.

ਦਸਮ ਗ੍ਰੰਥ ਦੀ ਅਸਲੀਯਤ
(ਕਿਸ਼ਤ ਨੰ: 02)

……… ਸਚੁ ਲਿਖਿ ਸਚਿ ਸਮਾਵਣਿਆ।।

ਲਿਖਦਿਆ ਲਿਖਦਿਆ ਕਾਗਦ ਮਸੁ ਖੋਈ।। ਦੂਜੈ ਭਾਇ ਸੁਖੁ ਪਾਏ ਨ ਕੋਈ।।
ਕੂੜੁ ਲਿਖਹਿ ਤੈ ਕੂੜੁ ਕਮਾਵਹਿ ਜਲਿ ਜਾਵਹਿ ਕੂੜਿ ਚਿਤੁ ਲਾਵਣਿਆ।। ੬।।
ਗੁਰਮੁਖਿ ਸਚੋ ਸਚੁ ਲਿਖਹਿ ਵੀਚਾਰੁ।। ਸੇ ਜਨ ਸਚੇ ਪਾਵਹਿ ਮੋਖ ਦੁਆਰੁ।।
ਸਚੁ ਕਾਗਦੁ ਕਲਮ ਮਸਵਾਣੀ ਸਚੁ ਲਿਖਿ ਸਚਿ ਸਮਾਵਣਿਆ।। ੭।। (ਗੁਰੂ ਗ੍ਰੰਥ ਸਾਹਿਬ, ਅੰ: ੧੨੩)

ਹਰ ਲਿਖਾਰੀ ਨੂੰ ਗੁਰਮਤਿ (ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦਰਸਾਏ ਸਿਧਾਂਤ), ਗੁਰ-ਇਤਿਹਾਸ, ਸਿਖ-ਇਤਿਹਾਸ ਬਾਰੇ ਲਿਖਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚ-ਵਿਚਾਰ ਕੇ ਸਚ ਹੀ ਲਿਖਣਾ ਚਾਹੀਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਸਚੀ ਬਾਣੀ ਦੀਆਂ ਉਪਰ ਲਿਖੀਆਂ ਪੰਕਤੀਆਂ ਲਿਖਾਰੀਆਂ ਨੂੰ ਚੇਤਾਵਨੀ ਦਿੰਦੀਆਂ ਹਨ ਕਿ ਹੇ ਭਾਈ! ਝੂਠ ਵਿੱਚ ਮਨ ਲਾਉਣ ਵਾਲੇ ਮਨਮੁਖ ਲੋਗ ਝੂਠ ਹੀ ਲਿਖਦੇ ਹਨ, ਝੂਠ ਹੀ ਕਮਾਉਂਦੇ ਹਨ ਅਰਥਾਤ ਝੂਠ ਤੇ ਆਧਾਰਿਤ ਜੀਵਨ ਜੀਉਂਦੇ ਹਨ। ਝੂਠ ਲਿਖ ਲਿਖ ਕੇ ਉਹਨਾਂ ਨੇ ਆਪਣੀ ਮੇਹਨਤ, ਕਾਗਜ਼, ਸਿਆਹੀ ਆਦਿਕ ਜ਼ਾਇਆ ਹੀ ਕੀਤੀ ਹੈ। ਝੂਠ ਨਾਲ ਪਿਆਰ ਪਾਉਣ ਵਾਲੇ (ਈਰਖਾ ਅਤੇ ਤ੍ਰਿਸ਼ਨਾ ਦੀ) ਅੱਗ ਵਿੱਚ ਸੜਦੇ ਹਨ (ਭਾਵ, ਦੁਖੀ ਹੁੰਦੇ ਹਨ) ; ਸੁਖ ਨਹੀ ਪਾ ਸਕਦੇ। ੬।
ਪਰ ਸਚੇ ਗੁਰੁ ਨਾਲ ਜੁੜੇ, ਸਚੇ ਧਰਮ ਦੇ ਧਾਰਣੀ, ਗੁਰਮੁਖ ਜਨ ਨਿਰੋਲ ਸਚ ਤੇ ਆਧਾਰਿਤ ਵੀਚਾਰ ਹੀ ਲਿਖਦੇ ਹਨ। ਐਸੇ ਸਚੇ ਮਨੁਖ ਮੁਕਤੀ ਦਾ ਦਰਵਾਜਾ ਅਰਥਾਤ ਜੀਵਨ-ਮੁਕਤ ਦੀ ਅਵਸਥਾ ਪ੍ਰਾਪਤ ਕਰ ਲੈਂਦੇ ਹਨ। ਉਹਨਾਂ ਦੇ ਸਚ ਲਿਖਣ ਲਈ ਵਰਤੇ ਕਾਗਜ਼, ਕਲਮ ਤੇ ਸਿਆਹੀ ਅਮਰ ਹੋ ਜਾਂਦੇ ਹਨ ਅਤੇ ਸਚ ਲਿਖ ਕੇ ਉਹ ਮਨੁਖ ਸਚ (ਪਰਮਾਤਮਾ) ਵਿੱਚ ਲੀਨ ਹੋ ਜਾਂਦੇ ਹਨ ਅਰਥਾਤ ਆਪਣਾ ਜੀਵਨ ਸਫ਼ਲਾ ਕਰ ਜਾਂਦੇ ਹਨ। ੭।
ਕੂੜ ਲਿਖਣ ਵਾਲੇ ਲਿਖਾਰੀ ਈਰਖਾ, ਤ੍ਰਿਸ਼ਨਾ ਤੇ ਲਾਲਚ ਵਿੱਚ ਫਸ ਕੇ ਝੂਠ ਅਤੇ ਨਿੰਦਾ ਹੀ ਲਿਖਦੇ ਹਨ। ਗੈਰ-ਸਿਖ ਲਿਖਾਰੀ ਈਰਖਾ-ਵਸ ਗੁਰਮਤਿ ਸਿਧਾਂਤ, ਗੁਰ-ਇਤਿਹਾਸ, ਸਿਖ-ਇਤਿਹਾਸ ਵਿਗਾੜ ਕੇ ਗੁਰੁ-ਨਿੰਦਕ ਅਤੇ ਸਿਖ-ਨਿੰਦਕ ਲੇਖ ਲਿਖੀ ਜਾ ਰਹੇ ਹਨ। ਗੁਰਮਤਿ-ਵਿਰੋਧੀ-ਰਹਤਨਾਮਿਆਂ ਤੇ ਹੁਕਮ ਨਾਮਿਆਂ ਦੇ ਇਲਾਵਾ ਕੁੱਝ ਕੂੜ-ਗ੍ਰੰਥਾਂ ਦੀ ਸੂਚੀ ਹੇਠ ਲਿਖੀ ਹੈ:-
(੧) ਜਨਮਸਾਖੀ (ਭਾਈ ਬਾਲੇ ਵਾਲੀ): ਗੁਰੂ ਨਾਨਕ ਸਾਹਿਬ ਜੀ ਦੀ ਅਤੇ ਭਾਈ ਮਰਦਾਨਾ ਜੀ ਦੀ ਬਹੁਤ ਨਿੰਦਾ ਕਰਦੀ ਹੈ। ਇਸਦਾ ਪੂਰਾ ਵੇਰਵਾ ਜਾਣਨ ਲਈ ਭਾਈ ਕਰਮ ਸਿੰਘ (ਹਿਸਟੋਰੀਅਨ) ਦੀ ਲਿਖੀ ਪੁਸਤਕ ‘ਕਤਕ ਕਿ ਵਿਸਾਖ` ਜ਼ਰੂਰ ਪੜ੍ਹਨੀ ਚਾਹੀਦੀ ਹੈ। ਸਿਰਫ਼ ਇਸੇ ਪੁਸਤਕ ਵਿੱਚ ਗੁਰੂ ਨਾਨਕ ਸਾਹਿਬ ਦਾ ਆਗਮਨ ਦਿਵਸ ਕਤਕ ਦੀ ਪੁਰਨਮਾਸ਼ੀ ਲਿਖਿਆ ਹੈ ਜੋ ਕਿ ਗਲਤ ਹੈ ਕਿਉਂਕਿ ਬਾਕੀ ਸਾਰੀਆਂ ਜਨਮਸਾਖੀਆਂ ਮੁਤਾਬਿਕ ‘ਤਿੰਨ ਵਿਸਾਖ` (੧੫ ਅਪ੍ਰੈਲ) ਹੈ।
(੨) ਗੁਰਬਿਲਾਸ ਪਾ: ੬ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਨਿੰਦਾ ਕੀਤੀ ਗਈ ਹੈ।
(੩) ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਕਵਿ ਸੰਤੋਖ ਸਿੰਘ ਨੇ ਕਈ ਥਾਂਈਂ ਗੁਰ-ਇਤਿਹਾਸ ਅਤੇ ਸਿਖ-ਸਿਧਾਂਤ ਗਲਤ ਬਿਆਨ ਕੀਤੇ ਹਨ। ਇਸ ਗ੍ਰੰਥ ਵਿਚੋਂ ਕਥਾ ਕਰਦਿਆਂ ਸੂਝਵਾਨ ਕਥਾਕਾਰ ਬਹੁਤ ਸਾਰੀਆਂ ਗੁਰੂ-ਨਿੰਦਕ ਪੰਕਤੀਆਂ ਛੱਡ ਦਿੰਦੇ ਹਨ।
(੪) ਬਚਿਤ੍ਰ ਨਾਟਕ ਗ੍ਰੰਥ ਜਿਸਨੂੰ ‘ਦਸਮ ਗ੍ਰੰਥ` ਦਸ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਦੇਵੀ-ਪੂਜਕ ਦਰਸਾ ਕੇ ਬਦਨਾਮ ਕੀਤਾ ਜਾ ਰਿਹਾ ਹੈ ਅਤੇ ਸਿਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸਚੀ ਬਾਣੀ (ਗੁਰਮਤਿ) ਨਾਲੋਂ ਤੋੜ ਕੇ ਕਚੀ ਬਾਣੀ (ਮਨਮਤਿ) ਨਾਲ ਜੋੜਨ ਦੀ ਪੁਰਜ਼ੋਰ ਕੋਸ਼ਿਸ਼ ਹੈ। ਇਹ ਗ੍ਰੰਥ ਬ੍ਰਾਹਮਣੀ-ਗ੍ਰੰਥਾਂ ਤੇ ਆਧਾਰਿਤ ਦੇਵੀ-ਪੂਜਕ-ਸ਼ਾਕਤ-ਮਤੀਆਂ ਦਾ ਗ੍ਰੰਥ ਹੈ।
(੫) ਸਰਬਲੋਹ ਗ੍ਰੰਥ: ਇਹ ਗ੍ਰੰਥ ਵੀ ਉਪਰ ਲਿਖੇ ਬਚਿਤ੍ਰ ਨਾਟਕ ਗ੍ਰੰਥ ਵਾਂਙ ਦੇਵੀ-ਦੇਵਤਿਆਂ ਦੇ ਪੂਜਕਾਂ ਦਾ ਗ੍ਰੰਥ ਹੈ। ……
ਸਿਖ ਕੌਮ ਦੀ ਬਦਕਿਸਮਤੀ ਇਹ ਹੈ ਕਿ ਕੁੱਝ ਸਿਖੀ ਸਰੂਪ ਵਾਲੇ ਵਿਕਾਊ ਲਿਖਾਰੀ ਤ੍ਰਿਸ਼ਨਾ, ਲੋਭ, ਸੁਆਰਥ ਦੇ ਅਧੀਨ ਝੂਠ ਦੇ ਲਿਖਾਰੀਆਂ ਦਾ ਸਾਥ ਦੇ ਰਹੇ ਹਨ। ਬੜੇ ਦੁਖ ਦੀ ਗਲ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਹੋਰ ਧਾਰਮਕ ਸੰਸਥਾਵਾਂ ਦੇ ਆਗੂ ਇਹਨਾਂ ਝੂਠ ਦੇ ਲਿਖਾਰੀਆਂ ਦੇ ਖਿਲਾਫ਼ ਕੋਈ ਕਾਰਵਾਈ ਨਹੀ ਕਰ ਰਹੇ। ਹਰ ਲਿਖਤ ਗੁਰੂ ਗ੍ਰੰਥ ਸਾਹਿਬ ਜੀ ਦੀ ਸਚੀ ਬਾਣੀ ਦੀ ਕਸਵਟੀ ਤੇ ਪਰਖ ਕੇ ਹੀ ਪ੍ਰਚਾਰਨੀ ਚਾਹੀਦੀ ਹੈ। ਹਰ ਪ੍ਰਚਾਰਕ ਦਾ ਫ਼ਰਜ਼ ਹੈ ਕਿ ਕਿਸੇ ਲਿਖਤ ਦਾ ਹਵਾਲਾ ਦੇਣ ਤੋਂ ਪਹਿਲਾਂ ਚੰਗੀ ਤਰ੍ਹਾਂ ਘੋਖ ਪੜਤਾਲ ਕਰਕੇ ਨਿਰੋਲ ਸਚ ਦਾ ਪ੍ਰਚਾਰ ਕਰੇ। ਜੋ ਲਿਖਤ ਮਨ ਨੂੰ ਗੁਰਮਤਿ-ਵਿਰੁਧ ਲੱਗੇ, ਉਸ ਲਿਖਤ ਦਾ ਹਵਾਲਾ ਬਿਲਕੁਲ ਨ ਦਿਤਾ ਜਾਵੇ;
ਪ੍ਰਥਮੇ ਮਨੁ ਪਰਬੋਧੈ ਅਪਨਾ ਪਾਛੈ ਅਵਰ ਰੀਝਾਵੈ।। (ਮ: ੫, ਅੰ: ੩੮੧)
ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ-ਮਈ ਸਚੀ ਬਾਣੀ ਨੂੰ ਸਮਝ-ਵੀਚਾਰ ਕੇ ਪੜ੍ਹਨ ਵਾਲੇ ਗੁਰਸਿਖ ਚੰਗੀ ਤਰ੍ਹਾਂ ਜਾਣਦੇ ਹਨ ਕਿ ਦਸ ਗੁਰੂ-ਸਾਹਿਬਾਨ ਕਥਨੀ ਅਤੇ ਕਰਣੀ ਦੇ ਸੂਰੇ ਸਨ; ਧੁਰ ਕੀ ਬਾਣੀ ਨੂੰ ਪਹਿਲੋਂ ਆਪ ਕਮਾਇਆ ਅਤੇ ਫਿਰ ਉਸ ਬਾਣੀ ਅਨੁਸਾਰ ਉਪਦੇਸ਼ ਦਿਤਾ। ਗੁਰਬਾਣੀ ੴ ਦਾ ਉਪਾਸਕ ਬਣਾਉਂਦੀ ਹੈ, ਨ ਕਿ ਕਿਸੇ ਦੇਵੀ-ਦੇਵਤੇ ਦਾ। ਸ਼ਾਕਤ-ਮਤੀ ਵਿਕਾਰੀ-ਨਸ਼ਈ ਜੀਵਨ-ਜਾਚ ਤੋਂ ਹਟਾ ਕੇ ਸੰਤ-ਸਿਪਾਹੀ ਬਣਨ ਦਾ ਉਪਦੇਸ਼ ਦਿੰਦੀ ਹੈ। ਨਾਮ-ਧਰਮ ਦੇ ਧਾਰਣੀ ਬਣ ਕੇ ਜੀਵਨ-ਮੁਕਤ ਹੋਣ ਦਾ ਸੋਖਾ ਰਾਹ ਦਸਦੀ ਹੈ। ਸਿਖ ਰੋਜ਼ ਰਾਤ ਨੂੰ ਸੋਹਿਲਾ ਬਾਣੀ ਵਿੱਚ ਪੜ੍ਹਦੇ ਹਨ:
ਛਿਅ ਘਰ ਛਿਅ ਗੁਰ ਛਿਅ ਉਪਦੇਸ।। ਗੁਰੁ ਗੁਰੁ ਏਕੋ ਵੇਸ ਅਨੇਕ।। ੧।।
ਬਾਬਾ ਜੈ ਘਰਿ ਕਰਤੇ ਕੀਰਤਿ ਹੋਇ।। ਸੋ ਘਰੁ ਰਾਖੁ ਵਡਾਈ ਤੋਇ।। ੧।। ਰਹਾਉ।। (ਗੁਰੂ ਗ੍ਰੰਥ ਸਾਹਿਬ, ਅੰ: ੧੨

ਅਰਥਾਤ, ਜੇ ਸਿਖ ਦੇ ਸਾਮ੍ਹਣੇ ਛੇ ਗ੍ਰੰਥ, ਛੇ ਉਪਨਿਸ਼ਦਾਂ ਵਰਗੇ, ਰਖ ਦਿੱਤੇ ਜਾਣ ਤਾਂ ਸੂਝਵਾਨ ਸਿਖ ਕਰਤੇ ਦੀ ਕੀਰਤਿ (ਨਾਮ) ਨਾਲ ਜੋੜਨ ਵਾਲੇ ਗ੍ਰੰਥ, ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜ ਕੇ ਬਾਕੀ ਸਾਰੇ ਗ੍ਰੰਥ ਤਿਆਗ ਦੇਣਗੇ।
ਇਸ ਤਰ੍ਹਾਂ ਸਚੀ ਬਾਣੀ ਨਾਲ ਜੁੜ ਕੇ ਅਸੀ ਕੂੜ-ਗ੍ਰੰਥਾਂ ਤੋਂ ਬਚ ਸਕਦੇ ਹਾਂ।
ਕੂੜ ਦੇ ਰਾਹ ਤੇ ਪਾਉਣ ਵਾਲਿਆਂ ਅਤੇ ਝੂਠ ਲਿਖਣ ਵਾਲਿਆਂ ਨੂੰ ਵਾਹਿਗੁਰੂ ਸੁਮਤਿ ਬਖ਼ਸ਼ੇ।
ਦਲਬੀਰ ਸਿੰਘ ਐੱਮ. ਐੱਸ. ਸੀ.




.