ਸਿੱਖੀ ਦਰਸ਼ਨ ਵਿੱਚ ਆਵਾਗਵਨ ਦਾ ਸਿਧਾਂਤ
(Punjabi translation of the revised article of the Hindi book
‘Sikh Philosophy’, 2004 )
ਜੇਕਰ ਸਰੀਰ ਵਿੱਚ ਮੌਜੂਦ ਜੀਵਨ ਪ੍ਰਵਾਹ ਨੂੰ ਅਸੀਂ ਜੀਵਾਤਮਾ ਦੀ ਸੰਗਿਆ ਦੇ
ਲਈਏ ਤਾਂ ਕੋਈ ਮਾੜੀ ਗੱਲ ਨਹੀਂ ਕਿਉਂਕਿ ਮਨੁਖ ਨੇ ਹਰ ਨਜ਼ਰ ਆਉਂਣ ਵਾਲੀ ਜਾਂ ਅਨੁਭਵ ਕੀਤੀ ਜਾ ਸਕਣ
ਵਾਲੀ ਹਰ ਸ਼ੈਅ ਨੂੰ ਕੋਈ ਨਾ ਕੋਈ ਸੰਬੋਧਨ ਦਿਤਾ ਹੈ। ਸੰਬੋਧਨ ਦੇਣਾ ਇੱਕ ਹੋਰ ਗਲ ਹੈ ਅਤੇ ਇਸ ਨੂੰ
ਆਵਾਗਵਨ ਵਰਗੇ ਸਿਧਾਂਤ ਨਾਲ ਜੋੜਨਾ ਵੱਖਰੀ ਗਲ ਹੈ। ਬਹਿਸ ਇਹ ਨਹੀਂ ਕਿ ਇਸ ਜੀਵਨ ਰੋਂ ਦਾ ਨਾਂ
ਜੀਵਾਤਮਾ ਹੈ ਜਾਂ ਨਹੀਂ ਬਲਕਿ ਇਸ ਲੇਖ ਦਾ ਮਕਸਦ ਇਸ ਜੀਵਨ ਰੋਂ ਜਾਂ ਜੀਵਾਤਮਾ ਦੀਆਂ ਬ੍ਰਿਤੀਆਂ ਦੀ
ਚਰਚਾ ਕਰਨਾ ਹੈ। ਜੀਵਨ ਪ੍ਰਵਾਹ (ਜਾਂ ਜੀਵਆਤਮਾ ਕਹਿ ਲਈਏ) ਦੀ ਹੋਂਦ ਇੱਕ ਸਚਾਈ ਹੈ ਪਰ ਆਵਾਗਵਨ ਦਾ
ਸਿਧਾਂਤ ਇੱਕ ਕਲਪਨਾ ਡਰ ਜਾਂ ਵਹਿਮ ਹੈ। ਜੇਕਰ ਕੋਈ ਮਨੁੱਖ ਇਸ ਡਰ ਵਿੱਚ ਮੰਦੇ ਕਰਮਾਂ ਤੋਂ ਪਰਹੇਜ਼
ਕਰਦਾ ਹੈ ਤਾਂ ਕੋਈ ਹਰਜ ਨਹੀ। ਇਹ ਇੱਕ ਵਿਚਾਰ ਦਾ ਸੱਦ ੳਪਿਯੋਗ ਹੈ। ਲੇਕਿਨ ਜੇ ਕਰ ਇਹ ਵਿਚਾਰ
ਅਗਿਆਨਤਾ ਵਸ ਕਿਧਰੇ ਸਮਾਜਿਕ, ਆਰਥਕ ਅਤੇ ਮਾਨਸਿਕ ਸ਼ੋਸ਼ਣ ਜਾਂ ਮਾਨਸਿਕ ਭਟਕਣਾਂ ਦਾ ਕਾਰਣ ਬਣਿਆ
ਹੋਵੇ ਤਾਂ ਤੱਤ ਦੀ ਵਿਚਾਰ ਜਰੂਰੀ ਹੈ।
ਆਵਾਗਵਨ ਦੇ ਸਿਧਾਂਤ ਦੇ ਮੂਲ ਵਿੱਚ ਇੱਕ ਐਸੀ ਜੀਵਆਤਮਾ ਦਾ ਹੋਣਾ ਬੇਹੱਦ
ਜ਼ਰੂਰੀ ਹੈ ਜੋ ਆਵਾਗਵਨ ਦੇ ਸਿਧਾਂਤ ਦੇ ਅਨੁਸਾਰ ਸਰੀਰ ਦੇ ਪਤਨ ਉਪ੍ਰੰਤ ਕਿਸੇ ਦੂਸਰੀ ਜੂਨ ਵਿੱਚ
ਪ੍ਰਵੇਸ਼ ਕਰ ਲੈਂਦੀ ਹੈ ਤੇ ਇਸ ਤਰ੍ਹਾਂ ਇੱਕ ਜੀਵਆਤਮਾ ਅਲਗ ਅਲਗ ਜੂਨਾਂ ਵਿੱਚ ਭਟਕਦੀ ਰਹਿੰਦੀ ਹੈ।
ਲੇਕਿਨ ਜੇ ਇਹ ਮੰਨ ਲਿਆ ਜਾਵੇ ਕਿ ਮਨੁੱਖ ਦੇ ਸਰੀਰ ਵਿੱਚ ਜੀਵਆਤਮਾ (ਜੈਸੀ ਕਿ ਆਵਾਗਮਨ ਦੇ ਸਿਧਾਂਤ
ਅਨੁਸਾਰ ਦੱਸੀ ਜਾਂਦੀ ਹੈ) ਵਰਗੀ ਕੋਈ ਚੀਜ਼ ਹੈ ਹੀ ਨਹੀਂ ਤਾਂ ਆਵਾਗਵਨ ਦੇ ਉਪਰ ਦੱਸੇ ਸਿਧਾਂਤ ਦੀ
ਪੁਸ਼ਟੀ ਨਹੀਂ ਕੀਤੀ ਜਾ ਸਕਦੀ।
ਸਭ ਤੋਂ ਪਹਿਲਾਂ ਆਓੁ ਦੇਖੀਏ ਕਿ ਕੀ ਮਨੁੱਖ ਜਾਂ ਜੀਵ ਦੇ ਅੰਦਰ ਕੋਈ ਐਸੀ
ਜੀਵਾਤਮਾ (ਆਵਾਗਮਨ ਕਰਨ ਵਾਲੀ) ਹੈ? ਇਸ ਸਵਾਲ ਦੇ ਜੁਆਬ ਨੂੰ ਦੋ ਸੰਧਰਭਾਂ ਵਿੱਚ ਦੇਖਿਆ ਜਾਂ
ਪੜਚੋਲਿਆ ਜਾ ਸਕਦਾ ਹੈ।
1. Macro-level
(ਉੱਚੀ ਪੱਧਰ)
2. Micro-leve
l
(ਸੂਖਮ ਪੱਧਰ)
1. Macro-level
(ਉੱਚੀ ਪੱਧਰ):- ਮਨੁੱਖ
ਈਸ਼ਵਰ ਦੀ ਬਣਾਈ ਪ੍ਰਕ੍ਰਿਤੀ ਤੋਂ ਹੀ ਜੰਮਿਆ ਹੈ। ਉਸ ਦੇ ਜੀਵਨ ਦਾ ਆਰੰਭ ਈਸ਼ਵਰ ਦੇ
ਬਣਾਏ ਕੁਦਰਤੀ ਨਿਜ਼ਾਮ ਵਿਚੋਂ ਹੀ ਹੋਇਆ ਹੈ ਇਸ ਵਾਸਤੇ ਇਸ ਨਿਗਾਹ ਨਾਲ ਕਾਰਣ ਹੋਣ ਦੇ
ਕਾਰਣ ਪ੍ਰਮਾਤਮਾ ਜੀਵਨ ਦੇ ਮੂਲ ਵਿੱਚ ਕਿਹਾ ਜਾ ਸਕਦਾ ਹੈ।
‘ਤੂ ਆਪੇ ਕਰਤਾ ਕਾਰਣ ਕਰਨਾ` (ਪੰਨਾ
1079)
ਕਿਸੇ ਸਾਜ ਦੇ ਤਾਰ ਨੂੰ ਛੇੜਨ ਦੇ ਨਾਲ ਇੱਕ ਧੁਨ ਪੈਦਾ ਹੁੰਦੀ ਹੈ ਅਤੇ ਇਸ
ਧੁਨ ਦਾ ਇੱਕ ਅਸਥਾਈ ਜੀਵਨ ਕਾਲ ਹੁੰਦਾ ਹੈ ਜਿਸ ਦੇ ਬਾਅਦ ਇਹ ਧੁਨ ਖਤਮ ਹੋ ਜਾਂਦੀ ਹੈ। ਇਸੇ
ਤਰ੍ਹਾਂ ਸਾਰੀ ਸ੍ਰਿਸ਼ਟੀ ਈਸ਼ਵਰ ਰੂਪੀ ਸਾਜ਼ ਵਿਚੋਂ ਨਿਕਲੀ ਇੱਕ ਧੁਨ ਮਾਤਰ ਹੈ ਅਤੇ ਇਸ ਦਾ ਇੱਕ ਜੀਵਨ
ਕਾਲ ਹੈ। ਕਿਉਂ ਕਿ ਈਸ਼ਵਰ ਸਾਰੀ ਕੁਦਰਤ ਦਾ ‘ਕਾਰਣ` ਹੈ, ਇਸ ਲਈ ਇਹ ‘ਇਹ ਵਡਿਆਈ` ਹੈ ਕਿ ਕੁਦਰਤ ਦੇ
ਹਰ ਰੂਪ ਵਿੱਚ ਪ੍ਰਮਾਤਮਾ ਆਪ ਵਸਿਆ ਹੈ।
‘ਆਪਣੇ ਕਾਰਜ ਮਹਿ ਆਪਿ ਸਮਾਇਆ`।।
‘ਬਲਿਹਾਰੀ ਕੁਦਰਤਿ ਵਸਿਆ ਤੇਰਾ ਅੰਤੁ ਨਾ ਜਾਈ ਲਖਿਆ`।।
ਯਾਦ ਰਹੇ ਕਿ ਇਹ ਕੇਵਲ ਇੱਕ ‘ਵਡਿਆਈ ਹੈ ਅਤੇ ਇਹ ਵਡਿਆਈ ਇਸ ਵਾਸਤੇ ਹੈ ਕਿ
ਕੁਦਰਤ ਦਾ ਕਾਰਣ ਆਪ ਪ੍ਰਮਾਤਮਾ ਹੈ। ਇਹ ਵਡਿਆਈ ਪ੍ਰਮਾਤਮਾ ਪ੍ਰਤੀ ਮਨੁੱਖ ਦੀ ਕ੍ਰਿਤਘਯਤਾ ਦਾ ਭਾਵ
ਹੈ। ਮਨੁੱਖ ਦੇ ਅੰਦਰ ਆਪ ਈਸ਼ਵਰ ਕਿਸੇ ‘ਠੋਸ ਰੂਪ` ਵਿੱਚ ਨਹੀਂ ਹੈ ਬਲਕਿ ਮਨੁੱਖ ਆਪਣੀ ਸਰੀਰਕ ਰਚਨਾ
ਵਜੋਂ ਕੁਦਰਤ ਦੇ ਉਨ੍ਹਾਂ ਨਿਯਮਾਂ ਦੇ ਅਧੀਨ ਹੈ ਜਿਹੜੇ ਨਿਯਮ ਈਸ਼ਵਰ ਦੇ ਕੁਦਰਤੀ ਹੁਕਮ
(Order)
ਦੇ
ਅੰਦਰ ਹਨ।
ਪਰਮਾਤਮਾ ਸਵਰੂਪ ਹੀਣ ਹੈ ਇਸ ਲਈ ਉਸ ਦੀ ਹਾਜ਼ਰੀ ਸਵਰੂਪ ਵਿੱਚ ਨਾ ਹੁੰਦੇ
ਹੋਏ ਇੱਕ ਹੁਕਮ ਦੇ ਰੂਪ ਵਿੱਚ ਹੈ। ਰਬੀ ਹੁਕਮ (ਵਿਸਮਾਦ ਪੱਖੀ ਕੁਦਤਰ) ਸਮਝਣ ਦਾ ਵਿਸ਼ਾ ਹੈ ਪਰ
ਕੁਦਰਤ ਤੋਂ ਬਾਹਿਰ ਪਰਮਾਤਮਾ ਕੇਵਲ ਅਤੇ ਕੇਵਲ ਵਿਸਮਾਦ ਹੈ ਅਨੰਤ ਹੈ। ਬਿਆਨ ਤੋਂ ਪਰੇ ਹੈ। ਸਮੁੱਚੀ
ਹੋਂਦ ਤੋਂ ਪਹਿਲੇ ਦਾ ਸਚ।
ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥
ਅਰਥ:
- ਹੇ ਨਾਨਕ! ਅਕਾਲ ਪੁਰਖ ਮੁੱਢ ਤੋਂ ਹੋਂਦ ਵਾਲਾ
ਹੈ, ਜੁਗਾਂ ਦੇ ਮੁੱਢ ਤੋਂ ਮੌਜੂਦ ਹੈ। ਇਸ ਵੇਲੇ ਭੀ ਮੌਜੂਦ ਹੈ ਤੇ ਅਗਾਂਹ ਨੂੰ ਭੀ ਹੋਂਦ ਵਾਲਾ
ਰਹੇਗਾ। ੧।
2. Micro-level
(ਸੂਖਮ ਪੱਧਰ):- ਸ੍ਰਿਸ਼ਟੀ ਈਸ਼ਵਰ ਕ੍ਰਿਤ ਹੈ।
ਈਸ਼ਵਰ ਨੇ ਸ੍ਰਿਸ਼ਟੀ ਵਿੱਚ ਜੀਵਨ ਦੀ ਉਤਪਤੀ ਦੇ ਸਾਧਨ ਦਿੱਤੇ ਹਨ ਜਿਸ ਤਰ੍ਹਾਂ ਹਵਾ, ਪਾਣੀ, ਰੌਸ਼ਨੀ
ਅਤੇ ਮਿੱਟੀ ਆਦਿਕ, ਅਤੇ ਇਨ੍ਹਾਂ ਸਾਧਨਾਂ ਵਿੱਚ ਈਸ਼ਵਰ ਨੇ ਐਸੀਆਂ ਕਿਰਿਆਵਾਂ
( Biologicl Laws)
ਅਤੇ ਸਾਮਰਥ ਪ੍ਰਧਾਨ ਕੀਤਾ ਹੈ ਜਿਨ੍ਹਾਂ ਨਾਲ ਕਰੋੜਾਂ ਸਾਲਾਂ ਵਿੱਚ ਜੀਵਨ ਪਨਪਿਆ।
ਹੁਣ ਪਿਤਾ ਦੇ ਸ਼ੁਕਰਾਣੂ ਅਤੇ ਮਾਤਾ ਦੇ ਅੰਡਮੇਲ ਦੇ ਨਾਲ ਆਰੰਭ ਹੁੰਦੀ ਹੈ
ਇੱਕ ਐਸੀ ਕਿਰਿਆ ਜਿਸ ਨੂੰ ਜੀਵ-ਜੀਵਨ ਕਿਹਾ ਜਾਂਦਾ ਹੈ। ਇਹ ਇੱਕ ਪ੍ਰਵਾਹ ਹੈ ਜਿਹੜਾ ਕਿ ਮਨੁੱਖ
ਸਰੀਰਕ ਸੰਰਚਨਾ ਵਿੱਚ ਵਗਦਾ ਅਤੇ ਉਸ ਨੂੰ ਸੰਚਾਲਿਤ ਕਰਦਾ ਹੈ। ਮਨੁੱਖ ਦੇ ਸਰੀਰ ਦੀ ਬਣਤਰ ਅਤੇ ਉਸ
ਦਾ ਜੀਵਨ ਪ੍ਰਵਾਹ ਇੱਕ ਦੂਜੇ ਉੱਤੇ ਨਿਰਭਰ ਹਨ। ਜੇ ਸਰੀਰਕ ਬਣਤਰ ਵਿੱਚ ਕੋਈ ਵਡੀ ਔਕੜ ਆ ਜਾਵੇ ਤਾਂ
ਇਹ ਜੀਵਨ ਪ੍ਰਵਾਹ (ਸ਼ਕਤੀ ਪ੍ਰਵਾਹ) ਰੁਕ ਜਾਂਦਾ ਹੈ ਅਤੇ ਮਨੁੱਖ ਜਾਂ ਜੀਵ ਨਿਰਜੀਵ ਹੋ ਜਾਂਦਾ ਹੈ।
ਆਪਣੇ ਇਸ ਰੂਪ ਵਿੱਚ ਮਨੁੱਖ ਆਪਣੇ ਆਪ ਵਿੱਚ ਇੱਕ ਇਕਾਈ ਹੈ ਜਿਸ ਵਿੱਚ ਈਸ਼ਵਰ
ਆਪ ਕਿਸੇ ਰੂਪ ਵਿੱਚ ਨਹੀਂ ਵਸਦਾ। ਇਸ ਵਿੱਚ ਵੈਸੀ ਕੋਈ ਜੀਵਾਤਮਾ ਨਹੀਂ ਜੈਸੀ ਕਿ ਆਵਾਗਵਨ ਦੇ
ਸਿਧਾਂਤ ਵਿੱਚ ਦੱਸੀ ਜਾਂਦੀ ਹੈ। ਜੇਕਰ ਸਰੀਰ ਦੇ ਸਾਰੇ ਮਹੱਤਵਪੂਰਣ ਅੰਗ ਆਪਣਾ ਆਪਣਾ ਕੰਮ ਕਰਦੇ
ਰਹਿਣ ਤਾਂ ਇਹ ਸ਼ਕਤੀ ਪ੍ਰਵਾਹ ਉਤਪੰਨ ਹੁੰਦਾ ਰਹਿੰਦਾ ਹੈ ਅਤੇ ਉਹ ਸਰੀਰ ਨੂੰ ਸਜੀਵ ਅਤੇ ਕ੍ਰਿਆਸ਼ੀਲ
ਰੱਖਦਾ ਹੈ। ਜੇਕਰ ਕੋਈ ਮਹੱਤਵ ਪੂਰਣ ਅੰਗ ਆਪਣਾ ਕੰਮ ਅੰਦਰਲੇ ਜਾਂ ਬਾਹਰਲੇ ਕਾਰਣਾਂ ਕਾਰਣ ਬੰਦ ਕਰ
ਦੇਵੇ ਤਾਂ ਜੀਵ ਨਿਰਜੀਵ ਹੋ ਜਾਂਦਾ ਹੈ ਅਤੇ ਐਸਾ ਬਿਲਕੁਲ ਨਹੀਂ ਕਿ ਕੋਈ ਆਤਮਾ ਮਨੁੱਖ ਦੇ ਸਰੀਰ
ਵਿੱਚੋਂ ਨਿਕਲ ਕਿਤੇ ਹੋਰ ਚਲੀ ਜਾਂਦੀ ਹੈ ਇਹ ਕੇਵਲ ਇੱਕ ਸ਼ਕਤੀ ਪ੍ਰਵਾਹ ਦੀ ਉਤਪਤੀ ਦਾ ਅੰਤ ਹੈ ਨਾ
ਕਿ ਸ਼ਕਤੀ ਪ੍ਰਵਾਹ ਦਾ ਪਲਾਇਣ
(Migration in an other body) ਮਨੁੱਖ ਸਰੀਰ ਨੂੰ ਸਜੀਵ ਅਤੇ
ਕ੍ਰਿਆਸ਼ੀਲ ਰਖਣ ਵਾਲਾ ਪ੍ਰਵਾਹ ਮਨੁੱਖਾ ਸਰੀਰ ਦੀ ਬਣਤਰ ਦੀ ਕਾਰਜ ਕੁਸ਼ਲਤਾ ਤੋਂ ਪੈਦਾ ਹੁੰਦਾ ਹੈ
ਅਤੇ ਇਸੇ ਤੇ ਹੀ ਨਿਰਭਰ ਕਰਦਾ ਹੈ। ਦੂਸਰੇ ਪਾਸੇ ਮਨੁੱਖਾ ਸਰੀਰ ਵੀ ਇਸੇ ਸ਼ਕਤੀ ਪ੍ਰਵਾਹ ਤੇ ਅਧਾਰਿਤ
ਅਤੇ ਕ੍ਰਿਆਸ਼ੀਲ ਰਹਿੰਦਾ ਹੈ ਜੇਕਰ ਮਨੁੱਖ ਜਾਂ ‘ਜੀਵ` ‘ਸਰੀਰ` ਨਹੀਂ ਤਾਂ ਸ਼ਕਤੀ ਪ੍ਰਵਾਹ ਨਹੀਂ ਅਤੇ
ਜੇਕਰ ਸ਼ਕਤੀ ਪ੍ਰਵਾਹ ਨਹੀਂ ਤਾਂ ਮਨੁੱਖਾ ਸਰੀਰ ਨਹੀਂ।
ਉਪਰਲੀ ਹਾਲਤ ਵਿੱਚ ‘ਮੌਤ` ਸਰੀਰ ਵਿੱਚੋਂ ਸ਼ਕਤੀ ਪ੍ਰਵਾਹ ਦਾ ਸਮਾਪਤ ਹੋ
ਜਾਣਾ ਹੈ। ਇਹ ਵਿਅਕਤੀਗਤ ਸੰਧਰਭ ਵਿੱਚ ਇੱਕ ਜੀਵਨ ਦਾ ਸਥਾਈ ਅੰਤ ਹੈ। ਮਨੁੱਖਾਂ ਸਰੀਰ ਦੇ ਨਿਰਜੀਵ
ਹੋ ਜਾਣ ਦੀ ਸੂਰਤ ਵਿੱਚ ਉਸ ਸ਼ਕਤੀ ਪ੍ਰਵਾਹ ਦੀ ਹੋਂਦ (ਜੈਸੀ ਕਿ ਉਹ ਸਜੀਵ ਸਰੀਰ ਵਿੱਚ ਸੀ) ਦੀ ਗੱਲ
ਕੋਰੀ ਕਲਪਨਾ ਹੈ। ਇਹ ਕੋਈ ਐਸੀ ਆਤਮਾ ਨਹੀਂ ਜੈਸੀ ਕਿ ਆਵਾਗਵਨ ਦੇ ਸਿਧਾਂਤ ਵਿੱਚ ਦੱਸੀ ਜਾਂਦੀ ਹੈ।
ਸਰੀਰ ਦਾ ਸੰਚਾਲਿਕ ਇਹ ਸ਼ਕਤੀ ਪ੍ਰਵਾਹ ਹੁਣ ਕੇਵਲ ਸਰੀਰ ਤੇ ਹੀ ਨਿਰਭਰ
(Dependent)
ਨਹੀਂ ਕਿਉਂਕਿ ਸਰੀਰ ਆਪ ਸਰੀਰ ਤੋਂ ਬਾਹਲੀਆਂ ਹਾਲਤਾਂ ਉੱਤੇ ਨਿਰਭਰ ਹੈ। ਇਹ ਹਾਲਾਤ ਹਨ ਜਲ, ਹਵਾ,
ਧਰਤੀ ਅਤੇ ਰੌਸ਼ਨੀ ਆਦਿਕ। ਸਰੀਰ ਦੀ ਬਣਤਰ ਅਤੇ ਬਾਹਰੀ ਹਾਲਾਤ ਇੱਕ ਤੰਤਰ
(system)
ਦਾ ਨਿਰਮਾਣ ਕਰਦੇ ਹਨ। ਇਹ ਤੰਤਰ ਜੀਵਨ ਸ਼ਕਤੀ ਨੂੰ ਪੈਦਾ ਕਰਦਾ ਹੈ।
ਜਦ ਵੀ ਇਹ ਤੰਤਰ ਟੁੱਟਦਾ ਹੈ ਤਾਂ ਜੀਵ ਨਿਰਜੀਵ ਹੋ ਜਾਂਦਾ ਹੈ, ਅਤੇ ਸਰੀਰ
ਦੇ ਨਿਰਜੀਵ ਹੋਣ ਉਪ੍ਰੰਤ ਜੀਵਨ ਸ਼ਕਤੀ (ਵਿਅਕਤੀਗਤ ਪਧਰ ਤੇ) ਜਾਂ ਕਿਸੇ ਜੀਵਾਤਮਾ ਦੀ ਹੋਂਦ ਤਰਕਹੀਨ
ਹੈ। ਇਹ ਕੇਵਲ ਸ਼ਕਤੀ
(Energy)
ਦੀ ਪਰੀਵਰਤਨਸ਼ੀਲਤਾ ਹੈ।
ਕਿਸੇ ਇੰਜਨ ਵਿੱਚ ਕਰੰਟ ਦੇ ਨਾਲ ਪੈਦਾ ਹੋਣ ਵਾਲੀ ਚਿੰਗਾਰੀ ਇੰਜਨ ਵਿੱਚ
ਈਂਧਨ
(Oil)
ਨੂੰ ਜਲਾਉਂਦੀ ਹੈ। ਇਹ ਇੱਕ ਸ਼ਕਤੀ ਪ੍ਰਵਾਹ ਦੀ ਉਤਪਤੀ ਹੈ ਲੇਕਿਨ ਕਰੰਟ ਬੰਦ ਹੋ ਜਾਣ ਤੇ ਇਹ ਜਵਾਲਾ
ਸਮਾਪਤ ਹੋ ਜਾਂਦੀ ਹੈ ਨਾ ਕਿ ਇਹ ਜਵਾਲਾ ਇੱਕ ਜਵਾਲਾ ਦੇ ਰੂਪ ਵਿੱਚ ਕਿਤੇ ਨਿਕਲ ਜਾਂਦੀ ਹੈ। ਇਸ ਦੇ
ਉਲਟ ਉਸ ਦੀ ਉਤਪਤੀ ਬੰਦ ਹੋ ਜਾਂਦੀ ਹੈ ਅਤੇ ਰਹਿ ਜਾਂਦੇ ਨੇ ਉਹ ਕਾਰਣ ਜਿਨ੍ਹਾਂ ਨੇ ਜਵਾਲਾ ਨੂੰ
ਉਤਪੰਨ ਕੀਤਾ ਸੀ। ਪੰਜਵੇਂ ਪਾਤਸ਼ਾਹ ਜੀ ਦਾ ਲਿਖਿਆ ਇੱਕ ਸ਼ਬਦ ਬੇਹੱਦ ਮਹੱਤਵਪੂਰਣ ਹੈ ਇਸ ਵਿੱਚ
ਜੀਵਾਤਮਾ, ਜਨਮ ਮਰਣ ਅਤੇ ਆਵਾਗਵਨ ਨੂੰ ਸਮਝਣ ਦੇ ਨੁਕਤੇ ਹਨ।
ਰਾਮਕਲੀ ਮਹਲਾ ੫ ॥ ਪਵਨੈ ਮਹਿ ਪਵਨੁ ਸਮਾਇਆ ॥ ਜੋਤੀ ਮਹਿ ਜੋਤਿ ਰਲਿ ਜਾਇਆ ॥
ਮਾਟੀ ਮਾਟੀ ਹੋਈ ਏਕ ॥ ਰੋਵਨਹਾਰੇ ਕੀ ਕਵਨ ਟੇਕ ॥੧॥ (ਪੰਨਾ 885)
ਅਰਥ:
(ਹੇ ਭਾਈ! ਜਦੋਂ ਅਸੀ ਇਹ
ਸਮਝਦੇ ਹਾਂ ਕਿ ਕੋਈ ਪ੍ਰਾਣੀ ਮਰ ਗਿਆ ਹੈ, ਅਸਲ ਵਿਚ ਇਹ ਹੁੰਦਾ ਹੈ ਕਿ ਉਸ ਦੇ ਪੰਜ-ਤੱਤੀ ਸਰੀਰ
ਵਿਚੋਂ) ਸੁਆਸ ਹਵਾ ਵਿਚ ਮਿਲ ਜਾਂਦਾ ਹੈ, (ਸਰੀਰ ਦੀ) ਮਿੱਟੀ (ਧਰਤੀ ਦੀ) ਮਿੱਟੀ ਨਾਲ ਮਿਲ ਜਾਂਦੀ
ਹੈ, ਜੀਵਾਤਮਾ (ਸਰਬ-ਵਿਆਪਕ) ਜੋਤਿ ਨਾਲ ਜਾ ਰਲਦਾ ਹੈ। (ਮੁਏ ਨੂੰ) ਰੋਣ ਵਾਲਾ ਭੁਲੇਖੇ ਦੇ ਕਾਰਨ
ਹੀ ਰੋਂਦਾ ਹੈ।੧।
ਇਥੇ ਸਪਸ਼ਟ ਰੂਪ ਵਿੱਚ ਹਰ ਜੀਵਆਤਮਾ (ਜੋਤਿ) ਦੇ ਜੋਤੀ (ਸਰਵ ਵਅਿਾਪਕ) ਨਾਲ ਮਿਲਣ ਦੀ ਗਲ ਕਹੀ
ਗਈ ਹੈ।
ਕਉਨੁ
ਮੂਆ ਰੇ ਕਉਨੁ ਮੂਆ ॥ ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ ਇਹੁ ਤਉ ਚਲਤੁ ਭਇਆ ॥੧॥ ਰਹਾਉ ॥
(ਪੰਨਾ 885)
ਸਭ ਤੋਂ ਪਹਿਲਾਂ ਅਸੀਂ ਇਹ ਸਮਝ ਲਈਏ ਕਿ ਇਸ ਸ਼ਬਦ ਵਿੱਚ ਗੁਰੁ ਸਾਹਿਬ ਜੀ ਨੇ
ਇੱਕ ਆਮ ਮਨੁੱਖ ਦੀ ਮੌਤ ਨੂੰ ਲੈਕੇ ਇੱਕ ਦਾਰਸ਼ਨਿਕ ਸਵਾਲ ਉਠਾਇਆ ਹੈ। ਇਹ ਸਵਾਲ ਕੇਵਲ ਕਿਸੇ “ਵਿਸ਼ੇਸ਼
ਗਿਆਨੀ” ਦੀ ਮੌਤ ਨਾਲ ਸੰਬੰਧਿਤ ਨਹੀਂ ਇਸ ਲਈ ਸਾਨੂੰ “ਜੋਤੀ ਮਹਿ ਜੋਤਿ ਰਲੁ ਜਾਇਆ” ਪੰਕਤੀ
ਨੂੰ ਹਰ ਮਨੁੱਖ (ਆਸਤਿਕ ਜਾਂ ਨਾਸਤਿਕ) ਦੀ ਮੌਤ ਦੇ ਸੰਧਰਭ ਵਿੱਚ ਦੇਖਣਾ ਪਵੇਗਾ।
ਸ਼ਬਦ ਦੀਆਂ ਉਪ੍ਰੋਕਤ ਪੰਕਤੀਆਂ ਇੱਕ ਐਸੇ ਸਵਾਲ ਨੂੰ ਸਾਰੇ ਬੁਧੀਮਾਨ (ਬ੍ਰਹਮ
ਗਿਆਨੀ) ਮਨੁੱਖਾਂ ਦੇ ਸਾਹਮਣੇ ਉਠਾਉਂਦੀਆਂ ਹਨ ਜਿਸ ਦੇ ਉਤਰ ਵਿੱਚ ਛੁਪਿਆ ਹੈ ਜੀਵਾਤਮਾ ਅਤੇ
ਆਵਾਗਵਨ ਸੰਬੰਧੀ ਗੁਰਮਤਿ ਦਾ ਦ੍ਰਿਸ਼ਟੀਕੋਣ। ਕਿਉਂ ਕਿ ਗੁਰੁ ਸਾਹਿਬ ਜੀ ਦਾ ਇਹ ਸੁਆਲ ਬੁਧੀਮਾਨ ਜਾਂ
ਗਿਆਨੀ ਕਹੇ ਜਾਣ ਵਾਲੇ ਮਨੁੱਖਾਂ ਨੂੰ ਹੈ ਇਸ ਵਾਸਤੇ ਇਸ ਸੁਆਲ ਉੱਤੇ ਦਿੱਤਾ ਗੁਰੁ ਸਾਹਿਬ ਜੀ ਦਾ
ਜੁਆਬ ਸਿੱਖ ਧਰਮ ਦੇ ਆਵਾਗਵਨ ਸੰਬੰਧੀ ਫ਼ਲਸਫ਼ੇ ਨੂੰ ਦਰਸਾਉਂਦਾ ਹੈ।
ਦੂਸਰੇ ਕਈ ਸ਼ਬਦਾਂ ਵਾਂਗ ਇਹ ਸ਼ਬਦ ਸੰਕੇਤਿਕ ਨਹੀਂ ਹੈ। ਉਪ੍ਰੋਕਤ ਸ਼ਬਦ ਵਿੱਚ
ਗੁਰੂ ਨਾਨਕ ਦੇਵ ਜੀ ਇਸ ਸ਼ਬਦ ਵਿੱਚ ਛੁਪੇ ਹੋਏ ਫ਼ਲਸਫ਼ੇ ਦੀ ਹੀ ਵਿਆਖਿਆ ਹੈ
ਦੇਹੀ ਮਾਟੀ ਬੋਲੈ ਪਉਣੁ ॥ ਬੁਝੁ ਰੇ ਗਿਆਨੀ ਮੂਆ ਹੈ ਕਉਣੁ ॥
(ਪੰਨਾ 152)
ਪੰਚਮ ਪਾਤਸ਼ਾਹ ਜੀ ਨੇ ਸਪਸ਼ਟ ਰੂਪ ਵਿੱਚ ਰਹਾਉ ਦੀ ਪੰਗਤੀਆਂ ਵਿੱਚ ਚੁਕੇ ਗਏ
ਦਾਰਸ਼ਨਿਕ ਸਵਾਲ ਦਾ ਇੱਕ ਵਿਗਿਆਨਕ ਉਤਰ ਦੇਂਦੇ ਹੋਏ ਇੱਕ ਐਸੇ ਸੱਚ ਨੂੰ ਸੰਸਾਰ ਦੇ ਸਨਮੁੱਖ ਰਖਿਆ
ਹੈ ਜਿਸ ਵਿੱਚ ਵਿਗਿਆਨਕ ਤਰਕ ਹੈ ਅਤੇ ਦੁਬਾਰਾ ਜਨਮ ਲੈਣ ਵਾਲੀ ਜੀਵਾਤਮਾ ਜੈਸੀ ਕਿਸੇ ਚੀਜ਼ ਦਾ ਖੰਡਨ
ਹੈ।
ਗੁਰੁ ਸਾਹਿਬ ਨੇ ਮਨੁੱਖ ਦੀ ਮੌਤ ਨੂੰ ਉਨ੍ਹਾਂ ਅੰਦਰਲੇ ਅਤੇ ਬਾਹਰਲੇ ਤੱਤਾਂ
ਦੇ ਤੰਤਰ
( System)
ਦਾ ਵਿਖੰਡਨ ਦੱਸਿਆ ਜਿਨ੍ਹਾਂ ਦੇ ਨਾਲ ਜੀਵ ਦੇ ਸਰੀਰ ਵਿੱਚ ਸ਼ਕਤੀ ਪ੍ਰਵਾਹ ਪੈਦਾ ਹੋ ਕੇ ਸਰੀਰ ਨੂੰ
ਕਿਰਿਆਸ਼ੀਲ ਰੱਖਦਾ ਹੈ। ਇਹ ਸ਼ਕਤੀ ਦਾ ਪਰਿਵਰਤਨ ਹੈ। ਜਿਸ ਨੂੰ ਸਭ ਤੋਂ ਪਹਿਲਾਂ ਗੁਰੁ ਸਾਹਿਬ ਨੇ
ਦੁਨੀਆਂ ਦੇ ਸਾਹਮਣੇ ਰੱਖ ਕੇ ਜੀਵਾਤਮਾ ਜੈਸੀ ਕਿਸੇ ਸੁਤੰਤਰ ਹੋਂਦ
(Independent Existance)
ਹੋਣ ਦਾ ਅਸਲ ਭੇਦ ਖੋਲਿਆ।
ਉਹ ਸ਼ਬਦ ਵਿੱਚ ਸਪਸ਼ਟ ਕਰਦੇ ਹਨ ਕਿ ਮਨੁੱਖ ਦੀ ਮੌਤ ਊਰਜਾ ਦਾ ਪਰਿਵਰਤਨ ਹੈ।
ਕੇਵਲ ਊਰਜਾ ਦਾ ਪਰਿਵਰਤਨ ਨਾ ਕਿ ਕਿਸੇ ਜੀਵਾਤਮਾ ਦਾ ਆਵਾਗਵਨ। ਹੈਰਾਨਗੀ ਦੀ ਗੱਲ ਹੈ ਕਿ ਇਸ
ਵਿਗਿਆਨਕ ਸਿਧਾਂਤ ਨੂੰ ਸੈਂਕੜੇ ਸਾਲਾਂ ਬਾਅਦ ਇੱਕ ਸਾਂਇਸਦਾਨ
Herman Helmholtz
( 1821-1894) ਨੇ ਸੰਸਾਰ ਦੇ ਸਾਹਮਣੇ ਰੱਖਿਆ। ਇਸ
ਸਿਧਾਂਤ ਨੂੰ
Law of Conservation of Energy
ਦੇ ਨਾ ਨਾਲ ਜਾਣਿਆ ਜਾਂਦਾ ਹੈ। ਇਸ ਸਿਧਾਂਤ ਅਨੁਸਾਰ ਸ਼ਕਤੀ ਊਰਜਾ
(Energy)
ਨਾ ਉਤਪਨ ਹੁੰਦੀ ਹੈ ਤੇ ਨਾ ਹੀ ਸਮਾਪਤ ਹੁੰਦੀ ਹੈ। ਉਹ ਕੇਵਲ ਪਰਿਵਰਤਿਤ ਹੁੰਦੀ ਹੈ।
ਅਗਲੀ ਕਿਛੁ ਖਬਰਿ ਨ ਪਾਈ ॥ ਰੋਵਨਹਾਰੁ ਭਿ ਊਠਿ ਸਿਧਾਈ ॥
ਭਰਮ ਮੋਹ ਕੇ ਬਾਂਧੇ ਬੰਧ ॥ ਸੁਪਨੁ ਭਇਆ ਭਖਲਾਏ ਅੰਧ ॥੨॥
ਇਹੁ ਤਉ ਰਚਨੁ ਰਚਿਆ ਕਰਤਾਰਿ ॥ ਆਵਤ ਜਾਵਤ ਹੁਕਮਿ ਅਪਾਰਿ ॥
ਨਹ ਕੋ ਮੂਆ ਨ ਮਰਣੈ ਜੋਗੁ ॥ ਨਹ ਬਿਨਸੈ ਅਬਿਨਾਸੀ ਹੋਗੁ ॥
(ਪੰਨਾ 885)
ਉਪਰਲੀਆਂ ਪੰਗਤੀਆਂ ਵਿੱਚ ਗੁਰੁ ਸਾਹਿਬ ਨੇ ਸਪਸ਼ਟ ਕੀਤਾ ਹੈ। ਜੀਵਾਂ ਦਾ
ਜੀਵਨ ਤੇ ਮੌਤ ਊਰਜਾ ਦਾ ਬਦਲਾਵ ਹੈ। ਇਸੇ ਬਦਲਾਵ ਕਰਕੇ ਮਨੁੱਖਾਂ ਅਤੇ ਜੀਵਾਂ ਦਾ ਆਉਂਣਾ ਜਾਣਾ ਜਾਂ
ਪੈਦਾ ਹੋਣਾ ਅਤੇ ਮਰਨਾ ਦਿਖਾਈ ਦਿੰਦਾ ਹੈ। ਇਹ ਬਦਲਾਉ ਪ੍ਰਮਾਤਮਾ ਦਾ ਹੁਕਮ ਹੈ ਅਰਥਾਤ ਉਸ ਦੀ ਬਣਾਈ
ਹੋਈ ਸ੍ਰਿਸ਼ਟੀ ਦੇ ਨਿਯਮਾਂ ਦੇ ਅਧੀਨ ਹੈ ਜਦਕਿ ਜੀਵਨ ਅਤੇ ਮੌਤ ਕੇਵਲ ਊਰਜਾ ਦਾ ਬਦਲਾਉ ਹੈ ਜੋ
ਦਰਅਸਲ ਨਾ ਜਨਮ ਲੈਂਦੀ ਹੈ ਨਾ ਮਰਦੀ ਹੈ। ਮਨੁੱਖਾਂ ਜੀਵਨ ਕੁਦਰਤੀ ਪੁਲਾੜ ਵਿਚੋਂ ਉਪਜਦਾ ਹੈ ਅਤੇ
ਮੌਤ ਉਪ੍ਰੰਤ ਬਦਲ ਕੇ ਇਸੇ ਕੁਦਰਤੀ ਪੁਲਾੜ ਦਾ ਹਿੱਸਾ ਬਣਿਆ ਰਹਿੰਦਾ ਹੈ।
ਸਗਲੀ ਬਣਤ ਬਣਾਈ ਆਪੇ ॥ ਆਪੇ ਕਰੇ ਕਰਾਏ ਥਾਪੇ ॥
ਇਕਸੁ
ਤੇ ਹੋਇਓ ਅਨੰਤਾ ਨਾਨਕ ਏਕਸੁ ਮਾਹਿ ਸਮਾਏ ਜੀਉ ॥੯॥੨॥੩੬॥
{
ਪੰਨਾ
131}
ਭਾਵ: ਪ੍ਰਭੂ ਨੇ ਕਈ ਕਿਸਮਾਂ ਦੇ ਕਰੋੜਾਂ ਹੀ ਜੀਵ ਪੈਦਾ ਕੀਤੇ ਹੋਏ ਹਨ, ਜੋ ਪ੍ਰਭੂ ਤੋਂ ਪੈਦਾ
ਹੋ ਕੇ ਫਿਰ ਪ੍ਰਭੂ ਵਿੱਚ ਲੀਨ ਹੋ ਜਾਂਦੇ ਹਨ।
ਉਸ ਪ੍ਰਭੂ ਦਾ ਅੰਤ ਕੋਈ ਬੰਦਾ ਨਹੀਂ ਜਾਣਦਾ; (ਕਿਉਂਕਿ) ਹੇ ਨਾਨਕ! ਉਹ ਪ੍ਰਭੂ (ਆਪਣੇ ਵਰਗਾ)
ਆਪ ਹੀ ਆਪ ਹੈ। ੭।
ਵੇਕੀ ਸ੍ਰਿਸਟਿ ਉਪਾਈਅਨੁ ਸਭ ਹੁਕਮਿ ਆਵੈ ਜਾਇ ਸਮਾਹੀ (947)
ਭਾਵ: ਉਸ (ਪ੍ਰਭੂ) ਨੇ ਰੰਗਾ-ਰੰਗ ਦੀ ਸ੍ਰਿਸ਼ਟੀ ਪੈਦਾ ਕੀਤੀ ਹੈ, ਸਾਰੇ ਜੀਵ ਉਸ ਦੇ ਹੁਕਮ ਵਿੱਚ
ਜੰਮਦੇ ਤੇ ਸਮਾ ਜਾਂਦੇ ਹਨ;
ਇਹੁ ਪਰਪੰਚੁ ਕੀਆ ਪ੍ਰਭ ਸੁਆਮੀ ਸਭੁ ਜਗਜੀਵਨੁ ਜੁਗਣੇ ॥
ਜਿਉ ਸਲਲੈ ਸਲਲ ਉਠਹਿ ਬਹੁ ਲਹਰੀ ਮਿਲਿ ਸਲਲੈ ਸਲਲ ਸਮਣੇ ॥੨॥(976)
ਭਾਵ: ਇਹ ਜਗਤ-ਰਚਨਾ-ਸੁਆਮੀ ਪ੍ਰਭੂ ਨੇ ਆਪ ਹੀ ਕੀਤੀ ਹੈ, (ਇਸ ਵਿਚ) ਹਰ ਥਾਂ ਜਗਤ ਦਾ
ਜੀਵਨ-ਪ੍ਰਭੂ ਆਪ ਹੀ ਵਿਆਪਕ ਹੈ। ਜਿਵੇਂ ਪਾਣੀ ਵਿੱਚ ਪਾਣੀ ਦੀਆਂ ਬਹੁਤ ਲਹਿਰਾਂ ਉਠਦੀਆਂ ਹਨ, ਤੇ
ਉਹ ਪਾਣੀ ਵਿੱਚ ਮਿਲ ਕੇ ਪਾਣੀ ਹੋ ਜਾਂਦੀਆਂ ਹਨ। ੨।)
ਜਿਸ ਤੇ ਉਪਜੈ ਤਿਸ ਤੇ ਬਿਨਸੈ ਘਟਿ ਘਟਿ ਸਚੁ ਭਰਪੂਰਿ (20)
ਜਿਸ ਪਰਮਾਤਮਾ ਤੋਂ ਇਹ ਜਗਤ ਪੈਦਾ ਹੁੰਦਾ ਜਾਂਦਾ ਹੈ, ਉਸੇ (ਦੇ ਹੁਕਮ)
ਅਨੁਸਾਰ ਨਾਸ ਭੀ ਹੁੰਦਾ ਰਹਿੰਦਾ ਹੈ। ਤੇ, ਉਹ ਸਦਾ-ਥਿਰ ਪ੍ਰਭੂ ਹਰੇਕ ਸਰੀਰ ਵਿੱਚ ਨਕਾ-ਨਕ ਮੌਜੂਦ
ਹੈ। ਹੇ ਪ੍ਰਭੂ! ਤੂੰ ਆਪ ਹੀ ਜੀਵਾਂ ਨੂੰ ਆਪਣੇ ਚਰਨਾਂ ਵਿੱਚ ਜੋੜਦਾ ਹੈਂ, ਤੂੰ ਆਪ ਹੀ ਆਪਣੇ
ਸਦਾ-ਥਿਰ ਮਹਲ ਵਿੱਚ ਹਜ਼ੂਰੀ ਵਿੱਚ ਰੱਖਦਾ ਹੈਂ। ੨।
ਉਪਰਲੇ ਉਦਾਹਰਣ ਜੀਵਾਂ ਦੀ ਮੋਤ ਉਪਰੰਤ ਦੀ ਵਾਸਵਿਕਤਾ ਪ੍ਰਤੀ ਗੁਰੂਮਤਿ ਦੇ
ਆਪਣੇ ਦ੍ਰਿਸ਼ਟੀਕੋਂਣ ਦਾ ਪ੍ਰਗਟਾਵਾ ਹਨ। ਇਹ ਵਿਚਾਰ ਗਲ ਸਮਝਾੳਂਣ ਲਈ ਆਵਾਗਮਨ ਸਬੰਧੀ ਦੂਸਰੀਆਂ
ਸਮਕਾਲੀ ਮਾਨਤਾਵਾਂ ਦਾ ਸੰਕੇਤਿਕ ਪ੍ਰਯੋਗ ਨਹੀਂ। ਕੀ ਅਸੀਂ ਗੁਰੂਮਤਿ ਦੇ ਇਨਾਂ ਨੁਕਤਿਆਂ ਨੂੰ ਨਜ਼ਰ
ਅੰਦਾਜ਼ ਕਰ ਸਕਦੇ ਹਾਂ?
“ਨਹਿ ਕਿਛੁ ਕਨਮੇ ਨਹਿ ਕਿਛੁ ਮਰੈ………” (ਪੰਨਾ
281-282)
“ਨਾ ਕਿਛੁ ਆਵਤ ਨਾ ਕਿਛੁ ਜਾਵਤ………. “ (ਪੰਨਾ 209)
ਲੇਕਿਨ ਊਰਜਾ ਦੇ ਇਸ ਬਦਲਾਉ ਨੂੰ ਮਨੁੱਖ ਨੇ ਸਿਰਫ਼ ਜ਼ਿੰਦਗੀ ਅਤੇ ਮੌਤ ਅਤੇ
ਜੀਵਆਤਮਾ ਤਕ ਹੀ ਸੀਮਿਤ ਰੱਿਖਆ ਅਤੇ ਭਰਮ ਵਿੱਚ ਪਿਆ ਰਿਹਾ। ਉਸ ਨੂੰ ਦਸਿਆ ਗਿਆ ਤੇ ਉਹ ਮੰਨਦਾ
ਰਿਹਾ ਕਿ ਮੌਤ ਤੋਂ ਬਾਦ ਜੀਵਆਤਮਾ ਕਿਸੇ ਦੂਸਰੀ ਜੂਨ ਵਿੱਚ ਪ੍ਰਵੇਸ਼ ਕਰੇਗੀ। ਲੇਕਿਨ ਗੁਰੁ ਸਾਹਿਬ
ਦਾ ਦਰਸ਼ਨ:
ਅਗਲੀ ਕਿਛੁ ਖਬਰਿ ਨ ਪਾਈ ॥ ਰੋਵਨਹਾਰੁ ਭਿ ਊਠਿ ਸਿਧਾਈ ॥
ਭਰਮ
ਮੋਹ ਕੇ ਬਾਂਧੇ ਬੰਧ ॥ ਸੁਪਨੁ ਭਇਆ ਭਖਲਾਏ ਅੰਧ ॥੨॥
(ਪੰਨਾ
885)
ਗੁਰੁ ਸਾਹਿਬਾਨ ਨੇ ਜੀਵਆਤਮਾ ਤੇ ਆਵਾਗਵਨ ਬਾਰੇ ਮਨੁੱਖ ਦੀਆਂ ਮਾਨਤਾਵਾਂ
ਨੂੰ ਤੋੜਦੇ ਸਪਸ਼ਟ ਕੀਤਾ:
ਜੋ ਇਹੁ ਜਾਣਹੁ ਸੋ ਇਹੁ ਨਾਹਿ ॥ ਜਾਨਣਹਾਰੇ ਕਉ ਬਲਿ ਜਾਉ ॥ਕਹੁ ਨਾਨਕ ਗੁਰਿ
ਭਰਮੁ ਚੁਕਾਇਆ ॥ ਨਾ ਕੋਈ ਮਰੈ ਨ ਆਵੈ ਜਾਇਆ ॥੪॥੧੦॥
{ਪੰਨਾ
885}
ਅਰਥ: ਹੇ ਭਾਈ! ਤੁਸੀ ਇਸ ਜੀਵਾਤਮਾ ਨੂੰ ਜਿਹੋ ਜਿਹਾ (ਆਵਾਗਮਨ ਵਿੱਚ
ਭਟਕਣ ਵਾਲਾ) ਸਮਝ ਰਹੇ ਹੋ ਇਹ ਉਹੋ ਜਿਹਾ ਨਹੀਂ ਹੈ। ਮੈਂ ਉਸ ਮਨੁਖ ਤੋਂ ਕੁਰਬਾਨ ਹਾਂ ਜਿਸ ਨੇ ਇਹ
ਅਸਲੀਅਤ ਸਮਝ ਲਈ ਹੈ। ਨਾਨਕ ਕਹਿੰਦਾ ਹੈ ਗੁਰੂ ਨੇ ਮੇਰਾ ਭੂਲੇਖਾ ਦੂਰ ਕਰ ਦਿੱਤਾ ਹੈ ਕਿ ਨਾ ਹੀ
ਕੋਈ ਮਰਦਾ ਹੈ। (ਤੱਤ ਤਤਾਂ ਵਿੱਚ ਰਲ ਜਾਂਦੇ ਹਨ,
change of energy) ਅਤੇ ਨਾ ਹੀ ਜਨਮ ਮਰਨ ਦੇ
ਗੇੜ ਵਿੱਚ ਪੈਂਦਾ ਹੈ
ਸਾਨੂੰ ਇਸ ਸ਼ਬਦ ਦੀਆਂ ਅਖੀਰਲੀਆਂ ਪੰਕਤਿਆਂ ਦੀ ਵਿਆਖਿਆਂ ਕਰਨ ਵੇਲੇ ਇਹ
ਚੇਤੇ ਰਖਣਾ ਚਾਹੀਦਾ ਹੈ ਕਿ ਜਿਸ ਸਮੇਂ ਇਹ ਸ਼ਬਦ ਉਚਾਰਿਆ ਗਿਆ ਸੀ ਉਸ ਵੇਲੇ ਹਰ ਕੋਈ ਜੀਵਆਤਮਾ ਨੂੰ
ਆਵਾਗਮਨ ਕਰਣ ਵਾਲ਼ੀ ਜੀਵਆਤਮਾ ਹੀ ਸਮਝ ਰਿਹਾ ਸੀ ਅਤੇ ਇਸ ਤੋਂ ਮ੍ਰਤਿਕ ਦੀ ਆਤਮਾ ਨੂੰ ਬਚਾਉਂਣ ਲਈ
ਕਈ ਪ੍ਰਕਾਰ ਦੇ ਕਰਮਕਾਂਡ ਕਰ ਰਿਹਾ ਸੀ। ਇੱਕ ਵੱਡਾ ਵਪਾਰ ਖੜਾ ਸੀ ਇਸੇ ਧਾਰਣਾ ਉਤੇ। ਇਸੇ ਲਈ ਗੁਰੁ
ਸਾਹਿਬ ਨੇ ਸਮਝਾਇਆ ਕਿ ਜੋ ਸਮਝਿਆ ਜਾ ਰਿਹਾ ਹੈ ਦਰਅਸਲ ਉਹ ਹੁੰਦਾ ਨਹੀ। ਅਜ ਵੀ ਉਹੀ ਭੂਲੇਖਾ
ਬਰਕਰਾਰ ਹੈ। ਇਸ ਕੁਲ ਸ਼ਬਦ ਦੀ ਵਿਆਖਿਆ ਵਿੱਚ ਅੱਜੇ ਤਕ ਭੂਲੇਖਾ ਖਾਦਾ ਗਿਆ ਹੈ।
ਆਓ ਇੱਕ ਉਦਾਹਰਣ ਨੂੰ ਸਮਝੀਏ:-
ਬਬਾ ਬਿੰਦਹਿ ਬਿੰਦ ਮਿਲਾਵਾ ॥ ਬਿੰਦਹਿ ਬਿੰਦਿ ਨ ਬਿਛੁਰਨ ਪਾਵਾ (341)
ਕੁਝ ਚਿਰ ਵਾਸਤੇ ਅਸੀਂ ਇੱਕ ਸਮੁੰਦਰ ਨੂੰ ਕੁਦਰਤਿ ਦਾ ਪੁਲਾੜ
(Nature)
ਸਮਝ ਲਈਏ। ਅਸੀਂ ਇਸ ਸਮੂੰਦਰ ਵਿੱਚੋਂ ਇੱਕ ਬੂੰਦ ਚੁਕ ਲੈਂਦੇ ਹਾਂ। ਜਦੋਂ ਵੀ ਅਸੀਂ ਉਸ ਚੁਕੀ ਹੋਈ
ਬੂੰਦ ਨੂੰ ਵਾਪਿਸ ਸਮੁੰਦਰ ਵਿੱਚ ਸਟੁਦੇ ਹਾਂ ਉਹ ਬੂੰਦ ਸਮੁੰਦਰ ਦਾ ਹਿੱਸਾ ਬਣ ਜਾਂਦੀ ਹੈ। ਹੁਣ ਕੀ
ਅਸੀਂ ਉਸੇ ਬੂੰਦ ਨੂੰ ਦੁਬਾਰਾ ਚੁਕ ਸਕਦੇ ਹਾਂ? ਬੇਸ਼ਕ ਉਹ ਬੂੰਦ ਸਮੁੰਦਰ ਵਿੱਚ ਵਾਪਿਸ ਡਿਗਣ
ਉਪ੍ਰੰਤ ਸਮੁੰਦਰ ਦੇ ਪਾਣੀ ਦਾ ਹੀ ਹਿੱਸਾ ਬਣੀ ਰਹਿੰਦੀ ਹੈ ਪਰ ਉਹ ਇੱਕ ਬੂੰਦ ਵਜੋਂ ਆਪਣੀ ਸੁਤੰਤਰ
ਹੋਂਦ ਗੁਆ ਬੈਠਦੀ ਹੈ। ਉਹ ਵਾਪਿਸ ਸਮੁੰਦਰ ਵਿੱਚ ਮਿਲ ਜਾਂਦੀ ਹੈ ਅਤੇ ਅਸੀਂ ਉਸ ਨੂੰ ਨਹੀਂ ਪਛਾਣ
ਸਕਦੇ ਠੀਕ ਇਸੇ ਤਰ੍ਹਾਂ ਜੀਵ ਕੁਦਰਤੀ ਪੁਲਾੜ ਵਿਚੋਂ ਇੱਕ ਵਿਸ਼ੇਸ਼
Bilogical Process
ਰਾਹੀਂ ਉਪਜਦੇ ਹਨ ਅਤੇ ਮਰਣ ਉਪ੍ਰੰਤ ਉਸੇ ਕੁਦਰਤੀ
ਪੁਲਾੜ ਵਿੱਚ ਸਮਾ ਜਾਂਦੇ ਹਨ। ਫ਼ਿਰ ਇੱਕ ਵਿਯਕਤਿਗਤ ਆਤਮਾ ਵਰਗੀ ਕੋਈ ਚੀਜ਼ ਨਹੀਂ ਬਚਦੀ ਉਹ ਵਾਪਿਸ
ਨਹੀਂ ਆਉਂਦੀ। ਗੁਰੁ ਸਾਹਿਬ ਫ਼ੁਰਮਾਉਂਦੇ ਹਨ:-
ਉਦਕ ਸਮੁੰਦ ਸਲਲ ਕੀ ਸਾਖਿਆ ਨਦੀ ਤਰੰਗ ਸਮਾਵਹਿਗੇ ॥
ਸੁੰਨਹਿ ਸੁੰਨੁ ਮਿਲਿਆ ਸਮਦਰਸੀ ਪਵਨ ਰੂਪ ਹੋਇ ਜਾਵਹਿਗੇ ॥੧॥
ਬਹੁਰਿ
ਹਮ ਕਾਹੇ ਆਵਹਿਗੇ ॥
ਆਵਨ
ਜਾਨਾ ਹੁਕਮੁ ਤਿਸੈ ਕਾ ਹੁਕਮੈ ਬੁਝਿ ਸਮਾਵਹਿਗੇ ॥੧॥ ਰਹਾਉ (1103)j
ਇਹੁ ਪਰਪੰਚੁ ਕੀਆ ਪ੍ਰਭ ਸੁਆਮੀ ਸਭੁ ਜਗਜੀਵਨੁ ਜੁਗਣੇ ॥
ਜਿਉ
ਸਲਲੈ ਸਲਲ ਉਠਹਿ ਬਹੁ ਲਹਰੀ ਮਿਲਿ ਸਲਲੈ ਸਲਲ ਸਮਣੇ ॥੨॥ (976)
ਵੇਕੀ ਸ੍ਰਿਸਟਿ ਉਪਾਈਅਨੁ ਸਭ ਹੁਕਮਿ ਆਵੈ ਜਾਇ ਸਮਾਹੀ (947)
ਇਸਤਰੀ ਪੁਰਖ ਹੋਇ ਕੈ ਕਿਆ ਓਇ ਕਰਮ ਕਮਾਹੀ ॥ ਨਾਨਾ ਰੂਪ ਸਦਾ ਹਹਿ ਤੇਰੇ ਤੁਝ
ਹੀ ਮਾਹਿ ਸਮਾਹੀ ॥੨॥ (162)
ਅਰਥ:-
ਕੀਹ ਇਸਤ੍ਰੀ ਤੇ ਕੀਹ ਮਰਦ—ਤੈਥੋਂ ਆਕੀ
ਹੋ ਕੇ ਕੋਈ ਕੁੱਝ ਨਹੀਂ ਕਰ ਸਕਦੇ। ਇਹ ਸਭ (ਇਸਤ੍ਰੀਆਂ ਤੇ ਮਰਦ) ਸਦਾ ਤੇਰੇ ਹੀ ਵਖ ਵਖ ਰੂਪ ਹਨ,
ਤੇ ਆਖ਼ਰ ਤੇਰੇ ਵਿੱਚ ਹੀ ਸਮਾ ਜਾਂਦੇ ਹਨ। ੨।
ਗੁਰੁ ਸਾਹਿਬ ਨੇ ਜੀਵਨ, ਮੌਤ, ਜੀਵਆਤਮਾ ਅਤੇ ਆਵਾਗਵਨ ਦੀਆਂ ਪੁਰਾਣੀਆਂ
ਰਿਵਾਇਤਾਂ ਨੂੰ ਨਕਾਰਦੇ ਹੋਏ ਸਾਡੇ ਸਾਹਮਣੇ ਇੱਕ ਐਸੇ ਸੱਚ ਨੂੰ ਰੱਖਿਆ ਜੋ ਵਿਗਿਆਨਕ ਵੀ ਹੈ ਅਤੇ
ਦਾਰਸ਼ਨਿਕ ਵੀ। ਲੇਕਿਨ ਵਿਆਖਿਆਂਕਾਰਾਂ ਨੇ ਦੂਸਰੇ ਮੱਤਾਂ ਦੇ ਪ੍ਰਭਾਵ ਹੇਠ ਗੁਰਮਤਿ ਸਿਧਾਂਤ ਦੀ
ਅਸਲੀਅਤ ਨੂੰ ਸਮਝਣ ਵਿੱਚ ਭਾਰੀ ਭੁੱਲ ਕੀਤੀ। ਉਹ ਕੇਵਲ ਉਨ੍ਹਾਂ ਸ਼ਬਦਾਂ ਵਿੱਚ ਉਲਝ ਗਏ ਜਿਨ੍ਹਾਂ ਦੀ
ਵਰਤੋਂ ਗੁਰੁ ਸਾਹਿਬ ਨੇ ਕੇਵਲ ਸੰਕੇਤਿਕ ਤੌਰ ਤੇ ਕੀਤੀ। ਇਹ ਗਲ ਚਿੰਤਾ ਦਾ ਵਿਸ਼ਾ ਹੈ ਕਿ ਵੱਖਰੇ
ਵੱਖਰੇ ਟੀਕਾਕਾਰਾਂ ਨੇ ਗੁਰਮਤਿ ਦੀਆਂ ਮੂਲ ਭਾਵਨਾਵਾਂ ਤੋਂ ਬੇਮੁਖ ਹੋ ਕੇ ਦੂਸਰੇ ਮੱਤਾਂ ਦੀਆਂ
ਮਾਨਤਾਵਾਂ ਹੇਠ ਆਵਾਗਵਨ ਦੀ ਹੋਂਦ ਨੂੰ ਗੁਰਮਤਿ ਦਾ ਸਿਧਾਂਤ ਬਣਾ ਦਿੱਤਾ ਜੋ ਕਿ ਦਰਅਸਲ ਇੱਕ ਭਰਮ
ਜਾਂ ਵਹਿਮ ਸੀ।
ਇਥੇ ਇੱਕ ਗਲ ਸਪਸ਼ਟ ਕਰਨੀ ਜ਼ਰੂਰੀ ਹੈ ਕਿ ਗੁਰਮਤਿ ਦੀ ਸੂਝ ਰਖਣ ਵਾਲੇ
ਵਿਦਵਾਨ ਜਾਂ ਸੰਸਥਾਵਾਂ ਇਸ ਗੱਲ ਤੇ ਸਹਿਮਤ ਹਨ ਕਿ ਸਵਰਗ ਨਰਕ, ਧਰਮਰਾਜ ਦੀ ਅਦਾਲਤ, ਚਿਤ੍ਰਗੁਪਤ,
ਜਮਦੂਤ ਅਤੇ ਜਮਦੂਤਾਂ ਵਾਲਾ ਰਸਤਾ ਵੈਤਰਨੀ ਨਦੀ ਆਦਿ ਦੀ ਹੋਂਦ ਜੈਸੇ ਕਿ ਕੁੱਝ ਮੱਤਾਂ ਵਿੱਚ ਦੱਸਿਆ
ਗਿਆ ਹੈ, ਅਸਲੀਅਤ ਤੋਂ ਪਰ੍ਹੇ ਹੈ। ਉਹ ਇਸ ਗਲ ਤੇ ਵੀ ਸਹਿਮਤ ਹਨ ਕਿ ਗੁਰੁ ਸਾਹਿਬਾਨ ਨੇ ਇਨ੍ਹਾਂ
ਸ਼ਬਦਾਂ ਦੀ ਵਰਤੋਂ ਸਿਰਫ਼ ਸੰਕੇਤਿਕ ਰੂਪ ਵਿੱਚ ਕੀਤੀ। ਲੇਕਿਨ ਇਹ ਗਲ ਬਹੁਤ ਹੈਰਾਨ ਕਰਨ ਵਾਲੀ ਹੈ ਕਿ
ਇਨ੍ਹਾਂ ਸਾਰਿਆਂ ਸ਼ਬਦਾਂ ਅਤੇ ਉਨ੍ਹਾਂ ਨਾਲ ਜੁੜੀਆਂ ਮਾਨਤਾਵਾਂ ਆਵਾਗਵਨ ਦੇ ਸਿਧਾਂਤ ਨਾਲ ਸੰਬੰਧਿਤ
ਹੋਣ ਦੇ ਬਾਵਜੂਦ ਜਿਥੇ ਇੱਕ ਪਾਸੇ ਵਿਦਵਾਨ ਗੁਰਮਤਿ ਅਨੁਸਾਰ ਇਨ੍ਹਾਂ ਨੂੰ ਨਖੇਧਦੇ ਹਨ ਉਥੇ ਜੀ
ਦੂਜੇ ਪਾਸੇ ਜੀਵਾਤਮਾ ਦੇ ਆਵਾਗਵਨ ਨੂੰ ਗੁਰਮਤਿ ਦਾ ਹਿੱਸਾ ਦਸਦੇ ਹਨ। ਜੇ ਕਰ ਆਵਾਗਵਨ ਨਾਲ ਜੁੜੀਆਂ
ਉਪਰਲੀਆਂ ਗੱਲਾਂ ਭੁਲੇਖਾ ਜਾਂ ਸੰਕੇਤਿਕ ਮਾਤਰ ਹਨ ਤਾਂ ਫ਼ਿਰ ਆਵਾਗਵਨ ਦੀ ਹੋਂਦ ਜਾਂ ਉਸਦਾ ਜ਼ਿਕਰ
ਸੰਕੇਤਿਕ ਕਿਉਂ ਨਹੀਂ?
ਗੁਰੁ ਸਾਹਿਬ ਨੇ ਸਾਫ਼ ਸ਼ਬਦਾਂ ਵਿੱਚ ਸਾਨੂੰ ਐਸੇ ਭਰਮਾਂ, ਵਹਿਮਾਂ ਅਤੇ
ਭੁਲੇਖਿਆਂ ਵਿਚੋਂ ਨਿਕਲਣ ਦੀ ਪ੍ਰੇਰਨਾ ਦਿੱਤੀ ਜਿਨ੍ਹਾਂ ਦੇ ਚਲਦੇ ਲੋਕ ਆਵਾਗਵਨ ਨੂੰ ਇੱਕ ਕੁਦਰਤੀ
ਕ੍ਰਿਆ ਮੰਨ ਬੈਠੇ ਸਨ। ਗੁਰੁ ਸਾਹਿਬ ਨੇ ਫ਼ੁਰਮਾਇਆ:-
“ਜਨਮੁ ਮਰਣੁ ਕੇ ਮਿਟੇ ਅੰਦੇਸੇ।। ਸਾਧੂ ਕੇ ਪੂਰਣ ਉਪਦੇਸੇ।। “
(ਪੰਨਾ
287)
ਭਾਵਅਰਥ:
ਗੁਰੂ ਦੇ ਸੰਮਪੁਰਨ ਉਪਦੇਸ਼
ਰਾਹੀਂ ਜਨਮ ਮਰਣ (ਆਵਾਗਮਨ) ਬਾਰੇ ਅੰਦੇਸ਼ੇ (ਉਹ ਗਲ ਜਿਸ ਦੀ ਹੋਣ ਦੀ ਸ਼ਕਾ ਹੋਵੇ, ਭਰਮ) ਮਿਟ ਜਾਂਦੇ
ਹਨ।
“ਨਾ ਕੋ ਆਵਹਿ ਨਾ ਕੋ ਜਾਵੈ ਗੁਰੁ ਕੀਆ ਭਰਮੀਜਾ ਹੇ।। “
(ਪੰਨਾ
1074)
ਭਾਵਅਰਥ:
ਪੂਰੇ ਗੁਰੁ
ਦੀ ਸਿਖਿਆ ਰਾਹੀਂ ਸਮਝ ਪੇਂਦੀ ਹੈ ਕਿ ਨਾ ਤਾਂ ਕੋਈ ਆਂਉਦਾ ਹੈ ਤੇ ਨਾ ਹੀ ਕੋਈ ਜਾਂਦਾ ਹੈ ਅਤੇ ਇਸ
ਤਰਾਂ ਗੁਰੂ ਨੇ ਆਵਾਗਮਨ ਦੇ ਭਰਮ (ਵਹਿਮ) ਦੂਰ ਕਰ ਦਿੰਦਾ ਹੈ।
ਇਥੇ ਕੁੱਝ ਹੋਰ ਨੁਕਤੇ ਸਮਝ ਲੈਣੇ ਵੀ ਜ਼ਰੂਰੀ ਹਨ। ਦੁਹਰਾਣਾ ਪਵੇਗਾ ਕਿ
ਜੇਕਰ ਸਰੀਰ ਵਿੱਚ ਮੌਜੂਦ ਜੀਵਨ ਪ੍ਰਵਾਹ ਨੂੰ ਅਸੀਂ ਜੀਵਾਤਮਾ ਦੀ ਸੰਗਿਆ ਦੇ ਲਈਏ ਤਾਂ ਕੋਈ ਮਾੜੀ
ਗੱਲ ਨਹੀਂ ਕਿਉਂਕਿ ਮਨੁਖ ਨੇ ਹਰ ਨਜ਼ਰ ਆਉਂਣ ਵਾਲੀ ਜਾਂ ਅਨੁਭਵ ਕੀਤੀ ਜਾ ਸਕਣ ਵਾਲੀ ਹਰ ਸ਼ੈਅ ਨੂੰ
ਕੋਈ ਨਾ ਕੋਈ ਸੰਬੋਧਨ ਦਿਤਾ ਹੈ। ਸੰਬੋਧਨ ਦੇਣਾ ਇੱਕ ਹੋਰ ਗਲ ਹੈ ਅਤੇ ਇਸ ਨੂੰ ਆਵਾਗਵਨ ਵਰਗੇ
ਸਿਧਾਂਤ ਨਾਲ ਜੋੜਨਾ ਵੱਖਰੀ ਗਲ ਹੈ। ਬਹਿਸ ਇਹ ਨਹੀਂ ਕਿ ਇਸ ਜੀਵਨ ਰੌ ਦਾ ਨਾਂ ਜੀਵਾਤਮਾ ਹੈ ਜਾਂ
ਨਹੀਂ ਬਲਕਿ ਇਸ ਲੇਖ ਦਾ ਮਕਸਦ ਇਸ ਜੀਵਨ ਰੌ ਜਾਂ ਜੀਵਾਤਮਾ ਦੀਆਂ ਬ੍ਰਿਤੀਆਂ ਦੀ ਚਰਚਾ ਕਰਨਾ ਹੈ।
ਜੀਵਨ ਪ੍ਰਵਾਹ (ਪਾਂਵੇ ਇਸ ਨੂੰ ਆਤਮਾ ਦੀ ਸੰਗਿਆ ਦੇ ਲਈਏ) ਦੀ ਹੋਂਦ ਇੱਕ ਸਚਾਈ ਹੈ ਪਰ ਆਵਾਗਵਨ ਦਾ
ਸਿਧਾਂਤ ਇੱਕ ਕਲਪਨਾ ਮਾਤਰ ਜਾਂ ਵਹਿਮ ਹੈ। ਜਿਸ ਵਹਿਮ ਨੂੰ ਗੁਰੁ ਸਾਹਿਬ ‘ਅੰਦੇਸੇ` ਅਤੇ ‘ਭਰਮੀਜਾ`
ਸ਼ਬਦਾਂ ਨਾਲ ਵਰਨਣ ਕਰਦੇ ਹਨ। ਇਹ ਹੈ ਪਹਿਲਾ ਨੁਕਤਾ।
ਦੂਜਾ ਨੁਕਤਾ:- ਕੁੱਝ ਥਾਵਾਂ ਤੇ ਗੁਰੁ ਸਾਹਿਬ ਨੇ ਮਨੁਖਾਂ ਸਰੀਰ
ਵਿੱਚ ਜੋਤ ਹੋਣ ਦੀ ਗਲ ਕਹੀ ਹੈ ਇਸ ਨੂੰ ਸਮਝਣ ਦੀ ਲੋੜ ਹੈ। ਗੁਰੁ ਸਾਹਿਬ ਨੇ ਮਨੁਖ ਦੇ ਮਨ ਨੂੰ
ਜੋਤ ਕਿਹਾ ਹੈ ਅਤੇ ਤਾਕੀਦ ਕੀਤੀ ਹੈ:-
ਮਨ ਤੂ ਜੋਤਿ ਸਰੂਪ ਹੈ।। (ਪੰਨਾ
441)
ਮਨੁਖ ਦੇ ਮਨ ਦਾ ਵਿਵੇਕੀ ਵਿਸ਼ਾ
( Rationality )
ਈਸ਼ਵਰ ਜੋਤ
( Divine
Element)
ਹੈ। ਇਹ ਕੋਈ ਜੀਵਾਤਮਾ ਨਹੀਂ। ਕਈ ਵਿਦਵਾਨ ਜੋਤ ਨੂੰ ਜੀਵਾਤਮਾ ਮੰਨਦੇ ਹਨ। ‘ਜੋਤੀ
ਮਹਿ ਜੋਤਿ ਰਲ ਜਾਇਆ` ਫ਼ੁਰਮਾਨ ਨੂੰ ਜੀਵਾਤਮਾ ਦੇ ਪਰਮਾਤਮਾ ਵਿੱਚ ਮਿਲ ਜਾਣ ਦੇ ਰੂਪ ਵਿੱਚ
ਸਮਜਿਆ ਜਾਂਦਾ ਹੈ। ਪਰ ਇਥੋਂ ਹੀ ਅਸੀਂ ਭੁਲੇਖੇ ਦਾ ਸ਼ਿਕਾਰ ਹੁੰਦੇ ਹਾਂ। ਦਰਅਸਲ ‘ਜੋਤੀ ਮਹਿ
ਜੋਤਿ ਰਲ ਜਾਇਆ` ਜੀਵਨ ਸ਼ਕਤੀ ਦਾ ਕੁਦਰਤੀ ਪੁਲਾੜ ਰੂਪੀ ਸ਼ਕਤੀ ਵਿੱਚ ਰਲ ਜਾਣਾ ਹੈ ਅਤੇ ਯਾਦ
ਰਹੇ ਕਿ ਬਕੌਲ ਗੁਰੁ ਸਾਹਿਬ ਦੇ ਫ਼ੁਰਮਾਨ ਇਹ ‘ਮਿਲਾਪ` ਹਰ ਜੀਵ ਦੀ ਮੌਤ ਉਪ੍ਰੰਤ ਹੋਣਾ ਹੀ ਹੈ। ਐਸਾ
ਨਹੀਂ ਕੁੱਝ ਵਿਸ਼ੇਸ਼ ਜੋਤਾਂ ਜੋਤਿ ਵਿੱਚ ਰਲ ਜਾਣਗੀਆਂ ਅਤੇ ਬਾਕੀ ਵਖਰੀ ਹੋਂਦ ਲੈ ਭਟਕਦੀਆਂ ਰਹਿਣ
ਗੀਆਂ। ਭਟਕਣਾਂ ਕੇਵਲ ਸਾਡੀ ਸੋਚ ਵਿੱਚ ਹੈ।
ਤੀਜਾ ਨੁਕਤਾ:- ਇਸ ਨੁਕਤੇ ਤੇ ਅਗਾਂਹ ਵਧਣ ਤੋਂ ਪਹਿਲਾਂ ਅਸੀਂ ਇਹ
ਸਮਝ ਲਈਏ ਕਿ ਆਪਣੇ ਫ਼ਲਸਫ਼ੇ ਦੇ ਗੂੜ੍ਹ ਸੰਧਰਭ ਵਿੱਚ ਗੁਰੁ ਸਾਹਿਬ ਨੇ ਜੋਤਿ ਨੂੰ ਮਨ ਕਰ ਕੇ
ਸੰਬੋਧਿਤ ਕੀਤਾ ਹੈ। ਆਓ ਹੁਣ ਵੇਖੀਏ ਕਿ ਇਹ ਜੋਤਿ ਜਾਂ ਮਨ ਕੀ ਹੈ।
“ਇਹ ਮਨੁ ਕਰਮਾ ਇਹੁ ਮਨ ਧਰਮਾ।।
ਇਹ ਮਨ ਪੰਚ ਤਤ ਤੇ ਜਨਮਾ।। “
(ਪੰਨਾ
415 ਗੁਰੂ
ਨਾਨਕ ਦੇਵ ਜੀ)
“ਇਹੁ ਮਨ ਸਕਤੀ ਇਹ ਮਨ ਸੀਉ।।
ਇਹ ਮਨ ਪੰਚ ਤਤ ਕੋ ਜੀਉ।। “
(ਕਬੀਰ ਜੀ ਪੰਨਾ 342)
ਅਰਥਾਤ ਜੋਤਿ ਜਿਸ ਨੂੰ ਮਨ ਕਿਹਾ ਗਿਆ ਹੈ ਉਸ ਨੂੰ ਵਿਦਵਾਨ ਮੌਤ ਤੋਂ ਬਾਅਦ
ਇੱਕ ਭਟਕਣ ਵਾਲੀ ਆਤਮਾ ਜਾਂ ਜੀਵਾਤਮਾ ਕਹਿੰਦੇ ਹਨ ਜਿਹੜੀ ਪੰਚ ਤੱਤਾਂ ਤੋਂ ਵੱਖ ਇੱਕ ਵੱਖਰੀ ਅਤੇ
ਸੁਤੰਤਰ ਹੋਂਦ
( Independent Existance)
ਰੱਖਦੀ ਹੈ। ਪਰ ਗੁਰੁ ਸਾਹਿਬ ਨੇ ਉਪਰਲੀਆਂ ਤੁਕਾਂ
ਵਿੱਚ ਸਪਸ਼ਟ ਰੂਪ ਵਿੱਚ ਜੋਤਿ ਜਾਂ ਮਨ ਨੂੰ ਪੰਚ ਤਤਾਂ ਤੋਂ ਪੈਦਾ ਹੋਈ ਇੱਕ ਸ਼ਕਤੀ ਦਸਿਆ ਹੈ।
ਕਿਉਂਕਿ ਇਹ ਜੋਤਿ ਪੰਚ ਤਤਾਂ ਦੇ ਮੇਲ ਨਾਲ ਹੀ ਬਣੀ ਹੈ। ਇਸ ਵਾਸਤੇ ਇਹ ਪੰਚ ਤਤਾਂ ਦੇ ਵਿਖੰਡਨ
(Disintigration)
ਨਾਲ ਹੀ ਖਤਮ ਹੋ ਜਾਂਦੀ ਹੈ। (ਉਸ ਰੂਪ ਵਿੱਚ ਜਿਸ ਤਰ੍ਹਾਂ ਕਿ ਸਰੀਰ ਵਿੱਚ
ਸੀ)।
ਇਸੇ ਤਰ੍ਹਾਂ ਗੁਰੂ ਗਰੰਥ ਸਾਹਿਬ ਵਿੱਚ ਦਰਜ ਇੱਕ ਹੋਰ ਮਹੱਤਵ ਪੂਰਨ ਸਵਾਲ:-
‘ਇਸੁ ਮਨੁ ਕੋ ਕੋਈ ਖੋਜਉ ਭਾਈ।।
ਤਨ ਛੂਟੈ ਮਨ ਕਹਾ ਸਮਾਈ।।
(ਪੰਨਾ
330)
ਅਤੇ ਇਸ ਸਵਾਲ ਦਾ ਜੁਆਬ:
‘ਇਸ ਮਨ ਕੋ ਰੂਪ ਨ ਰੇਖਿਆ ਕਾਈ।।
ਹੁਕਮੈ ਹੋਆ ਹੁਕਮਿ ਬੂਝ ਸਮਾਈ।। `
ਅਰਥਾਤ ਸਵਰੂਪ ਹੀਣ ਮਨ (ਵਹਿਮਾਂ ਵਿੱਚ ਪਿਆ ਹੋਈਆ) ਜਾਂ ਜੋਤਿ ਉਸ (ਈਸ਼ਵਰ)
ਦੇ ਹੁਕਮ (ਪੰਚ ਤਤਾਂ ਦੇ ਮੇਲ ਤੋਂ ਬਣਿਆ ਸਰੀਰ) ਤੋਂ ਉਤਪੰਨ ਇੱਕ ਜੀਵਨ ਊਰਜਾ ਹੈ ਜੋ ਉਸੇ ਦੇ
ਹੁਕਮ (ਮੌਤ) ਤੋਂ ਉਸੇ ਦੇ ਹੁਕਮ (ਪ੍ਰਕ੍ਰਿਤੀ) ਵਿੱਚ ਸਮਾ ਜਾਂਦੀ ਹੈ। (ਪਰ ਇਹ ਸਚ ਤਾਂ ਪਤਾ ਚਲਦਾ
ਹੈ ਜੇ ਮਨ ਹੁਕਮ ਦੇ ਸਚ ਨੂੰ ਬੂਝ ਲਏ)
ਪੰਚ ਤੱਤਾਂ ਦੇ ਮੇਲ (ਸਰੀਰ) ਦੇ ਬਿਨਾਂ ਇਸ (ਮਨ, ਆਤਮਾ) ਦਾ ਕੋਈ ਵੀ
ਸੁਤੰਤਰ ਵਜੂਦ ਨਹੀਂ। ਇਹ ਆਵਾਗਵਨ ਨਹੀਂ ਕਰਦੀ। ਪਰ ਵਹਿਮ ਕਾਰਣ ਭਟਕਣਾਂ ਦਾ ਡਰ ਬਣਿਆ ਰਹਿੰਦਾ ਹੈ।
ਇਸ ਮਨੁ ਕਉ ਨਹੀ ਆਵਨਜਾਨਾ।।
ਜਿਸ ਕਾ ਭਰਮ ਗਿਆ ਤਿਨੁ ਸਾਚੁ ਸਮਾਨਾ।।
(ਪੰਨਾ
330)
ਭਾਵਅਰਥ:
ਇਸ ਮਨ
(ਆਤਮਾ) ਨੂੰ ਆਵਾਗਮਨ ਦਾ ਗੋੜ ਨਹੀ। ਜਿਸ ਮਨੁੱਖ ਦਾ ਇਹ ਭਰਮ ਦੂਰ ਹੋ ਜਾਂਦਾ ਹੈ ਉਹ ਇਸ ਸੱਚ ਨੂੰ
ਪਛਾਂਣ ਲੈਂਦਾ ਹੈ।
ਸਿਖਮੱਤ ਦਰਸ਼ਨ ਆਵਾਗਵਨ ਨੂੰ ਮਨੁੱਖ ਦਾ ਭਰਮ, ਵਹਿਮ, ਡਰ ਆਦਿ ਮੰਨਦਾ ਹੈ
ਅਤੇ ਉਸ ਤੋਂ ਨਿਕਲਣ ਦੀ ਪ੍ਰੇਰਣਾ ਦਿੰਦਾ ਹੈ। ਆਪਣੇ ਮੂਲ ਨੂੰ ਪਛਾਨਣਾ ਪ੍ਰਮਾਤਮਾ ਨੂੰ ਸਮਝਣ ਦੀ
ਦਿਸ਼ਾ ਵਲ ਪਹਿਲਾ ਕਦਮ ਹੈ।
ਹਰਿ ਹਰਿ ਮਨਿ ਭਾਇਆ ਪਰਮ ਸੁਖ ਪਾਇਆ ਹਰਿ ਲਾਹਾ ਪਦੁ ਨਿਰਬਾਣੁ ਜੀਉ ॥ ਹਰਿ
ਪ੍ਰੀਤਿ ਲਗਾਈ ਹਰਿ ਨਾਮੁ ਸਖਾਈ ਭ੍ਰਮੁ ਚੂਕਾ ਆਵਣੁ ਜਾਣੁ ਜੀਉ ॥ ਆਵਣ ਜਾਣਾ ਭ੍ਰਮੁ ਭਉ ਭਾਗਾ ਹਰਿ
ਹਰਿ ਹਰਿ ਗੁਣ ਗਾਇਆ ॥ ਜਨਮ ਜਨਮ ਕੇ ਕਿਲਵਿਖ ਦੁਖ ਉਤਰੇ ਹਰਿ ਹਰਿ ਨਾਮਿ ਸਮਾਇਆ ॥ (ਪੰਨਾ
444)
ਜਿਹੜਾ ਮਨੁਖ ਗੁਰਮੁਖ ਹੋ ਕੇ ਆਵਾਗਵਨ ਦੀ ਅਸਲੀਅਤ ਨੂੰ ਸਮਝ ਲੈਂਦਾ ਹੈ ਉਹ
ਆਵਾਗਵਨ ਦੇ ਭਰਮ ਅਤੇ ਡਰ ਦੇ ਚੱਕਰ ਵਿਚੋਂ ਨਿਕਲ ਜਾਂਦਾ ਹੈ ਉਹ ਜਾਣ ਲੈਂਦਾ ਹੈ ਕਿ ਜੀਵਾਤਮਾ ਕੋਈ
ਵਿਅਕਤੀਗਤ ਸਥਾਈ ਰੂਪੀ ਜੀਵਾਤਮਾ ਨਹੀਂ ਬਲਕਿ ਊਰਜਾ (ਈਸ਼ਵਰ ਦੇ ਹੁਕਮ ਵਿੱਚ ਬਣੀ ਸ੍ਰਿਸ਼ਟੀ ਤੋਂ
ਉੱਤਪਨ ਇੱਕ ਸ਼ਕਤੀ ਪ੍ਰਵਾਹ) ਹੈ ਅਤੇ ਆਵਾਗਵਨ ਵਿਅਕਤੀਗਤ ਸਤੱਰ ਤੇ ਕੇਵਲ ਇੱਕ ਭਰਮ ਤੇ ਵਹਿਮ ਹੈ।
ਹਾਂ! ਸਮੂਹਿਕ ਸੱਤਰ ਤੇ ਮਨੁਖ ਜਾਂ ਜੀਵ ਨਿੱਤ ਜਨਮ ਲੈਂਦੇ ਤੇ ਮਰਦੇ ਰਹਿੰਦੇ ਹਨ। ਇਹ ਆਣਾ
ਜਾਣਾ ਤਾਂ ਲੱਗਾ ਹੀ ਹੈ।
ਪਵਨ ਜੀਵਨ ਨਹੀਂ ਪ੍ਰੰਤੂ ਜੀਵਨ ਸ਼ਕਤੀ ਹੈ। ਸੂਰਜ ਜੀਵਨ ਨਹੀਂ ਪ੍ਰੰਤੂ ਜੀਵਨ
ਸ਼ਕਤੀ ਹੈ। ਜੋਤਿ ਜੀਵਨ ਨਹੀਂ ਪ੍ਰੰਤੂ ਜੀਵਨ ਸ਼ਕਤੀ ਹੈ। ਇਹ ਸਾਰੀਆਂ ਇਕੱਲੀਆਂ ਨਹੀਂ, ਕੇਵਲ ਅੰਦਰ
ਨਹੀਂ, ਕੇਵਲ ਬਾਹਿਰ ਨਹੀਂ ਬਲਕਿ ਸਰਬ ਵਿਆਪਕ ਹਨ। ਇਹ ਅਚਰਜ ਹੈ ਅਤੇ ਕਾਰਣ ਹੈ ਜੀਵਨ ਦਾ ਅਤੇ
ਵਿਨਾਸ਼ ਦਾ। ਇਹ ਪਰਮਾਤਮਾ ਦੇ ਚੇਤਨ ਦਾ ਛੋਟਾ ਜਿਹਾ ਪ੍ਰਗਟਾਵਾ ਹੈ ਜਦਕਿ ਪਰਮਾਤਮਾ ਆਪ ਇਸ ਕੁਦਰਤ
ਤੋਂ ਬਾਹਿਰ ਤਕ ਵੀ ਹੈ। ਵਿਸਮਾਦ ਪੱਖੀ ਕੁਦਰਤ ਵਿੱਚ ਵਸਿੱਆ ਪਰਮਾਤਮਾ ਸਮਝਣ ਦੀ ਗਲ ਹੈ ਪਰ ਕੁਦਰਤ
ਤੋਂ ਬਾਹਿਰ ‘ਉਹ` ਸਮਝ ਤੋਂ ਪਰੇ ਕੇਵਲ ਵਿਸਮਾਦ ਹੈ, ਅਕਥ ਹੈ, ਅੰਨਤ ਹੈ ਬੇਅੰਤ ਹੈ, ਅਤੁਲ ਹੈ ਅਤੇ
ਅਤੋਲ ਹੈ।
ਤਾਂ ਮਨੁਖ ਜਾਂ ਜੀਵ ਦੇ ਅੰਦਰ ਇੱਕ ਸ਼ਕਤੀ ਹੈ ਜੋ ਜੀਵ ਨਹੀਂ ਅਤੇ ਇਸ ਲਈ ਇਹ
ਜਨਮ ਅਤੇ ਮੌਤ ਤੋਂ ਬਾਹਿਰ ਹੈ। ਇੱਕ ਸਰੀਰ ਵਿੱਚ ਇਸ ਸ਼ਕਤੀ ਦਾ ਅੰਤ ਮੌਤ ਹੈ ਅਤੇ ਇੱਕ ਸਰੀਰ ਵਿੱਚ
ਸ਼ਕਤੀ ਦੇ ਇਸ ਰੂਪ ਦਾ ਅੰਤ ਸਥਾਈ ਅੰਤ ਹੈ। ਐਸਾ ਨਹੀਂ ਕਿ ਇਹ ਨਿਕਲ (ਪਲਾਇਨ ਕਰ) ਜਾਂਦੀ ਹੈ ਬਲਕਿ
ਇਸ ਦੇ ਉਲਟ ਇਹ ਸਮਾਪਤ ਹੋ ਜਾਂਦੀ ਹੈ। ਇਹ ਆਤਮਾ ਜਾਂ ਜੀਵਾਤਮਾ ਨਹੀਂ ਜੈਸਾ ਕਿ ਅਸੀਂ ਸਮਝਦੇ ਹਾਂ।
ਇਹ ਫ਼ਿਰ ਜਨਮ ਨਹੀਂ ਲੈਂਦੀ। ਕਿਉਂਕਿ ਇਸ ਸ਼ਕਤੀ ਦੇ ਕਾਰਣ ਅੰਦਰ ਵੀ ਹਨ ਅਤੇ ਬਾਹਿਰ ਵੀ ਇਸ ਲਈ ਨਵੇਂ
ਜੀਵਨ ਦੀ ਪ੍ਰਕ੍ਰਿਆ ਸਤਤ (ਲਗਾਤਾਰ)
continues
ਹੈ। ਵਿਅਕਤੀ ਜਾਂ ਜੀਵ ਵਿਸ਼ੇਸ਼ ਦੇ ਸੰਧਰਭ ਵਿੱਚ
ਇਹ ਖਤਮ ਹੋ ਜਾਂਦੀ ਹੈ, ਯਾਤਰਾ ਨਹੀਂ ਕਰਦੀ ਪ੍ਰੰਤੂ ਸਮੂਹਿਕ ਅਤੇ ਪ੍ਰਕ੍ਰਿਤਕ ਸੰਧਰਭ ਵਿੱਚ ਇਹ
ਨਵੇਂ ਜੀਵਨ ਨੂੰ ਕਾਇਮ ਰੱਖਦੀ ਹੈ।
ਇਕ ਹੋਰ ਉਦਾਹਰਣ ਤੋਂ ਸਮਝੀਏ:-
ਅਸੀਂ ਇੱਕ ਮਾਚਿਸ ਨਾਲ ਇੱਕ ਮੋਮਬਤੀ ਬਾਲ ਦਿੰਦੇ ਹਾਂ। ਮੋਮਬਤੀ ਬਲਦੀ
ਰਹਿੰਦੀ ਹੈ। ਕੁੱਝ ਚਿਰ ਬਾਅਦ ਉਸ ਬਲਦੀ ਹੋਈ ਮੋਮਬਤੀ ਦੇ ਨਾਲ ਅਸੀਂ ਇੱਕ ਹੋਰ ਮੋਮਬਤੀ ਬਾਲ ਲੈਂਦੇ
ਹਾਂ। ਇਸੇ ਤਰ੍ਹਾਂ ਅਸੀਂ ਕਈ ਸੈਂਕੜੇ ਮੋਮਬਤੀਆਂ ਬਾਲ ਲੈਂਦੇ ਹਾਂ। ਐਸਾ ਕਰਨ ਤੋਂ ਬਾਅਦ ਅਸੀਂ
ਦੇਖਾਂ ਗੇ ਕਿ ਬਾਲੀਆਂ ਹੋਈਆਂ ਪਹਿਲੀਆਂ ਮੋਮਬਤੀਆਂ ਬੁਝ ਰਹੀਆਂ ਹਨ ਜਾਂ ਬੁਝ ਰਹੀਆਂ ਜਾਂ ਬੁਝ
ਗਈਆਂ ਹਨ ਜਦਕਿ ਹੋਰ ਕਈ ਮੋਮਬਤੀਆਂ ਬਲ ਰਹੀਆਂ ਹਨ। ਪਹਿਲੇ ਬਾਲੀਆਂ ਹੋਈਆਂ ਮੋਮਬਤੀਆਂ ਦਾ ਅੰਤ ਹੋ
ਰਿਹਾ ਹੈ ਜਕ ਕਿ ਨਵੀਆਂ ਬਾਲੀਆਂ ਜਾ ਰਹੀਆਂ ਹਨ। ਇਸ ਵਿੱਚ ਕੋਈ ਸ਼ਕ ਨਹੀਂ ਕਿ ਬਲਦੀਆਂ ਜਾਂ ਬੁਝ
ਰਹੀਆਂ ਸਾਰੀਆਂ ਮੋਮਬਤੀਆਂ ਦੀ ਜ਼ਿੰਦਗੀ ਦਾ ਅੰਤ ਹੋ ਰਿਹਾ ਹੈ। ਪਰ ਅਸੀਂ ਇਹ ਨਹੀਂ ਕਹਿ ਸਕਦੇ ਬਾਲੀ
ਹੋਈ ਪਹਿਲੀ ਮੋਮਬਤੀ ਜਾਂ ਮੋਮਬਤੀਆਂ ਹੁਣ ਤਕ ਬਲ ਰਹੀਆਂ ਮੋਮਬਤੀਆਂ ਵਿੱਚ ਗਮਨ
( Transfer )
ਹੋ
ਗਈਆਂ ਹਨ। ਦਰਅਸਲ ਉਹ ਕੇਵਲ ਇਸ ਸਾਰੀ ਕਿਰਿਆ ਦਾ ਕਾਰਣ ਮਾਤਰ ਸਨ। ਇਸੇ ਤਰ੍ਹਾਂ ਮਨੁਖਾਂ ਜਾਂ
ਜੀਵਾਂ ਦਾ ਆਉਣਾ ਜਾਣਾ ਜੀਵਾਤਮਾਵਾਂ ਦਾ ਆਵਾਗਵਨ ਨਹੀਂ ਬਲਕਿ ਇੱਕ ਕੁਦਰਤੀ ਨਿਯਮ ਹੈ ਜਿਸ ਵਿੱਚ
ਮਨੁਖ ਜਾਂ ਜੀਵ ਆਪਣਾ ਜੀਵਨ ਸਮਾਂ ਪੂਰਾ ਕਰਣ ਤੋਂ ਪਹਿਲਾਂ ਦੂਸਰੇ ਜੀਵਾਂ ਦੀ ਹੋਂਦ ਦਾ ਕਾਰਣ ਬਣ
ਜਾਂਦੇ ਹਨ।
ਇਹ ਨੁਕਤੇ ਹਨ ਇਹ ਸਮਝਣ ਦੇ ਕਿ ਸਾਰੀ ਕੁਦਰਤ ਵਿੱਚ ਕਿਸੇ ਐਸੀ ਆਤਮਾ ਜਾਂ
ਜੀਵਾਤਮਾ ਦੀ ਐਸੀ ਕੋਈ ਹੋਂਦ ਨਹੀਂ ਜਿਹੜੀ ਪੁਨਰ ਜਨਮ ਲੈਂਦੀ ਹੈ। ਉਸ ਰੂਪ ਵਿੱਚ ਜੈਸਾ ਕਿ ਆਵਾਗਵਨ
ਦੇ ਸਿਧਾਂਤ ਵਿੱਚ ਦੱਸਿਆ ਜਾਂਦਾ ਹੈ। ਇਹ ਕੇਵਲ ‘ਸ਼ਬਦ` ਮਾਤਰ ਹਨ ਜਿਨ੍ਹਾਂ ਦਾ ਸਦ ਉਪਯੋਗ ਅਤੇ
ਦੁਰਉਪਯੋਗ ਹੋਇਆ ਹੈ। ਮਨੁਖਾਂ ਨੂੰ ਸਮਝਾਉਣ ਲਈ ਜਾਂ ਭਟਕਾਉਣ ਲਈ।
ਇਹ ਗੁਰਮਤਿ ਵੀ ਹੈ ਤੇ ਉਸ ਦਾ ਸਿਧਾਂਤ ਵੀ। ਪ੍ਰਚਲਤ ਕਹਾਵਤਾਂ ਅਤੇ
ਮਾਨਤਾਵਾਂ ਵਾਲੇ ਸ਼ਬਦਾਂ ਦਾ ਪ੍ਰਯੋਗ ਗੁਰੁ ਸਾਹਿਬਾਂ, ਭਗਤਾਂ ਅਤੇ ਭੱਟਾਂ ਨੇ ਕੇਵਲ ਸੰਕੇਤਿਕ ਰੂਪ
ਵਿੱਚ ਕੀਤਾ ਹੈ ਨਾ ਕਿ ਦਾਰਸ਼ਨਿਕ ਰੂਪ ਵਿਚ। ਇਸ ਵਾਸਤੇ ਸੰਕੇਤਿਕ ਸ਼ਬਦਾਂ ਨੂੰ ਗੁਰਮਤਿ ਦਾ ਰੂਪ
ਦੇਣਾ ਗੁਰਮੁਖ ਹੋਣਾ ਨਹੀਂ ਬਲਕਿ ਗੁਰਮਤਿ ਤੋਂ ਅਨਜਾਣ ਹੋਣਾ ਹੈ।
ਗੁਰਮਤਿ ਵਿੱਚ ਇੱਕ ਗਲ ਸਿਧਾਂਤਿਕ ਤੋਰ ਤੇ ਸਪਸ਼ਟ ਹੈ ਕਿ ਇਹ ਧਰਤੀ ਧਰਮ ਦੀ
ਸਾਲ ਹੈ ਅਤੇ ਧਰਮ ਰਾਏ (ਪਰਮਾਤਮਾ) ਦਾ ਦਫ਼ਤਰ ਵੀ ਇਥੇ ਹੀ ਹੈ। ਇਥੇ ਦਾ ਜੀਵਨ ਹੀ ‘ਅਮ੍ਰਿਤ ਵੇਲਾ`
(ਜਿਸ ਵਿੱਚ ਮਿਲਨ ਦਾ ਅਨੁਭਵ ਹੋਣ ਦੀ ਸੰਭਾਵਨਾ ਹੈ) ਹੈ। ਇਥੇ ਹੀ ਆਪਣੀ-ਆਪਣੀ ਕਰਣੀ-ਰਹਿਣੀ
ਅਨੁਸਾਰ ਅਸੀਂ ਪਰਮਾਤਮਾ ਦੇ ਨੇੜੇ (ਜੀਵਨ ਮੁਕਤ) ਜਾਂ ਦੂਰ (ਮਨੋਵਿਕਾਰਾਂ ਵਿਚ) ਰਹਿੰਦੇ ਹਾਂ।
ਚੰਗੇ-ਮੰਦੇ ਕੰਮਾਂ ਦਾ ਪ੍ਰਭਾਵ ਮਨੁਖਾਂ ਨੂੰ ਕੁਦਰਤੀ ਨਿਯਮਾਂ ਵਿੱਚ (ਜੀਵਨ ਵਿਚ) ਹੀ ਭੁਗਤਣਾਂ
ਪੈਂਦਾ ਹੈ।
ਜੀਵਨ ਮੌਤ, ਜੀਵਾਤਮਾ ਅਤੇ ਆਵਾਗਵਨ ਵਿਸ਼ੇ ਤੇ ਸਿੱਖ ਫ਼ਲਸਫ਼ਾ ਅਨੋਖਾ ਅਤੇ
ਨਿਰਾਲਾ ਹੈ। ਸਾਨੂੰ ਚਾਹੀਦਾ ਹੈ ਅਸੀਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ।
ਹਰਦੇਵ ਸਿੰਘ, ਜੰਮੂ