.

ੴਸਤਿਗੁਰਪ੍ਰਸਾਦਿ
ਹਰਿਮੰਦਰ ਕਿ ਦਰਬਾਰ ਸਾਹਿਬ

ਦਾਸ ਦਾ ਜਨਮ ਭਾਵੇਂ ਮੌਜੂਦਾ ਪਾਕਿਸਤਾਨ ਦਾ ਹੈ, ਪਰ ਅਜੇ ਦੋ ਕੁ ਸਾਲ ਦੀ ਉਮਰ ਸੀ, ਜਦੋਂ ਦੇਸ਼ ਦੀ ਅਤਿ ਮੰਦਭਾਗੀ ਵੰਡ ਹੋ ਗਈ। ਵੰਡ ਤਾਂ ਵੰਡ ਹੋਈ, ਪੰਜਾਬ ਤਾਂ ਜਿਵੇਂ ਜ਼ੁਲਮ ਦੀ ਭੱਠੀ ਬਣ ਗਿਆ। ਡਾਕਟਰ ਪਿਤਾ ਨੂੰ ਬਹੁਤ ਮਾਣ ਸੀ, ਲੰਬਾ ਸਮਾਂ ਹੋ ਗਿਐ ਇਥੇ ਸੇਵਾ ਕਰਦਿਆਂ, ਭਲਾ ਸਾਨੂੰ ਕਿਸੇ ਕੀ ਆਖਣੈ? ਕੁੱਝ ਦਿਨਾਂ ਤੱਕ ਸ਼ਾਂਤੀ ਹੋ ਜਾਵੇਗੀ। ਪਰ ਜਿਵੇਂ ਗੁਰਬਾਣੀ ਦਾ ਫੁਰਮਾਨ ਹੈ:
“ਦਾਵਾ ਅਗਨਿ ਬਹੁਤੁ ਤ੍ਰਿਣ ਜਾਲੇ ਕੋਈ ਹਰਿਆ ਬੂਟੁ ਰਹਿਓ ਰੀ”॥ {ਆਸਾ ਮਹਲਾ 5, ਪੰਨਾ 383}
ਉਹ ਹਰਿਆ ਬੂਟ ਬਣਨਾ ਸ਼ਾਇਦ ਭਾਗਾਂ ਵਿੱਚ ਨਹੀਂ ਸੀ। ਪਿਤਾ ਜੀ, ਜਿਨ੍ਹਾਂ ਨੂੰ ਅਸੀਂ ਸਾਰੇ ਦਾਰਜੀ ਆਖਦੇ ਸਾਂ, ਨੂੰ ਪਤਾ ਲੱਗਾ, ਦੁਸ਼ਮਨ ਚੜ੍ਹ ਆਇਆ ਹੈ, ਬਸ ਪਲਾਂ ਦੀ ਦੇਰ ਹੈ। ਸ਼ਾਇਦ ਪਲਾਂ ਤੋਂ ਵੀ ਘੱਟ ਸਮੇਂ ਵਿੱਚ ਹੀ, ਪਰਿਵਾਰ ਨੂੰ ਖਿਚ-ਧੂਹ ਕੇ ਨਿਕਲ ਤੁਰੇ, ਇਹ ਵੀ ਵੇਖਣ ਦਾ ਮੌਕਾ ਨਾ ਮਿਲਿਆ, ਕਿਸੇ ਦੇ ਪੈਰਾਂ ਵਿੱਚ ਜੁੱਤੀ ਜਾਂ ਸਿਰ ਤੇ ਪੱਲਾ ਵੀ ਹੈ ਕਿ ਨਹੀਂ? ਹਾਂ ਇਸ ਹਾਲਾਤ ਵਿੱਚ ਵੀ ਕ੍ਰਿਪਾਨ ਚੁਕਣੀ ਨਾ ਭੁੱਲੇ। ਆਖਿਰ ਛੋਟੇ-ਛੋਟੇ ਬੱਚਿਆਂ ਨਾਲ ਕਿੰਨਾ ਕੁ ਭੱਜ ਲੈਣਾ ਸੀ? ਦੁਸ਼ਮਨ ਪੈੜ ਨਪਦਾ ਪਿੱਛੇ ਹੀ ਆ ਚੜ੍ਹਿਆ। ਕ੍ਰਿਪਾਨ ਦੇ ਧਨੀ ਦਾਰਜੀ ਨੇ ਹਿੰਮੱਤ ਨਾ ਛੱਡੀ, ਨਿਤਰ ਪਏ ਮੁਕਾਬਲੇ ਵਿੱਚ। ਪਰ ਇਕੱਲੀ ਜਿੰਦ ਨੇ ਕਿੰਨੀ ਕੁ ਦੇਰ ਸੈਂਕੜੇ ਦਰਿੰਦਿਆਂ ਦਾ ਮੁਕਾਬਲਾ ਕਰਨਾ ਸੀ? ਸ਼ਹੀਦੀ ਪਾ ਗਏ। ਕਿਸ ਨੂੰ ਦੋਸ਼ ਦੇਵਾਂ, ਉਨ੍ਹਾਂ ਦੀ ਸ਼ਹਾਦਤ ਦਾ? ਕਿਉਂਕਿ ਜਿਨ੍ਹਾਂ ਪਿਛੋਂ ਆਕੇ ਬਾਕੀ ਸਾਰੇ ਪਰਿਵਾਰ ਨੂੰ ਬਚਾਇਆ, ਉਹ ਵੀ ਉਸੇ ਕੌਮ ਦੇ ਸਨ, ਜਿਸ ਕੌਮ ਦੇ ਦਾਰਜੀ ਨੂੰ ਕੋਹ ਕੋਹ ਕੇ ਸ਼ਹੀਦ ਕਰਨ ਵਾਲੇ ਅਤੇ ਸਾਡੇ ਘਰ ਨੂੰ ਲੁਟਣ ਵਾਲੇ। ਫਰਕ ਸਿਰਫ ਇਤਨਾ ਸੀ, ਉਹ ਬਾਹਰੋਂ ਹਮਲਾਵਾਰ ਹੋ ਕੇ ਆਏ ਸਨ, ਇਹ ਆਪਣੇ ਨਗਰ ਦੇ, ਦਹਾਕਿਆਂ ਦੇ ਗੁਆਂਢੀ, ਜੋ ਖਬਰ ਮਿਲਣ ਤੇ ਮਗਰ ਹੀ ਦੌੜੇ ਆਏ ਸਨ।
ਕਾਫਲੇ ਨਾਲ ਅੰਮ੍ਰਿਤਸਰ ਪਹੁੰਚ ਗਏ। ਬੀਜੀ (ਮਾਤਾ ਜੀ) ਦਾ, ਪ੍ਰਵਾਰ ਨੂੰ ਪਾਲਣ ਲਈ ਸੰਘਰਸ਼ ਸ਼ੁਰੂ ਹੋ ਗਿਆ। ਸਾਰੀ ਦਿਹਾੜੀ ਮਿਹਨਤ ਮਜ਼ਦੂਰੀ ਕਰਨੀ, ਪਰ ਸੁਚੱਜੀ ਮਾਂ ਨੇ ਇੱਕ ਕਮਾਲ ਕੀਤੀ, ਐਸੇ ਹਾਲਾਤ ਵਿੱਚ ਵੀ ਨਾ ਡੋਲੀ, ਅਤੇ ਨਾ ਹੀ ਗੁਰੂ ਦਾ ਓਟ ਆਸਰਾ ਛੱਡਿਆ। ਸ਼ਾਇਦ ਨਾ ਡੋਲਣ ਦਾ ਮੂਲ ਕਾਰਨ ਵੀ ਇਹੀ ਸੀ। ਸਾਨੂੰ ਬੱਚਿਆਂ ਨੂੰ ਵੀ, ਗੁਰੂ ਘਰ ਦਾ ਪਿਆਰ ਗੁੜਤੀ ਵਿੱਚ ਦੇ ਦਿੱਤਾ। ਕੰਮ ਤੋਂ ਵੇਲੇ ਨਾਲ ਮੁੜਨਾ ਜਾਂ ਕੁਵੇਲੇ, ਆਉਂਦੇ ਹੀ ਇਕੋ ਗਲ ਹੁੰਦੀ, ਚਲੋ ਬੇਟਾ ਪਹਿਲਾਂ ‘ਦਰਬਾਰ ਸਾਹਿਬ’ ਦਰਸ਼ਨ ਕਰ ਆਈਏ। ਭਾਵੇਂ ਅੰਦਰ ਬੈਠਣ ਦਾ ਸੁਭਾਗ ਪ੍ਰਾਪਤ ਹੋ ਜਾਵੇ, ਭਾਵੇਂ ਪ੍ਰਕਰਮਾਂ ਵਿੱਚ, ਕੁੱਝ ਸਮਾਂ ਬੈਠ ਕੇ ਕੀਰਤਨ ਜ਼ਰੂਰ ਸੁਣਨਾ। ਅਕਸਰ ਪ੍ਰਕਰਮਾਂ ਵਿੱਚ ਕਾਰ ਸੇਵਾ ਵਾਲੇ ਬਾਬੇ ਬੈਠੇ ਹੋਕਾ ਦੇ ਰਹੇ ਹੁੰਦੇ, ਭਾਗਾਂ ਵਾਲਿਓ! ‘ਦਰਬਾਰ ਸਾਹਿਬ’ ਦੀ ਪ੍ਰਕਰਮਾਂ ਦੀ ਸੇਵਾ ਚੱਲ ਰਹੀ ਹੈ, ਇੱਕ ਦੋ ਟੋਕਰੀਆਂ ਸੁੱਟ ਕੇ ਜਾਓ। ਕਦੇ ਪ੍ਰਕਰਮਾਂ ਦੀ ਸੇਵਾ, ਕਦੇ ਲੰਗਰ ਦੀ, ਕਦੇ ਸਰੋਵਰ ਦੀ। ਕਦੇ ਮਿੱਟੀ, ਕਦੇ ਰੇਤਾ, ਕਦੇ ਰੋੜੀ, ਕਦੇ ਗਾਰਾ। ਦੋ ਚਾਰ ਟੋਕਰੀਆਂ ਸੁੱਟ ਕੇ ਇੱਕ ਅਜੀਬ ਜਿਹਾ ਅਨੰਦ ਮਹਿਸੂਸ ਹੁੰਦਾ। ਥੋੜਾ ਪੜ੍ਹਨ- ਲਿਖਣ ਦੀ ਸੋਝੀ ਆਉਣੀ ਸ਼ੁਰੂ ਹੋਈ, ਪ੍ਰਕਰਮਾਂ ਵਿੱਚ ਲੱਗੇ ਬੋਰਡ ਅਕਸਰ ਪੜ੍ਹਨ ਨੂੰ ਮਿਲਦੇ, ‘ਦਰਬਾਰ ਸਾਹਿਬ’ ਦੀ ਪ੍ਰਕਰਮਾਂ ਵਿੱਚ ਨੰਗੇ ਸਿਰ ਨਾ ਚਲੋ, ‘ਦਰਬਾਰ ਸਾਹਿਬ’ ਦੀ ਪ੍ਰਕਰਮਾਂ ਵਿੱਚ ਗੱਲਾਂ ਨਾ ਕਰੋ, ਕੀਰਤਨ ਸੁਣੋ, ‘ਦਰਬਾਰ ਸਾਹਿਬ’ ਦੇ ਸਰੋਵਰ ਵਿੱਚ ਇਸ਼ਨਾਨ ਕਰਨ ਲਗੇ, ਆਪਣੇ ਸਮਾਨ ਦਾ ਆਪ ਖਿਆਲ ਰਖੋ, ਆਦਿ ਆਦਿ। ‘ਦਰਬਾਰ ਸਾਹਿਬ’ ਸ਼ਬਦ ਮਾਨਸ ਪੱਟੀ ਤੇ ਪੱਕਾ ਉਕਰ ਗਿਆ।
ਜਿਵੇਂ ਗੁਰਬਾਣੀ ਦਾ ਹੁਕਮ ਹੈ:
“ਨਕਿ ਨਥ ਖਸਮ ਹਥ ਕਿਰਤੁ ਧਕੇ ਦੇ॥ ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ॥ 2॥” {ਮਃ 2, ਪੰਨਾ 653)
ਕਿਰਤ ਅੰਮ੍ਰਿਤਸਰ ਤੋਂ ਚੰਡੀਗੜ੍ਹ ਲੈ ਆਈ, ਪਰ ਅਕਸਰ ਦਰਬਾਰ ਸਾਹਿਬ ਦੇ ਦਰਸ਼ਨ ਦਾ ਸੁਭਾਗ ਪ੍ਰਾਪਤ ਹੁੰਦਾ ਰਿਹਾ। ਸਮੇਂ ਸਮੇਂ ਕਈ ਤਬਦੀਲੀਆਂ ਧਿਆਨ ਵਿੱਚ ਆਈਆਂ, ਜਿਵੇਂ ਨਿਸ਼ਾਨ ਸਾਹਿਬ ਦਾ ਰੰਗ ਕੇਸਰੀ ਤੋਂ ਬਦਲ ਕੇ ਹੌਲੀ-ਹੌਲੀ ਭਗਵਾ ਹੋਣਾ, ਜਿਸਦਾ ਜ਼ਿਕਰ ਦਾਸ ਨੇ ਨਿਜੀ ਤੌਰ ਤੇ ਮਿਲ ਕੇ ਉਸ ਸਮੇਂ ਦੇ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਜੋਗਿੰਦਰ ਸਿੰਘ ਵੇਦਾਂਤੀ ਜੀ ਨੂੰ ਵੀ ਕੀਤਾ, ਪਰ ਉਨ੍ਹਾਂ ਗੱਲ ਨੂੰ ਅਣਗੌਲਿਆ ਕਰ ਛੱਡਿਆ, ਯਾ ਸ਼ਾਇਦ ਉਨ੍ਹਾਂ ਦੇ ਵਸ ਵਿੱਚ ਹੀ ਕੁੱਝ ਨਹੀਂ ਸੀ। ਇੱਕ ਜੋ ਹੋਰ ਵਿਸ਼ੇਸ਼ ਤਬਦੀਲੀ ਨਜ਼ਰ ਪਈ, ਉਹ ਸੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਵਿੱਚ ਲੱਗੇ ਬੋਰਡਾਂ ਵਿੱਚੋਂ, ‘ਦਰਬਾਰ ਸਾਹਿਬ’ ਸ਼ਬਦ ਹੌਲੀ ਹੌਲੀ ਬਦਲ ਕੇ, ‘ਹਰਿਮੰਦਰ ਸਾਹਿਬ’ ਲਿਖਿਆ ਜਾਣਾ। ਗੁਰਬਾਣੀ ਦੀ ਜੋ ਕੁੱਝ ਥੋੜ੍ਹੀ ਬਹੁਤ ਸੋਝੀ ਸਤਿਗੁਰੂ ਨੇ ਬਖਸ਼ੀ ਹੈ ਉਸ ਤੋਂ ਸਪੱਸ਼ਟ ਹੈ ਕਿ ਗੁਰਬਾਣੀ ਵਿੱਚ ਅਕਸਰ ਹਰਿਮੰਦਰ ਮਨੁੱਖੀ ਸ਼ਰੀਰ ਨੂੰ ਕਿਹਾ ਗਿਆ ਹੈ। ਇਸ ਨੂੰ ਆਪਣਾ ਅਵੇਸਲਾਪਨ ਆਖਾਂ ਕਿ ਮੂਰਖਤਾ, ਗੱਲ ਨੂੰ ਬਹੁਤ ਗੰਭੀਰਤਾ ਨਾਲ ਨਹੀਂ ਲਿਆ, ਭਾਵੇਂ ਆਪਣੇ ਲੈਕਚਰਾਂ ਵਿੱਚ ਮੌਕਾ ਮਿਲਣ ਤੇ ਇਹ ਗੱਲ ਵਿਸ਼ੇਸ਼ ਤੌਰ ਤੇ ਦ੍ਰਿੜ ਕਰਾਉਂਣੀ ਸ਼ੁਰੂ ਕਰ ਦਿਤੀ, ਕਿ ਅੰਮ੍ਰਿਤਸਰ ਵਿੱਖੇ ਸੁਸ਼ੋਭਿਤ ਸਿੱਖੀ ਦਾ ਕੇਂਦਰ ਦਰਬਾਰ ਸਾਹਿਬ ਹੈ ਨਾ ਕਿ ਹਰਿਮੰਦਰ ਸਾਹਿਬ।
ਪਿਛਲੇ ਥੋੜ੍ਹੇ ਦਿਨਾਂ ਵਿੱਚ ਹੀ ਦੋ ਮੌਕਿਆਂ ਨੇ ਵਿਸ਼ੇਸ਼ ਚੇਤੰਨ ਕਰ ਦਿੱਤਾ। ਪਹਿਲਾਂ ਇੱਕ ਸਮਾਗਮ ਵਿੱਚ ਇੱਕ ਸਿਆਸੀ ਆਗੂ ਨੂੰ ਪੂਰਾ ਜ਼ੋਰ ਦੇਕੇ ਕਹਿੰਦੇ ਸੁਣਿਆ, ਅਸੀਂ ਗਲਤ ਦਰਬਾਰ ਸਾਹਿਬ ਕਹੀ ਜਾ ਰਹੇ ਹਾਂ, ਸਾਡੇ ਇਸ ਕੇਂਦਰੀ ਸਥਾਨ ਦਾ ਨਾਂ ਹਰਿਮੰਦਰ ਸਾਹਿਬ ਹੈ। ਉਸ ਦੀ ਗੱਲ ਨੂੰ ਤਾਂ ਸਿਆਸੀ ਆਗੂ ਦੀ ਅਗਿਆਨਤਾ ਸਮਝ ਕੇ ਬਹੁਤੀ ਮਹਤੱਤਾ ਨਾ ਦਿੱਤੀ, ਪਰ ਕੁੱਝ ਦਿਨਾਂ ਬਾਅਦ ਹੀ ਇੱਕ ਉਘੇ ਪ੍ਰਚਾਰਕ ਨੂੰ: “ਹਰਿ ਜਪੇ ਹਰਿ ਮੰਦਰੁ ਸਾਜਿਆ ਸੰਤ ਭਗਤ ਗੁਣ ਗਾਵਹਿ ਰਾਮ॥ ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪਨਾ ਸਗਲੇ ਪਾਪ ਤਜਾਵਹਿ ਰਾਮ॥” (ਸੂਹੀ ਮਹਲਾ 5, ਪੰਨਾ 781), ਸ਼ਬਦ ਦੀ ਵਿਆਖਿਆ ਕਰਦਿਆਂ, ਸਤਿਗੁਰੂ ਨੇ ਇਸ ਸ਼ਰੀਰ ਨੂੰ ਹਰਿਮੰਦਰ ਆਖਿਆ ਹੈ, ਦੇ ਨਾਲ ਇਹ ਕਹਿੰਦੇ ਸੁਣਿਆਂ ਕਿ ਅੰਮ੍ਰਿਤਸਰ ਵਿੱਖੇ ਸਥਾਪਿਤ ਸਾਡਾ ਸਿੱਖੀ ਦਾ ਕੇਂਦਰ ਵੀ ਹਰਿਮੰਦਰ ਹੈ ਤਾਂ ਵਿਚਾਰ ਆਇਆ ਕਿ ਵਿਸ਼ੇ ਨੂੰ ਗੰਭੀਰਤਾ ਨਾਲ ਵਿਚਾਰਨਾ ਅਤਿ ਜ਼ਰੂਰੀ ਹੋ ਗਿਆ ਹੈ।
ਆਓ ਪਹਿਲਾਂ ਇਹ ਵਿਚਾਰੀਏ ਕਿ ਗੁਰਬਾਣੀ ਵਿੱਚ ਹਰਿਮੰਦਰ ਸ਼ਬਦ ਕਿਸ ਸੰਦਰਭ ਵਿੱਚ ਆਇਆ ਹੈ। ਹਰਿਮੰਦਰ ਸ਼ਬਦ ਦੋ ਲਫਜ਼ਾ ਦੇ ਮੇਲ ਤੋਂ ਬਣਿਆ ਹੈ: ਹਰਿ+ ਮੰਦਰ। ਮੰਦਰ ਦਾ ਸ਼ਬਦੀ ਅਰਥ ਹੈ: ਘਰ, ਰਹਿਣ ਦਾ, ਟਿਕਣ ਦਾ ਯਾ ਅਰਾਮ ਕਰਨ ਦਾ ਸਥਾਨ।
ਗੁਰਬਾਣੀ ਵਿੱਚ ਅਕਾਲ-ਪੁਰਖ ਨੂੰ ਬਹੁਤ ਨਾਵਾਂ ਨਾਲ ਯਾਦ ਕੀਤਾ ਗਿਆ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਹਨ:
“ਨਾਨਕੁ ਵੇਚਾਰਾ ਕਿਆ ਕਹੈ॥ ਸਭੁ ਲੋਕੁ ਸਲਾਹੇ ਏਕਸੈ॥ ਸਿਰੁ ਨਾਨਕ ਲੋਕਾ ਪਾਵ ਹੈ॥ ਬਲਿਹਾਰੀ ਜਾਉ ਜੇਤੇ ਤੇਰੇ ਨਾਵ ਹੈ॥ 4॥ 2॥” {ਮਹਲਾ 1 ਬਸੰਤੁ, ਪੰਨਾ 1168}
(ਨਿਰਾ ਮੈਂ ਨਾਨਕ ਹੀ ਨਹੀਂ ਆਖ ਰਿਹਾ ਕਿ ਤੂੰ ਬੇਅੰਤ ਹੈਂ) ਗ਼ਰੀਬ ਨਾਨਕ ਕੀਹ ਆਖ ਸਕਦਾ ਹੈ ? ਸਾਰਾ ਸੰਸਾਰ ਹੀ ਤੈਨੂੰ ਇੱਕ ਨੂੰ ਸਲਾਹ ਰਿਹਾ ਹੈ (ਤੇਰੀਆਂ ਸਿਫ਼ਤਾਂ ਕਰ ਰਿਹਾ ਹੈ) । ਹੇ ਪ੍ਰਭੂ ! ਜੇਹੜੇ ਬੰਦੇ ਤੇਰੀ ਸਿਫ਼ਤਿ-ਸਾਲਾਹ ਕਰਦੇ ਹਨ, ਮੈਂ ਨਾਨਕ ਦਾ ਸਿਰ ਉਹਨਾਂ ਦੇ ਕਦਮਾਂ ਤੇ ਹੈ । ਹੇ ਪ੍ਰਭੂ ! ਜਿਤਨੇ ਭੀ ਤੇਰੇ ਨਾਮ ਹਨ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ। 4. 2.
ਸਤਿਗੁਰੂ ਨੇ ਗਲ ਸਪਸ਼ਟ ਕਰ ਦਿੱਤੀ ਹੈ ਕਿ ਅਕਾਲ-ਪੁਰਖ ਦੇ ਬੇਅੰਤ ਨਾਮ ਹਨ। ਕਿਉਂਕਿ ਅਕਾਲ-ਪੁਰਖ ਬੇਅੰਤ ਗੁਣਾਂ ਦਾ ਮਾਲਕ ਹੈ, ਇਹ ਨਾਮ ਅਸੀਂ ਜੀਵਾਂ ਨੇ ਅਕਾਲ-ਪੁਰਖ ਦੇ ਗੁਣਾਂ ਨੂੰ ਵੇਖ ਕੇ ਰਖ ਲਏ ਹਨ:
“ਕਿਰਤਮ ਨਾਮ ਕਥੇ ਤੇਰੇ ਜਿਹਬਾ॥ ਸਤਿ ਨਾਮੁ ਤੇਰਾ ਪਰਾ ਪੂਰਬਲਾ॥” {ਮਾਰੂ ਮਹਲਾ 5, ਪੰਨਾ 1083}
ਹੇ ਪ੍ਰਭੂ ! (ਸਾਡੀ ਜੀਵਾਂ ਦੀ) ਜੀਭ ਤੇਰੇ ਉਹ ਨਾਮ ਉਚਾਰਦੀ ਹੈ ਜੋ ਨਾਮ (ਤੇਰੇ ਗੁਣ ਵੇਖ ਵੇਖ ਕੇ ਜੀਵਾਂ ਨੇ) ਬਣਾਏ ਹੋਏ ਹਨ । ਪਰ ‘ਸਤਿਨਾਮੁ’ ਤੇਰਾ ਮੁੱਢ-ਕਦੀਮਾਂ ਦਾ ਨਾਮ ਹੈ (ਭਾਵ, ਤੂੰ ‘ਹੋਂਦ ਵਾਲਾ’ ਹੈਂ, ਤੇਰੀ ਇਹ ‘ਹੋਂਦ’ ਜਗਤ-ਰਚਨਾ ਤੋਂ ਪਹਿਲਾਂ ਭੀ ਮੌਜੂਦ ਸੀ) ।
ਗੁਰੂ ਗ੍ਰੰਥ ਸਾਹਿਬ ਵਿੱਚ ਅਕਾਲ-ਪੁਰਖ ਨੂੰ, ਉਸ ਦੇ ਗੁਣਾਂ ਤੇ ਅਧਾਰਿਤ, ਜੋ ਕਈ ਨਾਵਾਂ ਨਾਲ ਯਾਦ ਕੀਤਾ ਗਿਆ ਹੈ, ਉਨ੍ਹਾਂ ਦੇ ਕੁੱਝ ਕੁ ਪ੍ਰਮਾਣ ਹੇਠ ਦਿਤੇ ਹਨ।
“ਹਰਿ ਬਿਨੁ ਜੀਉ ਜਲਿ ਬਲਿ ਜਾਉ॥ ਮੈ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ ਥਾਉ॥” {ਰਾਗੁ ਸਿਰੀਰਾਗੁ ਮਹਲਾ ਪਹਿਲਾ 1, ਪੰਨਾ 14} ਹਰਿ- ਹਰਿਆਵਲ ਕਰਨ ਵਾਲਾ।
“ਜੀਅ ਰੇ, ਰਾਮ ਜਪਤ ਮਨੁ ਮਾਨੁ॥” {ਸਿਰਿ ਰਾਗੁ ਮਹਲਾ 1, ਪੰਨਾ 21} ਰਾਮ- ਰਮਿਆ ਹੋਇਆ, ਕਣ ਕਣ ਵਿੱਚ ਸਮਾਇਆ ਹੋਇਆ।
“ਰਸ ਕਸ ਆਪੁ ਸਲਾਹਣਾ, ਏ ਕਰਮ ਮੇਰੇ ਕਰਤਾਰ॥” {ਸਿਰੀ ਰਾਗੁ ਮਹਲਾ 1, ਪੰਨਾ 15} ਕਰਤਾਰ- ਕਰਨ ਵਾਲਾ, ਰਚਨ ਵਾਲਾ।
“ਗਿਆਨ ਧਿਆਨ ਪੂਰਨ ਪਰਮੇਸੁਰ ਪ੍ਰਭੁ ਸਭਨਾ ਗਲਾ ਜੋਗਾ ਜੀਉ॥” {ਮਾਝ ਮਹਲਾ 5, ਪੰਨਾ 108} ਪਰਮੇਸੁਰ—ਪਰਮ ਈਸ਼੍ਵਰ, ਸਭ ਤੋਂ ਵੱਡਾ ਮਾਲਕ ।
“ਮੋਹਨ ਨਾਮੁ ਸਦਾ ਰਵਿ ਰਹਿਓ॥ ਕੋਟਿ ਮਧੇ ਕਿਨੈ ਗੁਰਮੁਖਿ ਲਹਿਓ॥” {ਗਉੜੀ ਮਹਲਾ 5, ਪੰਨਾ 241} ਮੋਹਨ—ਮਨ ਨੂੰ ਮੋਹ ਲੈਣ ਵਾਲਾ ।
“ਪੇਈਅੜੈ ਜਗ ਜੀਵਨੁ ਦਾਤਾ ਮਨਮੁਖਿ ਪਤਿ ਗਵਾਈ॥” {ਸਿਰੀਰਾਗੁ ਮਹਲਾ 3, ਪੰਨਾ 64} ਜਗ ਜੀਵਨ—ਜਗਤ ਦਾ ਜੀਵਨ-ਆਸਰਾ ।
“ਮੇਰੇ ਮਾਧਉ ਜੀ, ਸਤਸੰਗਤਿ ਮਿਲੇ ਸੁ ਤਰਿਆ॥” {ਰਾਗੁ ਗੂਜਰੀ ਮਹਲਾ 5, ਪੰਨਾ 10} ਮਾਧਉ ਜੀ—ਹੇ ਪ੍ਰਭੂ ਜੀ! ਹੇ ਮਾਇਆ ਦੇ ਪਤੀ ਜੀ! {ਮਾਧਉ—ਮਾ-ਧਵ। ਮਾ—ਮਾਇਆ। ਧਵ—ਪਤੀ}
“ਮਿਲੁ ਮੇਰੇ ਬੀਠੁਲਾ, ਲੈ ਬਾਹੜੀ ਵਲਾਇ॥ ਮਿਲੁ ਮੇਰੇ ਰਮਈਆ, ਮੈ ਲੇਹਿ ਛਡਾਇ”॥ {ਸਿਰੀ ਰਾਗੁ ਤ੍ਰਿਲੋਚਨ ਕਾ, ਪੰਨਾ 92} ਲਫ਼ਜ਼ "ਬੀਠਲ" ਸੰਸਕ੍ਰਿਤ ਦੇ ਲਫ਼ਜ਼ ( ‘ਵਿਸ਼ਠਲ’ ) ਦਾ ਪ੍ਰਾਕ੍ਰਿਤ ਰੂਪ ਹੈ। "ਵਿ+ਸਥਲ"। ਵਿ—ਪਰੇ, ਮਾਇਆ ਤੋਂ ਪਰੇ। ਸਥਲ-ਟਿਕਿਆ ਹੋਇਆ ਹੈ। ਵਿ+ਸਥਲ, ਵਿਸ਼ਠਲ, ਬੀਠਲਾ—ਉਹ ਪ੍ਰਭੂ ਜੋ ਮਾਇਆ ਦੇ ਪ੍ਰਭਾਵ ਤੋਂ ਦੂਰ ਪਰੇ ਟਿਕਿਆ ਹੋਇਆ ਹੈ। ਇਹ ਲਫ਼ਜ਼ ਸਤਿਗੁਰੂ ਜੀ ਨੇ ਭੀ ਕਈ ਵਾਰੀ ਵਰਤਿਆ ਹੈ, ਤੇ, ਸਰਬ-ਵਿਆਪਕ ਪਰਮਾਤਮਾ ਵਾਸਤੇ ਹੀ ਵਰਤਿਆ ਹੈ। ਰਮਈਆ- ਰਮਿਆ ਹੋਇਆ, ਸਰਬਵਿਆਪੀ।
ਸੋ ਹਰਿ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਅਕਾਲ-ਪੁਰਖ ਵਾਸਤੇ ਵਰਤੇ ਗਏ ਕਈ ਨਾਵਾਂ ਵਿੱਚੋਂ ਇੱਕ ਨਾਂ ਹੈ ਅਤੇ ਇਹ ਸ਼ਬਦ ਗੁਰਬਾਣੀ ਵਿੱਚ ਬਾਕੀ ਨਾਵਾਂ ਨਾਲੋ ਸਭ ਤੋਂ ਵਧੇਰੇ ਵਾਰੀ ਆਇਆ ਹੈ। ਸੋ ਹਰਿਮੰਦਰ ਦਾ ਸ਼ਬਦੀ ਅਰਥ ਹੈ ਪ੍ਰਮੇਸ਼ਰ ਦਾ ਘਰ। ਹੁਣ ਇਹ ਵੀ ਵੇਖ ਲਈਏ ਗੁਰਬਾਣੀ ਸਾਨੂੰ ਕੀ ਅਗਵਾਈ ਦੇਂਦੀ ਹੈ, ਪ੍ਰਮੇਸ਼ਰ ਦਾ ਘਰ ਕਿਹੜਾ ਹੈ, ਉਹ ਕਿਥੇ ਵਸਦਾ ਹੈ? :
“ਜਹ ਜਹ ਪੇਖਉ ਤਹ ਹਜੂਰਿ ਦੂਰਿ ਕਤਹੁ ਨ ਜਾਈ॥ ਰਵਿ ਰਹਿਆ ਸਰਬਤ੍ਰ ਮੈ ਮਨ ਸਦਾ ਧਿਆਈ॥ 1॥” {ਧਨਾਸਰੀ ਮਹਲਾ 5, ਪੰਨਾ 677}
ਹੇ ਭਾਈ! ਮੈਂ ਜਿੱਥੇ ਜਿੱਥੇ ਵੇਖਦਾ ਹਾਂ ਉੱਥੇ ਉੱਥੇ ਹੀ ਪਰਮਾਤਮਾ ਹਾਜ਼ਰ-ਨਾਜ਼ਰ ਹੈ, ਉਹ ਕਿਸੇ ਥਾਂ ਤੋਂ ਭੀ ਦੂਰ ਨਹੀਂ ਹੈ। ਹੇ (ਮੇਰੇ) ਮਨ ! ਤੂੰ ਸਦਾ ਉਸ ਪ੍ਰਭੂ ਨੂੰ ਸਿਮਰਿਆ ਕਰ, ਜੇਹੜਾ ਸਭਨਾਂ ਵਿੱਚ ਵੱਸ ਰਿਹਾ ਹੈ। 1.
“ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ॥ ਕਹੁ ਨਾਨਕ ਤਿਹ ਭਜੁ ਮਨਾ ਭਉ ਨਿਧਿ ਉਤਰਹਿ ਪਾਰਿ॥ 12॥” (ਸਲੋਕ ਮਹਲਾ 9, ਪੰਨਾ 1427)
ਹੇ ਨਾਨਕ! ਆਖ—ਹੇ ਮਨ! ਸੰਤ ਜਨਾਂ ਨੇ ਉੱਚੀ ਕੂਕ ਕੇ ਦੱਸ ਦਿੱਤਾ ਹੈ ਕਿ ਪਰਮਾਤਮਾ ਹਰੇਕ ਸਰੀਰ ਵਿੱਚ ਵੱਸ ਰਿਹਾ ਹੈ। ਤੂੰ ਉਸ (ਪਰਮਾਤਮਾ) ਦਾ ਭਜਨ ਕਰਿਆ ਕਰ, (ਭਜਨ ਦੀ ਬਰਕਤਿ ਨਾਲ) ਸੰਸਾਰ-ਸਮੁੰਦਰ ਤੋਂ ਤੂੰ ਪਾਰ ਲੰਘ ਜਾਹਿਗਾ। 12.
ਉਪਰੋਕਤ ਪ੍ਰਮਾਣਾਂ ਤੋਂ ਗੱਲ ਬੜੀ ਸਪੱਸ਼ਟ ਹੈ ਕਿ ਅਕਾਲ-ਪੁਰਖ ਸਰਬਵਿਆਪੀ ਹੈ। ਜਿਵੇਂ ਉਹ ਹਰ ਜਗ੍ਹਾ, ਹਰ ਸ਼ੈ ਵਿੱਚ ਵਿਆਪਕ ਹੈ, ਤਿਵੇਂ ਉਸੇ ਦੀ ਜੋਤ ਹਰ ਸਰੀਰ ਵਿੱਚ ਪ੍ਰਕਾਸ਼ਮਾਨ ਹੈ। ਹੇਠਲੀਆਂ ਪੰਕਤੀਆਂ ਵਿੱਚ ਸਤਿਗੁਰੂ ਨੇ ਗੱਲ ਨੂੰ ਹੋਰ ਸਪਸ਼ਟ ਕਰ ਦਿੱਤਾ ਹੈ:
“ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ॥ ਗੁਰ ਸਾਖੀ ਜੋਤਿ ਪਰਗਟੁ ਹੋਇ॥” {ਧਨਾਸਰੀ ਮਹਲਾ 1, ਪੰਨਾ 663}
ਸਾਰੇ ਜੀਵਾਂ ਵਿੱਚ ਇਕੋ ਉਹੀ ਪਰਮਾਤਮਾ ਦੀ ਜੋਤਿ ਵਰਤ ਰਹੀ ਹੈ। ਉਸ ਜੋਤਿ ਦੇ ਪਰਕਾਸ਼ ਨਾਲ ਸਾਰੇ ਜੀਵਾਂ ਵਿੱਚ ਚਾਨਣ (ਸੂਝ-ਬੂਝ) ਹੈ। ਪਰ ਇਸ ਜੋਤਿ ਦਾ ਗਿਆਨ ਗੁਰੂ ਦੀ ਸਿੱਖਿਆ ਨਾਲ ਹੀ ਹੁੰਦਾ ਹੈ (ਗੁਰੂ ਦੀ ਰਾਹੀਂ ਇਹ ਸਮਝ ਪੈਂਦੀ ਹੈ ਕਿ ਹਰੇਕ ਦੇ ਅੰਦਰ ਪਰਮਾਤਮਾ ਦੀ ਜੋਤਿ ਹੈ)।
ਸਤਿਗੁਰੂ ਸਾਨੂੰ ਸਮਝਾਉਂਦੇ ਹਨ ਕਿ ਇਸ ਸਰੀਰ ਦਾ ਰਾਜਾ ਮਨ ਹੈ, ਭਾਵ ਸਾਡੇ ਸ਼ਰੀਰ ਦੇ ਸਾਰੇ ਇੰਦਰੇ ਮਨ ਦੇ ੳਨੁਸਾਰ ਹੀ ਕੰਮ ਕਰਦੇ ਹਨ:
“ਗੁਰ ਬਿਨੁ ਕਿਨਿ ਸਮਝਾਈਐ ਮਨੁ ਰਾਜਾ ਸੁਲਤਾਨੁ॥ 4॥” {ਸਿਰੀ ਰਾਗੁ ਮਹਲਾ 1, ਪੰਨਾ 61}
ਮਨ (ਇਸ ਸਰੀਰ-ਨਗਰੀ ਦਾ) ਰਾਜਾ ਬਣਿਆ ਰਹਿੰਦਾ ਹੈ, ਸੁਲਤਾਨ ਬਣਿਆ ਰਹਿੰਦਾ ਹੈ। ਗੁਰੂ ਤੋਂ ਬਿਨਾ ਇਸ ਨੂੰ ਕਿਸੇ ਹੋਰ ਨੇ ਕਦੇ ਮਤਿ ਨਹੀਂ ਦਿੱਤੀ (ਕੋਈ ਇਸ ਨੂੰ ਸਮਝਾ ਨਹੀਂ ਸਕਿਆ)। 4.
“ਮਨੁ ਰਾਜਾ ਮਨੁ ਮਨ ਤੇ ਮਾਨਿਆ ਮਨਸਾ ਮਨਹਿ ਸਮਾਈ॥” {ਰਾਗੁ ਭੈਰਉ ਮਹਲਾ 1, ਪੰਨਾ 1125}
ਮਨ ਹੀ ਸਾਰੇ ਗਿਆਨ ਇੰਦ੍ਰਿਆਂ ਨੂੰ ਚੰਗੇ ਜਾਂ ਮਾੜੇ ਕੰਮਾਂ ਵਾਸਤੇ ਪ੍ਰੇਰਦਾ ਹੈ। ਇਸ ਮਨ ਨੇ ਹੀ ਅੰਦਰ ਵਸਦੇ ਅਕਾਲ-ਪੁਰਖ ਨੂੰ ਪਹਿਚਾਨਣਾ ਹੈ। ਇਸੇ ਵਾਸਤੇ ਸਤਿਗੁਰੂ ਮਨ ਨੂੰ ਯਾਦ ਕਰਾਉਂਦੇ ਹਨ:
“ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ॥” {ਆਸਾ ਮਹਲਾ 3, ਪੰਨਾ 441}
ਹੇ ਮੇਰੇ ਮਨ ! ਤੂੰ ਉਸ ਪਰਮਾਤਮਾ ਦੀ ਅੰਸ ਹੈਂ ਜੋ ਨਿਰਾ ਨੂਰ ਹੀ ਨੂਰ ਹੈ (ਹੇ ਮਨ !) ਆਪਣੇ ਉਸ ਅਸਲੇ ਨਾਲ ਸਾਂਝ ਬਣਾ। ਹੇ ਮਨ ! ਉਹ ਪਰਮਾਤਮਾ ਸਦਾ ਤੇਰੇ ਅੰਗ-ਸੰਗ ਵੱਸਦਾ ਹੈ, ਗੁਰੂ ਦੀ ਮਤਿ ਲੈ ਕੇ ਉਸ ਦੇ ਮਿਲਾਪ ਦਾ ਸੁਆਦ ਲੈ।
ਪਰ ਇਸ ਸ਼ਰੀਰ ਵਿੱਚ ਸਭ ਤੋਂ ਚੰਚਲ ਵੀ ਮਨ ਨੂੰ ਹੀ ਮਨਿੰਆਂ ਗਿਆ ਹੈ, ਜੋ ਹਰ ਸਮੇਂ ਬਾਹਰ ਭਟੱਕਦਾ ਰਹਿੰਦਾ ਹੈ:
“ਇਹੁ ਮਨੁ ਚੰਚਲੁ ਵਸਿ ਨ ਆਵੈ॥ ਦੁਬਿਧਾ ਲਾਗੈ ਦਹ ਦਿਸਿ ਧਾਵੈ॥” {ਮਾਝ ਮਹਲਾ 3, ਪੰਨਾ 127}
(ਮਾਇਆ-ਵ੍ਹੇੜੇ ਮਨੁੱਖ ਦਾ) ਇਹ ਮਨ ਚੰਚਲ (ਸੁਭਾਵ ਵਾਲਾ ਰਹਿੰਦਾ) ਹੈ, (ਉਸ ਦੇ ਆਪਣੇ ਉੱਦਮ ਨਾਲ) ਕਾਬੂ ਵਿੱਚ ਨਹੀਂ ਆਉਂਦਾ, (ਉਸ ਦਾ ਮਨ ਮਾਇਆ ਦੇ ਕਾਰਨ) ਡਾਵਾਂ ਡੋਲ ਹਾਲਤ ਵਿੱਚ ਟਿਕਿਆ ਰਹਿੰਦਾ ਹੈ, ਤੇ (ਮਾਇਆ ਦੀ ਖ਼ਾਤਰ) ਦਸੀਂ ਪਾਸੀਂ ਦੌੜਦਾ ਰਹਿੰਦਾ ਹੈ।
“ਕਬੀਰ ਮਨੁ ਪੰਖੀ ਭਇਓ, ਉਡਿ ਉਡਿ ਦਹ ਦਿਸ ਜਾਇ॥ ਜੋ ਜੈਸੀ ਸੰਗਤਿ ਮਿਲੈ, ਸੋ ਤੈਸੋ ਫਲੁ ਖਾਇ॥ 86॥” {ਸਲੋਕ ਕਬੀਰ ਜੀ, ਪੰਨਾ 1369}
ਮਨੁੱਖ ਦਾ ਮਨ ਪੰਛੀ ਬਣ ਜਾਂਦਾ ਹੈ ਇੱਕ ਪ੍ਰਭੂ ਦਾ ਆਸਰਾ ਛੱਡ ਕੇ) ਭਟਕ ਭਟਕ ਕੇ (ਮਾਇਕ ਪਦਾਰਥਾਂ ਦੇ ਪਿੱਛੇ) ਦਸੀਂ ਪਾਸੀਂ ਦੌੜਦਾ ਹੈ (ਤੇ ਇਹ ਕੁਦਰਤਿ ਦਾ ਨਿਯਮ ਹੀ ਹੈ ਕਿ) ਜੋ ਮਨੁੱਖ ਜਿਹੋ ਜਿਹੀ ਸੰਗਤਿ ਵਿੱਚ ਬੈਠਦਾ ਹੈ ਉਹੋ ਜਿਹਾ ਉਸ ਨੂੰ ਫਲ ਮਿਲਦਾ ਹੈ। 86.
ਅੰਦਰ ਵਸਦੇ ਪਰਮੇਸ਼ਰ ਨਾਲ ਮਿਲਾਪ ਤਾਂ ਹੋਵੇ ਜੇ ਮਨ ਆਪਣੇ ਸ਼ਰੀਰ ਰੂਪੀ ਘਰ ਵਿੱਚ ਵਾਪਸ ਆਵੇ। ਇਸੇ ਵਾਸਤੇ ਸਤਿਗੁਰੂ ਹਰ ਵੇਲੇ ਸਾਨੂੰ ਇਹ ਸਮਝਾਉਂਦੇ, ਮਨ ਨੂੰ ਬਾਹਰ ਭਟਕਣ ਤੋਂ ਰੋਕਦੇ ਹਨ:
“ਮਨ ਰੇ ਥਿਰੁ ਰਹੁ ਮਤੁ ਕਤ ਜਾਹੀ ਜੀਉ॥ ਬਾਹਰਿ ਢੂਢਤ ਬਹੁਤੁ ਦੁਖੁ ਪਾਵਹਿ ਘਰਿ ਅੰਮ੍ਰਿਤੁ ਘਟ ਮਾਹੀ ਜੀਉ॥ ਰਹਾਉ॥” {ਸੋਰਠਿ ਮਹਲਾ 1, ਪੰਨਾ 598}
ਹੇ ਮੇਰੇ ਮਨ ! (ਅੰਦਰ ਹੀ ਪ੍ਰਭੂ-ਚਰਨਾਂ ਵਿਚ) ਟਿਕਿਆ ਰਹੁ, ਕਿਤੇ ਬਾਹਰ ਨਾਹ ਭਟਕਦਾ ਫਿਰੀਂ। ਜੇ ਤੂੰ ਬਾਹਰ ਢੂੰਢਣ ਤੁਰ ਪਿਆ, ਤਾਂ ਬਹੁਤ ਦੁੱਖ ਪਾਏਂਗਾ। ਅਟੱਲ ਆਤਮਕ ਜੀਵਨ ਦੇਣ ਵਾਲਾ ਰਸ ਤੇਰੇ ਘਰ ਵਿੱਚ ਹੀ ਹੈ, ਹਿਰਦੇ ਵਿੱਚ ਹੀ ਹੈ। ਰਹਾਉ।
“ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਘਰੇ॥ ਹਰਿ ਗੁਰੂ ਮਿਲਾਵਹੁ ਮੇਰੇ ਪਿਆਰੇ ਘਰਿ ਵਸੈ ਹਰੇ॥” {ਆਸਾ ਮਹਲਾ 4, ਪੰਨਾ 451}
ਹੇ ਥਾਂ ਥਾਂ ਭਟਕ ਰਹੇ ਮਨ ! ਹੇ ਪਿਆਰੇ ਮਨ ! ਕਦੇ ਤਾਂ ਪ੍ਰਭੂ-ਚਰਨਾਂ ਵਿੱਚ ਜੁੜ। ਹੇ ਮੇਰੇ ਪਿਆਰੇ ਮਨ ! ਹਰਿ-ਰੂਪ ਗੁਰੂ ਨੂੰ ਮਿਲ (ਤੈਨੂੰ ਸਮਝ ਪੈ ਜਾਇਗੀ ਕਿ ਸਭ ਸੁਖਾਂ ਦਾ ਦਾਤਾ) ਪਰਮਾਤਮਾ ਤੇਰੇ ਅੰਦਰ ਹੀ ਵੱਸ ਰਿਹਾ ਹੈ।
ਜੇ ਗੁਰੂ ਬਖਸ਼ਿਸ਼ ਦੁਆਰਾ ਮਨ ਘਰ ਆਕੇ ਟਿੱਕ ਜਾਵੇ, ਤਾਂ ਇਸ ਦੀ ਪਹਿਚਾਣ ਅੰਦਰ ਹੀ ਵਸਦੀ, ਉਸ ਅਕਾਲ-ਪੁਰਖ ਜੋਤ ਨਾਲ ਹੋ ਜਾਂਦੀ ਹੈ। ਜਦੋਂ ਅੰਦਰ ਹੀ ਵਸਦੇ ਉਸ ਅਕਾਲ-ਪੁਰਖ ਨਾਲ ਸਾਂਝ ਬਣਨੀ ਸ਼ੁਰੂ ਹੋ ਜਾਵੇ, ਮਨ ਅੰਦਰ ਇੱਕ ਅਲੌਕਿਕ ਚਾਅ ਪੈਦਾ ਹੁੰਦਾ ਹੈ, ਜਿਸਨੂੰ ਸਤਿਗੁਰੂ ਅਮਰ ਪਾਤਿਸ਼ਾਹ ਅਨੰਦ ਬਾਣੀ ਵਿੱਚ ਇੰਝ ਵਰਨਣ ਕਰਦੇ ਹਨ:
“ਮਨਿ ਚਾਉ ਭਇਆ ਪ੍ਰਭ ਆਗਮੁ ਸੁਣਿਆ॥ ਹਰਿ ਮੰਗਲੁ ਗਾਉ ਸਖੀ ਗ੍ਰਿਹੁ ਮੰਦਰੁ ਬਣਿਆ॥” {ਪੰਨਾ 921}
ਆਪਣੀ ਹਿਰਦੇ-ਸੇਜ ਉਤੇ ਪ੍ਰਭੂ-ਪਤੀ ਦਾ ਆਉਣਾ ਮੈਂ ਸੁਣ ਲਿਆ ਹੈ (ਮੈਂ ਅਨੁਭਵ ਕਰ ਲਿਆ ਹੈ ਕਿ ਪ੍ਰਭੂ ਮੇਰੇ ਹਿਰਦੇ ਵਿੱਚ ਆ ਵੱਸਿਆ ਹੈ ਹੁਣ) ਮੇਰੇ ਮਨ ਵਿੱਚ ਆਨੰਦ ਬਣ ਗਿਆ ਹੈ। ਹੇ ਮੇਰੀ ਜਿੰਦੇ ! ਮੇਰਾ ਇਹ ਹਿਰਦਾ-ਘਰ ਪ੍ਰਭੂ-ਪਤੀ ਦਾ ਨਿਵਾਸ-ਅਸਥਾਨ ਬਣ ਗਿਆ ਹੈ, ਹੁਣ ਤੂੰ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾ।
ਜਿਸਨੇ ਆਪਣੇ ਅੰਦਰ ਵਸਦੇ ਅਕਾਲ-ਪੁਰਖ ਦੀ ਅਗੰਮੀ ਜੋਤ ਦੀ ਪਹਿਚਾਣ ਕਰ ਲਈ, ਉਸ ਨਾਲ ਪੱਕੀ ਸਾਂਝ ਬਣਾ ਲਈ, ਉਸ ਨੂੰ ਸਮਝ ਲੱਗ ਗਈ ਕਿ ਅਸਲ ਵਿੱਚ ਸਾਡਾ ਇਹ ਸਰੀਰ ਉਸ ਅਕਾਲ–ਪੁਰਖ ਦਾ ਹੀ ਘਰ ਹੈ। ਇਹ ਹੀ ਹਰਿਮੰਦਰ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਹਨ ਕਿ ਐਸੇ ਮਨੁੱਖ ਦੇ, ਇਸ ਹਰਿਮੰਦਰ ਸਰੀਰ ਨੂੰ, ਅਕਾਲ-ਪੁਰਖ ਆਪ ਹੀ ਸਵਾਰ ਦੇਂਦਾ ਹੈ, ਭਾਵ ਸ਼ੁਭ ਗੁਣਾਂ ਨਾਲ ਸ਼ਿੰਗਾਰ ਦੇਂਦਾ ਹੈ। ਗੁਰਬਾਣੀ ਦਾ ਫੁਰਮਾਨ ਹੈ:
“ਕਾਇਆ ਹਰਿ ਮੰਦਰੁ ਹਰਿ ਆਪਿ ਸਵਾਰੇ॥ ਤਿਸੁ ਵਿਚਿ ਹਰਿ ਜੀਉ ਵਸੈ ਮੁਰਾਰੇ॥ ਗੁਰ ਕੈ ਸਬਦਿ ਵਣਜਨਿ ਵਾਪਾਰੀ ਨਦਰੀ ਆਪਿ ਮਿਲਾਇਦਾ॥ 4॥” {ਮਾਰੂ ਮਹਲਾ 3, ਪੰਨਾ 1059}
ਹੇ ਭਾਈ ! ਇਹ ਮਨੁੱਖਾ ਸਰੀਰ ਪਰਮਾਤਮਾ ਦਾ (ਪਵਿੱਤਰ) ਘਰ ਹੈ, ਪਰਮਾਤਮਾ ਇਸ ਨੂੰ ਆਪ ਹੀ ਸੋਹਣਾ ਬਣਾਂਦਾ ਹੈ, ਇਸ ਵਿੱਚ ਵਿਚਾਰ-ਦੈਂਤਾਂ ਦੇ ਮਾਰਨ ਵਾਲਾ ਪ੍ਰਭੂ ਆਪ ਵੱਸਦਾ ਹੈ । ਹੇ ਭਾਈ ! ਜਿਹੜੇ ਜੀਵ-ਵਣਜਾਰੇ (ਇਸ ਸਰੀਰ ਵਿਚ) ਗੁਰੂ ਦੇ ਸ਼ਬਦ ਦੀ ਰਾਹੀਂ ਹਰਿ-ਨਾਮ ਦਾ ਵਣਜ ਕਰਦੇ ਹਨ, ਪ੍ਰਭੂ ਮਿਹਰ ਦੀ ਨਿਗਾਹ ਨਾਲ ਉਹਨਾਂ ਨੂੰ (ਆਪਣੇ ਨਾਲ) ਮਿਲਾ ਲੈਂਦਾ ਹੈ । 4.
ਹੇਠਲੇ ਸ਼ਬਦ ਵਿੱਚ ਤਾਂ ਸਤਿਗੁਰੂ ਨੇ ਇਸ ਸਬੰਧੀ ਗੱਲ ਇਤਨੀ ਸਪੱਸ਼ਟ ਕਰ ਦਿੱਤੀ ਹੈ ਕਿ ਭੁਲੇਖੇ ਦੀ ਕੋਈ ਗੁੰਜਾਇਸ਼ ਹੀ ਨਹੀਂ ਰਹੀ:
“ਪ੍ਰਭਾਤੀ ਮਹਲਾ 3 ਬਿਭਾਸ
ੴ ਸਤਿਗੁਰ ਪ੍ਰਸਾਦਿ॥ ਗੁਰ ਪਰਸਾਦੀ ਵੇਖੁ ਤੂ ਹਰਿ ਮੰਦਰੁ ਤੇਰੈ ਨਾਲਿ॥ ਹਰਿ ਮੰਦਰੁ ਸਬਦੇ ਖੋਜੀਐ ਹਰਿ ਨਾਮੋ ਲੇਹੁ ਸਮਾੑਲਿ॥ 1॥ ਮਨ ਮੇਰੇ ਸਬਦਿ ਰਪੈ ਰੰਗੁ ਹੋਇ॥ ਸਚੀ ਭਗਤਿ ਸਚਾ ਹਰਿ ਮੰਦਰੁ ਪ੍ਰਗਟੀ ਸਾਚੀ ਸੋਇ॥ 1॥ ਰਹਾਉ॥ ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ॥ ਮਨਮੁਖ ਮੂਲੁ ਨ ਜਾਣਨੀ ਮਾਣਸਿ ਹਰਿ ਮੰਦਰੁ ਨ ਹੋਇ॥ 2॥ ਹਰਿ ਮੰਦਰੁ ਹਰਿ ਜੀਉ ਸਾਜਿਆ ਰਖਿਆ ਹੁਕਮਿ ਸਵਾਰਿ॥ ਧੁਰਿ ਲੇਖੁ ਲਿਖਿਆ ਸੁ ਕਮਾਵਣਾ ਕੋਇ ਨ ਮੇਟਣਹਾਰੁ॥ 3॥ ਸਬਦੁ ਚੀਨਿੑ ਸੁਖੁ ਪਾਇਆ ਸਚੈ ਨਾਇ ਪਿਆਰ॥ ਹਰਿ ਮੰਦਰੁ ਸਬਦੇ ਸੋਹਣਾ ਕੰਚਨੁ ਕੋਟੁ ਅਪਾਰ॥ 4॥” (ਪੰਨਾ 1346)
ਹੇ ਮੇਰੇ ਮਨ! (ਜਿਹੜਾ ਮਨੁੱਖ ਗੁਰੂ ਦੇ) ਸ਼ਬਦ ਵਿੱਚ ਰੰਗਿਆ ਜਾਂਦਾ ਹੈ (ਉਸ ਦੇ ਮਨ ਨੂੰ ਪਰਮਾਤਮਾ ਦੀ ਭਗਤੀ ਦਾ) ਰੰਗ ਚੜ੍ਹ ਜਾਂਦਾ ਹੈ। ਉਸ ਨੂੰ ਸਦਾ-ਥਿਰ ਪ੍ਰਭੂ ਦੀ ਭਗਤੀ ਪ੍ਰਾਪਤ ਹੋ ਜਾਂਦੀ ਹੈ, ਉਸ ਦੀ ਸੋਭਾ ਸਦਾ ਲਈ (ਲੋਕ ਪਰਲੋਕ ਵਿਚ) ਖਿਲਰ ਜਾਂਦੀ ਹੈ। (ਉਸ ਮਨੁੱਖ ਦਾ ਸਰੀਰ) ਪਰਮਾਤਮਾ ਦਾ ਕਦੇ ਨਾਹ ਡੋਲਣ ਵਾਲਾ ਘਰ ਬਣ ਜਾਂਦਾ ਹੈ (ਉਸ ਦਾ ਸਰੀਰ ਅਜਿਹਾ ‘ਹਰਿ ਮੰਦਰ’ ਬਣ ਜਾਂਦਾ ਹੈ ਜਿਸ ਨੂੰ ਵਿਕਾਰਾਂ ਦਾ ਝੱਖੜ ਹਿਲਾ ਨਹੀਂ ਸਕਦਾ)। 1. ਰਹਾਉ।
ਹੇ ਭਾਈ! ਤੂੰ ਗੁਰੂ ਦੀ ਕਿਰਪਾ ਨਾਲ ਵੇਖ, ਪਰਮਾਤਮਾ ਦਾ ਘਰ ਤੇਰੇ ਨਾਲ ਹੈ (ਤੇਰੇ ਅੰਦਰ ਹੀ ਹੈ। ਇਸ) ‘ਹਰਿ ਮੰਦਰ’ ਨੂੰ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਲੱਭਿਆ ਜਾ ਸਕਦਾ ਹੈ (ਹੇ ਭਾਈ! ਗੁਰੂ ਦੇ ਸ਼ਬਦ ਵਿੱਚ ਜੁੜ, ਅਤੇ) ਪਰਮਾਤਮਾ ਦਾ ਨਾਮ ਆਪਣੇ ਅੰਦਰ ਸਾਂਭ ਕੇ ਰੱਖ। 1.
ਹੇ ਭਾਈ! (ਮਨੁੱਖ ਦਾ) ਇਹ ਸਰੀਰ ‘ਹਰਿ-ਮੰਦਰ’ ਹੈ (ਪਰ ਇਹ ਭੇਤ ਸਤਿਗੁਰੂ ਦੀ ਬਖ਼ਸ਼ੀ) ਆਤਮਕ ਜੀਵਨ ਦੀ ਕੀਮਤੀ ਸੂਝ ਦੀ ਰਾਹੀਂ ਖੁਲ੍ਹਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ (ਜਗਤ ਦੇ) ਮੂਲ (ਪਰਮਾਤਮਾ) ਨਾਲ ਸਾਂਝ ਨਹੀਂ ਪਾਂਦੇ (ਇਸ ਵਾਸਤੇ ਉਹ ਸਮਝਦੇ ਹਨ ਕਿ) ਮਨੁੱਖ ਦੇ ਅੰਦਰ ‘ਹਰਿ-ਮੰਦਰ’ ਨਹੀਂ ਹੋ ਸਕਦਾ। 2.
ਹੇ ਭਾਈ! (ਇਹ ਮਨੁੱਖਾ ਸਰੀਰ) ‘ਹਰਿ-ਮੰਦਰ’ ਪ੍ਰਭੂ ਜੀ ਨੇ ਆਪ ਬਣਾਇਆ ਹੈ (ਅਤੇ ਆਪਣੇ) ਹੁਕਮ ਨਾਲ ਸਜਾ ਰੱਖਿਆ ਹੈ। ਧੁਰ ਦਰਗਾਹ ਤੋਂ (ਹਰੇਕ ਮਨੁੱਖ ਦੇ ਕੀਤੇ ਕਰਮਾਂ ਅਨੁਸਾਰ ਜਿਹੜਾ) ਲੇਖ (ਹਰੇਕ ਸਰੀਰ—ਹਰਿ-ਮੰਦਰ ਵਿਚ) ਲਿਖਿਆ ਜਾਂਦਾ ਹੈ ਉਸ ਲੇਖ ਅਨੁਸਾਰ ਹਰੇਕ ਪ੍ਰਾਣੀ ਨੂੰ ਤੁਰਨਾ ਪੈਂਦਾ ਹੈ। ਕੋਈ ਮਨੁੱਖ (ਆਪਣੇ ਕਿਸੇ ਉੱਦਮ ਨਾਲ ਉਸ ਲੇਖ ਨੂੰ) ਮਿਟਾਣ ਜੋਗਾ ਨਹੀਂ ਹੈ। 3.
ਹੇ ਭਾਈ! (ਗੁਰੂ ਦੇ ਸ਼ਬਦ ਦੀ ਰਾਹੀਂ) ਸਦਾ-ਥਿਰ ਹਰਿ-ਨਾਮ ਵਿੱਚ (ਜਿਸ ਮਨੁੱਖ ਨੇ) ਪਿਆਰ ਪਾਇਆ, ਉਸ ਨੇ ਗੁਰੂ ਦੇ ਸ਼ਬਦ ਨਾਲ ਸਾਂਝ ਪਾ ਕੇ ਆਤਮਕ ਆਨੰਦ ਪ੍ਰਾਪਤ ਕੀਤਾ। (ਉਸ ਮਨੁੱਖ ਦਾ ਸਰੀਰ-) ਹਰਿ-ਮੰਦਰ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਸੋਹਣਾ ਬਣ ਗਿਆ, (ਉਹ ਹਰਿ-ਮੰਦਰ) ਬੇਅੰਤ ਪ੍ਰਭੂ (ਦੇ ਨਿਵਾਸ) ਵਾਸਤੇ (ਮਾਨੋ) ਸੋਨੇ ਦਾ ਕਿਲ੍ਹਾ ਬਣ ਗਿਆ। 4.
ਸਤਿਗੁਰੂ ਨੇ ਉਪਰ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਅਸਲ ਵਿੱਚ ਇਹ ਸਰੀਰ ਹੈ, ਉਸ ਅਕਾਲ-ਪੁਰਖ ਦਾ ਸੋਹਣਾ ਘਰ। ਇਹ ਹਰਿਮੰਦਰ ਹੈ। ਪਰ ਸਾਨੂੰ ਇਹ ਸਮਝ ਤਾਂ ਹੀ ਆਵੇਗੀ, ਇਸ ਹਰਿਮੰਦਰ ਦੀ ਪਹਿਚਾਣ ਤਾਂ ਹੀ ਹੋਵੇਗੀ, ਜੇ ਸਤਿਗੁਰੂ ਦੇ ਸ਼ਬਦ ਦੀ ਵਿਚਾਰ ਕਰਾਂਗੇ। ਅਸਲ ਵਿੱਚ ਸਾਡੀਆਂ ਦੁਬਿਧਾਵਾਂ, ਭੁਲੇਖਿਆਂ, ਭਟਕਣਾ ਦਾ ਮੂਲ ਕਾਰਨ ਹੀ ਇਹ ਹੈ ਕਿ ਅਸੀਂ ਸ਼ਬਦ ਦੀ ਵਿਚਾਰ ਛੱਡ ਕੇ ਕੇਵਲ ਗੁਰਬਾਣੀ ਰਟਨ ਤੱਕ ਸੀਮਿਤ ਹੋ ਗਏ ਹਾਂ।
ਹਾਂ! ਕਿਸੇ ਵੀ ਸੂਝਵਾਨ ਵਿਅਕਤੀ ਅਗੇ ਇਹ ਸੁਆਲ ਸੁਭਾਵਕ ਹੀ ਆ ਜਾਵੇਗਾ ਕਿ ਸਤਿਗੁਰੂ ਤਾਂ ਆਪ ਹੀ ਇਹ ਕਹਿੰਦੇ ਹਨ ਕਿ ਅਕਾਲ-ਪੁਰਖ ਹਰ ਜਗ੍ਹਾ ਮੌਜੂਦ ਹੈ ਫਿਰ ਸਤਿਗੁਰੂ ਨੇ ਅਕਾਲ-ਪੁਰਖ ਨੂੰ ਮਨੁਖਾ ਸਰੀਰ ਤੱਕ ਹੀ ਕਿਵੇਂ ਸੀਮਤ ਕਰ ਦਿੱਤਾ। ਆਪਣੇ ਸਤਿਗੁਰੂ ਦੇ ਬਲਿਹਾਰ ਜਾਈਏ ਕਿ ਸਾਨੂੰ ਇਤਨੇ ਪੂਰਨ ਗੁਰੂ ਦੇ ਸਿੱਖ ਹੋਣ ਦਾ ਸੁਭਾਗ ਮਿਲਿਆ ਹੈ। ਇਸੇ ਸ਼ਬਦ ਦੇ ਪੰਜਵੇਂ ਬੰਦ ਵਿੱਚ ਸਤਿਗੁਰੂ ਨੇ ਇਹ ਗੱਲ ਵੀ ਸਪੱਸ਼ਟ ਕਰ ਦਿੱਤੀ ਹੈ:
“ਹਰਿ ਮੰਦਰੁ ਏਹੁ ਜਗਤੁ ਹੈ ਗੁਰ ਬਿਨੁ ਘੋਰੰਧਾਰ॥ ਦੂਜਾ ਭਾਉ ਕਰਿ ਪੂਜਦੇ ਮਨਮੁਖ ਅੰਧ ਗਵਾਰ॥ 5॥” (ਪੰਨਾ 1346)
ਹੇ ਭਾਈ! ਇਹ ਸਾਰਾ ਸੰਸਾਰ ਭੀ ‘ਹਰਿ-ਮੰਦਰ’ ਹੀ ਹੈ (ਪਰਮਾਤਮਾ ਦੇ ਰਹਿਣ ਦਾ ਘਰ ਹੈ)। ਪਰ ਗੁਰੂ (ਦੀ ਸਰਨ) ਤੋਂ ਬਿਨਾ (ਆਤਮਕ ਜੀਵਨ ਵਲੋਂ) ਘੁੱਪ ਹਨੇਰਾ ਬਣਿਆ ਰਹਿੰਦਾ ਹੈ (ਤੇ, ਜੀਵਾਂ ਨੂੰ ਇਸ ਭੇਤ ਦੀ ਸਮਝ ਨਹੀਂ ਪੈਂਦੀ)। ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ, ਆਤਮਕ ਜੀਵਨ ਵਲੋਂ ਅੰਨ੍ਹੇ ਹੋਏ ਹੋਏ ਮੂਰਖ ਮਨੁੱਖ (ਪਰਮਾਤਮਾ ਤੋਂ ਬਿਨਾ) ਹੋਰ ਨਾਲ ਪਿਆਰ ਪਾ ਕੇ ਉਸ ਨੂੰ ਪੂਜਦੇ-ਸਤਕਾਰਦੇ ਰਹਿੰਦੇ ਹਨ। 5.
ਇਸ ਸ਼ਬਦ ਦੇ ਕੁਲ 11 ਪਦਿਆਂ ਵਿੱਚ ਸਤਿਗੁਰੂ ਨੇ ਹਰਿਮੰਦਰ ਦੇ ਸੰਕਲਪ ਨੂੰ ਪੂਰੀ ਤਰ੍ਹਾਂ ਸਪੱਸ਼ਟ ਕਰ ਦਿੱਤਾ ਹੈ। ਇਸਦੇ ਨਾਲ ਹੀ ਹੋਰ ਵੀ ਬਹੁਤ ਸ਼ਬਦ ਹਨ ਜੋ ਇਹੀ ਦ੍ਰਿੜ ਕਰਾਉਂਦੇ ਹਨ, ਕਿ ਗੁਰਬਾਣੀ ਵਿੱਚ ਮਨੁੱਖਾ ਸਰੀਰ ਨੁੰ ਹੀ ਹਰਿਮੰਦਰ ਆਖਿਆ ਗਿਆ ਹੈ। ਜਿਵੇਂ:
“ਦਹਦਿਸ ਖੋਜਤ ਹਮ ਫਿਰੇ ਮੇਰੇ ਲਾਲ ਜੀਉ ਹਰਿ ਪਾਇਅੜਾ ਘਰਿ ਆਏ ਰਾਮ॥ ਹਰਿ ਮੰਦਰੁ ਹਰਿ ਜੀਉ ਸਾਜਿਆ ਮੇਰੇ ਲਾਲ ਜੀਉ ਹਰਿ ਤਿਸੁ ਮਹਿ ਰਹਿਆ ਸਮਾਏ ਰਾਮ॥” {ਬਿਹਾਗੜਾ ਮਹਲਾ 5, ਪੰਨਾ 542}
ਹੇ ਮੇਰੇ ਪਿਆਰੇ ! (ਪਰਮਾਤਮਾ ਨੂੰ ਲੱਭਣ ਵਾਸਤੇ) ਅਸੀ ਦਸੀਂ ਪਾਸੀਂ ਭਾਲ ਕਰਦੇ ਫਿਰੇ, ਪਰ ਉਸ ਪਰਮਾਤਮਾ ਨੂੰ ਹੁਣ ਹਿਰਦੇ-ਘਰ ਵਿੱਚ ਹੀ ਆ ਕੇ ਲੱਭ ਲਿਆ ਹੈ। ਹੇ ਮੇਰੇ ਪਿਆਰੇ ! (ਇਸ ਮਨੁੱਖਾ ਸਰੀਰ ਨੂੰ) ਪਰਮਾਤਮਾ ਨੇ ਆਪਣੇ ਰਹਿਣ ਲਈ ਘਰ ਬਣਾਇਆ ਹੋਇਆ ਹੈ, ਪਰਮਾਤਮਾ ਇਸ (ਸਰੀਰ-ਘਰ) ਵਿੱਚ ਟਿਕਿਆ ਰਹਿੰਦਾ ਹੈ।
“ਹਰਿ ਜਪੇ ਹਰਿ ਮੰਦਰੁ ਸਾਜਿਆ ਸੰਤ ਭਗਤ ਗੁਣ ਗਾਵਹਿ ਰਾਮ॥ ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪਨਾ ਸਗਲੇ ਪਾਪ ਤਜਾਵਹਿ ਰਾਮ॥” {ਸੂਹੀ ਮਹਲਾ 5, ਪੰਨਾ 781}
ਹੇ ਭਾਈ ! (ਮਨੁੱਖ ਦਾ ਇਹ ਸਰੀਰ-) ਘਰ ਪਰਮਾਤਮਾ ਨੇ ਨਾਮ ਜਪਣ ਲਈ ਬਣਾਇਆ ਹੈ, (ਇਸ ਘਰ ਵਿਚ) ਸੰਤ-ਜਨ ਭਗਤ-ਜਨ (ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ। ਆਪਣੇ ਮਾਲਕ-ਪ੍ਰਭੂ (ਦਾ ਨਾਮ) ਹਰ ਵੇਲੇ ਸਿਮਰ ਸਿਮਰ ਕੇ (ਸੰਤ ਜਨ ਆਪਣੇ ਅੰਦਰੋਂ) ਸਾਰੇ ਪਾਪ ਦੂਰ ਕਰਾ ਲੈਂਦੇ ਹਨ।
“ਹਰਿ ਮੰਦਰੁ ਹਰਿ ਸਾਜਿਆ ਹਰਿ ਵਸੈ ਜਿਸੁ ਨਾਲਿ॥ ਗੁਰਮਤੀ ਹਰਿ ਪਾਇਆ ਮਾਇਆ ਮੋਹ ਪਰਜਾਲਿ॥ ਹਰਿ ਮੰਦਰਿ ਵਸਤੁ ਅਨੇਕ ਹੈ ਨਵ ਨਿਧਿ ਨਾਮੁ ਸਮਾਲਿ॥ ਧਨੁ ਭਗਵੰਤੀ ਨਾਨਕਾ ਜਿਨਾ ਗੁਰਮੁਖਿ ਲਧਾ ਹਰਿ ਭਾਲਿ॥ ਵਡਭਾਗੀ ਗੜ ਮੰਦਰੁ ਖੋਜਿਆ ਹਰਿ ਹਿਰਦੈ ਪਾਇਆ ਨਾਲਿ॥ 48॥” (ਪੰਨਾ 1418)
ਹੇ ਭਾਈ! (ਮਨੁੱਖ ਦਾ ਇਹ ਸਰੀਰ-) ਹਰਿ-ਮੰਦਰ ਪਰਮਾਤਮਾ ਨੇ (ਆਪ) ਬਣਾਇਆ ਹੈ, ਇਸ ਸਰੀਰ-ਹਰਿਮੰਦਰ ਵਿੱਚ ਪਰਮਾਤਮਾ ਆਪ ਵੱਸਦਾ ਹੈ। (ਪਰ) ਗੁਰੂ ਦੀ ਮਤਿ ਤੁਰ ਕੇ (ਅੰਦਰੋਂ) ਮਾਇਆ ਦਾ ਮੋਹ ਚੰਗੀ ਤਰ੍ਹਾਂ ਸਾੜ ਕੇ (ਹੀ, ਕਿਸੇ ਭਾਗਾਂ ਵਾਲੇ ਨੇ ਅੰਦਰ-ਵੱਸਦਾ) ਪਰਮਾਤਮਾ ਲੱਭਾ ਹੈ।
ਹੇ ਭਾਈ! ਪਰਮਾਤਮਾ ਦਾ ਨਾਮ, ਮਾਨੋ, ਨੌ ਖ਼ਜ਼ਾਨੇ ਹੈ (ਇਸ ਨੂੰ ਹਿਰਦੇ ਵਿਚ) ਸਾਂਭ ਕੇ ਰੱਖ (ਜੇ ਹਰਿ-ਨਾਮ ਸੰਭਾਲਿਆ ਜਾਏ, ਤਾਂ) ਇਸ ਸਰੀਰ-ਹਰਿਮੰਦਰ ਵਿੱਚ ਅਨੇਕਾਂ ਹੀ ਉੱਤਮ ਕੀਮਤੀ ਗੁਣ (ਲੱਭ ਪੈਂਦੇ) ਹਨ।
ਹੇ ਨਾਨਕ! ਸ਼ਾਬਾਸ਼ੇ ਉਹਨਾਂ ਭਾਗਾਂ ਵਾਲਿਆਂ ਨੂੰ, ਜਿਨ੍ਹਾਂ ਗੁਰੂ ਦੀ ਸਰਨ ਪੈ ਕੇ (ਇਸ ਸਰੀਰ-ਹਰਿਮੰਦਰ ਵਿੱਚ ਵੱਸਦਾ) ਪਰਮਾਤਮਾ ਖੋਜ ਕੇ ਲੱਭ ਲਿਆ। ਜਿਨ੍ਹਾਂ ਵੱਡੇ ਭਾਗਾਂ ਵਾਲਿਆਂ ਨੇ ਇਸ ਸਰੀਰ ਕਿਲ੍ਹੇ ਨੂੰ ਸਰੀਰ ਮੰਦਰ ਨੂੰ ਖੋਜਿਆ, ਹਿਰਦੇ ਵਿੱਚ ਹੀ ਆਪਣੇ ਨਾਲ ਵੱਸਦਾ ਪਰਮਾਤਮਾ ਲੱਭ ਲਿਆ। 48.
ਇਥੇ ਸਤਿਗੁਰੂ ਨੇ ਇਹ ਗੱਲ ਵੀ ਸਮਝਾ ਦਿੱਤੀ ਹੈ ਕਿ ਭਾਵੇਂ ਅਕਾਲ-ਪੁਰਖ ਦੀ ਜੋਤ ਹੋਣ ਨਾਤੇ ਹਰ ਸਰੀਰ ਹਰਿਮੰਦਰ ਹੈ, ਪਰ ਅਸਲ ਵਿੱਚ ਹਰਿਮੰਦਰ ਅਖਵਾਉਣ ਦਾ ਅਧਿਕਾਰੀ ਕੇਵਲ ਉਹ ਹੀ ਸਰੀਰ ਹੈ, ਜਿਸ ਨੇ ਆਪਣੇ ਅੰਦਰ ਪ੍ਰਕਾਸ਼ਮਾਨ ਉਸ ਹਰਿ ਨੂੰ ਪਹਿਚਾਨ ਲਿਆ ਹੈ। ਅਤੇ ਇਹ ਸੋਝੀ ਕੇਵਲ ਗੁਰੂ ਸ਼ਬਦ ਦੁਆਰਾ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਹਨ:
“ਹਰਿ ਮੰਦਰੁ ਸੋਈ ਆਖੀਐ ਜਿਥਹੁ ਹਰਿ ਜਾਤਾ॥ ਮਾਨਸ ਦੇਹ ਗੁਰ ਬਚਨੀ ਪਾਇਆ ਸਭੁ ਆਤਮ ਰਾਮੁ ਪਛਾਤਾ॥ ਬਾਹਰਿ ਮੂਲਿ ਨ ਖੋਜੀਐ ਘਰ ਮਾਹਿ ਬਿਧਾਤਾ॥ ਮਨਮੁਖ ਹਰਿ ਮੰਦਰ ਕੀ ਸਾਰ ਨ ਜਾਣਨੀ ਤਿਨੀ ਜਨਮੁ ਗਵਾਤਾ॥ ਸਭ ਮਹਿ ਇਕੁ ਵਰਤਦਾ ਗੁਰ ਸਬਦੀ ਪਾਇਆ ਜਾਈ॥ 12॥” {ਪੰਨਾ 953}
(ਉਂਞ ਤਾਂ ਸਾਰੇ ਸਰੀਰ "ਹਰਿ ਮੰਦਰੁ" ਭਾਵ, ਰੱਬ ਦੇ ਰਹਿਣ ਦੇ ਥਾਂ ਹਨ, ਪਰ ਅਸਲ ਵਿਚ) ਉਹੀ ਸਰੀਰ "ਹਰਿ ਮੰਦਰੁ" ਕਿਹਾ ਜਾਣਾ ਚਾਹੀਦਾ ਹੈ ਜਿਸ ਵਿੱਚ ਰੱਬ ਪਛਾਣਿਆ ਜਾਏ; (ਸੋ, ਮਨੁੱਖਾ ਸਰੀਰ ‘ਹਰਿ ਮੰਦਰੁ’ ਹੈ, ਕਿਉਂਕਿ) ਮਨੁੱਖਾ-ਸਰੀਰ ਵਿੱਚ ਗੁਰੂ ਦੇ ਹੁਕਮ ਤੇ ਤੁਰ ਕੇ ਰੱਬ ਲੱਭਦਾ ਹੈ, ਹਰ ਥਾਂ ਵਿਆਪਕ ਜੋਤਿ ਦਿੱਸਦੀ ਹੈ।
(ਸਰੀਰ ਤੋਂ) ਬਾਹਰ ਭਾਲਣ ਦੀ ਉੱਕਾ ਲੋੜ ਨਹੀਂ, (ਇਸ ਸਰੀਰ-) ਘਰ ਵਿੱਚ ਹੀ ਸਿਰਜਣਹਾਰ ਵੱਸ ਰਿਹਾ ਹੈ। ਪਰ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ (ਇਸ ਮਨੁੱਖਾ ਸਰੀਰ) "ਹਰਿ ਮੰਦਰੁ" ਦੀ ਕਦਰ ਨਹੀਂ ਜਾਣਦੇ, ਉਹ ਮਨੁੱਖਾ ਜਨਮ (ਮਨ ਦੇ ਪਿੱਛੇ ਤੁਰ ਕੇ ਹੀ) ਗੰਵਾ ਜਾਂਦੇ ਹਨ। (ਉਂਞ ਤਾਂ) ਸਾਰਿਆਂ ਵਿੱਚ ਇੱਕ ਪ੍ਰਭੂ ਹੀ ਵਿਆਪਕ ਹੈ, ਪਰ ਲੱਭਦਾ ਹੈ ਗੁਰੂ ਦੇ ਸ਼ਬਦ ਦੀ ਰਾਹੀਂ। 12.
ਸਤਿਗੁਰੂ ਨੇ ਤਾਂ ਅਕਾਲ-ਪੁਰਖ ਨੂੰ ਆਪ ਵੀ ਗੁਣਾਂ ਰੂਪੀ ਮਾਣਕ, ਲਾਲ, ਹੀਰੇ ਅਤੇ ਮੋਤੀਆਂ ਨਾਲ ਭਰਪੂਰ ਹਰਿਮੰਦਰ ਆਖਿਆ ਹੈ:
“ਪ੍ਰਭੁ ਹਰਿ ਮੰਦਰੁ ਸੋਹਣਾ ਤਿਸੁ ਮਹਿ ਮਾਣਕ ਲਾਲ॥ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ॥ ਬਿਨੁ ਪਉੜੀ ਗੜਿ ਕਿਉ ਚੜਉ, ਗੁਰ ਹਰਿ ਧਿਆਨ ਨਿਹਾਲ॥ 2॥” {ਸਿਰੀ ਰਾਗੁ ਮਹਲਾ 1, ਪੰਨਾ 17}
ਹਰੀ-ਪਰਮਾਤਮਾ (ਮਾਨੋ) ਇੱਕ ਸੋਹਣਾ ਮੰਦਰ ਹੈ ਜਿਸ ਵਿੱਚ ਮਾਣਕ ਲਾਲ ਮੋਤੀ ਤੇ ਚਮਕਦੇ ਹੀਰੇ ਹਨ (ਜਿਸ ਦੇ ਦੁਆਲੇ) ਸੋਨੇ ਦੇ ਸੁੰਦਰ ਕਿਲ੍ਹੇ ਹਨ। ਪਰ ਉਸ (ਮੰਦਰ-) ਕਿਲ੍ਹੇ ਉਤੇ ਪਉੜੀ ਤੋਂ ਬਿਨਾ ਚੜ੍ਹਿਆ ਨਹੀਂ ਜਾ ਸਕਦਾ। (ਹਾਂ,) ਜੇ ਗੁਰੂ-ਚਰਨਾਂ ਦਾ ਧਿਆਨ ਧਰਿਆ ਜਾਏ, ਜੇ ਪ੍ਰਭੂ-ਚਰਨਾਂ ਦਾ ਧਿਆਨ ਧਰਿਆ ਜਾਏ, ਤਾਂ ਦਰਸਨ ਹੋ ਜਾਂਦਾ ਹੈ। 2.
ਉਪਰੋਕਤ ਪ੍ਰਮਾਣਾਂ ਤੋਂ ਗੱਲ ਬੜੀ ਸਪੱਸ਼ਟ ਹੈ ਕਿ ਗੁਰਬਾਣੀ ਵਿੱਚ ਹਰਿਮੰਦਰ ਸ਼ਬਦ ਮਨੁੱਖਾ ਸਰੀਰ ਵਾਸਤੇ ਵਰਤਿਆ ਗਿਆ ਹੈ।
ਹਿੰਦੂ ਮੱਤ ਵਿੱਚ ਕਿਉਂਕਿ ਪੂਜਾ ਦਾ ਵਿਧਾਨ ਹੈ, ਉਹ ਮੰਦਰ ਸ਼ਬਦ ਆਪਣੇ ਪੂਜਾ ਦੇ ਸਥਾਨ ਵਾਸਤੇ ਵਰਤਦੇ ਹਨ। ਹਿੰਦੂ ਮੱਤ ਵਿੱਚ ਇੱਕ ਅਕਾਲ-ਪੁਰਖ ਨਹੀਂ ਬਲਕਿ ਕਈ ਦੇਵੀ, ਦੇਵਤਿਆਂ, ਅਵਤਾਰਾਂ ਦੀ ਪੂਜਾ ਕੀਤੀ ਜਾਂਦੀ ਹੈ, ਇਸ ਵਾਸਤੇ ਉਹ ਜਿਸ ਦੇਵੀ, ਦੇਵਤੇ ਜਾਂ ਅਵਤਾਰ ਦੀ ਪੂਜਾ ਲਈ ਮੰਦਰ ਬਣਾਉਂਦੇ ਹਨ, ਜਿਸ ਦੀਆਂ ਮੂਰਤੀਆਂ ਉਸ ਮੰਦਰ ਵਿੱਚ ਲਾਉਂਦੇ ਹਨ, ਉਸ ਦਾ ਨਾਂ ਮੰਦਰ ਸ਼ਬਦ ਨਾਲ ਜੋੜ ਲੈਂਦੇ ਹਨ, ਜਿਵੇਂ ਸ਼ਿਵ ਮੰਦਰ, ਰਾਮ ਮੰਦਰ, ਹਨੁਮਾਨ ਮੰਦਰ ਆਦਿ ਆਦਿ।
ਸਿੱਖ ਕੌਮ ਦਾ ਧਾਰਮਕ ਅਸਥਾਨ ਗੁਰਦੁਆਰਾ ਹੈ। ਪਹਿਲਾਂ ਇਹ ਸਮਝ ਲਈਏ ਕਿ ਗੁਰਦੁਆਰੇ ਦਾ ਵਿਕਾਸ ਕਿਵੇਂ ਹੋਇਆ। ਗੁਰੂ ਨਾਨਕ ਪਾਤਿਸ਼ਾਹ ਆਪਣੇ ਪ੍ਰਚਾਰ ਦੌਰਿਆਂ, ਜਿਨ੍ਹਾਂ ਨੂੰ ਅਸੀਂ ਉਦਾਸੀਆਂ ਕਹਿਕੇ ਯਾਦ ਕਰਦੇ ਹਾਂ, ਦੌਰਾਨ ਜਿਥੇ ਜਿਥੇ ਗਏ, ਉਥੇ ਉਨ੍ਹਾਂ ਸੰਗਤਾਂ ਕਾਇਮ ਕੀਤੀਆਂ ਜਿਥੇ ਨੇਮ ਨਾਲ ਸੰਗਤਾਂ ਜੁੜਦੀਆਂ। ਜਿਥੇ ਗੁਰ ਨਾਨਕ ਪਾਤਿਸ਼ਾਹ ਦੇ ਇਲਾਹੀ ਗਿਆਨ ਦੀ ਰੌਸ਼ਨੀ ਵਿੱਚ ਸਫਲ ਜੀਵਨ ਅਤੇ ਅਕਾਲ ਪੁਰਖ ਦੇ ਗੁਣਾਂ ਦੀ ਵਿਚਾਰ ਹੁੰਦੀ। ਅਜ ਵੀ ਕਈ ਜਗ੍ਹਾ ਤੇ ਸੰਗਤ ਦੇ ਨਾਂ ਤੇ ਗੁਰਦੁਆਰੇ ਵੇਖੇ ਜਾ ਸਕਦੇ ਹਨ। ਸਮਾਂ ਪਾਕੇ ਇਨ੍ਹਾਂ ਸੰਗਤਾਂ ਦਾ ਨਾਂ ਧਰਮਸਾਲ ਪੈ ਗਿਆ। ਸਾਲ ਵਿਦਿਅਕ ਕੇਂਦਰ ਨੂੰ ਕਹਿੰਦੇ ਹਨ, ਧਰਮਸਾਲ ਭਾਵ ਧਰਮ ਦਾ ਸਕੂਲ, ਜਿਥੇ ਧਰਮ ਪੜ੍ਹਾਇਆ ਜਾਂਦਾ ਹੈ। ਨਾਂ ਬਦਲ ਗਿਆ, ਪਰ ਕੰਮ ਨਹੀਂ ਬਦਲਿਆ। ਮਕਸਦ ਉਹੋ ਰਿਹਾ ਜੋ ਸੰਗਤ ਦਾ ਸੀ। ਹਾਂ ਦਾਇਰਾ ਪਹਿਲਾਂ ਨਾਲੋਂ ਕੁੱਝ ਮੋਕਲਾ ਹੋ ਗਿਆ। ਹੁਣ ਇਥੇ ਨਾਲ ਹੀ ਪੰਗਤ ਵੀ ਕਾਇਮ ਹੋ ਗਈ। ਲੋੜਵੰਦ ਨੂੰ ਲੰਗਰ ਅਤੇ ਰਹਿਣ ਨੂੰ ਠਾਹਰ ਵੀ ਪ੍ਰਾਪਤ ਹੋਣ ਲਗ ਗਈ। ਜਦੋਂ ਇਨ੍ਹਾਂ ਧਰਮਸਾਲਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਗਿਆ, ਇਸ ਦਾ ਨਾਂ ਗੁਰਦੁਆਰਾ ਬਣ ਗਿਆ। ਅਸਲ ਮਕਸਦ ਫੇਰ ਵੀ ਨਹੀ ਬਦਲਿਆ ਹਾਂ ਦਾਇਰਾ ਹੋਰ ਫੈਲ ਗਿਆ, ਹੁਣ ਇਹ ਸਿੱਖ ਦੇ ਸਮਾਜਕ ਜੀਵਨ ਦਾ ਕੇਂਦਰ ਵੀ ਬਣ ਗਿਆ। ਸੋ ਗੁਰਦੁਆਰੇ ਦਾ ਅਸਲੀ ਮਕਸਦ ਗੁਰਮਤਿ ਦਾ ਪ੍ਰਚਾਰ ਕਰਨਾ ਹੈ। ਇਹ ਕਿਸੇ ਤਰ੍ਹਾਂ ਵੀ ਪੂਜਾ ਦਾ ਸਥਾਨ ਨਹੀਂ। ਸਿੱਖ ਨੇ ਗੁਰਦੁਆਰੇ ਗੁਰੂ ਦਾ ਗਿਆਨ ਪ੍ਰਾਪਤ ਕਰਨ ਲਈ ਜਾਣਾ ਹੈ, ਨਾ ਕਿ ਪੂਜਾ ਕਰਨ ਲਈ। ਇਹ ਅਲੱਗ ਗੱਲ ਹੈ ਕਿ ਸਿੱਖੀ ਸਿਧਾਂਤਾਂ ਤੋਂ ਅਨਜਾਣ ਬਹੁਤੇ ਸਿੱਖ ਅਜ ਗੁਰਦੁਆਰੇ ਪੂਜਾ ਕਰਨ ਹੀ ਜਾਂਦੇ ਹਨ।
ਇਕ ਹੋਰ ਵੱਡੀ ਬਦਕਿਸਮਤੀ ਦੀ ਗੱਲ ਇਹ ਹੈ ਕਿ ਵਿਸ਼ਵ ਪਧਰ ਤੇ ਅਸੀਂ ਆਪਣੇ ਗੁਰਦੁਆਰੇ ਨੂੰ ਅਜ ਤੱਕ ਮਾਨਤਾ ਨਹੀਂ ਦੁਆ ਸਕੇ। ਕੁੱਝ ਸਮਾਂ ਪਹਿਲੇ ਮੈਂ ਸਿੰਗਾਪੁਰ ਗਿਆ ਹੋਇਆ ਸੀ। ਸੁਭਾਵਕ ਹੈ ਮਨ ਕੀਤਾ ਕਿ ਗੁਰਦੁਆਰੇ ਦਰਸ਼ਨ ਕੀਤੇ ਜਾਨ। ਹੋਟਲ ਤੋਂ ਬਾਹਰ ਨਿਕਲ ਕੇ ਇੱਕ ਟੈਕਸੀ ਵਾਲੇ ਨੂੰ ਆਖਿਆ,
I want to go to gurdwara (ਮੈਂ ਗੁਰਦੁਆਰੇ ਜਾਣਾ ਚਾਹੁੰਦਾ ਹਾਂ)। ਉਹ ਅਗੋਂ ਕਹਿਣ ਲੱਗਾ, What gurdwara (ਗੁਰਦੁਆਰਾ ਕੀ ਹੁੰਦਾ ਹੈ?) ਮੈਂ ਦੋ ਤਿੰਨ ਟੈਕਸੀਆਂ ਵਾਲਿਆਂ ਨਾਲ ਗੱਲ ਕੀਤੀ, ਪਰ ਕੋਈ ਸਮਝ ਨਾ ਸਕਿਆ। ਇਤਨੇ ਨੁੰ ਉਥੇ ਇੱਕ ਪੰਜਾਬੀ ਸੱਜਣ ਨਜ਼ਰ ਆ ਗਿਆ। ਮੈਂ ਉਸਨੂੰ ਦਸਿਆ, ਕਿ ਮੈਂ ਗੁਰਦੁਆਰੇ ਜਾਣਾ ਹੈ ਪਰ ਕੋਈ ਟੈਕਸੀ ਵਾਲਾ ਸਮਝ ਨਹੀਂ ਪਾ ਰਿਹਾ। ਉਸਨੇ ਇੱਕ ਟੈਕਸੀ ਵਾਲੇ ਨੂੰ ਆਖਿਆ, Take him to sikh temple (ਇਸ ਨੂੰ ਸਿੱਖ ਮੰਦਰ ਲੈ ਜਾਓ)। ਉਹ ਝੱਟ ਬੋਲਿਆ, Please come (ਆਓ ਜੀ ਬੈਠੋ)। ਦਿੱਲ ਤੜਫ ਉਠਿਆ। ਮੁਸਲਮਾਨਾਂ ਦੀ ਮਸਜਿਦ ਤਾਂ ਮੋਸਕਿਉ ਹੈ, ਮੁਸਲਿਮ ਮੰਦਰ ਨਹੀਂ। ਇਸਾਈਆਂ ਦਾ ਗਿਰਜਾ, ਚਰਚ ਹੈ, ਇਸਾਈ ਮੰਦਰ ਨਹੀਂ। ਪਰ ਸਾਡਾ ਗੁਰਦੁਆਰਾ ਸਿੱਖ ਟੈਂਪਲ ਹੈ। ਅਸੀਂ ਸਾਰੀ ਦੁਨੀਆਂ ਵਿੱਚ ਫੈਲ ਗਏ, ਪਰ ਆਪਣੇ ਗੁਰਦੁਆਰੇ ਨੂੰ ਗੁਰਦੁਆਰਾ ਨਹੀਂ ਬਣਾ ਸਕੇ। ਇਹ ਸਮੱਸਿਆ ਕਿਸੇ ਇੱਕ ਦੇਸ਼ ਦੀ ਨਹੀਂ, ਕਈ ਮੁਲਕਾਂ ਵਿੱਚ ਇੰਜ ਹੀ ਵਾਪਰਿਆ ਹੈ।
ਕਸੂਰਵਾਰ ਕੋਈ ਬਾਹਰਲਾ ਨਹੀਂ, ਅਸੀਂ ਆਪ ਹੀ ਹਾਂ। ਅਸੀਂ ਆਪ ਹੀ ਆਪਣੇ ਸਭ ਤੋਂ ਵੱਧ ਮਾਨਤਾ ਪ੍ਰਾਪਤ ਅਧਿਆਤਮਕ ਕੇਂਦਰ ਨੂੰ, ਸੋਨੇ ਨਾਲ ਸ਼ਿੰਗਾਰ ਕੇ, ਪਦਾਰਥਵਾਦੀ ਗੋਲਡਨ ਟੈਂਪਲ ਬਣਾ ਦਿੱਤਾ। ਕਦੇ ਕਿਸੇ ਦੀ ਸੋਧ ਤਾਂ ਕੀ ਕਰਨੀ ਸੀ? ਆਪ ਹੀ ਬੜੀ ਸ਼ਾਨ ਨਾਲ ਦੁਨੀਆਂ ਨੂੰ ਦਸਦੇ ਹਾਂ,
This is Golden Temple (ਇਹ ਸਵਰਨ ਮੰਦਰ ਹੈ)।
ਭਾਰਤ ਦੇ ਬਹੁਗਿਣਤੀ ਲੋਕ ਪ੍ਰਮੇਸ਼ਰ ਨੂੰ ਪੱਥਰ ਦੀਆਂ ਮੂਰਤਾਂ ਅਤੇ ਇੱਟਾਂ-ਗਾਰੇ ਦੇ ਬਣੇ ਮੰਦਰਾਂ ਵਿੱਚ ਲੱਭ ਰਹੇ ਸਨ। ਹਾਲਾਂਕਿ ਮੁਸਲਮਾਨ ਇੱਕ ਖੁਦਾ ਵਿੱਚ ਵਿਸ਼ਵਾਸ ਰਖਦੇ ਹਨ, ਪਰ ਉਹ ਵੀ ਕਬਰਾਂ ਪੂਜਣ ਅਤੇ ਖ਼ੁਦਾ ਨੂੰ ਕੇਵਲ ਮਸੀਤ ਵਿੱਚ ਲੱਭਣ ਲੱਗ ਪਏ। ਇਹ ਮਨੁੱਖੀ ਸਮਾਜ ਦਾ ਇੱਕ ਬਹੁਤ ਵੱਡਾ ਇਨਕਲਾਬ ਸੀ, ਜਦੋਂ ਗੁਰੂ ਨਾਨਕ ਪਾਤਿਸ਼ਾਹ ਨੇ ਪੱਥਰਾਂ, ਮੜ੍ਹੀਆਂ ਅਤੇ ਇੱਟਾਂ-ਗਾਰੇ ਦੀਆਂ ਇਮਾਰਤਾਂ ਵਿੱਚੋਂ ਅਕਾਲ-ਪੁਰਖ ਨੂੰ ਲੱਭਣ ਵਾਲੇ ਮਨੁੱਖ ਨੂੰ ਆਪਣੇ ਹਰਿਮੰਦਰ ਸਰੀਰ ਨੂੰ ਪਛਾਨਣ ਲਈ ਹੋਕਾ ਦਿੱਤਾ। ਸਤਿਗੁਰੂ ਨੇ ਬਾਹਰ ਭਟਕਣ ਦੀ ਬਜਾਏ ਆਪਣੇ ਇਸ ਸਰੀਰ ਹਰਿਮੰਦਰ ਵਿੱਚ ਹੀ ਅਕਾਲ-ਪੁਰਖ ਨਾਲ ਮਿਲਾਪ ਕਰਨ ਦੀ ਜਾਚ ਦੱਸੀ। ਸਤਿਗੁਰੂ ਦਾ ਫੁਰਮਾਨ ਹੈ:
“ਕਾਇਆ ਮਹਲੁ ਮੰਦਰੁ ਘਰੁ ਹਰਿ ਕਾ ਤਿਸੁ ਮਹਿ ਰਾਖੀ ਜੋਤਿ ਅਪਾਰ॥ ਨਾਨਕ ਗੁਰਮੁਖਿ ਮਹਲਿ ਬੁਲਾਈਐ ਹਰਿ ਮੇਲੇ ਮੇਲਣਹਾਰ॥ 4॥ 5॥” (ਮਹਲਾ 1 ਮਲਾਰ, ਪੰਨਾ 1256)
ਇਹ ਮਨੁੱਖਾ ਸਰੀਰ ਪਰਮਾਤਮਾ ਦਾ ਮਹਲ ਹੈ ਪਰਮਾਤਮਾ ਦਾ ਮੰਦਰ ਹੈ ਪਰਮਾਤਮਾ ਦਾ ਘਰ ਹੈ, ਬੇਅੰਤ ਪਰਮਾਤਮਾ ਨੇ ਇਸ ਵਿੱਚ ਆਪਣੀ ਜੋਤਿ ਟਿਕਾ ਰੱਖੀ ਹੈ। (ਜੀਵ ਆਪਣੇ ਹਿਰਦੇ-ਮਹਲ ਵਿੱਚ ਵੱਸਦੇ ਪ੍ਰਭੂ ਨੂੰ ਛੱਡ ਕੇ ਬਾਹਰ ਭਟਕਦਾ ਫਿਰਦਾ ਹੈ) ਹੇ ਨਾਨਕ! (ਬਾਹਰ ਭਟਕਦਾ ਜੀਵ) ਗੁਰੂ ਦੀ ਰਾਹੀਂ ਹੀ ਹਿਰਦੇ-ਮਹਲ ਵਿੱਚ ਮੋੜ ਕੇ ਲਿਆਂਦਾ ਜਾ ਸਕਦਾ ਹੈ, ਤੇ ਤਦੋਂ ਮੇਲਣ ਦੇ ਸਮਰੱਥ ਪ੍ਰਭੂ ਉਸ ਨੂੰ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ। 4. 5.
ਲੇਕਿਨ ਇਹ ਅਤਿ ਬਦਕਿਸਮਤੀ ਦੀ ਗੱਲ ਹੈ ਕਿ ਅਜ ਅਸੀਂ ਗੁਰੂ ਨਾਨਕ ਦੇ ਸਿੱਖ ਹੀ ਇੱਟਾਂ ਪੱਥਰ ਦੀ ਇਮਾਰਤ ਨੂੰ ਅਕਾਲ-ਪੁਰਖ ਦਾ ਘਰ ਦਸ ਰਹੇ ਹਾਂ। ਇਸ ਵਿੱਚ ਕੋਈ ਸ਼ਕ ਨਹੀਂ ਕਿ ਦਰਬਾਰ ਸਾਹਿਬ ਦੀ ਇੱਕ ਆਪਣੀ ਵਿਸ਼ੇਸ਼ ਮਹੱਤਤਾ ਹੈ। ਇਹ ਸਿੱਖੀ ਦਾ ਕੇਂਦਰ ਹੈ। ਇਸ ਤੋਂ ਵੱਧ ਕੇ ਇਹ ਪਹਿਲਾ ਗੁਰਧਾਮ ਹੈ, ਜਿਸਨੂੰ ਸਤਿਗੁਰੂ ਨੇ ਆਪ ਸਿੱਖੀ ਦੇ ਕੇਂਦਰ ਦੇ ਤੌਰ ਤੇ ਤਿਆਰ ਕਰਾਇਆ। ਇਹ ਉਹ ਪਵਿੱਤਰ ਸਥਾਨ ਹੈ ਜਿਥੇ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ। ਸਿੱਖ ਇਤਿਹਾਸ ਵਿੱਚ ਤਾਂ ਇਸ ਦਾ ਵਿਸ਼ੇਸ਼ ਸਥਾਨ ਹੈ ਹੀ, ਸਿੱਖ ਮਾਨਸਿਕਤਾ ਵਿੱਚ ਇਸ ਦਾ ਆਪਣਾ ਹੀ ਨਿਵੇਕਲਾ ਅਧਿਆਤਮਕ ਦਰਜਾ ਹੈ। ਲੇਕਿਨ ਇਹ ਹਰਿਮੰਦਰ ਨਹੀਂ, ‘ਦਰਬਾਰ ਸਾਹਿਬ’ ਹੈ। ਜਿਥੇ ਸਾਡੇ ਸਤਿਗੁਰੂ ਦਾ ਦਰਬਾਰ ਲਗਦਾ ਹੈ। ਦਰਬਾਰ ਸ਼ਬਦ ਰਾਜ ਸਤਾ ਦਾ ਪ੍ਰਤੀਕ ਹੈ, ਦਰਬਾਰ ਵੱਡੇ-ਵੱਡੇ ਪਾਤਸ਼ਾਹਾਂ ਦੇ ਲਗਦੇ ਹਨ। ਸਾਡੇ ਗੁਰੂ ਸਾਹਿਬਾਨ ਰਾਜ ਯੋਗੀ ਸਨ। ਆਪਣੇ ਜੀਵਨ ਕਾਲ ਵਿੱਚ ਸਾਰੇ ਗੁਰੂ ਸਾਹਿਬਾਨ ਨੂੰ ਪਾਤਿਸ਼ਾਹ, ਬਲਕਿ ਸੱਚਾ ਪਾਤਿਸ਼ਾਹ ਕਹਿ ਕੇ ਬੁਲਾਇਆ ਜਾਂਦਾ ਸੀ। ਗੁਰੂ ਗ੍ਰੰਥ ਸਾਹਿਬ ਪਾਤਿਸ਼ਾਹ ਉਸੇ ਗੱਦੀ ਦੇ ਵਾਰਸ ਅਤੇ ਉਸੇ ਤੇ ਸੁਭਾਏਮਾਨ ਹਨ। ਫਿਰ ਇਹ ਤਾਂ ਉਹ ਸਥਾਨ ਹੈ ਜਿਥੇ ਪਹਿਲੇ ਦਿਨ ਤੋਂ ਹੀ ਗੁਰੂ ਗ੍ਰੰਥਸਾਹਿਬ ਦਾ ਦਰਬਾਰ ਸਜਿਆ ਹੈ।
ਸ਼ਾਇਦ ਇਹ ਜਾਪੇ ਕਿ ਕਿੰਨੀ ਕੁ ਵੱਡੀ ਗੱਲ ਹੈ? ਜਿਸਨੂੰ ਮੈਂ ਇਤਨਾ ਖਿੱਚ ਰਿਹ ਹਾਂ। ਨਾਂ ਵਿੱਚ ਕੀ ਪਿਆ ਹੈ, ਕੀ ਫਰਕ ਪੈਂਦਾ ਹੈ? ਸਾਨੂੰ ਇਹ ਸਮਝਣਾ ਪਵੇਗਾ ਕਿ ਜਿਸ ਮਹੌਲ ਅਤੇ ਦੇਸ਼ ਵਿੱਚ ਅਸੀਂ ਰਹਿ ਰਹੇ ਹਾਂ, ਉਸ ਦੇ ਬਹੁਗਿਣਤੀ ਫਿਰਕੇ ਵਿੱਚੋਂ ਕੁੱਝ ਕੱਟੜਵਾਦੀ ਹਿੰਦੁਤੱਵੀ ਤਾਕਤਾਂ, ਦੂਸਰੀਆਂ ਕੌਮਾਂ ਦੇ ਧਰਮ ਸਥਾਨਾਂ ਬਾਰੇ ਭਰਮਭੁਲੇਖੇ ਖੜੇ ਕਰਕੇ, ਉਨ੍ਹਾਂ ਦੇ ਸਿਧਾਂਤਕ ਰੂਪ ਬਦਲਣ, ਉਨ੍ਹਾਂ ਉਤੇ ਕਾਬਜ਼ ਹੋਣ, ਇਥੋਂ ਤੱਕ ਕਿ ਉਨ੍ਹਾਂ ਨੂੰ ਮਲੀਆਮੇਟ ਕਰਨ ਦੀਆਂ ਵਿਓਂਤਾਂ ਗੁੰਦ ਰਹੀਆਂ ਹਨ। ਭਾਰਤ ਦੀਆਂ ਸਮੇਂ ਦੀਆਂ ਸਰਕਾਰਾਂ, ਭਾਵੇਂ ਉਹ ਕਿਸੇ ਰਾਜਨੀਤਕ ਧੜੇ ਦੀਆਂ ਹੋਣ, ਲੋਕਾਂ ਨੂੰ ਧੋਖਾ ਦੇਣ ਲਈ, ਉਲਟੇ ਬਿਆਨ ਦੇਣ, ਰੋਜ਼ ਨਵੇਂ ਕਮੀਸ਼ਨ ਬਨਾਉਣ ਅਤੇ ਕਦੇ ਨਾ ਮੁਕਣ ਵਾਲੀਆਂ ਅਦਾਲਤੀ ਕਾਰਵਾਈਆਂ ਚਲਾਉਣ ਦੇ ਬਾਵਜੂਦ, ਇਨ੍ਹਾਂ ਨਾਲ ਸਾਜਸ਼ੀ ਤੌਰ ਤੇ ਸਪੱਸ਼ਟ ਸ਼ਾਮਲ ਨਜ਼ਰ ਆਉਂਦੀਆਂ ਹਨ। ਜੂਨ 1984 ਦਾ ਦਰਬਾਰ ਸਾਹਿਬ, ਅਕਾਲ ਤਖ਼ਤ ਸਾਹਿਬ ਅਤੇ 36 ਹੋਰ ਗੁਰਧਾਮਾਂ ਤੇ ਭਾਰਤੀ ਫੌਜ ਦਾ ਹਮਲਾ ਸਿੱਖ ਕੌਮ ਨੇ ਆਪ ਹੰਡਾਇਆ ਹੈ। ਦਸੰਬਰ 1986 ਵਿੱਚ ਬਾਬਰੀ ਮਸਜਿਦ ਦੇ ਢਾਏ ਜਾਣ ਤੋਂ ਵੱਡਾ ਪ੍ਰਮਾਣ ਹੋਰ ਕਿਹੜਾ ਚਾਹੀਦਾ ਹੈ?
‘ਗੁਰ ਬਿਲਾਸ ਪਾਤਸ਼ਾਹੀ 6’ ਵਰਗੀ ਜ਼ਹਰੀਲੀ ਕਿਤਾਬ ਪੰਥ ਦੇ ਵਿਹੜੇ ਵਿੱਚ ਸੁਟ ਕੇ, ਸਿੱਖ ਕੌਮ ਅੰਦਰ ਤਾਂ ਉਹ ਪਾਪ ਦੇ ਬੀਜ ਤਾਂ ਪਹਿਲੋਂ ਹੀ ਬੀਜ ਚੁਕੇ ਹਨ। ਆਓ ਇਸ ਕਿਤਾਬ ਵਿੱਚੋਂ ਕੁੱਝ ਪੰਕਤੀਆਂ ਤੇ ਨਜ਼ਰ ਮਾਰੀਏ, ਜੋ ਗੱਲ ਨੂੰ ਬਿਲਕੁਲ ਸਪੱਸ਼ਟ ਕਰ ਦੇਵੇਗੀ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਜੂਨ 1998 ਵਿੱਚ ਛਾਪੀ ਅਤੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ, ਮੁੱਖ ਸੇਵਦਾਰ ਜੋਗਿੰਦਰ ਸਿੰਘ ਵੇਦਾਂਤੀ ਜੀ ਵਲੋਂ ਸੰਪਾਦਿਤ ਇਸ ਕਿਤਾਬ ਦੇ ਪੰਨਾ 122 ਦੇ 31ਵੇ, 32ਵੇਂ, 33 ਵੇਂ ਅਤੇ 34ਵੇਂ ਬੰਦ ਵਿੱਚ ਇੰਝ ਲਿਖਿਆ ਹੈ:
ਦੋਹਰਾ॥ ਕਾਰ ਕਢਾਵਤ ਭਏ ਥੇ ਕਛੁਕ ਦਿਵਸ ਤਿਹ ਵਾਰ। ਮਹਾ ਬਿਸਨੁ ਭਗਵੰਤ ਜੋ ਮਨ ਮੈ ਕੀਨ ਵਿਚਾਰੁ॥ 31॥ ਮਹਾ ਮਾਏ ਜੋ ਲੱਛਮੀ ਤਾ ਸੋਂ ਕਹਾ ਸੁਨਾਇ। ਰਾਮਦਾਸ ਗੁਰ ਰੂਪ ਮਮ ਯਾ ਮੈ ਭੇਦ ਨ ਪਾਇ॥ 32॥
ਭਾਵ: ਜਦੋਂ ਸਰੋਵਰ ਵਿੱਚੋਂ ਕਾਰ ਕਢਾਉਂਦਿਆਂ ਕੁੱਝ ਦਿਨ ਬੀਤ ਗਏ, ਇੱਕ ਦਿਨ ਵਿਸ਼ਨੂੰ ਭਗਵਾਨ ਨੇ ਮਨ ਵਿੱਚ ਵਿਚਾਰ ਕੀਤਾ। ਉਸ ਨੇ (ਆਪਣੀ ਪਤਨੀ) ਮਹਾਂ ਮਾਤਾ ਲੱਛਮੀ ਨੂੰ ਕਿਹਾ, ਰਾਮਦਾਸ ਗੁਰੂ ਮੇਰਾ ਹੀ ਰੂਪ ਹੈ, ਇਸ ਵਿੱਚ ਕੋਈ ਭੇਦ ਨਾ ਸਮਝੋ।
ਚੌਪਈ॥ ਤਿਹ ਸੁਤ ਗੁਰ ਅਰਜਨ ਸੁਖਕਾਰੀ। ਮਮ ਸਰੂਪ ਸੋ ਪ੍ਰਗਟ ਨਿਹਾਰੀ। ਬਨਾਵਨ ਮਮ ਮੰਦਰੁ ਹੈ ਲਾਗਾ। ਸੁਧਾ ਸਰੋਵਰ ਰਚਿ ਵੱਡਭਾਗਾ॥ 33॥ ਚਲੋ ਤਹਾਂ ਹਮ ਜਾਇ ਨਿਹਾਰੈ। ਕੈਸੇ ਕਰ ਹੈਂ ਪਰਉਪਕਾਰੈ। ਲਛਮੀ ਯੁਤ ਆਏ ਭਗਵੰਤਾ। ਗਾਵਤ ਜਸੁ ਜਿਹ ਬੇਦ ਅਨੰਤਾ॥ 34॥
ਭਾਵ: ਉਸ ਦਾ ਪੁੱਤਰ, ਸੁੱਖਾਂ ਦਾ ਖਜਾਨਾ, ਜੋ ਅਰਜਨ ਹੈ, ਉਸ ਵਿੱਚੋਂ ਮੇਰੇ ਹੀ ਸਾਕਸ਼ਾਤ ਦਰਸ਼ਨ ਹੁੰਦੇ ਹਨ। ਉਹ ਮੇਰਾ ਮੰਦਰ ਬਨਾਉਣ ਲੱਗਾ ਹੈ ਅਤੇ ਉਥੇ ਬਹੁਤ ਵੱਡਾ ਸਰੋਵਰ ਰੱਚ (ਬਣਾ) ਰਿਹਾ ਹੈ। ਚਲੋ ਅਸੀਂ ਚੱਲ ਕੇ ਉਥੇ ਵੇਖੀਏ, ਕੈਸਾ ਵੱਡਾ ਪਰਉਪਕਾਰ ਉਹ ਕਰ ਰਿਹਾ ਹੈ। ਜਿਸ (ਵਿਸ਼ਨੂੰ) ਭਗਵਾਨ ਦੀ ਅਨੰਤ ਮਹਿਮਾ ਵੇਦ ਗਾਉਂਦੇ ਹਨ, ਉਹ (ਆਪਣੀ ਪਤਨੀ) ਦੇਵੀ ਲੱਛਮੀ ਸਮੇਤ ਉਥੇ ਆ ਗਏ।
ਵਾਹ! ਅਗਯਾਤ ਲਿਖਾਰੀ ਨੇ ਕਿਆ ਸੁੰਦਰ ਅਤੇ ਭਾਵਨਾ ਭਰਪੂਰ ਸ਼ਬਦਾਂ ਨਾਲ ਦਰਬਾਰ ਸਾਹਿਬ ਨੂੰ ਵਿਸ਼ਨੂੰ ਦਾ ਮੰਦਰ ਬਣਾ ਦਿੱਤਾ ਹੈ। ਹੁਣ ਸਾਡੇ ਕਈ ਵਿਦਵਾਨ ‘ਮਹਾ ਬਿਸਨੁ ਭਗਵੰਤ’ ਸ਼ਬਦ ਦੇ ਅਰਥ ਬਦੋਬਦੀ ਅਕਾਲ-ਪੁਰਖ ਕਰਨ ਦੀ ਕੋਸ਼ਿਸ਼ ਕਰਦੇ ਹਨ, ਜਦਕਿ ਜੱਗ ਜਾਣਦਾ ਹੈ ਕਿ ਲੱਛਮੀ ਦੇਵੀ ਨਾਲ ਸਬੰਧਤ ਸ਼ਕਸੀਅਤ, ਹਿੰਦੂ ਕੌਮ ਦਾ ਵਿਸ਼ਨੂੰ ਭਗਵਾਨ ਹੈ, ਜੋ ਇਥੇ ਦਿੱਤੇ ਨਾਂ ਤੋਂ ਵੀ ਸਪੱਸ਼ਟ ਹੈ।
ਹਿੰਦੂ ਮੱਤ ਵਿੱਚ ਇਸੇ ਵਿਸ਼ਨੂੰ ਭਗਵਾਨ ਨੂੰ ਹੀ ‘ਹਰਿ’ ਕਿਹਾ ਜਾਂਦਾ ਹੈ। ਪੰਨਾ 123-24 ਤੇ 43ਵੇਂ, 44ਵੇਂ ਅਤੇ 45ਵੇਂ ਬੰਦ ਵਿੱਚ ਇਸ ਚਾਤਰ ਲਿਖਾਰੀ ਨੇ ਆਪਣੀ ਨੀਅਤ ਸਪੱਸ਼ਟ ਕਰ ਦਿੱਤੀ ਹੈ ਕਿ ਵਿਸ਼ਨੂੰ ਭਗਵਾਨ ਨੇ ਆਪਣਾ ਇਹ ਹਰਿਮੰਦਰ ਬਨਾਉਣ ਦੀ ਜਾਚ ਗੁਰੂ ਅਰਜਨ ਪਾਤਿਸ਼ਾਹ ਨੂੰ ਸਿਖਾਈ:
ਸ੍ਰੀ ਯੁਤ ਚਤੁਰ ਭੁਜਾ ਬਪੁ ਪਾਯੋ। ਗੁਰ ਅਰਜਨ ਕੋ ਗਰ ਮੈਂ ਲਾਯੋ। ਜੁਗਤਿ ਸਭੀ ਭਗਵੰਤ ਸਿਖਾਈ। ਹਰਿੰਮਦਰ ਇਹ ਭਾਂਤਿ ਬਨਾਈ॥ 43॥
ਭਾਵ: ਵਿਸ਼ਨੂੰ ਭਗਵਾਨ ਨੇ ਆਪਣੀਆਂ ਚਾਰੇ ਬਾਹਾਂ ਖੋਲ ਕੇ, ਗੁਰੂ ਅਰਜਨ ਨੂੰ ਗਲੇ ਲਾ ਲਿਆ। ਹਰਿਮੰਦਰ ਕਿਵੇਂ ਬਨਾਉਣਾ ਹੈ, ਇਸ ਦੀ ਸਾਰੀ ਜਾਚ ਵਿਸ਼ਨੂੰ ਭਗਵਾਨ ਨੇ ਆਪ ਗੁਰੂ ਅਰਜਨ ਨੂੰ ਸਿਖਾਈ।
ਦੋਹਰਾ॥ ਹਰਿਮੰਦਰ ਕੇ ਚਾਰਿ ਦਰ ਸੁੰਦਰ ਰਚੋ ਅਪਾਰ। ਤਲਾਵ ਮਧਿ ਮੰਦਰੁ ਰਚੋ ਕਰਹਿ ਪੁਲ ਸੁਖੁ ਧਾਰਿ॥ 44॥ ਇਹ ਮੰਦਰੁ ਮਮ ਰੂਪ ਹੈ ਹਰਿਮੰਦਰ ਇਹ ਨਾਮੁ। ਰਿਧਿ ਸਿਧਿ ਇਹ ਠਾਂ ਰਹੈ ਨਿਸਿ ਦਿਨ ਆਠੌ ਜਾਮ॥ 45॥
ਭਾਵ: ਭਗਵਾਨ ਵਿਸ਼ਨੂੰ ਨੇ ਗੁਰੂ ਅਰਜਨ ਨੂੰ ਕਿਹਾ, ਹਰਿਮੰਦਰ ਦੇ ਚਾਰ ਸੋਹਣੇ ਦਰਵਾਜੇ ਬਣਾਵੋ, ਸੁਖ ਨਾਲ ਪੁਲ ਬਣਾਕੇ, ਤਲਾ ਵਿੱਚ ਮੰਦਰ ਬਨਾਓ। ਇਹ ਮੰਦਰ ਮੇਰਾ ਰੂਪ ਅਤੇ ਇਸ ਦਾ ਨਾਂ ਹਰਿਮੰਦਰ ਹੈ। ਸਭ ਰਿੱਧੀਆਂ ਸਿੱਧੀਆਂ ਦਿਨ ਰਾਤ ਅਤੇ ਅਠੋ ਪਹਿਰ ਇਥੇ ਹਾਜ਼ਰ ਰਹਿਣਗੀਆਂ।
ਜਿਸ ਕਿਤਾਬ ਨੂੰ ਕੂੜ ਦਾ ਪੁਲੰਦਾ ਸਮਝ ਕੇ ਪੰਥ ਬਹੁਤ ਪਹਿਲੇ ਹੂੰਜ ਕੇ ਆਪਣੇ ਵਿਹੜੇ ਵਿੱਚੋਂ ਬਾਹਰ ਸੁੱਟ ਚੁੱਕਾ ਸੀ, ਜਿਨ੍ਹਾਂ ਨੇ ਇਸ ਝੂਠ ਅਤੇ ਪਾਪ ਦੀ ਸਾਜ਼ਸ਼ੀ ਕਿਤਾਬ ਨੂੰ, ਆਪ ਛਾਪਕੇ ਪੰਥ ਵਿੱਚ ਮੁੜ ਭੁਲੇਖੇ ਲਈ ਲਿਆ ਸਜਾਇਆ ਹੈ, ਉਹ ਬੋਰਡਾਂ ਤੋਂ ਦਰਬਾਰ ਸਾਹਿਬ ਹਟਾ ਕੇ ਹਰਿਮੰਦਰ ਲਿਖੀ ਜਾਣ ਯਾ ਪਰਚਾਰੀ ਜਾਣ ਤਾਂ ਕੀ ਹੈਰਾਨਗੀ ਹੈ? ਪਰ ਸਿੱਖ ਸੰਗਤ ਨੂੰ ਪੂਰਨ ਸੁਚੇਤ ਹੋਣ ਦੀ ਲੋੜ ਹੈ। ਸਾਡਾ ਇਹ ਸਿੱਖੀ ਦਾ ਕੇਂਦਰ ਹਰਿਮੰਦਰ ਨਹੀਂ ‘ਦਰਬਾਰ ਸਾਹਿਬ’ ਹੈ। ਜਿਥੇ ਸਾਡੇ ਸਤਿਗੁਰੂ ਦਾ ਦਰਬਾਰ ਲਗਦਾ ਹੈ। ਜਿਥੇ ਹਜ਼ਾਰਾਂ ਸੰਗਤਾ ਰੋਜ਼ ਨਤ ਮਸਤਕ ਹੋ ਕੇ ਇਹ ਬੇਨਤੀ ਕਰਦੀਆਂ ਹਨ, ਸਤਿਗੁਰੂ ਮੇਰੀ ਮਤਿ ਮਲੀਨ ਹੈ, ਮਨਮਤਿ ਹੈ, ਇਹ ਮੈਂ ਆਪ ਦੇ ਚਰਨਾਂ ਵਿੱਚ ਭੇਟ ਕਰਦਾ ਹਾਂ, ਇਸ ਦੇ ਬਦਲੇ ਮੇਰੀ ਝੋਲੀ ਗੁਰਮਤਿ ਨਾਲ ਭਰ ਦਿਓ।
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥
ਰਾਜਿੰਦਰ ਸਿੰਘ (ਮੁੱਖ-ਸੇਵਾਦਾਰ), ਸ਼੍ਰੋਮਣੀ ਖਾਲਸਾ ਪੰਚਾਇਤ, ਟੈਲੀ ਫੋਨ: +91 98761 04726




.