ਖ਼ਾਲਸੇ ਦਾ ਨਿਆਰਾਪਣ
ਗੁਰੂ ਨਾਨਕ ਸਾਹਿਬ ਜੀ ਨੇ
ਮਨੁੱਖਤਾ ਨੂੰ ਜੋ ਜੀਵਨ-ਜਾਚ ਬਖ਼ਸ਼ਸ਼ ਕੀਤੀ ਉਸ ਨੂੰ ਅਮਲੀ ਰੂਪ ਵਿੱਚ ਅਪਣਾਉਣ ਵਾਲੇ ਹੀ ਸਿੱਖ
ਅਖਵਾਏ। ਇਨ੍ਹਾਂ ਸਿੱਖਾਂ ਦੀ ਰਹਿਣੀ ਹੀ ਆਪਣੇ ਆਪ ਵਿੱਚ ਇਸ ਗੱਲ ਦਾ ਐਲਾਨ ਸੀ ਕਿ ਇਨ੍ਹਾਂ ਦਾ ਹੁਣ
ਆਪਣੇ ਪਿਤਾ-ਪੁਰਖੀ ਧਰਮ ਨਾਲ ਕੋਈ ਸਬੰਧ ਨਹੀਂ ਰਿਹਾ। ਸਿੱਖੀ ਧਾਰਨ ਕਰਨ ਵਾਲੇ ਪਰਲੋਕ ਸੰਵਾਰਨ ਦੀ
ਥਾਂ ਇਸ ਲੋਕ ਨੂੰ ਹੀ ਸੰਵਾਰਨ ਲਈ ਜਤਨਸ਼ੀਲ ਹੋ ਗਏ। ਮਰਨ ਮਗਰੋਂ ਮੁਕਤੀ ਦੀ ਪ੍ਰਾਪਤੀ ਦਾ ਖ਼ਿਆਲ
ਤਿਆਗ ਕੇ ਜੀਵਨ-ਮੁਕਤ ਹੋਣ ਲਈ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਆਪਣੇ ਮਨ ਦੀ ਸੁੰਦਰ ਘਾੜਤ ਘੜਨ ਲਈ
ਤਤਪਰ ਹੋ ਗਏ। ਅਕਾਲ ਪੁਰਖ ਨੂੰ ਮਿਲਣ ਦੀ ਬਜਾਏ ਪ੍ਰਭੂ ਨੂੰ ਆਪਣੇ-ਆਪ ਵਿੱਚ ਪ੍ਰਤੱਖ ਕਰਨ ਲਈ
ਉਤਸੁਕ ਹੋ ਗਏ। ਗੁਰ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਦ੍ਰਿੜ ਕਰਕੇ, ਇਸ ਅਨੁਸਾਰ ਕਾਰ ਕਮਾਉਣ ਨੂੰ
ਹੀ ਗੁਰੂ ਤੋਂ ਸਦਕੇ ਹੋਣ ਦਾ ਭਾਵ ਸਮਝਣ ਲੱਗ ਪਏ। ਮਨੁੱਖਾ ਜਨਮ ਕਿਸੇ ਪੂਰਬਲੇ ਚੰਗੇ ਜਾਂ ਮੰਦੇ
ਕਰਮ ਦੇ ਫਲ ਜਾਂ ਸਜ਼ਾ ਭੋਗਣ ਲਈ ਨਹੀਂ ਬਲਕਿ ਇਹ ਨਿਰੋਲ ਅਕਾਲ ਪੁਰਖ ਦੀ ਮੇਹਰ ਦੀ ਬਦੌਲਤ ਸਮਝਦਿਆਂ
ਹੋਇਆਂ ਇਸ ਨੂੰ ਸਫਲ ਕਰਨ ਲਈ ਯਤਨਸ਼ੀਲ ਹੋ ਗਏ। ਜੀਵਨ ਦਾ ਉਦੇਸ਼ ਕਿਸੇ ਅਕਾਸ਼ੀ ਸੁਰਗ ਵਿੱਚ ਅਪੜਨ ਦੀ
ਬਜਾਏ ਇਸ ਧਰਤੀ ਨੂੰ ਹੀ ਸੁਰਗ ਬਣਾਉਣ ਵਿੱਚ ਜੁੱਟ ਪਏ। ਜੀਵਨ-ਮੁਕਤ ਹੋਣ ਨੂੰ ਹੀ ਮੁਕਤੀ ਸਮਝ ਕੇ
ਗੁਰੂ ਆਸ਼ੇ ਅਨੁਸਾਰ ਜ਼ਿੰਦਗੀ ਗੁਜ਼ਾਰਦਿਆਂ ਇਸ ਮੁਕਤੀ ਦੇ ਅਨੰਦ ਨੂੰ ਮਾਣਨ ਲੱਗ ਪਏ। ਗੁਰਸਿੱਖਾਂ ਦੇ
ਅਜਿਹੇ ਜੀਵਨ-ਢੰਗ ਤੋਂ ਹੀ ਅਨ ਧਰਮ ਦੇ ਅਨੁਯਾਈਆਂ ਨੂੰ ਨਿਆਰੇਪਣ ਦੀ ਝਲਕ ਦਿਖਾਈ ਦੇਂਦੀ ਸੀ।
ਇਸ ਜੀਵਨ-ਜੁਗਤ ਕਾਰਨ ਹੀ ਸਿੱਖ ਦੂਜੇ ਧਰਮਾਂ ਦੇ ਪੈਰੋਕਾਰਾਂ ਨਾਲੋਂ ਅਲੱਗ ਸਮਝੇ ਜਾਣ ਲੱਗ ਪਏ।
ਚੂੰਕਿ ਗੁਰਸਿੱਖਾਂ ਦੀ ਰਹਿਣੀ ਹੀ ਦੂਜਿਆਂ ਨੂੰ ਇਹ ਦਰਸਾਉਣ ਲਈ ਕਾਫੀ ਸੀ ਕਿ ਸਿੱਖ ਨਿਆਰੀ ਰਹਿਤ
ਦੇ ਧਾਰਨੀ ਹਨ। ਇਸ ਲਈ ਸਿੱਖਾਂ ਨੂੰ ਆਪਣੇ ਨਿਆਰੇਪਣ ਦਾ ਹੋਕਾ ਨਹੀਂ ਦੇਣਾ ਪਿਆ ਕਿ ਉਹ ਨਿਆਰੇ ਹਨ।
ਗੁਰਸਿੱਖਾਂ ਨੂੰ ਇਹੋ ਜੇਹੀ ਜੀਵਨ-ਜੁਗਤ ਸਮਝਾਉਣ ਕਾਰਨ ਹੀ ਕਰਮ ਕਾਂਡਾਂ, ਵਹਿਮਾਂ ਭਰਮਾਂ ਆਦਿ ਨੂੰ
ਹੀ ਧਰਮ ਸਮਝਣ ਵਾਲਿਆਂ ਨੇ ਗੁਰੂ ਸਾਹਿਬ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ।
ਜਾਤ ਅਭਿਮਾਨੀਆਂ ਨੇ ਗੁਰੂ ਅਮਰਦਾਸ ਜੀ ਦੇ ਵਿਰੁੱਧ ਅਕਬਰ ਬਾਦਸ਼ਾਹ ਦੇ ਪਾਸ ਜੋ ਸ਼ਿਕਾਇਤ ਕੀਤੀ ਸੀ,
ਉਸ ਦਾ ਆਧਾਰ ਗੁਰਸਿੱਖੀ ਦੀ ਨਿਆਰੀ ਰਹਿਣੀ ਹੀ ਸੀ। ਕਰਮਕਾਂਡੀਆਂ ਨੂੰ ਇਸ ਗੱਲ ਦੀ ਹੀ ਤਕਲੀਫ਼ ਸੀ
ਕਿ ਗੁਰੂ ਸਾਹਿਬ ਨੇ, “ਪੰਥ ਨਵੀਨ ਪ੍ਰਕਾਸ਼ਨ ਕਰਯੋ। ਭੇਦ ਬਰਨ ਜਾਤੀ ਪਰਹਰਯੋ। ਚਤੁਰ ਬਰਨ ਇੱਕ ਦੇਗ
ਅਹਾਰਾ। ਇੱਕ ਸਮ ਸੇਵਹਿਂ ਧਰ ਉਰ ਪਯਾਰਾ. . ਕਹੈਂ ਸੁ ‘ਕਯਾ ਪਰਪੰਚ ਪਸਾਰਾ?” ਇਸ ਗੱਲ ਤੋਂ
ਚਿੰਤਾਤੁਰ ਹੋਏ ਇਨ੍ਹਾਂ ਕਰਮ ਕਾਂਡੀਆਂ ਨੇ, “ਇਕ ਦਿਨ ਮਿਲ ਸਭ ਮਸਲਤ ਕਰੀ। ਇਹ ਤੋ ਰੀਤਿ ਬੁਰੀ ਜਗ
ਪਰੀ। ਅਬ ਦਿਜ ਕੋ ਨਹਿਂ ਮਾਨਹਿ ਕੋਇ। ਖਤ੍ਰੀ ਧਰਮ ਨਸ਼ਟ ਸਭ ਹੋਈ। ਚਤੁਰ ਬਰਨ ਕੋ ਇੱਕ ਮਤ ਕਰਯੋ।
ਭ੍ਰਿਸ਼ਟ ਹੋਇ ਜਬ ਧਰਮ ਪ੍ਰਹਰਯੋ। ਇੱਕ ਥਲ ਭੋਜਨ ਸਭ ਕੋ ਖਈ। ਸ਼ੰਕਰ ਬਰਨ ਪਰਜਾ ਅਬ ਭਈ। ਦੇਵ ਪਿਤਰ
ਕੀ ਮਨਤਾ ਛੋਰੀ। ਸਭ ਮਰਯਾਦ ਜਗਤ ਕੀ ਤੋਰੀ।” ਸੱਚੇ ਧਰਮ ਨੂੰ ਅਧਰਮ ਸਮਝਣ ਵਾਲਿਆਂ ਨੇ ਅਕਬਰ ਪਾਸ
ਫਰਿਆਦ ਕਰਦਿਆਂ ਹੋਇਆਂ ਕਿਹਾ, “ਤੁਮ ਮਰਯਾਦਾ ਰਾਖਨ ਹਾਰੇ। ਬਿਗਰਤ ਕੋ ਜਗ ਦੇਤ ਸੁਧਾਰੇ। ਗੋਇੰਦਵਾਲ
ਅਮਰ ਗੁਰੁ ਹੋਵਾ। ਭੇਦ ਬਰਨ ਚਾਰੋਂ ਕਾ ਖੋਵਾ। ਰਾਮ ਗਾਇਤ੍ਰੀ ਮੰਤ੍ਰ ਨ ਜਪੈ। ਵਾਹਗੁਰੂ ਕੀ ਥਾਪਨ
ਥਪੈ। ਜੁਗ ਚਾਰਹੁੰ ਮਹਿ ਕਹੀਂ ਨ ਹੋਈ। ਜਿਮ ਮਰਯਾਦ ਬਿਗਾਰੀ ਸੋਈ। ਸ਼੍ਰੁਤਿ ਸਿਮ੍ਰਿਤਿ ਕੇ ਰਾਹ ਨ
ਚਾਲੇ। ਮਨ ਕੋ ਮਤ ਕਰ ਭਏ ਨਿਰਾਲੇ।” (ਗੁਰੁ ਪ੍ਰਤਾਪ ਸੂਰਜ ਰਾਸਿ 1, ਅ: 43) (ਨੋਟ:
ਸ਼ੰਕਰਵਰਣ/ਵਰਣਸੰਕਰ ਦਾ ਅਰਥ ਹੈ ਚਾਰ ਵਰਣਾਂ ਦੇ ਇਸਤ੍ਰੀ ਪੁਰਖਾਂ ਦੇ ਪਰਸਪਰ ਮੇਲ ਤੋਂ ਪੈਦਾ ਹੋਈ
ਸੰਤਾਨ।)
ਗੁਰੂ ਅਰਜਨ ਸਾਹਿਬ ਦੇ ਸਮੇਂ ਤੱਕ ਗੁਰਸਿੱਖੀ ਜੀਵਨ-ਜਾਚ ਦੇ ਨਿਆਰੇਪਣ ਦਾ ਡੰਕਾ ਉਘਵੜੇਂ ਰੂਪ ਵਿੱਚ
ਚਹੁੰ ਕੁੰਟਾਂ ਵਿੱਚ ਵਜ ਚੁਕਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਮੂਲ ਰੂਪ ਵਿੱਚ ਗੁਰੂ ਨਾਨਕ
ਪਾਤਸ਼ਾਹ ਵਲੋਂ ਪ੍ਰਦਾਨ ਕੀਤੀ ਨਿਰਾਲੀ ਜੀਵਨ-ਜੁਗਤ ਵਿੱਚ ਕੋਈ ਤਬਦੀਲੀ ਨਹੀਂ ਸੀ ਕੀਤੀ। ਦਸ਼ਮੇਸ
ਪਾਤਸ਼ਾਹ ਦੇ ਸਮੇਂ ਆਤਮਕ ਤਲ `ਤੇ ਨਿਆਰੇਪਣ ਦੇ ਧਾਰਨੀ, ਨਿਰਮਲ ਪੰਥ ਨੂੰ ਖ਼ਾਲਸਾ ਪੰਥ ਦਾ ਨਾਉਂ ਦੇ
ਕੇ ਇਸ ਨੂੰ ਤਨ ਦੇ ਤਲ `ਤੇ ਵੀ ਜ਼ਾਹਰਾ ਰੂਪ ਬਖ਼ਸ਼ਸ਼ ਕਰ ਦਿੱਤਾ। ਦਸਮੇਸ਼ ਪਾਤਸ਼ਾਹ ਜੀ ਨੇ ਸਵੈ-ਇੱਛਾ
ਨਾਲ ਸਿਰ ਤਲੀ ਤੇ ਰੱਖ ਕੇ ਵਿਚਰਣ ਵਾਲਿਆਂ ਨੂੰ ਹੀ ਖੰਡੇ ਦੀ ਪਾਹੁਲ ਛਕਾਈ ਸੀ। ਗੁਰੂ ਗੋਬਿੰਦ
ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਦੇ ਨਿਰਮਲ ਪੰਥ ਦੇ ਧਾਰਨੀਆਂ ਨੂੰ ਹੀ ਜਥੇਬੰਦਕ ਢਾਂਚੇ ਵਿੱਚ ਢਾਲ
ਕੇ ਇੱਕ ਅਜਿਹਾ ਪਲੇਟ ਫਾਰਮ ਮੁੱਹਈਆ ਕਰ ਦਿੱਤਾ, ਜਿਸ ਨੇ ਖ਼ਾਲਸੇ ਦੇ ਦਿਲ-ਦਿਮਾਗ਼ ਵਿੱਚ ਉਠਦਿਆਂ
ਬੈਠਦਿਆਂ ਵੀ ਇਸ ਨਿਆਰੇਪਣ ਦੇ ਜਜ਼ਬੇ ਦਾ ਅਹਿਸਾਸ ਬਣਾਈ ਰੱਖਿਆ।
ਪਰ ਅੱਜ ਜਦ ਨਿਆਰੇਪਣ ਦੀ ਗੱਲ ਕੀਤੀ ਜਾਂਦੀ ਹੈ ਤਾਂ ਸਾਰਾ ਜ਼ੋਰ ਕੇਵਲ ਬਾਹਰਲੀ ਦਿੱਖ ਉੱਤੇ ਹੀ
ਲਾਇਆ ਜਾਂਦਾ ਹੈ। ਇਸ ਤਰ੍ਹਾਂ ਦੀ ਧਾਰਨਾ ਰੱਖਣ ਵਾਲੇ ਸੱਜਣ ਵਲੋਂ ਆਮ ਤੌਰ `ਤੇ ਸੂਰਜ ਪ੍ਰਕਾਸ਼
ਵਿਚਲੀ ਲਿਖਤ ਨੂੰ ਹੀ ਅਧਾਰ ਬਣਾਇਆ ਜਾਂਦਾ ਹੈ। ਭਾਈ ਸਾਹਿਬ ਦੀ ਇਸ ਲਿਖਤ ਅਨੁਸਾਰ ਜਦ ਗੁਰੂ
ਗੋਬਿੰਦ ਸਿੰਘ ਜੀ ਨੇ ਭਾਈ ਲੱਖੀ ਸ਼ਾਹ ਪਾਸੋਂ ਇਹ ਸੁਣਿਆ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ
ਉਪਰੰਤ, ਕਿਸੇ ਵੀ ਸਿੱਖ ਨੇ ਜ਼ਾਹਰਾ ਤੌਰ ਤੇ ਇਸ ਗੱਲ ਦਾ ਪ੍ਰਗਟਾਵਾ ਨਹੀਂ ਕੀਤਾ ਕਿ ਉਹ ਗੁਰੂ ਕਾ
ਸਿੱਖ ਹੈ। ਚੂੰਕਿ ਸਿੱਖ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਯਾਲਾ ਜੀ ਅਤੇ ਗੁਰੂ ਤੇਗ ਬਹਾਦਰ ਜੀ
ਸ਼ਹਾਦਤ ਉਪਰੰਤ ਬਹੁਤ ਜ਼ਿਆਦਾ ਭੈ ਭੀਤ ਹੋ ਗਏ ਸਨ। ਭਾਈ ਸਾਹਿਬ ਦੀ ਇਸ ਲਿਖਤ ਅਨੁਸਾਰ ਭੈ ਭੀਤ ਹੋਏ
ਸਿੱਖ, “ਡਰਤਿ ਰਿਦੇ ਕੋ ਦੇ ਨ ਬਤਾਇ। ਸ਼ਾਹਿ ਬੰਧਿ ਹਮਦੇ ਮਰਿਵਾਇ। ਦੁਰਿ ਦੁਰਿ ਗਏ ਆਪਨੇ ਘਰ ਮਹਿਂ।
ਨਹਿਂ ਮਾਨੀ ਸਿੱਖੀ ਕਿਸ ਪੁਰਿ ਮਹਿਂ।” ਦਸਮੇਸ਼ ਪਾਤਸ਼ਾਹ ਇਹ ਸੁਣ ਕੇ ਬਹੁਤ ਜਲਾਲ ਵਿੱਚ ਆ ਕੇ ਆਖਣ
ਲੱਗੇ, “ਸ਼੍ਰੀ ਗੋਬਿੰਦ ਸਿੰਘ ਸੁਨਿ ਕਰਿ ਐਸੇ। ਗੁਰਜਤਿ ਬੋਲੇ ਜਲਧਰ ਜੈਸੇ। ‘ਇਸ ਬਿਧਿ ਕੋ ਅਬਿ ਪੰਥ
ਬਨਾਵੌਂ। ਸਕਲ ਜਗਤ ਮਹਿਂ ਬਹੁ ਬਿਦਤਾਵੌਂ। ਲਾਖਹੁਂ ਜਗ ਕੇ ਨਰ ਇੱਕ ਥਾਇਂ। ਤਿਨ ਮਹਿਂ ਮਿਲੇ ਏਕ
ਸਿਖ ਜਾਇ। ਸਭਿ ਮਹਿਂ ਪ੍ਰਥਕ ਪਛਾਨਯੋਂ ਪਰੈ। ਰਲੈ ਨਾ ਕਯੋਹੂੰ ਕੈਸਿਹੁੰ ਕਰੈ। ਜਥਾ ਬਕਨ ਮਹਿਂ ਹੰਸ
ਨ ਛਪੈ। ਗ੍ਰਿੱਝਨਿ ਬਿਖੈ ਮੋਰ ਜਿਮ ਦਿਪੈ। ਜਯੋਂ ਖਰ ਗਨ ਮਹਿਂ ਬਲੀ ਤੁਰੰਗ। ਜਥਾ ਮਿਗ੍ਰਨਿ ਮਹਿਂ
ਕੇਹਰਿ ਅੰਗ। ਤਿਮ ਨਾਨਾ ਭੇਖਨ ਕੇ ਮਾਂਹਿ। ਮਮ ਸਿਖ ਕੋ ਸਗਲੇ ਪਰਖਾਹਿਂ।’ (ਰਿਤੁ 1, ਅੰਸੂ7)
ਭਾਈ ਸੰਤੋਖ ਸਿੰਘ ਦੀ ਇਸ ਲਿਖਤ ਨੂੰ ਹੀ ਅਧਾਰ ਬਣਾ ਕੇ ਇਸ ਤਰ੍ਹਾਂ ਦੀ ਧਾਰਨਾ ਰੱਖਣ ਅਤੇ ਪਰਚਾਰਨ
ਵਾਲੇ ਸੱਜਣ, ਭਾਈ ਸਾਹਿਬ ਦੀ ਹੀ ਉਸ ਲਿਖਤ ਨੂੰ ਨਜ਼ਰ-ਅੰਦਾਜ਼ ਕਰ ਦੇਂਦੇ ਹਨ, ਜਿਸ ਵਿੱਚ ਗੁਰੂ
ਗੋਬਿੰਦ ਸਿੰਘ ਜੀ ਗਧੇ ਉੱਤੇ ਸ਼ੇਰ ਦੀ ਖਲ ਪਾਉਣ ਦਾ ਕੌਤਕ ਰਚਦੇ ਹਨ। ਭਾਈ ਸੰਤੋਖ ਸਿੰਘ ਲਿਖਦੇ ਹਨ
ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗਧੇ ਉੱਤੇ ਸ਼ੇਰ ਦੀ ਖਲ ਪਾਉਣ ਦਾ ਕੌਤਕ ਰਚ ਕੇ ਸਿੱਖ ਸੰਗਤਾਂ ਨੂੰ
ਸਮਝਾਇਆ ਕਿ ‘ਇਹੁ ਦ੍ਰਿਸ਼ਟਾਂਤ ਤੁਮਹਿ ਦਿਖਰਾਯੋ। ਜਾਤਿ ਪਾਤ ਮਹਿਂ ਰਾਸ਼ਭ ਜੈਸੇ। ਬਸੀ ਕੁਲਾਲ ਲਾਜ
ਮਹਿਂ ਤੈਸੇ। ਤਿਸ ਤੇ ਸਤਿਗੁਰ ਲਏ ਨਿਕਾਸ। ਬਖ਼ਸ਼ੇ ਸਕਲ ਪਦਾਰਥ ਪਾਸ। ਸ੍ਰੀ ਅਸਧੁਜ ਕੋ ਦੇ ਕਰਿ
ਬਾਣਾ। ਸਭਿ ਤੇ ਊਚੇ ਕਰੇ ਸੁ ਤਾਣਾ। ਹਲਤਿ ਪਲਤਿ ਬਿਖੇ ਮੈਂ ਕਰੋਂ ਸੰਭਾਲੇ। ਉੱਤਮ ਪਦ ਮੈਂ ਤਬਿ
ਪਹੁਂਚਾਉਂ। ਜਮ ਬਸਿ ਪਰਿਬੇ ਤੇ ਛੁਟਕਾਊਂ। ਜਿਮ ਰਾਸ਼ਭ ਧਰਿ ਕੇਹਰਿ ਬਾਨਾ। ਬਿਨ ਡਰ ਕਰਯੋ ਖੇਤ ਗਨ
ਖਾਨਾ। ਪੁਨ ਕੁਲਾਲ ਕੇ ਪ੍ਰਵਿਸ਼ਯੋ ਜਾਈ। ਲਾਦ ਗੂਣ ਕੋ ਲਸ਼ਟ ਲਗਾਈ। ਤਿਮ ਹੁਇ ਸਿੰਘ ਜਾਤਿ ਮੈਂ ਪਰੈ।
ਤਜਹਿ ਸ਼ਸਤ੍ਰ ਭੈ ਕੋਇ ਨ ਧਰੈ। ਹਲਤ ਕਾਰ ਕੋ ਕਰਤਿ ਗਵਾਵੈ। ਪਲਤਿ ਸਹਾਇਕ ਕੋਇ ਨ ਪਾਵੈ। (ਰਿਤੂ 3;
ਅੰਸੂ 22) (ਨੋਟ: ਭਾਈ ਸੰਤੋਖ ਸਿੰਘ ਹੁਰਾਂ ਦੀ ਉਪਰੋਕਤ ਲਿਖਤ ਵਿੱਚ ਵਿਚਾਰਨ ਯੋਗ ਦੂਜਿਆਂ
ਨੁਕਤਿਆਂ ਨੂੰ ਵਿਚਾਰਨ ਤੋਂ ਇੱਥੇ ਸੰਕੋਚ ਕੀਤਾ ਹੈ।)
ਸੂਰਜ ਪ੍ਰਕਾਸ਼ ਅਤੇ ਹੋਰ ਇਤਿਹਾਸ ਦੀਆਂ ਪੁਸਤਕਾਂ ਵਿੱਚ ਅੰਕਤ ਇਸ ਸਾਖੀ ਤੋਂ ਇਹ ਗੱਲ ਹੀ ਸਪਸ਼ਟ
ਹੁੰਦੀ ਹੈ ਕਿ ਸਤਿਗੁਰੂ ਜੀ ਨੇ ਖ਼ਾਲਸੇ ਨੂੰ ਇਸ ਕੌਤਕ ਦੁਆਰਾ ਇਹੀ ਸਮਝਾਉਣ ਦਾ ਜਤਨ ਕੀਤਾ ਹੈ ਕਿ
ਖ਼ਾਲਸਾ ਦਾ ਅਸਲ ਨਿਆਰਾਪਣ ਗੁਰੂ ਗ੍ਰੰਥ ਸਾਹਿਬ ਵਿੱਚ ਦਰਸਾਈ ਜੀਵਨ-ਜਾਚ ਵਿੱਚ ਹੈ। ਜੇਕਰ ਖ਼ਾਲਸੇ ਨੇ
ਗੁਰਮਤਿ ਦੀ ਰਹਿਣੀ ਦੇ ਨਵੇਕਲੇਪਣ ਨੂੰ ਤਿਆਗ ਕੇ, ਕੇਵਲ ਸਰੀਰਕ ਤਲ ਨੂੰ ਹੀ ਨਿਆਰੇਪਣ ਸਮਝ ਲਿਆ
ਤਾਂ ਇਹ ਆਪਣੀ ਸਰਦਾਰੀ ਗਵਾ ਬੈਠੇਗਾ।
ਇਤਿਹਾਸ ਵਿਚੋਂ ਵੀ ਇਹ ਗੱਲ ਹੀ ਸਪਸ਼ਟ ਹੁੰਦੀ ਹੈ ਕਿ ਖ਼ਾਲਸੇ ਦੇ ਨਿਆਰੇਪਣ ਨੂੰ ਜੇਕਰ ਅਨਮਤਾਂ
ਵਾਲਿਆਂ ਨੇ ਵੀ ਸਲਾਹਿਆ ਹੈ ਤਾਂ ਉਹ ਕੇਵਲ ਬਾਹਰਲੇ ਬਾਣੇ ਨੂੰ ਦੇਖ ਕੇ ਨਹੀਂ ਬਲਕਿ ਜੀਵਨ-ਢੰਗ ਨੂੰ
ਹੀ ਦੇਖ ਕੇ ਸਲਾਹਿਆ ਹੈ। ਅਹਿਮਦ ਸ਼ਾਹ ਅਬਦਾਲੀ ਨੇ ਜਦ ਭਾਰਤ ਤੇ ਸਤਵਾ ਹਮਲਾ ਕੀਤਾ ਤਾਂ ਉਸ ਨਾਲ
ਕਾਜ਼ੀ ਨੂਰ ਮੁਹੰਮਦ ਵੀ ਸੀ। ਇਸ ਨੇ ਸਿੰਘਾਂ ਨੂੰ ਆਪਣੇ ਦੇਸ ਵਾਸੀਆਂ ਨੂੰ ਲੜਦਿਆ ਹੋਇਆਂ ਆਪਣੀਆਂ
ਅੱਖਾਂ ਨਾਲ ਦੇਖਿਆ ਹੈ। ਇਸ ਨੇ ਆਪਣੇ ਜੰਗ ਨਾਮੇ ਵਿੱਚ ਸਿੰਘਾਂ ਦੀ ਸ਼ੂਰਬੀਰਤਾ ਅਤੇ ਇਨ੍ਹਾਂ ਦੇ
ਕਿਰਦਾਰ ਅਥਵਾ ਨਿਰਾਲੀ ਜੀਵਨ-ਜੁਗਤ ਦਾ ਵਰਣਨ ਕੀਤਾ ਹੈ। ਇਸ ਦੀ ਇਸ ਲਿਖਤ ਵਿੱਚ ਖ਼ਾਲਸੇ ਦੇ
ਨਿਆਰੇਪਣ ਦੇ ਸਰੂਪ ਦੀ ਸੋਹਣੀ ਝਲਕ ਮਿਲਦੀ ਹੈ। ਇਹ ਲਿਖਦਾ ਹੈ, “ਜੇਕਰ ਤੈਨੂੰ ਇਨ੍ਹਾਂ ਦੇ ਮਜ਼ਬ
ਬਾਰੇ ਪਤਾ ਨਹੀਂ, ਮੈਂ ਤੈਨੂੰ ਦਸਦਾ ਹਾਂ ਕਿ ਇਹ ਉਚੀ ਪ੍ਰਭਤਾ ਵਾਲੇ ਗੁਰੂ ਦੇ ਚੇਲੇ ਹਨ ਜੋ ਚੱਕ
(ਅੰਮ੍ਰਿਤਸਰ) ਵਿੱਚ ਰਹਿੰਦਾ ਸੀ। ਇਨ੍ਹਾਂ ਦੀ ਰਹੁ ਰੀਤਿ (ਗੁਰੂ) ਨਾਨਕ ਤੋਂ ਚਲੀ, ਉਸ ਨੇ ਇਨ੍ਹਾਂ
ਨੂੰ ਨਿਆਰਾ ਮਾਰਗ ਦਿਖਾਇਆ। ਅਗੇ ਗੋਬਿੰਦ ਸਿੰਘ ਗੁਰੂ ਹੋਇਆ, ਜਿਸ ਤੋਂ ਇਨ੍ਹਾਂ ਨੂੰ ‘ਸਿੰਘ’ ਦੀ
ਪਦਵੀ ਪ੍ਰਾਪਤ ਹੋਈ, ਇਹ ਹਿੰਦੂ ਨਹੀਂ, ਇਹ ‘ਬਦਜ਼ਾਤ’ ਆਪਣਾ ਵੱਖਰਾ ਹੀ ਮਜ਼ਬ ਰੱਖਦੇ ਹਨ. .
“ਲੜਾਈ ਤੋਂ ਵਧ ਕੇ ਇਨ੍ਹਾਂ ਦੀ ਇੱਕ ਹੋਰ ਗੱਲ ਵੀ ਸੁਣ, ਜਿਸ ਵਿੱਚ ਇਹ ਹੋਰਨਾਂ ਜੰਗਜੂ ਲੋਕਾਂ
ਨਾਲੋਂ ਬਹੁਤ ਅੱਗੇ ਵਧੇ ਹੋਏ ਹਨ। ਇਹ ਨਾਮਰਦ ਨੂੰ, ਜੋ ਲੜਾਈ ਵਿੱਚ ਹਥਿਆਰ ਰਖ ਦੇਵੇ, ਕਦੀ ਵੀ
ਨਹੀਂ ਮਾਰਦੇ ਤੇ ਨਾ ਹੀ ਨੱਸੇ ਜਾਂਦੇ ਨੂੰ ਵਲਦੇ ਹਨ। ਇਹ ਨਾ ਕਿਸੇ ਤ੍ਰੀਮਤ ਦਾ ਗਹਿਣਾ ਰੁਪਿਆ
ਲੁਟਦੇ ਹਨ, ਭਾਵੇਂ ਵਡੀ ਸੁਆਣੀ ਹੋਵੇ ਭਾਵੇਂ ਕੋਈ ਮਾਮੂਲੀ ਗੋਲੀ ਬਾਂਦੀ। ਇਨ੍ਹਾਂ ਵਿੱਚ ਵਿਭਚਾਰ
ਵੀ ਨਹੀਂ, ਨਾ ਹੀ ਇਹ ਚੋਰੀ ਕਰਦੇ ਹਨ। ਤ੍ਰੀਮਤ ਭਾਵੇਂ ਜੁਆਨ ਹੋਵੇ ਭਾਵੇਂ ਬਿਰਧ, ਇਹ ਉਸ ਨੂੰ
‘ਬੁੱਢੀ’ ਹੀ ਆਖਦੇ ਹਨ। ਹਿੰਦਕੀ ਵਿੱਚ ‘ਬੁੱਢੀ’ ਸ਼ਬਦ ਦੇ ਅਰਥ ਹਨ-ਵੱਡੀ ਉਮਰ ਵਾਲੀ ਤ੍ਰੀਮਤ। ਇਹ
ਨਾ ਹੀ ਆਪ ਚੋਰੀ ਕਰਦੇ ਹਨ ਤੇ ਨਾ ਹੀ ਸੰਨ੍ਹ ਮਾਰਨ ਵਾਲੇ ਨੂੰ ਆਪਣਾ ਮਿਤ੍ਰ ਬਣਾਉਂਦੇ ਹਨ।”
(ਸੰਖੇਪ ਸਿੱਖ ਇਤਿਹਾਸ ਚੋਂ)
ਖ਼ਾਲਸੇ ਦੀ ਇਸ ਜੀਵਨ-ਜੁਗਤ ਦਾ ਹੀ ਵਰਣਨ ਕਰਦਿਆਂ, ਜ਼ਕਰੀਆ ਖ਼ਾਂ ਨਾਦਰ ਸ਼ਾਹ ਨੂੰ ਦਸਦਾ ਹੈ, “ਹਿੰਦੂ
ਤੁਰਕਨ ਤੇ ਹੈ ਨਯਾਰਾ। ਫਿਰਕਾ ਇਨ ਕਾ ਅਪਰ ਅਪਾਰਾ. . ਸਿੰਘ ਸਿੰਘਣੀ ਜੋ ਮਰ ਜੈ ਹੈਂ। ਬਾਂਟਤ
ਹਲੂਵਾ ਤੁਰਤ ਬਨੈ ਹੈਂ। ਕਿਰਿਆ ਕਰਮ ਕਰਾਵਤ ਨਾਹੀਂ। ਹੱਡੀ ਪਾਂਯ ਨ ਗੰਗਾ ਮਾਹੀਂ। ਕਰਤ ਦਸਹਿਰਾ
ਗ੍ਰੰਥ ਪੜ੍ਹਵਤ। ਅਸਨ ਬਸਨ ਗਰੀਬਨ ਕੋ ਦਯਾਵਤ. . ਏਕ ਰੱਬ ਕੀ ਕਰਤ ਬੰਦਗੀ। ਰਖਤ ਨ ਔਰਨ ਕੀ
ਮੁਛੰਦਗੀ। ਵੇਦ ਪੁਰਾਨ ਕਤੇਬ ਕੁਰਾਨ। ਪੜਤ ਸੁਨਤ ਨਹਿ ਮਾਨਤ ਆਨ। ਗੁਰੂ ਨਾਨਕ ਜੋ ਕਥੀ ਕਲਾਮ। ਤਾਂ
ਪਰ ਰਖਤ ਇਮਾਨ ਤਮਾਮ। ਏਕ ਹੀ ਬਰਤਨ ਮੇਂ ਸਭ ਕਾਹੂੰ। ਆਬਹਯਾਤ ਪਿਲਾਵਤ ਤਾਹੂੰ। …ਜਾਤਿ ਗੋਤ ਕੁਲ
ਕਿਰਿਆ ਨਾਮ। ਕਰਮ ਧਰਮ ਪਿਤ ਮਾਤਾ ਕਾਮ। ਪਿਛਲੇ ਜੋ ਤਜ ਦੇਤ ਤਮਾਮ. . ਮੁਸਲਮਾਨ ਹਿੰਦੁਨ ਤੈਂ
ਨਯਾਰੀ। ਰੀਤਿ ਇਨੋਂ ਮੇਂ ਹੈ ਭਲਿ ਸਾਰੀ। ਪ੍ਰੇਤ ਪੀੜ ਗ੍ਰਹਿ ਪੀੜ ਨ ਮਾਨਤ। ਮੜੀ ਮਸਾਨੀ ਕੋ ਨ
ਪਛਾਨਤ. . ਹੋਮ ਸਰਾਧ ਨ ਖਯਾਹ ਸੰਭਾਲੈਂ।” (ਪੰਥ ਪ੍ਰਕਾਸ਼)
ਪ੍ਰਸਿੱਧ ਇਤਿਹਾਸਕਾਰ ਮੈਕਾਲਫ਼ ਖ਼ਾਲਸੇ ਦੇ ਨਿਆਰੇਪਣ ਨੂੰ ਦੁਨੀਆਂ ਦੇ ਸਾਹਮਣੇ ਰੱਖਦਿਆਂ ਹੋਇਆਂ ਇਸ
ਨਿਆਰੇਪਣ ਦੀਆਂ ਖ਼ੂਬੀਆਂ ਨੂੰ ਇਸ ਤਰ੍ਹਾਂ ਬਿਆਨ ਕਰਦਾ ਹੈ, “ਐ ਦੁਨੀਆਂ ਦੇ ਲੋਕੋ, ਮੈਂ ਪੂਰਬ ਤੋਂ
ਤੁਹਾਨੂੰ ਇੱਕ ਐਸੇ ਧਰਮ ਦੀ ਵਾਕਫ਼ੀਅਤ ਦਿਲਵਾਂਦਾ ਹਾਂ ਜਿਸ ਵਿੱਚ ਨਾ ਬੁੱਤਪ੍ਰਸਤੀ ਹੈ, ਨਾ ਪਾਖੰਡ।
ਨਾ ਜ਼ਾਤ ਪਾਤ, ਨਾ ਵਿਧਵਾ ਨੂੰ ਸਾੜ ਸਤੀ ਕਰਨ ਦੀ ਰੀਤ ਅਤੇ ਨਾ ਔਰਤ ਨੂੰ ਗ਼ੁਲਾਮ ਰੱਖਣ ਦਾ ਰਿਵਾਜ।
ਨਾ ਨਸ਼ਿਆਂ ਦੀ ਵਰਤੋਂ ਅਤੇ ਨਾ ਤਮਾਕੂ ਵਰਗੀ ਗ਼ਲੀਜ਼ ਸ਼ੈ ਨੂੰ ਪੀਣ ਦੀ ਭੈੜੀ ਆਦਤ, ਨਾ ਹਿੰਦੂਆਂ ਵਾਂਗ
ਦਰਿਆ ਤੇ ਤੀਰਥਾਂ ਦੀ ਪੂਜਾ ਅਤੇ ਨਾ ਹਰ ਇੱਕ ਨੂੰ ਨਿੰਦਣ ਦੀ ਵਾਦੀ। ਸਗੋਂ ਇਸ ਦੇ ਉਲਟ, ਸ਼ੁਕਰ,
ਸਬਰ, ਕੀਤੇ ਨੂੰ ਜਾਣਨਾ, ਵੰਡ ਛਕਣਾ, ਨਿਆਂ, ਨਿਰਪੱਖਤਾ, ਸਚਾਈ, ਦਿਆਨਤਦਾਰੀ ਤੇ ਹੋਰ ਉੱਚ ਇਖ਼ਲਾਕ
ਤੇ ਭਾਈਚਾਰਕ ਖੂਬੀਆਂ ਹਨ।”
ਖ਼ਾਲਸਾ ਦੂਜੇ ਧਰਮਾਂ ਦੇ ਪੈਰੋਕਾਰਾਂ ਤੋਂ ਧਾਰਮਿਕ ਨਿਯਮ ਅਥਵਾ ਗੁਰਮਤਿ ਦੀ ਰਹਿਣੀ ਕਾਰਨ ਨਿਆਰਾ ਹੈ
ਨਾ ਕਿ ਕੇਵਲ ਪੰਜ ਕਕਾਰਾਂ ਦੀ ਰਹਿਤ ਕਾਰਨ। ਜੇਕਰ ਕੋਈ ਪ੍ਰਾਣੀ ਇਨ੍ਹਾਂ ਕਕਾਰਾਂ ਦਾ ਤਾਂ ਧਾਰਨੀ
ਹੈ ਪਰੰਤੂ ਗੁਰਮਤਿ ਦੀ ਵਿਲੱਖਣ ਰਹਿਣੀ ਤੋਂ ਸੱਖਣਾ ਹੈ ਤਾਂ ਅਜਿਹਾ ਸਿੱਖ ਭੇਖੀ ਤਾਂ ਹੋ ਸਕਦਾ ਹੈ,
ਨਿਆਰਾ ਖ਼ਾਲਸਾ ਨਹੀਂ। ਭੇਖੀਆਂ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਫ਼ਰਮਾਨ ਹੈ:-ਫਰੀਦਾ
ਕੰਨਿ ਮੁਸਲਾ ਸੂਫੁ ਗਲਿ ਦਿਲਿ ਕਾਤੀ ਗੁੜੁ ਵਾਤਿ॥ ਬਾਹਰਿ ਦਿਸੈ ਚਾਨਣਾ ਦਿਲਿ ਅੰਧਿਆਰੀ ਰਾਤਿ॥
(ਪੰਨਾ 1380) ਅਰਥ: ਹੇ ਫਰੀਦ! (ਤੇਰੇ) ਮੋਢੇ ਉਤੇ ਮੁਸੱਲਾ ਹੈ, (ਤੂੰ) ਗਲ ਵਿੱਚ ਕਾਲੀ
ਖ਼ਫ਼ਨੀ (ਪਾਈ ਹੋਈ ਹੈ), (ਤੇਰੇ) ਮੂੰਹ ਵਿੱਚ ਗੁੜ ਹੈ; (ਪਰ) ਦਿਲ ਵਿੱਚ ਕੈਂਚੀ ਹੈ (ਭਾਵ, ਬਾਹਰ
ਲੋਕਾਂ ਨੂੰ ਵਿਖਾਲਣ ਲਈ ਫ਼ਕੀਰੀ ਵੇਸ ਹੈ, ਮੂੰਹੋਂ ਭੀ ਲੋਕਾਂ ਨਾਲ ਮਿੱਠਾ ਬੋਲਦਾ ਹੈਂ, ਪਰ ਦਿਲੋਂ
‘ਵਿਸੁ ਗੰਦਲਾਂ’ ਦੀ ਖ਼ਾਤਰ ਖੋਟਾ ਹੈਂ ਸੋ) ਬਾਹਰ ਤਾਂ ਚਾਨਣ ਦਿੱਸ ਰਿਹਾ ਹੈ (ਪਰ) ਦਿਲ ਵਿੱਚ
ਹਨੇਰੀ ਰਾਤ (ਵਾਪਰੀ ਹੋਈ) ਹੈ।
ਸੋ, ਖ਼ਾਲਸੇ ਨੇ ਜਿੱਥੇ ਪੰਜ ਕਕਾਰਾਂ ਦੀ ਰਹਿਤ ਰੱਖਣੀ ਹੈ, ਉੱਥੇ ਨਾਲ ਹੀ ਗੁਰੂ ਗ੍ਰੰਥ ਸਾਹਿਬ
ਵਿੱਚ ਦਰਸਾਈ ਨਵੇਕਲੀ ਜੀਵਨ-ਜੁਗਤ ਦਾ ਵੀ ਧਾਰਨੀ ਹੋਣਾ ਹੈ। ਕੇਵਲ ਤਨ ਤੇ ਤਲ ਦਾ ਨਿਆਰਾਪਣ ਖ਼ਾਲਸੇ
ਦੀ ਵਿਲੱਖਣ ਰਹਿਣੀ ਦਾ ਲਖਾਇਕ ਨਹੀਂ ਹੈ; ਹਾਂ, ਭੇਖ ਦਾ ਜ਼ਰੂਰ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ
ਕਿ ਕਿਸੇ ਵੀ ਧਰਮ ਵਿੱਚ ਜਦ ਭੇਖ ਨੂੰ ਹੀ ਅਸਲ ਧਰਮ ਸਮਝਿਆ ਗਿਆ ਤਾਂ ਉਸ ਧਰਮ ਦੇ ਪੈਰੋਕਾਰ ਆਤਮਕ
ਬੁਲੰਦੀਆਂ ਨੂੰ ਛੁਹਿਣ ਦੀ ਬਜਾਏ ਕਰਮ ਕਾਂਡ ਦੀ ਦਲਦਲ ਵਿੱਚ ਖੁੱਭ ਕੇ ਅਸਲ ਧਰਮ ਤੇ ਤਤ ਤੋਂ ਸਦਾ
ਲਈ ਵਾਂਝੇ ਹੋ ਗਏ।
ਅੰਤ ਵਿੱਚ ਪਾਠਕਾਂ ਦਾ ਧਿਆਨ ਖ਼ਾਲਸੇ ਦੇ ਨਿਆਰੇਪਣ ਨੂੰ ਪ੍ਰਗਟ ਕਰ ਰਹੇ ਇਸ ਕਬਿੱਤ ਵਲ ਦੁਆਇਆ ਜਾ
ਰਿਹਾ ਹੈ: ਮਾਨਤ ਹੈ ਏਕ ਜੋ ਅਨਾਦੀ ਔ ਅਨੰਤ ਨਿਤਯ, ਤਿਸਹੀ ਤੇ ਜਾਨਤ ਹੈ ਸਰਬ ਪਸਾਰੋ ਹੈ। ਕ੍ਰਿਤ
ਕੀ ਉਪਾਸ਼ਨਾ ਨ ਕਰੈ ਕਰਤਾਰ ਤਯਾਗ, ਏਕ ਗੁਰੂ ਗ੍ਰੰਥ ਕੀਓ ਆਪਨੋ ਅਧਾਰੋ ਹੈ। ਜਾਤਿ ਪਾਤਿ ਭੇਦ ਭ੍ਰਮ
ਮਨ ਤੈਂ ਮਿਟਾਇ ਕਰ, ਸਭ ਸੋ ਸਹੋਦਰ ਸੋ, ਕਰਤ ਪਯਾਰੋ ਹੈ। ਹਿਤਕਾਰੀ ਜਗ ਕੋ ਪੈ ਜਲ ਮਾਹਿ ਪੰਕਜ
ਜਯੋਂ, ਗੁਰੂਦੇਵ ਨਾਨਕ ਕੋ ਖ਼ਾਲਸਾ ਨਿਆਰੋ ਹੈ। (ਗੁਰੁਮਤ ਮਾਰਤੰਡ)
ਜਸਬੀਰ ਸਿੰਘ ਵੈਨਕੂਵਰ