.

ਅਚੁਤ ਪਾਰਬ੍ਰਹਮ ਪਰਮੇਸੁਰ ਅੰਤਰਜਾਮੀ
ਮਾਰੂ ਮਹਲਾ 5॥
ਅਚੁਤ ਪਾਰਬ੍ਰਹਮ ਪਰਮੇਸੁਰ ਅੰਤਰਜਾਮੀ॥
ਮਧੁਸੂਦਨ ਦਾਮੋਦਰ ਸੁਆਮੀ॥
ਗੁਰੂ ਗ੍ਰੰਥ ਸਾਹਿਬ, ਪੰਨਾ 1082

ਇਹ ਸ਼ਬਦ ਜੋ ਮਹਲਾ 5 ਵਲੋਂ ਉਚਾਰਨ ਹੈ ਨੂੰ ਸਮਝਣ ਵਾਸਤੇ ਸਾਨੂੰ ਗੁਰਮਤਿ ਸਿਧਾਂਤ ਤੋਂ ਬਾਹਰ ਨਹੀਂ ਜਾਣਾ ਹੋਵੇਗਾ। ਜਦੋਂ ਵੀ ਅਸੀਂ ਗੁਰਮਤਿ ਸਿਧਾਂਤ ਨੂੰ ਭੁਲਾ ਕੇ ਕਿਸੇ ਵੀ ਸ਼ਬਦ ਦੀ ਵਿਆਖਿਆ ਕਰਾਂਗੇ ਤਾਂ ਕਰਮਕਾਂਡੀ ਸਿਧਾਂਤ ਦਾ ਰੂਪ ਵਿਆਖਿਆ ਵਿੱਚੋਂ ਝਲਕੇਗਾ, ਅਤੇ ਅਸੀਂ ਅਸਲੀਅਤ ਤੋਂ ਦੂਰ ਜਾ ਕੇ ਵਾਂਝੇ ਹੋ ਜਾਵਾਂਗੇ। ਫਿਰ ਕਰਮਕਾਂਡੀ ਭਰਮ ਦਾ ਜਾਲ ਟੁੱਟੇਗਾ ਹੀ ਨਹੀਂ ਅਤੇ ਜਿਉਂ ਦਾ ਤਿਉਂ ਸਾਡਾ ਪਿਛਾ ਕਰਦਾ ਰਹੇਗਾ। ਇਸ ਕਰਕੇ ਇਸ ਸ਼ਬਦ ਨੂੰ ਸਮਝਣ ਲਈ ਗੁਰਮਤਿ ਸਿਧਾਂਤ ਸਾਹਮਣੇ ਰੱਖਣਾ ਜ਼ਰੂਰੀ ਹੈ। ਗੁਰਮਤਿ ਸਿਧਾਂਤ ਅਨੁਸਾਰ ਅਕਾਲ ਪੁਰਖੁ ਜੂਨਾਂ ਵਿੱਚ ਆਉਂਦਾ ਹੀ ਨਹੀਂ ਅਤੇ ਦੇਹ ਕਦੇ ਵੀ ਨਹੀਂ ਧਾਰਦਾ। ਜੇਕਰ ਦੇਹ ਨਹੀਂ ਧਾਰਨ ਕਰਦਾ ਤਾਂ ਫਿਰ ਚੱਕ੍ਰ, ਸੰਖ, ਗਦਾ, ਬਨ ਵਾਲੀ ਗਿੱਟਿਆਂ ਤੱਕ ਲੰਬੀ ਫੁੱਲਾਂ ਦੀ ਮਾਲਾ ਕਿਵੇਂ ਧਾਰਨ ਕਰ ਸਕਦਾ ਹੈ? ਜੇਕਰ ਸੰਖ, ਚੱਕ੍ਰ, ਗਦਾ ਆਦਿ ਚਿੰਨ ਦੇਹ ਧਾਰਨ ਕਰਕੇ ਧਾਰਦਾ ਹੈ ਤਾਂ ਫਿਰ ਅਜੂਨੀ ਕਿਵੇਂ ਹੋ ਸਕਦਾ ਹੈ।
ਇਸ ਕਰਕੇ ਗੁਰਮਤਿ ਸਿਧਾਂਤ ਨੂੰ ਬਹੁਤ ਡੂੰਘਿਆਈ ਨਾਲ ਸਮਝਣ ਦੀ ਲੋੜ ਹੈ। ਗੁਰਮਤਿ ਸਿਧਾਂਤ ਅਨੁਸਾਰ ਸੰਖ, ਚੱਕ੍ਰ, ਗਦਾ, ਗਿੱਟਿਆਂ ਤੱਕ ਲੰਬੀ ਫੁੱਲਾਂ ਦੀ ਮਾਲਾ, ਆਦਿ ਵਰਗੇ ਚਿੰਨ ਕਰਮਕਾਂਡੀ ਲੋਕ ਧਾਰਨ ਕਰਦੇ ਹਨ। ਜਿਵੇਂ ਆਪਾਂ ਪਿੱਛੇ ਜ਼ਿਕਰ ਕਰ ਆਏ ਹਾਂ:-
ਸੰਖ ਚਕ੍ਰ ਮਾਲਾ ਤਿਲਕੁ ਬਿਰਾਜਿਤ ਦੇਖਿ ਪ੍ਰਤਾਪੁ ਜਮੁ ਡਰਿਓ॥
ਗੁਰੂ ਗ੍ਰੰਥ ਸਾਹਿਬ, ਪੰਨਾ 1105
ਨਾਮਦੇਵ ਜੀ ਨੇ ਸਪਸ਼ਟ ਕੀਤਾ ਹੈ ਕਿ ਕਰਮਕਾਂਡੀ ਲੋਕ ਇਸ ਭਰਮ ਅੰਦਰ ਹਨ ਕਿ ਇਹ ਚਿੰਨ ਧਾਰਨ ਕਰਦੇ ਹਨ ਕਿ ਅਜਿਹੇ ਚਿੰਨਾ ਦਾ ਪ੍ਰਭਾਵ ਦੇਖ ਕੇ ਜਮ ਡਰਦਾ ਹੈ।
ਇਸ ਸ਼ਬਦ ਦੀ ਅਸਲੀਅਤ ਨੂੰ ਸਮਝਣ ਵਾਸਤੇ ਇਸ ਸ਼ਬਦ ਤੋਂ ਪਹਿਲਾਂ ਜੋ ਸ਼ਬਦ ਹੈ, ਉਸ ਨਾਲ ਲੜੀ ਜੋੜਨੀ ਹੈ।
ੴਸਤਿਗੁਰ ਪ੍ਰਸਾਦਿ॥
ਤੂ ਸਾਹਿਬੁ ਹਉ ਸੇਵਕੁ ਕੀਤਾ॥
ਜੀਉ ਪਿੰਡੁ ਸਭੁ ਤੇਰਾ ਦੀਤਾ॥
ਗੁਰੂ ਗ੍ਰੰਥ ਸਾਹਿਬ, ਪੰਨਾ 1081

ਤੋ ਸੁਰੂ ਹੁੰਦਾ ਹੈ ਅਤੇ ਇਸ ਸਾਰੇ ਸ਼ਬਦ ਦੇ ਅੰਤ ਵਿੱਚ ਗੁਰੂ ਜੀ ਫੁਰਮਾਨ ਕਰਦੇ ਹਨ: -
ਤਿਸਹਿ ਸਰੀਕੁ ਨਾਹੀ ਰੇ ਕੋਈ॥ ਕਿਸ ਹੀ ਬੁਤੈ ਜਬਾਬੁ ਨ ਹੋਈ॥
ਨਾਨਕ ਕਾ ਪ੍ਰਭੁ ਆਪੇ ਆਪੇ ਕਰਿ ਕਰਿ ਵੇਖੈ ਚੋਜ ਖੜਾ॥ 16॥ 1॥ 10॥
ਗੁਰੂ ਗ੍ਰੰਥ ਸਾਹਿਬ, ਪੰਨਾ 1082
ਸਾਰੇ ਸ਼ਬਦ ਅੰਦਰ ਉਸ ਸਰਬ-ਵਿਆਪਕ ਪ੍ਰਭੂ ਦਾ ਸਾਰੀ ਸ੍ਰਿਸਟੀ ਅੰਦਰ ਵਰਤਾਰਾ ਦਰਸਾਇਆ ਹੈ। ਇਸ ਤੋਂ ਅਗਲੇ ਸ਼ਬਦ ਅੰਦਰ ਜੋ ਗੁਰੂ ਸਾਹਿਬ ਸਮਝਾਉਣ ਵਾਸਤੇ ਜਾ ਰਹੇ ਹਨ, ਉਸ ਬਾਰੇ ਅਖ਼ੀਰ ਵਿੱਚ ਇਸ਼ਾਰਾ ਕਰ ਗਏ ਹਨ।
ਤਿਸਹਿ ਸਰੀਕੁ ਨਾਹੀ ਰੇ ਕੋਈ॥
ਕਿਸ ਹੀ ਬੁਤੈ ਜਬਾਬੁ ਨ ਹੋਈ॥
ਗੁਰੂ ਗ੍ਰੰਥ ਸਾਹਿਬ, ਪੰਨਾ 1082
ਕਿ ਉਸ ਦਾ ਕੋਈ ਸ਼ਰੀਕ ਨਹੀਂ ਹੈ। ਕਿਸੇ ਬੁੱਤ ਭਾਵ ਪੰਜ ਭੂਤਕ ਸਰੀਰ ਕੋਲ ਕੋਈ ਜਵਾਬ ਨਹੀਂ ਹੈ, ਕਿ ਕੋਈ ਬੁੱਤ ਉਸ ਦਾ ਸਰੀਰ ਕਿਵੇਂ ਹੋ ਸਕਦਾ ਹੈ। ਅਸਲੀਅਤ ਇਹ ਹੈ ਕਿ ਬੁਤ ਨੇਂ ਇੱਕ ਦਿਨ ਖ਼ਤਮ ਹੋਣਾ ਹੀ ਹੈ, ਟੁੱਟਣਾ ਹੀ ਹੈ। ਉਸ ਸਰਬ-ਵਿਆਪਕ ਵਾਹਿਗੁਰੂ ਤੋਂ ਬਗ਼ੈਰ ਕੋਈ ਵੀ ਸਦੀਵੀ ਨਹੀਂ ਰਹਿ ਸਕਦਾ। ਇਸ ਸ਼ਬਦ ਤੋਂ ਅਗਲਾ ਸ਼ਬਦ ਜੋ ਮਹਲਾ 5 ਵਲੋਂ ਹੀ ਉਚਾਰਨ ਹੈ, ਅੰਦਰ ਦਰਸਾਇਆ ਹੈ ਕਿ ਕੋਈਂ ਫੁੱਲਾਂ ਦੀ ਮਾਲਾ ਗਿੱਟਿਆਂ ਤੱਕ ਲੰਬੀ ਪਾ ਕੇ, ਸੰਖ, ਚੱਕ੍ਰ, ਗਦਾ, ਮੁਕਟ, ਅਤੇ ਸੁਂਦਰ ਕੁੰਡਲ ਵਾਲ ਮਤਲਬ ਜ਼ੁਲਫ਼ਾਂ ਰੱਖ ਕੇ ਆਪਣੇ ਆਪ ਨੂੰ ਜਗਨ ਨਾਥ, ਗੋਪਾਲ, ਆਪਣੇ ਮੁੱਖ ਤੋਂ ਆਪ ਹੀ ਆਖ ਕੇ ਲੋਕਾਂ ਨੂੰ ਗੁਮਰਾਹ ਕਰ ਸਕਦਾ ਹੈ ਅਤੇ ਕੀਤਾ ਹੈ। ਪਰ ਜਿਹੜੇ ਹਰੀ ਦੇ ਦਾਸ ਹਨ, ਉਹ ਸਰਬ-ਵਿਆਪਕ ਹਰੀ ਦੀ ਸ਼ਰਨ ਆ ਜਾਂਦੇ ਹਨ। ਉਹ ਅਜਿਹੇ ਪ੍ਰਚਾਰ ਤੋਂ ਪ੍ਰਭਾਵਿਤ ਨਹੀਂ ਹੁੰਦੇ। ਉਹ ਸੱਚੇ ਦੇ ਸੱਚ ਨੂੰ ਦ੍ਰਿੜ੍ਹ ਕਰਦੇ ਹਨ ਅਤੇ ਜੰਮ ਕੇ ਮਰ ਜਾਣ ਵਾਲੇ ਨੂੰ ਜਾਂ ਟੁੱਟ ਕੇ ਚੂਰ ਹੋ ਜਾਣ ਵਾਲੇ ਨੂੰ ਜਾਂ ਬੁਤ-ਪ੍ਰਸਤ ਨੂੰ ਸਵੀਕਾਰਦੇ ਨਹੀਂ।
ਨਾਨਕ ਸਚੁ ਧਿਆਇਨਿ ਸਚੁ॥
ਜੋ ਮਰਿ ਜੰਮੇ ਸੁ ਕਚੁ ਨਿਕਚੁ॥ 1॥
ਗੁਰੂ ਗ੍ਰੰਥ ਸਾਹਿਬ, ਪੰਨਾ 463
ਸੋ ਪ੍ਰਮੇਸ਼ਰ ਸਰੀਰ ਧਾਰਕੇ ਅਜਿਹੇ ਚਿੰਨ ਨਹੀਂ ਧਾਰਦਾ। ਜੋ ਅਜਿਹੇ ਚਿੰਨ ਧਾਰਕੇ ਆਪਣੇ ਆਪ ਨੂੰ ਮੁੱਖ ਤੋਂ ਜਗਨਨਾਥ, ਗੋਪਾਲ, ਪੀਤ ਪੀਤਾਂਬਰ, ਤਿੰਨਾਂ ਭਵਨਾ ਦਾ ਮਾਲਕ, ਆਦਿ ਨਾਵਾਂ ਨਾਲ ਬਿਆਨ ਕਰਦੇ ਹਨ, ਉਹ ਆਤਮਿਕ ਤੌਰ ਤੇ ਮਰੇ ਹੋਏ ਮਨੁੱਖ ਹਨ ਜਾਂ ਸਨ। ਉਨ੍ਹਾਂ ਦੀ ਕਰਤੂਤ ਬਿਆਨ ਕੀਤੀ ਹੈ, ਸੋ ਗੁਰਮੁਖਾਂ ਨੇ ਭੁਲੇਖਾ ਨਹੀਂ ਖਾਣਾ। ਗੁਰਸਿੱਖਾਂ ਦਾ ਅਕਾਲ ਪੁਰਖੁ ਸਰਬ-ਵਿਆਪਕ ਹੈ ਅਤੇ ਅਜੂਨੀ ਹੈ। ਗੁਰਮਤਿ ਸਿਧਾਂਤ ਅਨੁਸਾਰ ਹੁਣ ਇਸ ਸ਼ਬਦ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕਰੀਏ।
ਮਾਰੂ ਮਹਲਾ 5॥
ਅਚੁਤ ਪਾਰਬ੍ਰਹਮ ਪਰਮੇਸੁਰ ਅੰਤਰਜਾਮੀ॥
ਮਧੁਸੂਦਨ ਦਾਮੋਦਰ ਸੁਆਮੀ॥
ਰਿਖੀਕੇਸ ਗੋਵਰਧਨ ਧਾਰੀ ਮੁਰਲੀ ਮਨੋਹਰ ਹਰਿ ਰੰਗਾ॥ 1॥
ਮੋਹਨ ਮਾਧਵ ਕ੍ਰਿਸ˜ ਮੁਰਾਰੇ॥
ਜਗਦੀਸੁਰ ਹਰਿ ਜੀਉ ਅਸੁਰ ਸੰਘਾਰੇ॥
ਜਗਜੀਵਨ ਅਬਿਨਾਸੀ ਠਾਕੁਰ ਘਟ ਘਟ ਵਾਸੀ ਹੈ ਸੰਗਾ॥ 2॥
ਧਰਣੀਧਰ ਈਸ ਨਰਸਿੰਘ ਨਾਰਾਇਣ॥
ਦਾੜਾ ਅਗ੍ਰੇ ਪ੍ਰਿਥਮਿ ਧਰਾਇਣ॥
ਬਾਵਨ ਰੂਪੁ ਕੀਆ ਤੁਧੁ ਕਰਤੇ ਸਭ ਹੀ ਸੇਤੀ ਹੈ ਚੰਗਾ॥ 3॥
ਸ੍ਰੀ ਰਾਮਚੰਦ ਜਿਸੁ ਰੂਪੁ ਨ ਰੇਖਿਆ॥
ਬਨਵਾਲੀ ਚਕ੍ਰਪਾਣਿ ਦਰਸਿ ਅਨੂਪਿਆ॥
ਸਹਸ ਨੇਤ੍ਰ ਮੂਰਤਿ ਹੈ ਸਹਸਾ ਇਕੁ ਦਾਤਾ ਸਭ ਹੈ ਮੰਗਾ॥ 4॥
ਭਗਤਿ ਵਛਲੁ ਅਨਾਥਹ ਨਾਥੇ॥
ਗੋਪੀ ਨਾਥੁ ਸਗਲ ਹੈ ਸਾਥੇ॥
ਬਾਸੁਦੇਵ ਨਿਰੰਜਨ ਦਾਤੇ ਬਰਨਿ ਨ ਸਾਕਉ ਗੁਣ ਅੰਗਾ॥ 5॥
ਮੁਕੰਦ ਮਨੋਹਰ ਲਖਮੀ ਨਾਰਾਇਣ॥
ਦ੍ਰੋਪਤੀ ਲਜਾ ਨਿਵਾਰਿ ਉਧਾਰਣ॥
ਕਮਲਾਕੰਤ ਕਰਹਿ ਕੰਤੂਹਲ ਅਨਦ ਬਿਨੋਦੀ ਨਿਹਸੰਗਾ॥ 6॥
ਅਮੋਘ ਦਰਸਨ ਆਜੂਨੀ ਸੰਭਉ॥
ਅਕਾਲ ਮੂਰਤਿ ਜਿਸੁ ਕਦੇ ਨਾਹੀ ਖਉ॥
ਅਬਿਨਾਸੀ ਅਬਿਗਤ ਅਗੋਚਰ ਸਭੁ ਕਿਛੁ ਤੁਝ ਹੀ ਹੈ ਲਗਾ॥ 7॥
ਸ੍ਰੀਰੰਗ ਬੈਕੁੰਠ ਕੇ ਵਾਸੀ॥
ਮਛੁ ਕਛੁ ਕੂਰਮੁ ਆਗਿਆ ਅਉਤਰਾਸੀ॥
ਕੇਸਵ ਚਲਤ ਕਰਹਿ ਨਿਰਾਲੇ ਕੀਤਾ ਲੋੜਹਿ ਸੋ ਹੋਇਗਾ॥ 8॥
ਨਿਰਾਹਾਰੀ ਨਿਰਵੈਰੁ ਸਮਾਇਆ॥
ਧਾਰਿ ਖੇਲੁ ਚਤੁਰਭੁਜੁ ਕਹਾਇਆ॥
ਸਾਵਲ ਸੁੰਦਰ ਰੂਪ ਬਣਾਵਹਿ ਬੇਣੁ ਸੁਨਤ ਸਭ ਮੋਹੈਗਾ॥ 9॥
ਬਨਮਾਲਾ ਬਿਭੂਖਨ ਕਮਲ ਨੈਨ॥
ਸੁੰਦਰ ਕੁੰਡਲ ਮੁਕਟ ਬੈਨ॥
ਸੰਖ ਚਕ੍ਰ ਗਦਾ ਹੈ ਧਾਰੀ ਮਹਾ ਸਾਰਥੀ ਸਤਸੰਗਾ॥ 10॥
ਪੀਤ ਪੀਤੰਬਰ ਤ੍ਰਿਭਵਣ ਧਣੀ॥
ਜਗੰਨਾਥੁ ਗੋਪਾਲੁ ਮੁਖਿ ਭਣੀ॥
ਸਾਰਿੰਗਧਰ ਭਗਵਾਨ ਬੀਠੁਲਾ ਮੈ ਗਣਤ ਨ ਆਵੈ ਸਰਬੰਗਾ॥ 11॥
ਨਿਹਕੰਟਕੁ ਨਿਹਕੇਵਲੁ ਕਹੀਐ॥
ਧਨੰਜੈ ਜਲਿ ਥਲਿ ਹੈ ਮਹੀਐ॥
ਮਿਰਤ ਲੋਕ ਪਇਆਲ ਸਮੀਪਤ ਅਸਥਿਰ ਥਾਨੁ ਜਿਸੁ ਹੈ ਅਭਗਾ॥ 12॥
ਪਤਿਤ ਪਾਵਨ ਦੁਖ ਭੈ ਭੰਜਨੁ॥
ਅਹੰਕਾਰ ਨਿਵਾਰਣੁ ਹੈ ਭਵ ਖੰਡਨੁ॥
ਭਗਤੀ ਤੋਖਿਤ ਦੀਨ ਕ੍ਰਿਪਾਲਾ ਗੁਣੇ ਨ ਕਿਤ ਹੀ ਹੈ ਭਿਗਾ॥ 13॥
ਨਿਰੰਕਾਰੁ ਅਛਲ ਅਡੋਲੋ॥
ਜੋਤਿ ਸਰੂਪੀ ਸਭੁ ਜਗੁ ਮਉਲੋ॥
ਸੋ ਮਿਲੈ ਜਿਸੁ ਆਪਿ ਮਿਲਾਏ ਆਪਹੁ ਕੋਇ ਨ ਪਾਵੈਗਾ॥ 14॥
ਆਪੇ ਗੋਪੀ ਆਪੇ ਕਾਨਾ॥
ਆਪੇ ਗਊ ਚਰਾਵੈ ਬਾਨਾ॥
ਆਪਿ ਉਪਾਵਹਿ ਆਪਿ ਖਪਾਵਹਿ ਤੁਧੁ ਲੇਪੁ ਨਹੀ ਇਕੁ ਤਿਲੁ ਰੰਗਾ॥ 15॥
ਏਕ ਜੀਹ ਗੁਣ ਕਵਨ ਬਖਾਨੈ॥
ਸਹਸ ਫਨੀ ਸੇਖ ਅੰਤੁ ਨ ਜਾਨੈ॥
ਨਵਤਨ ਨਾਮ ਜਪੈ ਦਿਨੁ ਰਾਤੀ ਇਕੁ ਗੁਣੁ ਨਾਹੀ ਪ੍ਰਭ ਕਹਿ ਸੰਗਾ॥ 16॥
ਓਟ ਗਹੀ ਜਗਤ ਪਿਤ ਸਰਣਾਇਆ॥
ਭੈ ਭਇਆਨਕ ਜਮਦੂਤ ਦੁਤਰ ਹੈ ਮਾਇਆ॥
ਹੋਹੁ ਕ੍ਰਿਪਾਲ ਇਛਾ ਕਰਿ ਰਾਖਹੁ ਸਾਧ ਸੰਤਨ ਕੈ ਸੰਗਿ ਸੰਗਾ॥ 17॥
ਦ੍ਰਿਸਟਿਮਾਨ ਹੈ ਸਗਲ ਮਿਥੇਨਾ॥
ਇਕੁ ਮਾਗਉ ਦਾਨੁ ਗੋਬਿਦ ਸੰਤ ਰੇਨਾ॥
ਮਸਤਕਿ ਲਾਇ ਪਰਮ ਪਦੁ ਪਾਵਉ ਜਿਸੁ ਪ੍ਰਾਪਤਿ ਸੋ ਪਾਵੈਗਾ॥ 18॥
ਜਿਨ ਕਉ ਕ੍ਰਿਪਾ ਕਰੀ ਸੁਖਦਾਤੇ॥
ਤਿਨ ਸਾਧੂ ਚਰਣ ਲੈ ਰਿਦੈ ਪਰਾਤੇ॥
ਸਗਲ ਨਾਮ ਨਿਧਾਨੁ ਤਿਨ ਪਾਇਆ ਅਨਹਦ ਸਬਦ ਮਨਿ ਵਾਜੰਗਾ॥ 19॥
ਕਿਰਤਮ ਨਾਮ ਕਥੇ ਤੇਰੇ ਜਿਹਬਾ॥
ਸਤਿ ਨਾਮੁ ਤੇਰਾ ਪਰਾ ਪੂਰਬਲਾ॥
ਕਹੁ ਨਾਨਕ ਭਗਤ ਪਏ ਸਰਣਾਈ ਦੇਹੁ ਦਰਸੁ ਮਨਿ ਰੰਗੁ ਲਗਾ॥ 20॥
ਤੇਰੀ ਗਤਿ ਮਿਤਿ ਤੂਹੈ ਜਾਣਹਿ॥
ਤੂ ਆਪੇ ਕਥਹਿ ਤੈ ਆਪਿ ਵਖਾਣਹਿ॥
ਨਾਨਕ ਦਾਸੁ ਦਾਸਨ ਕੋ ਕਰੀਅਹੁ ਹਰਿ ਭਾਵੈ ਦਾਸਾ ਰਾਖੁ ਸੰਗਾ॥ 21॥ 2॥ 11॥
ਗੁਰੂ ਗ੍ਰੰਥ ਸਾਹਿਬ, ਪੰਨਾ 1082-1083

ਪਦ ਅਰਥ
ਅਚੁਤ – ਜੋ ਨਾਸ ਹੋਣ ਵਾਲਾ ਨਹੀਂ, ਸਦਾ ਰਹਿਣ ਵਾਲਾ ਪ੍ਰਭੂ
ਅਚੁਤ ਪਾਰਬ੍ਰਹਮ ਪਰਮੇਸੁਰ ਅੰਤਰਜਾਮੀ – ਸਦਾ ਰਹਿਣ ਵਾਲਾ, ਹਿਰਦੇ ਦੀਆਂ ਜਾਨਣ ਵਾਲਾ, ਪ੍ਰਭੂ
ਮਧੁਸੂਦਨ – ਕਰਮਜਾਲ ਤੋੜਨ ਵਾਲਾ
ਦਾਮੋਦਰ – ਗਿਆਨ ਦੀ ਬਖ਼ਸ਼ਿਸ਼ ਨਾਲ ਆਤਮਿਕ ਗਿਆਨ ਰੂਪੀ ਸੁਆਸ ਬਖ਼ਸ਼ਿਸ਼ ਕਰਕੇ ਕਾਮ ਕ੍ਰੋਧ ਰੂਪੀ ਜ਼ਹਿਰ ਨੂੰ ਖ਼ਤਮ ਕਰਨ ਵਾਲਾ ਸੁਆਮੀ ਅਕਾਲ ਪੁਰਖੁ
ਸੰਤ ਕ੍ਰਿਪਾਲ ਦਇਆਲ ਦਮੋਦਰ ਕਾਮ ਕ੍ਰੋਧ ਬਿਖੁ ਜਾਰੇ॥
ਰਾਜੁ ਮਾਲੁ ਜੋਬਨੁ ਤਨੁ ਜੀਅਰਾ ਇਨ ਊਪਰਿ ਲੈ ਬਾਰੇ॥ 1॥
ਗੁਰੂ ਗ੍ਰੰਥ ਸਾਹਿਬ, ਪੰਨਾ 680
ਰਿਖੀਕੇਸ – ਸੁਆਮੀ ਪਾਰਬ੍ਰਹਮ
ਗੋਵਰਧਨ ਧਾਰੀ – ਸ੍ਰਿਸ਼ਟੀ ਨੂੰ ਆਸਰਾ ਦੇਣ ਵਾਲਾ
ਮੁਰਲੀ ਮਨੋਹਰ – ਮੁਰਲੀ ਵਜਾਉਣ ਵਾਲਾ
ਹਰਿ ਰੰਗਾ – ਹਰਿ ਦੇ ਰੰਗਾਂ ਦੇ ਤੁੱਲ ਆਪਣੇ ਰੰਗ ਦੱਸਣ ਵਾਲਾ ਮੁਰਲੀ ਮਨੋਹਰ ਆਪਣੇ ਆਪ ਨੂੰ ਦਮੋਦਰ, ਅਚੁਤ, ਪਾਰਬ੍ਰਹਮ, ਪ੍ਰਮੇਸ਼ਰ, ਰਿਖੀਕੇਸ਼, ਅੰਤਰਜਾਮੀ ਦੱਸਣ ਵਾਲਾ
ਮੋਹਨ – ਗੁਮਰਾਹ ਕਰਨਾ (ਮਹਾਨ ਕੋਸ਼), ਗੁਮਰਾਹ ਕਰਨ ਵਾਲਾ
ਮੋਹਨ ਮਾਧਵ ਕ੍ਰਿਸ˜ ਮੁਰਾਰੇ – ਗੁਮਰਾਹ ਕਰਨ ਲਈ ਆਪਣੇ ਆਪ ਨੂੰ ਮਾਧਵ ਕ੍ਰਿਸ਼ਨ ਮੁਰਾਰੀ ਦੱਸਣ ਵਾਲਾ
ਜਗਦੀਸੁਰ ਹਮਿ ਜੀਉ ਅਸੁਰ ਸੰਘਾਰੇ – ਦੈਂਤਾਂ ਦਾ ਨਾਸ ਕਰਨ ਵਾਲਾ
ਜਗਜੀਵਨ ਅਬਿਨਾਸੀ ਠਾਕੁਰ –ਜਗਤ ਨੂੰ ਜੀਵਨ ਦੇਣ ਵਾਲਾ, ਕਦੇ ਨਾਂਹ ਖ਼ਤਮ ਹੋਣ ਵਾਲਾ
ਧਰਣੀਧਰ – ਸ੍ਰਿਸਟੀ ਨੂੰ ਆਸਰਾ ਦੇਣ ਵਾਲਾ
ਨਰਸਿੰਘ ਨਾਰਾਇਣ – ਆਤਮਿਕ ਤੌਰ ਤੇ ਖ਼ਤਮ ਕਰ ਦੇਣ ਵਾਲੀ ਵੀਚਾਰਧਾਰਾ ਨੂੰ ਖ਼ਤਮ ਕਰ ਦੇਣ ਵਾਲਾ ਪ੍ਰਭੂ ਦਾ ਬਖਸਿਆ ਹੋਇਆ ਆਤਮਕ ਗਿਆਨ
ਦਾੜਾ – ਸਿਰ, ਆਪਣੇ ਸਿਰ ਉੱਪਰ ਸਾਰੀ ਸ੍ਰਿਸ਼ਟੀ ਦਾ ਬੋਝ ਸਮਝਣਾ (ਇਹ ਸਮਝਣਾ ਕਿ ਸਾਰੀ ਸ੍ਰਿਸ਼ਟੀ ਮੇਰੇ ਆਸਰੇ ਹੀ ਖੜੀ ਹੈ)
ਦਾੜਾ ਅਗ੍ਰੇ – ਕਿਸੇ ਦੇਹਧਾਰੀ ਨੇ ਆਪਣੇ ਸਿਰ ਤੇ ਸਾਰੀ ਸ੍ਰਿਸ਼ਟੀ ਦੀ ਜ਼ੁੱਮੇਂਵਾਰੀ ਸਮਝਣਾ
ਪ੍ਰਿਥਮਿ – ਸ੍ਰਿਸ਼ਟੀ
ਬਾਵਨ – ਨੀਵਾਂ ਪੱਧਰ, ਨੀਵੇਂ ਪੱਧਰ ਦੀ ਸੋਚ (ਬਾਵਨ ਦਾ ਅਰਥ ਬੌਨਾ, ਨੀਵਾਂ, ਛੋਟਾ ਹੈ ਸੋ ਇਥੇ ਛੋਟੀ ਘਟੀਆ ਸੋਚ ਬਾਰੇ ਹੈ)
ਰੂਪੁ – ਸੰ: ਦ੍ਰਿਸ਼ਯ ਕਾਵਯ ਨਾਟਕ, ਨਕਲ, ਨਕਲ ਕਰਨਾ (ਮਹਾਨ ਕੋਸ਼)
ਸ੍ਰੀ – ਸ੍ਰੇਸ਼ਟ
ਸ੍ਰੀ ਰਾਮਚੰਦ – ਜੋ ਵਾਹਿਗੁਰੂ ਰਾਮ ਸ੍ਰੇਸ਼ਟ ਹੈ
ਜਿਸੁ ਰੂਪੁ ਨ ਰੇਖਿਆ – ਜਿਸ ਦਾ ਕੋਈ ਬਦਲ ਨਹੀਂ, ਜਿਸ ਦੀ ਕੋਈ ਨਕਲ ਨਹੀਂ
ਬਨਵਾਲੀ – ਜੰਗਲੀ ਫੁੱਲਾਂ ਦੀ ਮਾਲਾ
ਚਕ੍ਰਪਾਣਿ – ਹੱਥ ਵਿੱਚ ਸੁਦਰਸ਼ਨ ਚੱਕ੍ਰ ਰੱਖਣਾ
ਦਰਸਿ – ਉਪਮਾ
ਨਾਨਕ ਦਰਸਿ ਲੀਨਾ ਜਿਉ ਜਲ ਮੀਨਾ॥
ਗੁਰੂ ਗ੍ਰੰਥ ਸਾਹਿਬ, ਪੰਨਾ 1236
ਨਾਨਕ ਉਸ ਅਕਾਲ ਪੁਰਖੁ ਦੀ ਉਪਮਾ ਵਿੱਚ ਇਸ ਤਰ੍ਹਾਂ ਲੀਨ ਹੈ ਜਿਵੇਂ ਮੱਛੀ ਪਾਣੀ ਵਿੱਚ
ਅਨੂਪਿਆ – ਬੇਮਿਸਾਲ, ਜਿਸ ਦੇ ਕੋਈ ਤੁੱਲ ਨਹੀਂ ਹੋ ਸਕਦਾ
ਦਰਸਿ ਅਨੂਪਿਆ – ਜਿਸ ਦੀ ਉਪਮਾ ਬੇਮਿਸਾਲ ਹੈ, ਉਹ ਬੇਮਿਸਾਲ ਜਿਸ ਦੀ ਕਿਸੇ ਨਾਲ ਤੁਲਨਾ ਨਾਂਹ ਦਿੱਤੀ ਜਾ ਸਕੇ
ਸਹਸ – ਹਜ਼ਾਰਾਂ
ਨੇਤ੍ਰ – ਅੱਖਾਂ
ਸਹਸ ਨੇਤ੍ਰ ਮੂਰਤਿ ਹੈ ਸਹਸਾ – ਅੱਖਾਂ ਸਾਹਮਣੇ ਹਜ਼ਾਰਾਂ ਅਜਿਹੀਆਂ ਮੂਰਤੀਆਂ ਹਨ ਜੋ ਇਸ ਭੁਲੇਖੇ ਵਿੱਚ ਹਨ ਕਿ ਉਹ ਬਿਨਾਂ ਵਿਚਾਰਨ ਦੇ ਆਪਣੇ ਆਪ ਨੂੰ ਅਚੁਤ, ਪਾਰਬ੍ਰਹਮ, ਅੰਤਰਜਾਮੀ, ਦਰਸਾਉਂਦੀਆਂ ਹਨ
ਸਹਸਾ – ਭੁਲੇਖਾ, ਭੁਲੇਖੇ ਅੰਦਰ, ਬਿਨਾਂ ਵੀਚਾਰੇ, ਭਰਮ ਅੰਦਰ ਕਰਮਕਾਂਡੀ ਜਾਲ ਬੁਨਣਾ
ਇਕੁ ਦਾਤਾ ਸਭ ਹੈ ਮੰਗਾ – ਸਾਰਿਆ ਦੇ ਮੰਗਣ ਲਈ ਇੱਕ ਹੀ ਦਾਤਾ ਹੈ, ਭਾਵ ਇੱਕ ਦਾਤੇ ਦੇ ਹੀ ਸਭ ਮੰਗਤੇ ਹਨ
ਕੁੱਝ ਲੋਕ ਆਪਣੇ ਆਪ ਨੂੰ ਹੀ ਦਾਤਾ ਜਾਂ ਸਾਰਿਆ ਨੂੰ ਦਾਤਾਂ ਦੇਣ ਵਾਲਾ ਸਮਝਦੇ ਹਨ
ਭਗਤਿ ਵਛਲੁ – ਭਗਤੀ ਕਰਨ ਵਾਲੇ ਭਗਤਾਂ ਨੂੰ ਪਿਆਰ ਕਰਨ ਵਾਲਾ
ਗੋਪੀ ਨਾਥੁ – ਗੋਪੀਆਂ ਦਾ ਨਾਥ
ਸਗਲ ਹੈ ਸਾਥੇ – ਆਪਣੇ ਆਪ ਨੂੰ ਭਗਤ ਵਛਲ ਅਖਵਾਉਣ ਵਾਲਾ ਆਪਣੇ ਆਪ ਨੂੰ ਸੰਮੂਹ ਗੋਪੀਆਂ ਦੇ ਸਾਥ ਸੰਗ ਰਹਿਣ ਵਾਲਾ ਦਰਸਾਉਣ ਵਾਲਾ
ਬਾਸੁਦੇਵ ਨਿਰੰਜਨ ਦਾਤੇ – ਆਪਣੇ ਆਪ ਨੂੰ ਸਰਬ-ਵਿਆਪਕ ਨਿਰੰਜਨ ਦਾਤਾ ਅਖਵਾਉਣ ਵਾਲਾ
ਬਰਨਿ – ਵਰਨਣ
ਬਰਨਿ ਨ ਸਾਕਉ – ਵਰਨਣ ਨਹੀਂ ਕਰ ਸਕਦਾ
ਗੁਣ – ਗੁਣ
ਅੰਗਾ – ਸੰ: ਦੇਹ ਸਰੀਰ
ਬਰਨਿ ਨ ਸਾਕਉ ਗੁਣ ਅੰਗਾ – ਕੋਈ ਦੇਹ, ਸਰੀਰ ਆਪਣੇ ਆਪ ਨੂੰ ਬਾਸਵੇਦ, ਨਿਰੰਜਨ ਅਖਵਾਕੇ ਉਸ ਦੇ ਗੁਣਾ ਦਾ ਵਰਨਣ ਨਹੀਂ ਕਰ ਸਕਦਾ
ਨੋਟ - ਬਾਸਦੇਵ, ਸਬਦ ਗੁਰਮਤ ਸਿਧਾਤ ਅੰਦਰ ਸਰਬਵਿਆਪਕ ਅਕਾਲ ਪੁਰਖ ਵਾਸਾਤੇ ਵਰਤਿਆ ਗਿਆ ਹੈ “ਬਾਸੁਦੇਵ ਬਸਤ ਸਭ ਠਾਇ” ਇਸ ਸਬਦ ਅੰਦਰ ਕੋਈ ਮਨੁੱਖ ਬਾਸਦੇਵ ਆਪਣੇ ਨਾਮ ਨਾਲ ਜੋੜ ਲਵੇ ਤਾ ਸਰਬਵਿਆਪਕ ਨਹੀ ਬਣ ਜਾਂਦਾ।
ਮੁਕੰਦ ਮਨੋਹਰ ਲਖਮੀ ਨਾਰਾਇਣ – ਕੋਈ ਸਰੀਰ, ਦੇਹ, ਅਵਤਾਰੀ, ਆਪਣੇ ਆਪ ਨੂੰ ਮੁਕਤੀ ਦਾਤਾ ਲਖਮੀ ਦਾ ਪਤੀ ਅਖਵਾਉਣ ਵਾਲਾ
ਦ੍ਰੋਪਤੀ ਲਜਾ ਨਿਵਾਰਿ ਉਧਾਰਣ – ਆਪਣੇ ਆਪ ਨੂੰ ਦ੍ਰੋਪਤੀ ਦੀ ਲੱਜਾ ਰੱਖ ਕੇ ਉਸ ਦਾ ਉਧਾਰ ਕਰਨ ਵਾਲਾ ਕਹਿਣ ਵਾਲਾ
ਕਮਲਾਕੰਤ – ਮਾਇਆ ਨੂੰ ਆਪਣੀ ਦਾਸੀ ਦੱਸਣ ਵਾਲਾ, ਕਮਲਾ ਪਤੀ ਅਖਵਾਉਣ ਵਾਲਾ
ਕਰਹਿ ਕੰਤੂਹਲ – ਕੌਤਕ ਕਰਨ ਵਾਲਾ, ਮਾਇਆ ਨੂੰ ਮਾਨਣ ਵਾਲਾ
ਅਨਦ ਬਿਨੋਦੀ – ਮਾਇਆ ਨੂੰ ਮਾਣ ਕੇ ਵੀ ਆਪਣੇ ਆਪ ਨੂੰ ਅਨਦ ਬਿਨੋਦੀ ਭਾਵ ਨਿਰਲੇਪ ਦੱਸਣ ਵਾਲਾ
ਨਿਹਸੰਗਾ – ਸੰ: ਬੇਲਾਗ, ਬੇਦਾਗ਼
ਅਮੋਘ ਦਰਸਨ –ਬਖ਼ਸ਼ਿਸ਼ ਕਰਨ ਵਾਲਾ
ਆਜੂਨੀ ਸੰਭਉ – ਅਜੂਨੀ ਜੋ ਆਪਣੇ ਆਪ ਤੋਂ ਆਪ ਪ੍ਰਕਾਸ਼ਮਾਨ ਹੈ (ਜੋ ਜੂਨਾਂ ਵਿੱਚ ਨਹੀਂ ਆਉਂਦਾ)
ਅਕਾਲ ਮੂਰਤਿ ਜਿਸੁ ਕਦੇ ਨਾਹੀ ਖਉ – ਆਪਣੇ ਆਪ ਤੋਂ ਜੋ ਆਪ ਪ੍ਰਕਾਸ਼ਮਾਨ ਵਾਹਿਗੁਰੂ ਹੈ, ਜਿਸ ਦੀ ਹੋਂਦ ਨਾਸ਼ਵਾਨ ਨਹੀਂ, ਸਦੀਵੀ ਹੈ
ਮੂਰਤਿ - ਹੋਂਦ
ਅਬਿਨਾਸੀ – ਨਾਂ ਨਾਸ਼ ਹੋਣ ਵਾਲਾ ਕਰਤਾਰ
ਅਬਿਗਤ ਅਗੋਚਰ – ਕਦੇ ਵੀ ਖਤਮ ਨਾਂਹ ਹੋਣ ਵਾਲਾ
ਲਗਾ – ਸੰ: ਤੁਲਨਾ, ਬਰਾਬਰੀ, ਸਮਾਨਤਾ, ਆਸਰਾ
ਅਬਿਨਾਸੀ ਅਬਿਗਤ ਅਗੋਚਰ ਸਭੁ ਕਿਛੁ ਤੁਝ ਹੀ ਹੈ ਲਗਾ – ਕਦੇ ਨਾਂਹ ਨਾਸ਼ ਹੋਣ ਵਾਲਾ ਜੋ ਵਾਹਿਗੁਰੂ ਹੈ, ਸਭ ਕੁੱਝ ਉਸ ਦੇ ਆਸਰੇ ਹੀ ਹੈ
ਤੁਝ ਹੀ – ਉਸ ਵਾਹਿਗੁਰੂ ਦਾ ਹੀ, ਤੇਰਾ ਹੀ
ਸ੍ਰੀ ਰੰਗ – ਸੰ: ਸ੍ਰੀ (ਲਖਮੀ) ਤੋਂ ਰੰਗ (ਨਾਚ) ਕਰਾਉਣ ਵਾਲਾ, ਕਰਤਾਰ (ਮਹਾਨ ਕੋਸ਼)
ਕਿਸੇ ਅਵਤਾਰੀ ਵਲੋਂ ਆਪਣੇ ਆਪ ਨੂੰ ਲੱਛਮੀ ਤੋਂ ਨਾਚ ਕਰਵਾਉਣ ਵਾਲਾ ਅਖਵਾਉਣਾ
ਨੋਟ – ਇਸ ਸ਼ਬਦ ਦੇ ਸਿਧਾਂਤ ਮੁਤਾਬਕ ਜੋ ਪ੍ਰਕਰਣ ਚੱਲ ਰਿਹਾ ਹੈ, ਉਸ ਪ੍ਰਕਰਣ ਮੁਤਾਬਕ ਇਹ ਅਰਥ ਬਣਦੇ ਹਨ, ਕਿਉਂਕਿ ਇਥੇ ਅਖੌਤੀ ਅਵਤਾਰਾਂ ਵਲੋਂ ਜੋ ਆਪਣੇ ਆਪ ਨੂੰ ਪਾਰਬ੍ਰਹਮ ਕਰਤਾਰ ਦਰਸਾ ਕੇ ਲੋਕਾਂ ਨੂੰ ਗੁਮਰਾਹ ਕੀਤਾ ਗਿਆ ਹੈ, ਉਸ ਦਾ ਖੰਡਨ ਹੈ। ਜੋ ਆਪਣੇ ਆਪ ਨੂੰ ਲੱਛਮੀ ਤੋਂ ਨਾਚ ਕਰਵਾਉਣ ਵਾਲਾ ਕਰਤਾਰ ਆਖਦਾ ਹੈ, ਜਿਹੜਾ ਆਪਣੇ ਆਪ ਨੂੰ ਕਦੇ ਬੈਕੁੰਠ ਦਾ ਵਾਸੀ ਦੱਸਦਾ ਹੈ, ਕਦੇ ਲੋੜ ਪੈਣ ਤੇ ਕੱਛੂ ਕੁੰਮਾ ਅਵਤਾਰ ਦੱਸਦਾ ਹੈ, ਇਸ ਸ਼ਬਦ ਅੰਦਰ ਮਾਇਆ ਦੇ ਰੰਗ ਮਾਨਣ ਵਾਲੇ ਐਸੇ ਅਵਤਾਰ ਦਾ ਹੀ ਖੰਡਨ ਹੈ।
ਕੇਸਵ – ਕਰਤਾਰ
ਚਲਤ – ਕੌਤਕ
ਕੇਸਵ ਚਲਤ ਕਰਹਿ ਨਿਰਾਲੇ – ਕਰਤਾਰ ਦੇ ਅਸਚਰਜ ਕੌਤਕਾਂ ਨੂੰ ਆਪਣੇ ਕੌਤਕ ਦੱਸਣ ਵਾਲਾ
ਕੀਤਾ – ਕਰਨਾ
ਲੋੜ – ਜ਼ਰੂਰਤ
ਲੋੜਹਿ – ਜ਼ਰੂਰਤ ਪੈਣ ਤੇ
ਸੋ – ਉਹ
ਹੋਇਗਾ – ਹੁੰਦਾ ਹੈ, ਜਾਂ ਹੋਏਗਾ
ਧਾਰਿ – ਧਾਰ ਕੇ, ਰਚ ਕੇ
ਖੇਲ – ਤਮਾਸ਼ਾ
ਚਤੁਰਭੁਜੁ – ਚਾਰ ਬਾਹਾਂ ਵਾਲਾ (ਬ੍ਰਹਮਾ)
ਸਾਵਲ ਸੁੰਦਰ ਰੂਪ – ਸਾਂਵਲਾ ਸੁੰਦਰ ਰੂਪ
ਬਣਾਵਹਿ – ਬਣਾਉਣਾ
ਬੇਣੁ – ਬੰਸਰੀ
ਸੁਨਤ – ਸੁਣਦਿਆਂ
ਮੋਹੈਗਾ – ਮੋਹ ਲੈਣਾ
ਬਨਮਾਲਾ – ਜੰਗਲੀ ਫੁੱਲਾਂ ਦੀ ਮਾਲਾ
ਬਿਭੂਖਨ – ਗਹਿਣੇ
ਕਮਲ ਨੈਣ – ਸੋਹਣੀਆਂ ਅੱਖਾਂ
ਸੁੰਦਰ ਕੁੰਡਲ – ਸੋਹਣੀਆ ਜ਼ੁਲਫ਼ਾਂ, ਕੁੰਡਲੇ ਵਾਲ
ਮੁਕਟ ਬੈਨ – ਸੁੰਦਰ ਮੁਕਟ
ਸੰਖ – ਸੰਖ
ਚਕ੍ਰ - ਸੁਦਰਸ਼ਨ ਚੱਕ੍ਰ
ਗਦਾ – ਗੁਰਜ
ਧਾਰੀ – ਧਾਰਨ ਕਰਨ ਵਾਲਾ
ਮਹਾ – ਸੰ: ਵੱਡਾ
ਸਾਰਥੀ – ਸੰ: ਧਨਵਾਨ
ਸਤਸੰਗਾ – ਜਿਸ ਦਾ ਮਿਲਾਪ ਫਲ ਦੇਣ ਵਾਲਾ ਹੈ
ਮਹਾ ਸਾਰਥੀ ਸਤਸੰਗਾ – ਆਪਣੇ ਆਪ ਨੂੰ ਵੱਡਾ ਧਨਵਾਨ ਫਲ ਦੇਣ ਵਾਲਾ ਆਪਣੇ ਮੁੱਖ ਤੋਂ ਆਪ ਅਖਵਾਉਣ ਵਾਲਾ
ਮੁਖਿ ਭਣੀ – ਆਪਣੇ ਮੁਖ ਤੋਂ ਆਪ ਆਪਣੇ ਲਈ ਇਹ ਸ਼ਬਦ ਵਰਤਣ ਵਾਲਾ
ਪੀਤ ਪੀਤੰਬਰ ਤ੍ਰਿਭਵਣ ਧਣੀ – ਤਿੰਨਾ ਭਵਨਾ ਦਾ ਮਾਲਕ, ਇਹ ਨਾਮ ਪਰਮੇਸਰ ਲਈ ਸੋਭਦਾ ਹੈ, ਪਰ ਦੇਹਧਾਰੀ ਪੀਲੇ ਬਸਤਰ ਧਾਰਨ ਕਰਕੇ, ਆਪਣੇ ਆਪ ਨੂੰ ਤਿੰਨਾ ਭਵਣਾ ਦਾ ਮਾਲਕ ਅਕਵਾਉਦਾ ਹੈ।
ਸਾਰਿੰਗਧਰ – ਧਨੁਖਧਾਰੀ
ਭਗਵਾਨ – ਪ੍ਰਭੂ
ਬੀਠੁਲਾ – ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲਾ
ਮੈ ਗਣਤ ਨ ਆਵੈ – ਮੈਂ ਗਿਣਤੀ ਮਿਣਤੀ ਵਿੱਚ ਨਹੀਂ ਪੈਂਦਾ
ਸਰਬੰਗਾ – ਅੰਗਾ ਵਾਲੇ ਦੇਹਧਾਰੀ (ਸਰਬ ਅੰਗਾ)
ਨਿਹਕੰਟਕੁ – ਦੁਸ਼ਮਣ ਰਹਿਤ
ਨਿਹਕੇਵਲੁ – ਅਦੁੱਤਾ, ਪਰਮ ਸੁੱਧ, ਵਾਸ਼ਨਾ ਰਹਿਤ
ਕਹੀਐ – ਆਪਣੇ ਆਪ ਨੂੰ ਆਪ ਕਹਿਣ ਵਾਲਾ
ਧਨੰਜੈ – ਧਨ ਨੂੰ ਜਿਤਣ ਵਾਲਾ
ਜਲਿ ਥਲਿ – ਜਲ ਵਿੱਚ, ਥਲ ਵਿੱਚ
ਮਹੀਐ – ਮੈਂ ਹੀ ਹਾਂ
ਮਿਰਤ ਲੋਕ – ਖਤਮ ਹੋ ਜਾਣ ਵਾਲੇ ਲੋਕ, ਆਤਮਿਕ ਤੌਰ ਤੇ ਮਰੇ ਹੋਏ ਲੋਕ
ਪਇਆਲ – ਨੀਵਾਂ
ਕਬਹੂ ਜੀਅੜਾ ਊਭਿ ਚੜਤੁ ਹੈ ਕਬਹੂ ਜਾਇ ਪਇਆਲੇ
ਗੁਰੂ ਗ੍ਰੰਥ ਸਾਹਿਬ, ਪੰਨਾ 876
ਸਮੀਪਤ – ਬਹੁਤ ਨੇੜੇ
ਅਸਥਿਰ – ਸਥਿਰ, ਅਸਥਿਤ
ਜਿਸੁ – ਜਿਸ ਦਾ
ਹੈ ਅਭਗਾ – ਅਟੁੱਟ
ਪਤਿਤ ਪਾਵਨ – ਵਿਕਾਰਾਂ ਵਿੱਚ ਡਿਗੇ ਪਤਿਤਾਂ ਨੂੰ ਪਾਵਨ ਕਰਨ ਵਾਲਾ
ਦੁਖ ਭੈ ਭੰਜਨੁ – ਦੁਖਾਂ ਦਾ ਨਾਸ ਕਰਨ ਵਾਲਾ
ਅਹੰਕਾਰ ਨਿਵਾਰਣੁ – ਹੰਕਾਰ ਨੂੰ ਖ਼ਤਮ ਕਰਨ ਵਾਲਾ
ਭਗਤੀ ਤੋਖਿਤ – ਭਗਤੀ ਤੇ ਪ੍ਰਸੰਨ ਹੋਣ ਵਾਲਾ
ਦੀਨ ਕ੍ਰਿਪਾਲਹ – ਦੀਨਾ ਤੇ ਕ੍ਰਿਪਾ ਕਰਨ ਵਾਲਾ
ਗੁਣੇ ਨ ਕਿਤ – ਕਿਸੇ ਇੱਕ ਗੁਣ ਤੇ ਨਹੀਂ
ਭਿਗਾ – ਪਤੀਜਦਾ
ਨਿਰੰਕਾਰੁ ਅਛਲ – ਨਿਰੰਕਾਰ ਜੋ ਛਲਿਆ ਨਾਂ ਜਾ ਸਕੇ
ਅਡੋਲੋ – ਡੋਲਣ ਤੋਂ ਰਹਿਤ
ਜੋਤਿ ਸਰੂਪੀ – ਪ੍ਰਕਾਸ਼ ਰੂਪ ਪਾਰਬ੍ਰਹਮ
ਸਭੁ ਜਗੁ ਮਉਲੋ – ਸਾਰੇ ਜਗ ਅੰਦਰ ਖਿੜਿਆ ਹੋਇਆ
ਸੋ ਮਿਲੈ – ਮਿਲਦਾ ਉਹ ਹੈ
ਜਿਸੁ ਆਪਿ ਮਿਲਾਏ – ਜਿਸ ਨੂੰ ਆਪ ਮਿਲਾਏ ਉਹ ਮਿਲਦਾ ਹੈ
ਆਪਹੁ ਕੋਇ ਨ ਪਾਵੈਗਾ – ਆਪਣੇ ਆਪ ਕੋਈ ਨਹੀਂ ਪਾ ਸਕਦਾ
ਨੋਟ – ਜੋ ਪ੍ਰਭੂ ਦੇ ਗੁਣ ਹਨ, ਇੱਕ ਦੇਹਧਾਰੀ ਅਵਤਾਰੀ ਮਨੁੱਖ ਆਪਣੇ ਆਪ ਨੂੰ ਨਿਰੰਕਾਰ, ਅਛਲ, ਅਡੋਲੋ, ਪਤਿਤ ਪਾਵਨ, ਅਹੰਕਾਰ ਨਿਵਾਰਣ, ਹੰਕਾਰ ਨਾਸ਼ ਕਰਨ ਵਾਲਾ, ਆਪ ਹੀ ਗੋਪੀ, ਆਪ ਹੀ ਕਾਨ੍ਹ, ਆਪ ਹੀ ਗਊ ਚਰਾਵਨ ਵਾਲਾ, ਆਪ ਹੀ ਜੀਵਾਂ ਨੂੰ ਪੈਦਾ ਕਰਨ ਵਾਲਾ, ਆਪ ਹੀ ਨਾਸ਼ ਕਰਨ ਵਾਲਾ ਦਰਸਾਉਂਦਾ ਹੈ, ਆਪਣੇ ਆਪ ਨੂੰ ਹੀ ਸਾਰੇ ਰੰਗ ਮਾਨਣ ਵਾਲਾ, ਸਾਰੇ ਰੰਗ ਮਾਣ ਕੇ ਆਪ ਨੂੰ ਨਿਰਲੇਪ ਦੱਸਣ ਵਾਲੇ ਅਖੋਤੀ ਬਣੇ ਅਵਤਾਰੀ ਰੱਬ ਦਾ ਗੁਰੂ ਪਾਤਸ਼ਾਹ ਜੀ ਖੰਡਨ ਕਰਦੇ ਹਨ।
ਆਪੇ ਗੋਪੀ – ਆਪ ਹੀ ਗੋਪੀ
ਆਪੇ ਕਾਨਾ – ਆਪ ਹੀ ਆਪਣੇ ਆਪ ਨੂੰ ਕਾਨ੍ਹ ਅਖਵਾਉਣ ਵਾਲਾ
ਆਪੇ ਗਊ ਚਰਾਵੈ ਬਾਨਾ – ਆਪ ਹੀ ਜੰਗਲ ਵਿੱਚ ਗਊ ਚਾਰਨ ਵਾਲਾ ਅਖਵਾਉਣ ਵਾਲਾ
ਏਕ ਜੀਹ ਗੁਣ ਕਵਨ ਬਖਾਨੈ – ਇੱਕ ਜੀਵ ਆਪਣੇ ਕਿੰਨੇ ਗੁਣ ਬਿਆਨ ਕਰ ਸਕਦਾ ਹੈ ਕਿ ਸਭ ਮੈਂ ਹੀ ਹਾ
ਸਹਸ ਫਨੀ ਸੇਖ ਅੰਤੁ ਨ ਜਾਨੈ – ਇਹ ਵੀ ਆਖਦਾ ਹੈ ਕਿ ਸ਼ੇਸ਼ਨਾਗ ਮੇਰਾ ਅੰਤ ਨਹੀਂ ਜਾਣ ਸਕਦਾ
ਨਵਤਨ ਨਾਮ ਜਪੈ ਦਿਨੁ ਰਾਤੀ – ਦਿਨ ਰਾਤ ਸ਼ੇਸ਼ਨਾਗ ਮੇਰਾ ਨਾਮ ਜਪਦਾ ਹੈ
ਇਕੁ ਗੁਣੁ ਨਾਹੀ ਪ੍ਰਭ ਕਹਿ ਸੰਗਾ – ਮੇਰਾ ਇੱਕ ਗੁਣ ਵੀ ਬਿਆਨ ਨਹੀਂ ਕਰ ਸਕਦਾ, ਮੈਂ ਹੀ ਪ੍ਰਭੂ ਹਾਂ
ਓਟ ਗਹੀ – ਆਸਰਾ ਲਿਆ, ਆਸਰਾ ਤੱਕਿਆ
ਜਗਤ ਪਿਤ – ਜਗਤ ਦੇ ਪਿਤਾ
ਸਰਣਾਇਆ – ਸਰਣ ਆਇਆ
ਭੈ ਭਇਆਨਕ – ਅਗਿਆਨਤਾ ਦਾ ਭਿਆਨਕ
ਜਮਦੂਤ – ਜਮਦੂਤ
ਦੁਤਰ ਹੈ ਮਾਇਆ – ਦੁਬਿਧਾ ਅਗਿਆਨਤਾ ਹੈ
ਹੋਹੁ ਕ੍ਰਿਪਾਲ ਇਛਾ ਕਰਿ ਰਾਖਹੁ – ਕਿਰਪਾ ਕਰਕੇ, ਹੇ ਕ੍ਰਿਪਾਲੂ! ਆਪਣੀ ਬਖ਼ਸ਼ਿਸ਼ ਕਰਕੇ
ਸਾਧ ਸੰਤਨ ਕੈ ਸੰਗਿ ਸੰਗਾ – ਆਪਣੇ ਆਤਮਿਕ ਗਿਆਨ ਦੇ ਸੰਗ ਰੱਖ
ਰਾਖਹੁ – ਰੱਖੋ
ਦ੍ਰਿਸਟਿਮਾਨ – ਜੋ ਕੁੱਝ ਨਜ਼ਰ ਆ ਰਿਹਾ ਹੈ
ਸਗਲ ਮਿਥੇਨਾ – ਸਾਰਾ ਕੁੱਝ ਮਿਥਿਆ ਹੋਇਆ ਹੈ, ਨਾਸ਼ ਹੋ ਜਾਣ ਵਾਲਾ ਹੈ
ਇਕੁ ਮਾਗਉ – ਇੱਕ ਹੀ ਮੰਗਣ ਲਈ ਤਾਂ ਹੈ, ਇਕੁ ਤੋਂ ਹੀ ਮੰਗੋ, ਮੰਗਣਾ ਕੀ ਹੈ
ਦਾਨੁ ਗੋਬਿਦ ਸੰਤ ਰੇਨਾ – ਹੇ ਗੋਬਿੰਦ ਆਪਣੇ ਗਿਆਨ ਦੀ ਧੂੜੀ ਬਖ਼ਸ਼ਿਸ਼ ਕਰੋ
ਮਸਤਕਿ ਲਾਇ – ਮਸਤਕ (ਮੱਥੇ) ਉੱਪਰ ਲਾਉਣ ਨਾਲ
ਪਰਮ ਪਦੁ ਪਾਵਉ – ਪਰਮ ਪਦ ਦੀ ਪ੍ਰਾਪਤੀ ਹੈ
ਜਿਸੁ ਪ੍ਰਾਪਤਿ ਸੋ ਪਾਵੈਗਾ – ਜਿਸ ਨੂੰ ਪ੍ਰਾਪਤੀ ਹੈ ਉਹੀ ਪਾਵੇਗਾ, ਉਹੀ ਜਾਣ ਸਕੇਗਾ
ਜਿਨ ਕਉ ਕ੍ਰਿਪਾ ਕਰੀ ਸੁਖਦਾਤੇ – ਜਿਸ ਉੱਪਰ ਸੁੱਖਾਂ ਦੇ ਦਾਤੇ ਨੇ ਕ੍ਰਿਪਾ ਕੀਤੀ
ਤਿਨ ਸਾਧੂ ਚਰਣ ਲੈ ਰਿਦੈ ਪਰਾਤੇ – ਉਸ ਨੇ ਗਿਆਨ ਰੂਪੀ ਸੁੱਖਾਂ ਦੇ ਦਾਤੇ ਦੇ ਚਰਨ ਆਪਣੇ ਹਿਰਦੇ ਅੰਦਰ ਵਸਾ ਲਏ
ਸਗਲ –ਸਮੁੱਚਾ, ਸੰਮੂਹ
ਨਾਮ ਨਿਧਾਨੁ – ਨਾਮ ਧਨ ਖਜ਼ਾਨਾ
ਅਨਹਦ – ਇੱਕ ਰਸ, ਉਹ ਰਸ ਜਿਸ ਦੀ ਕੋਈ ਬਰਾਬਰੀ ਨਹੀਂ
ਅਨਹਦ ਸ਼ਬਦ – ਉਹ ਆਤਮਿਕ ਗਿਆਨ ਰੂਪੀ ਰਸ ਜਿਸ ਦੀ ਬਰਾਬਰੀ ਨਹੀਂ
ਵਾਜੰਗਾ – ਵੱਜਣਾ
ਕਿਰਤਮ – ਸੰ: ਬਨਾਉਟੀ, ਕਲਪਿਤ, ਬਣਾਇਆ ਹੋਇਆ, ਰਚਿਆ ਹੋਇਆ (ਮਹਾਨ ਕੋਸ਼)
ਕਿਰਤਮ ਨਾਮ ਕਥੇ ਤੇਰੇ ਜਿਹਬਾ – ਕੋਈ ਬਨਾਉਟੀ, ਅਵਤਾਰੀ ਜੋ ਆਪਣੇ ਆਪ ਨੂੰ ਰੱਬ ਅਖਵਾਉਂਦਾ ਹੈ ਉਹ ਨਾਮ ਆਪਣੇ ਆਪ ਲਈ ਆਪਣੀ ਜੀਭ ਤੋਂ ਆਪ ਹੀ ਕਥ ਲਵੇ, ਉਹ ਨਾਮ ਜਿਹੜੇ ਵਾਹਿਗੁਰੂ ਨੂੰ ਸੋਭਦੇ ਹਨ। ਜਿਵੇ: ਅਚੁਤ, ਪਾਰਬ੍ਰਹਮ, ਅਬਿਨਾਸੀ, ਅੰਤਰਜਾਮੀ, ਪਰਮੇਸ਼ਵਰ
ਸਤਿ ਨਾਮੁ ਤੇਰਾ – ਸਦਾ ਰਹਿਣ ਵਾਲਾ ਨਾਮ ਤੇਰਾ ਹੀ ਹੈ ਅਤੇ ਤੈਨੂੰ (ਵਾਹਿਗੁਰੂ ਨੂੰ) ਹੀ ਸੋਭਦਾ ਹੈ
ਪਰਾ ਪੂਰਬਲਾ – ਮੁੱਢ ਕਦੀਮ ਤੋਂ ਪਹਿਲਾ
ਸਤਿ ਨਾਮੁ ਤੇਰਾ ਪਰਾ ਪੂਰਬਲਾ - ਸਦਾ ਰਹਿਣ ਵਾਲਾ ਨਾਮ ਤੇਰਾ ਹੀ ਹੈ ਅਤੇ ਤੈਨੂੰ (ਵਾਹਿਗੁਰੂ ਨੂੰ) ਹੀ ਸੋਭਦਾ ਹੈ
ਭਗਤ – ਸਿਫ਼ਤ-ਸਲਾਹ ਕਰਨਾ
ਭਗਤ ਪਏ ਸਰਣਾਈ – ਉਸ ਅਕਾਲ ਪੁਰਖੁ – ਜੋ ਮੁਢ ਕਦੀਮ ਤੋਂ ਸੱਚਾ ਹੈ – ਦੀ ਸਿਫ਼ਤੋ-ਸਲਾਹ ਦੀ ਸ਼ਰਣ ਪਏ, ਪੈਣਾ ਚਾਹੀਦਾ ਹੈ ਅਤੇ ਗੁਰਮੁਖ ਉਸ ਦੀ ਸ਼ਰਨ ਪੈਂਦੇ ਹਨ
ਦੇਹੁ ਦਰਸੁ – ਸੂਝ ਬਖ਼ਸ਼ੋ, ਬਖ਼ਸ਼ਦਾ ਹੈ
ਮਨਿ – ਮਨ ਵਿਚ
ਰੰਗੁ ਲਗਾ – ਰੰਗ ਲੱਗਾ ਰਹੇ, ਮਨ ਵਿੱਚ ਤੇਰੀ ਸਿਫ਼ਤੋ-ਸਲਾਹ ਦਾ ਰੰਗ ਲੱਗਾ ਰਹੇ, ਰਹਿੰਦਾ ਹੈ
ਤੇਰੀ ਗਤਿ ਮਿਤਿ ਤੂਹੈ ਜਾਣਹਿ – ਤੂ ਆਪਣੀ ਗਤਿ ਮਿਤ ਆਪ ਹੀ ਜਾਣਦਾ ਹੈਂ
ਆਪੇ ਕਥਹਿ – ਆਪ ਹੀ ਬਿਆਨ ਕਰ ਸਕਦਾ ਹੈ
ਤੈ ਆਪਿ ਵਖਾਣਹਿ – ਅਤੇ ਆਪ ਹੀ ਬਖ਼ਸ਼ਿਸ਼ ਕਰੇ ਤਾਂ ਤੇਰੀ ਸ਼ਰਣ ਆਉਣ ਵਾਲਾ ਇਸ ਬਖ਼ਸ਼ਿਸ਼ ਨੂੰ ਕੋਈ ਜਾਣ ਸਕਦਾ ਹੈ
ਦਾਸੁ – ਦਾਸ
ਦਾਸਨ – ਦਾਸਾਂ ਨੂੰ ਨਿਵਾਜਣ ਵਾਲਾ, ਦਾਸਾਂ ਨੂੰ ਆਪਣੀ ਸਿਫ਼ਤੋ-ਸਲਾਹ ਬਖ਼ਸ਼ਣ ਵਾਲਾ
ਦਾਸੁ ਦਾਸਨ ਕੋ ਕਰੀਅਹੁ – ਆਪਣੇ ਦਾਸਾਂ ਨੂੰ ਨਿਵਾਜਣ ਵਾਲਾ ਭਾਵ ਆਪਣੀ ਸਿਫ਼ਤੋ-ਸਲਾਹ ਬਖ਼ਸ਼ਣ ਵਾਲਾ
ਹਰਿ ਭਾਵੈ – ਜਿਹੜੇ ਗੁਰਮੁਖਿ ਉਸ ਹਰੀ ਦੀ ਸਿਫ਼ਤੋ-ਸਲਾਹ ਕਰਦੇ ਹਨ, ਉਹ ਹਰੀ ਨੂੰ ਭਾਉਂਦੇ ਹਨ
ਦਾਸਾ ਰਾਖੁ ਸੰਗਾ – ਹਰੀ ਉਨ੍ਹਾਂ ਨੂੰ ਆਪਣੀ ਸਿਫ਼ਤੋ-ਸਲਾਹ ਨਾਲ ਜੋੜੀ ਰੱਖਦਾ ਹੈ, ਉਹ ਉਸ ਪ੍ਰਭੂ ਨਾਲ ਜੁੜੇ ਰਹਿੰਦੇ ਹਨ
ਨੋਟ – ਜੋ ਪ੍ਰਭੂ ਦੀ ਸਰਣ ਰਹਿੰਦੇ ਹਨ ਉਹ ਇੱਕ ਪ੍ਰਭੂ ਤੋਂ ਸਿਵਾਏ ਕਿਸੇ ਮਨੁੱਖ ਨੂੰ ਜੋ ਆਪਣੇ ਆਪ ਨੂੰ ਰੱਬ ਅਖਵਾਉਂਦਾ ਹੈ, ਉਸ ਨੂੰ ਅਗਿਆਨਤਾ ਦਾ ਭਿਆਨਕ ਦੂਤ ਸਮਝਦੇ ਹਨ।
ਅਰਥ
ਹੇ ਭਾਈ! ਸਦਾ ਸਥਿਰ ਰਹਿਣਾ ਵਾਲਾ ਪਾਰਬ੍ਰਹਮ, ਪ੍ਰਮੇਸ਼ਰ, ਹਿਰਦੇ ਦੀਆਂ ਜਾਨਣ ਵਾਲਾ, ਕਰਮਕਾਂਡ ਰੂਪੀ ਜਾਲ ਤੋੜਨ ਵਾਲਾ, ਦਮੋਦਰ ਜੋ ਸੁਆਮੀ ਹੈ, ਉਹ ਇੱਕ ਸਰਬ-ਵਿਆਪਕ ਪ੍ਰਮੇਸ਼ਰ ਆਪ ਹੀ ਹੈ।
ਇਕ ਆਵਾਗਮਨ ਦੇ ਚੱਕਰ ਭਾਵ ਜੰਮ ਕੇ ਮਰ ਜਾਣ ਵਾਲਾ ਮੁਰਲੀ ਮਨੋਹਰ ਜਿਸ ਦਾ ਮਨ ਮੁਰਲੀ ਨੇ ਹੀ ਚੁਰਾਇਆ ਹੈ, ਆਪਣੇ ਆਪ ਨੂੰ ਹਰੀ ਦਾ ਰੰਗ ਸ੍ਰਿਸਟੀ ਨੂੰ ਆਸਰਾ ਦੇਣ ਵਾਲਾ ਦਰਸਾ ਕੇ ਜੀਵਾ ਨੂੰ ਗੁਮਰਾਹ ਕਰਨ ਵਾਲਾ, ਆਪਣੇ ਆਪ ਨੂੰ ਜਗਦੀਸ਼, ਹਰੀ, ਮਾਧਵ, ਕ੍ਰਿਸ਼ਨ, ਮੁਰਾਰੀ, ਦੈਤਾਂ ਨੂੰ ਖ਼ਤਮ ਕਰਨ ਵਾਲਾ ਜਗਜੀਵਨ, ਅਬਿਨਾਸੀ, ਠਾਕੁਰ, ਘਟ-ਘਟ ਵਿੱਚ ਵਸਣ ਵਾਲਾ, ਸਾਰਿਆਂ ਦੇ ਸੰਗ ਰਹਿਣ, ਸ੍ਰਿਸ਼ਟੀ ਨੂੰ ਆਸਰਾ ਦੇਣ ਵਾਲਾ, ਨਰਸਿੰਘ ਨਾਰਾਇਣ ਅਖਵਾ ਕੇ ਗੁਮਰਾਹ ਕਰਨ ਵਾਲਾ, ਉਸ ਕਰਤੇ ਦੇ ਬਰਾਬਰ ਖ਼ੁਦ ਨੂੰ ਕਰਤਾ ਦੱਸ ਕੇ, ਉਸ ਕਰਤੇ ਦਾ ਰੂਪ ਇੰਨਾ ਛੋਟਾ ਦਿਖਾਉਣ ਵਾਲਾ।
ਉਸ ਕਰਤੇ ਰਾਮ ਨੂੰ ਜੋ ਸ੍ਰੇਸ਼ਟ ਹੈ, ਜਿਸ ਦਾ ਕੋਈ ਰੰਗ ਨਹੀਂ, ਜਿਸ ਦਾ ਕੋਈ ਰੂਪ (ਬਦਲਾਅ ਨਹੀਂ, ਜਿਸ ਕਰਤੇ ਦਾ ਕੋਈ ਸਰੂਪ ਨਹੀਂ, ਬਨਵਾਲੀ ਫੁੱਲਾਂ ਦੀ ਮਾਲਾ, ਸੁਦਰਸ਼ਨ ਚੱਕਰ ਧਾਰਨ ਤੋਂ ਜੋ ਪਰ੍ਹੇ ਬੇਮਿਸਾਲ ਹੈ ਭਾਵ ਉਹ ਚੱਕ੍ਰ ਧਾਰਨ ਕਰਨ ਵਾਲਾ ਨਹੀਂ, ਉਹ ਬੇਮਿਸਾਲ ਅਸਚਰਜ ਸਰੂਪ ਹੈ, ਕੋਈ ਮਨੁੱਖ ਅਜਿਹੇ ਚਿੰਨ ਧਾਰਨ ਕਰਕੇ ਉਸ ਕਰਤੇ ਦੇ ਤੁੱਲ ਨਹੀਂ ਹੋ ਸਕਦਾ।
ਇਸ ਤਰ੍ਹਾਂ ਦੀਆਂ ਹਜ਼ਾਰਾਂ ਮੂਰਤੀਆਂ (ਨਿਰਜਿੰਦ) ਜੋ ਆਤਮਿਕ ਸੂਝ ਤੋ ਬਿਨਾਂ ਹਨ, ਅੱਖਾਂ ਸਾਹਮਣੇ, ਇਸ ਕਰਮਕਾਂਡੀ ਜਾਲ ਦੇ ਭੁਲੇਖੇ ਵਿੱਚ ਪੂਜਣ ਵਾਲੇ ਇਨ੍ਹਾਂ ਨੂੰ ਬਿਨਾਂ ਵਿਚਾਰਨ ਦੇ ਅਚੁਤ, ਪਾਰਬ੍ਰਹਮ, ਅੰਤਰਜਾਮੀ ਦੱਸਦੇ ਹਨ ਜਦੋਂ ਕਿ ਜਿਨ੍ਹਾਂ ਦੀਆਂ ਉਹ ਮੂਰਤੀਆਂ ਹਨ ਉਹ ਆਪ ਉਸ ਦਾਤੇ ਦੇ ਮੰਗਤੇ/ਮੰਗਤੀਆਂ ਸਨ।
ਅਜਿਹੇ ਕਈ ਅਖੌਤੀ ਅਵਤਾਰ ਹਨ, ਉਨ੍ਹਾਂ ਵਿੱਚੋਂ ਕੋਈ ਆਪਣੇ ਆਪ ਨੂੰ ਭਗਤ ਵਛਲ, ਅਨਾਥਾਂ ਦਾ ਨਾਥ, ਗੋਪੀਆਂ ਦਾ ਸਹੇਲਾ ਅਤੇ ਸਾਰੀਆ ਗੋਪੀਆ ਦੇ ਸਾਥ ਵਸਦਾ ਦੱਸਦਾ ਹੈ। ਉਸ ਗੋਪੀਆ ਦੇ ਸਾਥ ਵਸਣਾ ਦੱਸਣ ਵਾਲੇ ਨੇ ਉਸ ਸਰਬ-ਵਿਆਪਕ ਨਿਰੰਜਨ ਦਾਤੇ - ਜਿਸ ਦਾ ਵਰਨਣ ਹੀ ਨਹੀਂ ਹੋ ਸਕਦਾ – ਉਸ ਦਾ ਕੋਈ ਵੀ ਗਿਆਨ ਰੂਪੀ ਗੁਣ ਗ੍ਰਹਿਣ ਨਹੀਂ ਕੀਤਾ।
ਜਿਸ ਮਨੁੱਖ ਨੇ ਉਸ ਸਰਬ-ਵਿਆਪਕ ਦੇ ਗਿਆਨ ਦਾ ਇੱਕ ਗੁਣ ਵੀ ਗ੍ਰਹਿਣ ਨਾਂ ਕੀਤਾ ਹੋਵੇ, ਉਹ ਮਨੁੱਖ ਆਪਣੇ ਆਪ ਨੂੰ ਮੁਕੰਦ, ਮੁਕਤੀ ਦਾਤਾ, ਮਨੋਹਰ, ਜਿਸ ਦਾ ਵਰਨਣ ਨਹੀਂ ਹੋ ਸਕਦਾ, ਮਾਇਆ ਦਾ ਪਤੀ, ਦ੍ਰੋਪਤੀ ਨੂੰ ਬੇਪਤੀ ਤੋਂ ਬਚਾ ਕੇ ਉਧਾਰ ਕਰਨ ਵਾਲਾ, ਕਮਲਾਕੰਤ ਵੀ ਆਪਣੇ ਆਪ ਨੂੰ ਦੱਸੇ ਅਤੇ ਮਾਇਆ ਨੂੰ ਮਾਣੇ ਵੀ ਅਤੇ ਮਾਣ ਕੇ ਆਪਣੇ ਆਪ ਨੂੰ ਅਨਦ ਬਿਨੋਦੀ, ਬੇਦਾਗ਼, ਨਿਰਲੇਪ ਨਹੀਂ ਕਹਾ ਸਕਦਾ।
ਪਰ ਸੱਚ ਇਹ ਹੈ ਕਿ ਬਖ਼ਸ਼ਿਸ਼ਾਂ ਕਰਨ ਵਾਲਾ ਨਿਰਲੇਪ ਤੇ ਅਜੂੰਨੀ ਹੈ ਜੋ ਜੂਨ ਵਿੱਚ ਨਹੀਂ ਆੳਂਦਾ। ਉਹ ਆਪਣੇ ਆਪ ਤੋਂ ਆਪ ਪ੍ਰਕਾਸ਼ਮਾਨ ਹੈ। ਜਿਸ ਦੀ ਹੋਂਦ ਨੂੰ ਕੋਈ ਖ਼ਤਰਾ ਨਹੀਂ, ਜੋ ਅਬਿਨਾਸ਼ੀ ਹੈ, ਨਾਸ਼ਵਾਨ ਨਹੀਂ ਹੈ, ਉਹ ਅਗਮ ਅਗੋਚਰ ਹੈ। ਹੇ ਵਾਹਿਗੁਰੂ! ਤੂੰ ਆਪ ਹੀ ਹੈਂ। ਤੇਰਾ ਹੀ ਸਭ ਕਾਸੇ ਨੂੰ ਆਸਰਾ ਹੈ। ਜੇਕਰ ਕੋਈ ਮਨੁੱਖ ਆਪਣੇ ਆਪ ਨੂੰ ਸ੍ਰੇਸ਼ਟ ਅਤੇ ਬੈਕੁੰਠ ਦਾ ਵਾਸੀ, ਭਾਵ ਆਪਣੇ ਵੱਖਰੇ ਵੱਖਰੇ ਰੰਗ ਦੱਸੇ, ਕਦੀ ਮੱਛ ਅਵਤਾਰ ਬਣਕੇ ਆ ਗਿਆ, ਕਦੀ ਕੱਛ ਬਣ ਕੇ ਆ ਗਿਆ, ਕਦੀ ਕੂਰਮ ਬਣ ਕੇ ਆ ਗਿਆ। ਅਤੇ ਜੋ ਨਿਰਾਲੇ ਕੌਤਕ ਕਰਤਾਰ ਦੇ ਹਨ, ਕੋਈ ਮਨੁੱਖ ਆਪਣੇ ਦੱਸੇ ਅਤੇ ਇਹ ਆਖੇ ਕਿ ਜੋ ਕੀਤਾ ਹੈ, ਮੈਂ ਕੀਤਾ ਹੈ, ਕਰਦਾ ਹਾਂ ਅਤੇ ਜੋ ਮੈਂ ਲੋੜਦਾ ਹਾਂ, ਉਹੀ ਹੋਵੇਗਾ ਅਤੇ ਉਹੋ ਹੀ ਹੁੰਦਾ ਹੈ, ਤਾਂ ਇਹ ਕਿੰਨੀ ਗ਼ਲਤ ਗੱਲ ਹੈ।
ਨੋਟ – ਇਥੇ ਸਪਸ਼ਟ ਹੈ ਕਿ ਕੋਈ ਮਨੁੱਖ ਇਹ ਆਖੇ ਕੇ ਮੈਂ ਸਰਬਵਿਆਪਕ ਹਾਂ, ਬੈਕੁੰਠ ਦਾ ਵਾਸੀ ਹਾਂ, ਅਤੇ ਕਛੂ ਬਣ ਕੇ ਸਮੁੰਦਰ ਵਿੱਚ ਆ ਗਿਆ ਹੋਵੇ ਤਾਂ ਫਿਰ ਬੈਕੁੰਠ ਵਿੱਚ ਕਿਵੇਂ ਰਹਿ ਸਕਦਾ ਹੈ? ਜੇਕਰ ਕੂਰਮ ਅਵਤਾਰ ਧਾਰ ਕੇ ਥਲ ਵਿੱਚ ਆ ਗਿਆ ਤਾਂ ਫਿਰ ਬੈਕੁੰਠ ਅਤੇ ਜਲ ਵਿੱਚ ਕਿਵੇਂ ਰਹਿ ਸਕਦਾ ਹੈ। ਗੁਰਬਾਣੀ ਨੇ ਝੂਠ ਦਾ ਭਾਂਡਾ ਭੰਨਿਆ ਹੈ ਅਤੇ ਸਿਰਫ ਇੱਕ ਸੱਚੇ ਅਜੂਨੀ ਨੂੰ ਹੀ ਸਰਬ-ਵਿਆਪਕ ਮੰਨਿਆ ਹੈ।
ਇਕ ਪਾਸੇ ਨਿਰਹਾਰੀ, ਨਿਰਵੈਰ, ਸਰਬਵਿਆਪਕ, ਅਤੇ ਦੂਸਰੇ ਪਾਸੇ ਖੇਲ ਧਾਰ ਕੇ ਜਗਤ ਤਮਾਸ਼ਾ ਰਚਾ ਕੇ ਚਹੁਂ ਬਾਂਹਾਂ ਵਾਲਾ ਅਵਤਾਰ ਆਪਣੇ ਆਪ ਨੂੰ ਅਖਵਾਇਆ, ਅਤੇ ਕਿਸੇ ਵਲੋਂ ਸਾਂਵਲ ਸੁੰਦਰ ਰੂਪ ਬਣਾ ਕੇ ਇਹ ਅਖਵਾਉਣਾ ਕਿ ਮੇਰੀ ਬੰਸਰੀ ਸੁਣ ਕੇ ਸਭ ਮਸਤੇ ਜਾਂਦੇ ਹਨ, ਅਤੇ ਸ਼ਿੰਗਾਰ ਲਈ ਗਿੱਟਿਆਂ ਤੱਕ ਲੰਬੀ, ਜੰਗਲੀ ਫੁੱਲਾਂ ਦੀ ਮਾਲਾ (ਬਿਭੂਖਨ) ਅਤੇ ਸੁੰਦਰ ਨੈਣ, ਸੁੰਦਰ ਜ਼ੁਲਫਾਂ, ਸੁੰਦਰ ਮੁਕਟ ਅਤੇ ਸੰਖ, ਸੁਦਰਸ਼ਨ ਚੱਕ੍ਰ, ਗੁਰਜ, ਅਜਿਹੇ ਚਿੰਨ ਧਾਰਨ ਕਰ ਕੇ ਆਪਣੇ ਆਪ ਨੂੰ ਵੱਡਾ ਧੰਨਵਾਨ, ਮਹਾਸਾਰਥੀ, ਆਪਣੇ ਸੰਗੀਆ ਨੂੰ ਫਲ ਦੇਣ ਵਾਲਾ, ਆਪਣੇ ਆਪ ਨੂੰ ਆਪਣੇ ਮੁੱਖ ਤੋਂ ਤਿੰਨਾਂ ਭਵਨਾ ਦਾ ਮਾਲਕ ਧਨੁਖਧਾਰੀ, ਜਗਨਨਾਥ, ਸ੍ਰਿਸ਼ਟੀ ਨੂੰ ਪਾਲਣ ਵਾਲਾ, ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲਾ, ਭਗਵਾਨ, ਬੀਠੁਲਾ, ਦੁਸ਼ਮਨ ਰਹਿਤ, ਪਰਮ ਸ਼ੁੱਧ, ਜਲ ਅਤੇ ਥਲ ਵਿੱਚ ਮੈਂ ਹੀ ਹਾਂ ਆਪਣੇ ਆਪ ਨੂੰ ਕਹਿਣ ਵਾਲੇ ਦੰਭੀ ਹਨ।
ਅਜਿਹੇ ਦੰਭੀ ਲੋਕ ਜਾਣਦੇ ਵੀ ਹਨ ਕਿ ਕੇਵਲ ਪ੍ਰਭੂ ਹੀ ਸਦੀਵੀ ਸਥਿਰ ਰਹਿਣ ਵਾਲਾ ਅਟੁੱਟ, ਨਾਂਹ ਨਾਸ਼ ਹੋਣ ਵਾਲਾ ਹੈ, ਅਤੇ ਜਾਣਦੇ ਹੋਏ ਵੀ ਸੱਚ ਨੂੰ ਪਿਛਾਂਹ ਧੱਕ ਕੇ ਆਪਣੇ ਆਪ ਨੂੰ ਪ੍ਰਭੂ ਕਹਾਉਂਦੇ ਹਨ। ਆਪਣੇ ਆਪ ਨੂੰ ਕਿਸੇ ਵਿਕਾਰਾਂ ਦੀ ਖੱਡ ਵਿੱਚ ਡਿੱਗੇ ਹੋਏ ਮਨੁੱਖ ਵਲੋਂ ਇਹ ਵੀ ਕਹਾਉਣਾ ਕਿ ਮੈਂ ਹੀ ਵਿਕਾਰਾਂ ਵਿੱਚ ਡਿੱਗੇ ਪਤਿਤ ਮਨੁੱਖਾਂ ਨੂੰ ਪਾਵਨ ਕਰਨ ਵਾਲਾ ਅਤੇ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ, ਹੰਕਾਰ ਦੂਰ ਕਰਕੇ ਜਨਮ ਮਰਨ ਦਾ ਗੇੜ ਖ਼ਤਮ ਕਰਨ ਵਾਲਾ, ਅਤੇ ਜੋ ਸੰਪੂਰਨ ਰੂਪ ਵਿੱਚ ਮੇਰੀ ਬੰਦਗੀ ਕਰਦੇ ਹਨ, ਉਨ੍ਹਾਂ ਉੱਪਰ ਹੀ ਮੈਂ ਪ੍ਰਸੰਨ ਹੁੰਦਾ ਹਾਂ, ਕਿਸੇ ਇੱਕ ਗੁਣ ਤੇ ਨਹੀਂ ਪਤੀਜਦਾ ਹਾਂ, ਅਤਿ ਦੀ ਗ਼ਲਤ ਬਿਆਨੀ ਹੈ।
ਜੇ ਇੱਕ ਦੇਹਧਾਰੀ ਆਪਣੇ ਬਾਰੇ ਕਹਿੰਦਾ ਹੈ ਕਿ ਮੈਂ ਹੀ ਸਰਬ-ਵਿਆਪਕ ਹਾਂ, ਨਿਰੰਕਾਰ ਅਛੱਲ ਹਾਂ, ਅਡੋਲ ਹਾਂ, ਮੈ ਹੀ ਜੋਤ ਸਰੂਪ ਹਾਂ, ਮੈਨੂੰ ਉਹ ਮਿਲ ਸਕਦਾ ਹੈ ਜਿਸ ਨੂੰ ਮੈਂ ਆਪ ਮਿਲਾਉਦਾ ਹਾਂ, ਆਪਣੇ ਆਪ ਮੈਨੂੰ ਕੋਈ ਜਾਣ ਨਹੀਂ ਸਕਦਾ, ਪਾ ਨਹੀਂ ਸਕਦਾ, ਆਪ ਹੀ ਆਪਣੇ ਆਪ ਨੂੰ ਗੋਪੀ, ਆਪ ਹੀ ਆਪਣੇ ਆਪ ਨੂੰ ਕਾਨ੍ਹ, ਆਪ ਹੀ ਆਪਣੇ ਆਪ ਨੂੰ ਗਊਆਂ ਚਾਰਨ ਵਾਲਾ, ਆਪ ਹੀ ਜੀਵਾਂ ਨੂੰ ਉਪਾਉਣ ਵਾਲਾ, ਆਪ ਹੀ ਜੀਵਾਂ ਨੂੰ ਖਪਾਉਣ ਵਾਲਾ ਹਾਂ, ਸਹਸ ਫਨੀ ਸ਼ੇਸ਼ਨਾਗ ਵੀ ਮੇਰਾ ਅੰਤ ਨਹੀਂ ਪਾ ਸਕਿਆ, ਬੇਸ਼ਕ ਉਹ ਨਵਤਨ (ਨਵਾ ਨਾਮ) ਉਚਰਦਾ ਸੀ, ਪਰ ਮੇਰਾ, ਪ੍ਰਭੂ ਦਾ, ਇੱਕ ਗੁਣ ਵੀ ਨਹੀਂ ਕਹਿ ਸਕਿਆ।
ਪਰ ਹੇ ਸੱਚੇ ਪ੍ਰਭੂ! ਇਹ ਸਾਰੀਆਂ ਗੱਲਾਂ ਸਚਾਈ ਤੋਂ ਕਿੰਨੀ ਦੂਰ ਹਨ। ਤੇਰੇ ਨਾਮ ਦੀ ਇੱਕ ਤਿਲ ਜਿੰਨੀ ਵੀ ਜਿਸ ਜੀਵ ਨੂੰ ਰੰਗਤ ਨਹੀਂ ਹੈ, ਵੇਖੋ ਉਹ ਜੀਵ ਆਪਣੇ ਕਿੰਨੇ ਗੁਣ ਬਿਆਨ ਕਰਦਾ ਹੈ।
ਨੋਟ – ਅਵਤਾਰਵਾਦੀ ਖੁਦ ਆਪਣੇ ਆਪ ਨੂੰ ਪ੍ਰਭੂ ਅਖਵਾਉਂਦਾ ਹੈ, ਸਮਝਦਾ ਹੈ, ਅਤੇ ਕਹਿੰਦਾ ਹੈ ਕਿ ਮੈਂ ਹੀ ਰੱਬ ਹਾਂ।
ਗੁਰੂ ਦਾ ਫੈਸਲਾ
ਹੇ ਭਾਈ! ਜਦੋਂ ਮੈਂ ਜਗਤ ਦੇ ਪਿਤਾ, ਸਰਬ-ਵਿਆਪਕ ਪ੍ਰਭੂ ਦੀ ਸ਼ਰਨ ਆਇਆ, ਆਸਰਾ ਤੱਕਿਆ ਤਾਂ ਜਾਣਿਆ ਕਿ ਜੋ ਕੋਈ ਵੀ ਆਪਣੇ ਆਪ ਨੂੰ ਅਚੁਤ, ਪਾਰਬ੍ਰਹਮ, ਪ੍ਰਮੇਸ਼ਰ, ਅੰਤਰਜਾਮੀ, ਮਧੁਸੂਦਨ, ਮਾਧਵ ਅਖਵਾਉਣ ਵਾਲਾ ਹੈ, ਉਹ ਸੱਚ ਤੋਂ ਬਹੁਤ ਦੂਰ ਹੈ। ਭੈ ਭਇਆਨਕ ਜਮਦੂਤ ਦਤਰੁ ਹੈ ਮਾਇਆ॥ ਅਗਿਆਨਤਾ ਦਾ ਭਇਅਨਕ ਦੂਤ ਹੈ।
ਹੇ ਭਾਈ! ਮਨ ਵਿੱਚ ਇਹ ਚਾਹਤ ਰੱਖ ਕੇ ਜਗਤ ਦੇ ਪਿਤਾ ਸਰਬ-ਵਿਆਪਕ ਪ੍ਰਭੂ ਅੱਗੇ ਜੋਦੜੀ ਕਰ ਕਿ ਹੇ ਕ੍ਰਿਪਾਲੂ, ਕਿਰਪਾ ਕਰ ਕੇ ਆਪ ਗਿਆਨ ਦੀ ਧੂੜੀ ਬਖ਼ਸ਼ਿਸ਼ ਕਰ ਕੇ ਆਪਣੇ ਸੰਗ ਭਾਵ ਆਪਣੇ ਨਾਲ ਜੋੜੀ ਰੱਖੋ। ਬਾਕੀ ਜੋ ਕੁੱਝ ਦਿਸ ਰਿਹਾ ਹੈ, ਨਾਸ਼ਵੰਤ ਹੈ। ਸ੍ਰਿਸਟੀ ਨੂੰ ਪਾਲਣ ਵਾਲਾ ਇੱਕ ਅਕਾਲ ਪੁਰਖੁ ਹੀ ਹੈ। ਉਹੀ ਆਪਣੀ ਸ਼ਰਨ ਆਉਣ ਵਾਲਿਆਂ ਨੂੰ ਗਿਆਨ ਦੀ ਧੂੜ ਬਖ਼ਸ਼ਿਸ਼ ਕਰ ਸਕਦਾ ਹੈ, ਅਤੇ ਜਿਹੜਾ ਵੀ ਕੋਈ ਗੁਰਮੁਖ ਸਰਬ-ਵਿਆਪਕ ਪ੍ਰਭੂ ਦੀ ਆਤਮਿਕ ਗਿਆਨ ਰੂਪੀ ਧੂੜ ਆਪਣੇ ਮਸਤਕ ਉੱਪਰ ਲਾਵੇਗਾ, ਉਹੀ ਪਰਮਪਦ ਭਾਵ ਇਸ ਸੱਚ ਨੂੰ ਜਾਣ ਸਕੇਗਾ ਕਿ ਆਪਣੇ ਮੂੰਹ ਤੋਂ ਆਪਣੇ ਆਪ ਨੂੰ ਰੱਬ ਅਖਵਾਉਣ ਵਾਲਾ, ਅਵਤਾਰਵਾਦੀ ਕੋਈ ਰੱਬ ਨਹੀਂ ਹੋ ਸਕਦਾ। ਜਿਸ ਨੂੰ ਆਤਮਿਕ ਗਿਆਨ ਰੂਪ ਵਾਹਿਗੁਰੂ ਦੇ ਚਰਨਾਂ ਦੀ ਬਖਸ਼ਿਸ਼ ਰੂਪ ਧੂੜ ਪ੍ਰਾਪਤ ਹੈ, ਉਹੀ ਇਸ ਸੱਚ ਦੀ ਪ੍ਰਾਪਤੀ ਕਰ ਸਕੇਗਾ। ਜਿਸ ਕਿਸੇ ਉੱਪਰ ਵੀ ਸੁੱਖਾਂ ਦੇ ਦਾਤੇ ਨੇ ਕ੍ਰਿਪਾ ਕੀਤੀ, ਉਸ ਨੇ ਹੀ ਸਰਬ-ਵਿਆਪਕ ਪ੍ਰਭੂ ਦੇ ਆਤਮਿਕ ਗਿਆਨ ਦੇ ਬਖਸ਼ਿਸ਼ ਰੂਪੀ ਚਰਨ ਆਪਣੇ ਹਿਰਦੇ ਵਿੱਚ ਵਸਾ ਲਏ। ਉਸ ਨੂੰ ਹੀ ਸਮੁਚੇ ਨਾਮ ਧਨ ਰੂਪੀ ਖਜ਼ਾਨੇ ਦੀ ਪ੍ਰਾਪਤੀ ਹੋਈ। ਨਾਮ ਧਨ ਖਜ਼ਾਨੇ ਦੀ ਪ੍ਰਪਾਤੀ ਕਰਨ ਵਾਲਿਆਂ ਦੇ ਅੰਦਰ ਅਨਹਦ ਸ਼ਬਦ ਰੂਪ ਆਤਮਿਕ ਮੰਡਲ ਦੇ ਗਿਆਨ ਦੀ ਧੁਨੀ ਵੱਜੀ ਅਤੇ ਉਨ੍ਹਾਂ ਗੁਰਮੁਖਾਂ ਹੀ ਇਹ ਸੱਚ ਜਾਣਿਆ ਕਿ ਕੋਈ ਭੇਖੀ ਤੇਰੇ ਨਾਮ ਜੋ ਤੈਨੂੰ ਸੋਭਦੇ ਹਨ, ਆਪਣੇ ਲਈ ਕੋਈ ਮਨੁੱਖ ਆਪਣੀ ਜੀਭ ਤੋਂ ਕਥ ਲਵੇ ਤਾਂ ਰੱਬ ਨਹੀਂ ਬਣ ਜਾਂਦਾ। ‘ਸਤਿਨਾਮ ਤੇਰਾ ਪਰਾ ਪੂਰਬਲਾ’ ਦੀ ਅਸਲੀਅਤ ਹੈ ਕਿ ਮੁੱਢ ਕਦੀਮ ਤੋਂ ਤੇਰਾ ਨਾਮ ਹੀ ਸੱਚਾ ਹੈ। ਅਤੇ
ਤੈਨੂੰ ਹੀ ਅਚੁਤ, ਪਾਰਬ੍ਰਹਮ, ਅੰਤਰਜਾਂਮੀ, ਮਧੁਸੂਦਨ, ਦਮੋਦਰ ਸੁਆਮੀ ਨਾਮ ਸੋਭਦੇ ਹਨ।
ਨਾਨਕ ਸਾਹਿਬ ਫੁਰਮਾਉਂਦੇ ਹਨ ਕਿ ਜਿਹੜੇ ਗੁਰਮੁਖ ਤੇਰੀ ਸਿਫ਼ਤੋ-ਸਲਾਹ ਦੀ ਸ਼ਰਣ ਪੈਂਦੇ ਹਨ, ਉਨ੍ਹਾਂ ਨੂੰ ਹੀ ਹਿਰਦੇ ਅੰਦਰਲੇ ਸੱਚ ਦੀ ਸੂਝ ਪੈਂਦੀ ਹੈ ਅਤੇ ਉਨ੍ਹਾਂ ਦੇ ਮਨ ਅੰਦਰ ਤੇਰੀ ਸਿਫ਼ਤੋ-ਸਲਾਹ ਦਾ ਰੰਗ ਚੜ੍ਹਿਆ ਰਹਿੰਦਾ ਹੈ। ਉਨ੍ਹਾਂ ਨੂੰ ਇਹ ਸਮਝ ਪੈ ਜਾਂਦੀ ਹੈ ਕਿ ਹੇ ਪ੍ਰਭੂ ਤੇਰੀ ਗਤਿ ਮਿਤ ਤੂੰ ਆਪ ਹੀ ਜਾਣਦਾ ਹੈਂ, ਅਤੇ ਤੂੰ ਆਪ ਹੀ ਆਪਣੀ ਸ਼ਰਨ ਆਉਣ ਵਾਲਿਆਂ ਨੂੰ ਵਿਖਾਲਦਾ ਹੈਂ। ਜੋ ਤੇਰੀ ਸ਼ਰਨ ਆਉਂਦੇ ਹਨ, ਉਨ੍ਹਾਂ ਨੂੰ ਹੀ ਬਖ਼ਸ਼ਿਸ਼ ਕਰਕੇ ਇਹ ਸੂਝ ਬਖ਼ਸ਼ਦਾ ਹੈਂ। ਉਹੀ ਤੇਰੇ ਦਾਸ ਬਣਦੇ ਹਨ, ਅਤੇ ਤੂੰ ਹੀ ਆਪਣੇ ਦਾਸਾਂ ਨੂੰ ਆਪਣੀ ਸਿਫ਼ਤੋ-ਸਲਾਹ ਦਾ ਕੱਪੜਾ ਦੇ ਕੇ ਨਿਵਾਜਦਾ ਹੈਂ।
ਨ ਸੰਖੰ ਨ ਚਕ੍ਰੰ ਨ ਗਦਾ ਨ ਸਿਆਮੰ॥
ਅਸçਰਜ ਰੂਪੰ ਰਹੰਤ ਜਨਮੰ॥
ਗੁਰੂ ਗ੍ਰੰਥ ਸਾਹਿਬ, ਪੰਨਾ 1359
ਗੁਰਬਾਣੀ ਦਾ ਮੂਲ ਸਿਧਾਂਤ ਹੀ ਸਿੱਖ ਨੂੰ ਇਹ ਦ੍ਰਿੜ੍ਹ ਕਰਵਾਉਂਦਾ ਹੈ ਕਿ ਸਰਬ-ਵਿਆਪਕ ਇਕੁ ਹੈ, ਅਜੂਨੀ ਹੈ। ਉਸ ਦੀ ਹੋਂਦ ਸਦੀਵੀ ਹੈ, ਅਸਚਰਜ ਰੂਪ ਹੈ, ਜੋ ਬਿਆਨ ਨਹੀਂ ਕੀਤਾ ਜਾ ਸਕਦਾ। ਜਨਮ ਤੋਂ ਰਹਿਤ ਹੈ। ਸੰਖ, ਚੱਕ੍ਰ, ਗਦਾ, ਆਦਿ ਅਜਿਹੇ ਚਿੰਨ ਧਾਰਨ ਕਰਨ ਵਾਲਾ ਰੱਬ ਨਹੀਂ ਹੋ ਸਕਦਾ। ਕਰਮਕਾਂਡੀ ਜ਼ਰੂਰ ਹੋ ਸਕਦਾ ਹੈ।
ਪੰਡਿਤ ਮੁਲਾਂ ਜੋ ਲਿਖਿ ਦੀਆ॥
ਛਾਡਿ ਚਲੇ ਹਮ ਕਛੂ ਨ ਲੀਆ॥
ਗੁਰੂ ਗ੍ਰੰਥ ਸਾਹਿਬ, ਪੰਨਾ 1159
ਬਲਦੇਵ ਸਿੰਘ ਟੋਰਾਂਟੋ




.