.

ਸ਼੍ਰੋਮਣੀ ਕਮੇਟੀ ਚੋਣਾਂ : ਨਵੇਂ ਮਹੰਤਾਂ ਕੋਲੋ ਗੁਰਧਾਮ ਆਜ਼ਾਦ ਕਰਵਾਉਣ ਦਾ ਸੁਨਹਿਰੀ ਮੌਕਾ

ਸਿਧਾਂਤਕ ਪੱਖ:-
ਜੇ ਗੁਰਮਤਿ ਸਿਧਾਂਤ ਦੇ ਨਜ਼ਰੀਏ ਤੋਂ ਵੇਖਿਆ ਜਾਵੇ ਤਾਂ ਸਿੱਖ ਸਮਾਜ ਵਿਚ ਪ੍ਰਬੰਧਕ ਚੁਨਣ ਲਈ ‘ਸਿਲੈਕਸ਼ਨ’ (ਗੁਣਾਂ ਆਧਾਰਿਤ) ਪ੍ਰਣਾਲੀ ਹੀ ਜ਼ਾਇਜ਼ ਹੈ, ਇਲੈਕਸ਼ਨ (ਵੋਟਾਂ ਆਧਾਰਿਤ) ਨਹੀਂ। ਬਾਬਾ ਨਾਨਕ ਪਾਤਸ਼ਾਹ ਜੀ ਨੇ ਜਦੋਂ ਗੁਰਮਤਿ ਨਿਕਲਾਬ ਦਾ ਜਾਨਸ਼ੀਨ ਬਾਬਾ ਲਹਿਣਾ (ਅੰਗਦ ਪਾਤਸ਼ਾਹ ਜੀ) ਨੂੰ ਚੁਣਿਆ ਤਾਂ ਉਸ ਦਾ ਆਧਾਰ ਇਹ ਨਹੀਂ ਸੀ ਕਿ ਉਹਨਾਂ ਦੇ ਨਾਲ ਕਿਤਨੇ ਸਿੱਖ ਹਨ ਜਾਂ ਬਹੁਗਿਣਤੀ ਸਿੱਖਾਂ ਦਾ ਸਮਰਥਨ ਉਹਨਾਂ ਨੂੰ ਪ੍ਰਾਪਤ ਹੈ। ਉਸ ਲਈ ਕੋਈ ਚੋਣਾਂ ਨਹੀਂ ਹੋਈਆਂ ਸਨ। ਬਲਕਿ ਬਾਬਾ ਲਹਿਣਾ ਜੀ ਦੀ ਚੌਣ ਨਿਰੋਲ ਗੁਣਾਂ ਦੇ ਆਧਾਰ ਤੇ ਹੋਈ ਸੀ। ਸਮਰਥਕਾਂ ਦੀ ਗਿਣਤੀ ਦੇ ਆਧਾਰ ਤੇ ਪ੍ਰਬੰਧਕ ਚੁਨਣ ਦਾ ਸਿਸਟਮ ਗੁਰਮਤਿ ਤੋਂ ਉਲਟ ਹੈ, ਖਾਸਕਰ ਧਾਰਮਿਕ ਖੇਤਰ ਵਿਚ। ਹਰ ਜਾਗਰੂਕ ਸਿੱਖ ਅਤੇ ਵਿਦਵਾਨ ਇਸ ਗੱਲ ਨੂੰ ਸਮਝਦਾ ਹੈ ਕਿ ਅੰਗਰੇਜ਼ ਸ਼ਾਸਕਾਂ ਨੇ ੧੯੨੦ ਦੇ ਆਸਪਾਸ ‘ਗੁਰਦੁਆਰਾ ਸੁਧਾਰ ਲਹਿਰ’ ਨੂੰ ਲੀਹੋਂ ਲਾਉਣ ਦੇ ਮਕਸਦ ਨਾਲ ਹੀ ਸ਼੍ਰੋਮਣੀ ਕਮੇਟੀ ਲਈ ‘ਵੋਟਾਂ ਰਾਹੀਂ ਚੌਣ ਪ੍ਰਣਾਲੀ’ ਦੀ ਸ਼ੁਰੂਆਤ ਕੀਤੀ। ਉਹ ਅਪਣੀ ਇਸ ਸਾਜ਼ਿਸ਼ ਵਿਚ ਬਹੁਤ ਕਾਮਯਾਬ ਵੀ ਰਹੇ। ਸਾਡਾ ਇਤਿਹਾਸ ਅਤੇ ਅੱਜ ਦੇ ਹਾਲਾਤ ਇਸ ਦਾ ਸਬੂਤ ਹਨ। ਅਫਸੋਸ! ਕਿ ਦੇਖਾ-ਦੇਖੀ ਹੋਰ ਗੁਰਦੁਆਰਿਆਂ ਵਿਚ ਵੀ ਇਹ ਗਲਤ ਸਿਸਟਮ ਸ਼ੁਰੂ ਹੋ ਗਿਆ। ਨਤੀਜਤਨ ਪ੍ਰਬੰਧਕਾਂ ਦੇ ਰੂਪ ਵਿਚ ਹੋਲੀ-ਹੋਲੀ ਉਹ ਲੋਕ ਗੁਰਧਾਮਾਂ ਤੇ ਕਾਬਜ਼ ਹੋ ਗਏ ਜਿਹੜੇ ਆਚਰਨ ਅਤੇ ਨੀਅਤ ਪੱਖੋਂ ੧੯੨੦ ਤੋਂ ਪਹਿਲਾਂ ਵਾਲੇ ਮਹੰਤਾਂ ਦੇ ਹੀ ਪੈਰੋਕਾਰ ਜਾਪਦੇ ਹਨ।
ਜਮੀਨੀ ਹਕੀਕਤ ਕੀ ਹੈ?
ਇਹ ਤਾਂ ਹੈ ਸਿਧਾਂਤਕ ਪੱਖ। ਸਿਧਾਂਤ ਪੱਖੋਂ ਇਹ ਚੌਣ ਪ੍ਰਣਾਲੀ ਗੁਰਮਤਿ ਅਨੁਸਾਰੀ ਨਹੀਂ। ਪਰ ਜ਼ਮੀਨੀ ਹਕੀਕਤ ਇਹੀ ਹੈ ਕਿ ਅੱਜ ਦੇ ਸਮੇਂ ਵਿਚ ਇਹੀ ਸਿਸਟਮ ਸਿੱਖ ਸਮਾਜ ਵਿਚ ਪ੍ਰਚਲਿਤ ਹੈ। ਇਸ ਕਰਕੇ ਜੇ ‘ਗੁਰੁਆਰਾ ਪ੍ਰਬੰਧ’ ਸੰਬੰਧੀ ਚੋਣਾਂ ਦਾ ਸਿਸਟਮ ਸੁਧਾਰਨਾ ਹੈ ਤਾਂ ਇਕ ਵਾਰ ਗੁਰਧਾਮਾਂ ਨੂੰ ਇਸੇ ਸਿਸਟਮ ਰਾਹੀਂ ਇਹਨਾਂ ਨਵੇਂ ਮਹੰਤਾਂ ਦੇ ਕਬਜ਼ੇ ਤੋਂ ਆਜ਼ਾਦ ਕਰਵਾਉਣਾ ਪੈਣਾ ਹੈ। ਇਸ ‘ਆਜ਼ਾਦੀ’ ਲਈ ਜਾਗਰੂਕ ਅਤੇ ਸੁਹਿਰਦ ਪੰਥਦਰਦੀਆਂ ਨੂੰ ਪ੍ਰਚਲਿਤ ਚੋਣ ਸਿਸਟਮ ਵਿਚ ਇਕ ਵਾਰ ਹਿੱਸਾ ਲੈਣਾ ਹੀ ਪੈਣਾ ਹੈ।
ਅੱਜ ਦੀ ਸਥਿਤੀ ਕੀ ਹੈ?
ਸ਼੍ਰੋਮਣੀ ਕਮੇਟੀ ਚੋਣਾਂ ੨੦੧੧ ਦੇ ਸ਼ੁਰੂਆਤ ਵਿਚ ਹੋਣ ਦੀ ਸੰਭਾਵਨਾ ਹੈ। ਵੋਟਾਂ ਬਣਾਉਣ ਦਾ ਕੰਮ ਚਲ ਰਿਹਾ ਹੈ, ਇਸ ਦੀ ਤਾਰੀਖ ਇਕ ਮਹੀਨਾ ਵਧਾ ਕੇ ੧੪ ਅਗਸਤ ਕਰ ਦਿਤੀ ਗਈ ਹੈ, ਜੋ ਫਾਇਦੇਮੰਦ ਗੱਲ ਹੈ। ਕਿਉਂਕਿ ਅਨੇਕਾਂ ਕਾਰਨਾਂ ਕਰਕੇ ਵੋਟਾਂ ਬਣਾਉਣ ਦਾ ਕੰਮ ਬਹੁਤ ਧੀਮਾ ਚਲ ਰਿਹਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਵੋਟਰ ਫਾਰਮ ਵਿਚ ਸਿਧਾਂਤ ਪੱਖੋਂ ਅਨੇਕਾਂ ਕਮੀਆਂ ਹਨ। ਅਨੇਕਾਂ ਜਾਗਰੂਕ ਪੰਥਕ ਧਿਰਾਂ ਨੇ ਇਹਨਾਂ ਕਮੀਆਂ ਨੂੰ ਉਜਾਗਰ ਕੀਤਾ ਹੈ ਅਤੇ ਇਹਨਾਂ ਨੂੰ ਦੂਰ ਕਰਵਾਉਣ ਦੇ ਸੁਹਿਰਦ ਜਤਨ ਵੀ ਕੀਤੇ ਜਾ ਰਹੇ ਹਨ। ਪਰ ਸੱਚਾਈ ਇਹ ਹੈ ਕਿ ਸਰਕਾਰੀ ਧਿਰ ਵਲੋਂ ਵੋਟਰ ਫਾਰਮ ਸੁਧਾਰਨ ਲਈ ਕੋਈ ਹਾਂ-ਪੱਖੀ ਹੁੰਗਾਰਾ ਨਹੀਂ ਭਰਿਆ ਜਾ ਰਿਹਾ। ਇਹ ਇਸ ਗੱਲ ਵੱਲ ਸੰਕੇਤ ਕਰਦਾ ਹੈ ਕਿ ਸਰਕਾਰ ਵੀ ‘ਕਾਬਜ਼ ਮਹੰਤੀ ਧਿਰ’ ਨੂੰ ਇਹਨਾਂ ਚੋਣਾਂ ਵਿਚ ਜਿਤਾਉਣਾ ਚਾਹੁੰਦੀ ਹੈ। ਇਸ ਲਈ ਜਿੱਥੇ ਵੋਟਰ ਫਾਰਮਾਂ ਵਿਚ ਸੁਧਾਰ ਕਰਵਾਉਣ ਲਈ ਜਤਨ ਕਰਨਾ ਚੰਗੀ ਗੱਲ ਹੈ, ਉੱਥੇ ਸਾਨੂੰ ਇਹ ਵੀ ਮਨ ਵਿਚ ਧਾਰ ਕੇ ਤੁਰਨਾ ਚਾਹੀਦਾ ਹੈ ਕਿ ਜੇ ਫਾਰਮ ਠੀਕ ਨਹੀਂ ਹੁੰਦੇ ਤਾਂ ਸਾਨੂੰ ਇਸੇ ਰੂਪ ਵਿਚ ਹਿੱਸਾ ਲੈਣ ਲਈ ਤਿਆਰ ਰਹਿਣਾ ਚਾਹੀਦਾ ਹੈ। ਜੇ ਅੱਜ ਦੀ ਜ਼ਮੀਨੀ ਹਕੀਕਤ ਤੇ ਨਜ਼ਰ ਮਾਰੀ ਜਾਏ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਆਮ ਸਿੱਖ ਦੀ ਇਸ ਪਾਸੇ ਦਿਲਚਸਪੀ ਬਹੁਤ ਘੱਟ ਹੈ। ਅਗਿਆਨਤਾ ਅਤੇ ਅੰਨ੍ਹੀ ਸ਼ਰਧਾ ਦੀ ਚਪੇਟ ਵਿਚ ਹੋਣ ਕਰਕੇ ਸਿੱਖ ਸਮਾਜ ਦਾ ਵੱਡਾ ਹਿੱਸਾ ਡੇਰੇਦਾਰਾਂ, ਦੇਹਧਾਰੀਆਂ ਦਾ ਸ਼ਰਧਾਲੂ ਬਣ ਚੁੱਕਿਆ ਹੈ। ਦੂਜਾ ਮੌਜੂਦਾ ਅਕਾਲੀ ਰਾਜਨੀਤਕ ਅਤੇ ਧਾਰਮਿਕ ਆਗੂਆਂ ਦੇ ਭ੍ਰਿਸ਼ਟ ਅਤੇ ਨੀਂਵੇ ਆਚਰਣ ਨੇ ਆਮ ਸਿੱਖ ਨੂੰ ਨਿਰਾਸ਼ ਕਰ ਦਿੱਤਾ ਹੈ। ਵੋਟਰ ਫਾਰਮ ਭਰਣ ਦੀ ਅਤਿ ਸੁਸਤ ਗਤੀ ਇਸ ਗੱਲ ਦੀ ਲਖਾਇਕ ਹੈ ਕਿ ਆਮ ਸਿੱਖ ਇਹਨਾਂ ਚੋਣਾਂ ਵਿਚ ਜਾਂ ਸੁਧਾਰ ਵਿਚ ਬਹੁਤ ਘੱਟ ਦਿਲਚਸਪੀ ਰੱਖਦਾ ਹੈ। ਇਹ ਰੁਝਾਣ ਚਿੰਤਾਜਨਕ ਵੀ ਹੈ। ਰਾਜਨੀਤਕ ਸਥਿਤੀ ਤੇ ਨਜ਼ਰ ਮਾਰੀ ਜਾਵੇ ਤਾਂ ਅੱਜ ਦੇ ਸਮੇਂ ਵਿਚ ਕਮੇਟੀ ਤੇ ਕਾਬਜ਼ ਅਕਾਲੀ ਦਲ (ਬਾਦਲ) ਨੂੰ ਟੱਕਰ ਦੇਣ ਦੇ ਸਮਰੱਥ ਕੋਈ ਅਕਾਲੀ ਦਲ ਨਹੀਂ ਲਗਦਾ। ਉਂਝ ਅਖਬਾਰੀ ਬਿਆਨ ਦੇਣ ਵਾਲੇ ਅਕਾਲੀ ਦਲ ਤਾਂ ਦਰਜਨ ਤੋਂ ਵੱਧ ਹਨ, ਪਰ ਜ਼ਮੀਨੀ ਆਧਾਰ ਉਹਨਾਂ ਦਾ ਬਹੁਤ ਘੱਟ ਹੈ। ਦੂਜਾ, ਹਰ ਕਿਸੇ ਵਲੋਂ ਅਪਣੀ-ਅਪਣੀ ਢਾਈ ਪਾ ਦੀ ਖਿਚੜੀ ਅਲਗ ਪਕਾਉਣ ਦੀ ਨੀਤੀ ਹੋਰ ਵੀ ਨੁਕਸਾਨ ਕਰ ਰਹੀ ਹੈ। ਮਿਸਾਲ ਲਈ ‘ਮਾਨ ਦਲ’ ਨੇ ਬਿਨਾਂ ਕਿਸੇ ਨਾਲ ਵਿਚਾਰ ਵਟਾਂਦਰਾ ਕੀਤੇ ਹੀ ਸਾਰੀਆਂ ਸੀਟਾਂ ਤੋਂ ਅਪਣੇ ਉਮੀਦਵਾਰ ਖੜੇ ਕਰਨ ਦਾ ਐਲਾਣ ਕਰਕੇ ਸੂਚੀਆਂ ਕੱਢਣੀਆਂ ਵੀ ਸ਼ੁਰੂ ਕਰ ਦਿਤੀਆਂ ਹਨ। ਹਰ ਸੀਟ ਤੇ ਅਪਣੇ ਉਮੀਦਵਾਰ ਖੜਾ ਕਰਨ ਦੇ ਦਮਗੱਜੇ ਮਾਰਨ ਵਾਲੇ ਇਹ ‘ਦਲ’ ਸ਼ਾਇਦ ਇਹ ਨਹੀਂ ਸਮਝ ਰਹੇ ਕਿ ਖੜੇ ਕਰਨ ਵਾਸਤੇ ਤਾਂ ਹਰ ਦਲ ਨੂੰ ੧੭੫ ਬੰਦੇ ਜ਼ਰੂਰ ਮਿਲ ਜਾਣਗੇ ਪਰ ਉਹਨਾਂ ਨੂੰ ਜਿਤਾਉਣ ਲਈ ਵੋਟਾਂ ਨਹੀਂ ਮਿਲਣੀਆਂ ਜੇ। ਇਹਨਾਂ ਦਲਾਂ ਦੀ ਇਹ ਆਪਹੁਦਰੀ ਕਾਰਵਾਈਆਂ ਅਕਾਲੀ ਦਲ (ਬਾਦਲ) ਦੀ ਸਥਿਤੀ ਹੀ ਮਜ਼ਬੂਤ ਕਰ ਰਹੀਆਂ ਹਨ।
ਹੋਣਾ ਕੀ ਚਾਹੀਦਾ ਹੈ?
ਅੱਜ ਸਭ ਤੋਂ ਵੱਡੀ ਲੋੜ ਹੈ, ਇਹਨਾਂ ਨਵੇਂ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਵਾਉਣਾ। ਇਸ ਕਰਕੇ ਬਾਦਲ ਦਲ ਨੂੰ ਗਲਤ ਸਮਝਣ ਵਾਲੀ ਹਰ ਪੰਥਕ ਰਾਜਨੀਤਕ ਪਾਰਟੀਆਂ, ਜਥੇਬੰਦੀਆਂ ਨੂੰ, ਅਪਣੇ ਵਖਰੇਵੇਂ ਭੁਲਾ ਕੇ, ਇਕ ‘ਸਾਂਝਾ ਮੁਹਾਜ਼’ (ਇਸ ਨੂੰ ਕੋਈ ਢੁੱਕਵਾਂ ਨਾਂ ਦਿਤਾ ਜਾ ਸਕਦਾ ਹੈ) ਬਣਾਉਣਾ ਪੈਣਾ ਹੈ। ਇਸ ਮੁਹਾਜ਼ ਵਿਚ ਸ਼ਾਮਲ ਸਾਰੀਆਂ ਧਿਰਾਂ ਦਾ ਇਕੋ-ਇਕ, ਘੱਟੋ ਘੱਟ ਸਾਂਝਾ ਪ੍ਰੋਗਰਾਮ
(COMMON MINIMUM PROGRAM) ‘ਨਵੇਂ ਮਹੰਤਾਂ ਤੋਂ ਆਜ਼ਾਦੀ’ ਹੀ ਹੋਣਾ ਚਾਹੀਦਾ ਹੈ। ਜੋ ਵੀ ਜਥੇਬੰਦੀ ਜਾਂ ਧਿਰ ਇਸ ਸਾਂਝੇ ਮੁਹਾਜ਼ ਵਿਚ ਸ਼ਾਮਿਲ ਨਹੀਂ ਹੁੰਦੀ, ਉਹ ਪੰਥ ਵਿਰੋਧੀ ਮੰਨੀ ਜਾਣੀ ਚਾਹੀਦੀ ਹੈ। ਇਹ ਚੋਣਾਂ ਬਾਦਲ ਵਿਰੋਧੀ ਧਿਰ ਦੀ ਕਿਸੇ ਵੀ ਪਾਰਟੀ ਦੇ ਝੰਡੇ ਹੇਠ ਨਾ ਲੜੀਆਂ ਜਾਣ ਬਲਕਿ ਇਸ ‘ਸਾਂਝੇ ਮੁਹਾਜ਼’ ਦੀ ਸਰਪ੍ਰਸਤੀ ਹੇਠ ਲੜੀਆਂ ਜਾਣ। ਸਭ ਤੋਂ ਪਹਿਲਾਂ ਉੱਤਮ ਉਮੀਦਵਾਰਾਂ ਦੀ ਚੌਣ ਅਤੇ ਹੋਰ ਕਾਰਜਾਂ ਦੀ ਸਰਪ੍ਰਸਤੀ ਅਤੇ ਅਗਵਾਈ ਲਈ ਜਾਗਰੂਕ, ਪ੍ਰਵਾਨਿਤ, ਬੁਧੀਜੀਵੀ ਪੰਥਦਰਦੀਆਂ ਦਾ ਇਕ ਪੈਨਲ ਬਣਾਉਣਾ ਚਾਹੀਦਾ ਹੈ। ਇਸ ਪੈਨਲ ਲਈ ਕੁਝ ਨਾਂ ਇਹ ਹੋ ਸਕਦੇ ਹਨ
ਜਸਟਿਸ ਅਜੀਤ ਸਿੰਘ ਬੈਂਸ, ਜਸਟਿਸ ਕੁਲਦੀਪ ਸਿੰਘ, ਸ੍ਰ. ਦਲੀਪ ਸਿੰਘ ਜੀ ਕਸ਼ਮੀਰੀ, ਗੁਰਤੇਜ ਸਿੰਘ ਜੀ ਸਾਬਕਾ ਆਈ ਏ ਐਸ, ਡਾ. ਸੰਗਤ ਸਿੰਘ ਜੀ ਦਿਲੀ, ਲੇਖਕ ਅਜਮੇਰ ਸਿੰਘ (ਕਿਨ ਬਿਧ ਰੁਲੀ ਪਾਤਸ਼ਾਹੀ), ਕਰਨਲ ਸੰਧੂ ਆਦਿ
ਪੰਥਦਰਦੀਆਂ ਦੀ ਆਪਸੀ ਵਿਚਾਰ ਉਪਰੰਤ ਇਸ ਪੈਨਲ ਦਾ ਫੈਸਲਾ ਕੀਤਾ ਜਾ ਸਕਦਾ ਹੈ। ਇਸ ਪੈਨਲ ਦੇ ਗਠਨ ਤੋਂ ਬਾਅਦ ਇਸ ਪੈਨਲ ਵਲੋਂ ਗੁਰਧਾਮ ਆਜ਼ਾਦੀ ਦੀ ਚਾਹਵਾਨ ਸਾਰੀਆਂ ਪਾਰਟੀਆਂ, ਜਥੇਬੰਦੀਆਂ ਨੂੰ ਇਸ ‘ਸਾਂਝੇ ਮੁਹਾਜ਼’ ਵਿਚ ਸ਼ਾਮਿਲ ਹੋਣ ਸਾਂਝਾ ਦਾ ਸੱਦਾ ਦੇ ਕੇ ਇਕ ਨਿਸ਼ਚਿਤ ਤਾਰੀਖ ਤੱਕ ਅਪਣੀ ਸਹਿਮਤੀ ਭੇਜਣ ਲਈ ਕਿਹਾ ਜਾਵੇ। ਇਸ ਤੋਂ ਬਾਅਦ ਇਸ ਮੁਹਾਜ਼ ਵਿਚ ਸ਼ਾਮਿਲ ਸਾਰੀਆਂ ਪਾਰਟੀਆਂ ਵਲੋਂ ਚੋਣਾਂ ਲੜਣ ਲਈ ਇਛੁਕ ਅਪਣੇ ਉਮੀਦਾਵਾਰਾਂ ਦੀ ਇਕ ਇਲਾਕਾ (ਸੀਟ) ਵਾਰ ਸੂਚੀ ਇਸ ਪੈਨਲ ਨੂੰ ਸੌਂਪੀ ਜਾਵੇ। ਕੋਸ਼ਿਸ਼ ਇਹ ਕੀਤੀ ਜਾਵੇ ਕਿ ਉਹ ਉਮੀਦਾਵਰ ਉਸੇ ਇਲਾਕੇ ਦਾ ਹੋਵੇ। ਇਸ ਪੈਨਲ ਵਲੋਂ ਇਲਾਕਾ (ਸੀਟ) ਵਾਰ ਇਹਨਾਂ ਉਮੀਦਵਾਰਾਂ ਦੀ ਇੰਟਰਵਿਉ ਲਈ ਜਾਵੇ, ਉਸਦਾ ਪਿਛੋਕੜ, ਰਿਕਾਰਡ ਘੋਖਿਆ ਜਾਵੇ। ਉਸ ਆਧਾਰ ਤੇ ਆਪਸੀ ਵਿਚਾਰ ਉਪਰੰਤ, ਸਭ ਤੋਂ ਯੋਗ ਉਮੀਦਵਾਰਾਂ ਦੀ ਇਕ ਸੂਚੀ ਤਿਆਰ ਕੀਤੀ ਜਾਵੇ। ਸੂਚੀ ਬਣਾਉਂਦੇ ਸਮੇਂ ਇਕੋ ਇਕ ਕਸਵੱਟੀ ਉਸ ਉਮੀਦਵਾਰ ਦੀ ਯੋਗਤਾ ਹੋਣੀ ਚਾਹੀਦੀ ਹੈ, ਨਾ ਕਿ ਪਾਰਟੀਆਂ ਦੀ ਵੰਡ ਅਨੁਸਾਰ ਸੀਟਾਂ ਵੰਡਣ ਦੀ ਪਾਲਿਸੀ ਅਪਣਾਈ ਜਾਵੇ। ‘ਸਾਂਝੇ ਮੁਹਾਜ਼’ ਦੇ ਗਠਨ ਵੇਲੇ ਹੀ ਇਹ ਸਾਰੀਆਂ ਸ਼ਾਮਿਲ ਧਿਰਾਂ ਦੇ ਵਲੋਂ ਇਹ ਪ੍ਰਣ ਲਿਆ ਜਾਵੇ ਕਿ ਇਸ ਪੈਨਲ ਵਲੋਂ ਜਾਰੀ ਕੀਤੀ ਸੂਚੀ ਹੀ ਫਾਈਨਲ ਹੋਵੇਗੀ। ਉਮੀਦਵਾਰਾਂ ਦੀ ਸੂਚੀ ਦਾ ਐਲਾਨ, ਇਕ ਪ੍ਰੈਸ ਕਾਨਫਰਾਂਸ ਵਿਚ, ਸਾਰੀਆਂ ਸ਼ਾਮਿਲ ਧਿਰਾਂ ਦੇ ਸਰਪ੍ਰਸਤਾਂ ਦੀ ਮੌਜੂਦਗੀ ਵਿਚ, ਇਸ ਪੈਨਲ ਵਲੋਂ ਜਾਰੀ ਕੀਤੀ ਜਾਵੇ। ਉਸ ਤੋਂ ਬਾਅਦ ਮੁਹਾਜ਼ ਵਿਚ ਸ਼ਾਮਿਲ ਹਰ ਇਕ ਧਿਰ ਦਾ ਇਕੋ ਇਕ ਮਕਸਦ ਪੈਨਲ ਵਲੋਂ ਚੁਣੇ ਉਮੀਦਵਾਰ ਦੀ ਜਿੱਤ ਲਈ ਹਰ ਸੰਭਵ ਜ਼ਾਇਜ਼ ਜਤਨ ਕਰਨਾ ਹੋਣਾ ਚਾਹੀਦਾ ਹੈ।
ਪ੍ਰਚਾਰ
ਉਮੀਦਵਾਰਾਂ ਦਾ ਐਲਾਨ ਤੋਂ ਬਾਅਦ ਅਤੇ ਬੇਹਦ ਜ਼ਰੂਰੀ ਕੰਮ ਪ੍ਰਚਾਰ ਦਾ ਹੈ। ਇਸ ਪੈਨਲ ਵਲੋਂ ਕੌਮ ਵਿਚੋਂ ਇਸ ਇਨਕਲਾਬ ਵਿਚ ਸਰਗਰਮ ਕੰਮ ਕਰਨ ਲਈ ਤਿਆਰ ਨਿਸ਼ਕਾਮ ਪੰਥਦਰਦੀ ਵਾਲੰਟੀਅਰਾਂ ਨੂੰ ਸੱਦਾ ਦਿਤਾ ਜਾਵੇ। ਮਿਸ਼ਨਰੀ ਕਾਲਜ ਇਸ ਕੰਮ ਵਿਚ ਅੱਛਾ ਰੋਲ ਨਿਭਾ ਸਕਦੇ ਹਨ। ਮੁਹਾਜ਼ ਵਿਚ ਸ਼ਾਮਿਲ ਧਿਰਾਂ ਦਾ ਹੇਠਲਾ ਕੇਡਰ ਵੀ ਇਸ ਵਿਚ ਸ਼ਾਮਿਲ ਹੋਵੇਗਾ। ਉਮੀਦਵਾਰਾਂ ਦੀ ਜਿੱਤ ਲਈ ਜ਼ਰੂਰੀ ਹੈ ਕਿ ਹਰ ਸਿੱਖ (ਵੋਟਰ) ਨੂੰ ਜਾਗ੍ਰਿਤ ਕਰਨ ਦਾ ਜਤਨ ਕੀਤਾ ਜਾਵੇ। ਇਸ ਲਈ ਸਭ ਤੋਂ ਪਹਿਲਾਂ ਕਾਬਜ਼ ਨਵੇਂ ਮਹੰਤਾਂ ਦੀ ਗੁਰਮਤਿ ਵਿਰੋਧੀ ਕਾਰਵਾਈਆਂ ਦਾ ‘ਕੱਚਾ ਚਿੱਠਾ’ ਪੇਸ਼ ਕਰਦਾ ਇਕ ਬਹੁਤ ਹੀ ਮਜ਼ਬੂਤ ਪਰ ਸੰਖੇਪ ਕਿਤਾਬਚਾ ਤਿਆਰ ਕਰ ਕੇ, ਲੋੜੀਂਦੀ ਗਿਣਤੀ ਵਿਚ, ਛਪਵਾਇਆ ਜਾਏ। ਇਸੇ ਤਰਜ਼ ਦੀ ਹੋਰ ਪ੍ਰਚਾਰ ਸਮੱਗਰੀ ਵੀ ਕੇਂਦਰੀ ਤੌਰ ਤੇ ਤਿਆਰ ਕੀਤੀ ਜਾਵੇ। ਭਾਵ ਕਿ ਹਰ ਥਾਂ ਪ੍ਰਚਾਰ ਇਕਸਾਰ ਹੀ ਹੋਣਾ ਚਾਹੀਦਾ ਹੈ। ਇਸ ਲਈ ਜ਼ਰੂਰੀ ਹੈ ਕਿ ਸਾਰੀ ਪ੍ਰਚਾਰ ਸਮੱਗਰੀ ‘ਕੇਂਦਰੀ ਤੌਰ’ ਤੇ ਤਿਆਰ ਕੀਤੀ ਜਾਵੇ। ਇਸ ਤੋਂ ਬਾਅਦ ਹਰ ਸੀਟ ਦੇ ਇਲਾਕੇ ਲਈ ੫-੬ ਪੰਥਦਰਦੀ ਗੁਰਸਿੱਖਾਂ ਦੀਆਂ ਘੱਟੋ-ਘੱਟ ੪ ਪ੍ਰਚਾਰ ਟੀਮਾਂ ਬਣਾਈਆਂ ਜਾਣ। ਹਰ ਟੀਮ ਅਪਣੇ ਹੇਠ ਆਉਂਦੇ ਇਲਾਕੇ ਦੀ ਵੋਟਰ ਲਿਸਟ ਹੱਥ ਵਿਚ ਲੈ ਲਵੇ। ਫਿਰ ੩ ਕੁ ਮਹੀਨੇ ਦੇ ਸਮੇਂ ਵਿਚ ਹਰ ਪ੍ਰਚਾਰ ਕਮੇਟੀ ‘ਵਿਅਕਤੀਗਤ ਸੰਪਰਕ ਮੁਹਿੰਮ’ ਤੇ ਜਾ ਕੇ ਹਰ ਪਿੰਡ ਵਿਚ ਜਾ ਕੇ ਇਕ ਇਕ ਪ੍ਰਵਾਰ (ਵੋਟਰ) ਨੂੰ ਮਿਲੇ। ਹਰ ਇਕ ਵੋਟਰ ਨੂੰ ‘ਕਾਬਜ਼ ਮਹੰਤਾਂ’ ਦਾ ਕੱਚਾ ਚਿੱਠਾ ਸਮਝਾਇਆ ਜਾਵੇ। ਉਸ ਨੂੰ ਗੁਰਧਾਮਾਂ ਨੂੰ ਕਾਬਜ਼ ਨਵੇਂ ਮਹੰਤਾਂ ਤੋਂ ਆਜ਼ਾਦ ਕਰਵਾ ਕੇ ‘ਗੁਰਦੁਆਰਾ ਪ੍ਰਬੰਧ’ ਵਿਚ ਮੁਕੰਮਲ ਸੁਧਾਰ ਦੀ ਲੋੜ ਦਾ ਇਹਸਾਸ ਕਰਵਾਇਆ ਜਾਵੇ। ਉਸ ਨੂੰ ਇਹਸਾਸ ਕਰਵਾਇਆ ਜਾਵੇ ਕਿ ਇਸ ‘ਗੁਰਮਤਿ ਆਧਾਰਿਤ ਸੁਧਾਰ ਲਹਿਰ’ ਵਿਚ ਉਸ ਦੀ ਇਕ ਵੋਟ ਬੇਸ਼ਕੀਮਤੀ ਹੈ, ਇਸ ਲਈ ਉਸਨੂੰ ਇਸ ਵੋਟ ਦਾ ਪ੍ਰਯੋਗ ਜ਼ਰੂਰ ਕਰਨਾ ਚਾਹੀਦਾ ਹੈ।ਉਸ ਨੂੰ ਸਮਝਾਇਆ ਜਾਵੇ ਕਿ ਜੇ ਤੂਸੀ ਇਸ ਸਮੇਂ ਕਿਸੇ ਨਿੱਕੇ ਜਿਹੇ ਸਵਾਰਥ (ਆਰਥਿਕ ਸਹਾਇਤਾ, ਨਸ਼ੇ ਦੀ ਪੂਰਤੀ ਆਦਿ) ਕਾਰਨ ਅਪਣੀ ਵੋਟ ਦਾ ਗਲਤ ਇਸਤੇਮਾਲ ਕਰ ਦਿਤਾ ਤਾਂ ਇਸ ਦਾ ਖਮਿਆਜ਼ਾ ਜੋ ਲੰਮੇ ਸਮੇਂ ਤੋਂ ਪੂਰੀ ਕੌਮ ਭੁਗਤਦੀ ਆ ਰਹੀ ਹੈ ਅਤੇ ਅਗੋਂ ਵੀ ਕਈਂ ਸਾਲਾਂ ਤੱਕ ਭੁਗਤਨਾ ਪੈ ਸਕਦਾ ਹੈ। ਹਰ ਇਕ ਨੂੰ ਵਿਚਾਰਨ ਲਈ ਉਹ ਕਿਤਾਬਚਾ ਅਤੇ ਹੋਰ ਢੁੱਕਵੀਂ ਮੁੱਢਲੀ ਪ੍ਰਚਾਰ ਸਮੱਗਰੀ ਵੀ ਦਿੱਤੀ ਜਾਵੇ। ਇਸ ‘ਵਿਅਕਤੀਗਤ ਸੰਪਰਕ’ ਤੋਂ ਬਾਅਦ ( ਚੋਣਾਂ ਦੇ ਨੇੜੇ-ਤੇੜੇ) ਹਰ ਪਿੰਡ ਜਾਂ ਇਲਾਕੇ ਵਿਚ ‘ਕੇਂਦਰੀ ਪ੍ਰਚਾਰਕਾਂ’ ਨੂੰ ਬੁਲਾ ਕੇ, ਕਿਸੇ ਢੁੱਕਵੀਂ ਥਾਂ (ਜਿਵੇਂ ਗੁਰਦੁਆਰਾ) ਤੇ ਰੈਲੀ (ਸਭਾ) ਕੀਤੀ ਜਾਵੇ। ਇਸ ਵਿਚ ਉਸ ਇਲਾਕੇ ਦੇ ਵੋਟਰਾਂ ਸਾਹਮਣੇ ਸਹੀ ਤਸਵੀਰ ਪੇਸ਼ ਕੀਤੀ ਜਾਵੇ। ਉਹਨਾਂ ਨੂੰ ਇਸ ‘ਸੁਧਾਰ ਇਨਕਲਾਬ’ ਵਿਚ ਅਪਣੇ ਕੀਮਤੀ ਵੋਟ ਰਾਹੀਂ ਸਹਿਯੋਗ ਦੇਣ ਲਈ ਪ੍ਰੇਰਿਆ ਜਾਵੇ। ਉਸ ਇਲਾਕੇ ਤੋਂ ਖੜੇ ਉਮੀਦਵਾਰ ਦੀ ਸਵੱਛ ਛਵੀ, ਗੁਣਾਂ ਆਦਿ ਬਾਰੇ ਵੀ ਉਨਾਂ ਨੂੰ ਦਸਿਆ ਜਾਵੇ। ਚੋਣਾਂ ਤੋਂ ਕੁਝ ਦਿਨ ਪਹਿਲਾਂ ਕੇਂਦਰੀ ਤੌਰ ਤੇ ਪ੍ਰਚਾਰ (ਅਖਬਾਰ, ਟੀ ਵੀ, ਇੰਟਰਨੈਟ, ਕੇਬਲ ਆਦਿ ਰਾਹੀਂ) ਤੇ ਵੀ ਢੁੱਕਵਾਂ ਜ਼ੋਰ ਦਿਤਾ ਜਾਵੇ। ਪਰ ਮੁੱਖ ਧੁਰਾ ਇਲਾਕਾਵਾਰ ਸੰਪਰਕ (ਫੀਲਡ ਪ੍ਰਚਾਰ) ਹੀ ਹੋਣਾ ਚਾਹੀਦਾ ਹੈ।ਜੇ ਅਸੀਂ ਪੂਰੀ ਨਿਸ਼ਕਾਮਤਾ, ਸੁਹਿਰਦਤਾ, ਨਿਰਪੱਖਤਾ ਸਹਿਤ, ਪੂਰੀ ਯੋਜਨਾ ਬਣਾ ਕੇ, ਤਿਆਰੀ ਕਰਾਂਗੇ ਤਾਂ ਇਸ ਵਿਚ ਕੋਈ ਸ਼ੱਕ ਨਹੀਂ ਕਿ ਅਸੀਂ ਇਨਕਲਾਬ ਲਿਆਉਣ ਵਿਚ ਜ਼ਰੂਰ ਕਾਮਯਾਬ ਹੋ ਸਕਾਂਗੇ।
ਅੰਤਿਕਾ
ਸਭ ਤੋਂ ਪਹਿਲਾਂ, ਇਸ ਸਮੇਂ ਸਾਰੀਆਂ ਬਾਦਲ ਵਿਰੋਧੀ ਰਾਜਨੀਤਕ ਪਾਰਟੀਆਂ ਅਤੇ ਜਾਗਰੂਕ ਪੰਥਕ ਧਿਰਾਂ ਨੂੰ ੧੪ ਅਗਸਤ ਤੱਕ ਪਿੰਡ-ਪਿੰਡ ਘਰ-ਘਰ ਜਾ ਕੇ ਫੀਲਡ ਵਰਕ ਰਾਹੀਂ ਜ਼ਿਆਦਾ ਤੋਂ ਜ਼ਿਆਦਾ ਸਿੱਖਾਂ ਦੀਆਂ ਵੋਟਾਂ ਬਣਾਈਆਂ ਜਾਣ। ਵੋਟਾਂ ਬਣਾਉਣ ਦੀ ਅੰਤਿਮ ਮਿਤੀ (੧੪ ਅਗਸਤ) ਤੋਂ ੨-੩ ਦਿਨ ਬਾਅਦ ਹੀ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ, ਉੱਘੇ ਪੰਥਦਰਦੀਆਂ, ਬੁਧੀਜੀਵੀਆਂ ਦੇ ਉਸ ਪੈਨਲ ਦਾ ਗਠਨ ਕੀਤਾ ਜਾਵੇ (ਕੁਝ ਨਾਵਾਂ ਦਾ ਸੁਝਾਅ ਲੇਖ ਦੀ ਸ਼ੁਰੂਆਤ ਵਿਚ ਦਿਤਾ ਗਿਆ ਹੈ) ਜੋ ਇਸ ਸਾਂਝੇ ਮੁਹਾਜ਼ ਦਾ ਸੰਚਾਲਕ ਅਤੇ ਸਰਪ੍ਰਸਤ ਹੋਵੇਗਾ। ਫੇਰ ਇਹ ਪੈਨਲ ਬਾਦਲ ਵਿਰੋਧੀ ਸਾਰੀਆਂ ਪੰਥਕ ਪਾਰਟੀਆਂ, ਧਿਰਾਂ ਨੂੰ ਇਸ ਮੁਹਾਜ਼ ਵਿਚ ਸ਼ਾਮਿਲ ਹੋਣ ਦਾ ਇਕ ਸਾਂਝਾ ਅਤੇ ਖੁੱਲਾ ਸੱਦਾ ਦੇਵੇ। ਅਕਾਲੀ ਦਲ ਬਾਦਲ ਦੀ ਵਿਰੋਧੀ ਮੰਨੀ ਜਾਂਦੀ ਜੋ ਵੀ ਪੰਥਕ ਧਿਰ ਇਸ ਸੱਦੇ ਨੂੰ ਹੁੰਗਾਰਾ ਨਹੀਂ ਦਿੰਦੀ, ਇਹ ਮੰਨ ਲਿਆ ਜਾਣਾ ਚਾਹੀਦਾ ਹੈ ਕਿ ਉਹ ਧਿਰ ਸਹੀ ਮਾਇਨੇ ਵਿਚ ‘ਪੰਥਕ’ ਨਹੀਂ ਹੈ ਅਤੇ ਉਹ ਬਾਦਲ ਖੇਮੇ ਦੇ ਇਕ ਏਜੰਟ ਵਜੋਂ ਹੀ ਭੁਗਤ ਰਹੀ ਹੈ। ਆਸ ਹੈ ਸਾਰੀਆਂ ਜਾਗਰੂਕ ਮੰਨੀਆਂ ਜਾਂਦੀਆਂ ਪੰਥਕ ਰਾਜਨੀਤਕ ਪਾਰਟੀਆਂ ਅਤੇ ਜਥੇਬੰਦੀਆਂ, ਸ਼ਖਸੀਅਤਾਂ, ਨਿਰੋਲ ਪੰਥਦਰਦ ਅਤੇ ਨਿਸੁਆਰਥ, ਨਿਸ਼ਕਾਮ ਭਾਵਨਾ ਨਾਲ ਲਿਖੇ ਇਸ ‘ਜੋਦੜੀ ਪੱਤਰ (ਲੇਖ)’ ਦੇ ਵਿਚ ਦਿੱਤੇ ਸੁਝਾਵਾਂ ਦੇ ਮੱਦੇਨਜ਼ਰ, ਨਵੇਂ ਮਹੰਤਾਂ ਕੋਲੋਂ ‘ਗੁਰਧਾਮ ਆਜ਼ਾਦ’ ਕਰਵਾਉਣ ਲਈ, ਨਿਜੀ ਮਤਭੇਦ ਭੁਲਾ ਕੇ, ਸਾਂਝਾ ਮੁਹਾਜ਼’ ਤਿਆਰ ਕਰਨ ਦੇ ਮਕਸਦ ਨਾਲ ਸਿਰਜੋੜ ਕੇ ਬੈਠਣਗੀਆਂ।
ਤੱਤ ਗੁਰਮਿਤ ਪਰਵਾਰ




.