ਰਿੱਧੀਆਂ-ਸਿੱਧੀਆਂ
ਗੁਰਬਾਣੀ ਵਿੱਚ ਗੁਰਮਤਿ ਪ੍ਰਕਾਸ਼
ਤੋਂ ਪਹਿਲਾਂ ਦੀ ਪ੍ਰਚਲਤ ਸ਼ਬਦਾਵਲੀ ਦੇ ਕਈ ਸ਼ਬਦ ਆਏ ਹਨ। ਅਜਿਹੇ ਸ਼ਬਦਾਂ ਵਿੱਚੋਂ ਹੀ ‘ਰਿਧਿ ਸਿਧਿ’
ਸ਼ਬਦ ਵੀ ਹੈ। ਬਾਣੀ ਵਿੱਚ ‘ਰਿਧਿ- ਸਿਧਿ’ ਦੇ ਸਬੰਧ ਵਿੱਚ ਜੋ ਧਾਰਨਾ ਪ੍ਰਚਲਤ ਸੀ, ਉਸ ਤੋਂ ਮਨੁੱਖ
ਨੂੰ ਉਪਰ ਉਠਾਉਣ ਲਈ ਕਿਧਰੇ ਤਾਂ ਇਨ੍ਹਾਂ ਦੀ ਪ੍ਰਾਪਤੀ ਦਾ ਢੌਂਗ ਰਚਨ ਵਾਲਿਆਂ ਦੀ ਅਸਲੀਅਤ ਲੋਕਾਈ
ਦੇ ਸਾਹਮਣੇ ਰੱਖੀ ਹੈ; ਕਿਧਰੇ ਰੱਬੀ ਗੁਣਾਂ ਨੂੰ ਧਾਰਨ ਕਰਨ ਦੀ ਪ੍ਰੇਰਨਾ ਦੇ ਕੇ ਕਿਹਾ ਹੈ ਕਿ
ਇਨ੍ਹਾਂ ਗੁਣਾਂ ਨੂੰ ਧਾਰਨ ਕਰਨਾ ਹੀ ਅਸਲ ‘ਰਿਧਿ-ਸਿਧਿ’ ਹੈ। ਕਿਤੇ ਸਪਸ਼ਟ ਰੂਪ ਵਿੱਚ ਇਨ੍ਹਾਂ ਨੂੰ
ਆਤਮਕ ਰਸਤੇ ਦੀ ਰੁਕਾਵਟ ਆਖ ਕੇ ਮਨੁੱਖ ਨੂੰ ਇਨ੍ਹਾਂ ਤੋਂ ਉਪਰ ਉੱਠਣ ਲਈ ਉਤਸ਼ਾਹਤ ਕੀਤਾ ਹੈ। ਕਿਧਰੇ
ਇਨ੍ਹਾਂ ਦੇ ਪ੍ਰਚਲਤ ਹੋਂਦ ਤੋਂ ਇਨਕਾਰ ਕਰਦਿਆਂ ਹੋਇਆਂ ‘ਰਿਧਿ ਸਿਧਿ’ ਨਵੀਂ ਪ੍ਰੀਭਾਸ਼ਾ ਕਾਇਮ ਕੀਤੀ
ਹੈ।
ਗੁਰਬਾਣੀ ਦੀਆਂ ਜਿਨ੍ਹਾਂ ਪੰਗਤੀਆਂ ਵਿੱਚ ‘ਰਿਧਿ-ਸਿਧਿ’ ਸ਼ਬਦ ਦੇ ਉਪਰੋਕਤ ਕਥਨ ਕੀਤੇ ਭਾਵਾਰਥ
ਨਿਕਲਦਾ ਹੈ, ਉਨ੍ਹਾਂ ਦੀ ਚਰਚਾ ਕਰਨ ਤੋਂ ਪਹਿਲਾਂ ਸੰਖੇਪ ਵਿੱਚ ‘ਰਿਧਿ ਸਿਧਿ’ ਦੇ ਪ੍ਰਚਲਤ ਅਰਥ
ਅਤੇ ਇਨ੍ਹਾਂ ਦੀ ਗਿਣਤੀ ਬਾਰੇ ਚਰਚਾ ਕਰ ਰਹੇ ਹਾਂ।
ਰਿਧਿ/ ਰਿਧੀ ਦਾ ਅਰਥ ਹੈ: ਕਾਮਯਾਬੀ, ਸਫਲਤਾ; ਤਰੱਕੀ ਅਤੇ ਵਿਭੂਤੀ, ਸੰਪਦਾ। ਭਾਈ ਕਾਨ੍ਹ ਸਿੰਘ ਨੇ
‘ਸਿਧਿ’ ਸ਼ਬਦ ਦੇ ਮਹਾਨ ਕੋਸ਼ ਵਿੱਚ ਅਰਥ ਕੀਤੇ ਹਨ: 1. ਕਰਾਮਾਤ, ਅਲੌਕਕ ਸ਼ਕਤੀ। 2. ਕਾਮਯਾਬੀ, ਕੰਮ
ਵਿੱਚ ਸਫਲਤਾ। 3. ਮੁਕਤਿ, ਨਿਜਾਤ। 4. ਬੁੱਧਿ। 5. ਸੰਪਦਾ, ਵਿਭੂਤਿ। 6. ਵਿਜਯ, ਜਿੱਤ। 7. ਅੱਠ
ਸੰਖਯਾ ਬੋਧਕ, ਕਿਉਂਕਿ ਮੁੱਖ ਸਿੱਧੀਆਂ ਅੱਠ ਮੰਨੀਆਂ ਹਨ। (ਮਹਾਨ ਕੋਸ਼) ‘ਰਿਧਿ-ਸਿਧਿ’ ਦਾ ਅਰਥ ਹੈ:
ਧਨ ਦੌਲਤ ਅਤੇ ਸਫਲਤਾ; ਹਰ ਤਰ੍ਹਾਂ ਦੀ ਵਿਭੂਤੀ, ਮਹਿਮਾਂ ਅਤੇ ਸ਼ਕਤੀ। (ਹਿੰਦੀ ਸ਼ਬਦ ਕੋਸ਼)
ਪਾਤੰਜਲ–ਯੋਗ ਪ੍ਰਦੀਪ ਵਿੱਚ ਸਿੱਧੀਆਂ ਦੀ ਗਿਣਤੀ ਅੱਠ ਦੱਸੀ ਹੋਈ ਹੈ। ਇਨ੍ਹਾਂ ਅੱਠ ਸਿੱਧੀਆਂ ਤੋਂ
ਇਲਾਵਾ ਦਸ ਸਿੱਧੀਆਂ ਜਿਨ੍ਹਾਂ ਦਾ ਵਰਣਨ ਪੁਰਾਣਿਕ ਸਾਹਿਤ ਵਿੱਚ ਹੈ ਮਿਲਾ ਕੇ ਅਠਾਰਾਂ ਸਿੱਧੀਆਂ
ਬਣਦੀਆਂ ਹਨ। ਇਹ ਅਠਾਰਾਂ ਸਿੱਧੀਆਂ ਇਹ ਮੰਨੀਆਂ ਜਾਂਦੀਆਂ ਹਨ: ਅਣਿਮਾ (ਬਹੁਤ ਛੋਟਾ ਹੋ ਜਾਣਾ),
ਮਹਿਮਾ (ਵੱਡਾ ਹੋ ਜਾਣਾ), ਗਰਿਮਾ (ਭਾਰੀ ਹੋ ਜਾਣਾ), ਲਘਿਮਾ (ਹੌਲਾ ਹੋ ਜਾਣਾ), ਪ੍ਰਾਪਿਤ
(ਮਨਵਾਂਛਿਤ ਵਸਤੂ ਹਾਸਿਲ ਹੋ ਜਾਣਾ), ਪ੍ਰਾਕਾਮਯ (ਸਭ ਦੇ ਮਨ ਦੀ ਜਾਣ ਲੈਣੀ), ਈਸ਼ਿਤਾ (ਆਪਣੀ ਇੱਛਾ
ਅਨੁਸਾਰ ਸਭ ਨੂੰ ਪ੍ਰੇਰਨਾ), ਵਸ਼ਿਤਾ (ਸਭ ਨੂੰ ਕਾਬੂ ਕਰ ਲੈਣਾ)।
ਦਸ ਸਿੱਧੀਆਂ ਇਹ ਹਨ: ਅਨੂਰਮਿ (ਭੁੱਖ ਤੇਹ ਦਾ ਨਾ ਵਿਆਪਣਾ), ਦੂਰ ਸ਼੍ਰਵਣ (ਦੂਰੋਂ ਸਭ ਦੀ ਗੱਲ ਸੁਣ
ਲੈਣੀ), ਦੂਰ ਦਰਸ਼ਨ (ਦੂਰ ਦੇ ਨਜ਼ਾਰੇ ਅੱਖਾਂ ਸਾਮ੍ਹਣੇ ਵੇਖਣੇ), ਮਨੋਵੇਗ (ਮਨ ਦੀ ਚਾਲ ਤੁੱਲ ਛੇਤੀ
ਜਾਣਾ), ਕਾਮ ਰੂਪ (ਜੇਹਾ ਮਨ ਚਾਹੇ ਤੇਹਾ ਰੂਪ ਧਾਰਨ ਕਰ ਲੈਣਾ), ਪਰਕਾਯ ਪ੍ਰਵੇਸ਼ (ਮਨ ਦਾ ਦੇਹ
ਵਿੱਚ ਪ੍ਰਵੇਸ਼ ਕਰ ਜਾਣਾ), ਸਵਛੰਦ ਮ੍ਰਿਤਯੁ (ਆਪਣੀ ਇੱਛਾ ਅਨੁਸਾਰ ਮਰਨਾ), ਸੁਰਕ੍ਰੀੜਾ (ਦੇਵਤਿਆਂ
ਨਾਲ ਮਿਲਕੇ ਮੌਜਾਂ ਲੁੱਟਣੀਆਂ), ਸੰਕਲਪ ਸਿੱਧਿ (ਜੋ ਚਿਤਵਣਾ ਸੋ ਪੂਰਾ ਹੋ ਜਾਣਾ), ਅਪ੍ਰਤ੍ਰਿਹਤ
ਗਤਿ (ਕਿਸੇ ਥਾਂ ਜਾਣ ਵਿੱਚ ਰੁਕਾਵਟ ਨਾ ਪੈਣੀ)।
ਇਹ ਮੰਨਿਆ ਜਾਂਦਾ ਹੈ ਕਿ ਵਿਸ਼ੇਸ਼ ਮੰਤ੍ਰਾਂ ਦਾ ਵਿਸ਼ੇਸ਼ ਵਿਧੀ ਨਾਲ ਜਾਪ ਕਰਨ ਨਾਲ ਇਨ੍ਹਾਂ ਨੂੰ
ਪ੍ਰਾਪਤ ਕੀਤਾ ਜਾ ਸਕਦਾ ਹੈ।
ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਕਿਧਰੇ ਅੱਠ ਸਿੱਧੀਆਂ ਅਤੇ ਕਿਧਰੇ ਅਠਾਰਾਂ ਸਿੱਧੀਆਂ ਦਾ ਵਰਣਨ
ਆਇਆ ਹੈ। ਜਿਵੇਂ; (ੳ) ਸਗਲ ਪਦਾਰਥ ਅਸਟ ਸਿਧਿ ਨਾਮ ਮਹਾ ਰਸ ਮਾਹਿ॥
(ਪੰਨਾ 203) ਅਰਥ: ਹੇ ਭਾਈ! ਦੁਨੀਆ ਦੇ ਸਾਰੇ ਪਦਾਰਥ (ਜੋਗੀਆਂ ਦੀਆਂ) ਅੱਠੇ ਸਿੱਧੀਆਂ ਸਭ
ਤੋਂ ਸ੍ਰੇਸ਼ਟ ਰਸ ਨਾਮ-ਰਸ ਵਿੱਚ ਮੌਜੂਦ ਹਨ।
(ਅ) ਸਭ ਨਿਧਾਨ ਦਸ ਅਸਟ ਸਿਧਾਨ ਠਾਕੁਰ ਕਰ ਤਲ ਧਰਿਆ॥ (ਪੰਨਾ 495)
ਅਰਥ: (ਹੇ ਮਨ! ਦੁਨੀਆ ਦੇ) ਸਾਰੇ ਖ਼ਜ਼ਾਨੇ, ਅਠਾਰਾਂ ਸਿੱਧੀਆਂ (ਕਰਾਮਾਤੀ ਤਾਕਤਾਂ) —ਇਹ ਸਭ
ਪਰਮਾਤਮਾ ਦੇ ਹੱਥਾਂ ਦੀਆਂ ਤਲੀਆਂ ਉਤੇ ਟਿਕੇ ਰਹਿੰਦੇ ਹਨ।
ਗੁਰੂ ਗ੍ਰੰਥ ਸਾਹਿਬ ਵਿੱਚ ‘ਰਿਧੀਆਂ-ਸਿਧੀਆਂ’ ਬਾਰੇ ਉਪਰੋਕਤ ਧਾਰਨਾ ਰੱਖਣ ਵਾਲਿਆਂ ਅਥਵਾ ਇਨਾਂ
ਰਿੱਧੀਆਂ-ਸਿੱਧੀਆਂ ਦੀ ਪ੍ਰਾਪਤੀ ਦਾ ਦਾਅਵਾ ਕਰਨ ਵਾਲਿਆਂ ਬਾਰੇ ਇਸ ਤਰ੍ਹਾਂ ਆਖਿਆ ਹੈ:
(ੳ) ਰਿਧਿ ਸਿਧਿ ਜਾ ਕਉ ਫੁਰੀ ਤਬ ਕਾਹੂ ਸਿਉ ਕਿਆ ਕਾਜ॥ ਤੇਰੇ ਕਹਨੇ ਕੀ
ਗਤਿ ਕਿਆ ਕਹਉ ਮੈ ਬੋਲਤ ਹੀ ਬਡ ਲਾਜ॥ (ਪੰਨਾ1103) ਅਰਥ: (ਹੇ ਜੋਗੀ! ਤੂੰ ਆਖਦਾ ਹੈਂ
‘ਮੈਨੂੰ ਰਿੱਧੀਆਂ ਸਿੱਧੀਆਂ ਫੁਰ ਪਈਆਂ ਹਨ’, ਪਰ) ਤੇਰੇ ਨਿਰਾ (ਇਹ ਗੱਲ) ਆਖਣ ਦੀ ਹਾਲਤ ਮੈਂ ਕੀਹ
ਦੱਸਾਂ? ਮੈਨੂੰ ਤਾਂ ਗੱਲ ਕਰਦਿਆਂ ਸ਼ਰਮ ਆਉਂਦੀ ਹੈ। (ਭਲਾ, ਹੇ ਜੋਗੀ!) ਜਿਸ ਮਨੁੱਖ ਦੇ ਨਿਰਾ
ਫੁਰਨਾ ਉੱਠਣ ਤੇ ਹੀ ਰਿੱਧੀਆਂ ਸਿੱਧੀਆਂ ਹੋ ਪੈਣ, ਉਸ ਨੂੰ ਕਿਸੇ ਹੋਰ ਦੀ ਕੀਹ ਮੁਥਾਜੀ ਰਹਿੰਦੀ
ਹੈ? (ਤੇ ਤੂੰ ਅਜੇ ਭੀ ਮੁਥਾਜ ਹੋ ਕੇ ਲੋਕਾਂ ਦੇ ਦਰ ਤੇ ਭਟਕਦਾ ਹੈਂ)।
(ਅ) ਆਂਟ ਸੇਤੀ ਨਾਕੁ ਪਕੜਹਿ ਸੂਝਤੇ ਤਿਨਿ ਲੋਅ॥ ਮਗਰ ਪਾਛੈ ਕਛੁ ਨ
ਸੂਝੈ ਏਹੁ ਪਦਮੁ ਅਲੋਅ॥ (ਪੰਨਾ 663) ਅਰਥ: ਹੱਥ ਦੇ ਅੰਗੂਠੇ ਤੇ ਨਾਲ ਦੀਆਂ ਦੋ ਉਂਗਲਾਂ
ਨਾਲ ਇਹ (ਆਪਣਾ) ਨੱਕ ਫੜਦੇ ਹਨ (ਸਮਾਧੀ ਦੀ ਸ਼ਕਲ ਵਿਚ ਬੈਠ ਕੇ ਮੂੰਹੋਂ ਆਖਦੇ ਹਨ ਕਿ) ਤਿੰਨੇ ਹੀ
ਲੋਕ ਦਿੱਸ ਰਹੇ ਹਨ, ਪਰ ਆਪਣੀ ਹੀ ਪਿੱਠ ਪਿਛੇ ਪਈ ਕੋਈ ਚੀਜ਼ ਨਹੀਂ ਦਿੱਸਦੀ। ਇਹ ਅਸਚਰਜ ਪਦਮ ਆਸਨ
ਹੈ।
ਇਨ੍ਹਾਂ ਰਿੱਧੀਆਂ-ਸਿੱਧੀਆਂ ਦੀ ਪ੍ਰਾਪਤੀ ਲਈ ਦੌੜ ਭੱਜ ਕਰਨ ਵਾਲਿਆਂ ਨੂੰ ਇਹ ਸਮਝਾਇਆ ਹੈ ਕਿ ਅਕਾਲ
ਪੁਰਖ ਦਾ ਨਾਮ ਜਪ ਕੇ ਆਪਣੇ ਮਨ ਨੂੰ ਵੱਸ ਕਰਨ ਨਾਲ ਇਹ ਰਿੱਧੀਆਂ-ਸਿੱਧੀਆਂ ਸਹਜੇ ਹੀ ਮਿਲ ਜਾਂਦੀਆਂ
ਹਨ:-ਰਿਧਿ ਸਿਧਿ ਨਵ ਨਿਧਿ ਹਰਿ ਜਪਿ ਜਿਨੀ ਆਤਮੁ ਜੀਤਾ॥ (ਪੰਨਾ 543) ਅਰਥ: ਜਿਨ੍ਹਾਂ ਮਨੁੱਖਾਂ ਨੇ
ਪਰਮਾਤਮਾ ਦਾ ਨਾਮ ਜਪ ਕੇ ਆਪਣੇ ਮਨ ਨੂੰ ਵੱਸ ਵਿਚ ਕਰ ਲਿਆ, ਸਭ ਕਰਾਮਾਤੀ ਤਾਕਤਾਂ ਤੇ ਦੁਨੀਆ ਦੇ
ਨੌ ਹੀ ਖ਼ਜ਼ਾਨੇ ਉਹਨਾਂ ਨੂੰ ਮਿਲ ਜਾਂਦੇ ਹਨ।
ਰਿੱਧੀਆਂ-ਸਿੱਧੀਆਂ ਬਾਰੇ ਪਰੰਪਰਾਗਤ ਸੋਚ ਰੱਖਣ ਵਾਲਿਆਂ ਨੂੰ ਕੇਵਲ ਅਕਾਲ ਪੁਰਖ ਨਾਲ ਹੀ ਜੁੜਨ ਦੀ
ਪ੍ਰੇਰਨਾ ਕਰਦਿਆਂ ਹੋਇਆਂ ਕਹਿੰਦੇ ਹਨ ਕਿ ਇਨ੍ਹਾਂ ਰਿੱਧੀਆਂ- ਸਿੱਧੀਆਂ ਦੇ ਪਿੱਛੇ ਦੌੜਨ ਦੀ ਲੋੜ
ਨਹੀਂ ਹੈ; ਇਹ ਤਾਂ ਉਨ੍ਹਾਂ ਪ੍ਰਾਣੀਆਂ ਦੇ ਪਿੱਛੇ ਪਿੱਛੇ ਤੁਰੀਆਂ ਫਿਰਦੀਆਂ ਹਨ ਜੇਹੜੇ ਪ੍ਰਭੂ ਨੂੰ
ਆਪਣੇ ਹਿਰਦੇ ਵਿੱਚ ਵਸਾਉਂਦੇ ਹਨ:-
(ੳ) ਨਵ ਨਿਧੀ ਅਠਾਰਹ ਸਿਧੀ ਪਿਛੈ ਲਗੀਆ ਫਿਰਹਿ ਜੋ ਹਰਿ ਹਿਰਦੈ ਸਦਾ
ਵਸਾਇ॥ (ਪੰਨਾ 649)।
(ਅ) ਅਠਾਰਹ ਸਿਧੀ ਪਿਛੈ ਲਗੀਆ ਫਿਰਨਿ ਨਿਜ ਘਰਿ ਵਸੈ ਨਿਜ ਥਾਇ॥ (ਪੰਨਾ 91) ਅਰਥ: ਅਠਾਰਾਂ
(ਹੀ) ਸਿੱਧੀਆਂ (ਭਾਵ, ਆਤਮਕ ਸ਼ਕਤੀਆਂ) ਉਸ ਦੇ ਪਿੱਛੇ ਲੱਗੀਆਂ ਫਿਰਦੀਆਂ ਹਨ (ਪਰ ਉਹ ਪਰਵਾਹ ਨਹੀਂ
ਕਰਦਾ ਤੇ) ਆਪਣੇ ਹਿਰਦੇ ਵਿੱਚ ਅਡੋਲ ਰਹਿੰਦਾ ਹੈ।
ਗੁਰੂ ਦੀ ਮੱਤ ਲੈ ਕੇ ਆਪਣੇ ਮਨ ਨੂੰ ਕਾਬੂ ਕਰਨ ਵਾਲਿਆਂ ਦੇ ਇਹ ਰਿੱਧੀਆਂ-ਸਿੱਧੀਆਂ ਪਿੱਛੇ ਪਿੱਛੇ
ਹੀ ਨਹੀਂ, ਸਗੋਂ ਪੈਰੀਂ ਆ ਪੈਂਦੀਆਂ ਹਨ:-
ਸੁਖ ਸਾਗਰ ਹਰਿ ਭਗਤਿ ਹੈ ਗੁਰਮਤਿ ਕਉਲਾ ਰਿਧਿ ਸਿਧਿ ਲਾਗੈ ਪਗਿ ਓਹੈ॥ (ਪੰਨਾ 492) ਅਰਥ: ਹੇ
ਭਰਾਵੋ! ਜਿਸ ਮਨੁੱਖ ਨੂੰ ਗੁਰੂ ਦੀ ਮਤਿ ਦੀ ਬਰਕਤਿ ਨਾਲ ਸੁਖਾਂ ਦੇ ਸਮੁੰਦਰ ਪਰਮਾਤਮਾ ਦੀ ਭਗਤੀ
ਪ੍ਰਾਪਤ ਹੋ ਜਾਂਦੀ ਹੈ, ਲੱਛਮੀ ਉਸ ਦੇ ਚਰਨੀਂ ਆ ਲੱਗਦੀ ਹੈ, ਹਰੇਕ ਰਿਧੀ ਹਰੇਕ ਸਿੱਧੀ ਉਸ ਦੇ
ਪੈਰੀਂ ਆ ਪੈਂਦੀ ਹੈ।
ਚੂੰਕਿ ਗੁਰੂ ਦੀ ਮਤ ਲੈਣ ਵਾਲਿਆਂ ਨੇ ਗੁਰੂ ਪਾਸੋਂ ਇਹ ਗੱਲ ਸਮਝ ਲਈ ਹੈ ਕਿ:-
ਰਿਧਿ ਸਿਧਿ ਅਵਰਾ ਸਾਦ॥ (ਪੰਨਾ 6) ਅਰਥ: ਜੋਗ ਸਾਧਨਾਂ ਦੀ ਰਾਹੀਂ ਪ੍ਰਾਪਤ ਹੋਈਆਂ ਰਿੱਧੀਆਂ ਵਿਅਰਥ
ਹਨ, ਇਹ) ਰਿੱਧੀਆਂ ਤੇ ਸਿੱਧੀਆਂ (ਤਾਂ) ਕਿਸੇ ਹੋਰ ਪਾਸੇ ਖੜਨ ਵਾਲੇ ਸੁਆਦ ਹਨ।
ਗੁਰਬਾਣੀ ਵਿੱਚ ਮਨੁੱਖ ਨੂੰ ਇਹ ਗੱਲ ਸਮਝਾ ਦਿੱਤੀ ਹੈ ਕਿ ਰਿੱਧੀਆਂ-ਸਿੱਧੀਆਂ ਕੇਵਲ ‘ਅਵਰਾ ਸਾਦ’
ਹੀ ਨਹੀਂ, ਮੋਹ ਰੂਪ ਵੀ ਹਨ, ਇਨ੍ਹਾਂ ਵਿੱਚ ਮਨ ਜੋੜਿਆਂ ਨਾਮ-ਰਸ ਦੇ ਸੁਆਦ ਨੂੰ ਨਹੀਂ ਮਾਣ ਸਕੀਦਾ
ਹੈ:-
ਰਿਧਿ ਸਿਧਿ ਸਭੁ ਮੋਹੁ ਹੈ ਨਾਮੁ ਨ ਵਸੈ ਮਨਿ ਆਇ॥ (ਪੰਨਾ 593) ਅਰਥ: ਰਿੱਧੀਆਂ ਤੇ ਸਿੱਧੀਆਂ (ਭੀ)
ਨਿਰੋਲ ਮੋਹ (ਰੂਪ) ਹਨ, (ਇਹਨਾਂ ਨਾਲ) ਹਰੀ ਦਾ ਨਾਮ ਹਿਰਦੇ ਵਿਚ ਨਹੀਂ ਵੱਸ ਸਕਦਾ।
ਇਸ ਲਈ ਪ੍ਰਭੂ ਨਾਮ ਨੂੰ ਹਿਰਦੇ ਵਿੱਚ ਵਸਾਉਣ ਲਈ ਜ਼ਰੂਰੀ ਹੈ ਕਿ ਮਨੁੱਖ ‘ਰਿਧਿ-ਸਿਧਿ’ ਦੇ ਸੁਆਦ
ਤੋਂ ਉਪਰ ਉੱਠੇ:-
ਅਸਟਮੀ ਅਸਟ ਸਿਧਿ ਬੁਧਿ ਸਾਧੈ॥ ਸਚੁ ਨਿਹਕੇਵਲੁ ਕਰਮਿ ਅਰਾਧੈ॥ ਪਉਣ ਪਾਣੀ ਅਗਨੀ ਬਿਸਰਾਉ॥ ਤਹੀ
ਨਿਰੰਜਨੁ ਸਾਚੋ ਨਾਉ॥ ਪੰਨਾ 839) ਅਰਥ: ਜਿਹੜਾ ਮਨੁੱਖ (ਜੋਗੀਆਂ ਵਾਲੀਆਂ) ਅੱਠ ਸਿੱਧੀਆਂ ਹਾਸਲ
ਕਰਨ ਦੀ ਤਾਂਘ ਰੱਖਣ ਵਾਲੀ ਬੁੱਧੀ ਨੂੰ ਆਪਣੇ ਕਾਬੂ ਵਿਚ ਰੱਖਦਾ ਹੈ (ਭਾਵ, ਜੋ ਮਨੁੱਖ ਸਿੱਧੀਆਂ
ਪ੍ਰਾਪਤ ਕਰਨ ਦੀ ਲਾਲਸਾ ਤੋਂ ਉਤਾਂਹ ਰਹਿੰਦਾ ਹੈ), ਜੋ ਪਵਿਤ੍ਰ-ਸਰੂਪ ਸਦਾ-ਥਿਰ ਪ੍ਰਭੂ ਨੂੰ ਉਸ ਦੀ
ਮਿਹਰ ਨਾਲ (ਸਦਾ) ਸਿਮਰਦਾ ਹੈ, ਜਿਸ ਦੇ ਹਿਰਦੇ ਵਿਚ ਰਜੋ ਸਤੋ ਅਤੇ ਤਮੋ ਗੁਣ ਦਾ ਅਭਾਵ ਰਹਿੰਦਾ
ਹੈ, ਉਸੇ ਹਿਰਦੇ ਵਿਚ ਨਿਰਲੇਪ ਪਰਮਾਤਮਾ ਵੱਸਦਾ ਹੈ, ਸਦਾ-ਥਿਰ ਪ੍ਰਭੂ-ਨਾਮ ਵੱਸਦਾ ਹੈ।
ਇਨ੍ਹਾਂ ਰਿੱਧੀਆਂ-ਸਿੱਧੀਆਂ ਲਈ ਯਤਨਸ਼ੀਲ ਹੋਣ ਦੀ ਬਜਾਏ ਪ੍ਰਭੂ ਨਾਮ ਨੂੰ ਹਿਰਦੇ ਵਿੱਚ ਦ੍ਰਿੜ ਕਰਨ
ਦੀ ਲੋੜ ਹੈ। ਨਾਮ ਅਥਵਾ ਪ੍ਰਭੂ ਦੇ ਗੁਣਾਂ ਨੂੰ ਹਿਰਦੇ ਵਿੱਚ ਧਾਰਨ ਕਰਨਾ ਹੀ ਇਨ੍ਹਾਂ ਸ਼ਕਤੀਆਂ ਦੀ
ਪ੍ਰਾਪਤੀ ਦਾ ਸਰੂਪ ਹੈ:-
ਚਤੁਰ ਸਿਆਣਾ ਸੁਘੜੁ ਸੋਇ ਜਿਨਿ ਤਜਿਆ ਅਭਿਮਾਨੁ॥ ਚਾਰਿ ਪਦਾਰਥ ਅਸਟ ਸਿਧਿ ਭਜੁ ਨਾਨਕ ਹਰਿ ਨਾਮੁ॥
(ਪੰਨਾ 297) ਅਰਥ: ਹੇ ਨਾਨਕ! ਪਰਮਾਤਮਾ ਦਾ ਨਾਮ (ਸਦਾ) ਜਪਦਾ ਰਹੁ (ਇਸੇ ਵਿੱਚ ਹਨ ਦੁਨੀਆ ਦੇ)
ਚਾਰੇ ਪਦਾਰਥ ਤੇ (ਜੋਗੀਆਂ ਵਾਲੀਆਂ) ਅੱਠੇ ਕਰਾਮਾਤੀ ਤਾਕਤਾਂ।
ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਨੇ ਅੰਤ ਵਿੱਚ ਇਨ੍ਹਾਂ ਰਿੱਧੀਆਂ-ਸਿੱਧੀਆਂ ਬਾਰੇ ਸਪਸ਼ਟ ਸ਼ਬਦਾਂ
ਵਿੱਚ ਨਿਰਣਾ ਦੇਂਦਿਆਂ ਹੋਇਆਂ ਆਖਿਆ ਹੈ:-
(ੳ) ਗੁਰਮੁਖਿ ਰਿਧਿ ਸਿਧਿ ਸਚੁ ਸੰਜਮੁ ਸੋਈ॥ (ਪੰਨਾ 117)
ਅਰਥ: ਜੇਹੜੇ ਮਨੁੱਖ ਗੁਰੂ ਦੇ ਸਨਮੁਖ ਰਹਿੰਦੇ ਹਨ, ਉਹਨਾਂ ਵਾਸਤੇ ਸਦਾ-ਥਿਰ ਪ੍ਰਭੂ (ਦਾ ਨਾਮ) ਹੀ
ਰਿੱਧੀਆਂ ਸਿੱਧੀਆਂ ਤੇ ਸੰਜਮ ਹੈ।
(ਅ) ਪ੍ਰਭ ਕੈ ਸਿਮਰਨਿ ਰਿਧਿ ਸਿਧਿ ਨਉ ਨਿਧਿ॥ (ਪੰਨਾ 262)
ਅਰਥ: ਪ੍ਰਭੂ ਦੇ ਸਿਮਰਨ ਵਿੱਚ (ਹੀ) ਸਾਰੀਆਂ ਰਿੱਧੀਆਂ ਸਿੱਧੀਆਂ ਤੇ ਨੌ ਖ਼ਜ਼ਾਨੇ ਹਨ।
‘ਰਿਧਿ-ਸਿਧਿ’ ਦੇ ਪ੍ਰਚਲਤ ਭਾਵਾਰਥ ਨੂੰ ਅਪਣਾਉਣ ਦੀ ਥਾਂ ਇਸ ਦੀ ਨਵੇਂ ਸਿਰਿਓਂ ਪ੍ਰੀਭਾਸ਼ ਕਰਦਿਆਂ
ਕਿਹਾ ਹੈ:- ਸਾ ਸਿਧਿ ਸਾ ਕਰਮਾਤਿ ਹੈ ਅਚਿੰਤੁ ਕਰੇ ਜਿਸੁ ਦਾਤਿ॥ ਨਾਨਕ ਗੁਰਮੁਖਿ ਹਰਿ ਨਾਮੁ ਮਨਿ
ਵਸੈ ਏਹਾ ਸਿਧਿ ਏਹਾ ਕਰਮਾਤਿ॥ (ਪੰਨਾ 650) ਅਰਥ: ਇਹੀ (ਉਸ ਦੀ) ਸਿੱਧੀ ਹੈ ਤੇ ਇਹੀ ਕਰਾਮਾਤ ਹੈ
ਕਿ ਚਿੰਤਾ ਤੋਂ ਰਹਿਤ ਹਰੀ ਉਸ ਨੂੰ (ਨਾਮ ਦੀ) ਦਾਤਿ ਬਖ਼ਸ਼ੇ; ਹੇ ਨਾਨਕ! "ਗੁਰੂ ਦੇ ਸਨਮੁਖ ਹੋ ਕੇ
ਹਰੀ ਦਾ ਨਾਮ ਮਨ ਵਿਚ ਵੱਸਦਾ ਹੈ"-ਇਹੀ ਸਿੱਧੀ ਤੇ ਕਰਾਮਾਤ ਹੁੰਦੀ ਹੈ।
ਸਤਿਗੁਰੂ ਜੀ ਮਨੁੱਖ ਨੂੰ ਇਨ੍ਹਾਂ ਰਿੱਧੀਆਂ-ਸਿੱਧੀਆਂ ਦੀ ਅਸਲੀਅਤ ਸਮਝਾਉਣ ਮਗਰੋਂ ਪ੍ਰਭੂ ਦੇ ਦਰ
ਤੋਂ ਮੰਗਣ ਜੋਗ ਵਸਤੂ ਦੀ ਮੰਗ ਕਰਨ ਦੀ ਪ੍ਰੇਰਨਾ ਦੇਂਦੇ ਹੋਏ ਕਹਿੰਦੇ ਹਨ:- ਸਿਧਾ ਸੇਵਨਿ ਸਿਧ ਪੀਰ
ਮਾਗਹਿ ਰਿਧਿ ਸਿਧਿ॥ ਮੈ ਇਕੁ ਨਾਮੁ ਨ ਵੀਸਰੈ ਸਾਚੇ ਗੁਰ ਬੁਧਿ॥ (ਪੰਨਾ 419) ਅਰਥ: (ਲੋਕ) ਸਿੱਧ
ਤੇ ਪੀਰ (ਬਣਨ ਲਈ) ਪੁੱਗੇ ਹੋਏ ਜੋਗੀਆਂ ਦੀ ਸੇਵਾ ਕਰਦੇ ਹਨ, ਤੇ ਉਹਨਾਂ ਪਾਸੋਂ ਰਿੱਧੀਆਂ ਸਿੱਧੀਆਂ
(ਦੀ ਤਾਕਤ) ਮੰਗਦੇ ਹਨ। (ਮੇਰੀ ਇੱਕ ਤੇਰੇ ਅੱਗੇ ਹੀ ਇਹ ਅਰਦਾਸਿ ਹੈ ਕਿ) ਅਭੁੱਲ ਗੁਰੂ ਦੀ ਬਖ਼ਸ਼ੀ
ਬੁੱਧੀ ਅਨੁਸਾਰ ਮੈਨੂੰ ਤੇਰਾ ਨਾਮ ਕਦੇ ਨਾਹ ਭੁੱਲੇ।
ਸੋ, ਗੁਰੂ ਗ੍ਰੰਥ ਸਾਹਿਬ ਵਿੱਚ ‘ਰਿਧਿ-ਸਿਧਿ’ ਦੇ ਪ੍ਰਚਲਤ ਭਾਵਾਰਥ ਨੂੰ ਸਵੀਕਾਰ ਨਹੀਂ ਕੀਤਾ ਗਿਆ
ਹੈ। ਪ੍ਰਭੂ ਦੇ ਨਾਮ/ਗਿਆਨ ਨੂੰ ਹੀ ਅਸਲ ‘ਰਿਧਿ-ਸਿਧਿ’ ਆਖਿਆ ਹੈ। ਇਸ ‘ਰਿਧਿ-ਸਿਧਿ’ ਨੂੰ ਹਾਸਲ
ਕਰਨ ਲਈ ਕਿਸੇ ਵਿਸ਼ੇਸ਼ ਮੰਤ੍ਰ/ਮੰਤ੍ਰਾਂ ਨੂੰ ਕਿਸੇ ਵਿਸ਼ੇਸ਼ ਵਿਧੀ ਨਾਲ ਜਪਣ ਦੀ ਲੋੜ ਨਹੀਂ ਹੈ। ਇਸ
ਨੂੰ ਤਾਂ ਗੁਰਬਾਣੀ ਨੂੰ ਧਿਆਨ ਨਾਲ ਪੜ੍ਹ ਸੁਣ ਵਿਚਾਰ ਕੇ, ਇਸ ਵਿਚਲੇ ਭਾਵ ਨੂੰ ਹਿਰਦੇ ਵਿੱਚ
ਵਸਾਉਣ ਨਾਲ ਹੀ ਪ੍ਰਾਪਤ ਕਰ ਸਕੀਦਾ ਹੈ। ਗੁਰੂ ਸ਼ਬਦ ਦੀ ਬਰਕਤ ਨਾਲ ਇਨ੍ਹਾਂ ਨੂੰ ਹਾਸਲ ਕਰਕੇ
ਸਾਰੀਆਂ ਮਾਇਕ ਭੁੱਖਾਂ ਤੋਂ ਰਹਿਤ ਹੋ ਕੇ ਆਤਮਕ ਤੌਰ `ਤੇ ਤ੍ਰਿਪਤ ਹੋ ਕੇ ਅਨੰਦ ਦਾਇਕ ਜੀਵਨ ਜੀਊ
ਸਕੀਦਾ ਹੈ।
ਅਠ ਸਿਧੀ ਨਿਧੀ ਨਵੈ ਰਿਧਿ ਨ ਗੁਰੁ ਸਿਖੁ ਢਾਕੈ ਟੰਗੈ॥ … ਗੁਰਸਿਖੁ ਦੂਜੇ ਭਾਵਹੁ ਸੰਗੈ॥ (ਭਾਈ
ਗੁਰਦਾਸ ਜੀ-ਵਾਰ 28, ਪਉੜੀ 2)
ਜਸਬੀਰ ਸਿੰਘ ਵੈਨਕੂਵਰ