.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਭਾਗ ਦੂਜਾ ਗਿਆਨ ਖੰਡ

ਧਰਮ ਦੇ ਅੱਖਰੀਂ ਅਰਥ ਤਾਂ ਏਹੀ ਬਣਦੇ ਹਨ ਧਾਰਨ ਕੀਤਾ ਹੋਇਆ। ਭਾਵ ਜੋ ਸਾਡਾ ਸੁਭਾਅ ਬਣ ਗਿਆ ਉਹ ਹੀ ਸਾਡਾ ਧਰਮ ਹੋ ਜਾਂਦਾ ਹੈ। ਇੱਕ ਮੈਗ਼ਜ਼ੀਨ ਵਿੱਚ ਕਿਸੇ ਪਿੰਡ ਦੀ ਘਟਨਾ ਪੜ੍ਹੀ ਸੀ ਕਿ ਭਿਆਨਕ ਬਿਮਾਰੀ ਦੇ ਭੰਨੇ ਹੋਏ ਆਦਮੀ ਨੂੰ ਕੋਈ ਵੀ ਪੁੱਛਦਾ ਗਿਛਦਾ ਨਹੀਂ ਸੀ। ਤਰਸ ਕਰਕੇ ਕੋਈ ਉਸ ਨੂੰ ਥੋੜੀ ਬਹੁਤੀ ਰੋਟੀ ਇਤਿਆਦਕ ਦੇ ਜਾਂਦਾ ਸੀ ਪਰ ਇਲਾਜ ਕੋਈ ਵੀ ਕਰਉਣ ਲਈ ਤਿਆਰ ਨਹੀਂ ਸੀ। ਇੱਕ ਦਿਨ ਚਰਚ ਦਾ ਪਾਦਰੀ ਓਧਰ ਦੀ ਲੰਘਿਆ ਤਾਂ ਉਸ ਦੀ ਨਿਗਾਹ ਬਿਮਾਰ ਆਦਮੀ `ਤੇ ਪਈ। ਉਸ ਨੇ ਚਰਚ ਵਿਚੋਂ ਸੇਵਾ ਭਾਵਨਾ ਵਾਲੀਆਂ ਦੋ ਨਰਸਾਂ ਨੂੰ ਭੇਜਿਆਂ। ਚਰਚ ਵਿੱਚ ਲਿਜਾ ਕੇ ਉਸ ਦਾ ਇਲਾਜ ਕੀਤਾ। ਕੁੱਝ ਦਿਨਾਂ ਉਪਰੰਤ ਉਹ ਠੀਕ ਹੋਣਾ ਸ਼ੁਰੂ ਹੋ ਗਿਆ। ਇੱਕ ਦਿਨ ਉਹ ਵੀ ਆ ਗਿਆ ਜਿਸ ਦਿਨ ਉਹ ਬਿਲਕੁਲ ਤੰਦਰੁਸਤ ਹੋ ਗਿਆ। ਚਰਚ ਵਿੱਚ ਕੁੱਝ ਸਮਾਂ ਰਹਿ ਕੇ ਉਹ ਆਪਣੇ ਪਿੰਡ ਵਾਸੀਆਂ ਨੂੰ ਮਿਲਣ ਲਈ ਵਾਪਸ ਪਿੰਡ ਆਇਆ। ਪਿੰਡ ਵਾਲੇ ਬਹੁਤ ਹੈਰਾਨ ਹੋਏ ਕਿ ਤੂੰ ਅਜੇ ਜ਼ਿਉਂਦਾ ਏਂ? ਉਹਨਾਂ ਦੀ ਸਮਝ ਅਨੁਸਾਰ ਤਾਂ ਅਜੇਹੀ ਬਿਮਾਰੀ ਨਾਲ ਆਦਮੀ ਮਰ ਜਾਣਾ ਚਾਹੀਦਾ ਸੀ।
ਬਿਮਾਰ ਆਦਮੀ ਨੇ ਆਪਣੀ ਸਾਰੀ ਵਿਥਿਆ ਸੁਣਾਈ ਕਿ ਕਿਸ ਤਰ੍ਹਾਂ ਉਹਨਾਂ ਲੋਕਾਂ ਨੇ ਮੇਰਾ ਇਲਾਜ ਅਤੇ ਸਤਕਾਰ ਕੀਤਾ ਹੈ। ਕਿੰਨੀ ਵੱਡੀ ਮੇਰੇ ਨਾਲ ਉਹਨਾਂ ਨੇ ਹਮਦਰਦੀ ਜ਼ਾਹਰ ਕੀਤੀ ਹੈ। ਸਾਰੀ ਵਿਚਾਰ ਸੁਣਨ ਉਪਰੰਤ ਪਿੰਡ ਦਾ ਮੁਖੀਆ ਖ਼ੁਸ਼ ਹੋਣ ਦੀ ਥਾਂ `ਤੇ ਬੋਲਿਆ ਕਿ, “ਤੂੰ ਹੁਣ ਸਾਡੇ ਪਿੰਡ ਵਿੱਚ ਨਹੀਂ ਰਹਿ ਸਕਦਾ ਕਿਉਂਕਿ ਤੂੰ ਆਪਣਾ ਪਿਤਾ ਪੁਰਖੀ ਧਰਮ ਤਿਆਗ ਦਿੱਤਾ ਹੈ”। ਬਿਮਾਰੀ ਤੋਂ ਠੀਕ ਹੋਏ ਇਨਸਾਨ ਨੇ ਇੱਕ ਗੱਲ ਬਹੁਤ ਖੂਬਸੂਰਤ ਕਹੀ, ਕਿ “ਮੈਨੂੰ ਇਹ `ਤੇ ਪਤਾ ਨਹੀਂ ਕਿ ਮੈਂ ਕਿਹੜਾ ਧਰਮ ਧਾਰਨ ਕੀਤਾ ਹੈ ਪਰ ਮੈਨੂੰ ਏੰਨਾ ਕੁ ਪਤਾ ਜ਼ਰੂਰ ਲੱਗ ਗਿਆ ਹੈ ਉਹ ਲੋਕ ਤੁਹਾਡੇ ਧਰਮ ਨਾਲੋਂ ਸੌ ਗੁਣਾਂ ਚੰਗੇ ਹਨ”। ਸੁ ਧਰਮ ਨਿਰਾ ਬਾਹਰਲੇ ਵਿਖਾਵੇ ਦਾ ਨਾਂ ਨਹੀਂ ਇਹ ਤੇ ਅੰਦਰ ਛੁਪੇ ਬੈਠੇ ਸਦ ਗੁਣਾਂ ਦੀ ਵਰਤੋਂ ਕਰਨ ਦਾ ਨਾਂ ਧਰਮ ਹੈ। ਜਿਸ ਨਾਲ ਨਵੇਂ ਜੀਵਨ ਦੀ ਸ਼ੁਰੂਆਤ ਹੁੰਦੀ ਹੈ। ਜਿਵੇਂ ਜਿਵੇਂ ਧਰਮ ਖੰਡ ਵਿੱਚ ਵਿਚਰਨ ਦਾ ਯਤਨ ਕਰਦਾ ਹੈ ਤਿਵੇਂ ਤਿਵੇਂ ਉਸ ਨੂੰ ਅਜੇਹਾ ਗਿਆਨ ਆਉਂਦਾ ਹੈ ਕਿ ਦੁਨੀਆਂ ਵਿੱਚ ਕੇਵਲ ਮੇਰਾ ਘਰ ਹੀ ਨਹੀਂ ਹੈ, ਸਗੋਂ ਸਾਰੀ ਦੁਨੀਆਂ ਹੀ ਮੇਰੀ ਆਪਣੀ ਹੈ। ਸਰਬ ਸਾਂਝੇ ਗਿਆਨ ਦੇ ਵਾਧੇ ਵਿੱਚ ਰੁਝਿਆ ਹੋਇਆ ਗਿਆਨ ਖੰਡ ਦਾ ਪਾਂਧੀ ਹੁੰਦਾ ਹੈ।
ਜਪੁ ਬਾਣੀ ਵਿੱਚ ਧਰਮ ਖੰਡ ਦੇ ਉਪਰੰਤ ਗਿਆਨ ਖੰਡ ਦੀ ਚਰਚਾ ਕੀਤੀ ਗਈ ਹੈ। ਅਸੀਂ ਆਪਣੀ ਮਤ ਰੂਪੀ ਧਰਤੀ ਵਿੱਚ ਆਪਣੇ ਫ਼ਰਜ਼ ਦੀ ਪਹਿਛਾਣ ਕੀਤੀ ਤੇ ਗਿਆਨ ਆਇਆ ਕਿ ਦੁਨੀਆਂ ਬਹੁਤ ਵਿਸ਼ਾਲ ਹੈ ਇਸ ਨੂੰ ਸੁਚੱਜਾ ਬਣਾਉਣ ਲਈ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ। ਗਿਆਨ ਖੰਡ ਦੀ ਵਿਸ਼ਾਲਤਾ ਨੂੰ ਸਮਝਣ ਲਈ ਜਪੁ ਬਾਣੀ ਦੀ ਪੈਂਤਵੀਂ ਪਉੜੀ ਨੂੰ ਵਿਚਾਰਨ ਦਾ ਯਤਨ ਕੀਤਾ ਜਾਏਗਾ—
ਧਰਮ ਖੰਡ ਕਾ ਏਹੋ ਧਰਮੁ॥
ਗਿਆਨ ਖੰਡ ਕਾ ਆਖਹੁ ਕਰਮੁ॥
ਕੇਤੇ ਪਵਣ ਪਾਣੀ ਵੈਸੰਤਰ, ਕੇਤੇ ਕਾਨ ਮਹੇਸ॥
ਕੇਤੇ ਬਰਮੇ ਘਾੜਤਿ ਘੜੀਅਹਿ, ਰੂਪ ਰੰਗ ਕੇ ਵੇਸ॥ -
ਕੇਤੀਆ ਕਰਮ ਭੂਮੀ, ਮੇਰ ਕੇਤੇ, ਕੇਤੇ ਧੂ ਉਪਦੇਸ॥
ਕੇਤੇ ਇੰਦ ਚੰਦ, ਸੂਰ ਕੇਤੇ, ਕੇਤੇ ਮੰਡਲ ਦੇਸ॥
ਕੇਤੇ ਸਿਧ ਬੁਧ, ਨਾਥ ਕੇਤੇ, ਕੇਤੇ ਦੇਵੀ ਵੇਸ॥ -
ਕੇਤੇ ਦੇਵ ਦਾਨਵ, ਮੁਨਿ ਕੇਤੇ, ਕੇਤੇ ਰਤਨ ਸਮੁੰਦ॥
ਕੇਤੀਆ ਖਾਣੀ, ਕੇਤੀਆ ਬਾਣੀ, ਕੇਤੇ ਪਾਤ ਨਰਿੰਦ॥
ਕੇਤੀਆ ਸੁਰਤੀ, ਸੇਵਕ ਕੇਤੇ, ਨਾਨਕ ਅੰਤ ਨ ਅੰਤੁ॥

ਅਖਰੀਂ ਅਰਥ---ਅਰਥ:- ਧਰਮ ਖੰਡ ਦਾ ਨਿਰਾ ਇਹੀ ਕਰਤੱਬ ਹੈ, (ਜੋ ਉੱਪਰ ਦੱਸਿਆ ਗਿਆ ਹੈ)। ਹੁਣ ਗਿਆਨ ਖੰਡ ਦਾ ਕਰਤੱਬ (ਭੀ) ਸਮਝ ਲਵੋ (ਜੋ ਅਗਲੀਆਂ ਤੁਕਾਂ ਵਿੱਚ ਹੈ)।
(ਅਕਾਲ ਪੁਰਖ ਦੀ ਰਚਨਾ ਵਿਚ) ਕਈ ਪ੍ਰਕਾਰ ਦੇ ਪਉਣ, ਪਾਣੀ ਤੇ ਅਗਨੀਆਂ ਹਨ, ਕਈ ਕ੍ਰਿਸ਼ਨ ਹਨ ਤੇ ਕਈ ਸ਼ਿਵ ਹਨ। ਕਈ ਬ੍ਰਹਮੇ ਪੈਦਾ ਕੀਤੇ ਜਾ ਰਹੇ ਹਨ, ਜਿਨ੍ਹਾਂ ਦੇ ਕਈ ਰੂਪ, ਕਈ ਰੰਗ ਤੇ ਕਈ ਵੇਸ ਹਨ।
(ਅਕਾਲ ਪੁਰਖ ਦੀ ਕੁਦਰਤਿ ਵਿਚ) ਬੇਅੰਤ ਧਰਤੀਆਂ ਹਨ, ਬੇਅੰਤ ਮੇਰੂ ਪਰਬਤ, ਬੇਅੰਤ ਧ੍ਰੂ ਭਗਤ ਤੇ ਉਹਨਾਂ ਦੇ ਉਪਦੇਸ਼ ਹਨ। ਬੇਅੰਤ ਇੰਦਰ ਦੇਵਤੇ, ਚੰਦ੍ਰਮਾ, ਬੇਅੰਤ ਸੂਰਜ ਅਤੇ ਬੇਅੰਤ ਭਵਨ-ਚੱਕਰ ਹਨ। ਬੇਅੰਤ ਸਿੱਧ ਹਨ, ਬੇਅੰਤ ਬੁਧ ਅਵਤਾਰ ਹਨ, ਬੇਅੰਤ ਨਾਥ ਹਨ ਅਤੇ ਬੇਅੰਤ ਦੇਵੀਆਂ ਦੇ ਪਹਿਰਾਵੇ ਹਨ।
(ਅਕਾਲ ਪੁਰਖ ਦੀ ਰਚਨਾ ਵਿਚ) ਬੇਅੰਤ ਦੇਵਤੇ ਅਤੇ ਦੈਂਤ ਹਨ, ਬੇਅੰਤ ਮੁਨੀ ਹਨ, ਬੇਅੰਤ ਪਰਕਾਰ ਦੇ ਰਤਨ ਤੇ (ਰਤਨਾਂ ਦੇ) ਸਮੁੰਦਰ ਹਨ। (ਜੀਵ-ਰਚਨਾ ਦੀਆਂ) ਬੇਅੰਤ ਖਾਣੀਆਂ ਹਨ, (ਜੀਵਾਂ ਦੀਆਂ ਬੋਲੀਆਂ ਭੀ ਚਾਰ ਨਹੀਂ) ਬੇਅੰਤ ਬਾਣੀਆਂ ਹਨ, ਬੇਅੰਤ ਪਾਤਸ਼ਾਹ ਤੇ ਰਾਜੇ ਹਨ, ਬੇਅੰਤ ਪਰਕਾਰ ਦੇ ਧਿਆਨ ਹਨ (ਜੋ ਜੀਵ ਮਨ ਦੁਆਰਾ ਲਾਂਦੇ ਹਨ), ਬੇਅੰਤ ਸੇਵਕ ਹਨ। ਹੇ ਨਾਨਕ! ਕੋਈ ਅੰਤ ਨਹੀਂ ਪੈ ਸਕਦਾ। 35.
ਭਾਵ:- ਮਨੁੱਖਾ ਜਨਮ ਦੇ ਫ਼ਰਜ਼ ( ‘ਧਰਮ’ ) ਦੀ ਸਮਝ ਪਿਆਂ ਮਨੁੱਖ ਦਾ ਮਨ ਬੜਾ ਵਿਸ਼ਾਲ ਹੋ ਜਾਂਦਾ ਹੈ। ਪਹਿਲਾਂ ਇੱਕ ਨਿੱਕੇ ਜਿਹੇ ਟੱਬਰ ਦੇ ਸੁਆਰਥ ਵਿੱਚ ਬੱਝਾ ਹੋਇਆ ਇਹ ਜਵਿ ਬਹੁਤ ਤੰਗ-ਦਿਲ ਸੀ। ਹੁਣ ਇਹ ਗਿਆਨ ਹੋ ਜਾਂਦਾ ਹੈ ਕਿ ਬੇਅੰਤ ਪ੍ਰØਭੂ ਦਾ ਪੈਦਾ ਕੀਤਾ ਹੋਇਆ ਇਹ ਬੇਅੰਤ ਜਗਤ ਇੱਕ ਬੇਅੰਤ ਵੱਡਾ ਟੱਬਰ ਹੈ, ਜਿਸ ਵਿੱਚ ਬੇਅੰਤ ਕ੍ਰਿਸ਼ਨ, ਬੇਅੰਤ ਵਿਸ਼ਨੂੰ, ਬੇਅੰਤ ਬ੍ਰਹਮੇ, ਬੇਅੰਤ ਧਰਤੀਆਂ ਹਨ। ਇਸ ਗਿਆਨ ਦੀ ਬਰਕਤਿ ਨਾਲ ਤੰਗ-ਦਿਲੀ ਹਟ ਕੇ ਇਸਦੇ ਅੰਦਰ ਜਗਤ-ਪਿਆਰ ਦੀ ਲਹਿਰ ਚੱਲ ਕੇ ਖ਼ੁਸ਼ੀ ਹੀ ਖ਼ੁਸ਼ੀ ਬਣੀ ਰਹਿੰਦੀ ਹੈ
ਗਿਆਨ ਖੰਡ ਵਾਲੀ ਪਉੜੀ ਨੂੰ ਆਪਣੇ ਮਨ `ਤੇ ਢਕਾਉਣ ਦਾ ਯਤਨ ਕਰੀਏ—
ਪ੍ਰੋ. ਸਾਹਿਬ ਸਿੰਘ ਜੀ ਨੇ ਇਸ ਪਉਵੀ ਵਿਚਾਰ ਕਰਦਿਆਂ ਇੱਕ ਫੁੱਟ ਨੋਟ ਵੀ ਬੜਾ ਪਿਆਰਾ ਲਿਖਿਆ ਹੈ-- ਇਹਨਾਂ ਚਾਰ ਪਉੜੀਆਂ ਵਿੱਚ ਜ਼ਿਕਰ ਹੈ ਕਿ ਪ੍ਰØਭੂ ਦੀ ਮਿਹਰ ਨਾਲ ਮਨੁੱਖ ਸਾਧਾਰਨ ਹਾਲਤ ਤੋਂ ਉੱਚਾ ਹੋ ਹੋ ਕੇ ਕਿਵੇਂ ਪ੍ਰØਭੂ ਨਾਲ ਇੱਕ-ਰੂਪ ਹੋ ਜਾਂਦਾ ਹੈ। ਪਹਿਲਾਂ ਮਨੁੱਖ ਦੁਨੀਆ ਦੇ ਵਿਸ਼ੇ-ਵਿਕਾਰਾਂ ਵਲੋਂ ਪਰਤ ਕੇ ‘ਆਤਮਾ’ ਵੱਲ ਝਾਤੀ ਮਾਰਦਾ ਹੈ, ਤੇ ਇਹ ਸੋਚਦਾ ਹੈ ਕਿ ਮੇਰੇ ਜੀਵਨ ਦਾ ਕੀਹ ਪ੍ਰਯੋਜਨ ਹੈ, ਮੈਂ ਸੰਸਾਰ ਵਿੱਚ ਕਿਉਂ ਆਇਆ ਹਾਂ, ਮੇਰਾ ਕੀਹ ਫ਼ਰਜ਼ ਹੈ। ਇਸ ਅਵਸਥਾ ਵਿੱਚ ਮਨੁੱਖ ਇਹ ਵਿਚਾਰਦਾ ਹੈ ਕਿ ਇਸ ਧਰਤੀ ਉੱਤੇ ਜੀਵ ਧਰਮ ਕਮਾਉਣ ਲਈ ਆਏ ਹਨ; ਅਕਾਲ ਪੁਰਖ ਦੇ ਦਰ `ਤੇ ਜੀਵਾਂ ਦੇ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਨਿਬੇੜਾ ਹੁੰਦਾ ਹੈ। ਜਿਨ੍ਹਾਂ ਗੁਰਮੁਖਾਂ ਉੱਤੇ ਅਕਾਲ ਪੁਰਖ ਦੀ ਬਖ਼ਸ਼ਸ਼ ਹੁੰਦੀ ਹੈ। ਉਹ ਉਸ ਦੀ ਹਜ਼ੂਰੀ ਵਿੱਚ ਸੋਭਦੇ ਹਨ। ਇੱਥੇ ਦੁਨੀਆ ਵਿੱਚ ਆਦਰ ਜਾਂ ਨਿਰਾਦਰੀ ਕੋਈ ਮੁੱਲ ਨਹੀਂ ਰੱਖਦੇ, ਉਹੀ ਆਦਰ ਵਾਲੇ ਹਨ ਜੋ ਅਕਾਲ ਪੁਰਖ ਦੇ ਦਰ `ਤੇ ਪ੍ਰਵਾਨ ਹਨ।
ਜਿਉਂ ਜਿਉਂ ਮਨੁੱਖ ਦੀ ਸੁਰਤਿ ਇਹੋ ਜਿਹੇ ਖ਼ਿਆਲਾਂ ਵਿੱਚ ਜੁੜਦੀ ਹੈ, ਤਿਉਂ ਤਿਉਂ ਉਸ ਅੰਦਰੋਂ ‘ਸੁਆਰਥ’ ਦੀ ਗੰਢ ਖੁਲ੍ਹਦੀ ਜਾਂਦੀ ਹੈ। ਮਨੁੱਖ ਪਹਿਲਾਂ ਮਾਇਆ ਵਿੱਚ ਮਸਤ ਰਹਿਣ ਕਰਕੇ ਆਪਣੇ ਆਪ ਨੂੰ ਜਾਂ ਆਪਣੇ ਪ੍ਰਵਾਰ ਨੂੰ ਹੀ ‘ਆਪਣਾ’ ਜਾਣਦਾ ਸੀ ਤੇ ਇਹਨਾਂ ਤੋਂ ਪਰੇ ਹੋਰ ਕਿਸੇ ਵਿਚਾਰ ਵਿੱਚ ਨਹੀਂ ਸੀ ਪੈਂਦਾ, ਹੁਣ ਆਪਣਾ ‘ਧਰਮ’ ਸਮਝਣ ਤੇ ਆਪਣੀ ਵਾਕਫ਼ੀਅਤ ਨੂੰ ਵਧਾਣ ਦਾ ਜਤਨ ਕਰਦਾ ਹੈ। ਵਿੱਦਿਆ ਤੇ ਵਿਚਾਰ ਦੇ ਬਲ ਨਾਲ ਅਕਾਲ ਪੁਰਖ ਦੀ ਬੇਅੰਤ ਕੁਦਰਤ ਦਾ ਨਕਸ਼ਾ ਅੱਖਾਂ ਅੱਗੇ ਲਿਆਉਣ ਲੱਗ ਪੈਂਦਾ ਹੈ। ਗਿਆਨ ਦੀ ਹਨੇਰੀ ਆ ਜਾਂਦੀ ਹੈ, ਜਿਸ ਦੇ ਅੱਗੇ ਸਭ ਭਰਮ ਵਹਿਮ ਉੱਡ ਜਾਂਦੇ ਹਨ। ਜਿਉਂ ਜਿਉਂ ਅੰਦਰ ਵਿੱਦਿਆ ਦੁਆਰਾ ਸਮਝ ਵਧਦੀ ਹੈ, ਤਿਉਂ ਤਿਉਂ ਉਹ ਆਨੰਦ ਮਿਲਦਾ ਹੈ, ਜੋ ਪਹਿਲਾਂ ਮਾਇਆ ਦੇ ਪਦਾਰਥਾਂ ਵਿੱਚ ਨਹੀਂ ਸੀ ਮਿਲਦਾ। ਆਤਮਕ ਪੈਂਡੇ ਵਿੱਚ ਇਸ ਅਵਸਥਾ ਦਾ ਨਾਮ ‘ਗਿਆਨ ਖੰਡ’ ਹੈ।
ਅਮਰੀਕਾ ਵਿੱਚ ਰਹਿਣ ਵਾਲੇ ਵੀਰਾਂ ਨੂੰ ਪਤਾ ਹੈ ਕਿ ਏੱਥੋਂ ਦੇ ਕਾਇਦੇ ਕਨੂਨ ਅਨੁਸਾਰ ਜੇ ਕਿਸੇ ਮਨੁੱਖ ਨੇ ਕਿਸੇ ਫਰਮ ਵਿੱਚ ਕੰਮ ਕਰਨਾ ਹੈ ਤਾਂ ਉਸ ਨੂੰ ਪਹਿਲਾ ਇੱਕ ਵਾਰ ਸਾਰਾ ਕਾਇਦਾ ਕਨੂਨ ਸਮਝਾ ਦਿੱਤਾ ਜਾਂਦਾ ਹੈ। ਜੇ ਫਿਰ ਵੀ ਕੰਮ ਕਰਨ ਵਾਲਾ ਮਨੁੱਖ ਕੋਈ ਗਲਤੀ ਕਰਦਾ ਹੈ ਤਾਂ ਇਹ ਜ਼ਿੰਮੇਵਾਰੀ ਉਸ ਮਨੁੱਖ ਦੀ ਹੁੰਦੀ ਹੈ ਨਾ ਕਿ ਫਰਮ ਦੀ। ਇਸ ਦਾ ਅਰਥ ਹੈ ਕਿ ਪਹਿਲਾਂ ਮਨੁੱਖ ਨੇ ਆਪਣੀ ਜ਼ਿੰਮੇਵਾਰੀ ਨੂੰ ਸੰਭਾਲਣਾ ਹੈ। ਫਿਰ ਉਸ ਨੂੰ ਗਿਆਨ ਆਉਂਦਾ ਹੈ ਕਿ ਮੈਂ ਇਸ ਗਿਆਨ ਦੀ ਵਰਤੋਂ ਕਰਦਿਆਂ ਤਰੱਕੀ ਦੀਆਂ ਮੰਜ਼ਿਲਾਂ ਵਲ ਨੂੰ ਵਧਣਾ ਹੈ। ਜਦੋਂ ਗਿਆਨ ਦੀ ਹਨੇਰੀ ਆਉਂਦੀ ਹੈ ਤਾਂ ਸਦੀਆਂ ਦੇ ਬਣੇ ਹੋਏ ਭਰਮਾਂ ਦੇ ਮੰਦਰ ਢਹਿ ਢੇਰੀ ਹੋ ਜਾਂਦੇ ਹਨ। ਜੇਹਾ ਕਿ ਗੁਰਬਾਣੀ ਫਰਮਾਣ ਹੈ—
ਦੇਖੌ ਭਾਈ, ਗ੍ਯ੍ਯਾਨ ਕੀ ਆਈ ਆਂਧੀ॥
ਸਭੈ ਉਡਾਨੀ ਭ੍ਰਮ ਕੀ ਟਾਟੀ, ਰਹੈ ਨ ਮਾਇਆ ਬਾਂਧੀ॥
ਬਾਣੀ ਕਬੀਰ ਜੀ ਕੀ ਪੰਨਾ ੩੩੧
ਅਸਲ ਵਿੱਚ ਧਰਮ ਦਾ ਫਲਸਫਾ ਜਾਂ ਅਪਣੇ ਫ਼ਰਜ਼ ਦੀ ਪਹਿਛਾਣ ਓੱਥੇ ਹੀ ਵੱਧਦੀ ਹੈ ਜਿੱਥੇ ਗਿਆਨ ਦਾ ਵਾਸ ਹੁੰਦਾ ਹੈ—
ਕਬੀਰਾ ਜਹਾ ਗਿਆਨੁ ਤਹ ਧਰਮੁ ਹੈ, ਜਹਾ ਝੂਠੁ ਤਹ ਪਾਪੁ॥
ਸਲੋਕ ਕਬੀਰ ਜੀ ਪੰਨਾ ੧੩੭੨
ਇਸ ਲਈ ਗੁਰਬਾਣੀ ਨੇ ਗਿਆਨ ਦਾ ਜਾਪ ਕਰਨ ਦੀ ਤਾਗ਼ੀਦ ਕੀਤੀ ਹੈ। ਭਾਵ ਗਿਆਨ ਦੀ ਵਰਤੋਂ ਕਰਨੀ ਸਿਖਾਈ ਹੈ---
ਐਸਾ ਗਿਆਨੁ ਜਪਹੁ ਮਨ ਮੇਰੇ॥
ਸੂਹੀ ਮਹਲਾ ੧ ਪੰਨਾ ੭੨੮
ਧਰਤੀ ਰੂਪੀ ਮਤ ਨੇ ਜਦੋਂ ਆਪਣੇ ਫ਼ਰਜ਼ ਦੀ ਪਹਿਛਾਣ ਕੀਤੀ ਤਾਂ ਇਸ ਮਤ ਨੂੰ ਇਹ ਗਿਆਨ ਆ ਜਾਂਦਾ ਹੈ ਕਿ ਹਵਾ ਕੇਵਲ ਮੇਰੇ ਲਈ ਨਹੀਂ ਹੈ ਇਹ ਤੇ ਸਾਰੇ ਸੰਸਾਰ ਦੀ ਸੇਵਾ ਨਿਭਾਅ ਰਹੀ ਹੈ ਫਿਰ ਮੈਨੂੰ ਵੀ ਹਵਾ ਵਾਂਗ ਸਾਂਝੀ ਪਹੁੰਚ ਅਪਨਾੳਣ ਦਾ ਯਤਨ ਕਰਨਾ ਚਾਹੀਦਾ ਹੈ ਕਿਉਂਕਿ ਮੈਨੂੰ ਗਿਆਨ ਆ ਗਿਆ ਹੈ। ਪਾਣੀ ਜਿਹੜਾ ਵੀ ਪੀਂਦਾ ਏ ਉਸ ਦੀ ਪਿਆਸ ਬੁਝਦੀ ਹੈ ਤਾਂ ਫਿਰ ਮੇਰਾ ਵੀ ਫ਼ਰਜ਼ ਬਣਦਾ ਹੈ ਕਿ ਮੈਂ ਵੀ ਪਾਣੀ ਵਾਂਗ ਮਨੁੱਖਤਾ ਦੀ ਪਿਆਸ ਬਝਾਉਣ ਲਈ ਅਜੇਹਾ ਉਪਰਾਲਾ ਕਰਾਂ। ਸੂਝਵਾਨ ਲੋਕ ਪਿਆਸਿਆਂ ਲਈ ਛਬੀਲਾਂ ਦਾ ਪ੍ਰਬੰਧ ਕਰਦੇ ਹਨ। ਅਗਨੀ ਦੇ ਸੇਕ ਨਾਲ ਕਾਰਖਾਨੇ ਚਲਦੇ, ਲੰਗਰ ਪੱਕਦੇ ਤੇ ਲੋਕਾਂ ਦੀ ਠੰਡ ਨੂੰ ਦੂਰ ਕੀਤਾ ਜਾਂਦਾ ਹੈ। ਅਗਨੀ ਵਿੱਚ ਉਦਮ ਹੈ। ਜੇ ਅਸੀਂ ਆਪਣੇ ਫ਼ਰਜ਼ ਦੀ ਪਹਿਛਾਣ ਕਰ ਲਈਏ ਤਾਂ ਠੰਡਾਂ ਦਿਆਂ ਦਿਨਾਂ ਵਿੱਚ ਠੰਡ ਦੇ ਬਚਾਅ ਲਈ ਲੋੜਵੰਦਾਂ ਲਈ ਯੋਗ ਪ੍ਰਬੰਧ ਕੀਤਾ ਜਾ ਸਕਦਾ ਹੈ। ਅੱਗ ਦਾ ਅਸਲ ਗਿਆਨਵਾਨ ਤੇ ਉਹ ਮਨੁੱਖ ਹੀ ਹੈ ਜਿਸ ਨੇ ਆਪਣੀ ਸੂਝ ਨਾਲ ਅਗਨੀ ਦੀ ਵਰਤੋਂ ਕਰਨੀ ਸਿਖਾਈ ਹੈ। ਜੇ ਇਸ ਨੂੰ ਹੋਰ ਬਰੀਕੀ ਨਾਲ ਦੇਖੀਏ ਤਾਂ ਗੁਰ-ਗਿਆਨ ਨਾਲ ਤ੍ਰਿਸ਼ਨਾ ਦੀ ਅਗਨੀ ਬੁਝਦੀ ਹੈ। ਹਿੰਦੂ ਮਿਥਿਹਾਸ ਵਿੱਚ ਬਹੁਤ ਸਾਰੀਆਂ ਕਥਾ ਕਹਾਣੀਆਂ ਪੜ੍ਹਨ ਸੁਣਨ ਨੂੰ ਮਿਲਦੀਆਂ ਹਨ। ਗੁਰੂ ਜੀ ਉਹਨਾਂ ਦੀ ਕੋਈ ਪ੍ਰੜੋਤਾ ਨਹੀਂ ਕਰ ਰਹੇ ਉਹ ਤੇ ਸਗੋਂ ਇਹਨਾਂ ਪੁਰਾਤਨ ਨਾਵਾਂ ਵਿੱਚ ਨਵਾਂ ਭਾਵ ਪਾ ਕੇ ਕੁੱਝ ਕਰਨ ਦਾ ਸੁਨੇਹੇ ਦੇ ਰਹੇ ਹਨ। ਮੰਨ ਲਓ ਜੇ ਕਾਨ ਨੇ ਕੰਸ ਨੂੰ ਮੌਤ ਦੇ ਘਾਟ ਉਤਾਰਿਆ ਹੈ ਤੇ ਉਗਰਸੈਨ ਨੂੰ ਰਾਜ ਗੋਦੀ `ਤੇ ਬੈਠਾਇਆ ਹੈ ਤਾਂ ਅਸੀਂ ਵੀ ਗਿਆਨ ਦੀ ਖੜਗ ਦੁਆਰਾ ਵਿਕਾਰ ਰੂਪੀ ਕੰਸ ਨੂੰ ਕੇਸਾਂ ਤੋਂ ਪਕੜ (ਚਲਾਕੀਆਂ) ਕੇ ਮਤ ਵਿਚੋਂ ਬਾਹਰ ਦਾ ਰਸਤਾ ਦਿਖਾਈਏ ਤੇ ਸਹਜ ਦੇ ਧਾਰਨੀ ਹੋਣ ਦਾ ਅਭਿਆਸ ਕਰਨ ਦਾ ਯਤਨ ਕਰੀਏ। ਹਿੰਦੂ ਮਿਥਿਹਾਸ ਵਿੱਚ ਸ਼ਿਵ ਨੂੰ ਮੌਤ ਦਾ ਦੇਵਤਾ ਮੰਨਿਆ ਗਿਆ ਹੈ ਜਦ ਕਿ ਸਿੱਖੀ ਸਿਧਾਂਤ ਅਨੁਸਾਰ ਇਹਨਾਂ ਦੇਵਤਿਆਂ ਦੇ ਹੱਥ ਵੱਸ ਕੁੱਝ ਵੀ ਨਹੀਂ ਹੈ। ਪਰ ਅਸੀਂ ਸ਼ਿਵ ਦੀ ਮੌਤ ਵਾਲੀ ਮਿੱਥ ਨੂੰ ਨਹੀਂ ਲੈਣਾ ਸਗੋਂ ਇਹ ਭਾਵ ਲੈਣ ਦਾ ਯਤਨ ਕਰਨਾ ਹੈ ਕਿ ਅੰਦਰਲੇ ਵਿਕਾਰਾਂ ਨੂੰ ਮੌਤ ਦੇ ਘਾਟ ਉਤਾਰ ਦਈਏ— ‘ਕੇਤੇ ਪਵਣ ਪਾਣੀ ਵੈਸੰਤਰ, ਕੇਤੇ ਕਾਨ ਮਹੇਸ’॥
ਹਿੰਦੂ ਮਿਥਿਹਾਸ ਵਿੱਚ ਹੀ ਬ੍ਰਹਮੇ ਦਾ ਰੋਲ ਸ੍ਰਿਸ਼ਟੀ ਦੀ ਸਾਜਨਾ ਮੰਨੀ ਗਈ ਹੈ ਜੋ ਤਰਕ ਤੋਂ ਖਾਲੀ ਹੈ ਤੇ ਨਾ ਹੀ ਇਸ ਵਿਚਾਰ ਨਾਲ ਸਾਡਾ ਕੋਈ ਵਾਸਤਾ ਹੈ। ਪਰ ਅਸੀਂ ਧਰਮ ਦੀ ਪਹਿਛਾਣ ਕਰਕੇ ਜਾਂ ਆਪਣੇ ਫ਼ਰਜ਼ ਨੂੰ ਮੰਨਦਿਆਂ ਹੋਇਆਂ ਗਿਆਨ ਦੁਆਰਾ ਚੰਗੇ ਆਚਰਣ ਦੀ ਸਿਰਜਣਾ ਕਰਨੀ ਹੈ— ‘ਕੇਤੇ ਬਰਮੇ ਘਾੜਤਿ ਘੜੀਅਹਿ’, ਇਸ ਵਿਚਾਰ ਨੂੰ ਸਮਝਣ ਲਈ ਵਿਦਿਆਰਥੀ ਦੀ ਉਦਾਹਣ ਲੈਂਦੇ ਹਾਂ। ਜਿਸ ਤਰ੍ਹਾਂ ਕੋਈ ਵਿਦਿਆਰਥੀ ਵਿਦਿਆ ਦੇ ਮੰਦਰ ਵਿੱਚ ਜਾ ਕੇ ਆਪਣੀ ਪੜ੍ਹਾਈ ਕਰਦਾ ਹੈ ਤੇ ਉਸ ਪੜ੍ਹਾਈ ਦੁਆਰਾ ਉਸ ਦਾ ਕਿਰਦਾਰ ਘੜਿਆ ਜਾਂਦਾ ਹੈ। ਵਿਦਿਆਰਥੀ ਦਾ ਧਰਮ ਹੈ ਕਿ ਉਹ ਮੰਨ ਮਾਰ ਕੇ ਆਪਣੀ ਪੜ੍ਹਾਈ ਕਰਨ ਦੀ ਤਪੱਸਿਆ ਕਰੇ। ਪੜ੍ਹਾਈ ਰਾਂਹੀ ਉਸ ਨੂੰ ਗਿਆਨ ਆਉਂਦਾ ਹੈ ਅਸਲ ਵਿੱਚ ਉਹ ਉਸ ਦੀ ਘਾੜਤ ਹੈ। ਮੰਨ ਲਓ ਵਿਦਿਆਰਥੀ ਆਪਣਾ ਫ਼ਰਜ਼ ਸਮਝ ਕੇ ਧਰਮ ਖੰਡ ਦਾ ਰਾਹੀ ਬਣਦਾ ਹੈ ਤੇ ਬੱਚਾ ਡਾਕਟਰੀ ਦੀ ਵਿਦਿਆ ਹਾਸਲ ਕਰ ਲੈਂਦਾ ਹੈ ਆਪਣੇ ਫ਼ਰਜ਼ ਦੀ ਪਹਿਛਾਣ ਸਦਕਾ ਤੇ ਗਿਆਨ ਦੀ ਪ੍ਰਾਪਤੀ ਸਦਕਾ ਉਸ ਦੀ ਅੰਦਰਲੀ ਘਾੜਤ ਘੜੀ ਗਈ। ਹੁਣ ਵਿਦਿਆਰਥੀ ਜਿਹੜੀ ਵੀ ਪੜ੍ਹਾਈ ਪੜ੍ਹੇਗਾ ਉਹ ਹੀ ਉਸ ਦਾ ਰੂਪ ਹੋ ਜਾਏਗਾ ਜੋ ਦੁਨੀਆਂ ਦੇ ਖੇਤਰ ਵਿੱਚ ਪ੍ਰਗਟ ਹੁੰਦਾ ਹੈ। ਤੇ ਨਾਲ ਹੀ ਅੰਦਰਲੇ ਸਦ ਗੁਣਾਂ ਦੀ ਘਾੜਤ ਘਾੜਨੀ ਹੈ ਜਿਸ ਦਾ ਰੂਪ ਰੰਗ ਸਾਡੇ ਨਿਤਾ ਪ੍ਰਤੀ ਵਰਤੋਂ ਵਿਹਾਰ ਵਿਚੋਂ ਪ੍ਰਗਟ ਹੋਣਾ ਹੈ— ‘ਰੂਪ ਰੰਗ ਕੇ ਵੇਸ’ ਗੁਰਬਾਣੀ ਵਿੱਚ ਦਿੱਤੇ ਹੋਏ ਨਾਵਾਂ ਦੇ ਅਧਾਰਤ ਅੰਦਰਲੇ ਸਦ ਗੁਣਾਂ ਦੇ ਬਿੰਬ ਘੜਨੇ ਹਨ। ਜੋ ‘ਕਢਿ ਕਸੀਦਾ ਪਹਿਰਹਿ ਚੋਲੀ ਤਾਂ ਤੁਮੑ ਜਾਣਹੁ ਨਾਰੀ’ ਦਾ ਸਾਖਸ਼ਤ ਰੂਪ ਹੈ।
‘ਅਮਲੁ ਕਰਿ ਧਰਤੀ, ਬੀਜੁ ਸਬਦੋ ਕਰਿ, ਸਚ ਕੀ ਆਬ ਨਿਤ ਦੇਹਿ ਪਾਣੀ’॥ ਦੇ ਕਥਨ ਅਨੁਸਾਰ ਸਾਡੀ ਮਤ ਇੱਕ ਧਰਤੀ ਦਾ ਰੂਪ ਹੈ ਵਿੱਚ ਜੋ ਬੀਜਾਂਗੇ ਉਹ ਹੀ ਅਸੀਂ ਵੱਢਾਂਗੇ। ਜਿਵੇਂ ਜਿਵੇਂ ਗਿਆਨ ਦੀ ਪ੍ਰਪਾਤੀ ਹੁੰਦੀ ਹੈ ਤਿਵੇਂ ਤਿਵੇਂ ਅਸੀਂ ਹਰ ਗੁਣ ਦੀ ਆਪਣੀ ਧਰਤੀ ਦਾ ਵਿਸ਼ਾਲ ਗਿਆਨ ਹੁੰਦਾ ਹੈ। ਪਤਾ ਚਲਦਾ ਹੈ ਕਿ ਜੇ ਸੰਤੋਖ ਬੀਜਿਆ ਜਾਏਗਾ ਤਾਂ ਦਾਜ ਵਰਗੀਆਂ ਬਿਮਾਰੀਆਂ ਜਨਮ ਨਹੀਂ ਲੈਣਗੀਆਂ। ਜੇ ਪਿਆਰ ਦਾ ਬੀਜ ਬੀਜਿਆ ਜਾਏਗਾ ਤਾਂ ਨਫਰਤ ਵਰਗੀ ਬਿਮਾਰੀ ਖਤਮ ਹੁੰਦੀ ਹੈ। ਜੇ ਧੀਰਜ ਦੀ ਧਰਤੀ ਤਿਆਰ ਕਰਾਂਗੇ ਤਾਂ ਸੜਕ `ਤੇ ਦੁਰਘਟਾਨਾਵਾਂ ਤੋਂ ਬਚਾ ਹੋ ਸਕਦਾ ਹੈ— ‘ਕੇਤੀਆ ਕਰਮ ਭੂਮੀ’ ਗਿਆਨ ਖੰਡ ਦੇ ਵਾਸੀ ਹੋਣ ਕਰਕੇ ਅੰਦਰਲ਼ੀਆਂ ਧਰਤੀਆਂ ਦਾ ਬਿੰਬ ਪ੍ਰਤੀ ਡੂੰਘੀ ਤੇ ਰਹੱਸਮਈ ਜਾਣਕਾਰੀ ਮਿਲਦੀ ਹੈ। ਮੇਰ ਦਾ ਬਹੁ-ਅਰਥਕ ਜ਼ਿਆਦਾ ਤਰ ਦਿਮਾਗ ਦੀ ਡੂੰਘਾਈ ਨਾਲ ਆਇਆ ਹੈ। ਮਨੁੱਖੀ ਸਰੀਰ ਪੱਤਿਆਂ ਤੋਂ ਢੱਕਣਾ ਸ਼ੁਰੂ ਹੋ ਕੇ ਅੱਜ ਬਹੁਤ ਕੀਮਤੀ ਕਪੜਿਆਂ ਨੂੰ ਪਹਿਨ ਰਿਹਾ ਹੈ। ਅਕਾਸ਼ ਵਿੱਚ ਉਡਣਾ ਇਸ ਨੇ ਸਿੱਖਿਆ ਹੈ। ਦਿਨ-ਬ-ਦਿਨ ਤਰੱਕੀਆਂ ਨੂੰ ਸਰ ਕਰੀ ਜਾ ਰਿਹਾ ਹੈ ਇਹ ਸਾਰਾ ਕੁੱਝ ਦਿਮਾਗ ਦੀ ਸਹੀ ਵਰਤੋਂ ਕਰਨ ਦਾ ਨਤੀਜਾ ਹੀ ਹੈ— ‘ਮੇਰ ਕੇਤੇ’, ਗਿਆਨ ਦੀ ਵਰਤੋਂ ਨਾਲ ਦਿਮਾਗ ਦੀ ਵਿਸ਼ਾਲਤਾ ਪ੍ਰਗਟ ਹੁੰਦਿਆਂ ਸਥਿੱਰਤਾ ਦਾ ਰੂਪ ਧਾਰਨ ਕਰਦਾ ਹੈ— ‘ਕੇਤੇ ਧੂ ਉਪਦੇਸ’ ਵਿਆਗਆਨੀਆਂ ਨੇ ਧ੍ਰੂ ਇੱਕ ਥਾਂ ਤੋਂ ਦੂਜੀ ਥਾਂ `ਤੇ ਪੁੰਚਣ ਲਈ ਦਿਸ਼ਾਂ ਨਿਰਧਾਰਤ ਕਰਨ ਲਈ ਵਰਤਿਆ ਹੈ। ਗਿਆਨ ਦੁਆਰਾ ਅਸੀਂ ਸਥਿੱਰਤਾ ਤੇ ਦਿਸ਼ਾ ਨਿਰਧਾਰਤ ਕਰ ਸਕਦੇ ਹਾਂ। ਇਸ ਉਪਦੇਸ਼ ਦੁਆਰਾ ਲੁਕਾਈ ਦਾ ਭਲਾ ਹੁੰਦਾ ਹੈ। ਉਪਦੇਸ਼ ਦਾ ਅਰਥ ਹੈ ਉਹ ਗਿਆਨ ਜੋ ਦੂਜਿਆਂ ਦੇ ਕੰਮ ਆ ਸਕਦਾ ਹੋਵੇ।
ਅਗਲੀਆਂ ਤੁਕਾਂ ਵਿੱਚ ਇੰਦਰ ਦਾ ਪ੍ਰਤੀਕ ਬਰਸਾਤ, ਚੰਦ ਖੁਸ਼ੀ, ਤੇ ਸੂਰਜ ਤੇਜ ਗਿਆਨ ਦਾ ਪ੍ਰਤੀਕ ਲੈ ਕੇ ਅੰਦਰਲੇ ਵਿਵਹਾਰਕ ਜੀਵਨ ਦੀ ਵਿਸ਼ਾਲਤਾ ਪ੍ਰਤੀ ਪ੍ਰਗਟ ਹੁੰਦੇ ਹਨ— ‘ਕੇਤੇ ਇੰਦ ਚੰਦ, ਸੂਰ ਕੇਤੇ’ ਮੰਡਲ ਦੇ ਲੱਗ-ਪਗ ਸੋਲ੍ਹਾਂ ਅਰਥਾਂ ਵਿਚੋਂ ਸੰਸਾਰ ਲਿਆ ਜਾਏਗਾ। ਭਾਵ ਗਿਆਨ ਆਉਣ ਨਾਲ ਇੱਕ ਬੇਗਮਪੁਰ- ‘ਕੇਤੇ ਮੰਡਲ ਦੇਸ’ ਸ਼ਹਿਰ ਦੀ ਸਥਾਪਨਾ ਹੁੰਦੀ ਹੈ।
ਆਤਮਕ ਸੂਝ ਦੁਆਰਾ ਸਿੱਧਤਾ ਪ੍ਰਾਪਤ ਹੁੰਦੀ ਹੈ। ਜਿਸ ਤਰ੍ਹਾਂ ਕਿਸੇ ਬੱਚੇ ਨੇ ਸਿਵਲ ਇੰਜਨਿਰੰਗ ਦੀ ਡਿਗਰੀ ਲਈ ਹੋਵੇ ਉਹ ਉਸ ਦੀ ਸਿੱਧਤਾ ਹੈ। ਇਹ ਸਿੱਧਤਾ ਉਸ ਦੇ ਬੌਧਿਕ ਗਿਆਨ ਦੀ ਬੁੱਧੀ ਵਿੱਚ ਤਬਦੀਲ ਹੁੰਦੀ ਹੈ। ਕਈ ਵਾਰੀ ਲੋਕ ਡਿਗਰੀਆਂ ਮੁੱਲ ਵੀ ਲੈ ਲੈਂਦੇ ਹਨ। ਮੁੱਲ ਵਾਲੀਆਂ ਡਿਗਰੀਆਂ ਵਿੱਚ ਗੁਣਵੱਤਾ ਨਹੀਂ ਹੁੰਦੀ ਹੈ। ਡਿਗਰੀ ਤੇ ਉਸ ਵਿਚਲੇ ਗਿਅਨ ਦਾ ਨਾਂ ਬੁੱਧ ਹੈ— ‘ਕੇਤੇ ਸਿਧ ਬੁਧ’॥ ਨਾਥ ਦਾ ਅਰਥ ਹੈ ਸੁਅਮੀ ਬਣਨਾ। ਸੂਭ ਗੁਣਾਂ ਦਾ ਮਾਲਕ ਬਣਨਾ— ‘ਨਾਥ ਕੇਤੇ’ ਜੋ ਬੋਲ-ਬਾਣੀ ਦੇ ਪਹਿਰਵੇ ਵਿਚੋਂ ਦੈਵੀ ਗੁਣਾਂ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ— ‘ਕੇਤੇ ਦੇਵੀ ਵੇਸ’॥ ਭਾਵ ਦੈਵੀ ਗੁਣਾਂ ਵਾਲੀ ਬੁੱਧੀ ਦਾ ਸੁਭਾਅ ਤੇ ਵਰਤੋਂ ਵਿਹਾਰ ਰਾਂਹੀ ਪ੍ਰਗਟਾਅ ਹੁੰਦਾ ਹੈ।
ਗਿਆਨ ਦੀ ਰਾਂਹੀਂ ਜਿੱਥੇ ਦੈਵੀ ਗੁਣ ਦੀ ਪ੍ਰਾਪਤੀ ਹੁੰਦੀ ਹੈ ਓੱਥੇ ਅੰਦਰ ਛੁਪੀ ਬੈਠੀ ਰਾਕਸ਼ ਬਿਰਤੀ ਬਾਰੇ ਵੀ ਜਾਣਕਾਰੀ ਮਿਲਦੀ ਹੈ— ‘ਕੇਤੇ ਦੇਵ ਦਾਨਵ’, ਦੇਵ ਦੈਵੀ ਗੁਣ ਤੇ ਦਾਨਵ ਵਿਕਾਰੀ ਔਗੁਣ ਵਿੱਚ ਦੇਖਣ ਦਾ ਸਮਝ ਲਈਏ ਤਾਂ ਮਤ ਵਿੱਚ ਡੂੰਘਾ ਗਿਆਨ ਆ ਸਕਦਾ ਹੈ। ਮਹਾਨ ਕੋਸ਼ ਵਿੱਚ ਮੁਨੀ ਦੇ ਅਰਥ ਹਨ ਜੋ ਵਿਆਕੁਲ ਨਾ ਹੋਵੇ ਭਾਵ ਸਹਿਜ ਅਵਸਥਾ ਆਉਂਦੀ ਹੈ, ਜਗਿਆਸਾ ਜਾਗਣ ਨਾਲ ਅੰਦਰਲੇ ਵਿਚਾਰਾਂ ਵਿੱਚ ਟਿਕਾਅ ਆਉਂਦਾ ਹੈ। ਸਮੁੰਦਰ ਵਿਚੋਂ ਕੀਮਤੀ ਵਸਤੂਆਂ ਉਹ ਹੀ ਨਿਕਾਲ ਸਕਦਾ ਹੈ ਜਿਸ ਨੂੰ ਸਮੁੰਦਰ ਸਬੰਧੀ ਪੂਰੀ ਜਾਣਕਾਰੀ ਹੋਵੇ ਏਸੇ ਤਰ੍ਹਾਂ ਹੀ ਗੁਰ-ਗਿਆਨ ਦੀ ਸਮਝ ਆਉਂਦਿਆਂ ਹੀ ਮਤ ਧਰਤੀ ਵਿੱਚ ਬੈਠੇ ਸ਼ੁਭ ਗੁਣ ਸਮਝ ਵਿੱਚ ਆ ਸਕਦੇ ਹਨ— ‘ਮੁਨਿ ਕੇਤੇ, ਕੇਤੇ ਰਤਨ ਸਮੁੰਦ’
ਇਕ ਮਨੁੱਖ ਦੇ ਮਨ ਵਿੱਚ ਕਿੰਨੇ ਖ਼ਿਆਲ ਜਨਮ ਲੈਂਦੇ ਹਨ ਜੋ ਖਾਣੀਆਂ ਦੇ ਖੇਤਰ ਨਾਲ ਸਬੰਧ ਰੱਖਦੇ ਹਨ। ਹਰ ਖ਼ਿਆਲ ਦੀ ਆਪਣੀ ਆਪਣੀ ਬੋਲੀ ਤੇ ਆਪਣਾ ਆਪਣਾ ਪ੍ਰਭਾਵ ਰੱਖਦਾ ਹੈ। ਇਹਨਾਂ ਖ਼ਿਆਲਾਂ ਵਿਚੋਂ ਬਿਬੇਕ ਬਿਰਤੀ ਵਾਲੇ ਖ਼ਿਆਲ ਤਾਂ ਏੰਨੇ ਪ੍ਰਬਲ ਹੁੰਦੇ ਹਨ ਜਿਹੜੇ ਬਾਦਸ਼ਾਹ, ਸ਼ਹਿਨਸ਼ਾਹਾਂ ਵਾਂਗ ਭਾਵ ਸ਼ਾਨਾਂਮੱਤਾ ਜੀਵਨ ਜਿਉਂਦੇ ਹਨ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਮੇਂ ਦੀਵਾਨ ਸੁੱਚਾ ਨੰਦ ਦੇ ਖ਼ਿਆਲ ਵਿਕਾਓ ਮਾਲ ਵਾਂਗ ਦੁੰਬ ਹਿਲਾੳਣ ਵਾਲੇ ਹਨ ਜਦ ਕਿ ਮਲੇਰਕੋਟਲੇ ਦਾ ਸ਼ੇਰ ਮੁਹੰਮਦ ਅਜ਼ਾਦ ਰਿਆਸਤ ਦਾ ਮਾਲਕ ਹੋਣ ਦੇ ਨਾਤੇ ਅਜ਼ਾਦ ਬਾਦਸ਼ਾਹਾਂ ਵਾਲੇ ਖ਼ਿਆਲ ਦੇ ਰਿਹਾ ਹੈ। — ‘ਕੇਤੀਆ ਖਾਣੀ, ਕੇਤੀਆ ਬਾਣੀ, ਕੇਤੇ ਪਾਤ ਨਰਿੰਦ’॥ ਸੁ ਸਾਡੇ ਮਨ ਵਿੱਚ ਹੀ ਜੋ ਫੁਰਨੇ ਜਨਮ ਲੈ ਰਹੇ ਹਨ ਉਹ ਖਾਣੀਆਂ ਵਾਂਗ ਹਨ ਤੇ ਇਹਨਾਂ ਦਾ ਸੁਭਾਅ ਵਿਚੋਂ ਪ੍ਰਗਟ ਹੋਣਾ ਬਾਣੀਆਂ ਵਿੱਚ ਆਉਂਦਾ ਹੈ। ਗਿਆਨ ਆਉਣ ਨਾਲ ਅੰਦਰ ਅਨਭਵ ਜਨਮ ਲੈਂਦਾ ਹੈ ਤੇ ਅੰਦਰਲੇ ਸ਼ੁਭ ਗੁਣਾਂ ਨਾਲ ਸਾਂਝ ਪੈਂਦੀ ਹੈ। ਜੇ ਗਿਆਨ ਅਧੂਰਾ ਹੋਵੇ ਤਾਂ ਵਿਕਾਰਾਂ ਵਾਲ਼ੀ ਬੋਲੀ ਬੋਲਦੇ ਹਨ। ਚੰਗੇ ਖ਼ਿਆਲ ਤੇ ਮੰਦੇ ਖ਼ਿਆਲ ਹਰ ਵੇਲੇ ਜਨਮ ਲੈਂਦੇ ਰਹਿੰਦੇ ਹਨ।
ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਸ਼ਬਦ ਵਿੱਚ ਪੈਗ਼ਾਮ ਦੇਣਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਅਸੀਂ ਸਚਿਆਰ ਮਨੁੱਖ ਬਣਨਾ ਹੈ, ਜੋ ਜਪੁ ਬਾਣੀ ਦੇ ਅਰੰਭ ਵਿੱਚ ਹੀ ਆ ਗਿਆ ਹੈ। ਫਿਰ ਕਿਸੇ ਵੀ ਪਉੜੀ ਨੂੰ ਸਮਝਣਾ ਹੋਵੇ ਤਾਂ ਪਉੜੀ ਦੀ ਅਖੀਰਲੀ ਤੁਕ ਨੂੰ ਧਿਆਨ ਵਿੱਚ ਲਿਆ ਜਾਏ ਤਾਂ ਸਾਰੀ ਪਉੜੀ ਦਾ ਭਾਵ ਅਰਥ ਸਮਝਿਆ ਜਾ ਸਕਦਾ ਹੈ। ਏਸੇ ਤਰ੍ਹਾਂ ਹੀ ਗਿਆਨ ਖੰਡ ਵਾਲੀ ਪਉੜੀ ਦੇ ਅਖੀਰ ਵਿੱਚ ਆਈ ਤੁਕ ਦੇ ਜ਼ਰਾ ਕੁ ਭਾਵ ਅਰਥ ਨੂੰ ਸਮਝਿਆ ਜਾਏ ਤਾਂ ਸਹਿਜੇ ਗੱਲ ਸਮਝ ਵਿੱਚ ਆ ਸਕਦੀ ਹੈ ਕਿ ਗੱਲ ਸੁਰਤੀ ਤੇ ਸੇਵਕ ਦੀ ਕੀਤੀ ਗਈ ਹੈ। ਜਿਹੜਾ ਸੇਵਕ ਵੀ ਧਿਆਨ ਨਾਲ ਗੁਰ-ਗਿਆਨ ਨੂੰ ਲੈਣ ਦਾ ਯਤਨ ਕਰਦਾ ਹੈ ਉਸ ਨੂੰ ਜਿੱਥੇ ਸੰਸਾਰ ਦੀ ਜਾਣਕਾਰੀ ਮਿਲਦੀ ਹੈ ਓੱਥੇ ਆਪਣੇ ਅੰਦਰ ਬੈਠੇ ਗੁਣਾਂ ਅਵਗੁਣਾਂ ਦੀ ਵੀ ਜਾਣਕਾਰੀ ਮਿਲਦੀ ਹੈ। ਇਸ ਦੀ ਬੇਅੰਤਤਾ ਦਾ ਅੰਤ ਨਹੀਂ ਪਾਇਆ ਜਾ ਸਕਦਾ— ‘ਕੇਤੀਆ ਸੁਰਤੀ, ਸੇਵਕ ਕੇਤੇ, ਨਾਨਕ ਅੰਤ ਨ ਅੰਤੁ’॥ ਜਿਵੇਂ ਜਿਵੇਂ ਸੁਰਤੀ ਲਾ ਕੇ ਕੰਮ ਕਰੇਗਾ ਤਿਵੇਂ ਤਿਵੇਂ ਮਨੁੱਖ ਦੇ ਗਿਆਨ ਵਿੱਚ ਵਾਧਾ ਹੋੲਗਾ।
ਗਿਆਨ ਖੰਡ ਦਾ ਵਿਵਹਾਰਕ ਪੱਖ
ਅਸਲੀ ਤੇ ਨਕਲੀ ਦਵਾਈਆਂ ਗਿਆਵਾਨ ਡਾਕਟਰ ਹੀ ਬਣ ਸਕਦਾ ਹੈ। ਚੋਰ ਤੇ ਡਾਕਟਰ ਦੇ ਹੱਥਾਂ ਵਿੱਚ ਫੜੀ ਹੋਈ ਛੁਰੀ ਦੇ ਜ਼ਮੀਨ ਅਸਮਾਨ ਦਾ ਫਰਕ ਹੈ। ਚੋਰ ਕਿਸੇ ਨੂੰ ਮਾਰ ਚੋਰੀ ਕਰੇਗਾ ਜਦ ਕਿ ਡਾਕਟਰ ਕਿਸੇ ਮਰੀਜ਼ ਦਾ ਸਫਲ ਅਪ੍ਰੇਸ਼ਨ ਕਰਕੇ ਕਿਸੇ ਦੀ ਜਾਨ ਬਚਾ ਸਕਦਾ ਹੈ। ਏੱਥੇ ਜਿਸ ਗਿਆਨ ਦੀ ਗੱਲ ਸਮਝਾਈ ਗਈ ਹੈ ਉਹ ਧਰਮ ਦੇ ਅਧਰਾਤ ਹੈ। ਭਾਵ ਆਪਣੇ ਫ਼ਰਜ਼ ਦੀ ਪਹਿਛਾਣ ਕਰਕੇ ਚੰਗਾ ਗਿਆਨ ਲੈ ਕੇ ਜਿੱਥੇ ਆਪਣੇ ਜੀਵਨ ਨੂੰ ਗਿਆਨਵਾਨ ਬਣਾੳਣਾ ਹੈ ਓੱਥੇ ਸਮਾਜ ਦੀ ਤਰੱਕੀ ਵਾਸਤੇ ਵੀ ਕੁੱਝ ਕਰਨਾ ਹੈ। ਪ੍ਰੋ. ਸਾਹਿਬ ਸਿੰਘ ਜੀ ਤੇ ਪ੍ਰਿੰਸੀਪਲ ਹਰਭਜਨ ਸਿੰਘ ਜੀ, ਭਾਈ ਕਾਨ੍ਹ ਸਿੰਘ ਜੀ ਨਾਭਾ. ਪ੍ਰੋ. ਗੁਰਮੁਖ ਸਿੰਘ ਜੀ ਤੇ ਗਿਆਨੀ ਦਿੱਤ ਸਿੰਘ ਜੀ ਵਰਗਿਆਂ ਮਹਾਨ ਵਿਦਵਾਨਾਂ ਨੇ ਆਪਣੇ ਫ਼ਰਜ਼ ਦੀ ਪਹਿਛਾਣ ਕਰਕੇ ਗੁਰਬਾਣੀ ਦੇ ਡੂੰਘੇ ਗਿਆਨ ਦੀ ਜਾਣਕਾਰੀ ਦਿੱਤੀ ਤਾਂ ਕਿ ਕੌਮ ਬ੍ਰਹਾਮਣੀ ਕਰਮ-ਕਾਂਡ ਤੋਂ ਬਚੀ ਰਹੇ।
ਜੇ ਸਾਨੂੰ ਅੰਦਰਲੀ ਕਰਮ ਭੂਮੀ ਰੂਪੀ ਮਤ ਦੀ ਭੂਮਿਕਾ ਦਾ ਪਤਾ ਚੱਲ ਜਾਏ ਤਾਂ ਸਾਡੇ ਫੁਰਨਿਆਂ ਵਿੱਚ ਸਾਰਥਕਤਾ ਆ ਸਕਦੀ ਹੈ। ਮੁਲਕ ਦੇ ਕਨੂੰਨ ਦਾ ਗਿਆਨ ਆ ਜਾਏ ਤਾਂ ਮਨੁੱਖ ਕਿਸੇ ਨਾਲ ਧੱਕਾ ਨਹੀਂ ਕਰੇਗਾ। ਸੱਸ, ਨੂੰਹ, ਸ਼ਗਿਰਦ, ਉਸਤਾਦ, ਕਲਰਕ, ਜੱਜ, ਮੰਤ੍ਰੀ ਤੇ ਅਫ਼ਸਰਸ਼ਾਹੀ ਆਦਕ ਆਪਣਾ ਧਰਮ ਨਿੰਬਹੁਣ ਦਾ ਗਿਆਨ ਆ ਗਿਆ ਤਾਂ ਰੱਬ ਦੀ ਇਸ ਕਦਰਤ ਵਿੱਚ ਸਵਰਗ ਹੀ ਸਵਰਗ ਹੋਏਗਾ। ਧਰਮੀ ਹੋਣ ਦਾ ਅਸੀਂ ਬਾਹਰਲੇ ਤਲ਼ `ਤੇ ਲੇਵਲ ਲਗਾਇਆ ਹੋਇਆ ਹੈ ਪਰ ਗਿਆਨ ਦੀ ਘਾਟ ਕਰਕੇ ਭਰਾ ਭਰਾ ਨਾਲ ਸੱਸ ਨੂੰਹ ਨਾਲ ਝਗੜ ਰਹੀ ਹੈ। ਗਿਆਨ ਦੀ ਸੀਮਾ ਨਿਹਸਚਤ ਨਹੀਂ ਕੀਤੀ ਜਾ ਸਕਦੀ। ਗਿਆਨ ਨਿੱਤ ਵਧਾਇਆ ਜਾ ਸਕਦਾ ਹੈ। ਗਿਆਨ ਵਾਸਤੇ ਜ਼ਰੂਰੀ ਹੈ ਕਿ ਮਨੁੱਖ ਸੁਰਤੀ ਨਾਲ ਕੰਮ ਕਰਨ ਦਾ ਯਤਨ ਕਰੇ। ਆਤਮਕ ਸੋਝੀ ਦੁਆਰਾ ਰੱਬੀ ਪਰਵਾਰ ਦੀ ਵਿਸ਼ਾਲਤਾ ਦਿਸਦੀ ਹੈ। ਜਿਸ ਤਰ੍ਹਾਂ ਪਹਿਲਾਂ ਲਿਖਿਆ ਹੈ ਕਿ ਗਿਆਨਵਾਨ ਡਕਟਰ ਹੀ ਅਸਲੀ ਨਕਲੀ ਦਵਾਈਆਂ ਤਿਆਰ ਕਰਦਾ ਹੈ। ਜੇ ਡਾਕਟਰ ਪਾਸ ਧਰਮ ਦੀ ਭਾਵਨਾ ਹੈ ਤਾਂ ਉਹ ਅਸਲੀ ਦਵਾਈਆਂ ਬਣਾਉਣ ਦਾ ਉਪਰਾਲਾ ਕਰੇਗਾ ਤੇ ਜੇ ਉਸ ਪਾਸ ਧਰਮ ਇਖ਼ਲਾਕ ਵਰਗੀ ਵਸਤੂ ਨਹੀਂ ਹੈ ਤਾਂ ਉਹ ਨਕਲੀ ਦਵਾਈਆਂ ਤਿਆਰ ਕਰੇਗਾ ਹੀ ਕਰੇਗਾ।
ਗੁਰਮੁਖਿ ਸਬਦੁ ਪਛਾਣੀਐ ਹਰਿ ਅੰਮ੍ਰਿਤ ਨਾਮਿ ਸਮਾਇ॥
ਗੁਰ ਗਿਆਨੁ ਪ੍ਰਚੰਡੁ ਬਲਾਇਆ ਅਗਿਆਨੁ ਅੰਧੇਰਾ ਜਾਇ॥ 2॥
ਪੰਨਾ ੨੯
ਅਤੇ—
ਸਤਿਗੁਰੁ ਜਿਨੀ ਨਾ ਸੇਵਿਓ, ਸਬਦਿ ਨ ਕੀਤੋ ਵੀਚਾਰੁ॥
ਅੰਤਰਿ ਗਿਆਨੁ ਨ ਆਇਓ, ਮਿਰਤਕੁ ਹੈ ਸੰਸਾਰਿ॥
ਪੰਨਾ ੮੮




.