ਸੰਸਾਰ ਤੱਲ `ਤੇ ਜਿੱਥੇ ਵੀ ਕੋਈ ਧਾਰਮਿਕ ਇਕੱਠ ਹੋਇਆ ਹੋਵੇ, ਉਸ ਨੂੰ
ਸਤਸੰਗ ਹੀ ਕਿਹਾ ਜਾਂਦਾ ਹੈ, ਫ਼ਿਰ ਇਹ ਇਕੱਠ ਭਾਵੇਂ ਕਿਸੇ ਵੀ ਵਿਸ਼ਵਾਸ ਜਾਂ ਧਰਮ ਵਾਲਿਆਂ ਦਾ ਹੋਵੇ।
ਪੱਥਰ ਪੂਜਕਾਂ ਦਾ ਹੋਵੇ, ਮੂਰਤੀ ਪੂਜਕਾਂ ਦਾ, ਮੜ੍ਹੀਆਂ-ਕਬਰਾਂ ਜਾਂ ਤੀਰਥਾਂ ਤੇ ਤੀਰਥ ਇਸ਼ਨਾਨਾਂ
`ਚ ਵਿਸ਼ਵਾਸ ਰਖਣ ਵਾਲਿਆਂ ਦਾ। ਇਸੇ ਤਰ੍ਹਾਂ ਫ਼ਿਰ ਇਹ ਇਕੱਠ ਚਾਹੇ ਕਿਸੇ ਪਾਖੰਡੀ ਤੇ ਦੰਭੀ ਗੁਰੂ
ਜਾਂ ਅਜਿਹੇ ਡੇਰੇ ਆਦਿ ਕਿਸੇ ਪ੍ਰਕਾਰ ਦਾ ਹੋਵ, ਸ਼ਬਦਾਵਲੀ ਉਥੇ ਵੀ ਉਹੀ ਹੁੰਦੀ ਹੈ।
ਦੂਜੇ ਪਾਸੇ ਗੁਰੂਦਰ `ਤੇ ਅਜਿਹਾ ਇਕੱਠ ਚਾਹੇ “ਸਾਹਿਬ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ” ਦਾ ਪ੍ਰਕਾਸ਼ ਕਰ ਕੇ ਹੀ ਕਿਉਂ ਨਾ ਕੀਤਾ ਗਿਆ ਹੋਵੇ, ਜੇ ਉਸ ਇਕੱਠ ਦਾ ਵਿਸ਼ਾ ਇੱਕ
ਅਕਾਲਪੁਰਖ, ਗੁਰਬਾਣੀ ਦੀਆਂ ਵਿਚਾਰਾਂ ਤੇ ਕਰਤੇ ਦੀ ਸਿਫ਼ਤ ਸਲਾਹ ਨਹੀਂ, ਅਤੇ ਉਥੇ ਗੱਲਾਂ ਇਧਰ ਉਧਰ
ਦੀਆਂ ਜਾਂ ਕੁੱਝ ਹੋਰ ਹੋਣ ਤਾਂ ਵੀ ਗੁਰਬਾਣੀ ਦੀ ਕਸਵੱਟੀ ਤੇ ਉਹ ਵੀ ਸਤਿਸੰਗ ਨਹੀਂ।
ਇਸ ਦੇ ਨਾਲ ਜੇਕਰ ਅਜਿਹੇ ਇਕੱਠ `ਚ ਬੇਸ਼ੱਕ “ਸਾਹਿਬ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ” ਦਾ ਪ੍ਰਕਾਸ਼ ਵੀ ਨਾ ਕੀਤਾ ਹੋਵੇ ਪਰ ਉਸ ਦਾ ਆਧਾਰ, ਇਕੋ ਇੱਕ ਅਕਾਲਪੁਰਖ ਤੇ ਗੁਰਬਾਣੀ
ਦੀਆਂ ਵਿਚਾਰਾਂ ਭਾਵ ਕਰਤੇ ਦੀ ਸਿਫ਼ਤ ਸਲਾਹ ਹੀ ਹੋਵੇ ਤਾਂ ਗੁਰਬਾਣੀ ਅਨੁਸਾਰ ਅਜਿਹਾ ਸਤਿਸੰਗ ਤੇ
ਮੇਲ ਜੋਲ ‘ਗੁਰੂ ਕੀ ਸੰਗਤ’ ਜਾਂ ਸਾਧਸੰਗਤ ਹੀ ਹੈ। ਹੋਰ ਤਾਂ ਹੋਰ ਭਾਈ ਗੁਰਦਾਸ ਜੀ ਅਨੁਸਾਰ ਤਾਂ
“ਇਕ ਸਿਖ ਦੁਇ ਸਾਧ ਸੰਗ…” (ਭਾ: ਗੁ: ੧੩/੧੯) ਭਾਵ ਇਹ ਵੀ ਜ਼ਰੂਰੀ ਨਹੀਂ ਕਿ ਅਜਿਹੇ ਇਕੱਠ ਦੀ
ਗਿਣਤੀ ਵੱਡੀ ਹੋਵੇ ਜਾਂ ਬਹੁਤ ਛੋਟੀ ਤੇ ਬੇਸ਼ੱਕ ਉਥੇ ਦੋ ਹੀ ਸੱਜਨ ਕਿਉਂ ਨਾ ਹੋਣ, ਤਾਂ ਵੀ ਉਹ
ਇਕੱਠ ਸਾਧਸੰਗਤ ਅਥਵਾ ਸਤਿਸੰਗ ਹੀ ਹੈ।
“ਕਰਤੇ ਦੀ ਸਿਫ਼ਤ ਸਲਾਹ” ? - ਇਥੇ ਇਹ ਵੀ ਦੇਖਣਾ ਹੈ ਕਿ ਇੱਕ ਅਕਾਲਪੁਰਖ ਤੇ
ਗੁਰਬਾਣੀ ਦੀਆਂ ਵਿਚਾਰਾਂ ਭਾਵ ਕਰਤੇ ਦੀ ਸਿਫ਼ਤ ਸਲਾਹ ਕੀ ਹੈ? ਸਮਝਣਾ ਹੈ ਕਿ ੴ ਤੋਂ ਲੈ ਕੇ “ਤਨੁ
ਮਨੁ ਥੀਵੈ ਹਰਿਆ” ਤੱਕ ਸੰਪੂਰਣ ਗੁਰਬਾਣੀ ੴ ਭਾਵ ਇੱਕ ਅਕਾਲਪੁਰਖ ਦੀ ਹੀ ਵਿਆਖਿਆ, ਉਸ ਦੇ ਗੁਣਾਂ
ਦੀ ਹੀ ਵਿਚਾਰ ਹੈ। ਉਪ੍ਰੰਤ ਉਸ ਵਿਚਾਰ ਰਾਹੀਂ ਮਨੁੱਖਾ ਜੀਵਨ ਅੰਦਰ ਗੁਰਬਾਣੀ ਰਾਹੀਂ ਪ੍ਰਗਟ ਇਲਾਹੀ
ਗੁਣਾਂ ਨੂੰ ਵਸਾਉਣਾ ਤੇ ਜੀਵਨ ਅੰਦਰੋਂ ਅਉਗੁਣਾਂ, ਵਿਕਾਰਾਂ ਦਾ ਨਾਸ ਕਰਣਾ ਹੁੰਦਾ ਹੈ। ਅਜਿਹੇ
ਜੀਵਨ ਅੰਦਰ ਤ੍ਰਿਸ਼ਨਾ, ਭਟਕਣਾ, ਚਿੰਤਾਵਾਂ, ਮੇਰ-ਤੇਰ, ਵਿਤਕਦੇ, ਹੇਰਾ-ਫ਼ੇਰੀਆਂ, ਠੱਗੀਆਂ, ਜੁਰਮ,
ਊਚ-ਨੀਚ ਜਾਂ ਜਾਤ-ਭਾਤ ਦੇ ਭਰਮ ਭੁਲੇਖੇ, ਵਹਿਮ-ਸਹਿਮ, ਕਰਮ ਕਾਂਡ, ਭਿੰਨ ਭਿੰਨ ਇਸ਼ਟਾਂ ਆਦਿ
ਵਾਲੀਆਂ ਗੱਲਾਂ ਰਹਿੰਦੀਆਂ ਹੀ ਨਹੀਂ। ਅਜਿਹੇ ਜੀਵਨ ਅੰਦਰ ਸੁਭਾਅ ਕਰਕੇ ਦਇਆ, ਸੱਚ ਧਰਮ, ਸਦਾਚਾਰ,
ਉਚਾ ਆਚਰਣ ਆਦਿ ਬੇਅੰਤ ਰੱਬੀ ਗੁਣ ਆ ਵਸਦੇ ਹਨ। ਸਪਸ਼ਟ ਹੈ, ਜੇਕਰ ਅਸੀਂ ਸਚਮੁਚ ਹੀ ਸਤਿਸੰਗ ਕਰ ਰਹੇ
ਹਾਂ ਤਾਂ ਸਾਡੇ ਜੀਵਨ ਰਹਿਣੀ ਤੇ ਸੋਚਣੀ ਅੰਦਰੋਂ ਸਹਿਜੇ ਹੀ ਸੱਚ-ਧਰਮ ਦਾ ਪ੍ਰਗਟਾਵਾ ਹੋਵੇਗਾ।
ਅਜਿਹੇ ਜੀਵਨ ਅੰਦਰ “ਨਾ ਕੋ ਬੈਰੀ ਨਹੀ ਬਿਗਾਨਾ, ਸਗਲ ਸੰਗਿ ਹਮ ਕਉ ਬਨਿ ਆਈ” (੧੨੯੯) ਅਤੇ “ਸਭੇ
ਸਾਝੀਵਾਲ ਸਦਾਇਨਿ, ਤੂੰ ਕਿਸੈ ਨ ਦਿਸਹਿ ਬਾਹਰਾ ਜੀਉ” (ਪੰ: ੯੭) ਹੋਰ “ਫਕੜ ਜਾਤੀ ਫਕੜੁ ਨਾਉ॥
ਸਭਨਾ ਜੀਆ ਇਕਾ ਛਾਉ” (ਪੰ: ੮੩) ਪੁਨਾ “ਨਾਨਕ ਚਿੰਤਾ ਮਤਿ ਕਰਹੁ, ਚਿੰਤਾ ਤਿਸ ਹੀ ਹੇਇ॥ ਜਲ ਮਹਿ
ਜੰਤ ਉਪਾਇਅਨੁ, ਤਿਨਾ ਭਿ ਰੋਜੀ ਦੇਇ” (ਪੰ: ੯੫੫) ਵਾਲੇ ਗੁਰਬਾਣੀ ਆਦੇਸ਼ਾਂ ਦੇ ਪ੍ਰਭਾਵ ਸਪਸ਼ਟ
ਪ੍ਰਗਟ ਹੋਣਗੇ।
ਗੁਰੂ ਦਰ `ਤੇ ਸਤਸੰਗ ਤੇ ਸਾਧਸੰਗਤ ਦਾ ਆਰੰਭ- ਜੇਕਰ ਬਹੁਤੇ ਵੇਰਵੇ `ਚ ਨਾ
ਵੀ ਜਾਵੀਏ ਤਾਂ ਵੀ ਕੇਵਲ ਗੁਰੂ ਨਾਨਕ ਪਾਤਸ਼ਹ ਦੇ ਜੀਵਨ `ਚੋਂ ਹੀ ਦਰਸ਼ਨ ਕਰਦੇ ਹਾਂ। ਗੁਰੂ ਨਾਨਕ
ਪਾਤਸ਼ਾਹ ਨੇ ਗੁਰੂਦਰ `ਤੇ ਸਤਸੰਗ ਦਾ ਅਰੰਭ ਕੀਤਾ ਤਾਂ ਭਾਈ ਮਰਦਾਨਾ ਜੀ ਨੂੰ ਲੈ ਕੇ। ਗੁਰਦੇਵ
ਨੇ ਇਸ ਦੇ ਲਈ ਮਿਰਾਸੀ ਕੁਲ ਦੇ ਮਰਦਾਨੇ ਨੂੰ ਸਭ ਤੋਂ ਪਹਿਲਾਂ ਅਪਣੀ ਛਾਤੀ ਨਾਲ ਲਗਾਇਆ। ਸਭ ਤੋਂ
ਪਹਿਲਾਂ ਉਸ ਨੂੰ ਚਰਨ-ਪਾਹੁਲ ਦਿੱਤੀ ਤੇ ਭਾਈ ਕਹਿਕੇ ਨਿਵਾਜਿਆ। ਇਹ ਇੱਕ ਵੱਡਾ ਚੈਲੰਜ ਸੀ, ਸਮੇਂ
ਦੇ ਵਰਣਵੰਡ ਤੇ ਜਾਤਪਾਤ ਦੇ ਮੁਦਇਆਂ ਲਈ। ਗੁਰਦੇਵ ਦੀ ਇਹ ਕਰਣੀ, ਉਨ੍ਹਾਂ ਦੀ ਛਾਤੀ ਤੇ ਮੂੰਗ ਦਲਣ
ਤੋਂ ਕਿਸੇ ਤਰ੍ਹਾਂ ਵੀ ਘਟ ਨਹੀਂ ਸੀ। ਵੱਡੀ ਬੰਬਾਰਮੈਂਟ ਸੀ, ਧਰਮ ਦੇ ਨਾਮ ਹੇਠ ਫੈਲਾਈਆਂ ਜਹਾਲਤਾਂ
ਤੇ ਆਡੰਬਰਾਂ ਤੇ ਜਾਤ-ਪਾਤ ਦੇ ਕੋੜ੍ਹ ਉਪਰ। ਪਾਤਸ਼ਾਹ ਚਾਹੁੰਦੇ ਤਾਂ, ਇਹ ਮਾਨ ਕਿਸੇ ਅਖੌਤੀ ਉੱਚੀ
ਕੁਲ ਦੇ ਮਨੁਖ ਨੂੰ ਵੀ ਬਖਸ਼ ਸਕਦੇ ਸਨ, ਪਰ ਆਪ ਦਾ ਨਿਸ਼ਾਨਾ ਤਾਂ ਮਨੁੱਖ-ਮਨੁੱਖ ਵਿੱਚਕਾਰ ਪਾਏ ਗਏ
ਅਜਿਹੇ ਨਫ਼ਰਤ ਦੇ ਬੀਜ ਦਾ ਨਾਸ ਕਰਨਾ ਸੀ। ਇਸੇ ਲਈ, ਸਭ ਤੋਂ ਪਹਿਲਾਂ ਇਹ ਮਾਨ ਬਖ਼ਸ਼ਿਆ ਵੀ ਤਾਂ
ਮਰਾਸੀ ਕੁਲ `ਚ ਜੰਮੇ ਪਲੇ ਤੇ ਪ੍ਰਵਾਣ ਚੜ੍ਹ ਰਹੇ ‘ਮਰਦਾਨੇ’ ਰਬਾਬੀ ਨੂੰ।
ਇਥੇ ਹੀ ਬੱਸ ਨਹੀਂ, ਕਿੱਥੇ ਮਰਦਾਨੇ ਦਾ ਪਿਤਾ, ਮਰਾਸੀ ਹੋਣ ਦੇ ਨਾਤੇ,
ਇਨ੍ਹਾਂ ਹੀ ਰਾਗਾਂ ਨੂੰ ਵਰਤ ਕੇ ਇਸ਼ਕ ਮਿਜਾਜ਼ੀ ਤੇ ਸਸਤੇ ਕਿਸਮ ਦੇ ਗੀਤ ਗਾਉਂਦਾ ਸੀ। ਮਰਦਾਨੇ ਦੇ
ਉਸੇ ਹੁੱਨਰ ਨੂੰ ਸਾਹਿਬਾਂ ਨੇ ਇਲਾਹੀ ਸਿਫਤਾਂ ਵੱਲ ਮੋੜ ਦਿੱਤਾ। ਦੋ ਵੱਕਤ ਦਾ ਸਤਿਸੰਗ ਗੁਰੂ ਨਾਨਕ
ਪਾਤਸ਼ਾਹ ਦਾ ਨੇਮ ਸੀ ਅਤੇ ਇਸ ਨੇਮ `ਚ ਰਬਾਬ ਦੀ ਸੇਵਾ ਦਾ ਮਾਣ ਮਿਲਿਆ, ਭਾਈ ਮਰਦਾਨੇ ਨੂੰ। ਗੁਰਦੇਵ
ਦੇ ਇਨ੍ਹਾਂ ਸਤਿਸੰਗਾਂ ਦਾ ਇੱਕ ਨਿਸ਼ਾਨਾ ਤਾਂ ਸਮਾਜ ਚੋਂ ਜਾਤ ਪਾਤ ਦੇ ਕੋੜ੍ਹ ਦਾ ਬੀਜ ਨਾਸ ਕਰਣਾ
ਵੀ ਸੀ। ਇਸੇ ਲਈ ਗੁਰਦੇਵ ਨੇ ਇਨ੍ਹਾਂ ਸਤਿਸੰਗਾਂ ਦੀ ਅਗਵਾਹੀ ਬਖ਼ਸ਼ੀ ਤਾਂ ਮਰਦਾਨਾ ਜੀ ਨੂੰ। ਇਸੇ ਦਾ
ਨਤੀਜਾ, ਉੱਚੀਆਂ ਕੁਲਾਂ ਦੇ ਸੱਦਵਾਉਣ ਵਾਲੇ ਵੀ ਜਦੋਂ ਆਪਣੇ ਮਨਾਂ ਅੰਦਰੋੰ ਜਾਤ-ਪਾਤ ਦਾ ਭਰਮ ਕਢ
ਕੇ ਇਨ੍ਹਾਂ ਸਤਿਸੰਗਾਂ `ਚ ਸ਼ਾਮਿਲ ਹੁੰਦੇ ਤਾਂ ਸਚਮੁਚ ਉਹ ਲੋਕ ਵੀ ਇਨ੍ਹਾਂ ਸਤਿਸੰਗਾਂ ਦਾ ਰਸ
ਮਾਣਦੇ, ਭਾਈ ਮਰਦਾਨੇ ਰਾਹੀਂ ਵੱਜ ਰਹੀ ਰਬਾਬ ਰਸਤੇ। ਅਜਿਹੇ ਸਮੇਂ ਮਰਦਾਨੇ ਰਾਹੀਂ ਵਜ ਰਹੀ ਰਬਾਬ
ਸਚਮੁਚ ਉਨ੍ਹਾਂ ਸਤਸੰਗੀਆਂ ਦੇ ਮਨਾਂ ਅੰਦਰ ਮਨੁੱਖੀ ਬਰਾਬਰੀ ਦਾ ਹੁਲਾਰਾ ਭਰਦੀ ਸੀ।
ਇਥੇ ਹੀ ਬੱਸ ਨਹੀਂ ਜਦੋਂ ਆਪ ਨੇ ਆਪਣੇ ਪ੍ਰਚਾਰ ਦੌਰਿਆਂ (ਉਦਾਸੀਆਂ) ਦਾ
ਆਰੰਭ ਵੀ ਕੀਤਾ ਤਾਂ ਉਹ ਵੀ ਮਲਕ ਭਾਗੋ ਤੋਂ ਨਹੀਂ ਬਲਕਿ ਭਾਈ ਲਾਲੋ ਤਰਖ਼ਾਨ ਤੋਂ। ਇਸੇ ਸਾਰੇ ਦਾ
ਨਤੀਜਾ ਸੀ ਕਿ ਵਿਸਾਖੀ ੧੬੯੯ ਨੂੰ ਦਸਮੇਸ਼ ਜੀ ਨੇ ਨੰਗੀ ਤਲਵਾਰ ਦੀ ਧਾਰ `ਤੇ ਜਦੋਂ ਪੰਥ ਦਾ
ਇਮਤਿਹਾਨ ਲਿਆ ਤਾਂ ਪਹਿਲੇ ਨਿਤਰਣ ਵਾਲੇ ਪੰਜ ਪਿਆਰਿਆਂ `ਚੋਂ ਚਾਰ ਉਹ ਸਨ ਜੋ ਸਮਾਜ ਦੀ ਇਸ ਕਾਣੀ
ਵੰਡ ਅਨੁਸਾਰ ਜਿਨ੍ਹਾਂ ਦੇ ਪੂਰਵਜ ਪੰਜਵੇ, ਛੇਵੇਂ ਜਾਮਿਆਂ ਆਦਿ ਸਮੇਂ ਇਨ੍ਹਾਂ ਅਖੌਤੀ ਸ਼ੂਦਰ
ਜਾਤੀਆਂ `ਚੋਂ ਹੀ ਗੁਰੂ ਦਰ `ਤੇ ਆਏ ਸਨ।
ਇਸ ਦੇ ਉਲਟ ਅੱਜ ਸੰਸਾਰ ਭਰ `ਚ ਫੈਲ ਚੁੱਕੇ ਗੁਰਦੁਆਰੇ ਤੇ ਉਨ੍ਹਾਂ `ਚ ਜੁੜ
ਰਹੀਆਂ ਗੁਰੂ ਕੀਆਂ ਸੰਗਤਾਂ ਜੇ ਸਚਮੁਚ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਜੀ ਦੇ ਦਰ ਦੀਆਂ ਸੰਗਤਾਂ
ਹਨ ਤਾਂ ਇਨ੍ਹਾਂ ਵਿਚਾਲੇ ਮਜ਼ਹਬੀ, ਜਟ, ਭਾਪੇ, ਰਾਮਗੜ੍ਹੀਏ, ਰਵੀਦਾਸੀਏ, ਕਬੀਰ ਪੰਥੀਏ, ਸਤਨਾਮੀਏ,
ਸਿਕਲੀਗਰ, ਖਤ੍ਰੀ ਟਾਂਕ, ਬ੍ਰਾਹਮਣ ਸਿੱਖ, ਮਲਿਕ ਭਾਗੋਆਂ (ਧੰਨਾਢ ਜਾਂ ਉੱਚ ਜਾਤੀਏ ਸਿੱਖ),
ਵਿਸ਼ਕਰਮਾਂ ਦੇ ਪੁਜਾਰੀਆਂ ਆਦਿ ਵਾਲੀਆਂ ਵੰਡੀਆਂ ਕਿਉਂ? ਅੱਜ ਅਖੌਤੀ ਮਜ਼੍ਹਬੀ ਤੇ ਅਖੌਤੀ ਪਛੜੀਆਂ
ਜਾਤਾਂ ਦੇ ਸਿੱਖਾਂ ਦੇ ਨਾਮ `ਤੇ ਉਨ੍ਹਾਂ ਦੇ ਗੁਰਦੁਆਰੇ ਤੇ ਸ਼ਮਸ਼ਾਨ ਘਾਟ ਵੱਖ ਕਿਉਂ? ਕੀ ਅੱਜ ਇਹ
ਆਪਣੇ ਆਪ ਨੂੰ ਧਨਾਢ ਜਾਂ ਉੱਚ ਜਾਤੀਏ ਅਖਵਾਉਣ ਵਾਲੇ ਸਿੱਖਾਂ ਦਾ ਸਿੱਖ ਧਰਮ `ਤੇ ਕੋਝਾ ਵਾਰ ਤਾਂ
ਨਹੀਂ? ਅੱਜ ਸਿੱਖ ਪ੍ਰਵਾਰਾਂ ਵਿਚੋਂ ਸਿੰਘ-ਕੌਰ ਵਾਲੀ ਸਾਡੀ ਗੋਰਵਮਈ ਪ੍ਰਵਾਰਕ ਪਹਿਚਾਣ ਕੌਣ ਖਤਮ
ਕਰ ਰਿਹਾ ਹੈ? ਅਤੇ ਇਸ ਦੇ ਬਦਲੇ `ਚ ਪਣਪ ਰਹੀਆਂ ਹਨ ਜਾਤ-ਵਰਣ ਵਾਲੀਆਂ ਪੂਛਲਾਂ, ਜਿਹੜੀਆਂ ਇੱਕ
ਵਾਰੀ ਫ਼ਿਰ ਸਿੱਖ ਸੰਗਤਾਂ ਨੂੰ ਗੁਰੂ ਸਾਹਿਬ ਦੀ ਨਿੱਘੀ ਗੋਦ `ਚੋਂ ਕਢ ਕੇ ਜਾਤ-ਪਾਤ ਤੇ ਵਰਣ ਵੰਡ
ਦੀ ਦਲ-ਦਲ ਵੱਲ ਧੱਕ ਰਹੀਆਂ ਹਨ।
ਦੂਜੇ ਲਫ਼ਜ਼ਾਂ `ਚ ਅੱਜ ਸੰਸਾਰ ਭਰ `ਚ ਫ਼ੈਲ ਚੁੱਕੇ ਗੁਰਦੁਆਰੇ ਤੇ ਉਨ੍ਹਾਂ `ਚ
ਜੁੜ ਰਹੀਆਂ ਗੁਰੂ ਕੀਆਂ ਸੰਗਤਾਂ ਜੇ ਸਚਮੁਚ ਹੀ ਗੁਰਬਾਣੀ ਜੀਵਨ ਦੀਆਂ ਉਚਾਈਆਂ ਨਾਲ ਬੱਝੇ ਹੁੰਦੇ
ਤਾਂ ਗੁਰੂ ਕੀਆਂ ਅਜੋਕੀਆਂ ਸੰਗਤਾਂ ਵੀ, ਗੁਰਬਾਣੀ ਆਦੇਸ਼ਾਂ ਤੇ ਗੁਰਬਾਣੀ ਸਿੱਖਿਆ ਦਾ ਹੀ ਪ੍ਰਗਟਾਵਾ
ਹੁੰਦੀਆਂ। ਇਸ ਨਾਲ ਘਟੋ-ਘਟ ਪੰਜਾਬ ਦੀ ਧਰਤੀ `ਤੇ ਜਿੱਥੇ ਦੱਸਾਂ ਪਾਤਸ਼ਾਹੀਆ ਦੇ ਮੁਬਾਰਕ ਚਰਨ ਪਏ,
ਉਥੇ ਭਨਿਆਰੇ, ਆਸ਼ੂਤੋਸ਼, ਝੂਠਾ ਸੌਦਾ ਤੇ ਹੋਰ ਗੁਰੂਡੰਮ, ਉਪ੍ਰੰਤ ਗੁਰਬਾਣੀ ਜੀਵਨ ਤੋਂ ਦੁਰੇਡੇ ਲੈ
ਜਾਣ ਵਾਲੇ ਬਾਬੇ ਜੋ ਆਪਣੇ ਕਦਮ ਜਮਾ ਰਹੇ ਹਨ, ਉਹ ਤਾਂ ਅਜਿਹਾ ਨਹੀਂ ਸਨ ਕਰ ਸਕਦੇ। ਅੱਜ ਅਸਾਂ
ਘੋਖਣਾ ਹੈ ਕਿ ਗੁਰਬਾਣੀ ਦੀ ਕਸੌਟੀ `ਤੇ ਸਤਸੰਗ ਤੇ ਸਾਧਸਗੰਤ ਕੀ ਹੋਣੀ ਹੈ? ਇਸ ਤੋਂ ਬਾਅਦ ਅੱਜ
ਅਸੀਂ ਉਸ ਗੁਰਬਾਣੀ ਵਾਲੀ ਕਸੌਟੀ `ਤੇ ਪੂਰੇ ਉਤਰ ਵੀ ਰਹੇ ਹਾਂ ਜਾਂ ਨਹੀਂ? ਇਸੇ ਤਰ੍ਹਾਂ ਘੋਖਣਾ ਹੈ
ਕਿ ਪੰਥਕ ਤੌਰ `ਤੇ ਗੁਰੂ ਕੀਆਂ ਸੰਗਤਾਂ, ਪ੍ਰਬੰਧਕ, ਪ੍ਰਚਾਰਕ ਤੇ ਪੰਥ ਦੇ ਨੇਤਾ ਅਖਵਾਉਣ ਵਾਲੇ
ਅੱਜ ਅਸੀਂ ਲੋਕ ਖੜੇ ਕਿੱਥੇ ਹਾਂ?
“ਬਿਨੁ ਭਾਗਾ ਸਤਸੰਗੁ ਨ ਲਭੈ” - ਗੁਰਬਾਣੀ ਦਾ ਫ਼ੈਸਲਾ ਹੈ “ਵਡਭਾਗੀ ਹਰਿ
ਸੰਗਤਿ ਪਾਵਹਿ॥ ਭਾਗਹੀਨ ਭ੍ਰਮਿ ਚੋਟਾ ਖਾਵਹਿ॥ ਬਿਨੁ ਭਾਗਾ ਸਤਸੰਗੁ ਨ ਲਭੈ, ਬਿਨੁ ਸੰਗਤਿ ਮੈਲੁ
ਭਰੀਜੈ ਜੀਉ” (ਪੰ: ੧੩੨)। ਇੱਕ ਅਜਿਹਾ ਗੁਰਬਾਣੀ ਪ੍ਰਮਾਣ ਹੈ ਜੋ ਲਫ਼ਜ਼ਾਂ ਪੱਖੋਂ ਬੜਾ ਸੌਖਾ ਦਿੱਸਣ
ਕਰਕੇ ਅੱਜ ਗੁਰੂ ਦਰ ਨਾਲ ਸਬੰਧਤ ਬਹੁਤੀਆਂ ਸੰਗਤਾਂ ਦੇ ਮੂੰਹ ਚੜ੍ਹਿਆ ਹੈ। ਫ਼ਿਰ ਵੀ ਸਮਝਣ ਦਾ ਵਿਸ਼ਾ
ਇਹ ਹੈ ਕਿ ਬੇਸ਼ੱਕ ਘਟੋ ਘੱਟ ਇਸੇ ਇੱਕ ਗੁਰਬਾਣੀ ਪ੍ਰਮਾਣ ਨਾਲ ਹੀ ਸਹੀ, ਜਿਹੜਾ ਕਿ ਬਹੁਤਿਆਂ ਸੌਖਾ
ਮੰਣਿਆ ਜਾ ਰਿਹਾ ਹੈ ਕੇਵਲ ਇਸ ਨੂੰ ਵਿਚਾਰਣ ਨਾਲ ਹੀ ਸਮਝ ਆ ਜਾਵੇਗੀ ਕਿ ਅੱਜ ਅਸੀਂ ਕਿਤਨੀ ਕੁ
ਗੁਰਬਾਣੀ ਸੋਝੀ ਰਖਦੇ ਹਾਂ ਤੇ ਕਿਤਨੀ ਕੁ ਗੁਰਬਾਣੀ ਜੀਵਨ ਤੇ ਗੁਰਬਾਣੀ ਆਦੇਸ਼ਾਂ ਨਾਲ ਸਾਡੀ ਸਾਂਝ
ਹੈ? ਦਰਅਸਲ, ਇਥੋਂ ਇਹ ਵੀ ਸਾਬਤ ਹੋ ਜਾਵੇਗਾ ਕਿ ਯੋਗ ਗੁਰਬਾਣੀ ਪ੍ਰਚਾਰ ਦੀ ਘਾਟ ਕਾਰਨ, ਬਹੁਤਾ ਕਰ
ਕੇ ਅੱਜ ਗੁਰੂ ਕੀਆਂ ਸੰਗਤਾਂ ਗੁਰਬਾਣੀ ਦੇ ਮੂਲ ਅਰਥਾਂ ਤੋਂ ਹੀ ਟੁਟੀਆਂ ਪਈਆਂ ਹਨ। ਸਪਸ਼ਟ ਹੈ ਕਿ
ਅਜਿਹੇ ਪੰਥਕ ਹਾਲਾਤ `ਚ ਗੁਰਬਾਣੀ ਜੀਵਨ ਸਾਡੇ ਅੰਦਰ ਆਵੇਗਾ ਵੀ ਤਾਂ ਕਿਸ ਰਸਤੇ?
ਵੱਖ ਵੱਖ ਤੱਲ ਤੇ ਵੱਖ ਵੱਖ ਅਰਥ? - ਦੂਰ ਨਾ ਜਾਵੀਏ, ਗੁਰਬਾਣੀ ਪ੍ਰਮਾਣ
ਇਕੋ ਹੀ ਹੈ ਪਰ ਹਰ ਪੱਧਰ `ਤੇ ਇਸ ਦੇ ਅਰਥ ਵੱਖ ਵੱਖ, ਲੋੜ ਤੇ ਸਮੇਂ ਅਨੁਸਾਰ ਲਏ ਜਾ ਰਹੇ ਹਨ।
ਜਦਕਿ ਗੁਰਬਾਣੀ ਦਾ ਕੇਵਲ ਇਹੀ ਪ੍ਰਮਾਣ ਨਹੀਂ, ਬੇਸ਼ੱਕ ਕੋਈ ਵੀ ਅੰਗ ਹੋਵੇ, ਉਸ ਦੇ ਦੋ ਵਿਰੋਧੀ ਅਰਥ
ਹੋ ਹੀ ਨਹੀਂ ਸਕਦੇ। ਗੁਰਬਾਣੀ ਦਾ ਮੂਲ ਸਿਧਾਂਤ ਹੀ “ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥
ਸਚਾ ਸਉਦਾ, ਹਟੁ ਸਚੁ ਰਤਨੀ ਭਰੇ ਭੰਡਾਰ” (ਪੰ: ੬੪੬) ਵਾਲਾ ਹੈ। ੴ ਤੋਂ ਲੈ ਕੇ “ਤਨੁ ਮਨੁ ਥੀਵੈ
ਹਰਿਆ” ਤੀਕ ਗੁਰਬਾਣੀ, ਉਹ ਖਜ਼ਾਨਾ ਹੈ ਜਿੱਥੇ ਇੱਕ ਨਹੀਂ ਬਲਕਿ ਪੈਂਤੀ ਲਿਖਾਰੀ ਹਨ, ਫ਼ਿਰ ਵੀ
ਸੰਪੂਰਨ ਗੁਰਬਾਣੀ, ਮਨੁੱਖ ਨੂੰ ਜੀਵਨ ਜਾਚ ਦੀ ਇਕੋ ਲੜੀ `ਚ ਪਰੋਉਂਦੀ ਹੈ, ਸੰਸਾਰ ਭਰ ਦੇ ਇਕੋ ਇੱਕ
ਗੁਰੂ ਨਾਲ ਮਿਲਾਉਂਦੀ ਹੈ, ਇੱਕ ਪਰਮ ਪਿਤਾ ਅਕਾਲਪੁਰਖ ਨਾਲ ਜੋੜਦੀ ਹੈ। ਗੁਰਬਾਣੀ `ਚ ਕਿਧਰੇ ਤੇ
ਉੱਕਾ ਹੀ ਸਵੈ ਵਿਰੋਧ ਨਹੀਂ। ਇਸ ਤੋਂ ਵੱਧ, ਬਿਨਾ ਵਿਤਕਰਾ ਰੰਗ, ਦੇਸ਼, ਨਸਲ, ਲਿੰਗ, ਧਰਮ ਜਿਹੜਾ
ਮਨੁੱਖ ਵੀ ਗੁਰਬਾਣੀ ਨਾਲ ਸਾਂਝ ਪਾਉਂਦਾ ਹੈ ਉਸ ਨੂੰ ਸਮਝ ਆ ਜਾਂਦੀ ਹੈ ਕਿ ਗੁਰਬਾਣੀ, ਮਨੁੱਖਾ
ਜੀਵਨ ਲਈ ਸਰਵ ਸ੍ਰ੍ਰੇਸ਼ਟ ਗੁਣਾਂ ਦਾ ਉਹ ਖਜ਼ਾਨਾ ਹੈ ਜਿਸ ਤੋਂ ਅਸੀਂ ਜਨਮ ਨੂੰ ਸਚਿਆਰਾ ਤੇ ਗੁਣਵਾਣ
ਬਣਾ ਸਕਦੇ ਹਾਂ।
ਇਸ ਸਾਰੇ ਦੇ ਬਾਵਜੂਦ ਜੇ ਕਰ ਸਬੰਧਤ ਗੁਰਬਾਣੀ ਪ੍ਰਮਾਣ ਦੇ, ਦੂਜੇ ਤਾਂ ਕੀ
ਸਿੱਖ ਸੰਗਤਾਂ ਤੇ ਸਿੱਖ ਆਗੂ ਵੀ ਢੰਗ ਢੰਗ ਦੇ; ਕੱਚੇ, ਮਨਮਰਜ਼ੀ ਦੇ ਤੇ ਸਿਧਾਂਤ ਵਿਰੁਧ ਅਰਥ ਕਰਦੇ
ਹਨ ਤਾਂ ਅੰਦਾਜ਼ਾ ਲਗਾਉਂਦੇ ਦੇਰ ਨਹੀਂ ਲਗਦੀ ਕਿ ਗੁਰਬਾਣੀ ਜੀਵਨ ਪੱਖੋਂ ਅੱਜ ਅਸੀਂ ਕਿੱਥੇ ਖੜੇ
ਹਾਂ। ਇਸ ਤਰੀਕੇ, ਅਸੀਂ ਆਪਣੇ ਜੀਵਨ `ਚ ਗੁਰਬਾਣੀ ਆਦੇਸ਼ਾਂ ਤੇ ਸਿਖਿਆ ਦਾ ਕਿਨਾਂ ਕੂ ਲਾਭ ਲੈ ਰਹੇ
ਹਾਂ? ਭਾਵ ਕੁੱਝ ਵੀ ਲਾਭ ਨਹੀਂ ਲੈ ਰਹੇ ਜਾਂ ਫ਼ਿਰ ਬਹੁਤ ਘੱਟ ਲਾਭ ਲੈ ਰਹੇ ਹਾਂ।
ਮਿਸਾਲ ਵਜੋਂ ਦੇਖਦੇ ਹਾਂ ਕਿ ਸਾਡੀ ਅੱਜ ਦੀ ਬਣ ਚੁੱਕੀ ਬੋਲੀ `ਚ ਇਸ
ਗੁਰਬਾਣੀ ਪ੍ਰਮਾਣ ਦੇ ਅਰਥ ਕੀ ਲਏ ਜਾ ਰਹੇ ਹਨ। ਅਨੇਕਾਂ ਜਗ੍ਹਾ ਤੇ ਪ੍ਰਬੰਧਕ ਜਨਾਂ ਨੂੰ ਕਹਿੰਦਿਆ
ਸੁਣੀ ਦਾ ਹੈ “ਸਾਧ ਸੰਗਤ ਜੀ, ਗੁਰੂ ਸਾਹਿਬ ਫ਼ੁਰਮਾਂਉਂਦੇ ਹਨ “ਬਿਨੁ ਭਾਗਾ ਸਤਸੰਗੁ ਨ ਲਭੈ” ਇਸ ਲਈ
ਤੁਸੀਂ ਬੜੇ ਭਾਗਾਂ ਵਾਲੇ ਹੋ ਜੋ ਆਪਣੇ ਕਮਾਂ-ਕਾਰਾਂ ਤੇ ਰੁਝੇਵਿਆਂ ਨੂੰ ਛੱਡ ਕੇ ਗੁਰੂ ਦਰ `ਤੇ
ਸਾਧ ਸੰਗਤ ਦੇ ਰੂਪ `ਚ ਇਕਤ੍ਰ ਹੋਏ ਹੋ” ਅਤੇ ਇਸੇ ਤਰ੍ਹਾਂ ਉਨ੍ਹਾਂ ਦੇ ਕੁੱਝ ਹੋਰ ਸੰਬੋਧਣ ਵੀ।
ਗੁਰਬਾਣੀ ਪ੍ਰਮਾਣ ਇਹੀ ਹੈ ਪਰ ਜਦੋਂ ਸਾਡੇ ਕੁੱਝ ਪ੍ਰਚਾਰਕ, ਰਾਗੀ,
ਕਥਾਵਾਚਕ, ਢਾਡੀ ਜੱਨ ਸੰਗਤਾਂ ਨੂੰ ਸੰਬੋਧਨ ਕਰਦੇ ਹਨ ਤਾਂ “ਸਾਧ ਸੰਗਤ ਜੀ, ਗੁਰੂ ਸਾਹਿਬ
ਫ਼ੁਰਮਾਉਂਦੇ ਹਨ “ਬਿਨੁ ਭਾਗਾ ਸਤਸੰਗੁ ਨ ਲਭੈ” ਤੇ ਤੁਸੀਂ ਸਚਮੁਚ ਹੀ ਬੜੇ ਭਾਗਾਂ ਵਾਲੇ ਹੋ,
ਤੁਹਾਡੇ `ਤੇ ਗੁਰੂ ਦੀ ਬੜੀ ਮੇਹਰ ਹੋਈ ਜੋ ਤੁਸੀਂ ਚੱਲ ਕੇ ਗੁਰਦੁਆਰੇ ਆਏ ਤੇ ਸਤਸੰਗ `ਚ ਸ਼ਾਮਿਲ
ਹੋਏ ਹੋ” ਇਸੇ ਤਰ੍ਹਾਂ ਮਿਲਦੀ ਜੁਲਦੀ ਸ਼ਬਾਦਾਵਲੀ `ਚ ਕੁੱਝ ਲਫ਼ਜ਼ਾਂ ਦੇ ਅਦਲ-ਬਦਲ ਨਾਲ ਹੋਰ ਵੀ।
ਉਪ੍ਰੰਤ ਗੁਰਬਾਣੀ ਪ੍ਰਮਾਣ ਇਹੀ ਹੈ ਪਰ ਘਰਾਂ `ਚ ਜਦੋਂ ਗੱਲਾਂ ਬਾਤਾਂ
ਚੱਲਦੀਆਂ ਹਨ ਤਾਂ ਉਥੇ ਦੀ ਸ਼ਬਦਾਵਲੀ ਹੁੰਦੀ ਹੈ “ਗੁਰੂ ਸਾਹਿਬ ਵੀ ਤਾਂ ਕਹਿ ਰਹੇ ਹਨ “ਬਿਨੁ ਭਾਗਾ
ਸਤਸੰਗੁ ਨ ਲਭੈ” ਇਸ ਲਈ ਤੁਸੀਂ ਵੱਡੇ ਭਾਗਾਂ ਵਾਲੇ ਹੋ ਜੋ ਗੁਰਦੁਆਰੇ ਗਏ ਸੀ, ਅਸੀਂ ਤਾਂ ਪਾਪੀ,
ਕਲਜੁਗੀ ਜੀਵ ਹਾਂ, ਸਾਡੀ ਕਿਸਮਤ `ਚ ਗੁਰਦੁਆਰੇ ਜਾਣਾ ਕਿੱਥੇ? ਆਦਿ, ਅਜਿਹੀਆਂ ਹੋਰ ਬੋਲੀਆਂ।
ਫ਼ਿਰ ਚਾਹੇ ਉੇਹ ਬੋਲੀਆਂ ਪੰਥਕ ਨੇਤਾ ਪੱਧਰ ਦੀਆ ਹੋਣ, ਪ੍ਰਬੰਧਕ ਪੱਧਰ
ਦੀਆਂ, ਪ੍ਰਚਾਰਕ ਪੱਧਰ ਦੀਆਂ ਜਾਂ ਸਾਧਾਰਣ ਤੱਲ ਦੀਆਂ, ਇਨ੍ਹਾਂ ਜਾਚੇ ਸੰਗਤ ਰੂਪ `ਚ ਗੁਰਦੁਆਰੇ
ਪੁੱਜ ਜਾਣਾ ਹੀ ਸਤਸੰਗੀ ਹੋ ਜਾਣਾ ਹੈ। ਦੂਜਾ ਸਾਡੀ ਸੋਚ `ਚ ਇਸ ਗੁਰਬਾਣੀ ਪ੍ਰਮਾਣ ਵਿਚਲੇ ‘ਭਾਗ’
ਲਫ਼ਜ਼ ਦਾ ਅਰਥ ਵੀ ਬ੍ਰਾਹਮਣੀ ਕਿਸਮਤ ਤੋਂ ਵੱਧ ਕੁੱਝ ਨਹੀਂ ਲਿਆ ਜਾ ਰਿਹਾ। ਉਹ ‘ਕਿਸਮਤ’ ਜਿਸ `ਚ
ਗੁਰਮੱਤ ਵਿਸ਼ਵਾਸ ਹੀ ਨਹੀਂ ਰਖਦੀ ਬਲਕਿ ਉਸ ਨੂੰ ਨਕਾਰਦੀ ਹੈ। ਇਸੇ ਸਾਰੇ ਦਾ ਨਤੀਜਾ ਹੁੰਦਾ ਹੈ ਕਿ
ਗੁਰਬਾਣੀ ਦੀ ਇਸ ਉੱਤਮ ਪੰਕਤੀ ਨੂੰ ਅਸੀਂ ਉਥੇ ਵੀ ਜੋੜ ਦਿੰਦੇ ਹਾਂ ਜਿੱਥੇ ਕਿ ਕੋਈ ਸੱਜਨ ਭਾਵੇਂ
ਕਿਸੇ ਗੁਰੂ ਡੰਮ ਦੇ ਅਖਵਾਉਂਦੇ ਸਤਸੰਗ, ਡੇਰਿਆਂ ਤੋਂ ਜਾਂ ਮੂਰਤੀ-ਤਸਵੀਰ ਆਦਿ ਦੀ ਪੂਜਾ ਵਾਲੀ
ਸੰਗਤ `ਚ ਹੀ ਸ਼ਮਿਲ ਹੋਣ ਜਾ ਰਿਹਾ ਜਾਂ ਹੋ ਕੇ ਆਇਆਂ ਹੋਵੇ। ਤਾਂ ਤੇ ਜ਼ਰੂਰੀ ਹੋ ਜਾਂਦਾ ਹੈ ਕਿ
ਸਬੰਧਤ ਵਿਸ਼ੇ ਵੱਲ ਵਧਣ ਤੋਂ ਪਹਿਲਾਂ ਇਸ ਇਕੱਲੇ ਗੁਰਬਾਣੀ ਪ੍ਰਮਾਣ ਦੇ ਮੂਲ ਅਰਥਾਂ ਵੱਲ ਝਾਤ ਮਾਰੀਏ
ਤੇ ਦੇਖੀਏ ਕਿ ਫ਼ਰਕ ਕਿੱਥੇ ਹੈ?
“ਵਡਭਾਗੀ ਹਰਿ ਸੰਗਤਿ ਪਾਵਹਿ” - ਦਰਅਸਲ ਸਬੰਧਤ ਗੁਰ-ਪ੍ਰਮਾਣ ਦੇ ਅਤੇ
ਗੁਰਬਾਣੀ ਅਨੁਸਾਰ ਮੂਲ ਅਰਥਾਂ ਨੂੰ ਸਮਝਣ ਲਈ ਸਾਨੂੰ ਗੁਰਬਾਣੀ ਵਿਚੋਂ ਹੀ “ਵਡਭਾਗੀ” “ਹਰਿ ਸੰਗਤਿ”
“ਭਾਗਹੀਨ” “ਭ੍ਰਮਿ ਚੋਟਾ ਖਾਵਹਿ”, “ਬਿਨੁ ਭਾਗਾ”, “ਸਤਸੰਗੁ”, “ਬਿਨੁ ਸੰਗਤਿ” ਤੇ “ਮੈਲੁ” ਜਾਂ
“ਮੈਲੁ ਭਰੀਜੈ” ਵਾਲੇ ਵੱਖ ਵੱਖ ਅੱਖਰਾਂ ਦੇ ਅਰਥ ਵੀ ਸਮਝਣੇ ਹੋਣਗੇ। ਇਸ ਤੋਂ ਇੱਕ ਤਾਂ ਇਹ ਸਪਸ਼ਟ
ਹੋ ਜਾਵੇਗਾ ਕਿ ਗੁਰਬਾਣੀ `ਚ ਜਿਸ ਨੂੰ “ਸਤਸੰਗਤਿ”, “ਸਾਧਸੰਗਿ” ਜਾਂ “ਸਚੀ ਬੈਸਕ” ਆਦਿ ਕਿਹਾ ਹੈ,
ਉਹ ਕੀ ਹਨ? ਦੂਜੇ ਪਾਸੇ ਅੱਜ ਜਿਸ ਨੂੰ ਡੇਰੇ, ਗੁਰੂਡੰਮ ਜਾਂ ਸਾਧਾਰਣ ਸੰਗਤਾਂ “ਸਤਿਸੰਗ” ਕਹਿ `ਤੇ
ਮੰਨ ਰਹੀਆਂ ਹਨ, ਗੁਰਬਾਣੀ ਅਨੁਸਾਰ ਉਹ ਸਤਿਸੰਗ ਕਿਉਂ ਨਹੀਂ ਹਨ?
ਮੂਲ ਰੂਪ `ਚ ਸੰਗਤ ਦੇ ਅਰਥ ਹਨ ਕੁੱਝ ਲੋਕਾਂ ਦਾ ਆਪਸ `ਚ ਇੱਕਠੇ ਹੋਣਾ ਤੇ
‘ਮਿਲ ਬੈਠਣਾ’ ਫ਼ਿਰ ਇਹ ਗਿਣਤੀ ਚਾਹੇ ਦੋ ਦੀ ਹੋਵੇ ਜਾਂ ਜਿਤਣੀ ਵੀ ਵੱਧ। ਇਸ ਸੰਗਤ ਵਾਲੇ ਲਫ਼ਜ਼ ਦੇ
ਨਾਲ ਜਦੋਂ ਲਫ਼ਜ਼ “ਸਤਿ” ਲਗ ਜਾਵੇ ਭਾਵ “ਸਤਸੰਗਤਿ” ਹੋ ਜਾਵੇ ਤਾਂ ‘ਸਤਿ’ ਦੇ ਅਰਥ ਹੁੰਦੇ ਹਨ “ਸਦਾ
ਥਿਰ ਹਸਤੀ”। ਉਹ ਹਸਤੀ ਜੋ ਜਨਮ ਮਰਣ `ਚ ਨਹੀਂ ਆਉਂਦੀ। ਕਿਉਂਕਿ ਸਰੀਰ ਕਦੇ ਵੀ ਸਦਾ ਥਿਰ ਨਹੀਂ
ਹੁੰਦਾ, ਸਰੀਰ ਨੇ ਤਾਂ ਬਿਨਸਨਾ ਹੀ ਹੈ। ਇਸ ਲਈ ਉਹ ਹਸਤੀ ਜੋ ਸਰੀਰਧਾਰੀ ਵੀ ਨਹੀਂ। ਉਪ੍ਰੰਤ ਸਤਿ
ਦੇ ਅਰਥ ਹਨ ਸਦਾ ਥਿਰ ਅਕਾਲਪੁਰਖ ਜਿਵੇਂ “ਸਤਿ ਸਤਿ ਸਤਿ ਪ੍ਰਭੁ ਸੋਈ॥ ਸਦਾ ਸਦਾ ਸਦ ਆਪੇ ਹੋਈ”
(ਪੰ: ੧੦੪) ਜਾਂ “ਸਤਿ ਸਤਿ ਸਤਿ ਪ੍ਰਭੁ ਸੁਆਮੀ॥ ਗੁਰ ਪਰਸਾਦਿ ਕਿਨੈ ਵਖਿਆਨੀ” (ਪੰ: ੨੬੯)।
ਇਸ ਲਈ ਗੁਰਬਾਣੀ ਅਨੁਸਾਰ ਸਤਿਸੰਗ ਅਥਵਾ ਸਤਸੰਗਤਿ ਦੇ ਅਰਥ ਹਨ ਇਕੋ ਇੱਕ
ਅਜਿਹੀ ਸੰਗਤ ਜਿੱਥੇ ਕੇਵਲ ਅਕਾਲਪੁਰਖ ਦੀਆਂ ਸਿਫ਼ਤਾਂ ਤੇ ਬਾਤਾਂ ਹੋਣ ਜਿਵੇਂ ਕਿ ਗੁਰੂ ਦਰ `ਤੇ
ਸਤਿਸੰਗ ਬਾਰੇ ਅਰੰਭ `ਚ ਵਿਚਾਰ ਕਰ ਚੁੱਕੇ ਹਾਂ। ਗੁਰਬਾਣੀ ਅਨੁਸਾਰ ਅਕਾਲਪੁਰਖ ਦੀਆਂ ਸਿਫ਼ਤਾਂ ਤੇ
ਗੁਣਗਾਣ ਦਾ ਇੱਕ ਮਕਸਦ ਇਹ ਵੀ ਹੁੰਦਾ ਹੈ “ਸਹਜੇ ਗੁਣ ਰਵਹਿ ਦਿਨੁ ਰਾਤੀ, ਜੋਤੀ ਜੋਤਿ ਮਿਲਾਇਆ”
(ਪੰ: ੧੦੬੮) ਅਥਵਾ “ਸਤਸੰਗਤਿ ਸਾਈ ਹਰਿ ਤੇਰੀ ਜਿਤੁ ਹਰਿ ਕੀਰਤਿ ਹਰਿ ਸੁਨਣੇ” (ਪੰ: ੧੧੩੫) ਭਾਵ
ਅਜਿਹੀ ਗੁਰੂ ਕੀ ਸੰਗ ਜਿਸ ਤੋਂ ਉਨ੍ਹਾਂ ਇਲਾਹੀ ਗੁਣਾਂ ਦਾ ਆਪਣੇ ਜੀਵਨ `ਚ ਵਸਾਉਣਾ ਤੇ ਅਉਗੁਣਾ
ਵਿਕਾਰਾਂ ਤੇ ਮੋਹ ਮਾਇਆ ਤੋਂ ਛੁਟਕਾਰਾ ਪਾਉਣਾ। ਇਹੀ ਇੱਕ ਢੰਗ ਹੈ ਜਿਸ ਨਾਲ ਮਨੁੱਖ ਜੀਉਂਦੇ ਜੀਅ
ਪ੍ਰਭੂ `ਚ ਅਭੇਦ ਹੋ ਸਕਦਾ ਹੈ ਤੇ ਸਰੀਰ ਤਿਆਗਣ ਬਾਅਦ ਵੀ ਇਸ ਨੂੰ ਜਨਮਾਂ `ਚ ਨਹੀਂ ਆਉਣਾ ਪੈਂਦਾ।
“ਭਾਗਹੀਨ ਭ੍ਰਮਿ ਚੋਟਾ ਖਾਵਹਿ” - ਇਸ ਤਰ੍ਹਾਂ ਸਬੰਧਤ ਪ੍ਰਮਾਣ `ਚ ‘ਸਤਸੰਗੁ
ਜਾਂ ਸੰਗਤਿ ਤੋਂ ਬਾਅਦ ਦੂਜਾ ਮੁੱਖ ਲਫ਼ਜ਼ ਹੈ “ਵਡਭਾਗੀ, ਭਾਗਹੀਨ, ਤੇ ਬਿਨੁ ਭਾਗਾਂ”। ਦਰਅਸਲ ਇਥੇ
ਵੀ ਬਹੁਤੀਆਂ ਸੰਗਤਾਂ ਪੁਰਾਤਨ ਪ੍ਰਭਾਵਾਂ ਅਧੀਨ, ਇਨ੍ਹਾਂ ਲਫ਼ਜ਼ਾਂ ਤੋਂ ਅਰਥ ਬ੍ਰਾਹਮਣੀ ਤੇ ਅਜਿਹੀ
ਕਿਸਮਤ ਲੈ ਲੈਂਦੇ ਹਨ ਜਿਸ ਦਾ ਗੁਰਮੱਤ `ਚ ਕੁੱਝ ਵਜੂਦ ਹੀ ਨਹੀਂ। ਇਸ ਵਿਸ਼ੇ ਨੂੰ ਅਸੀਂ ਪੂਰੀ
ਤਰ੍ਹਾਂ ਗੁਰਮੱਤ ਪਾਠ ਨੰ: ੧੫੦ “ਕਿਸਮਤ ਅਤੇ ਭਾਗ `ਚ ਫ਼ਰਕ” `ਚ ਖੁੱਲ ਕੇ ਦੇ ਚੁੱਕੇ ਹਾਂ
ਸੰਗਤਾਂ ਉਸ ਦਾ ਲਾਭ ਲੈ ਸਕਦੀਆਂ ਹਨ। ਇਸ ਲਈ ਅਤੀ ਸੰਖੇਪ `ਚ “ਵਡਭਾਗੀ” ਦੇ ਗੁਰਮੱਤ ਅਰਥ ਹਨ ਜਿਸ
`ਤੇ ਅਕਾਲਪੁਰਖ ਦੀ ਬਖ਼ਸ਼ਿਸ਼ ਹੋ ਗਈ ਹੈ। ਉਪ੍ਰੰਤ ‘ਭਾਗਹੀਨ’ ਭਾਵ ਪ੍ਰਭੂ ਦੀ ਬਖ਼ਸ਼ਿਸ਼ ਤੋਂ ਵਿਹੂਣਾ,
ਕੁਰਾਹੇ ਪਿਆ ਤੇ ਪ੍ਰਭੂ ਦਰ ਤੋਂ ਧਕਿਆ ਮਨੁੱਖ। ਇਸੇ ਤਰ੍ਹਾਂ “ਬਿਨੁ ਭਾਗਾ” ਭਾਵ ਜਦੋਂ ਤੀਕ ਜੀਵਨ
ਦੇ ਸਿੱਧੇ ਰਾਹ ਅਥਵਾ ਸਾਧ ਸੰਗਤ ਆ ਕੇ ਤੇ ਗੁਰੂ ਗੁਰਬਾਣੀ ਦੀ ਸਿਖਿਆ `ਤੇ ਚੱਲ ਕੇ ਪ੍ਰਭੂ ਦੀ
ਬਖ਼ਸ਼ਿਸ਼ ਨੂੰ ਹਾਸਿਲ ਹੀ ਨਾ ਕਰ ਲਵੇ।
ਸਪਸ਼ਟ ਹੋਇਆ ਕਿ “ਭਾਗਹੀਨ ਭ੍ਰਮਿ ਚੋਟਾ ਖਾਵਹਿ” ਅਨੁਸਾਰ ਮਨੁੱਖ ਜਦੋਂ ਤੀਕ
ਸਾਧ ਸੰਗਤ `ਚ ਆ ਕੇ ਤੇ ਗੁਰੂ-ਗੁਰਬਾਣੀ ਦੀ ਸਿਖਿਆ `ਤੇ ਚੱਲ ਕੇ ਪ੍ਰਭੂ ਦੀ ਬਖ਼ਸ਼ਿਸ਼ ਨੂੰ ਹਾਸਿਲ
ਨਹੀਂ ਕਰ ਲੈਂਦਾ, ਕੁਰਾਹੇ ਹੀ ਪਿਆ ਰਹਿੰਦਾ ਹੈ। ਮਨੁੱਖ ਰਹਿਣੀ ਕਰਕੇ ਜਾਤ-ਪਾਤ, ਵਿਤਕਰਿਆਂ,
ਮੇਰ-ਤੇਰ, ਰੰਗ-ਨਸਲ, ਥਿਤ-ਵਾਰ, ਮੁਹੁਰਤ, ਰਾਸ਼ੀਫਲਾਂ, ਟੇਵੇ, ਕੁੰਡਲਣੀਆਂ, ਜਿਉਤਸ਼ੀਆਂ ਆਦਿ ਦੇ
ਚੱਕਰਾਂ `ਚ ਹੀ ਫ਼ਸਿਆ ਰਹਿੰਦਾ ਹੈ। ਕੁਰਾਹੇ ਪਿਆ ਮਨੁੱਖ ਬਹੁਤ ਵਾਰੀ ਵਿਭਚਾਰ, ਨਸ਼ੇ, ਹਉਮੈ ਆਦਿ
ਵਿਕਾਰਾਂ ਤੇ ਕਰਮਕਾਂਡਾਂ `ਚ ਹੀ ਡੁੱਬਾ ਰਹਿੰਦਾ ਹੈ। ਉਸ ਦੀ ਹਾਲਤ “ਖਸਮੁ ਛੋਡਿ ਦੂਜੈ ਲਗੇ ਡੁਬੇ
ਸੇ ਵਣਜਾਰਿਆ” (ਪੰ: ੪੭੧) ਵਾਲੀ ਬਣੀ ਰਹਿੰਦੀ ਹੈ। ਦਰ ਅਸਲ ਸਾਧਸੰਗਤ `ਚ ਆ ਕੇ ਵੀ ਅੱਜ ਸਾਡੇ
ਜੀਵਨ `ਚ ਇਸ ਪੱਖੋਂ ਤਬਦੀਲੀ ਨਹੀਂ ਆ ਰਹੀ। ਇਹ ਆਪਣੇ ਆਪ `ਚ ਸਬੂਤ ਹੈ ਕਿ ਗੁਰਦੁਆਰੇ ਆ ਕੇ ਵੀ
ਅੱਜ ਅਸੀਂ ਗੁਰਬਾਣੀ ਅੰਦਰ ਪ੍ਰਗਟ ਸਾਧਸੰਗਤ ਵਾਲੀ ਕਸੌਟੀ `ਤੇ ਪੂਰੇ ਨਹੀਂ ਉਤਰ ਰਹੇ। ਸਾਨੂੰ ਇਸ
ਪਾਸੇ ਖਾਸ ਧਿਆਨ ਦੇਣ ਦੀ ਲੋੜ ਹੈ ਨਹੀਂ ਤਾਂ ਗੁਰਬਾਣੀ ਅਨੁਸਾਰ ਅਸੀਂ ਭਾਗਹੀਣ ਹੀ ਰਹਿ ਰਹੇ ਹਾਂ
ਪ੍ਰਭੂ ਦੀ ਬਖ਼ਸ਼ਿਸ਼ ਤੋਂ ਵਿਹੂਣੇ।
“ਬਿਨੁ ਸੰਗਤਿ ਮੈਲੁ ਭਰੀਜੈ ਜੀਉ” - ਉਪ੍ਰੰਤ ਸਬੰਧਤ ਪ੍ਰਮਾਣ `ਚ ਤੀਜਾ ਮੁਖ
ਲਫ਼ਜ਼ ਹੈ ‘ਮੈਲ’ ਜਿਸ ਦੇ ਅਰਥ ਵੀ ਸੰਗਤਾਂ ਬਹੁਤਾ ਕਰਕੇ ਅਰਥ ਸਾਧਾਰਣ ਮੈਲ ਹੀ ਲੈ ਲੈਂਦੀਆਂ ਹਨ
ਜਿਵੇਂ ਕਪੜਿਆਂ ਦਾ ਜਾਂ ਹਥਾਂ-ਪੈਰਾਂ ਦਾ ਮੈਲਾ ਹੋ ਜਾਣਾ। ਗੁਰਮੱਤ ਅਨੁਸਾਰ ਇਸ ਲਫ਼ਜ਼ ਦੇ ਅਰਥ ਵੀ
ਇਤਨੇ ਛੋਟੇ ਨਹੀਂ। ਗੁਰਮੱਤ ਅਨੁਸਾਰ ਮੈਲ ਤੋਂ ਅਰਥ ਹਨ ਸਾਡੇ ਮਨ `ਤੇ ਵਿਕਾਰਾਂ, ਅਉਗੁਣਾਂ ਤੇ
ਤ੍ਰਿਸ਼ਨਾ ਆਦਿ ਦੀ ਮੈਲ ਜੋ ਸਾਧਸੰਗਤ ਤੇ ਗੁਰੂ-ਗੁਰਬਾਣੀ ਦੇ ਆਦੇਸ਼ਾਂ-ਸਿੱਖਿਆ `ਤੇ ਚੱਲੇ ਬਿਨਾ
ਨਹੀਂ ਧੁੱਲ ਸਕਦੀ।
ਇਥੇ ਵੀ ਗੁਰਬਾਣੀ ਫ਼ੁਰਮਾਨ ਹਨ “ਮਨਮੁਖ ਮੈਲੇ ਮਲੁ ਭਰੇ, ਹਉਮੈ ਤ੍ਰਿਸਨਾ
ਵਿਕਾਰੁ॥ ਬਿਨੁ ਸਬਦੈ ਮੈਲੁ ਨ ਉਤਰੈ, ਮਰਿ ਜੰਮਹਿ ਹੋਇ ਖੁਆਰੁ॥ ਧਾਤੁਰ ਬਾਜੀ ਪਲਚਿ ਰਹੇ, ਨਾ
ਉਰਵਾਰੁ ਨ ਪਾਰੁ” (ਪੰ: ੨੯) ਭਾਵ ਮਨਮੁਖ ਦਾ ਜੀਵਨ ਹਉਮੈ, ਤ੍ਰਿਸ਼ਨਾ ਤੇ ਵਿਕਾਰਾਂ ਦੀ ਮੈਲ ਨਾਲ ਹੀ
ਭਰਿਆ ਰਹਿੰਦਾ ਹੈ। ਜਦਕਿ ਇਸ ਮੈਲ ਦਾ ਸ਼ਬਦ ਗੁਰੂ-ਗੁਰਬਾਣੀ ਦੇ ਗਿਆਨ ਬਿਨਾ ਉਤਰਣਾ ਹੀ ਸੰਭਵ ਨਹੀਂ।
ਇਸੇ ਤੋਂ ਮਨੁੱਖਾ ਜਨਮ ਪ੍ਰਾਪਤ ਕਰਕੇ ਵੀ, ਮਨੁੱਖ ਬਾਰ ਬਾਰ ਦੇ ਜਨਮ-ਮਰਣ ਵਾਲੇ ਗੇੜ੍ਹ `ਚ ਪਿਆ
ਰਹਿੰਦਾ ਹੈ। ਇਥੋਂ ਤੀਕ ਕਿ ਇਸ ਨਾਸ਼ਵਾਨ ਸਰੀਰ `ਚ ਹੁੰਦਾ ਹੋਇਆ ਵੀ ਦੁਬਿਧਾ-ਦੁਚਿੱਤੀ `ਚ ਫ਼ਸਿਆ
ਜੀਵਨ ਭਰ ਖੁਆਰ ਹੁੰਦਾ ਹੈ।
ਇਸੇ ਤਰ੍ਹਾਂ ਇੱਕ ਹੋਰ ਗੁਰਬਾਣੀ ਪ੍ਰਮਾਣ “ਸਾਚੇ ਮੈਲੁ ਨ ਲਾਗਈ ਮਨੁ
ਨਿਰਮਲੁ ਹਰਿ ਧਿਆਇ॥ ਗੁਰਮੁਖਿ ਸਬਦੁ ਪਛਾਣੀਐ ਹਰਿ ਅੰਮ੍ਰਿਤ ਨਾਮਿ ਸਮਾਇ॥ ਗੁਰ ਗਿਆਨੁ ਪ੍ਰਚੰਡੁ
ਬਲਾਇਆ ਅਗਿਆਨੁ ਅੰਧੇਰਾ ਜਾਇ” (ਪੰ: ੨੯) ਭਾਵ ਪ੍ਰਭੂ ਪਿਆਰ `ਚ ਰੰਗ ਹੋਏ ਮਨੁੱਖ ਨੂੰ ਇਹ
ਵਿਕਾਰਾਂ, ਅਗਿਆਣਤਾ ਤੇ ਤ੍ਰਿਸ਼ਨਾ ਆਦਿ ਦੀ ਮੈਲ ਪੋਹ ਹੀ ਨਹੀਂ ਸਕਦੀ। ਉਸ ਦਾ ਜੀਵਨ
ਵਿਕਾਰਾਂ-ਅਉਗੁਣਾਂ ਆਦਿ ਵੱਲੋਂ ਸਾਫ਼ ਸੁਥਰਾ ਰਹਿੰਦਾ ਹੈ। ਕਾਰਨ ਹੁੰਦਾ ਹੈ ਕਿ ਉਸ ਦੇ ਜੀਵਨ ਅੰਦਰ
ਗੁਰਬਾਣੀ-ਗੁਰੂ ਦੇ ਗਿਆਨ ਵਾਲੀ ਪ੍ਰਚੰਡ ਰੋਸ਼ਨੀ ਹੁੰਦੀ ਹੈ ਤੇ ਅਗਿਆਨ ਵਾਲਾ ਹਨੇਰਾ ਉਸ ਦੇ ਜੀਵਨ
`ਚ ਰਹਿੰਦਾ ਹੀ ਨਹੀਂ।
“ਬਿਨੁ ਭਾਗਾ ਸਤਸੰਗੁ ਨ ਪਾਈਐ” - ਗੁਰਦੇਵ ਫ਼ੁਰਮਾਅ ਰਹੇ ਹਨ “ਬਿਨੁ ਭਾਗਾ
ਸਤਸੰਗੁ ਨ ਪਾਈਐ, ਕਰਮਿ ਮਿਲੈ ਹਰਿ ਨਾਮੁ ਹਰੀ” (ਪੰ: ੧੧੭੧) ਪਰ ਖੂਬੀ ਇਹ ਹੈ ਕਿ ਉਪਰਲੇ ਪ੍ਰਮਾਣ
`ਚ ਜਿੱਥੇ ਗੁਰਦੇਵ ਨੇ ਹਰ ਵਾਰੀ ਲਫ਼ਜ਼ “ਵਡਭਾਗੀ”, “ਭਾਗਹੀਨ”, “ਬਿਨੁ ਭਾਗਾ” ਭਾਵ ਭਾਗ ਵਾਲੀ
ਸ਼ਬਦਾਵਲੀ ਵਾਲੇ ਸ਼ਬਦ ਹੀ ਵਰਤੇ ਹਨ ਉੱਥੇ ਇਸ ਗੁਰ-ਪ੍ਰਮਾਣ `ਚ ਇੱਕ ਵਾਰੀ ਲਫ਼ਜ਼ “ਬਿਨੁ ਭਾਗਾ” ਤੇ
ਦੂਜੀ ਵਾਰੀ ਉਸੇ ਅਰਥ `ਚ ਲਫ਼ਜ਼ “ਕਰਮਿ ਮਿਲੈ” ਵਰਤਿਆ ਹੈ ਭਾਵ ਅਕਾਲਪੁਰਖ ਦੀ ਸਿਫ਼ਤ ਸਲਾਹ `ਚ ਜੁੜਣ
ਕਰਕੇ ਮਨੁੱਖ ਨੂੰ ਕਰਤੇ ਦੀ ਬਖ਼ਸ਼ਿਸ਼ ਪ੍ਰਾਪਤ ਹੋ ਜਾਂਦੀ ਹੈ।
“ਵਿਚਿ ਸੰਗਤਿ ਹਰਿ ਪ੍ਰਭੁ ਵਸੈ ਜੀਉ” - ਇਸ ਤੋਂ ਬਾਅਦ ਅਸੀਂ ਵਾਪਿਸ ਮੁੜਦੇ
ਹਾਂ ਅਰੰਭਕ ਗੁਰ-ਪ੍ਰਮਾਣ `ਤੇ ਫ਼ੁਰਮਾਨ ਹੈ “ਵਡਭਾਗੀ ਹਰਿ ਸੰਗਤਿ ਪਾਵਹਿ॥ ਭਾਗਹੀਨ ਭ੍ਰਮਿ ਚੋਟਾ
ਖਾਵਹਿ॥ ਬਿਨੁ ਭਾਗਾ ਸਤਸੰਗੁ ਨ ਲਭੈ, ਬਿਨੁ ਸੰਗਤਿ ਮੈਲੁ ਭਰੀਜੈ ਜੀਉ” (ਪੰ: ੧੩੨) ਇਸ ਤਰ੍ਹਾਂ
ਹੁਣ ਤੀਕ ਦੀ ਸਪਸ਼ਟ ਗੁਰਬਾਣੀ ਵਿਚਾਰ ਤੋਂ ਬਾਅਦ ਇਸ ਗੁਰ-ਪ੍ਰਮਾਣ ਜੋ ਉਘੜਦੇ ਹਨ ਉਹ ਇਸ ਪ੍ਰਕਾਰ
ਹਨ:-
“ਅਕਾਲਪੁਰਖ ਦੀ ਆਪਣੀ ਬਖ਼ਸ਼ਿਸ਼ ਨਾਲ ਪ੍ਰਭੂ ਪਿਆਰਿਆਂ ਦਾ ਸੰਗ ਮਿਲਦਾ ਹੈ। ਇਸ
ਦੇ ਉਲਟ ਉਹ ਮਨਮੁਖ ਜੋ ਪ੍ਰਭੂ ਦੀ ਬਖ਼ਸ਼ਿਸ਼ ਤੋਂ ਵਾਂਝੇ ਰਹਿ ਜਾਂਦੇ ਹਨ ਉਹ ਜੀਵਨ ਭਰ ਖੁਆਰ ਹੁੰਦੇ
ਤੇ ਕੁਰਾਹੇ ਪਏ ਰਹਿ ਕੇ ਤ੍ਰਿਸ਼ਨਾ ਆਦਿ ਵਿਕਾਰਾਂ ਦੀ ਅੱਗ `ਚ ਹੀ ਸੜਦੇ ਰਹਿੰਦੇ ਹਨ। ਕਾਰਨ ਹੁੰਦਾ
ਹੈ ਕਿ ਬਿਨਾ ਕਰਤਾਰ ਦੀ ਬਖ਼ਸ਼ਿਸ਼ ਦੇ ਉਨ੍ਹਾਂ ਨੂੰ ਪ੍ਰਭੂ ਪਿਆਰਿਆਂ ਦੀ ਸੰਗਤ ਵੀ ਪ੍ਰਾਪਤ ਨਹੀਂ ਹੋ
ਸਕਦੀ ਅਤੇ ਜਦੋਂ ਤੀਕ ਸਤਿਸੰਗਤ ਪ੍ਰਾਪਤ ਨਹੀਂ ਹੁੰਦੀ ਜੀਵਨ ਚੋਂ ਵਿਕਾਰਾਂ, ਤ੍ਰਿਸ਼ਨਾ, ਅਉਗੁਣਾਂ
ਆਦਿ ਵਾਲੀ ਮੈਲ ਵੀ ਧੋਤੀ ਨਹੀਂ ਜਾ ਸਕਦੀ।
ਇਥੇ ਇੱਕ ਗੱਲ ਹੋਰ ਖਾਸ ਧਿਆਨ ਮੰਗਦੀ ਹੈ। ਜਦੋਂ ਇਸ ਬੰਦ ਦੁਜੀ ਵਾਰੀ
ਬਖ਼ਸ਼ਿਸ਼ ਦਾ ਜ਼ਿਕਰ ਆਇਆ ਹੈ ਜਿਵੇਂ “ਬਿਨੁ ਭਾਗਾ ਸਤਸੰਗੁ ਨ ਲਭੈ” ਤਾਂ ਇਹ ਮਨੁੱਖਾ ਮਨ ਦੀ ਉਹ ਬਦਲੀ
ਹੋਈ ਅਵਸਥਾ ਹੈ ਜਦੋਂ ਕਿ ਮਨੁੱਖ ਸਾਧਸੰਗਤ `ਚ ਜਾ ਕੇ ਕਰਤੇ ਦੀ ਸਿਫ਼ਤ ਸਲਾਹ ਨਾਲ ਆਪਣੇ ਜੀਵਨ ਨੂੰ
ਰੰਗ ਲੈਂਦਾ ਹੈ ਤਾਂ ਉਸ ਅੰਦਰੋਂ ਹਉਮੈ ਦਾ ਉੱਕਾ ਹੀ ਨਾਸ ਹੋ ਚੁੱਕਾ ਹੁੰਦਾ ਹੈ। ਅਜਿਹੀ ਮਾਨਸਕਿ
ਅਵਸਥਾ `ਚ ਉਸ ਨੂੰ ਸਮਝ ਆ ਚੁੱਕੀ ਹੁੰਦੀ ਹੈ ਕਿ ਇਹ ਸਭ ਮੇਰੇ ਉੱਦਮ ਕਰਕੇ ਨਹੀਂ ਹੋਇਆ ਬਲਕਿ ਇਹ
ਤਾਂ ਪ੍ਰਭੂ ਨੇ ਆਪ ਬਖ਼ਸ਼ਿਸ ਕਰਕੇ ਮੇਰੇ ਜੀਵਨ `ਚ ਇਹ ਤਬਦੀਲੀ ਕੀਤੀ ਹੈ।
ਜੀਵਨ ਦੀ ਪ੍ਰਾਪਤ ਹੋ ਚੁੱਕੀ ਅਜਿਹੀ ਅਵਸਥਾ ਨੂੰ ਗੁਰਦੇਵ, ਗੁਰਬਾਣੀ `ਚ ਹੀ
ਇਸ ਤਰ੍ਹਾਂ ਬਿਆਣਦੇ ਹਨ “ਜੋ ਕਿਛੁ ਕੀਆ ਸੋ ਹਰਿ ਕੀਆ, ਹਰਿ ਕੀ ਵਡਿਆਈ॥ ਹਰਿ ਜੀਅ ਤੇਰੇ ਤੂੰ
ਵਰਤਦਾ, ਹਰਿ ਪੂਜ ਕਰਾਈ” (ਪੰ: ੧੬੬)। ਹੁਣ ਤੀਕ ਦੀ ਵਿਚਾਰ ਤੋਂ ਬਾਅਦ ਇਹ ਗੱਲ ਆਪ ਮੁਹਾਰੇ ਸਪਸ਼ਟ
ਹੋ ਜਾਂਦੀ ਹੈ ਕਿ ਗੁਰਬਾਣੀ ਦੀ ਵਿਚਾਰ-ਸੋਝੀ ਤੋਂ ਬਿਨਾ ਗੁਰਬਾਣੀ ਦਾ ਪ੍ਰਭਾਵ ਸਾਡੇ ਜੀਵਨ `ਚ ਕਿਸ
ਤਰ੍ਹਾਂ ਦਾ ਹੁੰਦਾ ਹੈ ਅਤੇ ਜੇ ਕਰ ਗੁਰਬਾਣੀ ਦਾ ਪ੍ਰਚਾਰ ਪ੍ਰਬੰਧ ਯੋਗ ਹੱਥਾਂ `ਚ ਚਲਾ ਜਾਵੇ ਤਾਂ
ਸਾਡਾ ਜੀਵਨ ਕਿਤਨਾ ਉਚਿਆਰਾ, ਸਦਾਚਾਰਕ, ਉੱਚ ਆਚਰਣ ਤੇ ਇਲਾਹੀ ਗੁਣਾਂ ਨਾਲ ਭਰਪੂਰ ਹੋ ਸਕਦਾ ਹੈ।
ਇਸ ਵਿਸ਼ੇ ਨੂੰ ਹੋਰ ਖੁੱਲ ਕੇ ਪਹਿਚਾਨਣ ਲਈ ਅਸੀਂ ਇਸੇ ਗੁਰਬਾਣੀ ਤੇ ਗੁਰਮੱਤ
ਅਨੁਸਾਰ ‘ਸਤਸੰਗਤ’ ਦੇ ਵਿਸ਼ੇ `ਤੇ ਇੱਕ ਹੋਰ ਗੁਰਬਾਣੀ ਪ੍ਰਮਾਣ ਲੈਂਦੇ ਹਾਂ ਫ਼ੁਰਮਾਣ ਹੈ “ਹਉ ਮਨੁ
ਤਨੁ ਖੋਜੀ ਭਾਲਿ ਭਾਲਾਈ॥ ਕਿਉ ਪਿਆਰਾ ਪ੍ਰੀਤਮੁ ਮਿਲੈ ਮੇਰੀ ਮਾਈ॥ ਮਿਲਿ ਸਤਸੰਗਤਿ ਖੋਜੁ ਦਸਾਈ,
ਵਿਚਿ ਸੰਗਤਿ ਹਰਿ ਪ੍ਰਭੁ ਵਸੈ ਜੀਉ” (ਪੰ: ੯੪) ਭਾਵ ਜਦੋਂ ਮੈਂ ਆਪਣੇ ਮਨ ਤੇ ਤਨ ਨੂੰ
ਗੁਰ-ਗੁਰਬਾਣੀ ਦੀ ਆਗਿਆ `ਚ ਖੋਜਿਆ, ਇਸ ਦੀ ਗਹਿਰਾਈ `ਚ ਗਿਆ ਤਾ ਕਿ ਉਹ ਪ੍ਰਭੂ ਜੋ ਮੇਰੇ ਅੰਤਰ
ਆਤਮੇ ਵੱਸ ਰਿਹਾ ਮੈਨੂੰ ਉਸ ਦੇ ਦਰਸ਼ਨ ਹੋ ਜਾਣ। ਮੈਂ ਆਪਣੇ ਜੀਵਨ `ਚ ਹੀ ਉਸ ਨੂੰ ਪਾ ਲਵਾਂ ਤਾਂ
ਸਾਧ ਸੰਗਤ `ਚ ਵਿਚਰ ਕੇ, ਸਾਧਸੰਗਤ ਦੇ ਮਿਲਾਪ ਨਾਲ ਮੈਨੂੰ ਇਹ ਵੀ ਸਮਝ ਆ ਗਈ ਕਿ ਮੇਰਾ ਪ੍ਰਭੂ
ਪਿਆਰਾ ਤਾਂ ਵਸਦਾ ਹੀ ਗੁਰੂ ਕੀਆਂ ਸੰਗਤਾਂ `ਚ ਹੈ।
“ਜਿਥੈ ਏਕੋ ਨਾਮੁ ਵਖਾਣੀਐ” - ਤਾਂ ਤੇ ਗੁਰੂ ਕੀਆਂ ਸੰਗਤਾਂ ਤੇ ਗੁਰੂ ਕੇ
ਸਿੱਖ ਹੋਣ ਦੇ ਨਾਤੇ ਸਾਨੂੰ ਘੋਖਣ ਦੀ ਲੋੜ ਹੈ ਕਿ “ਮਨੁ ਤਨੁ ਖੋਜੀ ਭਾਲਿ ਭਾਲਾਈ” (ਪੰ: ੯੪)
ਅਨੁਸਾਰ ਕੀ ਅੱਜ ਸੰਸਾਰ ਭਰ `ਚ ਕਿਧਰੇ ਵੀ ਸਾਨੂੰ ਉਸੇ ਗੁਰੂ ਕੀ ਸੰਗਤ ਦਾ ਦਰਸ਼ਨ ਹੋ ਰਹੇ ਹਨ ਜਿਸ
ਸਤਿਸੰਗਤ ਦੀ ਪਹਿਚਾਣ ਸਾਨੂੰ ਇੱਕ ਵਾਰੀ ਨਹੀਂ ਗੁਰਬਾਣੀ `ਚ ਹਜ਼ਾਰਾਂ ਵਾਰੀ ਕਰਵਾਈ ਗਈ ਹੈ। ਉਪ੍ਰੰਤ
ਜੇ ਕਰ ਅਜਿਹਾ ਨਹੀਂ ਹੋ ਰਿਹਾ ਤਾਂ ਉਸ ਲਈ ਜ਼ਿਮੇਵਾਰ ਕੌਣ ਹੈ? ਸਾਡੇ ਅਜਿਹੇ ਤੇ ਅਜੋਕੇ ਪੰਥਕ
ਹਾਲਾਤ ਲਈ ਸਾਡਾ ਗੁਰੂ ਹੈ ਜਾਂ ਅਕਾਲਪੁਰਖ ਜ਼ਿਮੇਂਵਾਰ ਹੈ ਜਾਂ ਫ਼ਿਰ ਅਜੋਕਾ ਅਖਵਾਉਣ ਵਾਲਾ ਗੁਰੂ ਕਾ
ਸਿੱਖ, ਸਿੱਖ ਧਰਮ ਦੇ ਪ੍ਰਚਾਰਕ, ਗੁਰਦੁਆਰਾ ਪ੍ਰਬੰਧਕ ਤੇ ਸਿੱਖਾਂ ਦੇ ਅਜੋਕੇ ਨੇਤਾਗਣ।
ਯਕੀਨਣ ਜੇਕਰ ਅੱਜ ਵੀ ਇਸ ਪੱਖੋਂ ਆਪਣੀ ਸੰਭਾਲ ਕਰਕੇ ਸੰਸਾਰ ਭਰ `ਚ
ਗੁਰਬਾਣੀ ਅਨੁਸਾਰ ਗੁਰੂ ਕੀਆਂ ਸੰਗਤਾਂ ਉਜਾਗਰ ਕਰ ਲਕੀਏ ਤਾਂ ਜਿਵੇਂ ਗੁਰੂ ਕਾਲ `ਚ, ਗੁਰੂ
ਪ੍ਰਵਾਰਾਂ ਚੋਂ ਦੁਕਾਨਾਂ ਖੋਲ ਕੇ ਵੀ ਦੁਕਾਨਾ ਫ਼ੇਲ ਹੋਈਆਂ ਜਦਕਿ ਅਜੋਕੇ ਗੁਰੂਡੰਮ ਆਦਿ ਤਾਂ ਹੈਣ
ਹੀ ਇਧਰੋ-ਉਧਰੋਂ।
ਲੋੜ ਹੈ ਕਿ ਅੱਜ ਸਾਨੂੰ “ਸਤਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ
ਵਖਾਣੀਐ॥ ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ (ਪੰ: ੭੨) “ਭਾਵ ਮੁੜ ਭਾਈ
ਮਰਦਾਨਾ ਤੇ ਭਾਈ ਲਾਲੋ ਵਾਲੀਆਂ ਇਤਿਹਾਸਕ ਘਟਣਾਵਾਂ `ਤੇ ਪਹਿਰਾ ਦੇ ਕੇ ਸੰਗਤਾਂ ਕਾਇਮ ਕਰਣ ਦੀ।
ਜਿਸ ਤੋਂ ਕੇਵਲ ਪੰਜਾਬ ਹੀ ਨਹੀਂ ਬਲਕਿ ਸੰਸਾਰ ਭਰ `ਚ ਰੁਲ ਰਹੇ ਆਪਣੇ ਹਰਿਆਵਲ ਦਸਤਿਆਂ ਦੀ ਸ਼ੰਭਾਲ
ਕਰ ਸਕੀਏ।