. |
|
ਰੱਬ ਦਾ ਬੰਦਾ
ਸੋਮਵਾਰ ਦਾ ਦਿਹਾੜਾ ਤੇ ਪ੍ਰਾਤਾਕਾਲ ਦਾ ਸਮਾ ਸੀ। ਪੰਛੀ ਆਪੋ ਆਪਣੀ ਬੋਲੀ
ਵਿੱਚ ਨਵੇਂ ਦਿਨ ਨੂੰ ‘ਜੀ ਆਇਆਂ ਨੂੰ’ ਕਹਿ ਰਹੇ ਸਨ। ਉਨ੍ਹਾਂ ਦੀ ਰਾਗ-ਮਈ ਰਸੀਲੀ ਚਹਿਕ ਤੋਂ ਇਉਂ
ਲੱਗਦਾ ਸੀ ਜਿਵੇਂ ਉਹ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼,
“ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ
ਵੀਚਾਰੁ॥” `ਤੇ ਅਮਲ ਕਰ ਰਹੇ ਹੋਣ! ਆਦਮ-ਜ਼ਾਤ ਘੱਟ
ਹੀ ਦਿਖਾਈ ਦੇ ਰਹੀ ਸੀ। ਸ਼ਹਿਰ ਦੇ ਬਸ-ਅੱਡੇ ਵੱਲ, ਸੱਭ ਦਿਸ਼ਾਵਾਂ ਤੋਂ ਇੱਕਾ ਦੁੱਕਾ ਲੋਕ ਤੇਜ਼ ਤੋਰ
ਤੁਰੇ ਆਉਂਦੇ ਦਿਖਾਈ ਦਿੰਦੇ ਸਨ। ਆਪਣੇ ਸਨੇਹੀਆਂ ਨਾਲ ਸਨਿਚਰ ਐਤ ਦੀ ਛੁੱਟੀ ਮਨਾਉਣ ਉਪਰੰਤ ਉਨ੍ਹਾਂ
ਨੇਂ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਡਿਯੁਟੀ `ਤੇ ਵਕਤ ਸਿਰ ਵਾਪਸ ਪਹੁੰਚਨਾਂ ਸੀ। ਬਸ ਨੇ ਚਾਰ
ਵਜੇ ਚੱਲਣਾ ਸੀ। ਸਵਾ ਚਾਰ ਹੋ ਚੁੱਕੇ ਸਨ, ਪਰ ਡ੍ਰਾਈਵਰ ਸਾਹਿਬ ਕਿੱਧਰੇ ਨਜ਼ਰ ਨਹੀਂ ਸਨ ਆ ਰਹੇ!
ਕੰਡਕਟਰ, ਕੜ੍ਹੀ ਹੋਈ ਚਾਹ ਦੀਆਂ ਚੁਸਕੀਆਂ ਭਰਦਾ, ਲੇਟ ਹੋ ਰਹੀਆਂ ਉਤਾਵਲੀਆਂ ਸਵਾਰੀਆਂ ਨੂੰ ਝੂਠੀ
ਤਸੱਲੀ ਦੇ ਰਿਹਾ ਸੀ, “ਜਿਗਰਾ ਰੱਖੋ, ਟੈਮ ਤੇ ਪੁਚਾ ਦਿਆਂਗੇ” !
ਸਾਢੇ ਕੁ ਚਾਰ ਵਜੇ ਇੱਕ ਅੱਧਖੜ ਉਮਰ ਦਾ ਵਿਅਕਤੀ ਪੱਗੜੀ ਵਲ੍ਹੇਟਦਾ, ਆਪਣੇ
ਢਿੱਡਲ ਸਰੀਰ ਨੂੰ ਸੰਭਾਲਦਾ ਹੋਇਆ ਬਸ ਕੋਲ ਪਹੁੰਚਿਆ। ਪੱਗੜੀ ਸਜਾਉਣ ਉਪਰੰਤ, ਦੱਖ ਤੋਂ ਉਹ ‘ਸਾਬਤ
ਸੂਰਤ’ ਲੱਗਦਾ ਸੀ; ਪਰ, ਪਿਛਲੀ ਰਾਤ ਦੇ ‘ਖਾਧੇ ਪੀਤੇ’ ਦੀ, ਉਸ ਦੇ ਆਲੇ ਵਰਗੇ ਮੂੰਹ ਵਿੱਚੋਂ
ਨਿਕਲਦੀ, ਹਵਾੜ ਅੰਮ੍ਰਿਤ ਵੇਲੇ ਦੇ ਪਵਿੱਤ੍ਰ ਤੇ ਸ਼ੁੱਧ ਵਾਤਾਵਰਣ ਨੂੰ ਪ੍ਰਦੂਸ਼ਿਤ ਕਰ ਰਹੀ ਸੀ। ਉਸ
ਨੂੰ ਦੇਖਦਿਆਂ ਹੀ ਕੰਡਕਟਰ ਨੇਂ ਸੀਟੀ ਵਜਾਈ ਤੇ ਸਵਾਰੀਆਂ ਨੂੰ ਲਲਕਾਰ ਕੇ ਕਿਹਾ, “ਚਲੋ ਚਲੋ ਜਲਦੀ
ਕਰੋ ਬੈਠੋ, ਡ੍ਰਾਈਵਰ ਸਾਹਿਬ ਆ ਗਿਆ ਜੇ”। ਇੱਧਰ ਬੁੜ ਬੁੜ ਕਰਦੀਆਂ ਸਵਾਰੀਆਂ ਆਪਣੀਆਂ ਸੀਟਾਂ
ਸੰਭਾਲਣ ਲੱਗ ਪਈਆਂ ਤੇ ਉੱਧਰ ਡ੍ਰਾਈਵਰ ਸਾਹਿਬ ਆਪਣੀ ਉਚੇਰੀ ਸੀਟ ਉੱਤੇ ਬਿਰਾਜਮਾਨ ਹੋ ਗਏ। ਉਸ ਨੇਂ
‘ਗੁਰਾਂ’ ਦੀ ਫੋਟੋ ਅੱਗੇ ਧੂਪ ਜਲਾਈ, ਕੰਨ ਫੜੇ, ਮੱਥਾ ਟੇਕਿਆ, ਤੇ ਥਿੜਕਵੀਂ ਪਰ ਉੱਚੀ ਆਵਾਜ਼ ਵਿੱਚ
ਬੋਲਿਆ, “ਸਤਿਗੁਰ ਤੇਰੀ ਓਟ! , ਬਖ਼ਸ਼ ਲਈਂ ਮਾਲਿਕਾ! !”
ਸਵਾਰੀਆਂ ਦੀ ਕੁਸੈਲੀ ਬੁੜਬੁੜਾਹਟ ਨੇ ਡ੍ਰਾਈਵਰ ਦੇ ਸ੍ਵੈ-ਮਾਨ ਨੂੰ ਕਾਰੀ
ਸੱਟ ਲਾਈ ਸੀ। ਉਸ ਦੀ ਅਣਖ ਨੇਂ ਉਸ ਨੂੰ ਲਲਕਾਰਿਆ। ਬਸ ਚੀਕਦੀ ਹੋਈ ਬਸ-ਅੱਡਿਓਂ ਬਾਹਰ ਨਿਕਲੀ ਤੇ
ਸਕਿੰਟਾਂ ਵਿੱਚ ਹੀ ਜੀ: ਟੀ: ਰੋਡ `ਤੇ ਹਵਾ ਨਾਲ ਗੱਲਾਂ ਕਰਨ ਲੱਗੀ। ਸੰਘਣੇ ਵੱਸੇ ਉਦਯੋਗਕ ਸ਼ਹਿਰ
ਤੋਂ ਬਸ ਅਜੇ ਬਾਹਰ ਨਹੀਂ ਸੀ ਨਿੱਕਲੀ ਕਿ ਅਚਾਨਕ ਇੱਕ, ਬੰਬ ਜਿਹਾ, ਭਿਆਨਕ ਧਮਾਕਾ ਹੋਇਆ! ਇਸ
ਧਮਾਕੇ ਦੀ ਕੰਨਾਂ ਦੇ ਪਰਦੇ-ਪਾੜੂ ਆਵਾਜ਼ ਕਾਰਣ ਪੰਛੀ ਸੁਰੀਲੀ ਚਹਿਕ ਛੱਡ ਕੇ ਚੀਕ-ਚਿਹਾੜਾ ਪਾਉਣ
ਲੱਗ ਪਏ, ਕੁੱਤੇ ਚੌਂਕਨ ਲੱਗੇ, ਘੂਕ ਸੁੱਤੇ ਕ੍ਰਿਤੀ ਹਾਬੜ ਕੇ ਉੱਠ ਖਲੋਤੇ, ਅਤੇ ਸੜਕ ਦੇ
ਆਲੇ-ਦੁਆਲੇ ਬੰਨ੍ਹੇ ਪਸ਼ੂ ਡਰ ਕੇ ਰੱਸੇ ਤੁੜਵਾਉਣ ਲੱਗੇ। ਬਸ ਦਾ ਐਕਸੀਡੈਂਟ ਹੋ ਗਿਆ ਸੀ। ਬਸ, ਸੜਕ
ਕਿਨਾਰੇ ਖੜ੍ਹੇ ਇੱਕ ਲੋਹੇ ਨਾਲ ਲੱਦੇ ਅਤਿਅੰਤ ਭਾਰੇ ਟਰੱਕ ਵਿੱਚ ਟਕਰਾ ਗਈ ਸੀ। ਬਸ ਲਗਪਗ ਦੂਹਰੀ
ਹੋ ਕੇ ਊਠ ਦੀ ਕੁਹਾਨ ਵਰਗੀ ਹੋ ਗਈ ਸੀ। ਸਾਰੀਆਂ ਸਵਾਰੀਆਂ, ਡ੍ਰਾਈਵਰ ਕੰਡਕਟਰ ਸਮੇਤ, ਬੁਰੀ
ਤਰ੍ਹਾਂ ਜ਼ਖ਼ਮੀ ਹੋ ਗਈਆਂ ਸਨ। ਬਸ ਦੇ ਦੋਵੇਂ ਦਰ ਜਾਮ ਹੋ ਗਏ ਸਨ। ਆਲੇ ਦੁਆਲੇ ਦੀਆਂ ਫ਼ੈਕਟਰੀਆਂ
ਵਿੱਚ ਕੰਮ ਕਰਨ ਵਾਲੇ ਕਾਰੀਗਰ ਕ੍ਰਿਤੀ ਦੇਖਦਿਆਂ ਹੀ ਦੇਖਦਿਆਂ ਆਪਣੇ ਔਜ਼ਾਰਾਂ ਸਮੇਤ ਮੌਕੇ ਤੇ
ਪਹੁੰਚ ਗਏ, ਅਤੇ ਬਸ ਦੇ ਦਰਵਾਜ਼ੇ ਤੇ ਸ਼ੀਸ਼ਿਆਂ ਨੂੰ ਕੱਟ ਕੇ ਉਨ੍ਹਾਂ ਨੇਂ ਜ਼ਖ਼ਮੀਆਂ ਨੂੰ ਬਾਹਰ ਕੱਢ
ਕੇ ਸੜਕ ਦੇ ਹਿਠਾਂ ਵੱਲ ਸੁਰੱਖਿਅਤ ਥਾਂ ਤੇ ਲਿਟਾਣਾ ਆਰੰਭਿਆ। ਇਹ ਔਖਾ ਕਾਰਜ ਤਕਰੀਬਨ ਖ਼ਤਮ ਹੋ
ਚੁੱਕਿਆ ਸੀ ਜਦ ਵੱਖ ਵੱਖ ਧਾਰਮਿਕ ਸੰਸਥਾਵਾਂ ਦੇ ਚੌਧਰੀ ਅਤੇ ਸ੍ਵੈ-ਸੇਵਕ
(volunteers)
ਫੱਟੜਾਂ ਦੀ ਸਹਾਇਤਾ ਲਈ ਪਹੁੰਚ ਗਏ। ਇਨ੍ਹਾਂ ਵਿੱਚ ਆਰੀਆ-ਸਮਾਜ, ਜਨਸੰਘ, ਸਿੰਘ-ਸਭਾ, ਵਾਈ: ਐਮ:
ਸੀ: ਏ: , ਤੇ ਕਿਸੇ ਮੁਸਲਮਾਨ ਜਥੇਬੰਦੀ ਆਦਿ ਦੇ ਸਦਸ੍ਯ ਸਨ।
ਜ਼ਖ਼ਮੀਆਂ ਦੀਆਂ ਦਿਲ-ਚੀਰਵੀਆਂ ਚੀਕਾਂ ਦੂਰ ਦੂਰ ਤੱਕ ਸੁਣਾਈ ਦੇ ਰਹੀਆਂ ਸਨ।
ਸਵੇਰ ਦੇ ਘੁਸਮੁਸੇ ਵਿੱਚ ਉਨ੍ਹਾਂ ਦੀ ਚੀਖ਼-ਪੁਕਾਰ ਹੀ ਉਨ੍ਹਾਂ ਦੀ ਸੌਖੀ ਪਹਿਚਾਨ ਸੀ। ਜੇ ਕਿਸੇ ਦੇ
ਕਰਾਹਣ ਵਿੱਚ ‘ਮੁਹੰਮਦ’ ਜਾਂ ‘ਅਲ੍ਹਾ’ ਸੁਣਾਈ ਦਿੰਦਾ ਤਾਂ ਮੁਸਲਮਾਨ ਉਸ ਨੂੰ ਚੁੱਕ ਕੇ ਹਸਪਤਾਲ
ਅਪੜਾਉਣ ਦਾ ਉਪਕਾਰ ਕਰਦੇ; ‘ਰਾਮ ਰਾਮ’, ‘ਹੇ ਭਗਵਾਨ’ ਆਦਿ ਕਹਿਣ ਵਾਲਿਆਂ ਨੂੰ ਹਿੰਦੂ ਸਾਂਭ ਰਹੇ
ਸਨ, ‘ਵਾਹਿਗੁਰੂ ਵਾਹਿਗੁਰੂ’ ਦੀ ਆਵਾਜ਼ ਸਿੰਘ-ਸਭੀਆਂ ਦਾ ਧਿਆਨ ਖਿੱਚਦੀ, ਅਤੇ ‘ਓ ਗੌਡ’ ਜਾਂ
‘ਜੀਸਸ’ (ਈਸਾ) ਨੂੰ ਯਾਦ ਕਰਨ ਵਾਲੇ ਈਸਾਈ ਵਾਲੰਟੀਅਰਾਂ ਦੀ ਸੇਵਾ ਪ੍ਰਾਪਤ ਕਰ ਰਹੇ ਸਨ। ਕਈ
ਸਵਾਰੀਆਂ ਗੁੱਝੀਆਂ ਗੰਭੀਰ ਸੱਟਾਂ ਕਾਰਣ ਬੇ-ਹੋਸ਼ ਹੋ ਗਈਆ ਸਨ।
ਇਸ ਚਲ ਰਹੀ ਸੇਵਾ ਨੂੰ ਕਿੰਨਾਂ ਹੀ ਸਮਾ ਹੋ ਗਿਆ ਸੀ ਜਦ ਪੁਲਿਸ ‘ਮੌਕਾ ਏ
ਵਾਰਦਾਤ’ `ਤੇ ਪਹੁੰਚੀ। ਥਾਣੇਦਾਰ ਵਾਲੰਟੀਅਰਾਂ ਉੱਤੇ ਅੱਗ-ਭਬੂਕਾ ਹੋਣ ਲੱਗਾ ਕਿਉਂ ਜੋ ਉਨ੍ਹਾਂ
ਨੇਂ ਦੁਰਘਟਨਾ ਦੇ ਸਬੂਤਾਂ ਨਾਲ ਖਿਲਵਾੜ ਕੀਤਾ ਸੀ। ਪਰ, ਧਾਰਮਿਕ ਜਥੇਬੰਦੀਆਂ ਦੇ ਚੌਧਰੀਆਂ ਦੇ
ਧਮਕੀ ਦੇਣ ਤੇ ਉਸ ਨੇਂ ਆਪਣਾ ਰਵਈਆ ਬਦਲ ਲਿਆ ਤੇ ਹੋਰ ਜ਼ਰੂਰੀ ਕਾਰਵਾਈ ਕਰਨ ਲੱਗਾ। ਇੱਕ ਮਾਤਹਿਤ ਦੀ
ਸਹਾਇਤਾ ਨਾਲ ਉਹ ਮੁਲਜ਼ਿਮਾਂ ਦੀ ਤਾਲਾਸ਼ ਵਿੱਚ ਸੀ। ਉਸ ਦੀ ਬਦਕਿਸਮਤੀ ਨੂੰ ਬਸ ਦਾ ਡ੍ਰਾਈਵਰ ਤਾਂ
ਘਾਇਲ ਹੋ ਕੇ ਬੇ-ਹੋਸ਼ ਹੋ ਚੁੱਕਾ ਸੀ। ਪਰ, ਖ਼ੁਸ਼ਕਿਸਮਤੀ ਨੂੰ, ਟਰੱਕ ਦਾ ਡ੍ਰਾਈਵਰ ਲੱਭ ਗਿਆ ਜੋ
ਹਾਦਿਸੇ ਸਮੇ ਨਸ਼ੇ ਨਾਲ ਧੁੱਤ ਸੀਟ ਉੱਤੇ ਹੀ ਸੁੱਤਾ ਹੋਇਆ ਸੀ ਅਤੇ ਹੁਣ ਘਾਇਲ ਹੋਇਆ ਟਰੱਕ ਦੇ ਇੱਕ
ਪਾਸੇ ਧਰਤੀ `ਤੇ ਬੈਠਾ ਸੀ। ਥਾਣੇਦਾਰ ਦੀ ਦਿਹਾੜੀ ਖਰੀ ਸੀ। ਬਾਕੀ ਦੇ ਸਿਪਾਹੀ ਬੇਹੋਸ਼ ਪਈਆਂ
ਸਵਾਰੀਆਂ ਦੀਆਂ ਜੇਬਾਂ ਟਟੋਲ ਕੇ ਆਪਣੀ ਡਿਯੁਟੀ ਕਰ ਰਹੇ ਸਨ।
ਹੁਣ ਤੱਕ ਪਹੁ-ਫੁਟਾਲੇ ਦਾ ਸਮਾ ਹੋ ਗਿਆ ਸੀ। ਬੇਹੋਸ਼ ਪਈਆਂ ਸਵਾਰੀਆਂ ਦੀ ਸ਼ਨਾਖ਼ਤ ਲਈ ਵਲੰਟੀਅਰ ਹਰ ਇੱਕ ਬੇਹੋਸ਼ ਪਏ ਦੇ ਹੱਥ ਚੁੱਕ ਚੁੱਕ ਕੇ ਦੇਖਦੇ, ਜੇ ‘ਓਮ’ ਉੱਕਰਿਆ ਹੁੰਦਾ ਤਾਂ ਹਿੰਦੂ, ਅਲ੍ਹਾ ਟੱਟੂ ਵਾਲਾ ਮੁਸਲਮਾਨ, ਵਾਲਾ ਸਿੱਖ ਅਤੇ ਕ੍ਰਾਸ ਦੇ ਟੈਟੂ ਵਾਲਾ ਕ੍ਰਿਸਚਨ ਪਛਾਣਿਆ ਗਿਆ, ਅਤੇ ਇਸ ਆਧਾਰ `ਤੇ ਸੰਬੰਧਿਤ ਸੰਸਥਾਵਾਂ ਉਨ੍ਹਾਂ ਦੀ ਯੋਗ ਸਹਾਇਤਾ ਕਰ ਰਹੀਆਂ ਸਨ।
ਗੰਭੀਰ ਜ਼ਖ਼ਮੀਆਂ ਤੇ ਬੇਸੁਰਤ ਹੋ ਚੁੱਕਿਆਂ ਵਿੱਚ ਇੱਕ ਬਦਕਿਸਮਤ ਅਜਿਹਾ ਵੀ
ਸੀ ਜਿਸ ਦੀ ਪਹਿਚਾਨ ਕਿਸੇ ਵੀ ਢੰਗ ਨਾਲ ਨਾਂ ਹੋ ਸਕੀ: ਉਸ ਦਾ ਸਿਰ ਮੋਨਾਂ, ਦਾੜ੍ਹੀ ਕੁਤਰੀ ਹੋਈ,
ਸ਼ਰੀਰ ਉੱਤੇ ਧਰਮ ਦਾ ਕੋਈ ਚਿੰਨ੍ਹ ਜਾਂ ਭੇਖ ਨਹੀਂ, ਅਤੇ ਉਸ ਦੇ ਬੋਲਾਂ ਵਿੱਚ ਵੀ ਕੋਈ ਬੋਲ ਅਜਿਹਾ
ਨਹੀਂ ਸੀ ਜਿਸ ਤੋਂ ਉਸ ਦੇ ਮਜ਼੍ਹਬ ਦਾ ਪੱਕਾ ਪਤਾ ਲੱਗ ਸਕਦਾ! ! ! ਉਹ ਆਪਣੀਆਂ ਕੁਚਲੀਆਂ ਹੋਈਆਂ
ਬਾਹਾਂ ਚੁੱਕ ਚੁੱਕ ਕੇ ਮਦਦ ਲਈ ਇਸ਼ਾਰੇ ਕਰ ਰਿਹਾ ਸੀ। ਪਰ, ਕੋਈ ਵੀ ਉਸ ਵੱਲ ਧਿਆਨ ਨਹੀਂ ਸੀ ਦੇ
ਰਿਹਾ, ਕਿਉਂਕਿ ਸਾਰੇ ਧਰਮਾਂ ਦੇ ਵਾਲੰਟੀਅਰ ਉਸ ਦੀ ਸ਼ਨਾਖ਼ਤ ਕਰਨ ਤੋਂ ਅਸਮਰੱਥ ਰਹੇ ਸਨ। ਰੱਬ ਨੇਂ
ਉਸ ਨੂੰ ਭੋਰਾ ਕੁ ਹਿੰਮਤ ਦਿੱਤੀ ਤਾਂ ਉਸ ਨੇਂ ਇੱਕ ਵਾਰ ਫੇਰ ਉੱਚੀ, ਲੇਲ੍ਹੜੀਆਂ ਭਰੀ ਆਵਾਜ਼ ਵਿੱਚ
ਧਰਮੀ ਸ੍ਵੈ-ਸੇਵਕਾਂ ਦਾ ਤਰਲਾ ਕਰਦਿਆਂ ਕਿਹਾ, “ਓਏ ਭਲੇ-ਮਾਨਸੋ! ਰੱਬ ਦਾ ਵਾਸਤਾ! ਮੈਨੂੰ ਵੀ ਕੋਈ
ਬਾਂਹ ਫੜਾਓ” ! ! ! ਉਸ ਦੁਖੀਏ ਦਾ ਹਾੜਾ ਸੁਣ ਕੇ ਸਾਰੇ ਧਰਮਾਂ ਦੇ ਵਾਲੰਟੀਅਰਾਂ ਨੇਂ ਇੱਕ ਆਵਾਜ਼
ਹੋ ਕੇ ਪੁੱਛਿਆ, “ਤੇਰਾ ਨਾਂ ਕੀ ਐ “? ਉਸ ਦੇ ਨਿਰ-ਆਸ ਹੋ ਚੁੱਕੇ ਦੁਖੀ ਹਿਰਦੇ ਵਿੱਚ ਆਸ ਦੀ ਕਿਰਨ
ਦਾ ਮੱਧਮ ਜਿਹਾ ਉਜਾਲਾ ਹੋਇਆ ਤੇ ਉਹ ਦਰਦ-ਭਰੀ ਝੀਣੀ ਆਵਾਜ਼ ਵਿੱਚ ਬੋਲਿਆ, “ਜੀ! ਮੇਰਾ ਨਾਂ
‘ਰੁਲਦਾ’ ਐ”। ਇਸ ਜਵਾਬ ਨਾਲ ਉਨ੍ਹਾਂ ਦੀ ਉਲਝਨ ਨਹੀਂ ਸੀ ਸੁਲਝੀ; ਸੋ, ਉਨ੍ਹਾਂ ਨੇਂ ਸਪਸ਼ਟੀਕਰਨ ਲਈ
ਫੇਰ ਪੁੱਛਿਆ, “ਰੁਲਦਾ ਕੀ? ਕੌਣ” ? “ਜੀ! ਪਿੰਡ ਵਾਲੇ ਮੈਨੂੰ ‘ਰੁਲਦਾ’ ਈ ਆਹਂਦੇ ਆ”, ਉਸ ਦਾ
ਸਾਦਾ ਜਿਹਾ ਜਵਾਬ ਸੀ। ਪਰੰਤੂ, ਇਸ ਜਵਾਬ ਨਾਲ ਉਨ੍ਹਾਂ ਦੀ ਸਮੱਸਿਆ ਫੇਰ ਹਲ ਨਹੀਂ ਸੀ ਹੋਈ। ਉਹ,
ਰੁਲਦੇ ਦੇ ਨਾਮ ਨਾਲ ਜੁੜੇ ਪਿਛੇਤਰ ਤੋਂ ਉਸ ਦੇ ਧਰਮ ਦਾ ਅੰਦਾਜ਼ਾ ਲਾਉਣਾ ਚਾਹੁੰਦੇ ਸਨ; ਜੇ ਰੁਲਦਾ
ਰਾਮ ਹੁੰਦਾ ਤਾਂ ਹਿੰਦੂ, ਰੁਲਦਾ ਸਿੰਘ ਤਾਂ ਸਿੱਖ, ਰੁਲਦਾ ਮਸੀਹ ਤਾਂ ਈਸਾਈ, ਅਤੇ ਜੇ ਰੁਲਦਾ ਦੇ
ਨਾਲ ਖ਼ਾਨ ਪਿਛੇਤਰ ਲੱਗਿਆ ਹੁੰਦਾ ਤਾਂ ਬਿਨਾਂ-ਸ਼ੱਕ ਉਹ ਮੁਸਲਮਾਨ ਹੋਣਾ ਸੀ। ਪਰ, ਉਹ ਵਿਚਾਰਾ ਤਾਂ
ਪਿਛੇਤਰ-ਹੀਣ ਸੀ! ! ! ਉਸ ਦੇ ਨਾਮ ਨਾਲ ਕਿਸੇ ਪਿਛੇਤਰ ਦੀ ਅਣਹੋਂਦ ਤੋਂ ਉੱਚ ਜਾਤ ਵਾਲੰਟੀਅਰਾਂ
ਨੇਂ ਅੰਦਾਜ਼ਾ ਲਗਾਇਆ ਕਿ ਰੁਲਦਾ ‘ਕਮਜਾਤ’ ਸਨਾਤਿ ਸੀ ਇਸ ਲਈ----------! ! ! ! !
ਸਾਰੇ ਧਰਮਾਂ ਦੇ ਠੇਕੇਦਾਰ ਤੇ ਉਨ੍ਹਾਂ ਦੇ ਸਾਥੀ ਸ੍ਵੈ-ਸੇਵਕ, ਉਸ ਅਭਾਗੇ
ਦੇ ਜਵਾਬਾਂ ਤੋਂ ਖਿਝ ਕੇ ਆਪਣੇ ਆਪਣੇ ਟਿਕਾਣਿਆਂ ਵੱਲ ਨੂੰ ਚਲ ਪਏ ਤਾਂ ਜੋ ਜਾ ਕੇ ਧਰਮ ਦੇ ਨਾਂ
`ਤੇ ਕੀਤੀ ਸੇਵਾ ਦੀ ਨੁਮਾਇਸ਼ ਅਖ਼ਬਾਰਾਂ ਤੇ ਹੋਰ ਮੀਡੀਆ ਸਾਧਨਾਂ ਰਾਹੀਂ ਕਰ ਸਕਨ। ਰੁਲਦਾ ਉਨ੍ਹਾਂ
ਨੂੰ ਜਾਂਦਿਆਂ ਦੇਖ ਬੇ-ਹਦ ਨਿਰਾਸ਼ ਹੋ ਗਿਆ ਸੀ। ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਸ ਤੋਂ ਕੀ
ਗੁਨਾਹ ਹੋਇਆ ਸੀ ਜਿਸ ਕਾਰਣ ਉਸ ਨੂੰ ਕੋਈ ਪੁੱਛ ਨਹੀਂ ਸੀ ਰਿਹਾ! ! ! ! ਉਸ ਵਿਚਾਰੇ ਨੇਂ ਹੰਭਲਾ
ਮਾਰਿਆ ਤੇ ਟੁੱਟੇ-ਭੱਜੇ ਲਹੂ-ਲੁਹਾਨ ਹੱਥ ਜੋੜਦਿਆਂ ਇੱਕ ਵਾਰ ਫੇਰ ਆਜਿਜ਼ੀ ਨਾਲ ਪੁਕਾਰ ਕੀਤੀ,
“ਭਰਾਵੋ! ਮੈ ਮਰ ਚੱਲਿਆ ਜੇ। ਰਹਿਮ ਕਰੋ, ਰੱਬ ਦੇ ਵਾਸਤੇ ਮੈਨੂੰ ਵੀ ਚੁੱਕੋ” ! ! ! ਉਸ ਦੀ
ਚੀਖ਼-ਪੁਕਾਰ ਸੁਣ ਕੇ ਉਸ ਵੱਲ ਪਿੱਠ ਕਰ ਚੁੱਕੇ ਧਰਮੀਆਂ ਨੇਂ ਇੱਕ ਵਾਰ ਫੇਰ ਪੁੱਛ ਕੀਤੀ, “ਪਰ, ਤੂੰ
ਹੈ ਕੌਣ” ? ? ? “ਜੀ ਮੈਂ ਵੀ ਰੱਬ ਦਾ ਈ ਇੱਕ ਬੰਦਾ ਆਂ” ! ! ! ਰੁਲਦੇ ਦੇ ਇਸ ਸਿੱਧੇ ਸਾਦੇ ਜਵਾਬ
ਦੇ ਉੱਤ੍ਰ ਵਿੱਚ ਸਾਰੇ ਧਰਮੀਆਂ ਨੇ ਇੱਕ ਆਵਾਜ਼ ਵਿੱਚ ਕਿਹਾ, “ਜੇ ਤੂੰ ਰੱਬ ਦਾ ਬੰਦਾ ਏਂ ਤਾਂ ਰੱਬ
ਈ ਤੈਨੂੰ ਚੁੱਕੇ ਗਾ”। ਇਹ ਕਹਿੰਦੇ ਹੋਏ ਉਹ ਸਾਰੇ ਉੱਥੋਂ ਚਲਦੇ ਬਣੇ। ਰੁਲਦੇ ਦੇ ਜੋਦੜੀ ਵਿੱਚ
ਜੁੜੇ ਹੱਥ ਹੌਲੀ ਹੌਲੀ ਨਿੱਸਲ ਹੋ ਕੇ ਡਿੱਗ ਪਏ ਤੇ ਗਰਦਨ ਲੁੜ੍ਹਕ ਗਈ। ਰੱਬ ਨੇਂ ‘ਰੱਬ ਦੇ ਬੰਦੇ’
ਰੁਲਦੇ ਨੂੰ ਚੁੱਕ ਲਿਆ ਸੀ! ! ! ! ---- ‘ਰਬ ਦਾ ਬੰਦਾ’ ਹੋਣ ਦੇ ਗੁਨਾਹ ਦੀ ਸਜ਼ਾ ਉਸ ਨੂੰ ਮਿਲ ਗਈ
ਸੀ! ! ! ! !
ਦੁਰਘਟਨਾਂ ਵਾਲੇ ਸਥਾਨ ਦੇ
ਸਾਮ੍ਹਨੇ ਸਥਿੱਤ ਗੁਰੂਦਵਾਰੇ ਵਿੱਚੋਂ ਲਾਊਡ-ਸਪੀਕਰ ਜ਼ਰੀਏ ਸਰਬ-ਸਾਂਝੀ ਗੁਰਬਾਣੀ ਦੇ ਨਿਮਨ ਲਿਖਿਤ
ਸ਼ਬਦ ਦਾ ਪ੍ਰਸਾਰਨ ਹੋ ਰਿਹਾ ਸੀ:-
“ਅਵਲਿ ਅਲਹ ਨੂਰੁ ਉਪਾਇਆ, ਕੁਦਰਤਿ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗੁ ਉਪਜਿਆ, ਕਉਨ ਭਲੇ ਕੋ ਮੰਦੇ॥
ਲੋਗਾ, ਭਰਮਿ ਨ ਭੂਲਹੁ ਭਾਈ॥ ਖਾਲਿਕੁ ਖਲਕ, ਖਲਕ ਮਹਿ ਖਾਲਿਕੁ, ਪੂਰਿ
ਰਹਿਓ ਸ੍ਰਬ ਠਾਂਈ॥” -------
ਇਸ ਗੁਰੂਦਵਾਰੇ ਦੇ ਨੇੜੇ ਹੀ ਮੁਕਾਬਲੇ ਵਿੱਚ ਦੂਜੀ ਜਾਤ ਦੇ ਗੁਰੂਦਵਾਰੇ ਦਾ ਲਾਊਡ-ਸਪੀਕਰ ਗਲਾ ਪਾੜ
ਪਾੜ ਕੇ ਮਾਨਵ ਜਾਤ ਨੂੰ ਮਾਨਵ-ਵਾਦੀ ਸਾਂਝਾ ਸੁਨੇਹਾ ਦੇ ਰਿਹਾ ਸੀ:-
“ਨਾ ਹਮ ਹਿੰਦੂ ਨ ਮੁਸਲਮਾਨ॥ ਅਲਹ ਰਾਮ ਕੇ ਪਿੰਡ ਪਰਾਨ॥” ----------
ਇਉਂ ਲੱਗਦਾ ਸੀ ਜਿਵੇਂ ਸਾਂਝੀ ਗੁਰਬਾਣੀ ਦੇ ਇਹ ਪਵਿੱਤ੍ਰ ਸ਼ਬਦ, ਪੜ੍ਹਨ/ਸੁਣਨ ਵਾਲਿਆਂ ਦੇ
ਦਿਲਾਂ ਵਿੱਚ ਉਤਰਨ ਦੀ ਬਜਾਏ, ਆਪਸ ਵਿੱਚ ਟਕਰਾ ਕੇ ਫ਼ਿਜ਼ਾ ਵਿੱਚ ਹੀ ਗੁੰਮ ਹੁੰਦੇ ਜਾ ਰਹੇ ਸਨ! ! !
! !
ਗੁਰਇੰਦਰ ਸਿੰਘ ਪਾਲ
|
. |