.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਭਾਗ ਪੰਜਵਾਂ ਸੱਚ ਖੰਡ

ਬਚਪਨ ਤੋਂ ਸ਼ੁਰੂ ਹੋ ਕੇ ਹੁਣ ਤੀਕ ਇੱਕ ਗੱਲ ਬਹੁਤ ਦਫ਼ਾ ਸੁਣਨ ਨੂੰ ਮਿਲਦੀ ਰਹੀ ਹੈ, ਕਿ ਜੀ ਊਪਰਲੇ ਨੂੰ ਹੀ ਪਤਾ ਹੋਵੇਗਾ ਜਾਂ ਊਪਰਲਾ ਹੀ ਕੁੱਝ ਕਰੇਗਾ। ਇਸ ਦਾ ਭਾਵ ਅਰਥ ਏਹੀ ਹੁੰਦਾ ਹੈ ਕਿ ਰੱਬ ਜੀ ਅਸਮਾਨ ਵਿੱਚ ਰਹਿੰਦੇ ਹਨ ਤੇ ਓੱਥੇ ਉਹਨਾਂ ਦਾ ਵੱਡ-ਅਕਾਰੀ ਦਫ਼ਤਰ ਹੈ। ਜਿਸ ਵਿੱਚ ਹਰ ਰੋਜ਼ ਹਰੇਕ ਬੰਦੇ ਦਾ ਹਿਸਾਬ ਕਿਤਾਬ ਰੱਖਿਆ ਜਾਂਦਾ ਹੈ। ਬੰਦਾ ਜਦੋਂ ਮਰ ਕਿ ਓੱਥੇ ਪਹੁੰਚਦਾ ਹੈ ਤਾਂ ਰੱਬ ਜੀ ਆਪਣਿਆਂ ਦੂਤਾਂ ਨੂੰ ਉਸ ਬੰਦੇ ਦਾ ਵਹੀ ਖਾਤਾ ਲਿਆਉਣ ਲਈ ਕਹਿੰਦੇ ਹਨ। ਰੱਬ ਜੀ ਵਹੀ ਖਾਤਾ ਦੇਖ ਕੇ ਆਪਣੇ ਸੀਨੀਅਰ ਮੰਤ੍ਰੀਆਂ ਨੂੰ ਪੁੱਛਦਾ ਹੈ ਕਿ ਇਸ ਬੰਦੇ ਨੇ ਸਾਡਾ ਨਾਮ ਜੱਪਿਆ ਹੈ ਕਿ ਨਹੀਂ? ਅੱਗੋਂ ਰੱਬ ਜੀ ਦੇ ਦੂਤ ਸਾਰੇ ਵਹੀ ਖਾਤੇ ਫਰੋਲ੍ਹ ਕੇ ਦਸਦੇ ਹਨ, ਕਿ ਜੀ ਇਸ ਨੇ ਬੰਦੇ ਨੇ ਤੁਹਾਡਾ ਨਾਮ ਨਹੀਂ ਜੇ ਜੱਪਿਆ। ਫਿਰ ਰੱਬ ਜੀ ਕਹਿੰਦੇ ਹਨ ਕਿ ਏਸ ਬੰਦੇ ਨੂੰ ਨਰਕ ਵਿੱਚ ਭੇਜ ਦਿਓ। ਜੇ ਇਸ ਨੇ ਰੱਬ ਜੀ ਦਾ ਨਾਮ ਜੱਪਿਆ ਹੋਵੇ ਜਾਂ ਧਰਮ ਦੇ ਨਾਂ `ਤੇ ਕੋਈ ਪੁੰਨ ਦਾਨ ਕੀਤਾ ਹੋਵੇ ਤਾਂ ਉਸ ਬੰਦੇ ਨੂੰ ਸੱਚ ਖੰਡ ਦਾ ਦਰਵਾਜ਼ਾ ਖੋਲ੍ਹ ਕੇ ਉਸ ਵਿੱਚ ਪ੍ਰਵੇਸ਼ ਕਰਾ ਦਿੱਤਾ ਜਾਂਦਾ ਹੈ। ਕੱਚ-ਘਰੜ ਪ੍ਰਚਾਰ ਸਦਕਾ ਸਿੱਖ ਸਿਧਾਂਤ ਨੂੰ ਵੀ ਇੰਜ ਹੀ ਪੇਸ਼ ਕੀਤਾ ਗਿਆ ਹੈ ਜਿਵੇਂ ਰੱਬ ਜੀ ਸਪੈਸ਼ਲ ਅਸਮਾਨ ਵਿੱਚ ਆਪਣਾ ਵੱਖਰਾ ਘਰ ਬਣਾ ਕੇ ਬੈਠੇ ਹੋਣ ਤੇ ਉਸ ਦਾ ਨਾਂ ਹੋਵੇ ਸੱਚ ਖੰਡ।
ਰੰਗਲੀ ਦੁਨੀਆਂ ਨੂੰ ਛੱਡ ਕੇ ਜਾਣ ਦਾ ਕਿਸੇ ਦਾ ਵੀ ਦਿੱਲ ਨਹੀਂ ਕਰਦਾ। ਫਿਰ ਬੰਦਾ ਚਾਹੁੰਦਾ ਹੈ ਕਿ ਮੈਨੂੰ ਮਰਨ ੳਪਰੰਤ ਵੀ ਕੋਈ ਅਜੇਹਾ ਸੁੱਖ ਮਿਲਣਾ ਚਾਹੀਦਾ ਹੈ ਜਿੱਥੇ ਖਾਣ ਪੀਣ ਦੀ ਪੂਰੀ ਖੁਲ੍ਹ ਤੇ ਪੂਰੀ ਐਸ਼ ਵਾਲੀ ਜ਼ਿੰਦਗੀ ਹੋਵੇ। ਕੁੱਝ ਸੱਚ ਖੰਡ ਸਬੰਧੀ ਸਾਧ ਲਾਣੇ ਨੇ ਕਈ ਪ੍ਰਕਾਰ ਦੇ ਗਪੌੜੇ ਛੱਡੇ ਹੋਏ ਹਨ ਕਿ ਜਿਹੜਾ ਮਨੁੱਖ ਵੱਡੇ ਮਹਾਂਰਾਜ ਜੀ `ਤੇ ਸ਼ਰਧਾ ਰੱਖੇਗਾ ਉਸ ਨੂੰ ਵੱਡੇ ਮਹਾਂਰਾਜ ਜੀ ਆਪ ਸਵਰਗ ਵਿੱਚ ਛੱਡ ਕੇ ਆਉਂਦੇ ਹਨ। ਗੁਰੂ ਨਾਨਕ ਸਾਹਿਬ ਜੀ ਦੇ ਫਲਸਫ਼ੇ ਅਨੁਸਾਰ ਪਰਮਾਤਮਾ ਜ਼ਰੇ ਜ਼ਰੇ ਵਿੱਚ ਵਿਆਪਕ ਹੈ ਤੇ ਉਸ ਦਾ ਕੋਈ ਵੀ ਰੂਪ ਰੇਖ ਨਹੀਂ ਹੈ। ਉਹ ਜੰਮਦਾ ਮਰਦਾ ਨਹੀਂ ਹੈ ਤੇ ਨਾ ਹੀ ਉਹ ਜੂਨਾਂ ਵਿੱਚ ਆਉਂਦਾ ਹੈ। ਇਸ ਦਾ ਅਰਥ ਹੋਇਆ ਕਿ ਪਰਮਾਤਮਾ ਦਾ ਫਿਰ ਕੋਈ ਵੱਖਰਾ ਸੱਚ ਖੰਡ ਨਹੀਂ ਹੈ। ਪਰਮਾਤਮਾ ਸ਼ੁਭ ਗੁਣਾਂ ਦੇ ਰੂਪ ਵਿੱਚ ਸਾਡੇ ਅੰਦਰ ਹੀ ਬੈਠਾ ਹੋਇਆ ਹੈ। ਉਹਨਾਂ ਸ਼ੁਭ ਗੁਣਾਂ ਨੂੰ ਵਰਤ ਕੇ ਅਸਾਂ ਨੇ ਸੱਚ ਖੰਡ ਦੇ ਜਿਉਂਦੇ ਜੀਅ ਵਾਸੀ ਬਣਨਾ ਹੈ।
ਅਸੀਂ ਇਹ ਭਾਵਨਾ ਸਮਝ ਰਹੇ ਹਾਂ ਕਿ ਪਰਮਾਤਮਾ ਸੱਚ ਖੰਡ ਵਿੱਚ ਰਹਿੰਦਾ ਹੈ ਤੇ ਮਰਨ ਉਪਰੰਤ ਅਸਾਂ ਓਥੇ ਜਾ ਕੇ ਰਹਿਣਾ ਹੈ। ਜਦ ਕਿ ਗੁਰਮਤ ਸਾਨੂੰ ਇਹ ਸਮਝਾ ਰਹੀ ਹੈ ਕਿ ਭਲਿਆ ਤੂੰ ਆਪਣੇ ਜੀਵਨ ਕਾਲ ਵਿੱਚ ਹੀ ਸੱਚ ਖੰਡ ਨੂੰ ਬਣਾਉਣ ਦਾ ਯਤਨ ਕਿਉਂ ਨਹੀਂ ਕਰਦਾ। ਸਮੁੱਚੇ ਤੌਰ `ਤੇ ਗੁਰੂ ਨਾਨਕ ਸਾਹਿਬ ਜੀ ਦਾ ਫਲਸਫ਼ਾ ਸਚਿਆਰ ਇਨਸਾਨ ਬਣਨ ਦਾ ਵਲ਼ ਸਮਝਾਉਂਦਾ ਹੈ। ਆਪਣੇ ਜੀਵਨ ਵਿੱਚ ਸੱਚ ਖੰਡ ਦੇ ਵਾਸੀ ਬਣਨ ਲਈ ਪਹਿਲਾਂ ਆਪਣੇ ਫ਼ਰਜ਼ ਦੀ ਪਹਿਛਾਣ ਕਰਨੀ, ਦੂਸਰਾ ਗੁਣਾਂ ਦੇ ਅਧਾਰਤ ਚੰਗੇ ਗਿਆਨ ਦੀ ਪ੍ਰਾਪਤੀ ਕਰਨੀ, ਤੀਜਾ ਮਨੋ-ਤਨੋ ਮਿਹਨਤ ਕਰਨੀ ਤੇ ਚੌਥਾ ਬਖਸ਼ਿਸ਼ ਦੇ ਸਿੱਖਰਲੇ ਡੰਡੇ ਤੇ ਪਹੁੰਚਣਾ। ਇਹ ਚਾਰ ਪੜਾਅ ਤਹਿ ਕਰਦਿਆਂ ਹੋਇਆਂ ਸੱਚ ਖੰਡ ਦੇ ਮਹੱਲ ਦਾ ਪੱਕਾ ਟਿਕਾਣਾ ਬਣ ਜਾਂਦਾ ਹੈ। ਅੱਜ ਕਲ੍ਹ ਮੋਟਰ-ਕਾਰਾਂ ਦੀ ਨਵੀਂ ਤਕਨੀਕ ਵਿੱਚ ਸੱਠ ਕਿਲੋਮੀਟਰ ਦੀ ਰਫ਼ਤਾਰ ਤੇ ਜਾਂ ਜਿੰਨੀ ਤੁਹਾਨੂੰ ਰਫ਼ਤਾਰ ਚਾਹੀਦੀ ਹੋਵੇ ਉਸ ਲਈ ਇੱਕ ਬਟਨ ਦਬਾ ਦਿਓ ਮੁੜ ਕੇ ਐਕਸੀਲੀਟਰ ਦਬਾਉਣ ਦੀ ਜ਼ਰੂਰਤ ਨਹੀਂ ਰਹਿੰਦੀ ਮੋਟਰ ਕਾਰ ਬੱਝਵੀਂ ਰਫ਼ਤਾਰ ਤੇ ਚਲਦੀ ਰਹਿੰਦੀ ਹੈ। ਜੀਵਨ ਵਿੱਚ ਵੀ ਜੇ ਸੱਚ ਖੰਡ ਦੀ ਬੱਝਵੀਂ ਰਫ਼ਤਾਰ ਦਾ ਧਾਰਨੀ ਹੋ ਗਿਆ ਤਾਂ ਮੁੜ ਵਿਕਾਰਾਂ ਵਲ ਨੂੰ ਨਹੀਂ ਜਾਏਗਾ। ਪਰ ਸੱਚ ਖੰਡ ਦੀ ਬੱਝਵੀਂ ਚਾਲ ਲਈ ਲੰਬੀ ਸਾਧਨਾ ਹੈ ਤੇ ਇਸ ਸਾਧਨਾ ਵਿਚੋਂ ਅਨੰਦ ਦੀ ਪ੍ਰਾਪਤੀ ਹੈ। ਇਸ ਵਿਚਾਰ ਨੂੰ ਸਮਝਣ ਲਈ ਸੈਂਤਵੀਂ ਪਉੜੀ ਦੀਆਂ ਅਖੀਰਲੀਆਂ ਤੁਕਾਂ ਨੂੰ ਵਿਚਾਰਨ ਦਾ ਯਤਨ ਕਰਾਂਗੇ—
ਸਚਿ ਖੰਡਿ ਵਸੈ ਨਿਰੰਕਾਰੁ॥
ਕਰਿ ਕਰਿ ਵੇਖੇ, ਨਦਰਿ ਨਿਹਾਲ॥
ਤਿਥੈ, ਖੰਡ ਮੰਡਲ ਵਰਭੰਡ॥ ਜੇ ਕੋ ਕਥੈ, ਤ ਅੰਤ ਨ ਅੰਤ॥
ਤਿਥੈ, ਲੋਅ ਲੋਅ ਆਕਾਰ॥ ਜਿਵ ਜਿਵ ਹੁਕਮ ਤਿਵੈ ਤਿਵ ਕਾਰ॥ ਵੇਖੈ ਵਿਗਸੈ, ਕਰਿ ਵੀਚਾਰੁ॥ ਨਾਨਕ, ਕਥਨਾ ਕਰੜਾ ਸਾਰੁ॥ 37॥
ਅਖਰੀਂ ਅਰਥ-- ਉਸ ਅਵਸਥਾ ਵਿੱਚ ਕਈ ਭਵਣਾਂ ਦੇ ਭਗਤ ਜਨ ਵੱਸਦੇ ਹਨ, ਜੋ ਸਦਾ ਖਿੜੇ ਰਹਿੰਦੇ ਹਨ, (ਕਿਉਂਕਿ) ਉਹ ਸੱਚਾ ਅਕਾਲ ਪੁਰਖ ਉਹਨਾਂ ਦੇ ਮਨ ਵਿੱਚ (ਮੌਜੂਦ) ਹੈ।
ਸੱਚ ਖੰਡ ਵਿੱਚ (ਭਾਵ, ਅਕਾਲ ਪੁਰਖ ਨਾਲ ਇੱਕ ਰੂਪ ਹੋਣ ਵਾਲੀ ਅਵਸਥਾ ਵਿਚ) ਮਨੁੱਖ ਦੇ ਅੰਦਰ ਉਹ ਅਕਾਲ ਪੁਰਖ ਆਪ ਹੀ ਵੱਸਦਾ ਹੈ, ਜੋ ਸ੍ਰਿਸ਼ਟੀ ਨੂੰ ਰਚ ਰਚ ਕੇ ਮਿਹਰ ਦੀ ਨਜ਼ਰ ਨਾਲ ਉਸ ਦੀ ਸੰਭਾਲ ਕਰਦਾ ਹੈ।
ਉਸ ਅਵਸਥਾ ਵਿੱਚ (ਭਾਵ, ਅਕਾਲ ਪੁਰਖ ਨਾਲ ਇੱਕ-ਰੂਪ ਹੋਣ ਵਾਲੀ ਅਵਸਥਾ ਵਿਚ) ਮਨੁੱਖ ਨੂੰ ਬੇਅੰਤ ਖੰਡ, ਮੰਡਲ ਤੇ ਬੇਅੰਤ ਬ੍ਰਹਿਮੰਡ (ਦਿੱਸਦੇ ਹਨ, ਇਤਨੇ ਬੇਅੰਤ ਕਿ) ਜੇ ਕੋਈ ਮਨੁੱਖ ਇਸ ਦਾ ਕਥਨ ਕਰਨ ਲੱਗੇ, ਤਾਂ ਉਹਨਾਂ ਦੇ ਓੜਕ ਨਹੀਂ ਪੈ ਸਕਦੇ। ਉਸ ਅਵਸਥਾ ਵਿੱਚ ਬੇਅੰਤ ਭਵਣ ਤੇ ਅਕਾਰ ਦਿੱਸਦੇ ਹਨ (ਜਿਨ੍ਯ੍ਯਾਂ ਸਭਨਾਂ ਵਿਚ) ੇ ਉਸੇ ਤਰ੍ਯ੍ਯਾਂ ਕਾਰ ਚੱਲ ਰਹੀ ਹੈ ਜਿਵੇਂ ਅਕਾਲ ਪੁਰਖ ਦਾ ਹੁਕਮ ਹੁੰਦਾ ਹੈ (ਭਾਵ, ਇਸ ਅਵਸਥਾ ਵਿੱਚ ਅੱਪੜ ਕੇ ਮਨੁੱਖ ਨੂੰ ਹਰ ਥਾਂ ਅਕਾਲ ਪੁਰਖ ਦੀ ਰਜ਼ਾ ਵਰਤਦੀ ਦਿੱਸਦੀ ਹੈ)। (ਉਸ ਨੂੰ ਪਰਤੱਖ ਦਿਸੱਦਾ ਹੈ ਕਿ) ਅਕਾਲ ਪੁਰਖ ਵੀਚਾਰ ਕਰਕੇ (ਸਭ ਜੀਵਾਂ ਦੀ) ਸੰਭਾਲ ਕਰਦਾ ਹੈ ਤੇ ਖੁਸ਼ ਹੁੰਦਾ ਹੈ। ਹੇ ਨਾਨਕ! ਇਸ ਅਵਸਥਾ ਦਾ ਕਥਨ ਕਰਨਾ ਬਹੁਤ ਹੀ ਔਖਾ ਹੈ (ਭਾਵ, ਇਹ ਅਵਸਥਾ ਬਿਆਨ ਨਹੀਂ ਹੋ ਸਕਦੀ, ਅਨੁਭਵ ਹੀ ਕੀਤੀ ਜਾ ਸਕਦੀ ਹੈ)।
ਸੱਚ ਖੰਡ ਦੀ ਪਉੜੀ ਨੂੰ ਆਪਣੇ ਮਨ ਢਕਾਉਣ ਦਾ ਯਤਨ ਕਰੀਏ—
ਮਨ ਵਿੱਚ ਸੱਚ ਦਾ ਵਾਸਾ ਹੋਣ `ਤੇ ਅਨੰਦ ਦੀ ਰੂਪ ਰੇਖਾ ਬਣਦੀ ਹੈ। ‘ਕਰਹਿ ਅਨੰਦੁ, ਸਚਾ ਮਨਿ ਸੋਇ’॥ ਕਈ ਦਫ਼ਾ ਸਾਡੀ ਧਾਰਨਾ ਬਣੀ ਹੁੰਦੀ ਹੈ ਕਿ ਫਲਾਣਾ ਆਦਮੀ ਬਹੁਤ ਐਬ ਕਰਦਾ ਹੈ ਤੇ ਉਸ ਪਾਸ ਪੈਸੇ ਧੇਲੇ ਦੀ ਵੀ ਕੋਈ ਕਮੀ ਨਹੀਂ ਹੈ। ਦੇਖੋ ਜੀ ਗੱਡੀਆਂ, ਨੌਕਰ-ਚਾਕਰ ਇਤਿਆਦਕ ਉਸ ਆਦਮੀ ਪਾਸ ਬਹੁਤ ਹਨ। ਪਦਾਰਥਾਂ ਦੀ ਬਹੁਤਾਤ ਦੇਖ ਕੇ ਅਸੀਂ ਕਹਿ ਰਹੇ ਹੁੰਦੇ ਹਾਂ ਕਿ ਜੀ ਇਹ ਸ਼ਖਸ ਬਹੁਤ ਖੁਸ਼ ਤੇ ਅਨੰਦ ਵਿੱਚ ਹੋਵੇਗਾ। ਅਸਲ ਵਿੱਚ ਜਿਸ ਨੂੰ ਅਸੀਂ ਅਨੰਦ ਸਮਝਦੇ ਹਾਂ ਉਹ ਅਨੰਦ ਨਹੀਂ ਹੈ। ਹੋ ਸਕਦਾ ਉਹ ਅੰਦਰੋਂ ਬਹੁਤ ਦੁਖੀ ਹੋਵੇ। ਰਾਗੀ--ਪ੍ਰਚਾਰਕ ਜਦੋਂ ਇੱਕ ਦੂਜੇ ਨੂੰ ਮਿਲਦੇ ਹਨ ਤਾਂ ਕਹਿੰਦੇ ਹਨ ਜੀ ਅਸੀਂ ਬਹੁਤ ਅਨੰਦ ਵਿੱਚ ਹਾਂ ਪਰ ਦਸਾਂ ਮਿੰਟਾਂ ਉਪਰੰਤ ਹੀ ਰੋਂਦੇ ਨਜ਼ਰ ਆਉਂਦੇ ਹਨ ਕਿ ਮਰ ਗਏ, ਸਮਾਂ ਥੋੜਾ ਮਿਲਿਆ ਹੈ ਬਣਿਆ ਕੁੱਝ ਨਹੀਂ ਹੈ। ਇਹਨਾਂ ਧਰਮੀ ਬੰਦਿਆਂ ਦੀ ਨੇੜੇ ਹੋ ਕੇ ਹਾਲ ਪਾਹਰਿਆ ਸੁਣਨ ਵਾਲੀ ਹੁੰਦੀ ਹੈ। ਜਿਹੜਾ ਅਨੰਦ ਕੁੱਝ ਸਮੇਂ ਵਿੱਚ ਹੀ ਖਤਮ ਹੋ ਗਿਆ ਉਸ ਨੂੰ ਅਨੰਦ ਨਹੀਂ ਕਿਹਾ ਜਾ ਸਕਦਾ। ਭਗਤਾਂ ਦੇ ਮਨ ਵਿੱਚ ਅਨੰਦ ਹੁੰਦਾ ਹੈ ਕਿਉਂਕਿ ਉਹਨਾਂ ਨੇ ਆਪਣੀ ਜੀਵਨ ਸ਼ੈਲੀ ਵਿੱਚ ਇਸ ਵਿਚਾਰ ਨੂੰ ਪ੍ਰਪੱਕ ਕਰ ਲਿਆ ਹੁੰਦਾ ਹੈ—
ਮਤਿ ਹੋਦੀ ਹੋਇ ਇਆਣਾ॥ ਤਾਣ ਹੋਦੇ ਹੋਇ ਨਿਤਾਣਾ॥
ਅਣਹੋਦੇ ਆਪੁ ਵੰਡਾਏ॥ ਕੋਈ ਐਸਾ ਭਗਤੁ ਸਦਾਏ॥
ਪੰਨਾ ੧੩੮੪

ਸੰਸਾਰ ਵਿੱਚ ਅਨੰਦਿਤ ਉਹ ਹੀ ਇਨਸਾਨ ਹੈ ਜਿਸ ਨੇ ਆਪਣੀ ਮਤ ਨੂੰ ਗੁਰ-ਗਿਆਨ ਅਨੁਸਾਰ ਢਾਲ ਲਿਆ ਹੋਵੇ। ਹਮੇਸ਼ਾਂ ਸੱਚ ਦੀ ਵਰਤੋਂ ਕਰਨ ਵਾਲਾ ਸੱਚ ਖੰਡ ਦਾ ਵਾਸੀ ਹੋ ਨਿਬੜਦਾ ਹੈ—’ ਸਚਿ ਖੰਡਿ ਵਸੈ ਨਿਰੰਕਾਰੁ’॥ ਸ਼ਬਦ ਦੇ ਭੇਦ ਭਾਵ ਨੂੰ ਨਾ ਸਮਝਦਿਆਂ ਅਰਥ ਬਣਾ ਲਏ ਕਿ ਸੱਚ ਖੰਡ ਵਿੱਚ ਪ੍ਰਮਾਤਮਾ ਰਹਿੰਦਾ ਹੈ। ਜਿਵੇਂ ਕਿ ਬਾਰ ਬਾਰ ਇਸ ਗੱਲ ਨੂੰ ਦੁਹਾਰਿਆ ਗਿਆ ਹੈ ਕਿ ਪ੍ਰਾਮਤਮਾ ਜ਼ਰੇ ਜ਼ਰੇ ਵਿੱਚ ਵਿਆਪਕ ਹੈ ਤੇ ਉਹ ਸਾਡੇ ਵਿੱਚ ਵੀ ਸ਼ੁਭ ਖ਼ਿਆਲਾਂ ਦੇ ਰੂਪ ਵਿੱਚ ਬੈਠਾ ਹੋਇਆ ਹੈ। ਸਾਡੇ ਮਨ ਤੇ ਵਿਕਾਰਾਂ ਦੀ ਏੰਨੀ ਪਾਹ ਚੜ੍ਹੀ ਹੋਈ ਹੈ ਅੰਦਰ ਬੈਠੇ ਸ਼ੁਭ ਗੁਣ ਸਾਨੂੰ ਦਿਸਦੇ ਹੀ ਨਹੀਂ ਹਨ। ਫਿਰ ਇਸ ਨੂੰ ਇਸ ਤਰ੍ਹਾਂ ਸਮਝਿਆ ਜਾਏਗਾ ਕਿ ਸਤਿ, ਸੰਤੋਖ, ਭੈ-ਭਾਵਨੀ, ਧੀਰਜ, ਮਿੱਠ-ਬੋਲਣਾ, ਪਿਆਰ ਦੀਆਂ ਤੰਦਾਂ ਨੂੰ ਪੱਕੀ ਤਰ੍ਹਾਂ ਬਿਠਾਉਣਾ ਹੀ ਸੱਚ ਖੰਡ ਹੈ। ਦੁਨੀਆਂ ਵਿੱਚ ਕੁੱਝ ਉਹ ਲੋਕ ਹਨ ਜੋ ਕੇਵਲ ਆਪਣੇ ਲਈ ਹੀ ਜਿਉਂਦੇ ਹਨ। ਦੁਜੇ ਉਹ ਹਨ ਜੋ ਕੇਵਲ ਆਪਣੇ ਲਈ ਜਾਂ ਅਪਾਣੇ ਪਰਵਾਰ ਲਈ ਹੀ ਜਿਉਂਦੇ ਹਨ। ਤੀਜੇ ਉਹ ਇਨਸਾਨ ਹਨ ਜੋ ਜਾਤ ਪਾਤ ਤੇ ਦੇਸਾਂ ਦੇਸੰਤਰਾਂ ਦੀਆਂ ਵਲ਼ਗਣਾਂ ਨੂੰ ਤੋੜਦਿਆਂ ਹੋਇਆਂ ਸਮੁੱਚੀ ਮਨੁੱਖਤਾ ਲਈ ਕੋਈ ਭਲੇ ਦਾ ਕੰਮ ਕਰ ਜਾਂਦੇ ਹਨ। ਇਸ ਨੂੰ ਇੰਜ ਵੀ ਸਮਝਿਆ ਜਾ ਸਕਦਾ ਹੈ। ਮਨੁੱਖ ਪਹਿਲਾਂ ਅਪਣੇ ਤਲ਼ ਭਾਵ ਆਪਣੀ ਸੋਚ ਦੇ ਖੰਡ ਵਿੱਚ ਹੀ ਵਿਚਰ ਰਿਹਾ ਸੀ। ਫਿਰ ਗਿਆਨ ਆਇਆ ਆਪਣੀ ਜ਼ਿੰਮੇਵਾਰੀ ਦੇ ਅਹਿਸਾਸ ਮੰਡਲ ਵਿੱਚ ਪ੍ਰਵੇਸ਼ ਹੁੰਦਿਆਂ ਸਮੁੱਚੀ ਦੁਨੀਆਂ (ਬ੍ਰਹਿਮੰਡ) ਦੀ ਸੇਵਾ ਦਾ ਚਾਅ ਉਪਜਿਆ ਜਿਸ ਦਾ ਅਧਾਰ ਗੁਰੂ ਨਾਨਕ ਸਾਹਿਬ ਜੀ ਨੇ ‘ਵਿਚਿ ਦੁਨੀਆ ਸੇਵ ਕਮਾਈਐ॥ ਤਾ ਦਰਗਹ ਬੈਸਣੁ ਪਾਈਐ’॥ ਆਪੇ ਦੀ ਸੋਝੀ ਅਉਂਦਿਆਂ ਮਤ ਵਿਸ਼ਾਲਤਾ ਦਾ ਰੂਪ ਧਾਰਨ ਕਰਦੀ ਹੈ—’ ਤਿਥੈ, ਖੰਡ ਮੰਡਲ ਵਰਭੰਡ॥ ਜੇ ਕੋ ਕਥੈ, ਤ ਅੰਤ ਨ ਅੰਤ’॥ ਸ਼ੁਭ ਮਤ ਭਾਵ ਸੱਚ ਖੰਡੀ ਵਿਚਾਰਧਾਰਾ ਬਿਆਨ ਤੋਂ ਬਾਹਰ ਹੋ ਨਿਬੜਦੀ ਹੈ। ਸੱਚ ਖੰਡ ਦਾ ਵਾਸੀ ਸੱਚੇ ਹੁਕਮ ਦੇ ਅਨੁਸਾਰ ਹੀ ਆਪਣਿਆਂ ਗਿਆਨ ਇੰਦਰਿਆ ਨੂੰ ਚਲਾਉਂਦਾ ਹੈ—’ ਤਿਥੈ, ਲੋਅ ਲੋਅ ਆਕਾਰ॥ ਜਿਵ ਜਿਵ ਹੁਕਮ ਤਿਵੈ ਤਿਵ ਕਾਰ’॥
ਸਰੀਰ ਵਿੱਚ ਫੁਰਨਿਆਂ ਦੇ ਘਰ ਨੂੰ ਮਨ ਕਿਹਾ ਜਾਂਦਾ ਹੈ। ਮਨ ਦੇ ਫੁਰਨੇ ਸੱਚ ਦੇ ਅਧਾਰਤ ਹੋ ਜਾਣ ਤਾਂ ਉਸ ਨੂੰ ਸ਼ੁਭ ਮਤ ਕਿਹਾ ਜਾਂਦਾ ਹੈ। ਗੁਣਾਂ ਭਰਪੂਰੀ ਮਤ ਵਿਚਾਰ ਕਰਦਿਆਂ ਹੋਇਆਂ ਆਪਣਿਆਂ ਗਿਆਨ ਇੰਦਰਿਆਂ ਦੀ ਸੰਭਾਲ਼ ਕਰਕੇ ਖੁਸ਼ ਹੁੰਦੀ ਹੈ— ‘ਵੇਖੈ ਵਿਗਸੈ, ਕਰਿ ਵੀਚਾਰੁ’॥ ਪਹਾੜਾਂ ਦੀਆਂ ਟੀਸੀਆਂ ਨੂੰ ਸਰ ਕਰਨਾ ਆਮ ਆਦਮੀ ਦੇ ਵੱਸ ਦਾ ਰੋਗ ਨਹੀਂ ਹੁੰਦਾ। ਜੇ ਕੋਈ ਪਹਾੜ ਦੀ ਟੀਸੀ ਨੂੰ ਸਰ ਕਰਦਾ ਹੈ ਤਾਂ ਹਮਾਤੜ ਆਦਮੀ ਕਹੇਗਾ ਭਈ ਇਹ ਤੇ ਬਹੁਤ ਔਖਾ ਕੰਮ ਸੀ। ਫ਼ੌਜ ਦਾ ਅੰਗ ਬਣਨ ਲਈ ਹਰ ਰੰਗਰੂਟ ਨੂੰ ਇੱਕ ਔਖਾ ਅਭਿਆਸ ਕਰਨਾ ਪੈਂਦਾ ਹੈ। ਏਸੇ ਤਰ੍ਹਾਂ ਹੀ ਇੱਕ ਚੰਗਾ ਇਨਸਾਨ ਬਣਨ ਲਈ ਅਭਿਆਸ ਦੀ ਜ਼ਰੂਰਤ ਹੈ। ਇਹ ਅਭਿਆਸ ਹੈ ਤਾਂ ਔਖਾ ਪਰ ਜਿਹੜਾ ਇਸ ਰਸਤੇ `ਤੇ ਚਲ ਪੈਂਦਾ ਹੈ ਉਹ ਸੱਚ ਖੰਡ ਦਾ ਵਾਸੀ ਹੋ ਜਾਂਦਾ ਹੈ—’ ਨਾਨਕ, ਕਥਨਾ ਕਰੜਾ ਸਾਰੁ’॥
ਜ਼ਮੀਨ ਵਿਚੋਂ ਨਿਕਲਿਆ ਹੋਇਆ ਲੋਹਾ ਮੋਟੇ ਮੋਟੇ ਡਲ਼ਿਆਂ ਦੇ ਰੂਪ ਵਿੱਚ ਹੁੰਦਾ ਹੈ। ਜਿਉਂ ਜਿਉਂ ਲੋਹੇ ਦੇ ਡਲ਼ਿਆਂ ਨੂੰ ਅੱਗ ਵਿੱਚ ਪਾ ਪਾ ਕੇ ਉਸ ਨੂੰ ਸਾਧਿਆ ਜਾਂਦਾ ਹੈ ਤਾਂ ਉਸ ਦੇ ਕਈ ਪ੍ਰਕਾਰ ਦੇ ਪੁਰਜ਼ੇ ਬਣਾ ਲਏ ਜਾਂਦੇ ਹਨ। ਕੀਮਤੀ ਘੜੀਆਂ, ਹਵਾਈ ਜਹਾਜ਼ਾਂ ਤੇ ਕੰਪਿਊਟਰਾਂ ਦੇ ਪੁਰਜ਼ਿਆਂ ਨੂੰ ਬਹੁਤ ਹੀ ਘਾਲਣਾ ਵਿਚਦੀ ਲੰਘਣਾਂ ਪੈਂਦਾ ਹੈ। ਏਸੇ ਤਰ੍ਹਾਂ ਹੀ ਮਤ ਨੂੰ ਕੀਮਤੀ ਬਣਾਉਣ ਲਈ ਵੀ ਨਿਤਾ ਪ੍ਰਤੀ ਦੇ ਅਭਿਆਸ ਦੀ ਜ਼ਰੂਰਤ ਹੈ। ਅਜੇਹੀ ਘਾਲਣਾ ਘਾਲਣ ਵਾਲੇ ਨੂੰ ਗੁਰਮੁਖ, ਸੇਵਕ, ਨੇਕ ਇਨਸਾਨ, ਸਿੱਖ ਤੇ ਖਾਲਸਾ ਕਿਹਾ ਗਿਆ ਹੈ। ਸੁ ਸੱਚ ਖੰਡ ਕੋਈ ਵੱਖਰੀ ਜਗ੍ਹਾ ਨਹੀਂ ਹੈ ਜਿੱਥੇ ਨਿਰੰਕਾਰ ਵੱਸਦਾ ਹੈ। ਸਾਡੇ ਮਨ ਵਿੱਚ ਸ਼ੁਭ ਮਤ ਦਾ ਨਿਵਾਸ ਹੀ ਸੱਚ ਖੰਡ ਹੈ ਜੋ ਰੱਬ ਗੁਣਾਂ ਦੀ ਲਖਾਇਕ ਹੈ।
ਸੱਚ ਖੰਡ ਦਾ ਵਿਵਹਾਰਕ ਪੱਖ—
ਪਹਾੜਾਂ ਦੀਆਂ ਕੰਦਰਾਂ ਤੋਂ ਜੀਵਨ ਸ਼ੁਰੂ ਕਰਕੇ ਅਕਾਸ਼ ਵਿੱਚ ਬੁਲੰਦੀਆਂ ਨੂੰ ਛੂਹ ਲੈਣ ਵਾਲੇ ਮਨੁੱਖ ਨੇ ਬੇ-ਓੜਕ ਤਰੱਕੀ ਦੀ ਮੰਜ਼ਿਲਾਂ ਨੂੰ ਸਰ ਕੀਤਾ ਹੈ। ਇਸ ਦੇ ਨਾਲ ਹੀ ਇੱਕ ਦੂਜੇ ਮੁਲਕ ਨੂੰ ਘਰੋਂ ਬੈਠਿਆਂ ਹੀ ਤਬਾਹ ਕਰਨ ਦੀਆਂ ਜੁਗਤੀਆਂ ਵੀ ਸਿੱਖ ਲਈਆਂ ਹਨ। ਜੇ ਇੱਕ ਮੁਲਕ ਹਮਲਾ ਕਰਨ ਦੀ ਸਮਰੱਥਾ ਰੱਖਦਾ ਹੈ ਤਾਂ ਦੂਜਾ ਉਸ ਨੂੰ ਰੋਕਣ ਦੀ ਸਮਰੱਥਾ ਵੀ ਰੱਖਦਾ ਹੈ। ਭਿਆਨਕ ਬਿਮਾਰੀਆਂ ਦੀ ਰੋਕਥਾਮ ਲਈ ਉਚੇਚੇ ਯਤਨ ਕੀਤੇ ਜਾ ਰਹੇ ਹਨ। ਕੰਪਿਊਟਰ ਤੇ ਟੈਲੀਫੂਨ ਦੀ ਸੁੱਖ ਸਹੂਲਤ ਨਾਲ ਦੁਨੀਆਂ ਨੂੰ ਆਪਣੀ ਮੁੱਠੀ ਵਿੱਚ ਹੀ ਇੱਕ ਕਿਸਮ ਦਾ ਕਾਬੂ ਕਰ ਲਿਆ ਹੈ। ਏਨਾ ਕੁੱਝ ਹੋਣ ਦੇ ਬਾਵਜੂਦ ਵੀ ਖ਼ੁਦਾ ਦੇ ਬੇਟੇ ਨੂੰ ਸੁੱਖ ਚੈਨ ਨਹੀਂ ਹੈ। ਸਰੀਰਕ ਸਾਰੇ ਸੁੱਖ ਹੋਣ ਦੇ ਬਾਵਜੂਦ ਵੀ ਇਹ ਬੰਦਾ ਅੰਦਰੋਂ ਦੁਖੀ ਹੈ ਕਿਉਂਕਿ ਮਨੁੱਖ ਦੁਹਰੇ ਤਲ਼ `ਤੇ ਜੀਊ ਰਿਹਾ ਹੈ। ਅੰਦਰ ਇਸ ਦੇ ਕੁੱਝ ਹੋਰ ਚੱਲ ਰਿਹਾ ਹੈ ਤੇ ਬਾਹਰ ਇਸ ਦਾ ਦਿਖਾਵਾ ਕੋਈ ਹੋਰ ਹੈ। ਅਜੇਹੇ ਮਨੁੱਖ ਨੂੰ ਫ਼ਰੀਦ ਸਾਹਿਬ ਜੀ ਕਹਿੰਦੇ ਹਨ ਕਿ ਐ ਇਨਸਾਨ ਤੂੰ ਕੱਚਾ ਮਨੁੱਖ ਹੈਂ--ਦਿਲਹੁ ਮੁਹਬਤਿ ਜਿੰਨੑ, ਸੇਈ ਸਚਿਆ॥
ਜਿਨੑ ਮਨਿ ਹੋਰੁ ਮੁਖਿ ਹੋਰੁ, ਸਿ ਕਾਂਢੇ ਕਚਿਆ॥ 1॥
ਪੰਨਾ ੪੮੮
ਇਸ ਦਾ ਅਰਥ ਹੈ ਕਿ ਜੇ ਮਨ ਵਿੱਚ ਸੱਚ ਆ ਗਿਆ ਤਾਂ ਜੀਵਨ ਵਿੱਚ ਇਕਸਾਰਤਾ ਆ ਜਾਏਗੀ। ਸੌਦਾ ਖਰੀਦਣ ਜਾਂਦੇ ਹਾਂ ਪਹਿਲਾਂ ਪਤਾ ਕਰਦੇ ਹਾਂ ਕਿ ਉਸ ਦੁਕਾਨ ਵਾਲੇ ਦਾ ਵਿਵਹਾਰ ਕਿਹੋ ਜੇਹਾ ਹੈ। ਬੱਚਿਆਂ ਨੂੰ ਸਕੂਲ ਵਿੱਚ ਦਾਖ਼ਲ ਕਰਾਉਣ ਤੋਂ ਪਹਿਲਾਂ ਪਤਾ ਕਰਦੇ ਹਾਂ ਕਿ ਸਕੂਲ ਦਾ ਵਿਵਹਾਰ ਕਿਹੋ ਜੇਹਾ ਹੈ। ਗੱਲ ਕੀ ਸਮਾਜ ਦੀਆਂ ਕੜੀਆਂ ਹੀ ਸੱਚੇ ਵਿਵਹਾਰ ਤੇ ਜਿਉਂਦੀਆਂ ਹਨ। ਕਨੇਡਾ ਦੇ ਇੱਕ ਸ਼ਹਿਰ ਵਿਖੇ ਆਪਣੇ ਦੋਸਤ ਨਾਲ ਦੂਸਰੇ ਸ਼ਹਿਰ ਜਾ ਰਹੇ ਸੀ। ਦੋਸਤ ਦੇ ਬੱਚੇ ਵੀ ਨਾਲ ਸਨ। ਡਰਾਇਵ ਕਰ ਰਹੇ ਦੋਸਤ ਨੇ ਸੀਟ ਬੈਲਟ ਨਹੀਂ ਲਾਈ ਹੋਈ ਸੀ। ਪੁਲੀਸ ਦੀ ਗੱਡੀ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਮੇਰੇ ਦੋਸਤ ਨੇ ਫਟਾਫਟ ਸੀਟ ਬੈਲਟ ਲਗਾ ਲਈ। ਪੁਲੀਸਮੈਨ ਕਹਿੰਦਾ ਕਿ ਤੁਸਾਂ ਸੀਟ ਬੈਲਟ ਨਹੀਂ ਲਗਾਈ ਸੀ। ਪਰ ਮੇਰਾ ਦੋਸਤ ਕਹਿੰਦਾ ਕਿ ਮੈਂ ਸੀਟ ਬੈਲਟ ਲਾਈ ਹੋਈ ਹੈ। ਹੁਣ ਉਸ ਦੇ ਬੱਚੇ ਕਹਿੰਦੇ ਡੈਡ ਤੁਸੀਂ ਝੂਠ ਬੋਲ ਰਹੇ ਹੋ ਤੁਸਾਂ ਸੀਟ ਬੈਲਟ ਨਹੀਂ ਲਾਈ ਸੀ। ਚੁੱਪ ਕਰਕੇ ਜੁਰਮਾਨੇ ਵਾਲੀ ਟਿਕਟ ਲੈ ਲਓ ਤੇ ਅਗਾਂਹ ਧਿਆਨ ਨਾਲ ਗੱਡੀ ਚਲਾਉਣ ਦਾ ਯਤਨ ਕਰਿਆ ਜੇ। ਹੁਣ ਦੇਖਿਆ ਜਾਏ ਤਾਂ ਬੱਚਿਆਂ ਪਾਸ ਵਿਵਹਾਰਕ ਜੀਵਨ ਜੁਗਤੀ ਹੈ ਪਰ ਦੋਸਤ ਪਾਸ ਵਿਵਹਾਰਕ ਜੁਗਤੀ ਨਹੀਂ ਹੈ। ਸੱਚ ਦੇ ਧਾਰਨੀ ਹੋ ਕੇ ਜੀਵਨ ਬਸਰ ਕਰਨ ਵਾਲੇ ਦੇ ਮਨ ਤੇ ਕੋਈ ਵੀ ਬੋਝ ਨਹੀਂ ਹੁੰਦਾ। ਗੁਰੂ ਨਾਨਕ ਸਾਹਿਬ ਜੀ ਨੇ ਸਾਰੀ ਧਰਤੀ ਦੇ ਲੋਕਾਂ ਨੂੰ ਆਪਣੇ ਅੰਦਰ ਸੱਚ ਖੰਡ ਬਣਾਉਣ ਲਈ ਕਿਹਾ ਹੈ। ਜਿਸ ਘਰ ਵਿੱਚ ਸੱਚ ਖੰਡ ਦੀ ਪ੍ਰਵੇਸ਼ਤਾ ਹੋ ਜਾਂਦੀ ਹੈ ਓੱਥੇ ਸਦਾਚਾਰਕ ਕਦਰਾਂ ਕੀਮਤਾਂ ਬਰਕਰਾਰ ਰਹਿੰਦੀਆਂ ਹਨ। ਜੋਗੀ, ਸਿਧ ਜਾਂ ਅੱਜ ਕਲ੍ਹ ਦੇ ਸਾਧ ਗ੍ਰਹਿਸਤ ਦੀਆਂ ਜ਼ਿੰਮੇਵਾਰੀਆਂ ਤੋਂ ਭੱਜਦਿਆਂ ਸੱਚ ਖੰਡ ਦੀ ਭਾਲ ਕਰ ਰਹੇ ਹਨ। ਗੁਰਬਾਣੀ ਦਾ ਸੰਦੇਸ਼ ਹੈ ਕਿ ਆਪਣੇ ਘਰ ਰਹਿੰਦਿਆਂ ਹੀ ਆਪਣੇ ਫ਼ਰਜ਼ ਨੂੰ ਨਿਬੁਹੰਦਿਆਂ ਹੋਇਆ ਸੱਚ ਖੰਡ ਦੇ ਵਾਸੀ ਬਣ ਸਕਦੇ ਹਾਂ ਜੇਹਾ ਕਿ—
ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ॥
ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ॥ 2
ਪੰਨਾ ੫੨੨




.