ਭਾਈ ਵੀਰ ਸਿੰਘ ਬਨਾਮ ਭਾਈ ਕਾਨ੍ਹ ਸਿੰਘ ਨਾਭਾ-ਇਕ ਪੜਚੋਲ
ਸੱਚ ਦੀ ਗਲ ਕਰਨ ਵਾਲਾ ਮਨੁਖ ਇਸ ਦੁਨੀਆਂ ਨੂੰ ਕਦੀ ਵੀ ਚੰਗਾ ਨਹੀ ਲਗਿਆ।
ਕਿਉ ਕੇ ਸੱਚ “ਕੌੜਾ” ਹੀ ਨਹੀ “ਕਸੈਲਾ” ਵੀ ਹੁੰਦਾ ਹੈ। ਕੌੜਾ ਪਣ ਤੇ, ਪਾਣੀ ਪੀ ਕੇ ਤੇ ਘੁੱਟ
ਲੰਘਾ ਕੇ ਬਰਦਾਸ਼ਤ ਕੀਤਾ ਜਾ ਸਕਦਾ ਹੈ। ਲੇਕਿਨ ਕਸੈਲਾ ਨਿਗਲ ਲੈਣ ਤੋਂ ਬਾਦ ਵੀ ਬਰਦਾਸ਼ਤ ਨਹੀ
ਹੁੰਦਾ। ਗੁਰੁ ਨਾਨਕ ਸਾਹਿਬ ਨੇ ਅਪਨੀ ਬਾਣੀ “ਆਸਾ ਕੀ ਵਾਰ” ਵਿੱਚ ਬ੍ਰਾਹਮਣ ਨੂੰ “ਮਾਣਸ ਖਾਣੇ”
ਅਤੇ “ਜਗਤ ਕਸਾਈ” ਕਹਿ ਕੇ ਸੱਚ ਦੀ ਗੱਲ ਕੀਤੀ, ਜੋ ਅੱਜ ਤਕ ਬ੍ਰਾਹਮਣ ਵਾਦੀਆਂ ਦਾ ਮੂੰਹ ਕਸੈਲਾ ਕਰ
ਜਾਂਦੀ ਹੈ। ਇਸੇ ਲਈ ਉਹ ਗੁਰੁ ਨਾਨਕ ਦੇ ਚਲਾਏ ਧੰਥ ਦੇ ਜਮਾਂਧਰੂ ਵੈਰੀ ਬਣੀ ਫਿਰਦੇ ਹਨ। ਇਨਾਂ ਨੇ
ਹਮੇਸ਼ਾਂ ਸਾਡੇ ਪੰਥ ਦੇ ਨਾਮੀ ਅਤੇ ਉਚੇ ਅਹੁਦਿਆਂ ਤੇ ਬੈਠੇ ਲੋਕਾਂ ਨੂੰ ਖਰੀਦ ਕੇ ਵਰਤਿਆ ਹੈ। ਸਾਡੀ
ਕੋਮ ਦੇ ਸਾਰੇ ਧਾਰਮਿਕ ਆਗੂ ਭਾਂਵੇ ਪੈਸੇ ਕਰ ਕੇ ਨਾਂ ਵੀ ਵਿਕਦੇ ਹੋਨ, ਲੇਕਿਨ ਅਪਨੀ ਹਉਮੇ ਨੂੰ
ਪੱਠੇ ਪਾਏ ਜਾਣ ਤੇ ਇੱਕ ਭੁਖੇ ਸੰਡੇ ਵਾਂਗ ਫੋਰਨ ਪਿਛੇ ਤੁਰ ਪੈਂਦੇ ਹਨ ਪੱਠੇ ਪਾਉਨ ਵਾਲਾ ਭਾਵੇ
ਉਨਾਂ ਦਾ ਦੁਸ਼ਮਨ ਹੀ ਕਿਉ ਨਾਂ ਹੋਵੇ। ਦੂਜਾ ਕਾਰਣ- ਬਹੁਤੇ ਆਗੂਆਂ ਵਿੱਚ “ਚੌਧਰ ਦੀ ਭੁਖ” ਅਤੇ
ਸੁਰਖੀਆਂ ਵਿੱਚ ਰਹਿਣ ਦੀ ਭੁਖ ਰਹੀ ਹੈ।
ਕੁਝ ਵੀਰ ਹਮੇਸ਼ਾਂ ਸਾਡੀ ਇਹ ਅਲੋਚਨਾਂ ਕਰਦੇ ਹਨ ਕੇ ਤਹਾਨੂੰ ਕੋਈ ਚੰਗਾ ਹੀ
ਨਹੀ ਲਗਦਾ ਤੁਸੀ ਸਭ ਦੀ ਨਿੰਦਾ ਅਤੇ ਅਲੋਚਨਾਂ ਹੀ ਕਰਦੇ ਹੋ। ਜੇ ਕਿਸੇ ਦੀ ਤਾਰੀਫ ਲਿਖੋ ਤੇ
ਕਹਿੰਦੇ ਹਨ ਕੇ ਇਹ ਉਸ ਦਾ ਪਿਛਲੱਗੂ ਯਾ ਸਮਰਥਕ ਹੈ। ਜੇ ਕਿਸੇ ਬਾਰੇ ਕੋਮ ਨੂੰ ਸੁਚੇਤ ਕਰਨ ਲਈ ਸੱਚ
ਲਿਖ ਦਿਉ ਤੇ ਕਹਿੰਦੇ ਹਨ, ਇਹ ਨਿੰਦਾ ਹੀ ਕਰਦੇ ਰਹਿੰਦੇ ਹਨ। ਇਸ ਲੇਖ ਨੂੰ ਲਿਖਣ ਤੋ ਪਹਿਲਾਂ ਦਾਸ
ਦੇ ਮੰਨ ਵਿੱਚ ਇਹ ਗਲ ਕਈ ਵਾਰ ਬਿਜਲੀ ਵਾਂਗ ਕੌਂਧ ਗਈ, ਲੇਕਿਨ ਫੋਰਨ ਹੀ ਪੰਥ ਦੇ ਇੱਕ ਵਿਦਵਾਨ ਦੀ
ਇਹ ਗੱਲ ਚੇਤੇ ਆਈ ਕੇ ਅਸੀ ਕਿਸੇ ਦੀ ਨਿੰਦਿਆ ਨਹੀ ਲਿਖ ਸਕਦੇ ਲੇਕਿਨ ਸੱਚ ਕਹਿਣ ਤੋ, ਤੇ ਸਾਨੂੰ
ਗੁਰਮੱਤ ਵੀ ਨਹੀ ਰੋਕਦੀ। ਜੋ ਵੀ ਲਿਖਿਆ ਜਾਵੇ ਪ੍ਰਮਾਣਿਕ ਤੇ ਸੱਚ ਹੋਣਾ ਚਾਹੀਦਾ ਹੈ।
ਸਿੱਖ ਇਤਹਾਸ ਦੇ ਬਹੁਤੇ ਪੰਨੇ ਜੇ ਨਾਂ ਵੀ ਖੋਲੇ ਜਾਣ ਤੇ ਕੁੱਝ ਕੂ
ਦਹਾਕਿਆਂ ਦਾ ਇਤਿਹਾਸ ਹੀ ਚੁਕ ਕੇ ਵੇਖੀਏ ਤੇ ਲਗਦਾ ਹੈ ਕੇ ਪੰਥ ਲਈ ਆਪਣਾ ਸਾਰਾ ਜੀਵਨ ਲਗਾ ਦੇਣ
ਵਾਲਾ ਸਿੱਖ ਜੋ ਸੱਚ ਦਾ ਪੱਲਾ ਫੜ ਕੇ ਤੁਰਿਆ, ਕੋਮ ਲਈ ਜੀਵਿਆ ਤੇ ਕੌਮ ਲਈ ਮਰਿਆ ਉਹ ਤੇ ਗੁਮਨਾਮੀ
ਦੀਆਂ ਨਾਮੋਸ਼ੀਆਂ ਝੱਲਦਾ ਇਸ ਦੁਨਿਆ ਤੋਂ ਚਲਾ ਗਇਆ। ਤੇ ਜੋ ਝੂਠ ਤੇ ਫਰੇਬ ਨਾਲ ਭੋਲੇ ਭਾਲੇ ਲੋਕਾਂ
ਨੂੰ ਭੇਡਾਂ ਵਾਗ ਮੁਸਦੇ ਰਹੇ ਉਹ “ਬ੍ਰਹਮ ਗਿਆਨੀ”, “ਪੰਥ ਰਤਨ” ਤੇ “ਗੁਰਮਤਿ ਮਾਰਤੰਡ” ਦੀ ਉਪਾਧੀ
ਨਾਲ ਸਨਮਾਨਿਤ ਕੀਤੇ ਗਏ। ਸਿੱਖਾ ਨੇ ਇਨਾ ਦੀ ਵਡਿਆਈ ਵਿੱਚ ਬਾਬਾ ਬੋਲਤੇ ਥੇ ਕਹਾਂ ਗਏ……”। ਵਰਗੇ
ਗੁਰਬਾਣੀ ਦੇ ਪਵਿਤਰ ਸ਼ਬਦਾ ਦੀ ਦੁਰਵਰਤੋਂ ਕਰਨ ਵਿੱਚ ਵੀ ਕੋਈ ਪਰਹੇਜ ਨਹੀ ਕੀਤਾ।
ਭਾਈ ਵੀਰ ਸਿੰਘ ਵਰਗਾ ਇਤਿਹਾਸ ਕਾਰ “ਪੰਥ ਰਤਨ” ਬਣਾ ਦਿਤਾ ਗਇਆ। ਇਸ ਦੇ
ਅਜਾਇਬ ਘਰ ਬਣਾ ਕੇ ਇਸ ਨੂੰ ਸਤਕਾਰਿਆ ਗਇਆ। ਜਿਸਨੇ ਅਖੋਤੀ ਦਸਮ ਗ੍ਰੰਥ ਦੇ ਆਧਾਰ ਤੇ ਹੇਮਕੁੰਟ ਦਾ
ਮਨ ਘੜੰਤ ਇਤਿਹਾਸ ਲਿਖਕੇ ਕੋਮ ਨੂੰ ਕੁਰਾਹੇ ਪਾ ਦਿਤਾ। ਅਤੇ ਭਾਈ ਬਨੋਂ ਸਾਹਿਬ ਵਾਲੀ “ਖਾਰੀ ਬੀੜ”
ਬਾਰੇ ਮਨ ਘੜੰਤ ਇਤਿਹਾਸ ਲਿਖ ਕੇ ਕੋਮ ਨੂੰ ਗੁਮਰਾਹ ਕੀਤਾ (ਵਧੇਰੇ ਜਾਨਕਾਰੀ ਲਈ ਪਾਠਕ ਪ੍ਰੋਫੇਸਰ
ਸਾਹਿਬ ਸਿੰਘ ਜੀ ਦੀ ਲਿਖੀ ਅਤੇ ਸਿੰਘ ਬ੍ਰਦਰਜ, ਅੰਮ੍ਰਿਤਸਰ ਦੀ ਛਾਪੀ “ਆਦਿ ਬੀੜ ਬਾਰੇ…” ਕਿਤਾਬ
ਪੜ ਸਕਦੇ ਹਨ)।
ਦੁਜੇ ਪਾਸੇ ਪੰਜਾਬ ਦੇ ਨਾਭਾ ਰਾਜ ਦੇ ਮਹਾਰਾਜਾ ਹਰੀ ਸਿੰਘ ਤੇ ਮਹਾਰਾਜਾ
ਰਿਪੁਦੱਮਣ ਸਿੰਘ ਦੇ ਗੁਰਮਤਿ ਦੇ ਅਧਿਆਪਕ ਅਤੇ ਕਈ ਵਰਹੇ ਉਸ ਰਾਜ ਦੇ ਵਿਦੇਸ਼ ਮੰਤਰੀ ਰਹੇ। ਭਾਈ
ਕਾਨ੍ਹ ਸਿੰਘ ਨਾਭਾ ਵਰਗਾ ਖੋਜੀ ਵਿਦਵਾਨ, ਪੰਥਕ ਲਿਖਾਰੀ ਤੇ ਇਤਿਹਾਸ ਕਾਰ ਜਿਸਦੀਆਂ ਚਾਰ ਪੀੜੀਆਂ
(ਭਾਈ ਸਰੂਪ ਸਿੰਘ, ਭਾਈ ਨੌਧ ਸਿੰਘ, (ਬਾਬਾ ਨਾਰਾਇਣ ਸਿੰਘ ਦੇ ਪੜਦਾਦਾ), ਭਾਈ ਨਾਰਾਇਣ ਸਿੰਘ,
(ਭਾਈ ਕਾਨ੍ਹ ਸਿੰਘ ਜੀ ਨਾਭਾ ਦੇ ਪਿਤਾ।) ਸਿੱਖ ਸਿੱਧਾਂਤਾਂ ਦਾ ਪ੍ਰਚਾਰ ਕਰਦਿਆਂ ਗੁਜਰੀਆਂ।
ਅੰਗਰੇਜ ਸਾਸ਼ਕਾ ਨਾਲ ਇੱਕ ਮੰਝੇ ਹੋਏ ਕੂਟਨੀਤਕ ਸੰਬਧ ਬਣਾਏ ਤੇ ਨਾਭੇ ਦੇ ਰਾਜ (ਜਿਸਦੇ ਸਾਰੇ ਸਾਸ਼ਕ
ਹਮੇਸ਼ਾਂ ਹੀ ਗੁਰੁ ਘਰ ਨੂੰ ਸਮਰਪਿਤ, ਗੁਰਮਤਿ ਦੇ ਧਾਰਣੀ ਰਹੇ) ਨੂੰ ਆਂਚ ਨਹੀ ਆਉਣ ਦਿਤੀ। ਕਈ ਵਾਰ
ਅੰਗਰੇਜ ਹਕੂਮਤ ਦੇ ਸੱਦੇ ਤੇ ਵਿਦੇਸ਼ ਵੀ ਗਏ।
ਹੰਮ ਹਿੰਦੂ ਨਹੀਂ, ਗੁਰਮਤ ਪ੍ਰਕਾਸ਼, ਗੁਰਮਤ ਸੁਧਾਕਰ,
ਗੁਰੁ ਮਹਿਮਾ ਸੰਗ੍ਰਹ, ਗੁਰਮਤਿ ਮਾਰਤੰਡ, ਤੇ ਸਿੱਖ ਪੰਥ ਦਾ ਸਰਮਾਇਆ “ਮਹਾਨ ਕੋਸ਼”
ਆਦਿਕ ਅਨਗਿਣਤ ਗ੍ਰੰਥ ਲਿਖਣ ਵਾਲੇ ਮਹਾਨ ਸਿੱਖ ਵਿਦਵਾਨ ਦਾ ਨਾਮ ਸਨ 1940 ਤੋ ਬਾਦ, ਕਈਂ
ਦਹਾਕੇ ਗੁਮਨਾਮੀ ਦੇ ਗੋਤੇ ਖਾਂਦਾ ਰਿਹਾ। ਪੰਥ ਦੀ ਆਗੂ ਕਹੀ ਜਾਣ ਵਾਲੀ ਸ਼੍ਰੋਮਣੀ ਗੁਰਦਵਾਰਾ
ਪ੍ਰਬੰਧਕ ਕਮੇਟੀ, ਭਾਈ ਵੀਰ ਸਿੰਘ ਨੂੰ ਬ੍ਰਾਹਮਣਵਾਦੀ ਸ਼ਕਤੀਆਂ (ਸਵਾਮੀ ਦਯਾਨੰਦ ਦੇ ਮਹਾਸ਼ਿਆਂ) ਨਾਲ
ਮਿਲ ਕੇ ਪ੍ਰਮੋਟ ਕਰਦੀ ਰਹੀ ਤੇ ਭਾਈ ਕਾਨ੍ਹ ਸਿੰਘ ਨਾਭਾਂ ਦੀਆਂ ਪੁਸਤਕਾਂ ਅਤੇ ਗ੍ਰੰਥਾਂ ਨੂੰ ਜੰਗ
ਲਗੀਆਂ ਅਲਮਾਰੀਆਂ ਦੀ ਭੈਂਟ ਕਰਦੀ ਰਹੀ। ਉਨਾਂ ਵਲੋਂ ਇਹ ਕੰਮ ਅਜ ਵੀ ਜਾਰੀ ਹੈ।
ਦਾਸ ਅਤੇ ਉਸ ਦੇ ਕੁੱਝ ਸਾਥੀਆਂ (ਜਿਨਾਂ ਵਿੱਚ ਭਾਈ ਹਰਚਰਣ ਸਿੰਘ, ਭਠੇ
ਵਾਲੇ ਤੇ ਭਾਈ ਮਨਮੀਤ ਸਿੰਘ, ਸਵਾਲੱਖ ਜੀ ਸੰਨ) ਨੂੰ ਕੁੱਝ ਵਰਿਹ ਪਹਿਲਾਂ ਇਹ ਜਾਨਕਾਰੀ ਮਿਲੀ ਸੀ
ਕੇ ਭਾਈ ਸਾਹਿਬ ਦੇ ਬੇਟੇ ਪੰਜਾਬ ਵਿੱਚ ਕਿਸੇ ਪਿੰਡ ਵਿੱਚ ਰਹਿੰਦੇ ਹਨ ਤੇ ਉਨਾਂ ਕੋਲ ਭਾਈ ਸਾਹਿਬ
ਜੀ ਦੀਆਂ ਬਹੁਤ ਸਾਰੀਆਂ ਅਨ ਛਪੀਆਂ ਲਿਖਤਾਂ ਮੋਜੂਦ ਹਣ। ਸੀਮਿਤ ਸਾਧਨ ਹੋਣ ਕਰਕੇ ਅਸੀ ਕਦੀ ਵੀ ਉਥੇ
ਪੁਜ ਕੇ ਇਹ ਪਤਾ ਲਗਾਉਣ ਵਿੱਚ ਕਾਮਜਾਬ ਨਾਂ ਹੋ ਸਕੇ। ਬਾਦ ਵਿੱਚ ਪਤਾ ਲਗਾ ਕੇ ਉਹ ਅਕਾਲ ਚਲਾਣਾ ਕਰ
ਗਏ ਹਨ, ਫੇਰ ਇਸ ਬਾਰੇ ਸੋਚ ਵੀ ਨਾਂ ਸਕੇ
।
(ਦਾਸ ਦੀ ਉਨਾਂ ਵੀਰਾ ਅਗੇ ਬਿਨਤੀ ਹੈ, ਜੋ ਇਸ ਬਾਰੇ ਕੋਈ ਜਾਨਕਾਰੀ ਰਖਦੇ ਹੋਨ ਤਾਂ ਉਹ ਪੰਥ ਨੂੰ
ਸੂਚਿਤ ਕਰਨ ਜੋ ਉਸ ਮਹਾਨ ਵਿਦਵਾਨ ਦੀਆਂ ਲਿਖਤਾ ਜੋ ਪੰਥ ਦਾ ਇੱਕ ਸਰਮਾਈਆ ਹਨ, ਪੰਥ ਦੇ ਕੰਮ ਆ
ਸਕਣ)। ਇਹ ਕੰਮ ਸ਼੍ਰੋਮਣੀ ਕਮੇਟੀ ਦਾ ਸੀ ਜੋ ਉਸ
ਨੇ ਕਦੀ ਵੀ ਨਹੀ ਕੀਤਾ।
ਭਾਈ ਕਾਨ੍ਹ ਸਿੰਘ ਨਾਭਾ ਦੀ ਲਿਖਤ ਕਿਤਾਬ “ਹਮ ਹਿੰਦੂ
ਨਹੀ” ਉਪਰ ਅੰਗਰੇਜ ਹਕੂਮਤ ਨਾਲ ਮਿਲ ਕੇ ਸਵਾਮੀ ਦਯਾ ਨੰਦ ਦੇ ਚੇਲਿਆਂ (ਪੰਜਾਬ ਦੇ
ਮਹਾਸ਼ਿਆਂ) ਨੇ ਤਿਨ ਦਰਜਨ ਤੋਂ ਵਧ ਮੁਕੱਦਮੇ ਠੋਂਕ ਦਿਤੇ। ਉਨਾਂ ਦਾ ਕਿਸੇ ਨੇ ਸਾਥ ਨਹੀ ਦਿਤਾ। ਉਹ
ਅਪਨੇ ਗੁਰੁ ਦੇ ਸਹਾਰੇ, ਸਾਰੇ ਮੁਕਦਮੇ ਅਪਨੇ ਖਰਚੇ ਤੇ ਕਲੇ ਹੀ ਲੜਦੇ ਰਹੇ। ਸ਼੍ਰੋਮਣੀ ਗੁਰਦਵਾਰਾ
ਪ੍ਰਬੰਧਕ ਕਮੇਟੀ ਨੇ ਇਸ ਇਤਿਹਾਸਕ ਕਿਤਾਬ ਨੂੰ ਵੀ ਛਾਪਣ ਦੀ ਕਦੀ ਹਿੱਮਤ ਨਾਂ ਵਿਖਾਈ ਕਿਉਕੇ ਉਹ
ਅਪਨੇ “ਪੂੰਜੀਪਤੀ ਮਹਾਸ਼ਿਆਂ” ਨੂੰ ਨਰਾਜ ਕਰਕੇ ਅਪਨੇ ਸਵਾਰਥੀ ਹਿਤਾਂ ਨੂੰ ਗਵਾਣਾਂ ਨਹੀ ਚਾਂਉਦੇ
ਸੀ। ਇਸ ਕਮੇਟੀ ਨੇ ਹੰਮੇਸ਼ਾ ਹੀ “ਹਿੰਦੂਆਂ” ਨੂੰ ਖੁਸ਼ ਕਰਨ ਲਈ ਸਿੱਖੀ ਦਾ ਘਾਣ ਹੀ ਕੀਤਾ ਹੈ। ਇਸ
ਬਾਰੇ ਬਹੁਤਾ ਲਿਖਣ ਦੀ ਲੋੜ ਨਹੀ। ਇਸ ਗੱਲ ਦਾ ਤਾਂ ਇਤਿਹਾਸ ਗਵਾਹ ਹੈ। ਇਹ ਕਿਤਾਬ ਕਈ ਵਰਿਹ ਬੈਨ
ਰਹੀ। ਇੱਕ ਪ੍ਰਾਈਵੇਟ ਪਬਲਿਸ਼ਰ ਨੇ ਛਪਵਾਈ ਤੇ ਪੰਥ ਦਰਦੀਆਂ ਵਲੋਂ ਚੋਰੀ ਛੁਪੀ ਵੰਡੀ ਜਾਂਦੀ ਰਹੀ।
ਹੁਣ ਇਹ ਕਿਤਾਬ ਸਿੰਘ ਬ੍ਰਦਰਜ, ਅੰਮ੍ਰਿਤਸਰ ਵਲੋ ਪ੍ਰਕਾਸ਼ਿਤ ਕੀਤੀ ਜਾਂਦੀ ਹੈ, ਜੋ ਹਿੰਦੀ,
ਅੰਗਰੇਜੀ ਤ ਗੁਰਮੁਖੀ ਵਿੱਚ ਵੀ ਮਿਲਦੀ ਹੈ।
“ਸਹਿਜਧਾਰੀ” ਸਿੱਖ ਦੀ ਪਰਿਭਾਸ਼ਾ ਸ੍ਰੋਮਣੀ ਕਮੇਟੀ ਅਤੇ ਪੰਜਾਬ ਦੇ ਕਿਸੇ
ਵਿਦਵਾਨ ਨੂੰ ਪਤਾ ਹੀ ਨਹੀ। ਤੇ ਉਹ “ਮੋਨੇ” ਬੰਦੇ ਨੂੰ ਹੀ “ਸਹਿਜਧਾਰੀ” ਸਿੱਖ ਕਹੀ ਜਾਂਦੇ ਹਣ।
ਹਾਈ ਕੋਰਟ ਵਿੱਚ ਮੱਕੜ ਨੂੰ “ਸਹਿਜਧਾਰੀ ਸਿੱਖ” ਦੀ ਵਾਰ ਵਾਰ ਗਲਤ ਪਰਿਭਾਸ਼ਾ ਦਾਖਿਲ ਕਰਨ ਲਈ ਜਲੀਲ
ਹੋਣਾ ਪਇਆ। ਇਹ ਹੈ ਸਾਡੀ ਰਹਿਨੁਮਾਈ ਕਰਨ ਵਾਲਾ ਧਾਰਮਿਕ ਅਦਾਰਾ। ਇਹ ਸਭ ਇਸ ਲਈ ਹੋਇਆ ਕੇ ਉਨਾਂ
ਅਪਨੀ ਲਾਇਬ੍ਰੇਰੀ ਵਿੱਚ ਧੂਲ ਵਿੱਚ ਰੁਲਦਾ ਭਾਈ ਸਾਹਿਬ ਦਾ ਲਿਖਿਆ “ਮਹਾਨ ਕੋਸ਼” ਕਦੀ ਖੋਲ ਕੇ
ਵੇਖਿਆ ਹੀ ਨਹੀ। ਜਿਸਦੇ ਪੰਨਾ ਨੰ. 137 ਤੇ “ਸਹਿਜਧਾਰੀ ਸਿੱਖ” ਦੀ ਸਟੀਕ ਵਿਆਖਿਆ ਕੀਤੀ ਗਈ ਹੈ।
ਅਤੇ ਉਸ ਬਾਰੇ ਆਪਣੇ ਵਲੋਂ ਇੱਕ ਟਿਪਣੀ ਵੀ ਦਿਤੀ ਹੋਈ ਹੈ।
ਅੰਗਰੇਜ ਫੌਜ ਦਾ ਕਮਾੰਡਰ ਮਿਸਟਰ ਐਮ. ਮੈਕਾਲਿਫ ਭਾਈ ਸਾਹਬ ਤੋ ਗੁਰਮਤ ਤੇ
ਸਿੱਖ ਸਿਧਾਂਤਾ ਦੀ ਸਿਖਿਆਂ ਲੈਂਦਾ ਰਿਹਾ। ਅਤੇ ਉਹ ਸਿੱਖ ਫਲਸਫੇ ਤੋਂ ਇਨਾਂ ਪ੍ਰਭਾਵਿਤ ਹੋਇਆ ਕੇ
ਉਸ ਨੇ ਸਿੱਖ ਧਰਮ ਨੂੰ ਅਪਨਾ ਲਿਆ, ਅਤੇ ਸਿੰਘ ਸੱਜ ਗਇਆ। ਉਸ ਨੇ ਸਿੱਖ ਧਰਮ ਤੇ “ਸਿੱਖ ਰਿਲੀਜਨ”
ਨਾਮ ਦੀ ਇੱਕ ਕਿਤਾਬ ਵੀ ਲਿਖੀ। ਭਾਈ ਸਾਹਿਬ ਉਸ ਦੇ ਧਾਰਮਿਕ ਅਧਿਆਪਕ ਰਹੇ ਅਤੇ ਉਸ ਨੂੰ ਗੁਰਮੁਖੀ
ਦੀ ਸਿਖਿਆ ਦਿਤੀ। ਮੈਕਾਲਿਫ ਨੇ “ਹਿੰਦੂਆਂ” ਨੂੰ ਸਿੱਖ ਸਮਾਜ ਦਾ ਸਬਤੋਂ ਵਡਾ ਦੁਸ਼ਮਨ ਜਾਨ ਕੇ
ਅੰਗਰੇਜ ਹਕੂਮਤ ਨੂੰ ਲਿਖਿਆਂ ਸੀ-
“ਸਿੱਖ ਇੱਕ ਨਿਵੇਕਲਾ ਧਰਮ ਹੈ, ਇਹ ਹਿੰਦੂ ਧਰਮ ਵਿਚੋਂ ਨਹੀ ਨਿਕਲਿਆ,
ਹਿੰਦੂ ਧਰਮ ਸਿੱਖ ਧਰਮ ਨੂੰ ਨਿਗਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਭਾਰਤੀ ਜੰਗਲ ਦੇ ਉਸ ਅਜਗਰ ਸਮਾਨ
ਹੈ, ਜੋ ਛੋਟੇ ਛੋਟੇ ਦੁਸ਼ਮਣ ਪ੍ਰਾਣੀਆਂ ਨੂੰ ਪਹਿਲਾਂ ਆਪਣੀ ਲਪੇਟ ਵਿੱਚ ਲੈਂਦਾ ਹੈ, ਫਿਰ ਉਸਨੂੰ
ਆਪਣੀ ਜਕੜ ਨਾਲ ਕੱਸ ਕੇ ਉਸ ਨੂੰ ਕੁਚਲ ਦੇਂਦਾ ਹੈ ਅਤੇ ਅੰਤ ਵਿੱਚ ਆਪਣੇ ਵਡੇ ਢਿਡ ਵਿੱਚ ਸਮਾਅ
ਲੈਂਦਾ ਹੈ। ਇਸ ਲਈ ਸਿੱਖ ਧਰਮ ਦਾ ਸਭ ਤੋਂ ਵਡਾ ਦੁਸ਼ਮਣ ਹਿੰਦੂ ਹੈ। ………। “-ਮੈਕਾਲਿਫ
ਇਥੇ ਮੈਕਾਲਿਫ ਦੀਆਂ ਲਿਖੀਆਂ ਇਹ ਲਾਈਨਾਂ ਲਿਖਣ ਦਾ ਮੰਤਵ ਇਹ ਹੈ ਕੇ ਜਿਸ
ਖਤਰੇ ਨੂੰ ਪੂਰੀ ਸਿੱਖ ਕੌਮ ਅਤੇ ਸਾਡੇ ਆਗੂ ਅਜ ਤਕ ਸਮਝ ਨਹੀ ਸਕੇ, ਸਗੋਂ ਉਨਾਂ ਨਾਲ ਸਾਂਝ ਕਰਕੇ
ਸਿੱਖੀ ਦਾ ਹੀ ਘਾਣ ਕਰਦੇ ਰਹੇ। ਉਸ ਨੁਕਤੇ ਨੂੰ ਭਾਈ ਕਾਨ੍ਹ ਸਿੰਘ ਜੀ ਦੇ ਇੱਕ ਕਾਬਿਲ ਸ਼ਾਗਿਰਦ ਨੇ
ਅਜ ਤੋਂ 85 ਵਰਿਹ ਪਹਿਲਾਂ ਹੀ ਮਹਸੂਸ ਕਰ ਲਿਆ ਸੀ। ਜੇ ਸ਼ਾਗਿਰਦ ਇਨਾਂ ਨੀਤੀਵਾਨ ਤੇ ਸਮਝਦਾਰ ਸੀ ਤੇ
ਭਾਈ ਸਾਹਿਬ ਦੀ ਕਾਬਲੀਅਤ ਕਿਨੀ ਕੂ ਹੋਵੇਗੀ ਇਸ ਦਾ ਅੰਦਾਜਾ ਆਪ ਖੁਦ ਹੀ ਲਾ ਸਕਦੇ ਹੋ।
ਭਾਈ ਕਾਨ੍ਹ ਸਿੰਘ ਨਾਭਾ ਪੰਥ ਦਾ ਇੱਕ ਮਹਾਨ ਵਿਦਵਾਨ ਅਤੇ ਸਾਹਿਤ ਕਾਰ ਹੀ
ਨਹੀ ਬਲਕੇ, ਇੱਕ ਸੱਚਾ ਪੰਥ ਦਰਦੀ ਤੇ ਸਿੱਘ ਸਭਾ ਲਹਿਰ ਦਾ ਮੁਖ ਸਲਾਹਕਾਰ ਵੀ ਸੀ। ਗੁਰੂ ਸਿੰਘ ਸਭਾ
ਲਹਿਰ ਦੇ ਮੋਡੀ ਭਾਈ ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਦਾ ਭਾਈ ਕਾਨ੍ਹ ਸਿੰਘ ਨਾਭਾ ਦੇ ਨਾਲ
ਪੂਰਾ ਤਾਲ ਮੇਲ ਰਹਿੰਦਾ ਸੀ। ਖਾਲਸਾ ਕਾਲਜ, ਅੰਮ੍ਰਿਤਸਰ, ਦੀ ਈਮਾਰਤ ਦੀ ਉਸਾਰੀ ਵਿੱਚ ਆਈਆਂ
ਅੜਚਨਾਂ ਨੂੰ ਆਪਣੇ ਕੁਸ਼ਲ ਰਾਜਨੀਤਕ ਅਤੇ ਧਾਰਮਿਕ ਤਜੁਰਬੇ ਨਾਲ ਬਹੁਤ ਥੋੜੇ ਸਮੈਂ ਵਿੱਚ ਭਾਈ ਸਾਹਿਬ
ਨੇ ਹਲ ਕਰ ਦਿਤਾ ਸੀ।
ਅੰਗ੍ਰੇਜੀ ਅਤੇ ਫਾਰਸੀ ਦੇ ਵਿਦਵਾਨ ਹੋਨ ਦੇ ਨਾਲ ਹੀ ਨਾਲ ਹਿੰਦੀ ਭਾਸ਼ਾ ਤੇ
ਵੀ ਉਨਾਂ ਦੀ ਬਹੁਤ ਚੰਗੀ ਪਕੜ ਸੀ। ਉਨਾਂ ਨੇ ਆਪਣੀਆਂ ਕਈ ਮੁੰਢਲੀਆਂ ਲਿਖਤਾ ਪਹਿਲਾਂ ਹਿੰਦੀ ਵਿੱਚ
ਹੀ ਲਿਖੀਆਂ ਸਨ।
ਸਿੱਖ ਰਹਿਤ ਮਰਿਯਾਦਾ ਦਾ ਖਰੜਾ 1936 ਵਿੱਚ ਜਦੋਂ ਲਗਭਗ ਤਿਆਰ ਹੋ
ਚੁਕਿਆ ਸੀ ਉਸ ਵੇਲੇ ਕੌਮ ਦੀਆਂ ਅਖਾਂ ਵਿੱਚ ਘੱਟਾ ਪਾਉਣ ਲਈ, 1936 ਵਿੱਚ ਭਾਈ ਕਾਨ੍ਹ ਸਿੰਘ ਨੂੰ
ਵੀ ਸੱਦਾ ਦਿਤਾ ਗਇਆ। ਉਸ ਵੇਲੇ ਦੇ ਹਾਲਾਤ ਠੀਕ ਅੱਜ ਵਰਗੇ ਹੀ ਸਨ। ਸਿੰਖ ਕੋਮ ਦੇ ਅਹਿਮ ਫੈਸਲਿਆਂ
ਵਿੱਚ ਬ੍ਰਾਹਮਣਵਾਦੀ ਤਾਕਤਾਂ ਦੇ ਅਜੇਂਟ (ਕੇਸ਼ਾਧਾਰੀ ਰੂਪ ਵਿਚ) ਉਸ ਵੇਲੇ ਵੀ ਹਾਵੀ ਰਹਿੰਦੇ ਸਨ।
ਇਹ ਘੁਸਪੈਠੀਏ ਇਹ ਚੰਗੀ ਤਰਹਾ ਜਾਣਦੇ ਸਨ ਕੇ ਜੇ ਭਾਈ ਕਾਨ੍ਹ ਸਿੰਘ ਨਾਭਾ ਵਰਗਾ ਪੰਥ ਦਰਦੀ ਤੇ
ਸਿੱਖ ਜਗਤ ਦੇ ਇਸ ਵਿਦਵਾਨ ਦਾ ਨਾਮ ਇਸ ਖਰੜੇ ਵਿੱਚ ਦਰਜ ਹੋ ਗਇਆ ਤਾਂ ਇਸ ਖਰੜੇ ਨੂੰ ਬਹੁਤੇ
ਸਿੱਖਾਂ ਨੇ ਮਾਨਤਾ ਦੇ ਦੇਣੀ ਹੈ। ਭਾਈ ਕਾਨ੍ਹ ਸਿੰਘ ਨੇ ਵੇਖਿਆ ਤਾਂ ਹੈਰਾਨ ਰਹਿ ਗਏ ਕੇ ਸਿੱਖ
ਰਹਿਤ ਮਰਿਯਾਦਾ ਦੇ ਨਾਮ ਤੇ ਸਿੱਖ ਕੌਮ ਨੂੰ ਸਦੀਵੀ ਤੌਰ ਤੇ “ਬਚਿਤ੍ਰ ਨਾਟਕ” ਨਾਲ ਜੋੜ ਦਿਤਾ ਗਇਆ
ਹੈ। ਸਾਧੂ ਦਯਾ ਨੰਦ ਦੇ ਚੇਲਿਆਂ ਦੇ ਪੂੰਜੀਵਾਦੀ ਹੱਥਾਂ ਵਿੱਚ ਪੂਰੀ ਤਰਾਂ ਵਿਕ ਚੁਕੇ ਸਿੱਖ, ਇਸ
ਖਰੜੇ ਨੂੰ ਪਾਸ ਕਰਵਾਉਨ ਵਿੱਚ ਇੱਕ “ਕੇਟਾਲਿਸ਼ਟ” ਦਾ ਰੋਲ ਨਿਭਾ ਰਹੇ ਸੀ। ਅਪਨੇ ਜੀਵਨ ਕਾਲ ਦੇ
ਅੰਤਿਮ ਪੜਾਉ ਤੇ ਖੜੇ ਭਾਈ ਸਾਹਿਬ ਬਿਲਕੁਲ ਇਕਲੇ ਤੇ ਇਨਾਂ ਸਿੱਖ ਵਿਰੋਧੀ ਸ਼ਕਤੀਆਂ ਦਾ ਢੁਕਵਾਂ
ਵਿਰੋਧ ਸ਼ਾਇਦ ਨਹੀ ਕਰ ਸਕੇ। 1939 ਵਿੱਚ ਭਾਈ ਸਾਹਿਬ ਅਕਾਲ ਚਲਾਣਾ ਕਰ ਗਏ।
ਸਿੱਖ ਰਹਿਤ ਮਰਿਯਾਦਾ ਦੀ ਅਰਦਾਸ ਵਿੱਚ ਬਚਿਤ੍ਰ ਨਾਟਕ ਦੀ ਨਾਈਕਾ,
“ਭਗੌਤੀ ਦੇਵੀ” ਸਾਡੀ ਪੂਜਨੀਕ ਦੇਵੀ ਬਣ ਕੇ ਖੜੀ ਹੋ ਚੁਕੀ ਸੀ। ਸਾਨੂੰ ਇਸ ਸਿੱਖ ਰਹਿਤ ਮਰਿਆਦਾ ਦੇ
ਇਸ “ਕਾਨੂਨ” ਨਾਲ ਬਣ ਦਿਤਾ ਗਇਆ ਸੀ ਕੇ ਤੁਸੀ ਪਹਿਲਾਂ “ਭਗੋਤੀ” ਨੂੰ ਸਿਮਰਨਾਂ ਹੈ, ਫੇਰ ਗੁਰੁ
ਨਾਨਕ ਦਾ ਨਾਮ ਲੈਣਾਂ ਹੈ। (ਪ੍ਰਥਮ ਭਗਉਤੀ ਸਿਮਰ ਕੇ ਗੁਰ ਨਾਨਕ ਲਈ ਧਿਆਏ।)। ਅਸੀ ਇੱਕ “ਅਕਾਲ
ਪੁਰਖ” ਦੇ ਪੁਜਾਰੀ ਤੇ “ਸ਼ਬਦ ਗੁਰੁ” ਦੇ ਸਿੱਖ ਸਾਂ। ਸਾਨੂੰ “ਦੁਰਗਾ, ਕਾਲਕਾ, ਚੰਡੀ, ਕਾਲ ਭਗੌਤੀ,
ਖੜਗਕੇਤ, ਸ੍ਰੀਅਸਧੁਜ ਤੇ ਸ਼ਿਵਾ ਦਾ ਪੁਜਾਰੀ ਬਣਾ ਦਿਤਾ ਗਇਆ ਸੀ। ਸਿੱਖ ਕੌਮ ਨੂੰ ਉਸ “ਚੌਪਈ” ਨਾਲ
ਸਦੀਵੀ ਜੋੜ ਦਿਤਾ ਗਇਆ ਸੀ ਜਿਸ ਵਿੱਚ ਸਾਡਾ ਸਰਬੰਸ ਦਾਨੀ ਗੁਰੂ ਜਿਸਨੇ ਆਪਣਾ ਸਾਰਾ ਪਰਿਵਾਰ “ਪੰਥ”
ਦੇ ਲੇਖੇ ਲਾ ਦਿਤਾ) “ਖੜਗਕੇਤ” ਤੇ “ਸ਼੍ਰੀ ਅਸਧੁਜ” ਨਾਮਕ ਦੇਵਤੇ ਅਗੇ ਗਿੜਗਿੜਾ ਗਿੜਗਿੜਾ ਕੇ ਅਪਨੇ
ਪਰਿਵਾਰ ਦੀ ਰਖਿਆ ਕਰਨ ਦਾ ਵਰ ਮੰਗ ਰਿਹਾ ਸੀ (ਸੁਖੀ ਬਸੈ ਮੋਰੋ ਪਰਿਵਾਰਾ……”। (ਖੜਗਕੇਤ ਮੈ ਸਰਣ
ਤਿਹਾਰੀ………।)। ਅਪਨੇ ਦੁਸ਼ਮਣਾ ਕੋਲੋਂ ਡਰਦਾ ਹਮਰੇ ਦੁਸਟ ਸਬੈ ਤੁਮ ਘਾਵਹੁ…… ਦੀ ਅਰਦਾਸ ਕਰ ਰਿਹਾ
ਸੀ। (ਇਸ ਨੂੰ ਗੁਰੁ ਕ੍ਰਿਤ ਕਹਿਨ ਵਾਲਿਆਂ ਮੁਤਾਬਿਕ)।
ਦਾਸ ਦੇ ਇਸ ਲੇਖ ਦਾ ਵਿਸ਼ਾ ਇਹ ਨਹੀ ਹੈ ਲੇਕਿਨ ਕਿਉਕੇ ਇਥੇ “ਰਹਿਤ
ਮਰਿਯਾਦਾ” ਦਾ ਜਿਕਰ ਆਇਆ ਹੈ ਇਸ ਲਈ ਅਪਣੇ ਉਨਾਂ ਵਿਦਵਾਨ ਵੀਰਾਂ ਦੇ ਮਨ ਵਿੱਚ ਪੈਦਾ ਹੋਣ ਵਾਲੀ
ਸ਼ੰਕਾ ਦਾ ਨਿਵਾਰਣ ਕਰ ਕੇ ਹੀ ਅਗੇ ਵਧਨਾ ਠੀਕ ਸਮਝਦਾ ਹਾਂ। ਉਹ ਵੀਰ ਇਹ ਵੀ ਸੋਚ ਸਕਦੇ ਹਨ ਕੇ ਰਹਿਤ
ਮਰਿਯਾਦਾ ਬਾਰੇ ਦਾਸ ਦਾ ਨਜਰਿਆ ਬਦਲ ਤਾਂ ਨਹੀ ਗਇਆ? ਦਾਸ ਦਾ ਕੋਈ ਨਜਰਿਆ ਬਦਲਿਆ ਨਹੀ ਹੈ। ਲਗਭਗ
25 ਵਰਿਹਾਂ ਤੋਂ ਦਾਸ ਨਾਂ ਤੇ ਅਪਨੇ ਘਰ ਚੌਪਈ ਹੀ ਪੜਦਾ ਹੈ ਤੇ ਨਾਂ ਹੀ “ਭਗੌਤੀ” ਅਗੇ ਅਰਦਾਸ
ਕਰਦਾ ਹੈ। ਲੇਕਿਨ ਦਾਸ ਕਈ ਵਾਰ ਪਹਿਲਾਂ ਵੀ ਇਹ ਲਿਖ ਚੁਕਿਆ ਹੈ ਕੇ “ਰਹਿਤ ਮਰਿਯਾਦਾ” ਨੂੰ ਸੋਧਨਾਂ
ਇੱਕ ਦੋ ਬੰਦਿਆਂ ਦਾ ਕੰਮ ਨਹੀ ਹੈ। ਜੇ ਦਾਸ ਵਰਗੇ ਸੋ ਦੋ ਸੋ ਜਾਂ ਹਜਾਰ ਦੋ ਹਜਾਰ ਬੰਦੇ ਵੀ ਅਪਣੇ
ਘਰ ਵਿੱਚ ਇਨਾਂ ਬਾਣੀਆਂ ਦਾ ਪਾਠ ਨਾਂ ਕਰਨ ਤੇ ਉਹ, ਕੌਮ ਦੀ “ਮਰਿਯਾਦਾ”, “ਕਾਨੂਨ” ਜਾਂ
“ਸੰਵਿਧਾਨ” ਨਹੀ ਬਣ ਸਕਦਾ। ਇਸ ਦਾ ਫੇਸਲਾ “ਸਰਬਤ ਖਾਲਸਾ” ਦੇ ਇਕੱਠ ਵਿੱਚ ਹੀ ਕੀਤਾ ਜਾਣਾਂ
ਚਾਹੀਦਾ ਹੈ। ਅਸੀ ਜੋ ਵੀ ਸੋਧਾਂ ਕਰਨੀਆਂ ਹਨ ਉਨਾਂ ਦਾ ਖਰੜਾ ਤਿਆਰ ਰਖੀਏ ਤੇ ਉਸ ਤੇ ਲਗਾਤਾਰ
ਅਪਨਾਂ “ਹੋਮ ਵਰਕ” ਵੀ ਕਰਦੇ ਰਹਿਏ। ਮੌਕਾ ਆਉਣ ਤੇ ਕਿਤੇ ਅਸੀ ਹਿਮੇਸ਼ਾਂ ਵਾਂਗ ਇਸ ਦੀਆਂ ਸੋਧਾਂ
ਬਾਰੇ ਆਪਸ ਵਿੱਚ ਹੀ ਉਲਝ ਕੇ ਹੀ ਨਾਂ ਰਹਿ ਜਾਵੀਏ। ਸਭ ਤੋਂ ਪਹਿਲਾ ਤਾਂ ਇਕਠੇ ਹੋਵੀਏ ਜਿਸਦੀ
ਸਬਤੋਂ ਵਧ ਲੋੜ ਹੈ। ਜੇ ਸਰਬਤ ਖਾਲਸਾ ਇਨਾ ਸੋਧਾਂ ਨੂੰ ਪਰਵਾਣਗੀ ਦੇ ਦੇਂਦਾ ਹੈ ਤੇ ਉਹ ਆਪ ਹੀ
ਕਾਨੂੰਨ ਬਣ ਜਾਵੇਗਾ। ਜੋ ਸਬ ਤੇ ਲਾਗੂ ਹੋਵੇਗਾ। ਫਿਰ ਉਸ ਨੂੰ ਨਾਂ ਮਨਣ ਦਾ ਸਵਾਲ ਹੀ ਨਹੀ
ਹੋਵੇਗਾ।
ਪੰਥ ਦੇ ਉਨਾਂ ਵਿਦਵਾਨਾਂ ਨਾਲ ਦਾਸ ਬਿਲਕੁਲ ਸਹਿਮਤ ਨਹੀ ਜੋ ਇਹ ਕਹਿੰਦੇ ਹਨ
ਕੇ ਪੰਥ ਦੇ ਵਿਦਵਾਨਾਂ ਨੇ ਮਿਲ ਬਹਿਕੇ ਇਸ ਰਹਿਤ ਮਰਿਯਾਦਾ ਨੂੰ ਤਿਆਰ ਕੀਤਾ ਹੈ ਇਸ ਲਈ ਇਸ ਉਪਰ
ਕਿੰਤੂ ਕਰਨ ਵੇਲੇ ਸੋਚ ਵਿਚਾਰ ਕੇ ਗਲ ਕਰਨੀ ਚਾਹੀਦੀ ਹੈ। ਇਹ “ਰਹਿਤ ਮਰਿਯਾਦਾ” ਵੀ ਕੇਸ਼ਾਧਾਰੀ
ਹਿੰਦੂਆਂ ਦੇ ਉਸੇ ਧੱੜੇ ਤੇ ਉਨਾਂ ਦੇ ਖਰੀਦੇ ਗਏ ਏਜੇਂਟਾਂ ਨੇ ਕੌਮ ਦੇ ਮੱਥੇ ਉਪਰ ਮੱੜ ਦਿਤੀ ਸੀ,
ਜਿਨਾਂ ਨੇ ਅਜ ਦੇ ਸਮੇ ਵਿੱਚ “ਧੁੰਮਾਂ ਛਾਪ ਕੈਲੰਡਰ” ਨੂੰ ਪੰਥ ਦੀ ਰਾਯ ਲਏ ਬਗੈਰ ਸਾਡੇ ਮਥੇ ਮੱੜ
ਦਿਤਾ ਹੈ। ਇਨਾਂ ਲੋਕਾਂ ਦੀ ਵਜਿਹ ਨਾਲ ਹੀ ਨਾਨਕ ਸ਼ਾਹੀ ਕੈਲੰਡਰ ਦਸ ਵਰਿਹਾਂ ਤਕ ਠੰਡੇ ਬਸਤੇ ਵਿੱਚ
ਬੰਦ ਪਿਆ ਰਿਹਾ। ਤੇ ਜੇ ਕਿਸੇ ਤਰਾਂ ਲਾਗੂ ਹੋਇਆ ਤਾਂ ਉਸ ਵਿੱਚ ਕਈ ਤਰਾਂ ਦੇ “ਕੰਮਪ੍ਰੋਮਾਈਜ”
(ਸੰਗ੍ਰਾਂਦ, ਪੂਰਣਮਾਸੀ, ਮਸਿਆ ਅਤੇ ਗੁਰੁ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ ਆਦਿ।)
ਕਰਨੇ ਪਏ। ਹਾਲਾਤ ਉਸ ਵੇਲੇ ਵੀ ਉਹੀ ਸਨ ਜੋ ਅਜ ਹਨ।
ਪਾਠਕ ਵੀਰੋ! ਇਹ ਤੇ ਸੀ ਭਾਈ ਵੀਰ ਸਿੰਘ ਅਤੇ ਭਾਈ ਕਾਨ੍ਹ ਸਿੰਘ ਨਾਭਾ ਨਾਲ
ਕੌਮ ਅਤੇ ਕੌਮ ਦੇ ਆਗੂਆਂ ਦੇ ਕੀਤੇ ਵਿਤਕਰੇ ਅਤੇ ਵਰਤਾਉ ਦੀ ਕਹਾਣੀ। ਭਾਈ ਕਾਨ੍ਹ ਸਿੰਘ ਨਾਭਾ,
ਵਰਗਾ ਵਿਦਵਾਨ ਤੇ ਉਨਾਂ ਤੋ ਬਾਦ ਕੌਮ ਵਿੱਚ ਪੈਦਾ ਹੀ ਨਹੀ ਹੋਇਆ। ਲੇਕਿਨ ਭਾਈ ਵੀਰ ਸਿੱਘ ਵਰਗੇ ਕਈ
ਸਿੱਖ ਆਏ ਤੇ ਚਲੇ ਗਏ। ਇਹ ਕਹਾਵਤ ਹੈ ਕੇ ਕੁੱਝ ਸਾਲਾਂ ਬਾਦ ਇਤਿਹਾਸ ਅਪਨੇ ਆਪ ਨੂੰ ਮੁੜ ਦੋਹਰਾਂਦਾ
ਹੈ। ਹੋ ਸਕਦਾ ਹੈ ਅਜ ਤੋ 50 ਸਾਲ ਬਾਦ, ਨਵੀਂ ਪੀੜੀ ਦਾ ਕੋਈ ਲਿਖਾਰੀ ਦਾਸ ਦੇ ਇਸ ਸਿਰਲੇਖ ਨੂੰ
ਦੋਬਾਰਾ ਲਿਖੇ ਜਾਂ ਪੂਰਾ ਕਰੇ ਤੇ ਉਸ ਦੇ ਸਿਰਲੇਖ ਦਾ ਮਜਮੂਨ ਵੀ ਸ਼ਾਇਦ ਇਹ ਹੋਵੇ “ਸੰਤ ਸਿੰਘ
ਮਸਕੀਨ ਬਨਾਮ …………”। ਇਸ ਖਾਲੀ ਥਾਂ ਤੇ ਕਿਸੇ ਵੀ “ਸਿੱਖ ਵਿਦਵਾਨ” ਦਾ ਨਾਮ ਹੋ ਸਕਦਾ ਹੈ ਲੇਕਿਨ
ਪਹਿਲੀ ਥਾਂ ਤੇ ਭਾਈ ਵੀਰ ਸਿੰਘ ਦੀ ਥਾਂ ਸੰਤ ਸਿੰਘ ਮਸਕੀਨ ਦਾ ਨਾਮ ਬਿਲਕੁਲ ਫਿਟ ਬੈਠਦਾ ਹੈ। ਦਾਸ
ਇਸ ਲੇਖ ਨੂੰ ਇਥੇ ਅਧੂਰਾ ਹੀ ਛੱਡ ਰਿਹਾ ਹੈ।
ਜਦੋਂ ਤਕ ਇਸ ਸਿਰਲੇਖ ਦੀ ਖਾਲੀ ਥਾਂ
ਭਰਨ ਵਾਲਾ ਕੋਈ “ਕਾਨ੍ਹ ਸਿੱਖ ਨਾਭਾ” ਕੌਮ ਨੂੰ ਨਹੀ ਮਿਲ ਜਾਂਦਾ ਇਹ ਲੇਖ ਅਧੂਰਾ ਹੀ ਰਹੇਗਾ।
“ਪੰਥ ਰਤਨ”, “ਬ੍ਰਹਮਗਿਆਨੀ”, ਪੰਥ ਦੇ ਮਹਾਨ ਕਥਾ ਵਾਚਕ ਅਤੇ “ਗੁਰਮਤਿ
ਮਾਰਤੰਡ” ਗਿਆਨੀ ਸੰਤ ਸਿੰਘ ਜੀ ਮਸਕੀਨ ਨੂੰ ਉਨਾਂ ਦੇ ਅਕਾਲ ਚਲਾਣਾ ਕਰਨ ਤੋਂ ਬਾਦ ਸ਼੍ਰੌਮਣੀ
ਗੁਰਦਵਾਰਾ ਪ੍ਰਬੰਧਕ ਕਮੇਟੀ ਨੇ “ਗੁਰਮਤ ਮਾਰਤੰਡ” ਦੀ ਉਪਾਧੀ ਨਾਲ ਸਨਮਾਨਿਤ ਕੀਤਾ। ਭਾਵੇ ਸ਼੍ਰੋਮਣੀ
ਕਮੇਟੀ ਨੂੰ ਆਪ ਇਸ ਕਿਤਾਬ ਦੇ ਲਿਖਾਰੀ ਦਾ ਨਾਮ ਵੀ ਕਦੀ ਚੇਤੇ ਨਹੀ ਆਇਆ ਹੋਣਾ। ਨਾਲ ਹੀ ਉਨਾਂ ਦੇ
ਪਰਿਵਾਰ ਨੂੰ ਦਸ ਲੱਖ ਰੁਪਿਆ ਨਗਦ ਦਿੱਤਾ (ਜੋ ਗੁਰੁ ਘਰ ਦੇ ਸ਼ਰਧਾਲੂਆਂ ਨੇ ਅਪਨੀ ਕਿਰਤ ਕਮਾਈ
ਵਿਚੋਂ ਦਸਵੰਦ ਕਢ ਕੇ ਗੁਰੁ ਘਰ ਲਈ ਭੇਂਟ ਕੀਤਾ ਸੀ।) ਪੰਥ ਦੇ ਸਭ ਤੋਂ ਅਮੀਰ ਕਥਾਵਾਚਕ ਦੇ ਬਚਿਆਂ
ਨੂੰ ਗੁਰੁ ਘਰ ਦੀ ਗੋਲਕ ਵਿਚੋਂ ਦਸ ਲੱਖ ਰੁਪਿਆ ਦੇ ਦਿਤਾ ਗਇਆ ਪਰ ਇਸ ਕਮੇਟੀ ਨੂੰ 26 ਵਰਿਹਾਂ ਤੋਂ
ਜੇਲਾਂ ਵਿੱਚ ਬੰਦ ਬੇਦੋਸ਼ੇ ਸਿੱਖਾਂ ਦੇ ਬਚਿੱਆਂ ਅਤੇ ਬੁੱਡੇ ਠੇਰੇ ਮਾਂਪਿਆਂ ਦੀ ਯਾਦ ਤੇ ਕਦੀ ਨਹੀ
ਆਈ ਕੇ ਉਹ ਕਿਧਰੇ ਜਿਉਂਦੇ ਨੇ ਕੇ ਮਰ ਗਏ ਨੇ।
ਪਾਠਕ ਸਜਣੋ! ਕਹਿੰਦੇ ਹਨ ਕੇ ਬਹੁਤਾ ਵਡਾ ਲੇਖ ਪਾਠਕ ਪੜਦੇ ਨਹੀ, ਜੇ ਲਿਖਦਾ
ਰਿਹਾ ਤੇ ਇਹ ਲੇਖ ਇੱਕ ਕਿਤਾਬ ਦਾ ਰੂਪ ਲੈ ਲਵੇਗਾ। ਇਸ ਲਈ ਜੇ ਵਧੇਰੇ ਜਾਨਕਾਰੀ ਚਾਂਉਦੇ ਹੋ ਤੇ ਇਸ
ਵਿਸ਼ੇ ਨਾਲ ਜੁੜੇ ਲੇਖ ਜੋ ਸਿੱਖ ਮਾਰਗ. ਕਾਮ ਤੇ ਹੇਠ ਲਿਖੇ ਸਿਰਲੇਖਾਂ ਅਤੇ ਲਿੰਕ ਤੇ ਲਗੇ ਹੋਏ ਹਨ,
ਪੜਨ ਦੀ ਕਿਰਪਾਲਤਾ ਕਰਨੀ ਜੀ। ਇਨਾਂ ਲੇਖਾਂ ਨੂੰ ਪੜੇ ਬਿਨਾਂ ਪਾਠਕਾਂ ਨੂੰ ਦਾਸ ਦੇ ਇਸ ਲੇਖ ਦੀ
ਸਾਰਥੱਕਤਾ ਅਧੂਰੀ ਜਹੀ ਲਗੇਗੀ। ਇਸ ਲਈ ਇਨਾਂ ਲੇਖਾਂ ਨੂੰ, ਦਿਤੇ ਗਏ ਕ੍ਰਮ ਅਨੁਸਾਰ (ਲੜੀ ਵਾਰ)
ਪੜਨ ਦੀ ਖੇਚਲ ਕਰਨੀ ਜੀ।
1-ਚਰਿਤ੍ਰਯੋ ਪਾਖਿਯਾਣ ਦਸ਼ਮੇਸ਼ ਬਾਣੀ ਨਹੀ……। ਪ੍ਰਿੰਸੀਪਲ ਗਿਆਨੀ ਸੁਰਜੀਤ
ਸਿੰਘ ਮਿਸ਼ਨਰੀ
http://www.sikhmarg.com/chritro.html
2-ਸੰਤ ਸਿੰਘ ਮਸਕੀਨ ਨਾਲ ਇੱਕ ਮੁਲਾਕਾਤ-ਉਨਾਂ ਦੇ ਅਕਾਲ ਚਲਾਣੇ ਤੋਂ ਇੱਕ
ਦਿਨ ਪਹਿਲਾਂ-ਇੰਦਰ ਜੀਤ ਸਿੰਘ ਅਤੇ ਉਨਾਂ ਦੇ ਸਾਥੀ। (ਦਾਸ ਨੇ ਇਹ ਲੇਖ ਸਿੱਖ ਮਾਰਗ ਤੇ ਅਜ ਤੋਂ
5-6 ਸਾਲ ਪਹਿਲਾਂ ਪਾਇਆ ਸੀ।)
http://www.sikhmarg.com/2005/0703-maskeen-mulakaat.html
3-ਸੰਤ ਸਿੰਘ ਮਸਕੀਨ ਨੂੰ ਖੁਲੀ ਚਿੱਠੀ-ਕਮਾਂਡਰ ਗੁਰਮੁਖ ਸਿੰਘ
http://www.sikhmarg.com/2005/0102-letter-to-maskeen.html
ਅਜ ਦੇ ਹਾਲਾਤ ਵਿੱਚ ਲੋੜ ਹੈ ਭਾਈ ਕਾਨ੍ਹ ਸਿੰਘ ਨਾਭਾ, ਗਿਆਨੀ ਦਿੱਤ ਸਿੰਘ,
ਭਾਈ ਗੁਰਮੁਖ ਸਿੰਘ, ਕਰਮ ਸਿੰਘ ਹਿਸਟੋਰੀਅਨ ਅਤੇ ਪ੍ਰੋਫੇਸਰ ਸਾਹਿਬ ਸਿੱਘ ਵਰਗੇ ਵਿਦਵਾਨਾਂ ਦੀ ਜੋ
ਕੌਮ ਨੂੰ ਇੱਕ ਸਹੀ ਦਿਸ਼ਾ ਦੇ ਸਕਣ। ਐਸੇ ਆਗੂ ਜੋ ਕੋਮ ਦੇ ਹਿਤਾਂ ਨੂੰ ਵੇਚ ਕੇ ਉਪਾਧੀਆਂ ਇਕੱਠੀਆਂ
ਕਰਦੇ ਤੇ ਗਿਆਨ ਵਿਹੂਣੀ ਰਹਿਅਤ ਨੂੰ ਆਪਣੀਆਂ ਫਿਲਾਸਫੀ ਭਰੀਆਂ ਗਲਾਂ ਸੁਣਾ ਸੁਣਾ ਕੇ ਮੁਸਦੇ ਹਨ ਤੇ
ਪੰਥ ਲਈ ਉਨਾਂ ਦਾ ਯੋਗਦਾਨ ਸਿਫਰ ਹੁੰਦਾ ਹੈ। ਐਸੇ ਅਖੋਤੀ “ਪੰਥ ਰਤਨਾਂ” ਤੋਂ “ਗੁਦੜੀ ਦੇ ਲਾਲ” ਹੀ
ਚੰਗੇ।
ਇੰਦਰ ਜੀਤ ਸਿੰਘ
ਕਾਨਪੁਰ