ਗੁਰਬਾਣੀ ਵਿੱਚ ਸੰਗੀਤ ਦਾ ਮਹੱਤਵ
ਭਾਰਤੀ ਸੰਗੀਤ ਦੇ ਇਤਿਹਾਸ ਵੱਲ
ਨਜ਼ਰ ਮਾਰਨ ਉਪਰੰਤ ਇਹ ਗੱਲ ਸਪਸ਼ਟ ਤੌਰ ਤੇ ਉਭਰ ਕੇ ਸਾਹਮਣੇ ਆਉਂਦੀ ਹੈ ਕਿ ਭਾਰਤੀ ਸੰਗੀਤ ਨੂੰ ਮੁੱਢ
ਤੋਂ ਹੀ ਵਿਆਪਕ ਤੌਰ ਤੇ ਸਤਿਕਾਰਯੋਗ ਸਥਾਨ ਪ੍ਰਾਪਤ ਰਿਹਾ ਹੈ। ਬਾਲਮੀਕੀ ਰਾਮਾਇਣ ਵਿੱਚ ਵੀ ਇਹ
ਲਿਖਿਆ ਮਿਲਦਾ ਹੈ ਕਿ ਸੀਤਾ ਸਵੰਬਰ ਦੇ ਮੌਕੇ ਤੇ ਵੀਣਾ, ਮਿਰਦੰਗ, ਢੌਲ ਆਦਿ ਸਾਜਾਂ ਦਾ ਵਾਦਨ ਕੀਤਾ
ਗਿਆ। ਇਹ ਸੰਕੇਤ ਰਾਮਾਇਣ ਵਿੱਚੋਂ ਵੀ ਮਿਲਦਾ ਹੈ ਕਿ ਜਦੋਂ ਪਾਂਡਵਾ ਨੇ ਅਸ਼ਵਮੇਘ ਯੱਗ ਕੀਤਾ ਤਾਂ
ਯੁਧਿਸ਼ਟਰ ਨੇ ਸੰਗੀਤ ਕਲਾ ਦਾ ਸਤਕਾਰ ਕਰਦੇ ਹੋਏ ਨਾਰਦ, ਤੰਬੂਰ, ਵਿਸ਼ਵਾਵਸੂ ਅਤੇ ਚਿੱਤਰਸੇਨ
ਗੰਧਰਵਾਂ ਨੂੰ ਉਚੀ ਥਾਂ ਤੇ ਬਿਰਾਜਮਾਨ ਕੀਤਾ ਸੀ। ਸਮਰਾਟ ਅਸ਼ੋਕ, ਸਮੁੰਦਰ ਗੁਪਤ, ਕਨਿਸ਼ਕ, ਅਕਬਰ,
ਰਾਜਾ ਮਾਨ ਸਿੰਘ ਤੋਮਰ ਅਤੇ ਹੋਰ ਅਨੇਕਾ ਹੀ ਭਾਰਤੀ ਰਾਜੇ ਸੰਗੀਤ ਦੇ ਸ਼ੋਕੀਨ ਅਤੇ ਉਪਾਸ਼ਕ ਸਨ।
ਉਨ੍ਹਾਂ ਨੇ ਇਸ ਕਲਾ ਦੀ ਉਨੱਤੀ ਲਈ ਸੰਭਵ ਜਤਨ ਵੀ ਕੀਤੇ ਸਨ।
ਸੰਗੀਤ ਕਲਾ ਦੀ ਇਤਨੀ ਗੌਰਵਸ਼ਾਲੀ ਪਰੰਪਰਾ ਦੇ ਹੁੰਦੇ ਹੋਇ ਵੀ ਕਿਸੀ ਵੀ ਧਰਮ ਨੇ ਸੰਗੀਤ ਨੂੰ ਉਹ
ਦਰਜਾ ਨਹੀਂ ਦਿੱਤਾ ਜਿਹੜਾ ਇਸ ਨੂੰ ਸਿੱਖ ਧਰਮ ਵੱਲੋਂ ਪ੍ਰਾਪਤ ਹੋਇਆ ਹੈ। ਸਿੱਖ ਧਰਮ ਦਾ ਪਵਿੱਤਰ
ਗ੍ਰੰਥ ਜਿਸ ਨੂੰ ਗੁਰੂ ਦੀ ਪਦਵੀ ਨਾਲ ਨਿਵਾਜਿਆ ਗਿਆ ਹੈ ਅਤੇ ਇਸ ਨੂੰ “ਸ੍ਰੀ ਗੁਰੂ ਗ੍ਰੰਥ ਸਾਹਿਬ”
ਕਹਿ ਕੇ ਸਤਿਕਾਰਿਆ ਜਾਂਦਾ ਹੈ। ਇਸ 1430 ਅੰਕਾ ਦੇ ਗ੍ਰੰਥ ਦੀਆਂ ਕੁੱਝ ਰਾਗ ਰਹਿਤ ਬਾਣੀਆਂ ਨੂੰ
ਛੱਡ ਕੇ ਬਾਕੀ ਸਾਰੀ ਦੀ ਸਾਰੀ ਬਾਣੀ ਅੰਕ 14 ਤੋਂ ਲੈ ਕੇ 1352 ਤਕ 31 ਰਾਗਾਂ ਵਿੱਚ ਰਚੀ ਗਈ ਹੈ।
ਬਾਣੀ ਦੇ ਸਿਰਫ਼ ਰਾਗ ਹੀ ਨਹੀਂ ਬਲਕਿ ਟੇਕ, ਅੰਤਰਾ ਅਤੇ ਥਾਪ ਜਾ ਤਾਲ ਵੀ ਨਿਰਧਾਰਤ ਕਰ ਦਿੱਤੀ ਗਈ
ਹੈ। ਹਰ ਸ਼ਬਦ ਨੂੰ ਨਿਰਧਾਰਿਤ ਰਾਗ ਵਿੱਚ ਗਾਉਣ ਦਾ ਆਦੇਸ਼ ਹੈ।
ਬਾਦਸ਼ਾਹ ਔਰੰਗਜ਼ੇਬ ਨੂੰ ਸਗੀਤ ਨਾਲ ਸਖਤ ਨਫ਼ਰਤ ਸੀ। ਉਹ ਸਮਝਦਾ ਸੀ ਕਿ ਸੰਗੀਤ ਮਨੁੱਖ ਦੇ ਚਰਿਤਰ ਨੂੰ
ਵਿਗਾੜਨ ਦਾ ਮੁੱਖ ਕਾਰਨ ਹੈ। ਉਹ ਸੰਗੀਤ ਨੂੰ ਧਰਮ ਦੇ ਵਿਰੁੱਧ ਸਮਝਦਾ ਸੀ। ਇਸ ਲਈ ਉਸਨੇ ਸੰਗੀਤ ਦਾ
ਨਾਮੋ ਨਿਸ਼ਾਨ ਮਿਟਾਣ ਦਾ ਇਰਾਦਾ ਕਰ ਲਿਆ ਅਤੇ ਫਿਰ ਹੁਕਮ ਕਰ ਦਿੱਤਾ ਕਿ ਸੰਗੀਤ ਦੇ ਸਾਜ਼ਾ ਨੂੰ ਜ਼ਮੀਨ
ਵਿੱਚ ਇਤਨਾ ਡੂੰਗਾ ਦਬਾ ਦਿੱਤਾ ਜਾਵੇ ਕਿ ਉਨ੍ਹਾਂ ਦੀ ਆਵਾਜ਼ ਫਿਰ ਕਦੀ ਵੀ ਸੁਣਾਈ ਨਾ ਦੇਵੇ। ਪਰ
ਗੁਰੂ ਨਾਨਕ ਦੇਵ ਜੀ ਨੇ ਉਸ ਤੋਂ ਉਲਟ ਸੰਗੀਤ ਨੂੰ ਇਤਨਾ ਬੁਲੰਦ ਅਤੇ ਉੱਚਾ ਦਰਜਾ ਦਿੱਤਾ ਕਿ ਬਾਬੇ
ਦੀ ਬਾਣੀ ਨਾਲ ਸੰਗੀਤ ਵੀ ਪੂਜਨੀਕ ਹੋ ਨਿਬੜਿਆ। ਉਹ ਹਮੇਸ਼ਾ ਮਰਦਾਨੇ ਨੂੰ ਆਪਣੇ ਨਾਲ ਰਖਦੇ ਸਨ ਅਤੇ
ਜਦੋਂ ਬਾਣੀ ਗਾਉਂਦੇ ਸਨ ਤੇ ਮਰਦਾਨੇ ਨੂੰ ਰਬਾਬ ਬਜਾਉਣ ਲਈ ਕਹਿੰਦੇ ਸਨ।
ਗੁਰੂ ਨਾਨਕ ਦੇਵ ਜੀ ਸੰਗੀਤ ਨੂੰ ਸਿੱਖ ਧਰਮ ਦਾ ਇੱਕ ਥੰਮ ਸਮਝਦੇ ਸਨ। ਉਨ੍ਹਾਂ ਨੇ ਸਿੱਖ ਧਰਮ ਦੀ
ਨੀਂਹ ਰੱਖਣ ਵੇਲੇ ਦੋ ਬੁਨਿਆਦੀ ਥੰਮ ਚਿਣੇ ਸਨ। ਇੱਕ ਬਾਣੀ ਅਤੇ ਦੂਜਾ ਸੰਗੀਤ। ਜਦੋਂ ਗੁਰੂ ਜੀ ਨੂੰ
ਇਲਾਹੀ ਇਲਹਾਮ ਆਉਂਦਾ ਤਾਂ ਉਹ ਮਰਦਾਨੇ ਨੂੰ ਕਹਿੰਦੇ ਮਰਦਾਨਿਆਂ ਛੇੜ ਰਬਾਬ ਬਾਣੀ ਆਈ ਹੈ। ਮਰਦਾਨਾ
ਰਬਾਬ ਵਜਾਉਂਦਾ ਅਤੇ ਗੁਰੂ ਜੀ ਰਾਗ ਵਿੱਚ ਬਾਣੀ ਉਚਾਰੀ ਜਾਂਦੇ ਜੋ ਫਿਰ ਬਾਦ ਵਿੱਚ ਲਿਖ ਲਈ ਜਾਂਦੀ
ਸੀ। ਮਰਦਾਨੇ ਰਾਹੀਂ ਗੁਰੂ ਨਾਨਕ ਜੀ ਆਪਣਾ ਸੰਦੇਸ਼ ਸਾਰੀ ਲੋਕਾਈ ਤੱਕ ਪਹੁੰਚਾਉਂਦੇ ਸਨ। ਮਰਦਾਨਾ
ਗੁਰੂ ਨਾਨਕ ਪਾਤਸ਼ਾਹ ਜੀ ਦੀ ਸੰਗੀਤ ਪ੍ਰਯੋਗਸ਼ਾਲਾ ਸੀ।
ਭਾਈ ਮਰਦਾਨੇ ਦੇ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਭਾਈ ਬਲਵੰਡ ਗੁਰੂ ਜੀ ਪਾਸ ਉਨ੍ਹਾਂ ਦੇ ਕੀਰਤਨੀਏ
ਬਣੇ ਅਤੇ ਬੜਾ ਰਸਭਿੰਨਾ ਕੀਰਤਨ ਕਰਦੇ ਰਹੇ। ਜਦੋਂ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ
ਨੂੰ ਆਪਣੀ ਬਾਣੀ ਦੀ ਪੋਥੀ ਸਮੇਤ ਗੁਰੂ ਗੱਦੀ ਦਿੱਤੀ ਤਾਂ ਭਾਈ ਬਲਵੰਡ ਨੂੰ ਹਮੇਸ਼ਾ ਆਪਣੇ ਨਾਲ ਰਖਣ
ਦੀ ਹਿਦਾਇਤ ਵੀ ਕੀਤੀ।
ਇਹ ਕੀਰਤਨ ਪਰੰਪਰਾ ਬਾਕੀ ਗੁਰੂਆਂ ਦੇ ਵੇਲੇ ਵੀ ਚਲਦੀ ਰਹੀ ਅਤੇ ਸੰਗੀਤ ਕਲਾ ਸਿੱਖੀ ਦੇ ਪ੍ਰਚਾਰ
ਅਤੇ ਪ੍ਰਸਾਰ ਲਈ ਇੱਕ ਧੁਰੇ ਦਾ ਕੰਮ ਕਰਦੀ ਰਹੀ।
ਗੁਰੂ ਸਾਹਿਬਾਨ ਵੱਲੋਂ ਗੁਰਬਾਣੀ ਅਤੇ ਕੀਰਤਨ ਦੇ ਪ੍ਰਚਾਰ ਹਿੱਤ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਇਹ
ਜੋਤ ਜਗਾਈ ਰੱਖਣ ਲਈ ਵੱਖ-ਵੱਖ ਥਾਵਾਂ ਤੇ ਪੰਜ ਕੀਰਤਨ ਕੇਂਦਰਾਂ ਦੀ ਸਥਾਪਨਾ ਵੀ ਕੀਤੀ ਗਈ। ਗੁਰੂ
ਨਾਨਕ ਦੇਵ ਜੀ ਵੱਲੋਂ ਸਭ ਤੋਂ ਪਹਿਲਾਂ ਕਰਤਾਰ ਪੁਰ ਵਿਖੇ ਪਹਿਲਾ ਕੀਰਤਨ ਕੇਂਦਰ ਬਣਾਇਆ ਗਿਆ।
ਗੁਰਬਾਣੀ ਕੀਰਤਨ ਦਾ ਦੂਜਾ ਕੇਂਦਰ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਖੰਡੂਰ ਸਾਹਿਬ ਵਿਖੇ ਸਥਾਪਿਤ
ਕੀਤਾ। ਤੀਸਰਾ ਕੇਂਦਰ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਵਿਖੇ ਸਥਾਪਿਤ ਕੀਤਾ। ਉਪਰੰਤ ਚੌਥਾ ਕੇਂਦਰ
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਸਥਾਪਿਤ ਕੀਤਾ ਅਤੇ
ਪੰਜਵਾਂ ਕੇਂਦਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਥਾਪਤ ਕੀਤਾ। ਇਸ
ਤਰ੍ਹਾਂ ਇਹ ਗੁਰਮਤਿ ਸੰਗੀਤ ਦੇ ਪ੍ਰਚਾਰ ਲਈ ਪੰਜ ਮੁਖ ਕੇਂਦਰ ਮੰਨੇ ਜਾਂਦੇ ਹਨ। ਇਨਾਂ ਕੇਂਦਰਾਂ
ਤੋਂ ਇਲਾਵਾ ਵੀ ਸਮੇਂ-ਸਮੇਂ ਗੁਰਮਤਿ ਅਤੇ ਗੁਰਬਾਣੀ ਸੰਗੀਤ ਦੇ ਪ੍ਰਚਾਰ ਲਈ ਕੀਰਤਨ ਕੇਂਦਰ ਅਤੇ
ਟਕਸਾਲਾਂ ਦੀ ਸਥਾਪਨਾ ਕਰਕੇ ਗੁਰਬਾਣੀ ਸੰਗੀਤ ਦੇ ਪ੍ਰਚਾਰ ਹਿਤ ਸ਼ਲਾਘਾਯੋਗ ਯੋਗਦਾਨ ਪਾਇਆ ਜਾ ਰਿਹਾ
ਹੈ।
ਜੇ ਬਾਣੀ ਦੀ ਅੰਦਰੂਨੀ ਬਣਤਰ ਅਤੇ ਇਸਦੇ ਕਾਵਿ ਰੂਪ ਨੂੰ ਰਾਹੁ ਨਾਲ ਵਿਚਾਰਿਆ ਜਾਵੇ ਤਾਂ ਮਹਿਸੂਸ
ਹੁੰਦਾ ਹੈ ਕਿ ਬਾਣੀ ਅਤੇ ਰਾਗ ਅਨਿਖੱੜ ਹਨ। ਰਾਗ ਬਾਣੀ ਦੀ ਰਚਨਾ ਦਾ ਮੂਲ ਤੱਤ ਹੈ। ਇਹ ਤਾਂ ਜੱਗ
ਜਾਹਿਰ ਹੈ ਕਿ ਬਾਣੀਕਾਰ ਸਾਧਾਰਣ ਅਨੁਭਵ ਵਾਲੇ ਵਿਅਕਤੀ ਨਹੀਂ ਸਨ। ਉਨ੍ਹਾਂ ਦੇ ਵਿਸ਼ਾਲ ਗਹਿਰੇ ਅਤੇ
ਗੰਭੀਰ ਅਨੁਭਵ ਨੂੰ ਅਧਿਆਤਮਿਕ ਅਨੁਭਵ ਕਿਹਾ ਜਾਂਦਾ ਹੈ ਅਤੇ ਇਹ ਅਨੁਭਵ ਪ੍ਰਕਟ ਕਰਨਾ ਕਿਸੇ ਸਾਧਾਰਨ
ਮਨੁੱਖ ਲਈ ਬਹੁਤ ਔਖਾ ਜਾਂ ਇੰਝ ਕਹਿ ਲਵੋਂ ਕਿ ਨਾਮੁਮਕਿਨ ਜਿਹਾ ਕੰਮ ਹੈ। ਇਸ ਲਈ ਇਸ ਅਨੁਭਵ ਨੂੰ
ਗੂੰਗੇ ਦੀ ਮਿਠਿਆਈ ਨਾਲ ਤੁਲਨਾ ਦਿੱਤੀ ਗਈ ਹੈ।
ਗੁਰਬਾਣੀ ਵਿੱਚ ਸਾਧਾਰਣ ਭਾਸ਼ਾ ਲਈ ਅੱਖਰ ‘ਸ਼ਬਦ’ ਦਾ ਪ੍ਰਯੋਗ ਕੀਤਾ ਗਿਆ ਹੈ। ਜੋ ਕਿ ਇਸ ਮਾਇਆ ਦੇ
ਪ੍ਰਪੰਚ ਨੂੰ ਪ੍ਰਕਟ ਕਰਦਾ ਹੈ ਇਹ ਸ਼ਬਦ ਪਰਮਾਰਥ ਦੇ ਅਨੁਭਵ ਨੂੰ ਪ੍ਰਕਟ ਕਰਨੋ ਅਸਮਰੱਥ ਹੈ। ਇਸ ਲਈ
ਪਰਮਾਤਮਾ ਨਾਲ ਸੰਬੰਧਿਤ ਅਨੁਭਵ ਨੂੰ ਪ੍ਰਗਟ ਕਰਨ ਲਈ ਅਜਿਹਾ ਸਾਧਨ ਚਾਹੀਦਾ ਹੈ ਜੇਹੜਾ ਪਰਮਾਤਮਾ
ਵਾਂਗ ਹੀ ਸਰਵਵਿਆਪਕ ਹੋਵੇ। ਮਨੁੱਖ ਦੀ ਪਹੁੰਚ ਵਿੱਚ ਸਭ ਤੋਂ ਨੇੜੇ ਦਾ ਸਾਧਨ ਹੈ ਨਾਦ ਅਤੇ
ਸੰਗੀਤ-ਕਲਾ ਆਧਾਰਿਤ ਹੈ ‘ਨਾਦ’ ਉਪਰ। ਸੰਗੀਤ ਕਲਾ ਦੀ ਵਿਸ਼ਾਲਤਾ ਬਾਰੇ ਇੰਜ਼ ਕਿਹਾ ਜਾਂਦਾ ਹੈ ਕਿ ਜੇ
ਅਸੀਂ ਸੰਗੀਤ ਨੂੰ ਪੂਰੀ ਤਰ੍ਹਾਂ ਸਮਝ੍ਹਣ ਦੀ ਕੋਸ਼ਿਸ਼ ਵੀ ਕਰੀਅੇ ਤਾਂ ਵੀ ਇਸ ਵਿੱਚ ਕਾਫ਼ੀ ਕੁੱਝ
ਅਜਿਹਾ ਰਹਿ ਜਾਂਦਾ ਹੈ ਜਿਹੜਾ ਸਾਡੀ ਬੁੱਧੀ ਦੀ ਪਕੜ ਵਿੱਚ ਨਹੀਂ ਆਉਂਦਾ। ਪਰ ਫੇਰ ਵੀ ਰੱਬ ਨੂੰ
ਮਿਲਣ ਅਤੇ ਉਸ ਤਕ ਪਹੁੰਚਣ ਦਾ ਇਕੋ ਇੱਕ ਵਸੀਲਾ ਹੋ ਸਕਦਾ ਹੈ ਉਹ ਹੈ ਗੁਰਬਾਣੀ ਕੀਰਤਨ, ਗੁਰਬਾਣੀ
ਸੰਗੀਤ। ਹਾਲਾਂਕਿ ਗੁਰੂ ਜੀ ਨੇ ਕੀਰਤਨ ਨੂੰ ਪਰਮਾਤਮਾ ਨਾਲ ਮਿਲਣ ਦਾ ਸਾਧਨ ਬਣਾਇਆ ਸੀ ਪਰ ਅਜੋਕੇ
ਕੀਰਤਨੀਆਂ ਨੇ ਇਸ ਨੂੰ ਮਾਇਆ ਕਮਾਉਣ ਅਤੇ ਮਾਇਆ ਵਿੱਚ ਖਚਿਤ ਹੋਣ ਦਾ ਸਾਧਨ ਬਣਾ ਲਿਆ ਹੈ। ਜੋ ਕਿ
ਗੁਰੂ ਜੀ ਦੇ ਆਸ਼ੇ ਤੋਂ ਬਿਲਕੁਲ ਉਲੱਟ ਹੈ।
ਸੋ ਪਰਮਾਤਮਾ ਦੀ ਇੱਕ ਹੀ ਭਾਸ਼ਾ ਹੈ, ਉਹ ਹੈ ਸਿਰਫ਼ ਤੇ ਸਿਰਫ ਸੰਗੀਤ। ਸੰਗੀਤ ਇੱਕ ਗੈਬੀ, ਖੁਦਾਈ
ਆਵਾਜ਼ ਹੈ, ਸੰਗੀਤ ਜਾਦੂ ਹੈ, ਸੰਗੀਤ, ਅਮੁੱਕ ਵਹਿਣ ਹੈ, ਸੰਗੀਤ ਆਤਮਿਕ ਗ਼ਜ਼ਾ ਹੈ, ਸੰਗੀਤ ਪਿਆਰ ਹੈ,
ਸੰਗੀਤ ਮਨੁੱਖੀ ਮਨ ਦਾ ਗਹਿਣਾ ਹੈ, ਸੰਗੀਤ ਜੋੜਦਾ ਹੈ, ਸੰਗੀਤ ਦੂਰੀਆਂ ਨੂੰ ਨੇੜਤਾਂ `ਚ ਬਦਲਦਾ
ਹੈ, ਸੰਗੀਤ ਦੁਸ਼ਵਾਰੀਆਂ ਮਿਟਾਉਂਦਾ ਹੈ, ਸੰਗੀਤ ਸ਼ੀਤਲਤਾ ਦਾ ਸੋਮਾ ਹੈ। ਸੰਗੀਤ ਟੁਟੇ ਦਿਲਾਂ ਦੀ
ਮਰਹਮ ਹੈ, ਸੰਗੀਤ ਪਰਵਰਦਗਾਰ ਦੀ ਬਾਰਗਾਹ ਨੂੰ ਜਾਣ ਵਾਲੀ ਪਗਡੰਡੀ ਦਾ ਅਣਥੱਕ ਹਮਸਫ਼ਰ ਹੈ। ਸੰਗੀਤ
ਮਨੁੱਖੀ ਜ਼ਿੰਦਗੀ ਦਾ ਸਾਜ਼ ਹੈ, ਸੰਗੀਤ ਮਨੁੱਖੀ ਜ਼ਿੰਦਗੀ ਦਾ ਆਦਿ ਕਾਲ ਤੋਂ ਅੰਤ ਤਕ ਦਾ ਹਾਣੀ ਹੈ।
ਸੰਗੀਤ ਹਿਰਦੈ ਦੀ ਪਰਵਾਜ਼ੀ ਉਡਾਰੀ ਹੈ, ਸੰਗੀਤ ਨਿਰਮਲਤਾ ਦੀ ਪਹਿਲੀ ਪੋੜੀ ਹੈ। ਸੰਗੀਤ ਇਕੱਲਤਾ ਨੂੰ
ਨਿਗਲ ਜਾਂਦਾ ਹੈ, ਸੰਗੀਤ ਕੁਮਲਾਏ ਹਿਰਦਿਆਂ ਲਈ ਸੰਜੀਵਨੀ ਬੂਟੀ ਹੈ, ਸੰਗੀਤ ਪਥਰੀਲੇ ਦਿਲਾਂ ਨੂੰ
ਮੋਮ ਵਿੱਚ ਤਬਦੀਲ ਕਰ ਦਿੰਦਾ ਹੈ, ਸੰਗੀਤ ਉਤੱਮ ਅਤੇ ਸੁਹਜ ਕਲਾ ਹੈ। ਸਖ਼ਤ ਤਪਸਿਆ ਤੋਂ ਬਾਦ ਹੀ ਇਹ
ਦਾਤ ਝੋਲੀ ਵਿੱਚ ਪੈਂਦੀ ਹੈ, ਪਰ ਜਿਸ ਮਨੁੱਖ ਨੂੰ ਰੱਬ ਸਭ ਤੋਂ ਵਾਧੂ ਪਿਆਰ ਕਰਦਾ ਹੈ ਉਸ ਨੂੰ
ਸਿਧੇ ਤੌਰ ਤੇ ਸੰਗੀਤ ਦੀ ਦਾਤ ਬੱਖਸ਼ ਦਿੰਦਾ ਹੈ।
ਅੰਤ ਵਿੱਚ ਅਸੀਂ ਇਹੀ ਕਹਿ ਸਕਦੇ ਹਾਂ ਕਿ ਗੁਰਮਤ ਕਾਵਿ ਨਾਲ ਮਿਲ ਕੇ ਸੰਗੀਤ ਕੋਈ ਸਧਾਰਣ ਸੰਗੀਤ
ਨਹੀਂ ਰਹਿ ਗਿਆ ਸਗੋਂ ਇਹ ਕੀਰਤਨ ਬਣ ਗਿਆ ਹੈ। ਗੁਰਬਾਣੀ ਦਾ ਪੂਰਾ ਪ੍ਰਭਾਵ ਇਸ ਨੂੰ ਨਿਰਧਾਰਿਤ
ਰਾਗਾਂ ਅਤੇ ਸੁਚੀ ਭਾਵਨਾ ਨਾਲ ਗਾ ਕੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ।
ਐਸਾ ਕੀਰਤਨ ਕਰਿ ਮਨ ਮੇਰੇ।
ਈਹਾਂ ਊਹਾਂ ਜੋ ਕਾਮ ਤੇਰੈ।।
ਗੁ. ਗ੍ਰ. ਸਾ. ਅੰਕ 236
ਅਤੇ
ਜੋ ਜੋ ਕਥੈ ਸੁਨੈ ਹਰਿ ਕੀਰਤਨ
ਤਾ ਕੀ ਦੁਰਮਤਿ ਨਾਸ।।
ਸਗਲ ਮਨੋਰਥ ਪਾਵੈ
ਨਾਨਕ ਪੂਰਨ ਹੋਵੈ ਆਸ।।
ਗੁ. ਗ੍ਰ. ਸ. ਅੰਕ 1300
ਮਹਿੰਦਰ ਸਿੰਘ ਡਿੱਡਨ