. |
|
ਗੁਰਬਾਣੀ ਦੀ ਕਥਾ ਤੇ ਅਜੋਕੇ ਕਥਾਵਾਚਕ
ਪ੍ਰਿੰਸੀਪਲ ਗਿ: ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਦਿੱਲੀ; ਫਾਊਂਡਰ
ਸਿੱਖ ਮਿਸ਼ਨਰੀ ਲਹਿਰ 1956
ਗੁਰਬਾਣੀ ਦੀ ਕਥਾ ਤੇ ਗੁਰੂ ਹਸਤੀਆਂ-
ਅੱਜ ਕਥਾਵਾਚਕਾਂ ਦੀ ਗਿਣਤੀ ਵੀ ਘੱਟ ਨਹੀਂ। ਜਿਉਂ ਜਿਉਂ ਸੰਗਤਾਂ `ਚ ਕਥਾ ਲਈ ਮੰਗ ਵਧ ਰਹੀ ਹੈ,
ਕਥਾਵਾਚਕਾਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ। ਜਿਨੀਂ ਗਿਣਤੀ `ਚ ਅੱਜ ਕਥਾਵਚਕ ਹਨ, ਯਕੀਣਨ ਜੇ ਇਹ
ਸੇਵਾ ਤਨੋਂ-ਮਨੋਂ ਇਮਾਨਦਾਰੀ ਤੇ ਗੁਰੂ ਭਯ `ਚ ਹੋ ਰਹੀ ਹੁੰਦੀ ਤਾਂ ਗੁਰਬਾਣੀ ਜੀਵਨ ਦੀ ਸੋਝੀ, ਅੱਜ
ਘਰ- ਘਰ `ਚ ਪਹੁੰਚ ਚੁੱਕੀ ਹੁੰਦੀ। ਕੀਰਤਨ ਬਾਰੇ ਤਾਂ ਸੌਖਾ ਕਹਿ ਦਿੰਦੇ ਹਾਂ ਕਿ ਅੱਜ ਕੀਰਤਨ ਕੇਵਲ
ਕੰਨਰਸ ਬਣ ਕੇ ਰਹਿ ਚੁੱਕਾ ਹੈ। ਦੂਜੇ ਪਾਸੇ ਕਥਾ ਦੇ ਤਾਂ ਇੱਕ ਇੱਕ ਅੱਖਰ ਨੂੰ ਕਥਨਾ `ਤੇ ਸੰਗਤਾਂ
ਦੀ ਧੁਰ ਸੋਚ `ਚ ਪਹੁੰਚਾਉਣਾ ਹੁੰਦਾ ਹੈ। ਸੁਆਲ ਪੈਦਾ ਹੁੰਦਾ ਹੈ ਕਿ ਇਸ `ਤੇ ਵੀ ਗੁਰਬਾਣੀ ਦੀ ਕਥਾ
ਸੁਣ-ਸੁਣ ਕੇ ਅੱਜ ਸੰਗਤਾਂ ਦੇ ਜੀਵਨ `ਚ ਬਾਣੀ ਸੋਝੀ ਪਖੋਂ ਜਾਗ੍ਰਤੀ ਨਹੀਂ ਆ ਰਹੀ ਤਾਂ ਕਿਉਂ?
ਗੁਰਬਾਣੀ ਕਥਾ ਦਾ ਮੂਲ ਵਿਸ਼ਾ ਹੀ ਸੰਗਤਾਂ ਵਿਚਾਲੇ ਗੁਰਬਾਣੀ ਵਿਚਾਰਧਾਰਾ
ਨੂੰ ਸੀਂਚਨਾ ਹੈ। ਅਸੀਂ ਵਡਭਾਗੀ ਹਾਂ ਕਿ ਗੁਰੂ ਪਾਤਸ਼ਾਹ ਨੇ ਜਿਸ ਲਗ ਮਾਤ੍ਰਾ `ਚ ਗੁਰਬਾਣੀ ਦਾ
ਉਚਾਰਣ ਕਰ ਕੇ ਬਾਣੀ ਰਚੀ, ਵਿਚਾਰ-ਵਟਾਂਦਰੇ ਕੀਤੇ; ਇੰਨ-ਬਿੰਨ ਉਸੇ ਸਰੂਪ `ਚ ਗੁਰਬਾਣੀ ਸਾਡੇ ਪਾਸ
ਹੈ। ਗੁਰੂ ਨਾਨਕ ਪਾਤਸ਼ਾਹ, ਆਪਣੇ ਦਸੋਂ ਸਰੂਪਾਂ ਸਮੇਂ ਲੋਕਾਈ ਤੱਕ ਦੂਰ ਦੁਰੇਡੇ ਪੁੱਜੇ। ਧਰਮ ਦੇ
ਨਾਮ ਹੇਠ ਲੁੱਟਣ ਵਾਲਿਆਂ ਤੇ ਲੁਟੇ ਜਾਣ ਵਾਲਿਆਂ, ਦੋਨਾਂ ਨੂੰ ਸੁਚੇਤ ਕੀਤਾ। ਮਨੁੱਖਾ ਜਨਮ ਦੀ
ਅਸਲੀਅਤ ਸਮਝਾਈ। ਵੱਡੇ ਵੱਡੇ ਇਕੱਠਾਂ ਸਮੇਂ, ਧਰਮਾਂ ਦੇ ਆਗੂਆਂ ਕੋਲ ਪੁਜੇ। ਇਹ ਵਿਚਾਰ ਵਟਾਂਦਰੇ
ਕੀ ਸਨ? ਅਪਣੇ ਆਪ `ਚ ਇਸੇ ਹੀ ਬਾਣੀ ਵਿਚਾਰ ਦੀ ਕਥਾ-ਵਿਆਖਿਆ ਸੀ। ਇਸੇ ਬਾਣੀ ਵਿਚਾਰ ਦੀ ਵਿਆਖਿਆ
ਨੇ ਸਾਰਿਆਂ ਨੂੰ ਨਿਰੁਤਰ ਕਰ ਦਿੱਤਾ ਸੀ। ਇਹ ਸੀ ਬਾਣੀ ਦੀ ਵਿਚਾਰ-ਵਿਆਖਿਆ ਦਾ ਕ੍ਰਿਸ਼ਮਾ। ਪਾਤਸ਼ਾਹ
ਨੇ ਗੁਰਬਾਣੀ ਦੇ ਅਮੋਘ ਬਾਣਾਂ ਨਾਲ ਇਨਸਾਨ ਚੋਂ ਮਰ ਚੁੱਕੀ ਆਤਮਾ ਨੂੰ ਝੰਜੋੜਿਆ, ਉਸ ਦੀ ਸੋਚ ਸ਼ਕਤੀ
ਨੂੰ ਮੁੜ ਜ਼ਿੰਦਾ ਕੀਤਾ।
ਮਨੁੱਖ ਜਿਹੜਾ ਹਜ਼ਾਰਾਂ ਸਾਲਾਂ ਤੋਂ ਦੂਜਿਆਂ ਦੇ ਇਸ਼ਾਰੇ `ਤੇ ਨੱਚ ਰਿਹਾ ਸੀ।
ਜਿਸ ਮਨੁੱਖ ਵਾਸਤੇ ਧਰਮ ਅਜਿਹੀ ਅਉਖੀ ਘਾਟੀ ਸੀ ਜਿਸ `ਤੇ ਚੜ੍ਹਿਆ ਨਹੀਂ ਸੀ ਜਾ ਸਕਦਾ, ਅੱਜ ਧਰਮ
ਉਸੇ ਮਨੁੱਖ ਦਾ ਜੀਵਨ ਬਣ ਗਿਆ। ਹੁਣ ਰੱਬ ਉਸ ਲਈ ਅਜਿਹੀ ਹਸਤੀ ਸੀ ਜਿਸ ਨੂੰ ਉਹ ਆਸਾਨੀ ਨਾਲ ਪਾ
ਸਕਦਾ ਸੀ। ਰੱਬ ਉਸ ਲਈ ਡਰ ਤੇ ਸਹਿਮ ਦਾ ਵਿਸ਼ਾ ਨਹੀਂ ਸੀ ਰਹਿ ਚੁੱਕਾ। ਅਕਾਲਪੁਰਖ ਉਸ ਦੇ ਆਪਣੇ ਧੁਰ
ਅੰਦਰੋਂ ਸਾਖਿਆਤ ਪ੍ਰਗਟ ਹੋ ਰਿਹਾ ਸੀ। ਉਸ ਦਾ ਰੱਬ ਸਤਵੇਂ ਅਸਮਾਨ `ਤੇ ਰਹਿਣ ਵਾਲਾ ਜਾਂ ਕਿਸੇ
ਬਿਸ਼ਨਪੁਰੀ-ਸ਼ਿਵਪੁਰੀ-ਬ੍ਰਹਮਪੁਰੀ ਦਾ ਵਾਸੀ ਨਹੀਂ ਬਲਕਿ ਉਸ ਦਾ ਰੱਬ ਜ਼ੱਰੇ ਜ਼ੱਰੇ `ਚ ਵੱਸਣ ਵਾਲਾ
ਰੱਬ ਸੀ। ਉਸ ਨੂੰ ਰੱਬ ਨਾਲ ਗੱਲਾਂ ਕਰਣ ਲਈ ਹੁਣ ਕਾਜ਼ੀ, ਬ੍ਰਾਹਮਣ, ਜੋਗੀ ਜਾਂ ਧਰਮ ਦੇ ਕਿਸੇ
ਠੇਕੇਦਾਰ ਤੇ ਵਿਚੋਲੇ ਦੀ ਲੋੜ ਨਹੀਂ ਸੀ ਰਹਿ ਗਈ। ਹੁਣ ਉਹ ਪਾਖੰਡੀਆਂ ਦੇ ਚੁੰਗਲ ਤੋਂ ਆਜ਼ਾਦ ਹੋ
ਚੁੱਕਾ ਸੀ।
ਕਥਾਵਾਚਕ ਸੱਜਨੋ! ਚੇਤੇ ਰਹੇ! ਗੁਰਬਾਣੀ ਕੇਵਲ ਗਿਆਨ ਦਾ ਵਿਸ਼ਾ
ਨਹੀਂ, ਗੁਰਬਾਣੀ ਸਾਡੇ ਪਲ ਪਲ ਤੇ ਸੁਆਸ ਸੁਆਸ ਦੇ ਜੀਵਨ ਦਾ ਵਿਸ਼ਾ ਵੀ ਹੈ। ਬਾਣੀ ਮਨੁੱਖਾ ਜੀਵਨ ਦਾ
ਉਹ ਸੱਚ ਹੈ ਜਿਸ ਤੋਂ ਬਿਨਾ ਮਨੁੱਖ, ਜੀਵਨ ਭਰ ਅਗਿਆਣਤਾ ਦੀਆਂ ਠੋਕਰਾਂ ਖਾਂਦਾ ਹੈ ਤੇ ਜੀਵਨ ਨੂੰ
ਬਰਬਾਦ ਕਰ ਕੇ ਚਲਾ ਜਾਂਦਾ ਹੈ। ਗੁਰਬਾਣੀ ਖਜ਼ਾਨੇ `ਚ ਸੈਂਕੜੇ ਵਾਰ ਦ੍ਰਿੜ ਕਰਵਾਇਆ ਹੈ ਕਿ ਮਨੁੱਖ
ਨੇ ਗੁਰਬਾਣੀ ਸੇਧ `ਚ ਜੀਵਨ ਦੀ ਸੰਭਾਲ ਕਰਣੀ ਹੈ। ਮਨੁੱਖਾ ਜੀਵਨ ਦੀ ਗੱਲ ਗੁਰਬਾਣੀ ਵਿਚਾਰ ਤੋਂ
ਬਿਨਾ ਕਿਸੇ ਤਰ੍ਹਾਂ ਵੀ ਸਮਝ `ਚ ਨਹੀਂ ਆ ਸਕਦੀ। ਫੈਸਲਾ ਹੈ “ਸਿਖੀ ਸਿਖਿਆ ਗੁਰ ਵੀਚਾਰਿ”
(ਪੰ: 465)
ਜਾਂ “ਗੁਰਮਤਿ ਮਨੁ ਠਹਰਾਈਐ ਮੇਰੀ ਜਿੰਦੁੜੀਏ, ਅਨਤ ਨ ਕਾਹੂ ਡੋਲੇ ਰਾਮ” (ਪੰ:
538) ਬਲਕਿ ਇਥੋਂ ਤੀਕ
ਫੁਰਮਾਇਆ ਹੈ “ਰਤਨਾ ਰਤਨ ਪਦਾਰਥ ਬਹੁ ਸਾਗਰੁ ਭਰਿਆ ਰਾਮ॥ ਬਾਣੀ ਗੁਰਬਾਣੀ ਲਾਗੇ, ਤਿਨੑ ਹਥਿ
ਚੜਿਆ ਰਾਮ” (ਪੰ: 442)
ਭਾਵ ਬਾਣੀ ਤਾਂ ਕੀਮਤੀ ਰਤਨਾਂ-ਜਵਾਹਰਾਤਾਂ ਦਾ ਖਜ਼ਾਨਾ ਹੈ ਪਰ ਪ੍ਰਾਪਤ ਉਹਨਾਂ ਨੂੰ ਹੋਣੇ ਹਨ
ਜਿਨ੍ਹਾਂ ਇਸ `ਚ ਚੁੱਭੀ ਲਾਈ ਹੈ। ਸਪਸ਼ਟ ਹੈ, ਕਥਾਕਾਰ ਦੀ ਜ਼ਿੰਮੇਵਾਰੀ ਤਾਂ ਗੁਰਬਾਣੀ ਦੇ ਮਹਾਨ
ਸਮੁੰਦ੍ਰ `ਚ ਪਹਿਲਾਂ ਆਪ ਚੁੱਭੀ ਲਗਾਉਣੀ ਹੈ ਤੇ ਫ਼ਿਰ ਸੰਗਤਾਂ ਨੂੰ ਵੀ ਲਗਵਾਉਣੀ ਹੈ।
ਗੁਰਬਾਣੀ ਕਥਾ ਪੰਜ ਤਰ੍ਹਾਂ ਦੀ- ਮੂਲ ਰੂਪ `ਚ ਗੁਰਬਾਣੀ ਦੀ ਕਥਾ ਪੰਜ
ਪ੍ਰਕਾਰ ਦੀ ਹੀ ਮੰਨੀ ਗਈ ਹੈ। ਪਹਿਲਾ- ਗੁਰਬਾਣੀ ਦੀ ਲੜੀਵਾਰ ਕਥਾ। ਦੂਜਾ- ਬਾਣੀ
ਦੇ ਕਿਸੇ ਵਿਸ਼ੇਸ਼ ਅੰਗ ਦੀ ਲੜੀਵਾਰ ਜਾਂ ਸ਼ਬਦ ਵਿਸ਼ੇਸ਼ ਦੀ ਕਥਾ। ਤੀਜਾ- ਗੁਰਬਾਣੀ ਦੇ ਕਿਸੇ
ਸਿਧਾਂਤ ਨੂੰ ਪ੍ਰਗਟ ਕਰਣ ਲਈ ਜਦੋਂ ਕਿਸੇ ਸ਼ਬਦ ਵਿਸ਼ੇਸ਼ ਦੀ ਚੋਣ ਕਰ ਕੇ ਕੀਤੀ ਗਈ ਕਥਾ। ਚੌਥਾ-
ਜਨਮ-ਮਰਨ, ਖੁਸ਼ੀ-ਗ਼ਮੀ ਜਾਂ ਵਿਸ਼ੇਸ਼ ਸਮੇਂ ਨਾਲ ਸਬੰਧਤ ਕਿਸੇ ਸ਼ਬਦ ਦੀ ਟੇਕ ਲੈ ਕੇ ਜਾਂ
ਖੁੱਲ੍ਹੀਆਂ ਵਿਚਾਰਾਂ। ਪੰਜਵਾਂ- ਕਿਸੇ ਵਿਸ਼ੇਸ਼ ਸ਼ਬਦ ਜਾਂ ਸਿਧਾਂਤ ਦੀ ਟੇਕ ਲਏ ਬਿਨਾ
ਖੁਲ੍ਹੀਆਂ ਗੁਰਮਤਿ ਵਿਚਾਰਾਂ। ਮੁੱਕਦੀ ਗੱਲ-ਕਥਾ ਦਾ ਰੂਪ ਕੋਈ ਹੋਵੇ, ਮੂਲ ਰੂਪ `ਚ ਉਹ ਗੁਰਬਾਣੀ
ਵਿਚਾਰ `ਤੇ ਹੀ ਆਧਾਰਿਤ ਤੇ ਕੇਂਦ੍ਰਿਤ ਹੀ ਹੋਣੀ ਹੈ। ਜੇਕਰ ਕਥਾ ਕਿਸੇ ਸ਼ਬਦ ਜਾਂ ਬਾਣੀ ਦੇ ਵਿਸ਼ੇਸ਼
ਅੰਗ ਦੀ ਹੈ ਤਾਂ ਉਸ ਵਿਚਲਾ ਇੱਕ-ਇੱਕ ਅੱਖਰ ਵੀ ਸ੍ਰੋਤਿਆਂ ਨੂੰ ਸਪਸ਼ਟ ਰਵੇ।
ਗੁਰਬਾਣੀ ਦੀ ਕਥਾ ਬਾਰੇ ਵਿਸ਼ੇਸ਼- ਹਰੇਕ ਕਥਾਵਾਚਕ ਲਈ ਜ਼ਰੂਰੀ ਹੈ ਕਿ
ਕਥਾ ਸਮੇਂ ਕੁੱਝ ਵਿਸ਼ੇਸ਼ ਗੱਲਾਂ ਦਾ ਧਿਆਨ ਰਖੇ। ਪਹਿਲਾ- ਗੁਰਬਾਣੀ ਦੇ ਜਿਸ ਸ਼ਬਦ ਦੀ ਕਥਾ
ਕਰ ਰਿਹਾ ਹੈ ਸ਼ਬਦ ਦੇ ਗੁਰਬਾਣੀ ਵਿਆਕਰਣ-ਸਿਧਾਂਤ ਤੋਂ ਉਹ ਆਪ ਵੀ ਪੂਰੀ ਤਰ੍ਹਾਂ ਸਪਸ਼ਟ ਹੋਵੇ।
ਦੂਜਾ- ਜੇ ਕਥਾ ਕਿਸੇ ਵਿਸ਼ੇਸ਼ ਗੁਰਮਤਿ ਵਿਸ਼ੇ ਨਾਲ ਸਬੰਧਤ ਹੈ ਤਾਂ ਉਸ `ਤੇ ਉਸ ਦੀ ਪਹਿਲਾਂ ਤੋਂ
ਗੁਰਮਤਿ ਅਨੁਸਾਰ ਤਿਆਰੀ ਹੋਵੇ। ਇਹ ਵੀ ਪਤਾ ਹੋਵੇ ਕਿ ਉਸ ਵਿਸ਼ੇ ਤੇ ਅਮੁੱਕੀ ਸੰਗਤ ਦੀ ਸੋਚ ਕਿੱਥੇ
ਖੜੀ ਹੈ; ਕਥਾਵਾਚਕ ਨੇ ਸੁਲਝੇ ਢੰਗ ਨਾਲ ਸੰਗਤ ਦੀ ਤਿਆਰੀ `ਚ ਗੁਰਮਤਿ ਪਖੋਂ ਵਾਧਾ ਕਰਣਾ ਹੈ।
ਤੀਜਾ- ਕਥਾ ਨਾਲ ਸਬੰਧਤ ਸ਼ਬਦ ਦੇ ਇੱਕ ਇੱਕ ਅੱਖਰ ਨੂੰ ਅਰਥਾਂ ਸਹਿਤ ਨਿਖੇੜ ਕੇ ਸੰਗਤਾਂ ਦੇ
ਜੀਵਨ `ਚ ਉਤਾਰਣਾ ਹੈ। ਚੌਥਾ- ਰਹਾਓ, ਜੋ ਕਿ ਸ਼ਬਦ ਦਾ ਕੇਂਦ੍ਰੀ ਭਾਵ ਹੁੰਦਾ ਹੈ; ਸਗੰਤਾਂ
ਨੂੰ ਸਪਸ਼ਟ ਕੀਤਾ ਜਾਵੇ ਤੇ ਪੂਰੇ ਸ਼ਬਦ ਦੀ ਕਥਾ-ਵਿਆਖਿਆ ਉਸ `ਤੇ ਕੇੰਦ੍ਰਿਤ ਰਵੇ। ਪੰਜਵਾਂ-
ਸਬੰਧਤ ਸ਼ਬਦ `ਚ ਆਏ ਗੁਰਮਤਿ ਸਿਧਾਂਤ ਨੂੰ ਪੂਰੀ ਤਰ੍ਹਾਂ ਨਿਖਾਰ ਕੇ ਦ੍ਰਿੜ ਕਰਵਾਇਆ ਜਾਵੇ।
ਛੇਵਾਂ- ਜ਼ਰੂਰੀ ਨਹੀਂ ਪਰ ਲੋੜ ਅਨੁਸਾਰ ਇਤਿਹਾਸਕ ਟੂਕ ਦੇ ਕੇ ਉਸ ਗੁਰਮਤਿ ਸਿਧਾਂਤ ਦੀ
ਪ੍ਰੋੜਤਾ ਕੀਤੀ ਜਾਵੇ। ਸਤਵਾਂ- ਜਿਹੜੀ ਇਤਿਹਾਸਕ ਟੂਕ ਦਿੱਤੀ ਜਾਵੇ, ਗੁਰਬਾਣੀ ਕਸਵੱਟੀ
`ਤੇ ਪਰਖੀ ਹੋਈ ਹੋਵੇ, ਇਤਿਹਾਸਕ ਰਲ-ਗੱਡ ਨਾ ਹੋਵੇ। ਅਠਵਾਂ- ਇਧਰ ਉਧਰ ਦੀਆਂ
ਕਹਾਣੀਆਂ-ਚੁਟਕਲਿਆਂ ਤੋਂ ਪ੍ਰਹੇਜ਼ ਕੀਤਾ ਜਾਵੇ। ਨੌਵਾਂ- ਜੇਕਰ ਬਾਣੀ ਦਾ ਅੰਗ ਸ਼ਬਦ ਦੀ
ਬਜਾਇ ਅਸ਼ਟਪਦੀ, ਛੰਦ, ਪਉੜੀ ਆਦਿ ਹੈ ਤਾਂ ਵੀ ਸਬੰਧਤ ਗੁਰਮਤਿ ਸਿਧਾਂਤ ਦੀ ਪੂਰੀ ਪੈਰਵੀ ਕੀਤੀ
ਜਾਵੇ। ਦਸਵਾਂ-ਜੇਕਰ ਕਥਾ, ਸ਼ਬਦ ਦੀ ਟੇਕ ਤੋਂ ਬਿਨਾ ਹੈ ਤਾਂ ਵੀ ਕਥਾ ਗੁਰਮਤਿ ਦੇ ਕਿਸੇ
ਸਿਧਾਂਤ ਨੂੰ ਟੇਕ ਬਣਾ ਕੇ ਕੀਤੀ ਜਾਵੇ, ਬੇ-ਸਿਰਪੈਰ ਦੀ ਨਹੀਂ। ਯ੍ਹਾਰਵਾਂ-ਕਥਾ ਕਰਦੇ
ਸਮੇਂ ਕਿਸੇ ਡੇਰੇ ਜਾਂ ਸੰਸਥਾ ਦੀ ਵਿਚਾਰਧਾਰਾ ਨੂੰ ਪੂਰੀ ਤਰ੍ਹਾਂ ਭੁਲਾ ਕੇ, ਨਿਰੋਲ ‘ਗੁਰੂ ਗ੍ਰੰਥ
ਸਾਹਿਬ ਜੀ’ ਦੀ ਵਿਚਾਰਧਾਰਾ `ਤੇ ਆਧਾਰਿਤ, ਗੁਰੂ ਭੈਅ `ਚ ਰਹਿ ਕੇ ਕੀਤੀ ਜਾਵੇ।
ਕਥਾ ਕੀ ਹੈ ਤੇ ਕੀਰਤਨ ਕੀ? - ਜਿਉਂ ਜਿਉਂ ਗੁਰਬਾਣੀ `ਚ ਦਰਸ਼ਨ
ਕਰੋ! ਗੁਰਬਾਣੀ `ਚ ਕਥਾ ਲਈ ਬਹੁਤ ਉੱਤਮ ਸ਼ਬਦਾਵਲੀ ਵਰਤੀ ਹੈ। ਫੁਰਮਾਨ ਹੈ “ਸਭ ਤੇ ਊਤਮ ਹਰਿ ਕੀ
ਕਥਾ॥ ਨਾਮੁ ਸੁਨਤ ਦਰਦ ਦੁਖ ਲਥਾ” (ਪੰ: 265)
ਭਾਵ ‘ਹਰੀ ਦੀ ਕਥਾ ਹੀ ਸਭ ਤੋਂ ਉੱਤਮ ਕਰਮ ਹੈ’। ਜਿਉਂ ਜਿਉਂ ਪ੍ਰਭੂ ਦੀ ਸਿਫਿਤ ਸਲਾਹ (ਨਾਮ)
ਸੁਣੇਂਗਾ, ਸਾਰੇ ਦੁਖ ਕਲੇਸ਼, ਆਧੀਆਂ-ਵਿਆਧੀਆਂ ਦਾ ਨਾਸ ਹੋ ਜਾਵੇਗਾ। ਇਸੇ ਤਰ੍ਹਾਂ ਗੁਰਬਾਣੀ `ਚ
‘ਕੀਰਤਨ’ ਲਈ ਵੀ ਪ੍ਰੇਰਣਾ ਹੈ, ਜਿਵੇਂ “ਕੀਰਤਨੁ ਨਿਰਮੋਲਕੁ ਹੀਰਾ॥ ਆਨੰਦ ਗੁਣੀ ਗਹੀਰਾ”
(ਪੰ: 893)।
ਬਹੁਤ ਵਾਰੀ ਗੁਰਬਾਣੀ ਸਿਧਾਂਤ ਤੋਂ ਅਨਜਾਣ ਸੱਜਨ ਸੁਆਲ ਕਰਦੇ ਹਨ “ਗੁਰਬਾਣੀ `ਚ ਕਿਧਰੇ ਕੀਰਤਨ ਨੂੰ
ਤੇ ਕਿਧਰੇ ਕਥਾ ਨੂੰ ਉੱਤਮ ਕਿਹਾ ਹੈ, ਇਹ ਵਿਰੋਧਾਭਾਸ ਕਿਉਂ? ਅਸਲ `ਚ ਇਹ ਵਿਰੋਧਾਭਾਸ ਨਹੀਂ।
ਅਜਿਹੇ ਸ਼ੰਕੇ-ਸੁਆਲ ਗੁਰਬਾਣੀ ਅਰਥਾਂ ਬਾਰੇ ਅਗਿਆਨਤਾ ਦੇ ਸੂਚਕ ਹਨ। ਅਜਿਹੇ ਸੁਆਲ ਕਰਣ ਵਾਲੇ ਸੱਜਨ
ਆਮਤੌਰ `ਤੇ ਸਮਝਦੇ ਹਨ “ਕੀਰਤਨ ਕੇਵਲ ਉਹ ਹੈ ਜੋ ਸਾਜ਼ਾਂ ਨਾਲ ਕੀਤਾ ਜਾਵੇ ਅਤੇ ਕਥਾ ਉਹ ਹੈ ਜਦੋਂ
ਗੁਰਬਾਣੀ ਵਿਚਾਰ ਪੇਸ਼ ਕੀਤੇ ਜਾਣ” ਪਰ ਇਹ ਸੱਚ ਨਹੀਂ।
ਸਾਜ਼ਾਂ ਰਾਹੀਂ ਕੀਰਤਨ, ਬੱਸ ਇਹੀ ਕੀਰਤਨ ਹੈ ਬਾਕੀ ਕੀਰਤਨ ਨਹੀਂ। ਇਸ `ਤੇ
ਖੁੱਲੀ ਵਿਚਾਰ ਗੁਰਮਤਿ ਪਾਠ ਨੰ: 73
‘ਕੀਰਤਨ ਗੁਰਬਾਣੀ ਦਾ’ `ਚ ਦੇ ਚੁੱਕੇ ਹਾਂ। ਵੱਖਰੀ ਗੱਲ ਹੈ ਕਿ ਹੱਥਲੇ ਗੁਰਮਤਿ ਪਾਠ `ਚ ‘ਕਥਾ’
ਲਫ਼ਜ਼ ਨੂੰ ਅਸਾਂ ਵੀ ਕੇਵਲ ‘ਬਾਣੀ ਦੀ ਵਿਚਾਰ’ ਦੇ ਉਸੇ ਦਾਇਰੇ `ਚ ਲਿਆ ਹੈ, ਜਿਨਾਂ ਕੁ ਅੱਜ
ਗੁਰਦੁਆਰਿਆਂ `ਚ ‘ਗੁਰਬਾਣੀ’ ਜਾਂ ‘ਗੁਰਮਤਿ ਵਿਚਾਰਾਂ’ ਦਾ ਮਤਲਬ ਲਿਆ ਜਾਂਦਾ ਹੈ, ਵੱਧ ਨਹੀਂ।
ਤਾਕਿ ਚਲਦੀ ਵਿਚਾਰ ਸਮੇਂ ਸੰਗਤਾਂ ਤੇ ਕਥਾਵਾਚਕ, ਦੋਵੇਂ ਸੁਚੇਤ ਰਹਿਣ। ਸਮਝਣਾ ਹੈ ਕਿ ‘ਸ੍ਰੀ ਗੁਰੂ
ਗ੍ਰੰਥ ਸਾਹਿਬ’ ਜੀ ਅੰਦਰ ਕਥਾ, ਕੀਰਤਨ, ਨਾਮ, ਸਿਫਿਤ ਸਲਾਹ, ਗੁਣਗਾਣ ਸਾਰੇ ਸਮਅਰਥੀ ਹਨ। ‘ਕਥਾ’
ਜਾਂ ‘ਕੀਰਤਨ’ ਲਈ ਅਜੋਕੀ ਵੰਡ ਸਾਡੀ ਆਪਣੀ ਘੜੀ ਹੋਈ ਹੈ, ਗੁਰੂ ਕਾਲ ਤੋਂ ਨਹੀਂ।
ਕਥਾ ਬਾਰੇ ਅਜੋਕੀ ਤ੍ਰਾਸਦੀ-ਅੱਜ ਗੁਰਦੁਆਰਿਆਂ `ਚ ਕਥਾ, ਗੁਰਬਾਣੀ
ਦੀ ਕਥਾ ਘੱਟ, ਖਾਨਾ ਪੁਰੀ ਵੱਧ ਹੋ ਰਹੀ ਹੈ। ਠੀਕ ਉਸੇ ਤਰ੍ਹਾਂ ਜਿਵੇਂ ਸਾਜ਼ਾਂ ਰਾਹੀਂ ਗੁਰਬਾਣੀ
ਕੀਰਤਨ ਬਹੁਤੇ ਰਾਗੀਆਂ ਲਈ ਵੀ ਕਲਾ ਦਾ ਪ੍ਰਗਟਾਵਾ ਤੇ ਸੰਗਤਾਂ ਲਈ ਕੰਨਰਸ ਹੀ ਬਣ ਕੇ ਰਹਿ ਚੁੱਕਾ
ਹੈ। ਨਤੀਜਾ ਹੈ ਕਿ ਨਾ ਕਥਾਵਾਚਕ ਅੰਦਰ ਗੁਰੂ ਦਾ ਭੈਅ ਹੈ ਤੇ ਨਾ ਗੁਰੂ ਕੀਆਂ ਸੰਗਤਾਂ ਅੰਦਰ ਬਾਣੀ
ਪਖੋਂ ਜਾਗ੍ਰਤੀ। ਇਸ ਦੀ ਵੱਡੀ ਮਿਸਾਲ ਹੈ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ, ਸੀਸ
ਗੰਜ, ਨਾਨਕ ਪਿਆਊ ਤੋਂ ਹੀ ਲੈ ਲਵੋ, ਲਗਭਗ ਤਿੰਨ-ਤਿੰਨ ਵਾਰੀ ਸੰਪੂਰਣ ‘ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ’ ਦੀ ਕਥਾ ਹੋ ਚੁੱਕੀ ਹੈ, ਪਰ ਸੰਗਤਾਂ ਜੋ ਚਿਰਾਂ ਤੋਂ ਕੇਵਲ ਕਥਾ ਦੇ ਸਮੇਂ ਨਾਲ ਹੀ ਬੱਝੀਆਂ
ਹਨ, ਉਹਨਾਂ ਵਿਚਾਲੇ ਵੀ ਗੁਰਮਤਿ ਪੱਖੋਂ ਅਗਿਆਣਤਾ ਤੇ ਅਨਮਤੀ ਪ੍ਰਭਾਵ ਉਸੇ ਤਰ੍ਹਾਂ ਹਨ, ਜਿਸ
ਤਰ੍ਹਾਂ ਕਥਾ ਸੁਨਣ ਆਉਣ ਤੋਂ ਪਹਿਲਾਂ ਸਨ। ਸਿੱਖੀ ਜੀਵਨ ਦੀ ਖੁਸ਼ਬੂ ਤੋਂ ਉਹ ਵੀ ਖਾਲੀ ਹਨ ਤਾਂ
ਕਿਉਂ? ਨਾ ਕਥਾਕਾਰਾਂ ਨੂੰ ਇਸ ਦਾ ਐਹਿਸਾਸ ਹੈ ਤੇ ਨਾ ਕਥਾ ਕਰਵਾਉਣ ਵਾਲੇ ਸਮੇਂ ਸਮੇਂ ਦੇ ਪ੍ਰਬੰਧਕ
ਸੱਜਨਾਂ ਨੂੰ।
ਅਜੋਕੇ ਕੀਰਤਨ ਤੇ ਕੀਰਤਨ ਦਰਬਾਰਾਂ ਦੀ ਤਰ੍ਹਾਂ ਕਥਾ ਵੀ ਗੁਰਬਾਣੀ-ਗੁਰਮਤਿ
ਦਾ ਪ੍ਰਚਾਰ ਘੱਟ ਤੇ ਮਾਇਕ ਖੇਡ ਵੱਧ ਬਣੀ ਪਈ ਹੈ। ਬਲਕਿ ਵਿਦੇਸ਼ਾਂ `ਚ ਤਾਂ ਹਰੇਕ ਗੁਰਦੁਆਰੇ `ਚ
ਕਥਾ ਹੋ ਰਹੀ ਹੈ, ਲਹਿਰ ਮਾੜੀ ਨਹੀਂ ਜੇਕਰ ਸਚਮੁਚ ਕਥਾ ਗੁਰਬਾਣੀ ਤੇ ਗੁਰਮਤਿ ਪ੍ਰਸਾਰ ਲਈ ਹੋਵੇ,
ਪਰ ਇਥੇ ਵੀ ਸਚਾਈ ਇਸ ਦੇ ਉਲਟ ਹੈ। ਕਿਉਂਕਿ ਪ੍ਰਬੰਧਕ ਵੀ ਬਹੁਤਾ ਕਰ ਕੇ ਉਹੀ ਹਨ ਜਿਨ੍ਹਾਂ ਦਾ
ਗੁਰਮਤਿ ਨਾਲ ਕੁੱਝ ਲੈਣਾ ਦੇਣਾ ਨਹੀਂ। ਉਹ ਤਾਂ ਆਪ ਚੋਣਾਂ ਰਸਤੇ ਆਏ ਹੁੰਦੇ ਹਨ, ਜਿਸ ਬਾਰੇ ਬਹੁਤਾ
ਕਹਿਣ ਦੀ ਹੀ ਲੋੜ ਨਹੀਂ। ਨਤੀਜਾ, ਉਥੇ ਵੀ ਕਥਾ ਦੀ ਰੀਤ ਹੀ ਪੂਰੀ ਹੋ ਰਹੀ ਹੈ। ਇਸੇ ਕਾਰਨ ਕੀਰਤਨੀ
ਜਥਿਆਂ ਵਾਂਙ, ਬਨਾਵਟੀ ਕਥਾਕਾਰਾਂ ਦਾ ਉਥੇ ਵੀ ਹੱੜ ਆਇਆ ਪਿਆ ਹੈ। ਨਾ ਅਜਿਹੇ ਕਥਵਾਚਕਾਂ ਦੇ ਜੀਵਨ
`ਚ ਬਾਣੀ ਦੀ ਸੋਝੀ ਹੈ ਤੇ ਨਾ ਉਹਨਾਂ ਕੋਲ ਸੰਗਤਾਂ `ਚ ਗੁਰਬਾਣੀ ਜੀਵਨ ਸੀਂਚਣ ਦੀ ਸਮ੍ਰਥਾ, ਆਖਿਰ
ਇਸ ਤਰ੍ਹਾਂ ਕਦੋਂ ਤੀਕ ਚਲੇਗਾ?
ਰਾਮਰਾਇ ਤੇ ਗੁਰਬਾਣੀ- ਰਾਮਰਾਇ ਦੀ ਸਾਖੀ ਬਾਰੇ ਸਾਰੇ ਜਾਣਦੇ ਹਾਂ।
ਰਾਮਰਾਇ ਨੇ ਚਾਪਲੂਸੀ ਤੇ ਸਰਕਾਰੀ ਅਸਰ-ਰਸੂਖ ਦਾ ਸ਼ਿਕਾਰ ਹੋ ਕੇ ਗੁਰਬਾਣੀ ਦੀ ਕੇਵਲ ਇੱਕ ਤੁਕ ਨੂੰ
ਆਪਣੇ ਸੁਆਰਥ ਲਈ ਵਰਤਿਆ, ਲਫ਼ਜ਼ ‘ਮੁਸਲਮਾਨ’ ਤੋਂ ‘ਬੇਈਮਾਨ’ ਕੀਤਾ। ਗੁਰਦੇਵ ਨੇ ਜਿਗ਼ਰ ਦਾ ਟੁਕੜਾ ਵੀ
ਤਿਆਗ ਦਿੱਤਾ ਤੇ ਮੁੜ ਉਸ ਨੂੰ ਮੂੰਹ ਨਹੀਂ ਲਾਇਆ। ਇਸ ਦੇ ਉਲਟ ਅੱਜ ਬਹੁਤੇ ਕਥਾਕਾਰ ਇੱਕ ਲਫ਼ਜ਼ ਤਾਂ
ਕੀ, ਬਹੁਤ ਵਾਰੀ ਤਾਂ ਪੂਰੇ ਪੂਰੇ ਬਾਣੀ ਦੇ ਅਰਥ ਤੇ ਵਿਚਾਰਧਾਰਾ ਹੀ ਉਲਟਾਉਣ ਵਾਲਾ ਗੁਣਾਹ ਕਰ ਰਹੇ
ਹਨ। ਰਾਮਰਾਇ ਨੇ ਇੱਕ ਲਫਜ਼ ਉਲਟਾਇਆ, ਇੱਕ ਲਫਜ਼ ਦਾ ਅਦਲ ਬਦਲ ਹੀ ਗੁਰਬਾਣੀ ਸਿਧਾਂਤ `ਤੇ ਸਿੱਧੀ ਚੋਟ
ਸੀ। ਇਸ ਤੋਂ ਵੱਧ, ਜਦੋਂ ਪੂਰੇ ਸਿਧਾਂਤ ਦੀ ਹੀ ਉਲੰਙਣਾ ਕਰ ਰਹੇ ਹੁੰਦੇ ਹਾਂ, ਤਾਂ ਸਾਡਾ ਕੀ ਹਾਲ
ਹੋਵੇਗਾ? ਚੇਤੇ ਰਹੇ! ਜਿਸ ਸਰੀਰ ਲਈ, ਰਾਮਰਾਇ ਨੇ ਇਨਾਂ ਵੱਡਾ ਗੁਣਾਹ ਕੀਤਾ, ਅੱਜ ਉਸ ਦਾ ਉਹ ਸਰੀਰ
ਕਿਥੇ ਤੇ ਉਸ ਸਰੀਰ ਦੀ ਇੱਜ਼ਤ ਕਿਨੀਂ ਹੈ? ਗੁਰੂ ਕੀਆਂ ਸੰਗਤਾਂ ਅੱਜ ਰਾਮਰਾਇ ਨੂੰ ਕਿਸ ਰੂਪ `ਚ
ਪਛਾਣ ਰਹੀਆਂ ਹਨ? ਸੱਚ ਕਿਸੇ ਤੋਂ ਛੁਪਿਆ ਨਹੀਂ।
ਉਪ੍ਰੰਤ, ਪੰਜਵੇਂ ਪਾਤਸ਼ਾਹ ਨੇ ਆਪਣੇ ਉਚੇ ਸੁੱਚੇ ਪੂਜਨੀਕ, ਮਹਾਨ ਪਵਿਤ੍ਰ
ਸਰੀਰ ਦੀ ਤਸੀਹੇ ਭਰਪੂਰ ਕੁਰਬਾਣੀ ਦੇ ਦਿੱਤੀ। ਤਸੀਹੇ ਵੀ ਉਹ, ਜਿਨ੍ਹਾਂ ਦੀ ਮਿਸਾਲ ਸੰਸਾਰ ਦੇ
ਇਤਿਹਾਸ `ਚ ਨਹੀਂ। ਪਰ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਅੰਦਰ ਰੱਤੀ ਭਰ ਵੀ ਮਿਲਾਵਟ ਜਾਂ
ਵਾਧਾ-ਘਾਟਾ ਸਵੀਕਾਰ ਨਹੀਂ ਕੀਤਾ। ਇਸ ਦੇ ਉਲਟ ਅੱਜ ਕੀ ਹੋ ਰਿਹਾ ਹੈ? ਸਾਡੇ ਕਥਾਕਾਰਾਂ ਲਈ ਇਹ
ਵਿਸ਼ਾ ਵੱਡੀ ਚੇਤਾਵਣੀ ਦਾ ਹੈ। ਆਖਿਰ ਕਥਾਕਾਰ ਨੇ ਜੋ ਵੀ ਗੱਲ ਕਹਿਣੀ ਹੈ, ਉਸ ਦੇ ਆਪਣੇ ਲਫਜ਼ਾਂ `ਚ
ਹੋਣੀ ਹੈ। ਕੀਰਤਨੀ ਸਿੰਘ ਤਾਂ ਉਸ ਸਮੇਂ ਦੋਸ਼ੀ ਹੈ ਜਦੋਂ ਸੰਗਤਾਂ ਜਾਂ ਪ੍ਰਵਾਰ ਦੀ ਖੁਸ਼ਨੂਦੀ ਹਾਸਲ
ਕਰਣ ਲਈ ਗੁਰਬਾਣੀ ਦੇ ਸ਼ਬਦਾਂ ਨੂੰ ਕਿਸੇ ਹਲਕੇ ਤੇ ਬਦਲਵੇਂ ਪ੍ਰਭਾਵ `ਚ ਵਰਤ ਰਿਹਾ ਹੈ। ਕਥਾਕਾਰ ਦਾ
ਤਾਂ ਇੱਕ ਇੱਕ ਲਫ਼ਜ਼, ਆਪਣੀ ਜ਼ਬਾਨ ਦਾ ਹੈ, ਕੀ ਉਸ ਰਾਹੀਂ ਕੀਤੀ ਜਾ ਰਹੀ ਕਥਾ, ਗੁਰਬਾਣੀ ਸਿਧਾਂਤ,
ਵਿਚਾਰਧਾਰਾ, ਅਰਥਾਂ ਅਨੁਸਾਰ ਹੈ ਵੀ ਜਾਂ ਨਹੀਂ? ਅਕਾਲਪੁਰਖ ਦੀ ਦਰਗਾਹ `ਚ ਇਸ ਦਾ ਦੇਣਦਾਰ ਵੀ
ਕਥਾਵਾਚਕ ਹੀ ਹੈ, ਦੂਜਾ ਜਾਂ ਕਥਾ ਦੇ ਸ੍ਰੋਤੇ ਨਹੀਂ, ਫੈਸਲਾ ਹੈ ‘ਲੋਕਿ ਪਤੀਣੈ ਕਛੁ ਨ ਹੋਵੈ
ਨਾਹੀ ਰਾਮੁ ਇਆਣਾ” (ਪੰ: 484)
ਆਲਮਗੀਰੀ ਮੱਤ ਅਤੇ ਅੱਜ ਦੇ ਕਥਾਵਾਚਕ- ਇੱਕ ਪਾਸੇ ਗੁਰੂ ਨਾਨਕ ਦਾ
ਆਲਮਗੀਰੀ ਸਿੱਖ ਧਰਮ ਜਿਹੜਾ ਪੂਰੀ ਤਰ੍ਹਾਂ ਦਲੀਲਾਂ ਤੇ ਜੀਵਨ ਸਿਧਾਂਤਾਂ `ਤੇ ਆਧਾਰਤ ਹੈ। ਜੀਵਨ ਦਾ
ਉਹ ਸੱਚ ਜਿਸ ਨੇ ਵੱਡਿਆਂ ਵੱਡਿਆਂ ਨੂੰ ਨਿਰੁਤਰ ਕਰ ਦਿੱਤਾ। ਅੱਜ ਵੀ ਸੰਸਾਰ ਦਾ ਵੱਡੇ ਤੋਂ ਵੱਡਾ
ਵਿਦਵਾਨ ਜਦੋਂ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਸਟਡੀ ਕਰਦਾ ਹੈ, ਆਪ ਮੁਹਾਰੇ ਕਹਿ ਉਠਦਾ ਹੈ
‘ਗੁਰੂ ਨਾਨਕ ਮੱਤ ਹੀ ਸੰਸਾਰ ਭਰ, ਹਰ ਸਮੇਂ ਤੇ ਹਰੇਕ ਮਨੁੱਖ ਦਾ ਅਸਲੀ ਧਰਮ ਹੈ’। ਦੂਜੇ ਪਾਸੇ,
ਹਾਲਤ ਇਹ ਹੈ ਜੇਕਰ ਗੁਰੂ ਕੀਆਂ ਸੰਗਤਾਂ ਵਿਚਕਾਰ ਖਲੋਤੇ ਹੋਵੋ ਤਾਂ ਅਜਿਹੀਆਂ ਗੱਲਾਂ ਸੁਨਣ ਨੂੰ
ਆਉਂਦੀਆਂ ਹਨ ਕਿ ਦਿਲ ਰੋ ਉਠਦਾ ਹੈ। ਸਿੱਖੀ ਪ੍ਰਚਾਰ ਬਾਰੇ ਅਜਿਹੇ ਫਿਕਰੇ ਕੱਸੇ ਜਾਂਦੇ ਹਨ
ਜਿਨ੍ਹਾਂ ਨੂੰ ਕਲਮ ਹੇਠਾਂ ਲਿਆਉਣਾ ਵੀ ਸੌਖਾ ਨਹੀਂ। ਇਹ ਲਫ਼ਜ਼ ਵੀ ਜਿਵੇਂ ‘ਗੁਰਦੁਆਰਾ ਸਟੇਜ ਅਨਪੜ੍ਹ
ਕੀਰਤਨੀਆਂ, ਕਥਾਵਾਚਕਾਂ, ਪ੍ਰਬੰਧਕਾਂ ਦਾ ਬਹਿਸ਼ਤ ਹੀ ਬਣ ਚੁੱਕਾ ਹੈ’ ; ਇਹ ਕੇਵਲ ਇਸ਼ਾਰਾ ਹੈ, ਪਰ
ਇਸ ਦਾ ਜ਼ਿੰਮੇਵਾਰ ਕੌਣ? ਫਿਰ ਗ੍ਰੰਥੀ ਸਿੰਘ, ਸੇਵਾਦਾਰਾਂ, ਪਾਠੀਆਂ ਲਈ ਵੀ ਸੰਗਤਾਂ ਦੀ ਇਹੀ ਭੜਾਸ
ਹੈ। ਇਸ ਦੇ ਲਈ ਪ੍ਰਬੰਧਕ ਵੀ ਘੱਟ ਦੋਸ਼ੀ ਨਹੀਂ ਹਨ। ਨਤੀਜਾ ਹੈ ਕਿ ਅੱਜ
90% ਤੋਂ ਉਪਰ ਸੰਗਤ ਗੁਰਦੁਆਰੇ ਜਾਣਾ
ਛੱਡ ਚੁੱਕੀ ਹੈ ਤੇ ਜਿਹੜੀ ਜਾ ਰਹੀ ਹੈ ਉਹ ਵੀ ਸਿੱਖੀ ਜੀਵਨ ਪ੍ਰਤੀ ਭੰਮਲਭੂਸੇ `ਚ ਫਸੀ ਰਹਿੰਦੀ
ਹੈ।
ਆਲਮਗੀਰੀ ਸਿੱਖ ਮੱਤ ਦੀ ਅਜੋਕੀ ਹਾਲਤ ਲਈ ਜ਼ਿੰਮੇਵਾਰ ਦੂਜਾ ਨਹੀਂ ਬਲਕਿ
ਅਸੀਂ ਆਪ ਹਾਂ। ਸੰਸਾਰ ਤੱਲ `ਤੇ ਵਿਚਾਰੋ ਤਾਂ ਸੰਸਾਰ ਭਰ ਦਾ ਇੱਕ ਵੀ ਗਿਆਨ, ਸਟੱਡੀ ਬਿਨਾ ਸੋਚ
ਮੰਡਲ `ਚ ਨਹੀਂ ਉਤਰਦਾ। ਜਦਕਿ ਗੁਰਬਾਣੀ ਤਾਂ ਹੈ ਹੀ ਸੰਸਾਰ ਭਰ ਦੇ ਗਿਆਨਾਂ ਦਾ ਸ਼੍ਰੋਮਣੀ, ਇਲਾਹੀ,
ਸਦੀਵੀ ਤੇ ਗੁਰੂ ਗਿਆਨ। ਗੁਰਬਾਣੀ ਹੈ ਵੀ ਕਾਵਿ ਰੂਪ `ਚ ਤੇ ਕਿਸੇ ਵੀ ਕਵਿਤਾ ਦੇ ਤਿੰਨ ਪੱਖ ਹੁੰਦੇ
ਹਨ; ਕਵਿਤਾ ਦਾ ਭਾਵ (gist),
ਸ਼ਬਦੀ ਅਰਥ ਤੇ ਵਿਆਖਿਆ। ਇਸੁ ਤਰ੍ਹਾਂ
ਗੁਰਬਾਣੀ ਦੀ ਕਥਾ-ਵਿਚਾਰ ਲਈ ਵੱਧ ਨਹੀਂ ਤਾਂ ਇਸ ਦੇ ਇਹਨਾ ਤਿੰਨਾਂ ਪਖਾਂ ਬਾਰੇ ਸੁਚੇਤ ਹੋਣਾ
ਜ਼ਰੂਰੀ ਹੈ। ਜੇ ਅਜਿਹਾ ਨਹੀਂ ਤਾਂ ਕਥਾਵਾਚਕ ਕਿਵੇਂ ਬਣ ਗਏ?
ਗੁਰਬਾਣੀ ਗਿਆਨ ਬਿਨਾ, ਸੰਸਾਰਕ ਗਿਆਨ ਅਧੂਰੇ ਹਨ- ਸੱਚ ਹੈ ਕਿ
ਗੁਰਬਾਣੀ ਗਿਆਨ ਬਿਨਾ ਸੰਸਾਰ ਭਰ ਦੇ ਗਿਆਨ ਅਧੂਰੇ ਹਨ। ਇਸ ਗਿਆਨ ਤੋਂ ਬਿਨਾ ਜੀਵਨ ਇਨਸਾਨੀ ਕੱਦਰਾਂ
ਕੀਮਤਾਂ ਤੋਂ ਖਾਲੀ ਹੀ ਰਹੇਗਾ। ਆਓ! ਇਸ ਬਾਰੇ ਸੰਸਾਰ ਤੱਲ `ਤੇ ਹੀ ਥੋੜਾ ਵਿਚਾਰ ਕਰਣ ਦੀ ਕੋਸ਼ਿਸ਼
ਕਰੀਏ। ਅਸਾਂ ਇਲਾਹੀ ਬਾਣੀ ਦਾ ਸ਼ਬਦ ਪੜ੍ਹ ਜਾਂ ਸੁਣ ਤਾਂ ਲਿਆ, ਜਦਂ ਤੱਕ ਸ਼ਬਦ ਦੇ ਅਰਥ, ਸਾਡੇ
ਹਿਰਦੇ ਤੱਕ ਨਹੀਂ ਪੁਜਣਗੇ, ਉਦੋਂ ਤੱਕ ਉਸ ਦਾ ਲਾਭ ਕਿਵੇਂ ਲੈ ਸਕਦੇ ਹਾਂ? ਗੁਰਬਾਣੀ ਜੀਵਨ ਜਾਚ ਹੈ
ਜਿਸ ਦਾ ਸਿੱਧਾ ਸਬੰਧ ਸਾਡੇ ਨਿਤ ਦੇ ਜੀਵਨ ਨਾਲ ਹੈ। ਜੇ ਗੁਰਬਾਣੀ ਸਾਡੀ ਸੋਝੀ-ਵਿਚਾਰ ਦਾ ਹਿੱਸਾ
ਹੀ ਨਹੀਂ ਤਾਂ ਸਾਡੇ ਜੀਵਨ ਦੀ ਸੰਭਾਲ ਹੋਵੇਗੀ ਕਿਵੇਂ ਤੇ ਸੰਗਤ ਨੂੰ ਕੀ ਦੇਵਾਂਗੇ? ਇਹ ਜ਼ਿੰਮੇਵਾਰੀ
ਕਥਾਵਾਚਕਾਂ `ਤੇ ਆਉਂਦੀ ਹੈ ਕਿ ਜਿਸ ਸ਼ਬਦ ਦੀ ਕਥਾ ਕਰਣੀ ਹੈ ਉਸ ਦੇ ਇੱਕ ਇੱਕ ਅੱਖਰ ਤੇ ਸ਼ਬਦ ਰਾਹੀਂ
ਪ੍ਰਗਟ ਕੀਤੀ ਜੀਵਨ-ਜਾਚ, ਉਸ ਦੀ ਜੀਵਨ ਜਾਚ ਹੋਵੇ ਤੇ ਸੰਗਤਾਂ ਵਿਚਾਲੇ ਵੀ ਉਹੀ ਜੀਵਨ ਜਾਚ ਵੰਡ
ਰਿਹਾ ਹੋਵੇ।
ਅੱਜ ਦੇ ਕਥਾਵਾਚਕਾਂ ਦੀ ਦੇਣ- ਅੱਜ ਸੰਸਾਰ ਭਰ `ਚ ਗੁਰਬਾਣੀ ਦੇ ਕਥਾਕਾਰ
ਫੈਲ ਚੁੱਕੇ ਹਨ। ਇਸ ਦੇ ਬਾਵਜੂਦ ਵਹਿਮ-ਭਰਮ, ਜਹਾਲਤਾਂ, ਵਰਤ, ਰੀਤਾਂ, ਸਗਨ, ਸੁੱਚ-ਭਿੱਟ,
ਦਿਖਾਵੇ-ਆਡੰਬਰ, ਜਾਤ-ਪਾਤ, ਰੱਖੜੀਆਂ-ਟਿੱਕੇ-ਲੋਹੜੀਆਂ-ਦਿਵਾਲੀਆਂ ਭਾਵ ਅਨਮੱਤੀ ਤਿਉਹਾਰਾਂ ਦਾ
ਚਲਣ, ਡੇਰਾਵਾਦ ਤੇ ਸਰੀਰ ਪੂਜਾ ਦਾ ਸਿੱਖਾਂ `ਚ ਹੀ ਬੋਲਬਾਲਾ ਹੈ। ਡਰੱਗ-ਨਸ਼ੇ, ਜੁਰਮ, ਝੂਠ, ਫਰੇਬ,
ਠੱਗੀ, ਹੇਰਾ-ਫ਼ੇਰੀ, ਬੱਚੇ-ਬੱਚੀ ਵਿਚਾਲੇ ਵਿਤਕਰਾ, ਭਰੂਣ ਹੱਤਿਆ, ਨੂਹਾਂ `ਤੇ ਜ਼ੁਲਮ, ਪ੍ਰਵਾਰਾਂ
`ਚ ਪਾੜੇ ਆਦਿ ਸਮਾਜਕ ਬੁਰਾਈਆ ਦੂਜਿਆਂ ਦੇ ਤਾਂ ਕੀ ਸਿੱਖਾਂ ਦੇ ਘਰਾਂ `ਚ ਵੀ ਪੈਰ ਜਮਾਈ ਬੈਠੇ ਹਨ।
ਇਹ ਗੁਰਬਾਣੀ ਦੇ ਨਾਮ `ਤੇ ਕੀਤੀ ਜਾ ਰਹੀ ਉਸੇ ਕਥਾ ਦਾ ਸਿੱਟਾ ਹੈ ਜਿਸ ਦੀ ਵਿਚਾਰ ਰਾਹੀਂ ਪਾਤਸ਼ਾਹ
ਨੇ ਸੰਸਾਰ ਭਰ ਦੇ ਜੀਵਨ `ਚ ਨਿਖਾਰ ਲੈ ਆਂਦਾ ਸੀ। ਦੂਜਿਆਂ ਨੂੰ ਤਾਂ ਕੀ ਦੇਣਾ ਹੈ, ਉਸੇ ਬਾਣੀ ਦੀ
ਕਥਾ ਦੇ ਬਹੁਤੇ ਦਾਅਵੇਦਾਰਾਂ ਦੇ ਆਪਣੇ ਜੀਵਨ ਤੇ ਉਹਨਾਂ ਦੇ ਪ੍ਰਵਾਰਕ ਜੀਵਨ `ਚ ਝਾਤ ਮਾਰੋ ਤਾਂ
ਉਥੇ ਬੁਰਾ ਹਾਲ ਹੋਇਆ ਪਿਆ ਹੈ।
ਲੰਮੇਂ ਸਮੇਂ ਤੋਂ ਧਰਮ ਦੇ ਨਾਮ ਹੇਠ ਕੇਵਲ ਅੰਨ੍ਹੀ ਤੇ ਫੋਕੀ ਸ਼ਰਧਾ ਹੀ
ਭਰੀ ਜਾਂਦੀ ਸੀ। ਲੋਕਾਂ ਦੇ ਜੀਵਨ ਨੂੰ ਕਲਪਤ ਕਹਾਣੀਆਂ ਦਾ ਆਧਾਰ ਬਣਾ ਕੇ ਪੂਰੀ ਤਰ੍ਹਾਂ ਬਰਬਾਦ
ਕੀਤਾ ਜਾ ਰਿਹਾ ਸੀ। ਉਹਨਾਂ ਕਹਾਣੀਆਂ ਬਦਲੇ ਲੋਕਾਂ ਦੇ ਵਿਸ਼ਵਾਸ `ਚ ਇਕੋ ਗੱਲ ਜੋੜੀ ਹੋਈ ਸੀ ਕਿ
‘ਉਹ ਤਾਂ ਭਗਵਾਨ ਸਨ, ਇਸ ਲਈ ਕਰ ਸਕਦੇ ਸਨ। ਅਸੀਂ ਕਲਜੁਗੀ ਜੀਵ, ਕਿਸ ਤਰ੍ਹਾਂ ਕਰ ਸਕਦੇ ਹਾਂ’।
ਇਹੋ ਜਹੇ ਹਵਾਈ ਵਿਸ਼ਵਾਸਾਂ-ਕਹਾਣੀਆਂ ਦਾ ਸ਼ਿਕਾਰ ਹੋ ਕੇ ਮਨੁੱਖ ਕਦੇ ਤੀਰਥਾਂ ਦੇ ਚੱਕਰ ਕੱਟ ਰਿਹਾ
ਸੀ। ਕਦੇ ਬ੍ਰਾਹਮਣਾਂ, ਸਾਧਾਂ, ਜੋਗੀਆਂ ਅਦਿ ਦੇ ਸਰਾਪਾਂ ਤੋਂ ਡਰਦਾ ਜਾਂ ਵਰਾਂ ਲਈ ਉਹਨਾਂ ਦੇ
ਤਰਲੇ ਕੱਟਦਾ ਫ਼ਿਰਦਾ ਸੀ। ਦੇਖਣਾ ਹੈ, ਕੀ ਅੱਜ ਸਾਡੇ ਗੁਰਬਾਣੀ ਦੇ ਕਥਾਕਾਰਾਂ ਤੇ ਉਹਨਾਂ ਰਾਹੀਂ
ਤਿਆਰ ਕੀਤੀਆਂ ਜਾ ਰਹੀਆਂ ਸੰਗਤਾਂ ਦਾ ਵੀ ਇਹੀ ਹਾਲ ਤਾਂ ਨਹੀਂ? ਅੱਜ ਅਜਿਹਾ ਕੀ ਹੈ ਜੋ ਸਿੱਖ
ਸੰਗਤਾਂ ਵਿਚਾਲੇ ਨਹੀਂ ਹੋ ਰਿਹਾ, ਤੇ ਉਹ ਵੀ ਸਿੱਖ ਧਰਮ ਦੇ ਨਾਮ ਹੇਠ।
ਪਾਤਸ਼ਾਹ ਫ਼ੁਰਮਾਉਂਦੇ ਹਨ “ਗੁਰਬਾਣੀ ਇਸੁ ਜਗ ਮਹਿ ਚਾਨਣੁ” (ਪੰ:
67) ਉਸੇ
ਗੁਰਬਾਣੀ ਦੇ ਕਥਾਕਾਰ ਬੇਅੰਤ ਹਨ ਜਿਨ੍ਹਾਂ ਨੇ ਸੰਸਾਰ ਨੂੰ ਗੁਰਬਾਣੀ ਦੀ ਰੋਸ਼ਨੀ ਦੇਣੀ ਸੀ ਪਰ
ਬਹੁਤਾ ਕਰਕੇ ਉਹ ਆਪ ਹੀ ਅਗਿਆਣਤਾ ਦੇ ਹਨੇਰੇ `ਚ ਠੋਕਰਾਂ-ਠੇਡੇ ਖਾ ਰਹੇ ਹਨ। ਸ਼ਕਲ ਦਾ ਸਿੱਖ ਹੈ ਪਰ
ਹੱਥ ਜੋਤਸ਼ੀਆਂ ਨੂੰ ਦਿਖਾਈ ਫਿਰਦਾ ਹੈ, ਤਾਂਤ੍ਰਿਕਾਂ-ਝਾੜੇ-ਫਾਂਡੇ, ਕਾਲੇ ਜਾਦੂ ਵਾਲਿਆਂ ਦੇ ਪਿੱਛੇ
ਘੁੰਮ ਰਿਹਾ ਹੈ। ਦੇਵੀਆਂ ਦੇ ਜਗ੍ਰਾਤੇ ਕਰ-ਕਰਵਾ ਰਿਹਾ ਹੈ, ਕਬਰਾਂ ਪੂਜ ਰਿਹਾ ਹੈ। ਧਾਰਮਕ ਠੱਗ ਤੇ
ਸਾਧ-ਬਾਬੇ ਇਸ ਨੂੰ ਵਹਿਮਾਂ-ਭਰਮਾਂ `ਚ ਫਸਾ ਕੇ ਉਂਗਲਾਂ `ਤੇ ਨਚਾਅ ਰਹੇ ਹਨ। ਅੱਜ ਸਿੱਖ ਦਾ
ਮਰਨਾ-ਜੰਮਨਾ, ਖੁਸ਼ੀ-ਗ਼ਮੀ ਸਭ ਹੋ ਤਾਂ ਰਿਹਾ ਹੈ ਸਿੱਖੀ ਦੇ ਨਾਮ `ਤੇ ਪਰ ਉਸ `ਚੋਂ ਗੁਰਬਾਣੀ ਜੀਵਨ
ਜਾਚ ਹੀ ਅਲੋਪ ਹੈ; ਇਹ ਨਤੀਜਾ ਹੈ ਅੱਜ ਦੀਆਂ ਕਥਾਵਾਂ ਦਾ।
ਅੱਜ ਸੰਸਾਰ ਭਰ `ਚ ਗੁਰਬਾਣੀ ਦੇ ਕਥਾਕਾਰਾਂ ਦੀ ਭਰਮਾਰ ਹੈ ਤੇ ਕੌੜੀ ਵੇਲ
ਵਾਂਗ ਵਧ ਰਹੇ ਹਨ। ਕੇਵਲ ਉਂਗਲੀਆਂ `ਤੇ ਗਿਣੇ ਜਾਣ ਵਾਲੇ ਕਥਾਕਾਰ ਹਨ ਜਿਨ੍ਹਾਂ ਦੀ ਕਥਾ-ਵਿਆਖਿਆ
ਗੁਰਬਾਣੀ ਕਸੌਟੀ `ਤੇ ਪੂਰੀ ਉਤਰਦੀ ਹੈ। ਬਾਕੀ ਤਾਂ “ਮਾਇਆ ਕਾਰਨਿ ਧਾਵਹੀ ਮੂਰਖ ਲੋਗ ਅਜਾਨ”
(ਪੰ: 427)
ਤੇ “ਰੋਟੀਆ ਕਾਰਣਿ ਪੂਰਹਿ ਤਾਲ॥ ਆਪੁ ਪਛਾੜਹਿ ਧਰਤੀ ਨਾਲਿ (ਪੰ:
465)
ਵਾਲੀ ਗੱਲ ਬਣੀ ਪਈ ਹੈ। ਰੋਟੀ-ਰੋਜ਼ੀ ਕਮਾਉਣੀ ਮਾੜੀ ਗੱਲ
ਨਹੀਂ; ਇਸ ਦੇ ਨਾਲ ਇਹ ਵੀ ਸਮਝਣਾ ਹੈ ਕਿ ਉਹਨਾਂ ਨੂੰ ਇਹ ਸੇਵਾ-ਭੇਟਾ ਕਿਉਂ ਤੇ ਕਿਸ ਕੰਮ ਲਈ ਆ
ਰਹੀ ਹੈ?
ਅਜੋਕੀ ਕਥਾ ਵਾਲੀ ਲਹਿਰ ਦੀ ਇੱਕ ਝਲਕ- ਕਥਾ ਕਿਸ ਸ਼ਬਦ ਦੀ ਹੋ ਰਹੀ
ਹੈ? ਕਥਾਕਾਰ ਦਾ ਉਸ ਨਾਲ ਕੁੱਝ ਲੈਣਾ ਦੇਣਾ ਹੈ ਵੀ ਜਾਂ ਨਹੀਂ। ਬਸ ਇਧਰ ਓਧਰ ਦੀਆਂ ਗੱਲਾਂ, ਕੁੱਝ
ਸ਼ੇਖ ਸਾਅਦੀ, ਰਹੀਮ ਤੇ ਤੁਲਸੀ, ਅੰਤ ਔਖੇ-ਸੌਖੇ ਸਬੰਧਤ ਸ਼ਬਦ ਨੂੰ ਪੜ੍ਹ ਲਿਆ। ਸ਼ਬਦ `ਚੋਂ ਇਕ-ਦੋ
ਅੱਖਰਾਂ ਦੇ ਠੀਕ-ਗ਼ਲਤ ਅਰਥ ਕਰ ਦਿੱਤੇ। ਨਾ ਬਾਣੀ ਦੀ ਵਿਚਾਰ ਤੇ ਨਾ ਕਿਸੇ ਦੇ ਕੁੱਝ ਪੱਲੇ ਪਿਆ।
ਬਹੁਤਾ ਹੋਇਆ ਤਾਂ ਆਪਣੇ ਆਪ ਨੂੰ ਵੱਡਾ ਵਿਦਵਾਨ ਸਾਬਤ ਕਰਣ ਲਈ ਫ਼ਾਰਸੀ ਦੇ ਦੋ ਸ਼ੇਅਰ ਸੁਣਾ ਦਿੱਤੇ
ਜਾਂ ਖੁਦ ਰੱਬ ਦੇ ਠੇਕੇਦਾਰ ਬਣ ਕੇ ਬੇਸਿਰਪੈਰ ਦੀਆਂ ਗੱਲਾਂ ਕਰ ਲਈਆਂ। ਕਿਧਰੇ ਸਮੁੰਦ੍ਰ ਮੰਥਨ,
ਕ੍ਰਿਸ਼ਨ ਸੁਦਾਮਾ ਦੇ ਮਿਥਿਹਾਸਕ ਕਿੱਸੇ-ਕਹਾਣੀਆਂ, ਕਿਧਰੇ ਚੁੱਟਕਲੇ ਜਾਂ ਫ਼ਰਜ਼ੀ ਤੇ ਮਿਲਾਵਟੀ
‘ਸਾਖੀਆਂ’ ਤਾ ਕਿ ਪਤਾ ਲਗੇ ਕਿ ਕਥਾਵਾਚਕ ਵੱਡਾ ਵਿਦਵਾਨ ਹੈ। ਗੁਰਬਾਣੀ ਸਿਧਾਂਤ ਦਾ ਨਾ ਆਪਣੇ ਆਪ
ਨੂੰ ਪਤਾ ਹੈ ਤੇ ਨਾ ਕਿਸੇ ਨੂੰ ਕੁੱਝ ਦੇ ਸਕਦਾ ਹੈ।
ਕਈ ਵਾਰ ਡੇੜ੍ਹ-ਡੇੜ੍ਹ ਘੰਟਾ ਕਥਾ ਜਾਂ ਕਥਾ ਸਹਿਤ ਕੀਰਤਨ; ਉਸ `ਚ ਜੇ ਕੋਈ
ਗੁਰਮਤਿ ਹੈ ਵੀ ਤਾਂ ਦਸ ਕੂ ਮਿੰਟ ਦੀ, ਬਾਕੀ ਮਨ-ਬਹਿਲਾਵਾ ਤੇ ਟਾਈਮ ਪਾਸ। ਇਹਨਾ ਕਥਾਕਾਰਾਂ `ਚ ਉਹ
ਵੀ ਹਨ ਜੋ ਗੁਰਮਤਿ ਤੋਂ ਬਾਹਰ ਤਾਂ ਨਹੀਂ ਜਾਂਦੇ, ਪਰ ਸੰਗਤ ਪੱਲੇ ਵੀ ਕੁੱਝ ਨਹੀਂ ਪਾਉਂਦੇ। ਬੱਸ
ਨਾਮ ਜਪੋ ਜੀ, ਗੁਰੂ ਵਾਲੇ ਬਣੋ ਜੀ, ਅੰਮ੍ਰਿਤ ਛਕੋ ਜੀ, ਵਾਹਿਗੁਰੂ-ਵਾਹਿਗੁਰੂ ਕਰੋ ਜੀ। ਗੁਰਬਾਣੀ
ਅਨੁਸਾਰ ‘ਨਾਮ’ ਦੇ ਅਰਥ ਕੀ ਹਨ? ‘ਗੁਰੂ’ ਦਾ ਸੰਕਲਪ ਕੀ ਹੈ” ? ਮਨਮੱਤਾਂ ਬਾਰੇ ਕੁੱਝ ਵੇਰਵਾ
ਨਹੀਂ। ਇਕੋ ਹੀ ਦੌੜ ਹੈ ਕਿਧਰੇ ਗੁਰਮਤਿ ਸਪਸ਼ਟ ਕਰਣ `ਤੇ ਬਣੀ ਹੋਈ ਭੱਲ ਹੀ ਨ ਘੱਟ ਜਾਵੇ। ਦੌੜ ਹੈ
ਤਾਂ ਸੰਗਤਾਂ ਦੀ ਗਿਣਤੀ ਵਧਾਉਣ, ਆਪਣੀ ਮਾਨ-ਪ੍ਰਤਿਸ਼ਠਾ ਜਾਂ ਨੋਟਾਂ-ਡਾਲਰਾਂ-ਪੌਂਡਾ ਦੀਆਂ
ਉਡਾਰੀਆਂ। ਸਾਖੀਆਂ ਦੇ ਨਾਮ ਹੇਠ ਇਧਰ-ਉਧਰ ਦੀਆਂ ਕਹਾਣੀਆਂ-ਚੁੱਟਕਲੇ ਤੇ ਸੰਗਤਾਂ ਦਾ ਮਨ ਬਹਿਲਾਵਾ
ਤਾਂ ਬਹੁਤ ਹੋ ਰਿਹਾ ਹੈ, ਭਾਵੇਂ ਕਥਾ ਵਿਆਖਿਆ ਗੁਰਬਾਣੀ ਜੀਵਨ ਤੋਂ ਤੋੜਣ ਵਾਲੀ ਹੀ ਕਿਉਂ ਨਾ
ਹੋਵੇ। ਕਿਧਰੇ ਉਹ ਕਥਾਕਾਰ ਵੀ ਹਨ ਜੋ ਆਪਣੀ ਵਿਦਵਤਾ ਦਾ ਪ੍ਰਭਾਵ ਪਾਉਣ ਲਈ ਵਿਸ਼ੇ ਨੂੰ ਵੱਧ ਤੋਂ
ਵੱਧ ਗੁੰਝਲਦਾਰ ਬਨਾਉਂਦੇ ਹਨ। ਸੰਗਤਾਂ `ਚ ਗੱਲ ਕਰੋ ਤਾਂ ਉੱਤਰ ਮਿਲਦਾ ਹੈ “ਵਾਹ! ਬਹੁਤ ਵਧੀਆ
ਕਥਾ, ਕਥਾਵਾਚਕ ਬੜਾ ਵਿਦਵਾਨ ਹੈ” ਤਾਂ ਤੇ ‘ਭਾਈ ਤੁਸਾਂ ਸੁਣਿਆ-ਸਮਝਿਆ ਕੀ? ਉੱਤਰ ਹੁੰਦਾ ਹੈ “ਇਹ
ਤਾਂ ਸਮਝ ਨਹੀਂ ਆਈ ਪਰ ਵਿਦਵਾਨ ਬਹੁਤ ਵੱਡੇ ਹਨ” “ਬੜੇ ਗਿਆਨੀ ਸੱਜਨ ਹਨ” ਆਦਿ।
ਗੁਰੂ ਪਾਤਸ਼ਾਹ ਨੇ ਤਾਂ ਸਿੱਖ ਧਰਮ ਤੇ ਸਿੱਖ ਜੀਵਨਜਾਚ ਨੂੰ ਅਤਿ ਸੌਖਾ ਬਣਾ
ਕੇ ਦਿੱਤਾ ਪਰ ਸਾਡੇ ਅਜੋਕੇ ਕਥਾਵਾਚਕਾਂ ਤੇ ਵਿਆਖਿਆਕਾਰਾਂ ਨੂੰ ਇਸ ਦੀ ਚਿੰਤਾ ਨਹੀਂ। ਆਖਿਰ
ਵਿਦਵਤਾ ਦੀ ਧਾਕ ਨਾ ਜੰਮੀ ਤਾਂ ਕਥਾਵਾਚਕ, ਵਿਦਵਾਨ ਕਿਵੇਂ? ਕੁੱਝ ਮਿੰਨੀ ਕਹਾਣੀਆਂ, ਚੁਟਕਲਿਆਂ
ਦੀਆਂ ਕਿਤਾਬਾਂ ਚੋਂ, ਬਾਕੀ ਓਸ਼ੋ ਨੂੰ ਪੜ੍ਹ ਲਿਆ; ਲੋੜ ਅਨੁਸਾਰ ਗੁਰਮਤਿ ਦੀ ਚਾਸ਼ਨੀ ਚੜ੍ਹਾਈ ਤੇ
ਵਧੀਆ ਰੰਗ ਬੰਨ੍ਹ ਦਿੱਤਾ। ਇਸ ਤਰ੍ਹਾਂ ਦੀਆਂ ਹਨ ਅੱਜ ਸਾਡੀਆਂ ਬਹੁਤੀਆਂ ਕਥਾ ਸੇਵਾਵਾਂ।
ਬਾਣੀ `ਚ ਪੌਰਾਣਿਕ ਹਵਾਲੇ ਤੇ … - ਪਾਤਸ਼ਾਹ ਨੇ ਬਾਣੀ `ਚ ਪੌਰਾਣਿਕ
ਹਵਾਲੇ ਦੇ ਕੇ, ਕੁੱਝ ਮਿਸਾਲਾਂ ਦਿੱਤੀਆਂ ਹਨ। ਕਈ ਵਾਰ ਉਹਨਾਂ ਨੂੰ ਆਧਾਰ ਬਣਾ ਕੇ ਕਿਸੇ ਗੁਰਬਾਣੀ
ਸਿਧਾਂਤ ਨੂੰ ਪ੍ਰਗਟ ਕੀਤਾ ਜਾਂ ਕਿਸੇ ਪ੍ਰਚਲਤ ਸੋਚਣੀ ਨੂੰ ਕੱਟ ਕੇ ਉਸ `ਚੋਂ ਜੀਵਨਜਾਚ ਸਮਝਾਈ ਹੈ।
ਕਈ ਵਾਰੀ ਸਾਡੇ ਕੁੱਝ ਕਥਾਕਾਰ ਉਹਨਾਂ ਕਹਾਣੀਆਂ ਨਾਲ ਹੀ ਆਪਣਾ ਸਮਾਂ ਸਾਰ ਲੈਂਦੇ ਹਨ; ਨਾ ਪਤਾ
ਕਿੱਥੇ ਮਿਸਾਲ ਹੈ, ਕਿੱਥੇ ਗੱਲ ਨੂੰ ਕੱਟਿਆ ਹੈ; ‘ਉਹਨਾਂ ਕੀ ਲੈਣਾ ਇਹਨਾ ਗੱਲਾਂ ਚੋਂ’, ਉਹਨਾਂ
ਸਾਹਮਣੇ ਮਸਲਾ ਤਾਂ ਆਪਣੀ ਰੋਟੀ ਰੋਜ਼ੀ ਦਾ ਹੁੰਦਾ ਹੈ। ਕਈ ਵਾਰੀ ਪਾਤਸ਼ਾਹ ਨੇ ਕਿਸੇ ਪੌਰਾਣਿਕ ਗਾਥਾ
ਨੂੰ ਸਾਡੀ ਸੋਚ `ਚੋਂ ਕਢਿਆ ਹੁੰਦਾ ਹੈ, ਤਾਂ ਵੀ ਸਾਡੇ ਇਹਨਾ ਕਥਾਵਾਚਕਾਂ ਦਾ ਪੂਰਾ ਜ਼ੋਰ ਹੀ ਉਸ
ਕਹਾਣੀ ਵਾਲੀ ਮਿੱਥ ਨੂੰ ਇਤਿਹਾਸ ਬਨਾਉਣ `ਚ ਹੁੰਦਾ ਹੈ।
ਕਹਿਣ ਨੂੰ “ਗੁਰੂ ਗ੍ਰੰਥ ਸਾਹਿਬ ਜੀ” ਦੇ ਹੀ ਸਿੱਖ ਹਾਂ; ਪਰ ਪੰਥ ਅਨੇਕਾਂ
ਡੇਰਿਆਂ ਤੇ ਜਥੇਬੰਦੀਆਂ `ਚ ਵੰਡਿਆ ਪਿਆ ਹੈ। ਬਹੁਤੇ ਕਥਾਵਾਚਕਾਂ ਦਾ ਸਬੰਧ ਵੀ ਭਿੰਨ-ਭਿੰਨ
ਡੇਰਿਆਂ, ਅਖੌਤੀ ਸੰਤਾਂ-ਸਾਧਾਂ, ਭਾਈ ਸਾਹਿਬਾਂ, ਮਹਾਪੁਰਸ਼ਾਂ, ਬਾਬਿਆਂ, ਜਾਤ-ਬ੍ਰਾਦਰੀਆਂ ਤੇ
ਜਥੇਬੰਦੀਆਂ ਨਾਲ ਹੀ ਹੁੰਦਾ ਹੈ। ਗੁਰਬਾਣੀ ਵਿਚਾਰਧਾਰਾ ਨੂੰ ਫੈਲਾਉਣ ਦੀ ਸੋਚ ਤਾਂ ਉਹਨਾਂ `ਚ
ਹੁੰਦੀ ਨਹੀਂ; ਦੌੜ ਕੇਵਲ ਆਪਣੇ ਡੇਰੇ-ਜਥੇਬੰਦੀ ਦੇ ਪ੍ਰਭਾਵ ਨੂੰ ਪੱਕਾ ਕਰਣ ਤੱਕ ਹੀ ਸੀਮਤ ਹੁੰਦੀ
ਹੈ। ਹਿਸਾਬ ਲਗਾਓ! ਕਿ ਸੰਗਤਾਂ ਵਿਚਕਾਰ ਗੁਰਬਾਣੀ ਵਿਚਾਰਧਾਰਾ ਆਵੇਗੀ ਕਿਸ ਰਸਤੇ?
ਕਥਾਵਾਚਕਾਂ ਬਾਅਦ ਢਾਡੀ ਤੇ
ਕਵੀਸ਼ਰੀ ਜਥੇ- ਅਜੋਕੇ ਢਾਡੀ-ਕਵੀਸ਼ਰੀ ਜਥਿਆਂ
ਨੂੰ ਵੀ ਕਥਾਵਾਚਕਾਂ ਦਾ ਹੀ ਰੂਪ ਕਿਹਾ ਜਾ ਸਕਦਾ ਹੈ। ਉਹਨਾਂ ਨੇ ਵੀ, ਕਥਾਵਾਚਕਾਂ ਵਾਂਘ ਗੱਲ ਨੂੰ
ਕੱਥਣਾ ਹੀ ਹੁੰਦਾ ਹੈ, ਦੇਖਿਆ ਜਾਵੇ ਤਾਂ ਇਹਨਾ ਦੀ ਜ਼ਿੰਮੇਵਾਰੀ ਹੋਰ ਵੀ ਵੱਡੀ ਹੁੰਦੀ ਹੈ।
ਕਿਉਂਕਿ, ਇਹਨਾ ਦੇ ਬਿਆਨ ਕਰਣ ਵਾਲੇ ਢੰਗ ਲਈ ਸੰਗਤਾਂ `ਚ ਵਧੇਰੇ ਖਿੱਚ ਹੁੰਦੀ ਹੈ। ਸ਼ਾਇਦ ਇਸੇ ਲਈ
ਜ਼ਿੰਮੇਵਾਰੀ ਦੇ ੳੇੁਲਟ ਬਹੁਤੇ ਆਪਣੇ ਬਿਆਨ-ਵਿਆਖਿਆ ਦੇ ਕੱਚੇ ਪਣ `ਚ ਕਥਾਵਾਚਕਾਂ ਤੋਂ ਵੀ ਦੋ ਕਦਮ
ਅੱਗੇ ਨਿਕਲਦੇ ਹਨ। ਕਈ ਵਾਰੀ ਕੁੱਝ ਸੱਜਨ ਤਾਂ, ਪੂਰੀ ਦੀ ਪੂਰੀ ਗੁਰਮਤਿ ਦਾ ਹੀ ਭੋਗ ਪਾਉਂਦੇ ਨਜ਼ਰ
ਆਉਂਦੇ ਹਨ। ਕਿਧਰੇ ਅਨੰਦ ਕਾਰਜ ਹੋਵੇ, ਬੱਚੇ ਦਾ ਜਨਮ ਤਾਂ ਹਾਲਤ ਹੋਰ ਵੀ ਖਰਾਬ ਹੁੰਦੀ ਹੈ, ਜੇ
ਭੋਗ ਹੈ ਤਾਂ ਵੀ ਲਿਹਾਜ਼ ਨਹੀਂ। ਚਾਪਲੂਸੀਆਂ ਤੇ ਫੋਕੀਆਂ ਗੱਲਾਂ ਦੇ ਹੜ ਆਏ ਹੁੰਦੇ ਹਨ। ਉਂਝ
ਨੋਟਾਂ-ਡਾਲਰਾਂ-ਪੌਂਡਾ ਦੇ ਵੱਡੇ ਢੇਰ ਵੀ ਇੰਨ੍ਹਾਂ ਅੱਗੇ ਹੀ ਲਗਦੇ ਹਨ; ਆਖਿਰ, ਇਹਨਾ ਦੀ ਦੌੜ ਵੀ
ਤਾਂ ਇਸੇ ਲਈ ਹੁੰਦੀ ਹੈ। ਕੇਵਲ ਇੱਕ ਲਫਜ਼ ਬਦਲਣ `ਤੇ ਤਾਂ ਪਾਤਸ਼ਾਹ ਨੇ ਲਖ਼ਤੇ ਜਿਗ਼ਰ ਨੂੰ ਤਿਆਗ
ਦਿੱਤਾ ਜਦਕਿ ਇਥੇ ਗੁਰੂ ਵਾਲਾ ਭੈਅ ਹੀ ਮੁਕਾ ਹੁੰਦਾ ਹੈ। ਉਸ ਵੇਲੇ ਗੁਰਮਤਿ ਵਿਚਾਰਧਾਰਾ ਦੇ
ਫੈਲਾਉਣ ਦੀ ਇਹਨਾ ਜਾਂ ਪ੍ਰਬੰਧਕਾਂ, ਦੋਨਾਂ ਚੋਂ ਕਿਸੇ ਨੂੰ ਚਿੰਤਾ ਨਹੀਂ ਹੁੰਦੀ ਤੇ ਨਤੀਜੇ ਵੀ
ਉਹੀ ਆ ਰਹੇ ਹਨ ਕਿ ਅੱਜ ਪੂਰਾ ਪੰਜਾਬ ਹੀ ਖ਼ਤਮ ਹੋ ਚੁੱਕਾ ਹੈ।
“ਮਾਨੁਖੁ ਕਥੈ ਕਥਿ
ਲੋਕ ਸੁਨਾਵੈ. .”-ਦੇਖਣਾ
ਹੈ ਕਿ ਜੋ ਬੀਜਿਆ ਜਾ ਰਿਹਾ ਹੈ ਉੱਗ ਵੀ ਉਹੀ ਰਿਹਾ ਹੈ। ਅੱਜ ਸਾਡੇ ਬਹੁਤੇ ਕਥਾਵਾਚਕਾਂ, ਢਾਡੀ ਤੇ
ਕਵੀਸ਼ਰ ਸੱਜਨਾਂ ਦੀ ਹਾਲਤ “ਮਾਨੁਖੁ ਕਥੈ ਕਥਿ ਲੋਕ ਸੁਨਾਵੈ, ਜੋ ਬੋਲੈ ਸੋ ਨ ਬੀਚਾਰੇ”
(ਪੰ: 981)
ਵਾਲੀ ਹੈ। ਕਿਉਂਕਿ “ਕਹੁ ਨਾਨਕ ਸਾ ਕਥਨੀ ਸਾਰੁ॥ ਮਾਨਿ ਲੇਤੁ ਜਿਸੁ ਸਿਰਜਨਹਾਰੁ” (ਪ:
198) ਸਪਸ਼ਟ
ਹੈ ਕਿ ਅੱਜ ਇਸ ਪਾਸੇ ਬਹੁਤਿਆਂ ਦੀ ਸੋਚ ਹੀ ਨਹੀਂ ਰਹਿ ਚੁੱਕੀ। ਅੱਜ ਤਾਂ “ਜੋ ਬਿਨੁ ਪਰਤੀਤੀ
ਕਪਟੀ, ਕੂੜੀ ਕੂੜੀ ਅਖੀ ਮੀਟਦੇ, ਉਨ ਕਾ ਉਤਰਿ ਜਾਇਗਾ ਝੂਠੁ ਗੁਮਾਨੁ” (ਪੰ:
734)। ਇਸ ਲਈ ਜੇ
ਪਾਤਸ਼ਾਹ ਹੀ ਬਖਸ਼ਿਸ਼ ਕਰਣ ਤਾਂ ਹੀ ਇਸ ਅਧੋਗਤੀ `ਚੋਂ ਨਿਕਲ ਸਕਦੇ ਹਾਂ, ਨਹੀਂ ਤਾਂ …।
ਕਥਾਵਾਚਕ,
ਸੰਗਤਾਂ ਤੇ ਪ੍ਰਬੰਧਕ ਸੱਜਨ-
ਹੁਣ ਤੀਕ ਦੀ ਵਿਚਾਰ ਤੋਂ ਭਲੀ ਭਾਂਤ ਸਪਸ਼ਟ ਹੈ ਕਿ
ਗੁਰਬਾਣੀ ਦੀ ਕਥਾ, ਸਾਜ਼ਾਂ ਰਾਹੀਂ ਕੀਰਤਨ ਨਾਲੋਂ ਵੱਡੀ ਜ਼ਿੰਮੇਵਾਰੀ ਹੈ। ਇਸ ਲਈ ਕਥਾਵਾਚਕ ਹੀ ਨਹੀਂ
ਬਲਕਿ ਸੰਗਤਾਂ ਤੇ ਪ੍ਰਬੰਧਕ ਤੱਲ `ਤੇ ਵੀ ਇਸ ਵਿਸ਼ੇ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ। ਜੇਕਰ ਇਹੀ
ਹਾਲਤ ਰਹੀ ਜਿਹੜੀ ਅੱਜ ਹੈ ਤਾਂ ਬਾਣੀ ਦਾ ਫੈਸਲਾ ਹੈ “ਹਰਿ ਜਸੁ ਸੁਨਹਿ ਨ ਹਰਿ ਗੁਨ ਗਾਵਹਿ॥
ਬਾਤਨ ਹੀ ਅਸਮਾਨੁ ਗਿਰਾਵਹਿ॥ ੧॥
ਐਸੇ ਲੋਗਨ ਸਿਉ ਕਿਆ ਕਹੀਐ॥ ਜੋ ਪ੍ਰਭ ਕੀਏ ਭਗਤਿ ਤੇ ਬਾਹਜ, ਤਿਨ ਤੇ ਸਦਾ ਡਰਾਨੇ ਰਹੀਐ”
(ਪੰ: 491)।
ਇੱਕ ਪਾਸੇ ਚੋਣਾਂ `ਤੇ ਆਧਾਰਤ ਸਾਡੀਆਂ ਪ੍ਰਬੰਧਕ ਕਮੇਟੀਆਂ ਹਨ, ਦੂਜੇ ਪਾਸੇ ਸੰਗਤਾਂ `ਚ ਵੱਧ
ਚੁੱਕੀ ਤੇ ਨਿੱਤ ਵਧਾਈ ਜਾ ਰਹੀ ਗੁਰਬਾਣੀ ਜੀਵਨ ਬਾਰੇ ਅਗਿਆਣਤਾ। ਤੀਜਾ ਕਥਾਵਾਚਕਾਂ ਦਾ ਮੌਜੂਦਾ
ਪਧੱਰ। ਇਹਨਾ ਹਾਲਾਤਾਂ `ਚ ਜੇਕਰ ਉਮੀਦ ਕਰਦੇ ਹਾਂ ਕਿ ਨੋਜੁਆਨ ਪੀੜ੍ਹੀ ਗੁਰਦੁਆਰੇ ਆਏ, ਪਤਿਤਪੁਣੇ
ਨੂੰ ਠੱਲ੍ਹ ਪਵੇ ਤਾਂ ਹਥਲੇ ਵਿਸ਼ੇ ਤੇ ਸਾਨੂੰ ਸੰਜੀਦਗੀ ਨਾਲ ਧਿਆਨ ਦੇਣ ਦੀ ਲੋੜ ਹੈ। ਇਸ `ਚ ਸਭ
ਤੋਂ ਵੱਧ ਫ਼ਰਜ਼ ਕਥਾਵਾਚਕਾਂ ਤੇ ਪ੍ਰਬੰਧਕਾਂ ਦਾ ਹੀ ਹੈ।
#251/80s98.5s10#
ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ
‘ਗੁਰਮਤਿ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ
‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਜੀਵਨ ਨੂੰ ਗੁਰਬਾਣੀ ਸੋਝੀ
ਵਾਲਾ ਬਣਾਇਆ ਜਾਵੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ
ਸ਼ਬਦਾਰਥ ਵਧੇਰੇ ਲਾਹੇਵੰਦ ਹੋਵੇਗਾ ਜੀ।
Including this Self Learning Gurmat Lesson No 251
ਗੁਰਬਾਣੀ ਦੀ ਕਥਾ ਤੇ
ਅਜੋਕੇ ਕਥਾਵਾਚਕ
For all the Gurmat Lessons written upon Self Learning base by
‘Principal Giani Surjit Singh’ Sikh Missionary, Delhi, all the rights are
reserved with the writer, but easily available for Distribution within ‘Guru Ki
Sangat’ with an intention of Gurmat Parsar, at quite a nominal printing cost
i.e. mostly Rs 200/- to 300/- (in rare cases these are 400/- or 500/-)
per hundred copies . (+P&P.Extra) From ‘Gurmat Education Centre, Delhi’,
Postal Address- A/16 Basement, Dayanand Colony, Lajpat Nagar IV, N. Delhi-24
Ph 91-11-26236119 & ® J-IV/46 Old D/S Lajpat Nagar-4 New Delhi-110024 Ph.
91-11-26236119 Cell 9811292808
web site- www.gurbaniguru.org
|
. |