ਬਾਬਰ ਦੇ
ਹਮਲੇ ਨਾਲ ਸਬੰਧਤ ਸ਼ਬਦ
ਅਤੇ ਅਰਥ ਵਿਚਾਰ
ਪ੍ਰਿੰਸੀਪਲ ਗਿਆਨੀ ਸੁਰਜੀਤ
ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956
ਸੰਮਤ ੧੫੭੮ `ਚ ਬਾਬਰ ਨੇ ਭਾਰਤ ਤੇ
ਤੀਜਾ ਅਤੇ ਆਖਿਰੀ ਹਮਲਾ ਕੀਤਾ। ਇਹ ਹਮਲਾ, ਆਪਣੇ ਆਪ `ਚ ਭਿਅੰਕਰ ਹਮਲਾ ਸੀ। ਹਮਲੇ ਉਪ੍ਰੰਤ ਭਾਰਤ
`ਚ ਲੋਧੀ ਖਾਨਦਾਨ ਭਾਵ ਅਫ਼ਗ਼ਾਨੀਆਂ ਦੇ ਰਾਜ ਦਾ ਅੰਤ ਅਤੇ ਮੁਗ਼ਲ ਰਾਜ ਦਾ ਆਰੰਭ ਹੋਇਆ। ਬਾਬਰ ਦੇ ਇਸ
ਹਮਲੇ ਨਾਲ ਸਬੰਧਤ ਗੁਰਬਾਣੀ `ਚ ਚਾਰ ਸ਼ਬਦ ਆਏ ਹਨ ਜੋ ਨੰਬਰਵਾਰ ਇਸ ਤਰ੍ਹਾਂ ਹਨ:
੧. ਤਿਲੰਗ ਮਹਲਾ ੧॥” ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ
ਵੇ ਲਾਲੋ” (ਪੰ: ੭੨੨)
੨.”ਆਸਾ ਮਹਲਾ ੧॥” ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥ ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ
ਮੁਗਲੁ ਚੜਾਇਆ” (ਪੰ: ੩੬੦)
੩. ਰਾਗੁ ਆਸਾ ਮਹਲਾ ੧ ਅਸਟਪਦੀਆ ਘਰੁ ੩ ੴ ਸਤਿ ਗੁਰਪ੍ਰਸਾਦਿ॥” ਜਿਨ ਸਿਰਿ ਸੋਹਨਿ ਪਟੀਆ ਮਾਂਗੀ
ਪਾਇ ਸੰਧੂਰੁ॥ ਸੇ ਸਿਰ ਕਾਤੀ ਮੁੰਨੀਅਨਿੑ ਗਲ ਵਿਚਿ ਆਵੈ ਧੂੜਿ” (ਪੰ: ੪੧੭)
੪. ਆਸਾ ਮਹਲਾ ੧॥” ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ॥ ਕਹਾ
ਸੁ ਤੇਗਬੰਦ ਗਾਡੇਰੜਿ ਕਹਾ ਸੁ ਲਾਲ ਕਵਾਈ” (ਪੰ: ੪੧੭)।
ਵਿਸ਼ੇਸ਼ ਧਿਆਨ ਯੋਗ- “ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ” — “ਕਾਜੀਆ
ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ” --- “ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ
ਕੁੰਗੂ ਪਾਇ ਵੇ ਲਾਲੋ” ---- (ਪ: ੭੨੨) “ਜਿਨ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ” — “ਜਦਹੁ
ਸੀਆ ਵੀਆਹੀਆ ਲਾੜੇ ਸੋਹਨਿ ਪਾਸਿ॥ ਹੀਡੋਲੀ ਚੜਿ ਆਈਆ ਦੰਦ ਖੰਡ ਕੀਤੇ ਰਾਸਿ॥ ਉਪਰਹੁ ਪਾਣੀ ਵਾਰੀਐ
ਝਲੇ ਝਿਮਕਨਿ ਪਾਸਿ॥ ੨ ॥ ਇਕੁ ਲਖੁ ਲਹਨਿੑ ਬਹਿਠੀਆ ਲਖੁ ਲਹਨਿੑ ਖੜੀਆ॥ ਗਰੀ ਛੁਹਾਰੇ ਖਾਂਦੀਆ
ਮਾਣਨਿੑ ਸੇਜੜੀਆ…” ….”ਧਨੁ ਜੋਬਨੁ ਦੁਇ ਵੈਰੀ ਹੋਏ ਜਿਨੀੑ ਰਖੇ ਰੰਗੁ ਲਾਇ…” (ਪੰ: ੪੧੭)।
ਇਸ ਤਰ੍ਹਾਂ ਪਹਿਲੇ ਤੇ ਚੌਥੇ ਸ਼ਬਦ `ਚ ਆਈਆਂ ਇਹ ਪੰਕਤੀਆਂ ਸਾਬਤ ਕਰਦੀਆਂ ਹਨ ਕਿ ਜਿਨ੍ਹਾਂ ਦਿਨਾਂ
`ਚ ਬਾਬਰ ਨੇ ਭਾਰਤ `ਤੇ ਤੀਜਾ ਹਮਲਾ ਕੀਤਾ, ਭਾਰਤ `ਚ ਵਿਆਹ-ਸ਼ਾਦੀਆਂ ਦੀ ਹੀ ਭਰਮਾਰ ਸੀ। ਇਸ ਲਈ
ਹਰੇਕ ਪੱਧਰ `ਤੇ ਧੰਨ ਤੇ ਜੁਆਨੀ ਦਾ ਨਸ਼ਾ ਛਾਇਆ ਹੋਇਆ ਸੀ। ਰਾਜਸੀ ਆਗੂ ਤੇ ਕੀ ਧਾਰਮਿਕ ਆਗੂ ਭਾਵ
ਪੰਡਿਤ-ਮੌਲਾਣੇ ਆਦਿ ਤੇ ਕੀ ਲੋਕਾਈ, ਸਾਰੇ ਹੂੜਮੱਤਾਂ, ਮਨਮੱਤਾਂ ਤੇ ਆਡੰਬਰਾਂ, ਖੜਮਸਤੀਆਂ ਦਾ
ਬਜ਼ਾਰ ਗਰਮ ਕਰੀ ਬੈਠੇ ਸਨ। ਹੋਰ ਤਾਂ ਹੋਰ, ਇਨ੍ਹਾਂ ਸ਼ਬਦਾਂ ਵਿਚੋਂ ਇਹ ਵੀ ਸਪਸ਼ਟ ਹੁੰਦਾ ਹੈ ਕਿ
ਸ਼ਾਹੀ ਘਰਾਣੇ ਜਿਨ੍ਹਾਂ ਉਪਰ ਦੇਸ਼ ਤੇ ਜੰਤਾ ਦੀ ਰਾਖੀ ਦੀ ਜ਼ਿੰਮੇਂਵਾਰੀ ਸੀ ਉਹ ਵੀ ਬਹੁਤਾ ਕਰਕੇ
ਐਸ਼ੋ-ਇਸ਼ਰਤ `ਚ ਹੀ ਗ਼ਰਕ ਸਨ। ਹਾਲਾਂਕਿ ਹਰੇਕ ਤੱਲ `ਤੇ ਇਹ ਘਬਰਾਹਟ ਵੀ ਬਣੀ ਹੋਈ ਸੀ ਕਿ ਬਾਬਰ ਦਾ
ਤੀਜਾ ਹਮਲਾ ਬਹੁਤ ਭਿਅੰਕਰ ਹੋਵੇਗਾ। ਕਿਉਂਕਿ ਸਭ ਨੂੰ ਪਤਾ ਲੱਗ ਚੁੱਕਾ ਸੀ ਕਿ ਇਸ ਵਾਰੀ ਬਾਬਰ
ਵੱਡੀ ਤਿਆਰੀ ਨਾਲ ਆ ਰਿਹਾ ਹੈ। ਫ਼ਿਰ ਵੀ ….
ਇਸ ਤਰ੍ਹਾਂ ਇਹ ਵੀ ਸਪਸ਼ਟ ਹੈ ਉਨ੍ਹਾਂ ਦਿਨਾਂ `ਚ ਨਵੇਂ ਨਵੇਂ ਵਿਆਹਵਾਂ ਨੂੰ ਕਰਵਾਉਣ `ਚ ਇੱਕ ਪਾਸੇ
ਕਾਜ਼ੀਆਂ ਤੇ ਬ੍ਰਾਹਮਣਾਂ ਨੇ ਲੁੱਟਾਂ-ਖੋਹਾਂ, ਵਹਿਮਾਂ-ਭਰਮਾਂ, ਕੁੰਡਲਣੀਆਂ-ਟੇਵਿਆਂ-ਮਹੂਰਤਾਂ,
ਦਾਨ-ਦਛਣਾ ਆਦਿ ਦਾ ਬਾਜ਼ਾਰ ਗਰਮ ਕੀਤਾ ਹੋਇਆ ਸੀ। ਦੂਜੇ ਪਾਸੇ ਹਰੇਕ ਪੱਧਰ `ਤੇ ਸਗਨ, ਰੀਤਾਂ ਤੇ
ਨਵੀਆਂ ਵਿਆਹੀਆਂ ਦੇ ਨਖ਼ਰੇ ਵੀ ਸ਼ਿਖਰਾਂ `ਤੇ ਸਨ। ਵਿਰਲਿਆਂ ਨੂੰ ਛੱਡ ਕੇ ਮਨੁੱਖਾ ਜਨਮ ਦੇ ਮਕਸਦ ਤੇ
ਮਨੁੱਖਾ ਜਨਮ ਦੀ ਅਸਲੀਅਤ ਸਭ ਨੂੰ ਭੁੱਲੀ ਪਈ ਸੀ। ਜਨਮ ਦੇਣ ਵਾਲੇ ਅਤੇ ਅੰਦਰ ਵੱਸ ਰਹੇ ਜੀਵਨਦਾਤੇ
ਦਾ ਕਿਸੇ ਨੂੰ ਚੇਤਾ ਤੱਕ ਨਹੀਂ ਸੀ। ਸਪਸ਼ਟ ਹੈ ਕਿ ਗੁਰਦੇਵ ਨੇ ਇਨ੍ਹਾਂ ਸ਼ਬਦਾਂ `ਚ ਸ਼ਾਦੀਆਂ ਵਾਲੀ
ਉਸੇ ਪ੍ਰਕ੍ਰਿਆ ਨੂੰ ਇੱਕ ਪਾਸੇ ਬਾਬਰ ਦੇ ਹਮਲੇ ਤੇ ਦੂਜੇ ਪਾਸੇ ਭਾਰਤੀਆਂ ਦੇ ਉਸ ਸਮੇਂ ਦੇ ਪ੍ਰਚਲਣ
ਨੂੰ ਜੋੜ ਕੇ; ਮਨੁੱਖਾ ਜਨਮ ਦੇ ਸੱਚ ਨੂੰ ਪ੍ਰਗਟਾਇਆ ਹੈ।
ਨੋਟ. ੧- ਚੇਤੇ ਰਖਣਾ ਹੈ ਕਿ ਗੁਰਬਾਣੀ `ਚ ਜਿਨੇਂ ਵੀ ਦੋਹਰੇ ਰਿਸ਼ਤਿਆਂ ਦਾ ਵਰਨਣ ਆਇਆ ਹੈ ਉਥੇ
ਜਦੋਂ ਇੱਕ ਬਾਰੇ ਕਿਹਾ ਹੋਵੇ ਤਾਂ ਉਸ `ਚ ਦੂਜਾ ਵੀ ਸੁਭਾਵਿਕ ਤੌਰ `ਤੇ ਸ਼ਾਮਿਲ ਹੁੰਦਾ ਹੈ। ਮਿਸਾਲ
ਵਜੋਂ ਗੱਲ ਪੁੱਤਰ ਦੀ ਹੈ ਤਾਂ ਪੁਤ੍ਰੀ ਅਤੇ ਜੇ ਪੁਤ੍ਰੀ ਦੀ ਹੈ ਤਾਂ ਪੁੱਤਰ; ਇਸੇ ਤਰ੍ਹਾਂ ਗੱਲ
ਪਤੀ ਦੀ ਹੈ ਤਾਂ ਪੱਤਨੀ ਤੇ ਜੇ ਪਤਨੀ ਦੀ ਹੈ ਤਾਂ ਪਤੀ ਉਸ `ਚ ਕੁਦਰਤੀ ਤੌਰ `ਤੇ ਸ਼ਾਮਿਲ ਹੁੰਦਾ
ਹੈ। ਜਿਵੇਂ ਕਿ ਹੱਥਲੇ ਸ਼ਬਦਾਂ `ਚ “ਕਹਾਂ ਸੁ ਸੇਜ ਸੁਖਾਲੀ ਕਾਮਣਿ ਜਿਸੁ ਵੇਖਿ ਨੀਦ ਨ ਪਾਈ” ਜਾਂ
“ਇਕ ਹਿੰਦਵਾਣੀ ਅਵਰ ਤੁਰਕਾਣੀ ਭਟਿਆਣੀ ਠਕੁਰਾਣੀ”। ਇਸ ਤਰ੍ਹਾਂ ਇਥੇ ਬੇਸ਼ੱਕ ਵਰਨਣ ਕੇਵਲ ਇਸਤ੍ਰੀਆਂ
ਦਾ ਹੀ ਹੈ ਪਰ ਇਸ `ਚ ਪੁਰਖਾਂ ਦਾ ਵਿਸ਼ਾ ਵੀ ਆਪਣੇ ਆਪ ਹੀ ਸ਼ਾਮਿਲ ਹੈ। ਜੇ ਇਹ ਗੱਲ ਨਹੀਂ ਤਾਂ ਕੇਵਲ
ਉਥੋਂ ਜਦੋਂ ਖਾਸ `ਤੇ ਤੌਰ ਵਿਸ਼ਾ ਹੀ ਕਿਸੇ ਇੱਕ ਨਾਲ ਸਬੰਧਤ ਹੋਵੇ।
ਨੋਟ. ੨- ਚਾਰਾਂ ਹੀ ਸ਼ਬਦਾਂ ਨੂੰ ਇਥੇ ਕੇਵਲ ਅਰਥ-ਵਿਚਾਰ ਦੀ ਲੜੀ `ਚ ਹੀ ਦਿੱਤਾ ਹੈ ਤਾ ਕਿ ਇੱਕ
ਸੁਰਤਾ ਨਾਲ ਕੇਵਲ ਅਰਥਾਂ ਨੂੰ ਪੜ੍ਹ ਕੇ, ਵਿਸ਼ੇ ਨੂੰ ਸੌਖਾ ਸਮਝਿਆ ਜਾ ਸਕੇ। ਸੌਖਾ ਪਤਾ ਲਗ ਸਕੇ ਕਿ
ਇਨ੍ਹਾਂ ਸ਼ਬਦਾਂ ਰਾਹੀਂ ਪਾਤਸ਼ਾਹ ਸਾਡੀ ਗੁਰਮੱਤ ਪੱਖੋਂ ਕਿਹੜੀ ਤਿਆਰੀ ਕਰਵਾ ਰਹੇ ਹਨ? ਇਸੇ ਲਈ
ਸ਼ਬਦਾਂ ਦੇ ਨਾਲ ਨਾਲ ਪੰਨਾ ਨੰਬਰ ਤੇ ਰਾਗ ਦੀ ਸੂਚਨਾ ਵੀ ਦੇ ਦਿੱਤੀ ਗਈ ਹੈ। ਉਹ ਇਸ ਲਈ ਦਿੱਤੀ ਹੈ
ਕਿ ਲੋੜ ਅਨੁਸਾਰ ਗੁਰਬਾਣੀ ਚੋਂ ਸਬੰਧਤ ਸ਼ਬਦ ਨੂੰ ਘੋਖਿਆ ਵੀ ਜਾ ਸਕੇ।
“ਚਾਰੋਂ ਸ਼ਬਦ ਇੱਕੋ ਲੜੀ `ਚ” ਕੇਵਲ ਇੱਕ ਝਾਤ- ਸਬੰਧਤ ਸ਼ਬਦਾਂ ਦੀ ਅਰਥ ਵਿਚਾਰ ਨੂੰ ਅਰੰਭ ਕਰਣ ਤੋਂ
ਪਹਿਲਾਂ ਸਮਝਣਾ ਹੈ ਕਿ ਚਾਰੋਂ ਸ਼ਬਦ ਇੱਕੋ ਲੜੀ `ਚ ਹਨ, ਅੱਡ ਅੱਡ ਨਹੀਂ ਹਨ। ਇੱਕ ਤੋਂ ਬਾਅਦ ਦੂਸਰਾ
ਸ਼ਬਦ ਹੈ। ਇਸ ਲਈ ਅਸਾਂ ਇਨ੍ਹਾਂ ਸ਼ਬਦਾ ਤੋਂ ਵਾਰੀ ਵਾਰੀ ਇਹ ਸਮਝਣ ਦਾ ਯਤਨ ਕਰਣਾ ਹੈ ਕਿ ਆਖਿਰ ਇਹ
ਚਾਰੋਂ ਸ਼ਬਦ ਇੱਕ ਲੜੀ `ਚ ਹੈਣ ਕਿਵੇਂ? :-
(੧) “ਜੈਸੀ ਮੈ ਆਵੈ ਖਸਮ ਕੀ ਬਾਣੀ” - ਇਸ ਲੜੀ `ਚ ਪਹਿਲਾ ਸ਼ਬਦ ਹੈ
“ਜੈਸੀ ਮੈ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨੁ ਵੇ ਲਾਲੋ” (ਪੰ: ੭੨੨)। ਇਹ ਸ਼ਬਦ ਹਮਲੇ
ਤੋਂ ਪਹਿਲਾਂ ਗੁਰਦੇਵ ਵੱਲੋਂ ਭਵਿਖ ਬਾਣੀ ਤੇ ਚੇਤਾਵਣੀ ਵੱਜੋਂ ਹੈ। ਇਸ ਸ਼ਬਦ `ਚ ਗੁਰਦੇਵ ਨੇ ਦੱਸਿਆ
ਹੈ ਕਿ ਹਮਲਾ ਭਿਆਣਕ ਹੋਵੇਗਾ। ਸਰੀਰਾਂ ਦੇ ਟੁੱਕੜੇ ਟੁਕੜੇ ਹੋ ਜਾਣਗੇ ਆਦਿ। ਪਾਤਸ਼ਾਹ ਨੇ ਇਹ ਵੀ
ਦੱਸ ਦਿੱਤਾ, ਬੇਸ਼ੱਕ ਹਮਲੇ ਤੋਂ ਦਹਿਸ਼ਤ ਦਾ ਅਜਿਹਾ ਵਾਤਾਵਰਣ ਬਣ ਜਾਵੇਗਾ ਕਿ ਲੋਕਾਈ ਭਯਭੀਤ ਹੋ
ਜਾਵੇਗੀ। ਫ਼ਿਰ ਸੰਮਤ ੧੫੭੮ ਤੋਂ ਬਾਅਦ ਸੰਮਤ ੧੫੯੭ `ਚ ਬਾਬਰਕਿਆਂ ਨੂੰ ਭਾਂਜ ਦੇਣ ਵਾਲਾ ਵੀ ਆ ਰਿਹਾ
ਹੈ। ਜਿਸ ਤੋਂ ਦਹਿਸ਼ਤ ਦਾ ਮਾਹੌਲ ਛੱਟ ਜਾਵੇਗਾ। ਦਰਅਸਲ ਇਹ ਸ਼ੇਰਸ਼ਾਹ ਸੂਰੀ ਸੀ ਜਿਸ ਨੇ ਸੰਮਤ ੧੫੯੭
`ਚ ਹੁਮਾਉਂ ਨੂੰ ਭਾਂਜ ਦਿੱਤੀ ਅਤੇ ਬਣੇ ਹੋਏ ਦਹਿਸ਼ਤ ਭਰੇ ਬੱਦਲ ਵੀ ਛੱਟ ਗਏ।
(੨) “ਖੁਰਾਸਾਨ ਖਸਮਾਨਾ ਕੀਆ” -ਲੜੀ `ਚ ਦੂਜਾ ਸ਼ਬਦ ਹੈ “ਖੁਰਾਸਾਨ
ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ” (ਪੰ: ੩੬੦)। ਇਥੇ ਗੁਰਦੇਵ ਨੇ ਸਾਬਤ ਕੀਤਾ ਹੈ ਕਿ
ਕਿਸੇ ਵੀ ਸਮਾਜ `ਚ ਹਮੇਸ਼ਾਂ ਰਾਜਸੀ ਆਗੂ, ਧਾਰਮਿਕ ਆਗੂ ਤੇ ਸਾਧਾਰਣ ਲੋਕਾਈ, ਇਹ ਤਿੰਨ ਵਰਗ ਹੀ
ਪ੍ਰਮੁੱਖ ਹੁੰਦੇ ਹਨ। ਜਦੋਂ ਇਹ ਤਿੰਨੇ ਵਰਗ “ਸਰਮੁ ਧਰਮੁ ਦੁਇ ਛਪਿ ਖਲੋਏ, ਕੂੜੁ ਫਿਰੈ ਪਰਧਾਨੁ ਵੇ
ਲਾਲੋ” (ਪੰ: ੭੨੨) ਅਨੁਸਾਰ ਆਪਣੇ ਰਤਨਾਂ ਵਰਗੇ ਮਨੁੱਖਾ ਜਨਮ ਤੋਂ ਕੁਰਾਹੇ ਪੈ ਕੇ ਇਸ ਨੂੰ ਕੁੱਤੇ
ਗਵਾਈਂ ਖ਼ਤਮ ਕਰ ਰਹੇ ਹੁੰਦੇ ਹਨ। ਅਜਿਹੇ ਸਮੇਂ ਇਸ ਦਾ ਦਬਾਅ ਪ੍ਰਭੂ ਪਿਆਰਿਆਂ ਤੇ
ਮਜ਼ਲੂਮਾਂ-ਕਮਜ਼ੋਰਾਂ `ਤੇ ਆ ਜਾਂਦਾ ਹੈ ਜਿਸ ਤੋਂ ਉਸੇ ਸਮਾਜ `ਚ ਵੱਸ ਰਹੇ ਇਹ ਦੋਵੇਂ ਹੀ ਧਿਰ ਪਿਸ
ਰਹੇ ਹੁੰਦੇ ਹਨ।
ਅਜਿਹੇ ਸਮੇਂ ਅਕਾਲਪੁਰਖ ਕੋਈ ਨਾ ਕੋਈ ਅਜਿਹੀ ਖੇਡ ਵਰਤ ਦਿੰਦਾ ਹੇ ਜਿਸ ਤੋਂ ਕੁਰਾਹੇ ਪੈ ਚੁੱਕੇ
ਤਿੰਨਾਂ ਵਰਗਾਂ ਨੂੰ ਆਪਣੇ ਕੀਤੇ ਦੀ ਸਜ਼ਾ ਮਿਲਦੀ ਹੈ ਤੇ ਉਨ੍ਹਾਂ ਦੇ ਦਬਾਅ `ਚ ਪਿਸ ਰਹੇ ਪ੍ਰਭੂ
ਪਿਆਰਿਆਂ ਤੇ ਕਮਜ਼ੋਰਾਂ-ਦਲਿਤਾਂ ਦੀ ਰਾਖੀ ਵੀ ਹੁੰਦੀ ਹੈ। ਦਰਅਸਲ ਗੁਰਦੇਵ ਨੇ ਬਾਬਰ ਦੇ ਹਮਲੇ ਨੂੰ
ਇਥੇ ਇੱਕ ਅਜਿਹੀ ਮਿਸਾਲ ਵਜੋਂ ਹੀ ਪੇਸ਼ ਕੀਤਾ ਹੈ। ਦਸਿਆ ਹੈ ਕਿ ਇਸ ਹਮਲੇ ਨਾਲ ਜੋ ਧੰਨ-ਮਾਲ ਦੀ
ਤੱਬਾਹੀ ਹੋਈ ਉਸ ਦੇ ਲਈ ਅਕਾਲਪੁਰਖ ਜ਼ਿੰਮੇਂਵਾਰ ਨਹੀਂ ਬਲਕਿ ਕੁਰਾਹੇ ਪੈ ਚੁੱਕੇ ਇਹ ਤਿੰਨੇ ਵਰਗ ਹੀ
ਦੋਸ਼ੀ ਸਨ। ਇਹ ਵੀ ਦੱਸਿਆ, ਜੇ ਕਰ ਮਨੁੱਖ ਆਪਣੇ ਮਨੁੱਖਾ ਜਨਮ ਦੀ ਅਮੁਲਤਾ ਦੀ ਸਮੇਂ ਸਿਰ ਪਹਿਚਾਣ
ਕਰੇ, ਇਸ ਤਰ੍ਹਾਂ ਆਪਣੇ ਆਤਮਕ ਜੀਵਨ ਦੀ ਸੰਭਾਲ ਕਰੇ ਤਾਂ ਅਜਿਹੀਆਂ ਵਾਰਦਾਤਾਂ ਤੇ ਤੱਬਾਹਈਆਂ ਤੋਂ
ਸਦਾ ਲਈ ਸਮਾਜ ਨੂੰ ਬੱਚਾਇਆ ਜਾ ਸਕਦਾ ਹੈ।
(੩) “ਜਿਨ ਸਿਰਿ ਸੋਹਨਿ ਪਟੀਆ”. . ਅਤੇ (੪) “ਕਹਾ ਸੁ ਖੇਲ ਤਬੇਲਾ
ਘੋੜੇ. .” (ਪੰ: ੪੧੭) ਅਗਲੇ ਇਨ੍ਹਾਂ ਦੋਨਾਂ ਸ਼ਬਦਾਂ `ਚ ਬਾਬਰ ਦੇ ਹਮਲੇ ਤੋਂ ਬਾਅਦ ਹੋਈ
ਤੱਬਾਹੀ ਨੂੰ ਹੀ ਬਿਆਣਿਆ ਹੈ। ਦੋਨਾਂ ਸ਼ਬਦਾਂ `ਚ ਗੁਰਦੇਵ ਨੇ ਜਿੱਥੇ ਗੁਰਮੱਤ ਦੇ ਭਿੰਨ ਭਿੰਨ
ਸਿਧਾਂਤ ਸਪਸ਼ਟ ਕੀਤੇ ਹਨ ਉਥੇ ਬਾਰ ਬਾਰ ਇਸ ਸੱਚ ਨੂੰ ਵੀ ਪ੍ਰਗਟ ਕੀਤਾ ਹੈ ਕਿ ਜਦੋਂ ਜਦੋਂ ਵੀ ਸਮਾਜ
ਦੇ ਮੁੱਖ ਤਿੰਨੇ ਵਰਗ ਕੁਰਾਹੇ ਪੈ ਜਾਂਦੇ ਹਨ। ਇਸ ਤੋਂ ਉਸੇ ਸਮਾਜ `ਚ ਹੀ ਵੱਸ ਰਹੇ ਪ੍ਰਭੂ ਪਿਆਰੇ
ਤੇ ਕਮਜ਼ੋਰਾਂ ਦਾ ਜੀਵਨ ਦੂਭਰ ਹੋ ਜਾਂਦਾ ਹੈ। ਅਜਿਹੇ ਹਾਲਾਤ `ਚ ਬਾਬਰ ਦੇ ਹਮਲੇ ਵਰਗੀਆਂ ਘਟਨਾਵਾਂ
ਸਦਾ ਤੋਂ ਵਾਪਰਦੀਆਂ ਆਈਆਂ ਹਨ ਤੇ ਵਾਪਰਦੀਆਂ ਰਹਿਣ ਗੀਆਂ। ਇਸ `ਤੇ ਗੁਰਦੇਵ ਦ੍ਰਿੜਤਾ ਨਾਲ ਅਤੇ
ਬਾਰ-ਬਾਰ ਚੇਤੇ ਕਰਵਾਉਂਦੇ ਹਨ ਕਿ ਇਸ ਲਈ ਜੋ ਕੁੱਝ ਵੀ ਵਾਪਰਦਾ ਹੈ ਸਭ ਕੁੱਝ ਪ੍ਰਭੂ ਦੇ ਨਿਆਂ `ਚ
ਹੀ ਵਾਪਰਦਾ ਹੈ, ਉਸ ਦੇ ਨਿਆਂ ਤੋਂ ਬਹਿਰ ਕੁੱਝ ਨਹੀਂ ਹੁੰਦਾ।
ਗੁਰਦੇਵ ਨੇ ਚੇਤਾਇਆ, ਜੇਕਰ ਮਨੁੱਖ ਗੁਰੂ-ਗੁਰਬਾਣੀ ਆਸ਼ੇ ਅਨੁਸਾਰ ਆਪਣੇ ਰਤਨਾਂ ਤੇ ਹੀਰਿਆਂ ਤੋਂ
ਮਹਿੰਗੇ ਮਨੁੱਖਾ ਜਨਮ ਦੀ ਸੰਭਾਲ ਕਰੇ ਤਾਂ ਅਜਿਹੀਆਂ ਤਬਾਹੀਆਂ ਤੋਂ ਸਮਾਜ ਨੂੰ ਹਮੇਸ਼ਾਂ ਲਈ ਬਚਾਇਆ
ਵੀ ਜਾ ਸਕਦਾ ਹੈ। ਇਸ ਤਰ੍ਹਾਂ ਇਨ੍ਹਾਂ ਚਾਰਾਂ ਹੀ ਸ਼ਬਦਾਂ ਨੂੰ, ਇਕੋ ਵਿਚਾਰ ਲੜੀ `ਚ ਸਮਝਣ ਦਾ ਯਤਨ
ਕਰਨਾ ਹੈ। ਪੂਰਾ ਦਾ ਪੂਰਾ ਵਿਸ਼ਾ ਆਪਣੇ ਆਪ ਸਪਸ਼ਟ ਹੁੰਦਾ ਜਾਵੇਗਾ।
ਚਾਰਾਂ ਸ਼ਬਦਾਂ ਦੀ ਲੜੀਵਾਰ ਵਿਚਾਰ:- (੧) ਤਿਲੰਗ ਮਹਲਾ ੧॥” ਜੈਸੀ ਮੈ ਆਵੈ ਖਸਮ ਕੀ
ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ” (ਪੰ: ੭੨੨) -ਇਸ ਸ਼ਬਦ `ਚ ਗੁਰਦੇਵ ਭਾਈ ਲਾਲੋ ਨੂੰ
ਸੰਬੋਧਨ ਕਰ ਕੇ ਕਹਿੰਦੇ ਹਨ, ਐ ਲਾਲੋ! ਅਕਾਲਪੁਰਖ ਵਲੋਂ ਮੈਨੂੰ ਜੋ ਪ੍ਰੇਰਣਾ ਹੋਈ ਹੈ, ਮੈਂ ਇਨ
ਬਿੰਨ ਉਸੇ ਨੂੰ ਹੀ ਬਿਆਣ ਕਰ ਰਿਹਾ ਹਾਂ। ਫ਼ੁਰਮਾਉਂਦੇ ਹਨ, ਖੁਰਾਸਾਨ (ਕਾਬਲ) ਤੋਂ ਬਾਬਰ ਆਪਣੀਆਂ
ਫ਼ੋਜਾਂ ਦੇ ਰੂਪ `ਚ ਪਾਪ ਭਾਵ ਜ਼ੁਲਮ ਦੀ ਜੰਞ ਲੈ ਕੇ ਆ ਰਿਹਾ ਹੈ। ਭਾਵ ਅਜਿਹੇ ਵਿਆਹ ਸ਼ਾਦੀਆਂ ਦੇ
ਦੌਰ `ਚ ਬਾਬਰ ਵੀ ਹਿੰਦ ਦੀ ਹਕੂਮਤ ਰੂਪੀ ਕੰਨਿਆ ਵਾਲਾ ਦਾਨ ਹੀ ਲੈਣ ਆ ਰਿਹਾ ਹੈ ਪਰ ਉਹ ਵੀ ਜ਼ੋਰ
ਤੇ ਧੱਕੇ ਨਾਲ।
ਚੂੰਕਿ ਇਥੋਂ ਦੇ ਵਾਸੀਆਂ ਦੇ ਜੀਵਨ ਵਿੱਚੋਂ ਸੱਚ ਧਰਮ ਤੇ ਉਸ ਸੱਚ ਧਰਮ ਤੋਂ ਜੀਵਨ `ਚ ਪੈਦਾ ਹੋਣ
ਵਾਲਾ ਸਦਾਚਾਰ, ਉੱਚਾ ਆਚਰਣ ਤੇ ਆਦਰਸ਼ਕ ਪਹਿਲੂ ਅਲੋਪ ਹੋ ਚੁੱਕਾ ਹੈ। ਇਸ ਲਈ ਸਾਰੇ ਪਾਸੇ ਬਿਨਸਨਹਾਰ
ਪਦਾਰਥਾਂ ਦੀ ਪੱਕੜ ਤੇ ਮੋਹ ਮਾਇਆ ਦਾ ਹੀ ਪਸਾਰਾ ਹੋਇਆ ਪਿਆ ਹੈ। ਇਹੀ ਕਾਰਨ ਹੈ ਕਿ ਇਸ ਸਮੇਂ
ਲੋਕਾਈ ਦੇ ਜੀਵਨ `ਚ ਹਉਮੈ ਆਦਿ ਵਿਕਾਰਾਂ ਦਾ ਹੀ ਜ਼ੋਰ ਹੈ।
ਗੁਰਦੇਵ ਫ਼ੁਰਮਾਉਂਦੇ ਹਨ, ਬਾਬਰ ਦੇ ਸਿਪਾਹੀਆਂ ਵਲੋਂ ਸੈਦਪੁਰ ਨਿਵਾਸੀਆਂ `ਤੇ ਭਿਆਣਕ ਜ਼ੁਲਮ ਹੋਣਗੇ।
ਅੱਜ ਜੋ ਇਨ੍ਹਾਂ ਲੋਕਾਂ ਨੇ ਵਿਆਹਵਾਂ ਤੇ ਨਿਕਾਹਾਂ ਆਦਿ ਦੇ ਪੱਜ ਮਨਮੱਤਾਂ, ਹੂੜਮੱਤਾਂ ਖੜਮਸਤੀਆਂ
ਆਦਿ ਦਾ ਤੂਫ਼ਾਨ ਪੈਦਾ ਕੀਤਾ ਹੋਇਆ ਹੈ। ਹਮਲੇ ਤੋਂ ਬਾਅਦ ਇਨ੍ਹਾਂ ਵਿਆਹ-ਸ਼ਾਦੀਆਂ ਨੂੰ ਇਹ ਲੋਕ ਨਹੀਂ
ਬਲਕਿ ਇੱਕ ਤਰ੍ਹਾਂ ਨਾਲ ਬਾਬਰ ਦੀਆਂ ਫ਼ੌਜਾਂ ਹੀ ਪੜ੍ਹਾਉਣ ਗੀਆਂ। ਇਸ ਸਮੇਂ ਤਾਂ ਹਨ ਜਾਂ ਬ੍ਰਾਹਮਣ,
ਵਿਆਹਵਾਂ ਦੇ ਪੱਜ ਆਪਣੀ-ਆਪਣੀ ਲੁੱਟ ਖੋਹ ਦਾ ਬਾਜ਼ਾਰ ਗਰਮ ਕਰੀ ਬੈਠੇ ਹਨ। ਰਾਜਸੀ ਆਗੂ ਹਨ ਜਾਂ ਆਮ
ਲੋਕਾਈ, ਉਹ ਵੀ ਧਨ ਤੇ ਜੁਆਨੀ ਦੇ ਨਸ਼ੇ `ਚ ਡੁੱਬੇ ਪਏ ਹਨ। ਜਦਕਿ ਜੋ ਹਮਲਾ ਹੋਣ ਵਾਲਾ ਉਸ ਦਾ ਮੁੱਖ
ਕਾਰਨ ਵੀ ਮੂਲ ਰੂਪ `ਚ ਇਨ੍ਹਾਂ ਲੋਕਾਂ ਨੂੰ ਜੀਵਨ ਦਾ ਮਕਸਦ ਤੇ ਜੀਵਨਦਾਤੇ ਪ੍ਰਭੂ ਦਾ ਪੂਰੀ
ਤਰ੍ਹਾਂ ਭੁਲਿਆਂ ਹੋਣਾ ਤੇ ਇਨ੍ਹਾਂ ਦੀਆਂ ਬਦਮਸਤੀਆਂ ਹੀ ਹਨ।
ਮੁਸਲਮਾਨ ਔਰਤਾਂ ਜੋ ਇਸ ਸਮੇਂ ਆਪਣੇ ਬਚਾਅ ਲਈ ਕੁਰਾਨ ਪੜ੍ਹ ਰਹੀਆਂ ਹਨ ਤੇ ਖ਼ੁਦਾ ਅੱਗੇ ਆਪਣੇ ਬਚਾਅ
ਲਈ ਤਰਲੇ ਕੱਢ ਰਹੀਆਂ ਹਨ। ਬਿਪਤਾ ਸਮੇਂ ਕੇਵਲ ਮੁਸਲਮਾਨੀਆਂ ਹੀ ਨਹੀਂ, ਬਲਕਿ ਹਿੰਦਵਾਣੀਆਂ ਹੋਣ
ਜਾਂ ਸ਼ੁਦ੍ਰਾਣੀਆਂ, ਸਭ ਦਾ ਹੀ ਇਕੋ ਹਾਲ ਹੋਵੇਗਾ। ਉਥੇ ਕਿਸੇ ਉੱਚੀ-ਨੀਵੀਂ ਜਾਤ ਜਾਂ ਧਰਮ ਦੀ ਤਮੀਜ਼
ਨਹੀਂ ਰਹਿਣੀ।
ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਨੇ ਭਵਿਖ ਬਾਣੀ ਰਾਹੀਂ ਹੀ ਸਮੇਂ ਤੋਂ ਪਹਿਲਾਂ ਚੇਤਾਵਣੀ ਦੇ
ਦਿੱਤੀ ਕਿ ਇਸ ਖੂਨੀ ਕਾਂਡ ਕਾਰਨ ਸੈਦਪੁਰ `ਚ ਹਰ ਪਾਸੇ ਵਿਰਲਾਪ ਹੋ ਰਹੇ ਹੋਣਗੇ। ਰਾਜਸੀ ਲੋਕ,
ਧਾਰਮਿਕ ਆਗੂ ਤੇ ਆਮ ਜੰਤਾ, ਜੋ ਅੱਜ ਡੁੱਬੇ-ਚੜ੍ਹੇ ਤਾਰਿਆਂ ਆਦਿ ਦੇ ਭਰਮ ਪਾਲ ਰਹੇ ਹਨ ਤੇ ਧੰਨ
ਜੋਬਨ ਤਾਕਤਾਂ ਦੇ ਨਸ਼ੇ `ਚ ਅੰਧੇ ਹੋਏ ਪਏ ਹਨ। ਕੇਸਰ ਆਦਿ ਦੇ ਸ਼ਗੁਣ ਤੇ ਸੁਹਾਗ ਦੇ ਗੀਤ ਗਾ ਰਹੇ
ਹਨ; ਹਮਲੇ ਤੋਂ ਇਨੀਂ ਵੱਧ ਤੱਬਾਹੀ ਹੋਵੇਗੀ ਕਿ ਉਥੇ ਸੁਹਾਗ ਜਾਂ ਕੇਸਰ ਦੇ ਨਹੀਂ, ਮਨੁੱਖਾਂ ਦੇ
ਸਰੀਰਾਂ ਦਾ ਖੂਨ ਹੀ ਕੇਸਰ ਤੇ ਸੁਹਾਗ ਦੇ ਗੀਤ ਹੋਵੇਗਾ। ੧।
ਗੁਰਦੇਵ ਫ਼ੁਰਮਾਉਂਦੇ ਹਨ ਕਿ ਮੈ ਤਾਂ ਅਜਿਹੇ ਭਿਅੰਕਰ ਸਮੇਂ `ਚ ਵੀ ਜਦੋਂ ਸਾਰੇ ਪਾਸੇ ਲਾਸ਼ਾਂ ਹੀ
ਲਾਸ਼ਾਂ ਬਿਖਰੀਆਂ ਪਈਆਂ ਹੋਣ ਗੀਆਂ; ਮੈਂ ਉਸ ਸਮੇਂ ਵੀ ਉਸ ਪ੍ਰਭੂ ਦੇ ਹੀ ਗੁਣ ਗਾਉਂਦਾ ਰਹਾਂਗਾ;
ਕਿਉਂਕਿ ਉਸ ਪ੍ਰਭੂ ਦਾ ਨਿਆਂ ਵੀ ਸਦਾ ਸੱਚਾ ਹੈ ਨਿਯਮ ਵੀ ਸਦਾ ਅਟੱਲ ਹੈ। ਇਸ ਲਈ ਜੋ ਕੁੱਝ ਵੀ
ਹੋਣਾ ਹੈ ਉਸ ਦੇ ਸੱਚ ਨਿਆਂਉਂ ਤੇ ਅਟੱਲ ਨਿਯਮ `ਚ ਹੀ ਹੋਣਾ ਹੈ। ਇਹ ਵੀ ਨਹੀਂ ਕਿ ਜਿਸ ਕਰਤੇ ਨੇ
ਇਹ ਰਚਨਾ ਰਚੀ ਹੈ ਤੇ ਖੇਡ ਵਰਤਾਅ ਰਿਹਾ ਹੈ; ਪ੍ਰਭੂ ਆਪ ਇਸ ਤੋਂ ਵੱਖ ਹੋ ਕੇ ਬੈਠਾ ਰਹਿੰਦਾ ਹੈ।
ਇਸ ਸਾਰੀ ਖੇਡ `ਚ ਤਾਂ ਉਹ ਖੁਦ ਹੀ ਵਿਚਰ ਰਿਹਾ ਹੁੰਦਾ ਹੈ।
ਪਾਤਸ਼ਾਹ ਸਪਸ਼ਟ ਕਰਦੇ ਹਨ, ਇਹ ਸਭ ਜੋ ਹੋਣਾ ਹੈ, ਉਹ ਸਭ ਪ੍ਰਭੂ ਦੇ ਸੱਚੇ ਨਿਆਂ ਤੇ ਅਟੱਲ ਨਿਯਮ `ਚ
ਹੀ ਹੋਣਾ ਹੈ। ਹਮਲੇ ਤੋਂ ਬਾਅਦ ਸੈਦਪੁਰ `ਚ ਹਰ ਪਾਸੇ ਮਨੁੱਖੀ ਸਰੀਰਾਂ ਦੇ ਟੁਕੜੇ-ਟੁਕੜੇ ਪਏ
ਹੋਣਗੇ। ਇਹ ਇੱਕ ਅਜਿਹੀ ਭਿਆਨਕ ਘਟਨਾ ਹੋਵੇਗੀ ਕਿ ਜਿਸ ਦੇ ਲਈ ਇਹ ਲੋਕ ਅੱਜ ਮੇਰੀ ਦਿੱਤੀ ਚੇਤਾਵਣੀ
ਦੀ ਪ੍ਰਵਾਹ ਨਹੀਂ ਕਰ ਰਹੇ ਪਰ ਉਸ ਵੱਕਤ ਮੇਰੇ ਇਨ੍ਹਾਂ ਵਾਕਾਂ ਦੀ ਅਸਲੀਅਤ ਨੂੰ ਪਹਿਚਾਨਣ ਗੇ ਤੇ
ਉਦੋਂ ਇਨ੍ਹਾਂ ਮੇਰੇ ਇਨ੍ਹਾਂ ਲਫ਼ਜ਼ਾਂ ਦੀ ਸਚਾਈ ਵੀ ਸਮਝਣ ਸਮਝ `ਚ ਆਵੇਗੀ।
ਗੁਰਦੇਵ ਫ਼ੁਰਮਾਉਂਦੇ ਹਨ ਕਿ ਹੇ ਲਾਲੋ! ਸੱਚ ਹੈ ਕਿ ਮੁਗ਼ਲ ਜੋ ਸੰਮਤ ਪੰਦਰ੍ਹਾਂ ਸੌ ਅਠੱ੍ਹਤਰ `ਚ ਆ
ਰਹੇ ਹਨ, ਸੰਮਤ ਪੰਦਰਾਂ ਦੌ ਸਤਾਨਵੇ `ਚ ਇਨ੍ਹਾਂ ਨੂੰ ਭਾਂਜ ਦੇਣ ਵਾਲਾ ਵੀ ਆ ਜਾਵੇਗਾ। ਹਮਲੇ ਕਾਰਨ
ਬੇਅੰਤ ਤੱਬਾਹੀ ਹੋਵੇਗੀ ਪਰ ਮੈਂ ਤਾਂ ਅਜਿਹੇ ਹਾਲਾਤ `ਚ ਵੀ ਸਦਾ ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਹੀ
ਕਰਦਾ ਹਾਂ ਤੇ ਜੀਵਨ ਭਰ ਕਰਦਾ ਵੀ ਰਵਾਂਗਾ। ਉਸ ਦਾ ਕਾਰਨ ਹੈ ਕਿ ਮਨੁੱਖਾ ਜਨਮ ਵਾਲਾ ਸਮਾਂ, (ਸਚ
ਕੀ ਬੇਲਾ) ਪ੍ਰਭੂ ਵੱਲੋਂ ਮਿਲਦਾ ਹੀ ਇਸ ਲਈ ਹੈ ਤਾ ਕਿ ਸਦਾ ਉਸ ਪ੍ਰਭੂ ਦੀ ਸਿਫ਼ਤਿ-ਸਾਲਾਹ ਹੀ ਕੀਤੀ
ਜਾਵੇ। ਇਸ ਦੇ ਉਲਟ ਨਹੀਂ ਤਾਂ ਲੋਕਾਈ ਇਸ ਅਮੁੱਲੇ ਜਨਮ ਨੂੰ ਵੀ ਅਜ਼ਾਈ ਹੀ ਗੁਆ ਰਹੀ ਹੁੰਦੀ ਹੀ। ੨।
(੨) “ਆਸਾ ਮਹਲਾ ੧॥ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ. .” (ਪੰ: ੩੬੦) (ਇਸ
ਸ਼ਬਦ `ਚ ਗੁਰਦੇਵ ਦਸਦੇ ਹਨ ਕਿ ਕਿ ਸੰਸਾਰ `ਚ ਜਦੋਂ ਜਦੋਂ ਵੀ ਲੋਕਾਈ, ਆਪਣੇ ਮਨੁੱਖੀ ਫ਼ਰਜ਼ਾਂ ਨੂੰ
ਭੁਲਾਅ ਕੇ ਰੰਗ ਰਲੀਆਂ, ਹੂੜਮੱਤਾਂ, ਦੁਰਮੱਤਾਂ, ਵਿਭਚਾਰ, ਮਨਮੱਤਾਂ, ਵਿਕਾਰਾਂ ਆਦਿ `ਚ ਡੁੱਬ
ਜਾਂਦੀ ਹੈ। ਅਜਿਹੇ ਹਾਲਾਤ `ਚ ਉਸ ਨੂੰ ਕਰਤਾਰ ਵੱਲੋਂ ਇਸ ਦੀ ਸਜ਼ਾ ਭੁਗਤਣੀ ਹੀ ਪੈਂਦੀ ਹੈ। ਇਸ
ਤਰ੍ਹਾਂ ਕੁਰਾਹੇ ਪੈ ਚੁੱਕੇ ਭਾਰਤੀਆਂ ਨੂੰ ਸਜ਼ਾ ਦੇਣ ਲਈ ਹੀ ਕਰਤਾਰ ਨੇ ਇਹ ਜ਼ਿੰਮੇਂਵਾਰੀ ਮਾਨੋ
ਖੁਰਾਸਾਨ `ਤੇ ਪਾ ਦਿੱਤੀ ਹੈ। ਇਸੇ ਤੇ ਹਿੰਦੁਸਤਾਨ ਚ ਭਰਵਾਂ ਸਹਮ ਤੇ ਡਰ ਛਾਇਆ ਹੋਇਆ ਹੈ।
ਇਸ ਤਰ੍ਹਾਂ ਹਿੰਦੁਸਤਾਨੀਆਂ ਨੂੰ ਅੱਜ ਇਨ੍ਹਾਂ ਦੇ ਕੀਤੇ ਦੀ ਸਜ਼ਾ ਦੇਣ ਲਈ ਹੀ ਕਰਤਾਰ ਨੇ ਮੁਗ਼ਲਾਂ
(ਬਾਬਰ) ਨੂੰ ਇਨ੍ਹਾਂ ਦੀ ਮੌਤ ਬਣਾ ਕੇ ਭੇਜ ਦਿੱਤਾ ਹੈ। (ਦਰ ਅਸਲ ਅਜਿਹੀਆਂ ਤਬਾਹੀਆਂ ਲਈ ਕਰਤਾਰ
ਖੁਦ ਜਿੰਮੇਂਵਾਰ ਨਹੀਂ ਹੁੰਦਾ। ਅਸਲ `ਚ ਅਜਿਹੀ ਤੱਬਾਹੀ ਲਈ ਜ਼ਿੰਮੇਂਵਾਰ ਵੀ ਉਹੀ ਲੋਕ ਹੁੰਦੇ ਹਨ,
ਜਿਨ੍ਹਾਂ ਨੂੰ ਕਰਤਾਰ ਵੱਲੋਂ ਕਿਸੇ ਗੱਲ ਦੀ ਸਜ਼ਾ ਹੀ ਮਿਲਣੀ ਹੁੰਦੀ ਹੈ। ਇਸ ਤਰ੍ਹਾਂ ਗੁਰਦੇਵ
ਫ਼ੁਰਮਾਉਂਦੇ ਹਨ ਭਾਵੇਂ ਇਸ ਹਮਲੇ ਕਾਰਨ ਇਨੀਂ ਭਾਰੀ ਤੱਬਾਹੀ ਹੋਈ ਹੈ ਪਰ ਇਹੀ ਕਾਰਨ ਹੈ ਕਿ ਫ਼ਿਰ ਵੀ
ਕਰਤਾਰ ਨੂੰ ਉਨ੍ਹਾਂ ਲੋਕਾਂ `ਤੇ ਤਰਸ ਨਹੀਂ ਆਇਆ। ੧।
ਰਹਾਉ ਦੇ ਬੰਦ `ਚ ਗੁਰਦੇਵ ਪ੍ਰਭੂ ਨੂੰ ਸੰਬੋਧਨ ਕਰਕੇ ਕਹਿੰਦੇ ਹਨ, ਹੇ ਪ੍ਰਭੂ! ਤੂੰ ਤਾਂ ਸਭਨਾਂ
ਦੀ ਸਾਰ ਲੈਂਦਾ ਹੈਂ। (ਪਰ ਇਹ ਵੀ ਸੱਚ ਹੈ ਕਿ ਜਦੋਂ ਕੋਈ ਜ਼ੋਰਾਵਰ, ਦੂਜੇ ਜ਼ੋਰਾਵਰ ਨੂੰ ਤਬਾਹ ਕਰੇ
ਤਾਂ ਉਸ ਦੇ ਲਈ ਦੋਸ਼ੀ ਵੀ ਕੋਈ ਹੋਰ ਨਹੀਂ ਹੁੰਦਾ। ਉਸ ਸਮੇਂ ਤਾਂ ਆਪਣੇ ਆਪ ਨੂੰ ਜ਼ੋਰਾਵਰ ਮੰਨ
ਰਹੀਆਂ ਦੋਵੇਂ ਧਿਰਾਂ ਹੀ ਇੱਕ-ਦੂਜੇ ਤੋਂ ਵੱਧ ਤਾਕਤ ਦੇ ਨਸ਼ੇ `ਚ ਚੂਰ ਹੁੰਦੀਆਂ ਹਨ। ਉਸੇ ਦਾ
ਨਤੀਜਾ ਹੁੰਦਾ ਹੈ ਅਜਿਹੀਆਂ ਤੱਬਾਹੀਆਂ ਦਾ ਹੋਣਾ (ਜਿਵੇਂ ਕਿ ਅੱਜ ਬਾਬਰ ਦੇ ਹਮਲੇ ਸਮੇਂ)। ੧।
ਰਹਾਉ।
ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ॥ ਰਤਨ ਵਿਗਾੜਿ ਵਿਗੋਏ ਕੁਤੀਂ ਮੁਇਆ ਸਾਰ ਨ ਕਾਈ॥ ਆਪੇ
ਜੋੜਿ ਵਿਛੋੜੇ ਆਪੇ ਵੇਖੁ ਤੇਰੀ ਵਡਿਆਈ॥ ੨ ॥ ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ॥ ਖਸਮੈ
ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ॥ ਮਰਿ ਮਰਿ ਜੀਵੈ ਤਾ ਕਿਛੁ ਪਾਏ ਨਾਨਕ ਨਾਮੁ ਵਖਾਣੇ
ਗੁਰਦੇਵ ਫ਼ੁਰਮਾਉਂਦੇ ਹਨ, ਗਾਈਆਂ ਦੇ ਵੱਗ `ਤੇ ਜਦੋਂ ਕੋਈ ਸ਼ੇਰ ਹਮਲਾ ਕਰ ਦੇਵੇ ਤਾਂ ਉਨ੍ਹਾਂ ਗਊਆਂ
ਦੀ ਰਾਖੀ ਵੀ (ਵੱਗ ਦੇ) ਮਾਲਿਕ ਨੇ ਹੀ ਕਰਣੀ ਹੁੰਦੀ ਹੈ। (ਇਸੇ ਤਰ੍ਹਾਂ ਜਦੋਂ ਸਮਾਜ ਦੇ ਤਿੰਨੇ
ਮੁੱਖ ਵਰਗ ਭਾਵ ਰਾਜਸੀ ਆਗੂ, ਧਾਰਮਿਕ ਆਗੂ ਤੇ ਆਮ ਜੰਤਾ, ਸਾਰੇ ਹੀ ਆਪਣੇ-ਆਪਣੇ ਮਨੁੱਖਾ ਜਨਮ ਦੇ
ਮਕਸਦ ਤੇ ਮਨੁੱਖੀ ਫ਼ਰਜ਼ਾਂ ਨੂੰ ਭੁਲਾਅ ਕੇ ਕੁਰਾਹੇ ਪੈ ਜਾਂਦੇ ਹਨ। ਤਾਂ ਉਸ ਸਮੇਂ ਉਨ੍ਹਾਂ ਵਿਚਕਾਰ
ਫੈਲੇ ਤੇ ਪਿਸ ਰਹੇ ਆਪਣੇ ਪਿਆਰਿਆਂ ਤੇ ਮਜ਼ਲੂਮਾਂ ਦੀ ਰਾਖੀ ਵੀ ਪ੍ਰਭੂ ਆਪ ਹੀ ਕਰਦਾ ਹੈ।
ਇਸੇ ਤਰ੍ਹਾਂ ਬਾਬਰ ਦੇ ਹਮਲੇ ਕਾਰਨ ਭਿਅੰਕਰ ਤੱਬਾਹੀ ਵੀ ਤਿੰਨਾ ਵਰਗਾਂ ਨੂੰ ਇਨ੍ਹਾਂ ਦੇ ਕੀਤੇ ਦੀ
ਸਜ਼ਾ ਹੈ ਤੇ ਪ੍ਰਭੂ ਪਿਆਰਿਆਂ ਦੀ ਪ੍ਰਭੂ ਵੱਲੋਂ ਰਾਖੀ ਵੱਜੋਂ ਹੀ ਹੈ। (ਜਿਵੇਂ ਕੁੱਤੇ, ਓਪਰੇ
ਕੁੱਤਿਆਂ ਨੂੰ ਵੇਖ ਕੇ ਜਰ ਨਹੀਂ ਸਕਦੇ, ਉਨ੍ਹਾਂ ਨੂੰ ਪਾੜ ਖਾਂਦੇ ਹਨ। ਠੀਕ ਇਸੇ ਤਰ੍ਹਾਂ) ਇਨ੍ਹਾਂ
ਮੁਗ਼ਲਾਂ ਨੇ ਵੀ ਤੇਰੇ ਹੀ ਬਣਾਏ ਹੋਏ ਬੰਦਿਆਂ (ਬੇਸ਼ੱਕ ਉਨ੍ਹਾਂ ਭਾਣੇ ਓਪਰੇ ਹਨ) ਨੂੰ ਮਾਰ ਮਾਰ ਕੇ
ਮਿੱਟੀ `ਚ ਰੋਲ ਦਿੱਤਾ ਹੈ ਅਤੇ ਮਰੇ ਪਿਆਂ ਦੀ ਕੋਈ ਸਾਰ ਲੈਣ ਵਾਲਾ ਵੀ ਨਹੀਂ। ਜਦਕਿ ਸਾਰੇ ਦਾ ਅਸਲ
ਕਾਰਨ ਇਹੀ ਹੈ ਕਿ ਜੋ ਲੋਕ ਰਤਨਾ-ਹੀਰਿਆਂ ਤੋਂ ਮੰਹਿਗੇ ਮਨੁੱਖਾ ਜਨਮ ਨੂੰ ਵਿਕਾਰਾਂ ਤੇ ਮੋਹ ਮਾਇਆ
ਦੀ ਪੱਕੜ `ਚ ਰਹਿ ਕੇ ਤੱਬਾਹ ਕਰ ਦਿੰਦੇ ਹਨ (ਕੁੱਤੇ ਗਵਾਈਂ ਮੁੱਕਾ ਦਿੰਦੇ ਹਨ), ਉਨ੍ਹਾਂ ਦੀ ਮੌਤ
ਦਾ ਵੀ ਕੋਈ ਮੁੱਲ ਨਹੀਂ ਪੈਂਦਾ (ਕੁਤਿਆਂ ਦੀ ਮੌਤ ਹੀ ਮਰਦੇ ਹਨ)।
(ਬਾਕੀ ਰਹੀ ਕਤਲੋਗ਼ਾਰਤ ਤੇ ਹਮਲੇ ਸਮੇਂ ਹੋਈਆਂ ਬੇਅੰਤ ਮੌਤਾਂ ਦੀ ਗੱਲ) ਤਾਂ ਉਥੇ ਵੀ ਹੇ ਪ੍ਰਭੂ!
ਤੇਰੀ ਕੀਤੀ ਤੂੰ ਹੀ ਜਾਣਦਾ ਹੈਂ। ਤੂੰ ਆਪ ਹੀ ਜੀਵਾਂ ਦੇ ਸਬੰਧ ਜੋੜਦਾ ਵੀ ਹੈਂ ਤੇ ਉਨ੍ਹਾਂ ਨੂੰ
ਮੌਤ ਦੇ ਕੇ ਵਿਛੋੜਦਾ ਵੀ ਆਪ ਹੀ ਹੈਂ। ਹੇ ਪ੍ਰਭੂ! ਅਸਲ `ਚ ਇਹ ਵੀ ਤੇਰੀ ਹੀ ਤਾਕਤ ਦਾ ਕ੍ਰਿਸ਼ਮਾ
ਤੇ ਤੇਰੀ ਹੀ ਵਡਿਆਈ ਹੈ ਇਸ ਲਈ ਇਹ ਸਭ ਮੌਤਾਂ ਤੇ ਜੀਵਾਂ ਦਾ ਹੋਇਆ ਆਪਸੀ ਵਿਛੋੜਾ ਵੀ ਤੇਰੇ ਉਸੇ
ਅਟੱਲ ਨੀਯਮ ਤੇ ਨਿਆਂ `ਚ ਹੀ ਹੈ। ੨।
(ਧਨ ਪਦਾਰਥਾਂ ਤੇ ਹਕੂਮਤ ਆਦਿ ਦੇ ਨਸ਼ੇ `ਚ ਮਨੁੱਖ ਆਪਣੀ ਅਸਲੀਅਤ ਨੂੰ ਭੁੱਲਾ ਬੈਠਦਾ ਹੈ। ਉਹ ਬੜੀ
ਆਕੜ ਵਿਖਾ ਵਿਖਾ ਕੇ ਦੂਜਿਆਂ ਨੂੰ ਦੁੱਖ ਦਿੰਦਾ ਹੈ, ਪਰ ਇਹ ਨਹੀਂ ਸਮਝਦਾ ਕਿ) ਜੇ ਕੋਈ ਮਨੁੱਖ
ਆਪਣੇ ਆਪ ਨੂੰ ਵੱਡਾ ਅਖਵਾਏ, ਮਨ-ਮੰਨੀਆਂ ਰੰਗ-ਰਲੀਆਂ ਮਾਣੇ, ਹੂੜਮੱਤਾਂ, ਆਪਹੁਦਰਾਪਣ, ਦੁਰਮੱਤਾਂ,
ਗੁਣਾਹ ਤੇ ਜੁਰਮ ਕਰੇ, ਤਾਂ ਵੀ ਉਹ ਮਨੁੱਖ ਖਸਮ ਪ੍ਰਭੂ ਦੀਆਂ ਨਜ਼ਰਾਂ `ਚ ਤਾਂ ਇੱਕ ਮਾੜੇ ਜਿਹੇ
ਕੀੜੇ ਤੋਂ ਵੱਧ ਨਹੀਂ ਹੁੰਦਾ; ਉਹ ਕੀੜਾ ਜੋ ਧਰਤੀ ਤੋਂ ਦਾਣੇ ਚੁਗ ਚੁਗ ਕੇ ਆਪਣਾ ਜੀਵਨ ਗੁਜ਼ਾਰਦਾ
ਹੈ (ਇਸ ਤਰ੍ਹਾਂ ਅਜਿਹਾ ਮਨੁੱਖ ਹਉਮੈ-ਵਿਕਾਰਾਂ ਆਦਿ ਦੀ ਬਦ-ਮਸਤੀ `ਚ ਆਪਣੀ ਸਾਰੀ ਜ਼ਿੰਦਗੀ ਇੱਕ
ਕੀੜੇ ਦੀ ਅਜਾਈਂ ਹੀ ਗੁਆ ਕੇ ਚਲਾ ਜਾਂਦਾ ਹੈ)।
ਗੁਰੂ ਨਾਨਕ ਪਾਤਸ਼ਾਹ ਫ਼ੁਰਮਾਉਂਦੇ ਹਨ (ਇਸ ਦੇ ਉਲਟ) ਜਿਹੜਾ ਮਨੁੱਖ ਮੋਹ ਮਾਇਆ ਤੇ ਵਿਕਾਰਾਂ ਆਦਿ
ਵੱਲੋਂ ਆਪਣਾ ਮਨ ਮਾਰ ਕੇ ਤੇ ਕਰਤੇ ਦੀ ਸਿਫ਼ਤ ਸਲਾਹ ਨਾਲ ਜੁੜ ਕੇ ਆਤਮਕ ਜੀਵਨ ਦੀ ਸੰਭਾਲ ਕਰਦਾ ਹੈ,
ਦਰਅਸਲ ਉਹੀ ਮਨੁੱਖ ਜੀਵਨ ਦੀ ਬਾਜ਼ੀ ਜਿੱਤ ਕੇ ਸੰਸਾਰ ਤੋਂ ਜਾਂਦਾ ਹੈ (ਮੁੜ ਜਨਮ ਮਰਣ ਦੇ ਗੇੜ੍ਹ `ਚ
ਨਹੀਂ ਆਉਂਦਾ)। ੩।
ਨੋਟ- ਦਰਅਸਲ ਇਨ੍ਹਾਂ ਦੋਨਾਂ ਸ਼ਬਦਾਂ `ਚ ਦੋ ਪੰਕਤੀਆਂ ਖਾਸ ਧਿਆਨ ਮੰਗਦੀਆਂ ਹਨ।
ਪਹਿਲੀ, “ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ” (ਪੰ: ੭੨੨) ਭਾਵ ਇਹ ਮਨੁੱਖ
ਦੀ ਅਜਿਹੀ ਰਹਿਣੀ ਹੈ ਜੋ ਸੰਸਾਰ `ਚ ਸਦਾ ਤੋਂ ਬਾਬਰ ਦੇ ਹਮਲੇ ਵਰਗੀਆਂ ਤੱਬਾਹੀਆਂ ਨੂੰ ਸੱਦਾ
ਦਿੰਦੀ ਆਈ ਹੈ ਤੇ ਅੱਗੋਂ ਵੀ ਦਿੰਦੀ ਰਵੇਗੀ।
ਦੂਜੀ ਪੰਕਤੀ, “ਮਰਿ ਮਰਿ ਜੀਵੈ ਤਾ ਕਿਛੁ ਪਾਏ ਨਾਨਕ ਨਾਮੁ ਵਖਾਣੇ” (ਪੰ: ੩੬੦) ਭਾਵ ਰਿਹ ਜੀਵਨ ਦੀ
ਅਜਿਹੀ ਰਹਿਣੀ ਹੈ ਜੋ ਸੰਸਾਰ ਭਰ `ਚ ਟਿਕਾਅ ਤੇ ਸ਼ਾਤੀ ਕਾਇਮ ਰਖ ਸਕਦੀ ਹੈ। ਜੇ ਸੰਸਾਰ ਤੱਲ `ਤੇ ਨਾ
ਵੀ ਹੋਵੇ ਤਾਂ ਵੀ ਹਰੇਕ ਮਨੁੱਖ ਆਪਣੇ ਨਿਜੀ ਜੀਵਨ ਨੂੰ ਕੁਰਾਹੇ ਪੈਣ ਤੋਂ ਬਚਾਅ ਸਕਦਾ ਹੈ ਅਤੇ
ਦੂਜੀ ਪੰਕਤੀ ਅਨੁਸਾਰ ਗੁਰਬਾਣੀ ਆਦੇਸ਼ਾਂ `ਤੇ ਜੀਅ ਕੇ ਆਪਣੇ ਮਨੁੱਖਾ ਜਨਮ ਦੀ ਸੰਭਾਲ ਕਰਣ ਯੋਗ ਵੀ
ਹੋ ਸਕਦਾ ਹੈ।
(੩) ਜਿਨ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ- (ਪੰ: ੪੧੭) ਦਰਅਸਲ ਇਹ ਅਤੇ ਇਸ ਤੋਂ
ਅਗ਼ਲਾ, ਦੋਵੇਂ ਸ਼ਬਦ ਹਮਲੇ ਤੋਂ ਬਾਅਦ ਦੀ ਤੱਬਾਹੀ ਨੂੰ ਹੀ ਬਿਆਣ ਕਰ ਰਹੇ ਹਨ। ਇਸ ਸ਼ਬਦ `ਚ ਗੁਰਦੇਵ
ਦਸਦੇ ਹਨ ਕਿ ਜਿਨ੍ਹਾਂ ਸੁਹਾਗਣਾ ਦੇ ਸਿਰ `ਤੇ ਕੇਸਾਂ ਵਿਚਕਾਰ ਚੀਰ `ਚ ਸੰਧੂਰ ਪਾ ਕੇ ਮਾਂਗ ਭਰੀ
ਜਾਂਦੀ ਸੀ (ਕਿਉਂਕਿ ਬ੍ਰਾਹਮਣ ਮੱਤ ਅਨੁਸਾਰ ਸੁਹਾਗਣ ਲਈ ਸਿਰ `ਚ ਮਾਂਗ ਆਦਿ ਵਾਲੇ ਬਹੁਤੇਰੇ ਸੁਹਾਗ
ਹਨ। ਜਦਕਿ ਇਨ੍ਹਾਂ ਸਾਰਿਆਂ ਦਾ ਗੁਰਮੱਤ ਨਾਲ ਉੱਕਾ ਵਾਸਤਾ ਨਹੀਂ) ਪਰ ਅੱਜ ਉਨ੍ਹਾਂ ਦੇ ਸਿਰ
ਕੈਂਚੀਆਂ ਨਾਲ ਮੁੰਨ ਦਿੱਤੇ ਗਏ ਹਨ। ਉਨ੍ਹਾਂ ਦੇ ਮੂੰਹ-ਸਿਰ ਤੇ ਸਰੀਰਾਂ `ਤੇ ਮਿੱਟੀ ਚੜ੍ਹੀ ਪਈ
ਹੈ। ਇਸ ਤਰ੍ਹਾਂ ਪਹਿਲਾਂ ਜਿਹੜੀਆਂ ਸੁਹਾਗਣਾਂ ਆਪਣੇ ਮਹਲਾਂ `ਚ ਵੱਸਦੀਆਂ ਸਨ, ਹੁਣ ਉਨ੍ਹਾਂ ਨੂੰ
ਉਨ੍ਹਾਂ ਹੀ ਮਹਲਾਂ ਦੇ ਨੇੜੇ ਵੀ ਨਹੀਂ ਢੁਕਣ ਦਿੱਤਾ ਜਾਂਦਾ। ੧।
ਹੇ ਅਕਾਲਪੁਰਖ! ਤੇਰੀਆਂ ਖੇਡਾਂ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ। ਇਹ ਸਭ ਕੁੱਝ ਤੇਰੇ ਭਾਣੇ `ਚ
ਹੀ ਹੁੰਦਾ ਹੈ ਤੇ ਤੂੰ ਆਪਣੀਆਂ ਇਨ੍ਹਾਂ ਖੇਡਾਂ ਵੱਲੋਂ ਅਵੇਸਲਾ ਵੀ ਨਹੀਂ ਹੈਂ। ਇਸ ਲਈ ਤੇਰੀਆਂ
ਸਾਰੀਆਂ ਖੇਡਾਂ ਵੀ ਤੇਰੇ ਹੁਕਮ ਤੇ ਤੇਰੀ ਸੰਭਾਲ `ਚ ਹੀ ਹੋ ਰਹੀਆਂ ਹੁੰਦੀਆਂ ਹਨ। ੧। ਰਹਾਉ।
ਜਦੋਂ ਉਹੀ ਸੁਹਾਗਣਾਂ ਵਿਆਹ ਕੇ ਆਈਆਂ ਸਨ ਤਾਂ ਉਨ੍ਹਾਂ ਕੋਲ ਉਨ੍ਹਾਂ ਦੇ ਲਾੜੇ ਸੋਹਣੇ ਲੱਗ ਰਹੇ
ਸਨ। ਉਹ ਪਾਲਕੀਆਂ `ਚ ਬੈਠ ਕੇ ਆਈਆਂ ਸਨ, ਉਨ੍ਹਾਂ ਦੀਆਂ ਬਾਹਵਾਂ `ਤੇ ਹਾਥੀ-ਦੰਦ ਦੇ ਚੂੜੇ ਚੜ੍ਹੇ
ਹੋਏ ਸਨ। ਸਹੁਰੇ ਪ੍ਰਵਾਰਾਂ `ਚ ਪੁੱਜਣ `ਤੇ ਉਨ੍ਹਾਂ ‘ਤੋਂ ਸਗਨਾਂ ਵਜੋਂ ਪਾਣੀ ਵਾਰਿਆ ਗਿਆ ਸੀ,
ਸ਼ੀਸ਼ਿਆਂ ਜੜੇ ਪੱਖੇ ਉਨ੍ਹਾਂ ਦੇ ਕੋਲ ਅਤੇ ਉਨ੍ਹਾਂ ਦੇ ਹੱਥਾਂ `ਚ ਲਿਸ਼ਕ ਰਹੇ ਸਨ। ੨।
ਸਹੁਰੇ ਪ੍ਰਵਾਰਾਂ `ਚ ਪੁੱਜ ਕੇ ਤਾਂ ਉਹ ਸਗਨਾਂ ਵੱਜੋਂ ਲੱਖ ਰੁਪਈਆ ਬੈਠਣ ਦਾ ਤੇ ਲੱਖ ਖਲੌਣ ਦਾ
ਲੈਂਦੀਆਂ ਸਨ। ਗਰੀ-ਛੁਹਾਰੇ ਖਾਂਦੀਆਂ ਤੇ ਸੋਹਣੀਆਂ ਸੇਜਾਂ ਵੀ ਮਾਣਦੀਆਂ ਸਨ। ਪਰ ਅੱਜ ਤਾਂ ਉਨ੍ਹਾਂ
ਦੇ ਹੀ ਗਲਾਂ `ਚ ਹਮਲਾਵਰਾਂ ਨੇ ਗ਼ੁਲਾਮੀ ਦੀਆਂ ਰੱਸੀਆਂ ਪਾਈਆਂ ਹੋਈਆਂ ਹਨ। ਉਨ੍ਹਾਂ ਦੇ ਗਲਾਂ `ਚ
ਪਏ ਹੋਏ, ਮੋਤੀਆਂ ਦੇ ਹਾਰ ਵੀ ਟੁੱਟ ਚੁੱਕੇ ਹਨ। ੩।
ਧਨ ਤੇ ਜੋਬਨ, ਜਿਨ੍ਹਾਂ ਦਾ ਇਨ੍ਹਾਂ ਲੋਕਾਂ ਨੂੰ ਨਸ਼ਾ ਤੇ ਬੜਾ ਹੰਕਾਰ ਸੀ, ਅੱਜ ਉਹੀ ਧਨ ਤੇ ਜੋਬਨ
ਭਾਵ ਦੋਵੇਂ ਚੀਜ਼ਾਂ ਉਨ੍ਹਾਂ ਦੀਆਂ ਵੈਰੀ ਬਣੀਆਂ ਹੋਈਆਂ ਹਨ। ਬਾਬਰ ਨੇ ਆਪਣੇ ਸਿਪਾਹੀਆਂ ਨੂੰ ਹੁਕਮ
ਦੇ ਰਖਿਆ ਹੈ ਅਤੇ ਉਸ ਦੇ ਸਿਪਾਹੀ ਉਨਾਂ ਦੀ ਇੱਜ਼ਤ ਨਾਲ ਵੀ ਖੇਡ ਰਹੇ ਹਨ ਤੇ ਫੜ ਫੜ ਕੇ ਆਪਣੇ ਨਾਲ
ਵੀ ਲਈ ਜਾ ਰਹੇ ਹਨ।
ਇਥੇ ਗੁਰਦੇਵ ਅਕਾਲਪੁਰਖ ਨੂੰ ਸੰਬੌਧਨ ਕਰਕੇ ਕਹਿੰਦੇ ਹਨ, ਹੇ ਪ੍ਰਭੂ! ਜੀਵਾਂ ਦੇ ਵੱਸ `ਚ ਵੀ ਕੁੱਝ
ਨਹੀਂ। ਇਨ੍ਹਾਂ ਜੀਵਾਂ ਦੀ ਆਪਣੀ ਹੀ ਕਰਣੀ ਅਨੁਸਾਰ, ਜੇ ਚੰਗਾ ਲੱਗੇ ਤਾਂ ਇਨ੍ਹਾਂ ਨੂੰ ਵਡਿਆਈਆਂ
ਦਿੰਦਾ ਹੈਂ। ਜੇ ਠੀਕ ਨਾ ਲੱਗੇ ਤਾਂ ਵੀ, ਤੂੰ ਹੀ ਇਨ੍ਹਾਂ ਨੂੰ ਆਪਣੇ ਨਿਆਂ `ਚ ਹੀ ਸਜ਼ਾ ਵੀ ਦਿੰਦਾ
ਹੈ। ੪।
ਗੁਰਦੇਵ ਫ਼ੁਰਮਾਉਂਦੇ ਹਨ, ਜੇ ਮਨੁੱਖ ਪਹਿਲਾਂ ਤੋਂ ਹੀ ਆਪਣੇ ਜੀਵਨ ਦੀ ਸੰਭਾਲ ਕਰ ਕੇ ਚੱਲੇ ਤਾਂ ਉਸ
ਨੂੰ ਅਜਿਹੀ ਸਜ਼ਾ ਮਿਲੇ ਹੀ ਕਿਉਂ? ਭਾਵ ਉਹ ਤੱਬਾਹੀ ਜਿਹੜੀ ਬਾਬਰ ਦੇ ਹਮਲੇ ਨਾਲ ਹੋਈ, ਅਜਿਹੀਆਂ
ਤੱਬਾਹੀਆਂ ਕਦੇ ਹੋਣ ਹੀ ਨਹੀਂ। ਇਸ ਲਈ ਆਖ਼ਿਰ ਹੁਣ ਵੀ ਕੀ ਹੋਇਆ ਹੈ? ਇਥੋਂ ਦੇ ਹਾਕਮ ਜਿਹੜੇ
ਐਸ਼ੋ-ਇਸ਼ਰਤ ਤੇ ਰੰਗ ਤਮਾਸ਼ਿਆਂ `ਚ ਡੁੱਬੇ ਹੋਏ ਸਨ। ਜਿਨ੍ਹਾਂ ਨੇ ਆਪਣੇ ਮਨੁੱਖੀ ਫ਼ਰਜ਼ਾਂ ਨੂੰ ਪੂਰੀ
ਤਰ੍ਹਾਂ ਵਿਸਾਰਿਆ ਹੋਇਆ ਸੀ। ਹੁਣ ਜਦੋਂ ਬਾਬਰ ਦੀ ਚੜ੍ਹਤ ਹੋ ਗਈ ਤਾ ਬਾਬਰ ਦੇ ਹੁਕਮ ਬਿਨਾ, ਬਾਕੀ
ਪ੍ਰਜਾ ਤਾਂ ਦੂਰ, ਪਠਾਣ-ਸ਼ਾਹਜ਼ਾਦੇ ਵੀ ਰੋਟੀ ਤੱਕ ਨਹੀਂ ਖਾ ਸਕਦੇ। ੫।
ਅੱਜ ਸੈਦਪੁਰ ਦੀਆਂ ਇਸਤ੍ਰੀਆਂ ਦਾ ਇਹ ਹਾਲ ਹੈ ਕਿ ਦੁਸ਼ਮਨਾਂ ਦੇ ਪੰਜੇ `ਚ ਆ ਕੇ ਮੁਸਲਮਾਨੀਆਂ ਕੋਲ
ਨਿਮਾਜ਼ ਲਈ ਵੱਕਤ ਨਹੀਂ ਰਿਹਾ ਤੇ ਹਿੰਦਵਾਣੀਆਂ ਕੋਲ ਪੂਜਾ ਆਦਿ ਲਈ ਸਮਾਂ ਨਹੀਂ। ਪਹਿਲਾਂ ਤਾਂ ਇਹ
ਸੁੱਚ ਭਿੱਟ, ਜਾਤ-ਵਰਣ ਵਾਲੇ ਫੋਕਟ ਕਰਮਾਂ `ਚ ਹੀ ਰੁਝੀਆਂ ਰਹਿੰਦੀਆਂ ਸਨ। ਇਸ ਤਰ੍ਹਾਂ ਜੀਵਨ ਨੂੰ
ਸੁਆਰਣ ਲਈ ਜਦੋਂ ਇਨ੍ਹਾਂ ਕੋਲ ਸਮਾਂ ਸੀ, ਉਸ ਵੇਲੇ ਤਾਂ ਇਨ੍ਹਾਂ `ਚੋਂ ਕਿਸੇ ਨੂੰ ਵੀ ਫ਼ੁਰਸਤ ਨਹੀਂ
ਸੀ। ਹੁਣ ਜਦੋਂ ਵੱਕਤ ਬਦਲ ਗਿਆ ਹੈ ਤਾਂ ਰਾਮ-ਰਾਮ ਤੇ ਖੁਦਾ ਖੁਦਾ ਕਹਿਣਾ ਵੀ ਨਸੀਬ ਨਹੀਂ ਹੋ
ਰਿਹਾ। ੬।
ਬਾਬਰ ਦੀ ਕਤਲੇਆਮ ਤੇ ਕੈਦ `ਚੋਂ ਜਿਹੜੇ ਬੱਚ ਕੇ ਘਰਾਂ `ਚ ਵਾਪਿਸ ਆਏ ਹਨ, ਉਹ ਆਪਸ `ਚ ਇੱਕ ਦੂਜੇ
ਨੂੰ ਮਿਲ-ਮਿਲ ਕੇ ਇੱਕ ਦੂਜੇ ਨਾਲ ਦੁਖ-ਸੁਖ ਆਪਣੇ ਸਾਂਝੇ ਕਰ ਰਹੇ ਹਨ। ਆਪਣੇ-ਆਪਣੇ ਦੁਖਾਂ ਰੋਂਦੇ
ਹਨ ਤੇ ਰੋ ਰੋ ਕੇ ਇੱਕ ਦੂਜੇ ਨੂੰ ਆਪਣੇ ਦੁਖ ਦੱਸਦੇ ਹਨ। ਅਨੇਕਾਂ ਦੇ ਸਾਕ ਸਬੰਧੀ ਮਾਰੇ ਗਏ ਹਨ
ਜਾਂ ਕੈਦ `ਚ ਪਾ ਦਿੱਤੇ ਗਏ ਹਨ। ਗੁਰਦੇਵ ਸਪਸ਼ਟ ਕਰਦੇ ਹਨ ਕਿ ਦਰਅਸਲ ਇਹ ਵੀ ਤਾਂ ਉਨ੍ਹਾਂ ਸਾਰਿਆਂ
ਦੇ ਆਪਣੇ ਆਪਣੇ ਕਰਮਾ ਦਾ ਹੀ ਲੇਖਾ ਜੋਖਾ ਸੀ ਇਸ ਤੋਂ ਵੱਧ ਨਹੀਂ।
ਅੰਤ `ਚ ਗੁਰੂ ਨਾਨਕ ਪਾਤਸ਼ਾਹ ਫ਼ੁਰਮਾਉਂਦੇ ਹਨ ਕਿ ਵਿਚਾਰੇ ਮਨੁੱਖ ਕਰ ਵੀ ਕੀ ਸਕਦੇ ਹਨ? ਕਿਉਂਕਿ
ਵਾਪਰਦਾ ਤਾਂ ਉਹੀ ਹੈ ਜੋ ਕਰਤਾਰ ਨੂੰ ਭਾਉਂਦਾ ਹੈ ਭਾਵ ਜੋ ਉਸ ਦੇ ਸੱਚੇ ਨਿਆਂ `ਚ ਤੇ ਅਟੱਲ ਨਿਣਮ
ਅਨੁਸਾਰ ਹੁੰਦਾ ਹੈ। ੭।
ਆਸਾ ਮਹਲਾ ੧॥ ਕਹਾ ਸੁ ਖੇਲ ਤਬੇਲਾ ਘੋੜੇ… - (ਪੰ: ੪੧੭) ਗੁਰਦੇਵ ਫ਼ੁਰਮਾਉਂਦੇ ਹਨ, ਅਜੇ
ਕੱਲ ਦੀ ਗੱਲ ਹੈ ਜਦੋਂ ਸੈਦਪੁਰ `ਚ ਰੌਣਕਾਂ ਹੀ ਰੌਣਕਾਂ ਸਨ, ਪਰ ਹੁਣ) ਕਿੱਥੇ ਹਨ ਫ਼ੌਜੀਆਂ ਦੇ ਉਹ
ਖੇਡ ਤਮਾਸ਼ੇ? ਕਿੱਥੇ ਹਨ ਘੋੜੇ ਤੇ ਘੋੜਿਆਂ ਦੇ ਤਬੇਲੇ? ਕਿੱਥੇ ਗਏ ਉਨ੍ਹਾਂ ਫ਼ੌਜੀਆਂ ਦੇ ਨਗਾਰੇ ਤੇ
ਤੂਤੀਆਂ? ਕਿੱਥੇ ਹਨ ਉਨ੍ਹਾਂ ਦੇ ਪਸ਼ਮੀਨੇ ਵਾਲੇ ਗਾਤਰੇ? ਕਿੱਥੇ ਹਨ ਉਨ੍ਹਾਂ ਫ਼ੌਜੀਆਂ ਦੀਆਂ ਲਾਲ
ਵਰਦੀਆਂ? ਉਪ੍ਰੰਤ ਕਿੱਥੇ ਹਨ ਉਹ ਸ਼ੀਸ਼ੇ? ਤੇ ਉਨ੍ਹਾਂ ਸ਼ੀਸ਼ਿਆਂ `ਚੋਂ ਵੇਖੇ ਜਾਣ ਵਾਲੇ ਸੋਹਣੇ ਮੂੰਹ?
ਅੱਜ ਇਥੇ ਸੈਦਪੁਰ `ਚ ਕਿਤੇ ਨਹੀਂ ਦਿੱਸ ਰਹੇ। ੧।
ਹੇ ਪ੍ਰਭੂ! ਇਹ ਸੰਸਾਰ ਤਾਂ ਤੇਰਾ ਹੀ ਬਣਾਇਆ ਹੋਇਆ ਹੈ ਤੇ ਤੂੰ ਇਸ ਜਗਤ ਦਾ ਮਾਲਕ ਵੀ ਹੈਂ। ਇਹ
ਤੇਰੀਆਂ ਹੀ ਅਜਬ ਖੇਡਾਂ ਹਨ ਕਿ ਜਗਤ ਦੀ ਰਚਨਾ ਕਰ ਕੇ ਫ਼ਿਰ ਇੱਕ ਘੜੀ `ਚ ਹੀ ਇਸ ਨੂੰ ਤੱਬਾਹ ਵੀ ਕਰ
ਦਿੰਦਾ ਹੈਂ। ਇਸੇ ਤਰ੍ਹਾਂ, ਕਿਸੇ ਇੱਕ ਦੀ ਅਖਵਾਉਂਦੀ ਦੌਲਤ, ਤੂੰ ਦੇਖਦੇ ਦੇਖਦੇ ਦੂਜਿਆਂ ਨੂੰ `ਚ
ਵੰਡ ਦਿੰਦਾ ਹੈਂ। ੧। ਰਹਾਉ।
ਅੱਜ ਕਿੱਥੇ ਹਨ ਉਹ ਮਹੱਲ, ਮਾੜੀਆਂ ਤੇ ਵਧੀਆ ਸਰਾਵਾਂ? ਕਿੱਥੇ ਹੈ ਉਹ ਸੁਖ ਦੇਣ ਵਾਲੀ ਇਸਤ੍ਰੀ ਤੇ
ਉਸ ਦੀ ਸੇਜਾ, ਜਿਸ ਨੂੰ ਵੇਖ-ਵੇਖ ਕੇ ਅੱਖਾਂ `ਚੋਂ ਨੀਂਦ ਵੀ ਮੁੱਕੀ ਰਹਿੰਦੀ ਸੀ? ਕਿੱਥੇ ਹਨ ਉਹ
ਪਾਨ ਦੇ ਬੀੜੇ ਤੇ ਪਾਨ ਵੇਚਣ ਵਾਲੀਆਂ, ਕਿੱਥੇ ਹਨ ਹਰਮਾਂ ਦੇ ਬਾਹਿਰ ਉਹ ਪਰਦੇਦਾਰ ਜ਼ਨਾਨੀਆਂ? ਸਭ
ਕੁੱਝ ਅਖੋਂ ਉਹਲੇ ਹੋ ਚੁੱਕਾ ਹੈ। ੨।
ਇਹ ਧਨ-ਦੌਲਤ ਤਾਂ ਉਹੀ ਹੈ, ਜਿਸ ਦੀ ਖ਼ਾਤਰ ਲੋਕਾਈ ਖ਼ੁਆਰ ਹੁੰਦੀ ਹੈ ਅਤੇ ਇਸੇ ਧਨ ਨੇ ਸਾਰੀ ਦੁਨੀਆ
ਨੂੰ ਖ਼ੁਆਰ ਕੀਤਾ ਹੋਇਆ ਹੈ। ਦਰਅਸਲ ਪਾਪਾਂ ਤੇ ਜ਼ੁਲਮਾਂ ਬਿਨਾ, ਇਹ ਦੌਲਤ ਇਕੱਠੀ ਵੀ ਨਹੀਂ ਹੁੰਦੀ
ਅਤੇ ਨਾ ਹੀ ਮਰਨ ਵੇਲੇ, ਇਕੱਠੀ ਕਰਨ ਵਾਲੇ ਦੇ ਨਾਲ ਹੀ ਜਾਂਦੀ ਹੈ। ਫ਼ਿਰ ਵੀ ਅਕਾਲਪੁਰਖ ਨੇ ਜਿਸ
ਨੂੰ ਕੁਰਾਹੇ ਪਾੳੁਣਾ ਹੁੰਦਾ ਹੈ ਜਾਂ ਜਿਸ ਕਿਸੇ ਨੂੰ ਉਸ ਦੇ ਕੀਤੇ ਦੀ ਸਜ਼ਾ ਦੇਣੀ ਹੁੰਦੀ ਤਾਂ
ਪਹਿਲਾਂ ਉਸ ਤੋਂ ਉਸ ਦੀਆਂ ਚੰਗਿਆਈਆਂ ਵੀ ਖੋਹ ਲੈਂਦਾ ਹੈ ਭਾਵ ਉਸੇ ਢੰਗ ਨਾਲ ਉਸ ਦੀ ਮੱਤ ਨੂੰ ਵੀ
ਪੁੱਠੇ ਪਾਸੇ ਪਾ ਦਿੰਦਾ ਹੈ। ੩।
ਜਦੋਂ ਪਠਾਣ ਹਾਕਮਾਂ ਨੇ ਸੁਣਿਆ ਕਿ ਮੀਰ ਬਾਬਰ ਹੱਲਾ ਕਰ ਕੇ ਆ ਰਿਹਾ ਹੈ, ਤਾਂ ਉਨ੍ਹਾਂ ਅਨੇਕਾਂ ਹੀ
ਪੀਰਾਂ ਨੂੰ ਜਾਦੂ ਟੂਣਿਆਂ ਨਾਲ, ਹਮਲੇ ਦਾ ਮੁਕਾਬਲਾ ਕਰਣ ਲਈ ਰੋਕ ਲਿਆ। (ਇਸ ਲੜਾਈ ਜਿੱਤ ਲਈ ਹੀ
ਉਨ੍ਹਾਂ ਰਾਹੀਂ ਫੇਰੀਆਂ ਤਸਬੀਆਂ ਅਤੇ ਬਣੇ ਹੋਏ ਪੱਕੇ-ਪੱਕੇ ਬੰਕਰ, ਮੁਕਾਮ ਤੇ ਮਹੱਲ ਵੀ ਮੁਗ਼ਲਾਂ
ਰਾਹੀਂ ਲਗਾਈ ਗਈ ਅੱਗ ਨਾਲ ਸੜ ਕੇ ਸੁਆਹ ਹੋ ਗਏ। ਉਨ੍ਹਾਂ ਨੇ ਪਠਾਣ ਸ਼ਾਹਜ਼ਾਦਿਆਂ ਨੂੰ ਟੋਟੇ-ਟੋਟੇ
ਕਰ ਕਰ ਕੇ ਉਨ੍ਹਾਂ ਨੂੰ ਮਿੱਟੀ `ਚ ਰੋਲ ਦਿੱਤਾ।
ਇਸ ਸਾਰੇ ਦੇ ਬਾਵਜੂਦ ਉਨ੍ਹਾਂ ਰੋਕੇ ਅਨੇਕਾਂ ਪੀਰਾਂ-ਫ਼ਕੀਰਾਂ ਦੀਆਂ ਤਸਬੀਆਂ ਨਾਲ ਕੋਈ ਇੱਕ ਵੀ
ਮੁਗ਼ਲ, ਉਨ੍ਹਾਂ ਪੀਰਾਂ ਦੇ ਕਹੇ ਤੇ ਦਿੱਤੇ ਹੋਏ ਭਰੋਸਿਆਂ ਅਨੁਸਾਰ ਸੀਮਾ `ਤੇ ਅੰਨ੍ਹਾ ਨਹੀਂ ਹੋਇਅ
ਤੇ ਨਾ ਹੀ ਕਿਸੇ ਪੀਰ ਦੀ ਕਰਾਮਾਤ ਨੇ ਹੀ ਪਠਾਨ ਹਾਕਮਾਂ ਲਈ ਕੁੱਝ ਕੀਤਾ। ੪।
ਇਸ ਤਰ੍ਹਾਂ ਜਦੋਂ ਮੁਗ਼ਲਾਂ ਤੇ ਪਠਾਣਾਂ ਦੀ ਲੜਾਈ ਹੋਈ, ਲੜਾਈ ਦੇ ਮੈਦਾਨ `ਚ ਦੋਹਾਂ ਧਿਰਾਂ ਨੇ
ਤਲਵਾਰ ਦੇ ਜੋਹਰ ਵਿਖਾਏ ਅਤੇ ਆਪਣੇ ਆਪਣੇ ਸ਼ਸਤ੍ਰਾਂ ਦੀ ਭਰਵੀਂ ਵਰਤੋਂ ਕੀਤੀ। ਉਧਰ ਮੁਗ਼ਲਾਂ ਨੇ ਤਾਂ
ਬੰਦੂਕਾਂ ਦੇ ਨਿਸ਼ਾਨੇ ਬੰਨ੍ਹ ਬੰਨ੍ਹ ਕੇ ਗੋਲੀਆਂ ਚਲਾਈਆਂ, ਪਰ ਇਸ ਪਾਸੇ ਪਠਾਣਾਂ ਦੇ ਹੱਥ `ਚ ਹੀ
ਬੰਦੂਕਾਂ ਚਿੜ ਚਿੜ ਕਰ ਗਈਆਂ (ਕਿਉਂਕਿ ਸਮੇਂ ਸਿਰ ਤਿਆਰੀ ਤਾਂ ਕੀਤੀ ਨਹੀਂ ਸੀ)।
ਫ਼ਿਰ ਵੀ ਸੱਚ ਤਾਂ ਇਹੀ ਹੈ ਕਿ ਅਕਾਲਪੁਰਖ ਵੱਲੋਂ ਹੀ ਜਿਨ੍ਹਾਂ ਦੀ ਉਮਰ ਪੁੱਗ ਚੁੱਕੀ ਹੁੰਦੀ ਹੈ,
ਉਨ੍ਹਾਂ ਨੇ ਤਾਂ ਅਵਸ਼ ਹੀ ਮਰਨਾ ਹੁੰਦਾ ਹੈ (ਉਨ੍ਹਾਂ ਨੂੰ ਕਿਸੇ ਤਰ੍ਹਾਂ ਵੀ ਬਚਾਇਆ ਨਹੀਂ ਜਾ
ਸਕਦਾ)। ੫।
ਕੀ ਹਿੰਦੁਆਨੀਆਂ, ਮੁਸਲਮਾਨੀਆਂ, ਭੱਟਿਆਨੀਆਂ ਤੇ ਕੀ ਠਾਕੁਰਾਨੀਆਂ, ਇਸ ਹਮਲੇ ਸਮੇਂ ਸਾਰੀਆਂ ਦਾ
ਇਕੋ ਹਾਲ ਹੋਇਆ। ਕਈਆਂ ਦੇ ਤਾਂ ਸਿਰ ਤੋਂ ਪੈਰਾਂ ਤੱਕ ਕਪੜੇ ਹੀ ਲੀਰੋ ਲੀਰ ਹੋ ਗਏ ਤੇ ਕਈਆਂ ਦਾ
ਵਾਸਾ ਹੀ ਮਸਾਣਾਂ `ਚ ਬਦਲ ਗਿਆ (ਮਰ ਗਈਆਂ)। ਫ਼ਿਰ ਜਿਹੜੀਆਂ ਬੱਚੀਆਂ ਵੀ, ਉਹ ਵੀ ਹੁਣ ਕੀ
ਕਰਣਗੀਆਂ? ਕਿਉਂਕਿ ਜਿਨ੍ਹਾਂ ਦੇ ਪਤੀ ਹੀ ਘਰਾਂ `ਚ ਵਾਪਿਸ ਨਹੀਂ ਆਏ, ਉਨ੍ਹਾਂ ਨੂੰ ਤਾਂ ਦੁਖਾਂ ਤੇ
ਵਿਛੋੜੇ ਭਰੀ ਬਾਕੀ ਜੀਵਨ ਰੂਪੀ ਰਾਤ ਕੱਟਣੀ ਹੋਰ ਵੀ ਔਖੀ ਹੋ ਗਈ ਹੈ। ਇਸ ਲਈ ਇਸ ਤਰ੍ਹਾਂ ਉਨ੍ਹਾਂ
ਦਾ ਬਾਕੀ ਜੀਵਨ ਕੱਟੇਗਾ ਵੀ ਤਾਂ ਕਿਵੇਂ? । ੬।
ਗੁਰੂ ਨਾਨਕ ਪਾਤਸ਼ਾਹ ਕਰਤਾਰ ਨੂੰ ਸੰਬੋਧਨ ਕਰ ਕੇ ਕਹਿੰਦੇ ਹਨ, ਹੇ ਪ੍ਰਭੂ! ਤੂੰ ਹੀ ਦੱਸ ਕਿ ਆਖਿਰ
ਤੇਰੇ ਤੋਂ ਸਿਵਾ, ਕੋਈ ਮਨੁੱਖ ਆਪਣੀ ਦਰਦ-ਭਰੀ ਕਹਾਣੀ ਸੁਣਾਵੇ ਵੀ ਤਾਂ ਕਿਸ ਨੂੰ? ਕਿਉਂਕਿ ਸਭ
ਕੁੱਝ ਤਾਂ ਤੇਰੇ ਆਪਣੇ ਹੀ ਭਾਣੇ `ਚ ਵਾਪਰਦਾ ਹੈ ਤੇ ਕਰਵਾਉਂਦਾ ਵੀ ਪ੍ਰਭੂ ਆਪ ਹੀ ਹੈਂ। ਇਸ ਲਈ ਹੇ
ਕਰਤੇ! ਦੁਖ ਹੋਵੇ ਜਾਂ ਸੁਖ, ਸਭ ਤੇਰੀ ਰਜ਼ਾ `ਚ ਵਾਪਰਦਾ ਹੈ, ਇਸ ਲਈ ਤੈਥੋਂ ਬਿਨਾ ਅਸੀਂ ਹੋਰ ਕਿਸ
ਕੋਲ ਜਾ ਕੇ ਆਪਣੇ ਦੁੱਖਾਂ ਨੂੰ ਕਿਉਂ ਫ਼ਰੋਲੀਏ?
ਅੰਤ `ਚ ਗੁਰੂ ਨਾਨਕ ਪਾਤਸ਼ਾਹ ਫ਼ੁਰਮਾਉਂਦੇ ਹਨ, ਆਖਿਰ ਜੋ ਕੁੱਝ ਵੀ ਹੁੰਦਾ ਹੈ ਸਭ ਕਰਤਾਰ ਦੇ ਹੁਕਮ
`ਚ ਹੀ ਹੁੰਦਾ ਹੈ ਅਤੇ ਜੀਵਾਂ ਨੂੰ ਜੋ ਕੁੱਝ ਭੋਗਣਾ ਪੈਂਦਾ ਹੈ ਉਹ ਵੀ ਸਭ ਕਰਤਾਰ ‘ਦੇ ਸੱਚੇ ਨਿਆਂ
`ਚ ਤੇ ਜੀਵਾਂ ਦੀ ਆਪਣੀ ਕਰਣੀ ਅਨੁਸਾਰ ਹੀ ਹੁੰਦਾ ਹੈ। ਇਹੀ ਕਾਰਨ ਹੈ ਕਿ ਚਾਹੇ ਸੰਸਾਰ ਪੱਧਰ ਤੇ
ਕੁੱਝ ਵੀ ਹੋ ਜਾਵੇ, ਪ੍ਰਭੂ ਨੂੰ ਉਸ ਦਾ ਮਲਾਲ ਜਾਂ ਦੁੱਖ ਨਹੀਂ ਹੁੰਦਾ; ਪ੍ਰਭੂ ਤਾਂ ਆਪਣੀ ਕਿਸੇ
ਤਰ੍ਹਾਂ ਦੀ ਵੀ ਖੇਡ ਨੂੰ ਖੁਸ਼ੀ `ਚ ਤੇ ਅਡੋਲ ਅਵਸਥਾ `ਚ ਰਹਿ ਕੇ ਹੀ ਵਰਤਾਉਂਦਾ ਹੈ॥ ੭॥
#204s10.03.10#
ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ
ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ
ਚਾਲੂ ਰਖ ਕੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਨਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’
ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।
Including this Self Learning Gurmat Lesson
No 204
ਬਾਬਰ ਦੇ ਹਮਲੇ ਨਾਲ ਸਬੰਧਤ ਸ਼ਬਦ ਅਤੇ ਅਰਥ ਵਿਚਾਰ
For all the Gurmat Lessons written upon
Self Learning base by ‘Principal Giani Surjit Singh’ Sikh Missionary, Delhi, all
the rights are reserved with the writer, but easily available for Distribution
within ‘Guru Ki Sangat’ with an intention of Gurmat Parsar, at quite a nominal
printing cost i.e. mostly Rs 200/- to 300/- per hundred copies . (+P&P.Extra)
From ‘Gurmat Education Centre, Delhi’, Postal Address- A/16 Basement, Dayanand
Colony, Lajpat Nagar IV, N. Delhi-24 Ph 91-11-26236119 & ® J-IV/46 Old D/S
Lajpat Nagar-4 New Delhi-110024 Ph. 91-11-26236119 Cell 9811292808
web site- www.gurbaniguru.org