ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ
ਚੌਥਾ ਭਾਗ ਕਰਮ ਖੰਡ
ਧਰਮ ਦੀ ਦੁਨੀਆਂ ਵਿੱਚ ਆਮ ਸ਼ਬਦ
ਬੋਲਿਆ ਜਾਂਦਾ ਹੈ ਕਿ ਵਾਹਿਗੁਰ ਜੀ ਬਖਸ਼ਿਸ਼ ਕਰਨਗੇ ਤਾਂ ਅਸੀਂ ਤਰੱਕੀ ਕਰ ਸਕਦੇ ਹਾਂ ਵਰਨਾ ਰੜੇ
ਮੈਦਾਨ ਬੈਠੇ ਹਾਂ। ਇੰਜ ਆਖਣ ਨਾਲ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਸਰਖੁਰੂ ਹੋਣ ਦਾ ਸੋਹਣਾ ਰਾਹ ਲੱਭ
ਲੈਂਦੇ ਹਾਂ। ਜਦੋਂ ਅਸੀਂ ਆਪਣੇ ਆਪ ਨੂੰ ਬਦਲਣ ਲਈ ਤਿਆਰ ਨਹੀਂ ਹੁੰਦੇ ਤਾਂ ਓਦੋਂ ਫੱਟ ਕਹਿ ਦੇਂਦੇ
ਹਾਂ ਜੀ ਅਜੇ ਰੱਬ ਜੀ ਨੇ ਸਾਡੇ `ਤੇ ਬਖਸ਼ਿਸ਼ ਨਹੀਂ ਕੀਤੀ। ਹਾਂ ਇੱਕ ਗੱਲ ਤਾਂ ਪੱਕੀ ਹੈ ਕਿ ਸਿਆਣਾ
ਪੁਰਸ਼ ਆਪਣੀ ਮਿਹਨਤ ਆਪ ਕਰਕੇ ਜਦੋਂ ਕੁੱਝ ਹਾਸਲ ਕਰਦਾ ਹੈ ਤਾਂ ਉਹ ਆਪਣੀ ਮੈਂ ਨੂੰ ਮਾਰ ਕੇ ਕਹਿੰਦਾ
ਹੈ ਕਿ ਇਹ ਕੰਮ ਮੇਰੇ ਰੱਬ ਜੀ ਨੇ ਕੀਤਾ ਹੈ।
ਬਖਿਸ਼ਸ਼ ਸ਼ਬਦ ਦੀ ਕਈ ਵਾਰੀ ਵਰਤੋਂ ਅਸੀਂ ਇਸ ਤਰ੍ਹਾਂ ਕਰਦੇ ਹਾਂ ਜਿਵੇਂ ਕਿ ਰੱਬ ਜੀ ਬਹੁਤ ਕਰੋਧੀ
ਜਾਂ ਈਰਖਾ ਵੱਸ ਹੋ ਕੇ ਆਪਣਾ ਫ਼ਰਜ਼ ਨਿਭਾਅ ਰਹੇ ਹੋਣ। ਕੁੱਝ ਸਾਲ ਹੋਏ ਇੰਡੋਨੇਸ਼ੀਆ ਤੇ ਸਿਰੀ ਲੰਕਾ
ਵਲ ਸਮੁੰਦਰੀ ਲਹਿਰਾਂ ਦਾ ਤੂਫਾਨ ਆਇਆ ਸੀ। ਇਸ ਤੂਫ਼ਾਨ ਵਿੱਚ ਲੱਖਾਂ ਲੋਕ ਮਾਰੇ ਗਏ ਸੀ। ਸਿਰੀ ਲੰਕਾ
ਵਿਖੇ ਇੱਕ ਟ੍ਰੇਨ ਪੂਰੀ-ਦੀ-ਪੂਰੀ ਇਸ ਤੂਫ਼ਾਨ ਦੀ ਭੇਟ ਚੜ ਗਈ। ਕੁਦਰਤੀ ਇੱਕ ਬੱਚੀ ਬਚ ਗਈ। ਧਰਮ ਦੀ
ਦੁਨੀਆਂ ਵਿੱਚ ਵਿਚਰਨ ਵਾਲੇ ਆਮ ਮਨੁੱਖ ਕਹਿ ਰਹੇ ਸਨ ਕਿ ਦੇਖੋ ਜੀ ਪ੍ਰਮਾਤਮਾ ਦੀ ਕਿੰਨੀ ਬਖਸ਼ਿਸ਼
ਹੋਈ ਹੈ ਕਿ ਇੱਕ ਬੱਚੀ ਬਚ ਗਈ, ਬਾਕੀ ਸਾਰੇ ਮਾਰੇ ਗਏ। ਸੋਚਿਆ ਜਾਏ ਕੀ ਪਰਾਮਤਮਾ ਜੀ ਦੀ ਮਾਰੇ ਗਏ
ਲੋਕਾਂ ਨਾਲ ਕੋਈ ਪੁਰਾਣੀ ਦੁਸ਼ਮਣੀ ਜਾਂ ਨਿਰਾਜ਼ਗੀ ਸੀ? ਜਦੋਂ ਕਿ ਗੁਰਬਾਣੀ ਦਾ ਪ੍ਰਤੱਖ ਸਿਧਾਂਤ ਹੈ
ਕਿ ਰੱਬ ਜੀ ਸਦਾ ਨਿਰਵੈਰ ਹਨ। ਉਹਨਾਂ ਦਾ ਕਿਸੇ ਨਾਲ ਕੋਈ ਵੀ ਵੈਰ-ਵਿਰੋਧ ਨਹੀਂ ਹੈ ਤੇ ਸਦਾ ਮਿੱਠਾ
ਹੀ ਬੋਲਦੇ ਹਨ।
ਮੇਰੇ ਇੱਕ ਦੋਸਤ ਦਾ ਟੈਲੀਫੂਨ ਆਇਆ, ਕਿ ‘ਭਾਈ ਸਾਹਿਬ ਜੀ ਗੁਰੂ ਸਾਹਿਬ ਜੀ ਦੀ ਬਹੁਤ ਬਖਸ਼ਿਸ਼ ਹੋਈ
ਹੈ ਕਿ ਸਰਬ ਰੋਗ ਕਾ ਅਉਖਦੁ ਨਾਮੁ ਦੇ ਕੈਂਪ ਦੁਆਰਾ ਇੱਕ ਬੱਚੇ ਦੀ ਖੁਰਕ ਠੀਕ ਹੋ ਗਈ ਹੈ, ਤੁਸੀਂ
ਇਸ ਬਾਰੇ ਜ਼ਰਾ ਸੰਗਤਾਂ ਨੂੰ ਚਾਨਣਾ ਪਾਓ ਤਾਂ ਕਿ ਹੋਰ ਲੋਕ ਵੀ ਫਾਇਦਾ ਲੈ ਲੈਣ’। ਮੈਂ ਕਿਹਾ, ‘ਵੀਰ
ਜੀ ਹੋਰ ਲੋਕਾਂ ਦੀਆਂ ਬਿਮਾਰੀਆਂ ਵੀ ਦੂਰ ਹਨ, ਕਿ ਕੇਵਲ ਇੱਕ ਦੀ ਹੀ ਖੁਰਕ ਠੀਕ ਹੋਈ ਹੈ’। ਉਹਨਾਂ
ਨੇ ਕਿਹਾ, ‘ਭਾਈ ਸਾਹਿਬ ਜੀ ਜਿਸ ਦੀ ਰੱਬ ਜੀ `ਤੇ ਸ਼ਰਧਾ ਸੀ ਉਸ ਉੱਤੇ ਹੀ ਰੱਬ ਜੀ ਬਖਸ਼ਿਸ਼ ਹੋਣੀ
ਸੀ, ਹੋ ਸਕਦਾ ਏ ਬਾਕੀ ਮਰੀਜ਼ਾਂ ਦੀ ਪੂਰੀ ਸ਼ਰਧਾ ਨਾ ਹੋਵੇ’। ਮੈਂ ਉਸ ਨੂੰ ਕਿਹਾ ਮੇਰੇ ਵੀਰ
ਗੁਰਬਾਣੀ ਮੰਤ੍ਰਾਂ ਵਾਂਗ ਨਹੀਂ ਹੈ ਇਹ ਉਪਦੇਸ਼ ਰੂਪ ਵਿੱਚ ਹੈ। ਦੂਜਾ ਅਸਾਂ ਸਮੁਚੇ ਤੌਰ `ਤੇ
ਗੁਰਬਾਣੀ ਦਾ ਸਿਧਾਂਤ ਦੇਖਣਾ ਹੈ ਕਿ ਸਿੱਖ ਫਲਸਫ਼ਾ ਇਸ ਦੀ ਆਗਿਆ ਦੇਂਦਾ ਹੈ ਜਾਂ ਨਹੀਂ। ਗੁਰਬਾਣੀ
ਵਾਕ ਹੈ— ‘ਸਤਿਗੁਰੁ ਸਭਨਾ ਦਾ ਭਲਾ ਮਨਾਇਦਾ ਤਿਸ ਦਾ ਬੁਰਾ ਕਿਉ ਹੋਇ’॥ ਗੁਰੂ ਤੇ ਸਾਰਿਆਂ ਦਾ ਹੀ
ਭਲਾ ਮੰਗਦਾ ਹੈ। ਜੇ ਇੱਕ ਠੀਕ ਹੋਇਆ ਹੈ ਤਾਂ ਸਾਰੇ ਹੀ ਰੋਗ ਤੋਂ ਨਿਵਰਤ ਹੋਣੇ ਚਾਹੀਦੇ ਸਨ
ਸਾਡੀ ਮਾਨਸਕ ਕੰਮਜ਼ੋਰੀ ਹੈ ਕਿ ਅਸੀਂ ਕੁੱਝ ਵੀ ਕਰਨ ਲਈ ਤਿਆਰ ਨਹੀਂ ਹਾਂ ਪਰ ਰੱਬ ਜੀ ਪਾਸੋਂ ਸਿੱਧੀ
ਬਖਸ਼ਿਸ਼ ਹੀ ਭਾਲਦੇ ਹਾਂ। ਬਖਸ਼ਿਸ਼ ਦਾ ਸਥਾਨ ਜਪੁ ਬਾਣੀ ਦੇ ਖੰਡਾਂ ਅਨੁਸਾਰ ਚੌਥਾ ਨੰਬਰ ਆਉਂਦਾ ਹੈ।
ਬਖਸ਼ਿਸ਼ ਲੈਣ ਲਈ ਪਹਿਲਾਂ ਆਪਣੇ ਧਰਮ ਦੀ ਪਾਲਣਾ ਕਰਨੀ ਹੋਵੇਗੀ, ਦੂਜਾ ਗਿਆਨ ਦੀ ਪ੍ਰਾਪਤੀ, ਤੀਜਾ
ਗਿਆਨ ਦੀ ਰੋਸ਼ਨੀ ਵਿੱਚ ਸਖਤ ਮਿਹਨਤ ਤੇ ਚੌਥਾ ਫਿਰ ਬਖਸ਼ਿਸ਼ ਦੇ ਅਸੀਂ ਪਾਤਰ ਬਣ ਸਕਦੇ ਹਾਂ। ਸੁ
ਬਖਸ਼ਿਸ਼ ਨੂੰ ਵਿਚਾਰਨ ਲਈ ਹੇਠਾਂ ਪਉੜੀ ਅੰਕਤ ਹੈ—
ਕਰਮ ਖੰਡ ਕੀ ਬਾਣੀ ਜੋਰੁ॥ ਤਿਥੈ, ਹੋਰੁ ਨ ਕੋਈ ਹੋਰੁ॥ ਤਿਥੈ, ਜੋਧ
ਮਹਾਬਲ ਸੂਰ॥ ਤਿਨ ਮਹਿ, ਰਾਮੁ ਰਹਿਆ ਭਰਪੂਰ॥
ਅਰਥ--ਬਖ਼ਸ਼ਸ਼ ਵਾਲੀ ਅਵਸਥਾ ਦੀ ਬਨਾਵਟ ਬਲ ਹੈ, (ਭਾਵ, ਜਦੋਂ ਮਨੁੱਖ ਉੱਤੇ ਅਕਾਲ ਪੁਰਖ ਦੀ
ਮਿਹਰ ਦੀ ਨਜ਼ਰ ਹੁੰਦੀ ਹੈ, ਤਾਂ ਉਸ ਦੇ ਅੰਦਰ ਅਜਿਹਾ ਬਲ ਪੈਦਾ ਹੁੰਦਾ ਹੈ ਕਿ ਵਿਸ਼ੇ-ਵਿਕਾਰ ਉਸ
ਉੱੰਤੇ ਆਪਣਾ ਪਰਭਾਵ ਨਹੀਂ ਪਾ ਸਕਦੇ), ਕਿਉਂਕਿ ਉਸ ਅਵਸਥਾ ਵਿੱਚ (ਮਨੁੱਖ ਦੇ ਅੰਦਰ) ਅਕਾਲ ਪੁਰਖ
ਤੋਂ ਬਿਨਾ ਕੋਈ ਦੂਜਾ ਉੱਕਾ ਹੀ ਨਹੀਂ ਰਹਿੰਦਾ। ਉਸ ਅਵਸਥਾ ਵਿੱਚ (ਜੋ ਮਨੁੱਖ ਹਨ ਉਹ) ਜੋਧੇ,
ਮਹਾਂਬਲੀ ਤੇ ਸੂਰਮੇ ਹਨ, ਉਹਨਾਂ ਦੇ ਰੋਮ ਰੋਮ ਵਿੱਚ ਅਕਾਲ ਪੁਰਖ ਵੱਸ ਰਿਹਾ ਹੈ।
ਤਿਥੈ, ਸੀਤੋ ਸੀਤਾ, ਮਹਿਮਾ ਮਾਹਿ॥ ਤਾ ਕੇ ਰੂਪ, ਨ ਕਥਨੇ ਜਾਹਿ॥ ਨਾ
ਓਹਿ ਮਰਹਿ, ਨ ਠਾਗੇ ਜਾਹਿ॥ ਜਿਨ ਕੈ, ਰਾਮੁ ਵਸੈ, ਮਨ ਮਾਹਿ॥
ਅਰਥ:- ਉਸ (ਬਖ਼ਸ਼ਸ਼) ਅਵਸਥਾ ਵਿੱਚ ਅੱਪੜੇ ਹੋਏ ਮਨੁੱਖਾਂ ਦਾ ਮਨ ਨਿਰੋਲ ਅਕਾਲ ਪੁਰਖ ਦੀ
ਵਡਿਆਈ ਵਿੱਚ ਪਰੋਤਾ ਰਹਿੰਦਾ ਹੈ, (ਉਹਨਾਂ ਦੇ ਸਰੀਰ ਅਜਿਹੇ ਕੰਚਨ ਦੀ ਵੰਨੀ ਵਾਲੇ ਹੋ ਜਾਂਦੇ ਹਨ
ਕਿ) ਉਹਨਾਂ ਦੇ ਸੋਹਣੇ ਰੂਪ ਵਰਣਨ ਨਹੀਂ ਕੀਤੇ ਜਾ ਸਕਦੇ (ਉਹਨਾਂ ਦੇ ਮੂੰਹ ਉੱਤੇ ਨੂਰ ਹੀ ਨੂਰ
ਲਿਸ਼ਕਦਾ ਹੈ)। (ਇਸ ਅਵਸਥਾ ਵਿਚ) ਜਿਨ੍ਹਾਂ ਦੇ ਮਨ ਵਿੱਚ ਅਕਾਲ ਪੁਰਖ ਵੱਸਦਾ ਹੈ, ਉਹ ਆਤਮਕ ਮੌਤ
ਨਹੀਂ ਮਰਦੇ ਤੇ ਮਾਇਆ ਉਹਨਾਂ ਨੂੰ ਠੱਗ ਨਹੀਂ ਸਕਦੀ।
ਤਿਥੈ ਭਗਤ ਵਸਹਿ, ਕੇ ਲੋਅ॥ ਕਰਹਿ ਅਨੰਦੁ, ਸਚਾ ਮਨਿ ਸੋਇ॥
ਅਰਥ:- ਉਸ ਅਵਸਥਾ ਵਿੱਚ ਕਈ ਭਵਣਾਂ ਦੇ ਭਗਤ ਜਨ ਵੱਸਦੇ ਹਨ, ਜੋ ਸਦਾ ਖਿੜੇ ਰਹਿੰਦੇ ਹਨ, (ਕਿਉਂਕਿ)
ਉਹ ਸੱਚਾ ਅਕਾਲ ਪੁਰਖ ਉਹਨਾਂ ਦੇ ਮਨ ਵਿੱਚ (ਮੌਜੂਦ) ਹੈ।
ਇਸ ਖੰਡ ਨੂੰ ਆਪਣੇ ਮਨ ਤੇ ਢਾਲਣ ਦਾ ਯਤਨ ਕਰਨ ਕਰੀਏ।
ਕੁਦਰਤ ਦੀ ਨਿਯਮਾਵਲੀ ਵਿੱਚ ਪਹਿਲਾਂ ਫੁੱਲ--ਬੂਟੇ ਲਗਾਏ ਜਾਂਦੇ ਹਨ ਫਿਰ ਉਹਨਾਂ ਨੂੰ ਫੁੱਲ ਲੱਗਦੇ
ਹਨ। ਫ਼ਲ਼ਦਾਰ ਪੌਦਿਆਂ ਦੀ ਪਹਿਲਾਂ ਪਨੀਰੀ ਤਿਆਰ ਕੀਤੀ ਜਾਂਦੀ ਹੈ ਫਿਰ ਉਹਨਾਂ ਨੂੰ ਖੇਤਾਂ ਵਿੱਚ
ਲਗਾਇਆ ਜਾਂਦਾ ਹੈ। ਦੋ—ਚਾਰ ਸਾਲ ਉਪਰੰਤ ਉਹਨਾਂ ਨੂੰ ਮਿੱਠੇ ਫ਼ਲ਼ ਲੱਗਦੇ ਹਨ। ਕਦੇ ਵੀ ਇਸ ਤਰ੍ਹਾਂ
ਨਹੀਂ ਹੋਇਆ ਕਿ ਜ਼ਮੀਨ ਵਿਚੋਂ ਸਿੱਧੇ ਹੀ ਅੰਬਾਂ ਦੇ ਫ਼ਲ਼ ਮਿਲਣੇ ਸ਼ੂਰੂ ਹੋ ਜਾਣ। ਸਬਜ਼ੀਆਂ ਨੂੰ
ਪਹਿਲਾਂ ਬੀਜਿਆ ਜਾਂਦਾ ਹੈ ਫਿਰ ਤਾਜ਼ਾ ਸਬਜ਼ੀਆਂ ਖਾਣ ਨੂੰ ਮਿਲਦੀਆਂ ਹਨ। ਏਸੇ ਤਰ੍ਹਾਂ ਬਖਸ਼ਿਸ਼ ਵੀ
ਸਿੱਧੀ ਨਹੀਂ ਆਉਂਦੀ। ਇਸ ਦੀ ਪ੍ਰਪਾਤੀ ਲਈ ਲੰਬੀ ਘਾਲਣਾ ਘਾਲਣੀ ਪੈਂਦੀ ਹੈ।
ਬਖਸ਼ਿਸ਼ ਨਾਲ ਸਬੰਧਿਤ ਲਗ-ਪਗ ਇਕੋ ਜੇਹੀਆਂ ਹੀ ਉਦਾਹਰਣਾਂ ਹਨ। ਜਿਹੋ ਜੇਹਾ ਗਿਆਨ ਪ੍ਰਾਪਤ ਕਰਕੇ
ਮਨੁੱਖ ਮਿਹਨਤ ਕਰਦਾ ਹੈ ਉਹੋ ਜੇਹੀ ਹੀ ਬਖਸ਼ਿਸ਼ ਹੋ ਜਾਂਦੀ ਹੈ। ਸਕੂਲਾਂ ਕਾਲਜਾਂ ਵਿੱਚ ਬੱਚੇ ਜਿਹੜਾ
ਵੀ ਕੋਰਸ ਕਰਦੇ ਹਨ, ਉਹੋ ਜੇਹੀ ਹੀ ਉਹਨਾਂ ਨੂੰ ਨੌਕਰੀ ਪ੍ਰਾਪਤ ਹੋ ਜਾਦੀ ਹੈ। ਏਸੇ ਤਰ੍ਹਾਂ ਹੀ ਜੇ
ਅਸੀਂ ਧਰਮ ਦੇ ਬੁਨਿਆਦੀ ਨੁਕਤੇ ਨੂੰ ਸਮਝ ਕੇ ਆਪਣੇ ਫ਼ਰਜ਼ ਦੀ ਪਹਿਛਾਣ ਕਰਕੇ ਉਸ ਪ੍ਰਤੀ ਗਿਆਨ ਹਾਸਲ
ਕਰਦਿਆ ਨਾਲ ਦੀ ਨਾਲ ਮਿਹਨਤ ਕਰਦੇ ਹਾਂ ਤਾਂ ਕੁਦਰਤੀ ਅਸੀਂ ਬਖਸ਼ਿਸ ਦੇ ਪਾਤਰ ਬਣਾਂਗੇ। ਜੇ ਮਨੁੱਖ
ਨੂੰ ਸੰਤੋਖ ਦਾ ਗਿਆਨ ਆ ਜਾਂਦਾ ਹੈ ਤਾਂ ਆਪਣਾ ਫ਼ਰਜ਼ ਸਮਝਦਿਆਂ ਇਸ ਦੀ ਸਾਰੀ ਜ਼ਿੰਦਗੀ ਵਰਤੋਂ ਕਰਦਾ
ਹੈ ਤਾਂ ਉਸ ਦੇ ਪਾਸ ਕਦੇ ਵੀ ਵੱਢੀ-ਖੋਰੀ ਨੇੜੇ ਨਹੀ ਆ ਸਕਦੀ। ਇਸ ਰੱਬ ਦੀ ਦੁਨੀਆਂ ਵਿੱਚ ਇਮਾਨਦਾਰ
ਵੀ ਬਹੁਤ ਲੋਕ ਰਹਿੰਦੇ ਹਨ ਜਿੰਨ੍ਹਾਂ ਤੇ ਕਦੇ ਵੀ ਹੇਰਾ ਫੇਰੀ ਨੇੜੇ ਨਹੀਂ ਆ ਸਕਦੀ। ਲਧਿਆਣੇ ਸ਼ਹਿਰ
ਵਿੱਚ ਮੇਰਾ ਇੱਕ ਮਿੱਤਰ ਬਹੁਤ ਵਧੀਆ ਪੋਸਟ `ਤੇ ਲੱਗਿਆ ਹੋਇਆ ਹੈ। ਮੈਨੂੰ ਪਤਾ ਹੈ ਕਿ ਉਹ ਹਰ ਰੋਜ਼
ਹਜ਼ਾਰਾਂ ਰੁਪਏ ਇਕੱਠੇ ਕਰ ਸਕਦਾ ਹੈ ਪਰ ਸਦਕੇ ਜਾਈਏ ਅਜੇਹੇ ਬੰਦਿਆਂ ਦੇ ਇੱਕ ਰੰਚਕ ਮਾਤਰ ਵੀ ਉਸ ਨੇ
ਕਿਸੇ ਕੋਲੋਂ ਚਾਹ ਆਦ ਨਹੀਂ ਪੀਤੀ ਹੋਣੀ। ਗਰੀਬੀ ਦੀ ਹਾਲਤ ਵਿੱਚ ਉਸ ਆਪਣਾ ਧਰਮ ਸਮਝਦਿਆ ਹੋਇਆ
ਵਿਦਿਆ ਪ੍ਰਾਪਤ ਕੀਤੀ ਫਿਰ ੳਸ ਨੂੰ ਨੌਕਰੀ ਵਧੀਆ ਮਿਲ ਗਈ। ਉਸ ਦੇ ਮਨ ਵਿੱਚ ਸੰਤੋਖ ਆ ਗਿਆ ਕਿ ਮੈਂ
ਕਿਸੇ ਪਾਸੋਂ ਕੋਈ ਵੀ ਵਾਧੂ ਪੈਸਾ ਨਹੀਂ ਲੈਣਾ ਸਗੋਂ ਮੇਰੇ ਕਰਕੇ ਕਿਸੇ ਬੰਦੇ ਨੂੰ ਕੋਈ ਪਰੇਸ਼ਾਨੀ
ਨਹੀਂ ਹੋਣੀ ਚਾਹੀਦੀ। ਇਸ ਨੂੰ ਕਿਹਾ ਜਾ ਸਕਦਾ ਹੈ ਕਿ ਇਸ ਮਨੁੱਖ ਤੇ ਐਸੀ ਬਖਸ਼ਿਸ਼ ਹੋਈ ਹੈ ਕਿ ਇਸ
ਉੱਤੇ ਕਿਸੇ ਵੀ ਮਾੜੇ ਵਿਚਾਰ ਭਾਵ ਵੱਢੀ ਆਦ ਦਾ ਅਸਰ ਨਹੀਂ ਹੋ ਸਕਦਾ— ‘ਕਰਮ ਖੰਡ ਕੀ ਬਾਣੀ ਜੋਰੁ॥
ਤਿਥੈ, ਹੋਰੁ ਨ ਕੋਈ ਹੋਰੁ’॥ ਗ੍ਰਹਿਸਤੀ ਜ਼ਿੰਦਗੀ ਜਾਂ ਸੰਸਾਰ ਵਿੱਚ ਰਹਿੰਦਿਆਂ ਕਾਮਕ ਬਿਰਤੀ ਦਾ
ਗਿਆਨ ਆ ਜਾਏ ਤਾਂ ਏਡਜ਼ ਵਰਗੀ ਬਿਮਾਰੀ ਜਨਮ ਨਹੀਂ ਲਏਗੀ। ਸਮਝ ਦੇ ਪੜਾਅ ਵਿੱਚ ਜਦੋਂ ਮਨੁੱਖ ਪ੍ਰਵੇਸ਼
ਕਰ ਜਾਂਦਾ ਹੈ ਤਾਂ ਫਿਰ ਵਿਕਾਰੀ ਬਿਰਤੀ ਅਸਰ ਨਹੀਂ ਪਾ ਸਕਦੀ। ਸੱਚ ਦੇ ਅਧਾਰਤ ਗਿਆਨ ਹਾਸਲ ਕਰਦਿਆਂ
ਜਦੋਂ ਮਨ ਮਾਰ ਕੇ ਮਿਹਨਤ ਹੋਵੇ ਤਾਂ ਕੁਦਰਤੀ ਭੈੜੇ ਸੰਸਕਾਰ ਜਨਮ ਨਹੀਂ ਲੈਣਗੇ ਜੋ ਬਖਸ਼ਿਸ਼ ਦਾ ਰੂਪ
ਹੋਣਗੇ।
ਭਾਈ ਤਾਰੂ ਸਿੰਘ ਜੀ, ਭਾਈ ਮਨੀ ਸਿੰਘ ਜੀ, ਜਾਂ ਹੋਰ ਜਿੰਨੇ ਵੀ ਸ਼ਹੀਦ ਹੋਏ ਹਨ, ਉਹਨਾਂ ਨੂੰ ਸਮੇਂ
ਦੀਆਂ ਸਰਕਾਰਾਂ ਨੇ ਲਾਲਚ ਸੁੱਖ ਸਹੂਲਤਾਂ ਇਤਿਆਦਕ ਬਹੁਤ ਦਿਖਾਈਆਂ, ਪਰ ਕਿਸੇ ਵੀ ਮਹਾਨ ਗੁਰਸਿੱਖ
ਦੇ ਮਨ ਉੱਤੇ ਇਹਨਾਂ ਦਾ ਕੋਈ ਅਸਰ ਨਹੀਂ ਹੋਇਆ ਕਿਉਂਕਿ ਉਹਨਾਂ ਦੇ ਮਨ ਵਿੱਚ ਗੁਰੂ ਦੀ ਭੈ-ਭਾਵਨੀ
ਤੇ ਸਿੱਖੀ ਅਦਰਸ਼ ਦਾ ਨਿਸ਼ਾਨਾ ਸੀ। ਅਜੇਹਿਆਂ ਗੁਰਸਿੱਖਾਂ ਨੂੰ ਮਹਾਨ ਸੂਰਮੇ ਕਿਹਾ ਜਾਂਦਾ ਹੈ—
‘ਤਿਥੈ, ਜੋਧ ਮਹਾਬਲ ਸੂਰ॥ ਤਿਨ ਮਹਿ, ਰਾਮੁ ਰਹਿਆ ਭਰਪੂਰ’॥ ਏੱਥੇ ਇੱਕ ਅਦਰਸ਼ ਰੱਖਿਆ ਗਿਆ ਹੈ ਕਿ
ਜਿਨਾਂ ਦੇ ਮਨ ਵਿੱਚ ਰਾਮ ਭਰਪੂਰ ਹੈ। ਰਾਮ ਦਾ ਅਰਥ ਹੈ ਪਰਮੇਸ਼ਰੀ ਗੁਣ ਜੋ ਮੰਗਲਾ ਚਰਣ ਵਿੱਚ ਅੰਕਤ
ਹਨ। ਕਰਤਾ ਪੁਰਖੁ, ਨਿਵੈਰਤਾ, ਨਿਰਭਉ, ਸੈਭੰ ਵਾਲੇ ਸਾਰੇ ਗੁਣਾਂ ਦਾ ਗਿਆਨ ਮਨ ਵਿੱਚ ਬੈਠ ਜਾਏ ਤੇ
ਇਹਨਾਂ ਦੀ ਨਿਤ ਵਰਤੋਂ ਕਰੇ ਉਸ ਨੂੰ ਸੂਰਮਾ ਕਿਹਾ ਜਾਂਦਾ ਹੈ। ਜੇਹਾ ਕਿ--- ‘ਨਾਨਕ ਸੋ ਸੂਰਾ
ਵਰੀਆਮੁ, ਜਿਨਿ ਵਿਚਹੁ ਦੁਸਟੁ ਅਹੰਕਰਣੁ ਮਾਰਿਆ’॥ ਸ਼ਹਾਦਤ ਵੀ ਬਖਸ਼ਿਸ਼ ਨਾਲ ਹੀ ਹੁੰਦੀ ਹੈ। ਭਾਵ
ਜਦੋਂ ਅਦਰਸ਼ ਦਾ ਪਤਾ ਚਲਦਾ ਹੈ ਉਸ ਬਾਰੇ ਗਿਆਨ ਆਉਂਦਾ ਹੈ ਤੇ ਰੋਜ਼ ਉਸ ਗਿਆਨ ਦਾ ਅਭਿਆਸ ਕੀਤਾ
ਜਾਂਦਾ ਹੈ ਤਾਂ ਸ਼ਹਾਦਤ ਪ੍ਰਾਪਤ ਕਰਨ ਵਾਲਾ ਉੱਚਿਆਂ ਅਦਰਸ਼ਾਂ ਲਈ ਆਪਣੀ ਜਾਨ ਤਕ ਦੀ ਬਾਜ਼ੀ ਲਗਾ
ਦੇਂਦਾ ਹੈ। ਓੱਥੇ ਉਸ ਦੇ ਮਨ ਵਿੱਚ ਸੰਸਾਰ ਦੇ ਸਮਝੌਤੇ ਦਾ ਕੋਈ ਵੀ ਪ੍ਰਭਾਵ ਨਹੀਂ ਹੁੰਦਾ।
ਬਖਸ਼ਿਸ਼ ਖੰਡ ਵਿੱਚ ਜਦੋਂ ਮਨੁੱਖ ਪਹੁੰਚਦਾ ਹੈ ਤਾਂ ਉਸ ਦੀ ਰੱਬੀ ਗੁਣਾਂ ਨਾਲ ਇਕਮਿਕਤਾ ਹੁੰਦੀ ਹੈ
ਤਾਂ— ‘ਤਿਥੈ, ਸੀਤੋ ਸੀਤਾ, ਮਹਿਮਾ ਮਾਹਿ’॥ ਵਾਲੀ ਮਹਾਨ ਅਵਸਥਾ ਹੁੰਦੀ ਹੈ। ਐਸੇ ਮਨ ਦੇ ਰੂਪ ਦਾ
ਬਿਆਨ ਨਹੀਂ ਕੀਤਾ ਜਾ ਸਕਦਾ— ‘ਤਾ ਕੇ ਰੂਪ, ਨ ਕਥਨੇ ਜਾਹਿ’॥ ਰੂਪ ਦਾ ਅਰਥ ਵਿੱਚ ਬਾਹਰਲੀ ਸਜਾਵਟ
ਤੋਂ ਹੈ। ਏਥੇ ਰੂਪ ਦਾ ਪ੍ਰਤੀਕ ਸੁਭਾਅ ਦਾ ਵਰਤਾਅ ਹੈ। ਦੈਵੀ ਗੁਣਾਂ ਦੀ ਭਰਪੂਰਤਾ ਹੋਣ ਕਰਕੇ
ਮਿਣਸਾਰਤਾ ਦੀ ਪਿਆਰੀ ਸ਼ੈਲੀ ਪ੍ਰਤੱਖ ਨਜ਼ਰ ਆਏਗੀ। ਉਸ ਦੇ ਮਿੱਠੇ ਸੁਭਾਅ ਦੀ ਵਡਿਆਈ ਸਾਡੇ ਕਥਨ ਤੋਂ
ਬਾਹਰ ਦੀ ਹੁੰਦੀ ਹੈ।
ਅਜੇਹਾ ਬੰਦਾ ਆਪਣੇ ਜੀਵਨ ਕਾਲ ਵਿੱਚ ਆਤਮਕ ਤਲ਼ ਤੇ ਮਰਦਾ ਨਹੀਂ ਹੈ ਤੇ ਨਾ ਹੀ ਵਿਕਾਰੀ ਬਿਰਤੀ ਵਿੱਚ
ਠੱਗਿਆ ਜਾਂਦਾ ਹੈ— ‘ਨਾ ਓਹਿ ਮਰਹਿ, ਨ ਠਾਗੇ ਜਾਹਿ’॥ ਮਰਣ ਦਾ ਅਰਥ ਸਰੀਰਕ ਤਲ਼ ਤੋਂ ਨਹੀਂ ਹੈ ਸਗੋਂ
ਇਸ ਦਾ ਭਾਵ-ਅਰਥ ਹੈ ਆਪਣੀ ਜ਼ਿੰਮੇਵਾਰੀ ਤੋਂ ਭਜਣਾ। ਮੇਰਾ ਇੱਕ ਰਿਸ਼ਤੇਦਾਰ ਏ ਜਿਸ ਦੇ ਭਰਾ ਲਗ-ਪਗ
ਸਾਰੇ ਅਫਸਰ ਹੀ ਹਨ ਪਰ ਰਿਸ਼ਤੇਦਾਰ ਆਪਣੀ ਆਦਤ ਤੋਂ ਮਜ਼ਬੂਰ ਹੈ ਕਿ ਉਸ ਨੇ ਪੁੱਠਾ ਕਰਮ ਕਰਨਾ ਹੀ
ਕਰਨਾ ਹੈ। ਮਿਸਾਲ ਦੇ ਤੌਰ `ਤੇ ਉਸ ਨੂੰ ਖੇਤ ਵਿੱਚ ਖਾਦ ਪਾਉਣ ਲਈ ਭੇਜਿਆ ਹੈ ਪਰ ਉਹ ਭਲਾ ਲੋਕ ਖੇਤ
ਵਿੱਚ ਖਾਦ ਪਉਣ ਦੀ ਬਜਾਏ ਖਾਦ ਦੇ ਤੋੜੇ ਨੂੰ ਦੁਕਾਨ ਤੇ ਵੇਚ ਕੇ ਨਸ਼ਾ ਕਰ ਜਾਂਦਾ ਹੈ। ਇਸ ਨੂੰ
ਕਿਹਾ ਹੈ ਕਿ ਇਸ ਦੀ ਆਤਮਾ ਮਰ ਚੁੱਕੀ ਹੈ ਤੇ ਨਸ਼ੇ ਵਿੱਚ ਇਹ ਠੱਗਿਆ ਗਿਆ ਹੈ। ਜੇ ਇਸ ਦੇ ਮਨ ਨੂੰ
ਧਰਮ ਦਾ ਗਿਆਨ ਹੋਵੇ, ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਵੇ ਤਾਂ ਇਹ ਕਦੇ ਵੀ ਮਰੀ ਹੋਈ ਆਤਮਾ ਵਾਲਾ
ਕਰਮ ਨਹੀਂ ਕਰੇਗਾ— ‘ਜਿਨ ਕੈ, ਰਾਮੁ ਵਸੈ, ਮਨ ਮਾਹਿ’॥ ਚੰਗੇਰੀ ਮਤ ਦੇ ਰੂਪ ਵਿੱਚ ਪ੍ਰਗਟ ਹੁੰਦਾ
ਹੈ।
ਇਸ ਅਵਸਥਾ ਵਿੱਚ ਭਗਤ ਜਨਾ ਦਾ ਨਿਵਾਸ ਹੁੰਦਾ ਹੈ ਜੋ ਸਦਾ ਅਨੰਦ ਵਿੱਚ ਰਹਿ ਕੇ ਸੱਚ ਨਾਲ ਓਤ-ਪੋਤ
ਹੁੰਦੇ ਹਨ— ‘ਤਿਥੈ ਭਗਤ ਵਸਹਿ, ਕੇ ਲੋਅ॥ ਕਰਹਿ ਅਨੰਦੁ, ਸਚਾ ਮਨਿ
ਸੋਇ’॥
ਕਰਮ-ਖੰਡ ਦਾ ਵਿਵਹਾਰਕ ਪੱਖ—
ਅੱਜ ਦੇ ਜ਼ਮਾਨੇ ਵਿੱਚ ਭਾਈਚਾਰਕ ਸਾਂਝ ਤੋਂ ਬਿਨਾ ਤਰੱਕੀ ਦੀਆਂ ਮੰਜ਼ਿਲਾਂ ਸਰ ਨਹੀਂ ਕੀਤੀਆਂ ਜਾ
ਸਕਦੀਆਂ। ਕਈ ਵਾਰੀ ਮਨੁੱਖ ਇਹ ਸਮਝਣ ਲੱਗ ਜਾਂਦਾ ਹੈ ਕਿ ਮੈਨੂੰ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਹੈ
ਸਗੋਂ ਕਿਸੇ ਬਾਬਾ ਜੀ ਪਾਸੋਂ ਅਰਦਾਸ ਕਰਾ ਲਈ ਜਾਏ ਤਾਂ ਸਾਡੇ ਤੇ ਰੱਬ ਜੀ ਤਰੁੱਠ ਕਿ ਕੋਈ ਅਗੰਮੀ
ਬਖਸ਼ਿਸ਼ ਕਰ ਦੇਣਗੇ ਜਿਸ ਨਾਲ ਮੈਂ ਸਾਰੀ ਜ਼ਿੰਦਗੀ ਸੁੱਖ ਨਾਲ ਬੈਠਾ ਬੈਠਾ ਹੀ ਰੋਟੀ ਖਾਈ ਜਵਾਂਗਾ।
ਅਮਰੀਕਾ ਵਿੱਚ ਇੱਕ ਵੀਰ ਨੇ ਆਪਣੀ ਟੈਕਸੀ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਪੱਥਰ ਦਾ ਬਣਿਆ ਹੋਇਆ
ਬੁੱਤ ਰੱਖਿਆ ਹੋਇਆ ਸੀ। ਮੈਂ ਉਸ ਨੂੰ ਪੁੱਛਿਆ, ਕਿ ‘ਭਲੇ ਵੀਰ ਤੈਨੂੰ ਜਪੁ ਬਾਣੀ ਬਾਰੇ ਕੋਈ ਗਿਆਨ
ਹੈ’। ਤਾਂ ਉਸ ਵੀਰ ਨੇ ਉੱਤਰ ਦਿੱਤਾ ਕਿ ‘ਭਾਈ ਸਾਹਿਬ ਜੀ ਸਾਡੇ ਘਰ ਇੱਕ ਬਾਬਾ ਜੀ ਆਏ ਸੀ ਮੈਨੂੰ
ਉਹਨਾਂ ਨੇ ਇਹ ਗੁਰੂ ਨਾਨਕ ਸਾਹਿਬ ਦਾ ਇਹ ਬੁੱਤ ਦਿੱਤਾ ਸੀ ਤੇ ਕਿਹਾ ਸੀ ਕਿ ਇਸ ਨੂੰ ਆਪਣੀ ਗੱਡੀ
ਵਿੱਚ ਲਗਾ ਲਏਂਗਾ ਤਾਂ ਤੈਨੂੰ ਬਹੁਤ ਸਵਾਰੀਆਂ ਮਿਲਿਆ ਕਰਨਗੀਆਂ ਭਾਵ ਬਹੁਤ ਬਖਸ਼ਿਸ਼ ਹੋਏਗੀ। ਸੁ ਭਾਈ
ਸਾਹਿਬ ਜੀ ਇਸ ਲਈ ਮੈਂ ਇਸ ਬੁੱਤ ਨੂੰ ਆਪਣੀ ਗੱਡੀ ਵਿੱਚ ਲਗਾ ਲਿਆ ਹੈ, ਪਰ ਜਪੁ ਬਾਣੀ ਮੈਂ ਕਦੇ
ਪੜ੍ਹੀ ਨਹੀਂ ਹੈ’। ਮੈਂ ਉਸ ਨੂੰ ਪੁੱਛਿਆ ਕਿ ‘ਕੀ ਤੈਨੂੰ ਸਵਾਰੀਆਂ ਪਹਿਲੇ ਨਾਲੋਂ ਵੱਧ ਮਿਲਦੀਆਂ
ਹਨ? ਤਾਂ ਉਹ ਕਹਿਣ ਲੱਗਾ, ਕਿ ‘ਭਾਈ ਸਾਹਿਬ ਜੀ ਸਵਾਰੀਆਂ ਤਾਂ ਪਹਿਲਾਂ ਵਾਂਗ ਹੀ ਮਿਲਦੀਆਂ ਹਨ। ਇਸ
ਬੁੱਤ ਦੀ ਤਾਂ ਬਾਬਾ ਜੀ ਨੇ ਬਖਸ਼ਿਸ਼ ਕੀਤੀ ਸੀ’। ਖੈਰ ਗੱਲ ਸਮਝਾਉਣ `ਤੇ ਵੀਰ ਸਮਝ ਗਿਆ ਕਿ ਕੰਮ ਕਰਨ
ਤੋਂ ਬਿਨਾਂ ਬਖਸ਼ਿਸ਼ ਨਹੀਂ ਹੋ ਸਕਦੀ।
ਕਰਮ-ਖੰਡ ਵਿੱਚ ਮੇਰ-ਤੇਰ ਦੀਆਂ ਵਲ਼ਗਣਾਂ ਖਤਮ ਹੁੰਦੀਆਂ ਹਨ। ਧਰਮ ਖੰਡ ਤੋਂ ਸਫ਼ਰ ਅਰੰਭ ਕਰਕੇ ਗਿਆਨ
ਖੰਡ ਵਿੱਚ ਵਿਚਰਦਿਆਂ ਮਨੁੱਖ ਮਿਹਨਤ ਕਰਨ ਦਾ ਸੁਭਾਅ ਬਣਾਉਂਦਾ ਹੈ। ਫਿਰ ਬਖਸ਼ਿਸ਼ ਦਾ ਪਾਤਰ ਬਣਦਾ
ਹੈ। ਇਸ ਖੰਡ ਵਿੱਚ ਰਹਿੰਦਿਆਂ ਆਤਮਕ ਮੌਤੇ ਨਹੀਂ ਮਰਦਾ ਤੇ ਨਾ ਹੀ ਉਸ ਦੇ ਠੱਗੇ ਜਾਣ ਦਾ ਕੋਈ ਡਰ
ਰਹਿੰਦਾ ਹੈ। ਮੰਨ ਲਓ ਕੋਈ ਬੱਸ ਕੰਡੈਕਟਰ ਟਿਕਟਾਂ ਕੱਟ ਰਿਹਾ ਹੈ। ਜੇ ਉਹ ਸਵਾਰੀਆਂ ਨੂੰ ਇਮਾਨਦਾਰੀ
ਨਾਲ ਬਕਾਇਆ ਵਾਪਸ ਕਰੀ ਜਾ ਰਿਹਾ ਹੈ ਤਾਂ ਉਹ ਉਸ `ਤੇ ਬਖਸ਼ਿਸ਼ ਹੈ। ਉਸ ਨੇ ਆਪਣੀ ਜ਼ਿੰਮੇਵਾਰੀ ਦਾ
ਅਹਿਸਾਸ ਕਰ ਲਿਆ ਹੈ ਤੇ ਉਹ ਲਾਲਚ ਵਿੱਚ ਠੱਗਿਆ ਨਹੀਂ ਜਾ ਰਿਹਾ ਹੈ ਤੇ ਨਾ ਹੀ ਉਸ ਦੀ ਆਤਮਾ ਮਰੀ
ਹੋਈ ਹੈ। ਦੁਨੀਆਂ ਦੇ ਕਿਸੇ ਕੋਨੇ ਵਿੱਚ ਚਲੇ ਜਾਓ ਸਾਡਾ ਵਿਹਾਰ ਵੀ ਨਾਲ ਹੀ ਜਾਂਦਾ ਹੈ। ਦੁਨੀਆਂ
ਵਿੱਚ ਉਧਾਰ-ਸੁਧਾਰ ਤਾਂ ਚਲਦਾ ਹੀ ਰਹਿੰਦਾ ਹੈ। ਜਿਹੜਾ ਆਦਮੀ ਬਿਨਾ ਫੇਰੇ ਮਰਵਾਏ ਪੈਸੇ ਚੁਕਦੇ
ਕਰਦਾ ਹੈ ਤਾਂ ਮੈਂ ਸਮਝਦਾ ਹਾਂ ਇਹ ਦੇਣ ਵਾਲੇ `ਤੇ ਬਖਸ਼ਿਸ਼ ਹੀ ਹੈ। ਬਖਸ਼ਿਸ਼ ਦੀ ਪ੍ਰਾਪਤੀ ਲਈ ਖ਼ੁਦ
ਨੂੰ ਤਿਆਰ ਕਰਨਾ ਪਏਗਾ। ਏੱਥੇ ਕਿਸੇ ਕੋਲੋਂ ਕੁੱਝ ਖੋਹ ਲੈਣ ਦੀ ਭਾਵਨਾ ਖਤਮ ਹੁੰਦੀ ਹੈ।
ਭਾਰਤ ਵਿੱਚ ਕਿਤੇ ਵੀ ਕੋਈ ਐਕਸੀਡੈਂਟ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਡਰਾਇਵਰ ਆਪੋ ਆਪਣੀ ਗੱਡੀ
ਵਿਚੋਂ ਉੱਤਰ ਕੇ ਹੱਥੋਪਾਈ ਹੋ ਕੇ ਇੱਕ ਦੂਜੇ ਨੂੰ ਅਕਲ ਦੇਣ ਦਾ ਪੂਰਾ ਪੂਰਾ ਯਤਨ ਕਰਦੇ ਹਨ। ਪਰ
ਵਿਕਸਤ ਮੁਲਕਾਂ ਵਿੱਚ ਅਜੇਹੇ ਸਮੇਂ ਇੱਕ ਦੂਜੇ ਨੂੰ ਪੁੱਛਦੇ ਹਨ ਕਿ ਭਾਈ ਤੈਨੂੰ ਕੋਈ ਸੱਟ ਆਦ ਤਾਂ
ਨਹੀਂ ਲੱਗੀ। ਇੰਜ ਸਮਝਿਆ ਜਾ ਸਕਦਾ ਹੈ ਕਿ ਇਹਨਾਂ `ਤੇ ਪੁਰੀ ਬਖਸ਼ਿਸ਼ ਹੈ। ਆਏ ਭੁਚਾਲਾਂ,
ਦੁਰਘਟਾਨਵਾਂ ਵਿੱਚ ਇੱਕ ਦੂਜੇ ਦੇ ਸਹਾਇਕ ਬਣਨਾ ਬਖਸ਼ਿਸ਼। ਸੁ ਬਖਸ਼ਿਸ਼ ਦਾ ਅਭਿਆਸ ਚੌਥੇ ਨੰਬਰ `ਤੇ
ਆਉਂਦਾ ਹੈ ਪਰ ਅਸੀਂ ਨੂੰ ਪਹਿਲੇ ਨੰਬਰ ਤੇ ਹੀ ਪ੍ਰਾਪਤ ਕਰਨਾ ਚਾਹੁੰਦੇ ਹਾਂ। ਬਖਸ਼ਿਸ਼ ਦੀ ਪ੍ਰਾਪਤੀ
ਨਾਲ ਦੂਰੀਆਂ ਘਟਦੀਆਂ ਹਨ ਤੇ ਨਫਰਤ ਖਤਮ ਹੁੰਦੀ ਹੈ। ਆਪਸੀ ਭਾਈਚਾਰਕ ਸਾਂਝ ਦੀ ਪੀਡੀ ਗੰਢ ਬੱਝਦੀ
ਹੈ ਤੇ ਪਿਆਰ ਵੱਧਦਾ ਹੈ। ਇਸ ਬਖਸ਼ਿਸ਼ ਨੂੰ ਕੋਈ ਮਿਟਾ ਨਹੀਂ ਸਕਦਾ—
ਤੇਰੀ ਬਖਸ ਨ ਮੇਟੈ ਕੋਈ ਸਤਿਗੁਰ ਕਾ ਦਿਲਾਸਾ॥
ਪੰਨਾ ੭੫੦
ਅਤੇ
ਰਹਮ ਤੇਰੀ ਸੁਖੁ ਪਾਇਆ ਸਦਾ ਨਾਨਕ ਕੀ ਅਰਦਾਸਿ॥
ਪੰਨਾ ੭੨੪