ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ
‘ਓਏ! ਜਰਾਬਾਂ ਲਾਹ ਕੇ ਲੰਗਰ ਛੱਕ---’
ਗੁਰਦੁਆਰਿਆ ਦੀ ਗਿਣਤੀ ਵਿੱਚ
ਬੇ-ਓੜਕ ਵਾਧਾ ਹੋਇਆ ਹੈ। ਕੀਰਤਨ ਦਰਬਾਰਾਂ ਦੀ ਭਰਮਾਰ ਵਿੱਚ ਸਿੱਖ ਕੌਮ ਗਵਾਚੀ ਪਈ ਹੈ। ਹੁਣ ਕਿਤੇ
ਕਿਤੇ ਸਿੱਖ ਸਿਧਾਂਤ ਤੋਂ ਊਣੇ ਕਥਾ ਦਰਬਾਰ ਵੀ ਹੋਣੇ ਸ਼ੁਰੂ ਹੋ ਗਏ ਹਨ। ਗੁਰੂ ਗ੍ਰੰਥ ਸਾਹਿਬ ਜੀ
ਪਾਸ ਬੈਠ ਕੇ ਗੁਰਬਾਣੀ ਦੀ ਵਿਚਾਰ ਵਲੋਂ ਕਿਨਾਰਾ ਕਰਕੇ ਆਪੋ-ਆਪਣੀ ਬਣਾਈ ਹੋਈ ਰੀਤੀ ਅਨੁਸਾਰ
ਰੰਗ-ਬਰੰਗੇ ਸਿਮਰਣ ਦੀਆਂ ਗੂੰਜਾਂ ਵੀ ਸੁਣਾਈ ਦੇਂਦੀਆਂ ਹਨ। ਸਿਮਰਣ ਕਰਦਿਆਂ ਦੀਆਂ ਕਿਤੇ ਪੱਗਾਂ
ਲੱਥ ਰਹੀਆਂ ਹਨ ਤੇ ਕਿਤੇ ਸਿਮਰਣ ਦੇ ਨਾਂ `ਤੇ ਚੀਕਾਂ ਵੱਜ ਰਹੀਆਂ ਹਨ। ਕਿਤੇ ਢਾਡੀ ਵਾਰਾਂ ਵਿੱਚ
ਸਿੱਖ ਇਤਿਹਾਸ ਦੀ ਅਸਲੀ ਤਸਵੀਰ ਗੁੰਮ ਹੁੰਦੀ ਜਾ ਰਹੀ ਹੈ। ਕਿਤੇ ਕਵੀਸ਼ਰਾਂ ਵਲੋਂ ਮਨ ਘੜਤ ਇਤਿਹਾਸ
ਦੀ ਪੂਰੀ ਪੂਰੀ ਜਾਣਕਾਰੀ ਦਿੱਤੀ ਜਾ ਰਹੀ ਹੈ। ਕਈ ਰਾਗੀ ਸਿੰਘਾਂ ਵਲੋਂ ਰੱਦ ਕੀਤੀਆਂ ਸਾਖੀਆਂ ਨੂੰ
ਨਵੇਂ ਰੂਪ ਵਿੱਚ ਸੁਣਾ ਸੁਣਾ ਕੇ ਸੰਗਤ ਨੂੰ ਭਾਵਕ ਕਰਕੇ ਵਾਹਵਾ ਧੂੰਆਂ ਸੇਕ ਰਹੇ ਆਮ ਨਜ਼ਰ ਆਉਂਦੇ
ਹਨ। ਕਿਸੇ ਨੂੰ ਵੀ ਸਿੱਖੀ ਵਿਚਾਰਧਾਰਾ ਨਾਲ ਕੋਈ ਸਰੋਕਾਰ ਨਹੀਂ ਹੈ। ਜੇ ਕੋਈ ਸਿੱਖੀ ਦੀ ਨਿਵੇਕਲੀ
ਪਹਿਛਾਣ ਦੀ ਗੱਲ ਕਰਦਾ ਹੈ ਤਾਂ ਉਸ ਨੂੰ ਕਈ ਪਰਕਾਰ ਦੇ ਸ਼ਬਦਾਂ ਨਾਲ ਕੋਸਿਆ ਹੀ ਨਹੀਂ ਜਾਂਦਾ ਸਗੋਂ
ਸ਼ਰਧਾ ਦੇ ਨਾਂ `ਤੇ ਉਸ ਦਾ ਪੂਰਾ ਜਲੂਸ ਵੀ ਕੱਢਿਆ ਜਾਂਦਾ ਹੈ ਤੇ ਮਾਰਨ ਮਰਾਉਣ ਤੀਕ ਗੱਲ ਅਪੜ
ਜਾਂਦੀ ਹੈ। ਦਲੀਲ ਗਿਆਨ ਨਾਲ ਇਹਨਾਂ ਭੱਦਰ ਪੁਰਸ਼ਾਂ ਦਾ ਦੂਰ ਦਾ ਵਾਸਤਾ ਵੀ ਨਹੀਂ ਹੈ। ਗੁਰਦੁਆਰੇ
ਸਾਡੀਆਂ ਮਹਾਨ ਸੰਸਥਾਵਾਂ ਹਨ। ਜਿਥੋਂ ਸਿੱਖੀ ਦਾ ਦੀਵਾ ਜਗਣਾ ਚਾਹੀਦਾ ਸੀ। ਹੁਣ ਜਿੰਨਾ ਪਰਚਾਰ
ਗੁਰਦੁਅਰਿਆ ਵਿੱਚ ਹੋ ਰਿਹਾ ਹੈ ਜੇ ਵਾਕਿਆ ਹੀ ਇਹ ਸਿੱਖ ਸਿਧਾਂਤ ਹੈ ਤਾਂ ਸਾਨੂੰ ਘਬਰਾਉਣ ਦੀ
ਜ਼ਰੂਰਤ ਨਹੀਂ ਹੈ। ਪਰ ਅਸਲੀ ਤਸਵੀਰ ਕੁੱਝ ਹੋਰ ਹੈ। ਨਿੱਤ ਗੁਰਦੁਆਰਿਆਂ ਵਿੱਚ ਵਿਚਰਨ ਕਰਕੇ ਇੰਜ
ਮਹਿਸੂਸ ਹੋ ਰਿਹਾ ਹੈ ਕਿ ਅੱਜ ਗੁਰਦੁਆਰੇ ਸਿੱਖ ਸਿਧਾਂਤ ਦੀ ਥਾਂ `ਤੇ ਵਪਾਰਕ ਅਦਾਰੇ ਜ਼ਿਆਦਾ ਬਣ ਗਏ
ਹਨ। ਗੋਲਕ ਤੇ ਮਾਇਆ ਨਾਗਨੀ ਢੇਰੀ ਵੱਧ ਤੋਂ ਵੱਧ ਲੱਗਣੀ ਚਾਹੀਦੀ ਹੈ ਬਾਕੀ ਸਿੱਖੀ ਆਪੇ ਹੀ ਚੜਦੀ
ਕਲਾਂ ਵਿੱਚ ਚਲੀ ਜਾਏਗੀ। ਸਿੱਖੀ ਉਸ ਚੋਲ਼ੇ ਵਰਗੀ ਹੁੰਦੀ ਜਾ ਰਹੀ ਹੈ ਜਿਸ ਨੂੰ ਰੰਗ-ਬਰੰਗੀਆਂ
ਟਾਕੀਆਂ ਲੱਗੀਆਂ ਹੋਣ।
ਬਰਾਦਰੀ ਦੇ ਨਾਂ `ਤੇ ਬਣੇ ਗੁਰਦੁਆਰੇ ਵਿੱਚ ਦੁਪਹਿਰ ਦਾ ਲੰਗਰ ਛੱਕਣ ਲਈ ਰਾਗੀ ਸਿੰਘਾਂ ਨਾਲ ਮੈਂ
ਵੀ ਚਲਾ ਗਿਆ। ਸੋਚਿਆ ਚਲੋ ਨਾਲੇ ਸੈਰ ਹੋ ਜਾਏਗੀ ਤੇ ਨਾਲੇ ਲੰਗਰ ਛੱਕ ਅਵਾਂਗੇ। ਦਰਬਾਰ ਹਾਲ ਵਿੱਚ
ਮੱਥਾ ਟੇਕ ਕੇ ਅਸੀਂ ਲੰਗਰ ਹਾਲ ਵਲ ਨੂੰ ਹੋ ਮੁੜੇ। ਸਾਡੇ ਪਿੱਛੇ ਇੱਕ ਨੌਜਵਾਨ ਵੀ ਲੰਗਰ ਛੱਕਣ ਲਈ
ਕਤਾਰ ਵਿੱਚ ਖੜਾ ਹੋ ਗਿਆ। ਉਸ ਨੇ ਜੁਰਾਬਾਂ ਪਾਈਆਂ ਹੋਈਆਂ ਸਨ। ਦੂਰ ਨੁਕਰ ਵਿੱਚ ਵੱਡਾ ਸਾਰਾ ਢਿੱਡ
ਲਮਕਾਈ ਬੈਠਾ ਸੇਵਾਦਾਰ, ਗਿੱਟਿਆਂ ਤੇ ਖੁਰਕੀ ਜਾ ਰਿਹਾ ਉੱਚੇ ਦੇਣੇ ਵੱਢ ਖਾਣਿਆਂ ਵਾਂਗ ਬੋਲਿਆ,
“ਓਏ ਤੈਨੂੰ ਦਿਸਦਾ ਨਹੀਂ ਪੈਰੀਂ ਪਿਉ ਵਾਲ਼ੀਆਂ ਜੁਰਾਬਾਂ ਚਾੜੀਆਂ ਹੋਈਆਂ ਈਂ, ਲੰਗਰ ਛੱਕਣਾਂ ਈਂ
ਤਾਂ ਪਹਿਲਾਂ ਜੁਰਾਬਾਂ ਲਾਹ ਕੇ ਆ”। ਉਹ ਵਿਚਾਰਾ ਉਨੀ ਪੈਰੀਂ ਵਾਪਸ ਚਲਾ ਗਿਆ ਤੇ ਮੁੜ ਲੰਗਰ ਛੱਕਣ
ਲਈ ਨਹੀਂ ਆਇਆ। ਸੇਵਾਦਾਰ ਦੇ ਕੋਲ਼ ਬੈਠੇ ਤਮਾਸ਼-ਬੀਨ ਝੂਠਾ ਜੇਹਾ ਹਾਸਾ ਹੱਸਦਿਆਂ ਕਹਿਣ ਲੱਗੇ ਵਾਹ
ਵਧੀਆ ਠੋਕਿਆ ਈ ਅਗਾਂਹ ਗੁਰਦੁਆਰੇ ਜੁਰਾਬਾਂ ਲਾਹ ਕੇ ਆਇਆ ਕਰੇਗਾ। ਇਹਨਾਂ ਲੋਕਾਂ ਨੂੰ ਗੁਰਮਰਯਾਦਾ
ਦਾ ਪਤਾ ਹੀ ਨਹੀਂ ਹੈ ਹੀਂ ਹੀਂ ਹੀਂ। ਲੰਗਰ ਵਾਲੀ ਚਾਹ ਛੱਡ ਕੇ ਆਪਣੀ ਵੱਖਰੀ ਬਣਾਈ ਚਾਹ ਪੀ ਰਹੇ
ਹੀਂ ਹੀਂ ਕਰਕੇ ਹੱਸ ਰਹੇ ਸਨ ਜਿਵੇਂ ਹਿਮਾਲੀਆ ਪਰਬਤ ਦੀ ਕੋਈ ਚੋਟੀ ਸਰ ਕਰ ਲਈ ਹੋਵੇ।
ਲੰਗਰ ਛੱਕ ਕੇ ਮੈਂ ਉਸ ਸੇਵਾਦਾਰ ਨੂੰ ਕਿਹਾ ਕਿ ‘ਭਾਈ ਜੀ ਜਿਸ ਨੌਜਵਾਨ ਬੱਚੇ ਨੂੰ ਤੁਸਾਂ ਪੁਲੀਸਏ
ਲਹਿਜੇ ਵਿੱਚ ਜੁਰਾਬਾਂ ਉਤਾਰਨ ਕਿਹਾ ਸੀ ਉਹ ਤਰੀਕਾ ਬਹੁਤ ਹੀ ਘਟੀਆ ਸੀ’। ਪਹਿਲਾਂ ਤਾਂ ਮੇਰੇ ਨਾਲ
ਬਦ-ਕਲਾਮੀ ਨਾਲ ਪੇਸ਼ ਆਇਆ, ਤੇ ਉੱਚੀ ਦੇਣੇ ਬੋਲ ਕੇ ਸਮਝਾਉਣ ਲੱਗਾ ਕਿ ਮੈਂ ਧਰਮ ਦੀ ਬਹੁਤ ਵੱਡੀ
ਸੇਵਾ ਕੀਤੀ ਹੈ। ਇਹਨਾਂ ਨੂੰ ਗੁਰਦੁਆਰੇ ਦੇ ਸਤਕਾਰ ਦਾ ਪਤਾ ਨਹੀਂ ਹੈ। ਤਲਖ਼ ਕਲਾਮੀ ਸੁਣਨ ਤੋਂ
ਉਪਰੰਤ ਮੈਂ ਉਸ ਨੂੰ ਜ਼ਰਾ ਕੁ ਸਹਿਜ ਨਾਲ ਸਮਝਾਉਣ ਦਾ ਯਤਨ ਕੀਤਾ ਕਿ, ‘ਭਈ ਜੇ ਕਹਿਣਾ ਹੀ ਸੀ ਤਾਂ
ਉਸ ਨੂੰ ਲੰਗਰ ਛੱਕ ਲੈਣ ਦੇਂਦਾ। ਜਦ ਉਹ ਹੱਥ ਧੋਣ ਲਈ ਜਾਂਦਾ ਤਾਂ ਉਸ ਨੂੰ ਵੱਖਰਿਆ ਕਰਕੇ ਸਮਝਾ
ਦੇਂਦਾ ਕਿ ਛੋਟੇ ਵੀਰ ਗੁਰਦੁਆਰੇ ਜੁਰਾਬਾਂ ਉਤਾਰ ਕੇ ਆਈਦਾ ਹੈ ਤਾਂ ਉਸ ਨੂੰ ਆਪਣੀ ਗਲਤੀ ਦਾ
ਅਹਿਸਾਸ ਹੋ ਜਾਣਾ ਸੀ ਤੇ ਅਗਾਂਹ ਉਸ ਨੇ ਅਜੇਹੀ ਗਲਤੀ ਕਦੇ ਵੀ ਨਹੀਂ ਕਰਨੀ ਸੀ। ਹੁਣ ਉਹ ਲੰਗਰ
ਛੱਕਣ ਤੋਂ ਬਿਨਾ ਹੀ ਚਲਾ ਗਿਆ ਈ, ਇਹ ਉਹਦੀ ਆਤਮਾ ਹੀ ਜਾਣਦੀ ਹੋਏਗੀ ਤੇ ਸੋਚਦਾ ਹੋਵੇਗਾ ਅਗਾਂਹ
ਮੈਂ ਗੁਰਦੁਆਰੇ ਆਇਆ ਕਰਾਂ ਜਾਂ ਨਾ ਆਇਆ ਕਰਾਂ? ਤੂੰ ਆਪਣਿਆਂ ਪੈਰਾਂ ਵਲ ਝਾਤੀ ਮਾਰੀ ਊ ਕਿੰਨੇ
ਗੰਦੇ ਨੇ’। ਖ਼ੈਰ ਸੇਵਾਦਾਰ ਨੂੰ ਜਲਦੀ ਹੀ ਆਪਣੀ ਗਲਤੀ ਦਾ ਅਹਿਸਾਸ ਹੋਇਆ। ਜੇ ਜੁਰਾਬਾਂ ਉਤਾਰਨ ਦੀ
ਤਨੋ ਮਨੋ ਸੇਵਾ ਕਰਨੀ ਹੀ ਹੈ ਤਾਂ ਮੋਟੇ ਸਾਰੇ ਅੱਖਰਾਂ ਵਿੱਚ ਲਿਖ ਕੇ ਲਗਾ ਦਿਓ, ਤਾਂ ਕਿ ਤੁਹਾਡੀ
ਜ਼ਿੰਮੇਵਾਰੀ ਖਤਮ ਹੋ ਜਾਏ।
ਗੁਰਮਤ ਵਿਦਿਆ ਦੀ ਘਾਟ ਕਰਕੇ ਬ੍ਰਹਾਮਣੀ ਕਰਮ-ਕਾਂਡ ਵਿੱਚ ਅਸੀਂ ਲਿਬੜ ਗਏ ਆਂ। ਜਦੋਂ ਕਿਸੇ ਵੀ ਕਰਮ
ਵਿਚੋਂ ਤੱਤ ਖਤਮ ਹੋ ਜਾਏ ਤਾਂ ਉਹ ਨਿਹਾਇਤ ਧਾਰਮਕ ਅੰਧ ਵਿਸ਼ਵਾਸ ਤੇ ਕਰਮਕਾਂਡ ਵਿੱਚ ਗਵਾਚ ਜਾਂਦਾ
ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਪੰਥ ਦੀ ਨੁਮਾਇੰਦਾ ਜਮਾਤ ਹੈ। ਕਮੇਟੀ ਨੇ ਸਿੱਖੀ ਵਿੱਚ
ਜਾਗਰਤੀ ਲਿਆਉਣ ਲਈ ਭਾਈ ਕਾਨ੍ਹ ਸਿੰਘ ਜੀ ਨਾਭਾ ਦੇ ਲਿਖੇ ਹੋਏ ਗ੍ਰੰਥ ਗੁਰਮਤ ਮਾਰਤੰਡ ਦੇ ਦੋ
ਭਾਗਾਂ ਨੂੰ ਛਾਪਿਆ ਹੈ। ਗੁਰਮਤ ਮਾਰਤੰਡ ਦੇ ਦੋਨਾਂ ਭਾਗਾਂ ਵਿੱਚ ਸਿੱਖ ਧਰਮ ਦੀ ਵਿਚਾਰਧਾਰਾ ਪੇਸ਼
ਕਰਨ ਵਾਲੇ ਵੱਖ ਵੱਖ ਵਿਸ਼ਿਆਂ ਦੀ ਗੁਰਬਾਣੀ ਅਧਾਰਤ ਵਿਆਖਿਆ ਕੀਤੀ ਗਈ ਹੈ। ਇਹ ਦੋਨੋਂ ਗ੍ਰੰਥ
ਸ਼੍ਰੋਮਣੀ ਕਮੇਟੀ ਦੇ ਮਿਸ਼ਨਰੀ ਕਾਲਜਾਂ ਦੇ ਕੋਰਸ ਵਿੱਚ ਪੜ੍ਹਾਏ ਜਾਂਦੇ ਹਨ। ਗੁਰਮਤ ਮਾਰਤੰਡ ਦੇ
ਪਹਿਲੇ ਭਾਗ ਦੇ ਪੰਨਾ ਪੰਨਾ ਨੰਬਰ ੩੮੩ ਬਹੁਤ ਹੀ ਖੂਬਸੂਰਤ ਵਿਆਖਿਆ ਕੀਤੀ ਗਈ ਹੈ। ਉਸ ਦਾ ਸਿਰਲੇਖ
ਹੈ---
ਗੁਰਦੁਵਾਰੇ ਪੈਰ ਧੋ ਕੇ ਜਾਣਾ ---
ਗੁਰਦੁਵਾਰੇ ਸਾਫ਼ ਪੈਰਾਂ ਅਤੇ ਸਾਫ਼ ਜੁਰਾਬਾਂ ਨਾਲ ਜਾਣਾ ਚਾਹੀਏ। ਮੈਲੇ ਪੈਰ ਅਤੇ ਮੈਲ਼ੀਆਂ
ਜੁਰਾਬਾਂ ਲੈ ਜਾਣੀਆਂ ਨਿੰਦਿਤ ਹਨ। ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਇੱਕ ਫੁੱਟ ਨੋਟ ਵੀ ਦਿੱਤਾ
ਹੋਇਆ ਹੈ। (ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨ ਲੱਗਿਆਂ ਭੀ ਸਾਫ਼ ਜੁਰਾਬਾਂ ਹੋਣੀਆਂ ਚਾਹੀਏ।
ਮੈਲ਼ਾ ਵਸਤ੍ਰ ਲੈ ਕੇ ਨਹੀਂ ਬੈਠਣਾ ਚਾਹੀਏ। ਕਈ ਅਗ਼ਯਾਨੀ ਲੋਕ ਜੁਰਾਬਾਂ ਪਹਿਨ ਕੇ ਪਾਠ ਕਰਨਾ ਅਯੋਗ
ਸਮਝਦੇ ਹਨ, ਜੋ ਕੇਵਲ ਅਵਿਦਿਆ ਦਾ ਕਰਮ ਹੈ)।
ਭਾਈ ਸਾਹਿਬ ਜੀ ਅੱਗੇ ਲਿਖਦੇ ਹਨ ਕਿ—ਕਈ ਥਾਂਈ ਪੈਰ ਧੋਣ ਲਈ ਕੁੰਡ ਬਣੇ ਹੋਏ ਹਨ, ਉਹਨਾਂ ਵਿੱਚ
ਬਹੁਤ ਲੋਕ ਪੈਰ ਧੋ ਕੇ ਜਲ ਗੰਦਾ ਕਰ ਦੇਂਦੇ ਹਨ, ਅਰ ਗਿੱਲੇ ਪੈਰੀਂ ਜਾ ਕੇ ਗੁਰਦੁਵਾਰੇ ਦੇ ਫ਼ਰਸ਼ ਅਰ
ਵਿਛਾਈ ਦੇ ਵਸਤ੍ਰਾਂ ਨੂੰ ਦਾਗੀ ਕਰ ਦੇਂਦੇ ਹਨ।
ਜਿੱਥੇ ਪੈਰ ਧੋਣ ਦੀ ਰੀਤ ਹੋਵੇ, ਉੱਥੇ ਪੈਰ ਪੂੰਝਣ ਲਈ ਵਸਤ੍ਰ ਦਾ ਭੀ ਪ੍ਰਬੰਧ ਹੋਣਾ ਚਾਹੀਏ, ਜੇ
ਐਸਾ ਨਾ ਹੋ ਸਕੇ ਤਾਂ ਸੁੱਕੇ ਪੈਰੀਂ ਜਾਣਾ ਹੀ ਉਤਮ ਹੈ, ਕਿਉਂਕਿ ਸਿੱਖ ਧਰਮ ਵਿੱਚ ਜੁੱਤੀ ਦੇ ਸਪਰਸ਼
ਤੋਂ ਪੈਰ ਭਿੱਟ ਨਹੀਂ ਹੁੰਦੇ। ਬਜ਼ਾਰ ਗਲ਼ੀ ਵਿਚਦੀਂ ਨੰਗੇ ਪੈਰੀਂ ਗੁਰਦੁਵਾਰੇ ਆਉਣ ਵਾਲਿਆਂ ਨੂੰ ਪੈਰ
ਜ਼ਰੂਰ ਧੋਣੇ ਚਾਹੀਏ।
ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਇੱਕ ਹੋਰ ਤੱਤ ਗਿਆਨ ਦੀ ਗੱਲ ਸਮਝਾਉਣ ਦਾ ਯਤਨ ਕੀਤਾ ਹੈ।
ਗੁਰਦੁਵਾਰੇ ਜੁੱਤੀ ਉਤਾਰ ਕੇ ਜਾਣਾ---
ਫ਼ਰਸ਼ ਤੇ ਬੈਠਣ ਸਮੇਂ ਜੁੱਤੀ ਸਮੇਤ ਬੈਠ ਨਹੀਂ ਸਕਦੇ ਅਤੇ ਗੰਦੇ ਥਾਂਈਂ ਫਿਰਣ ਤੋਂ ਜੁੱਤੀ
ਅਪਵਿੱਤ੍ਰ ਹੈ, ਇਸ ਲਈ ਗੁਰਦੁਵਾਰੇ ਜੁੱਤੀ ਉਤਾਰ ਕੇ ਜਾਣਾ ਚਾਹੀਏ, ਅਤੇ ਦੀਵਾਨ ਵਿੱਚ ਵੀ ਜੋੜਾ
ਉਤਾਰ ਕੇ ਬੈਠਣਾ ਚਾਹੀਏ, ਪਵਿੱਤਰ ਸਥਾਨਾਂ ਵਿੱਚ ਜੁੱਤੀ ਉਤਾਰ ਕੇ ਜਾਣਾ ਚਾਹੀਏ ਬਾਈਵਲ ਵਿੱਚ ਭੀ
ਵੇਖਿਆ ਜਾ ਸਕਦਾ ਹੈ, ਅਤੇ ਕੁਰਾਨ ਸ਼ਰੀਫ਼ ਵਿੱਚ ਵੀ ਇਸ ਦੀ ਪੁਸ਼ਟੀ ਹੈ।
ਕਿਤਨੇ ਪ੍ਰੇਮੀ ਸਿੱਖ, ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰ ਤੇ ਰੱਖ ਕੇ ਸਫ਼ਰ ਕਰਦੇ ਹੋਏ ਅਥਵਾ ਗੁਰੂ
ਸਾਹਿਬ ਦੀ ਪਾਲਕੀ ਉਠਾਉਂਦੇ ਹੋਏ ਜੁੱਤੀ ਉਤਾਰ ਕੇ ਨੰਗੇ ਪੈਰੀਂ ਜਾਂਦੇ ਹਨ, ਅਰ ਚੌਰ ਕਰਨ ਵਾਲਾ
ਅਤੇ ਕੀਰਤਨੀਏ ਸਿੱਖ ਜੁੱਤੀ ਉਤਾਰ ਦੇਂਦੇ ਹਨ, ਪਰ ਇਹ ਅਵਿਦਿਯਾ ਅਤੇ ਭ੍ਰਮ ਮੂਲਕ ਕਰਮ ਹੈ, ਰਸਤੇ
ਵਿੱਚ ਜੁੱਤੀ ਉਤਾਰ ਕੇ ਜਾਣਾ ਯੋਗਯ ਨਹੀਂ, ਜੇ ਜੁੱਤੀ ਦੀ ਭਿੱਟ ਅਪਵਿੱਤ੍ਰਤਾ ਦਾ ਕਾਰਣ ਹੋ ਸਕਦੀ
ਹੈ, ਤਦ ਰਸਤੇ ਵਿੱਚ ਪਿਆ ਖੰਘਾਰ, ਕੁੱਤੇ ਆਦਿ ਜੀਵਾਂ ਦਾ ਮਲ਼ ਮੂਤ੍ਰ ਪੈਰਾਂ ਨੂੰ ਕਿਤਨਾ ਵਧ ਕੇ
ਅਪਵਿੱਤ੍ਰ ਕਰ ਸਕਦਾ ਹੈ? ਕੰਕਰ ਕੰਡਾ ਆਦਿ ਪੈਰਾਂ ਨੂੰ ਦੁੱਖ ਦਾ ਕਾਰਨ ਹੁੰਦੇ ਹਨ। ਸਿਰੀ ਗੁਰੂ
ਸਾਹਿਬਾਨ ਦੀ ਅੜਦਲ ਵਿੱਚ ਜੋ ਸਿੱਖ ਸੇਵਕ ਚੱਲਦੇ ਸਨ, ਉਹ ਨਗਨ ਚਰਨ ਨਹੀਂ ਹੋਇਆ ਕਰਦੇ ਸਨ,
ਗੁਰਸਿੱਖਾਂ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਵਾਕ ‘ਪਗ ਉਪੇਤਾਣਾ॥ ਆਪਣਾ ਕੀਆ ਕਮਾਣਾ’॥ ਸਦਾ ਮਨ
ਵਿੱਚ ਵਸਾ ਕੇ ਪਾਖੰਡ ਕਰਮਾਂ ਤੋਂ ਬਚਣਾ ਚਾਹੀਏ।
ਭਾਈ ਕਾਨ੍ਹ ਸਿੰਘ ਜੀ ਨਾਭਾ ਦੀ ਸਾਰੀ ਵਿਚਾਰ ਤੋਂ ਉਪਰੰਤ ਇੱਕ ਪੁਖਤਾ ਖ਼ਿਆਲ ਸਾਡੇ ਸਾਹਮਣੇ ਪ੍ਰਗਟ
ਹੁੰਦਾ ਹੈ ਕਿ ਗੰਦੀਆਂ ਜੁਰਾਬਾਂ ਤੇ ਗੰਦੇ ਪੈਰ ਦੋਨੋਂ ਹੀ ਪ੍ਰਵਾਨ ਨਹੀਂ ਹਨ।
ਕਈ ਦਫ਼ਾ ਘਰਾਂ ਜਾਣ ਦਾ ਮੌਕਾ ਬਣਦਾ ਹੈ। ਗ੍ਰੰਥੀ ਸਿੰਘ ਗੁਰਦੁਆਰਾ ਸਾਹਿਬ ਤੋਂ ਅਕਸਰ ਨੰਗੇ ਪੈਰੀਂ
ਗਏ ਹੁੰਦੇ ਹਨ। ਘਰ ਦੇ ਬਾਹਰ ਸੁਚਮ ਦੇ ਨਾਂ `ਤੇ ਥੋੜਾ ਜੇਹਾ ਪਾਣੀ ਰੱਖਿਆ ਹੁੰਦਾ ਹੈ। ਗ੍ਰੰਥੀ
ਸਿੰਘ ਨੂੰ ਬਹੁਤ ਕਾਹਲ਼ੀ ਹੁੰਦੀ ਹੈ ਉਹ ਜਲਦੀ ਨਾਲ ਆਪਣਿਆਂ ਪੈਰਾਂ ਦੀ ਊਪਰਲੀ ਛੱਤ ਦੇ ਪਾਣੀ ਦੇ
ਕੁੱਝ ਤੁਪਕੇ ਪਾਉਂਦਾ ਹੈ ਤੇ ਪੈਰ ਬਿਨਾ ਸਾਫ਼ ਕਰਨ ਦੇ ਫਟਾ ਫਟ ਜਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼
ਕਰਨਾ ਸ਼ੁਰੂ ਕਰ ਦੇਂਦਾ ਹੈ। ਉਹਦੇ ਲਿਬੜੇ ਪੈਰਾਂ ਦੇ ਨਿਸ਼ਾਨ ਚਿੱਟੀ ਚਾਦਰ `ਤੇ ਇਸ ਤਰ੍ਹਾਂ ਲੱਗਦੇ
ਹਨ ਜਿਵੇਂ ਕਿਸੇ ਨੇ ਮੋਹਰਾਂ ਲਾਈਆਂ ਹੋਣ।
ਗੁਰਦੁਆਰਿਆਂ ਵਿੱਚ ਜੇ ਪੈਰ ਧੋਣ ਦਾ ਪ੍ਰਬੰਧ ਅਜੇਹਾ ਹੋਣਾ ਚਾਹੀਦਾ ਹੈ ਜਿੱਥੋਂ ਪਾਣੀ ਦਾ ਪੂਰਾ
ਨਿਕਾਸ ਹੋਵੇ ਭਾਵ ਗੰਦਾ ਪਾਣੀ ਜਾਂਦਾ ਰਹੇ ਤੇ ਸਾਫ਼ ਪਾਣੀ ਆਉਂਦਾ ਰਹੇ। ਫਿਰ ਪੈਰਾਂ ਨੂੰ ਸਕਾਉਣ ਦਾ
ਪੂਰਾ ਪ੍ਰਬੰਧ ਹੋਣਾ ਚਾਹੀਦਾ ਹੈ।
ਜੁਰਾਬਾਂ ਪਾ ਕੇ ਲੰਗਰ ਛੱਕਿਆ ਜਾ ਸਕਦਾ ਹੈ ਇਹ ਕੋਈ ਵੱਡਾ ਪਾਪ ਨਹੀਂ ਹੈ। ਦਲੀਲ ਨਾਲ ਸੇਵਾਦਾਰ
ਨੂੰ ਗੱਲ ਸਮਝਾਈ ਤਾਂ ਉਸ ਨੇ ਮਹਿਸੂਸ ਕੀਤਾ ਮੈਂ ਗਲਤ ਵਰਤਾ ਕਰ ਰਿਹਾ ਹਾਂ।
ਗੁਰਦੁਆਰੇ ਦੀ ਸਫ਼ਾਈ ਦਾ ਪੂਰਾ ਖ਼ਿਆਲ ਰੱਖਣਾ ਚਾਹੀਦਾ ਹੈ। ਬ੍ਰਹਾਮਣ ਵਾਲੀ ਸੁੱਚ ਭਿੱਟ ਦਾ ਸਿੱਖੀ
ਵਿੱਚ ਕੋਈ ਥਾਂ ਨਹੀਂ ਹੈ।
ਗਲ ਸਫ਼ਾਈ ਦੀ ਹੈ ਨਾ ਕੇ ਬ੍ਰਹਾਮਣ ਵਾਲੀ ਸੁੱਚਮ ਦੀ। ਪੈਰ ਤੇ ਜੁਰਾਬਾਂ ਦੋਨੋਂ ਹੀ ਸਫ਼ਾ ਹੋਣੇ
ਚਾਹੀਦੇ ਹਨ---
ਸੂਚੇ
ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ॥ ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ॥
ਸਲੋਕ ਮ: ੧ ਪੰਨਾ ੪੭੨
ਸਾਚਾ ਨਾਵਣੁ, ਗੁਰ ਕੀ ਸੇਵਾ॥
ਅਤੇ
ਜਲ ਕੈ ਮਜਨਿ ਜੇ ਗਤਿ ਹੋਵੈ, ਨਿਤ ਨਿਤ ਮੇਂਡੁਕ ਨਾਵਹਿ॥
ਜੈਸੇ ਮੇਂਡੁਕ ਤੈਸੇ ਓਇ ਨਰ, ਫਿਰਿ ਫਿਰਿ ਜੋਨੀ ਆਵਹਿ॥
ਬਾਣੀ ਕਬੀਰ ਜੀ ਕੀ ਪੰਨਾ ੪੮੪