. |
|
ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ
ਬਹੁਰਿ ਨ ਹੋਇਗੋ ਫੇਰਾ
ਕਈ ਵਾਰੀ ਲੇਖਾਂ ਵਿੱਚ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਵਰਤੇ ਜਾਣ ਵਾਲੇ ਸ਼ਬਦਾਂ
ਦੀ ਥਾਂ `ਤੇ ਅਜੇਹੀ ਸ਼ਬਦਾਵਲੀ ਵਰਤੀ ਜਾਂਦੀ ਹੈ ਜਿਸ ਨੂੰ ਪੜ੍ਹ ਕੇ ਸੂਝ ਆਉਣ ਦੀ ਥਾਂ `ਤੇ ਹੋਰ
ਉਲ਼ਝਣਾਂ ਵਿੱਚ ਫਸ ਕੇ ਰਹਿ ਜਾਈਦਾ ਹੈ। ਕੁੱਝ ਅਜੇਹੇ ਸ਼ਬਦਾਂ ਦੀ ਵਰਤੋਂ ਕੀਤੀ ਹੁੰਦੀ ਹੈ ਜੋ ਪੜ੍ਹਨ
ਵਾਲੇ ਦੇ ਸਿਰ ਤੋਂ ਦੋ ਫੁੱਟ ਊਪਰ ਦੀ ਲੰਘ ਜਾਂਦੇ ਹਨ। ਖਾਸ ਤੌਰ `ਤੇ ਜੰਮਣ ਮਰਣ, ਪ੍ਰੀਤਮ ਦਰਸ਼ਨ,
ਆਤਮਾ, ਸੁੰਨ-ਸਮਾਧੀ, ਅਨਾਦੀ, ਅਨਹਤ, ਪੰਜ ਸ਼ਬਦ, ਅੰਮ੍ਰਿਤ ਝਰਨਾ, ਚਉਰਾਸੀ ਲੱਖ ਜੂਨਾਂ, ਧਰਮਰਾਜ
ਭਾਊ ਜੀ ਆਦ ਸ਼ਬਦਾਂ ਸਬੰਧੀ ਏਨਾ ਭੁਲੇਖਾ ਖੜਾ ਕੀਤਾ ਹੁੰਦਾ ਹੈ, ਜਿਸ ਨੂੰ ਪੜ੍ਹ ਕੇ ਇਹ ਨਿਖੇੜਾ
ਕਰਨਾ ਮੁਸ਼ਕਲ ਹੋ ਜਾਂਦਾ ਹੈ ਕਿ ਕੀ ਇਹ ਗੁਰਮਤ ਹੈ ਜਾਂ ਬ੍ਰਹਾਮਣੀ ਕਰਮ-ਕਾਂਡਾ ਦਾ ਥੱਬਾ ਜਾਂ
ਵੇਦਾਂਤ ਦੀ ਦੁਨੀਆ ਦੇ ਢੇਰ ਹਨ। ਗੁਰਬਾਣੀ ਸਿੱਧੇ ਤੌਰ `ਤੇ ਇਸ ਜੀਵਨ ਨੂੰ ਸਚਿਆਰ ਬਣਾਉਣ ਦਾ ਭੇਦ
ਸਮਝਾਉਂਦੀ ਹੈ।
ਯੂ. ਐਸ. ਏ. ਕਲੀਵਲੈਂਡ ਭਾਈ ਦਲਜੀਤ ਸਿੰਘ ਦੇ ਘਰ ਸਾਹਮਣੇ ਗੋਰੇ ਨੇ ਆਪਣੇ
ਘਰ ਦੇ ਬਾਹਰਵਾਰ ਥੋੜੀ ਜੇਹੀ ਕੰਕਰੀਟ ਪਵਾਈ ਸੀ। ਮੈਂ ਦੂਸਰੀ ਮੰਜ਼ਿਲ ਤੇ ਬੈਠ ਕੇ ਤਿੰਨ ਦਿਨ ਇਹਨਾਂ
ਦੇ ਕੰਮ ਨੂੰ ਦੇਖਦਾ ਰਿਹਾ ਹਾਂ। ਕੰਮ ਕਰਨ ਵਾਲੇ ਗੋਰਿਆਂ ਨੇ ਬਹੁਤ ਹੀ ਸਲੀਕੇ ਨਾਲ ਕੰਮ ਕੀਤਾ।
ਪੁੱਟੀ ਹੋਈ ਮਿੱਟੀ ਨੂੰ ਸਭਾਂਲ਼ਿਆ ਤੇ ਜਾਣ ਲੱਗਿਆਂ ਪਾਣੀ ਵਾਲੀ ਪ੍ਰੈਸ਼ਰ ਮਸ਼ੀਨ ਨਾਲ ਘਰ ਦੇ ਆਲੇ
ਦੁਆਲੇ ਨੂੰ ਚੰਗੇ ਤਰੀਕੇ ਨਾਲ ਸਾਫ਼ ਕੀਤਾ ਗਿਆ। ਇਹ ਬਿਲਕੁਲ ਮਹਿਸੂਸ ਨਹੀਂ ਹੋ ਰਿਹਾ ਸੀ ਕਿ ਏੱਥੇ
ਕਲ੍ਹ ਕੰਕਰੀਟ ਪਾਈ ਹੋਵੇਗੀ? ਦੂਜੇ ਪਾਸੇ ਸਾਡੇ ਮੁਲਕ ਵਿੱਚ ਧਰਮ ਦੇ ਨਾਂ `ਤੇ ਹੋ ਰਿਹਾ ਜਗਰਾਤਾ
ਜਾਂ ਸਿੱਖਾਂ ਵਲੋਂ ਕਰਾਏ ਗਏ ਕੀਰਤਨ ਦਰਬਾਰ ਵਾਲੀ ਥਾਂ `ਤੇ ਮਹੀਨਿਆਂ ਬੱਧੀ ਕੂੜਾ ਉੱਡਦਾ ਨਜ਼ਰ
ਆਉਂਦਾ ਰਹਿੰਦਾ ਹੈ। ਸ਼ੋਭਾ ਯਾਤਰਾ ਜਾਂ ਧਾਰਮਕ ਜਲੂਸਾਂ ਲਈ ਬੇਲੋੜੇ ਸਵਾਗਤੀ ਗੇਟਾਂ ਲਈ ਪੁੱਟੀਆਂ
ਸੜਕਾਂ ਹਰ ਲੰਘਦੇ ਮਨੁੱਖ ਨੂੰ ਮੂੰਹ ਚੜਾਅ ਕੇ ਰਹੀਆਂ ਦਸਦੀਆਂ ਹਨ ਕਿ ਏੱਥੇ ਕਲ੍ਹ ਸੜਕ ਨੂੰ ਪੁੱਟ
ਕੇ ਧਰਮ ਦਾ ਬਹੁਤ ਮਾਰਕਾ ਮਾਰਿਆ ਸੀ। ਪਰ ਆਮ ਲੋਕਾਂ ਨੂੰ ਧਰਮ ਦੇ ਨਾਂ `ਤੇ ਅੱਗਾ ਸਵਾਰਨ ਦੀਆਂ
ਨਸੀਹਤਾਂ ਦਿੱਤੀਆਂ ਜਾ ਰਹੀਆਂ ਹੁੰਦੀਆਂ ਹਨ।
ਸਾਡੇ ਮੁਲਕ ਵਿੱਚ ਧਰਮ ਦੇ ਨਾਂ `ਤੇ ਕੰਮ ਕਰਨ ਵਾਲੇ ਵੀਰਾਂ ਨੂੰ ਸਮਝਾਉਣ
ਲਈ ਇੱਕ ਨਿਕੀ ਜੇਹੀ ਕਹਾਣੀ ਹੈ। ਕਹਿੰਦੇ ਨੇ ਇੱਕ ਜੋਤਸ਼ੀ ਉਤਾਂਹ ਮੂੰਹ ਚੁੱਕਿਆ ਹੋਇਆ ਤਾਰਿਆਂ ਨੂੰ
ਦੇਖਦਾ ਦੇਖਦਾ ਟੋਏ ਵਿੱਚ ਡਿੱਗ ਪਿਆ। ਦਿਨ ਚੜੇ ਇੱਕ ਮਾਂ ਬਾਹਰ ਨੂੰ ਗਈ ਤੇ ਦੇਖਿਆ ਕਿ ਕੋਈ ਆਦਮੀ
ਟੋਏ ਵਿੱਚ ਡਿੱਗਾ ਪਿਆ ਹੈ। ਮਾਂ ਪੁੱਛਦੀ ਹੈ, ‘ਵੇ ਭਾਈ ਏੱਥੇ ਟੋਏ ਵਿੱਚ ਕਿਦਾਂ ਡਿੱਗ ਪਿਆ ਏਂ’ ?
ਅੱਗੋਂ ਜੋਤਸ਼ੀ ਕਹਿੰਦਾ, ‘ਮਾਂ ਪਹਿਲਾਂ ਮੈਨੂੰ ਬਾਹਰ ਕੱਢ ਫਿਰ ਸਾਰੀ ਗੱਲ ਦੱਸਾਂਗਾ’। ਮਾਂ ਨੇ
ਜੋਤਸ਼ੀ ਦਾ ਹੱਥ ਫੜਿਆ ਤੇ ਉਸ ਨੂੰ ਟੋਏ ਵਿਚੋਂ ਬਾਹਰ ਕੱਢਿਆ। ਜੋਤਸ਼ੀ ਆਪਣੀ ਖੂਬੀ ਦੱਸਦਾ ਹੋਇਆ
ਕਹਿਣ ਲੱਗਾ, ਕਿ ‘ਮਾਂ ਮੈ ਤਾਰਿਆਂ ਦੀ ਵਿਦਿਆ ਦਾ ਜੋਤਸ਼ੀ ਹਾਂ। ਤੂੰ ਕਦੇ ਆਪਣਾ ਆਉਣ ਵਾਲਾ ਸਮਾਂ
ਪੁੱਛਣਾ ਹੋਵੇ ਤਾਂ ਮੈਨੂੰ ਜ਼ਰੂਰ ਯਾਦ ਕਰੀਂ’। ਮਾਂ ਸਹਿ ਸੁਭਾਅ ਕਹਿੰਦੀ ਆ ‘ਵੇ ਪੁੱਤ ਕੋਈ ਗੱਲ
ਨਹੀਂ ਕਦੇ ਲੋੜ ਹੋਏਗੀ ਤਾਂ ਮੈਂ ਤੈਨੂੰ ਜ਼ਰੂਰ ਯਾਦ ਕਰਾਂਗੀ, ਪਰ ਬੀਬਾ ਪੁੱਤ ਬਣ ਕੇ ਪਹਿਲਾਂ ਤੂੰ
ਟੋਇਆਂ ਦੀ ਵਿਦਿਆ ਪ੍ਰਾਪਤ ਕਰ ਕਿਤੇ ਫਿਰ ਨਾ ਟੋਏ ਵਿੱਚ ਡਿੱਗ ਪਈਂ’। ਏਹੀ ਹਾਲ ਸਾਡੇ ਧਾਰਮਕ
ਆਗੂਆਂ ਤੇ ਪਰਚਾਰਕਾਂ ਦਾ ਹੈ ਜੋ ਹਰ ਧਾਰਮਕ ਇਕੱਠ ਵਿੱਚ ਮਰਣ ਉਪਰੰਤ ਆਪਾ ਸਵਾਰਨ ਦੀ ਗੱਲ ਹੀ ਕਰਦੇ
ਹਨ। ਲੋਕੋ ਸਾਡੇ ਪਾਸ ਆਓ ਅਸੀਂ ਤੂਹਾਨੂੰ ਮਰਣ ਉਪਰੰਤ ਸਵਰਗ ਵਿੱਚ ਵਧੀਆ ਸੀਟ ਲੈ ਕੇ ਦਿਆਂਗੇ।
ਸਵਰਗ ਦਾ ਲਾਰਾ ਲਉਣ ਵਾਲੇ ਖ਼ੁਦ ਭੰਬਲ਼ ਭੂਸਿਆਂ ਵਿੱਚ ਫਸੇ ਪਏ ਹਨ। ਕੁੱਝ ਹਫਤੇ ਪਹਿਲਾਂ ਭਾਵ
(ਅਪ੍ਰੈਲ ਦੇ ਪਹਿਲੇ ਹਫਤੇ ੨੦੧੦) ਦੀ ਗੱਲ ਹੈ ਲੰਡਨ ਦਾ ਇੱਕ ਜੋਤਸ਼ੀ ਲੋਕਾਂ ਦਾ ਭਵਿੱਖਤ ਦੱਸਦਾ
ਹੋਇਆ ਆਪ ਜੇਲ੍ਹ ਦੀ ਹਵਾ ਬੜੇ ਸ਼ੋਕ ਨਾਲ ਖਾ ਰਿਹਾ ਹੈ। ਪਰ ਗੁਰਬਾਣੀ ਦਿਸ਼ਾ ਨਿਰਧਾਰਤ ਕਰਦੀ ਹੈ ਕਿ
ਭਾਈ ਮਰਣ ਦੇ ਉਪਰੰਤ ਤੈਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ, ਤੂੰ ਪਹਿਲਾਂ ਅੱਜ ਦੀ ਗੱਲ ਕਰ, ਤੂੰ ਕੀ
ਕਰ ਰਿਹਾਂ ਏਂ? ਗੁਰਬਾਣੀ ਸਿਧਾਂਤ ਹੱਥਲੇ ਜੀਵਨ ਨੂੰ ਸੰਵਾਰਨ ਦਾ ਨਿਸ਼ਾਨਾ ਮਿੱਥਦੀ ਹੈ। ਰਾਗ ਗਉੜੀ
ਪੂਰਬੀ ਦੇ ਇੱਕ ਸ਼ਬਦ ਦੀ ਵਿਚਾਰ ਸਾਡੇ ਸਾਹਮਣੇ ਹੈ—
ਕਰਉ ਬੇਨੰਤੀ, ਸੁਣਹੁ ਮੇਰੇ ਮੀਤਾ, ਸੰਤ ਟਹਲ ਕੀ ਬੇਲਾ॥
ਈਹਾ ਖਾਟਿ ਚਲਹੁ ਹਰਿ ਲਾਹਾ, ਆਗੈ ਬਸਨੁ ਸੁਹੇਲਾ॥ 1॥
ਅਉਧ ਘਟੈ ਦਿਨਸੁ ਰੈਣਾ ਰੇ॥ ਮਨ, ਗੁਰ ਮਿਲਿ ਕਾਜ ਸਵਾਰੇ॥ 1॥ ਰਹਾਉ॥
ਇਹੁ ਸੰਸਾਰੁ ਬਿਕਾਰੁ, ਸੰਸੇ ਮਹਿ, ਤਰਿਓ ਬ੍ਰਹਮ ਗਿਆਨੀ॥
ਜਿਸਹਿ ਜਗਾਇ ਪੀਆਵੈ ਇਹੁ ਰਸ, ਅਕਥ ਕਥਾ ਤਿਨਿ ਜਾਨੀ॥ 2॥
ਜਾ ਕਉ ਆਏ ਸੋਈ ਬਿਹਾਝਹੁ, ਹਰਿ ਗੁਰ ਤੇ ਮਨਹਿ ਬਸੇਰਾ॥
ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ॥ 3॥
ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ॥
ਨਾਨਕ ਦਾਸੁ ਇਹੈ ਸੁਖੁ ਮਾਗੈ, ਮੋ ਕਉ ਕਰਿ ਸੰਤਨ ਕੀ ਧੂਰੇ॥ 4॥ 5॥
ਰਾਗ ਗਉੜੀ ਪੂਰਬੀ ਮਹਲਾ ੫ ਪੰਨਾ ੧੩
ਰਹਾਉ ਦੀਆਂ ਤੁਕਾਂ ਵਿੱਚ ਮਨ ਨੂੰ ਸਮਝਾਉਂਦਿਆ ਹੋਇਆਂ ਕਾਜ ਸਵਾਰਨ ਦੀ
ਰਹਿਨੁਮਾਈ ਹੁੰਦੀ ਦਿਸਦੀ ਹੈ। ਸਾਡਾ ਮਨ ਜ਼ਿਆਦਾਤਰ ਨੀਵੀਆਂ ਸੋਚਾਂ ਨੂੰ ਤਰਜੀਹ ਦੇਂਦਾ ਹੈ ਜਿਹਾ ਕਿ
‘ ਬੁਰੇ ਕਾਮ ਕਉ ਊਠਿ ਖਲੋਇਆ॥
ਨਾਮ ਕੀ ਬੇਲਾ ਪੈ ਪੈ ਸੋਇਆ’॥ ਇਸ ਲਈ ਗੁਰੂ
ਸਾਹਿਬ ਜੀ ਮਨ ਵਿਚਲੀ ਮਲੀਨ ਸੋਚ ਛੱਡਣ ਲਈ ਕਹਿ ਰਹੇ ਹਨ, ਕਿਉਂਕਿ ਗੁਰੂ ਨੂੰ ਮਿਲ ਕੇ ਕਾਜ ਸੰਵਾਰਨ
ਦੀ ਵਿਚਾਰਧਾਰਾ ਪ੍ਰਗਟ ਹੁੰਦੀ ਹੈ। ਮਕਾਨ ਬਣਾਉਂਦਿਆਂ ਕਰਮ-ਕਾਂਡੀ ਲੋਕ ਇਸ ਗੱਲ ਦਾ ਖ਼ਿਆਲ ਰੱਖਦੇ
ਹਾਂ ਕਿ ਕਿਸੇ ਦੀ ਬੁਰੀ ਨਜ਼ਰ ਨਾ ਲੱਗ ਜਾਏ ਇਸ ਲਈ ਆਪਣੇ ਹੀ ਬਣਾਏ ਹੋਏ ਮਕਾਨ ਦੇ ਬਨੇਰੇ ਊਪਰ ਕਾਲ਼ੇ
ਰੰਗ ਦੀ ਤੌੜੀ ਰੱਖ ਦੇਂਦੇ ਹਨ। ਹੁਣ ਗੁਰੂ ਮਤ ਲੈ ਲਵਾਂਗੇ ਤਾਂ ਘੱਟੋ ਘੱਟ ਬੁਰੀ ਨਜ਼ਰ ਦੀ ਵਿਚਾਰ
ਤੋਂ ਤਾਂ ਬਚ ਰਹਾਂਗੇ, ਕਿ ਕਿਸੇ ਦੀ ਬੁਰੀ ਨਜ਼ਰ ਨਹੀਂ ਲੱਗਦੀ। ਇਹ ਤਾਂ ਇੱਕ ਵਿਚਾਰ ਹੈ। ਉਂਝ
ਗੁਰਮਤ ਵਿੱਚ ਬੁਰੀ ਨਜ਼ਰ ਦਾ ਕੋਈ ਥਾਂ ਨਹੀਂ ਹੈ। ਪਰ ਸਾਡੇ ਮਨ ਵਿੱਚ ਹਰ ਵੇਲੇ ਈਰਖਾ ਤੇ ਅਸੰਤੁਸ਼ਟੀ
ਦੇ ਖ਼ਿਆਲ ਚੱਕਰ ਲਗਾਈ ਰੱਖਦੇ ਹਨ। ਗੁਰ-ਗਿਆਨ ਰਾਂਹੀ ਇਹਨਾਂ ਤੋਂ ਕਿਨਾਰਾ ਕਰਕੇ ਸ਼ੁਭ ਵਿਚਾਰਾਂ ਵਲ
ਨੂੰ ਵੱਧਣਾ ਹੈ— ‘ਮਨ, ਗੁਰ
ਮਿਲਿ ਕਾਜ ਸਵਾਰੇ’ ਜਿਸ ਤਰ੍ਹਾਂ ਮਨੁੱਖ ਦੀ
ਜ਼ਿੰਦਗੀ ਦੇ ਦਿਨ ਘੱਟਦੇ ਜਾਂਦੇ ਹਨ ਏਸੇ ਤਰ੍ਹਾਂ ਗੁਰਬਾਣੀ ਗਿਆਨ ਨਾਲ ਵਿਕਾਰਾਂ ਦੀ ਜ਼ਿੰਦਗੀ ਵੀ
ਘੱਟਣੀ ਸ਼ੁਰੂ ਹੋ ਜਾਂਦੀ ਹੈ—
‘ਅਉਧ ਘਟੈ ਦਿਨਸੁ ਰੈਣਾ ਰੇ’ ਡਾਕਟਰ ਦੀ ਸਮਝ
ਵਿੱਚ ਜਦੋਂ ਰੋਗ ਆ ਜਾਂਦਾ ਹੈ ਤਾਂ ਡਾਕਟਰ ਦੀ ਸਹੀ ਦਵਾਈ ਨਾਲ ਰੋਗੀ ਦਾ ਰੋਗ ਘੱਟਣਾ ਸ਼ੁਰੂ ਹੋ
ਜਾਂਦਾ ਹੈ। ਏਸੇ ਤਰ੍ਹਾਂ ਹੀ ਮਾਨਸਕ ਤਲ਼ `ਤੇ ਜਦੋਂ ਗੁਰੂ ਗਿਆਨ ਦੀ ਰੂਪ-ਰੇਖਾ ਉਘੜਦੀ ਹੈ ਤਾਂ
ਵਿਕਾਰਾਂ ਦੀ ਉਮਰ ਘਟਣੀ ਸ਼ੁਰੂ ਹੋ ਜਾਂਦੀ ਹੈ। ਸੁ ਗੁਰੂ ਨੂੰ ਮਿਲ਼ ਕੇ ਭਾਵ ਸਮਝ ਕੇ ਜ਼ਿੰਦਗੀ ਜਿਉਣ
ਦੇ ਦ੍ਰਿਸ਼ਟੀ ਕੋਨ ਨੂੰ ਅਪਨਾਉਂਦਿਆਂ ਕੁਦਰਤੀ ਵਿਕਾਰੀ ਸੋਚ ਦੀ ਉਮਰ ਘਟਣੀ ਸ਼ੁਰੂ ਹੋ ਜਾਂਦੀ ਹੈ।
ਅੱਖੜ ਮਨ ਨੂੰ ਬੇਨਤੀ ਰੂਪ ਵਿੱਚ ਮਤ ਦੇਂਦਿਆਂ ਕਿਹਾ ਕਿ ਤੈਨੂੰ ਚੰਗੀ ਗੱਲ
ਜ਼ਰੂਰ ਸੁਣਨੀ ਚਾਹੀਦੀ ਹੈ—
‘ਕਰਉ ਬੇਨੰਤੀ, ਸੁਣਹੁ ਮੇਰੇ ਮੀਤਾ’, ਅਸਲ ਵਿੱਚ
ਮਨ ਕੁੱਝ ਪੈਸੇ ਦੇ ਕੇ ਧਾਰਮਕ ਅਸਥਾਨਾਂ `ਤੇ ਆਪਣਾ ਨਾਂ ਸੁਣਨ ਦਾ ਆਦੀ ਹੋ ਚੁਕਿਆ ਹੈ। ਦੂਸਰਾ
ਮਨੁੱਖ ਦਾ ਸਰੋਤ ਵੀ ਬਹੁਤ ਨੀਵਾਂ ਹੋ ਗਿਆ ਹੈ। ਖਾਸ ਕਰਕੇ ਸਿੱਖ ਧਰਮ ਵਿੱਚ ਆਪੇ ਬਣੇ ਬ੍ਰਹਮ
ਗਿਆਨੀ ਜਾਂ ਸਾਧ-ਲਾਣਾ ਗੁਰਬਾਣੀ ਛੱਡ ਕੇ ਲੋਕ ਧਾਰਨਾ ਦੀਆਂ ਬੋਲੀਆਂ ਦਾ ਕੀਰਤਨ ਸੁਣਾ ਰਹੇ ਹਨ। ਜੇ
ਸੱਸ ਮਾਂ ਕਹੇ ਕਿ ਧੀਏ ਅੱਜ ਭੱੜਥਾ ਬਣ ਲੈ ਪਰ ਖੀਰ ਨਾ ਬਣਈਂ ਕਿਉਂਕਿ ਦੁੱਧ ਥੋੜਾ ਈ। ਅੱਗੋਂ ਨੂੰਹ
ਰਾਣੀ ਭੜਥੇ ਦੀ ਥਾਂ `ਤੇ ਖੀਰ ਦਾ ਪਤੀਲਾ ਚਾੜ੍ਹ ਦਏ ਤਾਂ ਕੀ ਘਰ ਵਿੱਚ ਘਮਸਾਣ ਦਾ ਯੁੱਧ ਨਹੀਂ
ਹੋਏਗਾ? ਏੱਥੇ ਗੁਰੂ ਸਾਹਿਬ ਜੀ ਮਨ ਨੂੰ ਕੁੱਝ ਸੁਣਨ ਲਈ ਕਹਿ ਰਹੇ ਹਨ ਕਿ ਪਰ ਅਸੀਂ ਮਰਣ ਉਪਰੰਤ
ਸੁੱਖ ਦੀ ਭਾਲ਼ ਵਿੱਚ ਬੈਠੇ ਹਾਂ--
‘ਸੰਤ ਟਹਲ ਕੀ ਬੇਲਾ’
ਭਾਵ ਗੁਰੂ ਦੀ ਮਤ ਲੈਣ ਦਾ ਸਮਾਂ ਈਂ, ਜੇ ਅਖਰੀਂ ਅਰਥ
ਕਰਾਂਗੇ ਤਾਂ ਏਹੀ ਬਣਨਗੇ ਕਿ ਭਈ ਸਾਧਾਂ ਸੰਤਾਂ ਦੀ ਸੇਵਾ ਬਹੁਤ ਉੱਚੀ ਹੈ ਤੇ ਇਹ ਸੇਵਾਂ ਭਾਗਾਂ
ਵਾਲ਼ੇ ਜੀਵਾਂ ਨੂੰ ਮਿਲਦੀ ਹੈ। ਭਾਵੈਂ ਉਹ ਵਿਭਚਾਰੀ, ਕਰੱਪਟੀ, ਸੰਗਲ਼ਾਂ ਵਾਲ਼ੇ ਛੱਪੜੀ ਵਾਲ਼ੇ ਜਾਂ
ਝੋਟਿਆਂ ਵਾਲੇ ਹੀ ਕਿਉਂ ਨਾ ਹੋਣ। ਉਂਜ ਹਰ ਆਦਮੀ ਆਪਣੇ ਆਪਣੇ ਇਲਾਕੇ ਦੇ ਸੰਤਾਂ ਦੀ ਸੇਵਾ ਕਰਨ ਨੂੰ
ਬਹੁਤ ਉੱਚੇ ਭਾਗ ਸਮਝਦਾ ਹੈ। ‘ਸੰਤ ਟਹਲ ਕੀ ਬੇਲਾ’ ਦਾ ਭਾਵ ਅਰਥ ਨਿੰਮ੍ਰਤਾ ਵਾਲੀ ਮਤ ਗ੍ਰਹਿਣ ਕਰਨ
ਦਾ ਯਤਨ ਕਰਨ ਤੋਂ ਹੈ।
‘ਈਹਾ ਖਾਟਿ ਚਲਹੁ ਹਰਿ ਲਾਹਾ’,
ਹੱਥਲੇ ਸਮੇਂ ਦੀ ਸੰਭਾਲ਼ ਕਰਨ ਨੂੰ ਸੇਧਤ ਹੁੰਦਾ ਹੈ। ਜਿਸ
ਤਰ੍ਹਾਂ ਕੋਈ ਆਦਮੀ ਲਾਭ ਦੀ ਖ਼ਾਤਰ ਪ੍ਰਦੇਸ਼ ਵਿੱਚ ਜਾ ਕੇ ਵਪਾਰ ਕਰਦਾ ਹੈ ਤਾਂ ਉਸ ਨੂੰ ਸਿਆਣਾ
ਵਪਾਰੀ ਗਿਣਿਆ ਜਾਂਦਾ ਹੈ ਏਸੇ ਤਰ੍ਹਾਂ ਹੀ ਹੱਥਲੇ ਸਮੇਂ ਵਿੱਚ ਅਸਾਂ ਆਪਣੇ ਮਨ ਨੂੰ ਗੁਰ-ਗਿਆਨ ਦਾ
ਲਾਭ ਲੈ ਕੇ ਦੇਣਾ ਹੈ। ਭਾਵ ਚੰਗੀਆਂ ਆਦਤਾਂ ਦਾ ਲਾਭ ਲੈਣਾ ਹੈ।
ਸਮੇਂ ਦੀ ਸੰਭਾਲ ਕਰਦਿਆਂ ਜੇ ਕਾਮਕ ਬਿਰਤੀ ਦੇ ਸੇਵਨ ਤੋਂ ਬੰਦਾ ਬਚ ਜਾਏ
ਤਾਂ ਏਡਜ਼ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਗੁਰੂ ਦੀ ਸਿੱਖਿਆ ਹਮੇਸ਼ਾਂ ਸਾਡਾ
ਸਾਥ ਦੇਂਦੀ ਹੈ— ‘ ਗੁਰੁ ਮੇਰੈ
ਸੰਗਿ ਸਦਾ ਹੈ ਨਾਲੇ’ ਮਾੜੀ ਬਿਰਤੀ ਵੀ ਸਾਡੇ ਨਾਲ
ਹੀ ਚੱਲਦੀ ਹੈ ਪਰ ਏੱਥੇ ਕੁੱਝ ਲਾਭ ਦੀ ਪ੍ਰਾਪਤ ਕਰਨ ਦਾ ਦ੍ਰਿਸ਼ਟੀ ਕੋਣ ਦਿੱਤਾ ਹੈ ਜਿਹੜਾ ਸਾਡੇ
ਸਾਡੇ ਚੰਗੇ ਭਵਿੱਖਤ ਦੀ ਰਹਿਨੁਮਾਈ ਕਰਦਾ ਹੋਇਆ ਦਿਸਦਾ ਹੈ ਜੋ— ‘ਆਗੈ
ਬਸਨੁ ਸੁਹੇਲਾ’ ਦਾ ਉਗੜਵਾਂ ਰੂਪ ਹੈ। ਨਾਨਕਈ
ਫਲਸਫ਼ੇ ਨੇ ਏਸੇ ਜੀਵਨ ਵਿੱਚ ਹੀ ਸਾਨੂੰ ਅਦਰਸ਼ਕ ਮਨੁੱਖ ਬਣਨ ਦੀ ਤਰਕੀਬ ਸਮਝਾਈ ਹੈ ਪਰ ਅਸੀਂ ਸੋਚਦੇ
ਹਾਂ ਕਿ ਸ਼ਾਇਦ ਮਰਣ ਉਪਰੰਤ ਸਾਨੂੰ ਕੋਈ ਰਾਖਵੀਂ ਸੀਟ ਮਿਲ ਜਾਏਗੀ। ਭਾਈ ਕਾਹਨ ਸਿੰਘ ਜੀ ਨਾਭਾ ਨੇ
‘ਆਗੈ’ ਸ਼ਬਦ ਦੇ ਤਿੰਨ ਅਰਥ ਕੀਤੇ ਹਨ, ੧. ਸਾਮ੍ਹਣੇ, ਅੱਗੇ। ੨. ਇਸ ਪਿੱਛੋਂ। ੩. ਆਉਣ ਵਾਲੇ ਅਤੇ
ਭੂਤ ਕਾਲ ਵਿੱਚ ਕਰਤਾਰ। ‘ਆਗੈ
ਬਸਨੁ ਸੁਹੇਲਾ’ ਨੂੰ ਅਸੀਂ ਜ਼ਿਆਦਾਤਰ ਸਵਰਗ ਵਿੱਚ
ਸੌਖੀ ਜਗ੍ਹਾ ਮਿਲਣ ਨੂੰ ਸਮਝਿਆ ਹੋਇਆ ਹੈ। ਭਾਵ ਸਵਰਗ ਵਿੱਚ ਸਾਨੂੰ ਕੋਈ ਕੰਮ ਨਹੀਂ ਹੋਏਗਾ ਸਿਰਫ
ਗੁਰਦੁਆਰੇ ਹੀ ਜਾਇਆ ਕਰਾਂਗੇ ਦੁੱਧ ਦੀਆਂ ਨਦੀਆਂ ਚਲਦੀਆਂ ਹੋਣਗੀਆਂ, ਹਰ ਪ੍ਰਕਾਰ ਦੀ ਐਸ਼ ਹੋਏਗੀ।
ਬੜੇ ਵਧੀਆ ਸਾਡੇ ਪਾਸ ਮਕਾਨ ਹੋਣਗੇ। ਜਨੀ ਕਿ ਬ੍ਰਹਾਮਣ ਦੇਵਤੇ ਵਲੋਂ ਮਨ ਲਭਾਊ ਤੇ ਮਨ ਚਾਹੀ ਸਵਰਗ
ਦੀ ਤਸਵੀਰ ਖਿਚ ਕੇ ਆਮ ਮਨੁੱਖ ਨੂੰ ਪਰੋਸ ਕੇ ਦਿੱਤੀ ਹੈ। ਜਦੋਂ ਕਿ ਗੁਰਬਾਣੀ ਵਰਤਮਾਨ ਕਾਲ ਵਿੱਚ
ਹੱਥਲੇ ਜੀਵਨ ਦਾ ਅਦਰਸ਼ ਤਹਿ ਕਰਦੀ ਹੈ। ਅਸੀਂ ਆਪਣੇ ਬੱਚਿਆਂ ਨੂੰ ਇਸ ਲਈ ਪੜਾਉਂਦੇ ਹਾਂ ਕਿ ਇਹ ਆਉਣ
ਵਾਲੇ ਸਮੇਂ ਵਿੱਚ ਆਪਣੀ ਜ਼ਿੰਦਗੀ ਨੂੰ ਸਹੀ ਢੰਗ ਨਾਲ ਜਿਊ ਸਕਣ। ਭਾਰਤ ਵਿੱਚ ਸਰਕਾਰੀ ਨੌਕਰੀ ਭਾਲ਼
ਵੀ ਏਸੇ ਸੰਦਰਭ ਵਿੱਚ ਕੀਤੀ ਜਾਂਦੀ ਹੈ ਕਿ ਘੱਟੋ ਘੱਟ ਪੈਨਸ਼ਨ ਤਾਂ ਸਾਨੂੰ ਮਿਲੇਗੀ ਤੇ ਫਿਰ ਕਿਸੇ
ਦੇ ਮੂੰਹ ਵਲ ਝਾਕਣਾ ਨਹੀਂ ਪਏਗਾ।
ਸਬਦ ਦੇ ਦੂਸਰੇ ਬੰਦ ਵਿੱਚ ਵਿਕਾਰ ਤੇ ਸੰਸਿਆ ਦੀ ਭਰਪੂਰਤਾ ਦਿਖਾਈ ਹੈ— ‘ ਇਹੁ
ਸੰਸਾਰੁ ਬਿਕਾਰੁ, ਸੰਸੇ ਮਹਿ’, ਬੰਦੇ ਦੇ ਬੈਠਿਆ
ਹੀ ਮਨ ਵਿੱਚ ਵਿਕਾਰੀ ਲਹਿਰਾਂ ਦੀਆਂ ਛੱਲਾਂ ਉੱਠਦੀਆਂ ਰਹਿੰਦੀਆਂ ਹਨ। ਦੂਸਰਾ ਚਿੰਤਾ ਹਰ ਵੇਲੇ
ਸਤਾਉਂਦੀ ਰਹਿੰਦੀ ਹੈ। ਮੇਰੇ ਨਾਲ ਪੜ੍ਹਾ ਰਹੇ ਅਧਿਆਪਕ ਨੂੰ ਗੁਲਾਬ ਜਾਮਨਾ ਖਾਣਾ ਦਾ ਬਹੁਤ ਸ਼ੌਂਕ
ਸੀ ਕਿਸੇ ਵਿਆਹ ਪਾਰਟੀ ਵਿੱਚ ਚਲੇ ਜਾਉ ਉਹ ਸਭ ਤੋਂ ਪਹਿਲਾਂ ਗੁਲਾਬ ਜਾਮਨਾਂ ਦੀ ਪਲੇਟ ਭਰਦਾ ਸੀ।
ਉਹਦਾ ਤਰੀਕਾ ਵੀ ਅਜੀਬ ਸੀ, ਇੱਕ ਮੂੰਹ ਵਿੱਚ ਦੂਜੀ ਦੂਜੀ ਹੱਥ ਵਿੱਚ ਤੇ ਤੀਜੀ ਭਰੀ ਪਲੇਟ ਹੱਥ
ਵਿੱਚ ਹੋਣ ਦੇ ਬਾਵਜੂਦ ਵੀ ਮੇਜ਼ ਰੱਖੀ ਪਲੇਟ ਵਲ ਨਿਗਾਹ ਰਹਿੰਦੀ ਸੀ ਕਿ ਇਹ ਵੀ ਮੈਂ ਹੀ ਉਠਾਉਣੀਆਂ
ਹਨ। ਉਸ ਬੰਦੇ ਨੂੰ ਸਾਰੀ ਜ਼ਿੰਦਗੀ ਗੁਲਾਬ ਜਾਮਨ ਦਾ ਸੰਸਾ ਹੀ ਮਾਰ ਗਿਆ। ਜੇ ਮੈਂ ਅਧਿਆਪਕ ਹਾਂ ਤਾਂ
ਮੈਨੂੰ ਇਹ ਫਿਕਰ ਹੋਣਾ ਚਾਹੀਦਾ ਹੈ ਕਿ ਮੈਂ ਆਪਣੀ ਡਿਊਟੀ ਤੋਂ ਲੇਟ ਨਾ ਹੋਵਾਂ। ਮੈਨੂੰ ਤੇ ਹਰ
ਵੇਲੇ ਇਹ ਸੰਸਾ ਹੀ ਸਤਾਈ ਜਾ ਰਿਹਾ ਹੈ ਕਿ ਮੈਂ ਆਪਣੇ ਘਰ ਦੇ ਬਹੁਤ ਨੇੜੇ ਬੈਠਾਂ ਹਾਂ ਮੇਰੀ ਕੋਈ
ਬਦਲੀ ਹੀ ਨਾ ਕਰਾ ਦੇਵੇ। ਇਹਨਾਂ ਸਤਰਾਂ ਵਿੱਚ ਵਿਕਾਰੀ ਬਿਰਤੀ ਤੇ ਉਹਦਾ ਸਹਾਇਕ ਸੰਸਾ ਮਨੁੱਖ ਨੂੰ
ਹਰ ਸਮੇਂ ਘੇਰੀ ਰੱਖਦੇ ਹਨ। ਕਈਆਂ ਨੂੰ ਇਹ ਸੰਸਾ ਫੜੀ ਬੈਠਾ ਹੈ ਕਿ ਮੇਰੇ ਵਰਗਾ ਕੋਈ ਹੋਰ ਸੂਟ ਪਾ
ਕੇ ਗੁਰਦੁਆਰੇ ਨਾ ਆ ਜਾਏ। ਪ੍ਰਧਾਨ ਨੂੰ ਦੂਸਰੀ ਵਾਰੀ ਪ੍ਰਧਾਨ ਬਣਨ ਦਾ ਸੰਸਾ ਖਾਈ ਜਾ ਰਿਹਾ ਹੈ।
ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਇਹ ਸਾਰਾ ਸੰਸਾਰ ਹੀ ਸੰਸਿਆਂ ਨਾਲ ਭਰਿਆ ਪਿਆ ਹੈ ਪਰ ਇਸ ਵਿਚੋਂ
ਤਰ ਉਹ ਹੀ ਸਕਦਾ ਹੈ ਜਿਸ ਪਾਸ ਗਿਆਨ ਦੀ ਬੇੜੀ ਆ ਗਈ— ‘ਤਰਿਓ
ਬ੍ਰਹਮ ਗਿਆਨੀ’ ਸਿਆਣਿਆਂ ਦਾ ਕਥਨ ਹੈ ਕਿ ਬੇੜੀ
ਪਾਣੀ ਵਿੱਚ ਤਰਦੀ ਹੈ ਤੇ ਡੁੱਬਦੀ ਵੀ ਪਾਣੀ ਵਿੱਚ ਹੀ ਹੈ, ਏਸੇ ਤਰ੍ਹਾਂ ਅਸੀਂ ਇਸ ਸੰਸਾਰ ਵਿੱਚ
ਆਤਮਕ ਸੂਝ ਦੁਆਰਾ ਤਰ ਸਕਦੇ ਹਾਂ ਤੇ ਵਿਕਾਰੀ ਬਿਰਤੀ ਦੁਆਰਾ ਸੰਸਿਆਂ ਦੀ ਦੁਨੀਆਂ ਵਿੱਚ ਡੁੱਬ ਵੀ
ਸਕਦੇ ਹਾਂ। ਇਹਨਾਂ ਤੁਕਾਂ ਵਿੱਚ ਬ੍ਰਹਮ ਗਿਆਨ ਦੀ ਜੁਗਤੀ ਸਮਝਾਈ ਹੈ। ਬ੍ਰਹਮ ਦਾ ਅਰਥ ਹੈ
ਪ੍ਰਮਾਤਮਾ, ਭਾਵ ਉਸ ਦੇ ਪ੍ਰਮੇਸ਼ਵਰੀ ਗੁਣ ਤੇ ਉਹਨਾਂ ਨੂੰ ਜਾਣਨ ਵਾਲਾ ਗਿਆਨੀ ਦੀ ਗਿਣਤੀ ਵਿੱਚ
ਆਉਂਦਾ ਹੈ।
ਜੈਸਾ ਕਿ ਰਹਾਉ ਦੀ ਤੁਕ ਵਿੱਚ ‘ ਮਨ,
ਗੁਰ ਮਿਲਿ ਕਾਜ ਸਵਾਰੇ’ ਭਾਵ ‘ਗੁਰ’, ਇੱਕ ਜੁਗਤੀ
ਨੂੰ ਸਮਝਦਿਆਂ ਹੋਇਆ ਮਨ ਅੰਦਰ ਨਵੀਂ ਜਾਗਰਤੀ ਨੇ ਜਨਮ ਲੈਣਾ ਜੋ ਜਾਗਰਣ ਦਾ ਪੱਖ ਪੇਸ਼ ਕਰਦੀ ਹੈ— ‘ਜਿਸਹਿ
ਜਗਾਇ ਪੀਆਵੈ ਇਹੁ ਰਸ’, ਸਿਆਣੇ ਕਹਿੰਦੇ ਹਨ ਕਿ
ਜੋ ਜਾਗਦੇ ਹਨ ਉਹਨਾਂ ਦੀਆਂ ਕੱਟੀਆਂ ਹੁੰਦੀਆਂ ਹਨ ਤੇ ਜੋ ਸੌਂ ਜਾਂਦੇ ਹਨ ਉਹਨਾਂ ਦੇ ਕੱਟੇ ਹੁੰਦੇ
ਹਨ। ਉਂਜ ਵੀ ਅਸੀਂ ਸੁਪਨਿਆਂ ਦੀ ਜ਼ਿੰਦਗੀ ਵਿੱਚ ਸੌਂ ਰਹੇ ਹਾਂ। ਜਿਸ ਨੂੰ ਗੁਰਬਾਣੀ ਵਿੱਚ ਇੰਝ
ਅੰਕਤ ਕੀਤਾ ਹੈ-
‘ਸੁਤੜੇ ਅਸੰਖ ਮਾਇਆ ਝੂਠੀ ਕਾਰਣੇ’।
ਇਸ ਮਾਇਆਂ ਵਿਚੋਂ ਜਾਗਣ ਵਾਲਾ ਆਤਮਕ ਰਸ ਪੀਂਦਾ ਹੈ—
‘ ਨਾਨਕ
ਸੇ ਜਾਗੰਨਿੑ ਜਿ ਰਸਨਾ ਨਾਮੁ ਉਚਾਰਣੇ’।
ਸੰਸਿਆਂ ਵਾਲੀ ਸੋਚ ਦੇ ਵਿਕਾਰੀ ਬਿਰਤੀ ਤੋਂ ਛੁਟਕਾਰਾ ਮਿਲਦਿਆਂ ਆਤਮਕ ਅਨੰਦ
ਬਣਦਾ ਹੈ ਤੇ ਅਕੱਥ ਕਥਾ ਦੀ ਅਵਸਥਾ ਨੂੰ ਪਛਾਣ ਲਿਆ ਹੈ— ‘ ਅਕਥ
ਕਥਾ ਤਿਨਿ ਜਾਨੀ’ ਜੁਗਤੀ ਸਿੱਖਣ ਨਾਲ ਔਖਾ ਕੰਮ
ਵੀ ਸਿੱਖ ਲਿਆ ਹੈ।
ਜਿਸ ਕੰਮ ਲਈ ਤੇਰੀ ਜ਼ਿੰਮੇਵਾਰੀ ਲੱਗੀ ਹੋਈ ਹੈ ਤੂੰ ਉਸ ਨੂੰ ਕਰਨ ਦਾ ਯਤਨ
ਕਰ— ‘ ਜਾ ਕਉ ਆਏ ਸੋਈ
ਬਿਹਾਝਹੁ’, ਪੰਜਾਬ ਦੇ ਬਹੁਤ ਸਾਰੇ ਬੱਚੇ
ਨਿਊਜ਼ੀਲੈਂਡ ਪੜ੍ਹਾਈ ਕਰਨ ਲਈ ਗਏ ਹੋਏ ਹਨ। ਮੈਂ ਦੇਖਿਆ ਹੈ ਕਿ ਇਹਨਾਂ ਬੱਚਿਆਂ ਵਿਚ, ਉਹਨਾਂ
ਬੱਚਿਆਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੈ ਜੋ ਪੜ੍ਹਾਈ ਦੇ ਨਾਂ `ਤੇ ਸਿਰਫ ਵੀਜ਼ਾ ਹੀ ਲਿਆ ਹੈ ਪਰ
ਏੱਥੇ ਆ ਕੇ ਉਹਨਾਂ ਨੇ ਪੜ੍ਹਾਈ ਛੱਡ ਦਿੱਤੀ ਹੈ ਤੇ ਕੇਵਲ ਇੱਕ ਹੀ ਮਕਸਦ ਰੱਖ ਲਿਆ ਕਿ ਅਸਾਂ ਡਾਲਰ
ਹੀ ਕਮਾਉਣੇ ਹਨ। ਜਿਸ ਦਾ ਨਤੀਜਾ ਇਹ ਨਿਕਲਿਆ ਕਿ ਉਹਨਾਂ ਨੂੰ ਪੱਕਾ ਵੀਜ਼ਾ ਲੈਣ ਲਈ ਦਿੱਕਤਾਂ ਨਾਲ
ਜੂਝਣਾ ਪੈ ਰਿਹਾ ਹੈ। ਜੇ ਉਹ ਮਨ ਮਾਰ ਕੇ ਕੁੱਝ ਸਾਲ ਪੜ੍ਹਾਈ ਕਰ ਲੈਂਦੇ ਤਾਂ ਉਹਨਾਂ ਨੂੰ ਬੜੇ
ਅਰਾਮ ਨਾਲ ਪੱਕਾ ਵੀਜ਼ਾ ਮਿਲ ਸਕਦਾ ਸੀ। ਇਸ ਦਾ ਸਾਫ਼ ਅਰਥ ਹੈ ਕਿ ਜਿਸ ਕੰਮ ਦੀ ਸਾਡੀ ਡਿਊਟੀ ਲੱਗੀ
ਸੀ ਅਸਾਂ ਉਸ ਨੂੰ ਮਨ ਕਰਕੇ ਨਹੀਂ ਨਿਭਾਇਆ। ਹੁਣ ਸਾਡਾ ਫ਼ਰਜ਼ ਬਣਦਾ ਹੈ ਕਿ ਅਗਿਆਨਤਾ ਨੂੰ ਛੱਡ ਕੇ
ਗਿਆਨ ਲੈਣ ਦਾ ਸਾਰਥਿਕ ਯਤਨ ਕੀਤਾ ਜਾਏ ਤੇ ਗੁਰ-ਦਰਸਾਈ ਜੁਗਤੀ ਨੂੰ ਅਪਣੇ ਮਨ ਵਿੱਚ ਵਸਾ ਲਿਆ ਜਾਏ—
‘ਹਰਿ ਗੁਰ ਤੇ ਮਨਹਿ ਬਸੇਰਾ’
ਇਹਨਾਂ ਸ਼ਬਦਾਂ ਵਿੱਚ ਦੋ ਹਰਿ ਤੇ ਗੁਰ ਨੂੰ ਮਨ
ਵਿੱਚ ਵਸਾ ਲੈਣ ਲਈ ਕਿਹਾ ਹੈ। ਗੁਰ ਦਾ ਅਰਥ ਹੈ ਜੁਗਤੀ ਤੇ ਹਰਿ ਅਰਥ ਹੈ ਪ੍ਰਮਾਤਮੀ ਗੁਣ। ਗੁਰ ਦੀ
ਜੁਗਤੀ ਜਾਂ ਗਿਆਨ ਸਚਿਆਰ ਬਣਨ ਦਾ ਪੱਕਾ ਟਿਕਾਣਾ ਹੈ। ਇਸ ਨੂੰ ਨਿਜ ਘਰ ਵੀ ਕਿਹਾ ਹੈ— ‘ਨਿਜ
ਘਰਿ ਮਹਲੁ ਪਾਵਹੁ ਸੁਖ ਸਹਜੇ’
ਸੁੱਖ ਤੇ ਸਹਿਜ ਦਾ ਸੁਮੇਲ ਪ੍ਰਤੱਖ ਦਿਸਦਾ ਹੈ। ‘ ਮਨ
ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ’ ਸਿਆਣੇ
ਕਹਿੰਦੇ ਨੇ ਜਿਸ ਮਕਾਨ ਦੀ ਨੀਂਹ ਮਜ਼ਬੂਤ ਹੋਵੇਗੀ ਉਸ ਉੱਤੇ ਵੱਡੀ ਇਮਾਰਤ ਖੜੀ ਕੀਤੀ ਜਾ ਸਕਦੀ ਹੈ
ਤੇ ਜਿਸ ਮਕਾਨ ਦੀ ਨੀਂਹ ਪੋਲੀ ਹੋਵੇਗੀ ਉਹ ਇਮਾਰਤ ਅੱਜ ਵੀ ਗਈ ਤੇ ਕਲ੍ਹ ਵੀ ਗਈ ਸਮਝਣੀ ਚਾਹੀਦੀ
ਹੈ। ਨਿਜ ਘਰ ਦਾ ਅਰਥ ਗੁਰ-ਗਿਆਨ ਜੋ ਪ੍ਰਮੇਸ਼ਵਰੀ ਗੁਣਾਂ ਵਿੱਚ ਰੂਪਮਾਨ ਹੁੰਦਾ ਹੈ। ਜੇ ਇੱਕ ਵਾਰੀ
ਅਜੇਹੇ ਗੁਣਾਂ ਦੀ ਸਮਝ ਆ ਜਾਏ ਤਾਂ ਫਿਰ ਮਨ ਵਿਚੋਂ ਸਹਿਮ ਤੇ ਵਿਕਾਰੀ ਸੋਚ ਦਾ ਖਾਤਮਾ ਹੋ ਜਾਂਦਾ
ਹੈ--- ‘ਬਹੁਰਿ ਨ ਹੋਇਗੋ
ਫੇਰਾ’ ਗੁਰੂ ਦੀ ਮਤ ਆਉਣ ਨਾਲ ਝਗੜਾਲੂ ਬਿਰਤੀ
ਵਿੱਚ ਮੁੜ ਨਹੀਂ ਡਿੱਗੇਗਾ। ਜਦੋਂ ਗੁਰਦੁਆਰਿਆਂ ਵਿੱਚ ਨਿੱਤ ਡਾਂਗ ਸੋਟਾ ਚੱਲਦਾ ਸੁਣਦੇ ਦੇਖਦੇ ਹਾਂ
ਅਸੀਂ ਕਹਿ ਸਕਦੇ ਹਾਂ ਕਿ ਇਹਨਾਂ ਲੋਕਾਂ ਨੇ ਸਿਰਫ ਮੱਥਾ ਟੇਕ ਕੇ ਕੇਵਲ ਕੀਰਤਨ ਭੇਟਾ ਹੀ ਦਿੱਤੀ ਹੈ
ਪਰ ਗੁਰਦੁਆਰੇ ਵਿੱਚ ਚੌਧਰ ਦੀ ਖ਼ਾਤਰ ਝਗੜਾ ਨਹੀਂ ਛੱਡਿਆ। ਹਰ ਸਾਲ ਝਗੜਾ ਕਰਕੇ ਪ੍ਰਧਾਨ ਬਣਦੇ ਹਾਂ।
ਕੀ ਝਗੜੇ ਤੋਂ ਬਿਨਾ ਨਹੀਂ ਪ੍ਰਧਾਨ ਬਣਿਆ ਜਾ ਸਕਦਾ? ਖ਼ੈਰ ਗੁਰੂ ਦੀ ਜੁਗਤੀ ਸਮਝਦਿਆਂ ਪ੍ਰਮਾਤਮਾ
ਨਾਲ ਪੱਕੀ ਸਾਂਝ ਬਣ ਜਾਂਦੀ ਹੈ। ‘ਬਹੁਰਿ ਨ ਹੋਇਗੋ ਫੇਰਾ’ ਮੁੜ ਅਗਿਆਨਤਾ ਜਨਮ ਨਹੀਂ ਲੈਂਦੀ, ਫਿਰ
ਵਿਕਾਰਾਂ ਵਲ ਨੂੰ ਫੇਰਾ ਨਹੀਂ ਵੱਜੇਗਾ।
ਗੁਰਬਾਣੀ ਪ੍ਰਮਾਤਮਾ ਸਬੰਧੀ ਸਮਝਾਉਂਦਿਆਂ ਹੋਇਆ ਦਸਦੀ ਹੈ ਕਿ ਉਹ
ਅੰਤਰਜਾਮੀ, ਸਾਡਿਆਂ ਦਿਲਾਂ ਦੀ ਜਾਨਣ ਵਾਲਾ ਤੇ ਬੈਠਾ ਵੀ ਸਾਡੇ ਅੰਦਰ ਹੀ ਹੈ— ‘ ਅੰਤਰਜਾਮੀ
ਪੁਰਖ ਬਿਧਾਤੇ’ ਸ਼ੁਭ ਮਤ ਦੀ ਲਖਾਇਕ ਹੈ। ਜਿਸ
ਤਰ੍ਹਾਂ ਕੋਈ ਵਿਦਿਆਰਥੀ ਆਪਣੀ ਮਿਹਨਤ ਨਾਲ ਡਾਕਟਰ ਬਣਿਆ ਹੈ। ਉਸ ਪਾਸ ਡਾਕਟਰੀ ਦੀ ਹੁਣ ਮੁਹਾਰਤ
ਹੈ। ਜਦੋਂ ਕੋਈ ਮਰੀਜ਼ ਉਸ ਪਾਸ ਆਉਂਦਾ ਹੈ ਤਾਂ ਡਾਕਟਰ ਉਸ ਦੀ ਨਬਜ਼ ਫੜ ਕੇ ਦੱਸਦਾ ਹੈ ਕਿ ਤੇਰੇ
ਸਰੀਰ ਵਿੱਚ ਕੋਈ ਵਿਗਾੜ ਪੈਦਾ ਹੋ ਗਿਆ ਹੈ ਕਿਉਂਕਿ ਤੇਰੀ ਨਬਜ਼ ਸਹੀ ਨਹੀਂ ਚੱਲ ਰਹੀ। ਇਹ ਉਸ ਡਾਕਟਰ
ਬੱਚੇ ਦੀ ਪੜ੍ਹਾਈ ਦੇ ਗਿਆਨ ਦੀ ਅੰਤਰਜਾਮਤਾ ਹੈ। ਏਸੇ ਤਰ੍ਹਾਂ ਹੀ ਸਕੂਲ ਵਿੱਚ ਪੜ੍ਹਾ ਰਹੇ ਅਧਿਆਪਕ
ਦੀ ਅੰਤਰਜਾਮਤਾ ਇਸ ਵਿੱਚ ਹੁੰਦੀ ਹੈ ਕਿ ਉਹ ਦੱਸ ਦੇਂਦਾ ਹੈ ਕਿ ਇਸ ਵਾਰੀ ਕਿੰਨੇ ਬੱਚੇ ਆਪਣੀ
ਮਿਹਨਤ ਨਾਲ ਪਾਸ ਹੋਣਗੇ ਜਾਂ ਕਿੰਨੇ ਫੇਲ੍ਹ ਹੋਣਗੇ ਗੁਰ-ਗਿਆਨ ਆਉਣ ਨਾਲ ਅਗਿਆਨਤਾ ਦੂਰ ਹੋਣੀ ਸ਼ੁਰੂ
ਹੋ ਜਾਂਦੀ ਹੈ। ਜਦੋਂ ਸਾਡਾ ਮਨ ਅਜੇਹੀ ਸੋਚ ਦਾ ਧਾਰਨੀ ਹੋਣਾ ਸ਼ੁਰੂ ਹੁੰਦਾ ਹੈ ਤਾਂ ‘ਸਰਧਾ
ਮਨ ਕੀ ਪੂਰੇ’ ਆਗਿਆਨਤਾ ਵਾਲਾ ਮਨ ਸ਼ੁਭ ਮਤ ਵਿੱਚ
ਤਬਦੀਲ ਹੋ ਜਾਂਦਾ ਹੈ ਤੇ ਇਸ ਅਨੁਸਾਰ ਹੀ ਜ਼ਿੰਦਗੀ ਜਿਉਣੀ ਸ਼ੁਰੂ ਹੋ ਜਾਂਦੀ ਹੈ। ਮਨ, ਭਾਵ ਅੰਦਰਲੀ
ਸੋਚ ਰੱਬੀ ਗੁਣਾਂ ਦਾ ਰੂਪ ਧਾਰਨ ਕਰਦੀ ਹੈ ਤਾਂ ਸਵੱਛ ਬਿਰਤੀ ਰੂਪੀ ਸ਼ਰਧਾ ਪੂਰੀ ਹੁੰਦੀ ਹੈ। ਜਿਸ
ਦਾ ਮੁੱਢ— ‘ਮਨ, ਗੁਰ ਮਿਲਿ
ਕਾਜ ਸਵਾਰੇ’ ਤੋਂ ਸ਼ੁਰੂ ਹੁੰਦਾ ਹੈ। ਸਿੱਖ ਧਰਮ
ਦਾ ਪੱਕਾ ਵਿਸ਼ਵਾਸ ਹੈ ਕਿ ਪਰਮਾਤਮਾ ਅੰਤਰਜਾਮੀ ਹੈ। ਦੂਸਰਾ ਪਰਮਾਤਮਾ ਦਾ ਕੋਈ ਸਰੂਪ ਨਹੀਂ ਹੈ ਇਸ
ਲਈ ਜੇ ਸਾਨੂੰ ਇਹ ਸਮਝ ਆ ਜਾਏ ਕਿ ਪਿਆਰ, ਹਲੀਮੀ, ਸਤ-ਸੰਤੋਖ, ਸੇਵਾ ਭਾਵਨਾ ਵਾਲੇ ਗੁਣ ਸਾਡੇ
ਸੁਭਾਅ ਦਾ ਅੰਗ ਬਣ ਜਾਣ ਤਾਂ ਮਨ ਵਿਕਾਰਾਂ ਵਲੋਂ ਕਿਨਾਰਾ ਕਰ ਲਏਗਾ। ਮਨ ਦੀ ਸ਼ਰਧਾ ਸ਼ੁਭ ਭਾਵਨਾ
ਵਾਲੀ ਪੂਰੀ ਹੋਣੀ ਹੈ। ਕਿਉਂਕਿ ਗੁਰੂ ਨੂੰ ਮਿਲ ਕੇ ਅਸਾਂ ਜ਼ਿੰਦਗੀ ਦਾ ਕਾਰਜ ਸਵਾਰਨਾ ਹੈ।
ਸਾਡਾ ਮਨ ਭਲੇ ਬੁਰੇ ਦੀ ਵਿਚਾਰ ਨੂੰ ਜਾਣਦਾ ਹੋਇਆ ਵੀ ਬੁਰੇ ਕਰਮ ਨੂੰ ਪਹਿਲ
ਦੇਂਦਾ ਹੈ ਪਰ ਗੁਰਬਾਣੀ ਦ੍ਰਿੜ ਕਰਾਉਂਦੀ ਹੈ ਕਿ ਇੱਕ ਉਹ ਸੁੱਖ ਮੰਗ ਜੋ ਸਦਾ ਹੀ ਤੇਰੇ ਕੰਮ ਆਉਣ
ਵਾਲਾ ਹੈ— ‘ ਨਾਨਕ ਦਾਸੁ ਇਹੈ
ਸੁਖੁ ਮਾਗੈ’, ਸੁੱਖ ਮੰਗਣ ਦਾ ਭਾਵ ਆਤਮਕ ਸੂਝ,
ਰੱਬੀ ਗੁਣਾਂ ਦੀ ਭਰਪੂਰਤਾ ਦਾ ਅਭਿਆਸ ਕਰਦੇ ਰਹਿਣ ਤੋਂ ਹੈ। ਜੇ ਬੱਚਾ ਇਹ ਕਹੀ ਜਾਏ ਕਿ ਹੇ ਰੱਬ ਜੀ
ਮੈਨੂੰ ਪੜ੍ਹਾਈ ਬਖਸ਼ਿਸ਼ ਕਰੋ, ਪਰ ਪੜ੍ਹਾਈ ਕਰੇ ਹੀ ਨਾ, ਤਾਂ ਕੀ ਬੱਚੇ ਨੂੰ ਪੜ੍ਹਾਈ ਆ ਜਾਏਗੀ।
ਮੰਗਿਆਂ ਪੜ੍ਹਾਈ ਨਹੀਂ ਆ ਸਕਦੀ ਜਿੰਨਾ ਚਿਰ ਬੱਚਾ ਪੜ੍ਹਾਈ ਨਹੀਂ ਕਰਦਾ। ਗੁਰਦੁਆਰੇ ਪਲਾਸਟਕ ਦੇ
ਫੁੱਲ ਚੜ੍ਹਾ ਦੇਣੇ, ਰੁਮਾਲੇ ਚੜ੍ਹਾ ਦੇਣੇ, ਪੈਰਾਂ ਵਾਲਾ ਪਾਣੀ ਸਿਰ ਦੇ ਊਪਰ ਦੀ ਸੁੱਟੀ ਜਾਣਾ ਜਨੀ
ਕਿ ਧਰਮ ਦੇ ਨਾਂ `ਤੇ ਕੀਤੇ ਜਾ ਰਹੇ ਕਰਮ-ਕਾਂਡਾਂ ਨੂੰ ਅਸੀਂ ਸ਼ਰਧਾ ਦਾ ਨਾਂ ਦਿੱਤਾ ਹੋਇਆ ਹੈ ਤੇ
ਇਸ ਵਿਚੋਂ ਸੁੱਖ ਦੀ ਭਾਲ ਕਰ ਰਹੇ ਹਾਂ। ਅਸਲ ਵਿੱਚ ਸ਼ਰਧਾ ਸ਼ੁਭ ਗਿਆਨ ਦੀ ਮੁਕੰਮਲਤਾ ਹੈ ਤੇ ਇਸ ਰਾਹ
ਨੂੰ ਅਖਤਿਆਰ ਕਰਨਾ ਹੈ ਜੋ— ‘ਮੋ
ਕਉ ਕਰਿ ਸੰਤਨ ਕੀ ਧੂਰੇ’ ਸੰਤਨ ਗੁਰੂ-ਗਿਆਨ ਤੋਂ
ਹੈ ਜੋ ਸਾਨੂੰ ਅਗਿਆਨਤਾ ਦੇ ਹਨੇਰੇ ਵਿੱਚ ਰਸਤਾ ਦਿਖਲਾਦਾ ਹੈ। ਧੂੜ ਬਰੀਕ ਮਿੱਟੀ ਨੂੰ ਕਿਹਾ ਜਾਂਦਾ
ਹੈ। ਪੁਰਾਣੇ ਸਮੇਂ ਵਿੱਚ ਕੱਚੇ ਰਾਹ ਖਹਿੜੇ ਹੁੰਦੇ ਸੀ। ਆਮ ਕਰਕੇ ਲੋਕ ਪੈਦਲ ਹੀ ਚਲਦੇ ਹੁੰਦੇ ਸੀ।
ਰਾਹਾਂ ਵਿੱਚ ਚੱਲਣ ਕਰਕੇ ਧੂੜ ਉੱਡਦੀ ਰਹਿੰਦੀ ਸੀ। ਗੁਰਬਾਣੀ ਵਿੱਚ ਧੂੜ ਸ਼ਬਦ ਦਾ ਇੱਕ ਦ੍ਰਿਸ਼ਟੀਕੋਨ
ਪੇਸ਼ ਕੀਤਾ ਹੈ। ਇੱਕ ਇਰਾਦਾ ਦ੍ਰਿੜ ਕਰਾਇਆ ਹੈ ਕਿ ਮੈਂ ਸੰਤਾਂ ਦੀ ਚਰਨ ਧੂੜ ਬਣ ਜਾਵਾਂ। ਭਾਵ ਜੋ
ਗੁਰੂ ਮਾਰਗ ਦਰਸ਼ਨ ਕਰਦਾ ਹੈ ਉਸ ਨੂੰ ਆਪਣੇ ਜੀਵਨ ਵਿੱਚ ਅਪਨਾ ਲਵਾਂ। ਸੰਤਨ ਕੀ ਧੂੜ ਭਾਵ ਗੁਰੂ ਨੂੰ
ਮਿਲ ਕੇ ਕਾਰਜ ਸੰਵਾਰਨ ਦੀ ਜੁਗਤੀ ਸਮਝ ਆਉਂਦੀ ਹੈ।
ਮੁੱਕਦੀ ਗੱਲ ਕਿ ਗੁਰੂ ਨੂੰ ਮਿਲਿਆ ਸੋਝੀ ਆਉਂਦੀ ਹੈ ਤੇ ਮੰਜ਼ਲ ਦੀ ਦੂਰੀ
ਘੱਟਦੀ ਹੈ। ਜਿਸ ਤਰ੍ਹਾਂ ਕੋਈ ਨਰਸਿੰਗ ਦਾ ਕੋਰਸ ਕਰਨ ਲਈ ਕਾਲਜ ਵਿੱਚ ਦਾਖ਼ਲਾ ਲੈਂਦਾ ਹੈ ਤੇ ਜਿਉਂ
ਜਿਉਂ ਨਰਸਿੰਗ ਦਾ ਕੋਰਸ ਕਰਦਾ ਜਾਂਦਾ ਹੈ ਤਿਉਂ ਤਿਉਂ ਹੀ ਉਸ ਦੇ ਕੋਰਸ ਦੇ ਦਿਨ ਘੱਟਣੇ ਸ਼ੁਰੂ ਹੋ
ਜਾਂਦੇ ਹਨ ਤੇ ਕੋਰਸ ਦੀ ਮੁਕੰਮਲਤਾ ਵਲ ਨੂੰ ਵੱਧਣਾ ਸ਼ੁਰੂ ਹੁੰਦਾ ਹੈ। ਏਸੇ ਤਰ੍ਹਾਂ ਹੀ ਜੇ ਅਸੀਂ
ਗੁਰ-ਗਿਆਨ ਵਲ ਨੂੰ ਵੱਧ ਕੇ ਮਨ ਦੀਆਂ ਬਨਾਵਟੀ ਖ਼ਿਆਲੀ ਭਾਵਨਾਵਾਂ ਤੇ ਕਾਬੂ ਪਾਉਣ ਦਾ ਯਤਨ ਕਰਦੇ
ਰਹਾਂਗੇ ਤਾਂ ਵਿਕਾਰਾਂ ਦੀ ਉਮਰ ਘੱਟਣੀ ਸ਼ੁਰੂ ਹੋ ਜਾਂਦੀ ਹੈ। ਤੇ ਏਸੇ ਨੂੰ ਹੀ ਕਿਹਾ ਗਿਆ ਹੈ ਕਿ
ਗੁਰੂ ਨੂੰ ਮਿਲ ਕੇ ਆਪਣੀ ਜ਼ਿੰਦਗੀ ਦੇ ਕਾਰਜ ਰਾਸ ਕਰਨੇ ਹਨ।
ਮ੍ਰਿਗ ਤਿਸਨਾ ਪੇਖਿ ਭੁਲਣੇ ਵੁਠੇ ਨਗਰ ਗੰਧ੍ਰਬ॥
ਜਿਨੀ ਸਚੁ ਅਰਾਧਿਆ ਨਾਨਕ ਮਨਿ ਤਨਿ ਫਬ॥
ਪੰਨਾ ੧੪੨੫
|
. |