.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਪਹਿਲਾਂ ਪੂਤ

ਇਹ ਸ਼ਬਦ ਪੰਨਾ ੪੮੧ `ਤੇ ਰਾਗ ਆਸਾ ਵਿੱਚ ਕਬੀਰ ਸਾਹਿਬ ਜੀ ਦਾ ਉਚਾਰਣ ਕੀਤਾ ਹੋਇਆ ਹੈ। ਇਸ ਸ਼ਬਦ ਦੇ ਅੱਖਰੀਂ ਅਰਥ ਤੇ ਭਾਵ ਅਰਥਾਂ ਨੂੰ ਸਮਝਣ ਦਾ ਯਤਨ ਕੀਤਾ ਜਾਏਗਾ—
ਪਹਿਲਾ ਪੂਤੁ, ਪਿਛੈ ਰੀ ਮਾਈ॥ ਗੁਰੁ ਲਾਗੋ ਚੇਲੇ ਕੀ ਪਾਈ॥ 1
ਅੱਖਰੀਂ ਅਰਥ—ਪਹਿਲਾਂ ਪੁੱਤ ਨੇ ਜਨਮ ਲਿਆ ਹੈ ਤੇ ਫਿਰ ਮਾਂ ਨੇ ਜਨਮ ਲਿਆ ਹੈ। ਗੁਰੂ ਚੇਲੇ ਦੇ ਪੈਰਾਂ `ਤੇ ਮੱਥਾ ਟੇਕ ਰਿਹਾ ਹੈ।
ਭਾਵ ਅਰਥ—ਪੁੱਤ ਭਾਵ ਆਤਮਾ ਪਹਿਲੇ ਸੰਸਾਰ ਵਿੱਚ ਆਈ ਹੈ ਤੇ ਇਸ ਦੇ ਮਗਰੋਂ ਮਾਇਆ ਨੇ ਜਨਮ ਲਿਆ ਹੈ। ਜਦੋਂ ਦੀ ਮਨੁੱਖ ਨੇ ਸੁਰਤ ਸੰਭਾਲ਼ੀ ਵਿਕਾਰੀ ਮਾਇਆ ਨੇ ਵੀ ਆਪਣਾ ਮੂੰਹ ਦਿਖਾ ਦਿੱਤਾ। ਗੁਰੂ ਚੇਲੇ ਦੇ ਪੈਰਾਂ ਵਿੱਚ ਬੈਠਾ ਹੋਇਆ ਹੈ। ਭਾਵ ਮਤ ਮਨ ਦੇ ਪਿੱਛੇ ਲੱਗੀ ਹੋਈ ਹੈ।
ਏਕੁ ਅਚੰਭਉ ਸੁਨਹੁ ਤੁਮੑ ਭਾਈ॥ ਦੇਖਤ ਸਿੰਘੁ ਚਰਾਵਤ ਗਾਈ॥ 1॥ ਰਹਾਉ॥
ਅੱਖਰੀਂ ਅਰਥ---ਮੇਰੇ ਭਰਾਵੋ ਹੈਰਾਨ ਕਰਨ ਵਾਲੀ ਗੱਲ ਨੂੰ ਸੁਣਨ ਦਾ ਯਤਨ ਕਰਿਆ ਜੇ। ਮੇਰੇ ਸਾਹਮਣੇ ਸ਼ੇਰ ਗਊਆਂ ਨੂੰ ਚਾਰ ਰਿਹਾ ਹੈ।
ਭਾਵ ਅਰਥ---ਸ਼ੇਰ ਗਊਆਂ ਨੂੰ ਨਹੀਂ ਚਾਰੇਗਾ ਸ਼ੇਰ ਤਾਂ ਗਊਆਂ ਦਾ ਸ਼ਿਕਾਰ ਕਰੇਗਾ। ਫਿਰ ਹੈਰਾਨੀ ਦੀ ਗੱਲ ਹੈ ਕਿ ਸਾਡਾ ਹੰਕਾਰੀ ਸ਼ੇਰ ਰੂਪੀ ਮਨ ਗਿਆਨ ਇੰਦਰਿਆਂ ਤੇ ਕਰਮ ਇੰਦਰਿਆਂ ਨੂੰ ਚਾਰ ਰਿਹਾ ਹੈ। ਮਨ ਇਹਨਾਂ ਇੰਦਰਿਆਂ ਭਾਵ ਅੱਖਾਂ ਤੇ ਕੰਨਾਂ ਨੂੰ ਵਿਕਾਰ ਭੋਗਣ ਦੀ ਆਗਿਆ ਦੇ ਰਿਹਾ ਹੈ।
ਜਲ ਕੀ ਮਛੁਲੀ, ਤਰਵਰਿ ਬਿਆਈ॥ ਦੇਖਤ ਕੁਤਰਾ ਲੈ ਗਈ ਬਿਲਾਈ॥ 2॥
ਅੱਖਰੀਂ ਅਰਥ--- ਜਲ ਵਿੱਚ ਰਹਿਣ ਵਾਲੀਆਂ ਮੱਛੀਆਂ ਨੇ ਦਰੱਖਤਾਂ `ਤੇ ਰਹਿਣ ਲਈ ਆਲ੍ਹਣੇ ਪਾ ਲਏ ਹਨ। ਬਿੱਲੀ ਕੁੱਤੇ ਨੂੰ ਚੁੱਕੀ ਫਿਰ ਰਹੀ ਹੈ।
ਭਾਵ ਅਰਥ---- ਸੰਗਤ ਵਿੱਚ ਰਹਿਣ ਵਾਲੀ ਮੱਛੀ ਭਾਵ ਇਹ ਮਨੁੱਖ ਸੰਸਾਰ ਦੇ ਵਿਕਾਰਾਂ ਰੂਪੀ ਦਰੱਖਤਾਂ ਨਾਲ ਸਮਝਾਉਤਾ ਕਰੀ ਬੈਠਾ ਹੈ। ਤ੍ਰਿਸ਼ਨਾ ਰੂਪੀ ਬਿੱਲੀ ਸੰਤੋਖ ਰੂਪੀ ਕੁੱਤੇ ਨੂੰ ਚੁੱਕੀ ਫਿਰਦੀ ਨਜ਼ਰ ਆ ਰਹੀ ਹੈ।
ਤਲੈ ਰੇ ਬੈਸਾ ਊਪਰਿ ਸੂਲਾ॥ ਤਿਸ ਕੈ ਪੇਡਿ ਲਗੇ ਫਲ ਫੂਲਾ॥ 3॥
ਅੱਖਰੀ ਅਰਥ---ਦਰੱਖਤ ਦੀਆਂ ਟਾਹਣੀਆਂ ਜ਼ਮੀਨ ਵਿੱਚ ਗੱਡੀਆਂ ਹੋਈਆਂ ਹਨ ਤੇ ਜੜਾਂ ਉੱਪਰ ਹੋਈਆਂ ਪਈਆਂ ਹਨ। ਇਸ ਨੂੰ ਵਿਕਾਰਾਂ ਦੇ ਫ਼ਲ਼ ਲੱਗੇ ਹੋਏ ਹਨ।
ਭਾਵ ਅਰਥ--- ਸਾਡੇ ਮਨ ਦੇ ਵਿੱਚ ਵਿਕਾਰੀ ਸੋਚਾਂ ਬੈਠੀਆ ਹੋਈਆਂ ਹਨ ਜੜ੍ਹ ਰੂਪੀ (ਸੂਲਾ) ਰਬ ਜੀ ਨੂੰ ਅਸਾਂ ਆਪਣੀ ਮਤ ਵਿਚੋਂ ਬਾਹਰ ਦਾ ਰਸਤਾ ਦਿਖਾਇਆ ਹੋਇਆ ਹੈ। ਕੁਦਰਤੀ ਅਜੇਹੇ ਦਰੱਖਤ ਨੂੰ ਤ੍ਰਿਸ਼ਨਾ, ਈਰਖਾ ਤੇ ਦਵੈਸ਼ ਦੇ ਹੀ ਫ਼ਲ਼ ਲੱਗਣਗੇ।
ਘੋਰੈ ਚਰਿ, ਭੈਸ ਚਰਾਵਨ ਜਾਈ॥ ਬਾਹਰਿ ਬੈਲੁ, ਗੋਨਿ ਘਰਿ ਆਈ॥ 4॥
ਅੱਖਰੀਂ ਅਰਥ---ਮਨੁੱਖ ਘੋੜੇ `ਤੇ ਚੜ੍ਹ ਕੇ ਮੱਝਾਂ ਨੂੰ ਚਾਰ ਰਿਹਾ ਹੈ। ਛੱਟ ਨੂੰ ਘਰ ਦੇ ਅੰਦਰ ਰਖਿਆ ਹੋਇਆ ਹੈ ਤੇ ਕੀਮਤੀ ਬਲਦ ਨੂੰ ਘਰ ਤੋਂ ਬਾਹਰ ਬੰਨ੍ਹਿਆ ਹੋਇਆ ਹੈ।
ਭਾਵ ਅਰਥ--- ਮਨ ਹੰਕਾਰ ਦੇ ਘੋੜੇ `ਤੇ ਚੜ੍ਹ ਕੇ ਗਿਆਨ ਇੰਦਰੀਆਂ ਨੂੰ ਚਾਰ ਰਿਹਾ ਹੈ। ਬੈਲ ਭਾਵ ਸਹਿਜ ਅਵਸਥਾ ਨੂੰ ਆਪਣੀ ਮਤ ਵਿਚੋਂ ਬਾਹਰ ਕੱਢਿਆ ਹੋਇਆ ਹੈ ਤੇ ਵਿਕਾਰਾਂ ਰੂਪੀ ਛੱਟ ਨੂੰ ਆਪਣੀ ਮਤ ਵਿੱਚ ਬੈਠਾਇਆ ਹੋਇਆ ਹੈ।
ਕਹਤ ਕਬੀਰ, ਜੁ ਇਸ ਪਦ ਬੂਝੈ॥ ਰਾਮ ਰਮਤ ਤਿਸੁ ਸਭੁ ਕਿਛੁ ਸੂਝੈ॥ 5॥
ਅੱਖਰੀਂ ਅਰਥ---- ਕਬੀਰ ਸਾਹਿਬ ਜੀ ਫਰਮਾਉਂਦੇ ਹਨ ਕਿ ਜੋ ਇਹਨਾਂ ਬਰੀਕੀਆਂ ਨੂੰ ਸਮਝ ਲੈਂਦਾ ਹੈ ਉਹ ਪਰਮਾਤਮਾ ਵਿੱਚ ਲੀਨ ਹੋ ਜਾਂਦਾ ਹੈ।
ਭਾਵ ਅਰਥ----ਗੁਰ-ਗਿਆਨ ਦੁਆਰਾ ਜਦੋਂ ਮਨੁੱਖ ਨੂੰ ਸ਼ੁਭ ਮਤ, ਆਤਮਕ ਸੂਝ ਆ ਜਾਂਦੀ ਹੈ ਉਹ ਜ਼ਿੰਦਗੀ ਜਿਉਣ ਦੀਆਂ ਜੁਗਤੀਆਂ ਨੂੰ ਸਮਝ ਲੈਂਦਾ ਹੈ। ਭਾਵ ਉਸ ਅੰਦਰ ਗੁਣਾਂ ਵਾਲੀ ਸ਼ੁਭ ਮਤ ਆ ਜਾਂਦੀ ਹੈ। ਇਸ ਨੂੰ ਕਿਹਾ ਜਾਂਦਾ ਹੈ ਕਿ ਇਸ ਮਨੁੱਖ ਦਾ ਰੱਬ ਜੀ ਨਾਲ ਮਿਲਾਪ ਹੋ ਗਿਆ ਹੈ।




.