. |
|
ਹੁਣ ਤਾਂ ਪੰਥ ਜਾਗੇ
ਵਿਚਾਰ ਦਾ ਧਨੀ! ਅੱਜ ਵਿਚਾਰ ਤੋਂ ਕੋਰਾ ਕਿਉਂ?
ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ
ਮਿਸ਼ਨਰੀ ਲਹਿਰ 1956
ਸਿੱਖ ਧਰਮ ਕੇਵਲ ਤੇ ਕੇਵਲ ਸਾਹਿਬ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਅਤੇ
ਉਨ੍ਹਾਂ ਤੋਂ ਪ੍ਰਾਪਤ ਜੀਵਨ ਜਾਚ `ਤੇ ਆਧਾਰਿਤ ਧਰਮ ਹੈ। ਇਸ ਤੋਂ ਬਾਹਰ “ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ” ਜਾਂ ਗੁਰੂ ਲਈ ਕਿਸੇ ਵੀ ਗ੍ਰੰਥ ਜਾਂ ਵਿਅਕਤੀ ਨੂੰ ਬਰਾਬਰੀ ਦੇਣ ਤੇ ਇਧਰ ਓਧਰ ਝਾਕਣ ਜਾਂ ਮਨਣ
ਵਾਲਾ ਹੋਰ ਕੁੱਝ ਵੀ ਹੌਵੇ, ਪਰ ਉਹ ਗੁਰੂ ਨਾਨਕ, ਗੁਰੂ ਦਸਮੇਸ਼ ਜੀ ਦਾ ਸਿੱਖ ਨਹੀਂ ਹੋ ਸਕਦਾ।
ਸਿੱਖ ਧਰਮ, “ ਸ੍ਰੀ
ਗੁਰੂ ਗ੍ਰੰਥ ਸਾਹਿਬ” ਜੀ ਅੰਦਰ “ੴ “ਤੋਂ “ਤਨੁ ਮਨੁ ਥੀਵੈ ਹਰਿਆ” ਤੀਕ ਦਰਜ, ਗੁਰਬਾਣੀ ਗਿਆਨ
ਤੇ ਉਸ ਤੋਂ ਪ੍ਰਗਟ ਜੀਵਨ ਜਾਚ ਦਾ ਧਰਮ ਹੈ। ਇਸ ਦੇ ਬਾਵਜੂਦ ਅੱਜ ਲਗਭਗ ਸਾਰਾ ਪੰਥ ਗੁਰਬਾਣੀ ਗਿਆਨ
ਤੋਂ ਕੋਰਾ ਹੋਇਆ ਪਿਆ ਹੈ। ਇਸ ਲਈ ਜਦੋਂ ਅੱਜ ਸਿੱਖਾਂ ਅੰਦਰ ਆਪਣੇ ਗੁਰੂ-ਗੁਰਬਾਣੀ ਵਾਲਾ ਗਿਆਨ ਹੀ
ਨਹੀਂ; ਤਾਂ ਉਨ੍ਹਾਂ ਨੂੰ ਗੁਰਬਾਣੀ ਜੀਵਨ-ਜਾਚ ਤੇ ਆਪਣੇ ਸਦੀਵਕਾਲੀ ਜੁਗੋ ਜੁਗ ਅਟੱਲ ਗੁਰੂ ਦੀ
ਪਹਿਚਾਣ ਆਵੇਗੀ ਵੀ ਕਿਸ ਰਸਤੇ? ਉਹ ਸਿੱਖੀ ਨੂੰ ਕਮਾਉਣਗੇ ਵੀ ਤਾਂ ਕਿਵੇਂ? ਉਨ੍ਹਾਂ ਨੂੰ ਕਿਵੇਂ
ਸਮਝ ਆਵੇਗੀ ਕਿ “ਸਾਹਿਬ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ” ਜਿਸ ਗੁਰੂ ਦੀ ਪਹਿਚਾਣ ਕਰਵਾ ਰਹੇ ਹਨ, ਆਖਿਰ ਉਹ ਗੁਰੂ ਹੈ ਕੌਣ ਤੇ ਉਸ
ਗੁਰੂ ਦੀ ਪਹਿਚਾਣ ਤੇ ਵਿਸ਼ੇਸ਼ਤਾ ਕੀ ਹੈ? ਬੱਸ ਇਹੀ ਹੈ ਅੱਜ ਦਾ ਸਭ ਤੋਂ ਵੱਡਾ ਪੰਥਕ ਦੁਖਾਂਤ ਤੇ
ਇਕੋ ਇੱਕ ਪੰਥਕ ਮਸਲਾ।
ਗੁਰਬਾਣੀ ਸੋਝੀ ਤੋਂ ਅਣਜਾਣ ਮਨੁੱਖ ਨੂੰ ਸਮਝ ਹੀ ਨਹੀਂ ਆ ਸਕਦੀ ਕਿ ਸ਼ਬਦ
ਅਤੇ ਆਤਮਕ ਗੁਰੂ, ਜਿਸ ਦੀ ਗੱਲ “ਗੁਰੂ ਗ੍ਰੰਥ ਸਾਹਿਬ ਜੀ” ਕਰ ਰਹੇ ਹਨ ਉਸ ਦੀ ਪਹਿਚਾਣ ਹੈ
ਕੀ? ਦਰ ਅਸਲ ਉਹ ਸਤਿਗੁਰੂ ਜਨਮ ਮਰਣ ਤੋਂ ਰਹਿਤ, ਸਦੀਵੀ ਹੈ ਤੇ ਉਸ ਦੀ ਪਹਿਚਾਣ ਵੀ ਨਿਵੇਕਲੀ ਹੈ।
ਇਸੇ ਲਈ ਸਦੀਵ ਕਾਲ ਦਰਸ਼ੀ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਪਹਿਲੇ ਜਾਮੇ `ਚ ਇਸ ਕੰਮ ਨੂੰ ਅਰੰਭਿਆ ਤੇ
ਆਪਣੇ ਹੀ ਦਸਵੇਂ ਜਾਮੇ, ਕਲਗੀਧਰ ਜੀ ਦੇ ਰੂਪ `ਚ, ਜੋਤੀ ਜੋਤ ਸਮਾਉਣ ਤੋਂ ਕੇਵਲ ਇੱਕ ਦਿਨ ਪਹਿਲਾਂ,
ਇਸ `ਤੇ ਸੰਪੂਰਣਤਾ ਵਾਲਾ ਤਾਲਾ ਵੀ ਲਗਾ ਦਿੱਤਾ।
ਸਪਸ਼ਟ ਹੈ, ਗੁਰਦੇਵ ਨੇ ਇਹ ਇਸ ਲਈ ਕੀਤਾ ਤਾ ਕਿ ਇਸ ਤਰ੍ਹਾਂ ਕੋਈ ਵੀ ਮਨੁੱਖ
ਧੁਰ ਕੀ ਬਾਣੀ ਵਾਲੇ ਇਸ ਗ੍ਰੰਥ `ਚ ਵਾਧਾ-ਘਾਟਾ ਨਾ ਕਰ ਸਕੇ। ਦੂਜਾ-ਇਥੋਂ ਸਤਿਗੁਰੂ ਦੀ ਪਹਿਚਾਣ ਕਰ
ਲੈਣ ਵਾਲੇ ਮਨੁੱਖ ਨੂੰ ਵੀ ਇਧਰ ਓਧਰ ਨਾ ਭਟਕਣਾ ਪਵੇ। ਇਸ ਤਰ੍ਹਾਂ ਗੁਰਦੇਵ ਨੇ ਦਸ ਜਾਮੇ ਧਾਰਨ ਕਰ
ਕੇ ਰੱਬੀ ਗਿਆਨ, ਜੀਵਨ ਜਾਚ ਤੇ ਕਰਤਾਰ ਦੀਆਂ ਬਖ਼ਸ਼ਿਸ਼ਾਂ ਦੇ ਖਜ਼ਾਨੇ, “ ਸ੍ਰੀ
ਗੁਰੂ ਗ੍ਰੰਥ ਸਾਹਿਬ ਜੀ” ਨੂੰ ਸੱਚ ਧਰਮ ਦੇ ਪਾਂਧੀਆਂ ਲਈ ਸਦੀਵ ਕਾਲ ਲਈ ਸੰਸਾਰ `ਚ ਪ੍ਰਗਟ ਕਰ
ਦਿੱਤਾ।
ਭਾਰਤ `ਚ ਹਜ਼ਾਰਾਂ ਸਾਲਾਂ ਤੋਂ ਚਲਦੇ ਆ ਰਹੇ ਤੇ ਅੱਜ ਵੀ ‘ਗੁਰੂ ਪਦ’ ਬਾਰੇ
ਚੱਲ ਰਹੇ ਜਿਨੇਂ ਵੀ ਵਿਸ਼ਵਾਸ, ਪ੍ਰੀਭਾਸ਼ਾਵਾਂ ਜਾਂ ਅਰਥ ਹਨ। ਉਸ ਤੋਂ ਬਾਅਦ ਜਿਨ੍ਹਾਂ ਅਰਥਾਂ `ਚ
ਗੁਰੂ ਲਫ਼ਜ਼ ਨੂੰ ਗੁਰਬਾਣੀ `ਚ ਸਿੱਖ ਲਈ ਦਿੱਤਾ ਤੇ ਵਰਤਿਆ ਗਿਆ ਹੈ, ਉਨ੍ਹਾਂ ਤੋਂ ਬਿਲਕੁਲ ਨਿਵੇਕਲਾ
ਤੇ ਵੱਖਰਾ ਅਰਥ ਰਖਦਾ ਹੈ। ਇਸ ਤਰ੍ਹਾਂ ਜਿਸ ਗੁਰੂ ਦੇ ਲੜ ਸਿੱਖ ਨੂੰ ਲਗਾਇਆ ਹੈ, ਉਸ ‘ਗੁਰੂ ਪਦ’
ਦੇ ਅਰਥ ਤੇ ਪ੍ਰੀਭਾਸ਼ਾ ਵੀ ਗੁਰਬਾਣੀ `ਚੋਂ ਹੀ ਮਿਲੇਗੀ, ਬਾਹਰੋਂ ਢੂੰਡਣ ਵਾਲਾ ਕੁਰਾਹੇ ਹੀ ਪਵੇਗਾ।
ਇਹ ਵੀ ਜ਼ਰੂਰੀ ਹੈ ਕਿ ਸੋਧਿਆ ਤੇ ਨਿਰੋਲ ਗੁਰਬਾਣੀ ਜੀਵਨ ਜਾਚ `ਤੇ
ਆਧਾਰਿਤ, ਹਰੇਕ ਗੁਰੂ ਦਰ ਨਾਲ ਸਬੰਧਤ ਪ੍ਰਵਾਰ `ਚ-ਵੱਡਿਆਂ ਲਈ, ਬੱਚਿਆਂ ਲਈ ਉਪ੍ਰੰਤ ਛੋਟੇ ਤੇ
ਬਹੁਤ ਛੋਟੇ ਬੱਚਿਆ ਲਈ ਵੱਖ ਵੱਖ ਗੁਰਮੱਤ ਸਾਹਿਤ ( Litrature)
ਤਿਆਰ ਕਰ ਕੇ ਅਰੰਭ ਤੋਂ ਹੀ ਹਰੇਕ ਪ੍ਰਵਾਰ `ਚ ਪਹੁੰਚੇ। ਕੀ ਪੰਥ ਪਾਸ ਇਸ ਤਰ੍ਹਾਂ ਦਾ ਵੀ ਕੋਈ
ਪ੍ਰਬੰਧ ਹੈ? ਯਕੀਨਣ ਪੰਥ ਪਾਸ ਇਸ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਅਤੇ ਇਹੀ ਹੈ ਸਭ ਤੋਂ ਵੱਡੀ
ਪੰਥਕ ਘਾਟ।
ਸਪਸ਼ਟ ਹੈ, ਅਜਿਹਾ ਪ੍ਰਬੰਧ ਪੰਥ ਪਾਸ ਹੈ ਹੀ ਨਹੀਂ। ਜਦੋਂ ਪੰਥ ਦੀ ਸੋਚ ਹੀ
ਇਸ ਪਾਸੇ ਨਹੀਂ ਤਾਂ ਪ੍ਰਬੰਧ ਹੋਵੇਗਾ ਵੀ ਕਿਵੇਂ? ਆਖਿਰ ਕਦ ਤੀਕ ਇਸ ਤਰ੍ਹਾਂ ਚਲੇਗਾ? ਜੋ ਚੀਜ਼
ਪ੍ਰਵਾਰਾਂ `ਚ ਵੱਡਿਆਂ ਪੱਲੇ ਨਹੀਂ, ਬੱਚਿਆਂ ਲਈ ਤਾਂ ਗੱਲ ਹੀ ਮੁੱਕ ਜਾਂਦੀ ਹੈ। ਆਖਿਰ ਕੋਈ ਤਾਂ
ਢੰਗ ਹੋਵੇ ਜਿਸ ਨਾਲ ਪੰਥ ਦਾ ਵੱਡਾ ਤੇ ਬੱਚਾ ਭਾਵ ਹਰੇਕ ਪ੍ਰਾਣੀ ਗੁਰਬਾਣੀ ਦੇ ਟਕਸਾਲੀ ਗਿਆਨ ਨਾਲ
ਅਰੰਭ ਤੋਂ ਹੀ ਜੁੜ ਸਕੇ। ਜਦਕਿ ਪੰਥ ਕੋਲ, ਸਤਿਗੁਰਾਂ ਵਲੋਂ ਬਖ਼ਸ਼ੇ ਨਾ ਪੈਸੇ ਦੀ ਕਮੀ ਹੈ ਤੇ ਨਾ
ਸਾਧਨਾ ਦੀ। ਕਮੀ ਹੈ ਤਾਂ ਕੇਵਲ ਇਸ ਕਾਰਜ ਲਈ ਸੋਚ ਦੀ। ਇਸੇ ਤੋਂ ਪੰਥ ਦਾ ਭਵਿਖ ਵੀ ਖਤਰੇ `ਚ ਪਿਆ
ਹੋਇਆ ਹੈ।
ਕਰਮਕਾਂਡ ਦਿਮਾਗ ਨੂੰ ਬੰਦ ਕਰਦੇ ਹਨ। ਗੁਰਬਾਣੀ ਵਾਲਾ ਗਿਆਨ, ਦਿਮਾਗ਼
ਨੂੰ ਖੋਲਦਾ ਹੈ। ਦੋਨਾਂ ਦਾ ਜੋੜ ਨਹੀਂ ਬਲਕਿ ਦੋਵੇਂ ਇੱਕ ਦੂਜੀ ਤੋਂ ਵਿਰੋਧੀ ਰਹਿਣੀਆਂ ਹਨ।
ਗੁਰਮੱਤ-ਗੁਰਬਾਣੀ ਦਾ ਗਿਆਨ ਤੇ ਉਸ ਤੋਂ ਪੈਦਾ ਹੋਈ ਜੀਵਨ ਜਾਚ ਹੀ ਸਿੱਖ ਦੇ ਪਲ-ਪਲ ਦਾ ਜੀਵਨ ਹੈ
ਤੇ ਇਸੇ ਤੋਂ ਹੀ ਸਿੱਖ ਅਖਵਾਉਣ ਲਈ ਹੱਕਦਾਰ ਵੀ ਬਣੀ ਦਾ ਹੈ। ਇਸ ਦੇ ਰਾਹੀਂ ਹੀ ਸਿੱਖ ਦਾ ਜੀਵਨ
ਸਦਾਚਾਰਕ ਤੇ ਆਦਰਸ਼ਕ ਬਨਣਾ ਹੈ। ਗੁਰਬਾਣੀ ਜੀਵਨ ਜਾਚ ਤੋਂ ਹੀ ਸਿੱਖ ਪ੍ਰਵਾਰ `ਚ ਟਿਕਾਅ ਆਉਂਣਾ ਹੈ,
ਇਹ ਸਭ ਗੁਰਬਾਣੀ ਜੀਵਨ ਬਿਨਾ ਸੰਭਵ ਹੀ ਨਹੀਂ।
ਗੁਰੂ-ਗੁਰਬਾਣੀ ਤੋਂ ਪ੍ਰਾਪਤ ਜੀਵਨ ਜਾਚ ਅਨੁਸਾਰ ਜੀਵਿਆ ਮਨੁੱਖ ਹੀ ਸਮਾਜ,
ਦੇਸ਼ ਤੇ ਸੰਸਾਰ ਨੂੰ ਸ਼ਾਤੀ ਪ੍ਰਦਾਨ ਕਰ ਸਕਦਾ ਹੈ ਤੇ ਇਸੇ ਤੋਂ ਸਮਾਜ ਤੇ ਦੇਸ਼ ਨੂੰ ਤਾਕਤਵਰ ਵੀ ਬਣਾ
ਸਕਦਾ ਹੈ। ਗੁਰਬਾਣੀ ਗਿਆਨ ਤੇ ਉਸ ਦੀ ਕਮਾਈ ਤੋਂ ਪ੍ਰਗਟ ਜੀਵਨ ਹੀ ਸੰਸਾਰ ਭਰ ਦੀਆਂ ਸਮਸਿਆਂਵਾਂ ਦਾ
ਇੱਕ ਮਾਤ੍ਰ ਹੱਲ ਹੈ। ਇਸ ਲਈ ਇਸ ਸਾਰੇ `ਚ ਅੱਜ ਜੇਕਰ ਕੋਈ ਵੱਡਾ ਅੜਿਕਾ ਤੇ ਰੁਕਾਵਟ ਹੈ ਤੇ ਉਹ
ਪੰਥ ਅੰਦਰ ਗੁਰਬਾਣੀ ਵਿਚਾਰਧਾਰਾ ਦੇ ਪ੍ਰਚਾਰ ਲਈ ਯੋਗ ਪ੍ਰਬੰਧ ਦਾ ਨਾ ਹੋਣਾ। ਕੀ ਇਸ ਦਾ ਹੱਲ ਕਢਣਾ
ਅਤੇ ਇਹ ਜ਼ਿੰਮੇਵਾਰੀ ਪੂਰੇ ਪੰਥ ਦੀ ਨਹੀਂ?
ਕੀ ਇਸੇ ਪੰਥਕ ਲਾਪ੍ਰਵਾਹੀ ਦਾ ਖੁਮਿਆਜ਼ਾ, ਹਰੇਕ ਸਿੱਖ ਤੇ ਗੁਰੂ ਦਰ ਦਾ
ਸ਼੍ਰਧਾਲੂ, ਉਪ੍ਰੰਤ ਉਨ੍ਹਾਂ ਦੇ ਪ੍ਰਵਾਰ, ਸਮਾਜ ਤੇ ਪੂਰਾ ਸੰਸਾਰ ਨਹੀਂ ਭੋਗ ਰਿਹਾ? ਜੇ ਸਮਝਦੇ ਹਾਂ
ਕਿ ਸਚਾਈ ਇਹੀ ਹੈ ਤਾਂ ਇਸ ਦੇ ਲਈ ਜ਼ਿੰਮੇਵਾਰ ਕੌਣ ਹੈ? ਕੀ ਇਸ ਤਰ੍ਹਾਂ ਅੱਜ ਅਸੀਂ ਸਿੱਖ ਅਖਵਾ ਕੇ
ਵੀ ਆਪਣੇ ਤੇ ਆਪਣੇ ਗੁਰੂ ਨਾਲ ਧਰੋਅ ਤਾਂ ਨਹੀਂ ਕਮਾ ਰਹੇ? ਕੀ ਇਹ ਅਮਾਨਤ `ਚ ਖਿਆਣਤ ਤਾਂ ਨਹੀਂ?
ਦਰ ਅਸਲ ਗੁਰੂ ਵੱਲੋਂ ਅੱਜ ਪੰਥ ਇਸੇ ਦੀ ਸਜ਼ਾ ਨੂੰ ਭੋਗ ਹੀ ਰਿਹਾ ਹੈ।
ਕੀ ਅੱਜ ਸਾਰੀ ਕੌਮ ਤੇ ਖਾਸ ਕਰ ਸਿੱਖ ਦੀ ਜਨਮਭੂਮੀ ਪੰਜਾਬ ਦਾ ਨਸ਼ਿਆਂ ਤੇ
ਜੁਰਮਾਂ `ਚ ਡੁੱਬੇ ਹੋਣਾ, ਫ਼ਹਸ਼ ਤੇ ਲੱਚਰ ਗੀਤਾਂ ਤੇ ਪਤਿਤ ਗਾਇਕਾਂ ਦੀ ਭਰਮਾਰ, ਸਿੱਖੀ `ਚ ਘੁਸ
ਪੈਠ ਕਰ ਚੁੱਕੇ ਬੇਅੰਤ ਡੇਰੇ ਤੇ ਦੰਭੀ ਗੁਰੂਆਂ ਦੀਆਂ ਡਾਰਾਂ, ਅਣਮਤੀਆਂ ਤੇ ਖਾਸ ਕਰ ਬ੍ਰਾਹਮਣੀ
ਕਰਮ-ਕਾਂਡਾ ਦਾ ਬੋਲ ਬਾਲਾ, ਪੂਰੀ ਤਰ੍ਹਾਂ ਬ੍ਰਾਹਮਣੀ ਜਾਲ `ਚ ਫ਼ਸ ਚੁੱਕਾ ਅਜੋਕਾ ਸਿੱਖ, ਅਜੋਕੀ
ਸਿੱਖ ਜੁਆਨੀ ਦਾ ਗ਼ੈਰਾਂ ਦੇ ਹੱਥਾਂ `ਚ ਖੇਡਣਾ ਤੇ ਜੰਮਾਂਦਰੂ ਧਰਮ (ਸਿੱਖ ਧਰਮ) ਨੂੰ ਤਿਲਾਂਜਲੀ
ਦੇਣਾ, ਚਾਰੇ ਪਾਸੇ ਪਤਿਤਪੁਣੇ ਦੀਆਂ ਕਤਾਰਾਂ: ਸਿੱਖ ਬੱਚੀਆਂ ਦਾ ਗ਼ੈਰ ਸਿੱਖਾਂ ਵੱਲ ਤੇ ਸਿੱਖ
ਬੱਚਿਆਂ ਦਾ ਗ਼ੈਰ ਸਿੱਖ ਬੱਚੀਆਂ ਵੱਲ ਝੁਕਾਅ, ਸਿੱਖ ਬੱਚੀਆਂ ਦੀ ਭਰੂਣ ਹੱਤਿਆ, ਪੰਥ `ਚ ਵਹਿਮਾਂ
ਭਰਮਾਂ ਦੀ ਭਰਮਾਰ ਇਹ ਤੇ ਅਜਿਹੇ ਅਨੇਕਾਂ ਪੰਥਕ ਘਾਟੇ, ਕੀ ਇਸ ਸਾਰੇ ਦਾ ਮੁਖ ਕਾਰਨ ਸਿੱਖ ਧਰਮ ਦੇ
ਅਜੋਕੇ ਪ੍ਰਚਾਰ ਦਾ ਗੁਰਬਾਣੀ ਗਿਆਨ ਵਿਹੂਣਾ ਤੇ ਨਿਰੋਲ ਕਰਮਕਾਂਡੀ ਹੋ ਜਾਣਾ ਨਹੀਂ?
(ੳ) ਗੁਰਦੇਵ ਹਰਦੁਆਰ, ਕੁਰਖੇਤ੍ਰ, ਜਗਨਨਾਥ ਪੁਰੀ, ਪ੍ਰਯਾਗ, ਬਨਾਰਸ,
ਮਥੁਰਾ-ਬਿੰਦ੍ਰਾਬਨ, ਮੱਕਾ ਮਦੀਨਾ ਭਾਵ ਹਰ ਪਾਸੇ ਗਏ। ਲਖਾਂ ਦੇ ਇਕੱਠਾਂ `ਚ ਲੋਕਾਈ ਨੂੰ ਸੁਚੇਤ
ਕੀਤਾ ਕਿ ਜਿਸ ਨੂੰ ਤੁਸੀਂ ਧਰਮ ਮੰਨ ਕੇ ਕਰ ਰਹੇ ਹੋ, ਕੋਰੇ ਕਰਮਕਾਂਡ ਹਨ। ਇਸ ਤਰ੍ਹਾਂ ਤੁਹਾਡੇ
ਜੀਵਨ `ਚ ਹਉਮੈ, ਵਿਕਾਰ ਵਧ ਤਾਂ ਸਕਦੇ ਹਨ ਪਰ ਆਤਮਕ ਗੁਣ ਪ੍ਰਵੇਸ਼ ਨਹੀਂ ਕਰ ਸਕਦੇ। ਬਲਕਿ ਧਰਮ ਦੇ
ਆਗੂਆਂ ਨੂੰ ਵੀ ਇਸੇ ਗਲੋਂ ਝੰਜੋੜਿਆ, ਗੁਰਦੇਵ ਨੇ ਉਨ੍ਹਾਂ ਦਾ ਵੀ ਲਿਹਾਜ਼ ਨਹੀਂ ਕੀਤਾ ਜਿਵੇਂ “ ਪਡੀਆ
ਕਵਨ ਕੁਮਤਿ ਤੁਮ ਲਾਗੇ॥ ਬੂਡਹੁਗੇ ਪਰਵਾਰ ਸਕਲ ਸਿਉ ਰਾਮੁ ਨ ਜਪਹੁ ਅਭਾਗੇ”
(ਪੰਨਾ
੧੧੦੨)।
ਦੂਜੇ ਪਾਸੇ ਅਜੋਕੇ ਸਿੱਖ ਤੇ ਸਿੱਖ ਧਰਮ ਦੇ ਆਗੂ
ਕਿੱਥੇ ਖੜੇ ਹਨ?
ਕੀ ਅਜੋਕੇ ਕੀਰਤਨ ਦਰਬਾਰ, ਗੁਰਪੁਰਬ ਮਨਾਉਣੇ, ਸ਼ਤਾਬਦੀਆਂ, ਚੇਤਨਾ ਮਾਰਚ,
ਜਾਗ੍ਰਿਤੀ ਯਾਤ੍ਰਾਵਾਂ, ਨਿੱਤ ਮੀਟੱਗਾਂ, ਸੈਮੀਨਾਰ, ਕਨਵੈਣਸ਼ਨਾਂ ਇਹ ਸਾਰੇ ਉਸੇ ਤਰ੍ਹਾਂ ਦੇ ਕਰਮ
ਕਾਂਡ ਨਹੀਂ ਹਨ? ਕੀ ਇਹ ਸਾਰੇ ਕਰਮ, ਕੌਮ ਦੇ ਪੈਸੇ ਤੇ ਤਾਕਤ ਨਾਲ ਮਜ਼ਾਕ ਕਰਣਾ ਨਹੀਂ ਤਾਂ ਇਨ੍ਹਾਂ
ਨੂੰ ਹੋਰ ਕੀ ਕਹਾਂਗੇ?
ਦਰ ਅਸਲ ਇਨ੍ਹਾਂ ਬਦਲੇ ਅਜਿਹੇ ਪ੍ਰੋਗਰਾਮ ਉਲੀਕਣ ਦੀ ਲੋੜ ਸੀ ਜਿਨ੍ਹਾਂ
ਅੰਦਰ ਸਮੂਚੀ ਮਾਨਵਤਾ, ਸਮਾਜ ਤੇ ਦੇਸ਼ ਪੱਧਰ ਦੀਆਂ ਸਮਸਿਆਂਵਾਂ ਦਾ ਹੱਲ ਵੀ ਹੋਵੇ ਅਤੇ ਉਨ੍ਹਾਂ
ਪ੍ਰੋਗਰਾਮਾਂ ਦੀ ਸਿੰਚਾਈ ਗੁਰਬਾਣੀ ਗਿਆਨ ਤੇ ਜੀਵਨ ਨਾਲ ਹੋ ਰਹੀ ਹੋਵੇ, ਤਾ ਕਿ ਅਜਿਹੇ ਤਿਆਰ ਹੋ
ਰਹੇ ਹਰੇਕ ਮਨੁੱਖ `ਚ ਆਦਰਸ਼ਕ ਉੱਚਤਾ, ਨਿਰਮਾਣਤਾ ਤੇ ਆਤਮਕ ਗੁਣਾਂ ਦਾ ਵਾਸਾ ਵੀ ਮਿਲੇ।
ਜਿਸ ਕੌਮ `ਚ ਕਦੇ ਇੱਕ ਵੀ ਟਾਊਟ ਨਹੀਂ ਸੀ ਮਿਲਦਾ, ਅੱਜ ਉਸੇ ਕੌਮ `ਚ
ਬੜੇ-ਬੜੇ ਪ੍ਰਭਾਵ ਸ਼ਾਲੀ ਸਿੱਖੀ ਸਰੂਪ `ਚ ਬੈਠੇ ਲੋਕ ਵੀ, ਸੰਸਾਰ ਪੱਧਰ ਦੇ ਇਕੋ ਇੱਕ ਗੁਰੂ “ਸਾਹਿਬ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੀ ਸਰਬਉੱਚਤਾ ਨੂੰ ਵੰਗਾਰਣ `ਚ, ਦੂਜਿਆਂ ਦੇ ਟਾਉਣ ਬਣ ਕੇ, ਕੌਮ
ਦੇ ਅੰਦਰ ਹੀ ਇਸ ਤਰ੍ਹਾਂ ਹਰਲ-ਹਰਲ ਕਰ ਰਹੇ ਹਨ ਕਿ ਉਨ੍ਹਾਂ ਪਹਿਚਾਣ ਆਉਣੀ ਵੀ ਸੰਭਵ ਨਹੀਂ।
ਉਪ੍ਰੰਤ ਇਸ ਕੌਮ ਮਾਰੂ ਕਰਮ ਲਈ ਭੰਬਲ ਭੂਸੇ `ਚ ਪਾ ਕੇ, ਵ੍ਰਗਲਾਅ ਕੇ ਤੇ ਜਜ਼ਬਾਤੀ ਬਣਾ ਕੇ ਵਰਤਿਆ
ਜਾ ਰਿਹਾ ਹੈ ਅਜੋਕੀ ਗੁਰਬਾਣੀ ਗਿਆਨ ਵਿਹੂਣੀ ਤੇ ਗੁਰਬਾਣੀ ਜੀਵਨ ਤੋਂ ਦੂਰ ਜਾ ਚੁੱਕੀ ਸਿੱਖ ਪਨੀਰੀ
ਨੂੰ।
ਕੀ ਇਸ ਸਾਰੇ ਦਾ ਕਾਰਨ ਸਿੱਖੀ ਦਾ ਸ਼ੋਸ਼ਣ ਤੇ ਸਿੱਖੀ ਜੀਵਨ ਦਾ ਕਰਮ ਕਾਂਡੀ
ਸਿੱਖੀ `ਚ ਬਦਲ ਜਾਣਾ ਤਾਂ ਨਹੀਂ? ਸਚਾਈ ਹੈ ਕਿ ਅੱਜ ਸਿੱਖ ਧਰਮ ਦਾ ਸਾਰਾ ਪ੍ਰਚਾਰ ਢੰਗ ਨਿਰੋਲ ਕਰਮ
ਕਾਂਡੀ ਤੇ ਭੇਡਚਾਲ ਹੀ ਬਣ ਕੇ ਰਹਿ ਚੁੱਕਾ ਹੈ, ਪਰ ਕਿਉਂ? ਕੀ ਇਸ ਦਾ ਜ਼ਿੰਮੇਵਾਰ ਖੁਦ ਪੰਥ ਹੀ ਤਾਂ
ਨਹੀਂ? ਜੇ ਅਜਿਹਾ ਨਹੀਂ, ਤਾਂ ਦਸਿਆ ਜਾਵੇ ਕਿ ਇਸ ਦੇ ਲਈ ਜ਼ਿੰਮੇਵਾਰ ਹੋਰ ਕੌਣ ਲੋਕ ਹਨ?
ਕੀ ਦਸਾਂ ਜਾਮਿਆਂ `ਚ ੨੩੯ ਸਾਲ ਲਗਾ ਕੇ ਤੇ ਬੇਅੰਤ ਤਸੀਹੇ ਝੱਲ ਕੇ ਗੁਰੂ
ਪਾਤਸ਼ਾਹ ਨੇ ਜਿਸ ਜੀਵਨ ਜਾਚ ਨੂੰ ਕੇਵਲ ਆਪਣੇ ਦੇਸ਼ `ਚ ਨਹੀਂ ਬਲਕਿ ਕਾਬੁਲ, ਕੰਧਾਰ, ਬਲੋਚਿਸਤਾਨ,
ਅਫ਼ਗਾਨਿਸਤਾਨ, ਇਰਾਨ, ਬ੍ਰਹਮਾ, ਚੀਨ, ਰੂਸ, ਤਿਬਤ, ਸੁਮੇਰ ਪਰਬਤ ਦੀਆਂ ਬਰਫ਼ਾਨੀ ਚੋਟੀਆਂ ਤੇ ਪਤਾ
ਨਹੀਂ ਕਿੱਥੇ ਕਿੱਥੇ ਜਾ ਕੇ ਸੀਂਚਿਆ ਸੀ, ਕੀ ਉਸ ਸਾਰੇ ਤੇ ਹੂੰਝਾ ਫ਼ੇਰਣ ਦਾ ਜ਼ਿੰਮੇਵਾਰ ਸਾਡਾ
ਅਜੋਕਾ ਕਰਮਕਾਂਡੀ ਜੀਵਨ, ਕਰਮਕਾਂਡੀ ਪ੍ਰਚਾਰ ਤੇ ਕਰਮਕਾਂਡੀ ਗੁਰਦੁਆਰਾ ਪ੍ਰਬੰਧ ਹੀ ਤਾਂ ਨਹੀਂ?
ਯਕੀਨਣ ਇਸ ਦੇ ਲਈ ਇਹੀ ਸਾਰੇ ਜ਼ਿੰਮੇਵਾਰ ਹਨ, ਫ਼ਿਰ ਕਦੋਂ ਤੇ ਕਿਵੇਂ ਸੰਭਲਾਂਗੇ?
(ੳ) ਗੁਰਪੁਰਬਾਂ ਸਮੇਂ ਖਾਣ ਪੀਣ ਦੇ ਸਟਾਲਾਂ ਵਾਲੀ ਭੇਡਚਾਲ; ਸੜਕਾਂ ਤੇ
ਲੁਟਾਏ ਜਾ ਰਹੇ ਫਲ-ਫਰੂਟ, ਬਿਨਾ ਲੋੜ ‘ਮਿੱਠੀਆਂ ਛਬੀਲਾਂ’ ; ਇਹ ਸਭ ਪੰਥਕ ਤਾਕਤ ਤੇ ਪੈਸੇ ਨਾਲ
ਮਜ਼ਾਕ ਨਹੀਂ ਤਾਂ ਹੋਰ ਕੀ ਹਨ? ਕੀ ਅਜਿਹੀਆਂ ਸੇਵਾਵਾਂ ਨੂੰ ਨਿਯਮਤ ਕਰਣ ਦੀ ਲੋੜ ਨਹੀਂ?
(ਅ) ਕੀ ਅਜਿਹੇ ਬੇ ਸਿਰ ਪੈਰ ਦੇ ਖਰਚਿਆਂ ਨੂੰ ਲਗ਼ਾਮ ਦੇ ਕੇ, ਦੂਜਿਆਂ ਦੇ
ਹੱਥਾਂ `ਚ ਰੁਲ ਰਹੀ ਸਿੱਖ ਪਨੀਰੀ ਲਈ ਹਰ ਸਾਲ ਨਵੇਂ ਪ੍ਰਾਜੈਕਟ ਨਹੀਂ ਦਿੱਤੇ ਜਾ ਸਕਦੇ? ਜਦਕਿ
ਪਨੀਰੀ ਲਈ ਗੁਰਮੱਤ ਪੜ੍ਹਾਈ ਆਧਾਰਿਤ ਮਦਦ ਕਰ ਕੇ ਉੱਚ ਵਿਦਿਆ, IAS,
IFS, ਇੰਜੀਨੀਅਰਿੰਗ ਟੈਕਨੀਕਲ ਤੇ ਸਮੇਂ
ਅਨੁਸਾਰ ਹੋਰ ਬਹੁਤੇਰੇ ਕੋਰਸ ਵੀ ਕਰਵਾਏ ਜਾ ਸਕਦੇ ਹਨ। ਪਰ ਇਸ ਪਾਸਿਓਂ ਕੁੰਭਕਰਣੀ ਨੀਂਦ `ਚ ਘੂਕ
ਸੁੱਤਾ ਪੰਥ ਜਾਗੇਗਾ ਕਦੋਂ? ਜਾਗੇਗਾ ਵੀ ਕਿ ਨਹੀਂ ਜਾਗੇਗਾ?
ਗੁਰਦੁਆਰਿਆਂ ਦਾ ਮੂਲ ਧਰਮਸ਼ਾਲਾਵਾਂ ਹੀ ਹਨ। ਅੱਜ ਕੌਮ ਪਾਸ ਜਿਨੇਂ
ਗੁਰਦੁਆਰੇ ਹਨ ਉਨ੍ਹਾਂ ਨੂੰ ਵਾਪਿਸ ਧਰਮਸ਼ਾਲਾਵਾਂ `ਚ ਬਦਲਣ ਦੀ ਲੋੜ ਹੈ। ਇਸ ਤਰ੍ਹਾਂ ਕੌਮੀ
ਸਮਸਿਆਵਾਂ ਦਾ ਸੁਲਝੇ ਢੰਗਾਂ ਨਾਲ ਸਮਾਧਾਨ ਵੀ ਕੀਤਾ ਜਾ ਸਕਦਾ ਹੈ। ਜੇ ਸਾਰੀਆਂ ਨਹੀਂ ਤਾਂ ਅਰੰਭ
`ਚ ਪੰਥਕ ਪੱਧਰ `ਤੇ ਗੁਰਬਾਣੀ ਸੋਝੀ ਵਲੋਂ ਆ ਚੁੱਕੀ ਅਗਿਆਣਤਾ, ਬੇਰੁਜ਼ਗਾਰੀ, ਆਪਸੀ ਖਿਚਾਤਾਣੀ,
ਗ਼ਰੀਬੀ, ਨੂੰ ਤਾਂ ਠੱਲ ਪਾਈ ਜਾ ਸਕਦੀ ਹੈ। ਇਸ ਤਰ੍ਹਾਂ ਜੇ ਗੁਰੂ ਕਾ ਸਿੱਖ ਆਪ ਰੱਜਿਆ ਹੋਵੇਗਾ ਤਾਂ
ਬਹੁਤ ਜਲਦੀ ਦੇਸ਼ ਤੇ ਸੰਸਾਰ `ਚ ਵੀ ਅਜਿਹੀਆਂ ਸਮਸਿਆਂਵਾਂ ਦੇ ਹੱਲ ਲਈ ਅੱਗੇ ਵਧ ਸਕਦਾ ਹੈ।
(ੳ) ਇਹ ਵੀ ਕੌਮ ਦਾ ਵੱਡਾ ਦੁਖਾਂਤ ਹੈ ਕਿ ਅੱਜ ਸਾਡੇ ਗੁਰਪੁਰਬ
ਮਨਾਉਣੇ ਕੇਵਲ ‘ਪੰਥਕ ਮੇਲੇ’, ਨਗਰ ਕੀਰਤਨ “ਸਿੱਖਾਂ ਦੇ ਜਲੂਸ” ਅਤੇ ਪ੍ਰਭਾਤ ਫੇਰੀਆਂ, `ਚਾਹ
ਫੇਰੀਆਂ’ ਹੀ ਬਣ ਕੇ ਰਹਿ ਗਈਆਂ ਹਨ। ਇਸ ਲਈ ਜੇਕਰ ਘਟੋਘਟ ਹਰੇਕ:-
ਗੁਰਦੁਆਰੇ ਨਾਲ ਸਬੰਧਤ ਗੁਰਦੁਆਰਾ ਕਮੇਟੀ ਅਤੇ ਖੇਤ੍ਰੀ ਕਮੇਟੀਆਂ; ਇਨ੍ਹਾਂ
ਮੁੱਢਲੀਆਂ ਸੇਵਾਂਵਾਂ ਨੂੰ ਹੀ, ਗੁਰਬਾਣੀ ਸੇਧ `ਚ ਨਿਯਮਿਤ ਕਰਣ ਲਈ ਦ੍ਰਿੜ ਸੰਕਲਪ ਹੋ ਜਾਣ। ਇਸ
ਤਰ੍ਹਾਂ ਘਟ ਤੋਂ ਘਟ ਸਮੂਚਾ ਪੰਥ ਜੇਕਰ ਇਨੇਂ ਕੰਮ ਨੂੰ ਹੀ ਯੋਗ ਢੰਗ ਨਾਲ ਤੇ ਨਿਰੋਲ ਗੁਰਬਾਣੀ
ਪ੍ਰਚਾਰ-ਪ੍ਰਸਾਰ ਦਾ ਹਿੱਸਾ ਬਣਾ ਲਵੇ ਤਾਂ ਵੀ ਪੰਥਕ ਪੱਧਰ `ਤੇ ਬਹੁਤ ਜਲਦੀ ਸੁਧਾਰ ਆ ਸਕਦਾ ਹੈ।
ਸੰਗਮਰਮਰ ਦੀਆਂ ਗੁਰਦੁਆਰਾ ਇਮਾਰਤਾਂ ਵਾਲਾ ਰੁਝਾਣ, ਕੌਮ ਲਈ ਵੱਡਾ
ਘਾਤਕ ਹੈ। ਇਸ ਨਾਲ ਤਾਂ ਇਤਿਹਾਸਕ ਗੁਰਦੁਆਰਿਆਂ `ਚੋਂ ਸਾਡੀ ਵਿਰਾਸਤ ਵੀ ਅਲੋਪ ਹੋ ਰਹੀ ਹੈ। ਇਹ ਵੀ
ਸੱਚ ਹੈ ਕਿ ਸੰਗਮਰਮਰ ਕਿਧਰੇ ਨਹੀਂ ਜਾ ਰਿਹਾ ਤੇ ਦੋ ਸੌ ਸਾਲ ਬਾਅਦ ਵੀ ਮਿਲ ਜਾਏਗਾ। ਦੂਜੇ ਪਾਸੇ
ਕੌਣ ਜ਼ਿੰਮੇਵਾਰੀ ਲੈ ਸਕਦਾ ਹੈ ਕਿ ਅੱਜ ਭੇਡਚਾਲ ਦਾ ਸ਼ਿਕਾਰ ਜੋ ਸਿੱਖ ਨੌਜੁਆਨ ਬੱਚੇ-ਬੱਚੀਆਂ ਪਤਿਤ
ਹੋ ਰਹੇ ਹਨ, ਕਿ ਉਹ ਫ਼ਿਰ ਤੋਂ ਕੌਮ `ਚ ਵਾਪਿਸ ਆ ਜਾਣ ਗੇ? ਕੀ ਕੌਮ ਨੂੰ ਇਸ ਪਾਸੇ ਧਿਆਣ ਦੇਣ ਦੀ
ਲੋੜ ਨਹੀਂ? ਕੀ ਅਜੋਕਾ ਰੁਝਾਣ ਕੌਮ ਨੂੰ ਸੰਗਮਰਮਰ ਹੇਠ ਦਫ਼ਨਾਉਣਾ ਤੇ ਸਿੱਖ ਵਿਰਾਸਤ ਨੂੰ ਖੱਤਮ ਕਰਣ
ਵੱਲ ਕੋਈ ਅਣਡਿਠਾ ਕਦਮ ਤਾਂ ਨਹੀਂ? ਕੀ ਇਸ ਪਿਛੇ ਕਿਸੇ ਵਿਰੋਧੀ ਅਜੰਸੀ ਜਾਂ ਅਜੰਸੀਆਂ ਦੀ
ਕੁਟਲਨੀਤੀ ਤਾਂ ਕੰਮ ਨਹੀਂ ਕਰ ਰਹੀ?
(ੳ) ਸਮੇਂ ਸਥਾਨ ਦੀ ਲੋੜ ਤੇ ਲੋਕਾਂ ਚੋਂ ਊਚ-ਨੀਚ, ਵਰਣ-ਵੰਡ,
ਜਾਤ-ਪਾਤ ਦੇ ਕੋੜ੍ਹ ਨੂੰ ਕਢਣ ਲਈ ਪਾਤਸ਼ਾਹ ਨੇ ਸਰੋਵਰ ਬਣਵਾਏ ਸਨ। ਕੀ ਅੱਜ ਬਣ ਰਹੇ ਬੇਲੋੜੇ
ਸਰੋਵਰਾਂ, ਸੋਨੇ ਦੇ ਕਲਸਾਂ, ਸੰਗਮਰਮਰ ਦੀਆਂ ਗੁਰਦੁਆਰਾ ਇਮਾਰਤਾਂ, ਸੋਨੇ ਦੀਆਂ ਪਾਲਕੀਆਂ ਆਦਿ
ਬਾਰੇ ਸਾਨੂੰ ਸਮਝ ਉਦੋਂ ਹੀ ਆਵੇਗੀ ਜਦੋਂ ਕੌਮ ਦਾ ਭੋਗ ਹੀ ਪੈ ਚੁੱਕਾ ਹੋਵੇਗਾ?
(ਅ) ਇਸਾਈ ਆਪਣੇ ਕੋਲ ਬੇਅੰਤ ਤੇ ਅਨੰਤ ਸਾਧਨ ਹੋਣ ਦੇ ਬਾਵਜੂਦ, ਅੱਜ ਵੀ
ਇੱਟਾਂ ਦੀਆਂ ਚਰਚਾਂ ਤੇ ਸਕੂਲ ਬਣਾ ਰਹੇ ਹਨ। ਬਦਲੇ `ਚ ਸੰਸਾਰ ਨੂੰ ਦੇ ਚੁੱਕੇ ਹਨ
6500 ਭਾਸ਼ਾਵਾਂ `ਚ
ਬਾਈਬਲ ਸਮੇਤ ਬਿਨਾ ਭੇਟਾ ਇਸਾਈ ਮੱਤ ਦਾ ਟੱਕਸਾਲੀ ਤੇ ਬੇਸ਼ੁਮਾਰ ਲਿਟ੍ਰ੍ਰੇਚਰ।
(ੲ) ਦੂਜੇ ਪਾਸੇ, ਸਾਡੇ ਛੱਪ ਰਹੇ ਮੁੱਠੀ ਭਰ ਸਾਹਿਤ
(Litrature) `ਚ ਵੀ
ਬਹੁਤਾ ਊਟ-ਪਟਾਂਗ ਤੇ ਸਾਨੂੰ ਹੀ ਤੱਬਾਹ ਕਰਣ ਤੇ ਕੌਮ ਨੂੰ ਅਨਮੱਤੀ ਜ਼ਹਿਰ ਪਿਲਾਉਣ ਵਾਲਾ ਹੁੰਦਾ
ਹੈ। ਕਿਉਂਕਿ ਇਥੇ ਵੀ ਸੁਆਲ ਚੌਧਰ, ਆਪਣੇ ਨਾਮ ਜਾਂ ਟਾਉਟਪੁਣੇ ਦਾ ਹੀ ਹੁੰਦਾ ਹੈ, ਪੰਥਕ ਸੰਭਾਲ ਦਾ
ਨਹੀਂ।
(ੳ) ਗੁਰਦੇਵ ਰਾਹੀਂ ਕੌਮ ਨੂੰ ਬਖਸ਼ੀ ਬੇਅੰਤ ਸ਼ਰਧਾ ਸ਼ਕਤੀ ਤੇ ਪੰਥਕ
ਸੰਭਾਲ ਲਈ ਅਰੰਭ ਕੀਤੀ ਦਸਵੰਧ ਪ੍ਰਥਾ, ਕੀ ਪੰਥਕ ਵਾਧੇ ਲਈ ਪੰਥ ਦੀ ਅਮਾਨਤ ਨਹੀਂ? ਜਾਂ ਬਿਨਾ ਲੋੜ
ਇੱਕ ਤੋਂ ਵਧ ਦੂਜੇ ਕੀਮਤੀ ਰੁਮਾਲਿਆਂ, ਕੜਾਹਪ੍ਰਸ਼ਾਦਿ, ਅਖੰਡਪਾਠਾਂ, ਬਿਨਾ ਲੋੜ ਲੰਗਰਾਂ, ਇੱਕ ਇੱਕ
ਇਲਾਕੇ `ਚ ਛੇ-ਛੇ ਗੁਰਦੁਆਰਾ ਇਮਾਰਤਾਂ `ਤੇ ਖਰਚਣ ਲਈ ਹੈ? ਜਾਂ ਫ਼ਿਰ ਉਸ ਤੋਂ ਵਧ ਨਿਜੀ ਚੌਧਰ ਦੀ
ਭੁੱਖ ਨੂੰ ਸ਼ਾਂਤ ਕਰਣ ਲਈ ਕਚਿਹਰੀਆਂ ਤੇ ਵਕੀਲਾਂ `ਤੇ ਉਜਾੜਣ ਲਈ ਹੈ?
(ਅ) ਕੀ ਇਸ ਸ਼ਰਧਾ ਤੇ ਦਸਵੰਧ ਸ਼ਕਤੀ ਨੂੰ ਗੁਰਦੁਆਰਿਆਂ ਤੋਂ ਬਾਹਰ ਹੋ ਕੇ
ਪੰਥ ਲਈ ਉਸਾਰੂ ਪ੍ਰਾਜੈਕਟ ਚਲਾਉਣ, ਪਨੀਰੀ ਨੂੰ ਰੁਜ਼ਗਾਰ ਦੇ ਕੇ ਉਨ੍ਹਾਂ ਦੀ ਸੰਭਾਲ ਕਰਣ ਤੇ
ਪ੍ਰਵਾਰ ਪੱਧਰ `ਤੇ ਘਰ ਘਰ `ਚ ਗੁਰਮੱਤ ਪਹੁੰਚਾਉਣ ਵਰਗੇ ਕਾਰਜਾਂ `ਤੇ ਨਹੀਂ ਵਰਤਿਆ ਜਾ ਸਕਦਾ?
ਸ਼ੱਕ ਨਹੀਂ, ਗੁਰਦੁਆਰਿਆਂ ਦੇ ਪ੍ਰਬੰਧ ਲਈ ਚੋਣਾਂ ਵਾਲਾ ਢੰਗ
(Election System),
ਘਟੀਆ ਰਾਜਸੀ ਆਗੂਆਂ ਲਈ ਵਧੀਆ ਪਉੜੀ ਹੈ। ਇਸ ਤੋਂ ਪਹਿਲਾਂ ਕਿ ਇਹ ਖੂਨੀ ਰਾਖਸ਼ ਸਮੁਚੀ ਕੌਮ ਨੂੰ ਹੀ
ਨਿਗ਼ਲ ਜਾਵੇ, ਸੰਭਲਣ ਤੇ ਇਸ ਦਾ ਬਦਲ ਲਾਗੂ ਕਰਣ ਦੀ ਲੋੜ ਹੈ। ਹੋਰ ਨਹੀਂ ਤਾਂ ਇਸ ਰਾਖਸ਼ ਦੇ ਵਿਕਰਾਲ
ਰੂਪ ਨੂੰ ਨਜ਼ਰ `ਚ ਰਖਦੇ ਹੋਏ ਖੇਤ੍ਰੀ ਗੁਰਦੁਆਰਿਆਂ `ਚ ਤਾਂ ਇਸ ਢੰਗ ਨੂੰ ਇੱਕ ਦੱਮ ਬਦਲਿਆ ਜਾ
ਸਕਦਾ ਹੈ। ਉਂਜ ਵੀ ਪੰਥਕ ਸੰਭਾਲ ਤੇ ਫੈਲਾਅ ਵਾਲੀ ਮੁਖ ਲੋੜ ਲਈ ਚੌਣਾਂ (Election)
ਵਾਲਾ ਰਸਤਾ, ਸਾਡਾ ਰਸਤਾ ਹੈ ਹੀ ਨਹੀਂ।
ਮਿਸਾਲ ਵਜੋਂ ਜੇ ਗੁਰਦੇਵ ਨੇ ਚੋਣ ਢੰਗ ਹੀ ਵਰਤਣਾ ਹੁੰਦਾ ਤਾਂ ਕੀ ਭਾਈ
ਲਹਿਣਾ ਜੀ ਦੂਜੇ ਪਾਤਸ਼ਾਹ ਹੋ ਸਕਦੇ ਸਨ? ਕੀ ਪੰਜ ਪਿਆਰੇ ਵੀ ਉਹੀ ਹੋਣੇ ਸਨ ਜਿਨ੍ਹਾਂ ਨੂੰ ਅਸੀਂ
ਨਿੱਤ ਅਰਦਾਸ `ਚ ਯਾਦ ਕਰਦੇ ਹਾਂ। ਪੰਥਕ ਪੰਜ ਪਿਆਰੇ ਤਾਂ ਤਲਵਾਰ ਦੀ ਧਾਰ ਵਾਲੇ ਇਮਤਿਹਾਨ ਦਾ
ਨਤੀਜਾ ਸਨ, ਨਾ ਕਿ ਚੋਣਾਂ ਦਾ। ਸਾਡਾ ਢੰਗ ਸਿਲੈਕਸ਼ਨ ਵਾਲਾ ਹੈ, ਨਾ ਕਿ ਇਲੈਕਸ਼ਨ ਵਾਲਾ।
ਸ਼ਾਇਦ ਅਸਾਂ ਆਪਣੇ ਇਤਿਹਾਸ ਜਾਂ ਆਪਣੇ ਗੁਰੂ ਸਾਹਿਬਾਨ ਤੋਂ ਮੱਤ ਲੈਣੀ
ਹੀ ਨਹੀਂ। ਗੁਰੂ ਕਾਲ `ਚ ਤਾਂ ਪ੍ਰਚਾਰਕ ਯੋਗਤਾ ਦੇ ਆਧਾਰ `ਤੇ ਨਿਯਤ ਕੀਤੇ ਜਾਂਦੇ ਸਨ; ਪਰ ਅੱਜ
ਜਿਸ ਨੂੰ ਗੁਰਮੱਤ ਦਾ ੳ ਅ ਵੀ ਨਹੀਂ ਪਤਾ, ਬਹੁਤਾ ਕਰਕੇ ਉਹੀ ਸਿੱਖੀ ਦਾ ਪ੍ਰਚਾਰਕ ਹੈ, ਫ਼ਿਰ ਭਾਵੇਂ
ਉਹ ਪੜ੍ਹਿਆ ਲਿਖਿਆ ਹੈ ਜਾਂ ਅਣਪੜ੍ਹ, ਉਪ੍ਰੰਤ ਬਹੁਤੇ ਪ੍ਰਬੰਧਕਾਂ ਦਾ ਵੀ ਇਹੀ ਹਾਲ ਹੈ।
ਇਸ ਦੇ ਉਲਟ ਇਸ ਪੱਖੋਂ ਜੇਕਰ ਮੁਸਲਮਾਨਾਂ ਤੇ ਇਸਾਈਆਂ ਤੋਂ ਹੀ ਕੁੱਝ ਲੈ
ਸਕੀਏ ਤਾਂ ਵੀ ਸ਼ਾਇਦ ਕੁੱਝ ਸੰਵਰ ਜਾਵੇ। ਉਨ੍ਹਾਂ ਦੇ ਪ੍ਰਚਾਰਕਾਂ ਕੋਲ ਐਕੇਡੈਮਿਕ ਪੜ੍ਹਾਈ ਦੇ ਨਾਲ
ਨਾਲ, 15-15
ਸਾਲ ਦੀ ਆਪਣੇ ਤੇ ਦੂਜੇ ਧਰਮਾਂ ਦੀ ਤੁਲਨਾਤਮਕ ਪੜ੍ਹਾਈ ਵੀ ਹੁੰਦੀ ਹੈ। ਜੀਵਨ ਪੱਖੋਂ ਉਨ੍ਹਾਂ ਦੀ
ਵੱਖਰੀ ਟ੍ਰੇਨਿਗ ਹੁੰਦੀ ਹੈ। ਉਨ੍ਹਾਂ ਦੀ ਰੋਟੀ ਰੋਜ਼ੀ, ਉਨ੍ਹਾਂ ਦੇ ਪ੍ਰਵਾਰਾਂ ਦੀ ਸੰਭਾਲ ਆਦਿ ਦਾ
ਸਾਰਾ ਪ੍ਰਬੰਧ ਉਨ੍ਹਾਂ ਦੀਆਂ ਕੌਮਾਂ ਕੋਲ ਹੁੰਦਾ ਹੈ। ਉਨ੍ਹਾਂ ਨੂੰ ਭਿੱਖਿਆ ਦੀ ਨਿਆਈਂ ਸਟੇਜ ਜਾਂ
ਵਾਜੇ `ਤੇ ਆ ਰਹੀ ਮਾਇਆ ਲਈ ਆਪਣਾ ਧਰਮ-ਇਮਾਨ-ਅਸੂਲ ਛਿੱਕੇ ਨਹੀਂ ਟੰਗਣੇ ਪੈਂਦੇ, ਉਨ੍ਹਾਂ ਨੇ
ਪ੍ਰਬੰਧਕਾਂ ਦੀ ਗ਼ੁਲਾਮੀ ਨਹੀਂ ਕਰਣੀ ਹੁੰਦੀ। ਉਥੇ ਪ੍ਰਚਾਰਕ, ਪ੍ਰਬੰਧਕ ਦਾ ਦੁਬੇਲ ਨਹੀਂ ਹੁੰਦਾ।
ਹੋਰ ਤਾਂ ਹੋਰ ਉਥੇ ਉਨ੍ਹਾਂ ਦੀਆਂ ਸਟੇਜਾਂ ਨੂੰ ਨਾ ਕੋਈ ਅਨਮਤੀ, ਅਣਪੜ੍ਹ
ਜਾਂ ਜੀਵਨਹੀਣਾ ਵਰਤ ਸਕਦਾ ਹੈ। ਉਨ੍ਹਾਂ ਦੀਆਂ ਧਾਰਮਕ ਸਟੇਜਾਂ `ਤੇ ਕੇਵਲ ਉਨ੍ਹਾਂ ਦੇ ਅਧਿਕ੍ਰਿਤ
ਬੁਲਾਰੇ ਹੀ ਬੋਲ ਸਕਦੇ ਹਨ। ਇਥੋਂ ਤੀਕ ਕਿ ਉਥੇ ਉਨ੍ਹਾਂ ਦੀਆਂ ਆਪਣੀਆਂ ਕੌਮਾਂ `ਚੋਂ ਵੀ ਬਾਹਰ ਦਾ
ਬੰਦਾ, ਜਿਹੜਾ ਉਸ ਕੌਮ ਦਾ ਅਧਿਕ੍ਰਿਤ ਪ੍ਰਚਾਰਕ ਨਹੀਂ, ਸਟੇਜਾਂ `ਤੇ ਨਹੀਂ ਬੋਲ ਸਕਦਾ; ਫ਼ਿਰ ਬੇਸ਼ਕ
ਉਹ ਉਸੇ ਕੌਮ ਵਿਚੋਂ ਪ੍ਰਧਾਨ ਮੰਤ੍ਰੀ ਜਾਂ ਕਿਸੇ ਦੇਸ਼ ਦਾ ਪ੍ਰਧਾਨ ਹੀ ਕਿਉਂ ਨਾ ਹੋਵੇ।
ਸਾਡੀ ਵਿਦਿਆ ਪ੍ਰਣਾਲੀ ਵੀ ਅੱਜ, ਬਹੁਤਾ ਕਰਕੇ ਅਨਪੜ੍ਹ, ਗੁਰਮੱਤ ਹੀਣੇ
ਜਫੇਮਾਰਾਂ, ਚੇਅਰਮੈਨਾਂ ਦੀ ਮੁੱਠੀ `ਚ ਹੀ ਹੈ। ਇਸੇ ਲਈ ਉਥੋਂ ਵੀ ਜੋ ਉਪਜ ਆ ਰਹੀ ਹੈ ਉਹ ਬਹੁਤਾ
ਕਰ ਕੇ ਕਮਿਉਨਿਸਟ ਜਾਂ ਪਤਿਤਾਂ ਦੀ, ਫਿਰ ਵੀ ਸਾਨੂੰ ਸ਼ਰਮ ਨਹੀਂ ਕਿ ਅਸੀਂ ਕਿਧਰ ਨੂੰ ਜਾ ਰਹੇ ਹਾਂ?
ਕਿਸੇ ਵੀ ਕੌਮ ਦੀ ਬੁਨਿਆਦ ਉਨ੍ਹਾਂ ਦੇ ਧਾਰਮਿਕ ਅਤੇ ਵਿਦਿਅਕ ਅਦਾਰੇ ਹੀ ਹੁੰਦੇ ਹਨ। ਜਦਕਿ ਡੀਂਗਾਂ
ਮਾਰਣ ਲਈ ਸਾਡੇ ਕੋਲ ਨਾ ਸਕੂਲਾਂ ਦਾ ਘਾਟਾ ਹੈ ਨਾ ਸਿੱਖ ਕਾਲਿਜਾਂ ਦਾ (ਨਾ ਧਾਰਮਿਕ ਅਦਾਰਿਆਂ ਦਾ)।
ਉਪ੍ਰੰਤ ਸਾਡੇ ਬੱਚਿਆਂ ਨੂੰ ਖਾਲਸਾ ਸਕੂਲਾਂ `ਚ ਪੜ੍ਹ ਕੇ ਸ਼ਬਦ ਤਾਂ ਭਾਵੇਂ ਚਾਰ ਯਾਦ ਹੋ ਜਾਣ ਪਰ
ਉਨ੍ਹਾਂ ਨੂੰ ਗੁਰਬਾਣੀ ਆਧਾਰਤ ਗੁਰਮੱਤ ਦਾ ੳ, ਅ ਵੀ ਨਹੀਂ ਪਤਾ ਲਗਦਾ। ਇਥੋਂ ਤੀਕ ਕਿ ਬਹੁਤਿਆਂ
ਨੂੰ ਤਾਂ ਗੁਰਮੁਖੀ ਦਾ ੳ, ਅ ਵੀ ਭੁੱਲਵਾਇਆ ਜਾ ਚੁੱਕਾ ਹੁੰਦਾ ਹੈ।
ਕੀ ਕਾਨਵੈਂਟ ਸਕੂਲ ਤੇ ਮਦਰਸੇ ਅਤੇ ਉਨ੍ਹਾਂ `ਚ ਨਿਯੁਕਤ ਲੈਕਚਰਾਰ ਵੀ,
ਚਰਚਾਂ ਤੇ ਮਸਜਿਦਾਂ ਦੀ ਮੁਠੀ `ਚ ਹੀ ਹੁੰਦੇ ਹਨ ਜਿਵੇਂ ਸਾਡੇ ਸਕੂਲ-ਕਾਲਿਜ, ਗੁਰਦੁਆਰਾ
ਪ੍ਰਬੰਧਕਾਂ ਦੀ ਮੁਠੀ `ਚ? ਕੀ ਉਨ੍ਹਾਂ ਧਰਮਾਂ ਦੇ ਬੱਚਿਆਂ ਨੂੰ ਵੀ ਆਪਣੇ ਧਰਮਾਂ ਬਾਰੇ ਇਨਾਂ ਹੀ
ਪਤਾ ਲਗਦਾ ਹੈ ਜਿਨਾਂ ਕਿ ਸਿੱਖ ਧਰਮ ਬਾਰੇ ਸਿੱਖ ਬੱਚਿਆਂ ਨੂੰ? ਤਾਂ ਫ਼ਿਰ ਇਸ ਸਾਰੇ ਦੇ ਲਈ ਜੇਕਰ
ਪੰਥ ਜ਼ਿੰਮੇਵਾਰ ਨਹੀਂ ਤਾਂ ਕੌਣ ਜ਼ਿੰਮੇਵਾਰ ਹੈ?
ਕੁਝ ਸਿਧੀ ਝਾਤ ਤੇ ਪੜਚੋਲ- ਕਾਸ਼!
ਇੰਨੇ ਉਚੇ ਇਤਿਹਾਸ ਦਾ ਵਾਰਿਸ ਸਿੱਖ, ਜੋ ਅੱਜ ਤੀਕ ਹੈਰਾਣਕੁਣ ਮਰਜੀਵੜੇ ਤੇ ਯੋਧੇ ਪੈਦਾ ਕਰ ਰਿਹਾ
ਸੀ। ਜਿਸ ਪਨੀਰੀ `ਚੋਂ ਇੱਕ ਦੋ ਚਾਰ ਨਹੀਂ, ਬੇਅੰਤ ਸੂਰਮੇ, ਵਿਚਾਰਵਾਣ, ਸਮਾਜ ਦੇ ਆਗੂ ਪੈਦਾ ਹੋ
ਰਹੇ ਸਨ। ਅੱਜ ਉਹੀ ਸਿੱਖ ਪਨੀਰੀ ਧੜਾ ਧੱੜ ਪਤਿਤਪੁਣੇ, ਸ਼ਰਾਬ, ਵਿੱਭਚਾਰ, ਬ੍ਰਾਹਮਣੀ ਕਰਮਕਾਂਡਾਂ,
ਮਨਮੱਤਾਂ, ਹੂੜਮੱਤਾਂ, ਦੁਰਮੱਤਾਂ ਤੇ ਪਾਖੰਡੀ ਡੇਰਿਆਂ ਦੀ ਦਲ-ਦਲ `ਚ ਫ਼ਸੀ ਪਈ ਹੈ ਤਾਂ ਕਿਉਂ?
ਸੱਚ ਇਹੀ ਹੈ ਕਿ ਸਿੱਖ ਧਰਮ, ਗੁਰਬਾਣੀ ਸਿਖਿਆ-ਗਿਆਨ `ਚੋਂ ਉਪਜੀ
ਵਿਚਾਰਾਧਾਰਾ ਦਾ ਧਰਮ ਹੈ। ਪਾਤਸ਼ਾਹ ਨੇ ਜਿਸ ਬਾਣੀ ਜੀਵਨ-ਜਾਚ ਅਤੇ ਵਿਚਾਰ ਸ਼ਕਤੀ ਨਾਲ ਜ਼ਿੰਦਗੀ ਦੇ
ਹਰ ਪਹਿਲੂ `ਚ ਸੰਸਾਰ ਭਰ ਦੇ ਵੱਡੇ ਵੱਡੇ ਅਗੂਆਂ ਤੀਕ ਉਪਰ ਫ਼ਤਿਹ ਹਾਸਲ ਕੀਤੀ। ਕਰਤੇ ਦੀ ਬਖਸ਼ਿਸ਼,
ਓਟ ਆਸਰੇ `ਤੇ ਬਾਣੀ ਸੋਝੀ ਵਾਲਾ ਉਹੀ ਜੀਵਨ, ਸਿੱਖ ਨੂੰ ਵੀ ਬਖਸ਼ਿਆ।
ਉਸੇ ਦਾ ਨਤੀਜਾ ਸਿੱਖ ਨੇ ਵੀ ਸਮਾਜਕ, ਆਰਥਕ, ਵਿਚਾਰਕ ਭਾਵ ਜ਼ਿੰਦਗੀ ਦੇ
ਹਰੇਕ ਖੇਤ੍ਰ `ਚ ਫਤਹਿ ਹਾਸਲ ਕੀਤੀ ਤੇ ਆਪਣਾ ਸੁਨਹਿਰੀ ਤੇ ਨਿਵੇਕਲਾ ਇਤਿਹਾਸ ਸਿਰਜਿਆ।
ਅਸਲ `ਚ ਸਿੱਖੀ ਜੀਵਨ ਅੱਜ ਆਪਣੇ ਸੋਮੇਂ ਗੁਰਬਾਣੀ ਤੋ ਪੂਰੀ ਤਰ੍ਹਾਂ ਕੱਟਿਆ
ਪਿਆ ਹੈ। ਬਲਕਿ ਅੱਜ ਤਾਂ ਸਿੱਖ ਨੂੰ “ਸਾਹਿਬ ਸ੍ਰੀ ਗੁਰੂ ਗ੍ਰੰਥ ਜੀ” ਦੀ ਨਿਘੀ ਗੋਦੀ `ਚੋਂ ਕੱਢ
ਕੇ ਸੜਕ `ਤੇ ਲਿਆਉਣ ਲਈ “ਸਾਹਿਬ ਸ੍ਰੀ ਗੁਰੂ ਗ੍ਰੰਥ ਜੀ” ਜੀ ਦੇ ਸ਼ਰੀਕ ਵੀ ਪੈਦਾ ਕੀਤੇ ਜਾ ਚੁੱਕੇ
ਤੇ ਨਿੱਤ ਪੈਦਾ ਕੀਤੇ ਵੀ ਜਾ ਰਹੇ ਹਨ। ਜੇ ਕਰ ਵਿਰੋਧੀ, ਆਪਣੀਆਂ ਅਜਿਹੀਆਂ ਨੀਚ ਤੇ ਜ਼ਹਿਰੀਲੀਆਂ
ਹਰਕਤਾਂ `ਚ ਸਫ਼ਲ ਹੁੰਦਾ ਗਿਆ ਤਾਂ ਕੌਮ ਦਾ ਵਜੂਦ ਵੀ ਮੁੱਕ ਸਕਦਾ ਹੈ।
ਧਿਆਣ ਰਹੇ! ਸਿੱਖ ਧਰਮ ਦਾ ਪ੍ਰਚਾਰ, ਬੱਚਿਆਂ ਦੀ ਖੇਡ ਨਹੀਂ ਜਿਵੇਂ ਕਿ ਅੱਜ
ਬਣੀ ਪਈ ਹੈ। ਹਰੇਕ ਜਨਾਂ-ਖਨਾਂ, ਐਰਾ-ਖੈਰਾ, ਸਿੱਖ ਧਰਮ ਦਾ ਪ੍ਰਚਾਰਕ, ਪ੍ਰਬੰਧਕ, ਨੇਤਾ ਤੇ
ਠੇਕੇਦਾਰ ਬਣਿਆ ਹੈ। ਚੋਣਾਂ ਦੇ ਢੰਗ ਨੇ ਜੀਵਨ ਵਿਹੂਣੇ, ਪਾਹੁਲ ਹੀਣੇ, ਸਿੱਖੀ ਤੇ ਗੁਰਬਾਣੀ ਗਿਆਨ
ਤੋਂ ਕੋਰੇ, ਚਾਪਲੂਸ, ਚੌਹਦਰ ਦੇ ਭੁੱਖੇ ਪ੍ਰਬੰਧਕ ਪੈਦਾ ਕਰ ਦਿੱਤੇ ਹਨ। ਫਿਰ ਅਜਿਹੇ ਪ੍ਰਬਧੰਕਾ
ਅਧੀਨ, ਧੰਨ ਇਕੱਠਾ ਕਰਣ ਦੀ ਲਾਲਸਾ `ਚ ਗ੍ਰਸੇ ਬਹੁਤੇ ਅਯੋਗ ਤੇ ਚਾਪਲੂਸ ਪ੍ਰਚਾਰਕਾਂ ਦੇ ਰਹਿਮ-ਕਰਮ
`ਤੇ ਗੁਰੂ ਨਾਨਕ-ਗੁਰੂ-ਗੋਬਿੰਦ ਸਿੰਘ ਦੀ ਪਨੀਰੀ ਨੂੰ ਦਿਸ਼ਾਹੀਣ ਕੀਤਾ ਹੋਇਆ ਹੈ। ਟਾਵੇਂ ਟਾਵੇਂ
ਜੀਵਨ ਤੇ ਸੋਝੀ ਵਾਲੇ ਪ੍ਰਬੰਧਕ, ਪ੍ਰਚਾਰਕ ਮੋਜੂਦ ਤਾਂ ਹਨ, ਪਰ ਬੇਬੱਸ ਹਨ।
ਖੁਦ ਭੰਵਰ `ਚ ਫਸਿਆ, ਦੂਜੇ ਦਾ ਤਾਰੂ ਕਿਵੇਂ ਹੋ ਸਕਦਾ ਹੈ? ਇਹ ਹਾਲਤ ਅੱਜ
ਸਿੱਖ ਕੌਮ ਦੀ ਹੈ। ਜਿਸ ਕੋਮ ਦੀ ਸਮੂਚੀ ਜੀਵਨ-ਜਾਚ, ਗੁਰਬਾਣੀ ਸਿਖਿਆ ਤੇ ਵਿਚਾਰ-ਸ਼ਕਤੀ ਤੋਂ ਆਰੰਭ
ਹੁੰਦੀ ਹੈ। ਜਿਸ ਕੋਮ ਦਾ ਮਨੋਰਥ ਸਮੁਚੀ ਮਾਨਵਤਾ ਨੂੰ ਗਲਵਕੜੀ `ਚ ਲੈ ਕੇ, ਭਰਾਤ੍ਰੀ ਭਾਵ ਦੀ ਲੜੀ
`ਚ ਪਰੌਣਾ ਹੈ। ਗੁਰਬਾਣੀ ਜੀਵਨ ਤੇ ਵਿਚਾਰਧਾਰਾ ਤੋਂ ਟੁੱਟ ਕੇ ਅੱਜ ਦਾ ਸਿੱਖ, ਵਿਚਾਰਾਂ ਦੀ ਦੌੜ
`ਚ ਸਾਰੇ ਸੰਸਾਰ `ਚ ਪੱਛੜ ਚੁੱਕਾ ਹੈ।
ਗੁਰਬਾਣੀ ਜੀਵਨ-ਜਾਚ ਤੇ ਵਿਚਾਰਾਂ ਦੀ ਖਿੱਚ ਨਾਲ ਦੂਜਿਆਂ ਨੂੰ ਸਿੱਖੀ ਨੇੜੇ
ਲਿਆਉਣ ਵਾਲਾ ਗੁਰੂ ਕਾ ਲਾਲ-ਅੱਜ ਆਪ ਗੁਰਬਾਣੀ ਜੀਵਨ ਤੋ ਕੱਟ ਕੇ, ਆਪਣੀ ਔਲਾਦ ਦਾ ਘਾਣ
(ਪਤਿੱਤਪੁਣਾ) ਆਪਣੀਆਂ ਅੱਖਾਂ ਸਾਹਮਣੇ ਦੇਖ ਰਿਹਾ ਹੈ। ਟਸੂੱਏ ਬਹਾਂਦਾ ਹੈ, ਔਲਾਦ ਉਸ ਦੇ ਹਥੋਂ ਜਾ
ਰਹੀ ਹੈ, ਸਰੂਪ ਤਿਆਗ ਰਹੀ ਹੈ। ਫ਼ਿਰ ਵੀ ਆਪਣੇ ਆਪ ਨੂਂ ਘੋਖਣ ਤੇ ਸੰਭਲਣ ਨੂੰ ਤਿਆਰ ਨਹੀਂ। ਕਾਸ਼,
ਆਪਣੇ ਆਪ ਨੂੰ ਹੀ ਘੌਖ ਲਵੇ ਕਿ ਅੱਜ ਉਸ ਦੇ ਆਪਣੇ ਜੀਵਨ ਅੰਦਰ ਗੁਰਮੱਤ ਰਹਿਣੀ ਕਿੱਥੇ ਖੜੀ ਹੈ ਤੇ
ਇਸ ਪੱਖੋਂ ਔਲਾਦ ਨੂੰ ਵਿਰਾਸਤ `ਚ ਦੇ ਕੀ ਰਿਹਾ ਹੈ?
ਸਿੱਖ ਵਿਚਾਰਧਾਰਾ ਨੂੰ ਸੰਸਾਰ ਸਾਹਮਣੇ ਰਖਣ ਲਈ ਸਿੱਖ ਪੰਥ ਨੇ, ਨਾ ਅਜੇ
ਤੀਕ ਆਪਣਾ ਟਕਸਾਲੀ ਮੀਡੀਆ ਕਾਇਮ ਕੀਤਾ ਹੈ ਤੇ ਨ ਪ੍ਰਚਾਰਕ ਦੀ ਤਿਆਰੀ ਲਈ ਯੋਗ ਪ੍ਰਬੰਧ। ਜਿਸ
ਸਿੱਖੀ ਜੀਵਨ ਦਾ ਅੱਜ ਸਿੱਖ ਨੂੰ ਹੀ ਪਤਾ ਨਹੀਂ; ਇਥੋਂ ਤੀਕ ਕਿ ਸਿੱਖ ਆਗੂਆਂ, ਪ੍ਰਚਾਰਕਾਂ,
ਪ੍ਰਬੰਧਕਾਂ, ਵਿਚਾਰਵਾਨਾਂ, ਲੇਖਕਾਂ ਤੀਕ ਨੂੰ ਪਤਾ ਨਹੀਂ, ਉਨ੍ਹਾਂ ਨੇ ਦੂਜਿਆਂ ਨੂੰ ਕੀ ਦੇਣਾ ਹੈ?
ਗੁਰਬਾਣੀ ਵਿਚਾਰ-ਸ਼ਕਤੀ ਤੇ ਗੁਰਬਾਣੀ ਜੀਵਨ-ਜਾਚ ਨਾਲ ਸੰਸਾਰ ਨੂੰ ਜਿੱਤਣ ਵਾਲਾ ਸਿੱਖ, ਅੱਜ ਬਾਣੀ
ਜੀਵਨ ਤੋਂ ਟੁੱਟ ਕੇ, ਕੱਟੀ ਪਤੰਗ ਦੀ ਤਰ੍ਹਾਂ ਆਪ ਵਿਚਾਰਹੀਣ ਹੋਇਆ ਪਿਆ ਹੈ।
ਸਿੱਖੀ ਦੀ ਕਾਰਜਸ਼ਾਲਾ
(Work Shop)-
ਆਪਣੇ ਆਪ `ਚ ਇਹ ਵੱਖਰਾ ਤੇ ਨਿਵੇਕਲਾ ਵਿਸ਼ਾ ਹੈ ਜਿਸ ਨੂੰ ਵੱਖਰੇ ਗੁਰਮੱਤ ਪਾਠ ਰਾਹੀਂ ਸੰਗਤਾਂ `ਚ
ਪਹੁੰਚਾਉਣ ਦਾ ਯਤਨ ਕੀਤਾ ਜਾਵੇਗਾ। ਇਥੇ ਤਾਂ ਇਸ਼ਾਰੇ ਮਾਤ੍ਰ ਇਸ `ਤੇ ਝਾਤ ਮਾਰਣ ਦੀ ਹੀ ਕੋਸ਼ਿਸ਼ ਕਰ
ਰਹੇ ਹਾਂ।
ਅਸਲ `ਚ ਦੋਸ਼ੀ ਤਾਂ
ਖੁਦ ਮਾਪੇ ਹੀ ਹਨ-ਸਤਿਗੁਰਾਂ ਦੇ ਆਦੇਸ਼ ਜਦੋਂ
ਮਾਪੇ ਆਪ ਹੀ ਨਹੀਂ ਮੰਨ ਰਹੇ ਤਾਂ ਉਹ ਇਸ ਦੇ ਲਈ ਆਪਣੀ ਔਲਾਦ ਨੂੰ ਕਿਉਂ ਤੇ ਕਿਵੇਂ ਦੋਸ਼ ਦੇ ਰਹੇ
ਹਨ। ਇਸ ਤਰੀਕੇ ਉਹ ਆਪਣੀ ਔਲਾਦ ਕੋਲੋਂ ਗੁਰਬਾਣੀ ਅਨੁਸਾਰ ਚਲਣ ਲਈ ਉਮੀਦ ਰਖ ਵੀ ਕਿਵੇਂ ਸਕਦੇ ਹਨ?
ਇਸ ਦੇ ਲਈ ਪਹਿਲਾਂ ਉਹ ਲੋਕ ਆਪਣੇ ਪੀੜੇ ਹੇਠਾਂ ਸੋਟਾ ਮਾਰ ਕੇ ਤਾਂ ਦੇਖ ਲੈਣ।
“ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਤੋਂ ਪ੍ਰਾਪਤ
ਸਿੱਖ ਧਰਮ ਕੇਵਲ ਕਹਿਣ ਤੇ ਪ੍ਰਚਾਰਣ ਦੀ ਸੀਮਾ
ਤੀਕ ਹੀ ਨਹੀਂ ਜਿਵੇਂ ਕਿ ਅੱਜ ਬਣਿਆ ਪਿਆ ਹੈ। ਸਿੱਖ ਧਰਮ ਕਥਣੀ ਤੇ ਕਰਣੀ ਦਾ ਧਰਮ ਹੈ।
ਉਪ੍ਰੰਤ ਜੇ ਤੁਸੀਂ ਜਾਣਦੇ ਹੋ ਕਿ “ ਸਾਹਿਬ
ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਦਾ ਸਿੱਖ ਹੋਣ ਦੇ ਬਾਵਜੂਦ ਸਾਡੀ ਰਹਿਣੀ ਗੁਰਬਾਣੀ ਸੇਧ `ਚ
ਨਹੀਂ ਚੱਲ ਰਹੀ ਤਾਂ ਤੁਸੀਂ ਆਪਣੀ ਰਹਿਣੀ `ਚ ਤਬਦੀਲੀ ਕਰਕੇ, ਆਪਣੀ ਅਸਲ ਰਹਿਣੀ ਨੂੰ ਵਰਤੋਂ `ਚ
ਕਿਉਂ ਨਹੀਂ ਲਿਆਉਂਦੇ। ਸ਼ੱਕ ਨਹੀਂ ਕਿ ਅੱਜ ਸਿੱਖ ਕੌਮ ਦਾ ਵੱਡਾ ਹਿੱਸਾ ਇਸ ਪੱਖੋਂ ਜਾਗਰੂਕ ਹੈ ਕਿ
ਗੁਰਮੱਤ-ਗੁਰਬਾਣੀ ਸਿੱਖਿਆ ਅਨੁਸਾਰ, ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਭਾਵ “ਸਾਹਿਬ
ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਦੇ ਸਿੱਖ ਜਾਂ ਸ਼੍ਰਧਾਲੂ ਨੇ ਆਪਣੇ ਘਰ ਪ੍ਰਵਾਰ `ਚ ਕੀ ਕਰਣਾ
ਹੈ ਤੇ ਕੀ ਨਹੀਂ ਕਰਣਾ। ਗੁਰਬਾਣੀ ਅਨੁਸਾਰ ਸਿੱਖ ਲਈ ਜਾਇਜ਼ ਕੀ ਹੈ ਤੇ ਨਾਜਾਇਜ਼ ਕੀ?
ਫ਼ਿਰ ਵੀ ਜਦੋਂ ਅਜੋਕੇ ਮਾਪਿਆਂ ਦੀ ਕਰਣੀ ਵੱਲ ਝਾਕਦੇ ਹਾਂ ਤਾਂ ਉਨ੍ਹਾਂ ਦੀ
ਕਿਸੇ ਵੀ ਪ੍ਰਵਾਰਕ ਖੁਸ਼ੀ-ਗ਼ਮੀ ਜਾਂ ਮੇਲਜੋਲ ਸਮੇਂ ਸਾਰੇ ਕੰਮ ਉਹੀ ਹੋ ਰਹੇ ਹੁੰਦੇ ਹਨ ਜਿਨ੍ਹਾਂ
ਬਾਰੇ ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਸਿੱਖ ਹੋਣ ਦੇ ਨਾਤੇ ਉਨ੍ਹਾਂ ਨੂੰ ਨਹੀਂ ਕਰਣੇ ਚਾਹੀਦੇ। ਇਸ
ਲਈ ਕਿ ਅਜਿਹੇ ਕਰਮ ਗੁਰਬਾਣੀ ਤੇ ਗੁਰਮੱਤ ਅਨੁਸਾਰ ਨਹੀਂ ਹਨ।
ਹੋਰ ਤਾਂ ਹੋਰ, ਕਈ ਵਾਰ ਕਈ ਤਾਂ ਦੂਜਿਆਂ ਨੂੰ ਉਪਦੇਸ਼ ਵੀ ਦੇ ਰਹੇ ਹੁੰਦੇ
ਹਨ ਜਾਂ ਗੱਲ ਬਾਤ `ਚ ਆਪਣੇ ਮੂਹੋਂ ਕਹਿ ਵੀ ਰਹੇ ਹੁੰਦੇ ਹਨ ਕਿ ਸਿੱਖ ਨੂੰ ਇਹ ਕੰਮ ਨਹੀਂ ਕਰਣੇ
ਚਾਹੀਦੇ। ਜਦਕਿ ਸਮਾਂ ਆਉਂਦਾ ਹੈ ਤਾਂ ਸਭ ਤੋਂ ਅੱਗੇ ਹੋ ਕੇ ਆਪ ਹੀ ਕਰਵਾ ਰਹੇ ਹੁੰਦੇ ਹਨ। ਜੇ
ਇਨਾਂ ਨਹੀਂ ਤਾਂ ਵੀ ਉਨ੍ਹਾਂ ਦੇ ਰਟੇ-ਰਟਾਏ ਲਫ਼ਜ਼ ਹੁੰਦੇ ਹਨ, “ਕੀ ਕਰੀਏ! ਅੱਜਕਲ ਦੇ ਬੱਚੇ ਮੰਣਦੇ
ਨਹੀਂ। ਛਡੋ ਭਾਈ ਸਾਹਿਬ! ਇਹ ਤਾਂ ਅੱਜਕਲ ਸਭ ਟੀ. ਵੀ. ਦਾ… ਪਛਮੀ ਸਭਿਅਤਾ ਦਾ … ਕਲਜੁਗ ਦਾ ਅਸਰ
ਹੈ ਵਗੈਰਾ ਵਗੈਰਾ ਇਸ ਲਈ ਸਾਡੀ ਅੱਜ ਸੁੰਣਦਾ ਹੀ ਕੋਣ ਹੈ?”
ਇਸ ਤੋਂ ਬਾਅਦ ਫ਼ਿਰ ਇਹ ਵੀ ਉਮੀਦ ਰਖਦੇ ਹਨ ਕਿ ਸਿੱਖੀ ਵਧੇ ਫੁਲੇ। ਜਦਕਿ
ਸਿੱਖ ਹੋ ਕੇ ਤੇ ਸਿੱਖ ਅਖਵਾ ਕੇ ਵੀ ਆਪਣੀ ਕਰਣੀ ਕਾਰਨ, ਸਤਿਗੁਰਾਂ ਦੇ ਆਦੇਸ਼ਾਂ ਦੇ ਉਲਟ ਚਲ ਰਹੇ
ਹੁੰਦੇ ਹਨ। ਇਸ ਤਰ੍ਹਾਂ ਇਸ `ਚ, ਸਭ ਤੋਂ ਵੱਡੀ ਰੁਕਾਵਟ ਉਹ ਲੋਕ ਆਪ ਹੀ ਹੁੰਦੇ ਹਨ।
ਗੁਰਪੁਰਬ ਉਨ੍ਹਾਂ ਨੂੰ ਚੇਤੇ ਨਹੀਂ ਹੁੰਦੇ ਪਰ ਅਣਮੱਤੀ ਤਿਉਹਾਰ ਰਖੜੀ,
ਲੋਹੜੀ, ਦਿਵਾਲੀ, ਕਰਵਾਚੌਥ ਆਦਿ ਉਨ੍ਹਾਂ ਨੂੰ ਭੁਲਦੇ ਨਹੀਂ। ਜਦਕਿ ਅਜਿਹੇ ਤਿਉਹਾਰ ਬਾਣੀ ਸਿਧਾਂਤ
ਦੇ ਪੂਰੀ ਤਰ੍ਹਾਂ ਉਲਟ ਹਨ ਤੇ ਸਿੱਖੀ ਨਾਲ ਇਨ੍ਹਾਂ ਦਾ ਉੱਕਾ ਜੋੜ ਨਹੀਂ।
ਫ਼ਿਰ ਸੋਢੀ, ਬੇਦੀ, ਜੁਨੇਜਾ, ਤਨੇਜਾ, ਰਾਮਗੜ੍ਹੀਆ, ਖਰਬੰਦਾ, ਭਸੀਨ ਆਦਿ
ਵਾਲੀਆਂ ਜਾਤ-ਗੋਤ ਦੀਆਂ ਪੂਛਲਾਂ ਵੀ ਮਾਪਿਆਂ ਕੋਲੋਂ ਹੀ ਬੱਚਿਆਂ ਕੋਲ ਜਾ ਰਹੀਆਂ ਹਨ, ਕਿਉਂਕਿ
ਮਾਪੇ ਆਪ ਹੀ ਇਨ੍ਹਾਂ ਨੂੰ ਛੱਡਣ ਲਈ ਤਿਆਰ ਨਹੀਂ। ਇਸ ਤਰ੍ਹਾਂ ਔਲਾਦ ਤੋਂ ਬਾਅਦ ਫ਼ਿਰ ਅਗਲੀ ਔਲਾਦ
ਕੋਲ ਵੀ।
ਉਪ੍ਰੰਤ ਪ੍ਰਵਾਰਕ ਵਾਧਾ ਹੋਇਆ ਤਾਂ ਉਥੇ ਵੀ ਬੱਚੀ-ਬੱਚੇ `ਚ ਵਿਤਕਰਾ,
ਯਾਰਵੇਂ, ਤੇਰ੍ਹਵੇਂ, ਚੌਕੇ ਚੜਾਉਣਾ, ਚਾਲੀਹੇ ਆਦਿ ਵਾਲੇ ਭਰਮ, ਆਪਣੇ ਔਲਾਦ ਨੂੰ ਵਿਰਾਸਤ `ਚ ਆਪ
ਦੇ ਰਹੇ ਹਨ। ਬੱਚੇ ਨੂੰ ਮਾੜੀ ਨਜ਼ਰ ਤੋਂ ਬਚਾਉਣ ਲਈ ਕਾਲਾ ਟਿੱਕਾ, ਕਲਾਈ `ਚ ਕਾਲਾ ਧਾਗਾ, ਕਮਰ `ਚ
ਕਾਲੀ ਤਗੜੀ ਆਦਿ ਦੇ ਸਾਰੇ ਢਕਵੰਜ ਤੇ ਟਿਟੂ, ਬਿੱਟੂ, ਸ਼ੰਟੀ ਆਦਿ ਵੀ ਉਸੇ ਤਰ੍ਹਾਂ।
ਸਰਾਧਾਂ ਨੌਰਾਤਿਆਂ ਦੇ ਦਿਨ ਹੋਣ, ਸਿੱਖ ਮਾਪੇ ਵੀ ਪ੍ਰਵਾਰਾਂ `ਚ ਸਾਰੇ
ਬ੍ਰਾਹਮਣੀ ਕਰਮ ਬੜੇ ਧਿਆਣ ਨਾਲ ਕਰ ਰਹੇ ਹਨ। ਕੰਜਕਾਂ ਬਿਠਾਉਂਦੇ ਹਨ, ਨਰਾਤਿਆਂ `ਚ
ਅੰਡਾ-ਮੀਟ-ਪਿਆਜ਼-ਥੋਮ ਘਰ `ਚ ਨਹੀਂ ਵਾੜਦੇ। ਸਰਾਧਾਂ `ਚ ਗੁਰਦੁਆਰੇ ਜਾ ਕੇ ਅਰਦਾਸਾਂ ਕਰਵਾਉਂਦੇ ਤੇ
ਪਿਤ੍ਰਾ ਦੇ ਨਾਮ `ਤੇ ਭਾਈ ਸਹਿਬਾਨ ਦੀ ਸੇਵਾ ਕਰਦੇ ਹਨ। ਇਸ ਤਰ੍ਹਾਂ ਅਜੋਕੇ ਸਿੱਖ ਮਾਪੇ ਆਪ, ਆਪਣੇ
ਬਚਿਆਂ ਨੂੰ ਪ੍ਰੈਕਟੀਕਲ ਟ੍ਰੇਨਿੰਗ ਦਿੰਦੇ ਹਨ ਤਾ ਕਿ ਔਲਾਦ ਨੂੰ ਵੀ ਚੰਗੀ ਤਰ੍ਹਾਂ ਸਮਝਾ ਕੇ ਜਾਣ
ਅਤੇ ਕਲ ਨੂੰ ਬੱਚੇ ਵੀ ਕਿਹ ਸਕਣ ਕਿ ਇਹ ਕੰਮ ਤਾਂ ਸਾਡੇ ਡੈਡੀ ਮੱਮੀ ਵੀ ਕਰਦੇ ਸਨ। ਪ੍ਰਵਾਰ `ਚ
ਸਦਾ ਤੋਂ ਹੁੰਦਾ ਆਇਆ ਹੈ, ਇਸ ਲਈ ਅਸੀਂ ਵੀ ਕਰ ਰਹੇ ਹਾਂ। ਗੁਰਦੁਆਰੇ ਮੱਥਾ ਟੇਕਣ ਤਾਂ ਰੋਜ਼ ਜਾਂਦੇ
ਹਨ ਪਰ ਨਾਲ ਨਾਲ ਔਲਾਦ ਨੂੰ ਅਜਿਹੀਆਂ ਰਸਮਾ-ਰੀਤਾਂ ਲਈ ਟ੍ਰੇਨਿੰਗ ਵੀ ਦਈ ਜਾਂਦੇ ਹਨ।
ਪ੍ਰਵਾਰ `ਚ ਅਂਨੰਦ ਕਾਰਜ ਹੋਵੇ ਹੈ ਤਾਂ ਅਜਿਹੇ ਮਾਪਿਆਂ ਵਲੋਂ ਕਾਕਟੇਲ
ਪਾਰਟੀ ਵੱਡਾ ਤੇ ਨਾ ਟਲਣ ਵਾਲਾ ਫ਼ੰਕਸ਼ਨ ਹੁੰਦਾ ਹੈ। ਇੱਕ ਇੱਕ ਸਦਾ ਪਤ੍ਰ ( invitation
card) ਭਾਵੇਂ ਇੱਕ ਇੱਕ ਹਜ਼ਾਰ ਰੁਪਏ ਦਾ ਹੀ ਕਿਉਂ
ਬਣੇ ਪਰ ਬਨਵਾਉਣਾ ਉਹ ਹੈ ਜੋ ਪਹਿਲਾਂ ਕਿਸੇ ਨਾ ਬਣਵਾਇਆ ਹੋਵੇ, ਇਸ ਤਰ੍ਹਾਂ ਵਧ ਚੜ੍ਹ ਕੇ ਦਿਖਾਵੇ
ਦੇ ਕੰਮ ਵੀ ਬਹੁਤਾ ਕਰਕੇ ਸਿੱਖ ਮਾਪੇ ਹੀ ਕਰ ਰਹੇ ਹਨ। ਉਸ ਤੋਂ ਇਸ ਤੋਂ ਬਾਅਦ ਮਹਿੰਦੀ ਦੀ ਰਾਤ,
ਚੂੜਾ, ਲਾਲ-ਗੁਲਾਬੀ ਪੱਗਾਂ ਤੇ ਚੁਣੀਆਂ, ਬੈSਡ-ਵਾਜੇ, ਸ਼ਰਾਬਾਂ `ਚ ਧੁੱਤ ਹੋ ਕੇ ਸੜਕਾਂ ਤੇ ਨਚਣਾ,
ਡਿਗਣਾ ਤੇ ਉਲਟੀਆਂ ਕਰਣੀਆਂ ਭਾਵ ਹਰੇਕ ਗੁਰਮੱਤ ਵਿਰੁਧ ਕੰਮ, ਬੇਸ਼ਰਮੀ ਨਾਲ ਮਾਪੇ ਆਪ ਹੀ ਕਰਦੇ ਤੇ
ਕਰਵਾਉਂਦੇ ਹਨ। ਜਦਕਿ ਉਸ ਵੇਲੇ ਉਨ੍ਹਾ ਦੇ ਆਪਣੇ ਬੱਚੇ ਵੀ ਅਜਿਹੀਆਂ ਫ਼ੰਕਸ਼ਨਾਂ `ਚ ਪੂਰੀ ਟ੍ਰੇਨਿੰਗ
ਲੈ ਹੀ ਰਹੇ ਹੁੰਦੇ ਹਨ। ਇਸ ਤਰ੍ਹਾਂ ਉਹ ਵੀ ਕਲ ਨੂੰ ਕਹਿ ਸਕਣ ਕਿ ਸਾਡੇ ਡੈਡੀ-ਮੰਮੀ ਵੀ ਸਿੱਖ ਸਨ
ਤੇ ਉਨ੍ਹਾਂ ਨੇ ਵੀ ਇਹ ਸਭ ਕੀਤਾ ਸੀ। ਉਹ ਗੁਰਬਾਣੀ ਵੀ ਬੜੀ ਪੜਦੇ ਸਨ, ਗੁਰਦੁਆਰੇ ਵੀ ਨਿਯਮ ਨਾਲ
ਜਾਂਦੇ ਸਨ। ਇਸ ਲਈ ਜੇ ਉਹ ਕਰ ਸਕਦੇ ਸਨ ਤਾਂ ਅਸੀਂ ਕਿਉਂ ਨਹੀਂ ਕਰ ਸਕਦੇ ਵਗ਼ੈਰਾ, ਵਗ਼ੈਰਾ।
ਪ੍ਰਵਾਰ `ਚ ਕੋਈ ਚਲਾਣਾ ਕਰ ਗਿਆ ਤਾਂ ਉਥੇ ਵੀ ਅਜਿਹਾ ਕੋਈ ਕੰਮ ਨਹੀਂ,
ਜਿਹੜਾ ਅਜੋਕੇ ਬਹੁਤੇ ਸਿੱਖ ਮਾਪੇ ਨਾ ਕਰ ਰਹੇ ਹੋਣ। ਫੁਲ ਚੁਨਣੇ, ਐਤ-ਬੁਧ, ਸਵੇਰ-ਸ਼ਾਮ ਦਾ ਪੂਰਾ
ਪੂਰਾ ਖ਼ਿਆਲ, ਕਪਾਲ ਕਿਰਿਆ, ਪ੍ਰਾਣੀ ਦੀ ਪ੍ਰਕਰਮਾ, ਪਾਣੀ ਦੇ ਉਲਟੇ ਸਿਧੇ ਛੱਟੇ, ਭੋਗ ਸਮੇਂ
ਰਜ਼ਾਈਆਂ, ਤਲਾਈਅ ਫ਼ਰੂਟ ਆਦਿ ਗੁਰਦੁਆਰੇ `ਚ ਵੀ ਭਾਵ ਕੋਈ ਤੇ ਕਿਸੇ ਤਰ੍ਹਾਂ ਦਾ ਵਹਿਮ ਭਰਮ ਤੇ
ਬ੍ਰਾਹਮਣੀ ਕਰਮਕਾਂਡ ਛਡਣ ਨੂੰ ਤਿਆਰ ਨਹੀਂ।
ਉਸ ਤੋਂ ਬਾਅਦ ਜੇ ਕਿਧਰੇ ਗੱਲ ਹੋਵੇ ਤਾਂ ਮਾਸੂਮਿਅਤ ਭਰਿਆ ਉੱਤਰ ਹੋਵੇਗਾ
ਦੇਖੋ ਜੀ ਮੈਂ/ਅਸੀਂ ਤਾਂ ਸਭ ਗੁਰਮੱਤ ਅਨੁਸਾਰ ਕਰਣਾ ਚਾਹੁੰਦਾ/ਚਾਹੁੰਦੇ ਸਾਂ ਪਰ ਘਰ `ਚ ਬਾਕੀ
ਨਹੀਂ ਮਣਦੇ। ਇਹ ਹੈ ਬਹੁਤਾ ਕਰਕੇ ਅਜੋਕੀ ਪੰਥਕ ਹਾਲਤ ਤੇ ਸਿੱਖ ਧਰਮ ਦੀ ਕਾਰਜਸ਼ਾਲਾ ( Workshop)।
ਇਸ ਤਰ੍ਹਾਂ ਜਿਹੜਾ ਸਾਮਾਨ ਕਾਰਜਸ਼ਾਲਾ `ਚ ਤਿਆਰ ਹੋਵੇਗਾ ਆਖਿਰ ਬਾਹਿਰ ਵੀ ਤਾਂ ਉਹੀ ਜਾਵੇਗਾ।
ਜਿਹੜਾ ਤਿਆਰ ਹੀ ਨਹੀਂ ਹੋ ਰਿਹਾ ਫ਼ਿਰ ਚਾਹੇ ਕਿਨਾਂ ਵਧੀਆ ਕਿਉਂ ਨਾ ਹੋਵੇ ਜਾਵੇਗਾ ਕਿਥੋਂ। ਕਸੂਰ
ਵਸਤ ਦਾ ਨਹੀਂ ਕਸੂਰ ਹੈ ਤਾਂ ਵਸਤ ਬਨਾਉਣ ਤੇ ਪਹੁੰਚਾਉਣ ਵਾਲੇ ਦਾ।
ਇਹੀ ਹੈ ਸਿੱਖੀ ਦੀ ਵਿਰਾਸਤ ਤੇ ਖ਼ੁਰਾਕ ਜਿਹੜੀ ਬਹੁਤੇ ਸਿੱਖ ਮਾਪੇ ਅੱਜ
ਖੁੱਲ ਕੇ ਆਪਣੀ ਔਲਾਦ ਦੇ ਕੇ ਜਾ ਰਹੇ ਹਨ। ਹਿਸਾਬ ਲਗਾ ਲਵੋ! ਕਿ ਸਿੱਖ ਧਰਮ ਦੇ ਪ੍ਰਸਾਰ `ਚ ਅਜਿਹੇ
ਤੇ ਅਜੋਕੇ ਸਿੱਖ ਮਾਪੇ ਆਪ ਰੁਕਾਵਟ ਹਨ ਜਾਂ ਕਿ ਉਨ੍ਹਾਂ ਦੀ ਔਲਾਦ?
#195s10.02s10#
ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ
‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ
‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ
ਬਨਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ
ਲਾਹੇਵੰਦ ਹੋਵੇਗਾ ਜੀ।
Including this Self Learning Gurmat Lesson No 195
ਹੁਣ ਤਾਂ ਪੰਥ ਜਾਗੇ
ਵਿਚਾਰ ਦਾ ਧਨੀ! ਅੱਜ ਵਿਚਾਰ ਤੋਂ ਕੋਰਾ ਕਿਉਂ?
For all the Gurmat Lessons written upon Self Learning base by
‘Principal Giani Surjit Singh’ Sikh Missionary, Delhi, all the rights are
reserved with the writer, but easily available for Distribution within ‘Guru Ki
Sangat’ with an intention of Gurmat Parsar, at quite a nominal printing cost
i.e. mostly Rs 200/- to 300/- (in rare cases these are 400/- or 500/-)
per hundred copies . (+P&P.Extra) From ‘Gurmat Education Centre, Delhi’,
Postal Address- A/16 Basement, Dayanand Colony, Lajpat Nagar IV, N. Delhi-24
Ph 91-11-26236119 & ® J-IV/46 Old D/S Lajpat Nagar-4 New Delhi-110024 Ph.
91-11-26236119 Cell 9811292808
web site- www.gurbaniguru.org
|
. |