ਪੰਜਾਬੀ ਲਾਗੂ ਕਰਨ ਬਾਰੇ ਮਤਿਆਂ ਦਾ ਰੌਲ਼ਾ ਰੱਪਾ
ਆਸਟ੍ਰੇਲੀਆ ਤੋਂ ਗਿਆਨੀ ਸੰਤੋਖ ਸਿੰਘ
ਇਹਨੀਂ ਦਿਨੀਂ ਪੰਜਾਬੀ ਬਾਰੇ
ਪ੍ਰੈਸ ਵਿਚ ਵਾਹਵਾ ਸ਼ੋਰ ਸ਼ਰਾਬਾ ਜਿਹਾ ਸੁਣਨ ਵਿਚ ਆ ਰਿਹਾ ਹੈ। ਅਜਿਹਾ ਹੀ ਰੌਲਾ ਰੱੱਪਾ ਚਾਲ਼ੀ
ਸਾਲ ਪਹਿਲਾਂ ਵੀ ਕੁਝ ਦਿਨ ਵਾਹਵਾ ਸੁਣਾਈ ਦਿਤਾ ਸੀ। ਓਦੋਂ ਵੀ ਲਛਮਣ ਸਿੰਘ ਗਿੱੱਲ ਨੇ ਪੰਜਾਬ
ਅਸੈਂਬਲੀ ਵਿਚ, ਇਕ ਕਾਂਗਰਸੀ ਮੈਬਰ ਪ੍ਰਬੋਧ ਚੰਦਰ, ਤੋਂ ਪੇਸ਼ ਕਰਵਾ ਕੇ ਹੁਣ ਨਾਲ਼ ਮਿਲ਼ਦਾ
ਜੁਲ਼ਦਾ ਕੋਈ ਮਤਾ ਮੁਤਾ ਜਿਹਾ ਪਾਸ ਕਰਵਾਇਆ ਸੀ। ਉਸ ਸਮੇ ਬੜਾ ਪ੍ਰਾਪੇਗੰਡਾ ਪ੍ਰੈਸ ਵਿਚ ਵੇਖਣ ਤੇ
ਪੜ੍ਹਨ ਨੂੰ ਮਿਲ਼ਿਆ ਸੀ ਕਿ ਅਕਾਲੀ ਜੋ ਕੁਝ ਨਹੀ ਕਰ ਸਕੇ ਉਹ ਗਿੱਲ ਨੇ ਕਰ ਵਿਖਾਇਆ। ਪਰ ਕਿਧਰ ਗਿਆ
ਉਹ ਕੋਈ ਮਤਾ ਮੁਤਾ ਜਿਹਾ ਜੇ ਕੋਈ ਸੀ ਤੇ ਉਸ ਮਤੇ ਰਾਹੀਂ ਲਾਗੂ ਹੋ ਚੁੱੱਕੀ ਪੰਜਾਬੀ ਕਿਧਰ ਚਲੀ ਗਈ
ਜੋ ਹੁਣ ਚਾਲ਼ੀ ਸਾਲਾਂ ਪਿਛੋਂ ਫਿਰ ਅਜਿਹਾ ਡਰਾਮਾ ਕਰਨ ਦੀ ਲੋੜ ਪੈ ਗਈ! ਇਸ ਤੋਂ ਵੀ ਪਹਿਲਾਂ,
੧੯੬੨ ਵਿਚ ਓਦੋਂ ਦੇ ਮੁਖ ਮੰਤਰੀ, ਸ. ਪਰਤਾਪ ਸਿੰਘ ਕੈਰੋਂ, ਨੇ ਵੀ ਐਲਾਨ ਕੀਤਾ ਸੀ ਕਿ ੧੯੬੩ ਦੀ
ਪਹਿਲੀ ਅਕਤੂਬਰ ਤੋਂ ਪੰਜਾਬ ਵਿਚ ਜ਼ਿਲਾ ਪਧਰ ਤੇ ਪੰਜਾਬੀ ਲਾਗੂ ਕਰ ਦਿਤੀ ਜਾਵੇਗੀ ਪਰ ਗੱਲ, “ਵੋਹੀ
ਢਾਕ ਕੇ ਤੀਨ ਪਾਤ!“ ਹੀ ਓਦੋਂ ਵੀ ਹੋਈ ਸੀ। ਪੰਜਾਬ ਦੇ ਸਿਆਸਤਦਾਨਾਂ ਵਿਚ ਪੰਜਾਬੀ ਨੂੰ ਲਾਗੂ ਕਰਨ
ਦੀ ਇਮਾਨਦਾਰੀ ਨਹੀ। ਉਹਨਾਂ ਦੇ ਮਤੇ ਸ਼ਤੇ ਜਿਹੇ ਸਿਰਫ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਤੱਕ
ਹੀ ਸੀਮਤ ਹਨ। ਦੂਜੇ ਬੰਨੇ ਅਫ਼ਸਰ ਸ਼ਾਹੀ ਕਦੇ ਵੀ ਲੋਕਾਂ ਦੀ ਬੋਲੀ ਨੂੰ ਸਰਕਾਰੇ ਦਰਬਾਰੇ ਨਾ
ਚੜ੍ਹਨ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਜਦੋ ਤੋਂ ਹੀ ਮੈ ਗੁਰਮੁਖੀ ਦੇ ਅੱੱਖਰ ਉਠਾਲਣ ਦੇ ਯੋਗ ਹੋਇਆ ਤਦੋਂਂ ਤੋਂ ਹੀ, "ਪੰਜਾਬੀ ਓਇ, ਮਾਂ
ਬੋਲੀ ਓਇ, ਮਾਰੇ ਗਏ ਓਇ, ਲੁੱਟੇ ਗਏ ਓਇ!" ਦੀ ਦੁਹਾਈ ਪਾਈ ਜਾ ਰਹੀ ਅੱੱਖਾਂ ਤੇ ਕੰਨਾਂ ਨੂੰ ਸੁਣਾਈ
ਦੇ ਰਹੀ ਹੈ। ਅਕਾਲੀਆਂ ਦੀ ਅਗਵਾਈ ਹੇਠ ਇਸ ਲਈ ਕਈ ਮੋਰਚੇ ਵੀ ਲੱੱਗੇ। ਜੇਹਲਾਂ ਵੀ ਝਾਗੀਆਂ।
ਸ਼ਹੀਦੀਆਂ ਵੀ ਹੋਈਆਂ ਤਾਂ ਕਿ ਹਿੰਦੁਸਤਾਨ ਦੇ ਅੰਦਰ ਕੋਈ ਅਜਿਹਾ ਖ਼ਿੱੱਤਾ ਨਿਸਚਤ ਕਰਕੇ ਉਸ
ਦੁਆਲ਼ੇ ਲੀਕ ਮਾਰ ਕੇ ਸਮਝਿਆ ਜਾਵੇ ਕਿ ਇਸ ਥਾਂ ਦੀ ਬੋਲੀ ਪਜੰਾਬੀ ਹੈ ਤੇ ਏਥੇ ਦੀ ਪੜ੍ਹਾਈ ਤੇ
ਸਰਕਾਰੀ ਕੰਮ ਕਾਜ ਪੰਜਾਬੀ ਬੋਲੀ ਤੇ ਇਸਦੀ ਲਿੱੱਪੀ ਗੁਰਮੁਖੀ ਵਿਚ ਹੋਵੇਗਾ। ੧ ਨਵੰਬਰ ੧੯੬੬ ਨੂੰ
ਇਹ ਕੰਮ ਵੀ ਹੋ ਗਿਆ। ਪਰ, "ਵੋਹੀ ਢਾਕ ਕੇ ਤੀਨ ਪਾਤ!" ਪੰਜਾਬੀ ਲਾਗੂ ਹੋਣ ਦੀ ਸਮੱੱਸਿਆ ਫੇਰ ਓਵੇਂ
ਜਿਵੇਂ ਖੜ੍ਹੀ ਹੈ। "ਪੰਚਾਂ ਦਾ ਕਿਹਾ ਸਿਰ ਮੱੱਥੇ ਪਰ ਪਰਨਾਲ਼ਾ ਓਥੇ ਦਾ ਓਥੇ।"
ਬਹੁਤ ਕੁਝ ਪੜ੍ਹਿਆ ਕਿ ਮਾਂ ਬੋਲੀ ਮਨੁਖ ਵਾਸਤੇ ਸਭ ਤੋਂ ਵਧ ਲੋੜੀਂਦੀ ਹੈ। ਸਿੱਖਿਆ ਦਾ ਮਾਧਿਅਮ
ਮਾਂ ਬੋਲ਼ੀ ਹੋਣੀ ਚਾਹੀਦੀ ਹੈ। ਮੈਨੂੰ ਵੀ ਏਹੀ ਗੱਲ ਸ਼ੁਰੂ ਤੋਂ ਹੀ ਭਾਉਂਦੀ ਆ ਰਹੀ ਹੈ। ਜਿਥੇ
ਅੰਗ੍ਰੇਜ਼ਾਂ ਤੇ ਅੰਗ੍ਰੇਜ਼ੀ ਦਾ ਰਾਜ ਨਹੀ ਰਿਹਾ ਉਹ ਲੋਕ ਕਿਵੇਂ ਹਰ ਪ੍ਰਕਾਰ ਦਾ ਕਾਰਜ ਚਲਾਉਂਦੇ
ਹਨ ਤੇ ਅਸੀਂ ਪੰਜਾਬੀ ਕਿਉਂ ਨਹੀ ਇਸ ਤੋਂ ਬਿਨਾ ਆਪਣਾ ਕੰਮ ਕਰ ਸਕਦੇ; ਅਜਿਹੀ ਸੋਚ ਸਦਾ ਹੀ ਮੇਰੀ
ਸੋਚ ਤੇ ਹਾਵੀ ਰਹੀ ਹੈ।
ਸ਼ਾਇਦ ਮੇਰੇ ਅਜਿਹੇ ਵਿਚਾਰ ਬਣਨ ਵਿਚ ਇਸ ਗੱਲ ਦਾ ਵੀ ਬਹੁਤਾ ਅਸਰ ਹੋਵੇ ਕਿ ਮੈਨੂੰ ਪੰਜਾਬੀ ਤੋਂ
ਬਿਨਾ ਹੋਰ ਕੋਈ ਭਾਸ਼ਾ ਪੜ੍ਹਨੀ ਨਹੀ ਸੀ ਆਉਂਦੀ। ਭਾਵੇਂ ਮਾੜੀ ਮੋਟੀ ਹਿੰਦੀ ਉਠਾਲ਼ ਲੈਂਦਾ ਸਾਂ।
ਫਿਰ ਪੰਜਾਬ ਦੇ ਪੰਜਾਬੀ ਤੇ ੰਿਹੰਦੀ ਪ੍ਰੈਸ ਵਿਚ ਵੀ ਵਾਹਵਾ ਇਕ ਦੂਜੀ ਭਾਸ਼ਾ ਦਾ ਵਿਰੋਧ ਹੁੰਦਾ
ਪੜ੍ਹਨ ਨੂੰ ਮਿਲ਼ਦਾ ਰਿਹਾ। ੧੯੬੭ ਦੀਆਂ ਗਰਮੀਆਂ ਵਿਚ, 'ਵੀਰ ਪ੍ਰਤਾਪ' ਦੇ ਇਕ ਪਰਚੇ ਦੇ
ਐਡੀਟੋਰੀਅਲ ਵਿਚ ਮਹਾਸ਼ਾ ਵਰਿੰਦਰ ਦੇ ਲਿਖੇ ਇਹ ਸ਼ਬਦ ਅਜੇ ਤੱਕ ਨਹੀ ਭੱੁਲੇ, "ਪੰਜਾਬੀ ਹਮਾਰੀ
ਬੋਲੀ ਅਵੱਸ਼ ਹੈ ਮਗਰ ਯਹ ਹਮਾਰੀ ਭਾਸ਼ਾ ਨਹੀ। ਯਹ ਹਮਾਰੀ ਭਾਸ਼ਾ ਹੋ ਸਕਤੀ ਥੀ ਅਗਰ ਇਸੇ ਦੇਵਨਾਗਰੀ
ਮੇ ਲਿਖਨੇ ਕੀ ਅਨੁਮਤੀ ਦੀ ਜਾਤੀ।" ਇਹ ਸ਼ਬਦ ਮੈ ਕਿਤੇ "ਸਮਝਦਾਰ ਦੀ ਦਲੀਲ" ਦੇ ਨਾਂ ਹੇਠ ਕਿਤੇ
ਲਿਖੇ ਹੋਏ ਹਨ।
ਪੜ੍ਹਾਈ ਬਾਰੇ ਮੁਢਲੀ ਬਾਤ ਹੀ ਇਹ ਹੈ ਕਿ ਸ਼ੁਰੂ ਵਿਚ ਸਾਹਿਤ, ਸਭਿਆਚਾਰ, ਸ਼ਖ਼ਸੀਅਤ ਦੇ ਨਿਖਾਰ
ਵਰਗੇ ਖਿਆਲੀ ਹਵਾਈ ਮਹੱੱਲਾਂ ਦੀ ਪ੍ਰਾਪਤੀ ਵਾਸਤੇ ਘਰ ਦਾ ਪਿਆਰ, ਸਾਥੀਆਂ ਨਾਲ਼ ਖੇਡਣ ਵਰਗੇ
ਮਾਹੌਲ਼ ਨੂੰ ਛੱੱਡ ਕੇ ਜ਼ਾਲਮ ਦਿਸਣ ਵਾਲ਼ੇ ਮਾਸਟਰਾਂ ਦੇ ਡੰਡੇ ਦੀ ਮਾਰ ਹੇਠਾਂ ਆੳੇੁਣ ਲਈ ਕੋਈ
ਬੱੱਚਾ ਸਕੂਲ ਨਹੀ ਜਾਂਦਾ। ਮਾਪੇ ਬਦੋ ਬਦੀ ਬੱੱਚੇ ਨੂੰ ਸਕੂਲੇ ਇਸ ਲਈ ਭੇਜਦੇ ਹਨ ਤਾਂ ਕਿ ਉਹ ਪੜ੍ਹ
ਕੇ ਆਪਣੀ ਰੋਟੀ ਕਮਾ ਸਕੇ। ਸੋ ਪੜ੍ਹਾਈ ਦਾ ਸਬੰਧ ਕੇਵਲ ਤੇ ਕੇਵਲ ਰੋਟੀ ਨਾਲ਼ ਹੀ ਨੱੱਥੀ ਹੈ। ਜਦੋਂ
ਪੜ੍ਹਾਈ, ਡਿਗਰੀ ਆਦਿ ਦਾ ਸਬੰਧ ਰੋਟੀ ਨਾਲ਼ ਜੁੜਿਆ ਹੋਇਆ ਹੈ ਤਾਂ ਮਾਪੇ ਆਪਣੇ ਬੱੱਚਿਆਂ ਨੂੰ ਓਹੀ
ਪੜ੍ਹਾਈ ਪੜ੍ਹਵਾਉਣਗੇ ਜੇਹੜੀ ਨਾਲ਼ ਉਹ ਦੂਜਿਆਂ ਨਾਲ਼ੋਂ ਚੰਗੇਰੀ ਪਦਵੀ ਤੇ ਚੰਗੇਰੀ ਕਮਾਈ ਦੇ ਯੋਗ
ਹੋ ਸਕਣ। ਇਹ ਤਾਂ, "ਨਾਨਕ ਲੇਖੈ ਇਕ ਗਲ" ਹੈ; ਬਾਕੀ ਸਭ ਗੱੱਲਾਂ "ਹੋਰੁ ਹਉਮੈ ਝਖਣਾ ਝਾਖ॥" ਹੀ
ਹਨ। ਬਾਕੀ ਗੱੱਲਾਂ ਤਾਂ ਜ਼ਿਹਨੀ ਅਯਾਸ਼ੀ ਹੀ ਹਨ; ਜਾਂ ਅਮੀਰਾਂ ਦੇ ਚੋਂਚਲੇ। ਆਰਮਚੇਅਰ
ਬੁਧੀਜੀਵੀਆਂ ਦੀਆਂ ਖ਼ਾਮ ਖ਼ਿਆਲੀਆਂ।
ਇਸ ਤੋਂ ਇਕ ਗੱੱਲ ਚੇਤੇ ਆਈ: ਖੇਤ ਵਿਚ ਹਲ਼ ਵਾਹ ਰਹੇ ਜੱੱਟ ਕੋਲ਼ ਮਰਾਸੀ ਚਲਿਆ ਗਿਆ। ਨਾਲ਼ ਨਾਲ਼
ਉਸਦੇ ਹਲ਼ ਦੇ ਮਗਰ ਹੀ ਤੁਰੀ ਗਿਆ ਤੇ ਚੰਗੀਆਂ ਚੰਗੀਆਂ, ਨਿਘੀਆਂ ਨਿਘੀਆਂ, ਪਿਆਰੀਆਂ ਪਿਆਰੀਆਂ
ਚੇਹਰੇ ਤੇ ਮੁਸ੍ਰਾਹਟ ਲਿਆਉਣ ਵਾਲ਼ੀਆਂ ਕੁਝ ਸਮਾ ਗੱੱਲਾਂ ਕਰਨ ਪਿਛੋਂ ਆਪਣੀ ਅਸਲੀ ਗੱਲ ਵੱੱਲ ਆ
ਗਿਆ; ਤੇ ਆਖਣ ਲੱਗਾ, "ਪ੍ਰਭਾ, ਰਾਗ ਰੂਹ ਦੀ ਖ਼ੁਰਾਕ ਹੈ। ਮੈ ਤੇਰੇ ਮੁੰਡੇ ਨੂੰ ਰਾਗ ਮੁਖ਼ਤ ਹੀ
ਸਿਖਾ ਦਿੰਦਾ ਹਾਂ। ਹੋਰ ਕੁਝ ਨਹੀ, ਬੱੱਸ ਤੂੰ ਮੈਨੂੰ ਦੋ ਰੋਟੀਆਂ ਦੇ ਛੱੱਡਿਆ ਕਰੀਂ।" ਜੱੱਟ ਸਮਝ
ਗਿਆ ਕਿ ਮਸਲਾ ਤਾਂ ਸਾਰਾ ਦੁਨੀਆ ਵਿਚ ਰੋਟੀ ਦਾ ਹੀ ਆ! ਉਹ ਵੀ ਸਵੇਰ ਦਾ ਹਲ਼ ਰੋਟੀ ਵਾਸਤੇ ਹੀ ਵਾਹ
ਰਿਹਾ ਸੀ ਤੇ ਮਰਾਸੀ ਵੀ ਵਿਚਾਰਾ ‘ਲੋਲੋ ਪੋਪੋ’ ਰੋਟੀ ਵਾਸਤੇ ਹੀ ਕਰ ਰਿਹਾ ਸੀ। "ਮੀਰਜਾਦਿਆ, ਗੱੱਲ
ਤਾਂ ਤੇਰੀ ਠੀਕ ਆ ਪਰ ਮੈ ਤਾਂ ਮੁੰਡੇ ਨੂੰ ਉਹ ਕੰਮ ਸਿਖਾਊਂਗਾ ਜਿਸ ਨਾਲ਼ ਉਹਨੂੰ ਕਿਸੇ ਕੋਲ਼ੋਂ
ਰੋਟੀ ਨਾ ਮੰਗਣੀ ਪਏ।" ਇਹ ਪੜ੍ਹਾਈਆਂ, ਇਹ ਕਿੱੱਤੇ, ਇੰਜ ਮੁਥਾਜੀਆਂ ਸਭ ਰੋਟੀ ਵਾਸਤੇ ਹੀ ਹੀਲੇ
ਵਸੀਲੇ ਹਨ। "ਰੋਟੀ ਤੋ ਕਿਸੀ ਤੌਰ ਕਮਾ ਖਾਏ ਮਛੰਦਰ!"
ਮੁਸਲਮਾਨਾਂ ਦੇ ਰਾਜ ਵੇਲ਼ੇ ਫ਼ਾਰਸੀਦਾਨਾਂ ਨੂੰ ਸਰਕਾਰੀ ਨੌਕਰੀਆਂ ਲਭਦੀਆਂ ਸਨ। ਏਥੋਂ ਤੱਕ ਕਿ
ਪੰਜਾਬ ਵਿਚ ਸਰਕਾਰਿ ਖ਼ਾਲਸਾ ਦੇ ਰਾਜ ਦੌਰਾਨ ਵੀ ਸਰਕਾਰੀ ਕਾਰ ਵਿਹਾਰ ਫ਼ਾਰਸੀ ਵਿਚ ਹੀ ਹੁੰਦਾ ਸੀ
ਤੇ ਸਰਕਾਰੀ ਨੌਕਰੀ ਲਈ ਫ਼ਾਰਸੀ ਜਾਨਣੀ ਲਾਜ਼ਮੀ ਸੀ। ਇਹ ਕਹਾਵਤ ਵੀ ਉਸ ਸਮੇ ਦੀ ਹੈ:
ਪੜ੍ਹੇ ਫ਼ਾਰਸੀ ਵੇਚੇ ਤੇਲ। ਵੇਖੋ ਇਹ ਕਰਮਾਂ ਦਾ ਖੇਲ।
ਅਰਥਾਤ ਜਿਸਨੂੰ ਫ਼ਾਰਸੀ ਪੜ੍ਹਨ ਪਿਛੋਂ ਵੀ ਸਰਕਾਰੀ ਨੌਕਰੀ ਨਹੀ ਲਭੀ ਤੇ ਹੱੱਟੀ ਤੇ ਬਹਿ ਕੇ ਲੂਣ
ਤੇਲ ਹੀ ਵੇਚ ਰਿਹਾ ਹੈ, ਉਸਦੇ ਕਰਮ ਹੀ ਮਾੜੇ ਹਨ।
ਫਿਰ ਅੰਗ੍ਰੇਜ਼ਾਂ ਦਾ ਰਾਜ ਆਇਆ ਤਾਂ ਉਹ ਅਪਣੇ ਨਾਲ਼ ਆਪਣੀ ਬੋਲੀ ਅੰਗ੍ਰੇਜ਼ੀ ਲੈ ਕੇ ਆਏ ਤੇ
ਸਰਕਾਰੀ ਨੌਕਰੀਆਂ ਖ਼ਾਤਰ ਅੰਗ੍ਰੇਜ਼ੀ ਸਾਨੂੰ ਪੜ੍ਹਨੀ ਪਈ ਜੋ ਕਿ ਅਜੇ ਤੱੱਕ ਸਾਡੇ ਪਿਛੋਂ ਨਹੀ ਲਹਿ
ਰਹੀ। ਹੋਰ ਤਾਂ ਹੋਰ ਪਿਛਲੇਰੀ ਅਕਾਲੀ ਸਰਕਾਰ ਦੇ ਵਿੱੱਦਿਆ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਸਰਕਾਰੀ
ਸਕੂਲਾਂ ਵਿਚ ਵੀ ਪਹਿਲੀ ਤੋਂ ਅੰਗ੍ਰੇਜ਼ੀ ਲਾ ਦਿਤੀ। ਬੰਦਾ ਪੁਛੇ ਭਈ ੳ ਅ ਤੇ ਸਰਕਾਰੀ ਸਕੂਲਾਂ ਵਿਚ
ਕਿਸੇ ਨੂੰ ਪੜ੍ਹਨਾ ਪੜ੍ਹਾਉਣਾ ਆਉਂਦਾ ਨਹੀ ਇਹ ਏ ਬੀ ਸੀ ਕੌਣ ਪੜ੍ਹਾਊ ਤੇ ਕੌਣ ਪੜੇਗਾ! ਬਥੇਰਾ
ਵਿਦਵਾਨ ਰੌਲ਼ਾ ਪਾ ਹਟੇ ਹਨ ਇਸ ਬਾਰੇ ਪਰ ਇਹ ਜਥੇਦਾਰ ਤੋਤਾ ਸਿੰਘ ਦਾ ਫ਼ੈਸਲਾ ਬਦਲ ਸਕਣ ਦੀ ਕੋਈ
ਜੁਰਅਤ ਨਹੀ ਕਰ ਸਕਿਆ; ਨਾ ਖ਼ਫ਼ਤਾਨੀ ਚਿੱੱਟੀ ਸਰਕਾਰ ਤੇ ਨਾ ਹੀ ਹੁਣ ਵਾਲ਼ੀ ਬਾਦਲੀ ਨੀਲੀ ਸਰਕਾਰ
ਇਹ ਸਹੀ ਕਦਮ ਚੁੱੱਕ ਸਕੀ ਹੈ। ਸਾਡੇ ਜਥੇਦਾਰ ਨੇ ਇਹ ਤਾਂ ਸਾਬਤ ਕਰ ਹੀ ਦਿਤਾ ਕਿ ਵਿੱੱਦਿਆ ਦੇ
ਮੁਆਮਲੇ ਵਿਚ ਉਹ ਇਹਨਾਂ ਸਾਰੇ 'ਬੁਧੀਜੀਵੀਆਂ' ਨਾਲ਼ੋਂ ਵਧ ‘ਬਿਦਬਾਨ’ ਹੈ।
ਜਦੋਂ ਮਾਰਚ ੧੯੮੧ ਵਿਚ ਏਥੇ ਆਸਟ੍ਰੇਲੀਆ ਵਿਚ ਮੇਰਾ ਪਰਵਾਰ ਆਇਆ ਤਾਂ ਇਕ ਪਰਵਾਰਕ ਹਮਦਰਦੀ ਰੱੱਖਣ
ਵਾਲ਼ੀ ਸੁਹਿਰਦ ਭੈਣ ਨੇ ਸੁਝਾ ਦਿਤਾ ਕਿ ਜੇ ਅਸਾਂ ਅੰਗ੍ਰੇਜ਼ੀ ਬੋਲਣੀ ਸਿੱੱਖਣੀ ਹੈ ਤਾਂ ਅਸੀਂ
ਆਪਣੇ ਬੱੱਚਿਆਂ ਨਾਲ਼ ਅੰਗ੍ਰੇਜ਼ੀ ਬੋਲਿਆ ਕਰੀਏ। ਸਾਨੂੰ ਇਹ ਸਲਾਹ ਬੜੀ ਚੰਗੀ ਲੱੱਗੀ। ਪਰ ਘਰ ਆ ਕੇ
ਜਦੋਂ ਠੰਡੇ ਦਿਲ ਨਾਲ ਇਸ ਤੇ ਵਿਚਾਰ ਕੀਤੀ ਤਾਂ ਇਹ ਸੋਚ ਆਈ ਕਿ ਸ਼ਾਇਦ ਸਾਨੂੰ ਤਾਂ ਇਸ ਤਰ੍ਹਾਂ
ਅੰਗ੍ਰੇਜ਼ੀ ਬੋਲਣ ਨਾਲ਼ ਕੁਝ ਲਾਭ ਹੋ ਹੀ ਜਾਵੇ ਪਰ ਸਾਡੇ ਬੱੱਚੇ ਪੰਜਾਬੀ ਕਿਥੋਂ ਸਿਖਣਗੇ! ਸੋ
ਅਸੀਂ ਘਰ ਵਿਚ ਇਕ ਵੀ ਸ਼ਬਦ ਅੰਗ੍ਰੇਜ਼ੀ ਨਾ ਬੋਲਣ ਦਾ ਫੈਸਲਾ ਕਰ ਲਿਆ ਤੇ ਇਸ ਗੱਲ ਤੇ ਹੁਣ ਤੱਕ
ਅਮਲ ਕਰ ਰਹੇ ਹਾਂ।
ਪਿਛਲੇ ਤਿੰਨ ਕੁ ਦਹਾਕਿਆਂ ਤੋਂ ਦੇਸੋਂ ਨਵੇ ਆੳੇੁਣ ਤੇ ਸਾਥੋਂ ਪਹਿਲਾਂ ਵੀ ਰਹਿਣ ਵਾਲ਼ੇ ਕੁਝ
ਸਿੱੱਖਾਂ ਵਿਚ ਇਹ ਰੁਝਾਨ ਵੇਖਿਆ ਕਿ ਉਹ ਗੋਰਿਆਂ ਨਾਲ਼ ਅੰਗ੍ਰੇਜ਼ੀ ਬੋਲਦੇ ਬੋਲਦੇ ਜਦੋਂ ਮੇਰੇ
ਨਾਲ਼ ਗੱੱਲ ਕਰਨ ਤਾਂ ਪੰਜਾਬੀ ਵਿਚ ਤੇ ਏਸੇ ਹੀ ਸਮੇ ਕੋਲ਼ ਖਲੋਤੇ ਆਪਣੇ ਬੱੱਚੇ ਨਾਲ਼ ਹਿੰਦੀ ਵਿਚ
ਗੱੱਲ ਕਰਨ। ਇਸ ਗੱੱਲ ਦੀ ਤਾਂ ਖ਼ੁਸ਼ੀ ਹੋਵੇ ਕਿ ਅਸੀਂ ਸਿੱੱਖ ਇਕੋ ਸਮੇ ਤਿੰਨੇ ਜ਼ਬਾਨਾਂ ਖ਼ੂਬੀ
ਨਾਲ਼ ਬੋਲ ਸਕਦੇ ਹਾਂ ਪਰ ਇਹ ਸਮਝ ਨਾ ਆਵੇ ਕਿ ਆਪਣੇ ਬੱਚਿਆਂ ਨਾਲ ਏਥੋਂ ਦੀ ਭਾਸ਼ਾ ਅੰਗ੍ਰੇਜ਼ੀ
ਅਤੇ ਆਪਣੀ ਮਾਂ ਬੋਲੀ ਪੰਜਾਬੀ ਛੱੱਡ ਕੇ, ਇਹ ਤੀਜੇ ਥਾਂ ਹਿੰਦੀ ਬੋਲਣ ਦੀ ਕੀ ਮਜਬੂਰੀ ਹੈ! ਕਿਸੇ
ਨੂੰ ਤਾਂ ਨਹੀ ਸੀ ਇਸ ਬਾਰੇ ਪੁੱੱਛ ਸਕਿਆ ਪਰ ਆਪੇ ਹੀ ਵਿਚਾਰ ਆਉਣੀ ਕਿ ਸ਼ਾਇਦ ਦਿੱੱਲੀ ਦੇ ਵਸਨੀਕ
ਸਿੱੱਖ ਇਸ ਤਰ੍ਹਾਂ ਕਰਦੇ ਹੋਣ! ਜਦੋਂ ਦਿੱੱਲੀ ਤੋਂ ਬਾਹਰ ਵਾਲ਼ੇ ਵੀ ਇਸ ਤਰ੍ਹਾਂ ਕਰਦੇ ਦਿਸੇ ਤਾਂ
ਸੋਚਿਆ ਭਈ ਚੰਡੀਗੜ੍ਹ ਵਾਲ਼ੇ ਇਉਂ ਕਰਦੇ ਹੋਣਗੇ! ਅਚਾਨਕ ਇਕ ਸ਼ਮ ਨੂੰ ਮੇਰਾ ਤਰਾਹ ਹੀ ਨਿਕਲ਼ ਗਿਆ
ਜਦੋਂ ਮੈ ੧੯੯੮ ਦੇ ਦਸੰਬਰ ਮਹੀਨੇ, ਆਪਣੇ ਘਰ ਅੰਮ੍ਰਿਤਸਰ ਵਿਚ, ਆਪਣੀ ਪੰਜਾਬੀ ਦੀ ਐਮ. ਏ. ਪਾਸ
ਟੀਚਰ ਭਣੇਵੀ ਨੂੰ, ਆਪਣੀ ਪਹਿਲੀ ਜਮਾਤ ਵਿਚ ਪੜ੍ਹਦੀ ਧੀ ਨਾਲ਼ ਹਿੰਦੀ ਵਿਚ ਗੱੱਲ ਕਰਦਿਆਂ ਸੁਣ
ਲਿਆ। ਮੇਰੇ ਮੂਹੋਂ ਹੈਰਾਨੀ ਨਾਲ਼ ਨਿਕਲ਼ਿਆ, "ਬੱੱਬੂ, ਇਹ ਕੀ! ਪੰਜਾਬੀ ਛੱੱਡ ਕੇ ਹਿੰਦੀ!! ਉਹ ਵੀ
ਅੰਮ੍ਰਿਤਸਰ ਆਪਣੇ ਘਰ ਵਿਚ ਬਹਿ ਕੇ ਆਪਣੀ ਬੱੱਚੀ ਨਾਲ਼!!!" ਅੱੱਗੋਂ ਜਵਾਬ ਮਿਲ਼ਿਆ, "ਕੀ ਕਰੀਏ
ਮਾਸੜ ਜੀ, ਜੇ ਬੱੱਚਾ ਸਕੂਲ ਵਿਚ ਪੰਜਾਬੀ ਬੋਲੇ ਤਾਂ ਜੁਰਮਾਨਾ ਕਰਦੇ ਨੇ। ਇੰਗਲਿਸ਼ ਮੀਡੀਅਮ ਦਾ
ਸਕੂਲ ਹੋਣ ਕਰਕੇ ਆਖਦੇ ਨੇ ਅੰਗ੍ਰੇਜ਼ੀ ਬੋਲੋ। ਜੇ ਅੰਗ੍ਰੇਜ਼ੀ ਨਹੀ ਬੋਲ ਸਕਦੇ ਤਾਂ ਹਿੰਦੀ ਬੋਲੋ।
ਪੰਜਾਬੀ ਬੋਲਣੀ ਸਕੂਲ ਵਿਚ ਬੈਨ ਆ। ਇਸ ਲਈ ਅਸੀਂ ਘਰਾਂ ਵਿਚ ਬੱੱਚਿਆਂ ਨਾਲ਼ ਹਿੰਦੀ ਬੋਲਦੇ ਹਾਂ
ਤਾਂ ਕਿ ਉਹਨਾਂ ਨੂੰ ਸਕੂਲ਼ ਵਿਚ ਦੂਜੇ ਬੱੱਚਿਆਂ ਦੇ ਸਾਹਮਣੇ ਹਿੰਦੀ ਬੋਲਣ ਵਿਚ ਦਿੱੱਕਤ ਨਾ ਆਵੇ।"
ਇਹ ਹਾਲਤ ਅੰਮ੍ਰਿਤਸਰ ਸ਼ਹਿਰ ਵਿਚ, ਇਕ ਸਿੱਖ ਧਾਰਮਿਕ ਸੰਸਥਾ ਵੱੱਲੋਂ ਚੱੱਲਾਏ ਜਾ ਰਹੇ ਸਕੂਲ ਦੀ
ਹੈ; ਇਹ ਕੋਈ ਆਰੀਆ ਸਮਾਜੀ ਜਾਂ ਸਨਾਤਨ ਧਰਮ ਵਰਗੀ ਜਥੇਬੰਦੀ ਦੁਆਰਾ ਚਲਾਇਆ ਜਾ ਰਿਹਾ ਸਕੂਲ ਨਹੀ।
ਇਕ ਹੋਰ ਗੱੱਲ ਹੈਰਾਨੀ ਵਾਲ਼ੀ ਸੁਣ ਲਵੋ: ਏਸੇ ਫਰਵਰੀ ਮਹੀਨੇ ਦੀ ਗੱਲ ਹੈ ਕਿ ਮੈ ਆਪਣੇ ਇਕ ਮਿੱਤਰ
ਦੇ ਦਫ਼ਤਰ ਵਿਚ ਬੈਠਾ ਸਾਂ। ਉਸ ਨੇ ਕਿਸੇ ਕੰਮ ਦੀ ਹਿਦਾਇਤ ਦੇਣ ਲਈ, ਆਪਣੀ ਸੈਕ੍ਰੇਟਰੀ ਨੂੰ ਆਪਣੇ
ਕਮਰੇ ਵਿਚ ਬੁਲਾਇਆ ਤੇ ਉਸਨੂੰ ਹਿੰਦੀ ਵਿਚ ਕੰਮ ਦੱਸਿਆ। ਉਸ ਲੜਕੀ ਦੇ ਬਾਹਰ ਚਲੇ ਜਾਣ ਪਿਛੋਂ ਮੈ
ਕਿਹਾ ਕਿ ਕੀ ਇਹ ਲੜਕੀ ਪੰਜਾਬੋਂ ਕਿਸੇ ਬਾਹਰਲੇ ਇਲਾਕੇ ਵਿਚੋਂ ਆਈ ਹੈ। ਉਸਨੇ ਅੱੱਗੋਂ ਜਵਾਬ ਦਿਤਾ
ਕਿ ਲੜਕੀ ਭਾਵੇਂ ਅੰਮ੍ਰਿਤਸਰ ਦੀ ਹੀ ਰਹਿਣ ਵਾਲ਼ੀ ਹੈ ਪਰ ਕੰਪਨੀ ਦੀ ਮੈਨੇਜਮੈਟ ਦੀ ਪਾਲਸੀ ਹੈ ਕਿ
ਮਾਤਹਿਤ ਸਟਾਫ਼ ਨਾਲ਼ ਅੰਗ੍ਰੇਜ਼ੀ ਜਾਂ ਹਿੰਦੀ ਵਿਚ ਗੱੱਲ ਕੀਤਿਆਂ ਰੋਹਬ ਰਹਿੰਦਾ ਹੈ ਤੇ ਇਹ ਰੋਹਬ
ਡਿਸਿਪਲਿਨ ਕਾਇਮ ਰੱੱਖਣ ਵਿਚ ਸਹਾਈ ਹੁੰਦਾ ਹੈ। ਮਿੱੱਤਰ ਠੀਕ ਹੀ ਕਹਿੰਦਾ ਹੋਵੇਗਾ!
ਗੱੱਲ ਮੁੱੱਕਦੀ ਏਥੇ ਆਣ ਕੇ ਹੈ ਕਿ ਜੇਹੜੀ ਭਾਸ਼ਾ ਪੜ੍ਹਕੇ ਚੰਗਾ ਰੁਜ਼ਗਾਰ ਤੇ ਸਮਾਜ ਵਿਚ ਮਾਣ
ਮਿਲ਼ਨਾ ਹੈ ਮਾਪਿਆਂ ਨੇ ਆਪਣੇ ਬੱੱਚਿਆਂ ਨੂੰ ਓਹੋ ਭਾਸ਼ਾ ਪੜ੍ਹਵਾਉਣੀ ਹੈ। ਜੇ ਪੰਜਾਬ ਸਰਕਾਰ ਘੱੱਟ
ਤੋਂ ਘੱੱਟ ਪੰਜਾਬ ਵਿਚ ਕਾਨੂੰਨੀ ਤੌਰ ਤੇ ਕੋਈ ਅਜਿਹਾ ਬਾਹਨਣੂ ਬੰਨ੍ਹੇ ਕਿ ਜਿਸ ਨਾਲ਼ ਪੰਜਾਬੀ ਨੂੰ
ਕੋਈ ਆਦਰ ਯੋਗ ਸਥਾਨ ਮਿਲ਼ ਸਕਣ ਦੀ ਸੰਭਾਵਨਾ ਹੋਵੇ ਤਾਂ ਫਿਰ ਬਿਨਾ ਮਜ਼ਹਬੀ ਵਿਤਕਰੇ ਦੇ ਸਾਰੇ
ਪੰਜਾਬੀ, ਪੰਜਾਬੀ ਹੀ ਪੜ੍ਹਨਗੇ। (ਅਪ੍ਰੈਲ ੨੦੦੮)
(ਨੋਟ:-
ਗਿਆਨੀ ਸੰਤੋਖ ਸਿੰਘ ਜੀ ਦੇ ਇਸ ਲੇਖ ਵਿੱਚ ਮੈਂ ਕੋਈ ਵੀ ਲਗਾ ਮਾਤਰ ਨਹੀਂ ਬਦਲੀ ਅਤੇ ਪਹਿਲਾਂ ਵੀ
ਕਦੀ ਜਾਣ ਬੁੱਝ ਕੇ ਨਹੀਂ ਬਦਲੀ ਸੀ, ਸਹਿਜ ਸੁਭਾਏ ਭਾਵੇਂ ਕੋਈ ਬਦਲੀ ਗਈ ਹੋਵੇ। ਇਹ ਕਈ ਵਾਰੀ
ਸ਼ਿਕਾਇਤ ਕਰਦੇ ਰਹਿੰਦੇ ਹਨ ਕਿ ਤੁਸੀਂ ਆਹ ਫਲਾਨੇ ਥਾਂ ਤੇ ਵਾਧੂ ਅੱਧਕ ਲਾ ਦਿੱਤਾ ਹੈ ਜਾਂ ਫਲਾਨਾ
ਲੇਖਕ ਤਾਂ ਅੱਧਕਾਂ ਦਾ ਛਿੱਟਾ ਹੀ ਦਿੰਦਾ ਰਹਿੰਦਾ ਹੈ। ਆਪਣੇ ਇਸ ਲੇਖ ਵਿੱਚ ਇੱਕ ਦੀ ਵਿਜਾਏ ਦੋ-ਦੋ
ਠੋਕੇ ਹੋਏ ਸਾਫ ਦਿਖਾਈ ਦਿੰਦੇ ਹਨ। ਜੇ ਕਰ ਕੋਈ ਪੁੱਛਣਾ ਚਾਹਵੇ ਕਿ ਆਹ ਆਪ ਜੀ ਕੀ ਕਰ ਰਹੇ ਹੋ?
ਤਾਂ ਘੜਿਆ ਘੜਾਇਆ ਜਵਾਬ ਹੋਵੇਗਾ ਕਿ ਕਾਹਲ੍ਹੀ ਵਾਲੀ ਆਦਤ-ਸੰਪਾਦਕ)