.

ਘਰ ਮਹਿ ਠਾਕੁਰੁ ਨਦਰਿ ਨ ਆਵੈ

ਭਗਤ ਧੰਨਾ ਜੀ ਉਨ੍ਹਾਂ ਗੁਰਮੁਖਾ ਵਿੱਚੋ ਇੱਕ ਹਨ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਹਿਬ ਅੰਦਰ ਬਰਾਬਰ ਦਾ ਸਤਿਕਾਰ ਪ੍ਰਾਪਤ ਹੈ ਅਤੇ ਇਹ ਗੱਲ ਸਿਖ ਨੂੰ ਮੰਨਕੇ ਚਲਣਾ ਪਵੇਗਾ ਕਿ ਗੁਰਬਾਣੀ ਅੰਦਰ ਉਨ੍ਹਾਂ ਹੀ ਗੁਰਮੁਖ ਜਨਾ ਨੂੰ ਸਥਾਨ ਪਰਾਪਤ ਹੇ, ਜੋ ਸੱਚ ਨਾਲ ਜੁੜੇ ਹੋਏ ਸਨ। ਜਿਹੜੀ ਕਰਮਕਾਂਡੀ ਸਾਖੀ ਧੰਨਾ ਜੀ ਦੇ ਜੀਵਨ ਨਾਲ ਜੋੜੀ ਜਾਂਦੀ ਹੈ, ਉਹ ਕਹਾਣੀ ਗੁਰਮਤਿ ਸਿਧਾਤ ਨਾਲ ਮੇਲ ਨਹੀ ਖਾਂਦੀ ਕਿਉਂਕਿ ਗੁਰਮਤਿ ਸਿਧਾਤ ਤਾਂ ਪੱਥਰ ਪੂਜਣ ਵਾਲਿਆ ਲਈ ਗੁਣਾਗਾਰ ਲੂਣ ਹਰਾਮੀ ਜਿਹੇ ਕਰੜੇ ਸਬਦ ਵਰਤ ਰਿਹਾ ਹੈ। ਪੱਥਰ ਪੂਜਣ ਵਾਲੇ ਦੀ ਘਾਲਣਾ ਅਜਾਂਈ ਜਾਂਦੀ ਹੈ। ਸੇਵਾ ਹੀ ਵਿਆਰਥ ਹੈ।
ਸੂਹੀ ਮਹਲਾ 5॥
ਘਰ ਮਹਿ ਠਾਕੁਰੁ ਨਦਰਿ ਨ ਆਵੈ॥
ਗਲ ਮਹਿ ਪਾਹਣੁ ਲੈ ਲਟਕਾਵੈ॥ 1॥
ਭਰਮੇ ਭੂਲਾ ਸਾਕਤੁ ਫਿਰਤਾ॥
ਨੀਰੁ ਬਿਰੋਲੈ ਖਪਿ ਖਪਿ ਮਰਤਾ॥ 1॥ ਰਹਾਉ॥
ਜਿਸੁ ਪਾਹਣ ਕਉ ਠਾਕੁਰੁ ਕਹਤਾ॥
ਓਹੁ ਪਾਹਣੁ ਲੈ ਉਸ ਕਉ ਡੁਬਤਾ॥ 2॥
ਗੁਨਹਗਾਰ ਲੂਣ ਹਰਾਮੀ॥
ਪਾਹਣ ਨਾਵ ਨ ਪਾਰਗਿਰਾਮੀ॥ 3॥
ਗੁਰ ਮਿਲਿ ਨਾਨਕ ਠਾਕੁਰੁ ਜਾਤਾ॥
ਜਲਿ ਥਲਿ ਮਹੀਅਲਿ ਪੂਰਨ ਬਿਧਾਤਾ॥ 4॥ 3॥ 9॥
ਗੁਰੂ ਗ੍ਰੰਥ ਸਾਹਿਬ ਜੀ, ਪੰਨਾ 739
ਜੋ ਪਾਥਰ ਕਉ ਕਹਤੇ ਦੇਵ॥ ਤਾ ਕੀ ਬਿਰਥਾ ਹੋਵੈ ਸੇਵ॥
ਜੋ ਪਾਥਰ ਕੀ ਪਾਂਈ ਪਾਇ॥ ਤਿਸ ਕੀ ਘਾਲ ਅਜਾਂਈ ਜਾਇ॥ 1॥
ਗੁਰੂ ਗ੍ਰੰਥ ਸਾਹਿਬ ਜੀ, ਪੰਨਾ 1160

ਗੁਰਮਤਿ ਸਿਧਾਂਤ ਸਾਫ ਅਤੇ ਸਪਸਟ ਹੈ ਕਿ ਪੱਥਰ ਪੂਜਣ ਵਾਲੇ ਦੀ ਸੇਵਾ ਵਿਅਰਥ ਹੈ। ਉਸਦੀ ਘਾਲਣਾ ਅਜਾਂਈ (ਵਿਅਰਥ) ਜਾਂਦੀ ਹੈ। ਇਥੇ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਪੱਥਰ ਪੂਜਣ ਵਾਲੇ ਦੀ ਸੇਵਾ ਵਿਅਰਥ ਹੈ ਤਾਂ ਧੰਨਾ ਜੀ ਦੀ ਸੇਵਾ ਕਿਵੇ ਪਰਵਾਣ ਹੋ ਗਈ?
ਕਈ ਵਾਰ ਜਵਾਬ ਮਿਲਦਾ ਹੈ ਕਿ ਧੰਨਾ ਜੀ ਭਗਤ ਸਨ ਸੋ ਇਸ ਕਰਕੇ ਉਨ੍ਹਾਂ ਦੀ ਸੇਵਾ ਪਰਵਾਣ ਹੋ ਗਈ। ਜੇਕਰ ਗੁਰਮਤਿ ਸਿਧਾਤ ਤੋਂ ਪੁਛੀਏ ਕਿ ਭਗਤ ਦੀ ਪ੍ਰੀਭਾਸਾ ਕੀ ਹੈ। ਤਾਂ ਜਵਾਬ ਮਿਲਦਾ ਹੈ ਕਿ: -
ਸੇਈ ਭਗਤ ਜਿਨ ਸਚਿ ਚਿਤੁ ਲਾਇਆ॥ 2॥
ਗੁਰੂ ਗ੍ਰੰਥ ਸਾਹਿਬ ਜੀ, ਪੰਨਾ 1342
ਭਗਤ ਦੀ ਪ੍ਰੀਭਾਸਾ ਗੁਰਮਤਿ ਅਨਸਾਰ ਇਹ ਹੈ ਕਿ ਭਗਤ ਉਹ ਹੈ ਜਿਸ ਨੇ ਸੱਚ ਨਾਲ ਆਪਣਾ ਨਾਤਾ ਜੋੜਿਆ ਹੋਇਆ ਹੈ। ਜੇਕਰ ਧੰਨਾ ਜੀ ਤੋਂ ਪੁਛੀਏ ਕਿ ਆਪ ਜੀ ਨੂੰ ਪ੍ਰਭੂ ਪ੍ਰਾਪਤੀ ਕਿਵੇ ਹੋਈ ਤਾਂ ਧੰਨਾ ਜੀ ਆਪ ਖੁਦ ਬਾਣੀ ਅੰਦਰ ਫੁਰਮਾਉਦੇ ਹਨ ਕਿ: -
ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ॥ 4॥ 1॥
ਗੁਰੂ ਗ੍ਰੰਥ ਸਾਹਿਬ ਜੀ, ਪੰਨਾ 1342
ਇਥੇ ਸਵਾਲ ਪੈਦਾ ਹੁੰਦਾ ਹੈ ਕਿ ਗੱਲ ਧੰਨਾ ਜੀ ਦੀ ਮੰਨੀਏ ਜਾਂ ਕਰਮਕਾਂਡੀ ਲੋਕਾਂ ਦੀ? ਧੰਨਾ ਜੀ ਤਾਂ ਖੁਦ ਆਪਣੀ ਬਾਣੀ ਅੰਦਰ ਕਹਿ ਰਹੇ ਹਨ ਕਿ ਮੇਰੇ ਉਪਰ ਧੁਰੋਂ ਅਕਾਲ ਪੁਰਖ, (ਧਰਣੀਧਰ) ਸ੍ਰਿਸਟੀ ਨੂੰ ਆਸਰਾ ਦੇਣ ਵਾਲੇ, ਪ੍ਰਭੂ ਦੀ ਬਖਸ਼ਿਸ਼ ਹੋਈ ਹੈ ਨਾ ਕਿ ਕਿਸੇ ਬ੍ਰਾਹਮਣ ਦੇ ਦਿੱਤੇ ਹੋਏ ਪੱਥਰ ਤੋਂ। ਗੁਰਮਤਿ ਅਨੁਸਾਰ ਰਸਤਾ ਇੱਕ ਹੀ ਹੈ: -
ਜੋ ਜੋ ਤਰਿਓ ਪੁਰਾਤਨੁ ਨਵਤਨੁ ਭਗਤਿ ਭਾਇ ਹਰਿ ਦੇਵਾ॥
ਨਾਨਕ ਕੀ ਬੇਨੰਤੀ ਪ੍ਰਭ ਜੀਉ ਮਿਲੈ ਸੰਤ ਜਨ ਸੇਵਾ॥
ਗੁਰੂ ਗ੍ਰੰਥ ਸਾਹਿਬ, ਪੰਨਾ 1219
ਗੁਰੂ ਗ੍ਰੰਥ ਸਹਿਬ ਅੰਦਰ ਇਹ ਕਿਤੇ ਨਹੀ ਲਿਖਿਆ ਕਿ ਕੋਈ ਪੱਥਰ ਪੂਜਕੇ ਤਰ ਸਕਦਾ ਹੈ, ਜਾਂ ਤਰਿਆ ਹੈ, ਜਾਂ ਤਰ ਸਕੇਗਾ। ਇਹ ਜਰੂਰ ਲਿਖਿਆ ਹੈ – ਜੋ ਉਪਰ ਦਿੱਤਾ ਗੁਰਬਾਣੀ ਦਾ ਫੁਰਮਾਣ ਦਰਸਾਉਦਾ ਹ - ਕਿ ਪੱਥਰ ਪੂਜਣ ਵਾਲਾ ਲੂਣ ਹਰਾਮੀ ਹੈ, ਗੁਣਾਗਾਰ ਹੈ, ਪੱਥਰ ਦਾ ਆਸਰਾ ਲੈਣ ਵਾਲਾ ਡੁੱਬ ਜਰੂਰ ਸਕਦਾ ਹੈ ਪਰ ਤਰ ਨਹੀ ਸਕਦਾ।
ਅੱਜ ਇੱਕਵੀ ਸਦੀ ਅੰਦਰ ਵੀ ਗੁਰਮਤਿ ਦੀ ਸਟੇਜ ਤੋ ਅਜਿਹੀਆਂ ਕੱਚ ਘੜਤ ਕਹਾਣੀਆ ਸੁਣਨ ਨੂੰ ਮਿਲਦੀ ਹਨ ਕਿ ਧੰਨਾ ਜੀ ਨੂੰ ਪੱਥਰ ਪੂਜ ਕੇ ਪ੍ਰਭੂ ਪ੍ਰਾਪਤੀ ਹੋਈ ਹੈ। ਇਹ ਸੱਚ ਨਹੀ ਹੈ ਕਿਉਂਕਿ ਇਹ ਗੁਰਮਤਿ ਸਿਧਾਤ ਦੇ ਵਿਰੁੱਧ ਦੀ ਗੱਲ ਹੈ। ਜਦੋ ਕਿ ਸੱਚ ਇਹ ਹੈ ਕਿ ਜਿਨੇ ਗੁਰਮੁਖ ਲੋਕ ਸੱਚ ਦੇ ਪੁਜਾਰੀ ਹੋਏ ਹਨ, ਉਨ੍ਹਾਂ ਨਾਲ ਕਰਮਕਾਂਡੀ ਲੋਕਾਂ ਵਲੋਂ ਤਰ੍ਹਾਂ ਤਰ੍ਹਾਂ ਦੀਆਂ ਕਰਮਕਾਂਡੀ ਕਹਾਣੀਆਂ ਜੋੜ ਦਿੱਤੀਆ ਗਈਆ ਹਨ ਤਾਂ ਜੋ ਸੱਚ ਸਾਹਮਣੇ ਨਾ ਆ ਸਕੇ। ਜਿਵੇ ਪਿਛੇ ਜਿਕਰ ਕਰ ਆਏ ਹਾਂ ਕਿ ਸੁਦਾਮਾ, ਬਿਦਰ, ਦ੍ਰੋਪਤੀ, ਅਜਾਮਲ, ਧ੍ਰੂ, ਅਬਰੀਕ ਅਤੇ ਪ੍ਰਹਿਲਾਦ ਜੀ ਨਾਲ ਕਰਮਕਾਂਡੀਆ ਵਲੋਂ ਕਰਮਕਾਂਡੀ ਕਹਾਂਣੀਆ ਜੋੜ ਕੇ ਉਨ੍ਹਾਂ ਵਲੋਂ ਸਿਰਜੇ ਸੱਚ ਨੂੰ ਝੂਠ ਵਿੱਚ ਬਦਲਕੇ ਪੇਸ ਕਰਨ ਦਾ ਯਤਨ ਕੀਤਾ ਗਿਆ ਹੈ। ਪਰ ਅਸਲ ਵਿੱਚ ਗੁਰਬਾਣੀ ਰਚਣਹਾਰਿਆ ਨੇ ਅਜਿਹਾ ਕਰਮਕਾਂਡੀਆ ਵਲੋਂ ਰਚਿਆ ਹੋਇਆ ਝੂਠ ਨਿਕਾਰਿਆ ਹੈ।
ਜਦੋ ਕਿਸੇ ਅਜਿਹੀ ਕਰਮਕਾਂਡੀ ਸਾਖੀ ਸੁਣਾਉਣ ਵਾਲੇ ਨੂੰ ਦੱਸੀਏ ਕਿ ਜੋ ਆਪ ਨੇ ਸਾਖੀ ਸੁਣਾਈ ਹੈ, ਗੁਰਮਤਿ ਸਿਧਾਂਤ ਦੇ ਅਨਕੂਲ ਨਹੀ ਹੈ ਤਾਂ ਫੱਟ ਇਹ ਜਵਾਬ ਮਿਲਦਾ ਹੈ ਕਿ ਭਾਈ ਗੁਰਦਾਸ ਜੀ ਕਹਿੰਦੇ ਹਨ। ਇਥੇ ਵਰਨਣ ਯੋਗ ਹੈ ਕਿ ਭਾਈ ਗੁਰਦਾਸ ਜੀ ਉਹ ਮਹਾਨ ਸਖਸੀਅਤ ਸਨ ਜਿਨ੍ਹਾਂ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਗੋਦ ਵਿੱਚ ਬੈਠਕੇ ਪਹਿਲੀ ਬੀੜ ਲਿਖਣ ਦਾ ਸੁਭਾਗ ਪ੍ਰਾਪਤ ਹੋਇਆ। ਉਪਰ ਦਿੱਤੇ ਗੁਰਬਾਣੀ ਦੇ ਪ੍ਰਮਾਣਾਂ ਵਿੱਚ ਪੱਥਰ ਪੂਜਣ ਦਾ ਜੋਰਦਾਰ ਸਬਦਾਂ ਅੰਦਰ ਖੰਡਣ ਕੀਤਾ ਗਿਆ ਹੈ। ਇਥੇ ਸਵਾਲ ਉਤਪਨ ਹੁੰਦਾ ਹੈ ਕਿ ਕੀ ਭਾਈ ਗੁਰਦਾਸ ਜੀ ਵਰਗੇ ਮਹਾਨ ਸਿਖ ਕਦੀ ਕੋਈ ਗੁਰਮਤਿ ਵਿਰੁੱਧ ਫੈਸਲਾ ਕਰ ਸਕਦੇ ਹਨ? ਨਹੀਂ, ਹਰਗਜ ਨਹੀਂ ਹੋ ਸਕਦਾ।
ਇਸਦੇ ਉਲਟ ਸੱਚ ਇਹ ਹੈ ਕਿ ਜਿਹੜੀ ਕਰਮਕਾਂਡੀ ਕਹਾਣੀ ਕਰਮਕਾਂਡੀਆ ਵਲੋਂ ਧੰਨਾ ਜੀ ਨਾਲ ਜੋੜੀ ਜਾਂਦੀ ਹੈ, ਉਸ ਕਰਮਕਾਂਡੀ ਕਹਾਣੀ ਦਾ ਭਾਈ ਗੁਰਦਾਸ ਜੀ ਆਪਣੀ ਵਾਰ ਅੰਦਰ ਖੰਡਣ ਕਰਦੇ ਹਨ, ਮੰਡਣ ਨਹੀ। ਕਾਵਿ ਰੂਪ ਦੀ ਵਿਆਖਿਆ ਵੇਲੇ ਸਹੀ ਜਗਾ ਤੇ ਵਿਸਰਾਮ ਦੇਣਾ ਬਹੁਤ ਜਰੂਰੀ ਹੈ। ਇਸ ਵਾਰ ਅੰਦਰ ਪਹਿਲੀ ਪੰਗਤੀ ਅੰਦਰ ਇੱਕ ਵਿਸਰਾਮ ਅਤੇ ਦੂਸਰੀ ਪੰਗਤੀ ਅੰਦਰ ਦੋ ਵਿਸਰਾਮ ਦੇਣੇ ਹਨ ਗੁਰਮਤਿ ਸਿਧਾਤ ਆਪਣੇ ਆਪ ਵਿੱਚ ਆਪ ਹੀ ਉਭਰਕੇ ਸਾਹਮਣੇ ਆ ਜਾਂਦਾ ਹੈ।
1ਬਾਮ੍ਹਣ ਪੂਜੈ ਦੇਵਤੇ, ਧੰਨਾ ਗਊ ਚਰਾਵਣ ਆਵੈ।
2ਧੰਨੇ ਡਿਠਾ ਚਲਿਤੁ ਏਹੁ, ਪੁਛੈ ਬਾਮ੍ਹਣ, ਆਖ ਸੁਣਾਵੈ।
3ਠਾਕੁਰ ਦੀ ਸੇਵਾ ਕਰੈ, ਜੋ ਇਛੈ ਸੋਈ ਫਲੁ ਪਾਵੈ।
4ਧੰਨਾ ਕਰਦਾ ਜੋਦੜੀ, ਮੈ ਭਿ ਦੇਹ ਇਕੁ ਜੇ ਤੁਧੁ ਭਾਵੈ।
5 ਪਾਥਰੁ ਇੱਕ ਪਲੇਟਿ ਕਰਿ, ਦੇ ਧੰਨੈ ਨੋ, ਗੈਲ ਛੁਡਾਵੈ।
6ਠਾਕੁਰ ਨੋ ਨਾਵਾਲਿਕੈ, ਛਾਹਿ ਰੋਟੀ ਲੈ ਭੋਗ ਚੜ੍ਹਾਵੈ।
7ਹਥਿ ਜੋੜਿ ਮਿਨਤਾਂ ਕਰੈ, ਪੈਰੀ ਪੈ ਪੈ ਬਹੁਤੁ ਮਨਾਵੈ।
8ਹਉ ਭੀ ਮੁਹੁ ਨ ਜੁਠਾਲਸਾ ਤੂ ਰੁਠਾ ਮੈ ਕਿਹੁ ਨ ਸੁਖਾਵੈ।
9ਗੋਸਾਂਈ ਪਰਤਖ ਹੋਇ ਰੋਟੀ ਖਾਇ ਛਾਹਿ ਮੁਹਿ ਲਾਵੈ।
10 ਭੋਲਾ ਭਾਉ ਗੋਬਿੰਦੁ ਮਿਲਾਵੈ॥ 13॥
ਭਾਈ ਗੁਰਦਾਸ, ਵਾਰ 10
ਪਦ ਅਰਥ
ਬਾਮ੍ਹਣ ਪੂਜੈ ਦੇਵਤੇ - ਬਾਮ੍ਹਣ ਵਲੋਂ ਪੱਥਰ ਦੇ ਠਾਕਰਾਂ ਦੀ ਪੂਜਾ ਕਰਨੀ, ਭਾਵ ਠਾਕਰਾਂ ਦੇ ਨਾ ਤੇ ਪੂਜਾ ਦੇ ਬਹਾਨੇ ਮੰਗਕੇ ਖਾਣਾ ਕਿਰਤ ਨਾ ਕਰਨੀ।
ਧੰਨਾ ਗਊ ਚਰਾਵਣ ਆਵੈ - ਧੰਨਾ ਜੀ ਕਿਰਤੀ ਸਨ, ਜਿਮੀਂਦਾਰ ਸਨ, ਹਰ ਰੋਜ ਆਪਣੀ ਕਿਰਤ ਕਰਦੇ ਸਨ, ਗਊਆ ਚਾਰਨਾ ਕਿਰਤ ਕਰਕੇ ਖਾਣਾ ਉਨ੍ਹਾਂ ਦਾ ਨੇਮ ਸੀ। ਇਸ ਦੇ ਉਲਟ ਬਾਮ੍ਹਣ ਦਾ ਨੇਮ ਪੱਥਰ ਦੇ ਠਾਕਰਾ ਦੀ ਪੂਜਾ ਬਹਾਨੇ ਠਾਕਰਾ ਨੂੰ ਭੋਗ ਲਵਾਉਣਾ ਹੈ, ਮੰਗਕੇ ਖਾਣਾ ਸੀ। ਇਸ ਤੋਂ ਅਗਲੀ ਪੰਗਤੀ ਵਿੱਚ ਦੋ ਵਿਸ਼ਰਾਮ ਕਰਨੇ ਹਨ ਅਤੇ ਆਪਣੇ ਆਪ ਹੀ ਸੱਚ ਸਾਹਮਣੇ ਆ ਜਾਦਾ ਹੈ। “ਧੰਨੇ ਡਿਠਾ ਚਲਿਤੁ ਏਹੁ” ਉਤੇ ਵਿਸ਼ਰਾਮ ਕਰਨਾ ਹੈ ਅਤੇ ਦੂਸਰਾ ਵਿਸਰਾਮ “ਪੁਛੈ ਬਾਮ੍ਹਣ” ਉਤੇ ਵਿਸ਼ਰਾਮ ਕਰਨਾ ਹੈ। ਧੰਨਾ ਜੀ ਨੇ ਬਾਮ੍ਹਣ ਦੇ ਕਰਮਕਾਂਡ ਉਤੇ ਚੋਟ ਮਾਰੀ ਤਾਂ ਬਾਮ੍ਹਣ ਨੇ ਪੁਛਿਆ ਕਿ ਭਾਈ ਜੇਕਰ ਇਹ ਕਰਮਕਾਂਡ (ਮਨਮਤਿ) ਹੈ ਤਾਂ ਤੁਸੀ ਦੱਸ ਦਿਉ ਗੁਰਮਤਿ ਕੀ ਹੈ। “ਆਖ ਸੁਣਾਵੈ” ਤਾਂ ਧੰਨਾ ਜੀ ਨੇ ਆਖਕੇ ਸੁਣਾਇਆ। ਕੀ ਸੁਣਾਇਆ? ਇਸ ਦਾ ਅੱਗੇ ਚਲ ਕੇ ਅਰਥਾਂ ਵਿੱਚ ਜਿਕਰ ਕਰਾਂਗੇ।
ਧੰਨੇ ਡਿਠਾ ਚਲਿਤੁ ਏਹੁ - ਧੰਨਾ ਜੀ ਨੇ ਬਾਮ੍ਹਣ ਦਾ ਇਹ ਕਰਮਕਾਂਡੀ ਚਲਿਤੁ (ਮਨਮਤਿ ਦਾ ਤਮਾਸਾ) ਦੇਖਿਆ। ਮੰਗਦਾ ਤਾਂ ਠਾਕਰ ਲਈ ਹੈ ਪਰ ਠਾਕਰ ਤਾਂ ਪੱਥਰ ਹੈ। ਪੱਥਰ ਤਾਂ ਖਾਂਦਾ ਨਹੀ ਸੋ ਖਾਂਦਾ ਤਾਂ ਆਪ ਹੈ ਪਰ ਠਾਕਰ ਦੇ ਨਾ ਤੇ ਭੋਲੇ ਭਾਲੇ ਲੋਕਾਂ ਨੂੰ ਲੁੱਟਦਾ ਹੈ।
ਪੁਛੈ ਬਾਮ੍ਹਣ - ਬਾਮ੍ਹਣ ਨੇ ਪੁਛਿਆ (ਬਾਮ੍ਹਣ ਨੇ ਧੰਨਾ ਜੀ ਨੂੰ ਪੁਿਛਆ, ਨਾ ਕੇ ਧੰਨਾ ਜੀ ਨੇ ਬਾਮ੍ਹਣ ਨੂੰ ਪੁਛਿਆ)
ਆਖ ਸੁਣਾਵੈ - ਧੰਨਾ ਜੀ ਨੇ ਆਖਕੇ ਸੁਣਾਇਆ (ਸੁਣਾਇਆ ਕੀ? ਅੱਗੇ ਦੇਖੋ)
ਠਾਕੁਰ ਦੀ ਸੇਵਾ ਕਰੈ – ਠਾਕੁਰ (ਪਰਮੇਸਰ) ਦੀ ਸੇਵਾ ਕਰੇ। (ਧੰਨਾ ਜੀ ਕਹਿੰਦੇ ਜੇਕਰ ਮੈਨੂੰ ਪੁੱਛਦਾ ਹੈ ਤਾਂ ਪਰਮੇਸਰ ਦੀ ਸੇਵਾ ਭਾਵ ਸਿਮਰਨ ਕਰ)
ਜੋ ਇਛੈ ਸੋਈ ਫਲ ਪਾਵੈ - ਜੋ ਸਾਰੀਆ ਇਛਾਂਵਾ ਦੇ ਉਪਰ ਦੇ ਫਲ ਦੀ ਪ੍ਰਾਪਤੀ ਹੈ, ਸੱਚੇ ਪ੍ਰਭੂ ਦੇ ਸਿਮਰਨ ਵਿੱਚ ਹੀ ਹੈ। (ਸਿੱਧਾ ਉਸ ਪ੍ਰਭੂ ਨਾਲ ਜੁੜ ਕਿਉਂਕਿ ਪੱਥਰ ਪੂਜਣ ਵਿੱਚ ਕੱਖ ਨਹੀਂ ਰੱਖਿਆ।)
ਧੰਨਾ ਕਰਦਾ ਜੋਦੜੀ - ਜਿਸ ਪ੍ਰਭੂ ਅਗੇ ਧੰਨਾ ਜੋਦੜੀ ਕਰਦਾ ਹੈ, ਉਸੇ ਪ੍ਰਭੂ ਅੱਗੇ ਤੂੰ ਖੁਦ ਆਪ ਅਰਦਾਸ ਕਰ ਅਤੇ ਲਫਜ ਇਹ ਵਰਤ।
ਮੈ ਭਿ ਦੇਹ – ਮੈਨੂੰ ਵੀ ਧੰਨੇ ਵਾਲੀ ਸੋਝੀ ਬਖਸ
ਦੇਹ - ਬਖਸ, ਬਖਸ਼ਿਸ਼
ਇਕੁ ਜੇ ਤੁਧੁ ਭਾਵੈ - ਜੇਕਰ ਤੇਰੀ ਅਰਦਾਸ ਇਕੁ ਨੂੰ ਭਾਵੈ (ਭਾਵ ਪ੍ਰਵਾਣ ਹੋ ਜਾਵੇ)
ਪਥਰੁ ਇੱਕ ਪਲੇਟਿ ਕਰਿ - ਇੱਕ ਪੱਥਰ ਦੇ ਚੁੰਗਲ ਵਿੱਚ ਫਸਿਆ ਹੋਣ ਕਰਕੇ
ਨੋਟ - ਪੁਰਾਣੀਆ ਹੱਥ ਲਿਖਤ ਪੋਥੀਆ ਅੰਦਰ ਸਬਦ ਪਲੇਟਿ ਹੈ, ਪਲੇਟਿ ਦਾ ਅਰਥ ਹੈ ਚੁੰਗਲ ਵਿੱਚ ਫਸ ਜਾਣਾ। ਨਵੀਆ ਪੋਥੀਆਂ ਅੰਦਰ ਇਹ ਸਬਦ ਪਲੇਟਿ ਤੋਂ ਲਪੇਟ ਕਰ ਦਿੱਤਾ ਗਿਆ ਹੈ। ਲਪੇਟ ਅਤੇ ਪਲੇਟਿ ਸਬਦ ਵਿੱਚ ਬਹੁਤ ਅੰਤਰ ਹੈ।
ਦੇ ਧੰਨੇ ਨੋ - ਜੇਕਰ ਧੰਨੇ ਨੂੰ ਪੁੱਛਦਾ ਹੈ ਤਾਂ
ਦੇ - ਪੁੱਛਣਾ
ਗੈਲ - ਖਹਿੜਾ
ਗੈਲ ਛੁਡਾਵੈ - ਖਹਿੜਾ ਛੁਡਾ ਦੇਵੇ ਜਾਂ ਖਹਿੜਾ ਛੁਡਾ ਸਕਦਾ ਹੈ
ਠਾਕੁਰ ਨੋ ਨਾਵਾਲਿਕੈ – ਠਾਕੁਰ ਨੂੰ ਨਾਵ੍ਹਾਲਿਕੈ - ਪੱਥਰ ਦੇ ਠਾਕੁਰ ਨੂੰ ਨਾਵ੍ਹਾਲਿਕੈ - ਉਸ ਸੱਚੇ ਦੇ ਸੱਚ ਨਾਲ ਜੁੜਨ ਦੇ ਉਲਟ ਤੂੰ ਪੱਥਰ ਦੇ ਠਾਕਰ ਨੂੰ ਨਾਵ੍ਹਾਲਕੇ ਇਸ ਦੇ ਹੀ ਪੈਰੀ ਪਈ ਜਾਂਦਾ ਹੈ।
ਛਾਹਿ ਰੋਟੀ ਲੈ - ਲੱਸੀ ਅਤੇ ਰੋਟੀ ਲੈਕੇ
ਭੋਗ ਚੜ੍ਹਾਵੈ - ਭੋਗ ਲਵਾਉਣ ਲਈ ਭੇਟਾ ਕਰਨਾ
ਹਥਿ ਜੋੜਿ ਮਿਨਤਾਂ ਕਰੈ - ਹਥਿ ਜੋੜ, ਜੋੜਕੇ ਮਿਨਤਾਂ ਕਰਨੀਆਂ - ਕਰਦਾ ਹੈ
ਪੈਰੀ ਪੈ ਪੈ ਬਹੁਤੁ ਮਨਾਵੈ - ਪੈਰੀ ਪੈ ਪੈ ਕਰ ਬਹੁਤ ਮਨ੍ਹਾਉਦਾ ਹੈ
ਹਉ ਭੀ ਮੁਹੁ ਨ ਜੁਠਾਲਸਾ - ਜੇ ਕਰ ਤੂੰ ਇਹ ਤਹੀਆ ਵੀ ਕਰ ਲਵੇ ਕਿ ਮੈ ਮੂੰਹ ਵੀ ਜੂਠਾ ਨਹੀ ਕਰਨਾਂ (ਜੇ ਤੂੰ ਭੋਗ ਨਹੀ ਲਾਉਣਾ)
ਨੋਟ - ਇਹ ਧੰਨਾ ਜੀ ਵਲੋ ਬਾਮ੍ਹਣ ਨੂੰ ਕਹਿਆ ਗਿਆ ਸਬਦ ਹੈ ਜੋ ਭਾਈ ਗੁਰਦਾਸ ਜੀ ਸਮਝਾ ਰਹੇ ਹਨ ਕਿਉਕਿ ਬਾਮ੍ਹਣ ਵਲੋ ਪੱਥਰ ਦਾ ਠਾਕੁਰ ਪੂਜਿਆ ਜਾਂਦਾ ਸੀ; ਨਾ ਕਿ ਧੰਨਾ ਜੀ ਵਲੋ।
ਤੂ ਰੁਠਾ ਮੈ ਕਿਹੁ ਨ ਸੁਖਾਵੈ – ਮੈ - ਮੇਰੇ ਨਾਲ - ਫਿਰ ਤੂੰ ਇਹ ਸੋਚੇਗਾ ਠਾਕਰ ਮੇਰੇ ਨਾਲ ਰੁਸਿਆ ਹੋਇਆ ਹੈ। ਸੁਖ ਤਾਂ ਪ੍ਰਾਪਤ ਨਹੀ ਕਰ ਸਕੇਗਾ (ਧੰਨਾ ਜੀ ਵਲੋ ਬਾਮ੍ਹਣ ਨੂੰ ਕਿਹਾ ਗਿਆ ਹੈ) ਕਿਉਂਕਿ ਪੱਥਰ ਦੇ ਠਾਕੁਰ ਨੇ ਤਾਂ ਖਾਣਾ ਹੀ ਨਹੀ ਸੋ ਅਖੀਰ ਨਿਰਾਸਤਾ ਹੀ ਪੱਲੇ ਪਏਗੀ।
ਗੋਸਾਂਈ ਪਰਤਖ ਹੋਇ ਰੋਟੀ ਖਾਇ ਛਾਹਿ ਮੁਹਿ ਲਾਵੈ - ਤੂੰ ਇਹ ਕਹਿੰਦਾ ਹੈ ਕਿ ਗੋਸਾਂਈ ਪਰਤਖ ਹੋ ਕੇ ਤੇਰੀ ਲੱਸੀ ਅਤੇ ਰੋਟੀ ਖਾਂਦਾ ਹੈ।
ਭੋਲਾ ਭਾਉ - ਨਿਰ ਸੁਆਰਥ ਭਾਵਨਾ, ਸੱਚੀ ਸੁੱਚੀ ਭਾਵਨਾ (ਉਹ ਭਾਵਨਾ ਜਿਸ ਵਿੱਚ ਕੋਈ ਸੁਆਰਥ ਨਾ ਹੋਵੇ ੳਤੇ ਲੋਕਾ ਨੂੰ ਰੱਬ ਦੇ ਨਾਂ ਤੇ ਲੁੱਟੇ ਨਾ)
ਗੋਬਿੰਦੁ ਮਿਲਾਵੈ - ਗੋਬਿੰਦ ਨੂੰ ਮਿਲਾ ਸਕਦੀ ਹੈ
ਨੋਟ - ਇਸ ਪਾਉੜੀ ਅੰਦਰ ਜੋ ਕਰਮਕਾਂਡੀਆ ਵਲੋਂ ਧੰਨਾ ਜੀ ਨਾਲ ਪੱਥਰ ਪੂਜਣ ਵਾਲੀ ਮਨਘੜਤ ਕਹਾਣੀ ਸਦੀਆ ਤੋਂ ਜੋੜੀ ਜਾਂਦੀ ਹੈ, ਉਸ ਦਾ ਭਾਈ ਗੁਰਦਾਸ ਜੀ ਵਲੋਂ ਖੰਡਨ ਕੀਤਾ ਗਿਆ ਹੈ; ਨਾਂ ਕਿ ਮੰਡਨ।
ਅਰਥ
ਹੇ ਭਾਈ! ਬਾਮ੍ਹਣ ਦੇਵਤਿਆ (ਪੱਥਰ ਦੇ ਠਾਕਰਾ) ਦੀ ਪੂਜਾ ਬਹਾਨੇ ਮੰਗਕੇ ਖਾਂਦਾ ਸੀ ਅਤੇ ਧੰਨਾ ਜੀ ਕਿਰਤੀ ਸਨ। ਗਊਆ ਚਾਰਨਾ ਧੰਨਾ ਜੀ ਦਾ ਨੇਮ ਸੀ ਭਾਵ ਕਿਰਤੀ ਸਨ। ਧੰਨਾ ਜੀ ਨੇ ਬਾਮ੍ਹਣ ਦਾ ਇਹ ਤਮਾਸਾ (ਚਲਿਤੁ) ਕਰਮਕਾਂਡ ਦੇਖਿਆ ਤਾਂ ਬਾਮ੍ਹਣ ਨੇ ਧੰਨਾ ਜੀ ਨੂੰ ਪੁੱਛਿਆ ਕਿ ਜੇਕਰ ਮੇਰਾ ਇਹ ਕਰਮਕਾਂਡ ਹੈ ਤਾਂ ਤੁਸੀ ਦੱਸ ਦਿਉ ਧਰਮ ਕੀ ਹੈ। ਧੰਨਾ ਜੀ ਨੇ ਆਖ ਸੁਣਾਇਆ ਕਿ ਹੇ ਭਾਈ ਜੇਕਰ ਮੈਨੂੰ ਪੁੱਛਦਾ ਹੈ ਤਾਂ ਭਾਈ ਠਾਕੁਰ (ਪਰਮੇਸਰ) ਦੀ ਸੇਵਾ ਭਾਵ (ਸਿਮਰਨ) ਕਰ। ਪਰਮੇਸਰ ਦਾ ਸਿਮਰਨ ਕਰਨਾ ਹੀ ਮਨ ਦੀਆਂ ਸਾਰੀਆ ਇਛਾਂਵਾ ਤੋਂ ਉਪੱਰਲੇ ਫਲ ਦੀ ਪ੍ਰਾਪਤੀ ਹੈ। ਜੇਕਰ ਧੰਨੇ ਨੂੰ ਪੁੱਛਦਾ ਹੈ ਤਾਂ ਜਿਸ ਪਰਮੇਸਰ ਅੱਗੇ ਧੰਨਾ ਜੋਦੜੀ ਕਰਦਾ ਹੈ, ਉਸੇ ਅੱਗੇ ਤੂੰ ਜੋਦੜੀ ਕਰ ਤਾਂ ਲਫਜ ਇਹ ਵਰਤ ਕਿ ਮੈਨੂੰ ਵੀ ਧੰਨੇ ਵਾਲੀ ਸੋਝੀ ਬਖਸ਼। ਮੈਨੂੰ ਵੀ ਤੇਰੀ, ਇੱਕ ਪ੍ਰਭੂ ਦੀ, ਸੋਝੀ ਪੈ ਜਾਵੇ ਭਾਵ “ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈ ਵਿਸਰ ਨ ਜਾਈ”।
ਇੱਕ ਪੱਥਰ ਦੇ ਚੁੰਗਲ ਵਿੱਚ ਫਸਿਆ ਹੋਣ ਕਰਕੇ ਇਸ ਚੁੰਗਲ ਤੋਂ ਤੈਨੂੰ ਪਰਮੇਸਰ ਅੱਗੇ ਕੀਤੀ ਹੋਈ ਅਰਦਾਸ ਹੀ ਬਚਾ ਸਕਦੀ ਹੈ। ਇਸ ਦੇ ਉਲਟ ਇੱਕ ਪੱਥਰ ਦੇ ਠਾਕਰ ਨੂੰ ਨਾਵ੍ਹਾਲਕੇ ਤੂੰ ਜੋ ਲੱਸੀ ਅਤੇ ਰੋਟੀ ਦੇ ਭੋਗ ਚੜ੍ਹਾਉਦਾ ਹੈ, ਸਭ ਵਿਅਰਥ ਹਨ। ਉਹ ਵਿਅਰਥ ਇਸ ਲਈ ਹਨ ਕਿਉਂਕਿ ਗੁਰਮਤਿ ਸਿਧਾਂਤ ਅਨੁਸਾਰ ਪਰਮੇਸਰ ਭੋਗ ਲਾਉਦਾ ਹੀ ਨਹੀ “ਦੇਦਾ ਰਹੈ ਨ ਚੂਕੈ ਭੋਗ” ਸੋ ਬਾਮ੍ਹਣ ਦਾ ਪੱਥਰ ਦਾ ਬਣਾਇਆ ਠਾਕੁਰ ਭੋਗ ਕਿਵੇ ਲਾ ਸਕਦਾ ਹੈ?
ਹੇ ਬਾਮ੍ਹਣ! ਬੇਸ਼ੱਕ ਹੱਥ ਜੋੜ ਜੋੜ ਕਰਕੇ ਜਿੰਨੀਆ ਮਰਜੀ ਤੂੰ ਮਿਨਤਾਂ ਵੀ ਕਿਉ ਨਾ ਕਰੇ, ਪੈਰੀ ਪੈ ਪੈ ਕੇ ਵੀ ਕਿਉ ਨਾ ਮਨਾਵੇ, ਤੂੰ ਬੇਸੱਕ ਇਹ ਵੀ ਤਹੀਆ ਕਿਉ ਨਾ ਕਰ ਲਵੇ ਕਿ ਮੈ ਵੀ ਅਪਣਾ ਮੂੰਹ ਉਨ੍ਹਾਂ ਚਿਰ ਝੂਠਾ ਨਹੀਂ ਕਰਨਾ ਜਿੰਨਾਂ ਚਿਰ ਤੂੰ (ਠਾਕੁਰ) ਨਾਂ ਖਾਏ, ਇਹ ਤੇਰਾ ਪੱਥਰ ਦਾ ਠਾਕਰ ਫਿਰ ਵੀ ਭੋਗ ਨਹੀਂ ਲਾਏਗਾ। ਅਖੀਰ ਵਿੱਚ ਨਰਾਸ਼ਤਾ ਹੀ ਤੇਰੇ ਪੱਲੇ ਪਏਗੀ ਕਿਉਕਿ ਤੇਰਾ ਠਾਕਰ ਪੱਥਰ ਦਾ ਹੈ। ਪੱਥਰ ਦੇ ਠਾਕੁਰ ਨੇ ਭੋਗ ਲਾਉਣਾ ਹੀ ਨਹੀ। ਅਖੀਰ ਤੂੰ ਸੋਚਣਾ ਹੈ ਕਿ ਠਾਕੁਰ ਮੇਰੇ ਨਾਲ ਰੁਸਿਆ ਹੋਇਆ ਹੈ ਤੇ ਫਿਰ ਤੈਨੂੰ ਕੀ ਸੁਖ ਮਿਲੇਗਾ?
ਇਸ ਦੇ ਉਲਟ ਤੂੰ ਇਹ ਕਹਿੰਦਾ ਹੈ ਕਿ ਗੋਸਾਂਈ ਪਰਤਖ ਹੋ ਕੇ ਤੇਰੀ ਲੱਸੀ ਅਤੇ ਰੋਟੀ ਖਾਂਦਾ ਹੈ।
ਨੋਟ - ਇਹ ਗੱਲ ਕਹਿਣ ਵਿੱਚ ਬਾਮ੍ਹਣ ਦਾ ਇੱਕ ਸੁਆਰਥ ਛੁੱਪਿਆ ਹੋਇਆ ਸੀ ਅਤੇ ਹੈ ਕਿਉਂਕਿ ਬਾਮ੍ਹਣ ਭੋਲੇ ਭਾਲੇ ਲੋਕਾਂ ਨੂੰ ਇਹ ਕਹਿ ਕੇ ਲੁੱਟਦਾ ਸੀ ਅਤੇ ਲੁਟਦਾ ਹੈ ਕਿ ਠਾਕਰ ਨੂੰ ਭੋਗ ਲਵਾਉਣਾ ਹੈ। ਭਾਈ ਗੁਰਦਾਸ ਜੀ ਨੇ ਗੁਰਬਾਣੀ ਅਨੁਸਾਰ ਬਾਮ੍ਹਣ ਦੀ ਇਸ ਚਲਾਕੀ ਤੋਂ ਪੜਦਾ ਚੁਕਿਆ ਹੈ ਕਿ “ਭੋਲੇ ਭਾਉ ਗੋਬਿੰਦ ਮਿਲਾਵੈ”।
ਭੋਲੇ - ਭੋਲਾ - ਉਹ ਮਨੁੱਖ ਜੋ ਚਲਾਕੀ ਨਾ ਕਰੇ, ਨਿਰਸੁਆਰਥ ਮਨੁੱਖ
ਭਾਉ - ਪਰੇਮ, ਬੰਦਗੀ
ਗੋਬਿੰਦ - ਪਰਮੇਸਰ
ਮਿਲਾਵੈ - ਪ੍ਰਾਪਤੀ, ਪ੍ਰਾਪਤ ਕਰ ਲੈਣਾ, ਜਾਣ ਲੈਣਾ
ਜੇ ਨਿਰਸੁਆਰਥ ਹੋ ਕੇ ਉਸ ਪ੍ਰਭੂ ਦੀ ਬੰਦਗੀ ਕਰੇ ਤਾਂ ਹੀ ਇਸ ਸੱਚ ਦੀ ਪ੍ਰਾਪਤੀ ਹੋ ਸਕਦੀ ਹੈ ਅਤੇ ਤਾਂ ਹੀ ਇਸ ਸੱਚ ਨੂੰ ਜਾਣਿਆ ਜਾ ਸਕਦਾ ਹੈ।
ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥ 1॥
ਗੁਰੂ ਗ੍ਰੰਥ ਸਾਹਿਬ ਜੀ, ਪੰਨਾ 1160
ਸਲੋਕ ਮਹਲਾ 1॥ ਘਰਿ ਨਾਰਾਇਣੁ ਸਭਾ ਨਾਲਿ॥
ਪੂਜ ਕਰੇ ਰਖੈ ਨਾਵਾਲਿ॥ ਕੁੰਗੂ ਚੰਨਣੁ ਫੁਲ ਚੜਾਏ॥
ਪੈਰੀ ਪੈ ਪੈ ਬਹੁਤੁ ਮਨਾਏ॥ ਮਾਣੂਆ ਮੰਗਿ ਮੰਗਿ ਪੈਨੈੑ ਖਾਇ॥
ਅੰਧੀ ਕੰਮੀ ਅੰਧ ਸਜਾਇ॥ ਭੁਖਿਆ ਦੇਇ ਨ ਮਰਦਿਆ ਰਖੈ॥
ਅੰਧਾ ਝਗੜਾ ਅੰਧੀ ਸਥੈ॥ 1॥
ਗੁਰੂ ਗ੍ਰੰਥ ਸਾਹਿਬ ਜੀ, ਪੰਨਾ 1160

ਗੁਰਬਾਣੀ ਅੰਦਰ ਇਹ ਕਿਤੇ ਨਹੀਂ ਲਿਖਿਆ ਕੇ ਪੱਥਰ ਪੂਜਕੇ ਕੋਈ ਤਰ ਗਿਆ ਹੋਵੇ। ਇਹ ਜਰੂਰ ਲਿਖਿਆ ਹੈ ਕਿ ਪੱਥਰ ਨੂੰ ਪੂਜਣਾ ਅੰਧਿਆ ਦਾ ਕੰਮ ਹੈ। ਇਹ ਗੁਰਮੁਖਾ ਦਾ ਕੰਮ ਨਹੀਂ।

ਬਲਦੇਵ ਸਿੰਘ ਟੋਰਾਂਟੋ




.