ਬਾਣੀ ਆਸਾ ਕੀ ਵਾਰ ਪਉੜੀ ਬਾਰਵ੍ਹੀਂ ਦੇ ਨਾਲ ਦੋ ਸਲੋਕਾਂ ਦੀ ਗਿਣਤੀ `ਚ ਦੋ
ਬੰਦਾਂ ਵਾਲਾ ਇੱਕ ਸ਼ਬਦ ਆਇਆ ਹੈ। ਸਲੋਕ ਦੀ ਪਹਿਲ਼ੀ ਪੰਕਤੀ ਹੈ: “ਦੁਖੁ ਦਾਰੂ ਸੁਖੁ ਰੋਗੁ
ਭਇਆ ਜਾ ਸੁਖੁ ਤਾਮਿ ਨ ਹੋਈ” (ਪੰ: ੪੬੯) ਦੇਖਣਾ ਇਹ ਹੈ ਕਿ ਜਦੋਂ ਕਈ ਸੱਜਨ ਇਸ ਪੰਕਤੀ
ਬਾਰੇ ਹੈਰਾਨ ਹੋ ਕੇ ਸੁਆਲ ਕਰਦੇ ਹਨ ਕਿ ਸਲੋਕ `ਚ ਗੁਰਦੇਵ ਨੇ ਦੁਖ ਨੂੰ ‘ਦਾਰੂ’ ਤੇ ‘ਸੁਖ’ ਨੂੰ
ਰੋਗ ਕਿਉਂ ਕਿਹਾ ਹੈ? ਜਦਕਿ ਸਾਰੀ ਦੁਨੀਆਂ ਮੰਗਦੀ ਹੀ ਸੁਖ ਹੈ। ਦੁਖ ਨਾ ਕੋਈ ਮੰਗਦਾ ਹੈ ਤੇ ਨਾ
ਚਾਹੁੰਦਾ ਹੈ। ਫ਼ਿਰ ਵੀ ਇਥੇ ਗੁਰਦੇਵ ਦੁਖ ਨੂੰ ਇਲਾਜ ਕਹਿ ਰਹੇ ਹਨ ਤੇ ਸੁਖ ਨੂੰ ਰੋਗ, ਤਾਂ
ਗੁਰਬਾਣੀ ਅਨੁਸਾਰ ਇਸ ਦੇ ਅਸਲ ਅਰਥ ਕੀ ਹੋ ਸਕਦੇ ਹਨ?
“ਦੁਖੁ ਦਾਰੂ ਸੁਖੁ ਰੋਗੁ. .” -ਦੂਜੇ ਉਹ ਹਨ ਜੋ ਪੰਕਤੀ ਦੇ
ਸਿਧੇ ਅਰਥ ਕਰਕੇ ਹੀ ਤੱਸਲੀ ਕਰ ਲੈਂਦੇ ਹਨ। ਉਨ੍ਹਾਂ ਦੇ ਹਿਸਾਬ, ਮਨੁੱਖ ਲਈ ਦੁਖ ਨੂੰ ਇਸ ਲਈ ਚੰਗਾ
ਕਿਹਾ ਹੈ ਜੋ ਮਨੁੱਖ ਨੂੰ ਇਸੇ ਬਹਾਨੇ ਪ੍ਰਭੂ ਦੀ ਟੇਕ ਵਾਲੀ ਲੋੜ ਤਾਂ ਮਹਿਸੂਸ ਹੁੰਦੀ ਹੈ। ਬਲਕਿ
ਦੁਖ ਹੀ ਕਈ ਵਾਰ ਮਨੁੱਖ ਨੂੰ ਜੀਵਨ ਦੇ ਸਿੱਧੇ ਰਾਹ ਪਾਉਣ ਦਾ ਕਾਰਨ ਵੀ ਬਣ ਜਾਂਦਾ ਹੈ। ਇਸ ਤਰ੍ਹਾਂ
‘ਦੁਖ’ ਜੀਵਨ ਦਾ ਇਲਾਜ ਵੀ ਹੋ ਨਿੱਬੜਦਾ ਹੈ। ਇਸ ਦੇ ਉਲਟ ਸੁੱਖ ਰੋਗ ਇਸ ਲਈ ਹੈ ਕਿਉਂਕਿ ਮਨੁੱਖ
ਜਿਸ ਨੂੰ ਸੁਖ ਸਮਝਦਾ ਹੈ, ਕਈ ਵਾਰ ਇਹ ਸੁਖ ਹੀ ਮਨੁੱਖ ਦੇ ਜੀਵਨ ਲਈ ਅਨੇਕਾਂ ਰੋਗਾਂ ਦਾ ਕਾਰਨ ਬਣ
ਜਾਂਦਾ ਹੈ। ਮਨੁੱਖ ਕਈ ਵਾਰ ਉਸ ਸੁਖ `ਚ ਇਨਾਂ ਵੱਧ ਉਲਝ ਜਾਂਦਾ ਹੈ ਕਿ ਕਰਤਾ ਚੇਤੇ `ਚ ਹੀ ਨਹੀਂ
ਰਹਿੰਦਾ। ਰੁਝੇਵੇਂ ਵਧ ਜਾਂਦੇ ਹਨ, ਦਿਨੋ ਦਿਨ ਝੀਵਨ `ਚ ਆਤਮਕ ਰਸ ਘਟਦਾ ਤੇ ਮੁੱਕਦਾ ਜਾਂਦਾ ਹੈ।
ਸੰਸਾਰਕ ਰਸਾਂ `ਚ ਵਧੇਰੇ ਖੱਚਤ ਹੋ ਕੇ, ਮਨੁੱਖ ਆਪਣੇ ਜੀਵਨ ਦੀ ਅਸਲੀਅਤ ਹੀ ਗੁਆ ਬੈਠਦਾ ਹੈ।
ਅਜਿਹੇ ਸੁਖਾਂ ਦਾ ਮਿਲਣਾ, ਬਹੁਤ ਵਾਰੀ ਤਾਂ ਮਨੁੱਖ ਦੇ ਜੀਵਨ ਅੰਦਰ ਹਉਮੈ, ਹੰਕਾਰ `ਚ ਵਾਧਾ;
ਸੁਭਾਅ `ਚ ਆਪਹੁਦਰਰਪਣ, ਮਨਮੱਤਾਂ, ਦੁਰਮੱਤਾਂ, ਹੂੜਮੱਤਾਂ ਆਦਿ ਨੂੰ ਜਨਮ ਦੇਣ ਦਾ ਕਾਰਨ ਵੀ ਬਣ
ਜਾਂਦਾ ਹੈ। ਅਜਿਹੇ ਸੁਖ ਕਈ ਵਾਰੀ ਮਨੁੱਖ ਨੂੰ ਦੂਜਿਆਂ ਨਾਲ ਧੱਕਾ, ਜ਼ੁਲਮ ਤੇ ਜ਼ਿਆਦਤੀਆਂ ਵਾਲੇ
ਪਾਸੇ ਵੀ ਮੋੜ ਦਿੰਦੇ ਹਨ। ਇਸ ਤਰਾਂ ਕਈ ਵਾਰ, ਸੁਖ ਹੀ ਚੰਗੇ ਭਲੇ ਜੀਵਨ ਨੂੰ ਗੰਦਾ ਕਰਣ ਦਾ ਕਾਰਨ
ਬਣ ਜਾਂਦਾ ਹੈ।
ਅਜਿਹੇ ਸੱਜਨਾਂ ਅਨੁਸਾਰ ਗੁਰਦੇਵ ਨੇ ਸ਼ਾਇਦ ਇਸੇ ਲਈ ਦੁਖ ਨੂੰ ਦਾਰੂ ਤੇ ਸੁਖ
ਨੂੰ ਰੋਗ ਕਿਹਾ ਹੈ। ਇਸ ਤਰ੍ਹਾਂ ਅਜਿਹੇ ਸੱਜਨ ਤਾਂ ਪੂਰੀ ਪੰਕਤੀ ਵੀ ਨਹੀਂ ਬਲਕਿ ਅੱਧੀ ਪੰਕਤੀ ਤੀਕ
ਹੀ ਅਟਕੇ ਹੁੰਦੇ ਹਨ, ਬਾਕੀ ਸਲੋਕ ਦੀ ਤਾਂ ਗੱਲ ਹੀ ਵੱਖਰੀ ਹੈ। ਇਸ ਤਰ੍ਹਾਂ ਜਿਹੜੇ ਸੱਜਨ, ਪੰਕਤੀ
ਦੇ ਇਸ ਤਰ੍ਹਾਂ ਸਿਧੇ ਅਰਥ ਲੈਂਦੇ ਹਨ, ਉਨ੍ਹਾਂ ਦੇ ਇਹ ਅਰਥ ‘ਸੁਖ ਰੋਗ’ ਲਈ ਤਾਂ ਕਿਸੇ ਹਦ ਤੀਕ,
ਕੇਵਲ ਦੁਨੀਆਦਾਰ ਮਨੁੱਖ ਲਈ ਠੀਕ ਹੋ ਸਕਦੇ ਹਨ ਪਰ ‘ਦੁਖ ਦਾਰੂ’ ਲਈ ਇਹ ਅਰਥ ਤਾਂ ਗੁਰਬਾਣੀ ਸਿਧਾਂਤ
ਨਾਲ ਉੱਕਾ ਹੀ ਮੇਲ ਨਹੀਂ ਖਾਂਦੇ।
ਫ਼ਿਰ ਇਹ ਵੀ ਜ਼ਰੂਰੀ ਨਹੀਂ ਕਿ ਦੁਖ ਸਮੇਂ ਪ੍ਰਭੂ ਦੀ ਟੇਕ ਵਾਲੀ ਪੈਦਾ ਹੋਈ
ਲੋੜ, ਮਨੁੱਖ ਨੂੰ ਸਚਮੁਚ ਪ੍ਰਭੂ ਵਾਲੇ ਪਾਸੇ ਹੀ ਮੋੜ ਦੇਵੇ। ਇਹ ਵੀ ਸੰਭਵ ਕਿ ਦੁਖ ਤਾਂ ਕਟਿਆ
ਜਾਵੇ ਕਰਤੇ ਦੀ ਰਜ਼ਾ `ਚ। ਜਦਕਿ ਮਨੁੱਖ ਇਸ ਦੁਖ ਕਾਰਨ ਪ੍ਰਭੂ ਵੱਲ ਮੁੜਦਾ ਮੁੜਦਾ ਕਿਧਰੇ ਹੋਰ ਹੀ
ਮੁੜ ਜਾਵੇ ਅਤੇ ਬਹੁਤਾ ਕਰਕੇ ਹੁੰਦਾ ਵੀ ਇਹੀ ਹੈ।
ਮੰਨ ਲੋ ਕਿਸੇ ਨੂੰ ਪੁਤ੍ਰ ਚਾਹੀਦਾ ਹੈ, ਕਾਰ ਵਿਹਾਰ `ਚ ਵਾਧਾ, ਮੁਕਦਮੇ
ਆਦਿ `ਚ ਜਿੱਤ ਜਾਂ ਕੁੱਝ ਹੋਰ। ਉਪ੍ਰੰਤ ਕੰਮ ਤਾਂ ਹੋ ਗਿਆ, ਕਰਤੇ ਦੀ ਰਜ਼ਾ `ਚ ਪਰ ਮਨੁੱਖ ਨੂੰ ਕੀ
ਪਤਾ। ਜਦਕਿ ਇਸ ਦੇ ਲਈ ਮਨੁੱਖ ਤਾਂ ਗਿਆ ਸੀ ਕਿਸੇ ਮੜ੍ਹੀ, ਮਸਾਨ, ਦੇਵੀ, ਦੇਵ, ਨਦੀ, ਪੌਦੇ, ਪਸ਼ੂ
ਆਦਿ ਦੀ ਪੂਜਾ ਵੱਲ; ਕਿਸੇ ਪਾਖੰਡੀ ਦੇ ਡੇਰੇ ਵੱਲ, ਨਹੀਂ ਤਾਂ ਰਸਤਾ ਲਿਆ ਸੀ ਸੁਖਣਾ, ਚਲੀਹੇ ਆਦਿ
ਕਰਮਕਾਂਡਾਂ ਵਾਲਾ। ਬੇਸ਼ਕ ਇਹ ਸੁਖਣਾ, ਚਲੀਹਾ ਵੀ ਕਿਧਰੇ ਹੋਰ ਨਹੀਂ, ਗੁਰੂਦਰ `ਤੇ ਹੀ। ਨਤੀਜਾ ਇਹ,
ਕਿ ਅਜਿਹਾ ਸੱਜਨ, “ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ” (ਪੰ: ੪੭੦) ਅਨੁਸਾਰ
ਪ੍ਰਭੂ ਵੱਲ ਵਧਦਾ, ਵਧਦਾ ਬਹੁਤ ਵਾਰੀ, ਕਰਮ ਕਾਂਡਾਂ ਵੱਲ ਜਾਂ ਇਧਰ ਓਧਰ ਹੀ ਅਟਕ ਕੇ ਰਹਿ ਜਾਂਦਾ
ਹੈ। ਇਸ ਤਰ੍ਹਾਂ ਫ਼ਿਰ ਕਿਸੇ ਦੂਜੀ ਲੋੜ ਜਾਂ ਦੁਖ ਲਈ ਕਿਸੇ ਹੋਰ ਪਾਸੇ ਵੀ ਬਹੁਤ ਜਲਦੀ ਮੁੜ ਜਾਂਦਾ
ਹੈ। ਇਸ ਤਰ੍ਹਾਂ ਬਹੁਤ ਵਾਰੀ ਅਜਿਹਾ ਮਨੁੱਖ ਜ਼ਿੰਦਗੀ ਭਰ, ਜੀਵਨ ਦੇ ਸਿੱਧੇ ਰਸਤੇ ਪੈ ਹੀ ਨਹੀਂ
ਸਕਦਾ, ਭਟਕਦਾ ਹੀ ਰਹਿੰਦਾ ਹੈ। ਤਾਂ ਫ਼ਿਰ ਅਜਿਹੀ ਹਾਲਤ `ਚ ਉਸ ਮਨੁੱਖ ਲਈ ਦੁਖ ਵੀ ਦਾਰੂ ਨਾ ਬਣ
ਸਕਿਆ। ਦਰਅਸਲ ਇਸ ਗੁਰਮੱਤ ਪਾਠ `ਚ, ਇਸੇ ਵਿਸ਼ੇ ਨੂੰ ਨਿਰੋਲ ਗੁਰਬਾਣੀ ਆਧਾਰ `ਤੇ ਹੀ ਸਮਝਣ ਦੀ
ਕੋਸ਼ਿਸ਼ ਕਰਾਂਗੇ।
“ਪੂਰਬਿ ਲਿਖਿਆ ਕਮਾਵਣਾ” - ਤਾਂ ਫ਼ਿਰ ਸਲੋਕ ਦੀ ਪੰਕਤੀ `ਚ ‘ਦੁਖ
ਦਾਰੂ’ ਹੈ ਕੀ? ਦਰਅਸਲ “ਲਖ ਚਉਰਾਸੀਹ ਭਰਮਦੇ, ਭ੍ਰਮਿ ਭ੍ਰਮਿ ਹੋਇ ਖੁਆਰੁ॥ ਪੂਰਬਿ ਲਿਖਿਆ
ਕਮਾਵਣਾ, ਕੋਇ ਨ ਮੇਟਣਹਾਰੁ” (ਪੰ: ੨੭) ਗੁਰਬਾਣੀ ਅਨੁਸਾਰ ਮਨੁੱਖ ਸੰਸਾਰ `ਚ ਆਉਂਦਾ ਹੈ ਤਾਂ
“ਪੂਰਬਿ ਲਿਖਿਆ ਕਮਾਵਣਾ” ਭਾਵ ਪਿਛਲੇ ਜਨਮਾਂ ਦੇ ਦੁਖ-ਸੁਖ ਨਾਲ ਲੈ ਕੇ ਹੀ ਆਉਂਦਾ ਹੈ।
ਕੇਵਲ ਮਨੁੱਖ ਹੀ ਨਹੀਂ, ਬਲਕਿ ਕਰਤੇ ਦਾ ਇਹ ਨਿਯਮ ਦੂਜੀਆਂ ਅਰਬਾਂ ਖਰਬਾਂ ਜੂਨੀਆਂ `ਤੇ ਵੀ ਉਸੇ
ਤਰ੍ਹਾਂ ਹੀ ਲਾਗੂ ਹੁੰਦਾ ਹੈ। ਦੂਜੀਆਂ ਜੂਨੀਆਂ ਤੇ ਮਨੁੱਖਾ ਜੂਨ `ਚ ਵੱਡਾ ਫ਼ਰਕ ਹੁੰਦਾ ਹੈ ਕਿ
ਕਰਤੇ ਵੱਲੋਂ ਜੀਵ ਨੂੰ ਮਨੁੱਖਾ ਜਨਮ ਵਾਲਾ ਇਹ ਅਵਸਰ ਮਿਲਿਆ ਹੀ ਇਸ ਲਈ ਹੁੰਦਾ ਹੈ ਤਾ ਕਿ ਜੀਵ ਸਾਧ
ਸੰਗਤ `ਚ ਆ ਕੇ, ਗੁਰੂ-ਗੁਰਬਾਣੀ ਦੀ ਕਮਾਈ ਨਾਲ ਆਪਣੇ ਜੀਵਨ ਨੂੰ ਪ੍ਰਭੂ ਗੁਣਾਂ ਵਾਲਾ ਬਣਾਏ। ਇਸ
ਤਰ੍ਹਾਂ ਜੀਉਂਦੇ ਜੀਅ ਜੀਵਨ ਮੁੱਕਤ ਤੇ ਸਚਖੰਡ ਵਾਲੀ ਅਵਸਥਾ ਨੂੰ ਪ੍ਰਾਪਤ ਕਰੇ। ਇਸ ਨਾਲ ਇਸ ਦੇ
ਪਿਛਲੇ ਜਨਮਾਂ-ਜਨਮਾਤ੍ਰਾਂ ਦੀ ਮੈਲ ਵੀ ਧੁਲ ਜਾਵੇ, ਕਰਮ-ਸੰਸਕਾਰ ਨਾਸ ਹੋ ਜਾਣ ਤੇ ਮਨੁੱਖ ਅਨੰਦ ਮਈ
ਜੀਵਨ ਬਤੀਤ ਕਰ ਸਕੇ। ਬਲਕਿ ਪ੍ਰਭੂ ਦੀ ਰਜ਼ਾ ਜਾਂ ਕਰਮਾਂ ਅਨੁਸਾਰ ਆਏ ਦੁਖ ਵੀ ਉਸ ਦੇ ਜੀਵਨ ਨੂੰ
ਆਤਮਕ ਬਲ ਦੇਣ ਤੇ ਪ੍ਰਭੂ ਦੀ ਰਜ਼ਾ `ਚ ਜੀਊਣਾ ਸਿਖਾਉਣ ਅਤੇ ਅਸਲ `ਚ ਇਹੀ ਹੈ ‘ਦੁਖ ਦਾਰੂ’ ਭਾਵ
ਕੁਰਾਹੇ ਪਏ ਜਾਂ ਕੁਰਾਹੇ ਪੈਣ ਤੋਂ ਬਚਾਉਣ ਲਈ ਜੀਵਨ ਦਾ ਇਲਾਜ।
ਇਸ ਤਰ੍ਹਾਂ ਮਨੁੱਖ ਦਾ ਇਹ ਲੋਕ ਵੀ ਸੁਹੇਲਾ, ਪ੍ਰਭੂ ਗੁਣਾਂ ਨਾਲ ਭਰਪੂਰ ਹੋ
ਜਾਂਦਾ ਹੈ। ਉਪ੍ਰੰਤ ਸਰੀਰ ਤਿਆਗਣ ਬਾਅਦ ਵੀ ਜੀਵ, ਆਪਣੇ ਅਸਲੇ ਪ੍ਰਭੂ `ਚ ਹੀ ਸਮਾ ਜਾਂਦਾ ਹੈ। ਬਾਰ
ਬਾਰ ਦੇ ਜਨਮ-ਮਰਣ ਤੋਂ ਬੱਚ ਜਾਂਦਾ ਹੈ। ਇਸੇ ਪ੍ਰਭੂ ਮਿਲਾਪ ਵਾਲੇ ਮਕਸਦ ਦੀ ਪ੍ਰਾਪਤੀ ਲਈ ਇਸ ਜੂਨੀ
`ਚ ਮਨੁੱਖ ਨੂੰ ‘ਮਨ’ ਵਾਲੀ ਦਾਤ ਵੀ ਮਿਲਦੀ ਹੈ ਜੋ ਹੋਰ ਕਿਸੇ ਜੂਨੀ `ਚ ਪ੍ਰਾਪਤ ਨਹੀਂ। ਇਸ ਤੋਂ
ਇਲਾਵਾ ਇਸ ਜੂਨੀ `ਚ ਬੇਅੰਤ ਢੰਗਾਂ ਨਾਲ ਵਰਤਣ ਲਈ ਸਰੀਰ, ਤੇ ਬੇਅੰਤ ਤਰੀਕੇ ਵਰਤੌਣ ਵਾਲਾ ਦਿਮਾਗ਼
(
ਸਾਰੀ ਰਚਨਾ ਹੀ, ਪ੍ਰਭੂ ਦੀ ਰਜ਼ਾ `ਚ ਖੜੀ ਮਿਲਦੀ
ਹੈ। ਕੇਵਲ ਇੱਕ ਮਨੁੱਖ ਹੀ ਹੈ ਜਿਸ ਦਾ ਜੀਵਨ ਸਦਾ ਉਖਾੜ `ਚ ਚਲਦਾ ਹੈ। ਹੋਰ ਤਾਂ ਹੋਰ ਆਪਣੀਆਂ
ਪ੍ਰੇਸ਼ਾਣੀਆਂ, ਚਿੰਤਾਂਵਾਂ, ਹੂੜਮੱਤਾਂ, ਆਪਹੁਦਰੀਆਂ ਤੋਂ ਦੁਖੀ ਹੋ ਕੇ, ਮਨੁੱਖ ਵੀ ਜਦੋਂ ਕੁਦਰਤ
ਨੇੜੇ ਜਾਂਦਾ ਹੈ ਤਾਂ ਉਸ ਦੇ ਮਨ ਨੂੰ ਵੀ ਸ਼ਾਂਤੀ ਮਿਲਦੀ ਹੈ। ਇਸੇ ਲਈ ਸੰਪੂਰਣ ਗੁਰਬਾਣੀ `ਚ ਮਨੁੱਖ
ਨੂੰ ਵੀ ਪ੍ਰਭੂ ਦੀ ਰਜ਼ਾ `ਚ ਚਲਣ ਲਈ ਹੀ ਕਿਹਾ ਹੈ। ਸਚਮੁਚ ਜੇ ਮਨੁੱਖ ਵੀ, ਦੂਜੀਆਂ ਜੂਨੀਆਂ ਵਾਂਗ
ਪ੍ਰਭੂ ਦੀ ਰਜ਼ਾ `ਚ ਜੀਊਣਾ ਸਿੱਖ ਲਵੇ ਤਾਂ ਪਿਛਲੇ ਕਰਮ ਤਾਂ ਕੀ ਉਸ ਪਲ ਤੀਕ ਦੇ ਕਰਮਾਂ ਅਨੁਸਾਰ ਆਏ
ਦੁਖ ਵੀ ਮਨੁੱਖ ਨੂੰ ਆਤਮਕ ਬੱਲ ਦੇਣ ਗੇ। ਉਸ ਦੇ ਜੀਵਨ ਅੰਦਰੋਂ ਹਉਮੈ-ਵਿਕਾਰਾਂ ਆਦਿ ਦਾ ਨਾਸ ਕਰਣ
ਗੇ। ਜੀਵਨ `ਚ ਟਿਕਾਅ ਆਵੇਗਾ ਜਿਸ ਤੋਂ ਮਨੁੱਖ ਚਲਦੇ ਜਨਮ ਦਾ ਵੀ ਸੱਚਾ ਰਸ ਮਾਣੇਂਗਾ ਅਤੇ ਬਾਰ ਬਾਰ
ਦੇ ਜਨਮ-ਮਰਣ ਦੇ ਗੇੜ `ਚ ਵੀ ਨਹੀਂ ਪਵੇਗਾ।
“ਸੁਖੁ ਰੋਗੁ ਭਇਆ. .”- ਇਸੇ ਤਰ੍ਹਾਂ ਇਥੇ ਸੁਖ ਨੂੰ ਵੀ ਰੋਗ ਕਿਹਾ
ਹੈ। ਕਿਉਂਕਿ ਜਦ ਤੀਕ ਮਨੁੱਖ ਨੂੰ ਪ੍ਰਭੂ ਦੀ ਰਜ਼ਾ `ਚ ਚਲਣਾ ਨਹੀਂ ਆਉਂਦਾ। ਮਨੁੱਖ ਦੁਖਾਂ ਤੋਂ ਤਾਂ
ਡਰਦਾ ਕੁਰਾਹੇ ਹੀ ਪਿਆ ਰਹਿੰਦਾ ਹੈ। ਇਸ ਦੇ ਨਾਲ ਕਰਮਾਂ ਅਨੁਸਾਰ ਆਏ ਸੁਖ ਵੀ ਮਨੁੱਖ ਨੂੰ ਬਹੁਤਾ
ਕਰ ਕੇ ਕਰਾਹੇ ਹੀ ਪਾਉਣ ਦਾ ਕਾਰਨ ਬਣਦੇ ਹਨ। ਜੀਵਨ ਹਉਮੈ ਆਦਿ ਵਿਕਾਰਾਂ ਨਾਲ ਗੰਦਾ ਹੁੰਦਾ ਹੈ। ਇਸ
ਤੋਂ ਇਲਾਵਾ ਜੇ ਕਰ ਜੀਵਨ `ਚ ਔਛੇ ਸੁਖਾਂ ਲਈ ਮ੍ਰਿਗ ਤ੍ਰਿਸ਼ਨਾ ਵਾਲੀ ਦੋੜ ਵੀ ਲੱਗ ਜਾਵੇ, ਜਿਹੜੀ
ਕਿ ਬਹੁਤਾ ਕਰਕੇ, ਪ੍ਰਭੂ ਨੂੰ ਵਿਸਾਰਣ ਕਰ ਕੇ ਬਣਦੀ ਹੀ ਹੈ। ਇਸ ਤਰ੍ਹਾਂ ਉਹ ਕਾਕਪਨਿਕ ਸੁਖ ਵੀ
ਜੀਨ ਅੰਦਰ ਤ੍ਰਿਸ਼ਨਾ, ਪ੍ਰੇਸ਼ਾਣੀਆਂ, ਭਟਕਣਾ, ਮਾਨਸਿਕ ਤਨਾਵ; ਕਈ ਵਾਰ ਤਾਂ ਜੀਵਨ `ਚ ਵੱਡੇ ਵੱਡੇ
ਗੁਣਾਹਾਂ ਤੇ ਜੁਰਮਾਂ ਨੂੰ ਵੀ ਜਨਮ ਦੇ ਦਿੰਦੇ ਹਨ।
ਉਪ੍ਰੰਤ ਇਸੇ ਪੰਕਤੀ `ਚ ਗੁਰਦੇਵ ਦਾ ਇਹ ਫ਼ੈਸਲਾ ਵੀ ਹੈ ਕਿ “ਜਾ ਸੁਖੁ
ਤਾਮਿ ਨ ਹੋਈ” ਭਾਵ ਜੇਕਰ ਮਨੁੱਖ ਨੂੰ ਵੀ, ਬਾਕੀ ਰਚਨਾ ਵਾਂਗ ਪ੍ਰਭੂ ਦੀ ਰਜ਼ਾ `ਚ ਜੀਉਣਾ ਆ
ਜਾਵੇ ਤਾਂ ਇਸ ਦੇ ਜੀਵਨ `ਚ ਵੀ ਸਦੀਵੀ ਸੁਖ, ਸ਼ਾਂਤੀ, ਅਨੰਦ ਤੇ ਟਿਕਾਅ ਆ ਜਾਵੇਗਾ। ਅਜਿਹੀ ਅਵਸਥਾ
`ਚ, ਫ਼ਿਰ ਬੇਸ਼ਕ ਪ੍ਰਭੂ ਦੇ ਹੁਕਮ `ਚ ਆ ਰਹੇ ਦੁਖ ਹੋਣ ਜਾਂ ਸੁਖ, ਦੋਵੇਂ ਮਨੁੱਖ ਦੇ ਆਤਮਕ ਬੱਲ
ਸਾਹਮਣੇ ਕਮਜ਼ੋਰ ਪੈ ਜਾਂਦੇ ਹਨ। ਮਨੁੱਖ ਦੇ ਜੀਵਨ `ਤੇ ਆਪਣਾ ਚੰਗਾ ਹੋਵੇ ਜਾਂ ਮਾੜਾ, ਕੋਈ ਤੇ ਕਿਸੇ
ਤਰ੍ਹਾਂ ਦਾ ਅਸਰ ਵੀ ਨਹੀਂ ਪਾ ਸਕਣ ਗੇ ਅਤੇ ਜੀਵਨ ਦੇ ਇਲਾਹੀ ਰਸ ਨੂੰ ਨਹੀਂ ਵਿਗਾੜ ਸਕਣ ਗੇ।
ਫ਼ਿਰ ਵੀ ਇਹ ਸਾਰੀਆਂ ਗੱਲਾਂ ਤਾਂ ਹੀ ਸਮਝ `ਚ ਆਉਣ ਗੀਆਂ ਜੇ ਕਰ ਮਨ, ਬਚ,
ਕਰਮ ਤੇ ਸੋਚਣੀ ਕਰ ਕੇ ਮਨੁੱਖ, ਬ੍ਰਾਹਮਣੀ ਜਨਮ-ਮਰਣ ਦੇ ਸਿਧਾਂਤ, ਉਸ ਦੇ ਸੁਰਗਾਂ-ਨਰਕਾਂ,
ਰੂਹਾਂ-ਬਦਰੂਹਾਂ ਆਦਿ ਦੇ ਝਮੇਲੇ ਤੇ ਇਸ ਸਬੰਧ `ਚ ਸੰਸਾਰ ਭਰ ਦੀਆਂ ਹੋਰ ਅਨੇਕਾਂ ਵਿਚਾਰਧਾਰਾਂਵਾਂ
ਤੋਂ ਸੌ ਪ੍ਰਤੀਸ਼ਤ ਵੱਖ ਹੋ ਕੇ; ਨਿਰੋਲ ਗੁਰਬਾਣੀ ਖਜ਼ਾਨੇ ਚੋਂ ਹੀ ਸਮਝਣ ਦਾ ਜੱਤਨ ਕਰੇਗਾ। ਖ਼ਿਆਲ
ਕਰਣਾ ਹੈ ਕਿ ਬ੍ਰਾਹਮਣੀ ਖੀਰ ਸਮੁੰਦ੍ਰ ਦੇ ਕਾਂਜੀ ਦੀਆਂ ਕੁੱਝ ਬੂੰਦਾ ਵੀ, ਗੁਰਮੱਤ ਦੇ ਖ਼ਾਲਿਸ ਦੁਧ
ਵਾਲੇ ਕੜ੍ਹਾਏ ਨੂੰ ਖਰਾਬ ਕਰਣ ਤੇ ਮਨੁੱਖ ਨੂੰ, ਗੁਰੂ ਪਾਤਸ਼ਾਹ ਦੀ ਨਿਰਮਲ ਤੇ ਨਿਆਰੀ ਮੱਤ ਤੋਂ
ਭਟਕਾਉਣ ਦਾ ਕਾਰਨ ਬਣ ਸਕਦੀਆਂ ਹਨ।
ਮਿਸਾਲ ਵਜੋਂ ਗੁਰਮੱਤ ਅਨੁਸਾਰ ਨਰਕ ਉਹ ਨਹੀਂ ਜਿਸ ਦੇ ਵੇਰਵੇ ਗਰੁੜ ਪੁਰਾਨ
ਤੇ ਬ੍ਰਾਹਮਣ ਮੱਤ ਦੇ ਰਿਹਾ ਹੈ। ਗੁਰਮੱਤ ਅਨੁਸਾਰ ਨਰਕ ਇਹੀ ਹੈ ਜਿਸ `ਚ ਅਸੀਂ ਮਨੁੱਖਾ ਜਨਮ ਸਮੇਤ
ਅਰਬਾਂ-ਖਰਬਾਂ ਜੂਨੀਆਂ ਭੁਗਤਾਅ ਰਹੇ ਹਾਂ। ਉਪ੍ਰੰਤ, ਬੇਅੰਤ ਜੂਨੀਆਂ ਚੋਂ ਕਢ ਕੇ ਪ੍ਰਭੂ ਵਲੋਂ
ਸਾਨੂੰ ਮਨੁੱਖਾ ਜਨਮ ਮਿਲਦਾ ਹੀ ਇਸ ਲਈ ਹੈ ਕਿ ਸਾਧ ਸੰਗਤ `ਚ ਪੁੱਜ ਕੇ ਗੁਰੂ-ਗੁਰਬਾਣੀ ਦੇ ਆਦੇਸ਼ਾਂ
`ਤੇ ਚਲ ਕੇ ਜੀਵਨ ਨੂੰ ਹੀ ਸੱਚਖੰਡ ਬਣਾ ਸਕੀਏ ਤੇ ਇਸ ਜਨਮ ਮਰਣ ਵਾਲੇ ਨਰਕ `ਚੋਂ ਨਿਕਲ ਸਕੀਏ। ਇਸ
ਤਰ੍ਹਾਂ ਤਾਂ ਸਾਡਾ ਜਨਮ-ਮਰਣ ਤੇ ਕਰਮਾਂ ਸੰਸਕਾਰਾਂ ਵਾਲਾ ਗੇੜ ਹੀ ਮੁੱਕ ਜਾਵੇਗਾ। ਤਾਂ ਤੇ ਇਸ
ਬਾਰੇ ਇਸ ਸਰਲ ਵਿਚਾਰ ਤੋਂ ਬਾਅਦ ਅਸੀਂ ਇਸ ਵਿਸ਼ੇ ਨੂੰ ਕੁੱਝ ਗੁਰਬਾਣੀ ਪ੍ਰਮਾਣਾਂ ਦੀ ਮਦਦ ਨਾਲ ਵੀ
ਸਮਝਣ ਦਾ ਜੱਤਨ ਕਰਾਂਗੇ।
“ਸੁਖੁ ਦੁਖੁ ਦੁਇ ਦਰਿ ਕਪੜੇ” - ਇਸ ਤੋਂ ਪਹਿਲਾਂ ਕਿ ਸਮਝ ਆ ਸਕੇ ਜੋ
ਗੁਰਦੇਵ ਨੇ ਇਥੇ “ਦੁਖੁ ਦਾਰੂ, ਸੁਖੁ ਰੋਗੁ ਭਇਆ” ਵਾਲੀ ਸ਼ਬਦਾਵਲੀ ਕਿਉਂ ਤੇ ਕਿਸ ਅਰਥ `ਚ
ਵਰਤੀ ਹੈ ਤੇ ਗੁਰਮੱਤ ਦਾ ਇਥੇ ਕਿਹੜਾ ਸਿਧਾਂਤ ਕੰਮ ਕਰ ਰਿਹਾ ਹੈ? ਇਸ ਤੋਂ ਪਹਿਲਾਂ ਸਾਨੂੰ ਇਹ
ਸਮਝਣਾ ਪਵੇਗਾ ਕਿ ਗੁਰਬਾਣੀ ਅਨੁਸਾਰ, ਮਾਨਸਿਕ ਤੱਲ `ਤੇ ਤਾਂ ਵੱਖਰੀ ਗੱਲ ਹੈ ਪਰ ਪ੍ਰਭੂ ਦੀ ਰਚਨਾ
`ਚ, ਸਰੀਰਕ ਤੱਲ `ਤੇ ‘ਸਰੀਰਾਂ ਲਈ ਦੁਖ-ਸੁਖ ਵਾਲੀ ਖੇਡ ਹੈ ਕੀ? ਵੈਸੇ ਤਾਂ ਇਸ ਵਿਸ਼ੇ ਨੂੰ
ਗੁਰਮੱਤ ਪਾਠ ਨੰ: ੮੧ “ਸਰੀਰਾਂ ਵਾਲੀ ਖੇਡ ਅਤੇ ਦੁਖ-ਸੁਖ” `ਚ ਖੁੱਲ ਕੇ ਲਿਆ ਜਾ ਚੁੱਕਾ ਹੈ।
ਸਮਝਣਾ ਹੈ ਕਿ ਮਨੁੱਖ ਸਮੇਤ ਹਰੇਕ ਜੀਵ ਸ਼੍ਰੇਣੀ ਦੇ ਜੀਵਨ `ਚ, ਦੁਖ ਤੇ ਸੁਖ ਦੋਵੇਂ ਹੀ ਆਉਣੇ ਹਨ।
ਨੋਵੇਂ ਪਾਤਸ਼ਾਹ ਪ੍ਰਭੂ ਦੀ ਇਸੇ ਖੇਡ ਨੂੰ ਇਸ ਤਰ੍ਹਾਂ ਬਿਆਣ ਕਰਦੇ ਹਨ
“ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨ ਕੋਇ॥ ਕਹੁ ਨਾਨਕ ਸੁਨਿ ਰੇ ਮਨਾ ਹਰਿ ਭਾਵੈ ਸੋ ਹੋਇ”
(ਪੰ: ੧੪੨੮) ਭਾਵ ਐ ਮਨੁੱਖ! ਜ਼ਰਾ ਸੋਚ, ਤੂੰ ਸਦਾ ‘ਸੁੱਖ’ ਹੀ ਮੰਗਦਾ ਹੈਂ। ਤੂੰ ‘ਦੁਖ’ ਤਾਂ ਕਦੇ
ਮੰਗਿਆ ਹੀ ਨਹੀਂ। ਫ਼ਿਰ ਕੀ ਕਾਰਨ, ਕਿ ਜੋ ਚੀਜ਼ ਤੂੰ ਕਦੇ ਮੰਗੀ ਨਹੀਂ, ਉਹ ਵੀ ਤੇਰੇ ਜੀਵਨ `ਚ
ਆਉਂਦੀ ਹੈ ਤਾਂ ਕਿਉਂ? ਕਾਰਨ ਇਕੋ ਹੈ, ਦੁਖ ਤੇ ਸੁਖ, ਹਰੇਕ ਜੀਵਨ `ਚ ਦੋਵੇਂ ਪ੍ਰਭੂ ਦੇ ਨਿਆਂ `ਚ
ਹੀ ਆਉਂਦੇ ਹਨ। ਬੇਸ਼ੱਕ ਪਲ ਭਰ ਪਹਿਲਾਂ ਹੋਈ ਕਿਸੇ ਕਰਣੀ ਦਾ ਫਲ ਹੋਵੇ ਜਾਂ ਜਨਮਾਂ-ਜਨਮਾਂਤਰਾਂ ਦਾ
ਪੁਰਾਣਾ। ਇਹ ਦੁਖ ਸੁਖ, ਉਦੋਂ ਤੀਕ ਆਉਣੇ ਹਨ, ਜਦ ਤੀਕ ਜੀਵ ਪ੍ਰਭੂ ਤੋਂ ਨਿਖੜਿਆ ਹੋਇਆ ਹੈ। ਜਦ
ਤੀਕ ਜੀਵ “ਜਿਨਿ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਜ ਸੇਤੀ ਘਰਿ ਆਉ” (ਪੰ: ੬੭੮) ਵਾਲੀ
ਜੀਵਨ ਦੀ ਅਵਸਥਾ ਨੂੰ ਹੀ ਪ੍ਰਾਪਤ ਨਹੀਂ ਕਰ ਲੈਂਦਾ; ਜੀਵ ਅੰਦਰ ਪ੍ਰਭੂ ਪਿਆਰ ਵਾਲਾ ਆਤਮਕ ਬਲ ਨਹੀਂ
ਆ ਜਾਂਦਾ।
ਇਸ ਲਈ “ਨਾਨਕ ਬੋਲਣੁ ਝਖਣਾ, ਦੁਖ ਛਡਿ ਮੰਗੀਅਹਿ ਸੁਖ॥ ਸੁਖੁ ਦੁਖੁ ਦੁਇ
ਦਰਿ ਕਪੜੇ, ਪਹਿਰਹਿ ਜਾਇ ਮਨੁਖ॥ ਜਿਥੈ ਬੋਲਣਿ ਹਾਰੀਐ, ਤਿਥੈ ਚੰਗੀ ਚੁਪ” (ਪੰ: ੧੪੯)। ਅਜਿਹੇ
ਦੁਖ-ਸੁਖ ਦੀ ਵਿਆਖਿਆ ਜਿਹੜੇ ਹਰੇਕ ਜ਼ਿੰਦਗੀ `ਚ ਆਉਂਦੇ ਹੀ ਹਨ; ਇਨ੍ਹਾਂ ਬਾਰੇ ਗੁਰਬਾਣੀ `ਚ ਬੇਅੰਤ
ਫ਼ੁਰਮਾਨ ਹਨ ਜੋ ਮਨੁੱਖ ਨੂੰ, ਇਸ ਬਾਰੇ ਰੱਬੀ ਸੱਚ ਦ੍ਰਿੜ ਕਰਵਾ ਰਹੇ ਹਨ। ਮਿਸਾਲ ਵਜੋਂ “ਹੁਕਮੀ
ਉਤਮੁ ਨੀਚੁ, ਹੁਕਮਿ ਲਿਖਿ ਦੁਖ ਸੁਖ ਪਾਈਅਹਿ” ਉਪ੍ਰੰਤ ਕਿਸੇ ਜੀਵਨ `ਚ ਇਹ ਦੁਖਾਂ-ਸੁਖਾਂ
ਵਾਲਾ ਸਿਲਸਲਾ ਕਦੋਂ ਤੀਕ ਚਲਣਾ ਹੈ? ਫ਼ੁਰਮਾਨ ਹੈ “ਇਕਨਾ ਹੁਕਮੀ ਬਖਸੀਸ” ਭਾਵ ਜੋ ਪ੍ਰਭੂ
ਦੀ ਬਖ਼ਸ਼ਿਸ਼ ਦੇ ਪਾਤ੍ਰ ਬਣ ਜਾਂਦੇ ਹਨ ਤਾਂ ਉਨ੍ਹਾਂ ਲਈ ਇਹ ਸਿਲਸਿਲਾ ਮੁੱਕ ਜਾਂਦਾ ਹੈ ਨਹੀਂ ਤਾਂ
“ਇਕਿ ਹੁਕਮੀ ਸਦਾ ਭਵਾਈਅਹਿ” (ਜਪੁ) ਜਦਕਿ ਦੂਜੇ ਬਾਰ ਬਾਰ ਦੇ ਇਸੇ ਜਨਮ-ਮਰਣ ਤੇ
ਦੁਖਾਂ-ਸੁਖਾਂ ਵਾਲੇ ਚਕ੍ਰ `ਚ ਹੀ ਫਸੇ ਰਹਿੰਦੇ ਹਨ। ਇਹ ਦੋਵੇਂ ਖੇਡਾਂ ਕਰਤੇ ਦੇ ਨਿਆਂ ਤੇ ਹੁਕਮ
`ਚ ਹੀ ਚਲਦੀਆਂ ਹਨ।
ਇਸ ਤੋਂ ਬਾਅਦ, ਜੂਨੀ ਕੋਈ ਹੋਵੇ, ਆਪਣੇ ਆਪ `ਚ ਹਰੇਕ ਸਰੀਰ ਹੈ ਹੀ
ਦੁਖਾਂ-ਸੁਖਾਂ ਦਾ ਜਾਲ ਤੇ ਜ਼ਰੀਆ। ਜਦ ਤੀਕ ਜੀਵ, ਕਰਤਾਰ ਦੀ ਬਖ਼ਸ਼ਿਸ਼ ਦਾ ਪਾਤ੍ਰ ਹੀ ਨਾ ਬਣ ਜਾਵੇ,
ਉਤਨੀ ਦੇਰ ਕਰਤਾਰ ਦੇ ਹੁਕਮ (ਨਿਆਂ) `ਚ ਆਪਣੇ ਕਰਮਾਂ ਸੰਸਕਾਰਾਂ ਕਰਕੇ ਇਸ ਨੂੰ ਜੂਨਾਂ ਦੇ ਗੇੜ੍ਹ
`ਚ ਹੀ ਘੁਮਣਾ ਪੈਂਦਾ ਹੈ (ਭਵਾਈਅਹਿ)। ਨਹੀਂ ਤਾਂ “ਸੁਖ ਕਉ ਮਾਗੈ ਸਭੁ ਕੋ, ਦੁਖੁ ਨ
ਮਾਗੈ ਕੋਇ॥ ਸੁਖੈ ਕਉ ਦੁਖੁ ਅਗਲਾ, ਮਨਮੁਖਿ ਬੂਝ ਨ ਹੋਇ॥ ਸੁਖ ਦੁਖ ਸਮ ਕਰਿ ਜਾਣੀਅਹਿ, ਸਬਦਿ ਭੇਦਿ
ਸੁਖੁ ਹੋਇ” (ਪੰ: ੫੭) ਉਪ੍ਰੰਤ ਇਥੇ ਵੀ ਗੁਰਦੇਵ ਦਾ ਫ਼ੈਸਲਾ ਹੈ, ਦੁਖ ਸੁਖ ਵਾਲਾ ਚੱਕਰ ਓਦੋਂ
ਤੀਕ ਚੱਲਦਾ ਹੈ ਜਦ ਤੀਕ ਮਨੁੱਖ, ਕਰਤੇ ਦੀ ਰਜ਼ਾ `ਚ ਜੀਉਣਾ ਹੀ ਨਾ ਸਿੱਖ ਲਵੇ।
“ਸੁਖੁ ਮਾਂਗਤ ਦੁਖੁ ਆਗੈ ਆਵੈ” - ਵਿਸ਼ੇ ਨੂੰ ਥੋੜਾ ਹੋਰ ਸਮਝਣ ਲਈ
ਗੁਰਬਾਣੀ `ਚੋਂ ਇੱਕ ਦੋ ਮਿਸਾਲਾਂ ਹੋਰ ਲੈਣੀਆਂ ਚਾਹਾਂਗੇ। ਕਬੀਰ ਸਾਹਿਬ ਦਾ ਇੱਕ ਸ਼ਬਦ “ਇਸੁ ਮਨ
ਕਉ ਕੋਈ ਖੋਜਹੁ ਭਾਈ॥ ਤਨ ਛੂਟੇ ਮਨੁ ਕਹਾ ਸਮਾਈ” ਗੁਰਮੱਤ ਪਾਠ ੧੮੭ `ਚ ਇਸ ਸ਼ਬਦ ਦਾ ਵੇਰਵਾ ਦੇ
ਚੁੱਕੇ ਹਾਂ। ਸ਼ਬਦ ਦੀ ਪਹਿਲੀ ਪੰਕਤੀ ਤੇ ਰਹਾਉ ਦਾ ਬੰਦ ਹੈ “ਸੁਖੁ ਮਾਂਗਤ ਦੁਖੁ ਆਗੈ ਆਵੈ॥ ਸੋ
ਸੁਖੁ ਹਮਹੁ ਨ ਮਾਂਗਿਆ ਭਾਵੈ॥ ੧॥ ਬਿਖਿਆ ਅਜਹੁ ਸੁਰਤਿ ਸੁਖ ਆਸਾ॥ ਕੈਸੇ ਹੋਈ ਹੈ ਰਾਜਾ ਰਾਮ
ਨਿਵਾਸਾ॥ ੧॥ ਰਹਾਉ॥” (ਪੰ: ੩੩੦) ਕੇਵਲ ਇਨਾਂ ਹੀ ਧਿਆਣ ਦੁਆਉਣਾ ਹੈ ਕਿ ਇਥੇ ਕਬੀਰ ਸਾਹਿਬ ਵੀ
ਇਹੀ ਕਹਿ ਰਹੇ ਹਨ “ਜੇਕਰ ਮਨੁੱਖ ਜੀਵਨ `ਚ ਆਉਣ ਵਾਲੇ ਹਰੇਕ ਦੁਖ ਤੇ ਸੁਖ ਨੂੰ ਪ੍ਰਭੂ ਦੀ ਰਜ਼ਾ `ਚ
ਖਿੜੇ ਮੱਥੇ ਪ੍ਰਵਾਣ ਕਰਦਾ ਹੈ ਤਾਂ ਸੁਖਾਂ ਦੀ ਨਿਆਂਈ ਦੁਖ ਵੀ ਉਸ ਦੇ ਕਰਮਾ ਦਾ ਲੇਖਾ ਜੋਖਾ ਹੁੰਦੇ
ਤੇ ਆਪਣੇ ਆਪ ਨਿਬੜ ਕੇ ਮੁੱਕਦੇ ਵੀ ਜਾਂਦੇ ਹਨ।
“ਇਹ ਮਨਿ ਲੀਣ ਭਏ ਸੁਖਦੇਉ” - ਇਸ ਲਈ ਜੀਵਨ ਨੂੰ, ਪ੍ਰਭੂ ਦੀ ਰਜ਼ਾ `ਚ
ਤਿਆਰ ਕਰਣਾ, ਇਹੀ ਹੈ ਮਨੁੱਖਾ ਜੂਨ `ਚ ਮਿਲੇ ਹੋਏ ਮਨ ਦੀ ਯੋਗ ਵਰਤੋਂ। ਇਸ ਦੇ ਉਲਟ ਜੇ ਮਨੁੱਖ
ਜੀਵਨ `ਚ ਆਉਣ ਵਾਲੇ ਦੁਖਾਂ ਤੋਂ ਡਰਦਾ, ਹੋਛੇ ਸੁੱਖਾਂ ਦੀ ਭਾਲ `ਚ ਇਧਰ ਓਧਰ ਭਟਕਦਾ ਤੇ ਪ੍ਰੇਸ਼ਾਨ
ਹੁੰਦਾ ਹੈ। ਉਸ ਦਾ ਇਕੋ ਕਾਰਨ ਹੁੰਦਾ ਹੈ “ਬਿਖਿਆ ਅਜਹੁ ਸੁਰਤਿ ਸੁਖ ਆਸਾ” (ਪੰ: ੩੩੦)
ਦੂਜਾ ਨਹੀਂ। ਭਾਵ ਪ੍ਰਭੂ ਦੀ ਕਰਣੀ `ਚ ਕਿਉਂ-ਕਿੰਤੂ ਕਰਣ ਵਾਲਾ ਕੁਰਾਹੇ ਪਿਆ ਮਨੁੱਖ, ਜੀਵਨ `ਚ
ਹੋਰ ਬੇਅੰਤ ਦੁਖ ਸਹੇੜਣ ਦਾ ਖੁਦ ਹੀ ਕਾਰਨ ਬਣਦਾ ਹੈ। ਕਿਉਂਕਿ, ਜਿਸ ਸੁਰਤ ਨੂੰ ਮਨੁੱਖ ਨੇ ਪ੍ਰਭੂ
ਨਾਲ ਜੋੜ ਕੇ ਆਪਣੇ ਜੀਵਨ ਨੂੰ ਸਫ਼ਲ ਕਰਣਾ ਹੁੰਦਾ ਹੈ। ਮਨੁੱਖ ਦੀ ਉਹੀ ਸੁਰਤ ਕੂੜ ਤੇ ਮੋਹ ਮਾਇਆ `ਚ
ਗ਼ਲਤਾਨ ਪਈ ਹੁੰਦੀ ਹੈ। ਇਸੇ ਤੋਂ ਚੰਗੇ ਭਲੇ ਜੀਵਨ `ਚ ਵੀ ਬੇਅੰਤ ਅਉਗੁਣ ਤੇ ਵਿਕਾਰ ਜਨਮ ਲੈ ਲੈਂਦੇ
ਹਨ। ਜਨਮ-ਤ੍ਰਿਸ਼ਣਾ, ਭਟਕਣਾ ਤੇ ਕੂੜ ਦੀ ਭੱਠੀ, ਵਿਕਾਰਾਂ, ਗੁਣਾਹਾਂ ਨਾਲ ਹੀ ਭਰਦਾ ਜਾਂਦਾ ਹੈ।
ਜੀਵਨ `ਚ ਅਨੰਤ ਆਪਹੁਦਰੇ ਕੀਤੇ ਕਰਮ ਹੀ ਇਸ ਦਾ ਜਨਮ ਬਿਰਥਾ ਕਰ ਦਿੰਦੇ ਹਨ। ਜੀਵ ਮੁੜ
ਜਨਮਾਂ-ਜਨਮਾਂਤਰਾਂ ਦੇ ਗੇੜ `ਚ ਪੈ ਜਾਂਦਾ ਹੈ। ਅੰਤ ਮਨੁੱਖਾ ਮਨ ਲਈ ਗੁਰਬਾਣੀ ਦਾ ਫ਼ੈਸਲਾ ਹੈ
“ਇਸ ਮਨ ਕਾ ਕੋਈ ਜਾਨੈ ਭੇਉ॥ ਇਹ ਮਨਿ ਲੀਣ ਭਏ ਸੁਖਦੇਉ”। ਭਾਵ ਜੇਕਰ ਮਨੁੱਖ ਮਨ ਤੇ ਸੁਰਤ ਨੂੰ
ਅਜਿਹੇ ਦੁਖਾਂ-ਸੁਖਾਂ ਵਾਲੇ ਭਰਮ `ਚ ਨਾ ਪਾਵੇ। ਮਨ ਨੂੰ ਕਰਤੇ ਨਾਲ ਜੋੜੇ ਭਾਵ ਮਨ ਦੀ ਸੁਵਰਤੋਂ ਕਰ
ਕੇ ਪ੍ਰਭੂ ਦੀ ਰਜ਼ਾ `ਚ ਜੀਉਣਾ ਸਿੱਖੇ ਤਾਂ ਮਨੁੱਖ ਜੀਉਂਦੇ ਜੀਅ, ਅਕਾਲਪੁਰਖ `ਚ ਅਭੇਦ ਹੋ ਜਾਂਦਾ
ਹੈ। ਇਸ ਨੂੰ ਮੁੜ ਜਨਮ ਮਰਣ ਦੇ ਗੇੜ੍ਹ `ਚ ਨਹੀਂ ਆਉਣਾ ਪੈਂਦਾ। ਅਜਿਹੇ ਜੀਵਨ ਨੂੰ ਹੀ ਬਾਣੀ `ਚ
ਸਫ਼ਲ, ਸਚਿਆਰਾ, ਵਡਭਾਗੀ ਜੀਵਨ ਆਦਿ ਵੀ ਕਿਹਾ ਹੈ।
ਇਸ ਦੇ ਲਈ ਹੀ ਪੰਜਵੇਂ ਪਾਤਸ਼ਾਹ ਵੀ ਚੇਤਾਅ ਰਹੇ ਹਨ “ਮਨ ਤੂੰ ਜੋਤਿ
ਸਰੂਪੁ ਹੈ, ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲਿ ਹੈ, ਗੁਰਮਤੀ ਰੰਗੁ ਮਾਣੁ॥ ਮੂਲੁ ਪਛਾਣਹਿ
ਤਾਂ ਸਹੁ ਜਾਣਹਿ, ਮਰਣ ਜੀਵਣ ਕੀ ਸੋਝੀ ਹੋਈ॥ ਗੁਰ ਪਰਸਾਦੀ ਏਕੋ ਜਾਣਹਿ, ਤਾਂ ਦੂਜਾ ਭਾਉ ਨ ਹੋਈ”
(ਪੰ: ੪੪੧) ਭਾਵ ਮਨੁੱਖ ਰਾਹੀਂ ਮਨ ਦੀ ਸੁਵਰਤੋਂ ਤੋਂ ਹੀ ਇਸ ਨੂੰ ਆਤਮਕ ਬੱਲ ਮਿਲਦਾ
ਹੈ। ਇਸ ਦਾ ਜਨਮ ਸਫ਼ਲ ਹੋ ਜਾਂਦਾ ਹੈ। ਜੀਵਨ `ਚ ਟਿਕਾਅ, ਸੰਤੋਖ, ਮਨ ਦੀ ਸ਼ਾਂਤੀ ਆਦਿ ਇਲਾਹੀ ਗੁਣ
ਉਪਜਦੇ ਹਨ। ਮਨੁੱਖ ਜੀਉਂਦੇ ਜੀਅ ਕਰਤੇ `ਚ ਇੱਕ ਮਿੱਕ ਹੋ ਕੇ ਜੀਊਂਦਾ ਹੈ। ਉਥੇ ਸ਼ੰਸਾਰਿਕ ਦੁਖ-ਸੁਖ
ਬੇਅਸਰ ਹੋ ਜਾਂਦੇ ਹਨ।
“ਸੁਖ ਕੈ ਹੇਤਿ ਬਹੁਤੁ ਦੁਖੁ ਪਾਵਤ” - ‘ਸੁਖ ਰੋਗ’ ਕਿਊਂ? ਮਨੁੱਖ,
ਪ੍ਰਭੂ ਦੀ ਰਜ਼ਾ `ਚ ਆਏ ਸੁਖਾਂ ਨੂੰ ਵੀ ਹਉਮੈ ਦਾ ਲੇਪ ਚੜ੍ਹਾ ਲੈਂਦਾ ਹੈ। ਉਪ੍ਰੰਤ ਪ੍ਰਭੂ ਦੀ ਰਜ਼ਾ
`ਚ ਨਾ ਚਲ ਕੇ, ਦੁਖਾਂ ਤੋਂ ਡਰਦਾ, ਔਛੇ ਸੁੱਖਾਂ ਦੀ ਦੌੜ `ਚ ਮਨਮਤਾ, ਹੂੜਮੱਤਾਂ, ਦੁਰਮੱਤਾਂ ਆਦਿ
ਦਾ ਸ਼ਿਕਾਰ ਹੋ ਜਾਂਦਾ ਹੈ। ਦਰਅਸਲ ਇਹੀ ਕਰਣੀਆਂ, ਇਸ ਦੀ ਆਤਮਕ ਮੌਤ ਦਾ ਕਾਰਨ ਬਣ ਜਾਂਦੀਆਂ ਹਨ।
ਜੀਵਨ, ਸਚਾਈ ਤੋਂ ਬਹੁਤ ਦੂਰ ਚਲਾ ਜਾਂਦਾ ਹੈ। ਜੀਵਨ `ਚ ਆਸ਼ਾਵਾਂ, ਮਨਸ਼ਾਵਾਂ, ਤ੍ਰਿਸ਼ਨਾ,
ਦੁਰਮੱਤਾਂ, ਵਿਕਾਰ, ਗੁਣਾਹ ਆਦਿ ਜਨਮ ਲੈ ਲੈਂਦੇ ਹਣ। ਉਪ੍ਰੰਤ ਗੁਰਬਾਣੀ ਦਾ ਫ਼ੈਸਲਾ ਹੈ ਕਿ ਇਸ
ਤਰ੍ਹਾਂ ਮਨੁੱਖਾ ਜਨਮ ਦੇ ਅਸਫ਼ਲ ਹੋ ਜਾਣ `ਤੇ, ਸਰੀਰਕ ਮੌਤ ਤੋਂ ਬਾਅਦ ਫ਼ਿਰ ਤੋਂ ਜੂਨਾਂ ਦੇ ਗੇੜ `ਚ
ਹੀ ਧੱਕਿਆ ਜਾਂਦਾ ਹੈ।
ਨੌਵੇਂ ਪਾਤਸ਼ਾਹ ਚੇਤਾਵਣੀ ਦੇ ਰਹੇ ਹਨ, “ਸੁਖ ਕੈ ਹੇਤਿ ਬਹੁਤੁ ਦੁਖੁ
ਪਾਵਤ, ਸੇਵ ਕਰਤ ਜਨ ਜਨ ਕੀ॥ ਦੁਆਰਹਿ ਦੁਆਰਿ ਸੁਆਨ ਜਿਉ ਡੋਲਤ, ਨਹ ਸੁਧ ਰਾਮ ਭਜਨ ਕੀ” (ਪੰ:
੪੧੧) ਕਿ ਐ ਭਾਈ! ਪ੍ਰਭੂ ਦਾ ਲੜ ਛਡ ਕੇ, ਹੋਛੇ ਸੁੱਖਾਂ ਦੀ ਲਾਲਸਾ `ਚ ਤੂੰ ਅਮੁਲੇ ਜਨਮ ਨੂੰ ਔਛੇ
ਸੁਖਾਂ ਵਾਲੀ ਮ੍ਰਿਗ ਤ੍ਰਿਸ਼ਨਾ `ਚ ਉਲਝਾ ਕੇ ਭਟਕਣਾ, ਚਿੰਤਾਂਵਾਂ, ਵਿਕਾਰਾਂ ਦੀ ਭੱਠੀ ਨਾ ਬਣਾ। ਇਸ
ਤਰ੍ਹਾਂ ਬਿਨਾ ਕਾਰਨ ਤੂੰ ਆਪਣੇ ਲਈ ਉਹ ਦੁਖ ਸਹੇੜਦਾ ਹੈਂ ਜਿਹੜੇ ਤੇਰੇ ਜੀਵਨ ਦਾ ਹਿੱਸਾ ਨਹੀਂ ਸਨ।
ਜੀਵਨ ਨੂੰ ਬੇਸੁਆਦਾ ਤੇ ਦਰ ਦਰ ਦੇ ਕੁੱਤੇ ਵਾਲਾ ਹੀ ਬਣਾ ਲੈਂਦਾ ਹੈ। ਜਿਸ ਮਕਸਦ ਲਈ ਜਨਮ ਮਿਲਿਆ
ਹੁੰਦਾ ਹੈ “ਨਹ ਸੁਧ ਰਾਮ ਭਜਨ ਕੀ” ਮਨੁੱਖ ਉਥੋਂ ਖੁੰਜਿਆ ਹੀ ਰਹਿੰਦਾ ਹੈ।
ਉਸੇ ਦਾ ਨਤੀਜਾ “ਪੁੰਨੀ ਪਾਪੀ ਆਖਣੁ ਨਾਹਿ॥ ਕਰਿ ਕਰਿ ਕਰਣਾ ਲਿਖਿ ਲੈ
ਜਾਹੁ॥ ਆਪੇ ਬੀਜਿ ਆਪੇ ਹੀ ਖਾਹੁ॥ ਨਾਨਕ ਹੁਕਮੀ ਆਵਹੁ ਜਾਹੁ” (ਜਪੁ) ਭਾਵ ਇਸੇ ਤੋਂ ਮਨੁੱਖ
ਆਪਣੇ ਕਰਮਾ ਸੰਸਕਾਰਾਂ ਦਾ ਨਵਾਂ ਖਲੇਰਾ ਪਾ ਲੈਂਦਾ ਹੈ ਤੇ ਫ਼ਿਰ ਤੋਂ ਜਨਮ-ਮਰਣ ਦੇ ਗੇੜ੍ਹ `ਚ
ਪੈਂਦਾ ਹੈ। ਕਿਉਂਕਿ “ਨਾਨਕ ਸਚੁ ਧਿਆਇਨਿ ਸਚੁ॥ ਜੋ ਮਰਿ ਜੰਮੇ ਸੁ ਕਚੁ ਨਿਕਚੁ” ਅਤੇ
“ਤੇਰੈ ਨਾਇ ਰਤੇ ਸੇ ਜਿਣਿ ਗਏ, ਹਾਰਿ ਗਏ ਸਿ ਠਗਣ ਵਾਲਿਆ” (ਪੰ: ੪੬੩) ਭਾਵ ਜੋ ਜੀਵਨ ਸਫ਼ਲ ਕਰ
ਕੇ ਕਰਤੇ `ਚ ਅਭੇਦ ਹੋ ਜਾਂਦੇ ਹਨ, ਜੀਵਨ ਦੀ ਬਾਜ਼ੀ ਜਿੱਤ ਕੇ ਜਾਂਦੇ ਹਨ। ਜਿਹੜੇ ਜਨਮ ਨੂੰ ਹਾਰ ਕੇ
ਕਚੇ ਦੇ ਕਚੇ ਰਹਿ ਜਾਂਦੇ ਹਨ। ਸਰੀਰ ਤਿਆਗਣ ਬਾਅਦ ਵੀ ਜਨਮ-ਮਰਣ ਦੇ ਗੇੜ੍ਹ `ਚ ਹੀ ਪੈਂਦੇ ਹਨ।
ਜੀਵਨ ਧੁਰੋਂ ਘੜੇ ਆਉਂਦੇ ਹਨ- ਫ਼ੁਰਮਾਣ ਹੈ “ਬਾਬਾ ਨਾਂਗੜਾ ਆਇਆ ਜਗ
ਮਹਿ ਦੁਖੁ ਸੁਖੁ ਲੇਖੁ ਲਿਖਾਇਆ॥ ਲਿਖਿਅੜਾ ਸਾਹਾ ਨਾ ਟਲੈ ਜੇਹੜਾ ਪੁਰਬਿ ਕਮਾਇਆ॥ ਬਹਿ ਸਾਚੈ ਲਿਖਿਆ
ਅੰਮ੍ਰਿਤੁ ਬਿਖਿਆ ਜਿਤੁ ਲਾਇਆ ਤਿਤੁ ਲਾਗਾ … “(ਪੰ: ੫੮੨) ਇਥੇ “ਨਾਂਗੜਾ ਆਇਆ ਜਗ ਮਹਿ”
ਦੇ ਅਰਥ ਹਨ ਕਿ ਇਸ ਮਨੁੱਖ ਨੇ ਆਪਣਾ ਪਿਛਲਾ ਮਨੁੱਖਾ ਜਨਮ ਤਾਂ ਬਿਰਥਾ ਕਰ ਲਿਆ ਸੀ। ਜਨਮ ਤਾਂ
ਮੁੱਕਣਾ ਹੀ ਸੀ ਪਰ ਅੰਤ ਇਸ ਦੇ ਹੱਥ ਪੱਲੇ ਕੁੱਝ ਨਹੀਂ ਸੀ। ਜਿਸ ਕਰਕੇ ਇਸ ਨੂੰ ਫ਼ਿਰ ਤੋਂ ਜਨਮ
ਭੋਗਣੇ ਪਏ। ਉਪ੍ਰੰਤ ਹੁਣ ਫ਼ਿਰ ਤੋਂ ਇਸ ਨੂੰ ਮਨੁੱਖਾ ਜਨਮ ਵਾਲਾ ਅਵਸਰ ਮਿਲਿਆ ਹੈ… ਆਦਿ। ਇਸੇ
ਤਰ੍ਹਾਂ “ਸਾਈ ਕਾਰ ਕਮਾਵਣੀ ਧੁਰਿ ਛੋਡੀ ਤਿੰਨੈ ਪਾਇ” (ਪੰ: ੪੭੫) ਆਦਿ ਇਸ ਸਬੰਧ `ਚ
ਬੇਅੰਤ ਗੁਰਬਾਣੀ ਪ੍ਰਮਾਣ ਹਨ ਕਿ ਜੀਵਨ ਧੁਰੋਂ ਘੜੇ ਹੋਏ
ਆਉਂਦੇ ਹਨ।
“ਗੁਰਮੁਖਿ ਲਾਧਾ, ਮਨਮੁਖਿ ਗਵਾਇਆ” -ਸਮਸਤ ਜੂਨੀਆਂ `ਚੋਂ ਕੇਵਲ
ਮਨੁੱਖਾ ਜੂਨ ਹੀ ਹੈ ਜਿਸ `ਚ ‘ਵਡਭਾਗੀ ਤੇ ਅਭਾਗੇ’ ‘ਗੁਰਮੁਖ ਤੇ ਮਨਮੁਖ’ ‘ਸਫ਼ਲ ਤੇ ਅਸਫ਼ਲ’
ਜੀਵਨ ਦਸ਼ੀ ਘਾੜਤ ਹੋਣੀ ਹੁੰਦੀ ਹੈ। ਇਸੇ ਮਕਸਦ ਦੀ ਪ੍ਰਾਪਤੀ ਲਈ ਬੇਅੰਤ ਜੂਨਾਂ ਚੋਂ ਕਢ ਕੇ, ਪ੍ਰਭੂ
ਮਨੁਖਾ ਜਨਮ ਵਾਲਾ ਅਵਸਰ ਬਖਸ਼ਦਾ ਹੈ। ਫ਼ੁਰਮਾਨ ਹੈ “ਭਾਈ ਰੇ ਭਗਤਿਹੀਣੁ ਕਾਹੇ ਜਗਿ ਆਇਆ॥ ਪੂਰੇ
ਗੁਰ ਕੀ ਸੇਵ ਨ ਕੀਨੀ, ਬਿਰਥਾ ਜਨਮੁ ਗਵਾਇਆ” (ਪੰ: ੩੨)। ਇਸੇ ਤਰ੍ਹਾਂ “ਗੁਰਮੁਖਿ ਲਾਧਾ
ਮਨਮੁਖਿ ਗਵਾਇਆ” (ਪੰ: ੧੧) ਭਾਵ ਗੁਰੂ ਦੇ ਮਾਰਗ `ਤੇ ਚਲਣ ਵਾਲੇ ਤਾਂ ਜੀਵਨ ਦੀ ਕਮਾਈ ਕਰ ਕੇ
ਜਾਂਦੇ ਹਨ। ਜੀਵਨ ਦੀ ਸਫ਼ਲ ਅਵਸਥਾ ਨੂੰ ਪ੍ਰਾਪਤ ਕਰ ਲੈਂਦੇ ਅਤੇ “ਸਤਿਗੁਰ ਕੈ ਜਨਮੇ ਗਵਨੁ
ਮਿਟਾਇਆ” (ਪੰ: ੯੪੦) ਮੁੜ ਜਨਮ-ਮਰਣ ਦੇ ਗੇੜ੍ਹ `ਚ ਨਹੀਂ ਪੈਂਦੇ। ਜਦਕਿ ਮਨਮੁਖ ਜੀਵਨ ਦੀ
ਬਾਜ਼ੀ ਹਾਰ ਕੇ “ਜੋ ਮਰਿ ਜੰਮੇ ਸੁ ਕਚੁ ਨਿਕਚੁ” (ਪੰ: ੪੬੩) ਅਨੁਸਾਰ ਮੁੜ ਜੂਨਾਂ ਦੇ ਗੇੜ
`ਚ ਹੀ ਪਾ ਦਿੱਤੇ ਜਾਂਦੇ ਹਨ।
“ਘੜੀ ਚਸੇ ਕਾ ਲੇਖਾ ਲੀਜੈ” - ਬੇਸ਼ਕ ਬਾਣੀ ਦਾ ਨਿਰਣਾ ਹੈ ਕਿ ਜੀਵ
ਪਿਛਲੇ ਚੰਗੇ ਭਾਵੇਂ ਮਾੜੇ ਕਰਮਾਂ-ਸੰਸਕਾਰਾਂ ਅਨੁਸਾਰ, ਜਨਮ ਤੋਂ ਹੀ ਔਖੇ ਤੇ ਸੌਖੇ, ਦੁਖ ਤੇ ਸੁਖ,
ਚੰਗਾ ਜਾਂ ਮਾੜਾ ਸੁਭਾਅ ਤੇ ਹੋਰ ਬਹੁਤ ਕੁੱਝ ਆਪਣੇ ਨਾਲ ਲੈ ਕੇ ਆਉਂਦਾ ਹੈ। ਇਸ ਵਿਸ਼ੇ ਨੂੰ ਤਾਂ
ਅੱਗੇ ਚੱਲ ਕੇ ਗੁਰਬਾਣੀ ਆਧਾਰ `ਤੇ ਸਪਸ਼ਟ ਕਰਾਂਗੇ ਹੀ। ਫ਼ਿਰ ਵੀ ਇਸ ਦਾ ਇਹ ਮਤਲਬ ਵੀ ਨਹੀਂ ਕਿ
ਚਲਦੇ ਜੀਵਨ `ਚ ਨਾਲ ਨਾਲ ਵਾਧਾ-ਘਾਟਾ ਨਹੀਂ ਹੁੰਦਾ।
ਦਰਅਸਲ ਇਹ ਵਾਧਾ-ਘਾਟਾ ਵੀ ਚਸਾ-ਚਸਾ ਤੇ ਪਲ-ਪਲ ਦਾ, ਨਾਲ ਚਲ ਰਿਹਾ ਹੁੰਦਾ
ਹੈ। ਉਸੇ ਦਾ ਹੀ ਨਤੀਜਾ ਹੁੰਦਾ ਹੈ ਕਿ “ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ॥”
(ਪੰ: ੪੧੭) ਜਾਂ “ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ॥ ਦਰਿ ਮੰਗਨਿ ਭਿਖ ਨ ਪਾਇਦਾ”
(ਪੰ: ੪੭੨) ਅਥਵਾ “ਕਬਹੂ ਘਰ ਘਰ ਟੂਕ ਮਗਾਵੈ॥ ਕਬਹੂ ਕੂਰਨੁ ਚਨੇ ਬਿਨਾਵੈ” (ਪੰ:
੧੧੬੪)। ਇਸ ਤਰ੍ਹਾਂ ਇਹ ਤਾਂ ਸਭ ਚੱਲ ਰਹੇ ਜੀਵਨ ਦੀਆਂ ਹੀ ਤਬਦੀਲੀਆਂ ਹਨ ਨਾ ਕਿ ਪਿਛਲੇ ਜਨਮ ਤੇ
ਜਨਮਾਂ ਦੀਆਂ। ਕਿਉਂਕਿ “ਘੜੀ ਮੁਹਤ ਕਾ ਲੇਖਾ ਲੇਵੈ, ਰਤੀਅਹੁ ਮਾਸਾ ਤੋਲ ਕਢਾਵਣਿਆ” (ਪੰ:
੧੨੭) ਅਥਵਾ “ਘੜੀ ਚਸੇ ਕਾ ਲੇਖਾ ਲੀਜੈ, ਬੁਰਾ ਭਲਾ ਸਹੁ ਜੀਆ” (ਪੰ: ੧੧੧੦)।
ਇਸ ਤਰ੍ਹਾਂ ਇਹ ਮੰਨ ਲੈਣਾ ਕਿ, ਸਾਡਾ ਇਹ ਜਨਮ ਕੇਵਲ ਪਿਛਲੇ ਜਨਮਾਂ ਦੇਂ
ਦੁਖਾਂ-ਸੁਖਾਂ ਜਾਂ ਕਰਮਾ ਸੰਸਕਾਰਾਂ `ਤੇ ਹੀ ਖੜਾ ਹੈ, ਬਿਲਕੁਲ ਠੀਕ ਨਹੀਂ। ਤਬਦੀਲੀਆਂ ਤਾਂ ਚਲਦੇ
ਜੀਵਨ ਦੇ ਪਲ-ਪਲ `ਚ ਵੀ ਹੋ ਰਹੀਆਂ ਹਨ। ਇਸ ਦੇ ਨਾਲ, ਇਹ ਵੀ ਸੱਚ ਹੈ ਕਿ ਪਿਛਲੇ ਸੰਸਕਾਰ, ਸੁਭਾਅ
ਆਦਿ ਬਹੁਤ ਕੁੱਝ ਨਾਲ ਵੀ ਆਉਂਦਾ ਹੈ ਅਤੇ ਉਸੇ ਤੋਂ ਹੀ ਗੱਲ ਅੱਗੇ ਟੁਰ ਰਹੀ ਹੁੰਦੀ ਹੈ। ਇਹ ਚੱਕਰ
ਉਦੋਂ ਹੀ ਮੁੱਕਦਾ ਹੈ ਜਦੋਂ ਜੀਵ ਹਉਂ ਨੂੰ ਤਿਆਗ ਕੇ, ਜੀਉਂਦੇ ਜੀਅ ਕਰਤੇ `ਚ ਸਮਾਅ ਜਾਂਦਾ ਹੈ ਭਾਵ
“ਸਤਿਗੁਰ ਕੈ ਜਨਮੇ ਗਵਨੁ ਮਿਟਾਇਆ” (ਪੰ: ੯੪੦) ਦੀ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ।
“ਇਕਨਾੑ ਗਲੀ ਜੰਜੀਰੀਆ” -ਪਿਛਲੇ ਕਰਮਾਂ-ਸੰਸਕਾਰਾਂ ਅਨੁਸਾਰ ਦੁਖ-ਸੁਖ
ਤੇ ਔਖੇ-ਸੌਖੇ ਜੀਵਨ ਵੀ ਜਨਮ ਤੋਂ, ਨਾਲ ਹੀ ਆਉਂਦੇ ਹਨ। ਫ਼ੁਰਮਾਣ ਹਨ “ਕਾਹੂ ਦੀਨੑੇ ਪਾਟ
ਪਟੰਬਰ, ਕਾਹੂ ਪਲਘ ਨਿਵਾਰਾ॥ ਕਾਹੂ ਗਰੀ ਗੋਦਰੀ ਨਾਹੀ, ਕਾਹੂ ਖਾਨ ਪਰਾਰਾ” (ਪੰ: ੪੭੯) ਹੋਰ
“ਇਕਨਾੑ ਗਲੀ ਜੰਜੀਰੀਆ ਇਕਿ ਤੁਰੀ ਚੜਹਿ ਬਿਸੀਆਰ” (੪੭੫) ਇਸੇ ਤਰ੍ਹਾਂ “ਆਪੇ ਭਾਂਡੇ
ਸਾਜਿਅਨੁ ਆਪੇ ਪੂਰਣੁ ਦੇਇ॥ ਇਕਨੀੑ ਦੁਧੁ ਸਮਾਈਐ ਇਕਿ ਚੁਲੈੑ ਰਹਨਿੑ ਚੜੇ॥ ਇਕਿ ਨਿਹਾਲੀ ਪੈ ਸਵਨਿੑ
ਇਕਿ ਉਪਰਿ ਰਹਨਿ ਖੜੇ” (ਪੰ: ੪੭੫) ਅਤੇ “ਕੁਮਾੑਰੈ ਏਕ ਜੁ ਮਾਟੀ ਗੂੰਧੀ, ਬਹੁ ਬਿਧਿ ਬਾਨੀ
ਲਾਈ॥ ਕਾਹੂ ਮਹਿ ਮੋਤੀ ਮੁਕਤਾਹਲ, ਕਾਹੂ ਬਿਆਧਿ ਲਗਾਈ” (ਪੰ: ੪੭੯) ਉਪ੍ਰੰਤ ਇਸ ਵਿਸ਼ੇ ਨੂੰ
ਹੋਰ ਸਮਝਣ ਲਈ ਗੁਰਬਾਣੀ `ਚੋਂ ਅਨੇਕਾਂ ਫ਼ੁਰਮਾਨ ਮਿਲ ਜਾਂਦੇ ਹਨ।
“ਜੋ ਧੁਰਿ ਲਿਖਿਆ ਸੁ ਕਰਮ ਕਮਾਇਆ” -ਮਨੁੱਖਾ ਜਨਮ ਬਿਰਥਾ ਹੋਣ
ਬਾਅਦ, ਅਗਲਾ ਮਨੁੱਖਾ ਜਨਮ ਅਤੇ ਅਰਬਾਂ-ਖਰਬਾਂ ਜੂਨੀਆਂ, ਜੀਵ ਦੇ ਚੰਗੇ ਮਾੜੇ ਕਰਮਾਂ-ਸੰਸਕਾਰਾਂ ਦਾ
ਲੇਖਾ-ਜੋਖਾ ਹੁੰਦੀਆਂ ਹਨ। “ਅਗੈ ਕਰਣੀ ਕੀਰਤਿ ਵਾਚੀਐ, ਬਹਿ ਲੇਖਾ ਕਰਿ ਸਮਝਾਇਆ” (ਪੰ:
੪੬੪) ਭਾਵ ਕਰਣੀਆਂ ਅਨੁਸਾਰ ਭਿੰਨ ਭਿੰਨ ਕੋਠੜੀਆਂ ਅਥਵਾ ਸਰੀਰ ਹੀ ਮਿਲਦੇ ਹਨ ਜਿਥੇ ਕਿ ਜੀਵ ਪ੍ਰਭੂ
ਵਲੋਂ ਹਰੇਕ ਜੂਨੀ ਵਾਲੀ ਨੀਯਤ ਸੀਮਾਂ ਤੋਂ ਇਧਰ-ਓਧਰ ਨਹੀਂ ਹੋ ਸਕਦਾ ਤੇ ਜੂਨ ਭੁਗਤਵਾਉਣੀ ਹੀ
ਪੈਂਦੀ ਹੈ। ਜਿਵੇਂ “ਕਹਾ ਸੁਆਨ ਕਉ ਸਿਮ੍ਰਿਤਿ ਸੁਨਾਏ॥ ਕਹਾ ਸਾਕਤ ਪਹਿ ਹਰਿ ਗੁਨ ਗਾਏ॥ ੧॥ ਰਾਮ
ਰਾਮ ਰਾਮ ਰਮੇ ਰਮਿ ਰਹੀਐ॥ ਸਾਕਤ ਸਿਉ ਭੂਲਿ ਨਹੀ ਕਹੀਐ॥ ੧॥ ਰਹਾਉ॥ ਕਊਆ ਕਹਾ ਕਪੂਰ ਚਰਾਏ॥ ਕਹ
ਬਿਸੀਅਰ ਕਉ ਦੂਧੁ ਪੀਆਏ … ਸਾਕਤੁ ਸੁਆਨੁ ਸਭੁ ਕਰੇ ਕਰਾਇਆ॥ ਜੋ ਧੁਰਿ ਲਿਖਿਆ ਸੁ ਕਰਮ ਕਮਾਇਆ”
ਕਿਉਂਕਿ ਮਨੁੱਖਾ ਜਨਮ ਸਮੇਂ ਤਾਂ “ਰਾਮ ਰਾਮ ਰਾਮ ਰਮੇ ਰਮਿ ਰਹੀਐ” “ਸਤ ਸੰਗਤਿ ਮਿਲਿ
ਬਿਬੇਕ ਬੁਧਿ ਹੋਈ. .” (ਪੰ: ੪੮੧) ਰਾਹੀਂ ਸੰਭਾਲ ਕਰ ਲੈਣੀ ਤਾਂ ਸੰਭਵ ਸੀ ਜਦਕਿ
ਓਦੋਂ ਮਨੁੱਖ ਨੇ ਇਸ ਸਚਾਈ ਵੱਲ ਧਿਆਣ ਹੀ ਨਹੀਂ ਸੀ ਦਿੱਤਾ।
ਇਸੇ ਤਰ੍ਹਾਂ “ਚਾਰਿ ਪਾਵ, ਦੁਇ ਸਿੰਗ, ਗੁੰਗ ਮੁਖ, ਤਬ ਕੈਸੇ ਗੁਨ ਗਈ
ਹੈ॥ ਊਠਤ ਬੈਠਤ ਠੇਗਾ ਪਰਿ ਹੈ, ਤਬ ਕਤ ਮੂਡ ਲੁਕਈ ਹੈ. .” ਵਾਲੇ ਪੂਰੇ ਸ਼ਬਦ `ਚ ਵੀ “ਜਨ
ਭਗਤਨ ਕੋ ਕਹੋ ਨ ਮਾਨੋ, ਕੀਓ ਅਪਨੋ ਪਈ ਹੈ” (ਪੰ: ੫੨੪) ਭਾਵ ਉਸ ਸਮੇਂ ਤਾਂ ਤੂੰ
ਪ੍ਰਭੂ ਪਿਆਰਿਆਂ ਦੀ ਇੱਕ ਨਹੀਂ ਸੁਣੀ ਪਰ ਹੁਣ ਆਪਣੇ ਕੀਤੇ ਦੀ ਸਜ਼ਾ ਹੀ ਭੋਗ ਰਿਹਾ ਹੈਂ।
ਹੋਰ “ਚਕਵੀ ਨੈਨ ਨੀਂਦ ਨਹਿ ਚਾਹੈ” (ਪੰ: ੧੨੭੩) ਵਾਲੇ ਸ਼ਬਦ `ਚ ਵੀ
ਪਹਿਲੇ ਪਾਤਸ਼ਾਹ ਚਕਵੀ, ਚਾਤ੍ਰਿਕ, ਮਛਲੀ (ਮੀਨ) ਆਦਿ ਦੀਆਂ ਮਿਸਾਲਾਂ ਦੇ ਕੇ ਫ਼ੁਰਮਾਅ ਰਹੇ
ਹਨ ਕਿ ਅਜਿਹੇ ਜਨਮ ਉਨ੍ਹਾਂ ਨੂੰ ਇਸ ਲਈ ਮਿਲੇ ਕਿਉਂਕਿ “… ਸੁਖ ਦੁਖ ਪੁਰਬਿ ਕਮਾਈ”
ਅਤੇ ਬਾਣੀ `ਚ ਅਜਿਹੇ ਬਹੁਤ ਪ੍ਰਮਾਣ ਹਨ ਜੋ ਸਾਬਤ ਕਰਦੇ ਹਨ ਕਿ ਕਰਤੇ ਦੀ ਰਚਨਾ `ਚ
ਅਰਬਾਂ-ਖਰਬਾਂ ਜੂਨੀਆਂ ਕੇਵਲ ਮਨੁੱਖਾ ਜਨਮ ਨੂੰ ਬਿਰਥਾ ਤੇ ਅਸਫ਼ਲ ਕਰਣ ਦਾ ਹੀ ਨਤੀਜਾ ਤੇ
ਲੇਖਾ-ਜੋਖਾ ਹੁੰਦੀਆਂ ਹਨ, ਬਲਕਿ ਸਾਡਾ ਅਜੋਕਾ ਮਨੁੱਖਾ ਜਨਮ ਵੀ ਉਸੇ ਗਿਣਤੀ `ਚ ਆਉਂਦਾ ਹੈ। ਜਦਕਿ
ਸਫ਼ਲ, ਸਚਿਆਰੇ ਜੀਵਨ `ਤੇ ਇਹ ਵਿਸ਼ਾ ਲਾਗੂ ਹੀ ਨਹੀਂ ਹੁੰਦਾ, ਉਹ ਤਾਂ ਜੀਉਂਦੇ ਜੀਅ ਪ੍ਰਭੂ `ਚ ਹੀ
ਅਭੇਦ ਹੋ ਜਾਂਦੇ ਹਨ ਤੇ ਜਨਮ ਮਰਣ `ਚ ਨਹੀਂ ਆਉਂਦੇ। ਦਰਅਸਲ ਇਹ ਮਨੁੱਖਾ ਜਨਮ ਮਿਲਿਆ ਹੀ ਉਸੇ ਮਕਸਦ
ਲਈ ਹੁੰਦਾ ਹੈ।
“ਕਰਿ ਅਉਗਣ ਪਛੋਤਾਵਣਾ” - ਗੁਰਬਾਣੀ `ਚ ਅਜਿਹੇ ਪ੍ਰਗਟਾਵੇ ਵੀ ਬਹੁਤ
ਹਨ ਜੋ ਸਾਬਤ ਕਰਦੇ ਹਨ ਜੀਵ ਨੂੰ ਜਦੋਂ ਦੂਜੀਆਂ ਜੂਨੀਆਂ `ਚ ਪੈ ਕੇ ਆਪਣੇ ਕੀਤੇ ਦਾ ਫਲ ਭੋਗਣਾ
ਪੈਂਦਾ ਹੈ ਤਾਂ ਉਸ ਸਮੇਂ ਉਸ ਨੂੰ ਸੋਝੀ ਤਾਂ ਹੁੰਦੀ ਹੈ ਕਿ ਉਸ ਨੂੰ ਇਹ ਸਜ਼ਾ ਕਿਉਂ ਮਿਲ ਰਹੀ ਹੈ
ਪਰ ਉਸ ਤੋਂ ਬਚਣ ਲਈ ਉਸ ਕੋਲ ਰਾਹ ਨਹੀਂ ਹੁੰਦਾ ਤੇ ਸਜ਼ਾ ਭੋਂਗਣੀ ਹੀ ਪੈਂਦੀ ਹੈ। ਵੈਸੇ ਤਾਂ ਅਜਿਹੇ
ਗੁਰਬਾਣੀ ਪ੍ਰਮਾਣ ਬਹੁਤ ਹਨ ਪਰ ਇਥੇ ਕੇਵਲ ਦੋ-ਤਿੰਨ ਮਿਸਾਲਾਂ ਹੀ ਦੇਣੀਆਂ ਚਾਹਾਂਗੇ ਜਿਨ੍ਹਾਂ ਦਾ
ਸਬੰਧ ਹੀ ਸਰੀਰ ਬਿਨਸਨ ਤੋਂ ਬਾਅਦ ਨਾਲ ਹੈ।
ਵਿਚਾਰਣ ਦਾ ਵਿਸ਼ਾ ਹੈ ਕਿ ਇਥੇ ਪਾਤਸ਼ਾਹ ਜੋ ਚੇਤਾਵਣੀਆ ਦੇ ਰਹੇ ਹਨ ਉਹ ਸਰੀਰ
ਦੇ ਬਿਨਸਨ ਤੋਂ ਬਾਅਦ ਨਾਲ ਸਬੰਧਤ ਹਨ, ਜੀਊਂਦੇ ਤੇ ਚਲਦੇ ਸਰੀਰ ਨਾਲ ਨਹੀਂ। ਜਿਵੇਂ “ਥਾਉ ਨ
ਹੋਵੀ ਪਉਦੀਈ ਹੁਣਿ ਸੁਣੀਐ ਕਿਆ ਰੂਆਇਆ॥ ਮਨਿ ਅੰਧੈ ਜਨਮੁ ਗਵਾਇਆ” (ਪੰ: ੪੬੪) ਭਾਵ ਜਨਮ
ਗੁਆਉਣ ਤੋਂ ਬਾਅਦ। ਹੋਰ “ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ॥ ਹੁਕਮ ਕੀਏ ਮਨਿ ਭਾਵਦੇ ਰਾਹਿ
ਭੀੜੈ ਅਗੈ ਜਾਵਣਾ॥ ਨੰਗਾ ਦੋਜਕਿ ਚਾਲਿਆ ਤਾ ਦਿਸੈ ਖਰਾ ਡਰਾਵਣਾ॥ ਕਰਿ ਅਉਗਣ ਪਛੋਤਾਵਣਾ” (ਪੰ:
੪੭੦)।
ਧਿਆਣ ਦੇਣਾ ਹੈ ਕਿ ਇਥੇ ਖਾਸ ਤੌਰ `ਤੇ ਦੂਜੇ ਪ੍ਰਮਾਣ `ਚ ਜੋ “ਰਾਹਿ
ਭੀੜੈ ਅਗੈ ਜਾਵਣਾ” ਅਤੇ “ਨੰਗਾ ਦੋਜਕਿ ਚਾਲਿਆ” ਵਾਲੀ ਗੱਲ ਵੀ ਕਿਸੇ ਗਰੁੜ ਪੁਰਾਣ ਤੇ
ਬ੍ਰਾਹਮਣ ਰਾਹੀਂ ਦਸੇ ਜਾਂਦੇ ਤੰਗ ਰਸਤੇ ਦੀ ਗੱਲ ਨਹੀਂ। ਇਥੇ ਤਾਂ “ਵਡੀ ਵਡਿਆਈ ਜਾ ਸਚੁ ਨਿਆਉ”
(ਪੰ: ੪੬੩) ਭਾਵ ਕਰਤੇ ਵੱਲੋਂ ਅਜਿਹੇ ਨਿਆਂ ਦੀ ਗੱਲ ਹੈ, ਜਿਸ `ਚ ਜੀਵ ਨਾਲ ਨਾ ਰਿਆਇਤ ਹੋਣੀ
ਹੈ ਤੇ ਨਾ ਧੱਕਾ।
ਇਸੇ ਤਰ੍ਹਾਂ “ਨੰਗਾ ਦੋਜਕਿ ਚਾਲਿਆ” ਵੀ ਸਰੀਰ ਕਰਕੇ ਨੰਗਾ ਹੋਣ ਦੀ
ਗੱਲ ਨਹੀਂ। ਕਿਉਂਕਿ ਸਰੀਰ ਤਾਂ ਇਥੇ ਹੀ ਰਾਖ ਦੀ ਢੇਰੀ ਹੋ ਜਾਂਦਾ ਹੈ। ਇਥੇ ਨੰਗੇ ਦਾ ਅਰਥ ਵੀ ‘ਇਨ
ਬਿਨ ਕੀਤੇ ਕਰਮਾਂ ਅਨੁਸਾਰ’ ਵਾਲਾ ਹੀ ਹੈ। ਦਰਅਸਲ ਇਥੇ ਇਹ ਸਾਰੀ ਸ਼ਬਦਾਵਲੀ ਰੂਪਕ ਅਲ਼ੰਕਾਰ ਵਜੋਂ
ਬਦਲਵੇਂ ਤੇ ਗੁਰਮੱਤ ਅਰਥਾਂ `ਚ ਵੀ “ਦੀਬਾਨੁ ਏਕੋ ਕਲਮ ਏਕਾ ਹਮਾ ਤੁਮਾੑ ਮੇਲੁ” (ਪੰ: ੪੭੩)
ਨਾਲ ਸਬੰਧਤ ਹੈ
“ਗੁੰਗ ਮੁਖ, ਤਬ ਕੈਸੇ ਗੁਨ ਗਈ ਹੈ” -ਇਸੇ ਤਰ੍ਹਾਂ “ਚਾਰਿ ਪਾਵ, ਦੁਇ
ਸਿੰਗ, ਗੁੰਗ ਮੁਖ, ਤਬ ਕੈਸੇ ਗੁਨ ਗਈ ਹੈ” (ਪੰ: ੫੨੪) ਕਬੀਰ ਜੀ ਦਾ ਇਹ ਸਾਰਾ ਸ਼ਬਦ ਹੀ ਪ੍ਰਭੂ
ਦੇ ਇਸੇ ਨਿਆਂ ਨੂੰ ਪ੍ਰਗਟ ਕਰ ਰਿਹਾ ਹੈ ਕਿ ਮਨੁੱਖਾ ਜੂਨ ਨੂੰ ਛੱਡ ਕੇ ਬਾਕੀਆਂ ਜੂਨੀਆਂ `ਚ ਜੀਵ
ਨੂੰ ਬੋਲੀ ਵੀ ਗੁੰਗੀ ਹੀ ਮਿਲਦੀ ਹੈ। ਉਸੇ ਦਾ ਨਤੀਜਾ, ਜਦੋਂ ਦੂਜੀਆਂ ਜੂਨੀਆਂ `ਚ ਪੈ ਕੇ, ਉਸ ਨੂੰ
ਕਰਣੀਆਂ ਦੀ ਸਜ਼ਾ ਭੋਗਣੀ ਪੈਂਦੀ ਹੈ ਤਾਂ ਅਜਿਹੇ ਹਾਲਾਤ `ਚ ਭਾਵ ਆਪਣੀ ਗੁੰਗੀ ਬੋਲੀ ਕਾਰਨ, ਜੀਵ ਨਾ
ਤਾਂ ਕਿਸੇ ਦੀ ਮਦਦ ਲੈ ਸਕਦਾ ਹੈ, ਨਾ ਹਮਦਰਦੀ। ਇਥੋਂ ਕਿ ਉਠਾਈ ਜਾ ਰਹੀ ਤਕਲੀਫ਼ ਤੇ ਤੜਪਣ ਨੂੰ
ਦੂਜੇ ਤੀਕ ਬਿਆਣ ਤੇ ਪ੍ਰਗਟ ਵੀ ਨਹੀਂ ਕਰ ਸਕਦਾ। ਇਸ ਦਾ ਅੰਦਾਜ਼ਾ ਇਸ ਤੋਂ ਵੀ ਲਗਾਇਆ ਜਾ ਸਕਦਾ ਹੈ
ਜਦੋਂ ਕਿਸੇ ਮਨੁੱਖ ਨੂੰ ਠੀਕ ਜਾਂ ਗ਼ਲਤ, ਪਰ ਤੜਫ਼ਾਇਆ ਜਾ ਰਿਹਾ ਹੋਵੇ ਤਾਂ ਨਾਲ ਹੀ ਉਸ ਦੇ ਬਾਹਰ ਦੇ
ਸਾਰੇ ਸੰਪਰਕ ਵੀ ਬੰਦ ਕੀਤੇ ਹੋਣ, ਉਸ ਦੇ ਮੂੰਹ ਨੂੰ ਵੀ ਬੰਨਿਆ ਹੋਵੇ। ਤਾਂ ਅਜਿਹੇ ਹਾਲਾਤ `ਚ
ਮਨੁੱਖ ਦੀ ਕੀ ਹਾਲਤ ਹੁੰਦੀ ਹੈ? ਦਰਅਸਲ, ਇਹੀ ਹਾਲਤ ਜੀਵ ਦੀ ਦੂਜੀਆਂ ਜੂਨੀਆਂ ਸਮੇਂ ਹਰ ਸਮੇਂ ਤੇ
ਜੀਵਨ ਭਰ ਹੁੰਦੀ ਹੈ। “ਤਬ ਕੈਸੇ ਗੁਨ ਗਈ ਹੈ” ਇਸ ਗੱਲ ਨੂੰ ਵੀ ਪ੍ਰਗਟ ਕਰ ਰਿਹਾ ਹੈ ਕਿ ਅਜਿਹੀ
ਸਜ਼ਾ ਭੁਗਤਣ ਵੇਲੇ ਜੀਵ ਨੂੰ ਆਪਣੇ ਕੀਤੇ ਦੀ ਸੋਝੀ ਵੀ ਹੁੰਦੀ ਹੈ ਪਰ ਵੱਸ ਨਹੀਂ ਚਲਦਾ।
ਰਜ਼ਾ ਤੇ ਭਾਣੇ ਵਾਲਾ ਜੀਵਨ- ਹੁਣ ਤੀਕ ਦੀ ਵਿਚਾਰ ਤੋਂ ਇਹ ਗੱਲ ਭਲੀ
ਭਾਂਤ ਸਮਝ `ਚ ਆ ਜਾਣੀ ਚਾਹੀਦੀ ਹੈ ਕਿ “ੴ “ਤੋਂ ਲੈ ਕੇ “ਤਨੁ ਮਨੁ ਥੀਵੈ ਹਰਿਆ”
ਤੀਕ ਸੰਪੂਰਣ ਗੁਰਬਾਣੀ ਦਾ ਧੁਰਾ ਇਕੋ ਹੈ ਤੇ ਉਹ ਧੁਰਾ ਹੈ “ਕਿਵ ਸਚਿਆਰਾ ਹੋਈਐ ਕਿਵ
ਕੂੜੈ ਤੁਟੈ ਪਾਲਿ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ” ਭਾਵ ਜੀਵਨ ਨੂੰ ਰਜ਼ਾ ਦੇ ਮਾਲਿਕ
ਅਕਾਲਪੁਰਖ ਦੇ ਹੁਕਮ `ਚ ਹੀ ਚਲਾਉਣਾ ਹੈ। ਜੀਵਨ ਨੂੰ ਸਚਿਆਰਾ ਬਨਾਉਣਾ ਤੇ ਜੀਵ ਦੀ ਪ੍ਰਭੂ ਤੋਂ ਬਣੀ
ਹੋਈ ਵਿੱਥ (ਕੂੜ ਦੀ ਪਾਲ) ਨੂੰ ਖਤਮ ਕਰਣਾ, ਇਸ ਜੂਨੀ ਦਾ ਇਹੀ ਤੇ ਇਕੋ ਇੱਕ ਮਕਸਦ ਹੈ।
ਜਿਸ ਸਲੋਕ ਵਿਚਲੀ ਪੰਕਤੀ “ਦੁਖੁ ਦਾਰੂ ਸੁਖੁ ਰੋਗੁ ਭਇਆ” `ਤੇ
ਅਸਾਂ ਵਿਚਾਰ ਕੀਤੀ, ਉਥੇ ਵੀ ‘ਰਹਾਉ’ ਵਾਲੇ ਬੰਦ `ਚ ਸਚਿਆਰੇ ਵਾਲੀ ਅਵਸਥਾ `ਚੋਂ ਪ੍ਰਗਟ
ਸੋਚਣੀ ਦਾ ਹੀ ਪ੍ਰਗਟਾਵਾ ਹੈ “ਬਲਿਹਾਰੀ ਕੁਦਰਤਿ ਵਸਿਆ॥ ਤੇਰਾ ਅੰਤੁ ਨ ਜਾਈ ਲਖਿਆ” ਭਾਵ
ਜੀਵਨ ਦੀ ਉਹ ਅਵਸਥਾ, ਜਿਸ ਨੂੰ ਗੁਰਬਾਣੀ `ਚ ਇਸ ਤਰ੍ਹਾਂ ਵੀ ਪ੍ਰਗਟ ਕੀਤਾ ਹੈ “ਜੇ ਸੁਖੁ ਦੇਹਿ
ਤ ਤੁਝਹਿ ਅਰਾਧੀ, ਦੁਖਿ ਭੀ ਤੁਝੈ ਧਿਆਈ॥