ੴ
ਸਤਿ ਗੁਰ ਪ੍ਰਸਾਦਿ
ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ
ਸੋਨਾ ਬੜੀ ਕੀਮਤੀ ਚੀਜ਼ ਹੈ, ਪਰ
ਜਿਹੜਾ ਸੋਨਾ ਸਰੀਰ ਲਈ ਹਾਨੀਕਾਰਕ ਹੋਵੇ, ਨੁਕਸਾਨ ਦੇਹ ਹੋਵੇ, ਉਸ ਦਾ ਤਿਆਗ ਕਰ ਦੇਣਾ ਹੀ ਸਿਹਤ ਲਈ
ਲਾਭਕਾਰੀ ਹੈ।
ਇਵੇਂ ਹੀ ਸਿੱਖਾਂ ਨੇ ਗੁਰਦਵਾਰਾ ਸੁਧਾਰ ਲਹਿਰ ਚਲਾ ਕੇ, ਬਹੁਤ ਕੁਰਬਾਨੀਆਂ ਨਾਲ, ਇੱਕ ਕਮੇਟੀ ਦੀ
ਸਥਾਪਨਾ ਕੀਤੀ ਸੀ, ਜਿਸ ਦਾ ਕੰਮ ਗੁਰਦਵਾਰਿਆਂ ਵਿੱਚ ਇਕੱਠਾ ਹੋ ਰਿਹਾ ਗੰਦ ਹੂੰਝ ਕੇ ਬਾਹਰ ਸੁਟਣਾ
ਸੀ। ਉਸ ਨੂੰ ਅੱਜ-ਕਲ ਅਸੀਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕਰ ਕੇ ਜਾਣਦੇ ਹਾਂ। (ਇਹ
ਸਿੱਖਾਂ ਲਈ ਓਨੀ ਹੀ ਕੀਮਤੀ ਸੀ ਜਿੰਨਾ ਕਿ ਇੱਕ ਆਮ ਬੰਦੇ ਲਈ ਸੋਨਾ) ਉਸ ਲਈ ਭਾਰਤ ਦੀ ਲੋਕ ਸਭਾ
ਵਿੱਚ ਬਿੱਲ ਬਣਵਾਇਆ ਗਿਆ, ਯਾਨੀ ਅਪਣੀ ਦਾੜ੍ਹੀ ਆਪ ਹੀ ਓਨ੍ਹਾਂ ਹੱਥਾਂ ਵਿੱਚ ਦੇ ਦਿੱਤੀ, ਜੋ ਸ਼ੁਰੂ
ਤੋਂ ਹੀ ਸਿੱਖੀ ਦਾ ਭੋਗ ਪਾਉਣ ਲਈ ਕਾਹਲੇ ਸਨ। ਗੁਰਦਵਾਰਿਆਂ ਦੀ ਕਮੇਟੀ ਬਨਾਉਣ ਲਈ, ਚੋਣ ਕਰਵਾਉਣ
ਦਾ ਸਾਰਾ ਕੰਮ ਗੈਰਾਂ ਦੇ ਹੱਥ ਵਿੱਚ ਦੇ ਦਿੱਤਾ।
ਚੋਣ ਪ੍ਰਨਾਲੀ ਵੀ ਵੋਟਾਂ ਦੀ ਮਿੱਥੀ ਗਈ, ਜਿਸ ਵਿੱਚ ਗਿਣਤੀ, ਗੁਣਾਂ ਤੇ ਭਾਰੂ ਹੁੰਦੀ ਹੈ।
ਸ਼੍ਰੋਮਣੀ ਕਮੇਟੀ ਵਲੋਂ ਕੀਤੇ ਫੈਸਲਿਆਂ ਨੂੰ ਲਾਗੂ ਕਰਵਾਉਣ ਲਈ, ਇੱਕ ਜਥੇਬੰਦੀ ਬਣਾਈ ਗਈ, ਜਿਸ ਦਾ
ਨਾਮ ਅਕਾਲੀ ਦੱਲ ਰੱਖਿਆ ਗਿਆ। ਸਮੇ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣਨ ਲਈ, ਵੋਟਰਾਂ ਨੂੰ
ਰਿਝਾਉਣ ਲਈ, ਉਹ ਸਾਰੇ ਹਥਕੰਡੇ ਵਰਤ ਹੋਣੇ ਸ਼ੁਰੂ ਹੋ ਗਏ, ਜੋ ਹਿੰਦੁਸਤਾਨ ਦੀ ਸਿਆਸਤ ਵਿੱਚ ਵਰਤੇ
ਜਾਂਦੇ ਹਨ ਜਿਵੇਂ, ਜਾਤੀਆਂ ਦੇ ਅਧਾਰ ਤੇ ਵੋਟਰਾਂ ਨੂੰ ਵੰਡਣਾ, ਇਲਾਕੇ ਦੇ ਅਧਾਰ ਤੇ ਵੋਟਰਾਂ ਵਿੱਚ
ਵੰਡੀਆਂ ਪਾਉਣੀਆਂ। ਗੁੰਡਾ ਗਰਦੀ ਦੇ ਬਲ ਤੇ ਵੋਟਰਾਂ ਨੂੰ ਡਰਾ-ਧਮਕਾ ਕੇ ਅਪਣੇ ਹੱਕ ਵਿੱਚ ਵੋਟਾਂ
ਪਵਾਉਣੀਆਂ, ਜਾਂ ਉਨ੍ਹਾਂ ਨੂੰ ਵੋਟਾਂ ਪਾਉਣ ਤੋਂ ਦੂਰ ਹੀ ਰੱਖਣਾ। ਦੁਨੀਆਂ ਦੀ ਹਰ ਬੇਈਮਾਨੀ ਵਰਤ
ਕੇ ਮੈਂਬਰ ਬਣਨ ਦੀ ਕੋਸ਼ਿਸ਼ ਕਰਨਾ। ਵੋਟਰਾਂ ਨੂੰ ਨਸ਼ੇ ਜਾਂ ਪੈਸਿਆਂ ਆਸਰੇ ਖਰੀਦਣਾ।
ਇਹ ਸਾਰੇ ਕੁਕਰਮ ਕਰ ਕੇ ਮੈਂਬਰ ਬਣਨ ਵਾਲੇ ਕਿੰਨੇ ਕੁ ਧਾਰਮਿਕ ਹੋ ਸਕਦੇ ਹਨ? ਸਹਿਜੇ ਹੀ ਸੋਚਿਆ ਜਾ
ਸਕਦਾ ਹੈ।
ਹੌਲੀ ਹੌਲੀ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ਕੁਕਰਮਾਂ ਆਸਰੇ ਸ਼੍ਰੋਮਣੀ ਕਮੇਟੀ, ਅਪਣੀ ਔਲਾਦ,
ਅਕਾਲੀ ਦਲ ਦੀ ਗੁਲਾਮ ਹੋ ਕੇ ਰਹਿ ਗਈ ਹੈ। ਸ਼੍ਰੋਮਣੀ ਕਮੇਟੀ ਦੇ ਨਾਲ ਨਾਲ ਅਕਾਲੀ ਦਲ ਦਾ ਵੀ ਪਤਨ
ਹੋ ਚੁੱਕਾ ਹੈ, ਕਿਉਂਕਿ ਉਸ ਉੱਤੇ ਧਰਮ ਕਾ ਕੁੰਡਾ ਨਹੀਂ ਰਿਹਾ। ਸਿੱਖੀ ਦੀਆਂ ਇਨ੍ਹਾਂ ਸੰਸਥਾਵਾਂ
ਵਿਚ, “ ਚੋਰ ਉਚੱਕਾ ਚੌਧਰੀ, ਗੁੰਡੀ ਰੰਨ ਪਰਧਾਨ” ਪ੍ਰਤੱਖ ਵੇਖੇ ਜਾ ਸਕਦੇ ਹਨ।
੧੯੮੪ ਦਾ ਕਾਰਾ ਕਰਵਾਉਣ ਵਿੱਚ ਵੀ, ਹਿੰਦੂ ਲਾਬੀ ਦੀ ਭਾਰਤ ਸਰਕਾਰ ਨਾਲੋਂ, ਇਨ੍ਹਾਂ ਸੰਸਥਾਵਾ ਦਾ
ਵੱਧ ਹੱਥ, ਪ੍ਰਤੱਖ ਹੈ। ਜੇ ਇਹ ਸੰਸਥਾਵਾਂ ਅਪਣੇ ਵਿਅਕਤੀ ਗਤ ਹਿੱਤਾਂ ਵਿੱਚ ਉਲਝ ਕੇ ਇਕ-ਦੂਸਰੇ
ਨੂੰ ਠਿੱਬੀ ਲਾਉਣ ਦੀ ਖੇਡ ਛੱਡ ਕੇ, ਸਿੱਖ ਨੌਜਵਾਨਾਂ ਦੇ ਹਿੱਤਾਂ ਨੂੰ ਪੂਰੀ ਇਮਾਨਦਾਰੀ ਨਾਲ ਹੱਲ
ਕਰਨ ਦਾ ਉਪ੍ਰਾਲਾ ਕਰਦੀਆਂ, ਤਾਂ ਯਕੀਨਨ ਨਾ ਹੀ ਜੌਜਵਾਨਾਂ ਵਿੱਚ ਅਸੰਤੋਸ਼ ਦੀ ਲਹਿਰ ਪੈਦਾ ਹੁੰਦੀ,
ਨਾ ਇਹ ਕਾਰਾ ਵਾਪਰਦਾ, ਨਾ ਹੀ ਪੰਜਾਬ ਦਾ ਨੁਕਸਾਨ ਹੁੰਦਾ।
੧੯੮੪ ਦੇ ਸਿੱਖ ਕਤਲੇ ਆਮ ਦੇ ਪੀੜਤਾਂ ਨੂੰ ਇੰਸਾਫ ਮਿਲਣ ਦੇ ਰਾਹ ਵਿੱਚ ਵੀ ਇਹ ਦੋਵੇਂ ਸੰਸਥਾਵਾਂ
ਹੀ ਵੱਡਾ ਰੋੜਾ ਬਣੀਆਂ ਹਨ। ਜਿਸ ਦੇ ਸੈਂਕੜੇ ਪ੍ਰਤੱਖ ਸਬੂਤ ਹਨ।
ਹਿੰਦੂ ਪੁਰੀਆਂ ਦੀ ਤਰਜ਼ ਤੇ ਸਿੱਖਾਂ ਦੇ ਤਖਤ ਬਨਾਉਣਾ ਵੀ, ਇਨ੍ਹਾਂ ਜਥੇਬੰਦੀਆਂ ਦਾ ਹੀ ਕਾਰਨਾਮਾ
ਹੈ, ਜਿਨ੍ਹਾਂ ਆਸਰੇ, ਬਿਨਾ ਕਿਸੇ ਦਿੱਕਤ ਦੇ ਸਿੱਖਾਂ ਤੇ ਰਾਜ ਕੀਤਾ ਜਾ ਸਕੇ। ਤਖਤਾਂ ਦੇ ਜਥੇਦਾਰ
ਥਾਪਣਾ, ਫਿਰ ਉਨ੍ਹਾਂ ਨੂੰ ਸਿੰਘ ਸਾਹਿਬਾਂ ਦੇ ਓਹਦੇ ਤਕ ਅਪੜਾਉਣਾ ਵੀ ਇਨ੍ਹਾਂ ਜਥੇਬੰਦੀਆਂ ਦਾ ਹੀ
ਕਾਰਨਾਮਾ ਹੈ। ਅਖੌਤੀ ਜਥੇਦਾਰਾਂ ਨੂੰ ਲਾਲਚ ਦੇ ਕੇ, ਜਾਂ ਜ਼ਲੀਲ਼ ਕਰ ਕੇ ਅਪਣੇ ਵਿਰੋਧੀਆਂ ਨੂੰ
ਖੂੰਜੇ ਲਾਉਣ ਦਾ ਕੰਮ, ਇਨਹਾਂ ਅਖੌਤੀ ਸਿੰਘ ਸਾਹਿਬਾ ਤੋਂ ਹੀ ਕਰਵਾਇਆ ਗਿਆ ਹੈ।
ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਲਈ, ਅਖੌਤੀ ਤਖਤਾਂ ਦੇ ਅਖੌਤੀ ਸਿੰਘ ਸਾਹਿਬਾਂ ਲਈ, ਸਿੱਖੀ ਵਿਚੋਂ,
ਇੱਕ ਤੋਂ ਵੱਧ ਇੱਕ ਨੀਚ ਬੰਦੇ ਲੱਭ ਕੇ, ਅਪਣਾ ਕੰਮ ਕੱਢਿਆ ਗਿਆ ਹੈ।
ਇਸ ਤਰ੍ਹਾਂ ਪੰਥ ਨੂੰ ਅੱਜ ਵਾਲੀ ਤਰਸ ਯੋਗ ਹਾਲਤ ਵਿੱਚ ਪਹੁੰਚਾ ਦਿੱਤਾ ਗਿਆ ਹੈ। ਇਸ ਮੋੜ ਤੇ ਆ ਕੇ
ਇਹ ਵੀ ਫੈਸਲਾ ਕਰ ਲੈਣਾ ਬਣਦਾ ਹੈ ਕਿ ਇਸ ਨਿਘਾਰ ਲਈ ਅਕਾਲੀ ਦਲ ਨਾਲੋਂ ਜ਼ਿਆਦਾ ਸ਼੍ਰੋਮਣੀ ਕਮੇਟੀ
ਜ਼ਿਮੇਵਾਰ ਹੈ, ਕਿਉਂਕਿ ਇਹ ਇੱਕ ਧਾਰਮਕ ਸੰਸਥਾ ਸੀ, ਜੋ ਅਪਣਾ ਧਾਰਮਕ ਫਰਜ਼ ਪੂਰਾ ਨਹੀਂ ਕਰ ਸਕੀ। ਜੇ
ਇਹ ਸਿਆਸੀ ਲੀਡਰਾਂ ਦੇ ਹੱਥਾਂ ਦਾ ਖਿਡਾਉਣਾ ਬਣਨ ਦੀ ਥਾਂ ਅਪਣਾ ਕੰਮ ਇਮਾਨਦਾਰੀ ਨਾਲ ਕਰਦੀ ਤਾਂ
ਅਕਾਲੀ ਦਲ ਤੇ ਵੀ ਧਰਮ ਦਾ ਕੁੰਡਾ ਰਹਿੰਦਾ ਅਤੇ ਪੰਥ ਦਾ ਬਹੁਤਾ ਨੁਕਸਾਨ ਨਾ ਹੁੰਦਾ।
ਸਿੱਖੀ ਦੀ ਇਸ ਮਿਨੀ ਪਾਰਲੀਮੈਂਟ ਅਖਵਾਉਂਦੀ ਸੰਸਥਾ ਦੇ ਪ੍ਰਧਾਨ ਮੰਤਰੀ ਉਹ ਬਣੇ ਜੋ ਅਕਲ ਤੋਂ ਖਾਲੀ
ਸਨ, ਜਿਨ੍ਹਾਂ ਨੂੰ ਇਹ ਸੋਝੀ ਹੀ ਨਹੀਂ ਸੀ ਕਿ ਇਸ ਮਿਨੀ ਪਾਰਲੀਮੈਂਟ ਦਾ ਮਹੱਤਵ ਕੀ ਹੈ? ਇਸ ਦੇ
ਪ੍ਰਧਾਨ ਮੰਤ੍ਰੀ ਦੀ ਹੈਸੀਅਤ ਕੀ ਹੈ? ਸਿੱਖੀ ਦੇ ਇਸ ਸਭ ਤੋਂ ਵੱਧ ਮਹੱਤਵ ਪੂਰਨ ਅਹੁਦੇ ਤੇ ੨੬ ਸਾਲ
ਤੋਂ ਉਪਰ ਬੈਠਣ ਵਾਲਾ ਬੰਦਾ, ਏਨੇ ਲੰਮੇ ਸਮੇ ਤੱਕ ਵੀ ਇਸ ਅਹੁਦੇ ਦੀ ਮਹੱਤਤਾ ਨੂੰ ਨਾ ਪਛਾਣ ਸਕਿਆ,
ਸਾਰੀ ਉਮਰ ਅਪਣੀ ਔਕਾਤ ਮੁਤਾਬਕ, ੬੦੦ ਦੀ ਹਿੰਦੂ ਭੀੜ ਵਾਲੀ ਲੋਕ ਸਭਾ ਦਾ ਇੱਕ ਨਿਗੂਣਾ ਮੈਂਬਰ ਬਣਨ
ਲਈ ਤਰਲੇ ਲੈਂਦਾ ਹੀ ਮਰ ਗਿਆ।
ਅਜਿਹੇ ਪ੍ਰਧਾਨ ਮੰਤ੍ਰੀ ਦੀ ਅਗਵਾਈ ਵਿੱਚ ਸਿੱਖਾਂ ਦੀ ਮਿਨੀ ਪਾਰੀਮੈਂਟ ਨੇ ਜੋ ਚੰਦ ਚਾੜ੍ਹਨਾ ਸੀ
ਉਹੀ ਚਾੜ੍ਹਿਆ। ਹੁਣ ਸਿੱਖਾਂ ਨੂੰ ਸੁਚੇਤ ਹੋਣ ਦੀ ਲੋੜ ਹੈ।
ਇਹ ਫੈਸਲਾ ਕਰਨਾ ਪਵੇਗਾ ਕਿ ਪੰਥ ਨੂੰ ਬਚਾਉਣ ਦੀ ਲੋੜ ਹੈ? ਜਾਂ ਪੰਥ ਨੂੰ ਬ੍ਰਾਹਮਣਵਾਦੀ ਖਾਰੇ
ਸਮੁੰਦਰ ਵਿੱਚ ਡੋਬ ਰਹੀ ਇਸ ਮਿਨੀ ਪਾਰਲੀਮੈਂਟ ਨੂੰ ਬਚਾਉਣ ਦੀ? ਜੇ ਇਸ ਵਿੱਚ ਸੁਧਾਰ ਹੋ ਸਕੇ,
(ਜਿਸ ਦੀ ੫ % ਵੀ ਗੁੰਜਾਇਸ਼ ਨਜ਼ਰ ਨਹੀਂ ਆ ਰਹੀ) ਤਾਂ ਚੰਗੀ ਗੱਲ ਹੈ। ਪਰ ਇਸ ਆਸ ਵਿਚ, ਇਸ ਵਲੋਂ
ਕੀਤੀਆਂ ਗਲਤੀਆਂ ਨੂੰ ਮੁਆਫ ਨਹੀਂ ਕੀਤਾ ਜਾ ਸਕਦਾ, ਜੋ ਕਿ ਹੇਠ ਲਿਖੇ ਅਨੁਸਾਰ ਹਨ:
੧, ਸਿੱਖਾਂ ਦੇ ਕੇਂਦਰੀ ਅਸਥਾਨ ਤੇ, ਸਿੱਖੀ ਨਾਲੋਂ ਬ੍ਰਾਹਮਣ ਵਾਦ ਦਾ ਵੱਧ ਪਰਚਾਰ ਕਰਨ ਵਾਲੀ,
ਅਖੌਤੀ ਟਕਸਾਲ ਦਾ ਪੱਕੇ ਤੌਰ ਤੇ ਕਬਜ਼ਾ ਕਰਵਾ ਦੇਣਾ, ਜਿਸ ਕਾਰਨ ਹੁਣ ਉਸ ਕੇਂਦਰੀ ਸੰਸਥਾ ਵਿੱਚ
ਸਿਰਫ ਉਹ ਬੰਦਾ ਭਰਤੀ ਕੀਤਾ ਜਾਂਦਾ ਹੈ, ਜੋ ਉਸ ਅਖੌਤੀ ਟਕਸਾਲ ਦਾ ਵਿਦਿਆਰਥੀ ਹੋਵੇ।
੨, ਲਗਾਤਾਰ ੭੦ ਸਾਲਾਂ ਵਿੱਚ ਇਹ ਕਮੇਟੀ, ਸਿੱਖਾਂ ਦੇ ਦਸਵੰਧ ਦੇ ਖਰਬਾਂ ਰੁਪਏ, ਅਪਣੇ ਸਵਾਰਥਾਂ
ਅਤੇ ਵਿਖਾਵਿਆਂ ਵਿੱਚ ਰੋੜ੍ਹ ਚੁੱਕੀ ਹੈ। ਜਿਸ ਨਾਲ ਪੰਥ ਦਾ ਮੂੰਹ-ਮੁਹਾਂਦਰਾ ਬਦਲ ਸਕਦਾ ਸੀ।
੩, ਇਸ ਕਮੇਟੀ ਨੇ ੧੯੨੦ ਵਿਚਲੀ ਕਮੇਟੀ ਵਲੋਂ ਰੱਦ ਕੀਤੀ “ਰਾਗ ਮਾਲਾ” ਨੂੰ ਮੁੜ ਚੋਰੀਂ ਚੋਰੀਂ
ਗੁਰੂ ਗ੍ਰੰਥ ਸਾਹਿਬ ਵਿੱਚ ਵਾੜ ਕੇ, ਜੋ ਕੁਕਰਮ ਕੀਤਾ ਹੈ, ਉਹ ਤਾਂ ਬਿਲਕੁਲ ਵੀ ਮੁਆਫ ਕਰਨ ਲਾਇਕ
ਨਹੀਂ ਹੈ।
੪, ਇਸ ਵਲੋਂ ਚਲਾਏ ਜਾ ਰਹੇ, ਖਾਲਸਾ ਸਕੂਲਾਂ, ਖਾਲਸਾ ਕਾਲਜਾਂ ਦਾ ਆਮ ਸਿੱਖ ਬੱਚਿਆਂ ਨੂੰ ਕੋਈ
ਫਾਇਦਾ ਨਹੀਂ ਹੁੰਦਾ, ਇਹ ਭ੍ਰਸ਼ਿਟ ਸਿੱਖ ਆਗੂਆਂ ਦੇ ਬੱਚਿਆਂ ਦੀ ਸਹੂਲਤ ਦੇ ਅੱਡੇ ਬਣ ਕੇ ਰਹਿ ਗਏ
ਹਨ।
੫, ਇਸ ਦੇ ਅਧੀਨ ਤਖਤਾਂ ਦੇ ਅਖੌਤੀ ਸਿੰਘ ਸਾਹਿਬਾਂ ਨੇ ਹਰ ਵੇਲੇ ਹਰ ਥਾਂ ਪੰਥ ਨਾਲ ਧੋਖਾ ਕੀਤਾ
ਹੈ। ਪੰਥਿਕ ਬੰਦਿਆਂ ਤੇ ਪਾਬੰਦੀਆਂ ਲਾਈਆਂ ਹਨ, ਉਨ੍ਹਾਂ ਨੂੰ ਪੰਥ ਵਿਚੋਂ ਛੇਕਣ ਦਾ ਅਣਅਧਿਕਾਰਤ
ਕੰਮ ਕੀਤਾ ਹੈ। ਇਨ੍ਹਾਂ ਨੇ ਅਸਮਾਜਕ ਡੇਰੇਦਾਰਾਂ ਨਾਲ ਸਾਂਝਾਂ ਪਾਈਆਂ ਹੋਈਆਂ ਹਨ, ਪੈਸੇ (ਰਿਸ਼ਵਤ,
ਵੱਢੀ) ਲੈ ਕੇ ਉਨ੍ਹਾਂ ਦੇ ਹੱਕ ਵਿੱਚ ਹੀ ਭੁਗਤਦੇ ਹਨ। ਇਸ ਦੀ ਹੀ ਤਾਜ਼ਾ ਮਿਸਾਲ ਹੈ, ਸੰਤ ਸਮਾਜ ਦੇ
ਚੰਦ ਅਸਮਾਜਿਕ ਤੱਤਾਂ ਦੇ ਇਸ਼ਾਰੇ ਤੇ, ਨਾਨਕ ਸ਼ਾਹੀ ਕੈਲੰਡਰ ਦਾ ਕਤਲ ਕਰਨਾ।
੬, ਇਸ ਕਮੇਟੀ ਅਧੀਨ ਹੀ ਤਰਨ-ਤਾਰਨ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ
ਗ੍ਰੰਥ ਦਾ ਪ੍ਰਕਾਸ਼ ਹੁੰਦਾ ਰਿਹਾ ਹੈ, ਕਿਸੇ ਵੇਲੇ ਅਕਾਲ ਤਖਤ ਸਾਹਿਬ ਤੇ ਵੀ, ਇਸ ਇੰਸਾਨੀਅਤ ਤੋਂ
ਨੀਵੀਂ ਬੋਲੀ ਵਾਲੀ ਕਿਤਾਬ ਦਾ ਪ੍ਰਕਾਸ਼ ਹੁੰਦਾ ਰਿਹਾ ਹੈ, ਏਦਾਂ ਹੀ ਹੋਰ ਗੁਰਦਵਾਰਿਆਂ ਵਿੱਚ ਵੀ
ਹੁੰਦਾ ਰਿਹਾ ਹੋਵੇਗਾ। ਹੁਣ ਵੀ ਇਸ ਭਰਮ ਗ੍ਰੰਥ ਦੀਆਂ ਸੈਂਕੜੇ ਕਿਤਾਬਾਂ, ਬਾਜ਼ਾਰ ਵਿੱਚ
ਗੁਰਦਵਾਰਿਆਂ ਦੀ ਭਾਲ ਵਿੱਚ ਘੁੰਮ ਰਹੀਆਂ ਹਨ। ਇਸ ਕਮੇਟੀ ਦੇ ਪ੍ਰਬੰਧ ਹੇਠ ਹੀ, ਸਾਰੇ ਅਖੌਤੀ
ਤਖਤਾਂ ਦੇ ਪੁਜਾਰੀ, ਅਖੌਤੀ ਦਸਮ ਗ੍ਰੰਥ ਨੂੰ ਮਾਨਤਾ ਦਿੰਦੇ, ਪਜਾਮੇ ਲਾਹ ਕੇ, ਉਸ ਨੂੰ ਮੱਥਾ
ਟੇਕਦੇ ਵੇਖੇ ਜਾ ਸਕਦੇ ਹਨ।
੭, ਇਸ ਸੰਸਥਾ ਦੇ ਮੈਂਬਰਾਂ ਨੇ ਅਪਣੀਆਂ (ਨਾਜਇਜ਼) ਵੋਟਾਂ ਦੀ ਖਾਤ੍ਰ, ਉਨ੍ਹਾਂ ਬੰਦਿਆਂ ਨੂੰ ਸਹਿਜ
ਧਾਰੀ ਦੇ ਲੇਬਲ ਥੱਲੇ, ਇਤਿਹਾਸਕ ਗੁਰਦਵਾਰਿਆਂ ਦੇ ਪ੍ਰਬੰਧ ਵਿੱਚ ਦਖਲ ਦੇਣ ਜੋਗਾ ਬਣਾ ਦਿੱਤਾ,
ਜਿਨ੍ਹਾਂ ਦੀਆਂ ਪਿਛਲੀਆਂ ੫-੭ ਪੁਸ਼ਤਾਂ ਵੀ ਘੋਨ-ਮੋਨ ਸਨ ਅਤੇ ਆਉਣ ਵਾਲੀਆਂ ੫-੭ ਪੁਸ਼ਤਾਂ ਦੇ ਵੀ
ਸਾਬਤ ਸੂਰਤ ਹੋਣ ਦੀ ਕੋਈ ਆਸ ਨਹੀਂ ਹੈ। ਜਿਨ੍ਹਾਂ ਦਾ ਸਿੱਖੀ ਨਾਲ ਇੱਟ-ਕੁੱਤੇ ਵਾਲਾ ਪਿਆਰ ਹੈ।
੮, ਇਸ ਦੇ ਅਧੀਨ ਚਲਦੀ ਪ੍ਰੈਸ ਵਿਚੋਂ, ਸਿੱਖਾਂ ਦੇ ਦਸਵੰਧ ਨਾਲ, ਸਿੱਖੀ ਦਾ ਅਕਸ, ਨਾਨਕ ਜਾਮਿਆਂ
ਦਾ ਅਕਸ, ਸਿੱਖ ਇਤਿਹਾਸ ਵਿਗਾੜਦੀਆਂ ਕਿਤਾਬਾਂ ਛੱਪ ਰਹੀਆਂ ਹਨ। ਜਿਨ੍ਹਾਂ ਵਿਚੋਂ ਗੁਰਬਿਲਾਸ
ਪਾਤਸ਼ਾਹੀ ੬ ਦਾ ਤਾਂ ਬਹੁਤ ਕੁੱਝ ਸਾਮ੍ਹਣੇ ਆ ਚੁੱਕਾ ਹੈ, ਹਿੰਦੀ ਵਿੱਚ ਛਪੀ “ਸਿੱਖ ਇਤਿਹਾਸ” ਜਿਸ
ਨੂੰ ਸੋਧਣ ਦੀ ਗੱਲ ਹੋ ਰਹੀ ਹੈ, ਬਾਰੇ ਅਜੇ ਬਹੁਤ ਕੁੱਝ ਆਮ ਸਿੱਖਾਂ ਤਕ ਅਪੜਨਾ ਬਾਕੀ ਹੈ।
ਅਸੀਂ ਇਸ ਨੂੰ ਸੋਧਣ ਦੀ ਗੱਲ ਨਹੀਂ ਕਰ ਰਹੇ, ਕਿਉਂਕਿ ਜੋ ਕਿਤਾਬਾਂ ਲੋਕਾਂ ਦੇ ਹੱਥਾਂ ਵਿੱਚ ਪਹੁੰਚ
ਗਈਆਂ ਹਨ, ਲਾਇਬ੍ਰੇਰੀਆਂ ਦਾ ਖਜ਼ਾਨਾ ਬਣ ਚੁਕੀਆਂ ਹਨ, ਉਨ੍ਹਾਂ ਨੂੰ ਕਿਵੇਂ ਵਾਪਸ ਲਿਆ ਜਾ ਸਕਦਾ
ਹੈ? ਇਹ ਤਾਂ ਭਵਿੱਖ ਵਿੱਚ ਸਿੱਖੀ ਦੇ ਘਾਣ ਦੀਆਂ ਪਰਮਾਣੀਕ ਸਾਖੀਆਂ ਬਣ ਚੁੱਕੀਆਂ ਹਨ।
ਨਵੇਂ ਸੋਧਣ ਵਾਲੇ ਵੀ ਓਸੇ ਨਸਲ ਦੇ ਵਿਦਵਾਨ ਹੋਣੇ ਹਨ, ਜਿਨ੍ਹਾਂ ਤੋਂ ਭਲਾਈ ਦੀ ਕੋਈ ਆਸ ਨਹੀਂ
ਰੱਖੀ ਜਾ ਸਕਦੀ।
ਅਸੀਂ ਸਿਰਫ ਇਹ ਚਾਹੁੰਦੇ ਹਾਂ ਕਿ “ਸਿੱਖ ਇਤਿਹਾਸ” ਦੇ ਲੇਖਕ ਮੰਡਲ ਦਾ ਨਾਮ ਜੱਗ-ਜ਼ਾਹਰ ਕੀਤਾ
ਜਾਵੇ। ਉਸ ਦੀ ਪੜਚੋਲ ਕਰਨ ਵਾਲੀ ਕਮੇਟੀ ਦੇ ਮੈਂਬਰਾਂ ਦੇ ਨਾਮ ਜ਼ਾਹਰ ਕੀਤੇ ਜਾਣ। ਉਸ ਨੂੰ ਛਾਪਣ ਦੀ
ਪ੍ਰਵਾਨਗੀ ਦੇਣ ਵਾਲੀ ਕਮੇਟੀ ਦੇ ਮੈਂਬਰਾਂ ਦੇ ਨਾਮ ਜ਼ਾਹਰ ਕੀਤੇ ਜਾਣ। ਉਸ ਵੇਲੇ ਦੀ ਧਰਮ ਪ੍ਰਚਾਰ
ਕਮੇਟੀ ਦੇ ਮੈਂਬਰਾਂ ਦੇ ਨਾਮ ਜ਼ਾਹਰ ਕੀਤੇ ਜਾਣ। ਉਸ ਵੇਲੇ ਦੀ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ
ਨਾਮ (ਸਮੇਤ ਅਹੁਦੇ ਦਾਰਾਂ ਦੇ) ਪੂਰੇ ਵੇਰਵੇ ਸਹਿਤ ਜ਼ਾਹਰ ਕੀਤੇ ਜਾਣ। ਇਸ ਮਹਿਕਮੇ ਨਾਲ ਸਬੰਧਤ
ਗੁਰਦਵਾਰਾ ਕਮੇਟੀ ਦੇ ਸਾਰੇ ਵਿਦਵਾਨਾਂ ਦੇ ਨਾਮ ਜ਼ਾਹਰ ਕੀਤੇ ਜਾਣ। ਤਾਂ ਜੋ ਸਿੱਖ ਸੰਗਤ, ਉਨ੍ਹਾਂ
ਮਹਾਨ ਸ਼ਖਸੀਅਤਾਂ ਤੋਂ ਜਾਣੂ ਹੋ ਸਕੇ। (ਪਿਛਲੀ ਵਾਰ “ਗੁਰਬਿਲਾਸ ਪਾਤਸ਼ਾਹੀ ੬” ਦੇ ਮਾਮਲੇ ਵਿੱਚ
ਬਹੁਤ ਘੋਟਾਲਾ ਸਾਮ੍ਹਣੇ ਆਇਆ ਸੀ, ਪਰ ਸ਼੍ਰੋਮਣੀ ਕਮੇਟੀ ਉਸ ਨੂੰ ਅੰਦਰ-ਖਾਤੇ ਹੀ, ਗੋਲ ਕਰ ਗਈ ਸੀ।
ਇਸ ਵਾਰ ਅਜਿਹਾ ਨਹੀਂ ਹੋਣ ਦੇਣਾ ਚਾਹੁੰਦੇ, ਤਾਂ ਜੋ ਭਵਿੱਖ ਵਿਚ, ਦੋਬਾਰਾ ਅਜਿਹੀ ਕਿਸੇ ਹਰਕਤ ਦੀ
ਸੰਭਾਵਨਾ ਨਾ ਰਹੇ)
ਇਸ ਪਿੱਛੋਂ, ਇਸ ਕਿਤਾਬ ਬਾਰੇ, ਇਨ੍ਹਾਂ ਮਹਾਨ ਸ਼ਖਸੀਅਤਾਂ ਬਾਰੇ ਕੀ ਕਰਨਾ ਹੈ ਇਸ ਦਾ ਫੈਸਲਾ ਸਿੱਖ
ਸੰਗਤ ਹੀ ਕਰੇਗੀ। ਇਹ ਇੱਕ ਨਾ ਬਖ਼ਸ਼ੇ ਜਾਣ ਵਾਲਾ ਕੁਕਰਮ ਇਹਨਾ ਨੇ ਕੀਤਾ ਹੈ। ਇਤਨੀਆਂ ਗਲਤ ਗੱਲਾਂ
ਤਾਂ ਸ਼ਾਇਦ ਨਕਲੀ ਨਿਰੰਕਾਰੀਆਂ ਦੀਆਂ ਕਿਤਾਬਾਂ ਵਿੱਚ ਵੀ ਨਾ ਹੋਵਣ ਜਿਤਨੀਆਂ ਇਸ ਹਿੰਦੀ ਵਾਲੀ
ਇਤਿਹਾਸ ਦੀ ਕਿਤਾਬ ਵਿੱਚ ਹਨ। ਇਸ ਲਈ ਮਾੜੀ ਮੋਟੀ ਅਕਲ ਵਾਲੇ ਸਿੱਖਾਂ ਨੂੰ ਆਪਣੀ ਥੋੜੀ ਜਿਹੀ ਅਕਲ
ਵਰਤ ਕੇ ਉਤਨਾ ਚਿਰ ਜਾਗਦੇ ਰਹਿਣਾ ਚਾਹੀਦਾ ਹੈ ਜਦੋਂ ਤੱਕ ਕਿ ਅਜਿਹੇ ਘੁਸਪੈਠੀਆਂ ਦੀ ਪਛਾਣ ਨਹੀਂ
ਹੋ ਜਾਂਦੀ।
ਜਦ ਤੱਕ ਸ਼੍ਰੋਮਣੀ ਕਮੇਟੀ, ਇਨ੍ਹਾਂ ਤੱਥਾਂ ਦਾ ਖੁਲਾਸਾ ਕਰ ਕੇ, ਇਸ ਕੀਤੇ ਕੁਕਰਮ ਲਈ ਮੁਆਫੀ ਨਹੀਂ
ਮੰਗ ਲੈਂਦੀ, ਤਦ ਤੱਕ ਅਸੀਂ ਇਸ ਕਮੇਟੀ ਨੂੰ ਮਾਨਤਾ ਦੇਣ ਤੋਂ ਅਸਮਰੱਥ ਹਾਂ। ਇਹ ਕਮੇਟੀ ਸਿੱਖੀ ਦੀ
ਭਲਾਈ ਲਈ ਬਣਾਈ ਗਈ ਸੀ, ਨਾ ਕਿ ਬੁਰਾਈ ਲਈ। ਜਦ ਸਾਨੂੰ ਇਹ ਜਾਪੇਗਾ ਕਿ ਇਸ ਵਿੱਚ ਸੁਧਾਰ ਹੋ ਕੇ,
ਇਹ ਸਿੱਖੀ ਦੇ ਬੁਰੇ ਵਿੱਚ ਨਹੀਂ ਰਹੀ, ਸਿੱਖੀ ਦੀ ਭਲਾਈ ਕਰਨ ਵਾਲੀ ਹੋ ਗਈ ਹੈ, ਤਦ ਇਸ ਨੂੰ ਮਾਨਤਾ
ਦੇਣ ਬਾਰੇ ਵੀ ਸੋਚ ਲਿਆ ਜਾਵੇਗਾ।
ਸੰਪਾਦਕੀ ਬੋਰਡ