ਗੁਰਬਾਣੀ ਦਾ ਸੱਚ (ਅਠਾਰਹ ਭਾਰ/ਭਾਰ ਅਠਾਰਹ)
ਗੁਰੂ ਗ੍ਰੰਥ ਸਾਹਿਬ ਜੀ ਵਿੱਚ
ਕਰਤੇ ਦੀ ਕੁਦਰਤ ਦੇ ਕਿਸੇ ਵੀ ਰੂਪ ਦਾ ਹੱਦ-ਬੰਨਾ ਮੁਕੱਰਰ ਨਹੀਂ ਕੀਤਾ ਹੈ। ਗੁਰਬਾਣੀ ਵਿੱਚ ਪ੍ਰਭੂ
ਦੀ ਕ੍ਰਿਤ ਦੀ ਸੀਮਾਂਤ ਦਰਸਾਉਣ ਵਾਲੇ ਪ੍ਰਚਲਤ ਸ਼ਬਦਾਂ ਦੀ ਵਰਤੋਂ ਜ਼ਰੂਰ ਮਿਲਦੀ ਹੈ, ਪਰੰਤੂ ਕੁਦਰਤ
ਦੇ ਭਿੰਨ ਭਿੰਨ ਸਰੂਪਾਂ ਦੇ ਹੱਦ-ਬੰਨਿਆਂ ਵਲ ਸੰਕੇਤ ਕਰਨ ਵਾਲੇ ਇਨ੍ਹਾਂ ਸ਼ਬਦਾਂ ਨੂੰ ਬੇਅੰਤਤਾ ਦੇ
ਭਾਵਾਰਥਾਂ ਵਿੱਚ ਹੀ ਵਰਤਿਆ ਗਿਆ ਹੈ। ਉਦਾਹਰਣ ਵਜੋਂ `ਚੌਰਾਸੀ ਲੱਖ ਜੂਨਾਂ’ ਅਤੇ `ਚਾਰ ਖਾਣੀਆਂ’
ਆਦਿ ਸ਼ਬਦਾਂ ਦੀ ਵਰਤੋਂ `ਚੋਂ ਦੇਖਿਆ ਜਾ ਸਕਦਾ ਹੈ।
ਪ੍ਰਭੂ ਦੇ ਇਸ ਪਾਸਾਰੇ ਦੀ ਵੱਖ ਵੱਖ ਸਰੂਪਾਂ ਦੀ ਸੀਮਾਂਤ ਵਰਣਨ ਕਰਨ ਵਾਲੇ ਪ੍ਰਚਲਤ ਸ਼ਬਦਾਂ ਵਿਚੋਂ
ਹੀ ਇੱਕ ਸ਼ਬਦ ਹੈ ‘ਅਠਾਰਹ ਭਾਰ/ਭਾਰ ਅਠਾਰਹ’। ਇਹ ਮੰਨਿਆ ਜਾਂਦਾ ਸੀ ਕਿ, “ਜੇ ਸਾਰੇ ਬਿਰਛਾਂ
ਬੁਟਿਆਂ ਅਤੇ ਬੇਲਾਂ ਦਾ ਇੱਕ ਇੱਕ ਪੱਤਾ ਅਥਵਾ ਫੁੱਲ ਲਿਆ ਜਾਵੇ, ਤਾਂ ਅਠਾਰਹ ਭਾਰ, ਅਰਥਾਤ ਨੱਵੇ
ਮਣ ਕੱਚੇ ਹੋ ਜਾਂਦੇ ਹਨ। ਪੰਜ ਮਣ ਕੱਚੇ ਦਾ ਇੱਕ ਭਾਰ ਹੁੰਦਾ ਹੈ।” (ਮਹਾਨ ਕੋਸ਼) (ਨੋਟ: ਇੱਕ ਜ਼ਾਤ
ਦੇ ਬੂਟਿਆਂ ਵਿਚੋਂ ਇੱਕ ਹੀ ਪੱਤਾ ਲੈਣ ਦਾ ਭਾਵ ਹੈ, ਅਰਥਾਤ ਸੇਬ ਦੇ ਬ੍ਰਿਛ ਭਾਵੇਂ ਕਿਤਨੇ ਵੀ ਹੋਣ
ਪਰ ਇਸ ਬ੍ਰਿਛ ਦਾ ਕੇਵਲ ਇੱਕ ਹੀ ਪੱਤਾ ਲੈਣਾ ਹੈ।)
ਗੁਰੂ ਗ੍ਰੰਥ ਸਾਹਿਬ ਵਿੱਚ ‘ਭਾਰ ਅਠਾਰਹ’ ਅਤੇ ‘ਅਠਾਰਹ ਭਾਰ’ ਸ਼ਬਦ ਆਇਆ ਹੈ। ਇਨ੍ਹਾਂ ਦੋਹਾਂ ਦਾ
ਇੱਕੋ ਹੀ ਅਰਥ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿਸ ਤਰ੍ਹਾਂ ਕੁਦਰਤ ਦੇ ਦੂਜੇ ਸਰੂਪਾਂ ਬਾਰੇ
ਪ੍ਰਚਲਤ ਗਿਣਤੀ-ਮਿਣਤੀ ਜਾਂ ਤੋਲ ਆਦਿ ਨੂੰ ਦਰਸਾਉਣ ਵਾਲੇ ਸ਼ਬਦਾਂ ਦਾ ਪ੍ਰਚਲਤ ਭਾਵਾਰਥ ਨਹੀਂ ਲਿਆ
ਗਿਆ ਹੈ, ਉਸੇ ਤਰ੍ਹਾਂ ਇਸ ਸ਼ਬਦ ਦਾ ਪ੍ਰਚਲਤ ਭਾਵਾਰਥ ਨਹੀਂ ਲਿਆ ਗਿਆ ਹੈ। ਇਹ ਸ਼ਬਦ ਵੀ ਬੇਅੰਤਤਾ ਦੇ
ਭਾਵਾਰਥ ਵਿੱਚ ਹੀ ਆਇਆ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪ੍ਰਭੂ ਦੀ ਕੁਦਰਤ ਦੇ ਹਰੇਕ ਰੂਪ ਸਬੰਧੀ
ਇਹ ਸਪਸ਼ਟ ਕੀਤਾ ਹੈ ਕਿ ਇਸ ਦੀ ਗਿਣਤੀ–ਮਿਣਤੀ ਅਤੇ ਤੋਲ ਆਦਿ ਕਰ ਸਕਣਾ ਕਿਸੇ ਤਰ੍ਹਾਂ ਵੀ ਸੰਭਵ
ਨਹੀਂ ਹੈ। ਇਸ ਲਈ ਜੇਕਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਕਾਲ ਪੁਰਖ ਦੀ ਕੁਦਰਤ ਦੇ ਕਿਸੇ ਰੂਪ ਦੀ
ਗਿਣਤੀ-ਮਿਣਤੀ ਆਦਿ ਦਰਸਾ ਰਹੇ ਸ਼ਬਦ ਆਏ ਹਨ ਤਾਂ ਇਨ੍ਹਾਂ ਨੂੰ ਬੇਅੰਤਤਾ ਦਾ ਲਖਾਇਕ ਹੀ ਸਮਝਣਾ
ਚਾਹੀਦਾ ਹੈ। ਜਿਸ ਤਰ੍ਹਾਂ ਅਕਾਲ ਪੁਰਖ ਦੇ ਇਸ ਪਾਸਾਰੇ ਦੇ ਹੋਰ ਸਰੂਪਾਂ ਬਾਰੇ ਇਹ ਸਪਸ਼ਟ ਕੀਤਾ ਹੈ
ਕਿ ਇਨ੍ਹਾਂ ਦਾ ਕੋਈ ਪਾਰਾਵਾਰ ਨਹੀਂ ਹੈ, ਉਸੇ ਤਰ੍ਹਾਂ ਬਨਸਪਤੀ ਬਾਰੇ ਵੀ ਇਹ ਹੀ ਆਖਿਆ ਹੈ।
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹ ਸ਼ਬਦ ਨਿਮਨ ਲਿਖਤ ਸ਼ਬਦਾਂ ਦੀਆਂ ਪੰਗਤੀਆਂ ਵਿੱਚ ਆਇਆ ਹੈ:-
(ੳ) ਭਾਰ ਅਠਾਰਹ ਮੇਵਾ ਹੋਵੈ ਗਰੁੜਾ ਹੋਇ ਸੁਆਉ॥ ਚੰਦੁ ਸੂਰਜੁ ਦੁਇ
ਫਿਰਦੇ ਰਖੀਅਹਿ ਨਿਹਚਲੁ ਹੋਵੈ ਥਾਉ॥ ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ॥ (ਪੰਨਾ 142)
ਅਰਥ: ਜੇ ਸਾਰੀ ਬਨਸਪਤੀ ਮੇਵਾ ਬਣ
ਜਾਏ, ਜਿਸ ਦਾ ਸੁਆਦ ਬਹੁਤ ਰਸੀਲਾ ਹੋਵੇ, ਜੇ ਮੇਰੀ ਰਹਿਣ ਦੀ ਥਾਂ ਅਟੱਲ ਹੋ ਜਾਏ ਤੇ ਚੰਦ ਅਤੇ
ਸੂਰਜ ਦੋਵੇਂ (ਮੇਰੀ ਰਿਹੈਸ਼ ਦੀ ਸੇਵਾ ਕਰਨ ਲਈ) ਸੇਵਾ ਤੇ ਲਾਏ ਜਾਣ, (ਤਾਂ ਭੀ ਹੇ ਪ੍ਰਭੂ! ਮੈਂ
ਇਹਨਾਂ ਵਿੱਚ ਨਾਹ ਫਸਾਂ ਤੇ) ਤੇਰੀ ਹੀ ਸਿਫ਼ਤਿ-ਸਾਲਾਹ ਕਰਾਂ, ਤੇਰੀ ਵਡਿਆਈ ਕਰਨ ਦਾ ਮੇਰਾ ਚਾਉ
ਮੁੱਕ ਨਾਹ ਜਾਏ।
(ਅ) ਨਾਮੁ ਤੇਰੋ ਆਰਤੀ ਮਜਨੁ ਮੁਰਾਰੇ॥ ਹਰਿ ਕੇ ਨਾਮ ਬਿਨੁ ਝੂਠੇ ਸਗਲ
ਪਾਸਾਰੇ॥ 1॥ ਰਹਾਉ॥ . . ਨਾਮੁ ਤੇਰੋ ਤਾਗਾ ਨਾਮੁ ਫੂਲ ਮਾਲਾ ਭਾਰ ਅਠਾਰਹ ਸਗਲ ਜੂਠਾਰੇ॥ ਤੇਰੋ ਕੀਆ
ਤੁਝਹਿ ਕਿਆ ਅਰਪਉ ਨਾਮੁ ਤੇਰਾ ਤੁਹੀ ਚਵਰ ਢੋਲਾਰੇ॥ 3॥ (ਪੰਨਾ 694)
ਅਰਥ: ਹੇ ਪ੍ਰਭੂ! (ਅੰਞਾਣ ਲੋਕ
ਮੂਰਤੀਆਂ ਦੀ ਆਰਤੀ ਕਰਦੇ ਹਨ, ਪਰ ਮੇਰੇ ਲਈ) ਤੇਰਾ ਨਾਮ (ਤੇਰੀ) ਆਰਤੀ ਹੈ, ਤੇ ਤੀਰਥਾਂ ਦਾ
ਇਸ਼ਨਾਨ ਹੈ। (ਹੇ ਭਾਈ!) ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਹੋਰ ਸਾਰੇ ਅਡੰਬਰ ਕੂੜੇ ਹਨ।੧।ਰਹਾਉ।
ਤੇਰਾ ਨਾਮ ਮੈਂ ਧਾਗਾ ਬਣਾਇਆ ਹੈ, ਨਾਮ ਨੂੰ ਹੀ ਮੈਂ ਫੁੱਲ ਤੇ ਫੁੱਲਾਂ ਦੀ ਮਾਲਾ ਬਣਾਇਆ ਹੈ, ਹੋਰ
ਸਾਰੀ ਬਨਸਪਤੀ (ਜਿਸ ਤੋਂ ਲੋਕ ਫੁੱਲ ਲੈ ਕੇ ਮੂਰਤੀਆਂ ਅੱਗੇ ਭੇਟ ਧਰਦੇ ਹਨ; ਤੇਰੇ ਨਾਮ ਦੇ ਟਾਕਰੇ
ਤੇ) ਜੂਠੀ ਹੈ। (ਇਹ ਸਾਰੀ ਕੁਦਰਤ ਤਾਂ ਤੇਰੀ ਬਣਾਈ ਹੋਈ ਹੈ) ਤੇਰੀ ਪੈਦਾ ਕੀਤੀ ਹੋਈ ਵਿਚੋਂ ਮੈਂ
ਤੇਰੇ ਅੱਗੇ ਕੀਹ ਰੱਖਾਂ? (ਸੋ,) ਮੈਂ ਤੇਰਾ ਨਾਮ-ਰੂਪ ਚੌਰ ਹੀ ਤੇਰੇ ਉਤੇ ਝੁਲਾਉਂਦਾ ਹਾਂ।੩।
(ੲ) ਭਾਰ ਅਠਾਰਹ ਮਹਿ ਚੰਦਨੁ ਊਤਮ ਚੰਦਨ ਨਿਕਟਿ ਸਭ ਚੰਦਨੁ ਹੁਈਆ॥ ਸਾਕਤ
ਕੂੜੇ ਊਭ ਸੁਕ ਹੂਏ ਮਨਿ ਅਭਿਮਾਨੁ ਵਿਛੁੜਿ ਦੂਰਿ ਗਈਆ॥ (ਪੰਨਾ 834)
ਅਰਥ: ਹੇ ਭਾਈ! ਸਾਰੀ ਬਨਸਪਤੀ ਵਿਚ ਚੰਦਨ ਸਭ ਤੋਂ ਸ੍ਰੇਸ਼ਟ (ਰੁੱਖ) ਹੈ, ਚੰਦਨ ਦੇ ਨੇੜੇ
(ਉੱਗਾ ਹੋਇਆ) ਹਰੇਕ ਬੂਟਾ ਚੰਦਨ ਬਣ ਜਾਂਦਾ ਹੈ। ਪਰ ਪਰਮਾਤਮਾ ਨਾਲੋਂ ਟੁੱਟੇ ਹੋਏ ਮਾਇਆ-ਵੇੜ੍ਹੇ
ਪ੍ਰਾਣੀ (ਉਹਨਾਂ ਰੁੱਖਾਂ ਵਰਗੇ ਹਨ ਜੋ ਧਰਤੀ ਵਿਚੋਂ ਖ਼ੁਰਾਕ ਮਿਲ ਸਕਣ ਤੇ ਭੀ) ਖਲੋਤੇ ਹੀ ਸੁੱਕ
ਜਾਂਦੇ ਹਨ, (ਉਹਨਾਂ ਦੇ) ਮਨ ਵਿਚ ਅਹੰਕਾਰ ਵੱਸਦਾ ਹੈ, (ਇਸ ਵਾਸਤੇ ਪਰਮਾਤਮਾ ਤੋਂ) ਵਿਛੁੱੜ ਕੇ ਉਹ
ਕਿਤੇ ਦੂਰ ਪਏ ਰਹਿੰਦੇ ਹਨ।
(ਸ) ਆਪੇ ਭਾਰ ਅਠਾਰਹ ਬਣਸਪਤਿ ਆਪੇ ਹੀ ਫਲ ਲਾਏ॥ ਆਪੇ ਮਾਲੀ ਆਪਿ ਸਭੁ
ਸਿੰਚੈ ਆਪੇ ਹੀ ਮੁਹਿ ਪਾਏ॥ (ਪੰਨਾ 554)
ਅਰਥ: ਪ੍ਰਭੂ ਆਪ ਹੀ ਬਨਸਪਤੀ ਦੇ ਅਠਾਰਾਂ ਭਾਰ ਹੈ (ਭਾਵ, ਸਾਰੀ ਸ੍ਰਿਸ਼ਟੀ ਦੀ ਬਨਸਪਤੀ ਆਪ
ਹੀ ਹੈ), ਆਪ ਹੀ ਉਸ ਨੂੰ ਫਲ ਲਾਉਂਦਾ ਹੈ, ਆਪ ਹੀ ਮਾਲੀ ਹੈ, ਆਪ ਹੀ ਪਾਣੀ ਦੇਂਦਾ ਹੈ ਤੇ ਆਪ ਹੀ
(ਫਲ) ਖਾਂਦਾ ਹੈ।
(ਹ) ਰੋਮਾਵਲਿ ਕੋਟਿ ਅਠਾਰਹ ਭਾਰ॥ (ਪੰਨਾ 1163)
ਅਰਥ: (ਮੈਂ ਕੇਵਲ ਉਸ ਪ੍ਰਭੂ ਦੇ ਦਰ ਦਾ ਮੰਗਤਾ ਹਾਂ) ਬਨਸਪਤੀ ਦੇ ਕ੍ਰੋੜਾਂ ਹੀ ਅਠਾਰਾਂ
ਭਾਰ ਜਿਸ ਦੇ ਜਿਸਮ ਦੇ, ਮਾਨੋ, ਰੋਮ ਹਨ।
(ਕ) ਜਉ ਗੁਰਦੇਉ ਅਠਦਸ ਬਿਉਹਾਰ॥ ਜਉ ਗੁਰਦੇਉ ਅਠਾਰਹ ਭਾਰ॥ (ਪੰਨਾ
1167)
ਅਰਥ: ਜੇ ਗੁਰੂ ਮਿਲ ਪਏ ਤਾਂ ਅਠਾਰਾਂ ਸਿੰਮ੍ਰਿਤੀਆਂ ਦੇ ਦੱਸੇ ਕਰਮ-ਕਾਂਡ ਦੀ ਲੋੜ ਨਹੀਂ
ਰਹਿ ਜਾਂਦੀ, ਸਾਰੀ ਬਨਸਪਤੀ ਹੀ (ਪ੍ਰਭੂ-ਦੇਵ ਦੀ ਨਿੱਤ ਭੇਟ ਹੁੰਦੀ ਦਿੱਸ ਪੈਂਦੀ ਹੈ)।
(ਖ) ਜਾਂ ਚੈ ਘਰਿ ਕੂਰਮਾ ਪਾਲੁ ਸਹਸ੍ਰ ਫਨੀ ਬਾਸਕੁ ਸੇਜ ਵਾਲੂਆ॥ ਅਠਾਰਹ
ਭਾਰ ਬਨਾਸਪਤੀ ਮਾਲਣੀ ਛਿਨਵੈ ਕਰੋੜੀ ਮੇਘ ਮਾਲਾ ਪਾਣੀਹਾਰੀਆ॥ (ਪੰਨਾ 1292)
ਅਰਥ: (ਤਿੰਨਾਂ ਭਵਨਾਂ ਦਾ ਮਾਲਕ ਉਹ ਪ੍ਰਭੂ ਇੱਕ ਐਸਾ ਰਾਜਾ ਹੈ ਕਿ) ਜਗਤ ਦੀ ਸਾਰੀ
ਬਨਸਪਤੀ (ਉਸ ਨੂੰ ਫੁੱਲ ਭੇਟ ਕਰਨ ਵਾਲੀ) ਮਾਲਣ ਹੈ, ਛਿਆਨਵੇ ਕਰੋੜ ਬੱਦਲ ਉਸ ਦਾ ਪਾਣੀ ਭਰਨ ਵਾਲੇ
(ਨੌਕਰ) ਹਨ।
(ਗ) ਛਪਨ ਕੋਟਿ ਕਾ ਪੇਹਨੁ ਤੇਰਾ ਸੋਲਹ ਸਹਸ ਇਜਾਰਾ॥ ਭਾਰ ਅਠਾਰਹ
ਮੁਦਗਰੁ ਤੇਰਾ ਸਹਨਕ ਸਭ ਸੰਸਾਰਾ॥ 2॥ (ਪੰਨਾ 1167)
ਅਰਥ: (ਹੇ ਕਲੰਦਰ-ਪ੍ਰਭੂ!) ਛਪੰਜਾ ਕਰੋੜ (ਮੇਘ ਮਾਲਾ) ਤੇਰਾ ਚੋਗ਼ਾ ਹੈ, ਸੋਲਾਂ ਹਜ਼ਾਰ ਆਲਮ
ਤੇਰਾ ਤੰਬਾ ਹੈ; ਹੇ ਕੇਸ਼ਵ! ਸਾਰੀ ਬਨਸਪਤੀ ਤੇਰਾ ਸਲੋਤਰ ਹੈ, ਤੇ ਸਾਰਾ ਸੰਸਾਰ ਤੇਰੀ ਸਹਣਕੀ
(ਮਿੱਟੀ ਦੀ ਰਕੇਬੀ) ਹੈ।
ਇਨ੍ਹਾਂ ਉਪਰੋਕਤ ਪੰਗਤੀਆਂ ਵਿੱਚ ‘ਅਠਾਰਹ ਭਾਰ’/‘ਭਾਰ ਅਠਾਰਹ’ ਸ਼ਬਦ ਬੇਅੰਤਤਾ ਦਾ ਹੀ ਲਖਾਇਕ ਹੈ ਨਾ
ਕਿ ਪ੍ਰਚਲਤ ਧਾਰਨਾ ਦਾ।
ਬਾਣੀਕਾਰਾਂ ਦਾ ਮਨੋਰਥ ਪਰਮਾਤਮਾ ਦੀ ਕੁਦਰਤ ਦਾ ਲੇਖਾ-ਜੋਖਾ ਕਰਨਾ ਨਹੀਂ ਸੀ। ਬਾਣੀਕਾਰਾਂ ਨੇ ਤਾਂ
ਮਨੁੱਖ ਨੂੰ ਚੰਗਾ ਇਨਸਾਨ ਬਨਣ ਲਈ ਹਰੇਕ ਪੱਖੋਂ ਅਗਵਾਈ ਪ੍ਰਦਾਨ ਕੀਤੀ ਹੈ। ਮਨੁੱਖ ਨੂੰ ਵਿਕਾਰਾਂ
ਤੋਂ ਉਪਰ ਉੱਠਾ ਕੇ ਸੱਚਾ–ਸੁੱਚਾ ਜੀਵਨ ਜਿਊਂਣ ਦੀ ਪ੍ਰੇਰਨਾ ਦੇਂਦਿਆਂ ਹੋਇਆਂ ਜੀਵਨ-ਮੁਕਤ ਹੋਣ ਦੀ
ਜੁਗਤੀ ਹੀ ਦਰਸਾਈ ਗਈ ਹੈ।
ਸੋ, ਗੁਰੂ ਗ੍ਰੰਥ ਸਾਹਿਬ ਵਿੱਚ ‘ਭਾਰ ਅਠਾਰਹ’ ਸ਼ਬਦ ਦਾ ਇਹ ਕਦਾਚਿਤ ਭਾਵ ਨਹੀਂ ਹੈ ਕਿ ਬਾਣੀਕਾਰਾਂ
ਨੇ ਪੁਰਾਤਨ ਖ਼ਿਆਲ ਨਾਲ ਸਹਿਮਤੀ ਪ੍ਰਗਟ ਕੀਤੀ ਹੈ। ਬਾਣੀ ਵਿੱਚ ਤਾਂ ਇਹ ਸ਼ਬਦ ਅਕਾਲ ਪੁਰਖ ਦੀ ਇਸ
ਕ੍ਰਿਤ (ਬਨਸਪਤੀ) ਦੀ ਬੇਅੰਤਤਾ ਵਲ ਹੀ ਸੰਕੇਤ ਹੈ। ਬਾਣੀਕਾਰਾਂ ਨੇ ਪ੍ਰਭੂ ਦੇ ਅਨੰਤ ਪਾਸਾਰੇ ਦੀ
ਕਿਧਰੇ ਵੀ ਲਕੀਰ ਨਹੀਂ ਖਿੱਚੀ। ਕੁਦਰਤ ਦੇ ਇਸ ਪਸਾਰੇ ਦਾ ਜਿੱਥੇ ਵੀ ਜ਼ਿਕਰ ਕੀਤਾ ਹੈ, ਇਸ ਨੂੰ
ਪੂਰੀ ਤਰ੍ਹਾਂ ਬਿਆਨ ਕਰਨ ਤੋਂ ਅਸਮਰਥਾ ਪ੍ਰਗਟਾਉਂਦਿਆਂ ਹੋਇਆਂ ਇਹੀ ਆਖਿਆ ਹੈ: ਵਡੇ ਮੇਰੇ
ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ॥ ਕੋਇ ਨ ਜਾਣੈ ਤੇਰਾ ਕੇਤਾ ਕੇਵਡੁ ਚੀਰਾ॥ (ਪੰਨਾ 9)
ਅਰਥ: ਹੇ ਮੇਰੇ ਵੱਡੇ ਮਾਲਕ! ਤੂੰ (ਮਾਨੋ, ਇਕ) ਡੂੰਘਾ (ਸਮੁੰਦਰ) ਹੈਂ, ਤੂੰ ਬੜੇ ਜਿਗਰੇ ਵਾਲਾ
ਹੈਂ, ਤੂੰ ਬੇਅੰਤ ਗੁਣਾਂ ਵਾਲਾ ਹੈਂ। ਕੋਈ ਭੀ ਜੀਵ ਨਹੀਂ ਜਾਣਦਾ ਕਿ ਤੇਰਾ ਕਿਤਨਾ ਵੱਡਾ ਵਿਸਥਾਰ
ਹੈ।
‘ਭਾਰ ਅਠਾਰਹ’/‘ਅਠਾਰਹ ਭਾਰ’ ਬਾਰੇ ਇਹੀ ਗੁਰਬਾਣੀ ਦਾ ਸੱਚ ਹੈ।
ਜਸਬੀਰ ਸਿੰਘ ਵੈਨਕੂਵਰ