ਸਿੱਖ ਆਗੂਆਂ ਦੀਆਂ ਅਸਚਰਜ ਬੇਪਰਵਾਹੀਆਂ
ਗਿਆਨੀ ਸੰਤੋਖ ਸਿੰਘ
ਪ੍ਰੋ. ਸਾਹਿਬ ਸਿੰਘ ਜੀ ਹੋਰਾਂ ਦੀ
ਜਬਾਨੀ, ਲਿਖਤ ਅਤੇ ਆਪਣੀ ਨਿਜੀ ਜਾਣਕਾਰੀ ਉਪਰ ਆਧਾਰਤ ਹੈ ਇਹ ਵਾਰਤਾ।
ਵੈਸੇ ਤਾਂ ਸਿੱਖਾਂ ਦੀ ਬਾਕੀ ਦੁਨੀਆ ਵਾਲ਼ਿਆਂ ਨਾਲੋਂ ਹਰ ਬਾਤ ਹੀ ਨਿਰਾਲੀ ਹੁੰਦੀ ਹੈ ਪਰ ਕਈ ਵਾਰ
ਤਾਂ ਬਹੁਤ ਹੀ ਘਾਟੇ ਵਾਲ਼ਾ ਸੌਦਾ ਵੀ ਇਹ ਕਰ ਲੈਂਦੇ ਹਨ। ਦੂਜਿਆਂ ਦੇ ਮਸਲੇ ਵਿੱਚ ਲੱਤ ਅੜਾ ਕੇ
ਆਪਣਾ ਨੁਕਸਾਨ ਕਰਵਾ ਲੈਣਾ ਇਹਨਾਂ ਦੀ ਮੁਢ ਕਦੀਮੀ ਆਦਤ ਹੈ। ਸ਼ਾਇਦ ਏਸੇ ਕਰਕੇ ਹੀ ਕਿਸੇ ਨੇ ਇਹ
ਝੂਠਾ ਚੁਟਕਲਾ ਘੜਿਆ ਹੋਵੇ:
ਕਿਸੇ ਨੇ ਪੁੱਛਿਆ: ਹਨੂਮਾਨ ਕੌਣ ਸੀ?
ਅੱਗੋਂ ਦੂਜੇ ਨੇ ਜਵਾਬ ਦਿਤਾ: ਹਨੂ ਉਸ ਦਾ ਨਾਂ ਸੀ ਤੇ ਮਾਨ ਗੋਤ ਦਾ ਗੁਰਾਂ ਦਾ ਜੱਟ ਸਿੱਖ ਸੀ।
ਪਹਿਲੇ ਦਾ ਹੈਰਾਨੀ ਭਰਿਆ ਸਵਾਲ ਸੀ: ਇਹ ਕਿਵੇਂ ਹੋ ਸਕਦਾ?
ਦੂਜੇ ਦਾ ਉਤਰ: ਕਿਸੇ ਦੀ ਤੀਵੀਂ ਕੋਈ ਕਢ ਕੇ ਲੈ ਗਿਆ। ਇਸ ਨੇ ਆਪਣੀ ਪੂਛ ਨੂੰ ਅੱਗ ਲਾ ਕੇ ਨਾ
ਕਿਸੇ ਦਾ ਕੁੱਝ ਛੱਡਿਆ ਨਾ ਆਪਣਾ। ਦੱਸੋ, ਜੱਟ ਸਿੱਖ ਨਹੀ ਤੇ ਹੋਰ ਕੌਣ ਹੋ ਸਕਦਾ?
ਵੈਸੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਤਿੰਨ ਸਿੱਖਾਂ ਸਮੇਤ ਆਪਣੀ ਕੁਰਬਾਨੀ ਦੇ ਕੇ,
ਸਿਖਾਇਆ ਵੀ ਇਹਨਾਂ ਨੂੰ ਏਹੀ ਹੈ। ਬਿਨਾ ਵਿਤਕਰੇ ਦੇ, ਹਰੇਕ ਦੁਖੀ ਦੀ ਸਹਾਇਤਾ ਕਰਨ ਲਈ ਆਪਾ ਵਾਰਨ
ਲਈ ਤਿਆਰ ਹੀ ਨਹੀ ਹੋ ਜਾਂਦੇ ਬਲਕਿ ਆਪਾ ਵਾਰ ਵੀ ਦਿੰਦੇ ਹਨ। ਇੱਕ ਦੁਖੀ ਬ੍ਰਾਹਮਣ ਦੀ ਪਤਨੀ ਨੂੰ
ਜ਼ਾਲਮ ਹਾਕਮ ਤੋਂ ਛੁਡਵਾਉਣ ਵਾਸਤੇ, ਕਸੂਰ ਵਰਗੇ ਅਤੀ ਮਜਬੂਤ, ਬਾਰਾਂ ਕਿਲ੍ਹਿਆਂ ਵਾਲ਼ੇ ਸ਼ਹਿਰ ਉਪਰ
ਵੀ ਹਮਲਾ ਕਰਨਾ ਪਵੇ ਤਾਂ ਜਾਨ ਦੀ ਬਾਜੀ ਲਾ ਦੇਣੀ ਸਿੰਘਾਂ ਦਾ ਸਹਿਜ ਕਾਰਜ ਹੈ। ਭਾਈ ਤਾਰੂ ਸਿੰਘ
ਜੀ ਦੀ ਸ਼ਹੀਦੀ ਦਾ ਵੀ ਫੌਰੀ ਕਾਰਨ ਏਹੀ ਬਣਿਆ ਸੀ ਕਿ ਉਸ ਨੇ ਸਿੱਖਾਂ ਨੂੰ ਆਖ ਕੇ ਪੱਟੀ ਦੇ ਹਾਕਮ
ਦੇ ਚੁੰਬਲ਼ ਵਿਚੋਂ, ਇੱਕ ਗਰੀਬ ਮੁਸਲਮਾਨ ਮਾਛੀ, ਰਹੀਮ ਬਖ਼ਸ਼ ਦੀ ਪੁੱਤਰੀ ਛੁਡਵਾ ਦਿਤੀ ਸੀ। ਬੇਅੰਤ
ਮਿਸਾਲਾਂ ਇਤਿਹਾਸ ਵਿਚੋਂ ਸਾਨੂੰ ਅਜਿਹੀਆਂ ਮਿਲ ਜਾਂਦੀਆਂ ਹਨ ਜਦੋਂ ਕਿ ਸਿੱਖਾਂ ਨੇ ਆਪਣਾ ਨਫ਼ਾ
ਨੁਕਸਾਨ ਨਾ ਸੋਚਿਆ ਤੇ ਪਰਉਪਕਾਰ ਹਿਤ ਆਪਾ ਵਾਰਨ ਲਈ ਤਿਆਰ ਹੋ ਗਏ।
ਵਿੱਦਿਆ ਦੇ ਖੇਤਰ ਦੀ ਗੱਲ ਵੀ ਕਰ ਲਈਏ: ਉਨੀਵੀਂ ਸਦੀ ਦੇ ਅਖੀਰ ਜਿਹੇ ਵਿੱਚ ਸਿੱਖਾਂ ਨੇ ਵੀ ਸੋਚਿਆ
ਕਿ ਸਾਡਾ ਇੱਕ ਆਪਣਾ ਕਾਲਜ ਹੋਣਾ ਚਾਹੀਦਾ ਹੈ। ਇਸ ਲਈ ਉਦਮ ਆਰੰਭੇ ਗਏ। ਉਸ ਸਮੇ ਸਰ ਦਿਆਲ ਸਿੰਘ
ਮਜੀਠੀਏ ਨੇ ਸਿੱਖਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਧਨ ਨਾਲ਼ ਕਾਲਜ ਬਣਵਾ ਦਿੰਦਾ ਹੈ ਪਰ ਉਸ ਦਾ
ਨਾਂ ‘ਸਰ ਦਿਆਲ ਸਿੰਘ ਖ਼ਾਲਸਾ ਕਾਲਜ’ ਰੱਖ ਲਵੋ। ਉਸ ਦੀ ਜਾਇਦਾਦ ਬਹੁਤ ਸੀ ਪਰ ਸੰਤਾਨ ਨਾ ਹੋਣ ਕਰਕੇ
ਉਹ ਆਪਣੇ ਵਸੀਲਿਆਂ ਨੂੰ ਲੋਕ ਭਲਾਈ ਵਾਸਤੇ ਖ਼ਰਚ ਕਰਨਾ ਚਾਹੁੰਦਾ ਸੀ ਪਰ ਸਿੱਖ ਆਗੂਆਂ ਨੇ ਉਸ ਦੀ ਇਸ
ਮੰਗ ਨੂੰ ਮੰਨਣ ਤੋਂ ਇਨਕਾਰ ਕਰ ਦਿਤਾ। ਉਸ ਸਮੇ ਦੇ ਸਿੱਖ ਆਗੂਆਂ ਦਾ ਵਿਚਾਰ ਸੀ ਕਿ ਇਸ ਕੌਮੀ
ਸੰਸਥਾ ਦੇ ਨਾਂ ਨਾਲ਼ ਕਿਸੇ ਇੱਕ ਵਿਅਕਤੀ ਦਾ ਨਾਂ ਨਹੀ ਜੋੜਿਆ ਜਾ ਸਕਦਾ। ਆਰੀਆ ਸਮਾਜੀਆਂ ਨੂੰ ਇਸ
ਗੱਲ ਦੀ ਭਿਣਕ ਪੈ ਗਈ। ਉਹਨਾਂ ਨੇ ਆ ਵੇਖਿਆ ਨਾ ਤਾ; ਝੱਟ ਪੱਟ ਉਸ ਤੱਕ ਪਹੁੰਚ ਕਰਕੇ, ਉੇਸ ਦੇ ਧਨ
ਨਾਲ਼, ਦਿਆਲ ਸਿੰਘ ਡੀ. ਏ. ਵੀ. ਕਾਲਜ, ਦਿਆਲ ਸਿੰਘ ਲਾਇਬ੍ਰੇਰੀ, ਟਰਿਬਿਊਨ ਆਦਿ ਵਰਗੇ ਅਦਾਰੇ ਕਾਇਮ
ਕਰ ਲਏ। ਇਹ ਸਾਰੀਆਂ ਸੰਸਥਾਵਾਂ ਇੱਕ ਸਿੱਖ ਦੇ ਧਨ ਨਾਲ ਹੋਂਦ ਵਿੱਚ ਆਈਆਂ ਜਿਨ੍ਹਾਂ ਦੇ ਵਸੀਲਿਆਂ
ਨੂੰ, ਪੰਜਾਬ ਵਿੱਚ ਸਿੱਖੀ, ਗੁਰਮੁਖੀ ਲਿੱਪੀ, ਪੰਜਾਬੀ ਬੋਲੀ ਅਤੇ ਪੰਜਾਬ ਦੇ ਹਿਤਾਂ ਦੇ ਵਿਰੁਧ
ਅੱਜ ਤੱਕ ਵਰਤਿਆ ਜਾਂਦਾ ਹੈ। ਸਰ ਦਿਆਲ ਸਿੰਘ, ਮਜੀਠੀਆ ਘਰਾਣੇ ਦਾ ਇੱਕ ਰੁਕਨ ਸੀ ਜੇਹੜਾ ਘਰਾਣਾ
ਮਹਾਰਾਜਾ ਰਣਜੀਤ ਸਿੰਘ ਦੇ ਸਮੇ ਤੋਂ ਪ੍ਰਸਿਧ ਸਰਦਾਰ ਘਰਾਣਾ ਰਿਹਾ ਹੈ। ਕਿਸੇ ਵਿਅਕਤੀ ਦੀ ਇਹ ਇੱਛਾ
ਕਿ ਉਸ ਦੇ ਵਸੀਲੇ ਵਰਤਣ ਨਾਲ ਉਸ ਦਾ ਨਾਂ ਸੰਸਾਰ ਵਿੱਚ ਰਹਿ ਜਾਵੇ, ਕੋਈ ਏਨੀ ਮਾੜੀ ਗੱਲ ਵੀ ਨਹੀ।
ਅਸੀਂ ਸਾਰੇ ਹੀ ਸਵਾਰਥੀ ਹਾਂ। ਕੋਈ ਵੀ ਕੰਮ ਕਰਨ ਪਿਛੇ ਸਾਡਾ ਕੋਈ ਨਾ ਕੋਈ ਸਵਾਰਥ ਛੁਪਿਆ ਹੁੰਦਾ
ਹੈ। ਆਗੂਆਂ ਦੇ ਵਿਚਾਰਨ ਵਾਲ਼ੀ ਗੱਲ ਇਹ ਹੈ ਕਿ ਵਡੇਰਾ ਕੌਮੀ ਲਾਭ ਕਿਸ ਕਾਰਜ ਦੇ ਕਰਨ ਵਿੱਚ ਹੈ।
ਅਠਾਰਵੀ ਸਦੀ ਅਤੇ ੧੯੪੭ ਦੀਆਂ ਘਟਨਾਵਾਂ ਤਾਂ ਦੂਰ ਦੀਆਂ ਬਾਤਾਂ ਰਹਿ ਗਈਆਂ; ੧੯੭੫ ਵਿਚਲੇ
ਐਮਰਜੈਂਸੀ ਦੇ ਦੌਰ ਸਮੇ ਵੀ ਇੰਦਰਾ ਨੇ ਬਾਕੀ ਪਾਰਟੀਆਂ ਦੇ ਆਗੂਆਂ ਨੁੰ ਤਾਂ ਫੜ ਕੇ ਸੀਖਾਂ ਦੇ
ਅੰਦਰ ਤਾੜ ਦਿਤਾ ਸੀ ਪਰ ਅਕਾਲੀ ਆਗੂਆਂ ਨੂੰ ਕੁੱਝ ਨਹੀ ਸੀ ਆਖਿਆ; ਸਗੋਂ ਆਪਣੇ ਪੁੱਤਰ ਸੰਜੇ ਰਾਹੀਂ
ਅਕਾਲੀਆਂ ਵਲ ਸੁਲਾਹ ਦਾ ਹੱਥ ਵਧਾਇਆ ਸੀ। ਸੰਜੇ ਨੇ ਏਥੋਂ ਤੱਕ ਵੀ, ਸੁਣਿਆ ਹੈ ਕਿ, ਅਕਾਲੀਆਂ ਨੂੰ
ਆਖਿਆ ਸੀ ਕਿ ਪੰਜਾਬ ਵਿੱਚ ਤੁਸੀਂ ਵੱਡੇ ਭਰਾ ਤੇ ਅਸੀਂ ਛੋਟੇ; ਬਾਕੀ ਹਿੰਦੁਸਤਾਨ ਵਿੱਚ ਅਸੀਂ ਵੱਡੇ
ਭਰਾ ਤੇ ਤੁਸੀਂ ਛੋਟੇ। ਆਓ ਰਲ਼ ਕੇ ਚੱਲੀਏ। ਇਹਨਾਂ ਗਿਰਗਿਟਾਂ ਨਾਲ ਰਲ ਕੇ ਤੁਸੀਂ ਆਪਣਾ ਝੁੱਗਾ ਨਾ
ਚੌੜ ਕਰੋ। ਚੰਡੀਗੜ੍ਹ ਵੀ ਪੰਜਾਬ ਨੂੰ ਦੇ ਦਿਆਂਗੇ। ਆਲ ਇੰਡੀਆ ਗੁਰਦੁਆਰਾ ਐਕਟ ਵੀ ਬਣਾ ਦਿਆਂਗੇ।
ਦਿੱਲੀ, ਹਿਮਾਚਲ ਅਤੇ ਹਰਿਆਣੇ ਵਿੱਚ ਪੰਜਾਬੀ ਬੋਲੀ ਨੂੰ ਦੂਜਾ ਦਰਜਾ ਵੀ ਦੇ ਦਿਆਂਗੇ। ਬੰਦਾ ਪੁੱਛੇ
ਭਈ ਹੋਰ ਤੁਸੀਂ ਛਣਕਣਾ ਲੈਣਾ!
ਓਧਰੋਂ ਜੇਹਲ ਵਿਚੋਂ ਵੀਰ ਯੱਗ ਦੱਤ ਵਰਗੇ ਜਨਸੰਘੀ ਆਗੂ ਚਿੱਠੀਆਂ ਲਿਖ ਕੇ ਅਕਾਲੀ ਆਗੂਆਂ ਨੂੰ,
ਗੁਰੂ ਤੇਗ ਬਹਾਦਰ ਸਾਹਿਬ ਵਾਂਗ ਬਹੁੜਨ ਲਈ ਦੁਹਾਈਆਂ ਪਾ ਰਹੇ ਸਨ। ਅਕਾਲੀਆਂ ਨੇ ਦੂਰ ਦਰਸ਼ਤਾ ਤੋਂ
ਕੰਮ ਨਾ ਲੈ ਕੇ, ਇੰਦਰਾ ਸਰਕਾਰ ਨਾਲ ਟੱਕਰ ਲੈਣ ਦਾ ਫੈਸਲਾ ਕਰਕੇ, ਮੋਰਚਾ ਸੁਰੂ ਕਰ ਦਿਤਾ। ੧੯
ਮਹੀਨੇ ਮੋਰਚਾ ਓਦੋਂ ਤੱਕ ਚੱਲਦਾ ਰਿਹਾ ਜਦੋਂ ਤੱਕ ਇੰਦਰਾ ਨੇ ਐਮਰਜੈਂਸੀ ਚੁੱਕ ਕੇ ਚੋਣਾਂ ਦਾ ਐਲਾਨ
ਨਹੀ ਕਰ ਦਿਤਾ। ਫਿਰ ਅਕਾਲੀਆਂ ਦੀ ਅਗਵਾਈ ਹੇਠ ਸਿੱਖਾਂ ਨੇ ਇੰਦਰਾ ਦੇ ਤਬਲੇ ਮੂਧੇ ਮਾਰਨ ਵਿੱਚ
ਮੋਹਰੀ ਹਿੱਸਾ ਪਾਇਆ। ਅਰਥਾਤ ਚੋਣਾਂ ਵਿੱਚ ਉਸ ਦੀ ਤੇ ਉਸ ਦੇ ਪੁੱਤਰ ਸੰਜੇ ਦੀ ਫੱਟੀ ਪੋਚ ਕੇ ਰੱਖ
ਦਿਤੀ। ਅਕਾਲੀਆਂ ਦੀ ਇਸ ‘ਵਧੀਕੀ’ ਤੋਂ ਇੰਦਰਾ ਨੇ ਗੁੱਸਾ ਖਾ ਕੇ, ਅਕਾਲੀਆਂ ਨੂੰ ਉਹਨਾਂ ਦੀ ਕੀਤੀ
ਦਾ ਫਲ ਭੁਗਤਾਉਣ ਦਾ ਤਹੱਈਆ ਕਰ ਲਿਆ, ਜਿਸ ਦਾ ਨਤੀਜਾ ੧੯੮੪ ਦੀਆਂ ਦੁਰਘਟਨਾਵਾਂ ਦੇ ਕਰੂਪ ਵਿੱਚ
ਨਿਕਲਿਆ। ਇਸ ਸਮੇ ਉਹਨਾਂ ਹੀ ਸੰਘੀ ਆਗੂਆਂ ਨੇ ਤੁਖਣਾ ਦੇ ਦੇ ਕੇ, ਇੰਦਰਾ ਪਾਸੋਂ ਸਿੱਖ ਕੌਮ ਉਪਰ
ਹਮਲਾ ਕਰਵਾ ਕੇ, ਕੌਮ ਦਾ ਘਾਣ ਕਰਵਾਇਆ। ਬਾਬੇ ਬਾਜਪਾਈ ਨੇ, ਇਸ ਘੋਰ ਪਾਪ ਬਦਲੇ ਉਸ ਨੂੰ ਦੁਰਗਾ ਦਾ
ਖ਼ਿਤਾਬ ਦਿਤਾ। ਉਸ ਨੇ ਇਹ ਵੀ ਆਖਿਆ ਕਿ ਇਹ ਕਦਮ ਇੰਦਰਾ ਨੂੰ ਛੇ ਮਹੀਨੇ ਪਹਿਲਾਂ ਚੁੱਕਣਾ ਚਾਹੀਦਾ
ਸੀ। ਅਡਵਾਨੀ ਹੁਣ ਵੀ ਲਿਖਤੀ ਰੂਪ ਵਿੱਚ ਮੰਨਦਾ ਹੈ ਕਿ ਇੰਦਰਾ ਪਾਸੋਂ ਉਸ ਦੇ ਜੀਵਨ ਵਿਚਲੀ ਇਹ ਸਭ
ਤੋਂ ਭਿਆਨਕ ਗ਼ਲਤੀ ਉਹਨਾਂ ਦੀ ਪਾਰਟੀ ਨੇ ਕਰਵਾਈ ਸੀ।
ਇਹ ਤਾਂ ਕੌਮੀ ਗ਼ਲਤੀਆਂ ਬਾਰੇ ਇੱਕ ਮਾੜਾ ਜਿਹਾ ਝਲਕਾਰਾ ਹੀ ਸੀ ਜੋ ਉਪਰ ਦਰਸਾਇਆ ਗਿਆ ਹੈ ਅਤੇ ਇਹ
ਜਾਣਕਾਰਾਂ ਪਾਸੋਂ ਸੁਣੀਆਂ ਜਾਂ ਪੁਸਤਕਾਂ ਵਿਚੋਂ ਪੜ੍ਹੀ ਜਾਣਕਾਰੀ ਉਪਰ ਹੀ ਆਧਾਰਤ ਹਨ। ਹੁਣ ਮੈ
ਏਥੇ ਇੱਕ ਹੋਰ, ਮੇਰੀ ਜਾਣਕਾਰੀ ਅਤੇ ਮੇਰੇ ਵੇਖਦਿਆਂ ਹੀ ਹੋਈ ਇੱਕ ਵਡੇਰੀ ਤੇ ਲੰਮੇਰੀ ਗ਼ਲਤੀ ਦਾ
ਪ੍ਰਸੰਗ ਪਾਠਕਾਂ ਦੇ ਸਨਮੁਖ ਰੱਖਣ ਲੱਗਾ ਹਾਂ:
ਆਪਣੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੀ ਪ੍ਰਿੰਸੀਪਲ ਵਾਲ਼ੀ ਸੇਵਾ ਸਮੇ, ਪ੍ਰੋ. ਸਾਹਿਬ ਸਿੰਘ ਜੀ ਨੇ,
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਆਕਰਣ ਅਨੁਸਾਰ, ਸੰਪੂਰਨ ਟੀਕਾ ‘ਦਰਪਣ’ ਦੇ ਨਾਂ ਹੇਠ ਮੁਕੰਮਲ
ਕੀਤਾ। ਉਹਨਾਂ ਨੇ ਸ਼੍ਰੋਮਣੀ ਗੁ. ਪ੍ਰ. ਕਮੇਟੀ ਨੂੰ ਦਰਖਾਸਤ ਲਿਖ ਕੇ, ਇਹ ਟੀਕਾ ਛਾਪ ਲੈਣ ਲਈ
ਬੇਨਤੀ ਕੀਤੀ ਤੇ ਨਾਲ ਹੀ ਇਸ ਦਾ ਕਾਰਨ ਇਹ ਦੱਸਿਆ: ਕਿਉਂਕਿ ਇਹ ਟੀਕਾ ਉਹਨਾਂ ਨੇ ਕਮੇਟੀ ਦੀ ਨੌਕਰੀ
ਦੇ ਸਮੇ ਕੀਤਾ ਹੈ, ਇਸ ਲਈ ਇਸ ਉਪਰ ਪਹਿਲਾ ਹੱਕ ਕਮੇਟੀ ਦਾ ਬਣਦਾ ਹੈ। ਧਰਮ ਪ੍ਰਚਾਰ ਕਮੇਟੀ ਦੀ
ਮੀਟਿੰਗ ਵਿੱਚ ਇਹ ਦਰਖਾਸਤ ਪੇਸ਼ ਹੋਈ ਤੇ ਕਮੇਟੀ ਨੇ ਇਸ ਨੂੰ ਕਿਸੇ ਅਗਲੀ ਮੀਟਿੰਗ ਵਿੱਚ ਵਿਚਾਰਨ ਲਈ
ਰੱਖ ਲਿਆ। ਇਸ ਦਰਖਾਸਤ ਨੂੰ ਪੜ੍ਹਨ ਅਤੇ ਇਸ ਬਾਰੇ ਹੋਏ ਫੈਸਲੇ ਵਾਲ਼ੇ ਮਤੇ ਨੂੰ ਵੀ, ਹੋਰਨਾਂ ਮਤਿਆਂ
ਵਾਂਗ ਮੈ ਪੱਕੇ ਰਜਿਸਟਰ ਉਪਰ ਦਰਜ ਕੀਤਾ ਸੀ। ਇਸ ਲਈ ਮੈਨੂੰ ਇਸ ਵਾਕਿਆ ਦਾ ਪਤਾ ਹੈ।
ਅੱਜ ਤੱਕ ਵੀ ਵਿਦਿਅਕ ਸੰਸਥਾਵਾਂ ਵਿੱਚ ਸਭ ਤੋਂ ਵਧ ਪ੍ਰਮਾਣੀਕ ਅਤੇ ਗੁਰਬਾਣੀ ਗਿਆਨ ਦਾ ਹਵਾਲਾ ਦੇਣ
ਲਈ ਵਿਦਵਾਨਾਂ ਵਾਸਤੇ, ਗੁਰਬਾਣੀ ਦਾ ਟੀਕਾ ਜੋ ਲਿਖਿਆ ਗਿਆ, ਉਹ ਪ੍ਰੋ. ਸਾਹਿਬ ਸਿੰਘ ਜੀ ਦਾ ਹੀ
ਹੈ। ਇਸ ਟੀਕੇ ਦੇ ਵਜੂਦ ਵਿੱਚ ਆਉਣ ਦਾ ਪ੍ਰਸੰਗ ਇਉਂ ਹੈ:
ਇਕ ਗਰੀਬ ਹਟਵਾਣੀਏ ਹਿੰਦੂ ਖੱਤਰੀ ਦੇ ਘਰ ਪੈਦਾ ਹੋਣ ਵਾਲ਼ਾ ਮਾੜਚੂ ਜਿਹਾ ਬੱਚਾ, ਸਿੰਘ ਸਜ ਜਾਂਦਾ
ਹੈ। ਉਸ ਦੇ ਸਿੰਘ ਸਜ ਜਾਣ ਦੀ ਪ੍ਰੇਰਨਾ ਪਿੱਛੇ ਫੌਜੀ ਸਿੰਘਾਂ ਦੀ ਸਜ ਧਜ ਵਾਲ਼ੀ ਵਰਦੀ ਦਾ ਵੀ
ਹਿੱਸਾ ਸੀ। ਮੁਢਲੇ ਸਕੂਲੀ ਸਮੇ ਉਸ ਦੀ ਪੜ੍ਹਨ ਸਬੰਧੀ ਹੌਸਲਾ ਅਫ਼ਜ਼ਾਈ ਕਰਕੇ ਉਚੇਰੀ ਪੜ੍ਹਾਈ ਵੱਲ
ਪ੍ਰੇਰਤ ਇੱਕ ਮੁਸਲਮਾਨ ਉਸਤਾਦ ਨੇ ਕੀਤਾ। ਉਸ ਦੀ ਕਾਲਜ ਦੀ ਪੜ੍ਹਾਈ, ਸਿੰਘ ਸਜ ਜਾਣ ਦੇ ਬਾਵਜੂਦ
ਵੀ, ਇੱਕ ਹਿੰਦੂ ਬ੍ਰਾਹਮਣ ਪ੍ਰੋਫੈਸਰ ਦੀ ਸਹਾਇਤਾ ਨਾਲ਼ ਸਿਰੇ ਲੱਗਦੀ ਹੈ। ਸ਼੍ਰੋਮਣੀ ਕਮੇਟੀ ਸਮੇਤ
ਕੁੱਝ ਵਿਦਿਅਕ ਅਦਾਰਿਆਂ ਅੰਦਰ ਨੌਕਰੀ ਕਰਦਾ ਹੋਇਆ ਅਖੀਰ, ੧੯੫੧ ਵਿੱਚ ਖ਼ਾਲਸਾ ਕਾਲਜੋਂ ਸੇਵਾ ਮੁਕਤ
ਹੋ ਜਾਂਦਾ ਹੈ ਤਾਂ ਰੈਣ ਬਸੇਰੇ ਲਈ ਪਰਵਾਰ ਵਾਸਤੇ ਸਿਰ ਦੀ ਛੱਤ ਲਭਣ ਦਾ ਫਿਕਰ ਪੈ ਜਾਂਦਾ ਹੈ। ਇੱਕ
ਕੱਟੜ ਕਮਿਊਨਿਸਟ ਵਿਚਾਰਧਾਰਾ ਵਾਲ਼ੇ ਸਾਥੀ, ਪ੍ਰੋ. ਵਰਿਆਮ ਸਿੰਘ, ਦੀ ਸਿਫ਼ਾਰਸ਼ ਨਾਲ, ਉਸ ਨੂੰ ਸ਼ਹੀਦ
ਸਿੱਖ ਮਿਸ਼ਨਰੀ ਕਾਲਜ ਦੀ ਖਾਲੀ ਪਈ ਕੋਠੀ ਕਰਾਏ ਤੇ ਮੰਗਣ ਗਏ ਨੂੰ, ਇੱਕ ਅਕਾਲੀ ਆਗੂ, ਮਾਸਟਰ ਤਾਰਾ
ਸਿੰਘ ਜੀ ਨੇ ਆਖਿਆ, “ਮਿਸ਼ਨਰੀ ਕਾਲਜ ਖੋਹਲ ਦਿਓ ਤੇ ਸ੍ਹਾਬ ਸੋਂਹ ਨੂੰ ਇਸ ਦਾ ਪ੍ਰਿੰਸੀਪਲ ਲਾ
ਦਿਓ”। ਪਰ ਰਿਹਾਇਸ਼ ਲਈ ਉਹ ਕੋਠੀ ਸ਼੍ਰੋਮਣੀ ਕਮੇਟੀ ਦੇ ਕਾਂਗਰਸੀ ਪ੍ਰਧਾਨ, ਹੈਡ ਮਾਸਟਰ ਨਾਹਰ ਸਿੰਘ
ਰਾਹੀਂ ਮਿਲ਼ੀ ਤੇ ਉਹ ਵੀ ਪ੍ਰੋ. ਵਰਿਆਮ ਸਿੰਘ ਦੀ ਹਿੰਮਤ ਨਾਲ਼।
ਕਾਲਜ ਖੋਹਲ ਕੇ ਪ੍ਰਿੰਸੀਪਲ, ਪ੍ਰੋ. ਸਾਹਿਬ ਸਿੰਘ ਜੀ ਨੂੰ, ਮਿਸ਼ਨਰੀ ਕਾਲਜ ਦੇ ਇੱਕ ਰਹਿ ਚੁੱਕੇ
ਪੁਰਾਣੇ ਵਿਦਿਆਰਥੀ ਅਤੇ ਉਸ ਸਮੇ ਅਕਾਲੀ ਤੋਂ ਕਾਂਗਰਸੀ ਬਣ ਕੇ, ਪੰਜਾਬ ਸਰਕਾਰ ਦੇ ਵਜੀਰ ਰਹਿ
ਚੁੱਕੇ, ਸ਼੍ਰੋਮਣੀ ਕਮੇਟੀ ਦੇ ਤਤਕਾਲੀ ਪ੍ਰਧਾਨ, ਸ. ਈਸ਼ਰ ਸਿੰਘ ਮਝੈਲ਼, ਦੀ ਪ੍ਰਧਾਨਗੀ ਵੇਲੇ, ਕਾਲਜ
ਖੋਹਲ ਕੇ ਲਾਇਆ ਗਿਆ। ਇਸ ਨੌਕਰੀ ਦੌਰਾਨ ਹੀ ਉਹਨਾਂ ਦੁਆਰਾ ਵਿਆਕਰਣ ਮੁਤਾਬਿਕ, ਸਾਰੇ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਦਾ ਟੀਕਾ ਲ਼ਿਖਿਆ ਗਿਆ। ਟੀਕੇ ਦੀ ਸੰਪੂਰਨਤਾ ਉਪ੍ਰੰਤ, ੧੯੬੧ ਦੇ ਸ਼ੁਰੂ ਵਿੱਚ
ਸ਼੍ਰੋਮਣੀ ਕਮੇਟੀ ਨੂੰ, ਪ੍ਰੋਫੈਸਰ ਸਾਹਿਬ ਜੀ ਲਿਖਦੇ ਹਨ ਕਿ ਇਸ ਟੀਕੇ ਨੂੰ ਛਾਪਣ ਦੀ ਪਹਿਲ ਉਸ ਦੀ
ਹੈ; ਇਸ ਲਈ ਕਮੇਟੀ ਇਸ ਨੂੰ ਛਾਪ ਲਵੇ ਪਰ ਕਮੇਟੀ ਵਾਲ਼ੇ ਨਾਂਹ ਕਰ ਦਿੰਦੇ ਹਨ। ਫਿਰ ਓਹੋ ਕਮਿਊਨਿਸਟ
ਮਿੱਤਰ, ਪ੍ਰੋ ਵਰਿਆਮ ਸਿੰਘ, ਹੀ ਕੰਮ ਆਉਂਦਾ ਹੈ ਤੇ ਉਹ ਜਲੰਧਰ ਦੇ ‘ਰਾਜ ਪਬਲਿਸ਼ਰਜ਼’ ਨਾਲ਼
ਪ੍ਰੋਫੈਸਰ ਸਾਹਿਬ ਜੀ ਦੀ ਗੱਲ ਕਰਵਾ ਦਿੰਦਾ ਹੈ। ਨਤੀਜੇ ਵਜੋਂ ਇਸ ਮਹਾਨ ਕਾਰਜ ਦੀ ਸ਼ੁਰੂਆਤ ਹੋ
ਜਾਂਦੀ ਹੈ। ਅਰਥਾਤ ਉਹ ਸਫ਼ਲ ਕਾਰੋਬਾਰੀ ਹਿੰਦੂ ਸੱਜਣ ਨਵਾਂ ਪਰੈਸ ਲਾ ਕੇ, ਪ੍ਰੋਫੈਸਰ ਸਾਹਿਬ ਜੀ ਦੀ
ਇਸ ਸੰਸਾਰ ਵਿੱਚ ਮੌਜੂਦਗੀ ਦੌਰਾਨ ਹੀ ਇਸ ਨੂੰ ਸੰਪੂਰਨ ਕਰ ਕੇ, ਵਿਦਵਾਨ ਪਾਠਕਾਂ ਦੇ ਹੱਥਾਂ ਤੱਕ
ਅੱਪੜਦਾ ਕਰ ਦਿੰਦਾ ਹੈ।
ਸੁਣਨ ਵਿੱਚ ਆਇਆ ਹੈ ਕਿ ਅੱਜ ਉਹ ਸਫ਼ਲ ਵਾਪਾਰਕ ਅਦਾਰਾ ਇਸ ਕਾਰਜ ਵਿਚੋਂ ਸੱਬਰਕੱਤੀ ਕਮਾਈ ਕਰ ਰਿਹਾ
ਹੈ। ਇਹ ਉਸ ਦਾ ਜਾਇਜ਼ ਹੱਕ ਵੀ ਬਣਦਾ ਹੈ।
ਇਸ ਤਰ੍ਹਾਂ ਇਹ ਗੁਰਬਾਣੀ ਦੀ ਵਿਆਕਰਣਿਕ ਵਿਆਖਿਆ ਦਾ ਮਹਾਨ ਗ੍ਰੰਥ, ‘ਦਰਪਣ’ ਦੇ ਨਾਂ ਹੇਠ ਵਜੂਦ
ਵਿੱਚ ਆ ਕੇ ਅੱਜ ਸਾਡੇ ਪਾਸ ਮੌਜੂਦ ਹੈ।
ਇਸ ਬਾਰੇ ਪੂਰਾ ਵਿਸਥਾਰ ਪ੍ਰੋਫ਼ੈਸਰ ਸਾਹਿਬ ਜੀ ਦੀ ਕਿਤਾਬ ‘ਮੇਰੀ ਜੀਵਨ ਕਹਾਣੀ’ ਵਿਚੋਂ ਪੜ੍ਹਿਆ ਜਾ
ਸਕਦਾ ਹੈ।