ਕੀ ਸੱਚਮੁਚ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ
(ਮਝੈਲ ਸਿੰਘ ਸਰਾਂ ਕੈਲੇਫੋਰਨੀਆਂ)
ਅਕਸਰ ਕਹਿੰਦੇ ਹਨ ਕਿ ਇਤਿਹਾਸ
ਆਪਣੇ ਆਪ ਨੂੰ ਦੁਹਰਾਉਂਦਾ ਹੈ। ਇਸ ਪਿੱਛੇਕਈ ਦਲੀਲਾਂ ਦਿੱਤੀਆਂ ਜਾਂਦੀਆਂ ਹਨ। ਇਤਿਫਾਕਨ ਹੀ ਕਈ
ਘਟਨਾਵਾਂ ਐਦਾਂ ਦੀਆਂ ਹੋ ਜਾਂਦੀਆਂ ਹਨ ਜੋ ਕਿਤੇ ਪਹਿਲੇ ਸਮਿਆਂ ਵਿੱਚ ਵਾਪਰੀਆਂ ਘਟਨਾਵਾਂ ਨਾਲ
ਹੂ-ਬ-ਹੂ ਨਹੀਂ ਤਾਂ ਕਾਫੀ ਹੱਦ ਤੱਕ ਮੇਲ ਖਾਂਦੀਆਂ ਹਨ। ਸ਼ਾਇਦ ਇਸੇ ਨੂੰ ਹੀ ਇਤਿਹਾਸ ਦੀ ਦੁਹਰਾਈ
ਕਿਹਾ ਜਾਂਦਾ ਹੋਵੇਗਾ। ਜ਼ਿਆਦਾਤਰ ਇਹੋ ਜਿਹੀਆਂ ਘਟਨਾਵਾਂ ਦਾ ਸੰਬੰਧ ਵੱਡੇ ਬੰਦਿਆਂ ਨਾਲ ਹੀ ਹੁੰਦਾ
ਹੈ ਖਾਸ ਕਰਕੇ ਰਾਜ ਸੱਤਾ `ਤੇ ਕਾਬਜ਼-ਭਾਵੇਂ ਉਹ ਪਹਿਲੇ ਸਮਿਆਂ ਦੇ ਰਾਜੇ ਮਹਾਰਾਜੇ ਹੋਣ ਜਾਂ ਫਿਰ
ਅੱਜਕਲ੍ਹ ਦੇ ਸਿਆਸੀ ਲੀਡਰ। ਬਹੁਤਾ ਕਰਕੇ ਇਨ੍ਹਾਂ ਵੱਡਿਆਂ ਬੰਦਿਆਂ ਦੇ ਚਰਿਤਰ ਦੇ ਨਾਂਹਪੱਖੀ
ਲੱਛਣਾਂ ਕਰਕੇ ਜਿਹੜਾ ਨੁਕਸਾਨ ਕਿਸੇ ਕੌਮ ਜਾਂ ਭਾਈਚਾਰੇ ਨੂੰ ਹੁੰਦਾ ਹੈ ਉਹਦਾ ਬੁਰਾ ਅਸਰ ਦੇਖਦੇ
ਹੋਏ ਹੀ ਸਿਆਣੇ ਕਹਿ ਦਿੰਦੇ ਹਨ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਕੁੱਝ ਇਹੋ ਜਿਹੀਆਂ ਹੀ
ਘਟਨਾਵਾਂ ਦਾ ਜ਼ਿਕਰ ਕਰ ਰਹੇ ਹਾਂ ਜੋ ਸਿੱਖਾਂ ਨਾਲ ਸੰਬੰਧਤ ਦੋ ਵੱਡੇ ਬੰਦਿਆਂ ਦੀਆਂ ਹਨ। ਇਹ ਪੜਚੋਲ
ਵੀ ਕਰਨੀ ਹੈ ਕਿ ਇਹ ਸੁਤੇ ਸਿੱਧ ਇਤਿਹਾਸ ਦੀ ਹੀ ਦੁਹਰਾਈ ਹੈ ਤੇ ਕੌਮ ਨੇ ਸਿਰ ਸੁੱਟ ਕੇ ਇਹਨੂੰ
ਮੰਨਣਾ ਹੀ ਮੰਨਣਾ ਹੈ ਜਾਂ ਇਹਨੂੰ ਰੋਕਣ ਲਈ ਕਿਤੇ ਡੱਕਾ ਵੀ ਲਾਉਣਾ ਹੈ।
ਪਹਿਲਾ ਵੱਡਾ ਬੰਦਾ ਹੈ ਸ਼ੇਰੇ ਪੰਜਾਬ ਰਣਜੀਤ ਸਿੰਘ ਦੂਜਾ ਵੀ ਹੈ ‘ਸ਼ੇਰ’ ਪਰ ਸਰਕਸ ਦਾ, ਜਿਹਨੂੰ
ਪੰਜਾਬੀਆਂ ਨੇ ਆਪ ਹੀ ਮੋਹਰੇ ਕਰਕੇ ਰਾਜ ਦੀ ਸਭ ਤੋਂ ਵੱਡੀ ਕੁਰਸੀ `ਤੇ ਬਿਠਾਇਆ ਹੋਇਆ ਹੈ। ਪਰ ਉਸ
ਆਪਣੇ ਗਲ ਦੀ ਸੰਗਲੀ ਕੱਟੜਪੰਥੀ ਸਿੱਖ ਵਿਰੋਧੀ ਅਡਵਾਨੀ ਦੇ ਹੱਥ ਫੜਾਈ ਹੋਈ ਹੈ ਤੇ ਉਦਾਂ ਦੀ ਟਪੂਸੀ
ਮਾਰਦਾ ਜਿੱਦਾਂ ਉਹਦਾ ਮਾਲਕ ਚਾਹੁੰਦਾ। ਬੰਦਾ ਸਿੰਘ ਬਹਾਦਰ ਦੇ ਥੋੜਚਿਰੇ ਰਾਜ ਤੋਂ ਬਾਅਦ ਕੌਮ ਵਿੱਚ
ਕੁੱਝ ਹਾਲਾਤ ਕਰਕੇ ਇੱਕ ਰਾਜਨੀਤਕ ਖਲਾਅ ਪੈਦਾ ਹੋ ਗਿਆ ਸੀ ਪਰ ਉਹਦਾ ਫਾਇਦਾ ਵੀ ਹੋਇਆ ਕਿ ਸਿੱਖ
ਇਖਲਾਕੀ ਤੌਰ `ਤੇ ਬਹੁਤ ਬੁਲੰਦੀ `ਤੇ ਪਹੁੰਚ ਗਿਆ ਸੀ। ਭਾਵੇਂ ਗਿਣਤੀ ਵਿੱਚ ਘੱਟ ਸਨ, ਬਾਬਾ ਬੰਦਾ
ਸਿੰਘ ਦੇ ਰਾਜ ਨੇ ਜਿਹੜੀ ਲੋਅ ਬੇਜ਼ਮੀਨੇ ਤੇ ਹੇਠਲੇ ਤਬਕੇ ਦੇ ਲੋਕਾਂ ਨੂੰ ਦਿਖਾਈ ਉਹ ਲੋਕ ਸਿੱਖ
ਸਿਧਾਂਤਾਂ ਨਾਲ ਪੱਕੇ ਬੱਝ ਗਏ ਤੇ ਉਨ੍ਹਾਂ ਮਨਾਂ ਵਿੱਚ ਪੰਥਕ ਸਰਕਾਰ ਜਾਂ ਰਾਜ ਦਾ ਸੁਪਨਾ ਮੁੜ
ਪੂਰਾ ਕਰਨ ਲਈ ਹਰ ਕੁਰਬਾਨੀ ਦੇਣ ਲਈ ਆਪਣੇ ਆਪ ਨੂੰ ਤਿਆਰ ਕਰ ਲਿਆ। ਏਸ ਜਜ਼ਬੇ ਵਿਚੋਂ ਹੀ ਸਿੱਖ
ਮਿਸਲਾਂ ਨਿਕਲੀਆਂ ਤੇ ਫਿਰ ਰਣਜੀਤ ਸਿੰਘ ਦਾ ਖਾਲਸਾ ਰਾਜ। ਮੁੱਢਲੇ ਤੌਰ `ਤੇ ਰਣਜੀਤ ਸਿੰਘ ਵਿੱਚ ਵੀ
ਉਹ ਬੁਲੰਦ ਹੌਂਸਲਾ ਸੀ ਤੇ ਕੁੱਝ ਸਮੇਂ ਦੀ ਨਜ਼ਾਕਤ ਜਿਸ ਨੇ ਸਿੱਖ ਮਿਸਲਾਂ ਨੂੰ ਉਹਦੀ ਸਰਦਾਰੀ ਹੇਠ
ਲੈ ਆਂਦਾ। ਇਸੇ ਦੌਰਾਨ ਰਣਜੀਤ ਸਿੰਘ ਨੂੰ ਇੱਕ ਜੁਗਤ ਵੀ ਆ ਗਈ ਸੀ ਕਿ ਸਿੱਖ ਪੱਤਾ ਖੇਡ ਕੇ ਸਿੱਖਾਂ
ਦੇ ਜਜ਼ਬੇ ਨੂੰ ਆਪਣਾ ਰਾਜ ਪੱਕਾ ਕਰਨ ਲਈ ਕਿੱਦਾਂ ਵਰਤਣਾ ਹੈ ਕਿਉਂਕਿ ਖਾਲਸਾ ਫੌਜਾਂ ਉਹਦੀ ਤਾਕਤ ਸੀ
ਜਿਸ ਨੇ ਦੇਸੀ ਰਿਆਸਤਾਂ ਦੇ ਨਾਲ ਨਾਲ ਪਹਾੜੀ ਰਾਜਿਆਂ ਤੇ ਮੁਸਲਮਾਨੀ ਇਲਾਕਿਆਂ ਨੂੰ ਵੀ ਉਹਦੇ ਹੇਠ
ਲਿਆਂਦਾ। ਇਹ ਗੱਲ ਰਣਜੀਤ ਸਿੰਘ ਜਾਣ ਗਿਆ ਸੀ ਕਿ ਰਾਜ ਦਾ ਮੂੰਹ-ਮੁਹਾਂਦਰਾ ਪੰਥਕ ਰੱਖਣਾ ਹੀ ਪੈਣਾ
ਹੈ ਕਿਉਂਕਿ ਇਹਦੀ ਸਥਾਪਤੀ ਹੋਈ ਹੀ ਸਿੱਖ ਜਜ਼ਬੇ ਵਿਚੋਂ ਸੀ। ਉਹ ਆਪਣੇ ਆਪ ਨੂੰ ਨਿਮਾਣਾ ਸਿੱਖ ਸਾਬਤ
ਕਰਨ ਲਈ ਜਾਣਬੁੱਝ ਕੇ ਕੀਤੀ ਗਲਤੀ (ਮੋਰਾਂ ਨਾਚੀ ਨਾਲ ਵਿਆਹ) ਦੇ ਸੰਬੰਧ ਵਿੱਚ ਅਕਾਲੀ ਫੂਲਾ ਸਿੰਘ
ਅੱਗੇ ਅਕਾਲ ਤਖਤ ਸਾਹਿਬ `ਤੇ ਕੋੜੇ ਖਾਣ ਲਈ ਪਿੱਠ ਨੰਗੀ ਕਰਕੇ ਖੜ੍ਹ ਗਿਆ ਸੀ। ਪਰ ਇਹੋ ਜਿਹੀਆਂ
ਗਲਤੀਆਂ ਕਰਨੋਂ ਕਦੇ ਵੀ ਹਟਿਆ ਨਹੀਂ ਸੀ। ਅਗਲੀ ਗੱਲ ਰਣਜੀਤ ਸਿੰਘ ਨੂੰ ਜਿਹੜੀ ਜੱਚ ਗਈ ਸੀ ਉਹ ਸੀ
ਸਿੱਖਾਂ ਦਾ ਆਪਣੇ ਧਾਰਮਿਕ ਅਸਥਾਨਾਂ ਪ੍ਰਤੀ ਮੋਹ। ਸਿੱਖ ਆਪਣੀ ਜਾਨ ਤਾਂ ਦੇ ਦਿੰਦੇ ਸੀ ਪਰ ਉਹ
ਧਾਰਮਿਕ ਅਸਥਾਨਾਂ ਦੀ ਬੇਅਦਬੀ ਨਹੀਂ ਸੀ ਸਹਾਰ ਸਕਦੇ ਇਸ ਕਰਕੇ ਰਣਜੀਤ ਸਿੰਘ ਨੇ ਸ੍ਰੀ ਦਰਬਾਰ
ਸਾਹਿਬ ਵਲ ਆਪਣਾ ਉਚੇਚਾ ਧਿਆਨ ਦਿੱਤਾ। ਉਸ ਵੇਲੇ ਤੱਕ ਸਿੱਖਾਂ ਵਿੱਚ ਦਾਨੀਆਂ ਦਾ ਵੀ ਇੱਕ ਨਿਵੇਕਲਾ
ਤੇ ਉੱਚਾ ਥਾਂ ਬਣ ਗਿਆ ਸੀ ਜੋ ਅੱਜ ਵੀ ਬਰਕਰਾਰ ਹੈ। ਰਣਜੀਤ ਸਿੰਘ ਨੇ ਉਹੋ ਕੁੱਝ ਕੀਤਾ। ਸਰਕਾਰੀ
ਖਜ਼ਾਨੇ ਵਿਚੋਂ ਸਾਰੇ ਦਰਬਾਰ ਸਾਹਿਬ `ਤੇ ਸੋਨਾ ਚੜ੍ਹਾਇਆ ਗਿਆ ਤੇ ਸਿੱਖ ਮਨਾਂ ਵਿੱਚ ਸਭ ਤੋਂ ਵੱਡਾ
ਦਾਨੀ ਬਣ ਬੈਠਾ। ਨਾਲ ਹੀ ਗੁਰੂ ਸਾਹਿਬਾਨ ਵਲੋਂ ਬਖਸ਼ੇ ਪਵਿੱਤਰ ਨਾਮ ਹਰਿਮੰਦਰ ਨੂੰ ਸੁਨਹਿਰੀ ਮੰਦਰ
ਦੇ ਨਾਂ ਨਾਲ ਬਦਲਣ ਦੀ ਕੋਸ਼ਿਸ਼ ਕੀਤੀ। ਇਹ ਵੀ ਸੱਚ ਹੈ ਕਿ ਰਣਜੀਤ ਸਿੰਘ ਨੇ ਹਰਿਮੰਦਰ ਸਾਹਿਬ ਨਾਲੋਂ
ਵਧ ਸੋਨਾ ਹਿੰਦੂ ਮੰਦਰਾਂ (ਬਨਾਰਸ ਦੇ ਵਿਸ਼ਵਾਨਾਥ ਮੰਦਰ `ਤੇ 6 ਕੁਇੰਟਲ ਤੇ ਜਵਾਲਾਮੁਖੀ ਮੰਦਿਰ ਤੇ
4 ਕੁਇੰਟਲ) `ਤੇ ਚੜ੍ਹਾਇਆ। ਹਿੰਦੂ ਮੰਦਿਰਾਂ `ਤੇ ਉਹਨੇ ਸਰਕਾਰੀ ਖਜ਼ਾਨੇ ਵਿਚੋਂ ਕੁੱਲ 16 ਕੁਇੰਟਲ
ਤੋਂ ਵੀ ਵਧ ਸੋਨਾ ਚੜ੍ਹਾਇਆ ਪਰ ਕਿਸੇ ਹਿੰਦੂ ਨੇ ਅੱਜ ਤੱਕ ਵੀ ਉਹਨੂੰ ਦਾਨੀ ਕਹਿ ਕੇ ਨਹੀਂ
ਵਡਿਆਇਆ। ਕਾਰਨ ਇਹ ਹੈ ਕਿ ਹੁਣ ਉਥੇ ਉਹ ਸੋਨਾ ਹੈ ਈ ਨਹੀਂ। ਉਹ ਤਾਂ ਉਥੋਂ ਦੇ ਹਿੰਦੂ ਪੁਜਾਰੀ ਲਾਹ
ਕੇ ਘਰ ਲੈ ਗਏ। ਇਸਤੋਂ ਇਲਾਵਾ ਰਣਜੀਤ ਸਿੰਘ ਨੇ ਜੋ ਮਾਅਰਕੇ ਵਾਲਾ ਕੰਮ ਕੀਤਾ ਉਹ ਸੀ ਗੁਰੂ
ਅਸਥਾਨਾਂ ਦੀ ਭਾਲ ਕਰਕੇ ਉਨ੍ਹਾਂ ਦੀਆਂ ਯਾਦਗਾਰਾਂ ਵਿੱਚ ਗੁਰਦੁਆਰੇ ਬਣਾਉਣੇ ਜੋ ਸਿੱਖ ਸੰਗਤਾਂ ਲਈ
ਆਉਣ ਵਾਲੇ ਸਮਿਆਂ ਵਿੱਚ ਪ੍ਰੇਰਨਾ ਸ੍ਰੋਤ ਬਣੇ।
ਹੁਣ ਆਪਣੇ ਦੂਜੇ ਸ਼ੇਰ ਦੀ ਗੱਲ ਸ਼ੁਰੂ ਕਰੀਏ। ਹਿੰਦੋਸਤਾਨ ਅੰਗਰੇਜ਼ਾਂ ਤੋਂ ਆਜ਼ਾਦ ਹੋ ਗਿਆ ਪਰ ਸਿੱਖਾਂ
ਨਾਲ ਕੀਤੇ ਵਾਅਦੇ ਨਾਲ ਹੀ ਗੁਲਾਮ ਤੋਂ ਮਾਲਕ ਬਣੇ ਹਿੰਦੋਸਤਾਨੀ ਲੀਡਰਾਂ ਨੇ ਸਿੱਖਾਂ ਨੂੰ ਰਗਾਂ
ਤੋਂ ਫੜਨ ਵਿੱਚ ਵੀ ਕੋਈ ਕਸਰ ਨਾ ਛੱਡੀ ਤਾਂ ਆਪਣੇ ਆਪ ਨੂੰ ਠੱਗੇ ਮਹਿਸੂਸ ਕਰਕੇ ਮੁੜ ਨਵੇਂ
ਹਿੰਦੋਸਤਾਨੀ ਮਾਲਕਾਂ ਨਾਲ ਆਢਾ ਲੈਣਾ ਪਿਆ। ਭਾਵੇਂ ਕੌਮ ਦਾ ਠੱਗੇ ਜਾਣਾ ਉਸ ਵੇਲੇ ਦੇ ਸਿੱਖ
ਲੀਡਰਾਂ ਵਿੱਚ ਦੂਰਅੰਦੇਸ਼ੀ ਦੀ ਘਾਟ ਕਰਕੇ ਵੀ ਹੋਇਆ। ਸਿੱਖ ਮੁੜ ਆਪਣੇ ਨਾਲ ਹੋਈ ਬੇਇਨਸਾਫੀ ਖਿਲਾਫ
ਕੁਰਬਾਨੀ ਦੇਣ ਲਈ ਖੜ੍ਹ ਗਏ ਜਿਸਦੀ ਬਿਨਾ `ਤੇ ਪੰਜਾਬੀ ਸੂਬਾ ਬਣਿਆ। ਪੰਜਾਬੀ ਬੋਲੀ ਲਈ ਸਿਰਫ ਸਿੱਖ
ਹੀ ਖੜੇ ਹੋਏ, ਜਦੋਂ ਕਿ ਬਾਕੀ ਪੰਜਾਬੀ ਤਬਕੇ ਇਸ ਦੇ ਉਲਟ ਭੁਗਤੇ। ਪੰਜਾਬੀ ਸੂਬਾ ਬਣਨ ਦਾ ਭਾਵ ਸੀ
ਕਿ ਪੰਜਾਬ ਵਿੱਚ ਹਕੂਮਤ ਅਕਾਲੀਆਂ ਦੀ ਰਹੂਗੀ ਪਰ ਇਦਾਂ ਹੋ ਨਹੀਂ ਸਕਿਆ। ਉਸ ਵੇਲੇ ਦੇ ਦੋ
ਸੰਤਾਂ-ਸੰਤ ਫਤਿਹ ਸਿੰਘ ਤੇ ਚੰਨਣ ਸਿੰਘ ਦੀਆਂ ਕੁੱਝ ਨੀਤੀਆਂ ਹੀ ਅਜਿਹੀਆਂ ਸਨ ਕਿ ਅਕਾਲੀ ਵੰਡੇ
ਗਏ। ਕਦੀ ਗੁਰਨਾਮ ਸਿੰਘ ਤੇ ਕਦੀ ਲਛਮਣ ਸਿੰਘ ਗਿੱਲ ਮੁੱਖ ਮੰਤਰੀ ਬਣਿਆ। ਜਦੋਂ ਇਨ੍ਹਾਂ ਨੇ
ਅੰਦਰਖਾਤੇ ਕਾਂਗਰਸ ਨਾਲ ਗੰਢਸੰਢ ਕੀਤੀ ਤਾਂ ਦਾਅ ਲੱਗ ਗਿਆ ਪ੍ਰਕਾਸ਼ ਸਿੰਘ ਬਾਦਲ ਦਾ, ਜੋ ਮਾਰਚ
1970 ਵਿੱਚ ਜਨਸੰਘ ਦੀ ਹਮਾਇਤ ਨਾਲ ਮੁੱਖ ਮੰਤਰੀ ਬਣ ਗਿਆ। ਇਹ ਉਹੋ ਜਨਸੰਘ ਹੈ ਜਿਹਨੇ ਪੰਜਾਬੀ
ਸੂਬਾ ਬਣਨ ਦੇ ਖਿਲਾਫ ਅੱਡੀ ਚੋਟੀ ਦਾ ਜ਼ੋਰ ਲਾਇਆ ਸੀ। ਅੰਮ੍ਰਿਤਸਰ ਵਿੱਚ ਬਣਨ ਵਾਲੀ ਯੂਨੀਵਰਸਿਟੀ
ਦਾ ਨਾਂ ਗੁਰੂ ਨਾਨਕ ਦੇਵ ਜੀ ਦੇ ਨਾਂ `ਤੇ ਰਖਣ ਉਪਰ ਸਖਤ ਇਤਰਾਜ਼ ਕੀਤਾ। ਉਦੋਂ ਤੋਂ ਹੀ ਆਪਣੇ ਇਸ
ਸ਼ੇਰ ਨੇ ਆਪਣੀ ਸੰਗਲੀ ਇਨ੍ਹਾਂ ਨਿੱਕਰਧਾਰੀਆਂ ਦੇ ਹੱਥ ਦਿੱਤੀ ਹੋਈ ਹੈ। ਪੰਜਾਬ ਵਿੱਚ ਝੂਠੇ ਪੁਲਿਸ
ਮੁਕਾਬਲਿਆਂ ਦੀ ਨਾ ਮੁੱਕਣ ਵਾਲੀ ਲੜੀ ਸ਼ੁਰੂ ਕਰਨ ਵਾਲਾ ਇਹੋ ਮੁੱਖ ਮੰਤਰੀ ਸੀ। ਉਸੇ ਦੇ ਵੇਲੇ 1970
ਵਿੱਚ ਅੰਮ੍ਰਿਤਧਾਰੀ ਪੰਜਾਂ ਬਾਣੀਆਂ ਦੇ ਧਾਰਨੀ ਕਾਮਰੇਡ ਬਜ਼ੁਰਗ ਬਾਬਾ ਬੂਝਾ ਸਿੰਘ ਨੂੰ ਘਰੋਂ ਚੁੱਕ
ਕੇ ਪੁਲਿਸ ਨੇ ਕਤਲ ਕੀਤਾ। ਕਾਰਨ ਸੀ ਕਿ ਉਹ ਜਾਗੀਰਦਾਰਾਂ ਦੇ ਖਿਲਾਫ ਸੀ ਤੇ ਉਸ ਵੇਲੇ ਦੀ
ਨਕਸਲਵਾੜੀ ਲਹਿਰ ਵਿਚਲੇ ਮੁੰਡਿਆਂ ਨੂੰ ਸਲਾਹ-ਮਸ਼ਵਰਾ ਦਿੰਦਾ ਸੀ। ਇਹ ਸਾਰਾ ਕੁੱਝ ਇਸ ਵੱਡੇ
ਜਗੀਰਦਾਰ ਨੂੰ ਮਨਜ਼ੂਰ ਨਹੀਂ ਸੀ। ਜਗੀਰਦਾਰੀ ਵਾਲਾ ਇਹ ਗੁਣ ਮਹਾਰਾਜਾ ਰਣਜੀਤ ਸਿੰਘ ਤੋਂ ਹੀ ਲਿਆ
ਲਗਦਾ ਕਿਉਂਕਿ ਉਸਨੇ ਆਪਣੇ 40 ਸਾਲਾਂ ਦੇ ਰਾਜ ਦੌਰਾਨ ਜਗੀਰਦਾਰ ਹੀ ਬਣਾਏ ਸ਼ਾਇਦ ਸਿੱਖ ਤਾਂ ਇੱਕ ਵੀ
ਨਹੀਂ ਸੀ ਬਣਾਇਆ। ਉਹੀ ਹਾਲ ਹੁਣ ਇਸਦਾ ਹੈ ਨਾਲੇ ਇਹ ਤਾਂ ਕਈ ਵਾਰੀ ਕਹਿ ਚੁਕਿਆ ਕਿ ਮੈਂ ਰਣਜੀਤ
ਸਿੰਘ ਵਾਲਾ ਰਾਜ ਪੰਜਾਬ `ਚ ਲਿਆਉਣਾ। ਸਭ ਤੋਂ ਪਹਿਲਾਂ ਇਹਦੇ ਵਰਗਾ ਬਲੈਕਮੇਲਰ ਕੋਈ ਨੀ ਹੋਣਾ।
ਜਿੰਨਾ ਇਸ ਬੰਦੇ ਨੇ ਸਿੱਖਾਂ ਨੂੰ ਅਨੰਦਪੁਰ ਸਾਹਿਬ ਦੇ ਮਤੇ ਨਾਲ ਧੋਖਾ ਦੇ ਕੇ ਵੋਟਾਂ ਬਟੋਰੀਆਂ,
ਰਹੇ ਰੱਬ ਦਾ ਨਾਮ। ਅਸਲ ਅਨੰਦਪੁਰ ਸਾਹਿਬ ਦਾ ਮਤਾ 1973 ਦਾ ਹੈ ਜਿਸਨੂੰ ਸਿਰਦਾਰ ਕਪੂਰ ਸਿੰਘ ਨੇ
ਲਿਖਿਆ ਸੀ ਜਿਸਦਾ ਸੰਖੇਪ ਜਿਹਾ ਮਤਲਬ ਉੱਤਰੀ ਭਾਰਤ ਵਿੱਚ ਸਿੱਖਾਂ ਲਈ ਭਾਰਤੀ ਯੂਨੀਅਨ ਦੇ ਅੰਦਰ
ਇੱਕ ਜੁੜਵੇਂ ਅੰਗ ਵਜੋਂ ਖੁਦਮੁਖਤਿਆਰ ਹਿੱਸਾ ਬਣਾਉਣਾ ਸੀ ਪਰ ਜਦ ਇਹ ਪੰਥ ਦਾ ਸ਼ੇਰ ਦੂਜੀ ਵਾਰੀ
1977 ਵਿੱਚ ਮੁੱਖ ਮੰਤਰੀ ਬਣਿਆ ਤਾਂ ਨਿੱਕਰਧਾਰੀਆਂ ਦੇ ਜ਼ੋਰ ਦੇਣ `ਤੇ 1978 ਵਿੱਚ ਲੁਧਿਆਣੇ
ਅਕਾਲੀਆਂ ਦੀ ਕਾਨਫਰੰਸ ਕਰਕੇ ਇੱਕ ਹੋਰ ਨਰਮ ਮਤਾ ਬਣਾ ਲਿਆ ਤੇ ਨਾਂ ਉਹਦਾ ਵੀ ਅਨੰਦਪੁਰ ਸਾਹਿਬ
ਵਾਲਾ ਹੀ ਰੱਖਿਆ। ਨਾ ਕੋਈ ਕਾਰਵਾਈ 1973 ਵਾਲੇ `ਤੇ ਹੋਈ ਤੇ ਨਾ ਹੀ 1978 ਵਾਲੇ `ਤੇ ਇਹਨੇ
ਕਰਵਾਈ, ਜਦੋਂਕਿ ਕੇਂਦਰ ਸਰਕਾਰ ਵਿੱਚ ਕਿੰਨੀ ਵਾਰੀ ਇਹ ਭਾਈਵਾਲ ਰਿਹਾ। ਹੁਣ ਤਾਂ ਇਹ ਵੋਟਾਂ ਵੇਲੇ
ਮਤੇ ਦੀ ਡੁਗਡੁਗੀ ਵਜਾ ਕੇ ਤਮਾਸ਼ਾ ਜਿਹਾ ਕਰਦਾ ਤੇ ਸਿੱਖ ਪੰਜਾਬੀਆਂ ਦੀ ਥੋੜ੍ਹੇ ਜਿਹੇ ਦਿਨ ਮੱਤ
ਮਾਰ ਕੇ ਵੋਟਾਂ ਲੈ ਕੇ ਫਿਰ ਇਸ ਬਾਰੇ ਧੂੰ ਵੀ ਨਹੀਂ ਕੱਢਦਾ। ਵੋਟਾਂ ਵੇਲੇ ਪੂਰਾ ਪੰਥਕ ਬਣ ਕੇ
ਦਸੂਗਾ ਪਰ ਯਾਰੀ ਗੰਗੂਆਂ ਤੇ ਚੰਦੂਆਂ ਦੀ ਪਾਲਦਾ। ਹੁਣ ਤਾਂ ਉਦਾਂ ਵੀ ਜੇ ਦੇਖੀਏ ਤਾਂ ਇਹ ਟੱਬਰ
ਖੁਦ ਆਪ ਵੀ ਗੰਗੂ-ਚੰਦੂ ਤੇ ਡੋਗਰਿਆਂ ਵਰਗਾ ਬਣ ਗਿਆ। ਇਨ੍ਹਾਂ ਨੂੰ ਤਾਂ ਹੁਣ ਬਾਬੇ ਦੀ ਗੁਰਬਾਣੀ
ਦੇ ਸ਼ਬਦ ਵੀ ਚੁੱਭਣ ਲੱਗ ਪਏ। ਏਸ ਟੱਬਰ ਦੀ ਬੜੀ ਬੀਬੀ ਆਸ਼ੂਤੋਸ਼ ਦੀ ਪੈਰੋਕਾਰ ਵੀ ਹੈ ਤੇ ਪਿਛਲੇ ਸਾਲ
ਲੰਗਰ ਵਾਲੀ ਬੀਬੀ ਨਾਲ ਮਸ਼ਹੂਰ ਹੋਈ ਸੀ, ਥੋੜੇ ਦਿਨ ਪਹਿਲਾਂ ਦਰਬਾਰ ਸਾਹਿਬ ਮੱਥਾ ਟੇਕਣ ਗਈ ਤਾਂ
ਸ਼ਬਦ ਕੀਰਤਨ ਚੱਲ ਰਿਹਾ ਸੀ “ਏ ਸਰੀਰਾ ਮੇਰਿਆ ਇਸ ਜੱਗ ਮਹਿ ਆਇਕੇ ਕਿਆ ਤੁਧ ਕਰਮ ਕਮਾਇਆ”। ਪਤਾ
ਨਹੀਂ ਪਈ ਇਸ ਬੀਬੀ ਨੂੰ ਹੋਰ ਕੁੱਝ ਸਮਝ ਲੱਗੀ ਕਿ ਨਹੀਂ ਪਰ ਇਸ ਸ਼ਬਦ ਨੂੰ ਉਸਨੇ ਆਪਣੇ ਨਾਲ ਜੋੜ
ਲਿਆ। ਬੀਬੀ ਦਾ ਗੁੱਸਾ ਚੜ੍ਹ ਗਿਆ ਸਤਵੇਂ ਅਸਮਾਨ ਕਿ ਹਾਂ ਹਾਂ ਇਹ ਸ਼ਬਦ ਉਹਨੂੰ ਜਾਣ ਬੁੱਝ ਕੇ ਜਿੱਚ
ਕਰਨ ਲਈ ਪੜ੍ਹਿਆ ਤੇ ਆ ਗਈ ਸ਼ਾਮਤ ਕੀਰਤਨ ਕਰਨ ਵਾਲੇ ਰਾਗੀਆਂ ਦੀ। ਆਪਣੇ ਮਾਤਹਿਤ ਪੁਜਾਰੀ ਮਹੰਤਾਂ
ਨੂੰ ਫੁੰਕਾਰਾ ਮਾਰਿਆ ਤੇ ਉਨ੍ਹਾਂ ਵੀ ਦੇਰ ਨਾ ਲਾਈ ਹੁਕਮ ਦੀ ਤਮੀਲ ਕਰਨ ਨੂੰ, ਕਰਤੇ ਸਸਪੈਂਡ ਰਾਗੀ
ਬਿਨਾ ਕਿਸੇ ਦਲੀਲ-ਅਪੀਲ ਦੇ। ਨਾਲ ਦੀ ਨਾਲ ਇੱਕ ਹੋਰ ਤਾਜ਼ੀ ਘਟਨਾ ਵੀ ਸਾਂਝੀ ਕਰ ਲਈਏ। ਲੁਧਿਆਣੇ
ਵਿੱਚ ਜਿਸ ਤਰੀਕੇ ਨਾਲ ਪੁਲਿਸ ਨੇ ਗੋਲੀ ਨਾਲ ਜ਼ਖਮੀ ਡਿੱਗੇ ਪਏ ਸਿੱਖਾਂ ਨੂੰ ਕੁੱਟਿਆ ਕਿ ਤੁਸੀਂ
ਕੌਣ ਹੁੰਦੇ ਹੋ ਆਸ਼ੂਤੋਸ਼ ਨੂੰ ਸਿੱਖ ਗੁਰੂਆਂ ਵਿਰੁਧ ਬੋਲਣ ਤੋਂ ਰੋਕਣ ਵਾਲੇ? ਜਦਕਿ ਕੁੱਝ ਦਿਨ ਬਾਅਦ
ਉਸੇ ਸ਼ਹਿਰ ਵਿੱਚ ਜਗਨਨਾਥ ਦੀ ਸ਼ੋਭਾ ਯਾਤਰਾ ਕੱਢੀ ਗਈ ਤਾਂ ਵੱਡਾ ਸ਼ੇਰ ਸਭ ਤੋਂ ਮੋਹਰੇ ਹੋ ਕੇ ਝਾੜੂ
ਫੇਰਦਾ ਸਿਰਾਂ `ਚ ਖੇਹ ਪਾ ਰਿਹਾ ਸੀ। ਆਹ ਇੱਕ ਨਵੀਂ ਚੀਜ ਹੋਰ ਇਹਦੇ ਨਿਕਰਧਾਰੀ ਯਾਰਾਂ ਨੇ ਕੀਤੀ
ਕਿ ਹਜ਼ਾਰਾਂ ਦੀ ਗਿਣਤੀ ਵਿੱਚ ਜਨਰਲ ਵੈਦਿਆ ਦੀ ਫੋਟੋ ਵਾਲੇ ਸਟਿੱਕਰ ਬਣਵਾ ਕੇ ਵੰਡੇ ਹਨ ਜਿਸ `ਤੇ
ਲਿਖਿਆ ਸੀ, “ਖੰਘੇ ਸੀ ਤਾਂ ਟੰਗੇ ਸੀ”। ਮਜਾਲ ਆ ਪਈ ਇਹ ਟੱਬਰ ਕੁਸਕਿਆ ਹੋਵੇ। ਅਸਲੀ ਗੱਲ ਜਿਹੜੀ
ਦੋਹਾਂ ਵਿੱਚ ਸਾਂਝੀ ਲੱਗਦੀ ਹੈ ਉਹ ਹੈ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਸਰਕਾਰੀ ਦਖਲਅੰਦਾਜ਼ੀ।
ਅੰਮ੍ਰਿਤਸਰ ਦੇ ਗੁਰਦੁਆਰਿਆਂ ਦਾ ਪ੍ਰਬੰਧ ਭਾਈ ਮਨੀ ਸਿੰਘ ਦੀ ਸ਼ਹੀਦੀ ਤੋਂ ਬਾਅਦ ਸਿੱਖ ਸੰਗਤਾਂ ਕੋਲ
ਹੀ ਰਿਹਾ ਜਾਂ ਕਹਿ ਲਈਏ ਪੰਚ ਪ੍ਰਧਾਨੀ ਦੇ ਗੁਰੂ ਜੀ ਵਲੋਂ ਦਿੱਤੇ ਹੁਕਮ ਅਨੁਸਾਰ ਹੀ ਹੁੰਦਾ ਰਿਹਾ।
ਇਹ ਸਿਸਟਮ ਮਿਸਲਾਂ ਵੇਲੇ ਤੇ ਫਿਰ ਰਣਜੀਤ ਸਿੰਘ ਵੇਲੇ ਵੀ ਰਿਹਾ। ਇਹੋ ਕਾਰਨ ਸੀ ਭਾਵੇਂ ਅਕਾਲੀ
ਫੁਲਾ ਸਿੰਘ ਖਾਲਸਾ ਫੌਜ ਦੇ ਕਮਾਂਡਰ ਸਨ ਪਰ ਸ੍ਰੀ ਅਕਾਲ ਤਖਤ ਦੇ ਜਥੇਦਾਰ ਦੇ ਤੌਰ `ਤੇ ਉਹ ਪੂਰਨ
ਰੂਪ ਵਿੱਚ ਆਜ਼ਾਦ ਸਨ। ਤਾਹੀਓਂ ਤਾਂ ਰਣਜੀਤ ਸਿੰਘ ਨੂੰ ਵੀ ਸਜ਼ਾ ਸੁਣਾ ਗਿਆ। ਸਿੱਖ ਸੰਗਤਾਂ ਵੀ ਅਕਾਲ
ਤਖਤ ਸਾਹਿਬ ਅਤੇ ਹਰਿਮੰਦਰ ਸਾਹਿਬ ਨੂੰ ਸੁਪਰੀਮ ਮੰਨਦੀਆਂ ਸਨ ਤਾਂ ਰਣਜੀਤ ਸਿੰਘ ਦੇ ਮਨ ਵਿੱਚ ਆਇਆ
ਹੋਣਾ ਕਿ ਕਿਉਂ ਨਾ ਇਨ੍ਹਾਂ ਦਾ ਪ੍ਰਬੰਧ ਸਰਕਾਰ ਦੇ ਹੇਠ ਲਿਆਂਦਾ ਜਾਵੇ। ਜਦੋਂ ਰਾਜ ਚੰਗੀ ਤਰ੍ਹਾਂ
ਸਥਾਪਿਤ ਹੋ ਗਿਆ ਤਾਂ 1824 ਵਿੱਚ ਇਨ੍ਹਾਂ ਗੁਰਦੁਆਰਿਆਂ ਦਾ ਪ੍ਰਬੰਧ ਵੀ ਸਰਕਾਰ ਹੇਠ ਲੈ ਆਂਦਾ ਇਸ
ਤੋਂ ਬਾਅਦ ਕੋਈ ਵੀ ਧਾਰਮਿਕ ਆਗੂ ਮਹਾਰਾਜੇ ਨੂੰ ਅੱਖ ਨਹੀਂ ਦਿਖਾ ਸਕਿਆ ਸਗੋਂ ਉਸ ਵਲੋਂ ਕੀਤੇ ਗੁਰ
ਮਰਿਯਾਦਾ ਦੇ ਉਲਟ ਕੰਮਾਂ ਨੂੰ ਵੀ ਧਾਰਮਿਕ ਸਰਪ੍ਰਸਤੀ ਮਿਲ ਗਈ। ਜਿੱਥੋਂ ਤੱਕ ਹੁਣ ਦੀ ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੰਬੰਧ ਹੈ ਸੰਵਿਧਾਨਕ ਤੌਰ `ਤੇ ਤਾਂ ਆਜ਼ਾਦ ਧਾਰਮਿਕ ਸੰਸਥਾ ਹੈ ਪਰ
ਇਹ ਹੁਣ ਕੋਈ ਗੁੱਝਾ ਤਾਂ ਰਹਿ ਨਹੀਂ ਗਿਆ ਕਿ ਇਸਦਾ ਬਾਦਲੀਕਰਨ ਕਿੰਨਾ ਕੁ ਹੋ ਚੁੱਕਾ ਹੈ। ਹਰ ਸਾਲ
ਇਹਦੇ ਪ੍ਰਧਾਨ ਦੀ ਚੋਣ ਦੀ ਪਰਚੀ ਪਿਉ-ਪੁੱਤ ਦੇ ਭੇਜੇ ਲਿਫਾਫੇ `ਚੋਂ ਨਿਕਲਦੀ ਹੈ। ਹੋਇਆ ਨਾ
ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਸਿੱਧਾ ਦਖ਼ਲ। ਅਸਲ ਵਿੱਚ ਇਨ੍ਹਾਂ ਪਿਉ-ਪੁੱਤਾਂ ਰਾਹੀਂ ਆਰ. ਐਸ.
ਐਸ. ਗੁਰਦੁਆਰਿਆਂ ਵਿੱਚ ਪੂਰੀ ਤਰ੍ਹਾਂ ਪੈਰ ਪਸਾਰ ਚੁੱਕੀ ਹੈ। ਸ੍ਰੀ ਅਕਾਲ ਤਖਤ ਸਾਹਿਬ `ਤੇ ਕੌਮ
ਦੇ ਮਸਲਿਆਂ ਦੇ ਫੈਸਲੇ ਭਗਵੇਂ ਅਸਰ ਵਿੱਚ ਹੋ ਰਹੇ ਹਨ। ਕਦੇ ਕੋਈ ਸਿੱਖ ਸੋਚ ਵੀ ਸਕਦਾ ਹੈ ਕਿ ਕਈ
ਤਖਤਾਂ ਦੇ ਜਥੇਦਾਰਾਂ ਨੂੰ ਅੰਦਰੋਗਤੀ ਤਨਖਾਹ ਆਰ. ਐਸ. ਐਸ. ਦੇ ਰਹੀ ਹੈ? ਪਰ ਇਹ ਸੱਚ ਹੈ। ਫਿਰ ਜੇ
ਹੁਣ ਸਿੱਖ ਇਨ੍ਹਾਂ ਜਥੇਦਾਰ ਤੋਂ ਕਿਸੇ ਪੰਥਕ ਭੂਮਿਕਾ ਦੀ ਆਸ ਰੱਖਣ ਤਾਂ ਇਹ ‘ਝੋਟਿਆਂ ਦੇ ਘਰੋਂ
ਲੱਸੀ ਭਾਲਣ’ ਵਾਲੀ ਗੱਲ ਹੀ ਹੋਵੇਗੀ। ਗੁਰਦੁਆਰਿਆਂ ਦਾ ਪ੍ਰਬੰਧ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ
ਸਰਕਾਰੀ ਪ੍ਰਬੰਧ ਹੇਠ ਲੈ ਆਂਦਾ ਤਾਂ ਇਸਦਾ ਅਸਰ ਕੀ ਪਿਆ ਜਦੋਂ ਰਾਜ ਹੀ ਖਾਲਸੇ ਦਾ ਸੀ। ਅਸਰ ਪਿਆ
ਉਦੋਂ ਜਦ ਖਾਲਸਾ ਰਾਜ ਖਤਮ ਹੋ ਗਿਆ ਤੇ ਪੰਜਾਬ ਅੰਗਰੇਜ਼ਾਂ ਦੇ ਅਧੀਨ ਹੋ ਗਿਆ। ਅੰਮ੍ਰਿਤਸਰ ਦੇ
ਗੁਰਦੁਆਰੇ ਵੀ ਅੰਗਰੇਜ਼ਾਂ ਹੇਠ ਚਲੇ ਗਏ ਤੇ ਜਿਹੜਾ ਸਰਬਰਾਹ ਅਕਾਲ ਤਖਤ ਤੇ ਹਰਿਮੰਦਰ ਸਾਹਿਬ ਦਾ
ਨਿਯੁਕਤ ਹੁੰਦਾ ਸੀ ਉਹਨੂੰ ਅੰਗਰੇਜ਼ ਲਾਉਂਦੇ ਸੀ ਤੇ ਉਹ ਫਿਰ ਉਨ੍ਹਾਂ ਦੇ ਹੀ ਹੁਕਮ ਵਜਾਉਂਦਾ ਸੀ,
ਜਿਸਦੀ ਇੱਕੋ ਮਿਸਾਲ ਬੜੀ ਹੈ ਕਿ ਜਲਿਆਂਵਾਲੇ ਬਾਗ ਦੇ ਖੂਨੀ ਹਤਿਆਰੇ ਨੂੰ ਉਸ ਵੇਲੇ ਦੇ ਸਰਬਰਾਹ ਨੇ
ਦਰਬਾਰ ਸਾਹਿਬ ਸੱਦ ਕੇ ਸਿਰੋਪਾ ਦਿੱਤਾ। ਉਹਨੂੰ ਅੰਮ੍ਰਿਤ ਛਕ ਕੇ ਸਿੱਖ ਬਣਨ ਲਈ ਕਿਹਾ ਸੀ ਜਦ ਉਹਨੇ
(ਡਾਇਰ) ਕਿਹਾ ਕਿ ਮੈਂ ਤਾਂ ਸਿਗਰਟਾਂ ਪੀਂਦਾਂ ਤਾਂ ਅਰੂੜ ਸਿੰਘ ਨੇ ਕਿਹਾ, ਤੈਨੂੰ ਇਸਤੋਂ ਛੋਟ ਦੇ
ਦਿਆਂਗੇ ਇਹ ਵੱਖਰੀ ਗੱਲ ਰਹੀ ਕਿ ਡਾਇਰ ਨੇ ਅੰਮ੍ਰਿਤ ਛੱਕਿਆ ਨਾ, ਨਹੀਂ ਤਾਂ ਉਸ ਵੇਲੇ ਦੇ ਇਨ੍ਹਾਂ
ਸਰਬਉੱਚ ਸਿੱਖ ਅਸਥਾਨਾਂ `ਤੇ ਕਾਬਜ਼ ਲੋਕਾਂ ਨੇ ਗੁਰੂ ਗੋਬਿੰਦ ਸਿੰਘ ਜੀ ਵਲੋਂ ਅੰਮ੍ਰਿਤ ਦੀ ਦਾਤ
ਪ੍ਰਾਪਤ ਕਰਨ ਵਾਲੇ ਲਈ ਜੋ ਬੱਜਰ ਕੁਰਹਿਤਾਂ ਦੱਸੀਆਂ ਗਈਆਂ ਸਨ, ਤੋਂ ਵੀ ਛੋਟ ਦੇਣ ਦੀ ਰਵਾਇਤ ਪੈ
ਜਾਣੀ ਸੀ।
ਹੁਣੇ-ਹੁਣੇ ਜਿਸ ਤਰ੍ਹਾਂ ਦਸਮ ਗ੍ਰੰਥ ਤੇ ਨਾਨਕਸ਼ਾਹੀ ਕੈਲੰਡਰ ਸੰਬੰਧੀ ਪੈਂਤੜਾ ਲੈ ਕੇ ਪੰਥ ਦੇ
ਜਥੇਦਾਰਾਂ ਨੇ ਫੈਸਲੇ ਲਏ ਤੇ ਕੌਮ ਨੂੰ ਕੁਰਾਹੇ ਪਾਉਣ ਦੀ ਕੁਚਾਲ ਚੱਲੀ, ਇਹ ਨਾ ਬਖਸ਼ਣਯੋਗ ਗੁਨਾਹ
ਹੈ। ਜੇ ਇਹੀ ਚਾਲਾ ਰਿਹਾ ਤਾਂ ਛੇਤੀ ਹੀ ਏਦਾਂ ਦੇ ਜਥੇਦਾਰਾਂ ਨੇ ਕੇ. ਪੀ. ਐਸ. ਗਿੱਲ ਨੂੰ ਮਹਾਨ
ਸਿੱਖ ਤੇ ਆਸ਼ੂਤੋਸ਼ ਨੂੰ ਸਰਬੋਤਮ ਸੰਤ ਵੀ ਐਲਾਨ ਦੇਣਾ ਹੈ। ਜੇ ਕੱਲ੍ਹ ਨੂੰ ਕਿਤੇ ਸੱਜਣ ਕੁਮਾਰ ਤੇ
ਜਗਦੀਸ਼ ਟਾਈਟਲਰ ਛੜੱਪਾ ਮਾਰ ਕੇ ਬੀ. ਜੇ. ਪੀ. `ਚ ਰਲ ਕੇ ਆਰ. ਐਸ. ਐਸ. ਦੀ ਛਤਰੀ ਤੇ ਆ ਜਾਣ ਤਾਂ
ਕੋਈ ਅਣਹੋਣੀ ਨਾ ਸਮਝਣਾ ਜੇ ਇਨ੍ਹਾਂ ਨੂੰ ਅਕਾਲ ਤਖਤ `ਤੇ ਸੱਦ ਕੇ ਸਿਰੋਪੇ ਦੇ ਦਿੱਤੇ ਜਾਣ। ਇਹ
ਗੱਲਾਂ ਕਰਨ ਨੂੰ ਚਿੱਤ ਤਾਂ ਨਹੀਂ ਕਰਦਾ, ਨਾ ਹੀ ਕੋਈ ਫਜ਼ੂਲ ਦਾ ਚਸਕਾ ਲੈਣ ਦਾ ਮਨ ਹੈ, ਕਿਉਂਕਿ
ਇਨ੍ਹਾਂ ਅਸਥਾਨਾਂ ਦੇ ਭਾਈ ਗੁਰਦਾਸ, ਬਾਬਾ ਬੁੱਢਾ ਤੇ ਅਕਾਲੀ ਫੂਲਾ ਸਿੰਘ ਸੇਵਾਦਾਰ ਰਹੇ ਹਨ।
ਉਨ੍ਹਾਂ ਨੇ ਇਨ੍ਹਾਂ ਪਵਿੱਤਰ ਸਥਾਨਾਂ ਦੀ ਮਾਣ-ਮਰਿਆਦਾ ਨੂੰ ਇੰਨਾ ਕੁ ਉੱਚਾ ਚੁੱਕ ਦਿੱਤਾ ਸੀ ਕਿ
ਸਮੇਂ ਦੇ ਹਾਕਮ ਘਾਬਰ ਗਏ ਸਨ। ਆਹ ਹੁਣ ਜੋ ਅੱਜ ਦੇ ਸੇਵਾਦਾਰਾਂ ਨੇ ਕਰਨਾ ਸ਼ੁਰੂ ਕੀਤਾ ਹੈ ਤਾਂ
ਦੁਖੀ ਹੋ ਕੇ ਅੰਦਰੋਂ ਇਹ ਬੋਲ ਨਿਕਲਦੇ ਹਨ। ਨਹੀਂ ਤਾਂ ਕੀਹਦਾ ਜੀਅ ਕਰਦਾ ਆਪਣਿਆਂ ਨੂੰ ਮਾੜਾ ਕਹਿਣ
ਨੂੰ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਮੁੱਚਾ ਸਰਬੰਸ ਕੌਮ ਤੋਂ ਕੁਰਬਾਨ ਕਰਨ ਉਪਰੰਤ ਪੰਥ ਨੂੰ
ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਦਿੱਤਾ ਸੀ। ਅੱਜ ਗੁਰੂ ਸਾਹਿਬ ਦੇ ਹੁਕਮ ਦੇ ਉਲਟ ਹੀ ਗੁਰੂ ਗ੍ਰੰਥ
ਦਾ ਸ਼ਰੀਕ ਖੜ੍ਹਾ ਕੀਤਾ ਜਾ ਰਿਹਾ ਹੈ ਤੇ ਹੁਣ ਤਾਂ ਉਸ ਗ੍ਰੰਥ ਦੇ ਅਖੰਡ ਪਾਠ ਤੇ ਹੁਕਮਨਾਮੇ ਵੀ ਲੈਣ
ਲੱਗ ਪਏ ਹਨ। ਜਿੱਦਾਂ ਦੇ ਰੁਕ-ਰਵਾਨ ਬਣ ਰਹੇ ਹਨ, ਆਰ. ਐਸ. ਐਸ. ਸਿੱਖ ਮਸਲਿਆਂ ਵਿੱਚ ਇੰਨੀ ਡੂੰਘੀ
ਜਾ ਰਹੀ ਆ ਕਿ ਸਿੱਖਾਂ ਨੂੰ ਆਪਣੀਆਂ ਧੀਆਂ ਦੇ ਕਾਰਜ ਗੁਰੂ ਗ੍ਰੰਥ ਸਾਹਿਬ ਦੀ ਬਜਾਏ ਦਸਮ ਗ੍ਰੰਥ
ਵਿਚੋਂ `ਚਰਿਤਰੋਪਾਖਿਆਨ’ ਦੀਆਂ ਲਾਵਾਂ ਪੜ੍ਹ ਕੇ ਕਰਨ ਲਈ ਮਨਜੂਰ ਕਰਨ ਲੱਗ ਪੈਣਾ। ਮੈਂ ਤਾਂ ਕਦੇ
ਪੜ੍ਹਿਆ ਨਹੀਂ ਤੇ ਰੱਬ ਪੜ੍ਹਾਵੇ ਵੀ ਨਾ ਪਰ ਸੁਣਨ ਵਿੱਚ ਇਹੀ ਆਉਂਦਾ ਕਿ ਪਿਉ-ਧੀ-ਮਾਂ-ਪੁੱਤ-
ਭਰਾ-ਭੈਣ ਇਕੱਠੇ ਬੈਠ ਕੇ ਸੁਣ ਨਹੀਂ ਸਕਦੇ ਜੋ ਕੁੱਝ ਉਸ `ਚ ਲਿਖਿਆ। ਇਹ ਸਾਰਾ ਕੁੱਝ ਆਪਣੇ ਨੀਲੇ
ਸ਼ੇਰ ਦੇ ਇਸ਼ਾਰੇ ਤੇ ਹੋ ਰਿਹਾ ਹੈ ਕਿਸੇ ਹੋਰ ਦੀ ਸ਼ਹਿ `ਤੇ ਸਿੱਖ-ਸੁੱਚਤਾ ਨੂੰ ਢਾਹ ਲਾਉਣ ਲਈ।
ਅਠਾਰਵੀਂ ਸਦੀ ਵਿੱਚ ਹਾਲਾਤ ਹੀ ਇੰਨੇ ਸਿੱਖਾਂ ਦੇ ਉਲਟ ਚੱਲ ਰਹੇ ਸੀ ਕਿ ਸਿੱਖੀ ਦਾ ਪ੍ਰਚਾਰ ਨਾਂਹ
ਦੇ ਬਰਾਬਰ ਸੀ ਪਰ ਸਿੱਖ ਪੱਕੇ ਸੀ। ਰਣਜੀਤ ਸਿੰਘ ਦਾ ਜਦੋਂ ਰਾਜ ਆਇਆ ਤਾਂ ਟਿਕ ਟਿਕਾਅ ਹੋਇਆ ਪਰ ਉਸ
ਵਲੋਂ ਸਿੱਖ ਫਲਸਫੇ ਦਾ ਪ੍ਰਚਾਰ ਕੁੱਝ ਨਾ ਕੀਤਾ ਗਿਆ। ਉਹਦੇ ਚਾਰ ਦਹਾਕਿਆਂ ਦੇ ‘ਖਾਲਸਾ ਰਾਜ’ ਵਿੱਚ
ਕਿਸੇ ਵੀ ਵੱਡੇ ਸਿੱਖ ਪ੍ਰਚਾਰਕ ਦਾ ਜ਼ਿਕਰ ਨਹੀਂ ਮਿਲਦਾ। ਪਰ ਰਣਜੀਤ ਸਿੰਘ ਨੇ ਇੱਕ ਪੁਜਾਰੀ ਜਮਾਤ
ਪੱਕੇ ਪੈਰੀਂ ਖੜ੍ਹੀ ਕਰ ਦਿੱਤੀ, ਜਿਸਨੂੰ ਉਸ ਵੇਲੇ ਦੀ ਸਿੱਖ-ਸੰਗਤ ਵੀ ਸ਼ਰਧਾਵੱਸ ਬਹੁਤ ਮਾਨਤਾ
ਦਿੰਦੀ ਸੀ। ਇਹ ਪੁਜਾਰੀ ਜਮਾਤ ਅਸਲ ਵਿੱਚ ਗੁਰੂ ਸਾਹਿਬਾਨ ਦੀ ਅਣਸ-ਬਣਸ ਬੇਦੀ, ਤਰੇਹਨ, ਭੱਲੇ ਤੇ
ਸੋਢੀ ਗੋਤਾਂ ਵਿਚੋਂ ਸੀ। ਭਾਵੇਂ ਇਹ ਗੁਰੂਆਂ ਦੀਆਂ ਕੁਲਾਂ ਵਿਚੋਂ ਸਨ ਪਰ ਸਿੱਖੀ ਫਲਸਫੇ ਤੋਂ ਕੋਰੇ
ਸਨ। ਸਗੋਂ ਜ਼ਿਆਦਾਤਰ ਹਿੰਦੂ ਬੰਧੇਜ ਵਿੱਚ ਸਨ। ਮਹਾਰਾਜੇ ਨੇ ਜਿੰਨੇ ਵੀ ਇਤਿਹਾਸਕ
ਗੁਰਦੁਆਰੇ-ਨਨਕਾਣਾ ਸਾਹਿਬ, ਪੰਜਾ ਸਾਹਿਬ ਅਤੇ ਅਨੰਦਪੁਰ ਸਾਹਿਬ, ਬਣਵਾਏ ਉਥੋਂ ਦੇ ਪੁਜਾਰੀ ਇਨ੍ਹਾਂ
ਗੋਤਾਂ ਵਾਲੇ ਹੀ ਬਣੇ ਤੇ ਲੋਕੀਂ ਉਨ੍ਹਾਂ ਦੀ ਪੂਜਾ ਗੁਰੂ ਕੁਲ ਵਿਚੋਂ ਹੋਣ ਕਰਕੇ ਗੁਰੂਆਂ ਵਾਂਗ ਹੀ
ਕਰਦੇ ਸੀ। ਅਸਲ ਵਿੱਚ ਉਹ ਸਮਾਂ ਇਹੋ ਜਿਹਾ ਆਇਆ ਕਿ ਆਮ ਸਿੱਖ ਗੁਰੂ ਗ੍ਰੰਥ ਸਾਹਿਬ ਤੋਂ ਪਰੇ ਕਰ
ਦਿੱਤਾ ਗਿਆ। ਇਸ ਵਿੱਚ ਦੋ ਰਾਵਾਂ ਨਹੀਂ ਕਿ ਰਣਜੀਤ ਸਿੰਘ ਦਾ ਰਾਜ ਕਾਇਮ ਕਰਨ ਵਿੱਚ ਸਭ ਤੋਂ ਵਧ
ਯੋਗਦਾਨ ਸਿੱਖ ਜਜ਼ਬੇ ਵਿੱਚ ਰੰਗੀ ਖਾਲਸਾ ਫੌਜ ਦਾ ਰਿਹਾ। ਉਸਨੇ ਮਹਾਰਾਜਾ ਦੀ ਤਾਜਪੋਸ਼ੀ ਸਿੱਖ
ਸਿਧਾਂਤ, ਭਾਵ ਪੰਚ ਪ੍ਰਧਾਨੀ ਹੇਠ ਨਾ ਕੀਤੀ, ਸਗੋਂ ਊਨੇ ਦੇ ਸੰਤ ਬਾਬਾ ਸਾਹਿਬ ਸਿੰਘ ਬੇਦੀ ਤੋਂ
ਕਰਵਾਈ। ਇਸ ਦੇ ਦੋ ਕਾਰਨ ਹੋ ਸਕਦੇ ਸਨ, ਕਿ ਜਦੋਂ ਗੁਰੂਬੰਸ ਵਾਲਿਆਂ ਨੇ ਹੀ ਉਹਨੂੰ ਮਹਾਰਾਜਾ ਮੰਨ
ਲਿਆ ਤਾਂ ਸਿੱਖਾਂ ਨੂੰ ਤਾਂ ਆਪਣੇ ਆਪ ਹੀ ਮੰਨਣਾ ਪੈਣਾ ਸੀ। ਬਾਅਦ ਵਿੱਚ ਇਤਿਹਾਸਕ ਗੁਰ ਅਸਥਾਨਾਂ
ਦਾ ਪ੍ਰਬੰਧ ਵੀ ਇਨ੍ਹਾਂ ਨੂੰ ਦੇ ਕੇ ਸਿੱਖ ਧਾਰਮਿਕ ਭਾਵਨਾਵਾਂ ਇਨ੍ਹਾਂ ਨਾਲ ਜੋੜ ਦਿੱਤੀਆਂ ਜਿਸ
ਨਾਲ ਸਿੱਖ ਚੇਤਨਾ ਵਿੱਚ ਕਮੀ ਆਉਣ ਕਰਕੇ ਉਹ ਆਪਣੇ ਹੀ ਐਬਾਂ `ਤੇ ਪਰਦਾ ਪੁਆ ਲੈਂਦਾ ਸੀ।
ਅਸਲ ਵਿੱਚ ਜਿਹੜੀ ਮਹੰਤ ਜਮਾਤ ਬਾਅਦ ਵਿੱਚ ਗੁਰਦੁਆਰਿਆਂ `ਤੇ ਹਾਵੀ ਹੋਈ ਉਹ ਇਸੇ ਪੁਜਾਰੀ ਵਰਗ
ਵਿਚੋਂ ਸੀ ਤੇ ਜਿਨ੍ਹਾਂ ਤੋਂ ਗੁਰਦੁਆਰੇ ਆਜ਼ਾਦ ਕਰਾਉਣ ਲਈ ਸਿੱਖਾਂ ਨੂੰ ਲਹੂ ਡੋਲਵੀ ਲੜਾਈ ਲੜਨੀ
ਪਈ। ਅੱਜ ਜਿਹੜੀ ਸੰਤ ਸਮਾਜ ਨਾਂ ਦੀ ਇੱਕ ਵੱਖਰੀ ਜਮਾਤ ਬਣੀ ਹੈ ਉਹਨੂੰ ਸਰਪ੍ਰਸਤੀ ਬਾਦਲ ਦੀ ਹੈ।
ਜਿੰਨੇ ਸੰਤ ਹਨ ਉਨੇ ਹੀ ਡੇਰੇ ਤੇ ਉਨੀਆਂ ਹੀ ਵੱਖਰੀਆਂ ਮਰਿਯਾਦਾਵਾਂ। ਬਾਹਰੋਂ ਦੇਖਣ ਨੂੰ ਸੰਪੂਰਨ
ਗੁਰਸਿੱਖੀ ਦਾ ਝਲਕਾਰਾ ਪਰ ਗੁਰਮਤਿ ਤੋਂ ਦੂਰ ਮਨਮਤਿ ਦਾ ਪ੍ਰਚਾਰ। ਉਹ ਵੀ ਐਨੀ ਕਾਰਸ਼ਤਾਨੀ ਨਾਲ
ਕੀਤਾ ਜਾਂਦਾ ਹੈ ਕਿ ਥੋੜ੍ਹੇ ਕੀਤੇ ਸਮਝ ਹੀ ਨਹੀਂ ਲਗਦੀ ਕਿਉਂਕਿ ਮਨਮਤਿ ਨਾਲ ਭਰੀ ਕੜਾਹੀ ਨੂੰ
ਗੁਰਮਤਿ ਦੇ ਪਤਲੇ ਜਿਹੇ ਕੱਪੜੇ ਨਾਲ ਢੱਕ ਕੇ ਪਰੋਸਿਆ ਜਾਂਦਾ ਹੈ। ਵਿਚਾਰੇ ਸਿੱਖ ਉਪਰ ਵਾਲੇ ਕੱਪੜੇ
ਨੂੰ ਦੇਖ ਕੇ ਹੀ ਸਾਧਾਂ ਦੇ ਪੈਰਾਂ `ਤੇ ਢੇਰੀ ਹੋਈ ਜਾਂਦੇ ਹਨ। ਆਪਣੇ ਘਰਾਂ ਨੂੰ ਤਾਂ ਕਲੀ ਨਹੀਂ
ਕਰਵਾ ਹੁੰਦੀ ਪਰ ਸ਼ਰਧਾਵਸ ਡੇਰਿਆਂ `ਤੇ ਸੰਗਮਰਮਰ ਲੁਆਈ ਜਾਂਦੇ ਆ ਤੇ ਸੰਤ ਬਾਬੇ ਲੋਕਾਂ ਨੂੰ ਮੱਤਾਂ
ਦੇਈ ਜਾਂਦੇ ਹਨ ਕਿਰਤ ਕਰਨ ਦੀਆਂ, ਵੰਡ ਛੱਕਣ ਦੀਆਂ। ਆਪ ਇਨ੍ਹਾਂ ਦੋਹਾਂ ਅਸੂਲਾਂ ਦੇ ਨੇੜੇ ਤੇੜੇ
ਵੀ ਨਹੀਂ ਖੜ੍ਹਦੇ। ਕੀ ਇਕੱਲਾ ਵਾਹਿਗੁਰੂ-ਵਾਹਿਗੁਰੂ ਕਰਨ ਨਾਲ ਨਾਨਕ ਸੱਚ ਪ੍ਰਗਟ ਹੋ ਸਕਦਾ? ਕੀ ਇਹ
ਦਿਨ ਦੀਵੀਂ ਲੁੱਟ ਨਹੀਂ ਜਿਸ ਤੋਂ ਬਾਬਾ ਨਾਨਕ ਰੋਕਦਾ ਸੀ। ਅੱਜ-ਕਲ੍ਹ ਬਾਦਲ ਨੀਤੀ ਤੇ ਸੰਤ ਨੀਤੀ
ਇੱਕ ਦੂਜੇ ਦੀਆਂ ਸਹਿਯੋਗੀ ਹਨ। ਕੌਮ `ਤੇ ਆਈਆਂ ਮੁਸੀਬਤਾਂ ਵੇਲੇ ਦੜ ਵੱਟ ਜਾਂਦੇ ਆ ਤੇ ਜਦੋਂ ਕੌਮ
ਕਿਸੇ ਸਹੀ ਰਾਹ ਵਲ ਨੂੰ ਤੁਰਦੀ ਹੈ ਤਾਂ ਉਸ ਰਾਹ `ਚ ਕਦੇ ਦਸਮ ਗ੍ਰੰਥ, ਕਦੇ ਸਿੱਖ ਪਛਾਣ, ਕਦੇ
ਨਾਨਕਸ਼ਾਹੀ ਕੈਲੰਡਰ ਵਿੱਚ ਢੁੱਚਰਾਂ ਲਾ ਕੇ ਟੋਏ ਪੁੱਟਣੇ ਸ਼ੁਰੂ ਕਰ ਦਿੰਦੇ ਹਨ ਤਾਂ ਕਿ ਆਜ਼ਾਦ ਸਿੱਖ
ਸੋਚ ਮੁੜ ਬਿਪਰਵਾਦ ਵਿੱਚ ਰੰਗੀ ਜਾਵੇ। ਏਹੋ ਕੰਮ ਰਣਜੀਤ ਸਿੰਘ ਵੇਲੇ ਪੁਜਾਰੀਆਂ ਨੇ ਕੀਤਾ ਸੀ। ਪਰ
ਹੁਣ ਵਾਲਾ ਨੀਲਾ ਸ਼ੇਰ ਤਾਂ ਦੋ ਕਦਮ ਮੋਹਰੇ ਈ ਆ ਕਿਉਂਕਿ ਤਾਕਤ ਜੂ ਵੋਟ `ਚ ਲੁਕੀ ਹੈ ਤੇ ਇਹਨੇ ਸਾਧ
ਵੀ ਦੋ ਤਿੰਨ ਵਰਗਾਂ ਦੇ ਤਿਆਰ ਕਰ ਲਏ। ਇੱਕ ਨੂੰ ਬਿਹਾਰ ਵਿਚੋਂ ਲਿਆ ਕੇ ਹਿੰਦੂ ਵੋਟ `ਤੇ ਕਬਜ਼ਾ ਕਰ
ਲਿਆ ਤੇ ਕਿਸੇ ਨੂੰ ਸਾਰਿਆਂ ਦਾ ਸਾਂਝਾ ਰਾਮ-ਰਹੀਮ-ਸਿੰਘ ਦਾ ਥਾਪੜਾ ਦਿੱਤਾ ਹੋਇਆ। ਬਾਕੀਆਂ ਤੇ
ਸਿੱਖੀ ਦਾ ਲਿਬਾਸ ਚੜ੍ਹਾਇਆ ਹੋਇਆ ਤਾਂ ਕਿ ਕਿਸੇ ਪਾਸਿਓਂ ਵੀ ਵੋਟ ਕੱਚੀ ਨਾ ਰਹੇ ਤੇ ਲੋੜ ਪੈਣ `ਤੇ
ਤਾਂ ਸਾਲਮ ਚਾਰਟਡ ਜਹਾਜ਼ ਕਰਕੇ ਕਿਸੇ ਸੰਤ ਦੀ ਦੇਹ ਲਿਆਉਣ `ਤੇ ਵੀ ਕਰੋੜਾਂ ਰੁਪਈਆ ਖਰਚ ਕਰ ਸਕਦਾ।
ਨਜ਼ਾਕਤ ਦੇਖ ਕੇ ਇਨ੍ਹਾਂ ਤੋਂ ਇਕ-ਦੂਜੇ ਵਿਰੁਧ ਕੋਈ ਸ਼ੁਰਲੀ ਵੀ ਛੁਡਵਾ ਦਿੰਦਾ ਤਾਂ ਕਿ ਵਿਚਾਰੇ
ਲੋਕੀਂ ਆਪਸ ਵਿੱਚ ਖੜਕ ਪੈਣ ਤੇ ਫਿਰ ਤੱਕੜੀ ਆਪਣੇ ਹੱਥ ਫੜ ਮਨਮਰਜ਼ੀ ਦਾ ਤੋਲਦਾ ਤੇ ਧਿਰਾਂ ਸੋਚਦੀਆਂ
ਕਿ ਸਾਡਾ ਪੱਖ ਲੈ ਗਿਆ ਪਰ ਪੱਖ ਤਾਂ ਅਸਲ ਵਿੱਚ ਅੰਦਰਖਾਤੇ ਨਿੱਕਰਪੁਣੇ ਦਾ ਲੈਣਾ।
ਇਹ ਸਾਰਾ ਸਾਧ ਲਾਣਾ ਤਾਂ ਬੱਸ ਸੰਦ ਬਣ ਕੇ ਰਹਿ ਜਾਂਦੇ ਆ। ਉੱਦਾਂ ਵੀ ਹੁਣ ਸਾਡੇ ਸੰਤ ਬਾਬੇ
ਆਰਾਮਪ੍ਰਸਤੀ ਦੀ ਸੁੱਖਾਂ ਭਰੀ ਜ਼ਿੰਦਗੀ ਬਸਰ ਕਰਦੇ ਹਨ। ਸਮੇਂ ਮੁਤਾਬਿਕ ਧਾਰਮਿਕ ਦਾਇਰੇ ਤੋਂ ਬਾਹਰ
ਤਾਕਤ ਦਾ ਮੁਜ਼ਾਹਰਾ ਕਰਕੇ ਲੋਕਾਂ ਵਿੱਚ ਪ੍ਰਭਾਵ ਵਧਾਉਣ ਦੀ ਪ੍ਰਵਿਰਤੀ ਵੀ ਇਨ੍ਹਾਂ ਨੇ ਆਪਣੇ
ਰਾਜਨੀਤਕਾਂ ਤੋਂ ਲਈ ਹੋਈ ਹੈ। ਇਸ ਕਰਕੇ ਕੋਈ ਇਨ੍ਹਾਂ ਦੇ ਕੀਤੇ ਕੰਮ ਤੇ ਕਿੰਤੂ ਕਰਨ ਦੀ ਜ਼ੁਰਅਤ
ਨਹੀਂ ਕਰਦਾ, ਉੱਦਾਂ ਵੀ ਸਿੱਖਾਂ ਵਿੱਚ ਆਮ ਪ੍ਰਭਾਵ ਹੈ ਕਿ ਸੰਤ ਦੀ ਨਿੰਦਾ ਨਹੀਂ ਕਰੀਦੀ ਕਿਉਂਕਿ
ਗੁਰਬਾਣੀ ਦੀਆਂ ਅਨੇਕਾਂ ਮਿਸਾਲਾਂ ਹਨ। ਨਾਲੇ ਸੰਤ ਹੁਣ ਗੱਲ ਝੱਲਦੇ ਵੀ ਨਹੀਂ, ਟੁੱਟ ਕੇ ਪੈ ਜਾਂਦੇ
ਆ। ਇਹਦੀ ਇੱਕ ਮਿਸਾਲ ਬੱਬੂ ਮਾਨ ਦੇ ਗਾਏ ਗੀਤ ਦੀ ਹੈ ਜਿਸ ਨੇ ਅਖੌਤੀ ਸੰਤਾਂ ਦਾ ਸਾਰਾ ਹੀਜਪਿਆਜ
ਨੰਗਾ ਕਰ ਦਿੱਤਾ। ਬੱਬੂ ਨੇ ਬਾਬੇ ਨਾਨਕ ਦੀ ਪ੍ਰਸ਼ੰਸਾ ਵਿੱਚ ਗੀਤ ਗਾ ਦਿੱਤਾ ਕਿ ਬਾਬਾ ਤੂੰ ਧੰਨ ਹੈ
ਜਿਹਨੇ ਪੈਦਲ ਹੀ ਦੁਨੀਆਂ ਗਾਹ ਤੀ। ਔਰ ਇਹ ਹੈ ਵੀ ਸੱਚ ਕਿ ਬਾਬੇ ਨੇ ਆਪਣੀਆਂ ਉਦਾਸੀਆਂ ਵੇਲੇ 35
ਹਜ਼ਾਰ ਮੀਲ ਤੋਂ ਵੀ ਵਧ ਸਫਰ ਤੁਰ ਕੇ ਕੀਤਾ ਜਿਸ ਵਿੱਚ ਪਹਾੜੀ, ਰੇਗਿਸਤਾਨੀ ਤੇ ਜੰਗਲੀ ਰਸਤਾ ਸੀ।
ਉਨ੍ਹਾਂ ਕਦੇ ਹਾਥੀ, ਘੋੜਾ ਜਾਂ ਰਥ ਇਸਤੇਮਾਲ ਨਹੀਂ ਕੀਤਾ। ਗਾਉਣ ਵਾਲੇ ਨੇ ਸਾਡੇ ਸੰਤਾਂ ਦੀ
ਦੁੱਖਦੀ ਰਗ `ਤੇ ਵੀ ਮਾੜੀ ਜਿਹੀ ਉਂਗਲੀ ਰੱਖ ਦਿੱਤੀ। ਸਾਰੇ ਬਾਬੇ (ਜਿਨ੍ਹਾਂ ਦੀ ਰਗ ਦੁਖਦੀ ਸੀ)
ਵਿਸ ਘੋਲਣ ਲੱਗ ਪਏ। ਇੱਕ ਨਵੀਂ ਉਮਰ ਵਾਲੇ ਸ਼ੁਕੀਨ ਬਾਬਾ ਜੀ ਤੋਂ ਨਾ ਜਰਿਆ ਗਿਆ। ਸਭ ਭੁੱਲ-ਭੁਲਾ
ਗਿਆ ਕਿ ਘੰਟਿਆਂਬੱਧੀ ਵਾਜਾ ਵਜਾ ਕੇ ਸੁਹਣੀਆਂ ਤਿੱਖੀਆਂ ਤਰਜਾਂ ਨਾਲ ਮੰਤਰ-ਮੁਗਧ ਕਰਕੇ ਸਿੱਖ
ਸੰਗਤਾਂ ਨੂੰ ਜੋ ਹਉਮੈ ਤਿਆਗ ਕੇ ਸਹਿਜ ਰਹਿਣ ਦਾ ਉਪਦੇਸ਼ ਦਿੰਦਾ ਆਇਆ, ਆਪ ਹੀ ਉਹਦਾ ਸ਼ਿਕਾਰ ਹੋ
ਗਿਆ। ਕਹਿੰਦਾ, ਉਹ ਰੋਡਾ ਭੋਡਾ ਗਾਉਣ ਵਾਲਾ ਕੌਣ ਆ ਸਾਡੀਆਂ ਮਹਿੰਗੀਆਂ ਲਾਲ ਬੱਤੀ ਵਾਲੀਆਂ ਕਾਰਾਂ
ਪਰਖਣ ਵਾਲਾ, ਨਾਲੇ ਛੱਜ ਤਾਂ ਬੋਲੇ ਛਾਨਣੀ ਕਿਉਂ ਬੋਲੇ, ਜਿਹਦੇ `ਚ ਹਜ਼ਾਰਾਂ ਮੋਰੀਆਂ। ਸ਼ਾਇਦ ਇਸ
ਬਾਬਾ ਜੀ ਦੇ ਮਨ ਵਿਚੋਂ ਗੁਰੂ ਤੇਗ ਬਹਾਦਰ ਜੀ ਦੇ ਬੋਲ ‘ਸਾਧੋ ਮਨ ਕਾ ਮਾਨ ਤਿਆਗੋ’ ਵਿਸਰ ਗਏ ਹੋਣ।
ਕਾਹਤੋਂ ਐਨਾ ਸੁਹਪਣ ਦਾ ਗਰੂਰ ਕਰਦੇ ਆ, ਕਿਉਂ ਆਪਣੀ ਤੁਲਨਾ ਬਾਬੇ ਨਾਨਕ ਨਾਲ ਕਰਨ ਲੱਗ ਪਏ।
ਅਸੀਂ ਜਦੋਂ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰਦੇ ਹਾਂ ਤਾਂ ਵੇਖਣਾ ਹੈ ਕਿ ਉਹ ਕਿੰਨਾ ਕੁ ਸਿੱਖ
ਫਿਲਾਸਫੀ `ਤੇ ਪੂਰਾ ਉਤਰਿਆ? ਉਸ ਨੇ ਧਾਰਮਿਕ ਅਸਥਾਨਾਂ `ਤੇ ਮਣਾਮੂੰਹੀ ਸੋਨਾ ਚੜ੍ਹਾਇਆ। ਸਾਡੇ
ਮਨਾਂ ਵਿੱਚ ਉਹ ਇੱਕ ਬਹੁਤ ਵੱਡਾ ਦਾਨੀ ਹੈ। ਆਪਣੇ ਰਾਜ ਨੂੰ ਸਰਕਾਰ-ਏ- ਖਾਲਸਾ ਦਾ ਨਾਮ ਦੇ ਕੇ
ਵੱਡਾ ਪੰਥ ਹਿਤੈਸ਼ੀ ਵੀ ਕਹਾਇਆ ਕਿਉਂਕਿ ਆਪਣੇ ਰਾਜ ਵਿੱਚ ਉਹਨੇ ਜਿਹੜੇ ਸਿੱਕੇ ਚਲਾਏ ਉਨ੍ਹਾਂ `ਤੇ
ਕਿਤੇ ਵੀ ਆਪਣਾ ਨਾਮ ਨਹੀਂ ਉਕਰਵਾਇਆ ਸਗੋਂ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੇ ਨਾਮ ਦੇ ਸਿੱਕੇ
ਹੀ ਚਲਾਏ ਜਿਸ ਕਰਕੇ ਉਸ ਵਿੱਚ ਗੁਰੂਆਂ ਪ੍ਰਤੀ ਅਥਾਹ ਸ਼ਰਧਾ ਦਾ ਝਲਕਾਰਾ ਸੀ। ਦੂਜਾ ਪੱਖ ਉਹਦੀਆਂ
ਨੀਤੀਆਂ ਦਾ ਰਿਹਾ, ਉਹਦੀ ਨਿੱਜੀ ਜ਼ਿੰਦਗੀ ਦਾ। ਮਹਾਰਾਜੇ ਦੀਆਂ ਨੀਤੀਆਂ `ਤੇ ਹਿੰਦੂ ਪ੍ਰਭਾਵ ਹਾਵੀ
ਸੀ ਤੇ ਉਹਦੀ ਨਿੱਜੀ ਜ਼ਿੰਦਗੀ ਮੁਗਲ ਹਾਕਮਾਂ ਵਾਂਗ ਸੀ। ਕਈ-ਕਈ ਵਿਆਹ ਕਰਵਾ ਕੇ ਰਾਣੀਆਂ ਦਾ ਆਪਣਾ
ਹਰਮ ਬਣਾਇਆ, ਵੱਖ-ਵੱਖ ਤਰ੍ਹਾਂ ਦੀਆਂ ਸ਼ਰਾਬਾਂ ਤੇ ਹੋਰ ਨਸ਼ੇ ਕੀਤੇ। ਅੰਧ-ਵਿਸ਼ਵਾਸ ਵਿੱਚ ਬਹੁਤ ਯਕੀਨ
ਸੀ ਉਹਦਾ। ਆਪਣੇ ਸਿੱਖ ਜਰਨੈਲਾਂ `ਤੇ ਬੇਵਿਸਾਹੀ ਵੀ ਉਹਨੂੰ ਅਖੀਰੀ ਸਾਹ ਤੱਕ ਰਹੀ। ਇਸ ਮੁੱਦੇ ਤੇ
ਅਸੀਂ ਸਿੱਖ ਉਹਦੀ ਨੁਕਤਾਚੀਨੀ ਜ਼ਿਆਦਾ ਕਰਦੇ ਹਾਂ ਪਰ ਉਹਦੇ ਰਾਜ ਦਾ ਇੱਕ ਅਹਿਮ ਪੱਖ ਬੜਾ ਘੱਟ
ਗੌਲਦੇ ਹਾਂ। ਉਹ ਹੈ ਉਹਦੇ ਰਾਜ ਵਿੱਚ ਸਮਾਜ ਦੇ ਆਮ ਲੋਕਾਂ ਦਾ ਜੀਵਨ ਪੱਧਰ ਕਿੱਦਾਂ ਦਾ ਸੀ। 90%
ਆਬਾਦੀ ਪੇਂਡੂ ਸੀ ਤੇ ਮੁੱਖ ਕਿੱਤਾ ਖੇਤੀਬਾੜੀ ਸੀ। ਸਰਕਾਰ ਵਲੋਂ ਲੋਕਾਂ ਦੀ ਭਲਾਈ ਲਈ ਕੋਈ ਖਾਸ
ਖਰਚ ਨਹੀਂ ਸੀ ਕੀਤਾ ਜਾਂਦਾ। ਜ਼ਿਆਦਾ ਖਰਚਾ ਫੌਜੀ ਮੁਹਿੰਮਾਂ ਤੇ ਸ਼ਾਹੀ ਪਰਿਵਾਰ `ਤੇ ਹੀ ਹੁੰਦਾ ਸੀ
ਤੇ ਕੁੱਝ ਖਰਚਾ ਜਗੀਰਦਾਰਾਂ ਦੀ ਚੜ੍ਹਤ ਲਈ ਵੀ ਕੀਤਾ ਜਾਂਦਾ ਸੀ। ਬਾਕੀ ਬਚਦਾ ਸਰਕਾਰ ਦੇ
ਅਹਿਲਕਾਰਾਂ ਲਈ ਹੁੰਦਾ ਸੀ ਤੇ ਕੁੱਝ ਧਾਰਮਿਕ ਥਾਵਾਂ `ਤੇ ਦਾਨ ਲਈ। ਇਨ੍ਹਾਂ ਪੱਖਾਂ `ਤੇ ਦਿੱਲ
ਖੋਲ੍ਹ ਕੇ ਖਰਚ ਹੁੰਦਾ ਸੀ ਪਰ ਐਨਾ ਪੈਸਾ ਆਉਂਦਾ ਕਿੱਥੋਂ ਸੀ। ਉਹਦੇ ਰਾਜ ਵਿੱਚ ਸਰਕਾਰੀ ਆਮਦਨ ਦਾ
ਮੁੱਖ ਸਾਧਨ ਖੇਤੀ ਮਾਲੀਆ ਸੀ। ਇਹ ਮਾਲੀਆ ਫਸਲ ਦੇ ਚੌਥੇ ਹਿੱਸੇ ਤੋਂ ਲੈ ਕੇ ਅੱਧ ਤੱਕ ਹੁੰਦਾ ਸੀ।
ਮਾਲੀਆ ਉਗਰਾਹੁਣ ਵਿੱਚ ਕਦੀ ਵੀ ਢਿੱਲ-ਮੱਠ ਨਹੀਂ ਸੀ ਵਰਤੀ ਜਾਂਦੀ। ਕਿਸਾਨ ਕੋਲ ਤਾਂ ਕਈ ਵਾਰੀ
ਆਪਣੇ ਟੱਬਰ ਦੇ ਖਾਣ ਜੋਗੇ ਦਾਣੇ ਵੀ ਮਸੀਂ ਬਚਦੇ ਸਨ, ਜਿੱਥੇ ਕਿਸਾਨੀ ਜਗੀਰਦਾਰਾਂ ਥੱਲੇ ਸੀ ਉਥੇ
ਹਾਲਾਤ ਹੋਰ ਵੀ ਮਾੜੇ ਸੀ। ਫਰਕ ਇਹੋ ਪਿਆ ਸੀ ਬਈ ਪਹਿਲਾਂ ਧਾੜਵੀ ਲੁੱਟ ਕੇ ਲੈ ਜਾਂਦੇ ਸੀ ਤੇ
ਮਹਾਰਾਜੇ ਵੇਲੇ ਸਰਕਾਰ ਕਾਨੂੰਨਨ ਲੈ ਜਾਂਦੀ ਸੀ। ਬੱਸ ਉਦੋਂ ਇੱਕ ਫਰਕ ਇਹ ਸੀ ਕਿ ਪੇਂਡੂ ਲੋਕਾਂ
ਦੀਆਂ ਲੋੜਾਂ ਸੀਮਿਤ ਸਨ, ਫਿਰ ਵੀ ਕਿਸਾਨਾਂ ਸਿਰ ਸ਼ਾਹਾਂ ਦਾ ਕਰਜ਼ਾ ਪੀੜ੍ਹੀ ਦਰ ਪੀੜ੍ਹੀ ਚੱਲਦਾ
ਰਿਹਾ ਪਰ ਉਹ ਆਤਮ ਹੱਤਿਆ ਦੇ ਰਾਹ ਨਹੀਂ ਸੀ ਪਏ, ਜੋ ਕਸਰ ਅੱਜ ਨੀਲੇ ਸ਼ੇਰ ਨੇ ਪੂਰੀ ਕਰ ਦਿੱਤੀ ਹੈ।
ਵਿਚਾਰਨ ਵਾਲੀ ਗੱਲ ਹੈ ਕਿ ਬਿਜਲੀ ਕਿਸਾਨਾਂ ਨੂੰ ਮੁਫਤ, ਮਾਮਲਾ ਮਾਫ ਫਿਰ ਕਿਸਾਨ ਹੀ ਕਿਉਂ ਆਤਮ
ਹੱਤਿਆ ਕਰਦਾ ਹੈ? ਇਹਦੇ ਸਿਰ ਹੀ ਕਿਉਂ ਕਰਜ਼ੇ ਦੀ ਪੰਡ ਭਾਰੀ ਹੋਈ ਜਾਂਦੀ ਆ? ਜਦੋਂਕਿ ਆਮ ਕਿਸਾਨ ਦਾ
ਰਹਿਣ-ਸਹਿਣ ਵੀ ਕੋਈ ਬਹੁਤਾ ਵਧੀਆ ਨਹੀਂ। ਲਿਖਣ-ਲਿਖਾਣ ਵਾਲੇ ਬਥੇਰੀਆਂ ਤੁਹਮਤਾਂ ਲਾਈ ਜਾਂਦੇ ਆ ਕਿ
ਜੱਟ ਹੱਡ-ਹਰਾਮੀ ਹੋ ਗਏ। ਡੱਕਾ ਨੀ ਤੋੜਦੇ ਹੱਥੀਂ, ਨਸ਼ੇੜੀ ਹੋ ਗਏ ਤਾਂ ਮਰਦੇ ਆ, ਪਰ ਕਦੇ ਕਿਸੇ ਨੇ
ਉਨ੍ਹਾਂ ਦੀ ਜ਼ਿੰਦਗੀ ਜੀਅ ਕੇ ਵੀ ਦੇਖਣ ਦੀ ਕੋਸ਼ਿਸ਼ ਕੀਤੀ? ਫਿਰ ਪਤਾ ਲੱਗਦਾ ਕਾਹਤੋਂ ਗਲ `ਚ ਰੱਸੀ
ਪਾ ਕੇ ਕੋਈ ਕਿਸੇ ਦਰਖਤ ਨਾਲ ਫਾਹਾ ਲੈਂਦਾ। ਇਹ ਪੱਖ ਇਥੇ ਇਸ ਕਰਕੇ ਮਾੜਾ ਜਿਹਾ ਸਾਂਝਾ ਕੀਤਾ ਤਾਂ
ਕਿ ਪਤਾ ਲੱਗੇ ਕਿ ਜਿਹੜਾ ਹੁਣ ਵਾਲੇ ਸ਼ੇਰ ਨੇ ਰਣਜੀਤ ਸਿੰਘ ਦੇ ਰਾਜ ਦਾ ਸੁਪਨਾ ਦਿਖਾ ਕੇ ਪੇਂਡੂਆਂ
ਤੋਂ ਹੀ ਵੋਟ ਬਟੋਰ ਲਏ ਉਹ ਇਹਨੇ ਪੂਰਾ ਕਰ ਦਿੱਤਾ। ਸਗੋਂ ਦੋ ਪੈਰ ਉਸ ਰਾਜ ਨਾਲੋਂ ਅੱਗੇ ਹੀ ਆ।
ਰਣਜੀਤ ਸਿੰਘ ਅਤੇ ਬਾਦਲ ਦੇ ਰਾਜ ਵਿੱਚ ਇੱਕ ਹੋਰ ਸਾਵਾਂਪਣ ਇਹ ਹੈ ਕਿ ਪੰਥਕ ਲਿਬਾਸ ਵਿੱਚ ਕਿੰਨਾ
ਹਿੰਦੂਕਰਨ ਤੇ ਬਿੱਪਰਵਾਦ ਹੋਇਆ ਹੈ। ਰਣਜੀਤ ਸਿੰਘ ਦੇ ਮੰਤਰੀ ਮੰਡਲ ਦੇ 6 ਮੰਤਰੀ ਸਨ ਧਿਆਨ ਸਿੰਘ
ਡੋਗਰਾ ਪ੍ਰਧਾਨ ਮੰਤਰੀ, ਉਸਦਾ ਭਰਾ ਰਾਜਾ ਸੁਚੇਤ ਸਿੰਘ ਡੋਗਰਾ, ਕਸ਼ਮੀਰੀ ਪੰਡਿਤ ਦੀਨਾ ਨਾਥ,
ਪੂਰਬੀਆ ਬ੍ਰਾਹਮਣ ਮਿਸਰ ਖੁਸ਼ਹਾਲ ਸਿੰਘ-ਸਾਰੇ ਹੀ ਪੰਜਾਬ ਤੋਂ ਬਾਹਰ ਦੇ ਅਤੇ ਗੈਰ-ਸਿੱਖ ਪਿਛੋਕੜ
ਵਾਲੇ ਕੱਟੜ ਹਿੰਦੂ ਵਿਚਾਰਧਾਰਾ ਦੇ ਮਾਲਕ ਸਨ। ਦੋ ਪੰਜਾਬੀ ਮੁਸਲਮਾਨ ਭਰਾ ਫਕੀਰ ਨੂਰਦੀਨ ਅਤੇ ਫਕੀਰ
ਅਜੀਜੁਦੀਨ ਸਨ। ਅਸਲ ਵਿੱਚ ਇਹੋ ਦੋਵੇਂ ਹੀ ਖਾਲਸਾ ਰਾਜ ਲਈ ਦਿਲੋਂ ਸਮਰਪਿਤ ਸਨ ਜਦਕਿ ਪਹਿਲੇ 4 ਤਾਂ
ਸਿੱਖ ਰਾਜ ਦੀਆਂ ਜੜ੍ਹਾਂ ਵੱਢਣ `ਤੇ ਲੱਗੇ ਹੋਏ ਸੀ। ਕਿਸੇ ਵੀ ਵੱਡੇ ਸਿੱਖ ਜਰਨੈਲ ਨੂੰ ਮੰਤਰੀ
ਮੰਡਲ ਵਿੱਚ ਨਾ ਸ਼ਾਮਲ ਕੀਤਾ ਜਾਂ ਡੋਗਰਿਆਂ ਨੇ ਹਾਲਾਤ ਹੀ ਐਹੋ ਜਿਹੇ ਬਣਾਏ ਹੋਏ ਸੀ ਬਈ ਕਿਸੇ ਸਿੱਖ
ਲਈ ਥਾਂ ਰਹਿਣ ਹੀ ਨਹੀਂ ਦਿੱਤੀ। ਉਲਟਾ ਉਨ੍ਹਾਂ ਨੂੰ ਰਾਜ ਦਰਬਾਰ ਤੋਂ ਪਰੇ ਰੱਖਣ ਹਿੱਤ
ਦੂਰ-ਦੁਰਾਡੇ ਦੀਆਂ ਔਖੀਆਂ ਫੌਜੀ ਮੁਹਿੰਮਾਂ ਤੇ ਭੇਜੀ ਰਖਿਆ ਤਾਂ ਕਿ ਉਨ੍ਹਾਂ ਦਾ ਧਿਆਨ ਦਰਬਾਰ
ਦੀਆਂ ਕਾਰਵਾਈਆਂ ਵਲ ਰਹੇ ਹੀ ਨਾ ਤੇ ਨਾਲ ਹੀ ਖਾਲਸਾ ਫੌਜ ਦੀ ਤਾਕਤ ਬਾਹਰ ਹੀ ਲੱਗੀ ਰਹੇ। ਧਿਆਨ
ਸਿੰਘ ਡੋਗਰਾ ਇੰਨਾ ਚਾਲਬਾਜ਼ ਸੀ ਕਿ ਉਹਨੇ ਸ. ਹਰੀ ਸਿੰਘ ਨਲਵੇ ਤੇ ਕਸ਼ਮੀਰ ਦੀ ਮੁਹਿੰਮ ਸਮੇਂ ਪੈਸੇ
ਦੀ ਹੇਰਾਫੇਰੀ ਦਾ ਇਲਜ਼ਾਮ ਵੀ ਲਾ ਦਿੱਤਾ ਸੀ ਤਾਂ ਕਿ ਰਣਜੀਤ ਸਿੰਘ ਦੇ ਮਨੋਂ ਉਹ ਲਹਿ ਜਾਵੇ, ਇਸ
ਵਿੱਚ ਉਹ ਕਾਮਯਾਬ ਵੀ ਰਿਹਾ ਤੇ ਹਰੀ ਸਿੰਘ ਸਰਦਾਰ ਦੀ ਮੌਤ ਵੀ ਇਨ੍ਹਾਂ ਫੌਜੀ ਮੁਹਿੰਮਾਂ ਦੌਰਾਨ
1837 ਵਿੱਚ ਹੋ ਗਈ। ਰਣਜੀਤ ਸਿੰਘ ਨੇ ਸਿੱਖਾਂ ਨੂੰ ਧਾਰਮਿਕ ਤੌਰ `ਤੇ ਪੁਜਾਰੀਆਂ ਦੇ ਵੱਸ ਪਾਇਆ
ਹੋਇਆ ਸੀ। ਗੁਰੂ ਗ੍ਰੰਥ ਸਾਹਿਬ ਨੂੰ ਪੂਜਾ ਦਾ ਹੀ ਚਿੰਨ ਬਣਾ ਦਿੱਤਾ ਸੀ। ਜਿਹੜੇ ਸਿੱਖ ਸਰਦਾਰ
ਸਿੱਖੀ ਨੂੰ ਪ੍ਰਣਾਏ ਹੋਏ ਸਨ ਉਹ ਦੁਖੀ ਹੋ ਕੇ ਘਰੀਂ ਬਹਿ ਗਏ ਸਨ। ਜਿਵੇਂ ਸਰਦਾਰ ਸ਼ਾਮ ਸਿੰਘ
ਅਟਾਰੀਵਾਲਾ ਭਾਵੇਂ ਰਣਜੀਤ ਸਿੰਘ ਦਾ ਰਿਸ਼ਤੇਦਾਰ ਹੀ ਸੀ, ਜਿਹੜੇ ਸਿੱਖ ਸਰਦਾਰਾਂ ਨੇ ਆਪਣੀ ਜ਼ਮੀਰ
ਨੂੰ ਮਾਰ ਕੇ ਬਿਪਰਵਾਦ ਦੀਆਂ ਨੀਤੀਆਂ ਸੰਬੰਧੀ ਚੁੱਪ ਵੱਟ ਲਈ ਉਨ੍ਹਾਂ ਨੂੰ ਜਗੀਰਾਂ ਨਾਲ ਨਿਵਾਜ ਕੇ
ਪੱਕਾ ਸਰਕਾਰ ਨਾਲ ਗੱਠ ਲਿਆ। ਇਨ੍ਹਾਂ ਜਗੀਰਾਂ ਦੇ ਲਾਲਚ ਨੇ ਰਣਜੀਤ ਸਿੰਘ ਦੇ ਦੁਆਲੇ ਮੌਕਾਪ੍ਰਸਤ
ਸਰਦਾਰਾਂ ਦਾ ਝੁਰਮਟ ਹੀ ਪਾ ਦਿੱਤਾ ਸੀ। ਜੇ ਅੱਜ ਦੇ ਪੰਜਾਬ ਨੂੰ ਦੇਖੀਏ ਤਾਂ ਉਪਰ ਵਾਲੀ ਗੱਲ ਪੂਰੀ
ਤਰਾਂ ਲਾਗੂ ਹੁੰਦੀ ਹੈ। ਸਾਰਾ ਤਾਣਾ-ਬਾਣਾ ਪੰਜਾਬ ਦੇ ਇੱਕ ਟੱਬਰ ਦੇ ਦੁਆਲੇ ਇਕੱਠਾ ਹੋ ਗਿਆ ਹੈ।
ਵੱਡੇ ਬਾਦਲ ਨੂੰ ਹਰੇਕ ਦੀ ਤਸੀਰ ਦਾ ਪਤਾ ਹੈ ਤੇ ਉਹਨੂੰ ਉੱਦਾਂ ਦਾ ਹੀ ਤੇ ਉਨਾਂ ਕੁ ਚੋਗਾ ਪਾਉਂਦਾ
ਹੈ ਤਾਂ ਕਿ ਉਹਦੇ ਖਿਲਾਫ਼ ਮੂੰਹ ਬੰਦ ਰੱਖੇ। ਸਿੱਖ ਅਸੂਲਾਂ `ਤੇ ਪਹਿਰਾ ਦੇਣ ਵਾਲਿਆਂ ਉਤੇ ਗੋਲੀ ਵੀ
ਚਲਵਾ ਦਿੰਦਾ ਤੇ ਗੋਲੀ ਚਲਾਉਣ ਵਾਲਿਆਂ ਨੂੰ ਸੁਰੱਖਿਆ ਦੇ ਕੇ ਉਨ੍ਹਾਂ ਦੇ ਘਰੀਂ ਵੀ ਪਹੁੰਚਾ ਦਿੰਦਾ
ਹੈ। ਚਾਪਲੂਸਾਂ ਦੀ ਇੱਕ ਫੌਜ ਤਿਆਰ ਕੀਤੀ ਹੋਈ ਹੈ। ਲੋਕਾਂ ਲਈ ਖਰਚਣ ਵਾਸਤੇ ਭਾਵੇਂ ਖਜ਼ਾਨੇ `ਚ
ਪੈਸਾ ਹੋਵੇ ਜਾਂ ਨਾ ਪਰ ਪੁੱਤ ਦੀਆਂ ਤਾਜਪੋਸ਼ੀਆਂ ਤੇ ਅਤੇ ਆਪਣੇ ਚਾਪਲੂਸਾਂ ਦੀ ਫੌਜ ਨੂੰ ਗਰਮੀਆਂ
ਵਿੱਚ ਸ਼ਿਮਲੇ ਦੀਆਂ ਪਹਾੜੀਆਂ ਤੇ 5 ਸਟਾਰ ਹੋਟਲਾਂ `ਚ ਰੱਖਣ ਲਈ ਕਰੋੜਾਂ ਰੁਪਈਆ ਪਾਣੀ ਵਾਂਗ
ਸਰਕਾਰੀ ਖਜ਼ਾਨੇ `ਚੋਂ ਵਹਾ ਦਿੰਦਾ ਹੈ। ਉੱਚ ਸਿੱਖ ਧਾਰਮਿਕ ਸੰਸਥਾ ਤੇ ਧਿਆਨ ਸਿੰਘ ਡੋਗਰੇ ਦੀ
ਕੁਨਸਲ ਵਰਗਾ ਪ੍ਰਧਾਨ ਬਣਾ ਕੇ ਕਬਜ਼ਾ ਕੀਤਾ ਹੋਇਆ। ਜਿਹਦੇ ਰਾਹੀਂ ਗੁਰਦੁਆਰਿਆਂ ਵਿੱਚ ਆਰ. ਐਸ. ਐਸ.
ਦਾ ਏਜੰਡਾ ਬਾਖੂਬੀ ਲਾਗੂ ਕਰਾਉਣ `ਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਰਣਜੀਤ ਸਿੰਘ ਨੇ ਗੁਰੂ ਕੁਲ
ਵਾਲਿਆਂ ਪੁਜਾਰੀਆਂ ਨੂੰ ਗੁਰਦੁਆਰਿਆਂ `ਚ ਪੱਕੇ ਪੈਰੀਂ ਕੀਤਾ ਤੇ ਅੱਜ ਵਾਲੇ ਸ਼ੇਰ ਨੇ ਸੰਤ ਬਾਬਿਆਂ
ਦੇ ਡੇਰਿਆਂ `ਤੇ ਚੌਕੀਆਂ ਭਰ ਕੇ ਸਿੱਖਾਂ ਨੂੰ ਇਨ੍ਹਾਂ ਦੇ ਪੈਰਾਂ `ਚ ਸਿੱਟਿਆ ਹੋਇਆ। ਜਿਨ੍ਹਾਂ
ਟਕਸਾਲਾਂ ਦਾ ਪਿਛੋਕੜ ਸਿੱਖ ਸ਼ਹਾਦਤ ਨਾਲ ਹੋਣ ਕਰਕੇ ਸਿੱਖ ਜਗਤ ਵਿੱਚ ਉਨ੍ਹਾਂ ਦਾ ਅਦਬ ਧੁਰ ਅੰਦਰੋਂ
ਹੁੰਦਾ ਸੀ, ਉਨ੍ਹਾਂ ਹੀ ਟਕਸਾਲਾਂ ਨੂੰ ਅੱਜ ਆਰ ਐਸ ਐਸ ਵਰਗੀਆਂ ਪੰਥ ਵਿਰੋਧੀ ਤਾਕਤਾਂ ਨੂੰ ਖੁਸ਼
ਕਰਨ ਲਈ ਵਰਤਿਆ ਜਾਣ ਲੱਗ ਪਿਆ।
ਹਰੇਕ ਸਿੱਖ ਨੇ ਗੁਰਦੁਆਰੇ ਤਾਂ ਜਾਣਾ ਹੀ ਹੈ ਭਾਵੇਂ ਸ਼੍ਰੋਮਣੀ ਕਮੇਟੀ ਦੇ ਕੰਟਰੋਲ ਵਾਲੇ ਹੋਣ ਜਾਂ
ਸੰਤਾਂ ਦੇ ਡੇਰਿਆਂ ਵਾਲੇ ਜਾਂ ਫਿਰ ਤੀਜੇ ਪ੍ਰਾਈਵੇਟ ਲਿਮਟਿਡ। ਸ਼ਾਇਦ ਇਹ ਪ੍ਰਾਈਵੇਟ ਨਾਂ ਵੀਰਾਂ
ਭੈਣਾਂ ਨੂੰ ਕੁਸੋਬਲਾ ਜਿਹਾ ਹੀ ਲੱਗੇ ਪਰ ਇਸਤੋਂ ਮੇਰਾ ਮਤਲਬ ਇਹ ਹੈ ਕਿ ਜਿਹੜੇ ਗੁਰਦੁਆਰੇ ਬਣਾਏ
ਤਾਂ ਸਿੱਖ ਸੰਗਤਾਂ ਨੇ ਆਪਣੀ ਕਿਰਤ ਕਮਾਈ ਨਾਲ ਹਨ ਪਰ ਪ੍ਰਬੰਧ ਇੱਕ ਲੋਕਲ ਕਮੇਟੀ ਹੀ ਚਲਾਉਂਦੀ ਹੈ।
ਜਿੱਥੇ ਪ੍ਰਬੰਧਾਂ ਨੂੰ ਲੈ ਕੇ ਜ਼ੋਰਅਜਮਾਈ ਵੀ ਹੁੰਦੀ ਹੈ। ਸਾਰੇ ਗੁਰਦੁਆਰਿਆਂ ਵਿੱਚ ਇੱਕ ਗੱਲ
ਸਾਂਝੀ ਹੈ ਉਹ ਹੈ ‘ਸਿਰੋਪਾ ਕਲਚਰ’। ਜਿਹਨੇ ਜਾ ਕੇ ਜੇਬ ਜ਼ਿਆਦਾ ਢਿੱਲੀ ਕਰ ਦਿੱਤੀ ਉਹਦੇ ਗਲ `ਚ
ਪੀਲਾ ਪਟਕਾ ਪਾ ਕੇ ਜੈਕਾਰੇ ਬੁਲਾ ਦਿੰਦੇ ਨੇ। ਮਹਾਨ ਸਿੱਖ ਦੀ ਉਪਾਧੀ ਵੀ ਬਖਸ਼ ਦਿੰਦੇ। ਕਈ ਵਾਰੀ
ਤਾਂ ਐਨੀ ਹਾਸੋਹੀਣੀ ਗੱਲ ਵੀ ਹੁੰਦੀ ਹੈ ਕਿ ਪਹਿਲਾਂ ਇੱਕ ਮੈਂਬਰ ਦੂਜੇ ਦੇ ਗਲ ਸਿਰੋਪਾ ਪਾ ਕੇ
ਉਹਨੂੰ ਮਹਾਨ ਸਿੱਖ ਕਹਿ ਕੇ ਜੈਕਾਰਾ ਬੁਲਾਉਂਦਾ ਹੈ ਫਿਰ ਦੂਜਾ ਪਹਿਲੇ ਦੇ ਗਲ ਸਿਰੋਪਾ ਪਾ ਕੇ ਮਹਾਨ
ਸਿੱਖ ਕਹਿ ਕੇ ਜੈਕਾਰਾ ਛੱਡ ਦਿੰਦਾ ਹੈ। ਸਿਰੋਪੇ ਦੇਣ ਦੇ ਮਾਮਲੇ ਵਿੱਚ ਤਾਂ ਸਿੱਖ ਲੀਡਰ ਕਈ ਵਾਰ
ਗਰਕੀ ਹੋਈ ਗੱਲ ਵੀ ਕਰ ਦਿੰਦੇ ਹਨ। ਇਹ ਕਈ ਵਾਰੀ ਦਿੱਲੀ ਵਿੱਚ ਹੁੰਦਾ ਹੈ ਜਦੋਂ ਕਿਸੇ ਗੁਰਪੁਰਬ
`ਤੇ ਇਹ ਵੱਡੇ ਲੀਡਰ ਬੰਨ੍ਹੀ ਬਨ੍ਹਾਈ ਗੁਲਾਬੀ ਪੱਗ ਕਲਗੀ ਲਾ ਕੇ ਅਡਵਾਨੀ, ਵਾਜਪਾਈ ਦੇ ਸਿਰ `ਤੇ
ਰੱਖਣ ਉਹਦੇ ਘਰ ਜਾਂਦੇ ਹਨ ਤੇ ਸ੍ਰੀ ਸਾਹਿਬ (ਕ੍ਰਿਪਾਨ) ਵੀ ਭੇਟ ਕਰਕੇ ਜੈਕਾਰੇ ਛੱਡਦੇ ਨਹੀਂ
ਥੱਕਦੇ ਤੇ ਅਗੋਂ ਉਹ ਕਲਗੀ ਵਾਲੀ ਟੋਪੀਨੁਮਾ ਪੱਗ ਸਿਰ `ਤੇ ਰੱਖ ਕੇ ਹੱਥ ਵਿਚਲੀ ਕਿਰਪਾਨ ਉਨ੍ਹਾਂ
ਸਿੱਖਾਂ ਵਲ ਨੂੰ ਕਰਕੇ ਘੁਮਾਉਂਦਾ ਸ਼ਾਇਦ ਅੰਦਰੋਂ-ਅੰਦਰੀ ਕਹਿੰਦਾ ਹੋਵੇ, ਮੌਕਾ ਆਏ `ਤੇ ਇਹਦੇ ਨਾਲ
ਤੁਹਾਡੀ ਧੌਣ ਵੱਢਣੀ ਹੈ।
ਸਿੱਖ ਧਰਮ ਵਿੱਚ ‘ਸਿਰੋਪਾਓ’ ਦੀ ਰਸਮ ਕਦੋਂ ਸ਼ੁਰੂ ਹੋਈ ਉਹ ਤਾਂ ਵਿਦਵਾਨ ਵੀਰ ਹੀ ਜਾਣਦੇ ਹੋਣੇ ਆ,
ਮੈਨੂੰ ਤਾਂ ਇੰਨਾ ਕੁ ਇਲਮ ਹੈ ਕਿ ਗੁਰੂ ਗੋਬਿੰਦ ਸਿੰਘ (ਉਦੋਂ ਗੋਬਿੰਦ ਰਾਏ) ਜੀ ਨੇ ਜਦੋਂ ਭੰਗਾਣੀ
ਦਾ ਜੰਗ ਜਿੱਤਿਆ ਤਾਂ ਬਾਦ ਵਿੱਚ ਪਾਉਂਟਾ ਸਾਹਿਬ ਦਰਬਾਰ ਲਾਇਆ ਤਾਂ ਉਸ ਵਿੱਚ ਉਨ੍ਹਾਂ ਬਹਾਦਰਾਂ
ਨੂੰ ਦਸਤਾਰਾਂ ਦੇ ਕੇ ਨਿਵਾਜਿਆ ਸੀ, ਜਿਨ੍ਹਾਂ ਨੇ ਜੰਗ ਗੁਰੂ ਜੀ ਵਲੋਂ ਹੋ ਕੇ ਲੜੀ ਸੀ। ਉਸ ਦਰਬਾਰ
ਵਿੱਚ ਪੀਰ ਬੁੱਧੂ ਸ਼ਾਹ ਹਾਜ਼ਰ ਨਹੀਂ ਸਨ ਤਾਂ ਅਗਲੇ ਦਿਨ ਗੁਰੂ ਜੀ ਨੇ ਉਨ੍ਹਾਂ ਨੂੰ ਆਪਣੇ ਕੋਲ
ਬੁਲਾਇਆ ਸੀ ਤੇ ਪੁਛਿਆ ਸੀ ਪੀਰ ਜੀਉ ਤੁਸੀਂ ਆਪਣੇ ਪੁੱਤਰ ਤੇ ਮੁਰੀਦ ਇਸ ਲੜਾਈ ਵਿੱਚ ਸ਼ਹੀਦ ਕਰਵਾ
ਲਏ, ਦੱਸੋ ਤੁਸੀਂ ਨਾਨਕ ਦੇ ਘਰੋਂ ਕੀ ਮੰਗਦੇ ਹੋ। ਉਦੋਂ ਗੁਰੂ ਜੀ ਕੇਸਾਂ ਵਿੱਚ ਕੰਘਾ ਕਰ ਰਹੇ ਸੀ,
ਪੀਰ ਜੀ ਨੇ ਗੁਰੂ ਦੇ ਚਿਹਰੇ ਵਲ ਜਦੋਂ ਦੇਖਿਆ ਤਾਂ ਉਹਨੂੰ ਖੁਦਾਈ ਜਲਾਲ ਦੇ ਦਰਸ਼ਨ ਹੋਏ। ਬੱਸ ਇੰਨਾ
ਹੀ ਕਹਿ ਸਕਿਆ ਕਿ ਕੰਘੇ `ਚ ਅੜ੍ਹੇ ਕੇਸਾਂ ਸਮੇਤ ਕੰਘਾ ਜੇ ਬਖਸ਼ ਦਿਉ ਤਾਂ ਮੈਂ ਵਡਭਾਗਾ ਹੋਵਾਂਗਾ।
ਗੁਰੂ ਜੀ ਨੇ ਉਵੇਂ ਹੀ ਕੰਘੇ ਸਮੇਤ ਟੁੱਟੇ ਕੇਸ ਅਤੇ ਇੱਕ ਛੋਟੀ ਦਸਤਾਰ ਪੀਰ ਜੀ ਨੂੰ ਬਖਸ਼ੀ ਜਿਹਨੂੰ
ਲੈ ਕੇ ਪੀਰ ਬੁੱਧੂ ਸ਼ਾਹ ਆਪਣੇ ਘਰ ਆ ਗਏ। ਗੁਰੂ ਦੀਆਂ ਇਨ੍ਹਾਂ ਨਿਸ਼ਾਨੀਆਂ ਨੂੰ ਖੁਦਾਈ ਬਖਸ਼ਿਸ਼ ਜਾਣ
ਕੇ ਅਦਬ ਦਿੱਤਾ। ਅੱਜ ਕੱਲ੍ਹ ਸਿੱਖਾਂ ਵਿੱਚ ਇੱਕ ਹੋਰ ਧਾਰਮਿਕ ਪ੍ਰਵਿਰਤੀ ਘਰ ਕਰਨ ਲੱਗੀ ਹੋਈ ਹੈ
ਉਹ ਹੈ ਗੁਰੂ ਗਰੰਥ ਸਾਹਿਬ ਲਈ ਰੁਮਾਲੇ ਭੇਂਟ ਕਰਨੇ। ਇਹਨੂੰ ਹੀ ਵੱਡਾ ਦਾਨ ਸਮਝੀ ਜਾ ਰਹੇ ਹਨ।
ਗੁਰੂ ਗ੍ਰੰਥ ਸਾਹਿਬ ਨੂੰ ਬਹੁਤੇ ਰੁਮਾਲਿਆਂ ਦੀ ਲੋੜ ਨਹੀਂ। ਉਲਟਾ ਸਿੱਖਾਂ ਨੂੰ ਲੋੜ ਹੈ, ਉਸ
ਵਿਚਲੇ ਫਲਸਫੇ ਨੂੰ ਜਾਨਣ ਦੀ ਤਾਂ ਕਿ ਜ਼ਿੰਦਗੀ ਨਾਨਕ ਸੱਚ ਮੁਤਾਬਿਕ ਜੀਅ ਹੋਵੇ। ਅਸਲ ਵਿੱਚ ਇਹ
ਮਹੰਤ ਚਾਹੁੰਦੇ ਵੀ ਇਹੀ ਆ ਕਿ ਸਿੱਖ ਐਦਾਂ ਦੇ ਹੀ ਫੋਕਟ ਕਰਮਾਂ ਨਾਲ ਗੁਰੂ ਗ੍ਰੰਥ ਸਾਹਿਬ ਨਾਲ
ਬੱਝਣ, ਸਿੱਖਿਆ ਤਾਂ ਅੱਜ ਕਲ੍ਹ ਕਿਸੇ ਹੋਰ ਗ੍ਰੰਥਾਂ ਦੀ ਦੇਣੀ ਚਾਹੁੰਦੇ ਆ।
ਰਣਜੀਤ ਸਿੰਘ ਨੇ 1829-30 ਵਿੱਚ ਹੀ ਆਪਣਾ ਜਾਨਸ਼ੀਨ ਆਪਣਾ ਵੱਡਾ ਪੁਤਰ ਖੜਕ ਸਿੰਘ ਥਾਪ ਦਿੱਤਾ ਸੀ।
ਉਸ ਵੇਲੇ ਹਰੀ ਸਿੰਘ ਨਲਵੇ ਨੇ ਰਣਜੀਤ ਸਿੰਘ ਨੂੰ ਸਾਫ ਕਹਿ ਦਿੱਤਾ ਸੀ ਕਿ ਖਾਲਸਾ ਰਾਜ 100 ਸਾਲ
ਦੀਆਂ ਕੁਰਬਾਨੀਆਂ ਤੋਂ ਬਾਅਦ ਹੋਂਦ ਵਿੱਚ ਆਇਆ, ਇਹ ਕਿਸੇ ਦੀ ਜੱਦੀ-ਪੁਰਖੀ ਮਿਲਖ ਨਹੀਂ। ਇਹ ਸਿੱਖ
ਸੰਗਤਾਂ ਦਾ ਹੈ ਉਹੀ ਇਹਦੀ ਵਾਰਸ ਹੈ, ਜਿਹਨੂੰ ਇਹ ਚਾਹੂਗੀ ਉਹੀ ਏਸ ਤਖਤ `ਤੇ ਬੈਠੇਗਾ। ਨਾਲੇ ਉਸਨੇ
ਕਿਹਾ ਕਿ ਖੜਕ ਸਿੰਘ ਭਾਵੇਂ ਉਹਦਾ ਮਿੱਤਰ ਹੈ ਪਰ ਉਹਦੀਆਂ ਲੱਤਾਂ ਇਹਦੀਆਂ ਜ਼ਿੰਮੇਵਾਰੀਆਂ ਦਾ ਭਾਰ
ਚੁੱਕਣ ਤੋਂ ਊਣੀਆਂ ਹਨ। ਇਸ ਤੋਂ ਬਾਦ ਰਣਜੀਤ ਸਿੰਘ ਨੇ ਹਰੀ ਸਿੰਘ ਨਲਵੇ `ਤੇ ਵਿਸਾਹ ਨਾ ਕੀਤਾ ਤੇ
ਰਾਜ ਭਾਗ `ਤੇ ਡੋਗਰੇ, ਮਿਸਰੇ ਤੇ ਬ੍ਰਾਹਮਣ ਕਾਬਜ਼ ਕਰ ਦਿੱਤੇ ਤਾਂ ਕਿ ਉਹ ਉਹਦੇ ਵਾਰਸਾਂ ਲਈ ਕੋਈ
ਖਤਰਾ ਨਾ ਰਹੇ। ਅੱਜ ਵੀ ਇਹੋ ਹਾਲ ਹੈ ਕਿ ਪਿਉ ਨੇ ਹਰ ਹਰਬਾ ਵਰਤ ਕੇ ਆਪਣੇ ਪੁੱਤ ਲਈ ਗੱਦੀ ਰਾਖਵੀਂ
ਕੀਤੀ ਹੋਈ ਹੈ ਤੇ ਟਕਸਾਲੀ ਲੀਡਰਾਂ ਨੂੰ ਖੁੱਡੇ ਲਾਈਨ ਲਾ ਕੇ ਰੱਖ ਦਿੱਤਾ। ਅੱਜ ਉਹਦੇ ਸਭ ਤੋਂ
ਵੱਡੇ ਸਲਾਹਕਾਰ ਨਿੱਕਰਧਾਰੀ ਹਨ। ਡੋਗਰੇ ਤੇ ਮਿਸਰੇ, ਜਿਨ੍ਹਾਂ ਤੇ ਰਣਜੀਤ ਸਿੰਘ ਨੇ ਵਿਸ਼ਵਾਸ ਕੀਤਾ,
ਉਹ ਸਭ ਤੋਂ ਪਹਿਲਾਂ ਰਣਜੀਤ ਸਿੰਘ ਦੇ ਵਾਰਸਾਂ ਦੇ ਹੀ ਕਾਤਲ ਬਣੇ। ਖੜਕ ਸਿੰਘ ਨੂੰ ਕੈਦ ਕਰਕੇ ਜ਼ਹਿਰ
ਦੇ ਕੇ ਮਾਰਿਆ। ਉਹਦੇ ਪੁੱਤ ਕੰਵਰ ਨੌਨਿਹਾਲ ਸਿੰਘ ਨੂੰ ਸਿਰ `ਚ ਹਥੌੜੇ ਮਾਰ ਕੇ ਕਤਲ ਕੀਤਾ ਫਿਰ
ਵਾਰੀ ਆਈ ਸਿੱਖ ਸਰਦਾਰਾਂ ਦੀ। ਉਹਦੇ ਬਾਕੀ ਵਾਰਸਾਂ ਦੀ, ਜਿਨ੍ਹਾਂ ਨੂੰ ਇੱਕਲੇ-ਇਕੱਲੇ ਨੂੰ ਇੱਕ
ਦੂਜੇ ਤੋਂ ਕਤਲ ਕਰਵਾਇਆ। ਫਿਰ ਵਾਰੀ ਆਈ ਖਾਲਸਾ ਫੌਜ ਦੀ, ਜਿਸ ਨੂੰ ਗੱਦਾਰੀ ਕਰਕੇ ਜਿੱਤਿਆ ਹੋਇਆਂ
ਨੂੰ ਵੀ ਹਰਾਇਆ ਤੇ ਸਭ ਤੋਂ ਪਿੱਛੋਂ ਆਈ ਵਾਰੀ ਪੰਜਾਬ ਦੇ ਲੋਕਾਂ ਦੀ ਜਿਨ੍ਹਾਂ ਨੂੰ ਅੰਗਰੇਜ਼ਾਂ ਦੇ
ਗੁਲਾਮ ਬਣਵਾਕੇ ਦਮ ਲਿਆ। ਡੋਗਰਿਆਂ ਨੇ ਤੇ ਆਪ ਆਪਣਾ ਵੱਖਰਾ ਰਾਜ ਜੰਮੂਕਸ਼ਮੀਰ ਗੱਦਾਰੀ ਬਦਲੇ ਬਣਾ
ਲਿਆ ਸੀ। ਕੀ ਹੁਣ ਬਾਦਲ ਦੇ ਨਿੱਕਰਧਾਰੀ ਯਾਰ ਉਸ ਤੋਂ ਬਾਅਦ ਉਹਦੇ ਵਾਰਸਾਂ ਨਾਲ ਰਣਜੀਤ ਸਿੰਘ ਦੇ
ਵਾਰਸਾਂ ਵਾਲੀ ਵਫਾ ਕਮਾਉਣਗੇ? ਘੱਟੋ ਘੱਟ ਸਿੱਖ ਜ਼ਰੂਰ ਸੋਚਣ ਆਪਣੇ ਭਵਿੱਖ ਬਾਰੇ ਕਿ ਉਨ੍ਹਾਂ ਨੇ ਇਸ
ਟੱਬਰ ਨਾਲ ਰਹਿ ਕੇ ਹੋਰ ਕਿਹੜੀ ਕਿਹੜੀ ਗੁਲਾਮੀ ਕਰਨੀ ਆ?
ਆਹ ਨਾਨਕਸ਼ਾਹੀ ਕੈਲੰਡਰ `ਤੇ ਕੀਤੀਆਂ ਸੋਧਾਂ ਤੇ ਜਿਹੜਾ ਬਾਹਰਲੇ ਮੁਲਕਾਂ ਦੇ ਸਿੱਖਾਂ ਨੇ ਸਖਤ
ਪੈਂਤੜਾ ਲਿਆ ਉਹ ਇਸ ਟੱਬਰ ਤੋਂ ਖਹਿੜਾ ਛੁਡਾਉਣ ਲਈ ਵਧੀਆ ਕਦਮ ਹੈ, ਪਰ ਕਿਤੇ ਇਹ ਵਕਤੀ ਹੀ ਨਾ ਰਹਿ
ਜਾਵੇ। ਕਿਉਂਕਿ ਅਸੀਂ ਬੜੀ ਛੇਤੀ ਭੁੱਲ ਜਾਂਦੇ ਹਾਂ। ਇਨ੍ਹਾਂ ਦੇ ਭੇਜੇ ਬਾਬਿਆਂ ਤੇ ਜਥੇਦਾਰਾਂ ਨੂੰ
ਲਿਫਾਫੀਆਂ ਨਾ ਦਿਉ, ਨਾ ਮੂੰਹ ਲਾਓ। ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਹੋਰ ਗ੍ਰੰਥ ਨੂੰ
ਸ਼ਰੀਕ ਬਣਾ ਕੇ ਪੇਸ਼ ਕਰਨ ਲੱਗੇ ਹੋਏ ਆ ਤੇ ਹੁਣ ਉਹ ਬਾਹਰਲੇ ਬੁੱਧੀਜੀਵੀ ਕਿਸ ਗੱਲੋਂ ਚੁੱਪ ਬੈਠੈ ਆ
ਜਿਹੜੇ ਪੂਰਾ ਸਾਲ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦੇ ਨਾਟਕ ਤੇ ਫ਼ਿਲਮਾਂ ਬਣਾ ਕੇ ਦਿਖਾ ਰਹੇ
ਸੀ। ਕਿਉਂ ਨਹੀਂ ਠੋਕ ਕੇ ਕਹਿੰਦੇ ਕਿ ਜਥੇਦਾਰੋ ਤੇ ਪ੍ਰਧਾਨੋ ਤੁਸੀਂ ਗਲਤ ਹੋ। ਕੀ ਇਹ ਨਾਟਕ ਤੇ
ਫਿਲਮਾਂ ਬੱਸ ਮਨੋਰੰਜਨ ਹੀ ਸੀ ਜਾਂ ਆਪਣੀ ਮਸ਼ਹੂਰੀ, ਜੋ ਆਪਣੀ ਜ਼ਮੀਰ ਕਹੇ ਉਵੇਂ ਕਹਿ ਦਿਉ। ਜੋ
ਬੇਗਮਪੁਰਾ ਬਾਬਾ ਰਵਿਦਾਸ ਜੀ ਨੇ ਚਿਤਵਿਆ ਸੀ ਉਹ ਵਸਾਉਣ ਲਈ ਗੁਰੂ ਨਾਨਕ ਨੂੰ ਦਸ ਜਾਮਿਆ ਵਿੱਚ
ਆਉਣਾ ਪਿਆ, ਕਿਤੇ ਆਪਣੇ ਆਪ ਨੂੰ ਜਿੰਦਾ ਅੱਗ `ਤੇ ਸੜਵਾਉਣਾ ਪਿਆ, ਕਿਤੇ ਸਿਰ ਕਟਵਾਣਾ ਪਿਆ ਤੇ
ਦਸਵੇਂ ਜਾਮੇ ਵਿੱਚ ਤਾਂ ਆਪਣੇ ਹੀ ਮਾਸੂਮ ਪੁੱਤਰਾਂ ਦੀ ਸ਼ਹਾਦਤ ਵੀ ਏਸੇ ਬੇਗਮਪੁਰੇ ਲਈ ਦਿੱਤੀ ਤੇ
ਚਮਕੌਰ ਦੀ ਗੜ੍ਹੀ ਦੀ ਉਹ ਰਾਤ ਕਿਸੇ ਵੀ ਸਿੱਖ ਹਿਰਦੇ ਵਿਚੋਂ ਮਨਫੀ ਨਹੀਂ ਹੋਈ ਜਦੋਂ ਗੁਰੂ ਗੋਬਿੰਦ
ਸਿੰਘ ਜੀ ਨੇ ਆਪਣਾ ਸਰੂਪ ਜਾਣ ਕੇ ਬੇਗਮਪੁਰੇ ਦੀ ਨੀਂਹ ਪੱਕੀ ਕਰਨ ਲਈ ਭਾਈ ਸੰਗਤ ਸਿੰਘ ਨੂੰ ਆਪਣਾ
ਲਿਬਾਸ ਤੇ ਕਲਗੀ ਦੇ ਕੇ ਸ਼ਹਾਦਤ ਲਈ ਭੇਜਿਆ। ਬੇਗਮਪੁਰਾ ਸਿਰ ਜੋੜ ਕੇ ਬੈਠ ਸੋਚ ਸਮਝ ਕੇ ਵਸਾਉਣਾ
ਪੈਣਾਂ ਨਾ ਕਿ ਨੱਚਟੱਪ ਗਾ ਕੇ। ਜਿਹੜੇ ਬੇਗਮਪੁਰੇ ਦੇ ਰਾਹ `ਚ ਰੋੜੇ ਹਨ ਉਹ ਇਹੋ ਤਾਂ ਚਾਹੁੰਦੇ ਆ
ਕਿ ਕਿਤੇ ਸਿਰ ਨਾ ਜੁੜ ਜਾਣ ਜੇ ਆਪਣਾ ਵਰਤਾਰਾ ਇਦਾਂ ਦਾ ਹੀ ਰਿਹਾ ਤਾਂ ਲੱਗਦਾ ਕਿ ਇਤਿਹਾਸ ਸ਼ਾਇਦ
ਦੁਹਰਾ ਹੀ ਨਾ ਹੋ ਜਾਵੇ।