ਵਣਜੁ ਕਰਹੁ ਵਣਜਾਰਿਹੋ ਵਖਰੁ ਲੇਹੁ ਸਮਾਲਿ
ਦੁਨੀਆਂ ਇੱਕ ਮੁਸਾਫਰ ਖ਼ਾਨਾਂ ਹੈ
ਜਿੱਥੇ ਹਰਿ ਜੀਵ ਵਣਜ ਵਾਪਾਰ ਕਰਣ ਵਾਸਤੇ ਆਇਆ ਹੈ ਅਨੇਕਾਂ ਹੀ ਕਿਸਮਾਂ ਦੇ ਵਾਪਾਰ ਨੇ ਤੇ ਅਨੇਕਾਂ
ਹੀ ਉਨ੍ਹਾਂ ਨੂੰ ਕਰਣ ਵਾਲੇ ਨੇ, ਕਈ ਜੀਵ ਸਹਜੇ ਸਹਜੇ ਵਾਪਾਰ ਨੂੰ ਧਰਮ ਦਾ ਹਿੱਸਾ ਬਣਾ ਲੈਂਦੇ ਨੇ
ਤੇ ਕਈ ਧਰਮ ਨੂੰ ਵਾਪਾਰ ਦਾ, ਜਿਸ ਕਰਕੇ ਧਰਮ ਦੀ ਗਤੀ ਰੁਕ ਜਾਂਦੀ ਹੈ ਤੇ ਜਦੋਂ ਅਪਣੀ ਮੰਜ਼ਿਲ ਵਲ
ਵੱਧ ਰਹੀ ਕੋਈ ਚੀਜ ਰੁਕ ਜਾਏ ਫਿਰ ਉਹ ਅਪਣੀ ਮੰਜ਼ਿਲ ਤੇ ਕਦੇ ਨਹੀਂ ਅਪੜ ਸਕਦੀ ਇੱਕ ਅਦੀਬ ਦਾ ਕਹਿਣਾ
ਹੈ-
ਹਰਿ ਗਮ ਪੇ ਦੂਰ ਹੋਈ ਜਾਤੀ ਹੈ ਮੰਜ਼ਿਲ ਮੇਰੀ॥ ਮੈ ਭੀ ਸਫਰ ਮੇਂ ਹੂੰ ਮੇਰੀ ਮੰਜ਼ਿਲ ਭੀ ਸਫਰ ਮੇਂ॥
ਸਾਰੀ ਜ਼ਿੰਦਗੀ ਸਫਰ ਵਿੱਚ ਹੀ ਨਿਕਲ ਗਈ ਪਰ ਮੰਜ਼ਿਲ ਪ੍ਰਾਪਤ ਨਾ ਹੋ ਸਕੀ ਐਸੇ ਮਨੁੱਖਾਂ ਦੇ ਬਾਬਤ
ਗੁਰਦੇਵ ਪਾਤਸ਼ਾਹ ਜੀ ਬੜਾ ਸੋਹਣਾ ਬਚਨ ਕਰਦੇ ਹਨ
ਖਤ੍ਰੀਆਂ ਤਾ ਧਰਮ ਛੋਡਿਆ ਮਲੇਛ ਭਾਖਿਆ ਗਹੀ॥ ਸ੍ਰਿਸਟਿ ਸਭਿ ਇੱਕ ਵਰਣ ਹੋਈ ਧਰਮ ਕੀ ਗਤਿ ਰਹੀ॥
ਜਦੋਂ ਕੋਈ ਕਿਸੇ ਲਾਲਚ ਦੇ ਅਧੀਨ ਅਪਣੀ ਬੋਲੀ ਨੂੰ ਛੱਡ ਕੇ ਕਿਸੇ ਦੂਜੇ ਦੀ ਬੋਲੀ ਨੂੰ ਅਪਣਾਉਂਦਾ
ਹੈ ਤੇ ਸਮਝ ਲੈਣਾ ਚਾਹੀਦਾ ਹੈ ਐਸੇ ਮਨੁੱਖ ਨੂੰ ਅਪਣੀ ਬੋਲੀ ਜਾਂ ਅਪਣੇ ਵਿਰਸੇ ਦੀ ਪਹਿਚਾਨ ਨਹੀ,
ਇੱਥੇ ਗਲ ਧਰਮ ਦੇ ਸਿਧਾਂਤ ਦੀ ਕੀਤੀ ਜਾ ਰਹੀ ਹੈ ਦੁਨਿਆਵੀ ਭਾਸ਼ਾ ਦੀ ਨਹੀਂ ਗੁਰੂ ਦਾ ਸਿੱਖ ਤੇ ਹਰਿ
ਭਾਸ਼ਾ ਵਿੱਚ ਮਾਹਿਰ ਹੋਵੇ ਤਾਂ ਕੇ ਦੂਜੇ ਨੂੰ ਉਸਦੀ ਭਾਸ਼ਾ ਵਿੱਚ ਅਪਣੇ ਗ੍ਰੰਥ ਪੰਥ ਬਾਰੇ ਦਸਿਆ ਜਾ
ਸਕੇ, ਪਰ ਐਸਾ ਨਾ ਹੋਵੇ ਅਸੀਂ ਦੂਜੀ ਭਾਸ਼ਾ ਸਿੱਖ ਕੇ ਆਪਣੀ ਮਾਤ ਭਾਸ਼ਾ ਵਲ ਪਿੱਠ ਕਰਕੇ ਖਲੋ ਜਾਈਏ,
ਜੇ ਐਸਾ ਹੋਇਆ ਤੇ ਧਰਮ ਦੀ ਗਤੀ ਰੁਕ ਜਾਵੇਗੀ, ਹੀਰਾ ਅਪਣੇ ਆਪ ਵਿੱਚ ਇੱਕ ਬਹੁਤ ਹੀ ਕੀਮਤੀ ਪਦਾਰਥ
ਹੈ ਇੱਕ ਹੀਰਾ ਅਨੇਕਾਂ ਗਰੀਬਾਂ ਦੀ ਜ਼ਿੰਦਗੀ ਨੂੰ ਅਮੀਰੀ ਦੇ ਤਾਜ ਪਹਿਨਾ ਸਕਦਾ ਹੈ, ਪਰ ਜੇ ਇਹ
ਹੀਰਾ ਕਿਸੇ ਕਦਰਦਾਨ ਦੇ ਹੱਥ ਲਗੇ ਤਾਂ, ਜੇ ਹੀਰਾ ਕਿਸੇ ਨਾਦਾਨ ਦੇ ਹੱਥ ਲਗ ਜਾਏ ਤੇ ਇਹ ਅਨਮੋਲ
ਹੀਰਾ ਉਸਦੇ ਲਈ ਕੇਵਲ ਇੱਕ ਪਥੱਰ ਦਾ ਟੁਕੜਾ ਹੈ ਜਿਸਦਾ ਮੁੱਲ ਉਸਦੀਆਂ ਨਜ਼ਰਾਂ ਵਿੱਚ ਕੇਵਲ ਕਉਡੀਆਂ
ਦੇ ਭਾਅ ਹੋਵੇਗਾ ਜਾਂ ਫਿਰ ਇਸਨੂੰ ਚਮਕਦਾ ਵੇਖ ਕਿਸੇ ਹੱਟੀ ਤੇ ਬੇਚਣ ਲਈ ਤੁਰ ਪਵੇਗਾ ਮਨੱੂਖ ਦੀ ਇਸ
ਕਮਜ਼ੋਰੀ ਨੂੰ ਭਗਤ ਕਬੀਰ ਜੀ ਨੇ ਬੜੀ ਨਜ਼ਦੀਕੀ ਨਾਲ ਮਹਿਸੂਸ ਕੀਤਾ ਤੇ ਇਸ ਅਚੰਭੇ ਨੂੰ ਅਪਣੇ ਸ਼ਬਦਾਂ
ਰਾਹੀਂ ਇਸ ਤਰਾਂ ਵਰਣਨ ਕੀਤਾ ਹੈ:
ਕਬੀਰ ਏਕ ਅਚੰਭਉ ਦੇਖਿਆ ਹੀਰਾ ਹਾਟ ਬਿਕਾਏ॥ ਬਨਜਨਹਾਰੇ ਬਾਹਰਾ ਕਉੜੀ ਬਦਲੈ ਜਾਏ॥
ਹੀਰੇ ਦੀ ਕਦਰ ਜੋਹਰੀ ਹੀ ਜਾਣਦਾ ਹੈ ਦੂਜਾ ਨਹੀਂ ਬੜੇ ਹੀ ਬੇਸ਼ਕੀਮਤੀ ਹੀਰੇ ਭਗਤਾਂ ਦੇ ਰੂਪ
ਵਿੱਚ ਸੰਸਾਰ ਅੰਦਰ ਪੈਦਾ ਹੋਇ ਪਰ ਸੰਸਾਰ ਦੇ ਲੋਕ ਕਉਡੀਆਂ ਦਾ ਵਣਜ ਵਾਪਾਰ ਕਰਦੇ ਸਨ ਇਸ ਕਰਕੇ ਭਜਨ
ਬੰਦਗੀ ਕਰਨ ਵਾਲਿਆਂ ਤੇ ਅਨੇਕਾਂ ਤਸ਼ੱਦਦ ਕੀਤੇ ਗਏ, ਮੰਦਰਾਂ ਦੇ ਦਰਵਾਜੇ ਬੰਦ ਕਰ ਲਏ, ਸ਼ੂਦਰ ਸ਼ੂਦਰ
ਆਖ ਕੇ ਦੁਰਕਾਰਿਆ ਗਿਆ, ਗਲ ਲਾੳੇਣ ਦੀ ਬਜਾਏ ਅਨੇਕਾਂ ਪੀਰਾਂ ਫਕੀਰਾਂ ਦੇ ਗਲੇ ਕੱਟੇ ਗਏ, ਪਰ ਇੱਕ
ਐਸੀ ਜੋਤ ਗੁਰੂ ਨਾਨਕ ਦੇ ਰੂਪ ਵਿੱਚ ਸੰਸਾਰ ਅੰਦਰ ਆਈ ਜਿਸ ਨੇ ਕੇਵਲ ਸੱਚ ਦੇ ਪਾਂਧੀਆਂ ਦੀ ਕਦਰ ਹੀ
ਨਹੀਂ ਜਾਣੀ ਬਲਕੇ ਰਾਣਾ ਰੰਕ ਬਰਾਬਰੀ ਕਰ ਦਿਖਲਾਇਆ ਜਿਵੇਂ ਅਨੇਕਾਂ ਹੀ ਨਦੀਆਂ ਦੀ ਰਵਾਨਗੀ ਸਮੂੰਦਰ
ਵਿੱਚ ਪੈ ਕੇ ਸਮੂੰਦਰ ਦਾ ਰੂਪ ਹੋ ਜਾਂਦੀ ਹੈ ਤਿਵੇਂ ਇਹ ਭਗਤ ਜਨ ਸੱਚ ਨਾਲ ਜੁੜ ਕੇ ਸੱਚ ਦਾ ਹੀ
ਰੂਪ ਹੋ ਗਏ ਪਰ ਅੱਜ ਕੁੱਝ ਐਸਾ ਹੋ ਰਿਹਾ ਹੈ ਗੁਰੂ ਸਾਹਿਬ ਦੀਆਂ ਅਣਥੱਕ ਕੁਰਬਾਨੀਆਂ ਤੋਂ ਬਾਦ
ਮਿਲੇ ਹੋਇ ਇਸ ਸਿੱਖੀ ਦੇ ਹੀਰੇ ਨੂੰ ਪ੍ਰਾਪਤ ਕਰਕੇ ਕਈ ਭੁਲੱਕੜ ਜੀਵ ਦੇਹਧਾਰੀਆਂ ਕਰਮਕਾਂਡੀਆਂ
ਵਹਿਮਾਂ ਭਰਮਾਂ ਦੀਆਂ ਦੁਕਾਨਾਂ ਤੇ ਵੇਚਣ ਵਾਸਤੇ ਤੁਰ ਪਏ ਸ਼ਾਇਦ ਗੁਰੂ ਗ੍ਰੰਥ ਸਾਹਿਬ ਰੂਪੀ ਹੀਰੇ
ਦੀ ਕਦਰ ਦਾ ਪਤਾ ਨਹੀਂ, ਜਿਸ ਕਰਕੇ ਅੱਜ ਅਸੀਂ ਹੀਰਾ ਪ੍ਰਾਪਤ ਕਰਕੇ ਵੀ ਕੰਗਾਲ ਦੇ ਕੰਗਾਲ ਹਾਂ ਕੇਸ
ਗੁਰੂ ਦੀ ਮੋਹਰ ਬੜਾ ਹੀ ਦੁਰਲੱਭ ਹੀਰਾ ਹੈ ਇਸ ਹੀਰੇ ਦੀ ਸੰਭਾਲ ਲਈ ਭਾਈ ਤਾਰੂ ਸਿੰਘ ਨੇ ਸਿੱਖੀ
ਕੇਸਾਂ ਸੁਆਸਾਂ ਨਾਲ ਨਿਬਾਹੀ ਪਰ ਹੀਰੇ ਨੂੰ ਕਉੜੀਆਂ ਦੇ ਭਾਅ ਨਾ ਵੇਚਿਆ, ਭਾਈ ਬੋਤਾ ਸਿੰਘ ਭਾਈ
ਗਰਜਾ ਸਿੰਘ ਨੇ ਅਪਣੀਆਂ ਕੁਰਬਾਨੀਆਂ ਦੇ ਕੇ ਸਿੱਖ ਨਾ ਮੁਕਣ ਦਾ ਸਬੂਤ ਦਿਤਾ, ਛੋਟੀਆਂ ਜਿੰਦਾਂ
ਵੱਡੇ ਸਾਕੇ ਹੋ ਨਿਬੜੇ, ਸਿੰਘਾਂ ਸਿੰਘਣੀਆਂ ਨੇ ਮੀਰ ਮਨੂੰ ਦੀਆਂ ਜ਼ੁਲਮੀਂ ਤਲਵਾਰਾਂ ਨੂੰ ਖੁੰਡਿਆਂ
ਕਰ ਚੜ੍ਹਦੀ ਕਲਾ ਦੇ ਸੋਹਿਲੇ ਗਾਏ:
ਮੱਨੂੰ ਸਾਡੀ ਦਾਤਰੀ ਅਸੀਂ ਮੱਨੂੰ ਦੇ ਸੋਇ॥ ਜਿਉ ਜਿਉਂ ਮੱਨੂੰ ਵੱਢਦਾ ਅਸੀਂ ਦੂਣ ਸਵਾਏ ਹੋਇ॥
ਐਸੇ ਅਨੇਕਾਂ ਹੀ ਜੁਲਮੀਂ ਤੁਫਾਨਾਂ ਦਾ ਸਾਹਮਣਾ ਕਰਦੇ ਹੋਇ ਸਿੱਖ ਚੜ੍ਹਦੀ ਕਲਾ ਵਿੱਚ ਗਾਉਂਦੇ ਰਹੇ
ਕੁਛ ਬਾਤ ਹੈ ਕਿ ਹਸਤੀ ਮਿਟਤੀ ਨਹੀਂ ਹਮਾਰੀ ਸਦੀਓਂ ਰਹਾ ਹੈ ਦੁਸ਼ਮਨ ਦੌਰੇ ਜ਼ਮਾਂ ਹਮਾਰਾ॥
ਬੰਦ ਬੰਦ ਕਟਾਏ ਆਰੇ ਨਾਲ ਚੀਰੇ ਗਏ ਦੇਗਾਂ ਵਿੱਚ ਉਬਲੇ ਪਰ ਸਿੱਖੀ ਦੇ ਹੀਰੇ ਨੂੰ ਆਂਚ ਨਾ ਆਉਣ
ਦਿੱਤੀ:
ਪਰ ਅਫਸੋਸ ਅੱਜ ਇਸ ਹੀਰੇ ਦਾ ਨਾਦਾਨੀ ਵਿੱਚ ਆ ਕੇ ਘਾਣ ਕੀਤਾ ਜਾ ਰਿਹਾ ਹੈ ਰੱਤਾ ਮਾਤਰ ਵੀ ਗਰੂ
ਸਾਹਿਬ ਤੇ ਸਿੰਘ ਸੂਰਮਿਆਂ ਦੀਆਂ ਕੁਰਬਾਨੀਆਂ ਦਾ ਖ਼ਿਆਲ ਨਹੀ, ਕਿਤਨੀ ਅਚੰਭੇ ਵਾਲੀ ਗਲ ਹੈ ਅੱਜ ਦੇ
ਬਹੁਤ ਸੇ ਸਿੱਖਾਂ ਨੇ ਤਨ ਤੇ ਬਾਣਾ ਪਾਇਆ ਹੁੰਦਾ ਹੈ ਪਰ ਬੈਠੇ ਹੋਇ ਮੜੀਆਂ ਮਸਾਣਾਂ ਤੇ ਦੰਭੀਆਂ
ਦੀਆਂ ਦੁਕਾਨਾਂ ਤੇ ਨਜ਼ਰ ਆਉਂਦੇ ਹਨ, ਅੱਜ ਤੇ ਖ਼ੈਰ ਸਾਡੇ ਧਾਰਮਿਕ ਅਸਥਾਨ ਵੀ ਮਨਮਤ ਦੀਆਂ ਕੁਰੀਤੀਆਂ
ਦੇ ਹੱਟ ਬਣਦੇ ਜਾ ਰਹੇ ਹਨ ਬਹੁਤੀ ਗਿਣਤੀ ਧਾਰਮਿਕ ਅਸਥਾਨਾਂ ਵਿੱਚ ਉਨ੍ਹਾਂ ਲੋਕਾਂ ਦੀ ਹੈ ਜਿਨ੍ਹਾਂ
ਦੀ ਸੋਚ ਕੇਵਲ ਗੋਲਕ ਦੀ ਪ੍ਰਕਰਮਾਂ ਕਰਦੀ ਹੋਈ ਨਜ਼ਰ ਆਉਂਦੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ
ਪ੍ਰਕਾਸ਼ ਜਰੂਰ ਹੈ ਪਰ ਦਿਲ ਦਿਮਾਗ ਤੇ ਅੰਧਕਾਰ ਦਾ ਮਾਤਮ ਛਾਇਆ ਹੋਇਆ ਹੈ ਅਸੀਂ ਇਸ ਪ੍ਰਕਾਸ਼ ਦੀ ਗਲ
ਸੁਣਕੇ ਇਵੇਂ ਦੁਖੀ ਹੁੰਦੇ ਹਾਂ ਜਿਵੇਂ ਸੂਰਜ ਨੂੰ ਚੜ੍ਹਦਾ ਵੇਖ ਕੇ ਉਲੂ ਦੁਖੀ ਹੁੰਦਾ ਹੈ ਸ਼ਾਇਦ
ਸਾਨੂੰ ਇਸ ਹੀਰੇ ਦੀ ਕਦਰ ਦਾ ਪਤਾ ਨਹੀਂ ਜੇ ਇਸ ਹੀਰੇ ਦੀ ਕਦਰ ਦਾ ਪਤਾ ਹੁੰਦਾ ਤੇ ਕੋਈ ਵਿੱਦਵਾਨ
ਪੰਥ ਚੋਂ ਛੇਕਿਆ ਨ ਜਾਂਦਾ ਬਲਕੇ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਵਿੱਚ ਇੱਕ ਦੂਸਰੇ ਦੇ ਭਾਈਵਾਲ
ਬਨਕੇ ਪਏ ਹੋਇ ਭਰਮ ਭੁਲੇਖਿਆਂ ਨੂੰ ਦੂਰ ਕੀਤਾ ਜਾਂਦਾ ਦੂਸਰੇ ਦੀ ਡਿਗੀ ਹੋਈ ਪੱਗ ਨੂੰ ਸਿਰ ਤੇ
ਰਖੱਣ ਵਾਲਾ ਅੱਜ ਅਪਣੇ ਹੀ ਭਰਾਵਾਂ ਦੀ ਪੱਗ ਨੂੰ ਹੱਥ ਨਾ ਪਾਂਦਾ ਕਿਸੇ ਵੀ ਕੌਮ ਦੇ ਮਸਲੇ ਕਿਸੇ
ਨੂੰ ਕਾਲ ਕੋਠੜੀ ਵਿੱਚ ਕੈਦ ਕਰਕੇ ਖ਼ਤਮ ਨਹੀਂ ਹੋ ਜਾਂਦੇ ਬਲਕੇ ਪਿਆਰ ਨਾਲ ਸਮਝਣ ਅਤੇ ਸਮਝਾਉਣ ਦੇ
ਨਾਲ ਹੀ ਖ਼ਤਮ ਹੁੰਦੇ ਹਨ। ਝਗੜੇ ਦਾ ਮੂਲ ਕਾਰਣ ਇੱਕ ਇਹ ਵੀ ਹੈ ਕੇ ਅਸੀਂ ਇਸ ਹੀਰੇ ਦੀ ਕਦਰ ਬਾਰੇ
ਉਸਤੋਂ ਪੁਛਦੇ ਹਾਂ ਜੋ ਆਪ ਇਸ ਹੀਰੇ ਤੋਂ ਲੱਖਾਂ ਕੋਹਾਂ ਦੂਰ ਹੈ ਸਾਡਾ ਪੁੱਛਣਾ ਉਨ੍ਹਾਂ ਤੋਂ ਇਵੇਂ
ਹੈ ਜਿਵੇਂ ਕੋਈ ਨੇਤ੍ਰਹੀਨ ਮਨੱੂਖ ਤੋਂ ਪੁਛੇ ਵੀਰ ਜੀ ਦਸੋ ਜੋ ਫੁੱਲਾਂ ਦਾ ਗੁਲਦਸਤਾ ਮੈਂ ਆਪ ਜੀ
ਲਈ ਲੈ ਕੇ ਆਇਆ ਹਾਂ ਇਸਦਾ ਰੰਗ ਕਿਹੁ ਜਿਹਾ ਹੈ ਐਸਾ ਹੀ ਹੋ ਰਿਹਾ ਹੈ ਜੋ ਸੱਚੇ ਦੀ ਕੋਠੜੀ ਵਿੱਚ
ਰਹਿ ਕੇ ਸੱਚ ਨੂੰ ਨਹੀਂ ਵੇਖ ਪਾ ਰਹੇ ਉਨ੍ਹਾਂ ਤੋਂ ਅਸੀਂ ਸੱਚ ਦੀ ਆਸ ਲਾ ਕੇ ਬੈਠੇ ਹਾਂ। ਉਹ ਮਾਲੀ
ਦੀ ਹਾਲਤ ਕਿੰਨੀ ਤਰਸਯੋਗ ਹੋਵੇਗੀ ਜਿਸ ਕੋਲ ਫੁਲਾਂ ਦੀ ਬਗੀਚੀ ਹੋਵੇ ਪਰ ਵਣਜ ਕੰਡਿਆਂ ਦਾ ਕਰਦਾ
ਹੋਵੇ ਕਿਸੇ ਲੱਕੜਹਾਰੇ ਨੂੰ ਜੰਗਲ ਵਿੱਚ ਲੱਕੜਾਂ ਕੱਟਦਿਆਂ ਚੰਦਨ ਦਾ ਬੂਟਾ ਮਿਲ ਜਾਏ ਪਰ ਉਹ ਉਸ
ਚੰਦਨ ਨੂੰ ਵੀ ਆਮ ਲੱਕੜ ਸਮਝ ਕੇ ਚੁੱਲ੍ਹੇ ਵਿੱਚ ਬਾਲ ਦਏ ਤੇ ਉਸ ਲਈ ਕਿਤਨੀ ਵੱਡੀ ਭੁੱਲ ਹੋਵੇਗੀ
ਐਸੇ ਮਨੱੂਖ ਦਾ ਜੀਵਣ ਐਸਾ ਹੈ ਜਿਵੇਂ ਕੋਈ ਰਤਨਾਂ ਦੀ ਮਾਲਾ ਬਨਾ ਕੇ ਬਾਂਦਰ ਦੇ ਗਲ ਪਾ ਦਏ ਤੇ ਉਹ
ਉਸਨੂੰ ਅਪਣੇ ਗਲ ਵਿੱਚ ਪਈ ਹੋਈ ਫਾਹੀ ਸਮਝਦਾ ਹੈ ਯਤਨ ਕਰਦਾ ਹੈ ਕਿਵੇਂ ਨਾ ਕਿਵੇਂ ਉਸਨੂੰ ਅਪਣੇ ਗਲ
ਵਿੱਚੋਂ ਕਢਿਆ ਜਾਵੇ ਕਿਉਂਕਿ ਇਸ ਵਿਚਾਰੇ ਨੂੰ ਰਤਨਾਂ ਦੀ ਸਾਰ ਨਹੀਂ {ਰਤਨ ਮਣੀ ਗਲ ਬਾਂਦਰੈ ਕੋ
ਕੀਮ ਨਾ ਜਾਣੈ-ਭਾਈ ਗੁਰਦਾਸ ਜੀ} ਰਤਨ ਤੇ ਪਥੱਰ ਨੂੰ ਬਰਾਬਰੀ ਉਹੀ ਦੇ ਸਕਦਾ ਹੈ ਜਿਸਨੂੰ ਰਤਨਾਂ ਦੀ
ਸਾਰ ਨਹੀਂ, ਫੁੱਲ ਤੇ ਕੰਡੇ ਨੂੰ ਬਰਾਬਰਤਾ ਉਹੀ ਦੇ ਸਕਦਾ ਹੈ ਜਿਸਨੂੰ ਫੁੱਲ ਦੀ ਸਾਰ ਨਹੀਂ, ਰੇਸ਼ਮ
ਤੇ ਉੱਨ ਨੂੰ ਬਰਾਬਰਤਾ ਉਹੀ ਦੇ ਸਕਦਾ ਹੈ ਜਿਸਨੂੰ ਰੇਸ਼ਮ ਦੀ ਸਾਰ ਨਹੀਂ, ਗੁਰੂ ਗ੍ਰੰਥ ਸਾਹਿਬ ਦੇ
ਜੀ ਦੇ ਬਰਾਬਰ ਕਿਸੇ ਦੇਹਧਾਰੀ ਜਾਂ ਅਸ਼ਲੀਲ ਕਥਾ ਕਹਾਣੀਆਂ ਨੂੰ ਬਰਾਬਰਤਾ ਉਹੀ ਦੇ ਸਕਦਾ ਹੈ ਜਿਸਨੂੰ
ਗੁਰੂ ਗ੍ਰੰਥ ਸਾਹਿਬ ਦੀ ਸਾਰ ਨਹੀਂ, ਤੇ ਜਿਸਨੂੰ ਗੁਰੂ ਗ੍ਰੰਥ ਸਾਹਿਬ ਦੀ ਸਾਰ ਨਹੀਂ ਉਹ ਗੁਰੂ ਦਾ
ਸਿੱਖ ਨਹੀਂ ਤੇ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਨਹੀਂ ਜੇ ਉਸਨੂੰ ਆਗੂ ਬਣਾ ਕੇ ਕੌਮ ਦੇ ਗਲ
ਮੜ ਦਿਤਾ ਜਾਏ ਤੇ ਉਸ ਕੌਮ ਦਾ ਰੱਬ ਹੀ ਰਾਖਾ ਹੋਵੇਗਾ, ਹਾਂ ਬਚਾ ਹੋ ਸਕਦਾ ਹੈ ਅਗਰ ਕੌਮ ਸੁਚੇਤ ਹੋ
ਜਾਏ ਪਰ ਅਫਸੋਸ ਜਿਸ ਗੁਰੂ ਦੇ ਗਿਆਨ ਨੂੰ ਪੂਰੇ ਬ੍ਰਹਮੰਡ ਵਿੱਚ ਫੈਲਾਉਣਾ ਸੀ ਅੱਜ ਉਸ ਗਿਆਨ ਨੂੰ
ਸੁਣ ਕੇ ਸਿੱਖ ਇਵੇਂ ਸ਼ੋਰ ਮਚਾਉਂਦਾ ਹੈ ਜਿਵੇਂ ਕੋਈ ਬਿਜਲੀ ਦੇ ਕਰੰਟ ਲਗਨ ਨਾਲ, ਤੇ ਉਸੇ ਸ਼ੋਰ ਵਿੱਚ
ਖ਼ਤਮ ਹੋ ਜਾਂਦਾ ਹੈ, ਐਸਾ ਮਨੱੂਖ ਹੀ ਨਰਕਾਂ ਦਾ ਭਾਗੀਦਾਰ ਹੈ ਜੋ ਹੀਰੇ ਰੂਪੀ ਸੱਚ ਨੂੰ ਛੱਡ ਕੇ
ਝੂਠ ਦਾ ਵਣਜ ਵਾਪਾਰ ਕਰ ਰਿਹਾ ਹੈ ਭਗਤ ਕਬੀਰ ਜੀ ਦਾ ਵਾਕ ਹੈ:
ਹਰਿ ਸੋ ਹੀਰਾ ਛਾਡ ਕੈ ਕਰਹਿ ਆਨ ਕੀ ਆਸ॥ ਤੇ ਨਰ ਦੋਜਕ ਜਾਹਿਗੇ ਸਤਿ ਭਾਖੈ ਰਵਿਦਾਸ॥ {1377}
ਮਾਇਆ ਤੋਂ ਬਿਨਾ ਜ਼ਿੰਦਗੀ ਦਾ ਪ੍ਰਵਾਹ ਨਹੀਂ ਚਲ ਸਕਦਾ ਬਿਲਕੁਲ ਇਵੇਂ ਜਿਵੇਂ ਪਾਣੀ ਤੋਂ ਬਿਨਾ
ਕਿਸਤੀ ਨਹੀਂ ਚਲ ਸਕਦੀ ਪਰ ਪਾਣੀ ਕਿਸਤੀ ਤੋਂ ਹੇਠ ਰਹੇ ਤੇ ਠੀਕ ਹੈ ਜੇ ਕਿਸੇ ਕਾਰਣ ਪਾਣੀ ਕਿਸਤੀ
ਵਿੱਚ ਆ ਜਾਏ ਤੇ ਕਿਸਤੀ ਡੁੱਬ ਜਾਂਦੀ ਹੈ ਮਾਇਆ ਪੈਰਾਂ ਦੇ ਹੇਠ ਰਹੇ ਤੇ ਠੀਕ ਹੈ ਜੇ ਸਿਰ ਤੇ ਸਵਾਰ
ਹੋ ਜਾਏ ਤੇ ਮਨੱੂਖ ਦੀ ਹਾਲਤ ਉਸ ਕੂਕਰ ਵਾਂਗੂ ਹੋ ਜਾਂਦੀ ਹੈ ਜੋ ਪਾਗਲ ਹੋਣ ਤੋਂ ਬਾਅਦ ਅਪਣੇ ਮਾਲਕ
ਨੂੰ ਵੀ ਨਹੀਂ ਬਖਸ਼ਦਾ ਐਸੇ ਜੀਵ ਦੇ ਸਾਹਮਣੇ ਧਰਮ ਦੀ ਕੋਈ ਕਦਰੋ ਕੀਮਤ ਨਹੀਂ, ਤੇ ਐਸਾ ਹੋਇਆ ਹੈ,
ਇਤਹਾਸ ਇਸ ਗਲ ਦੀ ਗਵਾਹੀ ਭਰਦਾ ਹੈ ਜਦੋਂ ਪਾਤਸ਼ਾਹ ਗੁਰੂ ਤੇਗਬਹਾਦਰ ਸਾਹਿਬ ਜੀ ਅੰਮ੍ਰਿਤਸਰ ਸਾਹਿਬ
ਗਏ ਤੇ ਹਰਿਮੰਦਰ ਸਾਹਿਬ ਅੰਦਰ ਬੈਠੇ ਹੋਇ ਪੂਜਾਰੀਆਂ ਨੇ ਦਰਵਾਜੇ ਬੰਦ ਕਰ ਲਏ ਹਕੀਕਤ ਹੈ ਜਿਸ
ਹਿਰਦੇ ਘਰ ਵਿੱਚ ਸਤ ਸੰਤੋਖ ਦਇਆ ਧਰਮ ਧੀਰਜ ਜਾਏ ਉਥੇ ਬੈਠੇ ਹੋਇ ਲਬ ਲੋਭ ਅਹੰਕਾਰ ਚੁਗਲੀ ਨਿੰਦਿਆ
ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ, ਐਸਾ ਹੀ ਇਨ੍ਹਾਂ ਪੁਜਾਰੀਆਂ ਨਾਲ ਹੋਇਆ ਸੋਚੀਂ ਪੈ ਗਏ ਜੇ
ਗੁਰੂ ਅੰਦਰ ਆਇਆ ਤੇ ਸਾਡਾ ਕੀ ਬਣੇਗਾ ਸਾਡੇ ਝੂਠ ਦੀ ਡੁਗਡੁਗੀ ਕਿਵੇਂ ਬਜੇਗੀ ਪਰ ਹੈਰਾਨੀ ਇਸ ਚੀਜ
ਦੀ ਹੈ ਉਨ੍ਹਾਂ ਨੇ ਲੱਕੜ ਦੇ ਦਰਵਾਜੇ ਬੰਦ ਕੀਤੇ ਅਸੀਂ ਅਪਣੇ ਦਿਲ ਦਿਮਾਗ ਦੇ ਦਰਵਾਜੇ ਬੰਦ ਕਰ ਲਏ
ਕਿਉਕਿ ਗੁਰੂ ਦੇ ਆਇਆਂ ਜਾਂ ਗੁਰੂ ਦੀ ਗਲ ਸੁਣਿਆਂ ਸਾਡੇ ਅੰਦਰ ਬੈਠੇ ਹੋਇ ਗੁਰੂ ਡੰਮ ਸ਼ਗਨ ਅਪਸ਼ਗਨ
ਲੀਡਰਾਂ ਦੀ ਚਾਪੁਲਾਸੀ ਨੂੰ ਖਤਰਾ ਪੈਂਦਾ ਹੈ ਇਸ ਕਰਕੇ ਅਸੀਂ ਸਿੱਖੀ ਪ੍ਰਾਪਤ ਕਰਕੇ ਵੀ ਮਾਇਆ ਦੀ
ਬੀਨ ਬਜਾ ਰਹੇ ਹਾਂ ਤੇ ਉਸ ਬੀਨ ਦੀ ਆਵਾਜ ਨੂੰ ਸੁਣ ਕੇ ਨਵੇਂ ਨਵੇਂ ਦੰਭੀਆਂ ਨੂੰ ਖ਼ੁੱਢਾਂ ਵਿੱਚੋਂ
ਬਾਹਰ ਨਿਕਲਨ ਦਾ ਮੋਕਾ ਮਿਲ ਰਿਹਾ ਹੈ {ਇੱਥੇ ਸੰਤਾਂ ਦੇ ਵੱਗਾਂ ਦੇ ਵੱਗ ਫਿਰਦੇ ਮੈ ਕੀਹਦੇ ਕੀਹਦੇ
ਪੈਰੀਂ ਹੱਥ ਲਾਵਾਂ} ਜਿਨ੍ਹਾਂ ਨਾਲ ਮਿਲ ਕੇ ਆਮ ਮਨੱੂਖ ਤੇ ਕੀ ਧਾਰਮਿਕ ਅਸਥਾਨਾਂ ਵਿੱਚ ਬੈਠੇ ਹੋਇ
ਬਹੁਤੇ ਪੁਜਾਰੀ ਜਾਂ ਬਹੁਤੇ ਪ੍ਰਬੰਧਕ, ਰਤਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਵਹਿਮਾਂ ਭਰਮਾਂ
ਦਾ ਪ੍ਰਚਾਰ ਕਰ ਰਹੇ ਹਨ, ਐਸੇ ਮਨੁੱਖ ਦੀ ਹਾਲਤ ਨੂੰ ਗੁਰੂ ਅਰਜਨ ਸਾਹਿਬ ਜੀ ਸੁਖਮਨੀ ਸਾਹਿਬ ਵਿੱਚ
ਇਸ ਤਰਾਂ ਵਰਣਨ ਕਰ ਰਹੇ ਹਨ:
ਰਤਨੁ ਤਿਆਗਿ ਕਉਡੀ ਸੰਗਿ ਰਚੈ॥ ਸਾਚੁ ਛੋਡਿ ਝੂਠੁ ਸੰਗਿ ਮਚੈ॥ ਜੋ ਛਡਨਾ ਸੁ ਅਸਥਿਰੁ ਕਰਿ
ਮਾਨੈ॥ ਜੋ ਹੋਵਨੁ ਸੋ ਦੂਰਿ ਪਰਾਨੈ॥ ਛੋਡਿ ਜਾਏ ਤਿਸ ਕਾ ਸ੍ਰਮੁ ਕਰੈ॥ ਸੰਗਿ ਸਹਾਈ ਤਿਸੁ ਪਰਹਰੈ॥
ਚੰਦਨ ਲੇਪੁ ਉਤਾਰੈ ਧੋਇ॥ ਗਰਧਬ ਪੀ੍ਰਿਤ ਭਸਮ ਸੰਗਿ ਹੋਇ॥ ਅੰਧ ਕੂਪ ਮਹਿ ਪਤਿਤ ਬਿਕਰਾਲ॥ ਨਾਨਕ
ਕਾਢਿ ਲੇਹੁ ਪ੍ਰਭ ਦਇਆਲ॥
ਨੰਦੇੜ ਦੀ ਧਰਤੀ ਤੇ ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਇੱਕ ਹੀਰਾ ਭੇਟ
ਕੀਤਾ, ਪਾਤਸ਼ਾਹ ਜੀ ਨੇ ਉਸ ਹੀਰੇ ਨੂੰ ਗੋਦਾਵਰੀ ਵਿੱਚ ਸੁੱਟ ਦਿੱਤਾ, ਬਹਾਦਰ ਸ਼ਾਹ ਨੇ ਹੈਰਾਨ ਹੋ ਕੇ
ਪੁਛਿਆ, ਮਹਾਰਾਜ, ਹੀਰਾ ਬੜਾ ਹੀ ਕੀਮਤੀ ਸੀ, ਆਪ ਜੀ ਨੇ ਨਦੀ ਵਿੱਚ ਸੁੱਟ ਦਿੱਤਾ, ਸਾਹਿਬ ਕਹਿਣ
ਲੱਗੇ ਬਹਾਦਰ ਸ਼ਾਹ ਦੁਖ ਲਗਿਆ ਹੈ? ਹਾਂ ਮਹਾਰਾਜ ਗਵਾਚਨ ਦਾ ਦੁਖ ਤੇ ਹੈ, ਹੀਰਾ ਕੀਮਤੀ ਸੀ। ਸਾਹਿਬ
ਹਸਕੇ ਕਹਿਣ ਲੱਗੇ, ਬਹਾਦਰ ਸ਼ਾਹ ਇਹ ਨਦੀ ਵਿੱਚ ਸੁਟਿਆ ਹੋਇਆ ਹੀਰਾ ਤੇ ਮਿਲ ਜਾਵੇਗਾ ਪਰ ਮਨੁੱਖ ਦੀ
ਜ਼ਿੰਦਗੀ ਵੀ ਇੱਕ ਹੀਰਾ ਹੈ ਜੇ ਇਹ ਜ਼ਿੰਦਗੀ ਰੂਪੀ ਹੀਰਾ ਗਵਾਚ ਗਿਆ ਤੇ ਪਰਤ ਕੇ ਇਸਨੂੰ ਕੋਈ ਲੱਭ ਨੀ
ਸਕੇਗਾ, ਸੰਗਤ ਜੀ ਇਸ ਕਰਕੇ ਕੋਸ਼ਿਸ਼ ਕਰੀਏ ਪ੍ਰਮਾਤਮਾ ਦੇ ਬਖ਼ਸ਼ੇ ਹੋਇ ਇਸ ਸਰੀਰ ਰੂਪੀ ਹੀਰੇ ਨਾਲ,
ਸੱਚ ਦਾ ਹੀ ਵਣਜ ਵਾਪਾਰ ਕਰੀਏ, ਸੱਚ ਦੀ ਆੜ ਵਿੱਚ ਕਦੇ ਝੂਠ ਦਾ ਪ੍ਰਚਾਰ ਨਾ ਕਰੀਏ, ਇਹ ਦੁਨੀਆਂ
ਦੀਆਂ ਬਾਦਸ਼ਾਹੀਆਂ ਜੱਥੇਦਾਰੀਆਂ ਤਾਂਹੀ ਮੁਬਾਰਕ ਨੇ ਜੇ ਇਹ ਸੱਚ ਤੇ ਹੱਕ ਲਈ ਜੀਵਣ ਬਸ਼ਰ ਕਰਦੀਆਂ
ਨੇ, ਵਰਨਾ ਇਹ ਸਭਿ ਫਜ਼ੂਲ ਨੇ ਇਸੇ ਕਰਕੇ ਗੁਰਦੇਵ ਪਾਤਸ਼ਾਹ ਜੀ ਫੁਰਮਾਣ ਕਰਦੇ ਹਨ:
ਪਾਨੀ ਪਖਾ ਪੀਸੁ ਦਾਸ ਕੈ ਤਬ ਹੋਹਿ ਨਿਹਾਲੁ॥ ਰਾਜ ਮਿਲਖ ਸਿਕਦਾਰੀਆ ਅਗਨੀ ਮਹਿ ਜਾਲੁ
{ਪੰਨਾ-711}
ਜਿਵੇਂ ਮੱਖਣ ਪ੍ਰਾਪਤ ਕਰਣ ਲਈ ਪਾਣੀ ਨਹੀਂ ਦਹੀਂ ਨੂੰ ਰਿੜਕਣਾ ਪੈਂਦਾ ਹੈ, ਤਿਵੇਂ ਸਤ ਸੰਤੋਖ
ਦਇਆ ਧਰਮ ਧੀਰਜ ਪ੍ਰਾਪਤ ਕਰਣ ਲਈ, ਝੂਠ ਨੂੰ ਛੱਡ ਕੇ ਸੱਚ ਦਾ ਵਣਜ ਵਾਪਾਰ ਕਰਨਾਂ ਪੈਂਦਾ ਹੈ, ਪਰ
ਸੱਚ ਦਾ ਵਣਜ ਵਾਪਾਰ ਜੀਵ ਤਾਂਹੀ ਕਰ ਸਕਦਾ ਹੈ ਜਦੋਂ ਜੀਵ ਨੂੰ ਪਤਾ ਲਗ ਜਾਂਦਾ ਹੈ ਕੇ ਮੇਰਾ ਜੀਵਣ
ਵੀ ਇੱਕ ਹੀਰਾ ਹੈ ਫਿਰ ਇਹ ਕਦੇ ਕਿਸੇ ਦਾ ਨੁਕਸ਼ਾਨ ਨਹੀਂ ਕਰਦਾ ਬਲਕੇ ਹਰ ਪ੍ਰਾਣੀ ਨੂੰ ਅਪਣੇ ਗਲੇ
ਨਾਲ ਲਾ ਕੇ ਏਕ ਪਿਤਾ ਏਕਸ ਕੇ ਹਮ ਬਾਰਿਕ ਕਹਕੇ ਨਿਵਾਜ਼ਦਾ ਹੈ, ਪਰ ਜੀਵਣ ਹੀਰਾ ਤਾਂਹੀ ਬਨ ਸਕਦਾ ਹੈ
ਜੇ ਮਨੁੱਖ ਨੂੰ ਸ਼ਬਦ ਰੂਪੀ ਹੀਰੇ ਦਾ ਵਣਜ ਵਾਪਾਰ ਕਰਨਾ ਆ ਜਾਏ ਇਸੇ ਕਰਕੇ ਗੁਰਦੇਵ ਪਾਤਸ਼ਾਹ ਬਚਨ
ਕਰਦੇ ਹਨ:
ਵਣਜੁ ਕਰਹੁ ਵਣਜਾਰਿਹੋ ਵਖਰੁ ਲੇਹੁ ਸਮਾਲਿ॥ ਤੈਸੀ ਵਸਤੁ ਵਿਸਾਹੀਐ ਜੈਸੀ ਨਿਬਹੈ ਨਾਲਿ॥
ਭਾਈ ਗੁਰਨਾਮ ਸਿੰਘ {ਕਥਾਵਾਚਕ}
ਗੁਰਦੁਆਰਾ ਸਿੱਖ ਸੈਂਟਰ ਆਫ ਸਿਆਟਲ {ਬੋਥਲ} 206-307-1650