ਬੁਢੀਆਂ ਤਖ਼ਤੇ ਓਹਲੇ ਹੱਸਣ
ਅੱਗੇ ਦੀ ਗੱਲ ਕਰਨ ਤੋਂ ਪਹਿਲਾਂ
ਮੈ ਸ਼ਬਦ ‘ਬੁਢੀ’ ਬਾਰੇ ਦੱਸ ਲਵਾਂ। ਵੈਸੇ ਤਾਂ ਬੁਢੀ, ਬੁਢਾ ਸ਼ਬਦ ਦਾ ਇਸਤਰੀ ਲਿੰਗ ਹੈ ਜਿਸ ਦਾ
ਮਤਲਬ ਹੈ ਸਿਆਣੀ ਉਮਰ ਦਾ ਬਜ਼ੁਰਗ ਵਿਅਕਤੀ। ਮਾਝੇ ਵਿੱਚ ਅਧੀ ਕੁ ਸਦੀ ਪਹਿਲਾਂ ਤੇ ਸ਼ਾਇਦ ਅਜੇ ਵੀ,
ਨਿੱਕੇ ਪਿੰਡਾਂ ਵਿਚ, ਇਸਤਰੀ, ਭਾਵੇਂ ਉਹ ਜਵਾਨ ਹੀ ਹੋਵੇ ਜੇਕਰ ਉਹ ਵਿਆਹੀ ਹੈ ਤਾਂ ਉਸ ਨੂੰ
ਪੁਰਾਣੇ ਲੋਕ ਬੁਢੀ ਹੀ ਆਖਦੇ ਸਨ; ਜਿਸ ਦਾ ਮਤਲਬ ਹੁੰਦਾ ਹੈ ਕਿ ਇਹ ਕਿਸੇ ਦੀ ਵਹੁਟੀ ਹੈ। ਬਚਪਨ
ਦੌਰਾਨ ਪਿੰਡ ਵਿੱਚ ਸਿਆਣਿਆਂ ਦੇ ਮੂਹੋਂ, ਕਿਸੇ ਘੁੰਡ ਕਢ ਕੇ ਜਾ ਰਹੀ ਬੀਬੀ ਨੂੰ ਵੇਖ ਕੇ ਪਤਾ ਕਰਨ
ਲਈ ਪੁੱਛ ਲੈਣਾ ਕਿ ਇਹ ਕੀਹਦੀ ਬੁਢੀ ਹੈ! ਵੈਸੇ ਮਾਝੇ ਤੋਂ ਬਾਹਰ ਦੁਆਬੇ ਮਾਲਵੇ ਵਿਚ, ਬੁਢੀ ਮਾਂ
ਨੂੰ ਵੀ ਕਿਹਾ ਜਾਂਦਾ ਹੈ ਪਰ ਆਮ ਤੌਰ ਤੇ ਇਸ ਦਾ ਉਚਾਰਨ ‘ਬੁੜ੍ਹੀ’ ਹੀ ਕੀਤਾ ਜਾਂਦਾ ਹੈ। ਅਹਿਮਦ
ਸ਼ਾਹ ਅਬਦਾਲੀ ਦੇ ਨਾਲ਼ ਸਿੰਘਾਂ ਨਾਲ਼ ਲੜਨ ਆਏ, ਕਾਜੀ ਨੂਰ ਮੁਹੰਮਦ ਨੇ, ਬਾਅਦ ਵਿੱਚ ਲਿਖੇ ਆਪਣੇ
ਜੰਗਨਾਮੇ ਵਿੱਚ ਸਿੰਘਾਂ ਦੇ ਸਦਾਚਾਰਕ ਆਚਰਣ, ਬਹਾਦਰੀ, ਦਾਨਵੀਰਤਾ ਆਦਿ ਦੀਆਂ ਤਾਰੀਫਾਂ ਲਿਖੀਆਂ
ਹਨ। ਸਿੰਘਾਂ ਦੇ ਉਚ ਆਚਰਣ ਦੀ ਮਿਸਾਲ ਦਿੰਦਿਆਂ ਉਸ ਨੇ ਇਸ ਸ਼ਬਦ ਦਾ ਉਚੇਚਾ ਜ਼ਿਕਰ ਕੀਤਾ ਹੈ ਕਿ ਇਹ
ਔਰਤ ਨੂੰ ਬੁਢੀ ਹੀ ਆਖਦੇ ਹਨ ਚਾਹੇ ਉਹ ਸੋਲ਼ਾਂ ਸਾਲ ਦੀ ਹੀ ਹੋਵੇ। ਸੋ ਏਥੇ ਬੁਢੀ ਦਾ ਮਤਲਬ ਬਜ਼ੁਰਗ
ਨਹੀ ਬਲਕਿ ਇਸਤਰੀ ਹੈ।
ਬਚਪਨ ਤਾਂ ਮੇਰਾ ਵੀ ਆਮ ਵਾਂਗ ਹੀ, ਜਿਵੇਂ ਕਿ ਇੱਕ ਨਿੱਕੇ ਜਿਹੇ ਪਿੰਡ ਦੇ ਆਮ ਕਿਸਾਨਾਂ ਦੇ
ਮੁੰਡਿਆਂ ਦਾ ਹੁੰਦਾ ਹੈ, ਓਹੋ ਜਿਹਾ ਹੀ ਸੀ; ਜਿਵੇਂ ਕਿ ਪਹਿਲਾਂ ਹਾਣੀਆਂ ਨਾਲ਼ ਖੇਡਣਾ। ਫਿਰ ਡੰਗਰ
ਚਾਰਨੇ, ਹਲ਼ ਵਾਹੁਣ ਤੋਂ ਉਰੇ ਉਰੇ ਨਿੱਕੇ ਮੋਟੇ ਕੰਮ, ਜਿਹਾ ਕਿ ਪੱਠੇ ਵਢਣੇ, ਰੁੱਗ ਲਾਉਣੇ, ਕਿਆਰੇ
ਮੋੜਨੇ, ਖੂਹ ਵਾਹੁਣਾ, ਹਲ਼ ਮਗਰ ਬੀ ਕੇਰਨਾ ਆਦਿ ਕੀਤੇ ਜਾਂਦੇ ਹਨ। ਇਸ ਤੋਂ ਇੱਕ ਵੱਖਰੀ ਗੱਲ ਬਾਕੀ
ਮੁੰਡਿਆਂ ਨਾਲ਼ੋਂ ਮੇਰੇ ਲਈ ਅਣਚਾਹੀ ਇਹ ਸੀ ਕਿ ਮੈਨੂੰ ਭਾਈਆ ਜੀ ਤੋਂ ਗੁਰਮੁਖੀ ਅੱਖਰਾਂ ਤੇ
ਗੁਰਬਾਣੀ ਦੀ ਸੰਥਿਆ ਵੀ ਲੈਣੀ ਪੈਂਦੀ ਸੀ ਜੋ ਕਿ ਮੇਰੇ ਵਾਸਤੇ ਓਹਨੀ ਦਿਨੀਂ ਅਲੂਣੀ ਸਿਲ ਚੱਟਣ ਦੇ
ਬਰਾਬਰ ਹੁੰਦੀ ਸੀ।
ਡੰਗਰ ਚਾਰਨ ਤੋਂ ਪਹਿਲਾਂ ਦੀ ਅਵਸਥਾ ਵਾਲ਼ੀ ਇੱਕ ਗੱਲ ਅਜੇ ਨਹੀ ਭੁੱਲਦੀ। ਢਾਣੀ ਦੇ ਮੁੰਡੇ ਸਾਰੇ ਹੀ
ਮੇਰੇ ਨਾਲ਼ੋਂ ਵੱਡੀ ਉਮਰ ਦੇ ਤੇ ਸਰੀਰੋਂ ਵੀ ਤਕੜੇ ਹੀ ਹੋਇਆ ਕਰਦੇ ਸਨ ਜਿਨ੍ਹਾਂ ਨਾਲ਼ ਮੈ ਪਹਿਲਾਂ
ਖੇਡਣ ਦੀ ਨਕਲ ਜਿਹੀ ਕਰਿਆ ਕਰਦਾ ਸਾਂ। ਇੱਕ ਦਿਨ ਮੈ ਉਹਨਾਂ ਨੂੰ ਆਪਣੇ ਵੱਲੋਂ ਜਾਣਕਾਰੀ ਦੇਣ ਵਜੋਂ
ਇਹ ਗੱਲ ਸੁਣਾਈ:
ਸਾਡਾ ਵਗੇ ਵੇਲਣਾ,
ਟੋਕਰੇ ਉਤੇ ਮੈ ਖਲੋਤਾ,
ਕੰਧ ਉਤੋਂ ਦੀ ਝਾਕਾਂ,
ਪਹੇ ਪਹੇ ਸ਼ੁਦਾਈ ਆਵੇ,
ਬੁਢੀਆਂ ਤਖ਼ਤੇ ਓਹਲੇ ਹੱਸਣ।
ਮੈਨੂੰ ਤਾਂ ਪਤਾ ਸੀ ਕਿ ਮੈ ਅੱਖੀਂ ਵੇਖਿਆ ਵਾਕਿਆ ਦੱਸ ਰਿਹਾ ਹਾਂ ਪਰ ਬਾਕੀਆਂ ਨੂੰ ਨਹੀ ਸੀ ਪਤਾ
ਇਸ ਦੇ ਪਿੱਛੇ ਕੇਹੜੀ ਘਟਨਾ ਛੁਪੀ ਹੋਈ ਹੈ। ਇਹ ਗੱਲ ਮੁੰਡਿਆਂ ਨੂੰ ਏਨੀ ਅਜੀਬ ਜਿਹੀ ਅਤੇ ਦਿਲਚਸਪ
ਲੱਗੀ ਕਿ ਕਈ ਦਿਨਾਂ ਤੱਕ ਉਹ ਮੇਰੇ ਕੋਲ਼ੋਂ ਇਹ ਗੱਲ ਜੋਰ ਦੇ ਦੇ ਕੇ ਸੁਣਦੇ ਰਹੇ ਤੇ ਸੁਣ ਕੇ ਖ਼ੂਬ
ਹੱਸਿਆ ਵੀ ਕਰਨ; ਖੁਸ਼ ਹੋਇਆ ਕਰਨ ਤੇ ਮੁੜ ਮੁੜ ਸੁਣਿਆਂ ਕਰਨ। ਉਹਨਾਂ ਲਈ ਵਾਹਵਾ ਦਿਨ ਇਹ ਇੱਕ ਨਵਾਂ
ਤੇ ਵਿੱਕੋਲਿਤਰਾ ਜਿਹਾ ਸ਼ੁਗਲ ਬਣਿਆ ਰਿਹਾ। ਮੈ ਵੀ ਜਿੰਨੀ ਵਾਰੀਂ ਕੋਈ ਆਖੇ ਓਨੀ ਵਾਰੀਂ ਹੀ ਸੁਣਾਈ
ਜਾਇਆ ਕਰਾਂ। ਉਹਨਾਂ ਵਿੱਚ ਮੇਰੇ ਨਾਲੋਂ ਵੱਡੀ ਉਮਰ ਦੇ ਤਿੰਨ ਭਰਾ ਵੀ ਸਨ। ਉਹਨਾਂ ਵਿਚੋਂ ਸਭ ਤੋਂ
ਵਡੇ ਨੇ ਇੱਕ ਦਿਨ ਪੁੱਛ ਲਿਆ, “ਓਇ, ਉਹ ਬੁਢੀਆਂ ਕੇਹੜੀਆਂ ਸੀ ਓਇ!” ਮੈ ਸਹਿਜ ਸੁਭਾ ਹੀ ਸੱਚ ਆਖ
ਦਿਤਾ, “ਇਕ ਤਾਂ ਤੇਰੀ … ਸੀ …. . ।” ਉਸ ਪਿਛੋਂ ਫੇਰ ਮੇਰੇ ਕੋਲ਼ੋਂ ਕਿਸੇ ਨੇ ਇਹ ‘ਸਲੋਕ’ ਸੁਣਨ
ਲਈ ਫੁਰਮਾਇਸ਼ ਨਹੀ ਪਾਈ। ਅਜੇ ਵੀ ਉਹ ਦ੍ਰਿਸ਼ ਫਿਲਮ ਵਾਂਗ ਮੇਰੇ ਮਗਜ ਵਿੱਚ ਪਿਆ ਹੋਇਆ ਹੈ ਪਰ ਇੱਕ
ਉਹਨਾਂ ਦੀ ਮਾਤਾ ਜੀ ਤੋਂ ਬਿਨਾ ਬਾਕੀ ਹੋਰ ਸਾਰੀਆਂ ਹੀ ਮਾਤਾਵਾਂ ਦੀ ਯਾਦ, ਯਾਦ ਵਿਚੋਂ ਕਿਰ ਚੁੱਕੀ
ਹੈ।
ਘਟਨਾ ਇਉਂ ਘਟੀ : ਸਾਡੇ ਖੂਹ ਦੇ ਨਾਲ਼ੋਂ ਦੀ ਅੰਮ੍ਰਿਤਸਰੋਂ ਸ੍ਰੀ ਹਰਿ ਗੋਬਿੰਦਪੁਰ ਨੂੰ ਸੜਕ ਲੰਘਦੀ
ਹੈ। ਸੜਕ ਤੋਂ ਸਾਡੇ ਤੇ ਵਿਚਕਾਰਲੇ ਖੂਹ ਦੇ ਵਿਚਕਾਰੋਂ ਜਿਹੇ ਪਿੰਡ ਨੂੰ ਪਹਿਆ ਜਾਂਦਾ ਸੀ। ਇਸ ਪਹੇ
ਦੇ ਸ਼ੁਰੂ ਵਿੱਚ ਖੱਬੇ ਹੱਥ ਇੱਕ ਛਪੜੀ ਵੀ ਹੁੰਦੀ ਸੀ, ਜਿਥੇ ਕਿ ਹੁਣ ਪ੍ਰਾਇਮਰੀ ਸਕੂਲ ਮੌਜੂਦ ਹੈ।
ਸੜਕੋਂ ਪਿੰਡ ਨੂੰ ਮੁੜਦਿਆਂ ਖੱਬੇ ਹੱਥ ਪੈਣ ਵਾਲ਼ੀ ਖਡੱਲ (ਨਾ ਵਰਤਿਆ ਜਾਣ ਵਾਲ਼ਾ ਖੂਹ) ਲੰਘ ਕੇ
ਖੱਬੇ ਹੱਥ ਹੀ ਸਾਡੀ ਹਵੇਲੀ ਦਾ ਥਾਂ ਆਉਂਦਾ ਸੀ ਜਿਸ ਨੂੰ ਮੇਰੇ ਬਾਬਾ ਜੀ ਚਾਰ ਭਰਾਵਾਂ ਨੇ ਚੌਹੀਂ
ਥਾਈਂ ਵੰਡ ਕੇ ਨਿੱਕੀਆਂ ਨਿੱਕੀਆਂ ਕੱਚੀਆਂ ਕੰਧਾਂ ਕਢੀਆਂ ਹੋਈਆਂ ਸਨ। ਇਸ ਪਹੇ ਦੇ ਸੱਜੇ ਪਾਸੇ
ਗੁਰਦੁਆਰੇ ਦਾ ਬਾਗ ਸ਼ੁਰੂ ਹੋ ਜਾਂਦਾ ਸੀ। ਸਭ ਤੋਂ ਪਹਿਲਾਂ ਹਵੇਲੀ ਮੇਰੇ ਸਭ ਤੋਂ ਛੋਟੇ ਬਾਬਾ, ਸ.
ਈਸਰ ਸਿੰਘ ਜੀ, ਦੀ ਆਉਂਦੀ ਸੀ ਤੇ ਉਸ ਤੋਂ ਬਾਆਦ ਸਾਡੀ ਹਵੇਲੀ ਸੀ। ਇਸ ਤਰ੍ਹਾਂ ਬਾਕੀ ਦੋਹਾਂ ਵੱਡੇ
ਬਾਬਿਆਂ ਦੀਆਂ ਹਵੇਲੀਆਂ ਸਾਡੇ ਪਿਛਵਾੜੇ ਪੈਂਦੀਆਂ ਸਨ। ਬਾਅਦ ਵਿੱਚ ਸਾਡਾ ਟੱਬਰ ਤਿੰਨੀ ਥਾਈਂ ਵੰਡੇ
ਜਾਣ ਪਿਛੋਂ ਮੇਰੇ ਦਾਦੀ ਜੀ, ਛੋਟੇ ਚਾਚਾ ਜੀ, ਛੋਟੇ ਪੜਦਾਦਾ ਜੀ, ਤੇ ਨਾਲ਼ ਹੀ ਦਾਦੀ ਜੀ ਦਾ ਸਭ
ਤੋਂ ਵੱਡਾ ਪੋਤਾ ਹੋਣ ਕਰਕੇ, ਮੈ ਵੀ ਸ਼ਾਮਲ ਸਾਂ; ਇਹ ਹਵੇਲੀ ਸਾਡਾ ਘਰ ਬਣ ਚੁਕਿਆ ਸੀ। ਇਸ ਦਾ ਬੂਹਾ
ਤੇ ਗੁਰਦੁਆਰੇ ਦਾ ਬੂਹਾ ਆਹਮੋ ਸਾਹਮਣੇ ਸਨ। ਹੁਣ ਸੜਕ ਤੋਂ ਸਭ ਤੋਂ ਪਹਿਲਾਂ, ਸੱਜੇ ਹੱਥ, ਮੇਰੇ
ਕਜ਼ਨ ਚਾਚਾ ਸ. ਦਰਸ਼ਨ ਸਿੰਘ ਦੇ ਮੁੰਡਿਆਂ ਨੇ ਬਹੁਤ ਵੱਡਾ ਕੋਠੀ ਨੁਮਾ ਘਰ ਬਣਾ ਲਿਆ ਹੈ। ਇਹ ਥਾਂ
ਪਹਿਲਾਂ ਪਿੰਡ ਵਿੱਚ ‘ਆਧੀਆਂ’ ਦਾ ਹੁੰਦਾ ਸੀ ਤੇ ਉਹ ਏਥੇ ਆਪਣੇ ਡੰਗਰ ਬੰਨ੍ਹਿਆ ਕਰਦੇ ਸਨ। ਉਸ ਤੋਂ
ਬਾਅਦ ਖੱਬੇ ਹਥ ਆਉਣ ਵਾਲ਼ੀ ਛੋਟੇ ਬਾਬਾ ਜੀ ਦੀ ਹਵੇਲੀ ਵੀ ਵੱਡੇ ਬਾਬਾ ਜੀ ਦੇ ਪੁੱਤਰਾਂ ਅਰਥਾਤ
ਮੇਰੇ ਕਜ਼ਨ ਚਾਚਿਆਂ ਨੇ ਆਪਣੇ ਘਰਾਂ ਵਿੱਚ ਸ਼ਾਮਲ ਕਰ ਲਈ ਹੈ। ਛੋਟੇ ਬਾਬਾ ਜੀ ਦਾ ਪਰਵਾਰ ਚਿਰ ਹੋਇਆ,
ਯੂ. ਪੀ. ਚਲਿਆ ਗਿਆ ਸੀ।
ਸਾਡੇ ਵਾਲ਼ੀ ਹਵੇਲੀ ਦੀ ਪਹੇ ਦੇ ਨਾਲ਼ ਲੱਗਵੀ ਤੇ ਸੜਕੋਂ ਪਹਿਲੀ ਨੁੱਕਰ ਦੇ ਨੇੜੇ, ਕੰਧ ਤੋਂ
ਅੰਦਰਵਾਰ ਇੱਕ ਟਾਹਲੀ ਹੁੰਦੀ ਸੀ ਤੇ ਇਸ ਟਾਹਲੀ ਦੀ ਛਾਵੇਂ ਟੋਕਾ ਤੇ ਨਾਲ਼ ਹੀ ਚੁੰਭੇ ਵਾਲ਼ਾ ਢਾਰਾ
ਹੁੰਦਾ ਸੀ ਤੇ ਨੇੜੇ ਹੀ ਵੇਲਣਾ ਗੱਡਿਆ ਹੋਇਆ ਹੁੰਦਾ ਸੀ। ਏਥੇ ਸਿਆਲ ਨੂੰ ਕਮਾਦ ਪੀੜ ਕੇ ਗੁੜ
ਬਣਾਇਆ ਜਾਂਦਾ ਸੀ। ਵੇਲਣਾ ਲੋਹੇ ਦੀਆਂ ਤਿੰਨ ਮੋਟੀਆਂ ਲੱਠਾਂ ਜਿਹੀਆਂ ਦਾ ਹੁੰਦਾ ਹੈ। ਇੱਕ ਮੋਹਰਲੀ
ਦੂਜੀਆਂ ਦੋਹਾਂ ਨਾਲ਼ੋਂ ਜਰਾ ਕ ਪਤਲੀ ਹੁੰਦੀ ਹੈ। ਦੋਹਾਂ ਲੱਠਾਂ ਦੀ ਵਿਰਲ ਵਿੱਚ ਗੰਨਾ ਫਸਾਇਆ
ਜਾਂਦਾ ਹੈ। ਜੁੱਤੇ ਹੋਏ ਪਸੂਆਂ ਦੀ ਜੋੜੀ ਦੇ ਤੁਰਨ ਨਾਲ਼ ਗੰਨਾ ਹੌਲ਼ੀ ਹੌਲ਼ੀ ਵੇਲਣੇ ਦੇ ਅੰਦਰ ਨੂੰ
ਜਾ ਕੇ ਪੀੜੀਦਾ ਜਾਂਦਾ ਹੈ ਤੇ ਇਸ ਦਾ ਰਸ ਜਿਸ ਨੂੰ ਅਸੀਂ ਰਹੁ ਆਖਦੇ ਹਾਂ, ਥਲੇ ਰੱਖੇ ਘੜੇ ਜਾਂ
ਪੀਪੇ ਵਿੱਚ ਪਈ ਜਾਂਦੀ ਹੈ। ਭਰਨ ਤੇ ਉਹ ਭਾਂਡਾ ਚੁੱਕ ਕੇ ਕੜਾਹੇ ਵਿੱਚ ਪਾ ਦਈਦਾ ਹੈ ਜੋ ਕਿ ਕੜ੍ਹਨ
ਵਾਸਤੇ ਚੁੰਭੇ ਉਪਰ ਰਖਿਆ ਹੋਇਆ ਹੁੰਦਾ ਹੈ। ਮੇਰੀ ਸੰਭਾਲ਼ ਤੋਂ ਪਹਿਲਾਂ ਦੱਸਦੇ ਨੇ ਕਿ ਵੇਲਣਾ ਲੱਕੜ
ਦਾ ਵੀ ਹੋਇਆ ਕਰਦਾ ਸੀ। ਕਿਸਾਨੀ ਲੋੜ ਵਾਲ਼ੇ ਲੋਹੇ ਦੇ ਸੰਦ ਬਟਾਲ਼ੇ ਸ਼ਹਿਰ ਵਿੱਚ ਬਣਿਆ ਕਰਦੇ ਸਨ ਤੇ
ਓਥੋਂ ਹੀ ਖ਼ਰੀਦ ਕੇ ਇਹ ਲਿਆਂਦਾ ਗਿਆ ਸੀ; ਇਸ ਦੀ ਮੈਨੂੰ ਯਾਦ ਹੈ। ਮੇਰੇ ਵੱਡੇ ਚਾਚਾ ਜੀ ਸ. ਬਚਨ
ਸਿੰਘ ਨੇ ਬਟਾਲ਼ੇ ਤੋਂ ਗੁੜ ਕਾੜ੍ਹਨ ਵਾਲ਼ਾ ਵੱਡਾ ਕੜਾਹਿਆ ਆਪਣੇ ਸਿਰ ਤੇ ਚੁੱਕ ਕੇ ਲਿਆਂਦਾ ਸੀ।
ਮਾਲਵੇ ਤੇ ਬਾਂਗਰ ਵਿੱਚ ਵੇਲਣੇ ਨੂੰ ਕੁਲ੍ਹਾੜੀ ਵੀ ਆਖਦੇ ਹਨ।
ਸਿਆਲ ਦੀ ਰੁੱਤ ਸੀ। ਇੱਕ ਦਿਨ ਸਾਡਾ ਵੇਲਣਾ ਵਗਦਾ ਸੀ ਤੇ ਸੜਕ ਤੋਂ ਪਿੰਡ ਵੱਲ ਨੂੰ ਇੱਕ ਚੰਗੇ
ਕੱਪੜੇ ਪਾਈ, ਹੱਥ ਵਿੱਚ ਖੂੰਡੀ ਫੜੀ, ਅਧ ਖੜ ਉਮਰ ਦਾ ਵਿਅਕਤੀ ਤੁਰਿਆ ਆਵੇ। ਉਹ ਐਵੇਂ ਹੀ ਆਪਣੇ ਆਪ
ਨਾਲ਼ ਗੱਲਾਂ ਕਰੀ ਜਾਵੇ। ਸਾਡੀ ਟਾਹਲੀ ਵਾਲ਼ੀ ਨੁੱਕਰ ਦੇ ਨਾਲ਼ ਹੀ ਛੋਟੇ ਬਾਬਾ ਜੀ ਦੀ ਹਵੇਲੀ ਦਾ
ਬੂਹਾ ਪਹੇ ਵੱਲ ਨੂੰ ਖੁਲ੍ਹਦਾ ਸੀ। ਸਾਡੇ ਸ਼ਰੀਕੇ ਵਿਚੋਂ ਲੱਗਦੀਆਂ ਕੁੱਝ ਇਸਤਰੀਆਂ, ਪਹੇ ਪਹੇ
ਪਿੰਡੋਂ ਬਾਹਰ ਨੂੰ ਜਾ ਰਹੀਆਂ ਸਨ। ਇਹ ਤਕਰੀਬਨ ਸਾਰੀਆਂ ਹੀ ਮੇਰੀ ਦਾਦੀ ਮਾਂ ਜੀ ਦੀਆਂ ਦਰਾਣੀਆਂ
ਦੇ ਥਾਂ ਜਾਂ ਕੁੱਝ ਨੂੰਹਾਂ ਦੇ ਥਾਂ ਲੱਗਦੀਆਂ ਸਨ। ਉਹ ਉਸ ਸ਼ਦਾਈ ਬੰਦੇ ਦੀਆਂ ਗੱਲਾਂ ਸੁਣ ਕੇ, ਉਸ
ਦਰਵਾਜੇ ਦੇ ਤਖ਼ਤੇ ਪਿੱਛੇ ਲੁਕ ਕੇ ਆਪਣੇ ਮੂਹਾਂ ਤੇ, ਆਪਣੇ ਸਿਰ ਦੇ ਲੀੜਿਆਂ ਦੇ ਪੱਲੇ ਦੇ ਕੇ, ਆਪਸ
ਵਿੱਚ ਹੱਸਣ। ਮੈ ਇਹ ਆਪਣੀ ਨਿੱਕੀ ਜਿਹੀ ਕੰਧ ਦੇ ਉਤੋਂ ਦੀ, ਮੂਧੇ ਪਏ ਟੋਕਰੇ ਦੇ ਉਤੇ ਖਲੋਤਾ, ਵੇਖ
ਰਿਹਾ ਸਾਂ ਤੇ ਏਸੇ ਗੱਲ ਨੂੰ ਬੜੀ ਵੱਡੀ ਜਾਣਕਾਰੀ ਸਮਝ ਕੇ ਦੂਜੇ ਮੁੰਡਿਆਂ ਨੂੰ ਦੱਸ ਰਿਹਾ ਸਾਂ ਜੋ
ਕਿ ਅੱਜ ਕਲ੍ਹ ਦੀ ਖੁਲ੍ਹੀ ਕਵਿਤਾ ਵਰਗੀਆਂ ਲਾਈਨਾਂ ਬਣ ਜਾਂਦੀਆਂ ਹਨ।
ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ