.

ਇਹਨਾਂ ਸ੍ਰੋਮਣੀ ਕਮੇਟੀ ਚੌਣਾਂ ਵਿੱਚ ਕੋਈ ਬਦਲ ਹੋ ਸਕੇਗਾ?
-ਇਕਵਾਕ ਸਿੰਘ ਪੱਟੀ

ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖਾਂ ਦੀ ਇੱਕ ਵੱਡੀ ਗਿਣਤੀ ਵੱਲੋਂ ਕੁਰਬਾਨੀਆਂ ਦੇ ਕੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਕਿਸੇ ਖਾਸ ਮਕਸਦ ਵੱਜੋਂ ਹੌਂਦ ਵਿੱਚ ਲਿਆਂਦਾ ਗਿਆ ਸੀ। ਤਾਂ ਕਿ ਆਉਣ ਵਾਲੇ ਸਮੇਂ ਵਿੱਚ ਸਿੱਖੀ ਵੀਚਾਰਧਾਰਾ, ਸਿੱਖ ਸਿਧਾਂਤਾਂ ਨੂੰ, ਸਿੱਖੀ ਵਿਰਸੇ ਨੂੰ ਅਤੇ ਗੁਰਮਤਿ ਗਿਆਨ ਨੂੰ ਸੰਸਾਰ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣ ਦਾ ਕੰਮ ਸਿੱਖਾਂ ਦੀ ਨੁੰਮਇਦਗੀ ਕਰਨ ਵਾਲੀ ਇਹ ਸੰਸਥਾ (ਸਾਰੇ ਸਿੱਖਾਂ ਨੂੰ ਨਾਲ ਲੈ ਕੇ ਹੀ) ਕਰ ਸਕੇ। ਪਰ ਸਮੇਂ ਦੇ ਗੇੜ ਨਾਲ, ਆਗੂਆਂ ਦੀ ਬੇਸਮਝੀ, ਆਗੂਆਂ ਵਿਚਲੀ ਦੂਰ-ਅੰਦੇਸ਼ੀ ਸੋਚ ਦੀ ਘਾਟ, ਕੁਰਸੀ ਦੀ ਭੁੱਖ, ਗੋਲਕ ਦੀ ਲੁੱਟ, ਪੂਜਾ ਦਾ ਧਾਨ ਇਤਿਆਦਿਕ ਕਈ ਕਾਰਣਾਂ ਕਰਕੇ ਸਰੋਮਣੀ ਕਮੇਟੀ ਇੱਕ ਵਾਪਾਰਕ ਆਦਾਰਾ ਵਧੇਰੇ ਬਣ ਗਈ। ਅੱਜ ਹਾਲਤ ਇੱਥੋਂ ਤੱਕ ਆਣ ਪਹੁੰਚੇ ਕਿ ਸਿੱਖ ਵਿਰੋਧੀ ਕਾਰਵਾਈਆਂ, ਗੁਰਮਤਿ ਦੀ ਉਲੰਘਣਾ, ਬਾਬੇ ਨਾਨਕ ਦੇ ਸਿਧਾਂਤਾਂ ਨੂੰ ਛੱਕੇ ਤੇ ਟੰਗਣ ਵਰਗੇ ਕਾਰਜ, ਗੁਰੂ ਗ੍ਰੰਥ ਸਾਹਿਬ ਜੀ ਦੀ ਵੀਚਾਰਧਾਰਾ ਨੂੰ ਚੁਣੌਤੀ ਦੇਣ ਵਿੱਚ, ਸਿੱਖ ਇਤਿਹਾਸ ਨੂੰ ਵਿਗਾੜ ਕੇ ਗੁਰੂਆਂ ਦੇ ਦਾਮਨ ਨੂੰ ਦਾਗਦਾਰ ਕਰਨ ਵਿੱਚ, ਸਿੱਖ ਰਹਿਤ ਮਰਿਯਾਦਾ ਨੂੰ ਤੋੜਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਿੱਚ ਅਤੇ ਹੋਰ ਪਤਾ ਨਹੀਂ ਕਿਨੇ ਗੁਰਮਤਿ ਵਿਰੋਧੀ ਕਾਰਜਾਂ ਵਿੱਚ ਸ੍ਰੋਮਣੀ ਕਮੇਟੀ ਦਾ ਨਾਮ ਮੁੱਖ ਰੂਪ ਵਿੱਚ ਆਉਂਦਾ ਹੈ। ਜਿਸਤੋਂ ਇਹ ਸਿੱਖ ਹਿਮਾਇਤੀ ਸੰਸਥਾ ਘੱਟ ਅਤੇ ਸਿੱਖ ਵਿਰੋਧੀ ਸੰਸਥਾ ਜਿਆਦਾ ਜਾਪਦੀ ਹੈ।
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੋੜ ਸਮੁੱਚੀ ਕੌਮ ਨੂੰ ਹੈ, ਇਸ ਲਈ ਸਾਡਾ ਵਿਰੋਧ ਸ੍ਰੋਮਣੀ ਕਮੇਟੀ ਨਾਲ ਨਹੀਂ ਬਲਕਿ ਉਸ ਵਿੱਚ ਸ਼ਾਮਲ ਨਿੱਜ ਪ੍ਰਸਤ ਅਤੇ ਗੁਰਮਤਿ ਵਿਰੋਧੀ ਪ੍ਰਬੰਧਕਾਂ ਤੋਂ ਕਮੇਟੀ ਨੂੰ ਆਜ਼ਾਦ ਕਰਵਾਉਣਾ ਹੈ। ਇਸ ਲਈ ਸਬਬੀਂ ਮੌਕਾ ਆਣ ਬਣਿਆ ਹੈ। ਬੇਸ਼ੱਕ ਸਿਖਾਂ ਦੀ ਸਿਲੈਕਸ਼ਨ ਹੀ ਹੁੰਦੀ ਆਈ ਹੈ ਇਲੈਕਸ਼ਨ ਨਹੀਂ, ਪਰ ਇਸਦਾ ਕਾਰਣ ਵੀ ਸਿੱਖਾਂ ਦੀ ਹੀ ਨਲਾਇਕੀ ਹੈ, ਕਿਸੇ ਹੋਰ ਦੀ ਨਹੀਂ। ਖੈਰ! ਹੁਣ ਮੌਕਾ ਹੈ ਕਿ ਪਿਛਲੇ ਸਾਰੇ ਵੈਰ-ਵਿਰੋਧ ਭੁਲਾ ਕੇ ਸਾਂਝੇ ਰੂਪ। ਵਿੱਚ ਕੌਮ ਇੱਕ ਮੰਚ ਤੇ ਇੱਕਠਿਆਂ ਹੋ ਕੇ ਆਪਣੇ ਗੁਰਦੁਆਰਾ ਸਾਹਿਬ ਨੂੰ ਆਜ਼ਾਦ ਕਰਵਾਏ ਤਾਂ ਕਿ ਨਵੇਂ ਚੁਣੇ ਹੋਏ ਮੈਂਬਰ ਸ੍ਰੋਮਣੀ ਕਮੇਟੀ ਵਿੱਚ ਦਾਖਲ ਹੋ ਕੇ ਇੱਕਲ ਨਵੀਂ ਜਾਗ੍ਰਿਤੀ ਪੈਦਾ ਕਰ ਸਕਣ। ਗੁਰੂ ਦੀ ਗੋਲਕ ਦੀ ਯੋਗ ਵਰਤੋਂ ਹੋ ਸਕੇ, ਗੁਰ ਮਰਿਯਾਦਾ ਮੁੜ ਬਹਾਲ ਹੋ ਸਕੇ। ਇਸ ਲਈ ਆਉ ਮੁਹੱਲਾ ਪੱਧਰ, ਪਿੰਡ ਪੱਧਰ ਦੀਆਂ ਸਮੂਹ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਸੰਗਤਾਂ, ਸਿੱਖ ਜਥੇਬੰਦੀਆਂ, ਸਭਾਵਾਂ, ਸੰਸਥਾਵਾਂ ਸਾਂਝੇ ਰੂਪ ਵਿੱਚ ਇਹ ਮੋਰਚਾ ਮਾਰਣ ਤਾਂ ਕਿ ਸੱਚ ਦੀ ਜਿੱਤ ਹੋ ਸਕੇ। ਇਸ ਵਾਸਤੇ ਇੱਕ ਦੂਜੇ ਦੇ ਮੂੰਹ ਵੱਲ ਨਾ ਦੇਖਿਆ ਜਾਵੇ ਜਿਸਦੀ ਵੋਟ ਨਹੀਂ ਬਣੀ ਉਹ ਤੁਰੰਤ ਵੋਟ ਬਣਵਾ ਲਵੇ। ਪਰ ਅਜੇ ਤੱਕ ਅਸੀਂ ਵੋਟਾਂ ਬਣਾਉਣ ਦੇ ਮਾਮਲੇ ਚ ਕਾਫੀ ਹੌਲੀ ਚੱਲ ਰਹੇ ਹਾਂ। ਜੋ ਬਦਲਾਅ ਅਸੀਂ ਸ੍ਰੋਮਣੀ ਕਮੇਟੀ ਦੀਆਂ ਚੋਣਾਂ ਤੋਂ ਬਾਅਦ ਦੇਖਣਾ ਚਾਹੁੰਦੇ ਹਾਂ ਉਸ ਲਈ ਥੋੜੀ ਮਿਹਨਤ ਕਰੋ, ਲੋਕਾਈ ਨੂੰ ਸੁਚੇਤ ਕਰਕੇ ਵੱਧ ਤੋਂ ਵੱਧ ਵੋਟਾਂ ਬਣਾ ਕੇ ਸੱਚੇ ਸੁੱਚੇ ਗੁਰਸਿੱਖ ਕਿਰਦਾਰ ਦੀ ਮੱਦਦ ਕਰਕੇ ਉਸਨੂੰ ਅੱਗੇ ਲਿਆਈਏ। ਜੇਕਰ ਸਾਨੂੰ ਕੀ (?) ਦੀ ਬਿਮਾਰੀ ਚੰਬੜੀ ਹੀ ਰਹੀ ਤਾਂ ਫਿਰ ਨਹੀਂ ਆਉਣਾ ਕੋਈ ਬਦਲ। ਇਸ ਵਾਰ ਆਪਸੀ ਖੁੰਦਕਬਾਜ਼ੀਆਂ ਛੱਡ ਕੇ ਬਿਨ੍ਹਾਂ ਕਿਸੇ ਲਾਲਚ ਤੋਂ ਸਿੱਖ ਜ਼ਰੂਰ ਇਕੱਠੇ ਹੋ ਕੇ ਚੰਗੇ ਪ੍ਰਬੰਧਕ ਸ੍ਰੋਮਣੀ ਕਮੇਟੀ ਵਿੱਚ ਭੇਜਣ। ਤਾਂ ਹੀ ਕੌਮੀ ਭਲੇ ਦਾ ਕੋਈ ਕਾਰਜ ਕੀਤਾ ਜਾ ਸਕਦਾ ਹੈ ਨਹੀਂ ਤਾਂ ਸਾਡੇ ਲੋਕਲ ਗੁਰਦੁਆਰਿਆਂ ਦੀ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਲਈ ਦੋ ਪ੍ਰਧਾਨ ਜਿਵੇਂ ਲੜਦੇ ਹਨ ਸ਼ਾਇਦ ਇੱਦਾਂ ਅਖਾੜੇ ਵਿੱਚ ਦੋ ਪਹਿਲਵਾਨ ਵੀ ਲੜਦੇ ਨਾ ਵੇਖੇ ਹੋਣ ਕਿਉਂਕਿ ਅਜਿਹਾ ਕੁੱਝ ਮੇਰੇ ਹੀ ਇਲਾਕੇ ਵਿੱਚ ਚੱਲ ਰਿਹਾ ਹੈ। ਲੁਧਿਆਣੇ ਤੋਂ ਸ. ਸੁਖਦੇਵ ਸਿੰਘ ਲਾਜ ਹੁਣਾ ਦੀ ਇੱਕ ਗੱਲ ਇੱਥੇ ਕਰਨੀ ਲਾਹੇਵੰਦ ਹੋਵੇਗੀ, ਉਹ ਅਕਸਰ ਦਾਸ ਨਾਲ ਗੱਲ ਕਰਦੇ ਕਹਿੰਦੇ ਨੇ ਕਿ ਬੇਟੇ ਅਸੀਂ ਸਾਰੇ ਆਪੋ-ਆਪਣੀ ਥਾਂ ਤੇ ਤੀਲਿਆਂ ਵਾਂਗ ਖਿਲਰ ਕੇ ਸਿੱਖ ਧਰਮ ਤੋਂ ਕੂੜ ਦਾ ਸਫਾਇਆ ਕਰਨ ਤੇ ਲੱਗੇ ਹੋਏ ਹਾਂ, ਜ਼ੋਰ ਵੀ ਪੂਰਾ ਲੱਗ ਰਿਹਾ ਹੈ ਤੇ ਸਫਾਈ ਫਿਰ ਵੀ ਨਹੀਂ ਹੋ ਰਹੀ, ਪਰ ਜੇਕਰ ਅਸੀਂ ਸਾਰੇ ਇਕੱਠੇ ਹੋ ਕੇ ਝਾੜੂ ਬਣ ਜਾਈਏ ਤਾਂ ਹੀ ਕੁੱਝ ਹੋ ਸਕਦਾ ਹੈ। ਉਹਨਾਂ ਦੀ ਇਹ ਗੱਲ ਅੱਜ ਦੀ ਤਾਰੀਕ ਵਿੱਚ ਬਿਲਕੁੱਲ ਢੁਕਵੀਂ ਹੈ ਤੇ ਅੱਜ ਝਾੜੂ ਬਣਨ ਦਾ ਸਮਾਂ ਆ ਗਿਆ ਹੈ ਕਿ ਸਾਰੇ ਹੀ ਇਕਮੁੱਠ ਹੋ ਕੇ ਸ੍ਰੋਮਣੀ ਕਮੇਟੀ ਚੋਣਾਂ ਵਿੱਚ ਹਿੱਸਾ ਲੈ ਕੇ ਨਵਾਂ ਬਦਲ ਲੈ ਆਈਏ ਅਤੇ ਗੁਰੂ ਘਰ ਵਿੱਚੋਂ ਪੰਥ ਵਿਰੋਧੀ ਤਾਕਤਾਂ ਦੀ ਸਫਾਈ ਕਰ ਦੇਈਏ। ਗੁਰੂ ਭਲੀ ਕਰੇ।
-ਇਕਵਾਕ ਸਿੰਘ ਪੱਟੀ
ਰਤਨ ਇੰਸਟੀਚਿਊਟ ਆਫ ਕੰਪਿਊਟਰ ਸਟੱਡੀ,
ਜੋਧ ਨਗਰ, ਸੁਲਤਾਨਵਿੰਡ ਰੋਡ, ਅੰਮ੍ਰਿਤਸਰ।




.