ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ
ਕੀ ਰੱਬ ਜੀ ਬੋਲ਼ੇ ਹਨ?
ਧਰਮ ਦੀ ਦੁਨੀਆਂ ਵਿੱਚ ਅਸੀਂ ਬਹੁਤ
ਸਾਰੇ ਅਜੇਹੇ ਕੰਮ ਕਰ ਰਹੇ ਹਾਂ ਜਿਸ ਨਾਲ ਜੀਵਨ ਵਿੱਚ ਕੋਈ ਬਦਲਾਅ ਆਉਣ ਦੀ ਥਾਂ `ਤੇ ਤਲਖੀਆਂ ਨੇ
ਜਨਮ ਲੈ ਲਿਆ ਹੈ। ਆਮ ਵਿਚਰਦਿਆਂ ਤਾਂ ਏਹੀ ਦੇਖਿਆ ਗਿਆ ਹੈ। ਸਿੱਖ ਧਰਮ ਵਿੱਚ ਵੀ ਅਜੇਹੇ ਡੇਰੇ ਜਾਂ
ਜੱਥੇਬੰਦੀਆਂ ਸਥਾਪਤ ਹੋ ਚੁੱਕੀਆਂ ਹਨ ਜੋ ਪਹਿਰਾਵੇ ਵਜੋਂ ਤਾਂ ਉਹਨਾਂ ਵਿਚੋਂ ਸਿੱਖੀ ਸਰੂਪ ਪੂਰਾ
ਝਲਕਦਾ ਹੈ, ਪਰ ਕੁੜਤਣ ਤੇ ਈਰਖਾ ਨੂੰ ਦੂਰ ਨਹੀਂ ਕਰ ਸਕੇ। ਗੁਰਬਾਣੀ ਨੇ ਹਰੇਕ ਮਨੁੱਖ ਨੂੰ ਆਪਣੇ
ਸੁਭਾਅ ਵਿੱਚ ਮਿੱਠਾਸ ਵਰਗੇ ਦੈਵੀ ਗੁਣਾਂ ਨੂੰ ਲਿਆਉਣ ਲਈ ਕਿਹਾ ਹੈ। ਅਸੀਂ ਰੱਬੀ ਗੁਣਾਂ ਦੀ ਵਰਤੋਂ
ਕਰਨ ਦੀ ਥਾਂ `ਤੇ ਉੱਚੀ ਉੱਚੀ ਕੂਕਣ ਨੂੰ ਪਹਿਲ ਦੇ ਕੇ ਰੱਬ ਜੀ ਨੂੰ ਮਿਲਣ ਜਾ ਰਹੇ ਹਾਂ। ਇਸ ਨੂੰ
ਅਸੀਂ ਆਖਦੇ ਹਾਂ ਜੀ ਇਹ ਤੇ ਸਾਡਾ ਸਿਮਰਣ ਹੈ। ਕੁੱਝ ਦਿਨ ਹੋਏ ਮੇਰੇ ਗਵਾਂਢ ਵਿੱਚ ਸਿਮਰਣ ਸੇਵਾ
ਸੁਸਾਇਟੀ ਦਾ ਸਵੇਰ ਵੇਲੇ ਇੱਕ ਸਮਾਗਮ ਸੀ ਜੋ ਲਗ-ਪਗ ਤਿੰਨ ਕੁ ਵਜੇ ਨਾਲ ਸ਼ੁਰੂ ਹੋਇਆ ਤੇ ਸੱਤ ਕੁ
ਵਜੇ ਨਾਲ ਸਮਾਪਤ ਹੋਇਆ। ਲੌਡ-ਸਪੀਕਰਾਂ ਦੀ ਕੰਨ ਪਾੜਵੀਂ ਅਵਾਜ਼ ਵਿੱਚ ਹੀ ਸਾਰਾ ਸਮਾਗਮ ਕੀਤਾ ਗਿਆ।
ਕੀਰਤਨ ਕਰਦਿਆਂ ਵਾਹਿਗੁਰੂ ਦੀ ਧੁੰਨੀ ਇਨੀ ਜ਼ਿਆਦਾ ਸਪੀਟ ਨਾਲ ਲਗਾਈ ਜਾ ਰਹੀ ਸੀ, ਜਿਸ ਵਿਚੋਂ
ਵਾਹਿਗੁਰੂ ਦਾ ਨਾਂ ਤਾਂ ਅਲੋਪ ਸੀ ਸਿਰਫ ਗਰ ਗਰ ਹੀ ਸੁਣਦਾ ਸੀ। ਪਾਰਕ ਵਿੱਚ ਸੈਰ ਕਰਦਿਆਂ ਸਾਰੇ ਹੀ
ਵੀਰਾਂ ਨੇ ਤੜਕੇ ਜਾਗ ਖੁਲਣ ਦੀ ਤੇ ਬੇ ਅਰਾਮੀ ਦੀ ਗੱਲ ਕਹਿ ਦਿਤੀ। ਕੀ ਇੰਜ ਉੱਚੀ ਸਿਮਰਣ ਕੀਤਿਆਂ
ਜਾਂ ਕੂਕਿਆਂ ਰਬ ਜੀ ਜ਼ਿਆਦਾ ਖੁਸ਼ ਹੁੰਦੇ ਹਨ? ਕੀ ਰੱਬ ਜੀ ਬੋਲ਼ੇ ਹਨ? ਜੇ ਰੱਬ ਜੀ ਸਾਡੇ ਅੰਦਰ ਹੀ
ਨਿਵਾਸ ਕਰ ਰਹੇ ਹਨ ਤਾਂ ਫਿਰ ਉੱਚੀ ਉੱਚੀ ਕੂਕ ਕੂਕ ਕੇ ਕਿਸ ਨੂੰ ਅਵਾਜ਼ਾਂ ਮਾਰ ਰਹੇ ਹਾਂ? ਇਸ ਗੱਲ
ਨੂੰ ਸਮਝਣ ਲਈ ਗੁਰਬਾਣੀ ਦਾ ਇੱਕ ਵਾਕ ਜੋ ਕਬੀਰ ਸਾਹਿਬ ਜੀ ਦਾ ਉਚਾਰਣ ਕੀਤਾ ਹੋਇਆ ਹੈ ਉਸ ਦੀ
ਵਿਚਾਰ ਕਰਦੇ ਹਾਂ—
ਕਬੀਰ ਮੁਲਾਂ ਮੁਨਾਰੇ ਕਿਆ ਚਢਹਿ, ਸਾਂਈ ਨ ਬਹਰਾ ਹੋਇ॥
ਜਾ ਕਾਰਨਿ ਤੂੰ ਬਾਂਗ ਦੇਹਿ, ਦਿਲ ਹੀ ਭੀਤਰਿ ਜੋਇ॥ 184
ਸਲੋਕ ਕਬੀਰ ਜੀ ਪੰਨਾ ੧੩੭੪-
ਇਸ ਦਾ ਅਰਥ ਇਹ ਨਹੀਂ ਕਿ ਇਹ ਵਾਕ ਕੇਵਲ ਮੁਸਲਮਾਨ ਵੀਰਾਂ ਲਈ ਹੈ ਤੇ ਸਾਡੇ `ਤੇ ਇਹ ਵਾਕ ਲਾਗੂ
ਨਹੀਂ ਹੁੰਦਾ। ਇੱਕ ਗੱਲ ਜ਼ਰੂਰ ਧਿਆਨ ਵਿੱਚ ਲਿਆਉਣ ਵਾਲੀ ਹੈ ਕਿ ਗੁਰਬਾਣੀ ਸਰਬ ਸਾਂਝੀ, ਸਰਬ ਦੇਸੀ
ਤੇ ਸਰਬ ਕਾਲੀ ਹੈ। ਇਸ ਦਾ ਉਪਦੇਸ਼ ਸਾਰੀ ਮਨੁੱਖਤਾ ਲਈ ਸਾਂਝਾ ਹੈ।
ਗੁਰਬਾਣੀ ਨੇ ਰੱਬ ਸਬੰਧੀ ਇਹ ਸਮਝਾਇਆ ਹੈ ਕਿ ਭਲਿਆ ਪਰਮਾਤਮਾ ਗੁਣਾਂ ਕਰਕੇ ਸਾਡੇ ਅੰਦਰ ਹੀ ਬੈਠਾ
ਹੈ। ਇਹ ਗੁਣ ਗੁਰ-ਗਿਆਨ ਦੁਆਰਾ ਪ੍ਰਗਟ ਕਰਕੇ ਇਹਨਾਂ ਦੀ ਵਰਤੋਂ ਕਰਨੀ ਹੈ। ਜਨੀ ਕਿ ਰੱਬੀ ਗੁਣ
ਸਾਡੇ ਸੁਭਾਅ ਵਿਚੋਂ ਪ੍ਰਗਟ ਹੁੰਦੇ ਹਨ।
ਕੋਈ ਵੀ ਮਜ਼ਹਬ ਧਰਮ ਹੋਵੇ, ਇਨਸਾਨ ਵਾਸਤੇ ਤਦ ਤੀਕ ਹੀ ਲਾਭਦਾਇਕ ਹੈ ਜਦ ਤੀਕ ਉਸ ਦੇ ਦੱਸੇ ਪੂਰਨਿਆਂ
ਉੱਤੇ ਤੁਰ ਕੇ ਮਨੁੱਖ ਆਪਣੇ ਦਿੱਲ ਵਿੱਚ ਭਲਾਈ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਖ਼ਾਲਕ ਅਤੇ ਉਸ ਦੀ
ਖ਼ਲਕਤ ਵਾਸਤੇ ਦਿਲ ਵਿੱਚ ਮੁਹੱਬਤ ਬਣਾਂਦਾ ਹੈ। ਜਦੋਂ ਮਨੁੱਖ ਰਿਵਾਜੀ ਤੌਰ `ਤੇ ਮਜ਼ਹਬ ਦੇ ਅਸੂਲਾਂ
ੳਤੇ ਰਸਮਾਂ ਨੂੰ ਕਰਨ ਲੱਗ ਪੈਂਦਾ ਹੈ, ਪਰ ਇਹ ਨਹੀਂ ਦੇਖਦਾ ਕਿ ਦਿਲ਼ ਵਿੱਚ ਕੋਈ ਭਲੀ ਤਬਦੀਲੀ ਆਈ
ਹੈ ਕਿ ਨਹੀਂ, ਜਾਂ ਕਿਤੇ ਭਲਾਈ ਦੇ ਥਾਂ ਅੰਦਰ ਕਠੋਰਤਾ ਤੁਅਸੱਬ ਆਦਕ ਤਾਂ ਨਹੀਂ ਵੱਧ ਰਹੇ, ਉਸ
ਵੇਲੇ ਉਸ ਦੇ ਸਾਰੇ ਧਾਰਮਕ ਉੱਦਮ ਵਿਅਰਥ ਹੋ ਜਾਂਦੇ ਹਨ।
ਉਪਰੋਕਤ ਸਲੋਕ ਦੇ ਅਖ਼ਰੀਂ ਅਰਥ---- ਹੇ ਕਬੀਰ! (ਆਖ—) ਹੇ ਮੁੱਲਾਂ! ਮਸਜਿਦ ਦੇ ਮੁਨਾਰੇ ਉਤੇ ਚੜ੍ਹਨ
ਦਾ ਤੈਨੂੰ ਆਪ ਨੂੰ ਤਾਂ ਕੋਈ ਫ਼ਾਇਦਾ ਨਹੀਂ ਹੋ ਰਿਹਾ। ਜਿਸ (ਰੱਬ ਦੀ ਨਮਾਜ਼) ਦੀ ਖ਼ਾਤਰ ਤੂੰ ਬਾਂਗ
ਦੇ ਰਿਹਾ ਹੈਂ, ਉਸ ਨੂੰ ਆਪਣੇ ਦਿਲ ਵਿੱਚ ਵੇਖ (ਤੇਰੇ ਅੰਦਰ ਹੀ ਵੱਸਦਾ ਹੈ। ਜੇ ਤੇਰੇ ਆਪਣੇ, ਅੰਦਰ
ਸ਼ਾਂਤੀ ਨਹੀਂ, ਸਿਰਫ਼ ਲੋਕਾਂ ਨੂੰ ਹੀ ਸੱਦ ਰਿਹਾ ਹੈਂ, ਤਾਂ) ਖ਼ੁਦਾ ਬੋਲਾ ਨਹੀਂ (ਉਹ ਤੇਰੇ ਦਿਲ ਦੀ
ਹਾਲਤ ਭੀ ਜਾਣਦਾ ਹੈ, ਉਸ ਨੂੰ ਠੱਗਿਆ ਨਹੀਂ ਜਾ ਸਕਦਾ)
ਵਿਚਾਰ--
ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਬਹੁਤ ਖੂਬਸੂਰਤ ਇੱਕ ਫੁੱਟ ਨੋਟ ਦਿੱਤਾ ਹੈ---
“ਪਠਾਣਾਂ ਮੁਗ਼ਲਾਂ ਦੇ ਰਾਜ ਵੇਲੇ ਅਸਾਡੇ ਦੇਸ਼ ਵਿੱਚ ਇਸਲਾਮੀ ਸ਼ਰਹ ਦਾ ਕਾਨੂੰਨ ਚੱਲਦਾ ਸੀ।
ਭਾਰਤ ਵਾਸੀਆਂ ਵਾਸਤੇ ਅਤੇ ਆਮ ਪਠਾਣਾਂ ਮੁਗ਼ਲਾਂ ਵਾਸਤੇ ਭੀ ਅਰਬੀ ਬੋਲੀ ਬਿਗਾਨੇ ਦੇਸ ਦੀ ਬੋਲੀ ਸੀ;
ਸੋ ਹਰੇਕ ਮੁਸਲਮਾਨ ਕੁਰਾਨ ਸ਼ਰੀਫ਼ ਨੂੰ ਨਹੀਂ ਸੀ ਸਮਝ ਸਕਦਾ। ਇਸ ਦਾ ਨਤੀਜਾ ਇਹ ਨਿਕਲਿਆ ਕਿ ਜਿਥੋਂ
ਤਕ ਕਾਨੂੰਨ ਨੂੰ ਵਰਤਣ ਦਾ ਸੰਬੰਧ ਪੈਂਦਾ ਸੀ, ਰਾਜਸੀ ਤਾਕਤ ਕਾਜ਼ੀਆਂ ਮੌਲਵੀਆਂ ਦੇ ਹੱਥ ਵਿੱਚ ਸੀ
ਕਿਉਂਕਿ ਇਹ ਲੋਕ ਕੁਰਾਨ ਸ਼ਰੀਫ ਦੇ ਅਰਥ ਕਰਨ ਵਿੱਚ ਇਤਬਾਰ-ਜੋਗ ਮੰਨੇ ਜਾਂਦੇ ਸਨ। ਇੱਕ ਪਾਸੇ ਇਹ
ਲੋਕ ਰਾਜਸੀ ਤਾਕਤ ਦੇ ਮਾਲਕ; ਦੂਜੇ ਪਾਸੇ, ਇਹੀ ਲੋਕ ਧਾਰਮਿਕ ਆਗੂ ਆਮ ਲੋਕਾਂ ਨੂੰ ਜੀਵਨ ਦਾ ਸਹੀ
ਰਾਹ ਦੱਸਣ ਵਾਲੇ। ਇਹੀ ਦੋਵੇਂ ਵਿਰੋਧੀ ਗੱਲਾਂ ਇਕੱਠੀਆਂ ਹੋ ਗਈਆਂ। ਰਾਜ ਪ੍ਰਬੰਧ ਚਲਾਣ ਵੇਲੇ
ਗ਼ੁਲਾਮ ਹਿੰਦੂ ਕੌਮ ਉਤੇ ਕਠੋਰਤਾ ਵਰਤਣੀ ਇਹਨਾਂ ਲੋਕਾਂ ਵਾਸਤੇ ਕੁਦਰਤੀ ਗੱਲ ਸੀ। ਪਰ ਇਸ ਕਠੋਰਤਾ
ਨੂੰ ਆਪਣੇ ਵਲੋਂ ਇਹ ਲੋਕ ਇਸਲਾਮੀ ਸ਼ਰਹ ਸਮਝਦੇ ਤੇ ਦੱਸਦੇ ਸਨ। ਸੋ, ਮਜ਼ਹਬ ਵਿਚੋਂ ਇਹਨਾਂ ਨੂੰ
ਸੁਭਾਵਿਕ ਹੀ ਦਿਲ ਦੀ ਕਠੋਰਤਾ ਹੀ ਮਿਲਦੀ ਗਈ। ਜਿਸ ਭੀ ਦੇਸ ਵਿੱਚ ਰਾਜ-ਪ੍ਰਬੰਧ ਕਿਸੇ ਖ਼ਾਸ ਮਜ਼ਹਬ
ਦੇ ਅਸੂਲਾਂ ਅਨੁਸਾਰ ਚਲਾਇਆ ਜਾਂਦਾ ਰਿਹਾ ਹੈ, ਉਸ ਮਜ਼ਹਬ ਦੇ ਪ੍ਰਚਾਰਕਾਂ ਦਾ ਇਹੀ ਹਾਲ ਹੁੰਦਾ ਰਿਹਾ
ਹੈ”।
ਕਬੀਰ ਜੀ ਆਪਣੇ ਵਕਤ ਦੇ ਕਾਜ਼ੀਆਂ ਮੌਲਵੀਆਂ ਦੀ ਇਹ ਹਾਲਤ ਵੇਖ ਕੇ ਇਹਨਾਂ ਸ਼ਲੋਕਾਂ ਵਿੱਚ ਕਹਿ ਰਹੇ
ਹਨ ਕਿ, “ਮਜ਼ਹਬ ਨੇ, ਮਜ਼ਹਬ ਦੀ ਰਹੁ-ਰੀਤੀ ਨੇ, ਬਾਂਗ ਨਿਮਾਜ਼ ਹੱਜ ਆਦਿਕ ਨੇ, ਦਿਲ ਦੀ ਸਫ਼ਾਈ ਸਿਖਾਣੀ
ਸੀ। ਪਰ ਜੇ ਰਿਸ਼ਵਤ, ਕਠੋਰਤਾ, ਤਅੱਸਬ ਆਦਿਕ ਦੇ ਕਾਰਨ ਦਿਲ ਨਿਰਦਈ ਹੋ ਚੁਕਾ ਹੈ, ਸਗੋਂ ਇਹੀ ਕਰਮ
ਦਿਲ ਨੂੰ ਹੋਰ ਕਠੋਰ ਬਣਾਈ ਜਾ ਰਹੇ ਹਨ, ਤਾਂ ਇਹਨਾਂ ਦੇ ਕਰਨ ਦਾ ਕੋਈ ਲਾਭ ਨਹੀਂ”।
ਜੇ ਮੁੱਲਾਂ ਮਸੀਤ ਦੇ ਮੁਨਾਰੇ ਉੱਤੇ ਚੜ੍ਹ ਕੇ ਉੱਚੀ ਅਵਾਜ਼ ਦੇ ਰਿਹਾ ਹੈ ਪਰ ਅੰਦਰਲੇ ਤਲ਼ `ਤੇ ਝਾਕਣ
ਦਾ ਯਤਨ ਨਹੀਂ ਕਰ ਰਿਹਾ। ਕੀ ਅਸੀਂ ਵੀ ਕਿਤੇ ਏਦਾਂ ਤਾਂ ਨਹੀਂ ਕਰ ਰਹੇ? ਕਬੀਰ ਜੀ ਕਹਿ ਰਹੇ ਹਨ ਕਿ
ਐ ਮੁੱਲਾਂ! ਮੈਨੂੰ ਇਹ ਦੱਸਦੇ ਕਿ ਕੀ ਅੱਲਾ ਬੋਲ਼ਾ ਹੈ? ਕੀ ਗੱਲ ਸਿੱਖੀ ਦੇ ਅਜੇਹੇ ਅਲੰਬਦਾਰਾਂ `ਤੇ
ਜਾਂ ਸਾਡੇ ਸਾਰਿਆਂ ਦੇ ਜੀਵਨ `ਤੇ ਨਹੀਂ ਢੁੱਕਦੀ ਜੋ ਰੱਬ ਨੂੰ ਉੱਚੀ ਅਵਾਜ਼ ਵਿੱਚ ਖੁਸ਼ ਕਰਨ ਵਿੱਚ
ਲੱਗੇ ਹੋਏ ਹਨ।
ਮੁੱਲਾਂ ਸਵੇਰੇ ਵੇਲੇ ਜਾਂ ਦਿਨ ਵਿੱਚ ਪੰਜ ਵਾਰ ਬਾਂਗ ਦੇ ਕੇ ਮੁਸਲਮਾਨ ਭਰਾਵਾਂ ਨੂੰ ਇਕੱਠੇ ਹੋਣ
ਦਾ ਸੱਦਾ ਦੇਂਦਾ ਹੈ। ਜਿੱਥੋਂ ਤਕ ਉਸ ਦਾ ਜਾਤੀ ਸਬੰਧ ਹੈ ਉਸ ਬਾਂਗ ਦਾ ਉਸ ਨੂੰ ਕੋਈ ਲਾਭ ਨਹੀਂ ਹੈ
ਕਿਉਂਕਿ ਅੰਦਰਲੀ ਕਠੋਰਤਾ ਤਾਂ ਗਈ ਕੋਈ ਨਹੀਂ। ‘ਸਾਂਈ ਨ ਬਹਰਾ ਹੋਇ’ ਸਾਂਈ, ਖ਼ੁਦਾ ਕੋਈ ਬੋਲ਼ਾ ਨਹੀਂ
ਹੈ ਤੇ ਨਾ ਉਹ ਸਾਡੇ ਤੋਂ ਕੋਈ ਦੂਰ ਹੈ ਉਹ ਸਾਡੇ ਮਨ ਦੇ ਫੁਰਨਿਆਂ ਵਿੱਚ ਹੀ ਬੈਠਾ ਹੋਇਆ ਹੈ। ‘ਦਿਲ
ਹੀ ਭੀਤਰਿ ਜੋਇ’ ਦਿਲ ਤਾਂ ਸਿਰਫ ਸਰੀਰ ਨੂੰ ਖ਼ੂਨ ਹੀ ਦੇ ਰਿਹਾ ਹੈ। ਇਸ ਦਾ ਭਾਵ ਅਰਥ ਹੈ ਪਰਮਾਤਮਾ
ਦੇ ਗੁਣ ਸਾਡੀ ਸੋਚ ਦਾ ਹਿੱਸਾ ਹਨ ਪਰ ਅਸੀਂ ਉਹਨਾਂ ਗੁਣਾਂ ਦੀ ਵਰਤੋਂ ਨਹੀਂ ਕਰ ਰਹੇ। ਸਿਰਫ ਉੱਚੀ
ਉੱਚੀ ਕੂਕ ਕੇ ਲੋਕਾਂ ਨੂੰ ਦੱਸਣ ਦਾ ਜ਼ਰੂਰ ਯਤਨ ਕਰ ਰਹੇ ਹਾਂ ਕਿ ਜੀ ਅਸੀਂ ਤਾਂ ਬਹੁਤ ਸਿਮਰਣ ਕਰ
ਲਿਆ ਹੈ। ਜਿਸ ਦੀ ਖ਼ਾਤਰ ‘ਜਾ ਕਾਰਨਿ ਤੂੰ ਬਾਂਗ ਦੇਹਿ’, ਉੱਚੀ ਉੱਚੀ ਸਿਮਰਣ ਕਰ ਰਹੇ ਹਾਂ ਕੀ ਉਹ
ਸਾਡੇ ਅੰਦਰ ਨਹੀਂ ਹੈ?
ਜਿਸ ਪ੍ਰਕ੍ਰਿਆ ਨੂੰ ਅਸੀਂ ਧਰਮ ਸਮਝ ਲਿਆ ਹੈ, ਧਰਮ ਦਾ ਉਸ ਨਾਲ ਦੂਰ ਦਾ ਵੀ ਵਾਹ-ਵਾਸਤਾ ਨਹੀਂ ਹੈ।
ਜੇ ਮੁਸਲਮਾਨ ਵੀਰ ਨੂੰ ਗੁਰਬਾਣੀ ਕਹਿ ਰਹੀ ਕਿ ਉੱਚੀ ਬਾਂਗ ਦੇਣ ਦਾ ਕੋਈ ਬਹੁਤਾ ਲਾਭ ਨਹੀਂ ਹੈ ਤਾਂ
ਫਿਰ ਇਹ ਸਿਧਾਂਤ ਸਾਡੇ ਤੇ ਵੀ ਲਾਗੂ ਹੁੰਦਾ ਹੈ। ਵਾਜਿਆਂ ਤਬਲਿਆਂ ਦੇ ਉੱਚੀ ਖੜਾਕ ਵਿੱਚ ਕੀਤਾ
ਹੋਇਆ ਸਿਮਰਣ ਨਹੀਂ ਹੈ। ਸਾਡੇ ਗਵਾਂਢ ਜਿੱਥੇ ਸਿਮਰਣ ਸੁਸਾਇਟੀ ਨੇ ਸਵੇਰ ਵੇਲੇ ਪੂਰੀਆਂ ਧੂੜਾਂ
ਪੁੱਟੀਆਂ ਸਨ ਉਸ ਦਾ ਪ੍ਰਭਾਵ ਸਾਡੇ ਜੀਵਨ `ਤੇ ਵੀ ਹੋਣਾ ਚਾਹੀਦਾ ਸੀ। ਸਵੇਰ ਵੇਲੇ ਜਿੰਨਾਂ ਪਲੇਟਾਂ
ਵਿੱਚ ਲੰਗਰ ਛੱਕਿਆ ਸੀ ਉਹਨਾਂ ਨੂੰ ਨਹੀਂ ਸਾਂਭਿਆ ਗਿਆ। ਉਹ ਮਹੀਨੇ ਬਾਅਦ ਵੀ ਕੰਧਾਂ ਨਾਲ ਲੱਗੀਆਂ
ਦੱਸ ਰਹੀਆਂ ਸਨ ਕਿ ਸਾਡੇ ਵਿੱਚ ਸਿਮਰਣ ਸੁਸਾਇਟੀ ਵਾਲਿਆਂ ਨੇ ਲੰਗਰ ਛੱਕਿਆ ਸੀ। ਰੱਬ ਸਾਰੀ ਦੁਨੀਆਂ
ਦੀ ਸੇਵਾ ਕਰ ਰਿਹਾ ਹੈ ਤਾਂ ਕੀ ਫਿਰ ਅਸੀਂ ਇਹ ਗੁਣ ਨਹੀਂ ਲੈ ਸਕਦੇ। ਸਰਕਾਰੀ ਸਫ਼ਾਈ ਸੇਵਕ ਨਾਲ ਘਰ
ਵਾਲੇ ਬੇ-ਫ਼ਜੂਲ ਝਗੜਾ ਕਰਦਿਆਂ, ਰੋਹਬ ਝਾੜ ਰਹੇ ਸਨ, ਤੂੰ ਮਹੱਲੇ ਦੀ ਸਫ਼ਾਈ ਨਹੀਂ ਕਰਦਾ। ਅਸੀਂ
ਤੇਰੀ ਸ਼ਕਾਇਤ ਲਾਵਾਂਗੇ। ਪਰ ਇਹ ਨਾਮ ਸਿਮਰਣ ਵਾਲੇ ਵੀਰ ਥੋੜੀ ਜੇਹੀ ਵੀ ਸੇਵਾ ਕਰਨ ਲਈ ਤਿਆਰ ਨਹੀਂ
ਸਨ। ਸਿੱਖੀ ਅਤਮਕ ਸੂਝ ਵਾਲੇ ਗੁਣਾਂ ਦੀ ਵਰਤੋਂ ਕਰਨ ਦੀ ਤਾਗੀਦ ਕਰ ਰਹੀ ਹੈ। ਰੱਬ ਜੀ ਕੋਈ ਬੋਲ਼ੇ
ਨਹੀਂ ਹਨ ਉਹ ਸ਼ੁਭ ਗੁਣਾਂ ਦੇ ਰੂਪ ਵਿੱਚ ਸਾਡੇ ਦਿਮਾਗ ਵਿੱਚ ਹੀ ਬੈਠੇ ਹਨ। ਇਸ ਲਈ ਚੀਕਾਂ, ਕੂਕਾਂ
ਵਾਲੇ ਸਿਮਰਣ ਨੂੰ ਗੁਰਬਾਣੀ ਮਾਨਤਾ ਨਹੀਂ ਦੇਂਦੀ ਬਲ ਕੇ ਅੰਦਰਲੇ ਦੈਵੀ ਦੀ ਵਰਤੋਂ ਕਰਨ ਦੀ ਸਲਾਹ
ਦੇ ਰਹੀ ਹੈ ਤੇ ਏਹੀ ਰੱਬ ਜੀ ਦਾ ਮਿਲਾਪ ਹੈ।
ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣੀ॥
ਸਹਜਿ ਸੰਤੋਖਿ ਸੀਗਾਰਿਆ ਮਿਠਾ ਬੋਲਣੀ॥
ਪਿਰੁ ਰੀਸਾਲੂ ਤਾ ਮਿਲੈ ਜਾ ਗੁਰ ਕਾ ਸਬਦੁ ਸੁਣੀ॥
ਸਿਰੀ ਰਾਗ ਮਹਲਾ ੧ ਪੰਨਾ ੧੭
ਸ਼ਬਦ ਦੀ ਵੀਚਾਰ ਜ਼ਿੰਦਗੀ ਦਾ ਅਧਾਰ, ਹੈ ਕਨਾਅ ਅਨੰਦ---