.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਛਿਅ ਘਰ

ਇਹ ਤੇ ਸਪਸ਼ਟ ਹੈ, ਕਿ ਗੁਰਬਾਣੀ ਮਨੁੱਖੀ ਮਨ ਨੂੰ ਵਿਕਾਰਾਂ ਵਲੋਂ ਮੋੜ ਕੇ ਰੱਬੀ ਗੁਣਾਂ ਨਾਲ ਜੁੜਨ ਦਾ ਢੰਗ ਤਰੀਕਾ ਸਮਝਾਉਂਦੀ ਹੈ। ਜਾਂ ਇੰਝ ਕਹਿ ਲਿਆ ਜਾਏ ਕਿ ਗੁਰਬਾਣੀ ਜ਼ਿੰਦਗੀ ਜਿਉਣ ਦਾ ਉਚਤਮ ਖ਼ਜ਼ਾਨਾ ਹੈ। ਇਹ ਠੀਕ ਹੈ ਕਿ ਕੋਈ ਵਧੀਆ ਕਿਸਾਨ, ਮਜ਼ਦੂਰ, ਵਪਾਰੀ, ਡਾਕਟਰ, ਪ੍ਰੋਫੈਸਰ, ਵਕੀਲ, ਚੰਗਾ ਸਾਇੰਸਟਿਸਟ ਤੇ ਚੰਗਾ ਜੱਜ ਹੋ ਸਕਦਾ ਹੈ। ਪਰ ਇਹ ਜ਼ਰੂਰੀ ਨਹੀਂ ਕਿ ਉਹਨਾਂ ਦੇ ਪਾਸ ਜ਼ਿੰਦਗੀ ਜਿਉਣ ਲਈ ਸਦਾਚਾਰਕ ਗੁਣ ਵੀ ਹੋਣ। ਕੁੱਝ ਦਿਨਾਂ ਦੀ ਗੱਲ ਹੈ ਕਿ ਲੁਧਿਆਣੇ ਸ਼ਹਿਰ ਦੀ ਖੇਤੀਬਾੜੀ ਯੂਨੀਵਰਸਟੀ ਦੇ ਨਸ਼ੇ ਵਿੱਚ ਧੁੱਤ ਇੱਕ ਪ੍ਰੋਫੈਸਰ ਨੂੰ ਪੰਜ ਕੁ ਸਾਲ ਦੀ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਦਿਆਂ ਫੜਿਆ ਗਿਆ। ਪਿੱਛਲੇ ਸਮੇਂ ਵਿੱਚ ਕੁੱਝ ਸਕੂਲਾਂ ਦੀਆਂ ਬੱਚੀਆਂ ਨੂੰ ਨਕਲ ਕਰਾਉਣ ਦੇ ਬਹਾਨੇ ਸਕੂਲ ਦੇ ਅਧਿਆਪਕਾਂ ਨੇ ਹੀ ਉੱਚਕੋਟੀ ਦੀਆਂ ਨੀਚ ਹਰਕਤਾਂ ਕੀਤੀਆਂ ਜੋ ਸਾਰੀਆਂ ਖ਼ਬਰਾਂ ਸਭ ਦੇ ਸਾਹਮਣੇ ਹਨ। ਗੁਰਬਾਣੀ ਸਿਧਾਂਤ ਦੀ ਇਹ ਪ੍ਰਮੁੱਖ ਵਿਸ਼ੇਸ਼ਤਾਈ ਹੈ ਕਿ ਹਰੇਕ ਇਨਸਾਨ ਨੂੰ ਸਚਿਆਰ ਬਣਨ ਲਈ ਪ੍ਰੇਰਨਾ ਦੇਂਦੀ ਹੈ। ਸੱਚ ਦੇ ਅਧਾਰਤ ਜ਼ਿੰਦਗੀ ਜਿਉਣ ਨੂੰ ਰੂਹਾਨੀਅਤ ਕਿਹਾ ਗਿਆ ਹੈ। ਅਗਿਆਨਤਾ, ਦਵੈਸ਼, ਈਰਖਾ, ਵਿਕਾਰੀ ਬਿਰਤੀ ਤੇ ਇਖ਼ਲਾਕੀ ਗਿਰਾਵਟਾਂ ਨੂੰ ਹੈਵਾਨੀਅਤ ਕਿਹਾ ਗਿਆ ਹੈ।
ਗੁਰਬਾਣੀ ਇਹ ਬਾਰ ਬਾਰ ਸਮਝਾਉਂਦੀ ਕਿ ਮਨ ਦੇ ਪੁੱਠੇ ਵੇਗ ਦੀਆਂ ਬਰੀਕੀਆਂ ਨੂੰ ਸਮਝ ਕੇ ਇਸ ਨੂੰ ਉਸਾਰੀ ਵਾਲੇ ਰੋਲ ਨਿਬਾਹੁੰਣ ਲਈ ਪ੍ਰੇਰਤ ਕਰਨ ਦਾ ਹਰ ਸਾਰਥਿਕ ਯਤਨ ਕਰਦੇ ਰਹਿਣਾ ਚਾਹੀਦਾ ਹੈ ਜੋ— ‘ਊਠਤ ਬੈਠਤ ਸੋਵਤ ਧਿਆਈਐ॥ ਮਾਰਗਿ ਚਲਤ ਹਰੇ ਹਰਿ ਗਾਈਐ’॥ ਦਾ ਗਹਿਰਾ ਉਪਦੇਸ਼ ਹੈ। ਮਨ ਫੁਰਨਿਆਂ ਦਾ ਘਰ ਹੈ ਜੋ ਹਰ ਵੇਲੇ ਫੁਰਦੇ ਰਹਿੰਦੇ ਹਨ। ਸੁਤੇ ਪਿਆਂ ਵੀ ਇਸ ਦੇ ਮਨ ਵਿੱਚ ਖ਼ਿਆਲ ਚੱਲਦੇ ਹੀ ਰਹਿੰਦੇ ਹਨ। ਗੁਰੂ ਨਾਨਕ ਸਾਹਿਬ ਜੀ ਨੇ ਮਨ ਵਿਚਲੇ ਰੱਬੀ ਗੁਣਾਂ ਨੂੰ ਸੰਭਾਲਣ ਦਾ ਇੱਕ ਨਿਯਮ ਸਮਝਾਇਆ ਹੈ ਜੋ ਸੋਹਿਲੇ ਦੀ ਬਾਣੀ ਵਿੱਚ ਅੰਕਤ ਹੈ—
ਛਿਅ ਘਰ ਛਿਅ ਗੁਰ ਛਿਅ ਉਪਦੇਸ॥ ਗੁਰੁ ਗੁਰੁ ਏਕੋ ਵੇਸ ਅਨੇਕ॥ 1॥
ਬਾਬਾ ਜੈ ਘਰਿ ਕਰਤੇ ਕੀਰਤਿ ਹੋਇ॥ ਸੋ ਘਰੁ ਰਾਖੁ ਵਡਾਈ ਤੋਇ॥ 1॥ ਰਹਾਉ॥
ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਹੋਆ॥
ਸੂਰਜੁ ਏਕੋ ਰੁਤਿ ਅਨੇਕ॥
ਨਾਨਕ, ਕਰਤੇ ਕੇ ਕੇਤੇ ਵੇਸ॥ 2॥
ਰਾਗੁ ਆਸਾ ਮਹਲਾ ੧ ਪੰਨਾ ੧੨

ਰਹਾਉ ਦੀਆਂ ਤੁਕਾਂ ਵਿੱਚ ਆਪਣੇ ਘਰ ਵਿੱਚ ਕਰਤੇ ਦੀ ਕੀਰਤੀ ਨੂੰ ਸੰਭਾਲਣ ਲਈ ਕਿਹਾ ਗਿਆ ਹੈ। ਗੁਰੂ ਨਾਨਕ ਸਾਹਿਬ ਜੀ ਉਤਮ ਪੁਰਖ ਵਿੱਚ ਗੱਲ ਕਰਦਿਆਂ ਆਪਣੇ ਮਨ ਦੀ ਗੱਲ ਕਰ ਰਹੇ ਹਨ। ਏਸੇ ਵਿਚਾਰ ਨੂੰ ਅਸੀਂ ਆਪਣੇ ਮਨ ਉੱਤੇ ਵੀ ਲੈ ਕੇ ਆਉਣਾ ਹੈ। ਸਾਡੇ ਮਨ ਵਿੱਚ ਹਰ ਵੇਲੇ ਭਲਾ ਤੇ ਬੁਰਾ ਦੋ ਵਿਚਾਰ ਚੱਲਦੇ ਰਹਿੰਦੇ ਹਨ। ਚੰਗੇ ਵਿਚਾਰਾਂ ਲਈ ‘ਸੋ ਘਰੁ ਰਾਖੁ ਵਡਾਈ ਤੋਇ’ ਦੇ ਅਭਿਆਸ ਦੀ ਜ਼ਰੂਰਤ ਹੈ ਜਦ ਕਿ ਬੁਰੇ ਖ਼ਿਆਲ ਆਪਣੇ ਆਪ ਹੀ ਆ ਜਾਂਦੇ ਹਨ। ਬੰਦਿਆ! ਤੇਰੇ ਮਨ ਵਿੱਚ ਪਰਮਾਤਮਾ ਦੀ ਕੀਰਤੀ ਹੋ ਰਹੀ ਹੈ ਭਾਵ ਸਦ-ਗੁਣਾਂ ਦਾ ਜ਼ਖ਼ੀਰਾ ਭਰਿਆ ਪਿਆ ਈ—” ਬਾਬਾ ਜੈ ਘਰਿ ਕਰਤੇ ਕੀਰਤਿ ਹੋਇ’॥ ਮਨ ਵਿੱਚ ਸੰਤੋਖ, ਆਪਸੀ ਪਿਆਰ ਦੀ ਭਾਵਨਾ, ਮਿੱਠਾ ਬੋਲਣ, ਸਖਤ ਮਿਹਨਤ ਕਰਨ ਦੀ ਕੀਰਤੀ ਹੋ ਰਹੀ ਹੈ। ਮੇਰਿਆ ਮਨਾ! ਤੂੰ ਇਹਨਾਂ ਦੈਵੀ ਗੁਣ ਨੂੰ ਆਪਣੇ ਸੁਭਾਅ `ਤੇ ਲਾਗੂ ਕਰ— ‘ਸੋ ਘਰੁ ਰਾਖੁ ਵਡਾਈ ਤੋਇ’॥ ਭਾਵ ਸੰਭਾਲ਼ ਕੇ ਰੱਖ ਜਨੀ ਕਿ ਇਹਨਾਂ ਦੀ ਜੀਵਨ ਵਿੱਚ ਵਰਤੋਂ ਕਰ। ਸਾਡੀ ਭਲਾਈ ਏਦ੍ਹੇ ਵਿੱਚ ਹੀ ਕਿ ਅਸੀਂ ਇਹਨਾਂ ਗੁਣਾਂ ਦੀ ਨਿਰ ਸੰਕੋਚ ਵਰਤੋਂ ਕਰਦੇ ਰਹੀਏ। ਪਰ ਸਾਡੀ ਮਾਨਸਕ ਅਵਸਥਾ ਉਸ ਸਾਊ ਮਨੁੱਖ ਵਰਗੀ ਹੈ ਜਿਸ ਦੇ ਪਾਸ ਸਮਾਨ ਹੋਵੇ ਵੀ ਪਰ ਵਰਤੋਂ ਨਾ ਕਰੇ। ਜਿਸ ਤਰ੍ਹਾਂ ਕਿਸੇ ਮਨੁੱਖ ਪਾਸ ਸਾਇਕਲ ਹੈ ਪਰ ਉਸ ਦੀ ਸਵਾਰੀ ਇਸ ਲਈ ਨਹੀਂ ਕਰ ਰਿਹਾ ਕਿ ਕਿਤੇ ਮੈਲ਼ਾ ਨਾ ਹੋ ਜਾਏ। ਮਨ ਨੂੰ ਸਮਝਾਉਣ ਲਈ ਇੱਕ ਹੋਰ ਮਿਸਾਲ ਬਹੁਤ ਵਧੀਆ ਹੈ। ਕਹਿੰਦੇ ਨੇ ਇੱਕ ਭਲੇ ਆਦਮੀ ਨੂੰ ਦੋ ਠੱਗ ਮਿਲ ਗਏ ਤੇ ਉਹ ਸਾਊ ਮਨੁੱਖ ਨੂੰ ਕਹਿੰਦੇ, ਕਿ `ਤੇਰੇ ਪਾਸ ਕੀ ਆ ਓਏ? ਜੇ ਆਪਣੀ ਖ਼ੈਰ ਚਾਹੁੰਦੇ ਏਂ ਤਾਂ ਸਾਰਾ ਸਮਾਨ ਏੱਥੇ ਰੱਖਂ’ ? ਅਗੋਂ ਸਾਊ ਮਨੁੱਖ ਨੇ ਸਾਰਾ ਕੁੱਝ ਸੱਚ ਸੱਚ ਦੱਸ ਕੇ ਸਾਰਾ ਸਮਾਨ ਠੱਗ ਵੀਰਾਂ ਦੇ ਹੱਥ ਫੜਾ ਦਿੱਤਾ। ਠੱਗ ਵੀਰਾਂ ਨੇ ਸਾਰਾ ਸਮਾਨ ਆਪਣੇ ਕਬਜ਼ੇ ਕਰਕੇ ਦਾਬਾ ਮਾਰਦਿਆਂ ਹੋਰ ਪੁੱਛਿਆ ਕਿ `ਤੇਰੇ ਪਾਸ ਹੋਰ ਕੀ ਆ ਓਏ’ ? ਅੱਗੋਂ ਸਾਊ ਵੀਰ ਕਹਿੰਦਾ ਕਿ ‘ਜੀ ਮੇਰੇ ਪਾਸ ਇੱਕ ਪਿਸਤੌਲ ਵੀ ਹੈ’। ਠੱਗ ਵੀਰ ਨੈਰ੍ਹੀਆਂ ਜੇਹੀਆਂ ਅੱਖਾਂ ਕੱਢ ਕੇ ਕਹਿੰਦੇ, ‘ਪਿਸਤੌਲ ਵੀ ਏੱਥੇ ਰੱਖ ਨਹੀਂ ਤਾਂ ਕੰਨਾਂ `ਤੇ ਦੋ ਖਾਂਏਂਗਾ’। ਸਾਊ ਭਾਊ ਨੇ ਪਿਸਤੌਲ ਵੀ ਦੇ ਦਿੱਤਾ। ਸਾਰਾ ਸਮਾਨ ਤੇ ਪਿਸਤੌਲ ਲੈ ਕੇ ਠੱਗ ਵੀਰ ਤੁਰਨ ਲੱਗੇ ਤਾਂ ਸਾਊ ਭਾਊ ਜੀ ਨਿੰਮ੍ਰਤਾ ਵਿੱਚ ਇੱਕ ਬੇਨਤੀ ਕਰਦਿਆਂ ਹੋਇਆਂ ਬੋਲਦੇ ਹਨ ਕਿ ਠੱਗ ਵੀਰੋ! ‘ਇਕ ਜੋਦੜੀ ਆ’। ਠੱਗ ਕਹਿੰਦੇ, ‘ਜਲਦੀ ਦੱਸ ਓਏ ਅਸੀਂ ਅੱਗੇ ਵੀ ਜਾਣਾ ਆ? ਸਾਊ ਭਾਊ ਕਹਿੰਦਾ, ‘ਕਿ ਠੱਗ ਵੀਰੋ ਮੈਨੂੰ ਪਿਸਤੌਲ ਵਾਪਸ ਦੇ ਦਿਉਗੇ’ ? ਠੱਗ ਕਹਿੰਦੇ, ‘ਤੂੰ ਕੀ ਕਰਨਾ ਓਏ’ ਅਗੋਂ ਸਾਊ ਭਾਊ ਕਹਿੰਦਾ, ਕਿ ‘ਕਿਤੇ ਵੇਲੇ ਕੁਵੇਲੇ ਕੰਮ ਆ ਜਾਏਗਾ’। ਠੱਗ ਬਹੁਤ ਹੱਸੇ, ਤੇ ਕਹਿੰਦੇ, ‘ਜੇ ਹੁਣ ਤੇਰੀ ਵਰਤੋਂ ਵਿੱਚ ਪਿਸਤੌਲ ਨਹੀਂ ਆਇਆ ਤਾਂ ਅਗਾਂਹ ਕਦੋਂ ਵਰਤੋਂ ਵਿੱਚ ਆਏਗਾ’ ? ਪਿਸਤੌਲ ਨਿਰਾ ਰੱਖਣਾ ਹੀ ਨਹੀਂ ਹੈ, ਸਮੇਂ ਅਨੁਸਾਰ ਏਦ੍ਹੀ ਵਰਤੋਂ ਵੀ ਕਰਨੀ ਆਉਣੀ ਚਾਹੀਦੀ ਹੈ। ਏਸੇ ਤਰ੍ਹਾਂ ਪਰਮਾਤਮਾ ਦੇ ਗੁਣਾਂ ਨੂੰ ਸਾਂਭ ਰੱਖਣ ਤੋਂ ਭਾਵ ਅਰਥ ਹੈ ਕਿ ਇਹਨਾਂ ਦੀ ਖੁਲ੍ਹ ਕੇ ਵਰਤੋਂ ਕਰਨ ਦਾ ਵੀ ਯਤਨ ਕਰਨਾ ਹੈ। ਜਨੀ ਕਿ ਸ਼ੁਭ ਗੁਣਾਂ ਦੇ ਖੁਲ੍ਹ ਕੇ ਛੱਕੇ ਮਾਰਨੇ ਹਨ। ਹੁਣ ਸਪੱਸ਼ਟ ਹੈ ਕਿ ਇਹਨਾਂ ਤੁਕਾਂ ਵਿੱਚ ਆਪਣੇ ਮਨ ਨੂੰ ਸਬੰਧੋਨ ਕਰਕੇ ਕਿਹਾ ਗਿਆ ਹੈ। ਕਿ ਹੇ ਮੇਰੇ ਮਨ! ਕਰਤੇ ਦੀ ਕੀਰਤੀ ਤੇਰੇ ਹਿਰਦੇ ਰੂਪੀ ਘਰ ਵਿੱਚ ਪਈ ਹੋਈ ਹੈ। ਇਹਨਾਂ ਨੂੰ ਸੰਭਾਲ਼ ਕੇ ਰੱਖ ਭਾਵ ਇਹਨਾਂ ਦੀ ਹਰ ਸਮੇਂ ਹਰ ਵੇਲੇ ਵਰਤੋਂ ਕਰਦਾ ਰਿਹਾ ਕਰ। ਸੁ ਸਪੱਸ਼ਟ ਹੈ ਕਿ ‘ਬਾਬਾ ਜੈ ਘਰਿ ਕਰਤੇ ਕੀਰਤਿ ਹੋਇ’ ਦਾ ਭਾਵ ਅਰਥ ਸਾਡੇ ਦਿਮਾਗ਼ ਰੂਪੀ ਘਰ ਵਿੱਚ ਸਦਾਚਾਰਕ ਕਦਰਾਂ ਕੀਮਤਾਂ ਪਈਆਂ ਹੋਈਆਂ ਹਨ ਜਿਨ੍ਹਾਂ ਦੀ ‘ਸੋ ਘਰੁ ਰਾਖੁ ਵਡਾਈ ਤੋਇ’ ਜਿਨ੍ਹਾਂ ਦੀ ਅਸੀਂ ਸੰਭਾਲ਼ ਕਰਨੀ ਹੈ ਭਾਵ ਹਰ ਰੋਜ਼ ਵਰ ਵੇਲੇ ਵਰਤੋਂ ਕਰਨੀ ਹੈ।
ਇਸ ਸ਼ਬਦ ਦੇ ਪਹਿਲੇ ਬੰਦ ਵਿੱਚ ਛਿਅ ਘਰ, ਛਿਅ ਗੁਰੂ ਤੇ ਉਹਨਾਂ ਦੇ ਛਿਅ ਉਪਦੇਸ਼ਾਂ ਦਾ ਜ਼ਿਕਰ ਆਉਂਦਾ ਹੈ। ਇਹਨਾਂ ਛਿਆਂ ਦਾ ਵੱਖੋ ਵੱਖਰਾ ਰੂਪ ਤੇ ਪਹਿਰਾਵਾ ਹੈ। ਰਹਾਉ ਵਾਲੀਆਂ ਤੁਕਾਂ ਵਿੱਚ ਮਨੁੱਖੀ ਘਰ ਵਿਚਲੀ ਪ੍ਰਮੇਸ਼ਵਰੀ ਸੋਚ ਤੇ ਫਿਰ ਉਸ ਪ੍ਰਮੇਸ਼ਵਰੀ ਸੋਚ ਨੂੰ ਸੰਭਾਲ ਕੇ ਰੱਖਣ ਦੀ ਵਿਚਾਰ ਚਰਚਾ ਕੀਤੀ ਗਈ ਹੈ। ਭਾਵ ਪ੍ਰਮਾਤਮਾ ਦੇ ਗੁਣਾਂ ਦੀ ਨਿੱਤ ਵਰਤੋਂ ਕਰਨੀ ਹੈ। ਰਹਾਉ ਦੀਆਂ ਤੁਕਾਂ ਵਿੱਚ ਸ਼ਬਦ ਦਾ ਵਿਸ਼ਾ ਹੁੰਦਾ ਹੈ ਤੇ ਬਾਕੀ ਸ਼ਬਦ ਵਿੱਚ ਉਸ ਵਿਸ਼ੇ ਦੀ ਵਿਆਖਿਆ ਹੁੰਦੀ ਹੈ। ਸੁ ਸ਼ਬਦ ਦੇ ਪਹਿਲੇ ਬੰਦ ਵਿੱਚ ‘ਛਿਅ ਘਰ ਛਿਅ ਗੁਰ ਛਿਅ ਉਪਦੇਸ॥ ਗੁਰੁ ਗੁਰੁ ਏਕੋ ਵੇਸ ਅਨੇਕ’ ਆਇਆ ਹੈ। ਗੁਰਬਾਣੀ ਵਿਚੋਂ ਛਿਅ ਘਰਾਂ ਦੀ ਵਿਆਖਿਆ ਵੱਖ ਵੱਖ ਰੂਪ ਵਿੱਚ ਮਿਲਦੀ ਹੈ। ਪਰ ਏੱਥੇ ਤਾਂ ਘਰ ਵਿੱਚ ਪਏ ਹੋਏ ਰੱਬ ਜੀ ਦੀ ਸੰਭਾਲ਼ ਕਰਨ ਲਈ ਕਿਹਾ ਹੈ। ਸਾਡਾ ਦਿਮਾਗ਼ ਰੱਬੀ ਗੁਣਾਂ ਦੀ ਭਰਪੂਰਤਾ ਨਾਲ ਰੱਬ ਦਾ ਘਰ ਹੈ ਤੇ ਵਿਕਾਰਾਂ ਨਾਲ ਭਰ ਜਾਏ ਤਾਂ ਸ਼ੈਤਾਨ ਦੀ ਸੋਚ ਕੰਮ ਕਰਦੀ ਇਸ ਘਰ ਵਿੱਚ ਦਿਸਦੀ ਹੈ। ਦੂਸਰਾ ਸਾਡੇ ਗਿਆਨ ਇੰਦਰੇ ਆਪਣੀ ਥਾਂ `ਤੇ ਉਹਨਾਂ ਦਾ ਆਪਣਾ ਆਪਣਾ ਘਰ ਤੇ ਇਹਨਾਂ ਦੀ ਸੋਚ ਵੀ ਆਪਣੀ ਹੈ। ਛਿਅ ਘਰ ਅੱਖਾਂ, ਨੱਕ, ਜ਼ਬਾਨ, ਕੰਨ, ਚਮੜੀ ਤੇ ਮਨ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ ਕਿਉਂਕਿ ਰਹਾਉ ਦੀਆਂ ਤੁਕਾਂ ਵਿੱਚ ਮਨੁੱਖੀ ਮਨ ਦੇ ਘਰ ਦੀ ਗੱਲ ਆਈ ਹੈ। ਇਸ ਲਈ ਵਿਸ਼ੇ ਅਨੁਸਾਰ ਮਨੁੱਖੀ ਸੁਭਾਅ ਦੀ ਹੀ ਗੱਲ ਹੁੰਦੀ ਦਿਸਦੀ ਹੈ। ਛਿਅ ਗੁਰ ਭਾਵ ਇਹਨਾਂ ਦਾ ਆਪਣਾ ਆਪਣਾ ਗਿਆਨ ਹੈ। ਛਿਆਂ ਦੇ ਉਪਦੇਸ਼ ਵੀ ਆਪਣੇ ਹਨ। ਅੱਖਾਂ ਪਰਾਇਆ ਰੂਪ ਤਕਦੀਆਂ ਹਨ ਤੇ ਕੰਨ ਆਪਣੀ ਉਸਤਿਤ, ਬੇਗਾਨਿਆਂ ਦੀ ਨਿੰਦਿਆ ਬਹੁਤ ਹੀ ਸ਼ੌਕ ਨਾਲ ਸੁਣਦੇ ਹਨ। ਸਾਡੀ ਰਸਨਾ ਅਨ ਰਸ ਰਾਚ ਰਹੀ ਹੈ। ਨੱਕ ਥਾਂ ਥਾਂ ਨੂੰ ਸੁੰਘਣ ਵਿੱਚ ਹਰ ਵੇਲੇ ਯਤਨ ਸ਼ੀਲ ਹੁੰਦਾ ਹੈ ਜਦੋਂ ਕਿ ਚਮੜੀ ਹਰ ਸਮੇਂ ਸਪਰਸ਼ ਦੀ ਭੁੱਖੀ ਨਜ਼ਰ ਆਉਂਦੀ ਹੈ। ਮਨ ਆਪਣੇ ਘਰ ਵਿੱਚ ਬੈਠਾ ਕਈ ਪ੍ਰਕਾਰ ਦੀਆਂ ਲੁੱਟਣ ਖੋਹਣ ਦੀਆਂ ਯੋਜਨਾਵਾਂ ਬਣਾਉਂਦਾ ਰਹਿੰਦਾ ਹੈ। ਟੈਕਸ ਚੋਰੀ ਕਰਨੇ, ਕਿਸੇ ਨੂੰ ਧੱਕਾ ਦੇ ਕੇ ਅੱਗੇ ਵੱਧਣਾ, ਮਲੀਨ ਸੋਚਾਂ ਦੀਆਂ ਬੁਣਤੀਆਂ ਬੁਣਦੇ ਰਹਿਣਾ, ਇਹ ਮਨ ਦੇ ਘਰ ਵਿੱਚ ਹਰ ਵੇਲੇ ਉਥਲ਼-ਪੁਥਲ ਹੁੰਦੀ ਰਹਿੰਦੀ ਹੈ। ਇੱਕ ਇੱਕ ਗਿਆਨ ਇੰਦਰੇ ਦੇ ਅਨੇਕ ਪ੍ਰਕਾਰ ਦੇ ਵੇਸ ਹਨ। ਮਿਸਾਲ ਦੇ ਤੌਰ `ਤੇ ਕੰਨਾਂ ਦਾ ਵੇਸ ਹੀ ਲੈ ਲੈਂਦੇ ਹਾਂ। ਲੁਟਣ ਦੀ ਸਕੀਮ ਸੁਣਨੀ, ਘਟੀਆ ਗਾਇਕੀ ਸੁਣਨੀ, ਗੁਰਦੁਆਰੇ ਜਾ ਕੇ ਆਪਣੇ ਵਲੋਂ ਕਟਾਈ ਹੋਈ ਪਰਚੀ ਨੂੰ ਗ੍ਰੰਥੀ ਦੇ ਮੂਹੋਂ ਅਰਦਾਸ ਵਿੱਚ ਸੁਣਨਾ ਕੇ ਪ੍ਰਸੰਤਾ ਹਾਸਲ ਕਰਨੀ— ‘ਗੁਰੁ ਗੁਰੁ ਏਕੋ ਵੇਸ ਅਨੇਕ’ ਇੱਕ ਘਰ ਦੇ ਗਿਆਨ ਦੀ ਰੂਪ ਰੇਖਾ ਅਨੇਕ ਪ੍ਰਕਾਰ ਦੀ ਹੈ। ਜਿਸ ਤਰ੍ਹਾਂ ਵੱਖ ਵੱਖ ਪ੍ਰਕਾਰ ਦੇ ਕਪੜੇ ਪਹਿਨ ਕੇ ਵੱਖਰਾ ਵੱਖਰਾ ਵੇਸ ਕਹਿਲਾਉਂਦਾ ਹੈ ਏਸੇ ਤਰ੍ਹਾਂ ਹੀ ਸਾਡੇ ਗਿਆਨ ਇੰਦਰਿਆਂ ਦੇ ਵੇਸ ਵੀ ਬਹੁਤ ਪ੍ਰਕਾਰ ਦੇ ਹਨ। ਅਮਰੀਕਾ ਵਿੱਚ ਵਿਦਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਨੂੰ ਲੱਗ-ਪਗ ਵੀਹ ਪੰਜੀ ਘੰਟੇ ਕੰਮ ਕਰਨ ਦੀ ਆਗਿਆ ਹੁੰਦੀ ਹੈ। ਵਪਾਰਕ ਥਾਵਾਂ ਦੇ ਮਾਲਕ ਵੱਧ ਕੰਮ ਕਰਾ ਕੇ ਥੋੜੇ ਜੇਹੇ ਪੈਸੇ ਹੀ ਦੇਂਦੇ ਹਨ। ਇੱਕ ਮਨ ਦਾ ਇਹ ਰੂਪ ਹੈ ਜੋ ਅਜੇਹੀਆਂ ਸੋਚਾਂ ਸੋਚ ਰਿਹਾ ਹੈ ਤੇ ਦੂਸਰਾ ਅਜੇਹੇ ਪੈਸਿਆਂ ਨਾਲ ਲੰਗਰਾਂ ਦੀ ਮਹਾਨ ਸੇਵਾ ਦੇ ਨਾਂ `ਤੇ ਆਪਣਾ ਨਾਂ ਧਰਮੀਆਂ ਦੀ ਲਿਸਟ ਵਿੱਚ ਦੇਖਣਾ ਚਾਹੁੰਦਾ ਹੈ। ਇੰਜ ਕਿਹਾ ਜਾ ਸਕਦਾ ਹੈ ਕਿ ਸਾਡੇ ਗਿਆਨ ਇੰਦਰਿਆਂ ਦੇ ਘਰ ਤੇ ਮਨ ਦੀ ਸੋਚ ਆਪਣੇ ਹੀ ਗਿਆਨ ਵਿੱਚ ਵਿਚਰ ਰਹੀ ਹੈ ਤੇ ਇਸ ਦਾ ਸਲੀਕਾ ਵੀ ਆਪਣਾ ਹੈ। ਰਹਾਉ ਦੀਆਂ ਤੁਕਾਂ ਵਿੱਚ ਮਨੁੱਖੀ ਮਨ ਦੇ ਘਰ ਵਿਚਲੇ ਦੈਵੀ ਗੁਣਾਂ ਨੂੰ ਸੰਭਾਲ਼ ਕੇ ਰੱਖਣ ਤੇ ਵਰਤਣ ਲਈ ਕਿਹਾ ਹੈ।
ਇਸ ਵਿਚਾਰ ਨੂੰ ਕਬੀਰ ਜੀ ਦੇ ਇੱਕ ਸਲੋਕ ਦੁਆਰਾ ਵੀ ਵਿਚਾਰਿਆ ਜਾ ਸਕਦਾ ਹੈ ਜਿਸ ਵਿਚ—
ਕਬੀਰ ਏਕ ਮਰੰਤੇ ਦੁਇ ਮੂਏ, ਦੋਇ ਮਰੰਤਹ ਚਾਰਿ॥
ਚਾਰਿ ਮਰੰਤਹ ਛਹ ਮੂਏ, ਚਾਰਿ ਪੁਰਖ ਦੁਇ ਨਾਰਿ॥ 91॥
ਸਲੋਕ ਕਬੀਰ ਜੀ ਕੇ ਪੰਨਾ ੧੩੬੯
ਇਸ ਸਲੋਕ ਵਿੱਚ ਛੇ ਵਿਕਾਰਾਂ ਦੇ ਮਾਰਨ ਦੀ ਗੱਲ ਸਮਝਾਈ ਗਈ ਹੈ। ਪਹਿਲਾਂ ਮਨ ਦੀਆਂ ਖਵਾਸ਼ਾਂ ਦੂਸਰਾ ਸਰੀਰਕ ਮੋਹ ਤੀਜਾ ਜਾਤ ਦੇ ਅਭਿਮਾਨ ਦਾ ਉੱਚਾ ਘਰ ਚੌਥਾ ਭੈੜੀ ਸੰਗਤ ਪੰਜਵਾਂ ਤ੍ਰਿਸ਼ਨਾ ਛੇਵਾਂ ਨਿੰਦਿਆ। ਇਹਨਾਂ ਛਿਆਂ ਦੀ ਆਪਣੀ ਦੁਨੀਆਂ, ਆਪਣਾ ਰੂਪ–ਰੰਗ ਤੇ ਆਪਣਾ ਹੀ ਗਿਆਨ ਹੈ। ਸੁ ਛਿਅ ਘਰ ਗਿਆਨ ਇੰਦ੍ਰੇ ਤੇ ਮਨ ਰੂਪੀ ਘਰ ਵਿੱਚ ਪ੍ਰਗਟ ਹੁੰਦੇ ਹੈ। ਇਹਨਾਂ ਛਿਆਂ ਦਾ ਆਪਣਾ ਆਪਣਾ ਗਿਆਨ ਹੈ ਤੇ ਫਿਰ ਇਹਨਾਂ ਦਾ ਵਰਤੋਂ ਵਿਹਾਰ ਵੀ ਆਪਣਾ ਹੈ। ਜਦ ਰਹਾਉ ਦੀਆਂ ਤੁਕਾਂ ਵਿੱਚ ਮਨ ਰੂਪੀ ਘਰ ਦੀ ਵਿਆਖਿਆ ਹੋ ਰਹੀ ਹੈ ਤਾਂ ਨਿਸਚੇ ਬਾਕੀ ਸ਼ਬਦ ਵਿੱਚ ਵੀ ਮਨ ਤੇ ਇਸ ਨਾਲ ਸਬੰਧਤ ਇੰਦਰਿਆਂ ਦੀ ਹੀ ਵਿਚਾਰ ਕੀਤੀ ਗਈ ਜਾਪਦੀ ਹੈ। ਸ਼ਬਦ ਦੇ ਤੀਸਰੇ ਬੰਦ ਵਿੱਚ ਇੱਕ ਸੂਰਜ ਤੇ ੳਹਦੇ ਅਧਾਰਤ ਦਿਨ ਰਾਤ ਕੰਮ ਕਰਦੇ ਸਮਝਾ ਕੇ ਆਪਣੇ ਮਨ ਨੂੰ ਵੀ ਸਮਾਝਿਆ ਹੈ— ‘ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਹੋਆ॥ ਸੂਰਜੁ ਏਕੋ ਰੁਤਿ ਅਨੇਕ’॥ ਸੂਰਜ ਦੇ ਬੱਝਵੇਂ ਨਿਯਮ ਵਿੱਚ ਦਿਨ, ਰਾਤ, ਥਿੱਤੀ, ਅੱਖ ਦੇ ਫੋਰ ਜਿੰਨਾਂ ਸਮਾਂ ਪਹਿਰ ਤੇ ਮਹੀਨੇ ਆਦ ਆ ਜਾ ਰਹੇ ਹਨ। ਸੂਰਜ ਇੱਕ ਹੈ ਜੋ ਆਪਣੀ ਚਾਲ ਨਾਲ ਚੱਲਦਾ ਹੋਇਆ ਕਈ ਪ੍ਰਕਾਰ ਦੀਆਂ ਰੁੱਤਾਂ ਲੈ ਕੇ ਆਉਂਦਾ ਹੈ। ਰੱਬੀ ਗਿਆਨ ਦੀ ਸਮਝ ਪੈਂਦਿਆਂ ਸੰਤੋਖ, ਧੀਰਜ, ਹਲੀਮੀ, ਸੇਵਾ-ਭਾਵਨਾ ਤੇ ਆਪਸੀ ਪ੍ਰੇਮ ਦੀਆਂ ਰੱਤਾਂ ਦਾ ਪ੍ਰਗਟ ਹੋਣਾ ਕੁਦਰਤੀ ਹੈ।
ਸੂਰਜ ਦਾ ਦੂਜਾ ਪ੍ਰਤੀਕ ਹਨੇਰੇ ਨੂੰ ਦੂਰ ਕਰਨਾ ਹੈ। ਏਸੇ ਤਰ੍ਹਾਂ ਹੀ ਗਿਆਨ ਤੇ ਕਰਮ ਇੰਦਰਿਆਂ ਨੂੰ ਵਿਕਾਰਾਂ ਤੋਂ ਬਚਾੳਣ ਲਈ ਇੱਕ ਪ੍ਰਮਾਤਮਾ ਦਾ ਸੂਰਜ ਰੂਪੀ ਗਿਆਨ ਹੈ--- ‘ਨਾਨਕ, ਕਰਤੇ ਕੇ ਕੇਤੇ ਵੇਸ’ ਅਸੀਂ ਕਰਤੇ ਦੇ ਵੇਸ ਭਾਵ ਕਰਤੇ ਦੇ ਵੱਖ ਵੱਖ ਗੁਣਾਂ ਨੂੰ ਧਾਰਨ ਕਰਨਾ ਹੈ। ਕਰਤੇ ਦੇ ਵੇਸ ਸਾਡੇ ਸੁਭਾਅ ਵਿਚੋਂ ਪ੍ਰਗਟ ਹੋਣੇ ਹਨ। ਊਪਰ ਮੈਂ ਇੱਕ ਮਿਸਾਲ ਦਿੱਤੀ ਸੀ ਵਿਦਿਆ ਪ੍ਰਪਾਤ ਕਰਨ ਆਏ ਵਿਦਿਆਰਥੀਆਂ ਤੋਂ ਵੱਧ ਕੰਮ ਕਰਾ ਕੇ ਜਦੋਂ ਉਹਨਾਂ ਦਾ ਬਣਦਾ ਹੱਕ ਨਹੀਂ ਦੇਂਦੇ ਸਗੋਂ ਉਸ ਨੂੰ ਡਰਾ ਦੇਂਦੇ ਹਾਂ ਕਿ ਮੈਂ ਇਮੀਗ੍ਰੇਸ਼ਨ ਨੂੰ ਤੇਰੀ ਸ਼ਕਾਇਤ ਕਰ ਦੇਵਾਂਗਾ, ਜਿੰਨੇ ਪੈਸੇ ਮੈਂ ਦੇ ਰਿਹਾ ਹਾਂ ਉਤਨੇ ਹੀ ਲੈ ਤਾਂ ਓਦੋਂ ਸਾਨੂੰ ਕਰਤਾ ਭੁੱਲਿਆ ਹੁੰਦਾ ਹੈ। ਜੇ ਕਰਤਾ ਯਾਦ ਹੋਏਗਾ ਤਾਂ ਅਸੀਂ ਕਦੀ ਵੀ ਕਿਸੇ ਦਾ ਹੱਕ ਨਹੀਂ ਮਾਰਾਂਗੇ।
ਜੇ ਜ਼ਰਾ ਕੁ ਸਮਝਣ ਦਾ ਯਤਨ ਕਰਾਂਗੇ ਤਾਂ ਪਤਾ ਚੱਲਦਾ ਹੈ ਕਿ ਅੱਖ ਦੇ ਫੋਰ ਤੋਂ ਲੈ ਕੇ ਘੜੀਆਂ, ਦਿਨ, ਰਾਤਾਂ, ਮਹੀਨਿਆਂ ਤੇ ਵਰ੍ਹਿਆਂ ਆਦ ਵਿੱਚ ਕਦੇ ਵੀ ਕਰਤੇ ਦੇ ਨਿਯਮ ਨੂੰ ਵਿਸਾਰਨਾ ਨਹੀਂ ਹੈ। ਕਰਤੇ ਦੀ ਕੁਦਰਤ ਵਿੱਚ ਬੇਅੰਤਤਾ ਹੈ ਤੇ ਉਸ ਬੇਅੰਤਤਾ ਦਾ ਅਸੀਂ ਹਿੱਸਾ ਬਣਨਾ ਹੈ।
ਕਬੀਰ ਸਾਹਿਬ ਜੀ ਇੱਕ ਸ਼ਬਦ ਵਿੱਚ ਫਰਮਾਉਂਦੇ ਹਨ ਕਿ ਪਰਮਾਤਮਾ ਨੇ ਛਿਆਂ ਚੱਕਰਾਂ ਨੂੰ ਇਕੱਠਾ ਕਰਕੇ ਇੱਕ ਨਿੱਕਾ ਜੇਹਾ ਘਰ ਤਿਆਰ ਕਰ ਦਿੱਤਾ ਹੈ—
ਖਟ ਨੇਮ ਕਰਿ ਕੋਠੜੀ ਬਾਂਧੀ, ਬਸਤੁ ਅਨੂਪੁ ਬੀਚ ਪਾਈ॥
ਬਾਣੀ ਕਬੀਰ ਜੀ ਕੀ ਪੰਨਾ ੩੩੯
ਏਸੇ ਹੀ ਸ਼ਬਦ ਵਿੱਚ ਕਬੀਰ ਜੀ ਅੱਗੇ ਫਰਮਾਉਂਦੇ ਹਨ ਕਿ ਬੰਦਿਆ ਜਾਗਦਾ ਰਹੁ ਐਸਾ ਨਾ ਹੋਏ ਤੂੰ ਲੱਟਿਆ ਜਾਏਂ ਪੰਜ ਪਹਿਰੇਦਾਰ ਇਸ ਘਰ ਦੇ ਦਰਵਾਜ਼ਿਆਂ `ਤੇ ਰਹਿੰਦੇ ਹਨ ਪਰ ਇਹਨਾਂ ਦਾ ਵਿਸਾਹ ਨਾ ਕਰੀਂ--
ਅਬ ਮਨ ਜਾਗਤ ਰਹੁ ਰੇ ਭਾਈ॥
ਗਾਫਲੁ ਹੋਇ ਕੈ ਜਨਮੁ ਗਵਾਇਓ, ਚੋਰੁ ਮੁਸੈ ਘਰੁ ਜਾਈ॥ 1॥ ਰਹਾਉ॥
ਪੰਚ ਪਹਰੂਆ ਦਰ ਮਹਿ ਰਹਤੇ ਤਿਨ ਕਾ ਨਹੀ ਪਤੀਆਰਾ॥
ਚੇਤਿ, ਸੁਚੇਤ ਚਿਤ ਹੋਇ ਰਹੁ, ਤਉ ਲੈ ਪਰਗਾਸੁ ਉਜਾਰਾ॥
ਪੰਨਾ ੩੩੯




.