ਅਗਿਆਨਤਾ ਦੇ ਅੰਧੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਤਾ ਗੁਰੂ ਹੈ।
ਗੁਰਬਾਣੀ ਨੇ ਗੁਰੂ ਨੂੰ ਸਦੀਵ ਸਤਿ ਬਿਆਨ ਕੀਤਾ ਹੈ-ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਇ॥
ਉਹ ਅਬਿਨਾਸੀ ਪੁਰਖੁ ਹੈ ਸਭਿ ਮਹਿ ਰਹਿਆ ਸਮਾਇ॥ (759) ਗੁਰੂ ਹੀ ਸੰਸਾਰ ਦਾ ਕਰਤਾ ਧਰਤਾ ਅਤੇ
ਕਰਣਹਾਰ ਪ੍ਰਮੇਸ਼ਰ ਸਦੀਵ ਹੈ ਅਤੇ ਹੋਵੇਗਾ-ਗੁਰੁ ਕਰਤਾ ਗੁਰੁ ਕਰਣੈ ਜੋਗੁ॥ ਗੁਰੁ ਪਰਮੇਸਰੁ ਹੈ
ਭੀ ਹੋਗੁ॥ (864) ਜਿਸ ਗੁਰੂ ਪੀਰ ਅਤੇ ਗਹਿਰ ਗੰਭੀਰ ਸ਼ਬਦ ਗੁਰੂ ਤੋਂ ਬਿਨਾਂ ਜਗਤ ਬਉਰਾ ਹੈ-ਸਬਦੁ
ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ॥ (635) ਐਸੇ ਸ਼ਬਦ ਗੁਰੂ ਦੀ ਪ੍ਰੋੜਤਾ
ਬਾਬਾ ਨਾਨਕ ਜੀ ਨੇ ਬੁਲੰਦ ਬਾਂਗ ਕੀਤੀ ਹੈ। ਪੰਥ ਦਾ ਅਰਥ ਹੈ ਰਾਹ, ਰਸਤਾ, ਮਾਰਗ। ਸੋ ਗੁਰੂ ਪੰਥ
ਦਾ ਅਰਥ ਹੈ ਗੁਰੂ ਦਾ ਪੰਥ (ਮਾਰਗ-ਰਸਤਾ) ਪਰ ਗੁਰੂ ਪੰਥ ਦਾ ਅਰਥ ਪੰਥ ਗੁਰੂ ਕਦੇ ਵੀ ਨਹੀ ਹੋ
ਸਕਦਾ। ਪੰਥ ਕਿਵੇਂ ਗੁਰੂ ਹੋ ਸਕਦਾ ਹੈ? ਕੀ ਕਦੇ ਰਸਤਾ ਵੀ ਗੁਰੂ ਹੋਇਆ ਹੈ? ਨਹੀਂ, ਸਗੋਂ ਗੁਰੂ ਹੀ
ਰਸਤਾ ਦਸਦਾ ਹੈ। ਖਾਲਸਾ ਦਾ ਅਰਥ ਹੈ ਖਾਲਸ, ਪਿਉਰ, ਖੋਟ ਰਹਿਤ ਅਤੇ ਉਹ ਪ੍ਰਾਪਰਟੀ ਜਿਸ ਦਾ ਸਿੱਧਾ
ਸਬੰਧ ਦੁਨੀਆਂ ਦੇ ਪਾਤਸ਼ਾਹ ਅਕਾਲ ਪੁਰਖ ਨਾਲ ਹੈ। ਅਕਾਲੀ ਦਾ ਅਰਥ ਹੈ ਅਕਾਲ ਦਾ ਪੁਜਾਰੀ ਅਤੇ ਕਾਲ
ਰਹਿਤ ਕੇਵਲ ਪ੍ਰਮਾਤਮਾਂ ਹੀ ਹੈ। ਅਕਾਲੀ ਪੰਥ ਦਾ ਭਾਵ ਹੈ ਕਾਲ ਰਹਿਤ ਪ੍ਰਮਾਤਮਾਂ ਦੇ ਰਸਤੇ ਤੇ
ਚੱਲਣ ਵਾਲਿਆਂ ਦਾ ਪੰਥ। ਭਾਈ ਗੁਰਦਾਸ ਜੀ ਵੀ ਪੰਥ ਬਾਰੇ ਲਿਖਦੇ ਹਨ ਕਿ “ਮਾਰਿਆ ਸਿੱਕਾ ਜਗਤ ਵਿੱਚ
ਨਾਨਕ ਨਿਰਮਲ ਪੰਥ ਚਲਾਇਆ” ਭਾਵ ਦੁਨੀਆਂ ਦੇ ਫਜ਼ੂਲ ਦੇ ਨਿਰਾਰਥਕ ਕਰਮਕਾਂਡਾਂ, ਵਹਿਮਾਂ-ਭਰਮਾਂ,
ਛੂਆ-ਛਾਤ, ਜਾਤਾਂ-ਪਾਤਾਂ ਅਤੇ ਮਾਇਆ ਦੀ ਮੈਲ ਤੋਂ ਰਹਿਤ ਨਿਰਮਲ ਪੰਥ।
ਦੁਨੀਆਂ ਵਿੱਚ ਅਨੇਕ ਲੋਗਾਂ ਨੇ ਆਪੋ ਆਪਣੀ ਸਮਝ ਮੁਤਾਬਕ ਮਜ਼ਹਬਾਂ ਦੇ ਅਨੇਕ
ਪੰਥ ਭਾਵ ਰਸਤੇ ਬਣਾ ਲਏ ਹਨ ਜਿਨ੍ਹਾਂ ਨੂੰ ਧਰਮ ਦਾ ਨਾਂ ਦੇ ਦਿੱਤਾ ਗਿਆ ਹੈ। ਅੱਜ ਸਿੱਖਾਂ ਵਿੱਚ
ਵੀ ਗੁਰੂ ਨੂੰ ਛੱਡ ਕੇ ਪੰਥ ਨੂੰ ਗੁਰੂ ਕਿਹਾ ਜਾ ਰਿਹਾ ਹੈ ਜਰਾ ਸੋਚੋ ਗੁਰੂ ਨੇ ਪੰਥ ਪੈਦਾ ਕੀਤਾ
ਸੀ ਜਾਂ ਪੰਥ ਨੇ ਗੁਰੂ? ਪੰਥ ਨੂੰ ਗੁਰੂ ਕਹਿਣ ਕਰਕੇ ਦੇਹਧਾਰੀ ਗੁਰੂ ਦੀ ਪ੍ਰਥਾ ਨੂੰ ਬਲ ਮਿਲਦਾ
ਹੈ। ਅੱਜ ਸਿੱਖਾਂ ਵਿੱਚ ਹਰੇਕ ਡੇਰਾ ਅਤੇ ਸੰਪ੍ਰਦਾ ਟਕਸਾਲ ਆਪਣੇ ਆਪ ਨੂੰ ਪੰਥ ਦਰਸਾ ਰਹੇ ਹਨ।
ਆਪਾਂ ਗੱਲ ਗੁਰੂ ਪੰਥ, ਪੰਥ ਗੁਰੂ ਅਤੇ ਅਨੇਕ ਪੰਥਾਂ ਦੇ ਫਰਕ ਦੀ ਕਰਨੀ ਹੈ। ਅੱਜ ਅਸੀਂ ਗੁਰਮੁਖ
ਨੂੰ ਪੰਥਮੁਖ ਬਣਾਈ ਜਾ ਰਹੇ ਹਾਂ, ਜਰਾ ਸੋਚੋ! ਸਿੱਖਾਂ ਦਾ ਮੁਖੀ ਸ਼ਬਦ ਗੁਰੂ ਹੈ ਨਾਂ ਕਿ ਪੰਥ
ਗੁਰੂ। ਗੁਰੂ ਨੇ ਸਿੱਖਾਂ ਨੂੰ ਧਰਮ ਦਾ ਇੱਕੋ ਰਸਤਾ ਦਰਸਾਇਆ-ਇਕਾ ਬਾਣੀ ਇਕੁ ਗੁਰੁ ਇਕੋ ਸਬਦੁ
ਵੀਚਾਰਿ॥ (646) ਫਿਰ ਕੀ ਕਾਰਨ ਹੈ ਕਿ ਸਿੱਖਾਂ ਵਿੱਚ ਵੀ ਕਈ ਪੰਥ ਬਣੇ ਫਿਰਦੇ ਹਨ ਭਾਵ ਆਪੋ
ਆਪਣੀ ਮਰਯਾਦਾ ਦੇ ਵੱਖਰੇ-ਵੱਖਰੇ ਰਸਤੇ ਚਲਾਈ ਫਿਰਦੇ ਹਨ। ਕੀ ਇਨ੍ਹਾਂ ਨੂੰ ਗੁਰੂ ਦਾ ਕੋਈ ਭੈ
ਨਹੀਂ? ਜਦ ਕਿ ਸਿੱਖਾਂ ਦਾ ਰੱਬ ਇੱਕ, ਗੁਰੂ ਇੱਕ, ਪੰਥ ਇੱਕ, ਪੰਥਕ ਮਰਯਾਦਾ ਵਿਧਾਨ ਇੱਕ, ਨਿਸ਼ਾਨ
ਇੱਕ ਅਤੇ ਸਮੁੱਚੀ ਕੌਮ ਇੱਕ ਹੈ। ਹੁਣ ਤੁਸੀਂ ਆਪ ਹੀ ਅੰਦਾਜਾ ਲਾ ਸਕਦੇ ਹੋ ਕਿ ਗੁਰੂ ਪੰਥੀਆ ਕਉਣ
ਹੋ ਸਕਦਾ ਹੈ? ਗੁਰੂ ਪੰਥੀਆ ਉਹ ਹੀ ਹੋਵੇਗਾ ਜੋ ਗੁਰੂ ਦੇ ਪੰਥ (ਰਸਤੇ) ਤੇ ਚੱਲੇਗਾ। ਮੈਂ ਫਿਰ
ਦੁਹਰਾ ਦੇਵਾਂ ਸਿੱਖਾਂ ਦਾ ਗੁਰੂ “ਸ਼ਬਦ ਗੁਰੂ ਗ੍ਰੰਥ ਸਾਹਿਬ” ਹੀ ਹੈ। ਸਿੱਖ ਨੇ ਆਗਿਆ
ਗੁਰੂ ਗ੍ਰੰਥ ਸਾਹਿਬ ਜੀ ਦੀ ਮੰਨਣੀ ਹੈ ਨਾਂ ਕਿ ਕਿਸੇ ਡੇਰੇਦਾਰ ਸਾਧ ਦੀ, ਜੋ ਦੁਨੀਆਵੀ ਗਰਜਾਂ ਜਾਂ
ਵੋਟਾਂ ਖਾਤਰ ਡੇਰੇਦਾਰ ਸਾਧਾਂ ਦੇ ਡੇਰਿਆਂ ਤੇ ਨੱਕ ਰਗੜਦੇ ਫਿਰਦੇ ਹਨ। ਕੀ ਉਹ ਗੁਰੂ ਪੰਥੀਏ ਅਖਵਾ
ਸਕਦੇ ਹਨ?
ਸਾਡੇ ਵਿੱਚ ਏਕਤਾ ਨਾਂ ਹੋਣ ਦਾ ਵੱਡਾ ਕਾਰਣ ਵੀ ਗੁਰੂ ਪੰਥੀਏ ਨਾਂ ਹੋ ਕੇ
ਸਗੋਂ ਸੰਪ੍ਰਦਾਈ ਡੇਰਾ ਪੰਥੀਏ ਹੋਣਾ ਹੈ। ਇਨ੍ਹਾਂ ਡੇਰੇਦਾਰ ਸਾਧਾਂ ਅਤੇ ਖੁਦਗਰਜ਼ ਰਾਜਸੀ ਲੀਡਰਾਂ
ਨੇ ਗੁਰੂ ਪੰਥ ਦਾ ਜਰਨੈਲੀ ਪੰਥਕ ਰਸਤਾ (ਸ਼ਬਦ ਗੁਰੂ ਤੇ ਮਰਯਾਦਾ) ਛੱਡ ਕੇ ਆਪੋ ਆਪਣੀ ਮਰਯਾਦਾ ਦੀਆਂ
ਪਗ-ਡੰਡੀਆਂ ਦੇ ਰਸਤੇ ਡੇਰੇ ਖੋਲ੍ਹੇ ਹੋਏ ਹਨ। ਕੀ ਪਗ-ਡੰਡੀਆਂ ਨੂੰ ਜਰਨੈਲੀ ਰਸਤਾ (ਪੰਥ) ਕਿਹਾ ਜਾ
ਸਕਦਾ ਹੈ? ਜੋ ਜਾਂਦੀਆਂ ਵੀ ਵਹਿਮਾਂ-ਭਰਮਾਂ, ਪਾਖੰਡਾਂ ਅਤੇ ਬ੍ਰਾਹਮਣਵਾਦ ਦੇ ਖਾਰੇ ਸਮੁੰਦਰ ਵੱਲ
ਹੋਣ। ਕੀ ਆਪਣੇ ਆਪ ਨੂੰ ਗੁਰੂ ਪੰਥੀਏ ਅਖਵਾਉਣ ਵਾਲੇ ਵੀਰ ਭੈਣ, ਸਭਾ ਸੁਸਾਇਟੀਆਂ ਅਤੇ ਅਕਾਲੀ ਦਲ
“ਜੋਤਾਂ, ਧੂਪਾਂ, ਲਾਲ ਕਪੜੇ ਵਿੱਚ ਵਲ੍ਹੇਟੇ ਹੋਏ ਨਾਰੀਅਲਾਂ, ਕੁੰਭਾਂ (ਪਾਣੀ ਦੇ ਘੜਿਆਂ) ਧੂਪ
ਸਮੱਗਰੀਆਂ, ਮਸਿਆ, ਪੁੰਨਿਆਂ, ਸੰਗਰਾਂਦਾਂ, ਸਰਾਧਾਂ, ਚੰਗੇ ਮਾੜੇ ਦਿਨਾਂ, ਸੁਖਾਂ ਸੁਖਣੀਆਂ,
ਗਿਣਤੀ-ਮਿਣਤੀ ਦੇ ਪਾਠਾਂ, ਸੁੱਚ-ਭਿੱਟ, ਛੂਆ-ਛਾਤ, ਜਾਤਾਂ-ਪਾਤਾਂ ਆਦਿਕ ਥੋਥੇ ਕਰਮਕਾਂਡਾਂ ਵਿੱਚ
ਵਿਸ਼ਵਾਸ਼ ਕਰਕੇ ਅਨਮਤੀ ਤਿਉਹਾਰ ਅਤੇ ਮਨੌਤਾਂ ਮੰਨਾ ਕੇ ਗੁਰੂ ਪੰਥੀਏ ਅਖਵਾ ਸਕਦੇ ਹਨ? ਗੁਰਸਿੱਖੋ!
ਅੱਜ ਸਾਨੂੰ ਸਭ ਗੁਰੂ ਪੰਥੀਆਂ ਨੂੰ ਮਿਲ ਕੇ ਗੁਰੂ ਦਾ ਪੰਥ ਉਜਾਗਰ ਕਰਨਾ ਚਾਹੀਦਾ ਹੈ। ਜਿਸ
ਮਾਰਗ-ਪੰਥ-ਰਸਤੇ ਤੇ ਸਾਨੂੰ ਗੁਰੂਆਂ-ਭਗਤਾਂ ਨੇ ਤੋਰਿਆ ਸੀ, ਉਹ ਗੁਰਮੁਖ ਗਾਡੀ ਰਾਹ ਹੈ, ਪੰਥ ਹੈ
ਜੋ ਸਿੱਧਾ ਪ੍ਰੀਤਮ ਦੇ ਦੇਸ਼ ਵੱਲ ਜਾਂਦਾ ਹੈ, ਜਿਸ ਵਿੱਚ ਵਹਿਮਾਂ-ਭਰਮਾਂ ਦੇ ਕੋਈ ਟੋਏ ਟਿੱਬੇ ਅਤੇ
ਵਿੰਗ-ਟੇਢ ਨਹੀਂ ਹਨ।
ਸੰਸਾਰ ਵਿੱਚ ਮੰਨੇ ਗਏ ਅਨੇਕਾਂ ਪੰਥ (ਧਰਮ ਦੇ ਰਸਤੇ) ਹਨ। ਹਰੇਕ ਨੂੰ ਆਪੋ
ਆਪਣਾ ਰਸਤਾ ਮੁਬਾਰਕ ਹੈ। ਪ੍ਰਮਾਤਮਾਂ ਨੇ ਸਭ ਨੂੰ ਅਜ਼ਾਦੀ ਦਿੱਤੀ ਹੈ ਕਿ ਹਰੇਕ ਆਪਣੀ ਪਸੰਦ ਦਾ
ਰਸਤਾ ਚੁਣ ਸਕਦਾ ਹੈ ਪਰ ਉਸ ਨੂੰ ਉਸ ਰਸਤੇ ਦੀਆਂ ਡਰੈਕਸ਼ਨਾਂ ਵੀ ਫਾਲੋ ਕਰਨੀਆਂ ਪੈਣੀਆਂ ਹਨ ਤਾਂ ਹੀ
ਉਹ ਉਸ ਰਸਤੇ ਦਾ ਪਾਂਧੀ ਅਖਵਾ ਸਕਦਾ ਹੈ। ਇਵੇਂ ਹੀ ਸਿੱਖ ਧਰਮ ਵੀ ਗੁਰੂ-ਪੰਥ ਹੈ ਭਾਵ ਗੁਰੂ ਦਾ
ਮਾਰਗ ਹੈ ਅਤੇ ਇਸ ਦਾ ਪਾਂਧੀ ਸਿੱਖ ਹੈ। ਇਸ ਮਾਰਗ ਦੀਆਂ ਡਰੈਕਸ਼ਨਾਂ “ਗੁਰੂ ਗ੍ਰੰਥ ਸਾਹਿਬ”
ਵਿੱਚ ਅੰਕਤ ਹਨ। ਗੁਰਸਿੱਖ ਨੂੰ ਉਨ੍ਹਾਂ ਨੂੰ ਹੀ ਫਾਲੋ ਕਰਨਾ ਚਾਹੀਦਾ ਹੈ ਨਹੀਂ ਤਾਂ ਉਹ ਅਸਲੀ
ਰਸਤੇ ਨੂੰ ਛੱਡ ਕੇ ਕੁਰਾਹੇ ਪੈ ਜਾਵੇਗਾ ਅਤੇ ਸੰਪ੍ਰਦਾਵਾਂ-ਡੇਰਿਆਂ ਰੂਪੀ ਪਗਡੰਡੀਆਂ ਵਿੱਚ ਉਲਝ ਕੇ
“ਗੁਰੂ-ਪੰਥ” ਨਾਲੋਂ ਟੁੱਟ ਜਾਵੇਗਾ ਜੋ ਅੱਜ ਉਲਝਿਆ ਵੀ ਹੋਇਆ ਹੈ! ਤਾਂ ਹੀ ਉਸ ਦਾ ਨਿਸਚਾ
ਇੱਕ “ਗੁਰੂ ਗ੍ਰੰਥ-ਗੁਰੂ ਪੰਥ-ਸਿੱਖ ਰਹਿਤ ਮਰਯਾਦਾ” ਤੇ ਨਹੀਂ ਸਗੋਂ ਵੱਖ ਵੱਖ ਡੇਰਿਆਂ ਅਤੇ
ਸੰਪ੍ਰਦਾਵਾਂ ਦੀ ਮਿਲਗੋਬਾ ਮਰਯਾਦਾ ਤੇ ਹੈ, ਤਾਂ ਹੀ ਉਹ ਗੁਰੂ ਪੰਥੀਆਂ ਨਾਲ ਨਫਰਤ ਕਰਦਾ ਹੈ। ਗੁਰੂ
ਨੇ “ਨਿਰਮਲ-ਪੰਥ” ਹੀ ਚਲਾਇਆ ਸੀ (ਮਾਰਿਆ ਸਿਕਾ ਜਗਤ ਵਿਚਿ ਨਾਨਕ ਨਿਰਮਲ ਪੰਥ ਚਲਾਇਆ) ਜਿਸ
ਨੂੰ “ਗੁਰੂ-ਪੰਥ” ਕਿਹਾ ਜਾਂਦਾ ਹੈ ਨਾਂ ਕਿ “ਪੰਥ-ਗੁਰੂ” ਅਤੇ ਡੇਰੇ
ਸੰਪ੍ਰਦਾਵਾਂ। ਨਿਰਮਲ ਪੰਥ-ਖਾਲਸਾ ਪੰਥ-ਅਕਾਲੀ ਪੰਥ-ਸਿੱਖ ਪੰਥ ਤਾਂ ਹੀ ਸੰਪੂਰਨ ਹੈ ਜੇ ਉਹ
“ਗੁਰੂ-ਪੰਥ” ਦੇ ਸਿਧਾਂਤਾਂ ਤੇ ਚਲਦਾ ਹੈ। ਸ਼ਬਦ ਗੁਰੁ ਪੀਰਾ ਗਹਿਰ ਗੰਭੀਰਾ-ਸ਼ਬਦ ਗੁਰੂ
ਹੀ ਗੁਰਸਿੱਖਾਂ ਦਾ ਅਸਲ ਮਾਰਗ ਹੈ ਪੰਥ ਹੈ ਨਾਂ ਕਿ ਪੰਥ ਸਿੱਖਾਂ ਦਾ ਗੁਰੂ ਹੈ। ਨਾਂ ਹੀ ਵੱਖ ਵੱਖ
ਡੇਰੇ ਤੇ ਸੰਪ੍ਰਦਾਵਾਂ ਪੰਥ ਹਨ ਜੋ ਪੰਥਕ ਮਰਯਾਦਾ ਨੂੰ ਛੱਡ ਕੇ ਆਪੋ-ਆਪਣੀ ਮਰਯਾਦਾ ਚਲਾ ਰਹੀਆਂ
ਹਨ। ਸੋ ਗੁਰੂ-ਪੰਥ, ਪੰਥ-ਗੁਰੂ ਅਤੇ ਅਨੇਕ ਪੰਥਾਂ ਦੇ ਫਰਕ ਨੂੰ ਸਮਝਣ ਦੀ ਅਤਿਅੰਤ
ਲੋੜ ਹੈ। ਸਿੱਖ ਅਨੇਕ ਪੰਥੀਆ ਜਾਂ ਚੁਫੇਰਗੜ੍ਹੀਆ ਨਹੀਂ ਸਗੋਂ ਗੁਰੂ ਪੰਥੀਆ ਹੈ ਭਾਵ ਇੱਕ
“ਗੁਰੂ-ਪੰਥ” ਦਾ ਪਾਂਧੀ ਹੈ।