ਸਿੱਖਾਂ ਦੇ ਗਿਆਰ੍ਹਵੇਂ ਗੁਰੂ ਸਾਹਿਬ
ਭਾਗ ਪਹਿਲਾ
ਜੇਕਰ ਕਿਸੇ ਸਿੱਖ ਨੂੰ ਸੁਭਾਵਕ ਹੀ
ਸਵਾਲ ਕੀਤਾ ਜਾਵੇ ਕਿ ਸਿੱਖਾਂ ਦੇ ਕਿੰਨੇਂ ਗੁਰੂ ਹੋਏ ਹਨ ਤਾਂ ਉਤੱਰ ਮਿਲੇਗਾ
‘ਦਸ’। ਇਹ ਉਤੱਰ ਬਹੁਤ ਹੀ ਘਟ ਮਿਲੇਗਾ ਕਿ ਸਿੱਖਾਂ ਦੇ ‘ਗਿਆਰਾਂ’ ਗੁਰੂ ਹੋਏ ਹਨ ਭਾਵੇਂ ਕਿ ਪਤਾ
ਸਭ ਨੂੰ ਹੈ ਕਿ
ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਸਾਰ ਤਿਆਗਣ ਤੋਂ ਪਹਿਲਾਂ ਹੀ ਸਿੱਖ ਧਰਮ ਵਿੱਚ
ਚਲੀ ਆ ਰਹੀ ਦੇਹਧਾਰੀ ਗੁਰੂਆਂ ਦੀ ਪ੍ਰਥਾ ਨੂੰ ਸਮਾਪਤ ਕਰਦੇ ਹੋਏ ਨੰਦੇੜ ਵਿਖੇ ਗੁਰਗੱਦੀ ਸ਼ਬਦ-ਗੁਰੂ
ਭਾਵ ਸਿੱਖਾਂ ਦੀ ਧਾਰਮਿਕ ਪੁਸਤਕ ਗ੍ਰੰਥ ਸਾਹਿਬ ਵਿੱਚ ਸ਼ਾਮਲ ਗੁਰਬਾਣੀ ਨੂੰ ਸੌਂਪ ਦਿੱਤੀ ਸੀ। ਇਸ
ਤਰ੍ਹਾਂ ਗ੍ਰੰਥ ਸਾਹਿਬ ਵਿੱਚ ਸ਼ਾਮਲ ਗੁਰਬਾਣੀ ਦੇ ਰੂਪ ਵਿੱਚ ਸ਼ਬਦ-ਗੁਰੂ ਸਿੱਖਾਂ ਦੇ ਗਿਆਰਵੇਂ,
ਆਖਰੀ ਪਰ ਸਦੀਵੀ ਗੁਰੂ ਦੇ ਤੌਰ ਤੇ ਪਰਗਟ ਹੋਏ। ਬਾਕੀ ਸਭ ਧਰਮਾਂ ਦੇ ਆਪਣੇ-ਆਪਣੇ ਗ੍ਰੰਥ ਤਾਂ
ਮੌਜੂਦ ਹਨ ਪਰ ਹਰੇਕ ਧਰਮ ਦੇ ਸਰਵਉਚੱ ਸਥਾਨ ਉਤੇ ਕੋਈ ਨਾ ਕੋਈ ਮਨੁੱਖੀ ਸ਼ਖਸੀਅਤ ਹੀ ਬਿਰਾਜਮਾਨ ਹੈ।
ਸ਼ਬਦ-ਗੁਰੂ ਨੂੰ ਸਰਵਉਚੱ ਪਦਵੀ ਦੁਨੀਆਂ ਦੇ ਕਿਸੇ ਧਰਮ ਵਿੱਚ ਨਹੀਂ ਦਿੱਤੀ ਗਈ।
ਦੁਨੀਆਂ ਦੇ ਕੁੱਲ ਧਰਮਾਂ ਦੇ ਇਤਹਾਸ ਵਿੱਚ ਇਹ ਇੱਕ ਬਹੁਤ ਹੀ ਵਚਿੱਤਰ ਘਟਨਾ ਹੈ। ਪਰੰਤੂ ਸਿਖੱਾਂ
ਵਲੋਂ ਹਾਲੇ
ਤਕ ਆਪਣੇ ਧਰਮ ਦੇ ਇਸ ਵਿਸ਼ੇਸ਼ ਪੱਖ ਦੀ ਮਹੱਤਤਾ ਨੂੰ ਸੰਸਾਰ ਪੱਧਰ ਤੇ ਸਹੀ ਢੰਗ ਨਾਲ ਪਰਚਾਰਿਆ ਨਹੀਂ
ਗਿਆ। ਅੱਜ ਦੇ ਵਿਗਿਆਨ ਦੇ ਯੁਗ ਵਿੱਚ ਦੁਨੀਆਂ ਦੇ ਸਾਹਮਣੇ ਇਹ ਤਰਕ-ਪੂਰਵਕ ਸਪਸ਼ਟਕਰਨਾਂ ਅਤਿਅੰਤ
ਜ਼ਰੂਰੀ ਹੈ ਕਿ ਇੱਕ ਧਾਰਮਿਕ ਪੁਸਤਕ ਵਿਚਲੀ ਰਚਨਾਂ ਸ਼ਬਦ-ਗੁਰੂ ਕਿਵੇਂ ਹੋ ਸਕਦੀ ਹੈ ਅਤੇ ਸਿੱਖ ਧਰਮ
ਦੇ ਅਨੁਯਾਈ ਪਿਛਲੇ 300 ਸਾਲਾਂ ਦੇ ਅਰਸੇ ਵਿੱਚ ਇਸ ਵਿਵਸਥਾ ਨਾਲ ਕਿਸ ਤਰਾਂ ਸੰਤੁਸ਼ਟ ਰਹੇ ਹਨ। ਅਸਲ
ਵਿੱਚ ਇਸ ਪੱਖੋਂ ਸਿੱਖ ਹਾਲੇ ਆਪ ਹੀ ਅਨੇਕਾਂ ਭਰਮ-ਭੁਲੇਖਿਆਂ ਦੇ ਸ਼ਿਕਾਰ ਹਨ। ਸਥਿਤੀ ਨੂੰ ਸਪਸ਼ਟ
ਕਰਨ ਹਿਤ ਸਿੱਖਾਂ ਨੂੰ ਆਪਣੇ ਧਾਰਮਿਕ ਗ੍ਰੰਥ ਅਤੇ ਗਿਆਰ੍ਹਵੇਂ ਗੁਰੂ (ਸ਼ਬਦ-ਗੁਰੂ) ਸਬੰਧੀ
ਵੱਖੋ-ਵੱਖ ਸੰਕਲਪ ਧਾਰਨ ਕਰਨੇ ਪੈਣਗੇ।
ਸਿੱਖਾਂ ਦੇ ਧਾਰਮਿਕ ਗ੍ਰੰਥ ਦਾ ਪਹਿਲਾ ਰੂਪ ਪੋਥੀਆਂ ਸਨ ਜਿਹਨਾਂ ਵਿੱਚ ਪਹਿਲੇ ਚਾਰ ਗੁਰੂਆਂ ਦੀ
ਬਾਣੀ ਦਰਜ ਕੀਤੀ ਹੋਈ ਸੀ। ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇੱਕ ਵਿਸ਼ੇਸ਼, ਸੰਯੁਕਤ ਅਤੇ ਸੰਪੂਰਨ
ਗ੍ਰੰਥ ਰਚਣ ਦੇ ਮਨੋਰਥ ਨਾਲ ਇਹ ਬਾਣੀ ਪਰਾਪਤ ਕੀਤੀ ਅਤੇ ਇਸ ਸੰਕਲਨ ਵਿੱਚ ਆਪਣੀ ਬਾਣੀ ਅਤੇ 31 ਹੋਰ
ਭਾਰਤੀ ਸੰਤਾਂ-ਭਗਤਾਂ ਦੀਆਂ ਰਚਨਾਵਾਂ ਸ਼ਾਮਲ ਕਰਦੇ ਹੋਏ ਇੱਕ ਅਨੋਖਾ ਸੰਗ੍ਰਹਿ ਤਿਆਰ ਕੀਤਾ। ਇਸ
ਗ੍ਰੰਥ ਨੂੰ ਲਿਖਣ ਦਾ ਕਾਰਜ ਭਾਈ ਗੁਰਦਾਸ ਜੀ ਨੂੰ ਸੌਂਪਿਆ ਗਿਆ। 1604 ਈ. ਵਿੱਚ ਇਸ ਸੰਗ੍ਰਹਿ ਦਾ
ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਪਰਕਾਸ਼ ਕੀਤਾ ਗਿਆ ਅਤੇ ਇਸ ਤਰ੍ਹਾਂ ਇਸ ਨੂੰ ਸਿੱਖਾਂ ਦੇ
ਧਾਰਮਿਕ ਗ੍ਰੰਥ ਵਜੋਂ ਮਾਨਤਾ ਦੇ ਦਿਤੀ ਗਈ। ਇਸ ਗ੍ਰੰਥ ਨੂੰ ਰੂਹਾਨੀਅਤ ਦਾ ਉਚੇਰਾ ਦਰਜਾ ਸ੍ਰੀ
ਗੁਰੂ ਅਰਜਨ ਦੇਵ ਜੀ ਨੇ ਖੁਦ ਹੀ ਦੇ ਦਿਤਾ ਸੀ ਕਿਉਂਕਿ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਉਹ ਆਪ ਵੀ
ਭੋਂਇੰ ਤੇ ਹੀ ਬਿਰਾਜਮਾਨ ਹੁੰਦੇ ਸਨ। ਸਿੱਖਾਂ ਦੇ ਇਸ ਗ੍ਰੰਥ ਨੂੰ ਪਹਿਲਾਂ “ਪੋਥੀ ਸਾਹਿਬ” ਦਾ ਨਾਮ
ਦਿਤਾ ਗਿਆ ਸੀ ਪਰ ਬਾਦ ਵਿੱਚ ਇਹ ਬਦਲ ਕੇ “ਆਦਿ ਗ੍ਰੰਥ” ਹੋ ਗਿਆ। ਗੁਰੂ ਤੇਗ ਬਹਾਦਰ ਜੀ ਦੇ ਸਮੇਂ
ਸ੍ਰੀ ਆਦਿ ਗ੍ਰੰਥ ਦਾ ਮੂਲ ਸਰੂਪ ਕਰਤਾਰਪੁਰ (ਜਲੰਧਰ ਦੇ ਨੇੜੇ) ਵਿਖੇ ਬਾਬਾ ਧੀਰਮੱਲ ਜੀ (ਸ੍ਰੀ
ਗੁਰੂ ਹਰਿਰਾਇ ਜੀ ਦੇ ਵੱਡੇ ਭਰਾ) ਦੇ ਵੰਸ਼ਜਾਂ ਦੇ ਕਬਜ਼ੇ ਵਿੱਚ ਰਿਹਾ। ਇਸੇ ਕਰਕੇ ਬਾਬਾ ਧੀਰਮੱਲ ਜੀ
ਦੇ ਵੰਸ਼ਜਾਂ ਦੇ ਕਬਜ਼ੇ ਵਿੱਚ ਰਹੇ ਦੱਸੇ ਜਾਂਦੇ ਸ੍ਰੀ ਆਦਿ ਗ੍ਰੰਥ ਦੇ ਮੂਲ ਸਰੂਪ ਨੂੰ ਕਰਤਾਰਪੁਰੀ
ਬੀੜ (ਜਿਲਦ) ਵੀ ਕਿਹਾ ਜਾਂਦਾ ਹੈ। ਬਾਬਾ ਧੀਰਮੱਲ ਜੀ ਦੇ ਵੰਸ਼ਜਾਂ ਨੇ ਇਹ ਬੀੜ ਸ੍ਰੀ ਗੁਰੂ ਤੇਗ
ਬਹਾਦਰ ਜੀ ਵਲੋਂ ਮੰਗੇ ਜਾਣ ਤੇ ਵੀ ਉਹਨਾਂ ਨੂੰ ਨਾ ਦਿੱਤੀ। ਇਸ ਉਪਰੰਤ ਨੌਵੇਂ ਗੁਰੂ ਜੀ ਦੇ
ਸਿੱਖਾਂ ਅਤੇ ਬਾਬਾ ਧੀਰਮੱਲ ਜੀ ਦੇ ਵੰਸ਼ਜਾਂ ਵਿਚਕਾਰ ਇਸ ਮਸਲੇ ਤੇ ਉਪਜੇ ਝਗੜੇ ਦੌਰਾਨ ਸ੍ਰੀ ਆਦਿ
ਗ੍ਰੰਥ ਦਾ ਮੂਲ ਸਰੂਪ ਬਿਆਸ ਦਰਿਆ ਵਿੱਚ ਜਲ ਪਰਵਾਹ ਹੋ ਗਿਆ ਦਸਿੱਆ ਜਾਂਦਾ ਹੈ।
ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸ੍ਰੀ ਆਦਿ ਗ੍ਰੰਥ ਦਾ ਸਰੂਪ ਉਪਲਭਧ ਨਾ ਹੋਇਆ ਤਾਂ ਉਹਨਾਂ
ਨੇ ਆਪਣੇ ਧਾਰਮਿਕ ਗ੍ਰੰਥ ਦੀ ਲੋੜ ਨੂੰ ਤੀਬਰਤਾ ਨਾਲ ਮਹਿਸੂਸ ਕਰਦੇ ਹੋਏ ਆਪਣੀ ਆਲੌਕਿਕ ਯਾਦਾਸ਼ਤ ਦੇ
ਸਹਾਰੇ ਅਤੇ ਭਾਈ ਮਨੀ ਸਿੰਘ ਜੀ ਵਰਗੇ ਵਿਦਵਾਨਾਂ ਦੇ ਸਹਿਯੋਗ ਨਾਲ ਸਾਰਾ ਗ੍ਰੰਥ ਫਿਰ ਤੋਂ ਤਿਆਰ
ਕਰਵਾਇਆ। ਇਹ ਗ੍ਰੰਥ ਭਾਈ ਮਨੀ ਸਿੰਘ ਜੀ ਦੇ ਹੱਥੀਂ ਲਿਖਵਾਇਆ ਗਿਆ ਮੰਨਿਆਂ ਜਾਂਦਾ ਹੈ। ਗੁਰੂ
ਸਾਹਿਬ ਨੇ ਇਸ ਗ੍ਰੰਥ ਵਿੱਚ ਸ੍ਰੀ ਆਦਿ ਗ੍ਰੰਥ ਦੀ ਬਾਣੀ ਦੇ ਨਾਲ-ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ
ਦੀ ਬਾਣੀ ਵੀ ਸ਼ਾਮਲ ਕਰ ਦਿੱਤੀ (ਪਰ ਉਹਨਾਂ ਨੇ ਇਸ ਗ੍ਰੰਥ ਵਿੱਚ ਆਪਣੀ ਕੋਈ ਰਚਨਾ ਸ਼ਾਮਲ ਨਹੀਂ
ਕੀਤੀ)। ਇਸ ਤਰ੍ਹਾਂ ਉਹਨਾਂ ਨੇ ਸ੍ਰੀ ਆਦਿ ਗ੍ਰੰਥ ਨੂੰ ਇਸ ਤਬਦੀਲੀ ਸਹਿਤ ਭਾਵ ਨੌਵੇਂ ਗੁਰੂ ਜੀ ਦੀ
ਬਾਣੀ ਸ਼ਾਮਲ ਕਰਕੇ ਫਿਰ ਤੋਂ ਸੁਰਜੀਤ ਕਰ ਦਿੱਤਾ। ਇਹ ਨਵਾਂ ਗ੍ਰੰਥ 1678 ਈ. ਵਿੱਚ ਦਮਦਮਾ ਸਾਹਿਬ
(ਮਾਖੋਵਾਲ - ਚੱਕ ਨਾਨਕੀ - ਅਨੰਦਪੁਰ ਸਾਹਿਬ) ਵਿੱਚ ਤਿਆਰ ਕਰਵਾਇਆ ਗਿਆ ਦੱਸਿਆ ਜਾਂਦਾ ਹੈ ਅਤੇ ਇਸ
ਕਰਕੇ ਇਸ ਗ੍ਰੰਥ ਨੂੰ ਦਮਦਮੀ ਬੀੜ ਕਹਿ ਦਿੱਤਾ ਜਾਂਦਾ ਹੈ। ਇੱਕ ਹੋਰ ਧਾਰਨਾ ਅਨੁਸਾਰ ਦਮਦਮੀ ਬੀੜ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਬੋ ਕੀ ਤਲਵੰਡੀ ਵਿਖੇ ਪਹੁੰਚਣ ਉਪਰੰਤ ਉਥੇ ਹੀ ਤਿਆਰ
ਕਰਵਾਈ ਗਈ ਦੱਸੀ ਜਾਂਦੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਸੰਸਾਰਕ ਯਾਤਰਾ ਸਮਾਪਤ ਹੋਣ
ਤੋਂ ਪਹਿਲਾਂ ਸੰਨ 1708 ਵਿੱਚ ਨੰਦੇੜ ਵਿਖੇ ਦਮਦਮੀ ਬੀੜ ਨੂੰ ਸਾਹਮਣੇ ਰੱਖਕੇ ਹੀ ਸ਼ਬਦ-ਗੁਰੂ ਨੂੰ
ਗਿਆਰ੍ਹਵੇਂ ਗੁਰੂ ਸਾਹਿਬ ਵਜੋਂ ਗੁਰਗੱਦੀ ਪਰਦਾਨ ਕੀਤੀ ਸੀ। ਪਰੰਤੂ ਯੁਧਾਂ ਦੇ ਸਮੇਂ (ਵੱਡੇ
ਘਲੂਘਾਰੇ ਦੇਮੌਕੇ) ਦਮਦਮੀ ਬੀੜ ਵੀ ਸਿੱਖਾਂ ਕੋਲੋਂ ਵਿਛੜ ਗਈ ਅਤੇ ਫਿਰ ਸਿੱਖਾਂ ਨੂੰ ਉਸਦੇ ਦਰਸ਼ਨ
ਨਹੀਂ ਹੋ ਸਕੇ। ਇਸ ਉਪਰੰਤ ਬਾਬਾ ਦੀਪ ਸਿੰਘ ਜੀ ਵੱਲੋਂ ਦਮਦਮੀ ਬੀੜ ਦੀਆਂ ਮਿਸਲਾਂ ਫਿਰ ਤੋਂ ਤਿਆਰ
ਕਰਵਾਈਆਂ ਗਈਆਂ ਦੱਸੀਆਂ ਜਾਂਦੀਆਂ ਹਨ। ਇਸ ਪਿੱਛੋਂ ਤਕਰੀਬਨ ਦੋ ਸਦੀਆਂ ਦੇ ਅਰਸੇ ਦੌਰਾਨ ਗ੍ਰੰਥ
ਸਾਹਿਬ ਦੀਆਂ ਕਈ ਹੋਰ ਹੱਥ-ਲਿਖਤ ਬੀੜਾਂ ਤਿਆਰ ਹੋਈਆਂ ਪਰ ਇਸ ਕਾਰਜ ਰਾਹੀਂ ਗ੍ਰੰਥ ਸਾਹਿਬ ਵਿੱਚ
ਦਰਜ ਬਾਣੀ ਵਿੱਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਵੀ ਵਾਪਰ ਗਈਆਂ। ਉਨ੍ਹੀਵੀਂ ਸਦੀ ਦੇ ਅੰਤਲੇ ਪੜਾ ਤੇ
ਛਾਪਾਖਾਨਾਂ ਆ ਜਾਣ ਤੇ ਛਾਪੇ ਦੀਆਂ ਬੀੜਾਂ ਤਿਆਰ ਹੋਣ ਲਗੀਆਂ ਅਤੇ 1911 ਈ. ਵਿੱਚ ਛਪੀ ‘ਲਾਹੌਰ ਦੀ
ਸੰਗਤ ਵਾਲੀ ਬੀੜ’ ਰਾਹੀਂ ਪਹਿਲੀ ਵਾਰੀ ਸਫਿਆਂ ਦੀ ਗਿਣਤੀ 1430 ਨਿਸਚਤ ਕਰਨ ਦੀ ਕੋਸ਼ਿਸ਼ ਕੀਤੀ ਗਈ।
ਬਾਦ ਵਿੱਚ ਛਾਪੇ ਦੀਆਂ ਬੀੜਾਂ ਵਾਸਤੇ ਸਫਿਆਂ ਦੀ ਇਹ ਗਿਣਤੀ ਪੱਕੀ ਹੋ ਗਈ।
ਇਸ ਤਰਾਂ ਐਸ ਵੇਲੇ ਸਿੱਖ ਕੌਮ ਕੋਲ ਨਾ ਤਾਂ ਸ੍ਰੀ ਆਦਿ ਗ੍ਰੰਥ ਦਾ ਮੂਲ ਸਰੂਪ ਮੌਜੂਦ ਹੈ ਅਤੇ ਨਾ
ਦਮਦਮੀ ਬੀੜ ਦਾ ਅਤੇ ਨਾ ਹੀ ਬਾਬਾ ਦੀਪ ਸਿੰਘ ਜੀ ਵੱਲੋਂ ਤਿਆਰ ਕਰਵਾਈਆਂ ਦੱਸੀਆਂ ਜਾਂਦੀਆਂ ਬੀੜਾਂ
ਵਿਚੋਂ ਕੋਈ ਵੀ ਉਪਲਭਧ ਹੈ। ਉਪਰੋਕਤ ਗ੍ਰੰਥਾਂ ਦੀ ਗੈਰ-ਮੌਜੂਦਗੀ ਵਿੱਚ ਤਿਆਰ ਹੋਈਆਂ ਹੱਥ-ਲਿਖਤ
ਬੀੜਾਂ ਅਤੇ ਛਾਪੇ ਵਾਲੀ ਬੀੜ ਵਿਚਲੀਆਂ ਬਾਣੀਆਂ ਦੀ ਚੋਣ ਅਤੇ ਤਰਤੀਬ ਸਬੰਧੀ ਕਾਫੀ ਵਿਵਾਦ ਉਠਦੇ
ਰਹੇ ਹਨ। ਪ੍ਰੰਤੂ ਇਹ ਵਿਵਾਦ ਗ੍ਰੰਥ ਸਾਹਿਬ ਦੇ ਪੁਸਤਕ ਰੂਪ ਦੀ ਟੈਕਸਟ ਸਬੰਧੀ ਹੀ ਹਨ ਅਤੇ ਕਿਸੇ
ਸਿੱਖ ਨੇ ਵੀ ਕਦੀ ਸ਼ਬਦ-ਗੁਰੂ ਦੀ ਮਾਨਤਾ ਪ੍ਰਤੀ ਸ਼ੰਕਾ ਨਹੀਂ ਜ਼ਾਹਰ ਕੀਤੀ।
ਸਿੱਖਾਂ ਵਾਸਤੇ ਇਹ ਸਮਝਣਾ ਬਹੁਤ ਔਖਾ ਹੈ ਕਿ ਗ੍ਰੰਥ ਸਾਹਿਬ ਨੂੰ ਧਾਰਮਿਕ ਪੁਸਤਕ ਕਿਸ ਸਥਿਤੀ ਵਿੱਚ
ਕਿਆਸਿਆ ਜਾਵੇ ਅਤੇ ਗੁਰੂ ਰੂਪ ਕਦੋਂ ਸਮਝਿਆ ਜਾਵੇ। ਇਸ ਵੇਲੇ ਤਾਂ ਸਥਿਤੀ ਇਹ ਹੈ ਕਿ ਗ੍ਰੰਥ ਸਾਹਿਬ
ਨੂੰ ਪੁਸਤਕ ਕਹਿਣ ਨਾਲ ਕਿਰਪਾਨਾਂ ਨਿਕਲ ਪੈਂਦੀਆਂ ਹਨ ਜਦੋਂ ਕਿ ਇਹ ਪੁੱਛਣਾ ਵਾਜਬ ਬਣਦਾ ਹੈ ਕਿ
ਜੇਕਰ ਗ੍ਰੰਥ ਸਾਹਿਬ ਕੇਵਲ ਗੁਰੂ ਹੀ ਹੈ ਤਾਂ ਸਿੱਖਾਂ ਦੀ ਧਾਰਮਿਕ ਪੁਸਤਕ ਕਿਹੜੀ ਹੈ? ਉਂਜ ਸਾਰੇ
ਹੀ ਧਾਰਮਿਕ ਲੋਕ ਅਤੇ ਵਿਦਵਾਨ ਸੱਜਣ ਜਦੋਂ ਵੀ ਗ੍ਰੰਥ ਸਾਹਿਬ ਦੀ ਗੁਰੂ ਦੇ ਤੌਰ ਤੇ ਗੱਲ ਕਰ ਰਹੇ
ਹੁੰਦੇ ਹਨ ਤਾਂ ਉਹ ਉਸ ਨੂੰ ਅਸਲ ਵਿੱਚ ਧਾਰਮਿਕ ਪੁਸਤਕ ਦੇ ਤੌਰ ਤੇ ਹੀ ਚਿਤਵ ਰਹੇ ਹੁੰਦੇ ਹਨ ਗੁਰੂ
ਦੇ ਤੌਰ ਤੇ ਨਹੀਂ। ਕੁੱਝ ਕੁ ਉਦਾਹਰਣਾ ਹੇਠਾਂ ਪੇਸ਼ ਹਨ।
1. ਪ੍ਰੈਸ ਵਿੱਚ ਛਪ ਰਹੇ ਗ੍ਰੰਥ ਸਾਹਿਬ ਦੇ ਪੰਨੇ ਪੁਸਤਕ ਦੇ ਹੀ ਪੰਨੇ ਹੁੰਦੇ ਹਨ ਅਤੇ ਇਹਨਾਂ ਨੂੰ
ਜੋੜ ਕੇ ਬਣੀਆਂ ਜਿਲਦਾਂ ਹੋਰਨਾਂ ਪੁਸਤਕਾਂ ਦੀਆਂ ਕਾਪੀਆਂ ਵਾਂਗ ਕਾਪੀਆਂ ਹੀ ਹੁੰਦੀਆਂ ਹਨ। ਕਿਸੇ
ਗੁਰੂ ਦੀਆਂ ਕਾਪੀਆਂ ਨਹੀਂ ਬਣਦੀਆਂ। ਨਾ ਹੀ ਗੁਰੂ ਦੀਆਂ ਕਾਪੀਆਂ ਵੇਚੀਆਂ ਜਾਂਦੀਆਂ ਹਨ। ਕਲੋਨਿੰਗ
ਤਾਂ ਹਾਲੇ ਆਮ ਆਦਮੀ ਦੀ ਨਹੀਂ ਹੋਈ, ਗੁਰੂ ਦੀ ਕਿਵੇਂ ਸੰਭਵ ਹੈ।
2. ਗੁਰੂ ਕਾਲ ਤਕ ਕੇਵਲ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਹੀ ਗ੍ਰੰਥ ਸਾਹਿਬ ਦਾ ਪਰਕਾਸ਼ ਸੀ। ਬਾਦ
ਵਿੱਚ ਮੂਰਤੀਆਂ ਵਾਂਗ ਗ੍ਰੰਥ ਸਾਹਿਬ ਦੇ ਪੁਸਤਕ ਸਰੂਪ ਥਾਂ-ਥਾਂ ਸਜਾ ਦਿਤੇ ਗਏ। ‘ਪਰਗਟ ਗੁਰਾਂ ਕੀ
ਦੇਹ’ ਵਾਲਾ ਸਰੂਪ ਕੇਵਲ ਪੁਸਤਕ ਰੂਪ ਹੀ ਹੋਵੇਗਾ ਜਿਸਦੀ ਪੂਜਾ ਜਾਂ ਤਾਂ ਮੂਰਤੀ ਪੂਜਾ ਹੈ ਜਾਂ ਫਿਰ
ਦੇਹਧਾਰੀ ਗੁਰੂ ਦੀ ਪੂਜਾ।
3. ਲਾਇਬਰੇਰੀਆਂ (ਜਨਤਕ ਜਾਂ ਘਰੇਲੂ) ਦੀਆਂ ਸ਼ੈਲਫਾਂ ਤੇ ਪਈਆਂ, ਇੰਟਰਨੈਟ ਵਿੱਚ ਉਪਲਭਧ ਜਾਂ ਕਿਸੇ
ਗੁਰਦੁਆਰੇ ਦੀ ਅਲਮਾਰੀ ਵਿੱਚ ਰੱਖੀਆਂ ਗ੍ਰੰਥ ਸਾਹਿਬ ਦੀਆਂ ਕਾਪੀਆਂ ਪੁਸਤਕ ਰੂਪ ਹਨ ਗੁਰੂ ਰੂਪ
ਨਹੀਂ।
4. ਕਿਸੇ ਵਿਦਵਾਨ ਦੇ ਹੱਥਾਂ ਵਿੱਚ ਪੜ੍ਹਨ ਜਾਂ ਖੋਜ ਕਾਰਜ ਹਿਤ ਫੜ੍ਹੀ ਹੋਈ ਗ੍ਰੰਥ ਸਾਹਿਬ ਦੀ
ਕਾਪੀ ਪੁਸਤਕ ਹੀ ਹੈ। ਇਹ ਵਿਦਵਾਨ ਗੈਰ-ਸਿਖ ਵੀ ਹੋ ਸਕਦਾ ਹੈ।
5. ਗ੍ਰੰਥ ਸਾਹਿਬ ਦਾ ਤਰਜਮਾ ਜਾਂ ਸਟੀਕ ਪੁਸਤਕ ਦਾ ਤਰਜਮਾ ਜਾਂ ਸਟੀਕ ਹੈ। ਕਿਸੇ ਗੁਰੂ ਦਾ ਤਰਜਮਾ
ਜਾਂ ਸਟੀਕ ਨਹੀਂ ਹੋ ਸਕਦਾ।
6. ਗ੍ਰੰਥ ਸਾਹਿਬ ਸਬੰਧੀ ਸੈਮੀਨਾਰ ਪੁਸਤਕ ਦੇ ਕਿਸੇ ਹਿੱਸੇ ਜਾਂ ਵਿਸ਼ੇ ਸਬੰਧੀ ਸੈਮੀਨਾਰ ਹੀ
ਹੋਵੇਗਾ। ਕਿਸੇ ਗੁਰੂ ਸਬੰਧੀ ਸੈਮੀਨਾਰ ਨਹੀਂ ਹੋ ਸਕਦਾ।
7. ਗ੍ਰੰਥ ਸਾਹਿਬ ਜੀ ਨੂੰ ਮੀਟਿੰਗਾਂ/ ਕਾਨਫਰੰਸਾਂ ਵਾਲੀ ਥਾਂ ਤੇ ਲਿਜਾਣਾ ਵੀ ਪੁਸਤਕ ਰੂਪ ਨੂੰ ਉਸ
ਜਗਹ ਤੇ ਸਜਾਉਣਾ ਹੁੰਦਾ ਹੈ। ਇਹੋ ਜਿਹੀਆਂ ਥਾਵਾਂ ਦੇ ਮਾਹੌਲ ਦਾ ਸਭ ਨੂੰ ਪਤਾ ਹੀ ਹੈ। ਭਲਾ ਗੁਰੂ
ਜੀ ਐਸੀਆਂ ਥਾਵਾਂ ਤੇ ਜਾਣਾ ਕਿਉਂ ਪਸੰਦ ਕਰਨਗੇ?
8. ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਕਾਰਾਂ, ਟਰੱਕਾਂ ਜਾਂ ਹਵਾਈ ਜਹਾਜ਼ਾਂ ਦੇ ਕੰਟੇਨਰਾਂ ਰਾਹੀਂ
ਦੂਸਰੇ ਥਾਵਾਂ ਤੇ ਪਹੁੰਚਾਏ ਜਾਂਦੇ ਹਨ ਜਾਂ ਜਲੂਸਾਂ ਵਿੱਚ ਸ਼ਾਮਲ ਕੀਤੇ ਜਾਂਦੇ ਹਨ ਉਹ ਪੁਸਤਕਾਂ
ਦੀਆਂ ਕਾਪੀਆਂ ਹੀ ਹੁੰਦੀਆਂ ਹਨ।
9. ਕਿੰਨੇ ਹੀ ਗੁਰਦੁਆਰੇ ਹਨ ਜੋ ਜ਼ਮੀਨ ਤੇ ਨਾਜਾਇਜ਼ ਕਬਜ਼ੇ ਕਰ ਕੇ ਬਣਾਏ ਗਏ ਹਨ। ਅਜਿਹਾ ਕਬਜ਼ਾ ਕਰਨ
ਲਈ ਸਭ ਤੋਂ ਪਹਿਲਾ ਸਹਾਰਾ ਗ੍ਰੰਥ ਸਾਹਿਬ ਅਤੇ ਨਿਸ਼ਾਨ ਸਾਹਿਬ ਦਾ ਹੀ ਲਿਆ ਜਾਂਦਾ ਹੈ। ਜ਼ਾਹਰ ਹੈ ਕਿ
ਇਥੇ ਗ੍ਰੰਥ ਸਾਹਿਬ ਨੂੰ ਪੁਸਤਕ ਹੀ ਮੰਨਿਆਂ ਜਾਂਦਾ ਹੈ ਨਹੀਂ ਤਾਂ ਗੁਰੂ ਦੀ ਹਾਜ਼ਰੀ ਵਿੱਚ ਨਾਂ ਤਾਂ
ਇਹੋ ਜਿਹੀ ਹਰਕਤ ਹੋ ਸਕਦੀ ਹੈ ਅਤੇ ਨਾ ਹੀ ਗੁਰੂ ਇਸ ਦਾ ਭਾਈਵਾਲ ਬਣ ਸਕਦਾ ਹੈ।
10. ਜਦੋਂ ਅਸੀਂ ਕਹਿੰਦੇ ਹਾਂ ਕਿ ਗ੍ਰੰਥ ਸਾਹਿਬ ਸਾਰੇ ਧਰਮਾਂ ਦਾ ਸਾਂਝਾ ਜਾਂ ਸੈਕੂਲਰ ਗ੍ਰੰਥ ਹੈ
ਤਾਂ ਅਸੀਂ ਪੁਸਤਕ ਦੀ ਗਲ ਕਰ ਰਹੇ ਹੁੰਦੇ ਹਾਂ ਗੁਰੂ ਦੀ ਨਹੀਂ। ਗੁਰੂ ਕੇਵਲ ਕਿਸੇ ਵਿਸ਼ੇਸ਼ ਧਰਮ ਦੇ
ਪੈਰੋਕਾਰਾਂ ਦਾ ਹੀ ਹੁੰਦਾ ਹੈ।
11. ਜਦੋਂ ਅਸੀਂ ਕਹਿੰਦੇ ਹਾਂ ਕਿ ਗ੍ਰੰਥ ਸਾਹਿਬ ਵਿੱਚ ਅੱਡ-ਅੱਡ ਧਰਮਾਂ, ਜਾਤਾਂ ਅਤੇ ਇਲਾਕਿਆਂ ਦੇ
ਸੰਤਾਂ- ਭਗਤਾਂ ਦੀ ਬਾਣੀ ਦਰਜ ਹੈ ਤਾਂ ਅਸੀਂ ਪੁਸਤਕ ਦੀ ਗਲ ਕਰ ਰਹੇ ਹੁੰਦੇ ਹਾਂ। ਕਿਸੇ ਗੁਰੂ
ਬਾਰੇ ਅਜਿਹੀ ਗੱਲ ਕਰਨੀ ਵਾਜਬ ਨਹੀਂ ਮੰਨੀਂ ਜਾ ਸਕਦੀ। ਸਿੱਖ ਗੁਰੂ ਤਾਂ ਉਂਜ ਹੀ ਧਰਮਾਂ, ਜਾਤਾਂ
ਅਤੇ ਇਲਾਕਿਆਂ ਦੇ ਵਖਰੇਵੇਂ ਨੂੰ ਮਾਨਤਾ ਨਹੀਂ ਦਿੰਦੇ।
12. ਗ੍ਰੰਥ ਸਾਹਿਬ ਸਬੰਧੀ ਸਾਰੀਆਂ ਦੀਆਂ ਸਾਰੀਆਂ ਧਾਰਮਿਕ ਰਹੁ-ਰੀਤਾਂ ਕਰਮ ਕਾਂਡ ਹੀ ਹਨ ਜੋ ਸਿੱਖ
ਗੁਰੂ ਸਾਹਿਬਾਨ ਦੀ ਸਿਖਿਆ ਦੇ ਐਨ ਉਲਟ ਹਨ। ਇਹ ਰਹੁ-ਰੀਤਾਂ ਮੂਰਤੀ ਜਾਂ ਪੱਥਰ ਪੂਜਾ ਦੇ ਸਮਾਨ ਹਨ
ਭਾਵ ਇਥੇ ਮੂਰਤੀ ਦੀ ਜਗਹ ਪੁਸਤਕ ਨੇ ਲੈ ਲਈ ਹੈ।
13. ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦਾ ਮਤਲਬ ਹੈ ਕਿ ਸਿੱਖ ਗੁਰਬਾਣੀ ਵਿੱਚ ਦਰਜ ਸਿਖਿਆਵਾਂ ਨੂੰ
ਹੂਬਹੂ ਆਪਣੇ ਜੀਵਨ ਤੇ ਲਾਗੂ ਕਰਨਾ। ਪਰੰਤੂ ਢਾਈ ਕਰੋੜ ਸਿੱਖਾਂ ਵਿਚੋਂ ਕਿੰਨੇ ਕੁ ਹਨ ਜੋ ਅਜਿਹਾ
ਕਰ ਰਹੇ ਹਨ। ਇੱਕ ਸਰਵੇ ਮੁਤਾਬਕ ਕੇਵਲ ਢਾਈ ਕੁ ਸੌ ਸਿੱਖ ਹੀ ਅਜਿਹੇ ਹਨ ਜੋ ਗ੍ਰੰਥ ਸਾਹਿਬ ਵਿੱਚ
ਸ਼ਾਮਲ ਗੁਰਬਾਣੀ ਦੀਆਂ ਸਿਖਿਆਵਾਂ ਉਤੇ ਸੌ ਪ੍ਰਤੀਸ਼ਤ ਅਮਲ ਕਰਦੇ ਹੋਏ ਸੱਚਾ-ਸੁੱਚਾ ਜੀਵਨ ਬਤੀਤ ਕਰ
ਰਹੇ ਹਨ। ਬਾਕੀ ਤਾਂ ਗ੍ਰੰਥ ਸਾਹਿਬ ਦੇ ਪੁਸਤਕ ਰੂਪ ਅਗੇ ਹੀ ਮੱਥਾ ਟੇਕ ਕੇ ਸਿੱਖ ਹੋਣ ਦਾ ਭਰਮ ਪਾਲ
ਰਹੇ ਹਨ।
14. ਸਿੱਖਾਂ ਨੇ ਬੀਤੇ ਸਾਲਾਂ ਵਿੱਚ ਗ੍ਰੰਥ ਸਾਹਿਬ ਦੇ ਸ੍ਰੀ ਦਰਬਾਰ ਸਾਹਿਬ ਵਿੱਚ ਪਰਕਾਸ਼ ਕੀਤੇ
ਜਾਣ ਦੀ ਚਾਰ- ਸੌਵੀਂ ਵਰ੍ਹੇ ਗੰਢ ਬੜੀ ਧੂਮ ਧਾਮ ਨਾਲ ਮਨਾਈ ਹੈ। ਪਰ ਕਿਹਾ ਇਹ ਹੀ ਗਿਆ ਹੈ ਕਿ
ਸ੍ਰੀ “ਗੁਰੂ” ਗ੍ਰੰਥ ਸਾਹਿਬ ਜੀ ਦੇ ਪਰਕਾਸ਼ ਦੀ ਸ਼ਤਾਬਦੀ ਮਨਾਈ ਗਈ ਹੈ ਜਦੋਂ ਕਿ 1604 ਵਿੱਚ ਹਾਲੇ
ਸ਼ਬਦ-ਗੁਰੂ ਸਥਾਪਤ ਹੀ ਨਹੀਂ ਹੋਏ ਸਨ ਅਤੇ ਦਰਬਾਰ ਸਾਹਿਬ ਵਿੱਚ ਪਰਕਾਸ਼ ਧਾਰਮਿਕ ਪੁਸਤਕ (ਪੋਥੀ
ਸਾਹਿਬ/ਸ੍ਰੀ ਆਦਿ ਗ੍ਰੰਥ) ਦਾ ਹੀ ਕੀਤਾ ਗਿਆ ਸੀ।
ਸੰਨ 2008 ਵਿੱਚ ਸ਼ਬਦ-ਗੁਰੂ ਨੂੰ ਗੁਰਗੱਦੀ ਦਿੱਤੇ ਜਾਣ ਸਬੰਧੀ ਤਿੰਨ-ਸੌਵੀਂ ਵਰ੍ਹੇ ਗੰਢ ਮਨਾਈ ਗਈ
ਹੈ ਜਦ ਕਿ ਇਹ ਨਹੀਂ ਸੋਚਿਆ ਗਿਆ ਕਿ ਜਿਸ ਬੀੜ ਨੂੰ ਸਾਹਮਣੇ ਰੱਖ ਕੇ ਸ਼ਬਦ-ਗੁਰੂ ਨੂੰ ਗੁਰਗੱਦੀ
ਦਿਤੀ ਗਈ ਹੁਣ ਉਹ ਬੀੜ ਹੀ ਉਪਲਭਧ ਨਹੀਂ ਅਤੇ ਜਿਹੜੀ ਬੀੜ ਅਸੀਂ ਗੁਰਦੁਆਰਿਆਂ ਵਿੱਚ ਰਖਦੇ ਹਾਂ ਉਹ
ਛਾਪੇ ਦੀ ਬੀੜ ਹੈ ਨਾ ਕਿ ਦਮਦਮੀ ਬੀੜ ਦਾ ਉਤਾਰਾ। ਉਂਜ ਹੁਣ ਬਹੁਤੇ ਸਿੱਖ ਵਿਦਵਾਨ ਅਤੇ ਸ਼ਰਧਾਲੂ
ਸ਼੍ਰੋਮਣੀ ਕਮੇਟੀ ਵਲੋਂ ਛਾਪੀ ਜਾ ਰਹੀ ਬੀੜ ਨੂੰ ਹੀ ਗ੍ਰੰਥ ਸਾਹਿਬ ਦਾ ਪਰਮਾਣਿਕ ਰੂਪ ਮੰਨਣ ਦੀ
ਵਕਾਲਤ ਕਰਨ ਲਗ ਪਏ ਹਨ ਬਸ਼ਰਤਿ ਕਿ ਇਸ ਵਿੱਚ ਰਾਗਮਾਲਾ ਸ਼ਾਮਲ ਨਾ ਕੀਤੀ ਜਾਵੇ। ਅਜੋਕੇ ਸਮੇਂ ਸਿੱਖ
ਭਾਈਚਾਰਾ ਜਿਹਨਾਂ ਪ੍ਰਸਥਿਤੀਆਂ ਵਿਚੋਂ ਲੰਘ ਰਿਹਾ ਹੈ ਉਹਨਾਂ ਵਿੱਚ ਇਹੋ ਹੀ ਇੱਕ ਵਾਜਬ ਹਲ ਹੈ। ਪਰ
ਉਪਰੋਕਤ ਸਾਰੇ ਕੁੱਝ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਸਿੱਖਾਂ ਲਈ ਧਾਰਮਿਕ ਗ੍ਰੰਥ ਅਤੇ ਸ਼ਬਦ ਗੁਰੂ ਦੋ
ਵੱਖਰੇ ਸੰਕਲਪ ਹਨ।
ਚੰਗਾ ਹੋਵੇਗਾ ਕਿ ਸਿੱਖ ਕੌਮ ਆਪਣੇ ਧਾਰਮਿਕ ਗ੍ਰੰਥ ਅਤੇ ਸ਼ਬਦ-ਗੁਰੂ ਵਿਚਲੇ ਫਰਕ ਨੂੰ ਪਛਾਨਣ ਦੇ
ਸਮਰੱਥ ਹੋ ਜਾਵੇ। ਅਜਿਹਾ ਹੋਣ ਤੇ ਹੀ ਅਸੀਂ ਇਕੀਵੀਂ ਸਦੀ ਦੇ ਵਿਸ਼ਵ ਨੂੰ ਦੱਸ ਸਕਾਂਗੇ ਕਿ ਕਿਸ
ਤਰ੍ਹਾਂ ਸਿੱਖ ਧਰਮ ਇੱਕ ਨਵੀਨ ਅਤੇ ਵਿਗਿਆਨਕ ਧਰਮ ਹੈ। ਸਿੱਖਾਂ ਨੂੰ ਚਾਹੀਦਾ ਹੈ ਕਿ ਉਹ ਗ੍ਰੰਥ
ਸਾਹਿਬ ਦੇ ਪੁਸਤਕ ਰੂਪ ਨੂੰ ਪੂਰੀ ਮਾਨਤਾ ਦੇਣ ਅਤੇ ਨਾਲ ਹੀ ਗੁਰਬਾਣੀ ਦੇ ਇਸ ਪੱਖ ਨੂੰ ਖੂਬ
ਪਰਚਾਰਨ ਕਿ ਗੁਰਬਾਣੀ ਪੂਰੇ ਵਿਗਿਆਨਕ ਢੰਗ ਨਾਲ ਮਨੁੱਖਤਾ ਦੀ ਅਗਵਾਈ ਕਰ ਸਕਦੀ ਹੈ ਅਤੇ ਗੁਰਬਾਣੀ
ਦੀ ਫਿਲਾਸਫੀ ਵਿੱਚ ਗੈਰ-ਵਿਗਿਆਨਕ ਸੋਚ ਅਤੇ ਵਿਵਹਾਰ ਲਈ ਕੋਈ ਜਗਹ ਨਹੀਂ।
ਦੂਜੇ ਪਾਸੇ ਇਹ ਸੋਚਣਾ ਹੋਰ ਵੀ ਜ਼ਿਆਦਾ ਜ਼ਰੂਰੀ ਹੈ ਕਿ ਸ਼ਬਦ-ਗੁਰੂ ਦਾ ਸੰਕਲਪ ਕੀ ਹੈ। ਗੁਰਬਾਣੀ
ਗੁਰੂ ਸਾਹਿਬਾਨ ਵਲੋਂ ਬਖਸ਼ਿਆ ਹੋਇਆ ਗਿਆਨ ਵੀ ਹੈ ਅਤੇ ਆਦਰਸ਼ਕ ਜੀਵਨ ਜਾਚ ਲਈ ਸਿਖਿਆ ਵੀ ਹੈ।
ਗੁਰਬਾਣੀ ਵਿਚੋਂ ਪਰਾਪਤ ਕੀਤਾ ਗਿਆਨ ਅਤੇ ਇਸ ਵਿੱਚੋਂ ਲੈ ਕੇ ਮਨ ਵਿੱਚ ਵਸਾਈ ਹੋਈ ਸਿਖਿਆ ਹੀ
ਗਿਆਰ੍ਹਵਾਂ ਗੁਰੂ ਹੈ ਨਾ ਕਿ ਪੁਸਤਕ ਰੂਪ। ਨਿਸਚੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸੇ
ਧਾਰਨਾ ਨੂੰ ਮਨ ਵਿੱਚ ਰਖਦੇ ਹੋਏ ਗੁਰਬਾਣੀ (ਗ੍ਰੰਥ ਸਾਹਿਬ ਵਿੱਚ ਦਰਜ) ਨੂੰ ਗਿਆਰ੍ਹਵੇਂ ਗੁਰੂ ਦਾ
ਰੁਤਬਾ ਦਿਤਾ ਸੀ। ਇੱਕ ਆਦਰਸ਼ਕ ਸਿੱਖ ਉਹ ਹੀ ਹੈ ਜੋ ਗੁਰਬਾਣੀ ਵਿੱਚੋਂ ਪਰਾਪਤ ਹੁੰਦੀ ਸਮੁੱਚੀ
ਸਿਖਿਆ ਨੂੰ ਪਹਿਲਾਂ ਆਪ ਪੂਰੀ ਤਰਾਂ ਆਪਣੇ ਮਨ ਵਿੱਚ ਵਸਾ ਲਵੇ ਅਤੇ ਫਿਰ ਆਪਣੇ ਰੋਜ਼ਾਨਾ ਜੀਵਨ ਨੂੰ
ਇਸ ਅਨੁਸਾਰ ਢਾਲ ਲਵੇ। ਨਾਲ ਹੀ ਪੰਜ ਕਕਾਰਾਂ ਸਮੇਤ ਰਹਿਤ ਮਰਿਆਦਾ ਦੇ ਵਿਗਿਆਨਕ ਅਧਾਰ ਵਾਲੇ ਅੰਸ਼ਾਂ
ਦੀ ਪਾਲਣਾ ਕਰੇ। ਵਾਹਿਗੁਰੂ ਨੂੰ ਯਾਦ ਰਖੇ, ਹੱਕ ਦੀ ਕਮਾਈ ਕਰੇ ਅਤੇ ਲੋੜਵੰਦਾਂ ਦਾ ਸਹਾਈ ਹੋਵੇ।
ਹਰ ਇੱਕ ਸਿੱਖ ਗੁਰਮੁਖੀ ਚੰਗੀ ਤਰ੍ਹਾਂ ਜਾਣਦਾ ਹੋਵੇ, ਉਸ ਨੂੰ ਗੁਰਬਾਣੀ ਵਧ ਤੋਂ ਵੱਧ ਹਿੱਸਾ ਯਾਦ
ਹੋਵੇ ਅਤੇ ਉਹ ਸਿੱਖ ਇਤਿਹਾਸ ਤੋਂ ਭਲੀ-ਭਾਂਤ ਜਾਣੂ ਹੋਵੇ। ਸਿੱਖ ਹਰ ਵਕਤ ਯਾਦ ਰੱਖੇ ਕਿ ਉਸਦੇ ਮਨ
ਵਿੱਚ ਵਸੀ ਹੋਈ ਗੁਰਬਾਣੀ ਦੀ ਉਹ ਸਿਖਿਆ ਜਿਸ ਉਤੇ ਉਹ ਖੁਦ ਅਮਲ ਕਰਦਾ ਹੈ ਉਸਦਾ ਗਿਆਰ੍ਹਵਾਂ ਗੁਰੂ
ਸਾਹਿਬ ਹੈ।
ਭਾਗ ਦੂਜਾ
ਆਪਣੇ ਗਿਆਰ੍ਹਵੇਂ ਗੁਰੂ ਸਾਹਿਬ ਅਤੇ ਆਪਣੇ ਧਾਰਮਿਕ ਗ੍ਰੰਥ ਦੀ ਪ੍ਰਤਿਸ਼ਠਾ ਬਣਾਈ ਰੱਖਣ ਲਈ ਅਤੇ
ਉਹਨਾ ਪ੍ਰਤੀ ਸਚੀ ਸ਼ਰਧਾ ਦੇ ਪ੍ਰਗਟਾਵੇ ਹਿਤ ਕੁੱਝ ਸਾਵਧਾਨੀਆਂ ਵਰਤਣ ਦੀ ਵੀ ਲੋੜ ਹੈ ਜਿਵੇਂ:--
1. ਸਦਾ ਇਹ ਹੀ ਕਿਹਾ ਜਾਵੇ ਕਿ ਸਿੱਖਾਂ ਦੇ ਗਿਆਰਾਂ ਗੁਰੂ ਹਨ। ਕਿਸੇ ਸਮਾਜਕ ਜਾਂ ਧਾਰਮਿਕ ਮੌਕੇ,
ਕਿਸੇ ਲਿਖਤ ਜਾਂ ਭਾਸ਼ਣ ਵਿਚ, ਪਰਸਾਰਣ ਜਾਂ ਇੰਟਰਨੈਟ ਰਾਹੀਂ ਏਹੋ ਹੀ ਪਰਚਾਰਿਆ ਜਾਵੇ। ਸਕੂਲਾਂ
ਵਿੱਚ ਅਤੇ ਘਰਾਂ ਵਿੱਚ ਬਚਿੱਆਂ ਨੂੰ ਇਹੋ ਦਸਿਆ ਜਾਵੇ ਅਤੇ ਸਮੇਂ ਸਮੇਂ ਉਹਨਾਂ ਅੱਗੇ ਇਸ ਬਾਰੇ
ਸਵਾਲ ਦੁਹਰਾਇਆ ਜਾਵੇ। ਇਹ ਵੀ ਦਸਿੱਆ ਜਾਵੇ ਕਿ ਸਿੱਖਾਂ ਦੀ ਧਾਰਮਿਕ ਪੁਸਤਕ ਦੇ ਸੰਕਲਪ ਅਤੇ
ਸ਼ਬਦ-ਗੁਰੂ ਦੇ ਸੰਕਲਪ ਵਿੱਚ ਕੀ ਅੰਤਰ ਹੈ।
2. ਗ੍ਰੰਥ ਸਾਹਿਬ ਦੀ ਪੁਸਤਕ ਦੇ ਤੌਰ ਤੇ ਗਲ ਕਰਦਿਆਂ “ਗੁਰੂ” ਸ਼ਬਦ ਨਾ ਵਰਤਿਆ ਜਾਵੇ। ਇਹ ਗਲਤੀ
ਬੋਲਣ, ਲਿਖਤਾਂ ਅਤੇ ਇੰਟਰਨੈਟ ਵਿੱਚ ਵੱਡੇ ਪੱਧਰ ਤੇ ਹੋ ਰਹੀ ਹੈ। ਹਰ ਇੱਕ ਧਰਮ ਦਾ ਆਪਣਾ ਧਾਰਮਿਕ
ਗ੍ਰੰਥ ਹੁੰਦਾ ਹੈ। ਇਸ ਕਰਕੇ ਸਾਨੂੰ ਇਹ ਕਹਿਣ ਵਿੱਚ ਕੋਈ ਝਿਜਕ ਨਹੀਂ ਹੋਣੀ ਚਾਹੀਦੀ ਕਿ ਗ੍ਰੰਥ
ਸਾਹਿਬ ਸਿੱਖਾਂ ਦੀ ਧਾਰਮਿਕ ਪੁਸਤਕ ਹੈ ਅਤੇ ਇਸ ਵਿੱਚ ਦਰਜ ਗੁਰਬਾਣੀ ਦੀ ਸਿਖਿਆ ਜਿਸ ਤੇ ਇੱਕ ਪੂਰਨ
ਸਿੱਖ ਆਪਣੇ ਜੀਵਨ ਵਿੱਚ ਵਿੱਚ ਅਮਲ ਕਰਦਾ ਹੈ, ਉਸਦਾ ਗਿਆਰ੍ਹਵਾਂ ਗੁਰੂ ਸਾਹਿਬ ਹੈ।
3. ਗ੍ਰੰਥ ਸਾਹਿਬ ਨੂੰ “ਗੁਰੂ” ਕਹਿੰਦੇ ਹੋਏ ਉਸ ਬਾਰੇ ਗੋਸ਼ਟੀਆਂ ਜਾਂ ਸੈਮੀਨਾਰ ਨਾ ਕਰਵਾਏ ਜਾਣ।
ਇਹ ਸੋਚਣ ਵਾਲੀ ਗੱਲ ਹੈ ਕਿ ਜੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਜਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਸਾਡੇ ਵਿੱਚ ਮੌਜੂਦ ਹੋਣ ਤਾਂ ਕੀ ਅਸੀਂ ਉਹਨਾਂ ਬਾਰੇ ਗੋਸ਼ਟੀਆਂ ਕਰਵਾਵਾਂਗੇ? ਗੁਰੂ ਅਤੇ ਗੁਰਬਾਣੀ
ਨੂੰ ਗੋਸ਼ਟੀਆਂ ਦਾ ਵਿਸ਼ਾ ਬਨਾਉਣ ਦੀ ਉਂਜ ਹੀ ਲੋੜ ਨਹੀਂ। ਕੀ ਸਾਨੂੰ ਉਹਨਾਂ ਦੀ ਪ੍ਰਮਾਣਿਕਤਾ ਜਾਂ
ਮਹੱਤਤਾ ਬਾਰੇ ਕੋਈ ਸ਼ੱਕ ਹੈ? ਗੁਰੂ ਸਾਹਿਬਾਨ ਅਤੇ ਗੁਰਬਾਣੀ ਦਾ ਸੰਦੇਸ਼ ਅਮਲ ਕਰਨ ਲਈ ਹੈ ਬਹਿਸ ਕਰਨ
ਵਾਸਤੇ ਨਹੀਂ। ਗੁਰਬਾਣੀ ਦੇ ਅਧਿਆਤਮਕ, ਨੈਤਿਕ, ਵਿਗਿਆਨਕ, ਸਾਹਿਤਕ ਅਤੇ ਕਲਾਤਮਕ ਪੱਖਾਂ ਬਾਰੇ
ਲਿਖਤਾਂ ਰਾਹੀਂ ਪਰਚਾਰ ਕੀਤਾ ਜਾ ਸਕਦਾ ਹੈ।
4. ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਦੇ ਦੂਜੀਆਂ ਭਾਸ਼ਾਵਾਂ ਵਿੱਚ ਤਰਜਮੇ ਨਾ ਕਰਵਾਏ ਜਾਣ। ਤਰਜਮੇ
ਵਿੱਚ ਕਿਸੇ ਵੀ ਤਰ੍ਹਾਂ ਗੁਰਬਾਣੀ ਦੇ ਰਸ ਅਤੇ ਅਰਥਾਂ ਦੀ ਮੌਲਕਿਤਾ ਬਣੀ ਨਹੀਂ ਰਹਿ ਸਕਦੀ।
ਗੁਰਬਾਣੀ ਜਿਸ ਭਾਸ਼ਾ ਵਿੱਚ ਲਿਖੀ ਗਈ ਹੈ ਉਸੇ ਵਿੱਚ ਹੀ ਇਸਦੀ ਭਾਵਨਾਂ ਕਾਇਮ ਰਖੀ ਜਾ ਸਕਦੀ ਹੈ।
ਜਿਸ ਕਿਸੇ ਦੀ ਗੁਰਬਾਣੀ ਦਾ ਰਸ ਮਾਨਣ ਦੀ ਚੇਸ਼ਟਾ ਹੋਵੇਗੀ ਉਹ ਗੁਰਬਾਣੀ ਦੀ ਭਾਸ਼ਾ ਵੀ ਸਿਖ ਲਵੇਗਾ।
ਗੁਰਬਾਣੀ ਦਾ ਕੇਵਲ ਸ਼ਬਦਾਰਥ ਹੋ ਸਕਦਾ ਹੈ। ਜੋ ਤਰਜਮਾ ਹੋ ਚੁਕਾ ਹੈ ਉਸ ਨੂੰ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਦਾ ਤਰਜਮਾ ਨਾ ਕਿਹਾ ਜਾਵੇ। ਗੁਰੂ ਦਾ ਤਰਜਮਾ ਨਹੀਂ ਹੋ ਸਕਦਾ। ਹੋ ਚੁਕੇ ਤਰਜਮੇ ਨੂੰ
ਕੇਵਲ ਗੁਰਬਾਣੀ ਦਾ ਤਰਜਮਾ ਕਿਹਾ ਜਾਵੇ। ਇਸ ਸਬੰਧੀ ਸੋਧ ਜ਼ਰੂਰੀ ਹੈ।
5. ਗ੍ਰੰਥ ਸਾਹਿਬ ਨੂੰ ਜਲੂਸਾਂ ਵਿੱਚ ਨਾ ਲਿਜਾਇਆ ਜਾਵੇ। ਇਹ ਵੀ ਸੋਚਣਾ ਬਣਦਾ ਹੈ ਕਿ ਜੇ ਸ੍ਰੀ
ਗੁਰੂ ਨਾਨਕ ਦੇਵ ਜੀ ਸਾਡੇ ਵਿੱਚ ਮੌਜੂਦ ਹੋਣ ਤਾਂ ਕੀ ਅਸੀਂ ਉਹਨਾਂ ਨੂੰ ਕਿਸੇ ਜਲੂਸ ਵਿੱਚ ਸ਼ਾਮਲ
ਕਰਾਂਗੇ? ਧਾਰਮਿਕ ਜਲਸੇ ਜਲੂਸ ਤਾਂ ਉਂਜ ਵੀ ਸਿੱਖ ਧਰਮ ਦੀ ਵਿਚਾਰਧਾਰਾ ਦੇ ਅਨੁਕੂਲ ਨਹੀਂ। ਜੇ
ਪਹਿਲੇ ਗੁਰੂ ਸਾਹਿਬਾਨ ਵਿਚੋਂ ਕੋਈ ਸਾਡੇ ਵਿੱਚ ਮੌਜੂਦ ਹੋਣ ਤਾਂ ਉਹ ਕਦੀ ਵੀ ਕਿਸੇ ਜਲੂਸ ਦੀ ਆਗਿਆ
ਨਾ ਦੇਣ। ਗ੍ਰੰਥ ਸਾਹਿਬ ਜੀ ਨੂੰ ਇੱਕ ਧਾਰਮਿਕ ਪੁਸਤਕ ਵਜੋਂ ਜਲੂਸ ਵਿੱਚ ਲੈ ਕੇ ਜਾਣ ਦੀ ਕਾਰਵਾਈ
ਵੀ ਬੇਤੁਕੀ ਹੀ ਜਾਪੇਗੀ।
6. ਗ੍ਰੰਥ ਸਾਹਿਬ ਨੂੰ ਮੀਟਿੰਗਾਂ/ ਕਾਨਫਰੰਸਾਂ ਵਾਲੀ ਥਾਂ ਤੇ ਨਾ ਲਿਜਾਇਆ ਜਾਵੇ। ਮੀਟਿੰਗਾਂ ਅਤੇ
ਕਾਨਫਰੰਸਾਂ (ਭਾਵੇਂ ਉਹ ਕਿਸੇ ਗੁਰਦੁਆਰਾ ਪਰਬੰਧਕ ਕਮੇਟੀ ਦੀਆਂ ਹੀ ਕਿਉਂ ਨਾ ਹੋਣ) ਵਿੱਚ ਮਾਹੌਲ
ਵਾਜਬ ਨਾ ਹੋਣ ਕਰਕੇ ਗ੍ਰੰਥ ਸਾਹਿਬ ਦਾ ਪਰਕਾਸ਼ ਕਰਨ ਸਬੰਧੀ ਇਤਰਾਜ਼ ਉਠਦੇ ਹੀ ਰਹਿੰਦੇ ਹਨ ਅਤੇ ਇਹ
ਇਤਰਾਜ਼ ਸਹੀ ਵੀ ਹਨ। ਪਰ ਸਭ ਤੋਂ ਵੱਡਾ ਇਤਰਾਜ਼ ਮੀਟਿੰਗਾਂ/ਕਾਨਫਰੰਸਾਂ ਵਾਲੀ ਥਾਂ ਤੇ ਲਿਜਾ ਕੇ
ਗ੍ਰੰਥ ਸਾਹਿਬ ਦੇ ਰੁਤਬੇ ਨੂੰ ਨੀਵਾਂ ਕਰਨ ਉਤੇ ਬਣਦਾ ਹੈ।
7. ਗ੍ਰੰਥ ਸਾਹਿਬ ਅੱਗੇ ਧੂਫ-ਬੱਤੀ, ਪੁਸ਼ਪ-ਭੇਟ, ਆਰਤੀ ਆਦਿਕ ਨਾ ਕੀਤਾ ਜਾਵੇ ਅਤੇ ਨਾ ਹੀ ਗ੍ਰੰਥ
ਸਾਹਿਬ ਦੀਆਂ ਪਰਕਰਮਾਂ ਕੀਤੀਆਂ ਜਾਣ। ਇਹ ਸਭ ਮੂਰਤੀ ਪੂਜਾ ਦੀ ਨਿਆਂਈਂ ਹੈ। ਬਸ ਜਿਥੇ ਪਰਕਾਸ਼ ਹੈ
ਜਾਂ ਬੀੜਾਂ ਬਿਰਾਜਮਾਨ ਹਨ ਉਸ ਕਮਰੇ ਅਤੇ ਆਲੇ ਦੁਆਲੇ ਨੂੰ ਚੰਗੀ ਤਰਾਂ ਸਾਫ ਰਖੱਣ ਦੀ ਲੋੜ ਹੁੰਦੀ
ਹੈ। ਇਹ ਹੀ ਕਾਫੀ ਹੈ।
8. ਸਿੱਖ ਧਰਮ ਦੀਆਂ ਰਸਮਾਂ ਵਜੋਂ ਕੀਰਤਨ ਪਰਮੁੱਖ ਹੈ। ਸਾਰੇ ਸਿੱਖ ਗੁਰੂ ਖੁਦ ਕੀਰਤਨ ਕਰਦੇ ਰਹੇ
ਹਨ। ਸਿੱਖ ਧਰਮ ਦੀ ਕੀਰਤਨ-ਪ੍ਰਥਾ ਦੁਨੀਆਂ ਭਰ ਦੇ ਧਰਮਾਂ ਵਿੱਚ ਅਲੌਕਿਕ ਹੈ। ਸਿੱਖ ਧਰਮ ਵਿੱਚ
ਪਰਮਾਤਮਾ ਨੂੰ ਹਰ ਸਮੇਂ ਅੰਗ-ਸੰਗ ਸਮਝਣਾਂ, ਗੁਰਬਾਣੀ ਕੰਠ ਕਰਕੇ ਪਾਠ ਕਰਨਾ ਅਤੇ ਕੀਰਤਨ ਵਿੱਚ
ਸ਼ਾਮਲ ਹੋਣਾ ਹੀ ਧਾਰਮਿਕ ਰਸਮਾਂ ਹਨ। ਬਾਕੀ ਸਭ ਬ੍ਰਾਹਮਣੀ ਕਰਮ-ਕਾਂਡ ਹੀ ਹੈ।
9. ਗ੍ਰੰਥ ਸਾਹਿਬ ਨੂੰ ਟੀ. ਵੀ. ਅਤੇ ਫਿਲਮ ਦੇ ਪਰਦੇ ਤੇ ਵਿਖਾਉਣ ਦੀ ਇਜਾਜ਼ਤ ਨਾ ਦਿਤੀ ਜਾਵੇ।
ਜੇਕਰ ਲੋਕ ਟੀ. ਵੀ. ਤੇ ਦਿਸ ਰਹੀ ਤਸਵੀਰ ਨੂੰ ਮੱਥਾ ਟੇਕਦੇ ਹਨ ਤਾਂ ਮੂਰਤੀ ਪੂਜਾ ਹੈ ਜੇ ਨਹੀਂ
ਟੇਕਦੇ ਤਾਂ ਬੇਅਦਬੀ ਹੈ। ਇਹੋ ਸਥਿਤੀ ਸਾਰੇ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਘਰਾਂ ਵਿਚ, ਧਾਰਮਿਕ
ਸਥਾਨਾਂ ਅਤੇ ਜਨਤਕ ਥਾਵਾਂ ਤੇ ਲਾਉਣ ਬਾਰੇ ਹੈ। ਪੁਸਤਕਾਂ, ਕੈਲੰਡਰਾਂ, ਇੰਟਰਨੈਟ, ਇਸ਼ਤਿਹਾਰਾਂ,
ਰਿਸਾਲਿਆਂ ਆਦਿਕ ਵਿੱਚ ਵੀ ਉਪਰੋਕਤ ਦੱਸੇ ਕਾਰਨਾਂ ਕਰਕੇ ਗ੍ਰੰਥ ਸਾਹਿਬ ਅਤੇ ਗੁਰੂ ਸਾਹਿਬਾਨ ਦੀਆਂ
ਤਸਵੀਰਾਂ ਨਹੀਂ ਵਿਖਾਉਣੀਆਂ ਚਾਹੀਦੀਆਂ। ਸ੍ਰੀ ਦਰਬਾਰ ਸਾਹਿਬ ਜਾਂ ਕਿਸੇ ਹੋਰ ਗੁਰਧਾਮ ਤੋਂ ਟੀ.
ਵੀ. ਪਰਸਾਰਣ ਵੇਲੇ ਵੀ ਕੈਮਰਾ ਗ੍ਰੰਥ ਸਾਹਿਬ ਉਤੇ ਨਾ ਪਾਇਆ ਜਾਵੇ।
10. ਗ੍ਰੰਥ ਸਾਹਿਬ ਨੂੰ ਗੁਰੂ ਦੇ ਤੌਰ ਤੇ ਘਰਾਂ ਵਿੱਚ ਨਾ ਲਿਜਾਇਆ ਜਾਵੇ। ਜ਼ਰਾ ਸੋਚੋ ਕਿ ਜੇ ਸ੍ਰੀ
ਗੁਰੂ ਨਾਨਕ ਦੇਵ ਜੀ ਸਾਡੇ ਵਿੱਚ ਮੌਜੂਦ ਹੋਣ ਤਾਂ ਕੀ ਉਹਨਾਂ ਨੂੰ ਇਸ ਤਰ੍ਹਾਂ ਘਰਾਂ ਵਿੱਚ ਲਿਜਾਇਆ
ਜਾਵੇਗਾ? ਕਿਸੇ ਬਾਣੀ ਦੀ ਪੋਥੀ ਨੂੰ ਹੀ ਘਰਾਂ ਵਿੱਚ ਲਿਜਾਇਆ ਜਾਵੇ। ਉਹ ਵੀ ਕਿਸੇ ਧਾਰਮਿਕ
ਕਰਮ-ਕਾਂਡ ਲਈ ਨਹੀਂ ਕੇਵਲ ਅਧਿਐਨ ਖਾਤਰ ਹੀ। ਹੁਣ ਸਵਾਲ ਉਠੇਗਾ ਕਿ ਸ਼ਰਧਾਲੂ ਪਾਠ ਕਿਵੇਂ ਕਰਵਾਉਣ।
ਪਹਿਲਾਂ ਤਾਂ ਚੰਗਾ ਇਹੀ ਹੀ ਹੈ ਕਿ ਅਖੰਡ ਪਾਠ, ਖੁੱਲ੍ਹੇ ਪਾਠ ਅਤੇ ਰੈਣ-ਸਭਾਈ ਆਦਿਕ ਨਾ ਹੀ ਕਰਵਾਏ
ਜਾਣ। ਭਾਵ ਇਹ ਹੈ ਕਿ ਗੁਰਦਵਾਰੇ ਵਿਚ, ਕਿਸੇ ਜਨਤਕ ਥਾਂ ਤੇ ਜਾਂ ਘਰਾਂ ਵਿੱਚ ਗ੍ਰੰਥ ਸਾਹਿਬ ਦਾ
ਪਰਕਾਸ਼ ਕਰਕੇ ਸਿਰਫ ਪਾਠ ਹੀ ਕਰੀ ਜਾਣਾ (ਲਗਾਤਾਰ ਜਾਂ ਰੁਕ ਰੁਕ ਕੇ) ਇੱਕ ਤਰ੍ਹਾਂ ਦਾ ਕਰਮ-ਕਾਂਡ
ਹੀ ਹੈ ਅਤੇ ਇਹ ਹਵਨ ਦੀ ਤਰਜ਼ ਤੇ ਇੱਕ ਬ੍ਰਾਹਮਣੀ ਰਸਮ ਹੀ ਬਣਦੀ ਹੈ। ਇਸ ਤਰ੍ਹਾਂ ਦੇ ਪਾਠ ਦੀ ਜਗਹ
ਤੇ ਕਿਸੇ ਇੱਕ ਬਾਣੀ ਦੀ ਪੋਥੀ ਤੋਂ ਪਾਠ ਕਰਕੇ ਨਾਲ-ਨਾਲ ਸੰਗਤਾਂ ਨੂੰ ਸ਼ਬਦਾਰਥ ਤੋਂ ਜਾਂ ਜ਼ਬਾਨੀ,
ਅਰਥ ਸਮਝਾਏ ਜਾਣ। ਨਾਲ ਹੀ ਗੁਰਦੁਆਰੇ ਤੋਂ ਉਚੇਚਾ ਜਾ ਕੇ ਲਿਆਂਦਾ ਵਾਕ ਪੜ੍ਹ ਕੇ ਸੁਣਾਇਆ ਜਾਵੇ।
ਵਾਕ ਦੇ ਅਰਥ ਵੀ ਸਮਝਾਏ ਜਾਣ। ਕੀਰਤਨ ਵੀ ਜ਼ਰੂਰ ਕੀਤਾ ਜਾਵੇ।
11. ਸ਼ੋਕ-ਸਭਾਵਾਂ ਵਿੱਚ ਅਤੇ ਮਰਨੇ-ਪਰਨੇ ਦੇ ਭੋਗ ਵੇਲੇ ਗ੍ਰੰਥ ਸਾਹਿਬ ਨੂੰ ਸ਼ਾਮਲ ਕਰਨਾ ਮੂਲੋਂ ਹੀ
ਇਤਰਾਜ਼ਯੋਗ ਹੈ। ਪਹਿਲਾਂ ਤਾਂ ਸਿੱਖ ਵਿਚਾਰਧਾਰਾ ਅਨੁਸਾਰ ਸਸਕਾਰ ਉਪਰੰਤ ਸ਼ਮਸ਼ਾਨ ਘਾਟ ਵਿੱਚ ਅਰਦਾਸ
ਅਤੇ ਕੀਰਤਨ ਕਰ ਲੈਣ ਪਿਛੋਂ ਕੋਈ ਵੀ ਰਸਮ ਨਹੀਂ ਕਰਨੀ ਚਾਹੀਦੀ। ਆਤਮਿਕ ਸ਼ਾਂਤੀ ਅਤੇ ਭਾਣਾ ਮੰਨਣ ਦੀ
ਸ਼ਕਤੀ ਲਈ ਇੱਕ ਵਾਰ ਕੀਤੀ ਅਰਦਾਸ ਹੀ ਕਾਫੀ ਹੋਣੀ ਚਾਹੀਦੀ ਹੈ। ਪਰ ਅਸੀਂ ਭੋਗ ਦੇ ਨਾਮ ਤੇ ਸ਼ੋਕ ਸਭਾ
ਵੀ ਜ਼ਰੂਰ ਕਰਨਾਂ ਚਾਹੁੰਦੇ ਹਾਂ। ਇਥੋਂ ਤਕ ਕਿ ਗੁਰਦੁਆਰਿਆਂ ਦੇ ਅੰਦਰਵਾਰ ਵੀ ਸ਼ੋਕ ਸਭਾਵਾਂ ਕੀਤੀਆਂ
ਜਾ ਰਹੀਆਂ ਹਨ। ਅਜਿਹੀਆਂ ਸਭਾਵਾਂ ਰਾਹੀਂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਮਰਨ ਵਾਲੇ ਦੀ ਪ੍ਰਸ਼ੰਸਾ
ਦੇ ਮੀਨਾਰ ਉਸਾਰੇ ਜਾਂਦੇ ਹਨ। ਮਰਨ ਵਾਲੇ ਦੀ ਤਸਵੀਰ ਵੀ ਰੱਖੀ ਜਾਂਦੀ ਹੈ। ਇਹ ਸਾਰਾ ਕੁੱਝ ਨਾਲ
ਗੁਰਬਾਣੀ ਦੀ ਸਿਖਿਆ ਦੇ ਐਨ ਉਲਟ ਹੈ।
12. ਗ੍ਰੰਥ ਸਾਹਿਬ ਅਗੇ ਕੋਈ ਪਦਾਰਥਕ ਚੀਜ਼ ਭੇਟ ਨਾਂ ਕੀਤੀ ਜਾਵੇ। ਇਹ ਕਾਰਵਾਈ ਮੂਰਤੀ ਪੂਜਾ ਦਾ
ਹਿੱਸਾ ਹੈ। ਪੈਸਾ ਤਾਂ ਬਿਲਕੁਲ ਹੀ ਨਾ ਸੁਟਿਆ ਜਾਵੇ। ਅਦਬ ਵਜੋਂ ਕੇਵਲ ਮੱਥਾ ਹੀ ਟੇਕਿਆ ਜਾਵੇ।
ਕੀਰਤਨ ਵੇਲੇ ਵੀ ਮਾਇਆ ਭੇਂਟ ਕਰਨ ਨਾਲ ਕੀਰਤਨੀ ਜਥੇ ਦੀ ਇਕਾਗਰਤਾ ਭੰਗ ਹੁੰਦੀ ਹੈ। ਮਾਇਆ
ਗੁਰਦੁਆਰਾ ਪਰਬੰਧਕਾਂ ਦੇ ਦਫਤਰ ਵਿੱਚ ਜਮਾਂ ਕਰਵਾ ਕੇ ਰਸੀਦ ਲਈ ਜਾਵੇ। ਸੰਗਤ ਨੂੰ ਹਿਸਾਬ ਚੈਕ ਕਰਨ
ਦਾ ਹੱਕ ਹੋਵੇ।
13. ਨਾ ਹੀ ਅਰਦਾਸ ਵਿੱਚ ਗ੍ਰੰਥ ਸਾਹਿਬ ਪਾਸੋਂ (ਉਸ ਨੂੰ ਗੁਰੂ ਸਮਝਦੇ ਹੋਏ) ਪਦਾਰਥਕ ਲਾਭਾਂ ਦੀ
ਮੰਗ ਕੀਤੀ ਜਾਵੇ ਅਤੇ ਸੁੱਖਣਾਂ ਵੀ ਨਾ ਸੁਖੀਆਂ ਜਾਣ। ਪਹਿਲਾਂ ਹੀ ਜੋ ਕੁੱਝ ਪਰਾਪਤ ਹੈ ਉਸਦਾ
ਸ਼ੁਕਰਾਨਾ ਕੀਤਾ ਜਾਵੇ, ਸਬਰ-ਸੰਤੋਖ ਨਾਲ ਜੀਣ, ਭਾਣਾ ਮੰਨਣ ਅਤੇ ਉਨੱਤੀ ਲਈ ਜਦੋਜਹਿਦ ਕਰਨ ਦਾ ਪ੍ਰਣ
ਲਿਆ ਜਾਵੇ। ਇਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਪੂਜਾ ਹੈ।
14. ਵਿਦਿਅਕ ਕਾਰਜਾਂ ਜਿਵੇਂ ਅਧਿਐਨ, ਖੋਜ-ਕਾਰਜ, ਲੇਖ ਲਿਖਣ ਅਦਿਕ ਲਈ ਗੁਰਬਾਣੀ ਦੀ ਵਰਤੋਂ ਤੇ
ਇਤਰਾਜ਼ ਨਾ ਕੀਤਾ ਜਾਵੇ। ਟੂਕਾਂ ਦਾ ਸਰੋਤ ਗੁਰਬਾਣੀ ਜਾਂ ਛਾਪੇ ਦੀ ਬੀੜ ਅੰਕਿਤ ਕੀਤਾ ਜਾਵੇ ਨਾ ਕਿ
ਸ੍ਰੀ ਗੁਰੂ ਗਰੰਥ ਸਾਹਿਬ ਜੀ। ਵਿਦਵਾਨਾਂ ਨੂੰ ਗੁਰਬਾਣੀ ਲਿਟਰੇਚਰ ਉਤੇ ਖੋਜ ਕਰਨ ਤੋਂ ਨਿਰਉਤਸਾਹਤ
ਨਾ ਕੀਤਾ ਜਾਵੇ। ਖੋਜ-ਕਾਰਜ ਉਤੇ ਇਤਰਾਜ਼ ਉਠੱਣ ਤੇ ਸਿੱਖ ਸੰਸਥਾਵਾਂ ਵੱਲੋਂ ਅਗਲੇਰੀ ਕਾਰਵਾਈ ਤੋਂ
ਪਹਿਲਾਂ ਗੋਸ਼ਟੀ ਕਰਵਾ ਕੇ ਸਥਿਤੀ ਸਪਸ਼ਟ ਕਰ ਲੈਣੀ ਚਾਹੀਦੀ ਹੈ।
15. ਗ੍ਰੰਥ ਸਾਹਿਬ ਦੇ ਸਰੂਪ ਨੂੰ ਗਿਆਰ੍ਹਵੇਂ ਗੁਰੂ ਜੀ ਦੀ ਦੇਹ ਨਾ ਕਿਹਾ ਜਾਵੇ ਕਿਉਂਕਿ ਗੁਰੂ
ਸਾਹਿਬ ਮਨੁੱਖੀ ਜਾਂ ਕਿਸੇ ਹੋਰ ਜੀਵ ਦੇ ਜਾਂ ਕਿਸੇ ਪਦਾਰਥ ਦੇ ਰੂਪ ਵਿੱਚ ਮੌਜੂਦ ਨਹੀਂ ਹਨ। ਉਹ
ਤਾਂ ਸਾਡੇ ਮਨ ਵਿੱਚ ਵਸੀ ਹੋਈ ਗੁਰਬਾਣੀ ਦੀ ਉਸ ਸਿਖਿਆ ਵਿੱਚ ਮੌਜੂਦ ਹਨ ਜਿਸ ਉਤੇ ਅਸੀਂ ਆਪਣੇ
ਜੀਵਨ ਵਿੱਚ ਅਮਲ ਕਰ ਰਹੇ ਹੁੰਦੇ ਹਾਂ। ਇਸ ਸਿਖਿਆ ਦਾ ਪਦਾਰਥਕ ਰੂਪ ਕੋਈ ਨਹੀਂ।
16. ਗ੍ਰੰਥ ਸਾਹਿਬ ਦਾ ਕੇਵਲ ਗੁਰਦੁਆਰੇ ਵਿੱਚ ਪਰਕਾਸ਼ ਹੋਵੇ। ਘਰਾਂ ਵਿੱਚ ਰੱਖਣ ਦੀ ਇਜਾਜ਼ਤ ਨਾ
ਦਿਤੀ ਜਾਵੇ। ਘਰਾਂ ਵਿੱਚ ਪੂਰੀ ਸੰਭਾਲ ਅਤੇ ਆਦਰ-ਸਤਿਕਾਰ ਸੰਭਵ ਨਹੀਂ। ਵਿਖਾਵਾ ਵੀ ਲਗਦਾ ਹੈ।
ਸ਼ਰਧਾਲੂਆਂ ਨੂੰ ਗ੍ਰੰਥ ਸਾਹਿਬ ਪ੍ਰਤੀ ਆਪਣਾ ਸਤਿਕਾਰ ਪੇਸ਼ ਕਰਨ ਲਈ ਗੁਰਦੁਆਰਾ ਸਾਹਿਬ ਚੱਲ ਕੇ ਜਾਣਾ
ਚਾਹੀਦਾ ਹੈ। ਉਥੇ ਉਹ ਗੁਰਬਾਣੀ ਦੀ ਵਿਆਖਿਆ ਵੀ ਸਰਵਣ ਕਰ ਸਕਦੇ ਹਨ ਅਤੇ ਕੀਰਤਨ ਦਾ ਰਸ ਵੀ ਮਾਣ
ਸਕਦੇ ਹਨ।
17. ਕਈ ਵਾਰ ਕਿਸੇ ਸ਼ਰਾਰਤੀ ਅਨਸਰ ਦੇ ਹੱਥੀਂ ਜਾਂ ਕਿਸੇ ਦੁਰਘਟਨਾਂ ਰਾਹੀਂ ਗ੍ਰੰਥ ਸਾਹਿਬ ਦੇ ਸਰੂਪ
ਦਾ ਜਾਂ ਕਿਸੇ ਬੀੜ ਦਾ ਅਪਮਾਨ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਸਹਿਨਸ਼ੀਲਤਾ ਤੋਂ ਕੰਮ ਲਿਆ
ਜਾਵੇ ਅਤੇ ਉਤੇਜਤ ਨਾ ਹੋਇਆ ਜਾਵੇ। ਘਟਨਾ ਦੀ ਅਖਬਾਰਾਂ, ਰੇਡੀਓ, ਟੀ. ਵੀ. ਆਦਿਕ ਤੇ ਖਬਰ ਨਾ ਜਾਣ
ਦਿਤੀ ਜਾਵੇ। ਸਗੋਂ ਅਜਿਹੀ ਸਥਿਤੀ ਵਿੱਚ ਸਿੱਖਾਂ ਨੂੰ ਸੋਚਣਾ ਚਾਹਦਿਾ ਹੈ ਕਿ ਉਹਨਾਂ ਤੋਂ ਆਪ ਹੀ
ਕੋਈ ਅਣਗਹਿਲੀ ਹੋ ਗਈ ਹੋਵੇਗੀ ਜੋ ਉਹ ਗ੍ਰੰਥ ਸਾਹਿਬ ਦੀ ਜਾਂ ਸਬੰਧਤ ਬੀੜ ਦੀ ਚੰਗੀ ਤਰਾਂ ਸੰਭਾਲ
ਨਹੀਂ ਕਰ ਸਕੇ। ਸੋ ਘਟਨਾ ਦੀ ਜ਼ਿਮੇਵਾਰੀ ਆਪਣੇ ਆਪ ਉਤੇ ਲੈਂਦੇ ਹੋਏ ਦੋਸ਼ੀ ਨੂੰ ਅਗਿਆਨੀ ਸਮਝ ਕੇ
ਮਾਫ ਕਰ ਦੇਣਾ ਚਾਹੀਦਾ ਹੈ। ਜੇ ਸ੍ਰੀ ਗੁਰੂ ਅਰਜਨ ਦੇਵ ਜੀ ਸਾਡੇ ਵਿੱਚ ਮੌਜੂਦ ਹੋਣ ਤਾਂ ਨਿਸਚੇ ਹੀ
ਅਜਿਹਾ ਕਰਨ ਦੀ ਹਦਾਇਤ ਕਰਨ।
18. ਵਿਆਹ ਦੇ ਮੌਕੇ ਘਰਾਂ ਵਿੱਚ ਜਾਂ ਗੁਰਦੁਆਰੇ ਵਿੱਚ ਗ੍ਰੰਥ ਸਾਹਿਬ ਦੇ ਦੁਆਲੇ ਲਾਵਾਂ ਨਾ ਲਈਆਂ
ਜਾਣ। ਇਹ ਵੇਦੀ ਦੇ ਫੇਰਿਆਂ ਦੀ ਬ੍ਰਾਹਮਣੀ ਰਸਮ ਦੀ ਨਕਲ ਹਨ। ਚੰਗਾ ਹੋਵੇਗਾ ਕਿ ਵਿਆਂਦ੍ਹੜ ਜੋੜੇ
ਨੂੰ ਗੁਰਦੁਆਰੇ ਦੇ ਅੰਦਰ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬਿਠਾ ਕੇ ਸ੍ਰੀ ਗੁਰੂ ਰਾਮਦਾਸ ਜੀ ਵਲੋਂ
ਰਚੇ ਲਾਵਾਂ ਵਾਲੇ ਪਾਠ ਦੇ ਅਰਥ ਸਮਝਾਏ ਜਾਣ ਅਤੇ ਇਸ ਬਾਣੀ ਦਾ ਕੀਰਤਨ ਵੀ ਕੀਤਾ ਜਾਵੇ। ਗ੍ਰੰਥ
ਸਾਹਿਬ ਵਿਚੋਂ ਵਾਕ ਲੈ ਕੇ ਉਸਦੇ ਅਰਥ ਸਮਝਾਏ ਜਾਣ। ਏਸੇ ਕਾਰਵਾਈ ਨੂੰ ਅਨੰਦ-ਕਾਰਜ ਦੀ ਰਸਮ ਵਜੋਂ
ਮਾਨਤਾ ਦਿਤੀ ਜਾਵੇ।
19. ਗੁਰਬਾਣੀ ਪੜ੍ਹਨ ਵੇਲੇ ਅਤੇ ਕੀਰਤਨ ਕਰਨ ਵੇਲੇ ਲਾਊਡਸਪੀਕਰ ਦੀ ਵਰਤੋਂ ਨਾ ਕੀਤੀ ਜਾਵੇ। ਇਸ
ਵਿੱਚ ਗੁਰਬਾਣੀ ਦੀ ਪ੍ਰੀਤਿਸ਼ਠਾ ਨੂੰ ਕਈ ਤਰਾਂ ਨਾਲ ਠੇਸ ਪਹੁੰਚਦੀ ਹੈ ਅਤੇ ਰੋਗੀਆਂ, ਵਿਦਿਆਰਥੀਆਂ,
ਵਿਦਵਾਨਾਂ, ਲਿਖਾਰੀਆਂ, ਕਲਾਕਾਰਾਂ, ਤਪੱਸਵੀਆਂ ਅਤੇ ਰਾਤੀਂ ਕੰਮ ਤੋਂ ਦੇਰ ਨਾਲ ਮੁੜੇ ਲੋਕਾਂ ਨੂੰ
ਬਹੁਤ ਪਰੇਸ਼ਾਨੀ ਹੁੰਦੀ ਹੈ। ਗੁਰਬਾਣੀ ਰਾਹੀਂ ਲੋਕਾਂ ਨੂੰ ਸੁਖ ਸ਼ਾਂਤੀ ਹੀ ਪਰਾਪਤ ਹੋਣੀ ਚਾਹੀਦੀ ਹੈ
ਕਸ਼ਟ ਨਹੀਂ।
20. ਗ੍ਰੰਥ ਸਾਹਿਬ ਦੀ ਦੇਹ ਧਾਰੀ ਗੁਰੂ ਵਾਂਗ ਟਹਿਲ ਸੇਵਾ ਨਾ ਕੀਤੀ ਜਾਵੇ। ਗੁਰੂ ਸਾਹਿਬ ਦੇ ਸਰੂਪ
ਉਤੇ ਪੱਖਾ ਝੱਲਣਾ, ਕਮਰੇ ਵਿੱਚ ਏ. ਸੀ. ਜਾਂ ਹੀਟਰ ਲਗਾਉਣਾ, ਪੀੜ੍ਹੇ ਦੀ ਮੁੱਠੀ ਚਾਪੀ ਕਰਨੀ,
ਨੇੜੇ ਕੋਈ ਖਾਧ-ਪਦਾਰਥ ਰੱਖਣਾ ਆਦਿਕ ਗ੍ਰੰਥ ਸਾਹਿਬ ਨੂੰ ਦੇਹ ਧਾਰੀ ਗੁਰੂ ਸਮਝਣ ਦੇ ਤੁੱਲ ਹੈ ਜੋ
ਸਿੱਖ ਵਿਚਾਰਧਾਰਾ ਦੇ ਅਨਕੂਲ ਨਹੀਂ। ਦੇਹ ਧਾਰੀ ਗੁਰੂ ਦੇ ਸੰਕਲਪ ਦੀ ਸਮਾਪਤੀ ਸ੍ਰੀ ਗੁਰੂ ਗੋਬਿੰਦ
ਸਿੰਘ ਜੀ ਨੇ ਚਿਰੋਕਣੀ ਹੀ ਕਰ ਦਿਤੀ ਹੋਈ ਹੈ। ਜੇ ਕੋਈ ਗਲਤੀ ਨਾਲ ਨੰਗੇ-ਸਿਰ ਗ੍ਰੰਥ ਸਾਹਿਬ ਦੀ
ਹਾਜ਼ਰੀ ਵਿੱਚ ਆ ਜਾਂਦਾ ਹੈ ਤਾਂ ਉਸਨੂੰ ਨਿਮਰਤਾ ਅਤੇ ਪਿਆਰ ਸਹਿਤ ਇਸ ਬਾਰੇ ਸਮਝਾ ਦਿੱਤਾ ਜਾਵੇ।
21. ਯੂਨੀਵਰਸਿਟੀਆਂ ਅਤੇ ਹੋਰ ਵਿਦਿਅਕ ਇਦਾਰਿਆਂ ਵਿੱਚ ਵਿਭਾਗਾਂ ਦੇ ਐਸੇ ਨਾਮ ਨਹੀਂ ਹੋਣੇ ਚਾਹੀਦੇ
ਜਿਹਨਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਲਿਖਿਆ ਹੋਵੇ ਅਤੇ ਨਾਲ ‘ਅਧਿਐਨ’ ਵੀ ਲਿਖਿਆ
ਹੋਵੇ। ਗੁਰੂ ਦਾ ਅਧਿਐਨ ਕਿਵੇਂ ਹੋ ਸਕਦਾ ਹੈ? ਨਾ ਹੀ ਗ੍ਰੰਥ ਸਾਹਿਬ ਦੇ ਅਧਿਐਨ ਕਰਨ ਦਾ ਸੰਕਲਪ
ਵਾਜਬ ਲਗਦਾ ਹੈ। ਗੁਰਬਾਣੀ ਦਾ ਇੱਕ ਸਾਹਿਤਕ ਜਾਂ ਦਾਰਸ਼ਨਿਕ ਦਸਤਾਵੇਜ਼ ਦੇ ਤੌਰ ਤੇ ਅਧਿਐਨ ਤਾਂ ਸੰਭਵ
ਹੈ। ਇਸ ਲਈ ਸਬੰਧਤ ਵਿਭਾਗਾਂ ਦੇ ਨਾਮ ‘ਗੁਰਬਾਣੀ ਅਧਿਐਨ ਵਿਭਾਗ’ ਹੀ ਹੋਣੇ ਚਾਹੀਦੇ ਹਨ ਅਤੇ ਇਸ
ਸਬੰਧੀ ਲੋੜੀਂਦੀਆਂ ਸੋਧਾਂ ਕਰ ਲੈਣੀਆਂ ਚਾਹੀਦੀਆਂ ਹਨ। ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਦੇ ਨਾਮ ਤੇ ਕੋਈ ਇਦਾਰਾ ਸਥਾਪਤ ਕਰਨ ਲਗੇ ਵੀ ਸਾਵਧਾਨੀ ਵਰਤਣ ਦੀ ਲੋੜ ਹੈ। ਗੁਰੂ ਨਾਨਕ ਦੇਵ
ਯੂਨੀਵਰਸਟੀ ਦਾ ਨਾਮ ਪਹਿਲਾਂ ਗੁਰੂ ਨਾਨਕ ਯੂਨੀਵਰਸਟੀ ਰਖ ਦਿਤਾ ਗਿਆ ਸੀ। ਬਾਦ ਵਿੱਚ ਸੋਧ ਕਰ
ਦਿੱਤੀ ਗਈ। ਫਤਹਿਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਸਥਾਪਤ ਕੀਤੀ
ਜਾਣ ਵਾਲੀ ਯੂਨੀਵਰਸਟੀ ਦਾ ਨਾਮ ਵਰਲਡ (ਵਿਸ਼ਵ) ਸਿੱਖ ਯੂਨੀਵਰਸਟੀ ਦਸਿੱਆ ਜਾ ਰਿਹਾ ਹੈ। ਯੂਨੀਵਰਸਟੀ
ਤਾਂ ਹੁੰਦੀ ਹੀ ਵਿਸ਼ਵ-ਵਿਦਿਆਲਾ ਹੈ। ਇਸ ਲਈ ਯੂਨੀਵਰਸਟੀ ਦੇ ਨਾਲ ‘ਵਰਲਡ’ ਲਿੱਖਣ ਦੀ ਲੋੜ ਹੀ
ਨਹੀਂ। (ਉਂਜ ਯੂਨੀਵਰਸ ਤੋਂ ਮਤਲਬ ਬ੍ਰਹਿਮੰਡ ਦਾ ਬਣਦਾ ਹੈ।) ਗ੍ਰੰਥ ਸਾਹਿਬ ਜਾਂ ਗੁਰੂ ਸਾਹਿਬਾਨ
ਨਾਲ ਸਬੰਧਤ ਕਰਕੇ ਬਣਾਏ ਨਾਮ ਹਾਸੋਹੀਣੇ ਨਹੀਂ ਹੋਣੇ ਚਾਹੀਦੇ।
--- 0 ---
ਡਾ. ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
ਫੋਨ ਤੇ ਸੰਪਰਕ ਕਰਨ ਲਈ ਨੰਬਰ: 0-9317910734, 0172-5077510