.

ਜੇ ਘੋੜੇ ਹੀ ਮਾਰ ਦਿੱਤੇ ਜਾਣ …!
ਅਵਤਾਰ ਸਿੰਘ ਮਿਸ਼ਨਰੀ (510-432-5827)

ਪੁਰਾਣੇ ਜ਼ਮਾਨੇ ਵਿੱਚ ਬੈਲ ਗੱਡੀਆਂ, ਤਾਂਗੇ ਰੱਥ ਅਤੇ ਬੇੜੀਆਂ ਆਦਿਕ ਵਹੀਕਲ ਆਵਾਜਾਈ ਦੇ ਸਾਧਨ ਸਨ ਅਤੇ ਘੋੜੇ, ਖੋਤੇ, ਬੈਲ, ਹਾਥੀ ਅਤੇ ਊਠ ਆਦਿਕ ਇਨ੍ਹਾਂ ਨੂੰ ਖਿਚਣ ਲਈ ਅੱਗੇ ਜੋੜੇ ਜਾਂਦੇ ਸਨ। ਜੋ ਘਰ, ਖੇਤ ਅਤੇ ਸ਼ਹਿਰ ਸਭ ਥਾਂ ਕੰਮ ਆਉਂਦੇ ਸਨ। ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਓਦੋਂ ਇਨ੍ਹਾਂ ਦੀ ਹੀ ਵਰਤੋਂ ਕੀਤੀ ਜਾਂਦੀ ਸੀ। ਜਿਉਂ ਜਿਉਂ ਜ਼ਮਾਨਾਂ ਬਦਲਿਆ ਵਕਤ ਨਾਲ ਆਵਾਜਾਈ ਦੇ ਸਾਧਨ ਵੀ ਬਦਲ ਗਏ ਪਰ ਅੱਜ ਵੀ ਪਛੜੇ ਇਲਾਕਿਆਂ ਵਿੱਚ ਇਨ੍ਹਾਂ ਦੀ ਵਰਤੋਂ ਹੁੰਦੀ ਵੇਖੀ ਜਾ ਸਕਦੀ ਹੈ। ਉਸ ਵੇਲੇ ਚੰਗੀ ਖੁਰਾਕ ਨਾਲ ਪਾਲੇ ਹੋਏ ਬੈਲ, ਘੋੜੇ, ਹਾਥੀ ਅਤੇ ਊਠ ਆਦਿਕ ਹੀ ਵਧੀਆ ਸਵਾਰੀ ਸਨ। ਉਨ੍ਹਾਂ ਨੂੰ ਕਾਬੂ ਵਿੱਚ ਰੱਖਣ ਲਈ ਨੱਥ ਪਾਈ, ਅੰਕਸ ਲਾਇਆ ਜਾਂ ਲਗਾਂਮ ਦਿੱਤੀ ਜਾਂਦੀ ਸੀ, ਇਉਂ ਆਵਾਜਾਈ ਵਧੀਆ ਚਲਦੀ ਸੀ। ਜੇ ਲਗਾਂਮ ਦੇ ਕੇ ਕਾਬੂ ਕਰਨ ਦੀ ਬਜਾਇ ਬੈਲ, ਘੋੜੇ, ਹਾਥੀ ਜਾਂ ਊਠ ਕੁੱਟ-ਕੁੱਟ ਕੇ ਮਾਰ ਹੀ ਦਿੱਤੇ ਜਾਣ ਤਾਂ ਗੱਡੀਆਂ ਜਾਂ ਰੱਥ ਕਿਵੇਂ ਚੱਲ ਸਕਦੇ ਸਨ ਜਾਂ ਹਨ?
ਇਵੇਂ ਸਾਡਾ ਸਰੀਰ ਵੀ ਇੱਕ ਰੱਥ ਹੈ ਅਤੇ ਇਹ ਵੀ ਘੋੜਿਆਂ ਨਾਲ ਚਲਦਾ ਹੈ। ਇਸ ਦਾ ਰਥਵਾਹੀ ਦਮਾਗ (ਬਰੇਨ) ਅਤੇ ਘੋੜੇ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਹਨ। ਕ੍ਰਮਵਾਰ ਕਾਮ ਉਤਪਤੀ ਤੇ ਸੁੰਦਰਤਾ, ਕ੍ਰੋਧ ਬੀਰ ਰਸ, ਲੋਭ ਕਿਰਤ ਤੇ ਉਦਮ, ਮੋਹ ਪ੍ਰੇਮ-ਪਿਆਰ ਅਤੇ ਅਹੰਕਾਰ ਸਵੈਮਾਣਤਾ ਦਾ ਸੂਚਕ ਹੈ। ਜੇ ਕਾਮ ਮਾਰਤਾ ਸੰਸਾਰ-ਪ੍ਰਵਾਰ ਵਾਧਾ ਰੁਕ ਜਾਵੇਗਾ, ਕ੍ਰੋਧ ਮਾਰਤਾ ਬੀਰ ਰਸ ਭਾਵ ਬਹਾਦਰੀ ਦਾ ਗੁਣ ਜਾਂਦਾ ਰਹੇਗਾ, ਲੋਭ ਮਾਰਤਾ ਕਿਰਤ ਦੀ ਰੁਚੀ ਖਤਮ ਹੋ ਜਾਵੇਗੀ ਅਤੇ ਉਦਮ ਦੀ ਥਾਂ ਆਲਸ ਪੈਦਾ ਹੋ ਜਾਵੇਗਾ, ਮੋਹ ਮਾਰਤਾ ਪ੍ਰੇਮ-ਪਿਆਰ ਜਾਂਦਾ ਰਹੇਗਾ ਅਤੇ ਅਹੰਕਾਰ ਮਾਰਨ ਦੇ ਨਾਲ ਸਵੈਮਾਨਤਾ ਖਤਮ ਹੋ ਜਵੇਗੀ। ਲੋੜ ਤਾਂ ਇਨ੍ਹਾਂ ਨੂੰ ਕਾਬੂ ਵਿੱਚ ਰੱਖਣ ਦੀ ਹੈ। ਗੁਰ ਸਿਖਿਆ ਦੀ ਲਗਾਂਮ ਦੇਣੀ ਪਵੇਗੀ, ਨਹੀਂ ਤਾਂ ਇਹ ਅਥਰੇ ਘੋੜੇ ਆਪ-ਹੁਦਰੇ ਹੋ ਕੇ ਸ਼ੁਭ ਗੁਣਾਂ ਰੂਪੀ ਫਸਲ ਦਾ ਨੁਕਸਾਨ ਕਰਨਗੇ ਅਤੇ ਸਰੀਰ ਰੂਪੀ ਗੱਡੀ ਜਾਂ ਰੱਥ ਵੀ ਨਹੀਂ ਚਲੇਗਾ।
ਗ੍ਰਹਿਸਤ ਮਾਰਗ ਤੋਂ ਭਗੌੜੇ ਸੰਤ, ਬਾਬੇ, ਅਖੌਤੀ ਬ੍ਰਹਮ ਗਿਆਨੀ ਅਤੇ ਪ੍ਰਚਾਰਕ ਨਿਤਾ ਪ੍ਰਤੀ ਹਰ ਪਰੇ-ਪੰਚਾਇਤ, ਸਭਾ-ਸਟੇਜ ਤੇ, ਜਾਂ ਧਰਮ ਅਸਥਾਨਾਂ ਵਿੱਚ, ਇਨ੍ਹਾਂ ਹੀ ਗੱਲਾਂ ਦਾ ਪ੍ਰਚਾਰ ਕਰਦੇ ਹਨ ਕਿ ਇਨ੍ਹਾਂ ਪੰਜਾਂ ਨੂੰ ਮਾਰੋ ਇਹ ਵੈਰੀ ਹਨ। ਭਲਿਓ! ਇਹ ਕੋਈ ਸਥੂਲ ਵਸਤਾਂ ਨਹੀਂ ਹਨ ਜਿਨ੍ਹਾਂ ਨੂੰ ਮਾਰ ਦਿਓਗੇ, ਕੀ ਕਰਤਾਰ ਨੇ ਇਹ ਮਾਰਨ ਵਾਸਤੇ ਸਰੀਰਾਂ ਵਿੱਚ ਪੈਦਾ ਕੀਤੇ ਹਨ? ਕੀ ਤੁਸੀਂ ਕਰਣਹਾਰ ਤੋਂ ਜਿਆਦਾ ਸਿਆਣੇ ਹੋ? ਤੁਹਾਡੇ ਵੱਡੇ ਵਡੇਰੇ ਸਾਧ-ਸੰਤ, ਰਿਸ਼ੀ-ਮੁਨੀ, ਪੀਰ-ਫਕੀਰ ਅਤੇ ਅਵਤਾਰ ਇਨ੍ਹਾਂ ਨੂੰ ਮਾਰਨ ਵਾਸਤੇ ਜਾੜ-ਬੀਆਬਾਨਾਂ ਜੰਗਲਾਂ ਵਿੱਚ ਗਏ, ਇਹ ਪੰਜ ਬਲੀ ਓਥੇ ਵੀ ਨਾਲ ਸਨ ਅਤੇ ਇਨ੍ਹਾਂ ਨੂੰ ਗੈਰ-ਕੁਦਰਤੀ ਸਾਧਨਾਂ ਨਾਲ ਮਾਰਦੇ-ਮਾਰਦੇ ਆਪ ਹੀ ਮਰ ਗਏ। ਨਿਤ ਦੇ ਰਥਵਾਹੀ ਜਾਣਦੇ ਹਨ ਕਿ ਜੇ ਅਥਰੇ ਘੋੜੇ ਨੂੰ ਮਾਰਨ ਦੀ ਬਜਾਏ ਲਗਾਮ ਦੇ ਕੇ ਚਲਾਇਆ ਜਾਵੇ ਤਾਂ ਉਹ ਕਾਬੂ ਵਿੱਚ ਰਹਿ ਕੇ ਵਧੀਆ ਕੰਮ ਕਰਦਾ ਹੈ।
ਕਾਮ ਨੂੰ ਗ੍ਰਿਹਸਤ ਦੀ ਲਗਾਂਮ ਦਿਉ ਇਹ ਕਾਬੂ ਰਹਿਗਾ, ਤੁਸੀਂ ਆਪਣੇ ਸਾਥੀ ਨਾਲ ਅਨੰਦ ਮਾਣਦੇ ਹੋਏ ਸੰਸਾਰ ਦੀ ਉਤਪਤੀ ਵਿੱਚ ਵੀ ਹਿਸਾ ਪਾਉਗੇ। ਕ੍ਰੋਧ ਨੂੰ ਬੀਰ ਰਸ ਦੀ ਲਗਾਂਮ ਦਿਓ ਤਾਂ ਕਿ ਛੋਟੀ ਛੋਟੀ ਗੱਲ ਤੇ ਗੁੱਸਾ ਨਾਂ ਆਵੇ ਅਤੇ ਲੋੜ ਪੈਣ ਤੇ ਜਾਂ ਰਣਤੱਤੇ ਵਿੱਚ ਬੀਰਤਾ ਦਿਖਾਈ ਜਾ ਸੱਕੇ। ਲੋਭ ਨੂੰ ਭਲਾਈ ਦੀ ਲਗਾਂਮ ਦਿਓ ਤਾਂ ਕਿ ਲਾਲਚ ਵਿੱਚ ਕਿਸੇ ਦਾ ਨੁਕਸਾਨ ਨਾਂ ਹੋ ਜਾਵੇ, ਕਿਰਤ ਕਮਾਈ ਕਰਦੇ ਹੋਏ ਭਲੇ ਗੁਣਾ ਦਾ ਲੋਭ ਕਰੋ ਅਤੇ ਜੈਲਸੀ ਤਿਆਗ ਕੇ ਪਰਉਪਕਾਰੀ ਜੀਵਨ ਜੀਓ। ਮੋਹ ਰੂਪੀ ਘੋੜੇ ਨੂੰ ਪਿਆਰ ਦੀ ਲਗਾਂਮ ਦਿਓ ਭਾਵ ਘਰ ਪ੍ਰਵਾਰ ਦੇ ਮੋਹ (ਅਟੈਚਮੈਂਟ) ਤੋਂ ਉੱਪਰ ਉੱਠ ਕੇ ਸਮੁੱਚੇ ਸੰਸਾਰ ਨੂੰ ਆਪਣਾ ਘਰ ਪ੍ਰਵਾਰ ਸਮਝ ਕੇ ਪ੍ਰੇਮ-ਪਿਆਰ ਦਾ ਵਰਤਾਅ ਕਰੋ, ਘਰ ਪ੍ਰਵਾਰ ਦੀਆਂ ਜੁਮੇਵਾਰੀਆਂ ਤਨਦੇਹੀ ਨਾਲ ਨਿਭਾਉਂਦੇ ਹੋਏ ਖਲਕਤ ਵਿੱਚ ਵਸਦੇ ਹੋਏ ਖਾਲਕ ਨੂੰ ਸਦਾ ਯਾਦ ਰੱਖੋ। ਪੰਜਵੇਂ ਘੋੜੇ ਅਹੰਕਾਰ ਨੂੰ ਸਵੈਮਾਨਤਾ ਦੀ ਲਗਾਂਮ ਪਾਓ ਭਾਵ ਹਉਂਮੈ ਛਡਦੇ ਹੋਏ ਉਦਾਸੀਨਤਾ ਤੇ ਢਹਿੰਦੀ ਕਲਾ ਦਾ ਤਿਆਗ ਕਰੋ, ਤੁਹਾਡਾ ਸਰੀਰ ਰੂਪੀ ਰਥ ਵਧੀਆ ਚਲੇਗਾ। ਫਿਰ ਤੁਹਾਨੂੰ ਘਰ-ਬਾਰ ਛੱਡ ਕੇ ਕਿਸੇ ਡੇਰੇ, ਟਕਸਾਲ-ਸੰਪ੍ਰਦਾ, ਕੰਦਰਾ-ਭੋਰੇ ਜਾਂ ਜਾੜ-ਬੀਆਬਾਨ ਵਿਖੇ ਨਹੀਂ ਜਾਣਾ ਪਵੇਗਾ ਪਰ ਜੇ ਤੁਸੀਂ ਗੁਰੂ ਗ੍ਰੰਥ ਦੀ ਸਿਖਿਆ ਗੁਰਮਤਿ ਨੂੰ ਛੱਡ ਕੇ ਕਿਸੇ ਸਾਧ ਟੋਲੇ ਦੇ ਮਗਰ ਲੱਗ ਕੇ ਉਨ੍ਹਾਂ ਦੇ ਦੱਸੇ ਮਨਘੜਤ ਉਪਾਅ, ਤੋਤਾ ਰਟਨੀ ਪਾਠ ਅਤੇ ਫਜ਼ੂਲ ਦੇ ਕਰਮਕਾਂਡ ਕਰਨ ਲੱਗ ਪਏ ਤਾਂ ਤੁਹਾਡੇ ਜੀਵਨ ਦੇ ਰੱਥ ਨੂੰ ਖਿਚਣ ਵਾਲੇ ਪੰਜ ਮਹਾਂਬਲੀ ਘੋੜੇ ਅਜਿਹੀਆਂ ਮਨਘੜਤ ਛਾਂਟਾਂ ਨਾਲ ਮਰ ਜਾਣਗੇ। ਤੁਸੀਂ ਸਦਾ ਲਈ ਪਾਖੰਡੀ ਸਾਧਾਂ ਦੇ ਗੁਲਾਮ ਹੋ ਕੇ ਬੈਠ ਜਾਓਗੇ ਅਤੇ ਅਮੋਲਕ ਜੀਵਨ ਦਾ ਰਥ ਰੁਕ ਜਾਵੇਗਾ ਪਰ ਜੇ ਗੁਰੂ ਗਿਆਨ ਸਦਕਾ ਚੰਗੀ ਸਿਖਿਆ ਦੀ ਲਗਾਂਮ ਪਾ ਦਿੱਤੀ ਜਾਵੇ ਤਾਂ ਏਹੀ ਘੋੜੇ ਕਾਬੂ ਵਿੱਚ ਰਹਿ ਕੇ ਜੀਵਨ ਦਾ ਰੱਥ ਵਧੀਆ ਖਿਚਦੇ ਰਹਿੰਣਗੇ। ਸੋ ਸਮੁੱਚੇ ਲੇਖ ਵਿੱਚ ਕਹਿਣ ਤੋਂ ਭਾਵ ਜੇ ਡਰਾਈਵਰ ਹੀ ਮਾਰ ਦਿੱਤੇ ਜਾਣ ਤਾਂ ਮੋਟਰ ਗੱਡੀਆਂ ਕਿਵੇਂ ਚੱਲਣਗੀਆਂ? ਇਵੇਂ ਹੀ ਜੇ ਚੰਗੀਆਂ ਇਛਾਵਾਂ, ਰੁਚੀਆਂ, ਕਾਮਨਾਵਾਂ, ਹਾਵ-ਭਾਵ ਬਿਰਤੀਆਂ ਵਾਲੇ ਪੰਜਾਂ ਬਲੀਆਂ ਨੂੰ ਖਤਮ ਕਰ ਦਿੱਤਾ ਤਾਂ ਜੀਵਨ ਦੀ ਗੱਡੀ ਰੁਕ ਜਾਵੇਗੀ, ਜੀਵਨ ਪੱਥਰ ਹੋ ਜਾਵੇਗਾ ਜੋ ਆਪ ਹਰਕਤ ਨਹੀਂ ਕਰ ਸਕਦਾ ਕਿਉਂਕਿ ਸਿਆਣਿਆਂ ਦਾ ਕਥਨ ਹੈ ਕਿ-ਹਰਕਤ ਵਿੱਚ ਹੀ ਬਰਕਤ ਹੈ। ਗੁਰਬਾਣੀ ਦਾ ਵੀ ਉਪਦੇਸ਼ ਹੈ ਕਿ ਮਾਰਨ ਦੀ ਬਜਾਏ “ਪੰਚੇ ਬਧੇ ਮਹਾਂਬਲੀ” (1192) ਬੱਧੇ ਭਾਵ ਗੁਰ ਸਿਖਿਆ ਦੀ ਲਗਾਂਮ ਦੇ ਕੇ ਕਾਬੂ (ਕੰਟਰੋਲ) ਵਿੱਚ ਬੰਨ੍ਹ (ਰੱਖ) ਲੈ ਹਨ। ਗੁਰਮਤਿ ਗੈਰ-ਕੁਦਰਤੀ ਸਾਧਨ, ਤਰੀਕੇ ਜਾਂ ਸਮਾਜ ਵਿਰੋਧੀ ਕਰਮਾਂ ਨੂੰ ਕੋਈ ਮਾਣਤਾ ਨਹੀਂ ਦਿੰਦੀ।




.