦ ਵਿਚਿ ਰਿਧਾ ਪਾਇ ਕੈ ਕੁਤੇ ਦਾ ਮਾਸੁ॥ ਧਰਿਆ ਮਾਣਸ ਖੋਪਰੀ ਤਿਸੁ
ਮੰਦੀ ਵਾਸੁ॥ ਰਤੂ ਭਰਿਆ ਕਪੜਾ ਕਰਿ ਕਜਣੁ ਤਾਸੁ॥ ਢਕਿ ਲੈ ਚਲੀ ਚੂਹੜੀ ਕਰਿ ਭੋਗ ਬਿਲਾਸੁ॥ ਆਖਿ
ਸੁਣਾਏ ਪੁਛਿਆ ਲਾਹੇ ਵਿਸਵਾਸੁ॥ ਨਦਰੀ ਪਵੈ ਅਕਿਰਤਘਣੁ ਮਤੁ ਹੋਇ ਵਿਣਾਸੁ॥ (ਵਾਰ 35, ਪਉੜੀ 9)
ਅਰਥ: ਇੱਕ ਚੂਹੜੀ ਨੇ ਕੁੱਤੇ ਦਾ ਮਾਸ ਸ਼ਰਾਬ ਵਿੱਚ ਪਾ ਕੇ ਰਿੱਧਾ। (ਨੋਟ: `ਚੂਹੜੀ’ ਸ਼ਬਦ ਇੱਥੇ
ਕਿਸੇ ਵਿਸ਼ੇਸ਼ ਜਾਤੀ ਨਾਲ ਸਬੰਧਤ ਨਹੀਂ ਹੈ। ਇਹ ਸ਼ਬਦ ਵਿਸ਼ੇ-ਵਿਕਾਰਾਂ ਵਿੱਚ ਗ੍ਰਸੇ ਹੋਏ ਪ੍ਰਾਣੀ ਦਾ
ਹੀ ਲਖਾਇਕ ਸਮਝਣਾ ਚਾਹੀਦਾ ਹੈ)। ਇਸ ਨੂੰ ਮਨੁੱਖ ਦੀ ਖੋਪਰੀ ਵਿੱਚ ਰੱਖਿਆ ਹੋਇਆ ਸੀ। ਇਸ ਕਰਕੇ ਉਸ
ਵਿਚੋਂ ਭੈੜੀ ਵਾਸ਼ਨਾ ਆਉਂਦੀ ਸੀ। ਲਹੂ ਦੇ ਭਰੇ ਕੱਪੜੇ ਨਾਲ ਉਸ ਨੂੰ ਕੱਜ/ਢੱਕ ਕੇ ਭੋਗ ਵਿਲਾਸ ਕਰਨ
ਲਈ ਚੂੜ੍ਹੀ ਲਈ ਜਾਂਦੀ ਸੀ। ਕਿਸੇ ਨੇ ਪੁੱਛਿਆ ਕਿ ਇਸ ਵਿਖੇ ਕੇਹੜੀ ਅਦਭੁਤ ਚੀਜ਼ ਹੈ ਜਿਸ ਨੂੰ ਤੂੰ
ਢੱਕ ਕੇ ਪੜਦੇ ਨਾਲ ਲਈ ਜਾਂਦੀ ਹੈਂ? ਉਸ ਦੇ ਸੰਸੇ ਨੂੰ ਦੂਰ ਕਰਨ ਲਈ ਆਖ ਸੁਣਾਇਆ, ਜੇਕਰ ਅਕ੍ਰਿਤਘਨ
ਪੁਰਖ ਦੀ ਇਸ ਪੁਰ ਨਜ਼ਰ ਪੈ ਗਈ ਤਾਂ ਇਹ ਫਿਟ ਜਾਵੇਗਾ, ਫੇਰ ਖਾਣ ਦੇ ਕੰਮ ਦਾ ਨਹੀਂ ਰਹਿਣ ਲੱਗਾ; ਇਸ
ਲਈ ਭੈੜੇ ਲਹੂ ਦੇ ਭਰੇ ਹੋਏ ਕੱਪੜੇ ਨਾਲ ਢਕਿਆ ਹੈ ਕਿ ਇਹ ਮਾਸ ਭੈੜੀ ਨਜ਼ਰ ਨਾਲ ਵਿਗੜ ਨਾ ਜਾਵੇ।
ਪਰ ਭਾਈ ਸਾਹਿਬ ਦੀ ਇਸ ਪਉੜੀ ਦਾ ਵਿਸ਼ਾ ਭੈੜੀ ਨਜ਼ਰ ਨਹੀਂ ਹੈ। ਇਸ ਵਿੱਚ ਤਾਂ ਭਾਈ ਸਾਹਿਬ ਅਕ੍ਰਿਤਘਨ
ਹੋਣਾ ਕਿੰਨਾ ਮਾੜਾ ਅਥਵਾ ਨੀਚ ਹੈ, ਇਸ ਦਾ ਹੀ ਵਰਣਨ ਕਰ ਰਹੇ ਹਨ। ਕੁੱਤੇ ਦਾ ਮਾਸ, ਮੁਰਦੇ ਦੀ
ਖੋਪਰੀ, ਸ਼ਰਾਬ ਆਦਿਕ ਵਸਤੂਆਂ ਬਾਰੇ ‘ਬੁਰੀ ਨਜ਼ਰ ਲਗਣ’ ਦੀ ਧਾਰਨਾ ਵਿੱਚ ਵਿਸ਼ਵਾਸ ਰੱਖਣ ਵਾਲੇ ਮੰਨਦੇ
ਹਨ ਕਿ ਇਨ੍ਹਾਂ ਨੂੰ ਨਜ਼ਰ ਨਹੀਂ ਲਗਦੀ। ਪਰ ਅਕ੍ਰਿਤਘਨ ਅਜਿਹਾ ਪ੍ਰਾਣੀ ਹੈ ਕਿ ਜਿਸ ਦੀ ਨਜ਼ਰ ਜੇਕਰ
ਇਨ੍ਹਾਂ ਵਸਤੂਆਂ `ਤੇ ਪੈ ਜਾਵੇ ਤਾਂ ਇਹ ਹੋਰ ਵੀ ਅਪਵਿੱਤਰ ਹੋ ਜਾਂਦੀਆਂ ਹਨ। ਭਾਵ ਅਕ੍ਰਿਤਘਨ ਦੀ
ਨਜ਼ਰ ਇਨ੍ਹਾਂ ਅਪਵਿੱਤਰ ਵਸਤੂਆਂ ਨੂੰ ਹੋਰ ਅਪਵਿੱਤਰ ਬਣਾ ਦੇਂਦੀ ਹੈ। ਭਾਈ ਸਾਹਿਬ ਤਾਂ ‘ਬੁਰੀ ਨਜ਼ਰ’
ਬਾਰੇ ਪ੍ਰਚਲਤ ਲੋਕ ਧਾਰਨਾ ਦੀ ਵਰਤੋਂ ਕਰਕੇ ਅਕ੍ਰਿਤਘਣਤਾ ਦੀ ਦੁਸ਼ਟਤਾ ਨੂੰ ਹੀ ਦਰਸਾ ਰਹੇ ਹਨ। ਇਸ
ਲਈ ਇਸ ਪਉੜੀ ਤੋਂ ਇਹ ਧਾਰਨਾ ਬਣਾ ਲੈਣੀ ਜੋਗ ਨਹੀਂ ਹੈ ਕਿ ਭਾਈ ਗੁਰਦਾਸ ਜੀ ‘ਨਜ਼ਰ ਲਗਣ’ ਬਾਰੇ
ਪ੍ਰਚਲਤ ਭਰਮ ਵਿੱਚ ਵਿਸ਼ਵਾਸ ਰੱਖਦੇ ਹਨ।
ਇਸ ਸੰਖੇਪ ਜੇਹੀ ਵਿਚਾਰ ਉਪਰੰਤ ਅਸੀਂ ਆਖ ਸਕਦੇ ਹਾਂ ਕਿ ਗੁਰਮਤਿ ਵਿੱਚ ‘ਬੁਰੀ ਨਜ਼ਰ ਲਗਣ’ ਦੀ
ਧਾਰਨਾ ਨੂੰ ਸਵੀਕਾਰ ਨਹੀਂ ਕੀਤਾ ਗਿਆ ਹੈ। ਭਾਂਵੇਂ ਲੋਕ ਗੀਤਾਂ, ਅਖਾਣਾਂ ਅਤੇ ਮੁਹਾਵਰਿਆਂ ਵਿੱਚ
‘ਨਜ਼ਰ ਲਗਣ’ ਦੀ ਧਾਰਨਾ ਨੂੰ ਦਰਸਾਇਆ ਗਿਆ ਹੈ, ਪਰ ਗੁਰਮਤਿ ਦੀ ਰਹਿਣੀ ਵਿੱਚ ਇਸ ਧਾਰਨਾ ਨੂੰ
ਸਵੀਕਾਰ ਨਹੀਂ ਕੀਤਾ ਗਿਆ ਹੈ। ਭਾਂਵੇਂ ਕਈ ਸਿੱਖ ਪਰਵਾਰ ਇਸ ਵਿੱਚ ਵਿਸ਼ਵਾਸ ਕਰਦੇ ਹਨ ਪਰੰਤੂ ਇਹ
ਵਿਸ਼ਵਾਸ ਇਸ ਗੱਲ ਦਾ ਲਖਾਇਕ ਨਹੀਂ ਹੈ ਕਿ ਇਹ ਗੁਰਮਤਿ ਦਾ ਸੱਚ ਹੈ। ਸਿੱਖ ਨੇ ਗੁਰੂ ਗ੍ਰੰਥ ਸਾਹਿਬ
ਜੀ ਵਿੱਚ ਦਰਸਾਈ ਜੀਵਨ-ਜੁਗਤ ਨੂੰ ਸਮਝ ਕੇ ਅਪਣਾਉਣਾ ਹੈ ਨਾ ਕਿ ਭਰਮੀ ਸਿੱਖਾਂ ਦੀ ਜੀਵਨ-ਜੁਗਤ
ਨੂੰ। ਇਹ ਵਿਸ਼ਵਾਸ ਸਾਡੀ ਗੁਰਮਤਿ ਪ੍ਰਤੀ ਅਗਿਆਨਤਾ ਅਥਵਾ ਬੇਸਮਝੀ ਦਾ ਹੀ ਪ੍ਰਤੀਕ ਹੈ। ਸਾਨੂੰ ਗੁਰੂ
ਗ੍ਰੰਥ ਸਾਹਿਬ ਵਿੱਚ ਦਰਸਾਈ ਜੀਵਨ-ਜਾਚ ਨੂੰ ਹੀ ਸਮਝਣ ਅਤੇ ਅਪਣਾਉਣ ਦੀ ਲੋੜ ਹੈ ਨਾ ਕਿ ਲੋਕ ਮਨਾਂ
ਵਿੱਚ ਸਦੀਆਂ ਤੋਂ ਵਸੇ ਹੋਏ ਵਹਿਮ ਭਰਮਾਂ ਨੂੰ। ਸੋ, ਆਓ! ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ
ਨੂੰ ਪਹਿਲਾਂ ਆਪ ਸਮਝ ਕੇ ਫਿਰ ਦੂਜਿਆਂ ਨੂੰ ਵੀ ਇਸ ਅਤਿ ਉੱਤਮ ਅਤੇ ਸਾਇੰਟਫਿਕ/ਵਿਗਿਆਨਕ
ਵਿਚਾਰਧਾਰਾ ਦੀ ਮਹੱਤਾ ਤੋਂ ਜਾਣੂੰ ਕਰਾਕੇ ਆਪਣੇ ਸਿੱਖ ਹੋਣ ਦੇ ਫ਼ਰਜ਼ ਦੀ ਪਾਲਣਾ ਕਰੀਏ। ਅੰਤ ਵਿੱਚ
ਪਾਠਕਾਂ ਦਾ ਧਿਆਨ ਭਾਈ ਕਾਨ੍ਹ ਸਿੰਘ ਨਾਭਾ ਦੀ ‘ਬੁਰੀ ਨਜ਼ਰ’ ਸਬੰਧੀ ਲਿਖਤ ਵਲ ਦੁਆ ਰਹੇ ਹਾਂ:
“ਅਗਯਾਨੀ ਸਮਝਦੇ ਹਨ ਕਿ ਬਦਨਜ਼ਰ ਦਾ ਬੁਰਾ ਅਸਰ ਹੁੰਦਾ ਹੈ, ਅਰ ਉਸ ਤੋਂ ਬਚਣ ਵਾਸਤੇ ਅਵਿਦਯਾ ਦੇ
ਅਨੇਕ ਕਰਮ ਕਰਦੇ ਹਨ, ਜੋ ਸਿੱਖ ਧਰਮ ਵਿੱਚ ਨਿੰਦਿਤ ਹਨ।” (ਗੁਰੁਮਤ ਮਾਰਤੰਡ)
ਜਸਬੀਰ ਸਿੰਘ ਵੈਨਕੂਵਰ