.

ਅਕਲੀਂ ਕੀਚੈ ਦਾਨ-ਹੋਰਿ ਗਲਾਂ ਸੈਤਾਨੁ (1245)

ਅਵਤਾਰ ਸਿੰਘ ਮਿਸ਼ਨਰੀ (510-432-5827)

ਦਾਤਾ, ਦਾਤਿ, ਦਾਨ, ਅਕਲਿ, ਨਫਾ, ਨੁਕਸਾਨ ਅਤੇ ਸ਼ੈਤਾਨ ਸ਼ਬਦ ਉਪ੍ਰੋਕਤ ਪੰਗਤੀ ਨਾਲ ਸਬੰਧਤ ਹਨ। ਦਾਤਾ ਤੋਂ ਭਾਵ ਹੈ ਦੇਨ ਵਾਲਾ, ਦਾਨੀ। ਦਾਤਿ ਸੰਸਕ੍ਰਿਤ ਦਾ ਲਫਜ਼ ਹੈ ਜਿਸ ਦਾ ਅਰਥ ਹੈ ਦਿੱਤੀ ਹੋਈ ਵਸਤੂ, ਦਾਨ ਕਰਨਯੋਗ ਵਸਤ ਅਤੇ ਬਖਸ਼ਿਸ਼। ਦਾਨ-ਦੇਣ ਦਾ ਕਰਮ, ਖੈਰਾਤ, ਉਹ ਵਸਤੂ ਜੋ ਦਾਨ ਵਿੱਚ ਦਿੱਤੀ ਜਾਵੇ, ਕਰ (ਟੈਕਸ) ਯੱਗ, ਰਾਜਨੀਤੀ ਦਾ ਇੱਕ ਅੰਗ ਭਾਵ ਕੁੱਝ ਦੇ ਕੇ ਵੈਰੀ ਨੂੰ ਵੱਸ ਕਰਨ ਦਾ ਉਪਾੳ, ਫਾਰਸੀ ਵਿੱਚ ਅੰਨ ਦਾ ਬੀਜ, ਜਾਨਣ ਵਾਲਾ ਅਤੇ ਸ਼ਬਦਾਂ ਦੇ ਅੰਤ ਵਿੱਚ ਆਉਣ ਵਾਲਾ ਜਿਵੇਂ ਅਕਲਦਾਨ, ਕਲਮਦਾਨ, ਨਾਮਦਾਨ ਆਦਿਕ। ਅਕਲਿ-ਬੁੱਧਿ, ਯਾਦਾਸ਼ਤ। ਅਰਬੀ ਵਿੱਚ ਨਫ਼ਾ ਦਾ ਅਰਥ ਹੈ ਲਾਭ, ਫਾਇਦਾ। ਨੁਕਸਾਨ-ਹਾਨੀ, ਕਮੀ ਅਤੇ ਘਾਟਾ। ਸ਼ੈਤਾਨ-ਅਰਬੀ ਦਾ ਲਫਜ਼ ਹੈ ਅਰਥ ਹਨ-ਪਾਮਰ, ਕੁਕਰਮੀ, ਫਸਾਦੀ ਅਤੇ ਉਪੱਧਰੀ, ਬਾਈਬਲ ਅਤੇ ਕੁਰਾਨ ਵਿੱਚ ਮੰਨਿਆਂ ਗਿਆ ਹੈ ਕਿ ਸ਼ੈਤਾਂਨ ਸਦਾ ਰੱਬ ਦੇ ਰਾਹ ਵੱਲੋਂ ਮੋੜਦਾ ਹੈ। ਸੰਸਕ੍ਰਿਤ ਵਿੱਚ ਸ਼ੈਤਾਨ ਸ਼ਰਾਰਤਾਂ ਕਰਨ ਵਾਲਾ। ਦਾਤੇ ਤਾਂ ਸੰਸਾਰ ਵਿੱਚ ਕਈ ਹਨ ਜੋ ਕਿਸੇ ਹੱਦ ਤੱਕ ਦਾਨ ਕਰ ਸਕਦੇ ਹਨ। ਸੰਸਾਰੀ ਦਾਤੇ ਆਪਣੇ ਵਿਰੋਧੀਆਂ ਨੂੰ ਦਾਨ ਨਹੀਂ ਦਿੰਦੇ, ਉਨ੍ਹਾਂ ਦਾ ਦਾਨ ਕਿਸੇ ਹੱਦ ਵਿੱਚ ਹੈ ਪਰ ਪਰੀਪੂਰਨ, ਪ੍ਰਮਾਤਮਾਂ, ਦਾਤਾਰ ਬਿਨਾ ਕਿਸੇ ਵਿਤਰੇ ਤੇ ਅਤੁੱਟ ਦਾਨ ਦੇਣਵਾਲਾ ਹੈ-ਦਦਾ ਦਾਤਾ ਏਕੁ ਸਭ ਕੋ ਦੇਵਨਹਾਰ॥ ਦੇਂਦੇ ਤੋਟਿ ਨ ਆਵਈ ਅਗਣਤ ਭਰੇ ਭਡਾਰ॥ (257) ਜ਼ਿੰਦਗੀ, ਸੁਵਾਸ, ਪੌਣ, ਪਾਣੀ, ਅੱਗ, ਧਰਤੀ ਅਤੇ ਅਕਾਸ਼ ਆਦਿਕ ਸਭ ਕੁੱਝ ਦਾਤਾਰੁ ਹੀ ਦੇਣਵਾਲਾ ਹੈ। ਅਸੀਂ ਸਾਰੇ ਭੇਖਾਰੀ ਹਾਂ-ਹਮ ਭੀਖਕ ਭੇਖਾਰੀ ਤੇਰੇ ਤੂ ਨਿਜਪਤਿ ਹੈ ਦਾਤਾ॥ (666) ਸੋ ਸਾਰੇ ਸੰਸਾਰ ਦਾ ਦਾਤਾ ਕਰਤਾਰ ਹੀ ਹੈ ਅਤੇ ਉਸ ਦੀ ਦਿੱਤੀ ਦਾਤਿ ਕਦੇ ਮੁਕਦੀ ਨਹੀਂ-ਦਾਤਿ ਖਸਮ ਕੀ ਪੂਰੀ ਹੋਈ ਨਿਤ ਨਿਤ ਚੜੈ ਸਵਾਈ ਰਾਮ॥ (783) ਇਸ ਕਰਕੇ ਸਾਨੂੰ ਰੱਬੀ ਬਖਸ਼ਿਸ਼ ਦੀ ਦਾਤਿ ਹੀ ਮੰਗਣੀ ਚਾਹੀਦੀ ਹੈ ਨਾਂ ਕਿ ਸੰਸਾਰੀ ਵਸਤੂਆਂ ਹੀ ਮੰਗਦੇ ਰਹਿਣਾ ਚਾਹੀਦਾ ਹੈ-ਮਾਗਨਾ ਮਾਗਨ ਨੀਕਾ ਹਰਿ ਜਸੁ ਗੁਰਿ ਤੇ ਮਾਗਨਾ॥ (1018) ਜਿਵੇਂ ਰੁੱਖ ਮੰਗਣ ਨਾਲ ਜੜ੍ਹਾਂ, ਛਿੱਲ, ਟਾਹਣੀਆਂ, ਫੁੱਲ ਅਤੇ ਫਲ ਆਦਿਕ ਸਭ ਕੁੱਝ ਮਿਲ ਜਾਂਦੇ ਹਨ ਇਵੇਂ ਹੀ ਪ੍ਰਮਾਤਮਾਂ ਤੋਂ ਨਾਮ-ਬਖਸ਼ਿਸ਼ ਮੰਗਣ ਨਾਲ ਸਭ ਕੁੱਝ ਮਿਲ ਜਾਂਦਾ ਹੈ। ਅਸੀਂ ਤਾਂ ਦੁਨੀਆਵੀ ਧੀਆਂ-ਪੁੱਤਾਂ ਅਤੇ ਪਦਾਰਥਾਂ ਦੀਆਂ ਦਾਤਾਂ ਹੀ ਮੰਗਦੇ ਰਹਿੰਦੇ ਹਾਂ ਅਤੇ ਇਨ੍ਹਾਂ ਨਾਲ ਮੋਹ ਪਾ ਕੇ ਦਾਤਾਰ ਨੂੰ ਵਿਸਾਰ ਦਿੰਦੇ ਹਾਂ-ਦਾਤਿ ਪਿਆਰੀ ਵਿਸਰਿਆ ਦਾਤਾਰਾ॥ (676)

ਦਾਤਾਰ ਦੀਆਂ ਦਿੱਤੀਆਂ ਹੋਈਆਂ ਦਾਤਾਂ ਚੋਂ ਹੀ ਅਸੀਂ ਦਾਨ ਕਰ ਸਕਦੇ ਹਾਂ ਪਰ ਅਸੀਂ ਦਾਨ ਕਰਨ ਲੱਗੇ ਬਿਨਾ ਸੋਚੇ ਸਮਝੇ ਅੰਨ੍ਹੀ ਸ਼ਰਧਾ ਵਿੱਚ ਹੀ ਓਥੇ ਦਾਨ ਕਰ ਦਿੰਦੇ ਹਾਂ ਜਿੱਥੇ ਉਸ ਦੀ ਗਲਤ ਵਰਤੋਂ ਹੁੰਦੀ ਹੈ। ਅਸੀਂ ਲੋੜਵੰਦਾਂ ਦੀ ਬਜਾਏ ਵੱਡੇ-ਵੱਡੇ ਗੁਮਾਨੀ ਸਾਧਾਂ ਸੰਤਾਂ ਅਤੇ ਲੀਡਰਾਂ ਦੀਆਂ ਹੀ ਝੋਲੀਆਂ ਅਤੇ ਗੋਲਕਾਂ ਹੀ ਭਰਦੇ ਹਾਂ। ਕੀੜਿਆਂ ਦੇ ਭੌਨ ਤੇ ਅੰਨ, ਸੱਪਾਂ ਨੂੰ ਦੁੱਧ, ਤਮਾਕੂ-ਸ਼ਰਾਬ ਆਦਿਕ ਦਾ ਸੇਵਨ ਕਰਨ ਵਾਲੇ ਮੰਗਤਿਆਂ ਨੂੰ ਪੈਸਾ, ਕਾਰ ਸੇਵ ਦੇ ਨਾਂ ਤੇ ਸਾਡੇ ਵੱਡੇ ਵਡੇਰਿਆਂ-ਗੁਰੂਆਂ ਭਗਤਾਂ ਅਤੇ ਸ਼ਹੀਦ ਸਿੰਘ ਸਿੰਘਣੀਆਂ ਦੀਆਂ ਪੁਰਾਤਨ ਯਾਦਾਂ ਨੂੰ ਬੜੀ ਬੇਰਹਿਮੀ ਅਤੇ ਬੇਅਕਲੀ ਨਾਲ ਮਲੀਆਮੇਟ ਕਰਨ ਵਾਲੇ ਚੋਲਾਧਾਰੀ ਬਾਬਿਆਂ ਨੂੰ ਬਿਨਾ ਕਿਸੇ ਰਸੀਦ, ਹਿਸਾਬ ਕਿਤਾਬ ਅਤੇ ਬਿਨਾ ਸੋਚੇ ਸਮਝੇ ਸੋਨਾ, ਚਾਂਦੀ, ਰੁਪਿਆ ਪੈਸਾ ਇੱਥੋਂ ਤੱਕ ਕਿ ਆਪਣੇ ਧੀਆਂ ਪੁੱਤਰ ਵੀ ਦਾਨ ਕਰੀ ਜਾ ਰਹੇ ਹਾਂ। ਚੰਗੇ ਮਾੜੇ ਦਿਨ ਦੱਸਣ ਵਾਲੇ ਪੰਡਿਤਾਂ, ਜੋਤਸ਼ੀਆਂ, ਪੀਰਾਂ ਨੂੰ ਆਪਣੇ ਬੱਚਿਆਂ ਦੇ ਮੂੰਹੋਂ ਖੋ ਕੇ ਵੀ ਦਈ ਜਾ ਰਹੇ ਹਾਂ। ਗੁਰਬਾਣੀ ਸ਼ਬਦ ਗਿਆਨ ਨੂੰ ਵਿਚਾਰ ਕੇ ਸਮਝਣ ਦੀ ਬਜਾਏ ਵੱਡੀਆਂ ਗੋਲਕਾਂ ਵਾਲੇ ਗੁਰਦੁਆਂਰਿਆਂ ਅਤੇ ਡੇਰੇਰਿਆਂ ਵਿੱਚ ਤੋਤਾ ਰਟਨੀ ਅਖੰਡ ਪਾਠਾਂ ਦੀਆਂ ਲੜ੍ਹੀਆਂ ਚਲਾਈ ਜਾ ਰਹੇ ਹਾਂ। ਗਰੀਬ ਦਾ ਮੂੰਹ ਗੁਰੂ ਦੀ ਗੋਲਕ ਵਾਲਾ ਸਿਧਾਂਤ ਅਸੀਂ ਭੁਲਾ ਦਿੱਤਾ ਹੈ। ਅਸੀਂ ਗੁਰਦੁਆਰਿਆਂ ਨੂੰ ਵੀ ਅਮੀਰ-ਬਰੀਬ ਅਤੇ ਜਾਤ-ਬਰਾਦਰੀਆਂ ਵਿੱਚ ਵੰਡ ਦਿੱਤਾ ਹੈ। ਜਿੱਥੇ ਗੁਰਦੁਆਂਰਿਆਂ ਨੂੰ ਬਿਲਡਿੰਗਾਂ ਤੇ ਗ੍ਰੰਥੀ ਪ੍ਰਚਾਰਕਾਂ ਦੀ ਲੋੜ ਹੈ ਓਥੇ ਅਸੀਂ ਘੱਟ ਹੀ ਜਾਂਦੇ ਹਾਂ ਪਰ ਦਾਨ ਵੱਡੇ ਗੁਰੂ ਘਰਾਂ ਅਤੇ ਵੱਡੀਆਂ ਕਮੇਟੀਆਂ ਨੂੰ ਹੀ ਕਰਦੇ ਹਾਂ ਜਿੱਥੇ ਰੁਮਾਲਿਆਂ ਦੀ ਪਹਿਲਾਂ ਹੀ ਬਹੁਤਾਤ ਹੈ ਰੱਖਣ ਨੂੰ ਵੀ ਥਾਂ ਨਹੀਂ ਫਿਰ ਵੀ ਅਸੀਂ ਮਹਿੰਗੇ ਤੋਂ ਮਹਿੰਗਾ ਨਵਾਂ ਰੁਮਾਲਾ ਖਰੀਦ ਕੇ ਚੜ੍ਹਾਉਂਦੇ ਹਾਂ। ਸਾਡਾ ਬਹੁਤਾ ਪੈਸਾ ਚੰਗੀ ਵਿਦਿਆ, ਗੁਰਮਤਿ ਪ੍ਰਚਾਰ ਅਤੇ ਪ੍ਰਸਾਰ ਦੀ ਬਜਾਏ ਲੜੀਆਂ ਦੇ ਪਾਠਾਂ, ਸੋਨੇ ਦੇ ਗੁੰਬਦਾਂ, ਸੰਗ ਮਰਮਰੀ ਗਿਲਡਿੰਗਾਂ, ਮਹਿੰਗੇ ਮਹਿੰਗੇ ਰਾਗੀ ਜਥਿਆਂ, ਪੂਰੇ ਪੂਰੇ ਪੇਜ ਦੀਆਂ ਐਡਾਂ, ਫੇਮਸ ਸਾਧਾਂ ਸੰਤਾਂ ਤੇ ਲੀਡਰਾਂ ਦੀ ਆਓ ਭਗਤ, ਸਰੋਪਿਆਂ ਅਤੇ ਧੜੇਬੰਦੀ ਵਾਲੀਆਂ ਚੋਣਾਂ ਤੇ ਫਜ਼ੂਲ ਖਰਚ ਕੀਤਾ ਜਾ ਰਿਹਾ ਹੈ ਜਿਸ ਕਰਕੇ ਸਿੱਖੀ ਪ੍ਰਫੁੱਲਤ ਨਹੀਂ ਹੋ ਰਹੀ।

ਅਸੀਂ ਗੁਰੂ ਦੇ ਇਸ ਇਲਾਹੀ ਫੁਰਮਾਨ-ਅਕਲੀ ਸਾਹਿਬੁ ਸੇਵੀਐ, ਅਕਲੀ ਪਾਈਏ ਮਾਨੁ॥ ਅਕਲੀ ਪੜ੍ਹਿ ਕੇ ਬੁਝੀਐ ਅਕਲੀ ਕੀਚੈ ਦਾਨੁ॥ ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ॥ (1245) ਨੂੰ ਵਿਸਾਰ ਦਿੱਤਾ ਹੈ। ਲੜੀਵਾਰ ਪਾਠਾਂ ਵਿੱਚ ਅਸੀਂ ਕਿਨੀ ਵਾਰ ਇਹ ਗੁਰ ਫੁਰਮਾਨ ਪੜ੍ਹਿਆ-ਸੁਣਿਆਂ ਹੋਵੇਗਾ ਮੰਨਣ ਲਈ ਤਿਆਰ ਨਹੀਂ ਹਾਂ ਪਰ ਪੁਲੀਟੀਕਲ ਪਾਰਟੀ ਦੇ ਥੋਪੇ ਗਏ ਜਥੇਦਾਰਾਂ ਦੇ ਰਾਹੀਂ ਪੱਖਪਾਤੀ ਆਦੇਸ਼ ਜਿਨ੍ਹਾਂ ਨੂੰ ਅੱਜ ਹੁਕਮਨਾਮੇ ਕਿਹਾ ਜਾ ਰਿਹਾ ਬਿਨਾ ਹੀਲ ਹੁਜਤ ਦੇ “ਅਕਾਲ ਪੁਰਖ ਦਾ ਫੁਰਮਾਨ” ਕਹਿ ਕੇ ਮੰਨੀ ਜਾ ਰਹੇ ਹਾਂ। ਪਾਠਕ ਜਨੋ! ਗੁਰੂ ਸਾਹਿਬ ਨੇ ਉਪ੍ਰੋਕਤ ਪੰਕਤੀ ਵਿੱਚ ਸਾਨੂੰ ਬਬੇਕ ਬੁੱਧੀ ਦੀ ਵਰਤੋਂ ਕਰਨ ਦੀ ਹਦਾਇਤ ਦਿੱਤੀ ਹੈ ਕਿ ਅਕਲੀਂ ਭਾਵ ਬਿਬੇਕ ਬੁੱਧੀ ਨਾਲ ਸੋਚ ਸਮਝ ਕੇ ਸਾਹਿਬ ਸੇਵੀਏ ਭਾਵ ਮਾਲਕ ਨੂੰ ਯਾਦ ਕਰੀਏ ਅਤੇ ਚੰਗੀ ਅਕਲਿ ਕਰਕੇ ਮਾਨ ਪਾਈਏ। ਅਕਲਿ ਦੁਆਰਾ ਪਹਿਲਾਂ ਪੜ੍ਹੀਏ ਫਿਰ ਬੁੱਝੀਏ (ਸਮਝੀਏ) ਅਤੇ ਫਿਰ ਇਉਂ ਗੁਰਮਤਿ-ਕਸਵੱਟੀ ਤੇ ਪਰਖ ਕੇ ਨਫਾ-ਨੁਕਸਾਨ ਦੇਖ ਕੇ ਦਾਨ ਕਰੀਏ ਜਿਸ ਨਾਲ ਆਪਣਾ, ਪ੍ਰਵਾਰ ਦਾ, ਕੌਮ ਦਾ, ਦੇਸ਼ ਦਾ ਅਤੇ ਸੰਸਾਰ ਦਾ ਭਲਾ ਹੋਵੇ। ਮਨੁੱਖਤਾ ਦੇ ਸੱਚੇ-ਸੁੱਚੇ ਰਹਿਬਰ ਗੁਰੂ ਨਾਨਕ ਜੀ ਫੁਰਮਾਂਦੇ ਹਨ ਕਿ ਅਸਲੀ ਪਰਮਾਰਥ ਦਾ ਰਾਹ ਇਹ ਹੀ ਹੈ ਬਾਕੀ ਬੇਗਿਆਨੇ, ਬੇਧਿਆਨੇ, ਮਨ ਦੀ ਚਤੁਰਾਈ ਅਤੇ ਅੰਨ੍ਹੀ ਸ਼ਰਧਾ ਵਾਲੇ ਸਾਧਨ (ਹੋਰ ਗੱਲਾਂ) ਤਾਂ ਸ਼ੈਤਾਨ (ਮੰਨੇ ਗਏ ਰੱਬ ਦੇ ਸ਼ਰੀਕ) ਵਾਲੀਆਂ ਹੀ ਹਨ। ਅੱਜ ਅਸੀਂ ਇਕਵੀਂ ਸਦੀ ਵਿੱਚ ਗੁਜਰ ਰਹੇ ਹਾਂ ਪਰ ਵਿਸ਼ਵਾਸ਼ ਗੱਲਾਂ ਪੱਥਰ ਜੁੱਗ ਵਾਲੀਆਂ ਤੇ ਕਰੀ ਜਾ ਰਹੇ ਹਾਂ। ਆਓ ਗੁਰਬਾਣੀ ਗਿਆਨ ਵੱਲ ਅੱਗੇ ਵਧੀਏ-ਅਗਾਹ ਕੂ ਤ੍ਰਾਂਘਿ ਪਿਛਾ ਫੇਰਿ ਨ ਮੁਹਡੜਾ॥ (1096) ਗੁਰੂ ਘਰ ਦੇ ਮਹਾਂਨ ਵਿਦਵਾਨ ਭਾਈ ਨੰਦ ਲਾਲ ਜੀ ਵੀ ਸਿਖਿਆ ਦਿੰਦੇ ਹਨ ਕਿ-ਸਾਰੀ ਉਮਰ ਗੁਨਾਹੀਂ ਬੀਤੀ, ਹਰਿ ਕੀ ਭਗਤਿ ਨਾ ਕੀਤੀ॥ ਆਗੈ ਸਮਝ ਚਲਹੁ ਨੰਦ ਲਾਲਾ ਪਾਛੈ ਜੋ ਬੀਤੀ ਸੋ ਬੀਤੀ॥ (ਭਾ. ਨੰਦ ਲਾਲ ਜੀ) ਇਹ ਹੈ ਦਾਸ ਦਾ ਦਾਤਾ, ਦਾਤਿ, ਦਾਨ, ਅਕਲਿ ਅਤੇ ਨਫਾ-ਨੁਕਸਾਨ ਨੂੰ “ਅਕਲੀ” ਗੁਰੂ ਦੀ ਦਿੱਤੀ ਬਿਬੇਕ ਬੁੱਧੀ ਦੁਆਰਾ ਸਮਝਣ ਦੀ ਫਿਲੌਸਫੀ ਵਾਲਾ ਵਿਚਾਰਨਜੋਗ ਨਿਮਾਣਾ ਯਤਨ ਅਤੇ ਪੱਖ। ਆਸ ਕਰਦਾ ਹਾਂ ਕਿ ਪਾਠਕ ਜਨ ਅਤੇ ਸਾਡੇ ਆਗੂ ਇਸ ਤੇ ਹਮਦਰਦੀ ਨਾਲ ਗੌਰ ਕਰਨਗੇ!




.